Sunday, September 27, 2009

ਮਹਿਕਾਂ ਦੀ ਤ੍ਰੇਹ -ਰੋਜ਼ੀ ਸਿੰਘ


ਮਹਿਕਾਂ ਦੀ ਤ੍ਰੇਹ   -ਰੋਜ਼ੀ ਸਿੰਘ
ਹਰ ਕੋਈ ਤ੍ਰਿਹਾਇਆ ਹੈ ਰੇਗਿਸਤਾਨ ਵਰਗੇ ਜੀਵਨ ਵਿੱਚ। ਜਿਥੇ ਬਰਸਾਤਾਂ ਦੀ ਥੁੜ ਹੋਵੇ ਉਥੋ ਔੜਾਂ ਦਾ ਹੋਣਾ ਲਾਜਮੀ ਹੁੰਦਾ ਹੈ। ਟੋਬਿਆਂ ਖਾਲਿਆਂ ਦਾ ਸੁੱਕਣਾ ਯਕੀਨਣ ਹੁੰਦਾ ਹੈ। ਪਰ ਜਿਆਦਾ ਬਰਸਾਤਾਂ ਨਾਲ ਵੀ ਤਾਂ ਸੇਮ ਹੀ ਪਈ ਰਹਿੰਦੀ ਹੈ, ਜਮੀਨ ਦਲ ਦਲ ਦਾ ਰੂਪ ਧਾਰ ਲੈਂਦੀ ਹੈ। ਜੀਵਨ ਵਿੱਚ ਸੰਤੁਲਨ ਅਤੇ ਸਮਾਨਤਾ ਨਾ ਰਹੇ ਤਾਂ ਜ਼ਿੰਦਗੀ ਦਾ ਗੱਡਾ ਡਾਵਾਂ ਡੋਲ ਹੀ ਰਹਿੰਦਾ ਹੈ। ਜਿਆਦਾ ਧਨ ਇਕੱਠਾ ਕਰਨ ਲਈ ਵੀ ਖਾਹਿਸ਼ਾਂ ਨੂੰ ਦਫਨਾਉਣਾ ਪੈਂਦਾ ਹੈ ਤੇ ਜਿਹੜੀ ਸ਼ੈਅ ਮਨ ਦੀ ਅਸਿਹਮਤੀ ਅਤੇ ਦਿਲ ਦੇ ਅਰਮਾਨਾ ਨੂੰ ਦਫਨਾ ਕੇ ਹਾਸਿਲ ਕੀਤੀ ਗਈ ਹੋਵੇ ਉਸਦਾ ਚਾਅ ਬਹੁਤਾ ਨਹੀਂ ਹੁੰਦਾ।

ਕਈਆਂ ਕੋਲ ਬੇਸ਼ਮਾਰ ਧਨ ਹੁੰਦਾ ਹੈ, ਪਰ ਉਹਨਾਂ ਕੋਲ ਜਾਗਦੀਆਂ ਯਾਦਾਂ ਦਾ ਸਰਮਾਇਆ ਨਹੀਂ ਹੁੰਦਾ। ਜਾਇਦਾਦ ਸਿਰਫ ਪੈਸੇ, ਜਮੀਨ,ਮਕਾਨ, ਸੋਨੇ, ਚਾਂਦੀ, ਹੀਰੇ ਮੋਤੀਆਂ ਦੇ ਜਖੀਰੇ ਇਕੱਠੇ ਕਰਨ ਦਾ ਨਾਮ ਨਹੀਂ। ਮਹਿਕਾਂ ਭਰਪੂਰ ਹਯਾਤੀ ਵਿੱਚ ਇਕੱਠੀਆਂ ਕੀਤੀਆਂ ਬੇਸ਼ਕੀਮਤੀ ਯਾਦਾਂ ਅਤੇ ਇਹਨਾਂ ਯਾਦਾਂ ਨਾਲ ਜੁੜੀਆਂ ਸੈਂਕੜੇ ਕਿੱਸੇ ਕਹਾਣੀਆਂ ਦਾ ਹਸੀਨ ਸੰਗ੍ਰਿਹ ਵੀ ਨਿੱਜੀ ਜਾਇਦਾਦ ਦਾ ਹਿੱਸਾ ਬਣਦਾ ਹੈ। ਚੰਗੀਆਂ ਯਾਦਾਂ ਦੀ ਮਹਿਕ ਹਮੇਸਾਂ ਜੀਵਨ ਵਿੱਚ ਘੁਲੀ ਰਹਿੰਦੀ ਹੈ ਤੇ ਇਸ ਮਹਿਕ ਦੀ ਤ੍ਰੇਹ ਬਾਰ ਬਾਰ ਉਹਨਾਂ ਪਲ਼ਾਂ ਦੀ ਪੈੜ ਨੂੰ ਤਰਸਦੀ ਰਹਿੰਦੀ ਹੈ।

ਦੁਨੀਆਂ 'ਤੇ ਹਰ ਬੰਦੇ ਦੀਆਂ ਅਲੱਗ ਅਲੱਗ ਲੋੜਾਂ ਤੇ ਖਾਹਿਸ਼ਾਂ ਹਨ। ਇਹਨਾਂ ਲੋੜਾਂ ਤੇ ਖਾਹਿਸ਼ਾਂ ਨੂੰ ਜੀਵਨ ਵਿੱਚ ਸ਼ਾਮਿਲ ਕਰਨ ਲਈ ਅਸੀਂ ਆਪਣੀ ਆਰਥਿਕ ਸਥਿਤੀ 'ਤੇ ਨਿਰਭਰ ਹੰਦੇ ਹਾਂ। ਜਿਆਦਾ ਮਿਹਨਤ ਮਤਲਬ ਜਿਆਦਾ ਲੋੜਾਂ ਦੀ ਪੂਰਤੀ। ਪਰ ਬਹੁਤਿਆਂ ਲਈ ਆਰਥਿਕਤਾ ਦਾ ਪੱਖ ਕੋਈ ਜਿਆਦਾ ਪ੍ਰਭਾਵੀ ਨਹੀਂ ਹੁੰਦਾ ਤੇ ਪੈਸੇ ਦੀ ਬਹੁਤਾਤ ਦੇ ਬਾਵਜੂਦ ਵੀ ਉਹ ਆਪਣੀਆਂ ਖਾਹਿਸ਼ਾਂ ਦੀ ਪੂਰਤੀ ਨਹੀਂ ਕਰ ਸਕਦੇ।

         ਸੁੱਚੇ ਜੀਵਨ ਲਈ ਸੁੱਚੀ ਸੋਚ ਦਾ ਹੋਣਾ ਲਾਜਮੀ ਹੈ। ਸੋਚਣ ਦਾ ਨਜਰੀਆ ਸਹੀ ਹੋਵੇ ਤਾਂ ਰੇਗਿਸਤਾਨ ਵੀ ਸੋਹਣਾ ਲਗਦਾ ਹੈ ਪਰ ਜੇ ਨਿਰਾਸ਼ਾਵਾਦੀ ਸੋਚ ਨਾਲ ਹੋਵੇ ਤਾਂ ਹਰੀਆਂ ਭਰੀਆਂ ਪਹਾੜੀਆਂ, ਤੇ ਖੁਸ਼ਗਵਾਰ ਮੌਸਮ ਵੀ ਚੂੰਡੀਆਂ ਪਿਆ ਵੱਡਦਾ ਹੈ। ਰਾਹਵਾਂ ਦਾ ਹੁਸਨ ਵੀ ਉਹਨਾਂ ਨੂੰ ਹੀ ਪਤਾ ਹੁੰਦਾ ਹੈ ਜਿਨਾਂ ਪਹਿਲਾਂ ਪੱਗਡੰਡੀਆਂ ਤੋਂ ਲੈ ਕੇ ਪਹਾੜਾਂ ਤੱਕ ਦਾ ਸਫਰ ਤਹਿ ਕੀਤਾ ਹੋਵੇ। ਰੌਸ਼ਨ ਯਾਦਾਂ ਦਾ ਸਾਥ ਹੋਵੇ ਤਾਂ ਟ੍ਰੇਨ ਵਿੱਚ ਬੈਠ ਕੇ ਵੀ ਜਹਾਜ ਦੇ ਹੂਟੇ ਦਾ ਅਨੰਦ ਲਿਆ ਜਾ ਸਕਦਾ ਹੈ। ਹਨੇਰਾ ਕੋਈ ਮਹੱਤਵ ਨਹੀਂ ਰੱਖਦਾ ਪਰ ਜੇਕਰ ਯਾਦਾਂ ਰੌਸ਼ਨ ਤੇ ਮਿੱਠੀਆਂ ਹੋਣ।

         ਆਮ ਕਰਕੇ ਹਮੇਸ਼ਾਂ ਚੜਦਾ ਤੇ ਡੁੱਬਦਾ ਸੂਰਜ਼ ਹੀ ਅਲੋਕਿਕ ਦ੍ਰਿਸ਼ ਪੇਸ਼ ਕਰਦਾ ਹੈ। ਇਹ ਅਸਲ ਵਿੱਚ ਸੂਰਜ ਦੇ ਘਟਨਾ ਚੱਕਰ ਦੇ ਦੋ ਅਜਿਹੇ ਪੜਾ ਹੁੰਦੇ ਹਨ ਜਿਥੇ ਇੱਕ ਥਾਂ ਤੇ ਉਹ ਅਗਾਜ਼ ਤੋਂ ਅੱਗੇ ਵਾਲੇ ਪੜਾ ਵੱਲ ਵਧ ਰਿਹਾ ਹੁੰਦਾ ਹੈ ਤੇ ਦੂਜਾ ਜਿਥੇ ਉਹ ਆਪਣੇ ਮੁਕਾਮ ਦਾ ਆਖਰੀ ਹਿੱਸਾ ਪਾਰ ਕਰ ਰਿਹਾ ਹੁੰਦਾ ਹੈ। ਇਹਨਾਂ ਦੋਹਵਾਂ ਦ੍ਰਿਸ਼ਾਂ ਨੂੰ ਹਰ ਬੰਦਾਂ ਵੱਖ ਵੱਖ ਨਜ਼ਰੀਏ ਨਾਲ ਵੇਖਦਾ ਹੈ। ਪ੍ਰੇਮੀ ਇਸਨੂੰ ਇਸ਼ਕ ਨਾਲ ਜੋੜਕੇ ਵੇਖਣਗੇ, ਬਜੁਰਗ ਇਸਨੂੰ ਉਮਰ ਦੇ ਪੜਾਵਾਂ ਨਾਲ ਮਾਪਦੇ ਨੇ ਤੇ ਇੱਕ ਕਵੀ ਇਸਨੂੰ ਕਵਿਤਾ ਦੇ ਸੰਦਰਭ ਵਿੱਚ ਵੇਖਦਾ ਹੈ। ਗੱਲ ਸਿਰਫ ਨਜਰੀਏ ਦੀ ਏ। ਨੈਗਟਿਵ ਨੂੰ ਹਨੇਰੇ ਕਮਰੇ ਵਿੱਚ ਪੋਜਟਿਵ ਵਿੱਚ ਬਦਲਣ ਦੀ ਕਿਰਿਆ ਨਾਲ ਹੀ ਖੂਬਸੁਰਤ ਤਸਵੀਰਾਂ ਬਣਦੀਆਂ ਹਨ। ਲੋੜ ਸਿਰਫ ਨਾਕਾਰਾਤਮ ਸੋਚ ਨੂੰ ਸਾਕਾਰਾਤਮਕ ਬਣਾਉਣ ਦੀ ਹੈ।

         ਅਤੀਤ ਹਮੇਸ਼ਾਂ ਮਹਿਕ ਬਣ ਕੇ ਸਾਡੇ ਵਰਤਮਾਨ ਵਿੱਚ ਰਲਿਆ ਰਹਿੰਦਾ ਹੈ, ਪਰ ਅਸੀਂ ਸੋਚਦੇ ਭਵਿੱਖ ਬਾਰੇ ਰਹਿੰਦੇ ਹਾਂ। ਜਿੰਦਗੀ ਦੀ ਇੱਕ ਹਕੀਕਤ ਇਹ ਵੀ ਹੈ ਕਿ ਦੁਨੀਆਂ 'ਤੇ ਸਾਨੂੰ ਸਿਰਫ ਸਵੈ ਨਿਰਭਰ ਹੋਣਾ ਚਾਹੀਦਾ ਹੈ। ਕਿਉਜੋ ਹਨੇਰੇ ਵਿੱਚ ਤਾਂ ਪਰਛਾਵੇਂ ਵੀ ਸਾਥ ਛੱਡ ਜਾਂਦੇ ਹਨ। ਕਿ ਜੋ ਪਰਛਾਵਿਆਂ ਦਾ ਵਜੂਦ ਰੋਸ਼ਨੀ ਨਾਲ ਹੈ ਅਤੇ ਇਹ ਹਮੇਸ਼ਾਂ ਰੋਸ਼ਨੀ ਦੀ ਉਲਟ ਦਿਸ਼ਾ ਵਿੱਚ ਹੀ ਹੋਣਗੇ। ਹਨੇਰੇ ਵਿੱਚ ਇਹਨਾ ਦੇ ਸਾਥ ਲਈ ਮਨ ਦੀ ਰੋਸ਼ਨੀ ਚਾਹੀਦੀ ਹੁੰਦੀ ਹੈ। ਨਕਾਰਾ ਸੋਚ ਤੇ ਅਧੂਰੀ ਵਿਉਂਤਬੰਦੀ ਨਾਲ ਕਦੀ ਕੋਈ ਮਕਸਦ ਪੂਰਾ ਨਹੀਂ ਹੁੰਦਾ। ਚੰਗੀਆਂ ਤੇ ਮਹਾਨ ਸ਼ੈਵਾਂ ਵਾਸਤੇ ਕੋਸ਼ਿਸਾਂ ਭਾਵੇਂ ਬਹੁਤ ਕਰਨੀਆਂ ਪੈਦੀਆਂ ਹਨ, ਪਰ ਇਹਨਾਂ ਦੀ ਪ੍ਰਾਪਤੀ ਦਾ ਹੁਸਨ ਹੀ ਕੁਝ ਹੋਰ ਹੁੰਦਾ। ਕਹਿੰਦੇ ਨੇ ਕੇ ਕੋਸ਼ਿਸ ਕਰਨਾਂ ਅਤੇ ਅਸਫਲ ਹੋ ਜਾਣਾ ਇੱਕ ਵੱਖਰੀ ਗੱਲ ਹੈ ਪਰ ਕੋਸਿਸ਼ ਕਰਨ ਵਿੱਚ ਅਸਫਲ ਹੋਣਾ ਅਸਲ ਅਸਫਲਤਾ ਹੈ।

         ਜਿੰਦਗੀ ਦਾ ਮੇਲਾ ਭਰਿਆ ਰਹੇ ਤਾਂ ਮੌਜਾਂ ਨੇ, ਯਾਰਾਂ ਬੇਲੀਆਂ ਦੀਆਂ ਭੀੜਾਂ ਜੁੜਦੀਆਂ ਰਹਿਣ ਤਾਂ ਬਹਾਰਾਂ  ਨੇ, ਖੁਸ਼ੀਆਂ ਦੀ ਛਹਿਬਰ ਲੱਗੀ ਰਹੇ ਤਾਂ ਸਾਵਨ ਏ। ਇਹ ਮੌਜਾਂ ਮਾਣਦੇ ਰਿਹਾ ਕਰੋ ਬੇਲੀਓ.......। ਇਹਨਾਂ ਖੂਬਸੂਰਤ ਮਹਿਕਾਂ ਦੀ ਤ੍ਰੇਹ ਭਾਵੇਂ ਬੁੱਝੇ ਜਾ ਨਾ ਬੁੱਝੇ.....। ਕਿਉਂ ਨਾ  ਯਾਦਾਂ ਦੇ ਸਾਗਰ ਵਿੱਚ ਇੱਕ ਤਾਰੀ ਲਾ ਹੀ ਲਈ ਜਾਵੇ।

.............................

No comments:

Post a Comment