Monday, March 29, 2010

ਕੈਨੇਡੀਅਨ ਪੰਜਾਬੀ ਕਵਿਤਾ : ਸੰਵਾਦ ਦੀ ਸਮੱਸਿਆ -ਸੁਖਿੰਦਰ

ਕੈਨੇਡੀਅਨ ਪੰਜਾਬੀ ਕਵਿਤਾ : ਸੰਵਾਦ ਦੀ ਸਮੱਸਿਆ 
ਸੁਖਿੰਦਰ




(ਇਹ ਬਹਿਸ-ਪੱਤਰ 24, 25, 26 ਜੁਲਾਈ, 2009 ਨੂੰ 'ਵਿਸ਼ਵ ਪੰਜਾਬੀ ਕਾਨਫਰੰਸ 2009' ਟੋਰਾਂਟੋ, ਓਨਟਾਰੀਓ, ਕੈਨੇਡਾ ਵਿੱਚ ਪੇਸ਼ ਕੀਤਾ ਗਿਆ)
ਕੈਨੇਡੀਅਨ ਪੰਜਾਬੀ ਕਵਿਤਾ ਬਾਰੇ ਗੰਭੀਰ ਸੰਵਾਦ ਦੀ ਅਣਹੋਂਦ ਵਾਲੀ ਸਥਿਤੀ ਬਣੀ ਹੋਈ ਹੈ; ਅਜਿਹੀ ਸਥਿਤੀ ਨੂੰ ਜਨਮ ਦੇਣ ਵਾਲੇ ਕਾਰਨਾਂ ਦੀ ਤਲਾਸ਼ ਕਰਨਾ ਅਤੇ ਉਨ੍ਹਾਂ ਮਹੱਤਵ-ਪੂਰਨ ਵਿਸ਼ਿਆਂ ਬਾਰੇ ਗੱਲ ਕਰਨੀ ਜਿਨ੍ਹਾਂ ਬਾਰੇ ਗੰਭੀਰ ਸੰਵਾਦ ਛੇੜੇ ਜਾਣ ਦੀ ਲੋੜ ਹੈ ਇਸ ਬਹਿਸ-ਪੱਤਰ ਦਾ ਉਦੇਸ਼ ਨਿਰਧਾਰਤ ਕੀਤਾ ਗਿਆ ਹੈ।
ਕੈਨੇਡੀਅਨ ਪੰਜਾਬੀ ਕਵਿਤਾ ਜਿਸ ਤਰ੍ਹਾਂ ਦੇ ਗੰਭੀਰ ਸੰਵਾਦ ਦੀ ਮੰਗ ਕਰਦੀ ਹੈ, ਉਸ ਤਰ੍ਹਾਂ ਦਾ ਸੰਵਾਦ ਕੈਨੇਡੀਅਨ ਪੰਜਾਬੀ ਕਵਿਤਾ ਵਿੱਚ ਛੋਹੇ ਗਏ ਵਿਸ਼ਿਆਂ ਬਾਰੇ ਅਜੇ ਤੱਕ ਛਿੜ ਨਹੀਂ ਸਕਿਆ।

ਸੰਵਾਦ ਦੀ ਪ੍ਰੀਭਾਸ਼ਾ :
ਲੇਖਕਾਂ, ਪਾਠਕਾਂ, ਸਮੀਖਿਆਕਾਰਾਂ ਅਤੇ ਆਲੋਚਕਾਂ ਦਰਮਿਆਨ ਛਿੜੇ ਉਸਾਰੂ, ਲਿਖਤ ਦੀਆਂ ਬਹੁ-ਦਿਸ਼ਾਵੀ ਰਚਨਾਤਮਿਕ ਪਰਤਾਂ ਫਰੋਲਣ ਵਾਲੇ, ਗੰਭੀਰ ਵਿਚਾਰ-ਵਿਟਾਂਦਰੇ ਨੂੰ ਸੰਵਾਦ ਕਿਹਾ ਜਾ ਸਕਦਾ ਹੈ।

ਸੰਵਾਦ ਦੀ ਅਣਹੋਂਦ ਦੇ ਕਾਰਨ :
 ਅਜਿਹੇ ਗੰਭੀਰ ਸੰਵਾਦ ਦੀ ਅਣਹੋਂਦ ਦਾ ਪਹਿਲਾ ਕਾਰਨ ਤਾਂ ਇਹ ਹੈ ਕਿ ਵਧੇਰੇ ਕੈਨੇਡੀਅਨ ਪੰਜਾਬੀ ਸਾਹਿਤਕਾਰ ਅਜੇ ਆਲੋਚਨਾ / ਸਮੀਖਿਆ ਦੇ ਖੇਤਰ ਵੱਲ ਰੁਚਿਤ ਹੀ ਨਹੀਂ ਹੋ ਸਕੇ।
ਕੈਨੇਡੀਅਨ ਵਿੱਦਿਅਕ ਅਦਾਰਿਆਂ ਨਾਲ ਸਬੰਧਤ ਪੰਜਾਬੀ ਸਾਹਿਤਕਾਰਾਂ ਦੀਆਂ ਵੀ ਆਪਣੀਆਂ ਸੀਮਾਵਾਂ ਹਨ। ਅਜਿਹੇ ਕੈਨੇਡੀਅਨ ਪੰਜਾਬੀ ਸਾਹਿਤਕਾਰ ਨਾ ਤਾਂ  ਕੈਨੇਡੀਅਨ ਪੰਜਾਬੀ ਸਾਹਿਤ ਦੀ ਆਲੋਚਨਾ / ਸਮੀਖਿਆ ਕਰਨ ਦੇ ਵਧੇਰੇ ਯੋਗ ਹੀ ਹੁੰਦੇ ਹਨ ਅਤੇ ਨਾ ਹੀ ਉਨ੍ਹਾਂ ਕੋਲ ਅਜਿਹਾ ਕੋਈ ਵਿੱਦਿਅਕ ਮਾਹੌਲ ਹੀ ਹੁੰਦਾ ਜੋ ਉਨ੍ਹਾਂ ਨੂੰ ਅਜਿਹੇ ਉੱਦਮ ਕਰਨ ਲਈ ਉਤਸਾਹਿਤ ਕਰਦਾ ਹੋਵੇ। ਅਜਿਹੇ ਵਿੱਦਿਅਕ ਅਦਾਰਿਆਂ ਨਾਲ ਸਬੰਧਤ ਸਾਹਿਤਕਾਰ / ਸਮੀਖਿਅਕ ਜੇਕਰ ਇਸ ਦਿਸ਼ਾ ਵਿੱਚ ਕੁਝ ਕੰਮ ਕਰਦੇ ਵੀ ਹਨ ਤਾਂ ਉਨ੍ਹਾਂ ਦੀਆਂ ਅੱਗੋਂ ਫਿਰ ਕੁਝ ਸੀਮਾਵਾਂ ਹੁੰਦੀਆਂ ਹਨ:
1æ ਪਹਿਲੀ ਸੀਮਾ ਤਾਂ ਇਹੀ ਹੁੰਦੀ ਹੈ ਕਿ ਕੈਨੇਡੀਅਨ ਯੂਨੀਵਰਸਿਟੀਆਂ ਵਿੱਚ ਬਣੇ ਪੰਜਾਬੀ ਵਿਭਾਗ ਕਿਸੇ-ਨ-ਕਿਸੇ ਸਿੱਖ ਧਾਰਮਿਕ ਜੱਥੇਬੰਦੀ ਵੱਲੋਂ ਦਿੱਤੀ ਗਈ ਆਰਥਿਕ ਸਹਾਇਤਾ ਉੱਤੇ ਨਿਰਭਰ ਕਰਦੇ ਹੁੰਦੇ ਹਨ। ਇਸ ਲਈ ਇਹ ਪੰਜਾਬੀ ਵਿਭਾਗ ਵੀ ਅਜਿਹੇ ਸਿੱਖ ਧਾਰਮਿਕ ਅਦਾਰਿਆਂ ਦੀ ਸੋਚ ਦੀ ਹੀ ਪੈਰਵੀ ਕਰਨ ਤੋਂ ਅੱਗੇ ਤੁਰਨ ਦੀ ਹਿੰਮਤ ਨਹੀਂ ਕਰ ਸਕਦੇ।
2æ ਦੂਜੀ ਸੀਮਾ ਇਹ ਹੁੰਦੀ ਹੈ ਕਿ ਇਹ ਸਾਹਿਤਕਾਰ ਜੇਕਰ ਕੁਝ ਉੱਦਮ ਕਰਦੇ ਵੀ ਹਨ ਤਾਂ ਉਹ ਆਪਣੇ ਨਿੱਜੀ ਧੜੇ / ਗਰੁੱਪ ਦੀਆਂ ਗਤੀਵਿਧੀਆਂ ਤੱਕ ਹੀ ਸੀਮਿਤ ਹੋ ਕੇ ਰਹਿ ਜਾਂਦੇ ਹਨ। ਇਸ ਤਰ੍ਹਾਂ ਇਹ ਕੈਨੇਡੀਅਨ ਪੰਜਾਬੀ ਸਾਹਿਤਕਾਰ ਆਪਣੇ ਕਰੀਬੀ ਸਾਥੀਆਂ / ਧੜੇ ਦੇ ਲੋਕਾਂ ਦੀ ਸਿਫਤ-ਸਲਾਹੁਤਾ ਕਰਨ ਤੱਕ ਹੀ ਸੀਮਿਤ ਹੋ ਕੇ ਰਹਿ ਜਾਂਦੇ ਹਨ। ਕੈਨੇਡੀਅਨ ਪੰਜਾਬੀ ਕਵਿਤਾ ਬਾਰੇ ਗੰਭੀਰ ਅਤੇ ਸਿਹਤਮੰਦ ਸੰਵਾਦ ਛੇੜਨਾ ਇਨ੍ਹਾਂ ਦੇ ਉਦੇਸ਼ਾਂ ਵਿੱਚ ਸ਼ਾਮਿਲ ਹੀ ਨਹੀਂ ਹੁੰਦਾ।
 ਕੈਨੇਡੀਅਨ ਪੰਜਾਬੀ ਕਵਿਤਾ ਬਾਰੇ ਗੰਭੀਰ ਸੰਵਾਦ ਦੀ ਅਣਹੋਂਦ ਵਾਲੀ ਅਜਿਹੀ ਚਿੰਤਾਜਨਕ ਸਥਿਤੀ ਨੂੰ ਜਨਮ ਦੇਣ ਵਿੱਚ ਕੈਨੇਡੀਅਨ ਪੰਜਾਬੀ ਮੀਡੀਆ ਵੱਲੋਂ ਪਾਇਆ ਗਿਆ 'ਨਾਂਹ-ਪੱਖੀ' ਯੋਗਦਾਨ ਵੀ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ।
ਪਿਛਲੇ ਇੱਕ ਦਹਾਕੇ ਵਿੱਚ ਕੈਨੇਡੀਅਨ ਪੰਜਾਬੀ ਮੀਡੀਆ ਬਹੁਤ ਪ੍ਰਫੁੱਲਤ ਹੋਇਆ ਹੈ। ਟੋਰਾਂਟੋ, ਮਿਸੀਸਾਗਾ, ਬਰੈਂਪਟਨ, ਵੈਨਕੂਵਰ, ਕੈਲਗਰੀ, ਐਡਮਿੰਟਨ, ਵਿੰਨੀਪੈੱਗ ਅਤੇ ਮਾਂਟਰੀਅਲ ਵਰਗੇ ਕੈਨੇਡਾ ਦੇ ਵੱਡੇ ਸ਼ਹਿਰਾਂ ਵਿੱਚ ਅਨੇਕਾਂ ਪੰਜਾਬੀ ਰੇਡੀਓ ਪ੍ਰੋਗਰਾਮ, ਟੀæਵੀæ ਪ੍ਰੋਗਰਾਮ ਪ੍ਰਸਾਰਤ ਹੁੰਦੇ ਹਨ ਅਤੇ ਅਨੇਕਾਂ ਪੰਜਾਬੀ ਅਖਬਾਰ ਪ੍ਰਕਾਸ਼ਿਤ ਹੋ ਰਹੇ ਹਨ। ਇਸ ਸਮੇਂ ਓਨਟਾਰੀਓ ਵਿੱਚ ਦੋ ਰੋਜ਼ਾਨਾ ਪੰਜਾਬੀ ਅਖਬਾਰ ਵੀ ਪੂਰੀ ਸਫਲਤਾ ਨਾਲ ਪ੍ਰਕਾਸ਼ਿਤ ਹੋ ਰਹੇ ਹਨ। ਗਿਣਾਤਮਕ ਪੱਖ ਤੋਂ ਭਾਵੇਂ ਕੈਨੇਡੀਅਨ ਪੰਜਾਬੀ ਮੀਡੀਆ ਨੇ ਬਹੁਤ ਤਰੱਕੀ ਕੀਤੀ ਹੈ ਪਰ ਗੁਣਾਤਮਕ ਪੱਖ ਤੋਂ ਅਜਿਹਾ ਸੰਭਵ ਨਹੀਂ ਹੋ ਸਕਿਆ। ਅੱਜ ਤੋਂ ਦੱਸ ਸਾਲ ਪਹਿਲਾਂ ਕੈਨੇਡੀਅਨ ਪੰਜਾਬੀ ਮੀਡੀਆ ਵਿੱਚ ਕੈਨੇਡੀਅਨ ਪੰਜਾਬੀ ਕਵਿਤਾ ਬਾਰੇ ਆਲੋਚਨਾ / ਸਮੀਖਿਆ ਕਰਨ ਵਾਲੀਆਂ ਲਿਖਤਾਂ ਵੱਧ ਛਪਦੀਆਂ ਸਨ। ਪਹਿਲਾਂ ਕੈਨੇਡੀਅਨ ਪੰਜਾਬੀ ਅਖਬਾਰਾਂ / ਮੈਗਜ਼ੀਨਾਂ ਦੇ ਮਾਲਕ / ਸੰਪਾਦਕ ਵੀ ਵਧੇਰੇ ਕਰਕੇ ਸਾਹਿਤਕਾਰ ਆਪ ਹੀ ਹੋਇਆ ਕਰਦੇ ਸਨ। ਇਸ ਲਈ ਉਨ੍ਹਾਂ ਨੂੰ ਕਵਿਤਾ ਦੀਆਂ ਸਮੱਸਿਆਵਾਂ ਵਿੱਚ ਵੀ ਰੁਚੀ ਹੁੰਦੀ ਸੀ। ਹੁਣ ਬਹੁਤ ਘੱਟ ਸਾਹਿਤਕਾਰ ਕੈਨੇਡੀਅਨ ਪੰਜਾਬੀ ਅਖਬਾਰਾਂ / ਮੈਗਜ਼ੀਨਾਂ ਦੇ ਮਾਲਕ / ਸੰਪਾਦਕ ਹਨ। ਜਿਹੜੇ ਸਾਹਿਤਕਾਰ ਕੈਨੇਡੀਅਨ ਪੰਜਾਬੀ ਅਖਬਾਰਾਂ ਦੇ ਮਾਲਕ / ਸੰਪਾਦਕ ਹਨ ਵੀ ਉਨ੍ਹਾਂ ਕੋਲ ਏਨਾਂ ਸਮਾਂ ਹੀ ਨਹੀਂ ਹੁੰਦਾ ਕਿ ਉਹ ਇਹ ਵੀ ਦੇਖ ਸਕਣ ਕਿ ਉਨ੍ਹਾਂ ਦੇ ਅਖਬਾਰਾਂ ਵਿੱਚ ਕੀ ਛਪ ਰਿਹਾ ਹੈ। ਅਖਬਾਰਾਂ ਦੇ ਅਸਲੀ ਸੰਪਾਦਕ ਤਾਂ ਅਖਬਾਰਾਂ ਦੀ ਲੇਅਆਊਟ / ਡਿਜ਼ਾਈਨ ਕਰਨ ਵਾਲੇ ਲੋਕ ਹੀ ਹੁੰਦੇ ਹਨ। ਉਨ੍ਹਾਂ ਨੂੰ ਜਿਹੜੀ ਚੀਜ਼ ਚੰਗੀ ਲੱਗਦੀ ਹੈ ਉਹ ਅਖਬਾਰ ਵਿੱਚ ਲਗਾ ਦਿੰਦੇ ਹਨ। ਕਵਿਤਾ ਦੀ ਆਲੋਚਨਾ / ਸਮੀਖਿਆ ਕਰਨ ਵਾਲੀਆਂ ਲਿਖਤਾਂ ਉਨ੍ਹਾਂ ਲਈ ਕੋਈ ਵਧੇਰੇ ਦਿਲਚਸਪੀ ਨਹੀਂ ਰੱਖਦੀਆਂ। ਵਧੇਰੇ ਡਿਜ਼ਾਈਨਰਾਂ ਲਈ ਸਭ ਤੋਂ ਵੱਧ ਜ਼ਰੂਰੀ ਚੀਜ਼ਾਂ ਹੁੰਦੀਆਂ ਹਨ - ਹਾਲੀਵੁੱਡ / ਬਾਲੀਵੁੱਡ ਦੀਆਂ ਅਭਿਨੇਤਰੀਆਂ ਅਤੇ ਅਭਿਨੇਤਾਵਾਂ ਦੀਆਂ ਅੱਧ ਨੰਗੀਆਂ ਤਸਵੀਰਾਂ ਅਤੇ ਉਨ੍ਹਾਂ ਬਾਰੇ ਲਿਖੀਆਂ ਮਸਾਲੇਦਾਰ ਗੱਪ-ਸ਼ੱਪ ਨਾਲ ਭਰੀਆਂ ਲਿਖਤਾਂ ਜਾਂ ਗੁਰਦੁਆਰਿਆਂ, ਮੰਦਰਾਂ, ਮਸਜਿਦਾਂ, ਗਿਰਜਿਆਂ ਦੇ ਪ੍ਰਧਾਨਾਂ ਵੱਲੋਂ ਦਿੱਤੇ ਗਏ ਲੱਛੇਦਾਰ ਭਾਸ਼ਨ ਜਾਂ ਸਾਰੀ ਸਾਰੀ ਰਾਤ ਦਾਰੂ ਪੀ ਕੇ ਬੜਕਾਂ ਮਾਰਦੇ ਪੰਜਾਬੀਆਂ ਦੀਆਂ ਬੈਂਕਟ ਹਾਲਾਂ ਵਿੱਚ ਹੋ ਰਹੀਆਂ ਮਹਿਫ਼ਲਾਂ ਦੀਆਂ ਰਿਪੋਰਟਾਂ। ਕੁਝ ਅਜਿਹਾ ਹਾਲ ਹੀ ਕੈਨੇਡੀਅਨ ਪੰਜਾਬੀ ਰੇਡੀਓ ਅਤੇ ਟੀਵੀ ਪ੍ਰੋਗਰਾਮਾਂ ਦਾ ਹੈ।
ਇਸ ਸਥਿਤੀ ਲਈ ਜਿੰਮੇਵਾਰ ਕਾਰਨਾਂ ਵਿੱਚ ਮੈਂ ਕੈਨੇਡੀਅਨ ਪੰਜਾਬੀ ਸਾਹਿਤ ਸਭਾਵਾਂ ਦੇ ਅਜਿਹੇ ਅਹੁਦੇਦਾਰਾਂ ਨੂੰ ਜਿੰਮੇਵਾਰ ਸਮਝਦਾ ਹਾਂ ਜੋ ਕਿ ਸਾਹਿਤ ਸਭਾਵਾਂ ਵਿੱਚ ਕੈਨੇਡੀਅਨ ਪੰਜਾਬੀ ਕਵਿਤਾ ਬਾਰੇ ਗੰਭੀਰ ਸੰਵਾਦ ਪੈਦਾ ਹੋਣ ਦੇ ਮੌਕੇ ਹੀ ਪੈਦਾ ਨਹੀਂ ਹੋਣ ਦਿੰਦੇ। ਕੈਨੇਡੀਅਨ ਪੰਜਾਬੀ ਸਾਹਿਤ ਸਭਾਵਾਂ ਦੀਆਂ ਅਖਬਾਰਾਂ ਵਿੱਚ ਛਪੀਆਂ ਰਿਪੋਰਟਾਂ ਪੜ੍ਹ ਕੇ ਵੀ ਦੇਖ ਲਵੋ। ਉਨ੍ਹਾਂ ਵਿੱਚ ਵੀ ਵਧੇਰੇ ਜ਼ੋਰ ਇਸ ਗੱਲ ਉੱਤੇ ਹੀ ਦਿੱਤਾ ਗਿਆ ਹੁੰਦਾ ਹੈ ਕਿ ਖਾਣ ਪੀਣ ਦਾ ਬੜਾ ਹੀ ਵਧੀਆ ਪ੍ਰਬੰਧ ਕੀਤਾ ਗਿਆ ਸੀ। ਖੁਸ਼ਬੂਆਂ ਛੱਡਦਾ ਤੰਦੂਰੀ ਮੁਰਗਾ ਖਾਹ ਕੇ ਹਰ ਕੋਈ ਧੰਨ ਧੰਨ ਹੋਇਆ ਪਿਆ ਸੀ। ਅਜਿਹੀਆਂ ਸਾਹਿਤ ਸਭਾਵਾਂ ਦੀਆਂ ਇਕੱਤਰਤਾਵਾਂ ਵਿੱਚ ਕੈਨੇਡੀਅਨ ਪੰਜਾਬੀ ਕਵੀਆਂ ਦੀਆਂ ਨਵੀਆਂ ਛਪੀਆਂ ਪੁਸਤਕਾਂ ਬਾਰੇ ਗੰਭੀਰ ਸੰਵਾਦ ਛੇੜੇ ਜਾਣ ਲਈ ਉਪਰਾਲੇ ਕਰਨਾ ਸ਼ਾਮਿਲ ਹੀ ਨਹੀਂ ਹੁੰਦਾ; ਕਿਉਂਕਿ ਅਜਿਹੀ ਕਵਿਤਾ ਅਜਿਹੇ ਸਾਹਿਤਕ ਅਦਾਰਿਆਂ ਦੇ ਅਹੁਦੇਦਾਰਾਂ ਦੀ ਮਾਨਸਿਕਤਾ ਤੋਂ ਉੱਚੀਆਂ ਗੱਲਾਂ ਕਰਦੀ ਹੁੰਦੀ ਹੈ ਅਤੇ ਇਸ ਗੱਲ ਨੂੰ ਉਹ ਭੱਦਰ ਪੁਰਸ਼ ਕਿਵੇਂ ਸਵੀਕਾਰ ਕਰ ਸਕਦੇ ਹਨ?
 ਸੰਵਾਦ ਦੀ ਅਣਹੋਂਦ ਵਾਲੀ ਸਥਿਤੀ ਨੂੰ ਜਨਮ ਦੇਣ ਵਿੱਚ ਅਜਿਹੇ ਕੈਨੇਡੀਅਨ ਪੰਜਾਬੀ ਕਵੀਆਂ / ਆਲੋਚਕਾਂ / ਸਮੀਖਿਆਕਾਰਾਂ ਨੂੰ ਵੀ ਜਿੰਮੇਵਾਰੀ ਤੋਂ ਮੁਕਤ ਨਹੀਂ ਕੀਤਾ ਜਾ ਸਕਦਾ ਹੈ ਜੋ ਕਿ ਕੈਨੇਡੀਅਨ ਪੰਜਾਬੀ ਸਾਹਿਤਕ ਕਾਨਫਰੰਸਾਂ ਵਿੱਚ ਸ਼ਾਮਿਲ ਹੋਣ ਵੇਲੇ ਇਸ ਗੱਲ ਵੱਲੋਂ ਚਿੰਤਤ ਹੋਣ ਦੀ ਥਾਂ ਕਿ ਇਨ੍ਹਾਂ ਸਾਹਿਤਕ ਕਾਨਫਰੰਸਾਂ ਵਿੱਚ ਕੈਨੇਡੀਅਨ ਪੰਜਾਬੀ ਕਵਿਤਾ ਬਾਰੇ ਕੋਈ ਗੰਭੀਰ ਸੰਵਾਦ ਛਿੜ ਸਕਿਆ ਜਾਂ ਕਿ ਨਹੀਂ? ਉਨ੍ਹਾਂ ਦੀ ਤਸੱਲੀ ਮਹਿਜ਼ ਇਸੇ ਗੱਲ ਵਿੱਚ ਹੀ ਹੋ ਗਈ ਹੁੰਦੀ ਹੈ ਕਿ ਕਾਨਫਰੰਸ ਦੇ ਪ੍ਰਬੰਧਕਾਂ ਨੇ ਕਾਨਫਰੰਸ ਦੇ ਤਿੰਨੋਂ ਦਿਨ ਲੱਡੂਆਂ, ਜਲੇਬੀਆਂ, ਬਰਫ਼ੀ, ਵੇਸਨ, ਚਾਹ ਅਤੇ ਕਾਫੀ ਦਾ ਖੁੱਲ੍ਹਾ ਪ੍ਰਬੰਧ ਕੀਤਾ ਹੋਇਆ ਸੀ। ਹਰੇਕ ਕਵੀ/ਆਲੋਚਕ/ਸਮੀਖਿਆਕਾਰ ਜੀਅ ਭਰਕੇ ਅਤੇ ਕਿਸੇ ਵੀ ਸਮੇਂ ਮਠਿਆਈਆਂ ਖਾਹ ਸਕਦਾ ਸੀ।  
 ਕੈਨੇਡੀਅਨ ਪੰਜਾਬੀ ਕਵਿਤਾ ਬਾਰੇ ਗੰਭੀਰ ਸੰਵਾਦ ਦੀ ਅਣਹੋਂਦ ਵਾਲੀ ਸਥਿਤੀ ਪੈਦਾ ਕਰਨ ਲਈ ਕਾਫੀ ਹੱਦ ਤੱਕ ਭਾਰਤੀ ਪੰਜਾਬੀ ਆਲੋਚਕ ਵੀ ਜਿੰਮੇਵਾਰ ਹਨ।
ਭਾਰਤੀ ਪੰਜਾਬੀ ਆਲੋਚਕ ਜਾਂ ਤਾਂ ਕੈਨੇਡੀਅਨ ਪੰਜਾਬੀ ਕਵਿਤਾ ਬਾਰੇ ਆਲੋਚਨਾ / ਸਮੀਖਿਆ ਕਰਦੇ ਹੀ ਨਹੀਂ; ਜੇਕਰ ਉਹ ਕਰਦੇ ਵੀ ਹਨ ਤਾਂ ਵਧੇਰੇ ਹਾਲਤਾਂ ਵਿੱਚ ਇਹ ਉਲਾਰ ਹੁੰਦੀ ਹੈ। ਪਿਛਲੇ ਤਕਰੀਬਨ ਇੱਕ ਦਹਾਕੇ ਦੀ ਪੰਜਾਬੀ ਕਵਿਤਾ ਦੇਖੀਏ ਤਾਂ ਅਸੀਂ ਸਹਿਜੇ ਹੀ ਦੇਖ ਸਕਦੇ ਹਾਂ ਕਿ ਪੰਜਾਬੀ ਕਵਿਤਾ ਵਿੱਚ ਦੇਹਵਾਦੀ ਕਵਿਤਾ, ਪਿਆਰ ਕਵਿਤਾ ਜਾਂ ਔਰਤ-ਮਰਦ ਦੇ ਜਿਨਸੀ ਸੰਬੰਧਾਂ ਦੇ ਜਸ਼ਨ ਦੀ ਕਵਿਤਾ ਆਦਿ ਜਿਹੇ ਵਿਸ਼ਿਆਂ ਬਾਰੇ ਲਿਖੀ ਜਾਣ ਵਾਲੀ ਕਵਿਤਾ ਦਾ ਹੜ੍ਹ ਆਇਆ ਹੋਇਆ ਹੈ। ਭਾਰਤੀ ਪੰਜਾਬੀ ਆਲੋਚਕ ਵੀ ਅਜਿਹੀ ਕਵਿਤਾ ਨੂੰ ਹੀ ਸਮੇਂ ਦੇ ਹਾਣ ਦੀ ਕਵਿਤਾ ਕਹਿ ਕੇ ਉਤਸਾਹਤ ਕਰਦੇ ਰਹੇ ਹਨ। ਸਮੇਂ ਦੇ ਹਾਣ ਦੀ ਇਸ ਲਈ ਕਿ ਗਲੋਬਲੀਕਰਨ ਦੇ ਵਰਤਾਰੇ ਕਾਰਨ ਨਵਪੂੰਜੀਵਾਦ ਹਰ ਪਾਸੇ ਅਜਿਹੀਆਂ ਕਦਰਾਂ-ਕੀਮਤਾਂ ਦਾ ਹੀ ਪਾਸਾਰਾ ਕਰ ਰਿਹਾ ਹੈ ਅਤੇ ਵਧੇਰੇ ਭਾਰਤੀ ਪੰਜਾਬੀ ਆਲੋਚਕ ਵੀ ਗਲੋਬਲੀਕਰਨ ਦੇ ਇਸ ਵਰਤਾਰੇ ਦਾ ਹੀ ਹਿੱਸਾ ਬਣ ਚੁੱਕੇ ਹਨ। ਰੇਡੀਓ, ਟੈਲੀਵੀਜ਼ਨ, ਅਤੇ ਪ੍ਰਿੰਟ ਮੀਡੀਆ ਅਜਿਹੀਆਂ ਕਦਰਾਂ-ਕੀਮਤਾਂ ਪੇਸ਼ ਕਰਨ ਵਾਲੇ ਪ੍ਰੋਗਰਾਮ ਪ੍ਰਸਾਰਤ ਕਰ ਰਹੇ ਹਨ।
ਇਸ ਸੰਦਰਭ ਵਿੱਚ ਭਾਰਤੀ ਆਲੋਚਕਾਂ ਦੇ ਉਲਾਰਪਨ ਦੀ ਇੱਕ ਉਦਾਹਰਣ ਦੇਣੀ ਚਾਹਾਂਗਾ। ਕੈਨੇਡਾ ਦੇ ਦੋ ਪੰਜਾਬੀ ਕਵੀਆਂ ਨਵਤੇਜ ਭਾਰਤੀ ਅਤੇ ਅਜਮੇਰ ਰੋਡੇ ਨੇ ਮਿਲਕੇ ਕਵਿਤਾ ਦੀ ਇੱਕ ਪੁਸਤਕ ਪ੍ਰਕਾਸ਼ਤ ਕੀਤੀ: 'ਲੀਲ੍ਹਾ'। ਇਸ ਪੁਸਤਕ ਦੀ ਸੰਦੇਹ ਭਰੀ ਉਸਤਤ ਕਰਨ ਵਾਲੇ ਨਾਮਵਰ ਲੇਖਕਾਂ / ਆਲੋਚਕਾਂ ਵਿੱਚ ਡਾæ ਸੁਰਜੀਤ ਪਾਤਰ, ਡਾæ ਸੁਤਿੰਦਰ ਨੂਰ, ਡਾæ ਗੁਰਬਚਨ ਅਤੇ ਹਰਿੰਦਰ ਮਹਿਬੂਬ ਦਾ ਨਾਮ ਵੀ ਸ਼ਾਮਿਲ ਹੈ। ਇਸ ਪੁਸਤਕ ਦਾ ਚਰਚਾ ਕਰਦਿਆਂ ਨਾਮਵਰ ਪੰਜਾਬੀ ਸਾਹਿਤਕਾਰ ਡਾæ ਸੁਰਜੀਤ ਪਾਤਰ ਨੇ ਲਿਖਿਆ ਕਿ ਇਹ ਪੁਸਤਕ ਇਸ ਸਦੀ ਦੀਆਂ ਚੋਣਵੀਆਂ ਪੁਸਤਕਾਂ ਵਿੱਚ ਸ਼ਾਮਿਲ ਹੋਵੇਗੀ। ਪਰ ਇਸਦੇ ਬਾਵਜ਼ੂਦ ਨਾ ਤਾਂ ਇਸ ਪੁਸਤਕ ਦਾ ਕੈਨੇਡਾ ਵਿੱਚ ਹੀ ਕੋਈ ਜ਼ਿਆਦਾ ਚਰਚਾ ਹੋਇਆ ਅਤੇ ਨਾ ਹੀ ਇੰਡੀਆ ਵਿੱਚ।  ਅਜਿਹੇ ਆਲੋਚਕਾਂ ਦਾ ਉਲਾਰਪਨ ਇਸ ਲਈ ਸਾਹਮਣੇ ਆਇਆ ਕਿ ਭਾਰਤ ਵਿੱਚ ਵੀ ਅਜਿਹੀ ਹੀ ਸਾਹਿਤਕ-ਸਭਿਆਚਾਰਕ ਹਵਾ ਵਗ ਰਹੀ ਸੀ।  ਲੋਕ-ਸਰੋਕਾਰਾਂ ਤੋਂ ਟੁੱਟੀ ਹੋਈ ਕਵਿਤਾ ਦੇ ਸਮੱਰਥਕ ਭਾਰਤੀ ਆਲੋਚਕਾਂ ਨੇ ਕੈਨੇਡਾ ਵਿੱਚ ਲਿਖੀ ਜਾ ਰਹੀ ਸਮਾਨਾਂਤਰ ਕਵਿਤਾ ਵੱਲ ਬਹੁਤਾ ਧਿਆਨ ਨਹੀਂ ਦਿੱਤਾ - ਜਿਸ ਵਿੱਚ ਲੋਕ ਸਮੱਸਿਆਵਾਂ ਨੂੰ ਵਿਸ਼ਾ ਬਣਾਇਆ ਗਿਆ ਸੀ ਅਤੇ ਅਜਿਹੀ ਕਵਿਤਾ ਆਮ ਲੋਕਾਂ ਦੀ ਜ਼ਿੰਦਗੀ ਦੇ ਵਧੇਰੇ ਨੇੜੇ ਸੀ। ਅਜਿਹੀ ਕਵਿਤਾ ਵਿੱਚ ਅਜਿਹੀਆਂ ਸਮੱਸਿਆਵਾਂ ਦਾ ਜ਼ਿਕਰ ਛੇੜਿਆ ਗਿਆ ਸੀ - ਜਿਨ੍ਹਾਂ ਦਾ ਸਾਹਮਣਾ ਆਮ ਲੋਕਾਂ ਨੂੰ ਰੌਜ਼ਾਨਾ ਜ਼ਿੰਦਗੀ ਵਿੱਚ ਕਰਨਾ ਪੈਂਦਾ ਹੈ।
ਕੈਨੇਡੀਅਨ ਪੰਜਾਬੀ ਕਵੀਆਂ ਅਜਮੇਰ ਰੋਡੇ ਅਤੇ ਨਵਤੇਜ ਭਾਰਤੀ ਦੀ ਸਾਂਝੀ ਕਾਵਿ-ਪੁਸਤਕ 'ਲੀਲ੍ਹਾ' 1053 ਸਫਿਆਂ ਵਿੱਚ ਫੈਲੀ ਹੋਈ ਹੈ। ਇੰਨੇ ਵੱਡੇ ਕਾਵਿ-ਗ੍ਰੰਥ ਵਿੱਚ ਸਾਹਿਤਕ, ਸਭਿਆਚਾਰਕ, ਸਮਾਜਿਕ, ਆਰਥਿਕ, ਰਾਜਨੀਤਿਕ, ਧਾਰਮਿਕ, ਸਿਹਤ ਸਬੰਧੀ ਜਾਂ ਵਾਤਾਵਰਨ ਸਬੰਧੀ ਸਮੱਸਿਆਵਾਂ ਨੂੰ ਬਹੁਤ ਹੀ ਘੱਟ ਅਹਿਮੀਅਤ ਦਿੱਤੀ ਗਈ ਹੈ। ਇੰਨੇ ਵੱਡੇ ਗ੍ਰੰਥ ਵਿੱਚ ਸਿਵਾਏ 5-7 ਕਵਿਤਾਵਾਂ ਦੇ ਅਜਿਹੀਆਂ ਸਮੱਸਿਆਵਾਂ ਬਾਰੇ ਬੋਲਣ ਦੀ ਜੁਰੱਤ ਹੀ ਨਹੀਂ ਕੀਤੀ ਗਈ। ਜਿੱਥੇ ਕਿਤੇ ਬੋਲਣ ਦੀ ਜੁਰੱਤ ਵੀ ਕੀਤੀ ਗਈ ਹੈ ਉੱਥੇ ਵੀ ਇਹ ਗੱਲ ਸਪੱਸ਼ਟ ਨਹੀਂ ਹੁੰਦੀ ਕਿ ਇਸ ਪੁਸਤਕ ਦੇ ਲੇਖਕ ਨਵਤੇਜ ਭਾਰਤੀ ਅਤੇ ਅਜਮੇਰ ਰੋਡੇ ਵਿਚਾਰਧਾਰਕ ਪੱਧਰ ਉੱਤੇ ਕਿੱਥੇ ਖੜ੍ਹੇ ਹਨ ? ਇਸ ਮੌਕੇ ਇੱਕ ਉਦਾਹਰਣ ਦੇਣੀ ਮੈਂ ਜ਼ਰੂਰੀ ਸਮਝਦਾ ਹਾਂ। ਇਹ ਪੁਸਤਕ ਪ੍ਰਕਾਸ਼ਿਤ ਹੋਣ ਤੋਂ ਪਹਿਲਾਂ, ਤਕਰੀਬਨ ਦੋ ਦਹਾਕੇ ਤੱਕ, ਦੇਸ-ਬਦੇਸ ਵਿੱਚ ਰਹਿ ਰਹੇ ਪੰਜਾਬੀ ਮੂਲ ਦੇ ਲੋਕਾਂ ਨੇ ਧਾਰਮਿਕ ਕੱਟੜਵਾਦੀ ਦਹਿਸ਼ਤਗਰਦੀ ਦਾ ਸੰਤਾਪ ਹੰਢਾਇਆ ਹੈ। 1947 ਵਿੱਚ ਪੰਜਾਬ ਦੀ ਹੋਈ ਵੰਡ ਸਮੇਂ ਸਿੱਖਾਂ, ਹਿੰਦੂਆਂ, ਮੁਸਲਮਾਨਾਂ, ਈਸਾਈਆਂ ਨੇ ਧਾਰਮਿਕ ਕੱਟੜਵਾਦੀ ਜਨੂੰਨ ਵਿੱਚ ਅੰਨ੍ਹੇ ਹੋ ਕੇ ਲੱਖਾਂ ਦੀ ਗਿਣਤੀ ਵਿੱਚ ਇੱਕ ਦੂਜੇ ਦਾ ਕਤਲ ਕੀਤਾ ਸੀ। 1978 ਤੋਂ 1993 ਦੇ ਸਮੇਂ ਦਰਮਿਆਨ ਧਾਰਮਿਕ ਕੱਟੜਵਾਦ ਦੇ ਨਾਮ ਉੱਪਰ ਪੰਜਾਬੀਆਂ ਨਾਲ ਵਾਪਰੀ ਇਹ ਦੂਜੀ ਵੱਡੀ ਤ੍ਰਾਸਦੀ ਸੀ ਜਿਸ ਵਿੱਚ 50,000 ਤੋਂ ਵੱਧ ਪੰਜਾਬੀਆਂ ਦਾ ਕਤਲ ਕਰ ਦਿੱਤਾ ਗਿਆ। ਉਨ੍ਹਾਂ ਦੇ ਗਲਾਂ ਵਿੱਚ ਟਾਇਰ ਪਾ ਕੇ ਉਨ੍ਹਾਂ ਨੂੰ ਜ਼ਿੰਦਾ ਜਲਾ ਦਿੱਤਾ ਗਿਆ; ਉਨ੍ਹਾਂ ਨੂੰ ਬੱਸਾਂ ਗੱਡੀਆਂ ਵਿੱਚੋਂ ਧੂਹ ਧੂਹ ਕੇ ਮਸ਼ੀਨ ਗੰਨਾਂ ਦੀਆਂ ਗੋਲੀਆਂ ਨਾਲ ਭੁੰਨ ਦਿੱਤਾ ਗਿਆ; ਉਨ੍ਹਾਂ ਨੂੰ ਪੁਲਿਸ ਦੇ ਇੰਟੈਰੋਗੇਸ਼ਨ ਸੈਂਟਰਾਂ ਵਿੱਚ ਕੈਦ ਕਰ ਕੇ ਬਿਜਲੀ ਦੇ ਕਰੰਟ ਦੇ ਝਟਕੇ ਦੇ ਕੇ ਤਸੀਹੇ ਦਿੱਤੇ ਗਏ। ਇਸ ਕਤਲੇਆਮ ਵਿੱਚ ਜਿੱਥੇ ਇੱਕ ਪਾਸੇ ਧਾਰਮਿਕ ਕੱਟੜਵਾਦੀ ਦਹਿਸ਼ਤਗਰਦਾਂ ਨੇ ਮਾਸੂਮ ਪੰਜਾਬੀਆਂ ਦਾ ਕਤਲੇਆਮ ਮਚਾਇਆ ਉੱਥੇ ਹੀ ਪੰਜਾਬ ਦੀ ਪੁਲਿਸ ਨੇ ਧਾਰਮਿਕ ਕੱਟੜਵਾਦੀਆਂ ਨੂੰ ਕਾਬੂ ਕਰਨ ਦੇ ਨਾਮ ਹੇਠ ਹਜ਼ਾਰਾਂ ਮਾਸੂਮ ਅਤੇ ਬੇਗੁਨਾਹ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ।  ਕਾਤਲਾਂ ਨੇ ਧਰਮ ਦੇ ਜਨੂੰਨ ਵਿੱਚ ਪਾਗਲ ਹੋ ਕੇ ਸੈਂਕੜੇ ਔਰਤਾਂ ਦੇ ਬਲਾਤਕਾਰ ਕੀਤੇ। ਕੈਨੇਡਾ ਦੇ ਤਕਰੀਬਨ ਹਰ ਨਾਮਵਰ ਪੰਜਾਬੀ ਸ਼ਾਇਰ ਨੇ ਅਜਿਹੀਆਂ ਅਤਿ ਦੁਖਾਂਤਕ ਘਟਨਾਵਾਂ ਨੂੰ ਆਪਣੀਆਂ ਕਵਿਤਾਵਾਂ ਦਾ ਵਿਸ਼ਾ ਬਣਾਇਆ ਹੈ। ਕਈ ਸ਼ਾਇਰਾਂ ਨੇ ਤਾਂ ਇਸ ਵਿਸ਼ੇ ਨੂੰ ਲੈ ਕੇ ਆਪਣੀ ਸ਼ਾਇਰੀ ਦੇ ਪੂਰੇ ਕਾਵਿ ਸੰਗ੍ਰਹਿ ਪ੍ਰਕਾਸ਼ਿਤ ਕੀਤੇ ਹਨ। ਪਰ 'ਲ਼ੀਲ੍ਹਾ' ਦੇ ਲੇਖਕ ਇਸ ਤ੍ਰਾਸਦੀ ਬਾਰੇ ਇੱਕ ਦੋ ਨਜ਼ਮਾਂ ਲਿਖਕੇ ਹੀ ਇਸ ਤੋਂ ਆਪਣਾ ਪਿੱਛਾ ਛੁਡਾਉਣ ਦੀ ਕੋਸ਼ਿਸ਼ ਕਰਦੇ ਹਨ। ਜਿਸਤੋਂ ਨ ਸਿਰਫ ਇਸ ਪੁਸਤਕ ਦੇ ਲੇਖਕਾਂ ਦੀ ਹੀ ਦਿਆਨਤਦਾਰੀ ਸ਼ੱਕੀ ਬਣ ਜਾਂਦੀ ਹੈ ਬਲਕਿ ਇਸ ਪੁਸਤਕ ਦੀ ਤਰੀਫ ਵਿੱਚ ਲੰਬੇ ਲੰਬੇ ਨਿਬੰਧ ਲਿਖਣ ਵਾਲੇ ਪੰਜਾਬੀ ਦੇ ਚਰਚਿਤ ਆਲੋਚਕਾਂ ਬਾਰੇ ਵੀ ਸੰਦੇਹ ਖੜ੍ਹੇ ਹੋ ਜਾਂਦੇ ਹਨ ਕਿ ਕੀ ਉਹ ਪੁਸਤਕਾਂ ਦੀ ਆਲੋਚਨਾ / ਸਮੀਖਿਆ ਕਰਨ ਵੇਲੇ ਪੁਸਤਕਾਂ ਨੂੰ ਪੜ੍ਹਦੇ ਵੀ ਹਨ ਜਾਂ ਕਿ ਪੁਸਤਕਾਂ ਦੇ ਲੇਖਕਾਂ ਦੇ ਕਹਿਣ / ਸੁਨਣ ਉੱਤੇ ਹੀ ਪੁਸਤਕਾਂ ਬਾਰੇ ਆਪਣੇ ਵਿਚਾਰ ਲਿਖ ਦੇਂਦੇ ਹਨ? ਇਹ ਸੁਆਲ ਕੈਨੇਡੀਅਨ ਪੰਜਾਬੀ ਲੇਖਕਾਂ ਵੱਲੋਂ ਬਾਰ ਬਾਰ ਉਠਾਇਆ ਜਾਂਦਾ ਰਿਹਾ ਹੈ ਕਿ ਇੰਡੀਆ ਦੇ ਵਧੇਰੇ ਪੰਜਾਬੀ ਆਲੋਚਕ ਕੈਨੇਡੀਅਨ ਪੰਜਾਬੀ ਕਵਿਤਾ ਬਾਰੇ ਸੰਤੁਲਿਤ ਆਲੋਚਨਾ / ਸਮੀਖਿਆ ਨਹੀਂ ਲਿਖ ਰਹੇ। ਜਿਸ ਕਾਰਨ ਕੈਨੇਡਾ ਦੀ ਪੰਜਾਬੀ ਕਵਿਤਾ ਬਾਰੇ ਬਹੁਤ ਗਲਤ ਫਹਿਮੀਆਂ ਪੈਦਾ ਹੋ ਜਾਣ ਦਾ ਖਤਰਾ ਬਣਿਆ ਰਹਿੰਦਾ ਹੈ। ਕੈਨੇਡੀਅਨ ਪੰਜਾਬੀ ਕਵਿਤਾ ਬਾਰੇ ਫੈਲ ਰਹੇ ਅਜਿਹੇ ਸਾਹਿਤਕ ਭਰਿਸ਼ਟਾਚਾਰ ਨੂੰ ਰੋਕਣ ਲਈ ਕੈਨੇਡੀਅਨ ਪੰਜਾਬੀ ਲੇਖਕਾਂ ਨੂੰ ਹੀ ਆਵਾਜ਼ ਉਠਾਉਣੀ ਪਵੇਗੀ। ਕੈਨੇਡੀਅਨ ਪੰਜਾਬੀ ਕਵਿਤਾ ਦੀ ਆਲੋਚਨਾ / ਸਮੀਖਿਆ ਨਾਲ ਸਬੰਧਤ ਇਹ ਗੰਭੀਰ ਸਮੱਸਿਆ ਉਦੋਂ ਤੱਕ ਹੱਲ ਨਹੀਂ ਕੀਤੀ ਜਾ ਸਕਦੀ ਜਦੋਂ ਤੱਕ ਕੈਨੇਡੀਅਨ ਪੰਜਾਬੀ ਸਾਹਿਤਕਾਰ ਆਪ ਵੱਡੀ ਗਿਣਤੀ ਵਿੱਚ ਆਲੋਚਨਾ / ਸਮੀਖਿਆ ਦੇ ਖੇਤਰ ਵਿੱਚ ਪ੍ਰਵੇਸ਼ ਨਹੀਂ ਕਰਦੇ। ਇਸ ਵਿਸ਼ੇ ਬਾਰੇ ਚਰਚਾ ਛੇੜਣ ਲਈ ਮੇਰੀ ਚੇਤਨਾ ਵਿੱਚ ਸਮਾਈ ਹੋਈ ਅਜਿਹੀ ਭਾਵਨਾ ਹੀ ਮੈਨੂੰ ਇਹ ਗੱਲ ਕਹਿਣ ਲਈ ਉਤਸ਼ਾਹਤ ਕਰ ਰਹੀ ਹੈ।
ਭਾਰਤੀ ਪੱਤਰਕਾਵਾਂ ਵਿੱਚ ਅਕਸਰ ਇਸ ਗੱਲ ਬਾਰੇ ਚਰਚਾ ਹੁੰਦਾ ਰਹਿੰਦਾ ਹੈ ਕਿ ਪਰਵਾਸੀ ਲੇਖਕ ਡਾਲਰਾਂ ਦੇ ਜ਼ੋਰ ਨਾਲ ਪੁਸਤਕਾਂ ਪ੍ਰਕਾਸ਼ਿਤ ਕਰਵਾਂਦੇ ਹਨ। ਪਰ ਕੀ ਇਸ ਗੱਲ ਵਿੱਚ ਸਚਾਈ ਨਹੀਂ ਕਿ ਇੰਡੀਆ ਦੇ ਕੁਝ ਕੁ ਗਿਣਤੀ ਦੇ ਵੱਡੇ ਨਾਮਵਰ ਲੇਖਕਾਂ ਨੂੰ ਛੱਡ ਕੇ ਬਾਕੀ ਸਭ ਨੂੰ ਹੀ ਇੰਡੀਆ ਦੇ ਪ੍ਰਕਾਸ਼ਕਾਂ ਨੂੰ ਪੁਸਤਕਾਂ ਪ੍ਰਕਾਸ਼ਿਤ ਕਰਵਾਉਣ ਲਈ ਆਰਥਿਕ ਮੱਦਦ ਵਜੋਂ ਕੁਝ ਨ ਕੁਝ ਦੇਣਾ ਹੀ ਪੈਂਦਾ ਹੈ। ਕੈਨਡੀਅਨ ਪੰਜਾਬੀ ਲੇਖਕਾਂ ਦੀ ਮਿਹਨਤ ਨਾਲ ਕੀਤੀ ਹੋਈ ਕਮਾਈ ਨੂੰ ਵੀ ਭਾਰਤ ਵਿੱਚ ਸਥਿਤ ਪੰਜਾਬੀ ਪੁਸਤਕਾਂ ਦੇ ਪ੍ਰਕਾਸ਼ਕ ਉਸੇ ਤਰ੍ਹਾਂ ਹੀ ਲੁੱਟ ਰਹੇ ਹਨ ਜਿਵੇਂ ਕਿ ਭਾਰਤ ਵਿੱਚ ਰਹਿ ਰਹੇ ਪੰਜਾਬੀ ਲੇਖਕਾਂ ਦੀ ਕਮਾਈ ਨੂੰ। ਕੈਨੇਡਾ ਵਿੱਚ ਵੀ ਡਾਲਰ ਦਰਖਤਾਂ ਨਾਲ ਨਹੀਂ ਲੱਗਦੇ; ਇੱਥੇ ਵੀ ਕੈਨੇਡੀਅਨ ਪੰਜਾਬੀ ਲੇਖਕਾਂ ਨੂੰ ਸਖਤ ਮਿਹਨਤ ਕਰਕੇ ਹੀ ਕਮਾਉਣੇ ਪੈਂਦੇ ਹਨ।  ਪੰਜਾਬੀ ਆਲੋਚਕਾਂ / ਸਮੀਖਿਆਕਾਰਾਂ ਨੂੰ ਸਿਰਫ ਇਹ ਦੇਖਣਾ ਚਾਹੀਦਾ ਹੈ ਕਿ ਕਵਿਤਾ ਦੀ ਜਿਹੜੀ ਪੁਸਤਕ ਛਪ ਕੇ ਮਾਰਕਿਟ ਵਿੱਚ ਆਈ ਹੈ ਉਸ ਕਵਿਤਾ ਦਾ ਕੀ ਮਿਆਰ ਹੈ।

ਸੰਵਾਦ ਦੀ ਅਣਹੋਂਦ ਕਾਰਨ ਹੋਣ ਵਾਲੇ ਨੁਕਸਾਨ :
 ਕੈਨੇਡੀਅਨ ਪੰਜਾਬੀ ਕਵਿਤਾ ਦੀਆਂ ਪ੍ਰਕਾਸ਼ਿਤ ਹੋਈਆਂ ਬਹੁਤ ਸਾਰੀਆਂ ਪੁਸਤਕਾਂ ਪਾਠਕਾਂ ਦੇ ਧਿਆਨ ਵਿੱਚ ਨਹੀਂ ਆਉਂਦੀਆਂ।
 ਕੈਨੇਡੀਅਨ ਪੰਜਾਬੀ ਕਵਿਤਾ ਦੀਆਂ ਪ੍ਰਕਾਸ਼ਿਤ ਹੋਈਆਂ ਬਹੁਤ ਸਾਰੀਆਂ ਘਟੀਆ ਪੱਧਰ ਦੀਆਂ ਪੁਸਤਕਾਂ ਪਾਠਕ ਖ੍ਰੀਦ ਕੇ ਆਪਣਾ ਸਮਾਂ ਅਤੇ ਧੰਨ ਜਾਇਆ ਕਰਦੇ ਰਹਿੰਦੇ ਹਨ।
 ਨਵੇਂ ਉੱਭਰ ਰਹੇ ਕੈਨੇਡੀਅਨ ਪੰਜਾਬੀ ਕਵੀਆਂ ਨੂੰ ਸਹੀ ਦਿਸ਼ਾ ਨਹੀਂ ਮਿਲਦੀ ਅਤੇ ਉਹ ਘਟੀਆ ਪੱਧਰ ਦੀਆਂ ਰਚਨਾਵਾਂ ਪ੍ਰਕਾਸ਼ਿਤ ਕਰਕੇ ਸੰਤੁਸ਼ਟੀ ਪ੍ਰਾਪਤ ਕਰ ਲੈਂਦੇ ਹਨ; ਹੌਲੀ ਹੌਲੀ ਉਨ੍ਹਾਂ ਦਾ ਮਾਨਸਿਕ ਵਿਕਾਸ ਰੁਕ ਜਾਂਦਾ ਹੈ ਅਤੇ ਅਨੇਕਾਂ ਵਾਰ ਉਹ ਵੱਡੀਆਂ ਸੰਭਾਵਨਾਵਾਂ ਹੋਣ ਦੇ ਬਾਵਜ਼ੂਦ ਵੀ ਕੋਈ ਸਫਲ ਰਚਨਾ ਪ੍ਰਕਾਸ਼ਿਤ ਨਹੀਂ ਕਰ ਸਕਦੇ।
 ਸਮਾਜ ਵਿੱਚ ਹਰ ਸਮੇਂ ਹਰ ਪੱਧਰ ਦੇ ਹੀ ਪਾਠਕ ਹੁੰਦੇ ਹਨ; ਪਰ ਕੈਨੇਡੀਅਨ ਪੰਜਾਬੀ ਕਵਿਤਾ ਦੀਆਂ ਪ੍ਰਕਾਸ਼ਿਤ ਹੋਈਆਂ ਚੰਗੀਆਂ ਪੁਸਤਕਾਂ ਬਾਰੇ ਸਾਰਥਿਕ ਸੰਵਾਦ ਦੀ ਅਣਹੋਂਦ ਵਾਲੀ ਸਥਿਤੀ ਵਿੱਚ ਪਾਠਕਾਂ ਦੀ ਗਿਣਤੀ ਵੀ ਘਟਨੀ ਸ਼ੁਰੁ ਹੋ ਜਾਂਦੀ ਹੈ। ਚੰਗੀ ਕਵਿਤਾ ਦੇ ਪਾਠਕ ਸਦਾ ਹੀ ਕਿਸੇ ਨਵੀਂ ਪ੍ਰਕਾਸ਼ਿਤ ਹੋਈ ਰਚਨਾ ਦੀਆਂ ਵੱਖੋ ਵੱਖਰੀਆਂ ਪਰਤਾਂ ਨੂੰ ਸਮਝਣ ਲਈ ਇੱਕ ਤੋਂ ਵੱਧ ਸਮੀਖਿਆਕਾਰਾਂ / ਆਲੋਚਕਾਂ ਦੇ ਵਿਚਾਰ ਪੜ੍ਹਣੇ ਚਾਹੁੰਦੇ ਹਨ।
 ਗੰਭੀਰ ਸੰਵਾਦ ਦੀ ਅਣਹੋਂਦ ਵਿੱਚ ਕਵਿਤਾ ਦੇ ਕਈ ਰੂਪ ਹੌਲੀ ਹੌਲੀ ਆਲੋਪ ਜਾਂਦੇ ਹਨ।
 ਕੈਨੇਡੀਅਨ ਪੰਜਾਬੀ ਕਵਿਤਾ ਬਾਰੇ ਗੰਭੀਰ ਸੰਵਾਦ ਛੇੜੇ ਜਾਣ ਦੀ ਲੋੜ ਕੈਨੇਡੀਅਨ ਪੰਜਾਬੀ ਕਵੀਆਂ ਅਤੇ ਪਾਠਕਾਂ ਦੋਨੋਂ ਨੂੰ ਹੀ ਹੈ।
ਕਿਹੋ ਜਿਹੇ ਸੰਵਾਦ ਦੀ ਲੋੜ :
 ਕੈਨੇਡੀਅਨ ਪੰਜਾਬੀ ਕਵਿਤਾ ਬਾਰੇ ਸਾਰਥਿਕ ਅਤੇ ਗੰਭੀਰ ਸੰਵਾਦ ਛੇੜੇ ਜਾਣ ਦੀ ਲੋੜ ਹੈ।
 ਅਜਿਹਾ ਸੰਵਾਦ ਜੋ, ਮਹਿਜ਼, ਸ਼ਬਦਾਂ ਦਾ ਚੋਹਲਪਣ ਕਰਨ ਲਈ ਜਾਂ ਵਿੱਦਿਅਕ ਪੰਡਤਾਊਪੁਣਾ ਦਿਖਾਣ ਲਈ ਹੀ ਨਾ ਕੀਤਾ ਗਿਆ ਹੋਵੇ।
 ਅਜਿਹਾ ਸੰਵਾਦ ਜੋ ਕਵਿਤਾ ਦੇ ਪਾਠਕਾਂ ਨੂੰ ਕਵਿਤਾ ਦੀਆਂ ਪ੍ਰਕਾਸ਼ਿਤ ਹੋਈਆਂ ਪੁਸਤਕਾਂ ਪੜ੍ਹਣ ਲਈ ਉਤਸਾਹਤ ਕਰਦਾ ਹੋਵੇ ਕਿ ਨਾ ਕਿ ਉਨ੍ਹਾਂ ਅੰਦਰ ਕਵਿਤਾ ਦੀਆਂ ਪੁਸਤਕਾਂ ਬਾਰੇ ਘਿਰਣਾ ਪੈਦਾ ਕਰਦਾ ਹੋਵੇ।
 ਅਜਿਹਾ ਸੰਕਟ ਜੋ ਨਵੇਂ ਅਤੇ ਉੱਭਰ ਰਹੇ ਕਵੀਆਂ ਨੂੰ ਕਾਵਿ-ਪ੍ਰਕ੍ਰਿਆ ਦੇ ਵੱਖ ਵੱਖ ਪਹਿਲੂਆਂ ਬਾਰੇ ਸਾਰਥਿਕ ਜਾਣਕਾਰੀ ਅਤੇ ਸੇਧ ਦਿੰਦਾ ਹੋਵੇ।
 ਅਜਿਹਾ ਸੰਵਾਦ ਜੋ ਸਾਡੇ ਸਮਿਆਂ ਵਿੱਚ ਲਿਖੀ ਜਾ ਰਹੀ ਕਵਿਤਾ ਦੇ ਚੰਗੇ/ਮਾੜੇ ਪੱਖਾਂ ਬਾਰੇ ਸੰਤੁਲਿਤ ਜਾਣਕਾਰੀ ਦਿੰਦਾ ਹੋਵੇ।
 ਅਜਿਹਾ ਸੰਵਾਦ ਜੋ ਸਾਡੇ ਸਮਿਆਂ ਵਿੱਚ ਲਿਖੀ ਜਾ ਰਹੀ ਕੈਨੈਡੀਅਨ ਪੰਜਾਬੀ ਕਵਿਤਾ ਦੇ ਸੰਦਰਭ ਵਿੱਚ ਅਤੇ ਹੋਰਨਾਂ ਭਾਸ਼ਾਵਾਂ ਵਿੱਚ ਲਿਖੀ ਜਾ ਰਹੀ ਕਵਿਤਾ ਦੇ ਸੰਦਰਭ ਵਿੱਚ ਕਵਿਤਾ ਨੂੰ ਸਮਝਣ/ਪਰਖਣ ਦੀ ਜਾਚ ਦੱਸਦਾ ਹੋਵੇ।

ਸੰਵਾਦ ਦੇ ਲਾਭ :
 ਕੈਨੇਡੀਅਨ ਪੰਜਾਬੀ ਕਵੀਆਂ ਨੂੰ ਆਪਣੀਆਂ ਪ੍ਰਕਾਸ਼ਿਤ ਹੋਈਆਂ ਕਵਿਤਾ ਦੀਆਂ ਪੁਸਤਕਾਂ ਦੀਆਂ ਸੀਮਾਵਾਂ/ਸੰਭਾਵਨਾਵਾਂ ਬਾਰੇ ਜਾਣਕਾਰੀ ਮਿਲੇਗੀ।
 ਕੈਨੇਡੀਅਨ ਪੰਜਾਬੀ ਕਵੀ ਆਪਣੀਆਂ ਗਲਤੀਆਂ ਤੋਂ ਸਿੱਖਕੇ ਆਪਣੀ ਅਗਲੀ ਪੁਸਤਕ ਨੂੰ ਹੋਰ ਵਧੀਆ ਲਿਖਣ ਦੀ ਕੋਸ਼ਿਸ਼ ਕਰਨਗੇ।
 ਕੈਨੇਡੀਅਨ ਪੰਜਾਬੀ ਕਵਿਤਾ ਦੇ ਪਾਠਕਾਂ ਦਾ ਘੇਰਾ ਵਿਸ਼ਾਲ ਹੋਵੇਗਾ।
 ਕੈਨੇਡੀਅਨ ਪੰਜਾਬੀ ਕਵੀਆਂ ਨੂੰ ਨਵੀਆਂ ਪੁਸਤਕਾਂ ਪ੍ਰਕਾਸ਼ਿਤ ਕਰਨ ਦਾ ਉਤਸ਼ਾਹ ਮਿਲੇਗਾ।
 ਕੈਨੇਡਾ ਵਿੱਚ ਪੰਜਾਬੀ ਜ਼ੁਬਾਨ ਦਾ ਵੀ ਪਾਸਾਰ ਹੋਵੇਗਾ।

ਕੈਨੇਡੀਅਨ ਪੰਜਾਬੀ ਕਵਿਤਾ ਦੀ ਵੱਖਰੀ ਪਹਿਚਾਣ :
ਕੈਨੇਡਾ ਦੇ ਵਧੇਰੇ ਪੰਜਾਬੀ ਕਵੀ ਕੈਨੇਡਾ ਦੇ ਪੱਧਰ ਉੱਤੇ ਅਤੇ ਵਿਸ਼ਵ ਪੱਧਰ ਉੱਤੇ ਪੇਸ਼ ਆ ਰਹੀਆਂ ਸਮਾਜਿਕ, ਸਭਿਆਚਾਰਕ, ਰਾਜਨੀਤਿਕ, ਧਾਰਮਿਕ, ਸਿਹਤ ਸਬੰਧੀ ਜਾਂ ਵਾਤਾਵਰਨ ਨਾਲ ਸਬੰਧਤ ਸਮੱਸਿਆਵਾਂ ਬਾਰੇ ਖੂਬਸੂਰਤ ਕਵਿਤਾਵਾਂ ਲਿਖ ਰਹੇ ਹਨ। ਜਦੋਂ ਕਿ ਇਸਦੇ ਮੁਕਾਬਲੇ ਵਿੱਚ ਭਾਰਤੀ ਕਵੀ / ਆਲੋਚਕ ਦੇਹਵਾਦੀ ਕਵਿਤਾ, ਪਿਆਰ ਕਵਿਤਾ ਜਾਂ ਲਿੰਗਕ ਸਬੰਧਾਂ ਦੇ ਜਸ਼ਨ ਵਾਲੀ ਕਵਿਤਾ ਦੇ ਆਸਪਾਸ ਹੀ ਘੁੰਮ ਰਹੇ ਹਨ ਜਾਂ ਉਸਦਾ ਚਰਚਾ ਕਰ ਰਹੇ ਹਨ।
ਕੈਨੇਡੀਅਨ ਪੰਜਾਬੀ ਕਵਿਤਾ ਦਾ ਹੋਰਨਾਂ ਦੇਸ਼ਾਂ ਵਿੱਚ ਲਿਖੀ ਜਾ ਰਹੀ ਪੰਜਾਬੀ ਕਵਿਤਾ ਨਾਲੋਂ ਅਨੇਕਾਂ ਪਹਿਲੂਆਂ ਤੋਂ ਵੱਖਰੇਂਵਾ ਹੈ। ਇਸ ਵੱਖਰੇਂਵੇਂ ਨੂੰ ਸਮਝਣ ਵਿੱਚ ਵਧੇਰੇ ਭਾਰਤੀ ਪੰਜਾਬੀ ਆਲੋਚਕ ਕਾਮਿਯਾਬ ਨਹੀਂ ਹੋ ਸਕੇ। ਭਾਰਤੀ ਸਭਿਆਚਾਰ / ਭਾਰਤੀ ਸਮਾਜ ਨਾਲੋਂ ਕੈਨੇਡੀਅਨ ਸਭਿਆਚਾਰ / ਸਮਾਜ ਦੀਆਂ ਸਮੱਸਿਆਵਾਂ ਵੱਖਰੀਆਂ ਹਨ। ਇਸ ਤੱਥ ਨੂੰ ਭਾਰਤੀ ਆਲੋਚਕਾਂ ਨੇ ਕਦੀ ਗੰਭੀਰਤਾ ਨਾਲ ਸਮਝਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਲੱਗਦੀ। ਸ਼ਾਇਦ, ਇਸੇ ਕਾਰਨ ਹੀ ਕੈਨੇਡਾ ਵਿੱਚ ਰਚੀ ਜਾ ਰਹੀ ਵਧੀਆ ਪੰਜਾਬੀ ਕਵਿਤਾ ਵਧੇਰੇ ਭਾਰਤੀ ਪੰਜਾਬੀ ਆਲੋਚਕ ਨਜ਼ਰ ਅੰਦਾਜ਼ ਕਰ ਦਿੰਦੇ ਹਨ। ਪਿਛਲੇ ਕੁਝ ਸਮੇਂ ਤੋਂ ਪਰਾ-ਆਧੁਨਿਕਤਾ ਦੇ ਨਾਮ ਉੱਤੇ ਪੰਜਾਬੀ ਆਲੋਚਨਾ ਦੇ ਖੇਤਰ ਵਿੱਚ ਕਵਿਤਾ ਬਾਰੇ ਜੋ ਚਰਚਾ ਸ਼ੁਰੂ ਹੋਇਆ ਹੈ ਉਸਨੇ ਸਮੱਸਿਆਵਾਂ ਦੀ ਪੇਸ਼ਕਾਰੀ ਕਰਨ ਵਾਲੀ ਕਵਿਤਾ ਨੂੰ ਨਜ਼ਰਅੰਦਾਜ਼ ਕਰ ਦਿੱਤਾ ਹੈ।
ਕੈਨੇਡੀਅਨ ਪੰਜਾਬੀ ਕਵਿਤਾ ਭਾਰਤ ਅਤੇ ਪਾਕਿਸਤਾਨ ਦੇ ਖਿੱਤੇ ਵਿੱਚ ਲਿਖੀ ਜਾ ਰਹੀ ਪੰਜਾਬੀ ਕਵਿਤਾ ਨਾਲੋਂ ਨ ਸਿਰਫ ਕਈ ਪਹਿਲੂਆਂ ਤੋਂ ਵੱਖਰੇਂਵਾਂ ਹੀ ਰੱਖਦੀ ਹੈ; ਬਲਕਿ ਕੈਨੇਡਾ ਵਿੱਚ ਲਿਖੀ ਜਾ ਰਹੀ ਕਵਿਤਾ ਭਾਰਤੀ ਪੰਜਾਬੀ ਕਵੀਆਂ / ਪਾਕਿਸਤਾਨੀ ਪੰਜਾਬੀ ਕਵੀਆਂ ਵੱਲੋਂ ਲਿਖੀ ਜਾ ਰਹੀ ਕਵਿਤਾ ਤੋਂ ਕਈ ਪਹਿਲੂਆਂ ਤੋਂ ਬੇਹਤਰ ਵੀ ਹੈ।
ਮੈਂ ਇਹ ਗੱਲ ਕਹਿਣ ਵਿੱਚ ਵੀ ਕੋਈ ਝਿਜਕ ਮਹਿਸੂਸ ਨਹੀਂ ਕਰਦਾ ਕਿ ਜਦੋਂ ਕਿ ਕੈਨੇਡੀਅਨ ਪੰਜਾਬੀ ਕਵੀਆਂ ਵੱਲੋਂ ਲਿਖੀ ਜਾ ਰਹੀ ਵਧੇਰੇ ਪੰਜਾਬੀ ਕਵਿਤਾ ਸਥਾਨਕ, ਪ੍ਰਾਂਤਕ, ਕੌਮੀ ਅਤੇ ਅੰਤਰ-ਰਾਸ਼ਟਰੀ ਮਸਲਿਆਂ ਨੂੰ ਆਪਣਾ ਵਿਸ਼ਾ ਬਣਾ ਰਹੀ ਹੈ; ਪਰ ਇਸਦੇ ਮੁਕਾਬਲੇ ਵਿੱਚ ਭਾਰਤ ਵਿੱਚ ਲਿਖੀ ਜਾ ਰਹੀ ਵਧੇਰੇ ਪੰਜਾਬੀ ਕਵਿਤਾ ਨਿੱਜੀ ਪਿਆਰ, ਦੇਹਵਾਦੀ ਕਵਿਤਾ ਅਤੇ ਸੈਕਸ ਸਬੰਧਾਂ ਦੇ ਜਸ਼ਨ ਆਦਿ ਵਰਗਿਆਂ ਵਿਸ਼ਿਆਂ ਦੇ ਆਲੇ ਦੁਆਲੇ ਹੀ ਘੁੰਮਦੀ ਰਹਿਣ ਕਰਕੇ ਪੰਜਾਬੀ ਕਵਿਤਾ ਦੇ ਪਾਠਕਾਂ ਨੂੰ ਗੁੰਮਰਾਹ ਕਰ  ਰਹੀ ਹੈ। ਭਾਰਤੀ ਕਵੀਆਂ ਨੂੰ ਆਪਣੇ ਚੌਗਿਰਦੇ ਵਿੱਚ ਪੱਸਰੀਆਂ ਅਤੇ ਸਮਾਜ ਦੀਆਂ ਸਮੱਸਿਆਵਾਂ ਵੱਲ ਦੇਖਣ ਦੀ ਜਾਂ ਤਾਂ ਵਿਹਲ ਹੀ ਨਹੀਂ ਜਾਂ ਉਹ ਸਮਝਦੇ ਹਨ ਕਿ ਸਮਾਜਿਕ, ਸਭਿਆਚਾਰਕ, ਰਾਜਨੀਤਿਕ, ਧਾਰਮਿਕ ਜਾਂ ਵਾਤਾਵਰਨ ਸਬੰਧੀ ਸਮੱਸਿਆਵਾਂ ਨੂੰ ਕਵਿਤਾ ਦਾ ਵਿਸ਼ਾ ਬਨਾਉਣ ਨਾਲ ਕਵਿਤਾ ਘਟੀਆ ਪੱਧਰ ਦੀ ਬਣ ਜਾਂਦੀ ਹੈ।  ਇਸ ਗੱਲ ਲਈ ਮੈਂ ਕਾਫੀ ਹੱਦ ਤੱਕ ਸਮੀਖਿਆਕਾਰਾਂ/ਆਲੋਚਕਾਂ ਨੂੰ ਜਿੰਮੇਵਾਰ ਸਮਝਦਾ ਹਾਂ ਕਿਉਂਕਿ ਉਹ ਭਾਰਤੀ ਕਵੀਆਂ ਨੂੰ ਅਜਿਹੀ ਕਿਸਮ ਦੀ ਨਿੱਜੀ ਪੱਧਰ ਦੀ ਕਵਿਤਾ ਲਿਖਣ ਲਈ ਹੀ ਉਤਸਾਹਤ ਕਰ ਰਹੇ ਹਨ।
ਪੰਜਾਬੀ ਕਵਿਤਾ ਦੇ ਆਲੋਚਕ/ਸਮੀਖਿਆਕਾਰ ਕਿਉਂਕਿ ਵਧੇਰੇ ਗਿਣਤੀ ਵਿੱਚ ਭਾਰਤ ਵਿੱਚ ਹੀ ਸਥਿਤ ਹਨ- ਇਸ ਲਈ ਉਹ ਭਾਰਤੀ ਕਵਿਤਾ ਦੇ ਮਾਪਦੰਢ ਹੀ ਬਦੇਸ਼ਾਂ ਵਿੱਚ ਲਿਖੀ ਜਾ ਰਹੀ ਕਵਿਤਾ ਦੀ ਸਮੀਖਿਆ/ਆਲੋਚਨਾ ਕਰਨ ਵੇਲੇ ਵੀ ਲਗਾਉਂਦੇ ਹਨ। ਜਿਸ ਕਾਰਨ ਕੈਨੇਡੀਅਨ ਪੰਜਾਬੀ ਕਵਿਤਾ ਦੀ ਸਮੀਖਿਆ/ਆਲੋਚਨਾ ਕਰਨ ਵੇਲੇ ਵੀ ਉਹ ਭਾਰਤੀ ਕਵਿਤਾ ਦੇ ਮਾਪਦੰਢ ਹੀ ਲਾਗੂ ਕਰਨ ਦੀ ਕੋਸ਼ਿਸ਼ ਕਰਦੇ ਹਨ। ਪਰ ਕੁਝ ਹੱਦ ਤੱਕ ਅਜਿਹਾ ਕਰਦਿਆਂ ਉਨ੍ਹਾਂ ਦਾ ਕਸੂਰ ਵੀ ਨਹੀਂ; ਕਿਉਂਕਿ ਉਹ ਕੈਨੇਡਾ ਦੀਆਂ ਸਮਾਜਿਕ, ਸਭਿਆਚਾਰਕ, ਰਾਜਨੀਤਿਕ, ਆਰਥਿਕ, ਵਾਤਾਵਰਨ ਸਬੰਧੀ ਸਮੱਸਿਆਵਾਂ ਤੋਂ ਬਹੁਤੇ ਵਾਕਫ ਨਹੀਂ ਹੁੰਦੇ। ਉਨ੍ਹਾਂ ਨੇ ਇਨ੍ਹਾਂ ਸਮੱਸਿਆਵਾਂ ਬਾਰੇ ਜਾਂ ਤਾਂ ਅਖਬਾਰਾਂ, ਮੈਗਜ਼ੀਨਾਂ ਜਾਂ ਪੁਸਤਕਾਂ ਵਿੱਚ ਹੀ ਪੜ੍ਹਿਆ ਹੁੰਦਾ ਹੈ ਜਾਂ ਕਦੇ ਕਦਾਈਂ ਕੈਨੇਡਾ ਦੀ ਸੈਰ ਕਰਕੇ ਕੈਨੇਡਾ ਦੇ ਸਮਾਜ ਨੂੰ ਸੈਰ ਸਪਾਟੇ ਲਈ ਆਏ ਹੋਏ ਵਿਅਕਤੀ ਵਾਂਗ ਸਮਝਣ ਦੀ ਕੋਸ਼ਿਸ਼ ਕੀਤੀ ਹੁੰਦੀ ਹੈ। ਉਨ੍ਹਾਂ ਨੂੰ ਕੈਨੇਡੀਅਨ ਸਮਾਜ ਵਿੱਚ ਵਧੇਰੇ ਸਮਾਂ ਵਿਚਰਨ ਦਾ ਮੌਕਾ ਨਹੀਂ ਮਿਲਿਆ ਹੁੰਦਾ। ਇਸ ਲਈ ਉਨ੍ਹਾਂ ਨੂੰ  ਕੈਨੇਡੀਅਨ ਸਮਾਜ ਦੀਆਂ ਸਮੱਸਿਆਵਾਂ ਦੀਆਂ ਗੁੰਝਲਾਂ ਦੀ ਵਧੇਰੇ ਸਮਝ ਨਹੀਂ ਹੁੰਦੀ ਅਤੇ ਨਾ ਹੀ ਉਨ੍ਹਾਂ ਨੂੰ ਕੈਨੇਡੀਅਨ ਮਾਨਸਿਕਤਾ ਦਾ ਹੀ ਡੂੰਘਾਈ ਵਿੱਚ ਗਿਆਨ ਹੁੰਦਾ ਹੈ।  ਭਾਰਤੀ ਸਮਾਜ ਵਿੱਚ ਰਹਿਣ ਵਾਲੇ ਮਨੁੱਖ ਦੀ ਵੱਖਰੀ ਮਾਨਸਿਕਤਾ ਹੋਣ ਵਾਂਗ ਕੈਨੇਡੀਅਨ ਸਮਾਜ ਵਿੱਚ ਰਹਿਣ ਵਾਲੇ ਲੋਕਾਂ ਦੀ ਵੀ ਵੱਖਰੀ ਮਾਨਸਿਕਤਾ ਹੁੰਦੀ ਹੈ; ਜਿਸਨੂੰ ਸਮਝੇ ਬਿਨ੍ਹਾਂ ਕੈਨੇਡੀਅਨ ਪੰਜਾਬੀ ਕਵੀਆਂ ਵੱਲੋਂ ਲਿਖੀ ਜਾ ਰਹੀ ਕਵਿਤਾ ਨੂੰ ਸਹੀ ਤਰ੍ਹੀ ਸਮਝਿਆ ਨਹੀਂ ਜਾ ਸਕਦਾ।
ਆਪਣੇ ਇਨ੍ਹਾਂ ਵਿਚਾਰਾਂ ਦੀ ਪੁਸ਼ਟੀ ਲਈ ਮੈਂ ਆਪਣੇ ਬਹਿਸ-ਪੱਤਰ ਵਿੱਚ ਕੈਨੇਡੀਅਨ ਪੰਜਾਬੀ ਕਵਿਤਾ ਨਾਲ ਸਬੰਧਤ ਅਜਿਹੇ ਅਨੇਕਾਂ ਹੀ ਵਿਸ਼ਿਆਂ ਦਾ ਜ਼ਿਕਰ ਕੀਤਾ ਹੈ ਜਿਨ੍ਹਾਂ ਬਾਰੇ ਕੈਨੇਡਾ ਦੇ ਕਵੀ ਖੂਬਸੂਰਤ ਰਚਨਾਵਾਂ ਲਿਖ ਰਹੇ ਹਨ ਅਤੇ ਜਿਨ੍ਹਾਂ ਬਾਰੇ ਗੰਭੀਰ ਸੰਵਾਦ ਛੇੜੇ ਜਾਣ ਦੀ ਲੋੜ ਹੈ; ਪਰ ਉਨ੍ਹਾਂ ਵਿਸ਼ਿਆਂ ਬਾਰੇ ਪੰਜਾਬੀ ਆਲੋਚਕ / ਸਮੀਖਿਆਕਾਰ ਜਾਂ ਤਾਂ ਬਿਲਕੁਲ ਹੀ ਚੁੱਪ ਹਨ ਜਾਂ ਬਹੁਤ ਘੱਟ ਵਿਚਾਰ ਪ੍ਰਗਟ ਕਰ ਰਹੇ ਹਨ।

ਗੰਭੀਰ ਸੰਵਾਦ ਦੀ ਮੰਗ ਕਰ ਰਹੇ
ਕੈਨੇਡੀਅਨ ਪੰਜਾਬੀ ਕਵਿਤਾ ਨਾਲ ਸਬੰਧਤ
ਵਿਸ਼ੇ :

1æ ਪਰਵਾਸ ਦਾ ਸੰਕਟ, ਭੂ-ਹੇਰਵਾ ਅਤੇ ਹੋਂਦ ਦਾ ਮਸਲਾ :
ਕੈਨੇਡੀਅਨ ਪੰਜਾਬੀ ਕਵਿਤਾ ਵਿੱਚ 'ਹੋਂਦ' ਦੇ ਸੁਆਲ ਬਾਰੇ ਵੀ ਅਨੇਕਾਂ ਪਰਤਾਂ ਰਾਹੀਂ ਚਰਚਾ ਛੇੜਿਆ ਗਿਆ ਹੈ। ਇਹ ਹੋਂਦ ਦਾ ਸੁਆਲ ਅੰਤਰੀਵ ਤੌਰ ਉੱਤੇ ਵੀ ਅਤੇ ਬਾਹਰੀ ਤੌਰ ਉੱਤੇ ਵੀ ਜੁੜਿਆ ਰਹਿੰਦਾ ਹੈ। ਇਸੇ ਅਹਿਸਾਸ ਵਿੱਚੋਂ ਹੀ ਭੂ-ਹੇਰਵਾ ਜਾਗਦਾ ਹੈ। ਬੇਗਾਨੀ ਧਰਤੀ ਹੋਣ ਦਾ ਅਹਿਸਾਸ ਜਾਗਦਾ ਹੈ।  ਹੋਂਦ ਦੇ ਸਵਾਲ ਦਾ ਪਰਵਾਸ ਦਾ ਸੰਕਟ ਬਣਕੇ ਪਰਵਾਸੀ ਪੰਜਾਬੀਆਂ ਨੂੰ ਕਦਮ ਕਦਮ ਉੱਤੇ ਸਾਹਮਣਾ ਕਰਨਾ ਪੈਂਦਾ ਹੈ। ਕੁਝ ਲੋਕ ਕੈਨੇਡਾ ਪ੍ਰਵਾਸ ਕਰਨ ਤੋਂ ਕੁਝ ਸਮੇਂ ਬਾਹਦ, ਕੁਝ ਹੱਦ ਤੱਕ, ਇਸ ਸਥਿਤੀ 'ਚੋਂ ਬਾਹਰ ਆ ਜਾਂਦੇ ਹਨ - ਪਰ ਕੁਝ ਲੋਕਾਂ ਲਈ ਇਸ ਸਥਿਤੀ ਵਿੱਚੋਂ ਬਾਹਰ ਨਿਕਲਣਾ ਅਸੰਭਵ ਹੋ ਜਾਂਦਾ ਹੈ। ਵਿਸ਼ੇਸ਼ ਕਰਕੇ ਉਨ੍ਹਾਂ ਲੋਕਾਂ ਲਈ ਜੋ ਆਪਣੀ ਜ਼ਿੰਦਗੀ ਦਾ ਵਧੇਰੇ ਹਿੱਸਾ ਕੈਨੇਡਾ ਤੋਂ ਬਾਹਰ ਕਿਸੇ ਹੋਰ ਦੇਸ਼ ਵਿੱਚ ਬਿਤਾ ਕੇ ਆਏ ਹੁੰਦੇ ਹਨ।
ਨਵੇਂ ਦੇਸ਼ ਵਿੱਚ ਉਨ੍ਹਾਂ ਨੂੰ ਨਵੇਂ ਸਭਿਆਚਾਰ, ਨਵੀਆਂ ਸਮਾਜਿਕ, ਰਾਜਨੀਤਿਕ, ਆਰਥਿਕ ਸਥਿਤੀਆਂ ਅਤੇ ਵਾਤਾਵਰਨ ਸਬੰਧੀ ਹਾਲਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਈ ਸਥਿਤੀਆਂ ਵਿੱਚ ਤਾਂ ਇਹ ਹਾਲਤਾਂ ਇੰਨੀਆਂ ਕਠੋਰ ਹੁੰਦੀਆਂ ਹਨ ਕਿ ਮਨੁੱਖ ਮਾਨਸਿਕ ਤੌਰ ਉੱਤੇ ਬੁਰੀ ਤਰ੍ਹਾਂ ਟੁੱਟ ਜਾਂਦਾ ਹੈ। ਵਿਸ਼ੇਸ਼ ਕਰਕੇ, ਮੂਲ ਦੇਸ਼ ਵਿੱਚ ਚੰਗੇ ਅਹੁਦਿਆਂ ਉੱਤੇ ਲੱਗੇ ਰਹੇ ਲੋਕਾਂ ਨੂੰ ਜਦੋਂ ਕੈਨੇਡਾ ਆ ਕੇ 7-7 ਡਾਲਰ ਪ੍ਰਤੀ ਘੰਟਾ ਦੇ ਕੰਮ ਦੀ ਤਲਾਸ਼ ਵਿੱਚ ਸਰੀਰ ਨੂੰ ਸੁੰਨ ਕਰ ਦੇਣ ਵਾਲੇ ਠੰਢੇ ਮੌਸਮ ਵਿੱਚ ਬਰਫ਼ਾਂ ਮਿੱਧਦੇ ਹੋਏ ਥਾਂ ਥਾਂ ਭਟਕਣਾ ਪੈਂਦਾ ਹੈ, ਕਦੀ ਇੱਕ ਅਤੇ ਕਦੀ ਦੂਜੇ ਦਫਤਰ ਵਿੱਚ ਨੌਕਰੀ ਲਈ ਅਰਜ਼ੀਆਂ ਦੇਣ ਲਈ ਖੱਜਲ ਖਵਾਰ ਹੋਣਾ ਪੈਂਦਾ ਹੈ; ਤਾਂ ਪ੍ਰਵਾਸੀ ਬਹੁਤ ਨਿਰਾਸਤਾ ਵਿੱਚ ਡੁੱਬ ਜਾਂਦੇ ਹਨ ਅਤੇ ਸੋਚਦੇ ਹਨ ਕਿ ਕੀ ਖੱਟਿਆ ਹੈ ਉਨ੍ਹਾਂ ਨੇ ਕੈਨੇਡਾ ਆ ਕੇ? ਪਰਵਾਸੀਆਂ ਨੂੰ ਮਜਬੂਰ ਹੋ ਕੇ ਹਰ ਤਰ੍ਹਾਂ ਦਾ ਕੰਮ ਕਰਨਾ ਪੈਂਦਾ ਹੈ। ਇੰਡੀਆ ਵਿੱਚ ਪਰੋਫੈਸਰ, ਇੰਜਨੀਅਰ, ਡਾਕਟਰ, ਵਕੀਲ ਜਾਂ ਜੱਜ ਦੇ ਅਹੁਦੇ ਉੱਤੇ ਕੰਮ ਕਰਦੇ ਰਹੇ ਲੋਕਾਂ ਨੂੰ ਵੀ ਕੈਨੇਡਾ ਆ ਕੇ ਕਈ ਵਾਰ ਰੈਸਟੋਰੈਂਟਾਂ ਵਿੱਚ ਭਾਂਡੇ ਧੋਣ ਦਾ ਕੰਮ ਕਰਨਾ ਪੈਂਦਾ ਹੈ- ਜਾਂ ਗੈਸ ਪੰਪਾਂ ਉੱਤੇ ਕਾਰਾਂ / ਵੈਨਾਂ ਵਿੱਚ ਗੈਸ ਭਰਨ ਦਾ ਕੰਮ ਕਰਨਾ ਪੈਂਦਾ ਹੈ ਜਾਂ ਟੈਕਸੀ ਚਲਾਉਣੀ ਪੈਂਦੀ ਹੈ। ਇੱਥੋਂ ਤੱਕ ਕਿ ਕਈ ਵਾਰੀ ਕਾਲਿਜ ਦੇ ਪ੍ਰਿੰਸੀਪਲ ਦੇ ਅਹੁਦੇ ਉੱਤੇ ਕੰਮ ਕਰਦੇ ਰਹੇ ਲੋਕਾਂ ਨੂੰ ਕੈਨੇਡਾ ਆ ਕੇ ਸਕਿਉਰਟੀ ਗਾਰਡ ਦਾ ਹੀ ਕੰਮ ਕਰਨਾ ਪੈਂਦਾ ਹੈ। ਕਿਉਂਕਿ ਘਰ ਦਾ ਖਰਚਾ ਚਲਾਉਣ ਲਈ ਹਰ ਹੀਲੇ ਪੈਸੇ ਤਾਂ ਕਮਾਉਣੇ ਹੀ ਪੈਂਦੇ ਹਨ। ਲੋਕ ਸਿਰਫ ਇਸ ਆਸ ਉੱਤੇ ਹੀ ਹਰ ਕੰਮ ਸਵੀਕਾਰ ਕਰ ਲੈਂਦੇ ਹਨ ਕਿ ਕਦੀ ਤਾਂ ਉਨ੍ਹਾਂ ਨੂੰ ਆਪਣੀ ਪਸੰਦ ਦਾ ਰੁਜ਼ਗਾਰ ਮਿਲੇਗਾ। ਭਾਵੇਂ ਕਿ ਕਈ ਵਾਰ ਇਸ ਆਸ ਉੱਤੇ ਹੀ ਉਨ੍ਹਾਂ ਦੀ ਸਾਰੀ ਜ਼ਿੰਦਗੀ ਲੰਘ ਜਾਂਦੀ ਹੈ। ਕਈ ਹਾਲਤਾਂ ਵਿੱਚ ਪ੍ਰਵਾਸੀਆਂ ਨੂੰ ਪਰਵਾਸ ਤੋਂ ਪਹਿਲਾਂ ਬਿਤਾਈ ਵਧੀਆ ਜ਼ਿੰਦਗੀ ਨੂੰ ਭੁੱਲਕੇ ਕੈਨੇਡਾ ਵਿੱਚ ਆਪਣੀ ਜ਼ਿੰਦਗੀ ਬਿਲਕੁਲ ਨਵੇਂ ਸਿਰੇ ਤੋਂ ਸ਼ੁਰੂ ਕਰਨੀ ਪੈਂਦੀ ਹੈ।
ਪਰਵਾਸ ਵਿੱਚ ਹੋਂਦ ਦੇ ਮਸਲੇ ਨੂੰ ਲੈ ਕੇ ਅਨੇਕਾਂ ਕੈਨੇਡੀਅਨ ਪੰਜਾਬੀ ਕਵੀਆਂ ਨੇ ਖੂਬਸੂਰਤ ਰਚਨਾਵਾਂ ਲਿਖੀਆਂ ਹਨ। ਪੇਸ਼ ਹਨ ਕੁਝ ਅਰਥ ਭਰਪੂਰ ਉਦਾਹਰਣਾਂ:

ਬਾਲ ਭੁੱਲੇ, ਨੀਂਦ ਰੁੱਸੀ, ਨਾਰ ਵੀ ਗੁੰਮ-ਸੁੰਮ ਰਹੇ
ਮਿਲ ਰਹੀ ਕੀ ਕੀ ਨਾ ਮੈਨੂੰ, 'ਘਰ' ਬਣਾਵਣ ਦੀ ਸਜ਼ਾ
  (ਕੁਲਵਿੰਦਰ ਖਹਿਰਾ)

ਰੁੱਖ ਵਰਗਾ ਹੈ ਮੇਰਾ 'ਮੈਂ'
ਪੁੱਟ ਕੇ ਕਿਸੇ ਪੰਜਾਬ ਦੀ ਧਰਤੀ ਤੋਂ
ਲਿਆ ਗੱਡਿਆææææਸਮੁੰਦਰੋਂ ਪਾਰ
ਪਰ ਜੜ੍ਹਾਂ ਤਾਂ ਰਹਿ ਗਈਆਂ ਓਥੇ
ਪੱਤਰ ਸੁੱਕਦੇ ਜਾਂਦੇ ਰੁੱਖ ਨਿਰਜਿੰਦ ਜਿਹਾ ਕੀ ਰਚਨਾ?
ਸਾਰੇ ਪੱਤਰ-ਇਕ ਇਕ ਕਰਕੇ, ਝੜਦੇ ਪਏ
ਓੜਕ ਰੁੱਖ ਨੇ ਇਕ ਦਿਨ ਮੁੱਕ ਜਾਣੀæææ
ਰੱਬ ਦੇ ਵਾਸਤੇ ਕਦੀ ਨਾ ਪੁਟਿਓ ਰੁੱਖ਼ææ
ਉਹ ਹੋਰ ਹੁੰਦੇ ਨੇ ਜੋ ਗਮਲਿਆਂ ਵਿਚ ਉੱਗਦੇ ਨੇ
ਮੇਰਾ ਰੁੱਖ ਤਾਂ ਧਰਤੀ ਨਹੀਂ ਫੜਦਾ
ਮੈਂ ਰੁੱਖ, ਧੁੱਪ, ਠੰਢ ਤੇ ਮੀਂਹ ਵਿੱਚ ਵੀ ਖੜਾ ਰਹਾਂ ਬਾਹਾਂ ਖਿਲਾਰੀ
ਕਦੇ ਨਾ ਸੁੱਕਾਂ ਜੇ ਜੜ੍ਹਹੀਣ ਨਾ ਕਰੇ ਕੋਈæææ
 ('ਮੈਂ' - ਹਰਭਜਨ ਸਿੰਘ ਮਾਂਗਟ)

ਕੋਈ ਵੀ ਥਾਂ ਮਿਲੀ ਨਾ ਬਰਸਣ ਨੂੰ
ਇਹ ਘਟਾ ਭਟਕਦੀ ਰਹੀ ਥਲ ਥਲ
 (ਭੂਪਿੰਦਰ ਦੁਲੇ)

ਕਮਰੇ ਦੇ ਵਿਚ
ਬਰਫ਼ ਪਈ ਹੈ
ਤੇ ਬਾਹਰ ਵੀ
ਬਾਹਰ ਦੀ ਸਰਦੀ
ਤੋਂ ਡਰਦੇ
ਹੌਲੀ ਹੌਲੀ
ਖਿੜਕੀ ਬੰਦ ਕਰਦੇ ਹਾਂ
ਪਰ ਜਦ
ਦਮ ਘੁੱਟਦਾ ਹੈ
ਮੁੜ ਖਿੜਕੀ ਵਲ ਨਸਦੇ ਹਾਂ
ਨ ਬੰਦ ਖਿੜਕੀ ਵਿੱਚ ਹੀ
ਹੁਣ ਅਪਣਾ ਘਰ ਹੈ
ਤੇ ਨਾ ਖਿੜਕੀ ਤੋਂ ਬਾਹਰ
('ਅਸੀਂ ਦਰਸ਼ਕ ਹਾਂ' - ਸੁਖਿੰਦਰ)

ਜਸ਼ਨਾਂ 'ਚ ਤੁਸੀਂ
ਦਸਤਾਨਿਆਂ ਨਾਲ ਹੱਥ ਮਿਲਾਉਂਦੇ ਹੋ
ਹਉਮੈ ਨੂੰ ਜੱਫੀ ਪਾਉਂਦੇ ਹੋ
ਬੈਂਕ-ਖ਼ਾਤਿਆਂ ਦੀ ਸੁੱਖ-ਸਾਂਦ ਪੁੱਛਦਿਆਂ
ਗਲਾਸ ਬਹਿਰੇ ਦੀ ਟਰੇਅ 'ਚੋਂ ਚੁੱਕਦਿਆਂ
ਵਸਤ ਬਣ ਗਏ ਬੰਦਿਆਂ ਨਾਲ ਸੰਵਾਦ ਰਚਾਉਂਦੇ ਹੋ
ਤੁਸੀਂ ਅੰਦਰੋਂ ਅੰਦਰੀ ਮਹਿਸੂਸ ਕਰਦੇ ਹੋ
ਦੇਖ ਕੇ ਇਹ ਝਾਕੀ
ਕਿ ਇਨਸਾਨ ਨੂੰ ਤਾਂ ਨਿਗਲ ਗਿਆ ਕੋਈ ਦੈਂਤ
ਬੁੱਤ, ਬਸਤਰ ਤੇ ਜ਼ੇਵਰ ਬਚੇ ਨੇ ਬਾਕੀ
('ਪਛਾਣ' - ਜਸਬੀਰ ਮਾਹਲ)

ਬਰਫ ਪਏਗੀ
ਬਰਫ ਦੇ ਅੰਬਾਰ ਖੁਰ ਜਾਣਗੇ
ਤੂਫਾਨ ਆਉਣ ਗੇ
ਝੰਜੋੜਣ ਗੇ ਆਲ੍ਹਣੇ ਦੀ ਜਾਨ ਬਹੁਤ
ਪਰ ਨਿਰਾਸ਼ ਤੁਰ ਜਾਣ ਗੇ
ਜਿਊਣ ਦਾ ਹੀਆ ਅਤੇ ਅਹਿਸਾਸ
ਹੀ ਤਾਂ ਇਕ ਗੱਲ ਹੈ
ਜੋ ਸੱਚ ਗੱਲ ਹੈ
('ਅਰਜ਼' - ਪੁਸ਼ਪ ਦੀਪ)

ਕੁਝ ਲੋਗ
ਬਰਫ਼ ਹੇਠਾਂ
ਦੱਬ ਹੋਏ ਡਾਲਰ
ਕੱਢ ਰਹੇ ਹਨ
ਕੁਝ ਡਾਲਰ
ਲੋਕਾਂ ਨੂੰ ਦੱਬ ਹੁੰਦੇ ਹੋਏ
ਦੇਖ ਰਹੇ ਹਨ
ਫਿਰ ਵੀ ਸਭ ਖੁਸ਼ ਲਗਦੇ ਹਨ
('ਚਮਤਕਾਰੀ ਬਰਫ਼' - ਜਸਬੀਰ ਕਾਲਰਵੀ)

2æ ਨਸਲਵਾਦ ਅਤੇ ਵਿਤਕਰਾ :
ਅਨੇਕਾਂ ਹੋਰ ਪੱਛਮੀ ਦੇਸ਼ਾਂ ਵਾਂਗ ਕੈਨੇਡਾ ਵਿੱਚ ਵੀ ਨਸਲਵਾਦ ਇੱਕ ਵੱਡੀ ਸਮੱਸਿਆ ਹੈ। ਭਾਵੇਂ ਕਿ ਦੁਨੀਆਂ ਦੇ ਹੋਰਨਾਂ ਹਿੱਸਿਆਂ ਵਿੱਚ ਵੀ ਲੋਕਾਂ ਨੂੰ ਇਸ ਸਮੱਸਿਆ ਨਾਲ ਜੂਝਣਾ ਪੈਂਦਾ ਰਿਹਾ ਹੈ। ਜਿਸ ਦੀ ਸਭ ਤੋਂ ਵੱਡੀ ਮਿਸਾਲ ਸਾਊਥ ਅਫਰੀਕਾ ਹੈ। ਜਿੱਥੇ ਕਾਲੇ ਅਤੇ ਰੰਗਦਾਰ ਲੋਕਾਂ ਨੂੰ ਗੁਲਾਮਾਂ ਵਾਲੀ ਜ਼ਿੰਦਗੀ ਜਿਊਣ ਲਈ ਮਜ਼ਬੂਰ ਕੀਤਾ ਜਾਂਦਾ ਰਿਹਾ ਅਤੇ ਉਨ੍ਹਾਂ ਨੂੰ ਹਰ ਕਿਸਮ ਦੇ ਮਨੁੱਖੀ ਹੱਕਾਂ ਤੋਂ ਵਾਂਝੇ ਰੱਖਿਆ ਜਾਂਦਾ ਰਿਹਾ ਹੈ। ਜਿਸ ਦੇਸ਼ ਦੇ ਗੋਰੇ ਰੰਗ ਦੇ ਨਸਲਪ੍ਰਸਤ ਹਾਕਮਾਂ ਨੇ ਨੈਲਸਨ ਮੰਡੈਲਾ ਨੂੰ 25 ਸਾਲ ਤੱਕ ਜੇਲ੍ਹ ਦੀ ਕੋਠੜੀ ਵਿੱਚ ਕੈਦ ਕਰਕੇ ਹਰ ਤਰ੍ਹਾਂ ਦੇ ਤਸੀਹੇ ਦਿੱਤੇ - ਮਹਿਜ਼ ਇਸ ਕਰਕੇ ਕਿ ਉਸਦਾ ਰੰਗ ਕਾਲਾ ਸੀ ਅਤੇ ਉਹ ਕਾਲੇ ਰੰਗ ਦੇ ਲੋਕਾਂ ਲਈ ਬਰਾਬਰੀ ਦੇ ਹੱਕਾਂ ਦੀ ਮੰਗ ਕਰਦਾ ਸੀ। ਅਜੇ ਕੁਝ ਦਹਾਕੇ ਪਹਿਲਾਂ ਤੱਕ ਅਮਰੀਕਾ ਵਰਗੇ ਤਰੱਕੀ-ਪਸੰਦ ਦੇਸ਼ ਵਿੱਚ ਵੀ ਕਾਲੇ ਰੰਗ ਦੇ ਲੋਕਾਂ ਨੂੰ ਗੋਰੇ ਰੰਗ ਦੇ ਲੋਕਾਂ ਨਾਲ ਬੱਸਾਂ, ਗੱਡੀਆਂ ਵਿੱਚ ਇਕੱਠੇ ਸਫਰ ਕਰਨ ਦੀ ਆਗਿਆ ਨਹੀਂ ਸੀ; ਕਾਲੇ ਰੰਗ ਦੇ ਲੋਕ ਗੋਰੇ ਰੰਗ ਦੇ ਲੋਕਾਂ ਨਾਲ ਗਿਰਜਿਆਂ ਵਿੱਚ ਨਹੀਂ ਜਾ ਸਕਦੇ ਸਨ; ਕਾਲੇ ਰੰਗ ਦੇ ਲੋਕ ਉਨ੍ਹਾਂ ਰੈਸਟੋਰੈਂਟਾਂ ਵਿੱਚ ਭੋਜਨ ਨਹੀਂ ਖਾਹ ਸਕਦੇ ਸਨ - ਜਿੱਥੇ ਗੋਰੇ ਰੰਗ ਦੇ ਲੋਕ ਜਾਂਦੇ ਸਨ। ਕਾਲੇ ਰੰਗ ਦੇ ਲੋਕਾਂ ਦੇ ਬੱਚਿਆਂ ਨੂੰ ਉਨ੍ਹਾਂ ਸਕੂਲਾਂ ਵਿੱਚ ਪੜ੍ਹਣ ਦੀ ਇਜਾਜ਼ਤ ਨਹੀਂ ਸੀ ਜਿੱਥੇ ਗੋਰੇ ਰੰਗ ਦੇ ਲੋਕਾਂ ਦੇ ਬੱਚੇ ਪੜ੍ਹਦੇ ਸਨ। ਕਾਲੇ ਰੰਗ ਦੇ ਲੋਕ ਜਦੋਂ ਬਰਾਬਰੀ ਦੇ ਹੱਕਾਂ ਦੀ ਮੰਗ ਕਰਨ ਲਈ ਜਲਸੇ-ਜਲੂਸ ਕੱਢਦੇ ਤਾਂ ਅਮਰੀਕਾ ਦੀ ਪੁਲਿਸ ਉਨ੍ਹਾਂ ਉੱਤੇ ਖੂੰਖਾਰ ਬਘਿਆੜਾਂ ਵਰਗੇ ਕੁੱਤੇ ਛੱਡ ਦਿੰਦੀ। ਉਨ੍ਹਾਂ ਨੂੰ ਡਾਂਗਾਂ ਨਾਲ ਕੁੱਟਿਆ ਜਾਂਦਾ ਅਤੇ ਅਨੇਕਾਂ ਵਾਰ ਉਨ੍ਹਾਂ ਨੂੰ ਗੋਲੀਆਂ ਦਾ ਨਿਸ਼ਾਨਾ ਬਣਾਇਆ ਜਾਂਦਾ।
ਕੈਨੇਡਾ ਵਿੱਚ ਵੀ ਵੱਖੋ ਵੱਖ ਸਮਿਆਂ ਉੱਤੇ ਨੇਟਿਵ ਇੰਡੀਅਨ, ਜਾਪਾਨੀ, ਚੀਨੀ, ਪਾਕਿਸਤਾਨੀਆਂ, ਹਿੰਦੁਸਤਾਨੀਆਂ ਅਤੇ ਅਨੇਕਾਂ ਹੋਰਨਾਂ ਸਭਿਆਚਾਰਾਂ ਦੇ ਲੋਕਾਂ ਨੂੰ ਨਸਲਵਾਦ ਅਤੇ ਵਿਤਕਰੇ ਦਾ ਸਾਹਮਣਾ ਕਰਨਾ ਪੈਂਦਾ ਰਿਹਾ ਹੈ। ਇਹ ਵਿਤਕਰਾ ਸਪੱਸ਼ਟ ਰੂਪ ਵਿੱਚ ਵੀ ਹੁੰਦਾ ਹੈ ਅਤੇ ਲੁਕਵੇਂ ਰੂਪ ਵਿੱਚ ਵੀ। ਅਜਿਹਾ ਵਿਤਕਰਾ ਕਰਨ ਦੇ ਦੋਸ਼ ਵਿੱਚੋਂ ਕੈਨੇਡਾ ਦੀਆਂ ਸਰਕਾਰੀ ਸੰਸਥਾਵਾਂ ਅਤੇ ਇਨ੍ਹਾਂ ਦੇ ਅਧਿਕਾਰੀਆਂ ਨੂੰ ਵੀ ਬਰੀ ਨਹੀਂ ਕੀਤਾ ਜਾ ਸਕਦਾ।  ਇਸਦਾ ਇਜ਼ਹਾਰ ਸਮੇਂ ਸਮੇਂ ਕੈਨੇਡਾ ਦੀ ਸਰਕਾਰ ਨੇ ਆਪ ਵੀ ਕੈਨੇਡਾ ਦੀ ਪਾਰਲੀਮੈਂਟ ਵਿੱਚ ਵਿਤਕਰਾ ਸਹਿੰਦੀਆਂ ਰਹੀਆਂ ਕਮਿਊਨਿਟੀਆਂ ਤੋਂ ਮਾਫੀ ਮੰਗ ਕੇ ਕੀਤਾ ਹੈ। ਹਿੰਦੁਸਤਾਨੀਆਂ ਨਾਲ ਸਬੰਧਤ ਕੈਨੇਡਾ ਵਿੱਚ ਵਾਪਰੀ ਅਜਿਹੀ ਸਭ ਤੋਂ ਵੱਡੀ ਘਟਨਾ ਕਾਮਾਗਾਟਾ ਮਾਰੂ ਦੀ ਘਟਨਾ ਸੀ। ਇਸ ਵਿਸ਼ੇ ਨੂੰ ਰੂਪਮਾਨ ਕਰਨ ਲਈ ਕੈਨੇਡਾ ਦੇ ਕਵੀਆਂ ਨੇ ਪ੍ਰਭਾਵਸ਼ਾਲੀ ਰਚਨਾਵਾਂ ਰਚੀਆਂ ਹਨæ ਪੇਸ਼ ਹਨ ਕੁਝ ਉਦਾਹਰਣਾਂ:

ਇਥੇ ਕੈਨੇਡਾ ਵਿਚ ਵੀ
ਨਸਲੀ ਵਿਤਕਰੇ ਦਾ ਜ਼ਹਿਰ
ਹੈ ਗੋਰੇ ਲਹੂ ਵਿਚ
ਕਾਲੇ ਲਹੂ ਵਿਚ
ਪਰ ਮਨੁੱਖ ਕਿਉਂ ਨਹੀਂ ਸਮਝਦਾ
ਕਿ ਲਹੂ ਤਾਂ ਲਹੂ ਹੁੰਦਾ ਹੈ
ਕਾਲੇ ਦਾ ਜਾਂ
ਗੋਰੇ ਦਾ
'ਲਹੂ ਦਾ ਰੰਗ ਤਾਂ ਸਭ ਦਾ ਇਕੋ ਹੁੰਦਾ ਹੈ'
ਫਿਰ ਕਿਉਂ ਕਾਲੇ ਗੋਰੇ ਦਾ ਭੇਤ ਹੈ
('ਨਸਲੀ ਵਿਤਕਰੇ ਦਾ ਜ਼ਹਿਰ' - ਹਰਭਜਨ ਸਿੰਘ ਮਾਂਗਟ)

ਭਾਵੇਂ ਇਥੇ ਅਸੀਂ
ਖੂਬਸੂਰਤ ਕਨੇਡੀਅਨ ਪਾਸਪੋਰਟ
ਜੇਬਾਂ ਵਿਚ ਪਾਈ ਫਿਰਦੇ ਹਾਂ
ਪਰ ਚਿੱਟੇ ਰੰਗ ਲਈ
ਹਿੰਦੂ ਜਾਂ ਪਾਕੀ ਹੀ ਹਾਂ
ਕਾਲੇ, ਪੀਲੇ ਜਾਂ ਭੂਰਿਆਂ ਦੇ ਕਾਹਦੇ ਹੱਕ
('ਡੰਡਾ: ਜ਼ਿੰਦਾਬਾਦ' - ਇਕਬਾਲ ਖ਼ਾਨ)

ਜ਼ਾਤ, ਮਜ਼ਹਬ, ਨਸਲ ਤੇ ਚਮੜੀ ਦਾ ਰੰਗ
ਆਦਮੀ ਦਾ ਆਦਮੀ ਵੰਡਣ ਦਾ ਢੰਗ
(ਨਦੀਮ ਪਰਮਾਰ)

'ਸਟੇਟ' ਦੇ ਕੁੱਤੇ
ਚੁੱਪ, ਚਾਪ ਵੱਢਦੇ ਵੀ ਨੇ, ਤੇ
ਬੜੇ ਸਲੀਕੇ ਨਾਲ, "ਮਾਫ਼ ਕਰਨਾ ਵੀ ਕਹਿੰਦੇ ਨੇ!"
ਅਫ਼ਸਰਸ਼ਾਹੀ ਦੀਆਂ ਇਹਨਾਂ ਮਨੁੱਖੀ ਮਸ਼ੀਨਾਂ 'ਚ
ਸਦ-ਭਾਵਨਾ ਨਾਂ ਦੀ ਕੋਈ ਸ਼ੈ ਨਹੀਂ !
('ਬੇਰੂਹਾ ਵਿਭਚਾਰੀ ਸ਼ਾਸਨ' - ਮਨਜੀਤ ਮੀਤ)

ਝੂਠ
ਕਿਸੇ ਨਸਲਵਾਦੀ ਦੀ ਚਿੱਟੀ ਚਮੜੀ ਪਿੱਛੇ ਲੁਕਿਆ
ਉਹ ਕਾਲਾ ਬਿੱਛੂ ਹੈ
ਜਿਹਦੇ ਡੰਗੇ ਜਾਣ ਤੋਂ ਬਾਅਦ
ਜਿਸਮ 'ਚ ਦੌੜ ਗਏ
ਸਿਰਫ਼ ਜ਼ਹਿਰ ਦਾ ਹੀ ਪਤਾ ਲੱਗਦਾ ਹੈ
('ਉਂਝ' - ਹਰਕੰਵਲਜੀਤ ਸਾਹਿਲ)

ਕੱਲ੍ਹ ਦੀ ਸਵੇਰ ਇਕ ਰੰਗ ਨਵਾਂ ਦਿਖਾਵੇਗੀ
ਮਜ਼੍ਹਬਾਂ ਤੇ ਨਸਲਾਂ ਦੇ ਭੇਦ ਨੂੰ ਮਿਟਾਵੇਗੀ
ਮਨੁੱਖਤਾ ਨੂੰ ਜਿਊਣ ਦਾ ਢੰਗ ਉਹ ਸਿਖਾਵੇਗੀ
ਸਾਂਝੀਵਾਲਤਾ ਦਾ ਉਹ ਪੈਗ਼ਾਮ ਲੈ ਕੇ ਆਵੇਗੀ
('ਨਵੀਂ ਸਵੇਰ' - ਮਹਿੰਦਰਪਾਲ ਸਿੰਘ ਪਾਲ)

3æ ਭਾਸ਼ਾ, ਸੰਚਾਰ ਅਤੇ ਪੀੜ੍ਹੀਆਂ ਵਿੱਚ ਵੱਧ ਰਿਹਾ ਫਾਸਲਾ :
ਭਾਸ਼ਾ ਮਨੁੱਖ ਨੂੰ ਇੱਕ ਦੂਜੇ ਨਾਲ ਜੋੜਨ ਦਾ ਮਾਧਿਅਮ ਹੈ। ਪਰ ਭਾਸ਼ਾ ਹੀ ਕਈ ਵੇਰ ਮਨੁੱਖ ਨੂੰ ਇੱਕ ਦੂਜੇ ਤੋਂ ਅਲੱਗ ਵੀ ਕਰ ਦਿੰਦੀ ਹੈ। ਕੈਨੇਡਾ ਵਿੱਚ ਕਿਊਬੈਕ ਦਾ ਸੂਬਾ ਜੋ ਕਿ ਫਰੈਂਚ ਜ਼ੁਬਾਨ ਬੋਲਣ ਵਾਲਿਆਂ ਦਾ ਸੂਬਾ ਹੈ - ਕੈਨੇਡਾ ਤੋਂ ਅਲੱਗ ਹੋਣ ਦੀਆਂ ਕਈ ਵਾਰ ਕੋਸ਼ਿਸ਼ਾਂ ਕਰ ਚੁੱਕਾ ਹੈ। ਉੱਥੋਂ ਦੀ ਇੱਕ ਰਾਜਨੀਤਿਕ ਪਾਰਟੀ ਬਲਾਕ ਕੁਬੈਕਵਾ ਇਸੇ ਮੁੱਦੇ ਉੱਤੇ ਹੀ ਅਕਸਰ ਚੋਣਾਂ ਲੜਦੀ ਹੈ ਕਿ ਲੋਕ ਸਾਨੂੰ ਵੋਟਾਂ ਪਾਉਣ ਅਸੀਂ ਕਿਉਬੈਕ ਦੀ ਆਜ਼ਾਦੀ ਲਈ ਜੱਦੋ-ਜਹਿਦ ਕਰਾਂਗੇ। ਇਸ ਤਰ੍ਹਾਂ ਕੈਨੇਡਾ ਵਿੱਚ ਭਾਸ਼ਾ ਦੀ ਸਮੱਸਿਆ ਕੈਨੇਡਾ ਦੀ ਹੋਂਦ ਨਾਲ ਵੀ ਜੁੜੀ ਹੋਈ ਹੈ। ਪਰ ਇਹ ਵੀ ਇੱਕ ਹੈਰਾਨੀ ਵਾਲਾ ਤੱਥ ਹੈ ਕਿ ਕੈਨੇਡਾ ਵਿੱਚ 170 ਤੋਂ ਵੱਧ ਜ਼ੁਬਾਨਾਂ ਬੋਲਣ ਵਾਲੇ ਲੋਕ ਹਨ ਅਤੇ ਪੰਜਾਬੀ ਜ਼ੁਬਾਨ ਬ੍ਰਿਟਿਸ਼ ਕੋਲੰਬੀਆ ਸੂਬੇ ਦੀ ਦੂਜੀ ਜ਼ੁਬਾਨ ਮੰਨੀ ਗਈ ਹੈ।
ਭਾਸ਼ਾ ਦੀ ਸਮੱਸਿਆ ਕਈ ਵਾਰ ਘਰਾਂ ਵਿੱਚ ਵੀ ਗੰਭੀਰ ਸੰਕਟ ਪੈਦਾ ਕਰ ਦਿੰਦੀ ਹੈ। ਕੈਨੇਡਾ ਵਿੱਚ ਜੰਮੇ-ਪਲੇ ਬੱਚੇ ਅੰਗਰੇਜ਼ੀ ਜ਼ੁਬਾਨ ਬੋਲਦੇ ਹਨ, ਅੰਗਰੇਜ਼ੀ ਜ਼ੁਬਾਨ ਵਿੱਚ ਹੀ ਸੋਚਦੇ ਹਨ; ਪਰ ਪੰਜਾਬ ਦੇ ਪਿੰਡਾਂ ਤੋਂ ਆਏ ਸਿੱਧੇ ਸਾਦੇ ਬਜ਼ੁਰਗ ਲੋਕ ਜੋ ਕਿ ਅਨੇਕਾਂ ਹਾਲਤਾਂ ਵਿੱਚ ਅੰਗਰੇਜ਼ੀ ਜ਼ੁਬਾਨ ਸਮਝ ਨਹੀਂ ਸਕਦੇ ਬੱਚਿਆਂ ਲਈ ਨਫਰਤ ਦਾ ਵਿਸ਼ਾ ਬਣ ਜਾਂਦੇ ਹਨ। ਜਿਸ ਕਾਰਨ ਕਈ ਵਾਰ ਘਰਾਂ ਵਿੱਚ ਮਾਰ ਕੁਟਾਈ ਤੱਕ ਦੀ ਹਾਲਤ ਬਣ ਜਾਂਦੀ ਹੈ। ਜਿਸ ਕਾਰਨ ਕਈ ਵਾਰੀ ਬਜ਼ੁਰਗ ਮਾਪਿਆਂ ਨੂੰ ਉਨ੍ਹਾਂ ਦੇ ਆਪਣੇ ਹੀ ਬੱਚੇ ਘਰ ਛੱਡਕੇ ਜਾਣ ਲਈ ਮਜਬੂਰ ਕਰ ਦਿੰਦੇ ਹਨ। ਬਜ਼ੁਰਗਾਂ ਅਤੇ ਬੱਚਿਆਂ ਦਰਮਿਆਨ ਭਾਸ਼ਾ ਕਰਕੇ ਪੈਦਾ ਹੋ ਰਿਹਾ ਫਾਸਲਾ ਕੈਨੇਡਾ ਦੇ ਪ੍ਰਵਾਸੀਆਂ ਲਈ ਇੱਕ ਗੰਭੀਰ ਸਮੱਸਿਆ ਹੈ। ਭਾਸ਼ਾ ਨਾਲ ਸਬੰਧਤ ਇਸ ਸੰਕਟ ਨੂੰ ਵੀ ਕੈਨੇਡੀਅਨ ਪੰਜਾਬੀ ਕਵਿਤਾ ਵਿੱਚ ਬਹੁਤ ਹੀ ਖੂਬਸੂਰਤੀ ਨਾਲ ਰੂਪਮਾਨ ਕੀਤਾ ਗਿਆ ਹੈ। ਇਸ ਤਰ੍ਹਾਂ ਭਾਸ਼ਾ ਨਾਲ ਜੁੜੀ ਹੋਈ ਸਮੱਸਿਆ ਵੀ ਬਹੁ-ਦਿਸ਼ਾਵੀ ਸਮੱਸਿਆ ਹੈæ ਪੇਸ਼ ਹਨ ਕੁਝ ਉਦਾਹਰਣਾਂ:

ਭਾਸ਼ਾ ਤਾਂ ਮਨੁੱਖ ਲਈ ਅੰਦਰ ਤੋਂ ਬਾਹਰ
ਆਉਣ ਲਈ ਇਕ ਪੁਲ ਸੀ
ਇਸ ਪੁਲ ਨੇ ਮਨੁੱਖ ਤੋਂ ਮਨੁੱਖ ਤੱਕ ਪਹੁੰਚਣ ਦੇ
ਸਦੀਆਂ ਤੋਂ ਬੰਦ ਰਾਹਾਂ ਨੂੰ ਖੋਲ੍ਹਣਾ ਸੀ
ਨੰਗ-ਮੁਨੰਗੇ ਸ਼ਬਦਾਂ ਰਾਹੀਂ
ਜ਼ਿੰਦਗੀ ਦੇ ਹਰ ਇੱਕ ਪਲ ਨੂੰ
ਸਤਰੰਗੀ ਪੀਂਘ ਦੇ ਰੰਗਾਂ ਦੇ ਅਰਥ ਦੇਣੇ ਸਨ
ਮਨੁੱਖੀ ਰਿਸ਼ਤਿਆਂ 'ਚ
ਦਰਿਆਵਾਂ ਦੇ ਬੇ-ਪਰਵਾਹ ਵਹਿਣ ਵਰਗੀ ਤਰਲਤਾ ਭਰਨੀ ਸੀ
'ਹੋਂਦ' ਅਤੇ 'ਅਣ-ਹੋਂਦ' ਵਿੱਚ
ਇੱਕ ਤਰਕ ਪੈਦਾ ਕਰਨਾ ਸੀ
 ('ਸ਼ਕਿਜ਼ੋਫਰੇਨੀਆ-3' - ਸੁਖਿੰਦਰ)

ਪਰ
ਉਹ ਸਿਰਫ ਸਿਰ ਹਿਲਾਉਂਦੇ ਨੇ
ਵਿਦੇਸ਼ੀ ਭਾਸ਼ਾ 'ਚ
ਕੁਛ ਆਖਦੇ ਨੇ
ਜੋ ਮੈਨੂੰ ਸਮਝ ਨਹੀਂ ਆਉਂਦਾæææ
ਮੈਂ ਸੋਚਦੀ ਰਹਿੰਦੀ ਹਾਂæææ
ਕਿ
ਕਿਹੜੀ ਭਾਸ਼ਾ 'ਚ
ਸੰਵਾਦ ਰਚਾਵਾਂ
ਕਿ ਉਹ ਸਮਝ ਸਕਣ
ਮੇਰੀ ਗੱਲ
ਮੇਰੀ ਜ਼ੁਬਾਨ
ਮੇਰੇ ਸੰਸੇ
ਮੇਰੇ ਡਰ!
ਸੰਸਾ ਹੈ ਮੈਨੂੰ
ਕਿ ਇਸ ਪਰਵਾਸ ਵਿੱਚ
ਗੁਆਚ ਜਾਏਗੀ
ਮੇਰੀ ਅਗਲੀ ਪੀੜ੍ਹੀ
ਮੇਰਾ ਸੱਭਿਆਚਾਰ
ਮੇਰੇ ਸੰਸਕਾਰæææ
('ਕੀਰਤਪੁਰ' - ਸੁਰਜੀਤ)

ਮੈਂ ਆਪਣੇ ਅੱਖਰਾਂ ਲਈ
ਕਦੇ ਅੱਗ
ਕਦੇ ਬਰਫ਼ ਲਭਦਾ ਰਿਹਾ
('ਭਾਲ' - ਮਿੱਤਰ ਰਾਸ਼ਾ)

ਮੈਂ ਸ਼ਬਦਾਂ ਦੀਆਂ
ਚਿੱਪਰਾਂ ਨਾਲ ਹੀ
ਕਵਿਤਾ ਲਿਖਦਾ ਹਾਂ
ਪੂਰੇ ਸੂਰੇ ਸ਼ਬਦਾਂ ਦੇ
ਸਨਮੁਖ ਹੋਣ ਦਾ ਮੇਰੇ ਵਿਚ ਬਲ ਨਹੀਂ
('ਪੂਰੇ ਸੂਰੇ ਸ਼ਬਦ' - ਨਵਤੇਜ ਭਾਰਤੀ)

ਕਿਹੜੀ ਬੋਲੀ 'ਚ ਤੈਨੂੰ ਵਾਜ ਮਾਰਾਂ
ਕਿ ਬੰਦਾ ਬੋਲੀਆਂ 'ਤੇ ਲੜ ਰਿਹਾ ਹੈ
 (ਨਦੀਮ ਪਰਮਾਰ)

4æ ਔਰਤਾਂ ਅਤੇ ਬੱਚਿਆਂ ਉੱਤੇ ਹੋ ਰਹੀ ਹਿੰਸਾ :
ਕੈਨੇਡੀਅਨ ਪੰਜਾਬੀ ਕਵਿਤਾ ਦਾ ਇੱਕ ਹੋਰ ਵਿਸ਼ਾ ਤਿੱਖੇ ਸੰਵਾਦ ਛੇੜਣ ਦੀ ਮੰਗ ਕਰਦਾ ਹੈ। ਉਹ ਵਿਸ਼ਾ ਹੈ ਔਰਤਾਂ ਉੱਤੇ ਹੁੰਦੀ ਹਿੰਸਾ। ਕੈਨੇਡਾ ਵਰਗੇ ਵਿਕਸਤ ਦੇਸ਼ ਵਿੱਚ ਆ ਕੇ ਵੀ ਕੁਝ ਮਰਦ ਆਪਣੀ ਹਉਮੈਂ ਨਹੀਂ ਛੱਡਦੇ ਅਤੇ ਆਪਣੀਆਂ ਪਤਨੀਆਂ / ਧੀਆਂ ਨੂੰ ਪੈਰ ਦੀ ਜੁੱਤੀ ਸਮਝ ਉਨ੍ਹਾਂ ਉੱਤੇ ਮਾਨਸਿਕ ਅਤੇ ਸਰੀਰਕ ਅਤਿਆਚਾਰ ਕਰਦੇ ਹਨ। ਕੈਨੇਡੀਅਨ ਪੰਜਾਬੀ ਕਵਿਤਾ ਵਿੱਚ ਇਹ ਵਿਸ਼ਾ ਵੀ ਅਹਿਮ ਵਿਸ਼ਾ ਬਣਦਾ ਜਾ ਰਿਹਾ ਹੈ। ਕੈਨੇਡਾ ਵਰਗੇ ਦੇਸ਼ ਵਿੱਚ ਪਤਨੀਆਂ ਆਪਣੇ ਪਤੀਆਂ ਦੇ ਬਰਾਬਰ ਕੰਮ ਕਰਦੀਆਂ ਹਨ ਅਤੇ ਘਰ ਦੀਆਂ ਹੋਰ ਜ਼ਿਮੇਵਾਰੀਆਂ ਵੀ ਨਿਭਾਉਂਦੀਆਂ ਹਨ - ਪਰ ਜਦੋਂ ਪਤੀ ਇਸ ਗੱਲ ਨੂੰ ਨਜ਼ਰ ਅੰਦਾਜ਼ ਕਰਕੇ ਆਪਣੀ ਧੌਂਸ ਜਮਾਉਣ ਦੀ ਕੋਸ਼ਿਸ਼ ਕਰਦੇ ਹਨ ਤਾਂ ਘਰੇਲੂ ਜ਼ਿੰਦਗੀ ਵਿੱਚ ਤਨਾਓ ਪੈਦਾ ਹੁੰਦਾ ਹੈ। ਹਾਲਾਤ ਮਾਰ-ਕੁਟਾਈ ਤੱਕ ਪਹੁੰਚਦੇ ਪਹੁੰਚਦੇ ਕਈ ਵਾਰ ਕਤਲ ਤੱਕ ਵੀ ਪਹੁੰਚ ਜਾਂਦੇ ਹਨ। ਕੁਝ ਇਸ ਤਰ੍ਹਾਂ ਦੀ ਹੀ ਹਾਲਤ ਕੈਨੇਡਾ ਵਿੱਚ ਪੰਜਾਬੀ ਧੀਆਂ ਨਾਲ ਵੀ ਵਾਪਰ ਰਹੀ ਹੈ। ਬੱਚੇ ਪੱਛਮੀ ਮੁਲਕਾਂ ਵਿੱਚ ਪੱਛਮੀ ਸਭਿਆਚਾਰ ਦਾ ਪ੍ਰਭਾਵ ਕਬੂਲਦੇ ਹੋਏ ਪੱਛਮੀ ਸਭਿਆਚਾਰ ਵਾਲੀਆਂ ਖੁੱਲ੍ਹਾਂ ਵੀ ਮਾਨਣੀਆਂ ਚਾਹੁੰਦੇ ਹਨ; ਪਰ ਮਾਪੇ ਆਪਣੀਆਂ ਪ੍ਰੰਪਰਕ ਕਦਰਾਂ-ਕੀਮਤਾਂ ਉੱੱਤੇ ਹੀ ਅੜ੍ਹੇ ਹੋਏ ਕਿਸੇ ਤਰ੍ਹਾਂ ਵੀ ਬੱਚਿਆਂ ਨਾਲ ਸਮਝੌਤਾ ਨਹੀਂ ਕਰਨਾ ਚਾਹੁੰਦੇ। ਜਿਸ ਕਾਰਨ ਉਨ੍ਹਾਂ ਦਾ ਆਪਸੀ ਸੰਚਾਰ ਟੁੱਟ ਜਾਂਦਾ ਹੈ ਅਤੇ ਹੌਲੀ ਹੌਲੀ ਇਹ ਸਥਿਤੀ ਬਹੁਤ ਹੀ ਤਨਾਓ ਭਰਪੂਰ ਹੋ ਜਾਂਦੀ ਹੈ। ਪਿਛਲੇ ਕੁਝ ਸਾਲਾਂ ਵਿੱਚ ਅਨੇਕਾਂ ਨੌਜੁਵਾਨ ਔਰਤਾਂ ਦਾ ਉਨ੍ਹਾਂ ਦੇ ਹੀ ਪਿਉਆਂ/ਭਰਾਵਾਂ ਵੱਲੋਂ ਕਤਲ ਕਰ ਦਿੱਤਾ ਗਿਆ। ਕੈਨੇਡੀਅਨ ਸਮਾਜ ਵਿੱਚ ਚਿੰਤਾ ਦਾ ਵਿਸ਼ਾ ਬਣ ਰਹੀ ਇਸ ਸਮੱਸਿਆ ਨੂੰ ਲੈ ਕੇ ਕੈਨੇਡੀਅਨ ਪੰਜਾਬੀ ਕਵੀਆਂ ਨੇ ਆਪਣੀਆਂ ਰਚਨਾਵਾਂ ਲਿਖੀਆਂ ਹਨ; ਭਾਵੇਂ ਕਿ ਸਾਡੇ ਆਲੋਚਕਾਂ / ਸਮੀਖਿਆਕਾਰਾਂ ਨੇ ਇਸ ਗੱਲ ਨੂੰ ਅਜੇ ਤੱਕ ਵਧੇਰੇ ਗੋਲਿਆ ਨਹੀਂ। ਪੇਸ਼ ਹਨ ਅਜਿਹੀ ਸ਼ਾਇਰੀ ਦੀਆਂ ਕੁਝ ਉਦਾਹਰਣਾਂ:

ਅਸੀਂ ਸਭ ਔਰਤਾਂ
ਔਰਤ ਹੋਣਾ ਸਾਡਾ ਦੋਸ਼
ਅਤੇ ਇਸ ਦੋਸ਼ ਦਾ ਬੋਝ
ਸਾਡੇ ਸਿਰਾਂ ਤੇ ਲੱਦਿਆ
ਸਾਨੂੰ ਲਿਫਾਉਂਦਾ ਰਹਿੰਦਾ ਹੈ
ਮਰਦਾਂ ਦੀ ਅਦਾਲਤ 'ਚ
ਉਦੋਂ ਤੀਕ
ਜਦੋਂ ਤੀਕ ਅਸੀਂ
ਲਿਫ ਲਿਫ ਧਰਤੀ ਨਾਲ ਨਹੀਂ
ਜੁੜ ਜਾਂਦੀਆਂ
ਸਾਡੀਆਂ ਸੁਪਨਿਆਂ ਨਾਲ
ਭਰੀਆਂ ਅੱਖਾਂ
ਨਹੀਂ ਸੁੱਕ ਜਾਂਦੀਆਂ
ਸਾਡੀਆਂ ਹੋਂਦਾਂ ਨਹੀਂ
ਮੁੱਕ ਜਾਂਦੀਆਂ
('ਅਸੀਂ ਮਨੁੱਖ ਹਾਂ'- ਸੁਰਿੰਦਰ ਗੀਤ)

ਮਹਿਜ਼,
ਆਪਣੇ ਨੱਕ, ਪੱਗ ਅਤੇ ਧੌਲੇ ਝਾਟਿਆਂ ਦੀ
ਲੱਜ ਪਿੱਟਦੇ, ਮਜਬੂਰੀਆਂ ਦੇ ਕੀਰਨੇ ਪਾ, ਬੇਵਸੀ ਦੇ ਹੰਝੂ ਕੇਰ
ਵਿਚੋਲਿਆਂ ਦੇ ਕੰਧਿਆਂ 'ਤੇ
ਧੀਆਂ ਦੀਆਂ ਅੱਧ ਜਲੀਆਂ ਲੋਥਾਂ ਉਠਾ
ਭਾਂਡੇ, ਟੀਂਡਿਆਂ 'ਤੇ ਕੱਪੜਿਆਂ ਦੀ ਸਮਗਰੀ ਸੰਗ
ਮਨੌਤੀਆਂ ਦਾ ਬਾਲਣ ਪਾ ਕੇ
ਸਿਵਿਆਂ ਵਿੱਚ ਸਵਾਹ ਹੋਣ ਲਈ
ਛੱਡ ਆਂਦੇ ਹਨ - ਮਾਪੇ
('ਬੁਝਿਆ ਹੋਇਆ ਦੀਵਾ' - ਦਵਿੰਦਰ ਬਾਂਸਲ)

ਬਾਬਲ ਆਖੇ ਵੈਦ ਨੂੰ,
ਲੜਕੇ ਦੀ ਹੈ ਭੁੱਖ਼
ਲੜਕੀ ਹੈ ਤਾਂ ਮਾਰਦੇ,
ਖਾਲੀ ਕਰਦੇ ਕੁੱਖ਼
(ਗਿੱਲ ਮੋਰਾਂਵਾਲੀ)

ਮਾਂ, ਪਤਨੀ, ਭੈਣ, ਧੀ, ਮਹਿਬੂਬਾ
ਸਾਰੇ ਹੀ ਰਿਸ਼ਤੇ ਕੁੜੀਆਂ ਤੋਂ ਹੀ ਆਉਂਦੇ ਨੇ
ਫਿਰ ਵੀ, ਸਦੀਆਂ ਤੋਂ ਗੂੰਜ ਰਹੀਆਂ ਨੇ
ਉਨ੍ਹਾਂ ਦੀਆਂ ਮਾਤਮੀ ਚੀਖਾਂ
ਜ਼ਖਮੀ ਹੋਏ ਆਪੇ ਦਾ ਵਿਰਲਾਪ ਕਰਦਿਆਂ
('ਕੁੜੀਆਂ' - ਸੁਖਿੰਦਰ)

ਪਰਦੇਸਾਂ ਦੀ ਧਰਤੀ ਉਤੇ,
ਜੰਮੀਆਂ ਪਲੀਆਂ ਤਿੰਨ ਕੁੜੀਆਂæ
ਗੋਲੀ, ਚਾਕੂ ਤੇ ਅਗਨੀ ਦੀ,
ਭੇਟਾ ਚੜ੍ਹੀਆਂ ਤਿੰਨ ਕੁੜੀਆਂæ
('ਤਿੰਨ ਕੁੜੀਆਂ' - ਮੋਹਨ ਗਿੱਲ)

5æ ਬਹੁ-ਸਭਿਆਚਾਰਵਾਦ :
ਬਹੁ-ਸਭਿਆਚਾਰਵਾਦ ਕੈਨੇਡੀਅਨ ਸਮਾਜ ਦਾ ਇੱਕ ਵਿਸ਼ੇਸ਼ ਗੁਣ ਹੈ। ਇਹ ਗੁਣ ਕੈਨੇਡੀਅਨ ਸਮਾਜ ਨੂੰ ਭਵਿੱਖਮਈ ਸਮਾਜ ਬਣਾਂਦਾ ਹੈ। ਅਨੇਕਾਂ ਦੇਸ਼ ਸਮਾਜਿਕ ਬਣਤਰ ਦੇ ਇਸ ਗੁਣ ਨੂੰ ਅਪਨਾਉਣ ਵੱਲ ਵੱਧ ਰਹੇ ਹਨ। ਅਜੋਕੇ ਸਮਿਆਂ ਵਿੱਚ ਕੋਈ ਵੀ ਸਭਿਆਚਾਰ ਆਪਣੇ ਆਪ ਨੂੰ ਹੋਰਨਾਂ ਸਭਿਆਚਾਰਾਂ ਨਾਲੋਂ ਬੇਹਤਰ ਨਹੀਂ ਕਹਿ ਸਕਦਾ। ਬਹੁ-ਸਭਿਆਚਾਰਕ ਸਮਾਜਿਕ ਪ੍ਰਣਾਲੀ ਅਪਨਾਉਣ ਵਾਲੇ ਦੇਸ਼ ਅਨੇਕਾਂ ਤਰ੍ਹਾਂ ਦੀਆਂ ਸਮੱਸਿਆਵਾਂ ਤੋਂ ਬਚ ਜਾਂਦੇ ਹਨ। ਅੱਜ ਅਸੀਂ ਦੇਖ ਸਕਦੇ ਹਾਂ ਕਿ ਦੁਨੀਆਂ ਦੇ ਜਿਸ ਕਿਸੇ ਖਿੱਤੇ ਵਿੱਚ ਵੀ ਕਿਸੇ ਇੱਕ ਸਭਿਆਚਾਰ ਨਾਲ ਸਬੰਧਿਤ ਲੋਕਾਂ ਨੇ ਦੂਜੇ ਸਭਿਆਚਾਰਾਂ ਦੇ ਲੋਕਾਂ ਉੱਤੇ ਜ਼ਬਰਦਸਤੀ ਆਪਣੇ ਵਿਚਾਰ ਠੋਸਣ ਦੀ ਕੋਸ਼ਿਸ਼ ਕੀਤੀ ਹੈ ਉੱਥੇ ਕਦੀ ਵੀ ਅਮਨ ਵਾਲੇ ਹਾਲਾਤ ਪੈਦਾ ਨਹੀਂ ਹੋ ਸਕੇ ਅਤੇ ਇੱਕ ਨਿਰੰਤਰ ਅਸਥਿਰਤਾ ਵਾਲੀ ਸਥਿਤੀ ਬਣੀ ਰਹਿੰਦੀ ਹੈ। ਪਾਕਿਸਤਾਨ ਦੀ ਵਿਗੜਦੀ ਜਾਂਦੀ ਰਾਜਨੀਤਿਕ/ਸਮਾਜਿਕ ਹਾਲਤ ਸਾਡੇ ਸਾਹਮਣੇ ਹੈ। ਇੱਕ ਧਰਮ ਉੱਤੇ ਆਧਾਰਿਤ ਵਿਚਾਰਾਂ ਵਾਲੇ ਦੇਸ਼ ਵਜੋਂ ਇਹ ਦੇਸ਼ ਹੋਂਦ ਵਿੱਚ ਆਇਆ ਸੀ। ਪਰ ਅੱਜ ਉਸ ਦੇਸ਼ ਵਿੱਚ ਫੈਲ ਰਹੀ ਧਾਰਮਿਕ ਕੱਟੜਵਾਦੀ ਦਹਿਸ਼ਤਗਰਦੀ ਨੇ ਨਾ ਉਸ ਦੇ ਲੋਕਾਂ ਦਾ ਹੀ ਜਿਉਣਾ ਮੁਸ਼ਕਿਲ ਕੀਤਾ ਹੋਇਆ ਹੈ; ਬਲਕਿ ਸਾਰੀ ਦੁਨੀਆਂ ਦੇ ਅਮਨ-ਪਸੰਦ ਲੋਕ ਪਾਕਿਸਤਾਨ ਵਿੱਚ ਨਿਤ ਵਿਗੜਦੀ ਜਾ ਰਹੀ ਸਥਿਤੀ ਨੂੰ ਵੇਖਕੇ ਚਿੰਤਤ ਹਨ। ਕਿਉਂਕਿ ਪਾਕਿਸਤਾਨ ਕੋਲ ਨਿਊਕਲਰ ਬੰਬ ਹਨ ਅਤੇ ਜੇਕਰ ਉਹ ਬੰਬ ਧਾਰਮਿਕ ਕੱਟੜਵਾਦੀ ਦਹਿਸ਼ਤਗਰਦਾਂ ਦੇ ਹੱਥ ਆ ਗਏ ਤਾਂ ਵਿਸ਼ਵ-ਅਮਨ ਖਤਰੇ ਵਿੱਚ ਪੈ ਸਕਦਾ ਹੈ।
ਕੈਨੇਡਾ ਦੇ ਬਹੁ-ਸਭਿਆਚਾਰਕ ਸਮਾਜ ਵਿੱਚ 170 ਤੋਂ ਵੱਧ ਜ਼ੁਬਾਨਾਂ ਬੋਲਣ ਵਾਲੇ ਵੱਖੋ ਵੱਖ ਸਭਿਆਚਾਰਾਂ ਦੇ ਲੋਕ - ਦੁਨੀਆਂ ਦੇ ਕੋਨੇ ਕੋਨੇ ਤੋਂ ਆ ਕੇ ਵੱਸੇ ਹੋਏ ਹਨ। ਇਹ ਸਭਿਆਚਾਰ ਇੱਕ ਦੂਜੇ ਨਾਲ ਟਕਰਾ ਕੇ ਸਮਾਜਿਕ ਖਿੱਚੋਤਾਣ ਪੈਦਾ ਕਰਨ ਦੀ ਥਾਂ, ਕੈਨੇਡੀਅਨ ਸਮਾਜ ਨੂੰ ਇੱਕ ਦਿਸ਼ਾ ਵਾਲਾ ਜਾਂ ਇੱਕੋ ਰੰਗਾ ਬਨਾਉਣ ਦੀ ਥਾਂ, ਬਹੁ-ਰੰਗਾ ਅਤੇ ਬਹੁ-ਦਿਸ਼ਾਵੀ ਬਣਾ ਰਹੇ ਹਨ। ਜਿਸ ਕਾਰਨ ਕੈਨੇਡੀਅਨ ਸਭਿਆਚਾਰ ਵਧੇਰੇ ਲਚਕੀਲਾ, ਦਿਲਚਸਪ ਅਤੇ ਬਹੁ-ਗੁਣਾ ਬਣ ਜਾਂਦਾ ਹੈ। ਭਾਵੇਂ ਕਿ ਅਜਿਹੇ ਸਭਿਆਚਾਰ ਦੀ ਉਸਾਰੀ ਕਰਨ ਵਿੱਚ, ਮੁੱਢ ਵਿੱਚ, ਕੁਝ ਮੁਸ਼ਕਿਲਾਂ ਵੀ ਆਉਂਦੀਆਂ ਹਨ ਅਤੇ ਵੱਖੋ ਵੱਖ ਸਭਿਆਚਾਰਾਂ ਦੇ ਲੋਕ ਹੋਰਨਾਂ ਸਭਿਆਚਾਰਾਂ ਦੇ ਲੋਕਾਂ ਨੂੰ ਸਮਝਣ ਵਿੱਚ ਕੁਝ ਹੱਦ ਤੱਕ ਵਿਰੋਧ ਵੀ ਕਰਦੇ ਹਨ - ਪਰ ਇਹ ਵਿਰੋਧ ਹੌਲੀ ਹੌਲੀ ਇੱਕ ਦੂਜੇ ਦੇ ਸਭਿਆਚਾਰ ਨੂੰ ਨੇੜਿAਂ ਦੇਖਣ ਅਤੇ ਸਮਝਣ ਨਾਲ ਹੱਲ ਹੋ ਜਾਂਦੇ ਹਨ।
ਪਰਵਾਸੀ ਪੰਜਾਬੀਆਂ ਨੂੰ ਵੀ ਕੈਨੇਡੀਅਨ ਸਮਾਜ ਵੱਲੋਂ ਸਵੀਕਾਰੇ ਜਾਣ ਵਿੱਚ ਕਈ ਦਹਾਕੇ ਲੱਗੇ ਹਨ ਅਤੇ ਕਈ ਤਰ੍ਹਾਂ ਦੇ ਵਿਰੋਧ ਵੀ ਸਹਿਣੇ ਪਏ ਹਨ; ਪਰ ਅਜ ਪਰਵਾਸੀ ਪੰਜਾਬੀ ਕੈਨੇਡੀਅਨ ਬਹੁ-ਸਭਿਆਚਾਰਕ ਸਮਾਜ ਦਾ ਇੱਕ ਅਨਿੱਖੜਵਾਂ ਅੰਗ ਬਣ ਚੁੱਕੇ ਹਨ ਅਤੇ ਜ਼ਿੰਦਗੀ ਦੇ ਅਨੇਕਾਂ ਖੇਤਰਾਂ ਵਿੱਚ ਸ਼ਾਨਦਾਰ ਪ੍ਰਾਪਤੀਆਂ ਕਰ ਰਹੇ ਹਨ।
ਕੈਨੇਡੀਅਨ ਬਹੁ-ਸਭਿਆਚਾਰ ਦੇ ਕੁਝ ਮਾੜੇ ਪੱਖ ਵੀ ਹਨ। ਅਨੇਕਾਂ ਦੇਸ਼ਾਂ ਅਤੇ ਸਭਿਆਚਾਰਾਂ ਦੇ ਲੋਕਾਂ ਨੂੰ ਕੈਨੇਡਾ ਆਉਣ ਦੀ ਖੁੱਲ੍ਹ ਦੇਣ ਨਾਲ ਅਨੇਕਾਂ ਦੇਸ਼ਾਂ ਦੇ ਕਰਿਮਨਲ, ਡਰੱਗ ਡੀਲਰ, ਬਲਾਤਕਾਰੀ, ਕਾਤਲ, ਪਿੰਪ ਵੀ ਬਿਨ੍ਹਾਂ ਕਿਸੇ ਰੋਕ ਟੋਕ ਦੇ ਕੈਨੇਡਾ ਪਹੁੰਚ ਰਹੇ ਹਨ ਅਤੇ ਕੈਨੇਡੀਅਨ ਸਮਾਜ ਲਈ ਮੁਸੀਬਤਾਂ ਪੈਦਾ ਕਰ ਰਹੇ ਹਨ। ਟੋਰਾਂਟੋ, ਕੈਲਗਰੀ, ਐਡਮਿੰਟਨ, ਵਿੰਨੀਪੈੱਗ, ਮਾਂਟਰੀਅਲ ਅਤੇ ਵੈਨਕੂਵਰ ਦੀਆਂ ਸੜਕਾਂ ਉੱਤੇ ਅਜਿਹੇ ਗੈਂਗਸਟਰ ਬਿਨ੍ਹਾਂ ਕਿਸੇ ਡਰ ਦੇ ਪਿਸਤੌਲਾਂ, ਮਸ਼ੀਨਗੰਨਾਂ ਅਤੇ ਚਾਕੂਆਂ ਨਾਲ ਇੱਕ ਦੂਜੇ ਉੱਤੇ ਹਮਲੇ ਕਰ ਰਹੇ ਹਨ। ਸਮਾਜ ਦੇ ਇਨ੍ਹਾਂ ਗੰਦੇ ਆਂਡਿਆਂ ਦੀ ਆਪਸੀ ਲੜਾਈ ਵਿੱਚ ਕਈ ਵਾਰ ਬੇਗੁਨਾਹ ਲੋਕ ਵੀ ਮਾਰੇ ਜਾਂਦੇ ਹਨ। ਜਿਨਾਂ ਦਾ ਇਨ੍ਹਾਂ ਦੀ ਆਪਸੀ ਲੜਾਈ ਨਾਲ ਕੋਈ ਸਬੰਧ ਨਹੀਂ ਹੁੰਦਾ; ਪਰ ਜੋ ਇਨ੍ਹਾਂ ਦੀ ਲੜਾਈ ਦੌਰਾਨ ਉਸ ਇਲਾਕੇ ਵਿੱਚ ਹੁੰਦੇ ਹਨ ਜਿੱਥੇ ਇਹ ਡਰੱਗ ਡੀਲਰ ਗੈਂਗਸਟਰ ਇੱਕ ਦੂਜੇ ਦੀ ਜਾਨ ਲੈਣ ਲਈ ਘੁੰਮ ਰਹੇ ਹੁੰਦੇ ਹਨ।
ਬਹੁ-ਸਭਿਆਚਾਰ ਦਾ ਇੱਕ ਹੋਰ ਵੀ ਨੁਕਸਾਨ ਹੁੰਦਾ ਹੈ। ਹਰ ਕੋਈ ਆਪਣੇ ਆਪ ਨੂੰ ਦੇਸ਼ ਭਗਤ ਸਾਬਤ ਕਰਨ ਲਈ ਸਰਕਾਰ ਵੱਲੋਂ ਕੀਤੇ ਜਾ ਰਹੇ ਗਲਤ ਕੰਮਾਂ ਦੀਆਂ ਵੀ ਸਿਫਤਾਂ ਕਰਨ ਦਾ ਕੋਈ ਮੌਕਾ ਨਹੀਂ ਗੰਵਾਉਂਦਾ। ਦੂਜੇ ਪਾਸੇ ਸਰਕਾਰ ਵੀ ਵੱਖੋ ਵੱਖ ਸਭਿਆਚਾਰਾਂ ਦੇ ਲੋਕਾਂ ਨੂੰ ਖੁਸ਼ ਕਰਨ ਲਈ ਕਾਬਲੀਅਤ ਤੋਂ ਕੋਰੇ ਲੋਕਾਂ ਨੂੰ ਵੀ ਵੱਡੇ ਵੱਡੇ ਸਨਮਾਨ ਦੇ ਕੇ ਹੋਰਨਾਂ ਲੋਕਾਂ ਲਈ ਗਲਤ ਕਿਸਮ ਦੀਆਂ ਉਦਾਹਰਣਾਂ ਕਾਇਮ ਕਰਦੀ ਰਹਿੰਦੀ ਹੈ। ਕੈਨੇਡੀਅਨ ਪੰਜਾਬੀ ਕਵੀਆਂ ਨੇ ਕੈਨੇਡੀਅਨ ਸਭਿਆਚਾਰਵਾਦ ਦੇ ਅਜਿਹੇ ਗੁਣਾਂ / ਔਗੁਣਾਂ ਨੂੰ ਵੀ ਆਪਣੀਆਂ ਲਿਖਤਾਂ ਦਾ ਵਿਸ਼ਾ ਬਣਾਇਆ ਹੈ। ਪੇਸ਼ ਹਨ ਕੁਝ ਉਦਾਹਰਣਾਂ:

ਅਸੀਂ, ਕੈਨੇਡਾ-ਵਾਸੀ, ਵਿਸ਼ਵ ਭਰ 'ਚ ਮਨੁੱਖੀ ਹੱਕਾਂ ਦੇ ਰਖਵਾਲੇ
ਅਤੇ ਬਹੁ-ਸਭਿਆਚਾਰਵਾਦ ਦੇ ਧਾਰਣੀ ਹਾਂ-
ਪਰ ਆਪਣੇ ਹੀ ਦੇਸ਼ ਦੀਆਂ ਸਮੁੰਦਰੀ ਬੰਦਰਗਾਹਾਂ ਉੱਤੇ
ਰੋਜ਼ਗਾਰ ਦੀ ਭਾਲ 'ਚ ਆਏ ਭਾਰਤੀ ਮੂਲ ਦੇ ਲੋਕਾਂ ਨੂੰ
ਕਾਮਾਗਾਟਾਮਾਰੂ ਜਹਾਜ਼ ਤੋਂ ਉਤਰਨ ਦੀ ਇਜਾਜ਼ਤ ਦੇਣ ਤੋਂ
 ਇਨਕਾਰੀ ਹੋ ਜਾਂਦੇ ਹਾਂ
ਸਿਰਫ ਇਸ ਲਈ, ਕਿਉਂ ਜੁ
ਉਨ੍ਹਾਂ ਦਾ ਰੰਗ ਚਿੱਟਾ ਨਹੀਂ !!!!
 ('ਸ਼ਕਿਜ਼ੋਫਰੇਨੀਆ-13' - ਸੁਖਿੰਦਰ)

6æ ਧਾਰਮਿਕ ਕੱਟੜਵਾਦ ਅਤੇ ਦਹਿਸ਼ਤਗਰਦੀ :
ਕੈਨੇਡੀਅਨ ਪੰਜਾਬੀ ਕਵੀਆਂ ਵੱਲੋਂ ਆਪਣੀਆਂ ਲਿਖਤਾਂ ਵਿੱਚ ਧਾਰਮਿਕ ਕੱਟੜਵਾਦ ਅਤੇ ਦਹਿਸ਼ਤਗਰਦੀ ਬਾਰੇ ਪ੍ਰਗਟਾਏ ਗਏ ਵਿਚਾਰਾਂ ਨੂੰ ਵੀ ਗੰਭੀਰ ਸੰਵਾਦ ਦਾ ਵਿਸ਼ਾ ਬਣਾਏ ਜਾਣ ਦੀ ਲੋੜ ਹੈ। ਇੰਡੀਆ, ਪਾਕਿਸਤਾਨ, ਇੰਗਲੈਂਡ ਅਤੇ ਅਮਰੀਕਾ ਵਾਂਗ ਕੈਨੇਡਾ ਵੀ ਧਾਰਮਿਕ ਕੱਟੜਵਾਦੀਆਂ ਵੱਲੋਂ ਫੈਲਾਈ ਗਈ ਦਹਿਸ਼ਤਗਰਦੀ ਤੋਂ ਪ੍ਰਭਾਵਤ ਹੋਇਆ ਹੈ। ਇਹ ਦਹਿਸ਼ਤਗਰਦੀ ਵਧੇਰੇ ਕਰਕੇ ਮਸਜਿਦਾਂ ਅਤੇ ਗੁਰਦੁਆਰਿਆਂ ਨਾਲ ਸਬੰਧਤ ਰਹੀ ਹੈ। ਮੁਸਲਿਮ ਧਾਰਮਿਕ ਕੱਟੜਵਾਦੀ ਦਹਿਸ਼ਤਗਰਦਾਂ ਨੂੰ, ਅਕਸਰ, ਕੈਨੇਡਾ ਵਿੱਚ ਬੰਬ ਧਮਾਕੇ ਕਰਨ ਦੀਆਂ ਸਾਜ਼ਿਸ਼ਾਂ ਬਨਾਉਣ ਦੇ ਦੋਸ਼ ਅਧੀਨ ਕੈਨੇਡਾ ਦੀ ਰੋਇਲ ਕੈਨੇਡੀਅਨ ਮਾਊਂਟਿਡ ਪੁਲਿਸ ਗ੍ਰਿਫਤਾਰ ਕਰਕੇ ਕੈਨੇਡਾ ਦੀਆਂ ਅਦਾਲਤਾਂ ਵਿੱਚ ਮੁਕੱਦਮੇ ਚਲਾਉਣ ਲਈ ਪੇਸ਼ ਕਰਦੀ ਰਹੀ ਹੈ। ਜਦੋਂ ਕਿ ਸਿੱਖ ਖਾਲਿਸਤਾਨੀ ਧਾਰਮਿਕ ਕੱਟੜਵਾਦੀਆਂ ਉੱਤੇ ਏਅਰ ਇੰਡੀਆ ਦੇ ਜਹਾਜ਼ ਨੂੰ ਬੰਬ ਧਮਾਕਾ ਕਰਕੇ ਤਬਾਹ ਕਰਨ ਦੇ ਦੋਸ਼ ਅਧੀਨ ਮੁਕੱਦਮੇ ਚਲਦੇ ਰਹੇ ਹਨ। ਇਨ੍ਹਾਂ ਬੰਬ ਧਮਾਕਿਆਂ ਵਿੱਚ 329 ਵਿਅਕਤੀ ਮਾਰੇ ਗਏ ਸਨ। ਇਨ੍ਹਾਂ ਧਮਾਕਿਆਂ ਵਿੱਚ ਮਾਰੇ ਗਏ ਵਧੇਰੇ ਵਿਅਕਤੀ ਭਾਰਤੀ ਮੂਲ ਦੇ ਕੈਨੇਡੀਅਨ ਸਨ। ਸਿੱਖ ਧਾਰਮਿਕ ਕੱਟੜਵਾਦੀ ਦਹਿਸ਼ਤਗਰਦਾਂ ਨੇ 1980-1990 ਤੱਕ ਟੋਰਾਂਟੋ, ਬਰੈਂਪਟਨ, ਮਿਸੀਸਾਗਾ, ਹੈਮਿਲਟਨ, ਕੈਲਗਰੀ, ਐਡਮਿੰਟਨ, ਵਿੰਨੀਪੈੱਗ, ਸਰੀ, ਕੈਮਲੂਪਸ ਅਤੇ ਵੈਨਕੂਵਰ ਵਰਗੇ ਕੈਨੇਡਾ ਦੇ ਵੱਡੇ ਵੱਡੇ ਸ਼ਹਿਰਾਂ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕੀਤਾ ਹੋਇਆ ਸੀ। ਸਾਧਾਰਨ ਸਿੱਖ ਸ਼ਰਧਾਲੂ ਗੁਰਦੁਆਰਿਆਂ ਵਿੱਚ ਜਾਣ ਤੋਂ ਵੀ ਡਰਦੇ ਸਨ। ਕਿਉਂਕਿ ਕਿਸੇ ਵਿਅਕਤੀ ਨੂੰ ਵੀ ਭਰੋਸਾ ਨਹੀਂ ਸੀ ਹੁੰਦਾ ਕਿ ਕਿਸ ਗੁਰਦੁਆਰੇ ਵਿੱਚ ਕਦੋਂ ਖਾਲਿਸਤਾਨ ਪੱਖੀ ਧਾਰਮਿਕ ਕੱਟੜਵਾਦੀ ਸਿੱਖ ਦਹਿਸ਼ਤਗਰਦਾਂ ਅਤੇ ਉਨ੍ਹਾਂ ਦਾ ਵਿਰੋਧ ਕਰਨ ਵਾਲਿਆਂ ਦਰਮਿਆਨ ਤਲਵਾਰਾਂ ਚੱਲ ਜਾਣ। ਇਹ ਉਹ ਦਿਨ ਸਨ ਜਦੋਂ ਕੋਈ ਹਫਤਾ ਹੀ ਖਾਲੀ ਜਾਂਦਾ ਸੀ ਜਦੋਂ ਕੈਨੇਡਾ ਦੇ ਮੇਨਸਟਰੀਮ ਟੈਲੀਵੀਜ਼ਨ ਚੈਨਲਾਂ ਉੱਤੇ ਇਨ੍ਹਾਂ ਗੁਰਦੁਆਰਿਆਂ ਵਿੱਚ ਚੱਲਦੀਆਂ ਡਾਂਗਾਂ, ਤਲਵਾਰਾਂ, ਬੰਦੂਕਾਂ ਦੀਆਂ ਘਟਨਾਵਾਂ ਦੀਆਂ ਤਸਵੀਰਾਂ ਨਾ ਦਿਖਾਈਆਂ ਜਾਂਦੀਆਂ ਹੋਣ। ਇਹ ਉਹ ਦਿਨ ਸਨ ਜਦੋਂ ਗੁਰਦੁਆਰਿਆਂ ਦੇ ਅੰਦਰ ਇੱਕ ਦੂਜੇ ਦੀਆਂ ਪੱਗਾਂ ਪੈਰਾਂ ਵਿੱਚ ਰੋਲ ਰਹੇ ਸਿੱਖ ਧਾਰਮਿਕ ਕੱਟੜਵਾਦੀ ਦਹਿਸ਼ਤਗਰਦਾਂ ਦੇ ਟੋਲੇ ਗੁਰਦੁਆਰਿਆਂ ਵਿੱਚ ਆਈ ਸੰਗਤ ਨੂੰ ਵੰਡਣ ਵਾਲੇ ਪ੍ਰਸ਼ਾਦਿ ਦੀਆਂ ਪਰਾਤਾਂ ਨੂੰ ਠੁੱਢੇ ਮਾਰਕੇ ਪ੍ਰਸ਼ਾਦਿ ਪੈਰਾਂ ਵਿੱਚ ਰੋਲਣ ਤੋਂ ਵੀ ਝਿਜਕ ਮਹਿਸੂਸ ਨਹੀਂ ਕਰਦੇ ਸਨ। ਇਹ ਉਹ ਦਿਨ ਸਨ - ਜਦੋਂ ਕੈਨੇਡਾ ਦੇ ਗੁਰਦੁਆਰਿਆਂ ਵਿੱਚ ਡਾਂਗਾਂ ਨਾਲ ਇੱਕ ਦੂਜੇ ਦੇ ਸਿਰ ਪਾੜਦੇ ਸਿੱਖਾਂ ਨੂੰ ਛੁਡਾਉਣ ਲਈ ਕੈਨੇਡਾ ਦੀ ਪੁਲਿਸ ਆਪਣੇ ਸੁਰੱਖਿਆ ਕੁੱਤਿਆਂ ਸਣੇ ਅਤੇ ਬੂਟਾਂ ਸਣੇ ਦਗੜ ਦਗੜ ਕਰਦੀ ਫਿਰਦੀ ਸੀ। ਇਹ ਉਹ ਦਿਨ ਸਨ ਜਦੋਂ ਕੈਨੇਡਾ ਦੀਆਂ ਪੰਜਾਬੀ ਅਖਬਾਰਾਂ, ਪੰਜਾਬੀ ਰੇਡੀਓ ਅਤੇ ਪੰਜਾਬੀ ਟੈਲੀਵੀਜ਼ਨ ਧਾਰਮਿਕ ਕੱਟੜਵਾਦੀ ਦਹਿਸ਼ਤਗਰਦੀ ਦਾ ਧੂੰਆਂਧਾਰ ਪ੍ਰਚਾਰ ਕਰਦੇ ਸਨ ਅਤੇ ਕੈਨੇਡਾ ਦੇ ਪੰਜਾਬੀਆਂ ਦੀ ਮਾਨਸਿਕਤਾ ਵਿੱਚ ਜ਼ਹਿਰ ਭਰ ਰਹੇ ਸਨ। ਇਹ ਉਹ ਦਿਨ ਸਨ ਜਦੋਂ ਸਿੱਖ ਖਾਲਿਸਤਾਨੀ ਧਾਰਮਿਕ ਕੱਟੜਵਾਦੀ ਦਹਿਸ਼ਤਗਰਦ ਕੈਨੇਡਾ ਦੇ ਪੰਜਾਬੀ ਲੇਖਕਾਂ, ਪੱਤਰਕਾਰਾਂ ਅਤੇ ਚਿੰਤਕਾਂ ਦੀ ਜ਼ੁਬਾਨ ਬੰਦ ਕਰਵਾਉਣ ਲਈ ਉਨ੍ਹਾਂ ਉੱਤੇ ਕਾਤਲਾਨਾ ਹਮਲੇ ਕਰ ਰਹੇ ਸਨ। ਅਜੇ ਵੀ ਵਿਸਾਖੀ ਪਰੇਡ ਸਮੇਂ ਅਜੇਹੇ ਸਿੱਖ ਧਾਰਮਿਕ ਕੱਟੜਵਾਦੀ ਦਹਿਸ਼ਤਗਰਦ ਆਪਣੀ ਮਾਨਸਿਕਤਾ ਦਾ ਪ੍ਰਗਟਾਵਾ ਕਰਦੇ ਦਿਖਾਈ ਦਿੰਦੇ ਰਹਿੰਦੇ ਹਨ। ਭਾਵੇਂ ਕਿ ਕੈਨੇਡਾ ਵਿੱਚ ਉਨ੍ਹਾਂ ਦੀ ਹੁਣ ਪਹਿਲਾਂ ਜਿੰਨੀ ਨਾ ਤਾਂ ਮਾਨਤਾ ਹੀ ਰਹੀ ਹੈ ਅਤੇ ਨਾ ਹੀ ਉਨ੍ਹਾਂ ਦਾ ਕੋਈ ਪ੍ਰਭਾਵ ਹੀ ਬਾਕੀ ਰਿਹਾ ਹੈ।
ਕੈਨੇਡਾ ਵਿਚਲੇ ਅਜਿਹੇ ਧਾਰਮਿਕ ਕੱਟੜਵਾਦੀ ਦਹਿਸ਼ਤਗਰਦੀ ਦੇ ਮਾਹੌਲ ਨੂੰ ਕੈਨੇਡਾ ਦੇ ਅਨੇਕਾਂ ਪੰਜਾਬੀ ਕਵੀਆਂ ਨੇ ਆਪਣੀਆਂ ਲਿਖਤਾਂ ਦਾ ਵਿਸ਼ਾ ਬਣਾਇਆ ਹੈ। ਪੇਸ਼ ਹਨ ਕੁਝ ਉਦਾਹਰਣਾਂ:

ਅਸੀਂ, ਕੈਨੇਡਾ ਵੱਸੀਏ ਜਾਂ ਇੰਡੀਆ
ਯੂæਕੇæ ਵੱਸੀਏ ਜਾਂ ਅਮਰੀਕਾ
ਭਾਵੇਂ, ਅਸੀਂ
ਹਾਲੈਂਡ ਜਾਂ ਫਰਾਂਸ ਹੀ
ਵੱਸਦੇ ਹੋਈਏ

ਸ਼ਾਇਦ ਹੀ ਕੋਈ ਅਜਿਹਾ
ਪੰਜਾਬ ਦਾ ਜੰਮਪਲ ਹੋਵੇ
ਜਿਸਨੇ ਆਪਣੇ ਆਪਣੇ ਦੇਸ ਦੇ
ਟੈਲੀਵੀਜ਼ਨ ਸਕਰੀਨਾਂ ਉੱਤੇ

ਕਦੀ ਨ ਕਦੀ
ਮੰਦਿਰਾਂ, ਮਸਜਿਦਾਂ, ਗਿਰਜਿਆਂ ਜਾਂ
ਗੁਰਦੁਆਰਿਆਂ ਅੰਦਰ ਹੁੰਦੇ
ਧਰਮ-ਯੁੱਧ ਦੇ
ਮਨਮੋਹਕ ਦ੍ਰਿਸ਼ ਨ ਦੇਖੇ ਹੋਣ :

ਦਰਸ਼ਨੀ ਚਿਹਰਿਆਂ ਵਾਲਿਆਂ ਦੀਆਂ
ਰੰਗ-ਬਰੰਗੀਆਂ ਦਸਤਾਰਾਂ
ਇੱਕ ਦੂਜੇ ਦੇ
ਪੈਰਾਂ 'ਚ ਰੁਲਦੀਆਂ

ਤਲਵਾਰਾਂ ਦੇ ਫੱਟਾਂ ਨਾਲ ਪਾਟੇ ਹੋਏ
ਔਰਤਾਂ ਅਤੇ ਬੱਚਿਆਂ ਦੇ
ਸਿਰਾਂ 'ਚੋਂ ਵਗ ਰਹੀਆਂ
ਖ਼ੂਨ ਦੀਆਂ ਤਤੀਰੀਆਂ

ਬੂਟਾਂ ਸਣੇ
ਦਗੜ ਦਗੜ ਕਰਦੀ ਪੁਲਿਸ
ਅਤੇ ਉਨ੍ਹਾਂ ਦੇ
ਪੈਰਾਂ 'ਚ ਰੁਲ ਰਹੀ
ਪ੍ਰਸ਼ਾਦਿ ਵਾਲੀ
ਪਰਾਤ ਵਿੱਚ
ਮੂੰਹ ਮਾਰਦੇ
ਪੁਲਿਸ ਦੇ ਕੁੱਤੇ
('ਗਲੋਬਲੀਕਰਨ-14' - ਸੁਖਿੰਦਰ)

ਆਪਣੀ ਸੋਚ ਜਦੋਂ ਜਦੋਂ ਵੀ ਠੋਸੀ, ਤਲਵਾਰਾਂ, ਤ੍ਰਸ਼ੂਲਾਂ ਨੇ
ਲੋਕੀ ਲਹੂ ਲੁਹਾਣ ਕਰੇ ਨੇ, ਧਰਮ ਦਿਆਂ ਵਿਭਚਾਰਾਂ ਨੇæ
  (ਸੁਖਮਿੰਦਰ ਰਾਮਪੁਰੀ)

ਬੁੱਕਲ ਦੇ ਵਿੱਚ ਮੌਤ ਸਮੇਟੀ, ਸਾਡੇ ਵਿਹੜੇ ਆਏ ਦਿਨ,
ਇਹ ਹਿਟਲਰ ਦੇ ਚਾਚੇ-ਤਾਏ, ਔਰੰਗਜ਼ੇਬ ਦੇ ਜਾਏ ਦਿਨæ
(ਕੁਲਵਿੰਦਰ ਖਹਿਰਾ)

'ਮਾਰ ਦੇ ਮੌਲਾ ਦੇ ਨਾਂ 'ਤੇ ਮਾਰ ਦੇ ਮਾਸੂਮ ਨੂੰ'
ਪਾਠ ਅੱਜ ਕੱਲ੍ਹ ਧਰਮ ਦੇ ਨਾਂ ਇਹ ਪੜ੍ਹਾਇਆ ਜਾ ਰਿਹਾæ
  (ਪਾਲ ਢਿੱਲੋਂ)

ਨਫ਼ਰਤ ਦੀ ਹੀ ਗੱਲ ਸਿਖਾਉਂਦੇ ਨੇ ਅੱਜ ਕੱਲ੍ਹ
ਗਿਰਜਾ, ਗੁਰਘਰ, ਮਸਜਿਦ, ਤਕੀਆ, ਮੰਦਰ ਵੀ
  (ਨਦੀਮ ਪਰਮਾਰ)

7æ ਵਹਿਮ-ਭਰਮ, ਠੱਗ-ਬਾਬੇ ਅਤੇ ਵਿਸ਼ਵ-ਚੇਤਨਾ :
ਕੈਨੇਡਾ ਵਰਗੇ ਵਿਕਸਤ ਦੇਸ਼ ਵਿੱਚ ਆ ਕੇ ਵੀ ਅਨੇਕਾਂ ਪੰਜਾਬੀਆਂ ਦੀ ਮਾਨਸਿਕਤਾ ਅਗਿਆਨਤਾ ਦੀ ਜਹਾਲਤ ਵਿੱਚੋਂ ਬਾਹਰ ਨਹੀਂ ਨਿਕਲ ਸਕਦੀ। ਅਜਿਹੇ ਲੋਕਾਂ ਨੂੰ ਜਹਾਲਤ ਵਿੱਚ ਧੱਕੀ ਰੱਖਣ ਲਈ ਕੈਨੇਡਾ ਦੇ ਪੰਜਾਬੀ ਮੀਡੀਆ ਦਾ ਕੁਝ ਹਿੱਸਾ ਬੜੀ ਬੇਸ਼ਰਮੀ ਨਾਲ ਆਪਣਾ ਯੋਗਦਾਨ ਪਾ ਰਿਹਾ ਹੈ। ਜਿਸ ਕਾਰਨ ਅਨੇਕਾਂ ਪੰਜਾਬੀ ਆਪਣੀ ਸਖਤ ਮਿਹਨਤ ਨਾਲ ਕੀਤੀ ਹੋਈ ਕਮਾਈ ਇਨ੍ਹਾਂ ਠੱਗ ਬਾਬਿਆਂ ਦੀ ਝੋਲੀ ਪਾ ਰਹੇ ਹਨ। ਮਾਨਸਿਕ ਤੌਰ ਉੱਤੇ ਅਜਿਹੇ ਅਗਿਆਨੀ ਕੈਨੇਡੀਅਨ ਪੰਜਾਬੀਆਂ ਵਿੱਚ ਯੂਨੀਵਰਸਿਟੀਆਂ ਵਿੱਚੋਂ ਕਾਗਜ਼ੀ ਡਿਗਰੀਆਂ ਪ੍ਰਾਪਤ ਕਰਨ ਵਾਲੇ ਡਾਕਟਰ, ਇੰਜਨੀਅਰ, ਵਕੀਲ, ਪਰੋਫੈਸਰ, ਲੇਖਕ, ਸੰਪਾਦਕ, ਕਲਾਕਾਰ, ਗਾਇਕ, ਸੰਗੀਤਕਾਰ, ਰੇਡੀਓ/ਟੀਵੀ ਸੰਚਾਲਕ, ਅਤੇ ਅਨੇਕਾਂ ਤਰ੍ਹਾਂ ਦੇ ਵਿਉਪਾਰੀ ਵੀ ਸ਼ਾਮਿਲ ਹਨ। ਸਾਡੇ ਸਮਾਜ ਵਿੱਚ ਕੋਹੜ ਫੈਲਾਉਣ ਵਾਲੇ ਇਹ ਠੱਗ-ਬਾਬੇ, ਜੋਤਿਸ਼ੀਆਂ, ਭਾਈਆਂ, ਪੰਡਤਾਂ, ਮੁਲਾਣਿਆਂ, ਪਾਦਰੀਆਂ, ਰਾਗੀਆਂ, ਢਾਡੀਆਂ, ਗੰ੍ਰਥੀਆਂ, ਹਕੀਮਾਂ, ਡਾਕਟਰਾਂ, ਜੰਤਰ-ਮੰਤਰ ਕਰਨ ਵਾਲਿਆਂ, ਜਾਦੂ-ਟੂਣੇ ਹਟਾਉਣ ਵਾਲੇ ਪਾਖੰਡੀ ਲੁਟੇਰਿਆਂ ਦੇ ਮੁਖੌਟੇ ਪਾ ਕੇ ਸਰਗਰਮ ਹਨ। ਇਨ੍ਹਾਂ ਠੱਗ ਬਾਬਿਆਂ ਨੂੰ ਅਕਸਰ ਭਰਿਸ਼ਟ ਰਾਜਨੀਤੀਵਾਨਾਂ, ਧਾਰਮਿਕ ਚੌਧਰੀਆਂ ਅਤੇ ਵਿੱਦਿਅਕ ਅਦਾਰਿਆਂ ਦੇ ਮੁਖੀਆਂ ਦਾ ਵੀ ਸਮਰਥਣ ਪ੍ਰਾਪਤ ਹੁੰਦਾ ਹੈ। ਕੈਨੇਡਾ ਦੀਆਂ ਮੇਨਸਟਰੀਮ ਅਖਬਾਰਾਂ 'ਟੋਰਾਂਟੋ ਸਟਾਰ', 'ਟੋਰਾਂਟੋ ਸੰਨ' ਅਤੇ 'ਗਲੋਬ ਐਂਡ ਮੇਲ' ਵੀ ਅਜਿਹੇ ਠੱਗ ਬਾਬਿਆਂ ਵੱਲੋਂ ਕੈਨੇਡਾ ਵਿੱਚ ਰਹਿਣ ਵਾਲੇ ਭਾਰਤੀ/ਪੰਜਾਬੀ ਮੂਲ ਦੇ ਲੋਕਾਂ ਨਾਲ ਮਾਰੀਆਂ ਜਾ ਰਹੀਆਂ ਠੱਗੀਆਂ ਦਾ ਚਰਚਾ ਵੀ ਕਰਦੀਆਂ ਰਹਿੰਦੀਆਂ ਹਨ; ਪਰ ਇਸਦੇ ਬਾਵਜ਼ੂਦ ਇਸ ਬੀਮਾਰੀ ਦਾ ਕੋਈ ਇਲਾਜ ਨਹੀਂ ਲੱਭਿਆ ਜਾ ਸਕਿਆ। ਪੰਜਾਬੀਆਂ ਦੀ ਮਾਨਸਿਕਤਾ ਵਿੱਚੋਂ ਅਜਿਹੀ ਜਹਾਲਤ ਖਤਮ ਕਰਨ ਲਈ ਨਿਰੰਤਰ ਸਭਿਆਚਾਰਕ ਕ੍ਰਾਂਤੀ ਦਾ ਸੰਘਰਸ਼ ਜਾਰੀ ਰੱਖਣ ਦੀ ਲੋੜ ਹੈ। ਕੈਨੇਡੀਅਨ ਪੰਜਾਬੀ ਸਮਾਜ ਵਿਚਲੇ ਚੇਤੰਨ ਲੋਕਾਂ ਨੂੰ ਆਪਣੀ ਨੈਤਿਕ ਜਿੰਮੇਵਾਰੀ ਸਮਝ ਕੇ ਇਸ ਬੀਮਾਰੀ ਦੇ ਖਿਲਾਫ਼ ਚੇਤਨਾ ਲਹਿਰ ਪੈਦਾ ਕਰਨੀ ਚਾਹੀਦੀ ਹੈ। ਕੈਨੇਡਾ ਵਿੱਚ ਭਾਵੇਂ ਕਿ ਕੁਝ ਸੰਸਥਾਵਾਂ ਅਜਿਹੀ ਚੇਤਨਾ ਲਹਿਰ ਪੈਦਾ ਕਰਨ ਲਈ ਸਰਗਰਮ ਹਨ, ਪਰ ਇਸਦੇ ਬਾਵਜ਼ੂਦ ਕੈਨੇਡੀਅਨ ਪੰਜਾਬੀਆਂ ਦੀ ਮਾਨਸਿਕਤਾ ਵਿੱਚੋਂ ਅਗਿਆਨਤਾ ਦੇ ਜਾਲੇ ਸਾਫ਼ ਨਹੀਂ ਕੀਤੇ ਜਾ ਸਕੇ।
ਕੈਨੇਡੀਅਨ ਪੰਜਾਬੀ ਸਾਹਿਤਕਾਰਾਂ ਵਿਚਲੀ ਚੇਤੰਨ ਲੇਖਕਾਂ ਦੀ ਢਾਣੀ ਵੀ ਇਸ ਵਿਸ਼ੇ ਬਾਰੇ ਆਪਣੀਆਂ ਰਚਨਾਵਾਂ ਲਿਖਦੀ ਰਹਿੰਦੀ ਹੈ। ਪੇਸ਼ ਹਨ ਕੈਨੇਡੀਅਨ ਪੰਜਾਬੀ ਸ਼ਾਇਰੀ 'ਚੋਂ ਕੁਝ ਉਦਾਹਰਣਾਂ:

ਸਤਿਯੰਮ ਸ਼ਿਵਮ ਸੁੰਦਰਮ, ਕਹਿਣ ਵਾਲੇ !
ਇਹ ਸ਼ਾਇਰ ਤੇਰੇ ਨਾਲ ਸਹਿਮਤ ਨਹੀਂ ਹੈ।
ਬੜਾ ਕੋਝ ਵੀ ਹੈ ਧਰਤੀ ਦੇ ਉੱਤੇ,
ਇਹ ਦੁਨੀਆਂ ਨਿਰੀ ਖ਼ੂਬਸੂਰਤ ਨਹੀਂ ਹੈ।
('ਸਤਿਯੰਮ ਸ਼ਿਵਮ ਸੁੰਦਰਮ-1' - ਪ੍ਰੀਤਮ ਸਿੰਘ ਧੰਜਲ)

ਇੱਥੋਂ ਹੀ
ਫਿਰ ਸ਼ੁਰੂ ਹੁੰਦਾ ਹੈ
ਉਨ੍ਹਾਂ ਦੀ ਤਰਾਸਦੀ ਦਾ ਆਰੰਭ

ਉਨ੍ਹਾਂ ਦੀ
ਕਦੀ ਵੀ ਨ ਮੁੱਕਣ ਵਾਲੀ
ਜੰਤਰਾਂ-ਮੰਤਰਾਂ-ਤੰਤਰਾਂ ਦੀਆਂ
ਡੇਰਿਆਂ ਵਰਗੀਆਂ ਦੁਕਾਨਾਂ ਵੱਲ
ਦੌੜ ਦੀ ਸ਼ੁਰੂਆਤ

ਜਿਨ੍ਹਾਂ ਦੇ ਮਹਿਲਾਂ ਵਰਗੇ
ਵੱਡੇ ਹਾਥੀ ਕੱਦ
ਦਰਵਾਜ਼ਿਆਂ ਉੱਤੇ
ਸੁਨਹਿਰੀ ਅੱਖਰਾਂ ਵਿਚ
ਲਿਖਿਆ ਹੁੰਦਾ ਹੈ:
'ਤੁਹਾਡੇ ਸਭ ਦੁੱਖਾਂ ਨੂੰ
ਦੂਰ ਕਰਨ ਲਈ
ਰੱਬ ਵੱਲੋਂ ਤਿਆਰ ਕੀਤੇ ਗਏ
ਰੂਹ-ਅਫਜ਼ਾ-ਸ਼ਰਬਤ ਦੀ
ਸਭ ਤੋਂ ਵੱਡੀ ਅਤੇ
ਅਸਲੀ ਦੁਕਾਨ'

ਇਹੀ ਹੈ ਉਹ ਭੀੜ
ਜੋ ਅਗਿਆਨਤਾ ਦੇ ਚਿੱਕੜ ਵਿੱਚ ਖੁੱਭੀ
ਹਰ ਠੱਗ, ਹਰ ਸੰਤ, ਹਰ ਸਾਧ ਦੇ
ਵਿਹੜੇ ਵਿੱਚ ਆਪਣਾ ਨੱਕ ਰਗੜਦੀ
ਤੁਹਾਨੂੰ ਨਜ਼ਰ ਆਏਗੀ
ਹਰ ਪਾਖੰਡੀ ਗੁਰੂ, ਬਾਬੇ ਦੀਆਂ
ਭੇਡਾਂ ਦੇ ਇੱਜੜ ਵਿੱਚ, ਜਿਸਨੂੰ
ਮੈਂ ਮੈਂ ਕਰਦਿਆਂ ਵੇਖੋਗੇ

ਇਹੀ ਹੈ ਉਹ ਭੀੜ
ਜੋ ਤੁਹਾਨੂੰ ਖੜ੍ਹੀ ਮਿਲੇਗੀ-

ਧਾਰਮਿਕ ਮੱਠਾਂ ਦੀਆਂ ਕੰਧਾਂ ਉਹਲੇ
ਅੰਨ੍ਹੇ ਨਿਸ਼ਾਨਚੀਆਂ ਵਾਂਗ
ਜ਼ਿੰਦਗੀ ਦਾ ਕੋਈ ਨਿਸ਼ਾਨਾ ਮਿੱਥਦੀ
('ਗਲੋਬਲੀਕਰਨ-21' - ਸੁਖਿੰਦਰ)

8æ ਨਵ-ਤਕਨਾਲੋਜੀ ਦੀ ਕੁਵਰਤੋਂ :
ਵਿਗਿਆਨ ਅਤੇ ਤਕਨਾਲੋਜੀ ਦੀ ਸਦਾ ਹੀ ਗਲਤ ਵਰਤੋਂ ਵੀ ਹੁੰਦੀ ਰਹੀ ਹੈ। ਵਿਗਿਆਨ ਅਤੇ ਤਕਨਾਲੋਜੀ ਦੀ ਗਲਤ ਵਰਤੋਂ ਦੀ ਸਭ ਤੋਂ ਵੱਡੀ ਮਿਸਾਲ ਅਮਰੀਕਾ ਵੱਲੋਂ ਦੂਜੇ ਵਿਸ਼ਵ ਯੁੱਧ ਦੌਰਾਨ ਜਾਪਾਨ ਦੇ ਸ਼ਹਿਰਾਂ ਨਾਗਾਸਾਕੀ ਅਤੇ ਹੀਰੋਸ਼ੀਮਾ ਉੱਤੇ ਐਟਮ ਬੰਬ ਸੁੱਟ ਕੇ ਲੱਖਾਂ ਲੋਕ ਮਾਰ ਦੇਣਾ ਸੀ। ਨਿਊਕਲੀਅਰ ਇਨਰਜੀ ਦੇ ਮਹਾਨ ਵਿਗਿਆਨੀ ਅਲਬਰਟ ਆਈਨਸਟਾਈਨ ਨੇ ਇਸ ਘਟਨਾ ਤੋਂ ਬਾਅਦ ਆਪਣੇ ਆਪ ਨੂੰ ਹੀ ਕੋਸਦਿਆਂ ਹੋਇਆਂ ਕਿਹਾ ਸੀ ਕਿ ਮੈਂ ਮਨੁੱਖਤਾ ਨੂੰ ਨਿਊਕਲੀਅਰ ਇਨਰਜੀ ਦੀ ਅਜਿਹੀ ਤਾਕਤ ਬਾਰੇ ਜਾਣਕਾਰੀ ਇਸ ਲਈ ਤਾਂ ਨਹੀਂ ਦਿੱਤੀ ਸੀ ਕਿ ਇਸਨੂੰ ਮਨੁੱਖਤਾ ਦੀ ਤਬਾਹੀ ਲਈ ਹੀ ਵਰਤਿਆ ਜਾਵੇਗਾ? ਅੱਜ ਵੀ ਅਨੇਕਾਂ ਗ਼ੈਰਜਿੰਮੇਵਾਰ ਲੋਕ ਇੰਟਰਨੈੱਟ ਅਤੇ ਵਾਇਰਲੈੱਸ ਤਕਨਾਲੋਜੀ ਦੀ ਕੁਵਰਤੋਂ ਕਰਕੇ ਮਨੁੱਖ ਵਿਰੋਧੀ ਕੰਮ ਕਰ ਰਹੇ ਹਨ। ਇੰਟਰਨੈੱਟ  ਤਕਨਾਲੋਜੀ ਵਿੱਚ ਆਏ ਇਨਕਲਾਬ ਨੂੰ ਮਨੁੱਖਤਾ ਦੇ ਲਾਭ ਲਈ ਸੰਚਾਰ ਸੇਵਾਵਾਂ ਲਈ ਵਰਤਿਆ ਜਾਣਾ ਚਾਹੀਦਾ ਹੈ ਤਾਂ ਜੁ ਉਨ੍ਹਾਂ ਇਲਾਕਿਆਂ ਵਿੱਚ ਵੀ ਵਿਦਿਆ ਦਾ ਪਾਸਾਰ ਕੀਤਾ ਜਾ ਸਕੇ ਜਿੱਥੇ ਕਿ ਲੋਕ ਪ੍ਰੰਪਰਕ ਢੰਗਾਂ ਨਾਲ ਵਿੱਦਿਆ ਪ੍ਰਾਪਤ ਨਹੀਂ ਕਰ ਸਕਦੇ। ਨਵੀਂ ਤਕਨਾਲੋਜੀ ਨੂੰ ਦੂਰ ਦੁਰਾਡੇ ਰਹਿ ਰਹੇ ਲੋਕਾਂ ਨੂੰ ਬਾਕੀ ਦੁਨੀਆਂ ਨਾਲ ਜੋੜਨ ਲਈ ਬਾਕੀ ਦੁਨੀਆਂ ਬਾਰੇ ਜਾਣਕਾਰੀ ਪਹੁੰਚਾਉਣ ਲਈ ਵੀ ਵਰਤਿਆ ਜਾ ਸਕਦਾ ਹੈ। ਉਨ੍ਹਾਂ ਨੂੰ ਬਾਕੀ ਦੁਨੀਆ ਦੇ ਲੋਕਾਂ ਵਾਂਗ ਹੀ ਮਨੋਰੰਜਨ ਦੇ ਸਾਧਨਾਂ ਨਾਲ ਜੋੜਿਆ ਜਾ ਸਕਦਾ ਹੈ। ਪਰ ਇਸ ਤਕਨਾਲੋਜੀ ਦੀ ਕੁਵਰਤੋਂ ਕਰਨ ਵਾਲੇ ਲੋਕ ਵਾਇਰਲੈੱਸ ਤਕਨਾਲੋਜੀ ਨੂੰ ਲੋਕਾਂ ਵਿੱਚ ਦਹਿਸ਼ਤ ਫੈਲਾਉਣ ਲਈ ਵਰਤ ਰਹੇ ਹਨ, ਸੈਕਸ ਟਰੇਡ ਲਈ ਵਰਤ ਰਹੇ ਹਨ ਜਾਂ ਆਤਮਘਾਤੀ ਬੰਬ ਧਮਾਕੇ ਕਰਕੇ ਮਨੁੱਖਤਾ ਦੀ ਬਰਬਾਦੀ ਕਰਨ ਲਈ ਵਰਤ ਰਹੇ ਹਨ। ਕੈਨੇਡਾ ਦੇ ਕੁਝ ਪੰਜਾਬੀ ਕਵੀਆਂ ਨੇ ਇਸ ਵਿਸ਼ੇ ਨੂੰ ਵੀ ਆਪਣੀਆਂ ਰਚਨਾਵਾਂ ਲਈ ਵਰਤਿਆ ਹੈ। ਪੇਸ਼ ਹਨ ਕੁਝ ਉਦਾਹਰਣਾਂ:

ਬਿਰਖ ਦੀ ਨਿੱਘ 'ਚ
ਊਂਘ ਰਹੇ ਬਾਂਦਰ ਨੇ
ਬੰਬ ਦਾ ਧਮਾਕਾ ਸੁਣ
ਅੱਭੜਵਾਹੇ ਛਾਲ ਮਾਰੀ ਹੈ
ਤੇ ਗੁੱਸੇ ਹੋ ਰਿਹਾ ਹੈ:
'ਬੰਦੇ ਨੂੰ ਮੇਰੀ ਉਲਾਦ ਨਾ ਕਹੋ'
('ਡਾਰਵਨ ਦੀ ਪੁਸਤਕ' - ਅਜਮੇਰ ਰੋਡੇ)

ਗਲੋਬ ਦੇ ਕਿਸੇ ਵੀ ਹਿੱਸੇ ਵਿੱਚ
ਵਾਪਰਿਆ ਹਾਲਾਕਾਸਟ, ਹਾਸੇ ਮਜ਼ਾਕ
ਜਾਂ ਚੁਟਕਲਿਆਂ ਦਾ ਵਿਸ਼ਾ
ਨਹੀਂ ਹੋ ਸਕਦਾ-

ਇਹ ਤਾਂ ਸਮੁੱਚੀ
ਮਨੁੱਖਤਾ ਦੇ ਮੱਥੇ ਉੱਤੇ
ਲੱਗਿਆ ਕਲੰਕ ਹੈ

ਮਨੁੱਖੀ ਇਤਿਹਾਸ ਵਿਚ ਵਾਪਰੇ
ਦਰਿੰਦਗੀ ਦੇ, ਇਹ ਸ਼ਰਮਨਾਕ ਹਾਦਸੇ
ਸਾਡੇ ਮੱਥਿਆਂ ਵਿੱਚ, ਸਦਾ ਹੀ
ਨਾਸੂਰ ਬਣ ਕੇ ਰਿਸਦੇ ਰਹਿਣਗੇ

ਹਾਲਾਕਾਸਟ, ਚਾਹੇ
ਨਾਗਾਸਾਕੀ ਅਤੇ ਹੀਰੋਸ਼ੀਮਾ ਉਤੇ ਸੁੱਟੇ
ਅਮਰੀਕਾ ਦੇ ਐਟਮੀ ਬੰਬਾਂ ਨਾਲ
 ਵਾਪਰਿਆ ਹੋਵੇ
ਜਾਂ ਹਿਟਲਰ ਦੀਆਂ ਨਾਜ਼ੀ ਫੌਜਾਂ ਵੱਲੋਂ
ਲੱਖਾਂ ਮਾਸੂਮ ਯਹੂਦੀਆਂ ਨੂੰ
ਗੈਸ ਚੈਂਬਰਾਂ ਵਿੱਚ ਸਾੜਨ ਨਾਲ
('ਗਲੋਬਲੀਕਰਨ-1' - ਸੁਖਿੰਦਰ)

9æ ਗਲੋਬਲ ਵਾਰਮਿੰਗ ਅਤੇ ਵਾਤਾਵਰਨ ਪ੍ਰਦੂਸ਼ਨ :
ਕੈਨੇਡੀਅਨ ਪੰਜਾਬੀ ਕਵਿਤਾ ਵਿੱਚ ਗਲੋਬਲ ਵਾਰਮਿੰਗ ਅਤੇ ਵਾਤਾਵਰਨ ਪ੍ਰਦੂਸ਼ਨ ਦਾ ਵਿਸ਼ਾ ਇੱਕ ਮਹੱਤਵ-ਪੂਰਨ ਵਿਸ਼ਾ ਬਣ ਚੁੱਕਾ ਹੈ; ਪਰ ਪੰਜਾਬੀ ਆਲੋਚਕਾਂ ਨੇ ਕੈਨੇਡੀਅਨ ਪੰਜਾਬੀ ਕਵਿਤਾ ਦੇ ਸੰਦਰਭ ਵਿੱਚ ਇਸ ਵਿਸ਼ੇ ਬਾਰੇ ਕਦੀ ਗੰਭੀਰ ਸੰਵਾਦ ਛੇੜਨ ਦੀ ਲੋੜ ਨਹੀਂ ਸਮਝੀ। ਇਹ ਉਹ ਵਿਸ਼ਾ ਹੈ ਜੋ ਧਰਤੀ ਦੀ ਸਿਹਤ ਨਾਲ ਜੁੜਿਆ ਹੋਇਆ ਹੈ। ਜੋ ਹਵਾ, ਪਾਣੀ ਨਾਲ ਜੁੜਿਆ ਹੋਇਆ ਹੈ - ਜੋ ਹਰ ਮਨੁੱਖ, ਜਾਨਵਰ, ਫੁੱਲਾਂ, ਪੌਦਿਆਂ ਦੀ ਸਿਹਤ ਨਾਲ ਜੁੜਿਆ ਹੋਇਆ ਹੈ। ਜੇਕਰ ਅਸੀ ਧਰਤੀ ਦੇ ਵਾਤਾਵਰਨ ਵਿੱਚ ਸੰਤੁਲਨ ਨਾ ਰੱਖ ਸਕੇ, ਜੇਕਰ ਅਸੀਂ ਕੁਦਰਤੀ ਸੋਮਿਆਂ ਨੂੰ ਪ੍ਰਦੂਸ਼ਿਤ ਕਰਦੇ ਰਹੇ ਤਾਂ ਧਰਤੀ ਉੱਤੇ ਭਿਆਨਕ ਤਬਾਹੀ ਆਵੇਗੀ। ਜਿਸ ਲਈ ਇਸ ਧਰਤੀ ਉੱਤੇ ਰਹਿਣ ਵਾਲਾ ਹਰ ਮਨੁੱਖ ਜਿੰਮੇਵਾਰ ਹੋਵੇਗਾ। ਕੈਨੇਡੀਅਨ ਸਮਾਜ ਵਿੱਚ ਗਲੋਬਲ ਵਾਰਮਿੰਗ ਦਾ ਬਹੁਤ ਚਰਚਾ ਹੈ। ਕੈਨੇਡਾ ਦੀਆਂ ਅਖਬਾਰਾਂ / ਮੈਗਜ਼ੀਨ / ਰੇਡੀਓ / ਟੈਲੀਵੀਜ਼ਨ ਗਲੋਬਲ ਵਾਰਮਿੰਗ ਬਾਰੇ ਸੰਵਾਦ ਛੇੜ ਰਹੇ ਹਨ। ਇੱਥੋਂ ਤੱਕ ਕਿ 2008 ਵਿੱਚ ਕੈਨੇਡਾ ਦੀ ਪਾਰਲੀਮੈਂਟ ਦੀਆਂ ਚੋਣਾਂ ਵਿੱਚ ਇਹ ਇੱਕ ਮੁੱਖ ਚੋਣ ਮੁੱਦਾ ਸੀ। ਕੈਨੇਡਾ ਵਿੱਚ ਬਕਾਇਦਾ ਗਰੀਨ ਪਾਰਟੀ ਪਾਰਲੀਮਂੈਟ ਦੀਆਂ ਚੋਣਾਂ ਵੀ ਲੜਦੀ ਹੈ।  ਕਿਉਂਕਿ ਗਲੋਬਲ ਵਾਰਮਿੰਗ ਸਦਕਾ ਮੌਸਮਾਂ ਵਿੱਚ ਤਬਦੀਲੀਆਂ ਆਉਣ ਕਾਰਨ ਕੈਨੇਡਾ ਦੇ ਵਾਤਾਵਰਨ ਉੱਤੇ ਬਹੁਤ ਅਸਰ ਹੋ ਰਿਹਾ ਹੈ। ਵਿਸ਼ੇਸ਼ ਕਰਕੇ ਆਰਕਟਿਕ ਦੇ ਇਲਾਕੇ ਵਿੱਚ ਬਹੁਤ ਬਰਫ਼ ਪਿਘਲ ਰਹੀ ਹੈ। ਕੈਨੇਡੀਅਨ ਪੰਜਾਬੀ ਕਵਿਤਾ ਵਿੱਚ ਕੈਨੇਡਾ ਦੇ ਨਾਲ ਨਾਲ ਵਿਸ਼ਵ ਪੱਧਰ ਉੱਤੇ ਹੋ ਰਹੇ ਗਲੋਬਲ ਵਾਰਮਿੰਗ ਦੇ ਅਸਰ ਬਾਰੇ ਵੀ ਬਹੁਤ ਕੁਝ ਲਿਖਿਆ ਗਿਆ ਹੈ। ਪੇਸ਼ ਹਨ ਇਸ ਵਿਸ਼ੇ ਬਾਰੇ ਸੰਵਾਦ ਛੇੜਦੀਆਂ ਕੁਝ ਉਦਾਹਰਣਾਂ :

ਵਾਤਾਵਰਨ ਨੂੰ ਮਨੁੱਖ ਦਾ ਖੋਰਾ ਲੱਗ ਚੁੱਕਾ ਹੈ,
ਜ਼ਿੰਦਗੀ ਨੂੰ ਮੌਤ ਦਾ ਢੋਰਾ ਲੱਗ ਚੁੱਕਾ ਹੈæ
ਗਲੋਬਲ ਵਾਰਮਿੰਗ, ਇਕ ਸਵਾਲ ?
('ਗਲੋਬਲ ਵਾਰਮਿੰਗ' - ਰਵਿੰਦਰ ਰਵੀ)

ਸਾਡੀ ਉਦਯੋਗਿਕ ਕ੍ਰਾਂਤੀ ਨੇ
ਕੁਦਰਤ ਦਾ ਸਗਲਾ ਸਾਹ-ਸਤ ਪੀਤਾ ਹੈ

ਵਾਯੂ-ਮੰਡਲ 'ਚ ਚਾਰੇ ਪਾਸੇ
ਮਾਰੂ ਜ਼ਹਿਰ ਘੁਲ ਗਇਆ ਹੈ
ਹਵਾ ਤੇ ਪਾਣੀ 'ਚ
ਸਾਡੀ ਸੋਚ ਤੇ ਅਮਲ ਦਾ
ਕੁਕਰਮ ਘੁਲ ਗਇਆ ਹੈ
('ਤਪਦਾ ਧਰਤ-ਗੋਲਾ' - ਮਨਜੀਤ ਮੀਤ)

ਲਾਰੈਂਸ ਦਰਿਆ ਵਿੱਚ
ਤੰਗ ਸੋਚ ਵਾਲੇ ਕਾਰਖਾਨੇਦਾਰਾਂ ਨੇ
ਏਨਾਂ ਮਰਕਰੀ ਸੁੱਟਿਆ
ਕਿ ਉਸਦੇ ਪਾਣੀਆਂ ਦੀ ਰੌਣਕ
ਰੰਗ-ਬਰੰਗੀਆਂ ਮੱਛੀਆਂ
ਤੜਪ ਤੜਪ ਕੇ ਮਰ ਗਈਆਂ

ਆਦਮੀ ਕਦ ਸਿੱਖੇਗਾ
ਜ਼ਿੰਦਗੀ ਦੇ ਸੋਮਿਆਂ
ਦਰਿਆਵਾਂ ਦੀ ਕਦਰ ਕਰਨੀ-

ਦਰਿਆਵਾਂ ਨੇ, ਆਦਮੀ ਨੂੰ
ਕਦੀ ਨਹੀਂ ਕਹਿਣਾ:

ਸਾਡੀ ਮੌਤ, ਧਰਤੀ 'ਤੇ ਵੱਸਦੇ
ਸਭ ਜੀਵ-ਜੰਤੂਆਂ ਦੀ ਮੌਤ ਹੋਵੇਗੀ
('ਗਲੋਬਲੀਕਰਨ-18' - ਸੁਖਿੰਦਰ)

ਹਵਾ ਆਖਦੀ
ਕਿਹੋ ਜਿਹੀ ਤੂੰ ਜ਼ਿੰਦਗੀ ਜੀਊਂਦਾਂ
ਕਿਹੋ ਜਿਹੇ ਸਾਹ ਤੂੰ ਲੈਂਦਾਂ
ਮੇਰੇ ਰਾਹੀਂ ਤੇਰੇ ਵੱਲ
ਨਾ ਕੋਈ ਭੇਜੇ ਸੁੱਖ ਸੁਨੇਹਾ
ਨਾ ਕੋਈ ਯਾਦ ਪੁਰਾਣੀ
ਤੇਰਾ ਮੇਰਾ ਰਿਸ਼ਤਾ
ਕੱਲਾ ਸਾਹ ਦਾ ਰਿਸ਼ਤਾ ਨਾ ਸੀ
ਸੈਰ ਗਏ ਨੂੰ
ਹਵਾ ਆਖਦੀ
ਘਾਹ ਪੁੱਛਦਾ ਹੈ
ਕਰਦੇ ਰੁੱਖ ਸ਼ਿਕਾਇਤ
('ਸੈਰ ਗਏ ਨੂੰ' -ਸਾਧੂ ਬਿਨਿੰਗ)

10æ ਵਿਸ਼ਵ-ਮੰਡੀ ਸਭਿਆਚਾਰ :
ਨਵ-ਪੂੰਜੀਵਾਦ ਵਿਸ਼ਵ-ਮੰਡੀਆਂ ਦੀ ਭਾਲ ਵਿੱਚ ਵਿਸ਼ਵ-ਮੰਡੀ ਸਭਿਆਚਾਰ ਨੂੰ ਬਹੁ-ਦਿਸ਼ਾਵੀ ਹਥਿਆਰ ਵਾਂਗ ਵਰਤਦਾ ਹੈ। ਕਿਸੇ ਵੀ ਦੇਸ਼ ਨੂੰ ਆਪਣੀ ਮੰਡੀ ਬਨਾਉਣ ਤੋਂ ਪਹਿਲਾਂ ਨਵ-ਪੂੰਜੀਵਾਦ ਉਸ ਦੇਸ਼ ਦੇ ਲੋਕਾਂ ਦੀ ਮਾਨਸਿਕਤਾ ਉੱਤੇ ਹਮਲਾ ਕਰਦਾ ਹੈ। ਉਸ ਦੇਸ਼ ਦਾ ਸਾਹਿਤ, ਸੰਗੀਤ, ਕਲਾ, ਫਿਲਮਾਂ, ਗਾਇਕੀ, ਮੀਡੀਆ, ਖੇਡਾਂ, ਰਹਿਣ-ਸਹਿਣ - ਜ਼ਿੰਦਗੀ ਨਾਲ ਸਬੰਧਤ ਹਰ ਖੇਤਰ ਹੀ ਵਿਸ਼ਵ-ਮੰਡੀ ਸਭਿਆਚਾਰ ਦੇ ਨਿਸ਼ਾਨੇ ਉੱਤੇ ਹੁੰਦਾ ਹੈ। ਇਸ ਸਭਿਆਚਾਰ ਦਾ ਅਸਰ ਕਬੂਲ ਲੈਣ ਤੋਂ ਬਾਹਦ ਨਵ-ਪੂੰਜੀਵਾਦ ਦੇ ਨਿਸ਼ਾਨੇ ਦੀ ਮਾਰ ਹੇਠ ਆਏ ਦੇਸ਼ ਦੇ ਲੋਕ ਕਿਸੇ ਵੀ ਗੱਲ ਦਾ ਫੈਸਲਾ ਕਰਨ ਲਈ ਆਪਣਾ ਦਿਮਾਗ਼ ਵਰਤਣਾ ਬੰਦ ਕਰ ਦਿੰਦੇ ਹਨ। ਉਹ ਟੈਲੀਵੀਜ਼ਨ ਦੇ ਸਕਰੀਨਾਂ ਜਾਂ ਰੇਡੀਓ ਪ੍ਰੋਗਰਾਮਾਂ ਰਾਹੀਂ ਹਵਾ ਵਿੱਚ ਗੂੰਜ ਰਹੇ ਸਲਾਹਕਾਰਾਂ ਦੇ ਵਿਚਾਰ ਸੁਣਕੇ ਜਾਂ ਮੈਗਜ਼ੀਨਾਂ / ਅਖਬਾਰਾਂ ਵਿੱਚ ਪ੍ਰਕਾਸ਼ਿਤ ਹੋ ਰਹੀਆਂ ਲਿਖਤਾਂ ਨੂੰ ਪੜ੍ਹਕੇ ਹੀ ਹਰ ਕੰਮ ਕਰਦੇ ਹਨ। ਉਨ੍ਹਾਂ ਲੋਕਾਂ ਲਈ ਇਸ ਗੱਲ ਦੀ ਕੋਈ ਮਹੱਤਤਾ ਬਾਕੀ ਨਹੀਂ ਰਹਿ ਜਾਂਦੀ ਕਿ ਕੋਈ ਗੱਲ ਕਰਨ ਨਾਲ ਮਨੁੱਖੀ ਜ਼ਿੰਦਗੀ ਵਿੱਚ ਖੂਬਸੂਰਤੀ ਆਵੇਗੀ ਜਾਂ ਕਿ ਬਦਸੂਰਤੀ? ਮੀਡੀਆ ਰਾਹੀਂ ਪੇਸ਼ ਹੋ ਰਹੇ ਅਜਿਹੇ ਸਲਾਹਕਾਰ, ਦਰਅਸਲ, ਵਿਸ਼ਵ-ਮੰਡੀ ਸਭਿਆਚਾਰ ਦੀ ਮਾਨਸਿਕਤਾ ਦਾ ਢੰਡੋਰਾ ਪਿੱਟਣ ਵਾਲੇ ਖ੍ਰੀਦੇ ਹੋਏ ਪ੍ਰਚਾਰਕ ਲੇਖਕ / ਆਲੋਚਕ / ਸਭਿਆਚਾਰਕ ਚਿੰਤਕ ਅਤੇ ਆਰਥਿਕ ਮਾਹਿਰ ਹੀ ਹੁੰਦੇ ਹਨ।
ਪਰ ਨਵ-ਪੂੰਜੀਵਾਦ ਵਿਸ਼ਵ-ਮੰਡੀ ਸਭਿਆਚਾਰ ਦੇ ਪਾਸਾਰ ਹਿਤ ਹਰ ਕੰਮ ਸ਼ਾਂਤੀ ਅਤੇ ਪਿਆਰ ਦੀ ਜ਼ੁਬਾਨ ਬੋਲ ਕੇ ਨਹੀਂ ਕਰਦਾ। ਜਿਹੜਾ ਦੇਸ਼ ਵਿਸ਼ਵ-ਮੰਡੀ ਸਭਿਆਚਾਰ ਦੇ ਪਾਸਾਰ ਲਈ ਆਪਣੇ ਦੇਸ਼ ਦੀ ਮੰਡੀ ਦੇ ਦਰਵਾਜ਼ੇ ਖੋਲ੍ਹਣ ਲਈ ਤਿਆਰ ਨਹੀਂ ਹੁੰਦਾ - ਉਸ ਦੇਸ਼ ਵਿਰੁੱਧ ਸ਼ਕਤੀ ਦਾ ਪ੍ਰਦਰਸ਼ਨ ਕੀਤਾ ਜਾਂਦਾ ਹੈ। ਸਾਡੇ ਸਮਿਆਂ ਵਿੱਚ ਇਸ ਦੀ ਸਭ ਤੋਂ ਵੱਡੀ ਮਿਸਾਲ ਵਿਸ਼ਵ ਦੀ ਸੁਪਰਪਾਵਰ ਅਮਰੀਕਾ ਵੱਲੋਂ ਇਰਾਕ ਉੱਤੇ ਸ਼ਰੇਆਮ ਕੀਤਾ ਗਿਆ ਫੌਜੀ ਹਮਲਾ ਹੈ। ਇੱਥੋਂ ਤੱਕ ਕਿ ਅਮਰੀਕਾ ਨੇ ਨਾ ਤਾਂ ਯੂæਐਨæਓæ ਦੇ ਵਿਚਾਰਾਂ ਦੀ ਹੀ ਕੋਈ ਪ੍ਰਵਾਹ ਕੀਤੀ ਅਤੇ ਨਾ ਹੀ ਵਿਸ਼ਵ-ਪੱਧਰ ਉੱਤੇ ਲੋਕ ਰਾਏ ਦੀ ਹੀ। ਆਪਣੀ ਗੱਲ ਮਨਵਾਉਣ ਲਈ ਅਮਰੀਕਾ ਨੇ ਇਰਾਕ ਉੱਤੇ ਕਾਰਪੈੱਟ ਬੰਬਾਰੀ ਕਰਕੇ ਨ ਸਿਰਫ ਉਸ ਦੇਸ਼ ਦੇ ਲੱਖਾਂ ਬੇਗੁਨਾਹ ਲੋਕ ਮਾਰ ਦਿੱਤੇ; ਬਲਕਿ ਉਸ ਦੇਸ਼ ਦੇ ਸਭਿਆਚਾਰਕ, ਆਰਥਿਕ ਅਤੇ ਤਕਨੀਕੀ ਸੰਸਥਾਨ ਵੀ ਤਬਾਹ ਕਰ ਦਿੱਤੇæ ਤਕਰੀਬਨ 10 ਸਾਲ ਬੀਤ ਜਾਣ ਤੋਂ ਬਾਹਦ ਵੀ ਅਮਰੀਕਾ ਇਰਾਕ 'ਚੋਂ ਆਪਣੀਆਂ ਧਾੜਵੀ ਫੌਜਾਂ ਵਾਪਸ ਬੁਲਾਉਣ ਲਈ ਰਾਜ਼ੀ ਨਹੀਂ ਹੋ ਰਿਹਾ। ਇਰਾਕ ਦੀ ਅੰਤਾਂ ਦੀ ਤਬਾਹੀ ਕਰਨ ਤੋਂ ਬਾਹਦ, ਲੱਖਾਂ ਮਾਸੂਮ, ਬੇਗੁਨਾਹ ਲੋਕਾਂ ਨੂੰ ਕਤਲ ਕਰਨ ਤੋਂ ਬਾਹਦ, ਉਸ ਦੇਸ਼ ਦੇ ਲੋਕਾਂ ਦੀ ਮਾਨਸਿਕਤਾ ਨੂੰ ਬੁਰੀ ਤਰ੍ਹਾਂ ਜ਼ਖਮੀ ਕਰਨ ਤੋਂ ਬਾਹਦ ਅਜੇ ਵੀ ਅਮਰੀਕਾ ਇਸ ਗੱਲ ਦਾ ਪਾਖੰਡ ਕਰਨ ਤੋਂ ਬਾਝ ਨਹੀਂ ਆ ਰਿਹਾ ਕਿ ਉਹ ਇਰਾਕ ਵਿੱਚ ਡੈਮੋਕਰੇਸੀ ਲਿਆ ਰਿਹਾ ਹੈ। ਇਰਾਕ ਵਿੱਚ ਵਿਸ਼ਵ-ਮੰਡੀ ਸਭਿਆਚਾਰ ਦੀ ਹਿਮਾਇਤੀ ਅਤੇ ਆਪਣੀ ਪਿੱਠੂ ਸਰਕਾਰ ਬਿਠਾਉਣ ਤੋਂ ਬਾਹਦ ਵੀ ਅਮਰੀਕਾ ਇਰਾਕ ਨੂੰ ਅਜੇ ਅਗਲੇ ਕਈ ਦਹਾਕਿਆਂ ਤੱਕ ਸਮਾਜਿਕ, ਰਾਜਨੀਤਿਕ, ਆਰਥਿਕ ਅਤੇ ਸਭਿਆਚਾਰਕ ਤੌਰ ਉੱਤੇ ਗੁਲਾਮ ਬਣਾਈ ਰੱਖਣ ਲਈ ਆਪਣੀਆਂ ਫੌਜਾਂ ਦੇ ਕੁਝ ਹਿੱਸੇ ਨੂੰ ਤਾਇਨਾਤ ਕਰੀ ਰੱਖੇਗਾ। ਇਰਾਕ ਦੀ ਘੋਰ ਤਬਾਹੀ ਕਰਨ ਤੋਂ ਬਾਹਦ ਇਰਾਕ ਨੂੰ ਆਰਥਿਕ ਤੌਰ ਉੱਤੇ ਲੁੱਟਣ ਲਈ ਅਮਰੀਕਾ ਨੇ ਆਪਣੇ ਦੇਸ਼ ਦੀਆਂ ਵੱਖ ਵੱਖ ਮੈਗਾ ਕੰਪਨੀਆਂ ਨੂੰ ਉਸ ਦੇਸ਼ ਦੀ ਮੁੜ ਉਸਾਰੀ ਕਰਨ ਲਈ ਠੇਕੇ ਦੇ ਦਿੱਤੇ ਅਤੇ ਉਸ ਦੇਸ਼ ਦੇ ਮੁੱਖ ਕੁਦਰਤੀ ਸੋਮੇ ਤੇਲ ਨੂੰ ਕੌਡੀਆਂ ਦੇ ਭਾਅ ਲੁੱਟਣ ਲਈ ਅਮਰੀਕਾ ਦੀਆਂ ਤੇਲ ਕੰਪਨੀਆਂ ਨੂੰ ਠੇਕੇ ਦੇ ਦਿੱਤੇ। ਵਿਸ਼ਵ ਮੰਡੀਆਂ ਦੀ ਭਾਲ ਵਿੱਚ ਵਿਸ਼ਵ ਦੇ ਕੋਨੇ ਕੋਨੇ ਵਿੱਚ ਜੰਗ ਦੇ ਭਾਂਬੜ ਬਾਲਣ ਦੀ ਸਜ਼ਾ ਆਖਿਰ ਅਮ੍ਰੀਕਾ ਨੂੰ ਵੀ ਮਿਲਣੀ ਸ਼ੁਰੂ ਹੋ ਗਈ ਹੈ। ਅਮਰੀਕਾ ਦੇ ਰਾਜਨੀਤੀਵਾਨਾਂ ਨੇ ਅਜਿਹਾ ਕਦੀ ਸੋਚਿਆ ਵੀ ਨਹੀਂ ਹੋਵੇਗਾ ਕਿ ਉਨ੍ਹਾਂ ਨੂੰ ਏਨੀ ਜਲਦੀ ਆਪਣੇ ਕੁਕਰਮਾਂ ਦੀ ਸਜ਼ਾ ਮਿਲ ਜਾਵੇਗੀ। ਇਸ ਸਮੇਂ ਅਮਰੀਕਾ ਜਿਸ ਤਰ੍ਹਾਂ ਦੇ ਆਰਥਿਕ  ਮੰਦਵਾੜੇ ਵਿੱਚੋਂ ਲੰਘ ਰਿਹਾ ਹੈ ਉਸ ਤਰ੍ਹਾਂ ਦੀ ਹਾਲਤ ਦਾ ਸਾਹਮਣਾ ਉਸਨੂੰ ਪਿਛਲੇ 50 ਸਾਲਾਂ ਵਿੱਚ ਕਦੀ ਨਹੀਂ ਸੀ ਕਰਨਾ ਪਿਆ। ਅਮਰੀਕਾ ਦੀ ਆਰਥਿਕਤਾ ਵਿੱਚੋਂ ਹਰ ਸਾਲ ਕਈ ਟਰਿਲੀਅਨ ਡਾਲਰ ਕੱਢ ਕੱਢ ਕੇ ਦੁਨੀਆਂ ਦੇ ਕੋਨੇ ਕੋਨੇ ਵਿੱਚ ਜੰਗ ਦੇ ਭਾਂਬੜ ਬਾਲ ਕੇ ਮਹਿਜ਼ ਤਮਾਸ਼ਾ ਦੇਖਣ ਵਾਲਿਆਂ ਦਾ ਖਜ਼ਾਨਾ ਕਦੀ ਤਾਂ ਖਾਲੀ ਹੋਣਾ ਹੀ ਸੀ? ਅਮਰੀਕਾ ਦੇ ਰਾਜਨੀਤੀਵਾਨਾਂ ਨੂੰ ਇਹ ਗੱਲ ਵੀ ਚੰਗੀ ਤਰ੍ਹਾਂ ਸਮਝ ਲੈਣੀ ਚਾਹੀਦੀ ਹੈ ਕਿ ਅਮਰੀਕਾ ਦੀ ਆਰਥਿਕਤਾ ਵਿੱਚੋਂ ਹਰ ਸਾਲ ਕਈ ਕਈ ਟਰਿਲੀਅਨ ਅਮਰੀਕਨ ਡਾਲਰ ਕੱਢ ਕੇ ਜੰਗ ਦੇ ਭਾਂਬੜਾਂ ਦੀ ਲੋਹੜੀ ਬਾਲ ਕੇ ਸੇਕਣ ਨਾਲ ਅਮਰੀਕਾ ਦੀ ਆਪਣੀ ਆਰਥਿਕਤਾ ਦੀ ਵੀ ਤਬਾਹੀ ਹੋਵੇਗੀ।
ਵਿਸ਼ਵ-ਮੰਡੀ ਸਭਿਆਚਾਰ ਵਿੱਚ ਹਰ ਕੋਈ ਦਿਨ ਰਾਤ ਘਰਾਂ ਨੂੰ ਚਮਕ ਦਮਕ ਦੇਣ ਵਾਲੀਆਂ ਵਸਤਾਂ ਨਾਲ ਭਰਨ ਲਈ ਅਤੇ ਡਾਲਰਾਂ ਦੀ ਦੌੜ ਵਿੱਚ ਅੰਨ੍ਹੇ ਘੋੜਿਆਂ ਵਾਂਗ ਹੱਫਦਾ ਹੋਇਆ ਗਲਤਾਨ ਰਹਿੰਦਾ ਹੈ। ਅਜਿਹੇ ਸਭਿਆਚਾਰ ਵਿੱਚ ਮਨੁੱਖੀ ਰਿਸ਼ਤੇ ਵੀ ਪਿਆਰ-ਮੁਹੱਬਤ ਉੱਤੇ ਨਿਰਭਰ ਨਹੀਂ ਕਰਦੇ; ਬਲਕਿ ਇਨ੍ਹਾਂ ਰਿਸ਼ਤਿਆਂ ਦੀ ਡਾਲਰਾਂ ਵਿੱਚ ਨਿਰਧਾਰਤ ਕੀਤੀ ਗਈ ਕੀਮਤ ਉੱਤੇ ਨਿਰਭਰ ਕਰਦੇ ਹਨ। ਸਾਧਾਰਨ ਸ਼ਹਿਰੀ ਦੀ ਅਜਿਹੇ ਸਭਿਆਚਾਰ ਵਿੱਚ ਕੋਈ ਵੁਕਤ ਨਹੀਂ ਰਹਿੰਦੀ। ਵੱਡੀਆਂ ਵੱਡੀਆਂ ਵਿਉਪਾਰਕ ਮੈਗਾ ਕੰਪਨੀਆਂ ਅਤੇ ਉਨ੍ਹ੍ਹਾਂ ਦੇ ਡਾਇਰੈਕਟਰਾਂ ਦਾ ਸਮੂਹ ਹੀ ਡਾਲਰਾਂ ਦੇ ਰੂਪ ਵਿੱਚ ਹੋਣ ਵਾਲੇ ਨਫ਼ੇ-ਨੁਕਸਾਨ  ਨੂੰ ਦੇਖ ਕੇ ਹੀ ਸਭ ਫੈਸਲੇ ਕਰਦਾ ਹੈ।  
ਕੈਨੇਡੀਅਨ ਪੰਜਾਬੀ ਕਵੀਆਂ ਨੇ ਇਸ ਵਿਸ਼ੇ ਨੂੰ ਵੀ ਆਪਣੀਆਂ ਰਚਨਾਵਾਂ ਦਾ ਵਿਸ਼ਾ ਬਣਾਇਆ ਹੈ। ਪੇਸ਼ ਹਨ ਕੁਝ ਉਦਾਹਰਣਾਂ:

ਪਰ ਹੁਣ
ਰੁੱਤਾਂ ਨਹੀਂ ਬਦਲਦੀਆਂ
ਨਵੇਂ ਰੰਗ ਨਹੀਂ ਲਿਆਉਂਦੀਆਂ
ਇਕੋ ਰੁੱਤ ਹੈ
ਅੱਗ ਦੀ ਰੁੱਤ
ਪੂੰਜੀਵਾਦ ਦੀ ਰੁੱਤ
ਹਫੜਾ ਦੱਫੜੀ ਦੀ ਰੁੱਤ
ਲੁੱਟ ਘਸੁੱਟ ਦੀ ਰੁੱਤ
('ਅੱਗ ਦੀ ਰੁੱਤ' -ਸੁਰਿੰਦਰ ਗੀਤ)

ਕੀ ਹੈ ਪਹਿਲਾਂ ਕੀ ਹੈ ਆਖਰ-
ਅਜਕਲ੍ਹ ਕਿਹੜਾ ਮੁਲਕ ਹੈ ਕਾਫ਼ਰ-
ਮੇਘ ਰਾਗ ਵਿੱਚ ਮਿਕਸ ਕੀ ਕਰਨਾ-
ਕਿਹੜੇ ਅੰਗ ਨੂੰ ਸੇਲ ਹੈ ਕਰਨਾ-
ਲੜਦਾ ਯੋਧਾ ਕਿਹੜੇ ਬ੍ਰੈਂਡ ਦੀ ਜੁੱਤੀ ਪਾਵੇ-
ਰੁਤਬਾ ਉੱਚਾ ਰੱਖਣ ਖਾਤਰ ਬੰਦਾ ਕਿਹੜਾ ਰੋਗ ਲੁਆਵੇ-
ਕਵਿਤਾ ਦੀ ਨੱਥ ਕਿਸ ਦੇ ਹੱਥ ਲੁਹਾਉਣੀ ਚੰਗੀ-
ਕਿਸਦੇ ਕੋਲੋਂ ਘੁੰਡ ਚੁਕਾ ਕੇ ਚਿੱਤਰ ਅੰਦਰ ਜਾਨ ਹੈ ਪੈਂਦੀ-
ਰੱਬ ਬਾਰੇ ਵਖਿਆਨ ਕਰਦਿਆਂ ਭਰਵੱਟਿਆਂ ਨੂੰ ਕਿੱਦਾਂ ਮੋੜੇ-
ਪਿਆਰ ਕਰਦਿਆਂ ਕਿਹੜੀ ਵਾਈਨ ਤੇ ਕਿਹੜੇ ਜੀਵ ਦਾ ਮਾਸ ਪਰੋਸੇ-
ਸਭ ਸਬੀਲਾਂ ਮੰਡੀ ਦਸਦੀ

ਮੱਥਾ ਹਾਲੇ ਵੀ ਸਾਡਾ ਪਰ ਸਮਝ ਨਾ ਸਾਡੀ
ਆਪਣੀ ਥਾਵੇਂ ਖੜੇ ਮੇਰੇ ਘਰ ਨੂੰ ਪਤਾ ਨਾ ਲੱਗਾ
ਕਿਹੜੇ ਵੇਲੇ ਮੰਡੀ ਉਸਦੇ ਅੰਦਰ ਵੜ ਗਈ
('ਘਰ-ਮੰਡੀ' - ਡਾæ ਸੁਖਪਾਲ)

ਵਿਸ਼ਵੀਕਰਨ ਦੀ ਮੰਡੀ ਅੰਦਰ
ਵਿਅਕਤੀ ਕੇਵਲ
ਵਰਨਮਾਲਾ ਦਾ
ਕੱਲਾ ਕਾਰਾ ਅੱਖਰ,
ਬੋਲੇ ਵੀ, ਤਾਂ
ਅਰਥ ਨਹੀਂ ਬਣਦਾ,
ਭੀੜ ਜਿਹੀ ਵਿਚ
ਉਸਦੇ ਅਰਥ ਗੁਆਚ ਗਏ ਹਨ
('ਤ੍ਰੈਕਾਲੀ ਯੁੱਧ' - ਰਵਿੰਦਰ ਰਵੀ)

ਉਹ ਤਾਂ ਚਾਹੁਣਗੇ, ਟੈਲੀਵੀਜ਼ਨ ਸਕਰੀਨ
ਦਿਨ ਰਾਤ ਭਰੇ ਰਹਿਣ, ਅਰਥਹੀਣ
ਹਾਲੀਵੁੱਡ-ਬਾਲੀਵੁੱਡ ਫਿਲਮੀ ਦ੍ਰਿਸ਼ਾਂ ਨਾਲ
ਜਿਨ੍ਹਾਂ ਵਿੱਚ, ਮੈਗਾ ਕਾਰਪੋਰੇਸ਼ਨਾਂ ਦੇ ਮਾਲਿਕ
ਗੁੰਡਾਰਾਜ ਦੇ ਚੀਫ ਐਗਜ਼ੀਕੀਊਟਿਵ ਡਾਇਰੈਕਟਰਾਂ ਵੱਲੋਂ
ਆਯੋਜਿਤ ਕੀਤੇ ਗਏ ਭਰਵੇਂ ਇਕੱਠਾਂ ਵਾਲੇ
ਕੁੱਤਿਆਂ, ਬਿੱਲਿਆਂ ਦੇ ਜਨਮ ਸਮਾਰੋਹਾਂ ਉੱਤੇ
ਸ਼ਹਿਰ ਦੇ ਪਤਵੰਤੇ ਸੱਜਣਾਂ ਦੀ ਹਾਜ਼ਰੀ ਵਿੱਚ
ਮੁਜਰੇ ਕਰਦਿਆਂ ਕਾਲ ਗਰਲਜ਼, ਪਲੇਅ ਬੁਆਏ
ਮੈਗਜ਼ੀਨਾਂ ਲਈ, ਕਾਮ ਉਕਸਾਊ
ਨਗਨ ਪੋਜ਼ ਬਣਾ ਰਹੀਆਂ ਹੋਣ

ਗਲੋਬਲੀਕਰਨ, ਸਭਿਆਚਾਰਕ ਗੁਲਾਮੀ ਦਾ ਹੀ
ਇੱਕ ਬਦਲਵਾਂ ਨਾਮ ਹੈ-
('ਗਲੋਬਲੀਕਰਨ-26' - ਸੁਖਿੰਦਰ)

ਸੁਪਰ ਸਟੋਰਾਂ ਵਿਚ
ਸ਼ੀਸ਼ਿਆਂ ਵਾਲੇ ਫ਼ਰਿਜਾਂ ਵਿਚ
ਵੱਖ ਵੱਖ ਮਾਸ ਬੋਟੀਆਂ
ਤੁਹਾਡੇ ਵੱਲ ਲਗਾਤਾਰ ਤੱਕਦੀਆਂ ਹਨ
ਜਿਵੇਂ ਉਹ ਅਜੇ ਵੀ ਕੋਈ ਸੂਰ ਹੋਵੇ, ਭੇਡ ਜਾਂ ਗਾਂ
ਅਤੇ ਕੱਚੀ ਮੱਕੀ ਦਾ ਕੋਈ ਖੇਤ
ਉਹਨਾਂ ਨੂੰ ਅਜੇ ਵੀ ਉਡੀਕਦਾ ਹੋਵੇ
ਜਿਵੇਂ ਬੱਚੇ ਨੂੰ ਕੋਈ ਮਾਂ

ਮੈਨੂੰ ਲਗਦਾ ਹੈ, ਤਾਂ
ਕਿ ਇੱਥੇ ਕੈਨੇਡਾ ਵਿਚ ਹਰ ਚੀਜ਼ ਜਿਵੇਂ
ਵਿੱਕਰੀ 'ਤੇ ਲੱਗੀ ਹੋਵੇ
ਅਤੇ ਹਰ ਮਨੁੱਖ ਦੀ ਹੋਵੇ ਇੱਥੇ

ਕਿਸੇ ਨਾ ਕਿਸੇ ਸੁਪਰਸਟੋਰ ਵਿਚ
ਇਕ ਵਿਕਾਊ ਵਸਤ ਵਾਂਗ
ਰਖੇ ਜਾਣ ਲਈ ਇਕ ਥਾਂ
('ਟੋਰੈਂਟੋ ਵਿਚ ਮੱਕੀ' - ਗੁਰਦੇਵ ਚੌਹਾਨ)

ਕੀਤੇ ਕਰਾਏ ਪਾਠ ਹੁਣ ਕਿੰਨੇ 'ਚ ਵਿਕ ਰਹੇ
ਕਿਥੋਂ ਹੈ, ਕਿਥੇ ਪਹੁੰਚਿਆ, ਮੰਡੀ ਦਾ ਜਾਲ ਲਿਖ
  (ਸੁਖਮਿੰਦਰ ਰਾਮਪੁਰੀ)

11æ ਸਭਿਆਚਾਰਕ ਪ੍ਰਦੂਸ਼ਣ :
ਸਾਡੇ ਸਮਿਆਂ ਦਾ ਬਹੁ-ਚਰਚਿਤ ਵਰਤਾਰਾ ਸਭਿਆਚਾਰਕ ਪ੍ਰਦੂਸ਼ਣ ਵੀ ਵਿਸ਼ਵ-ਮੰਡੀ ਸਭਿਆਚਾਰ ਦੀ ਹੀ ਦੇਣ ਹੈ।
ਵਿਸ਼ਵ-ਮੰਡੀ ਸਭਿਆਚਾਰ ਦੇ ਸਮੱਰਥਕਾਂ ਲਈ ਜ਼ਿੰਦਗੀ ਨਾਲ ਸਬੰਧਤ ਕੋਈ ਵੀ ਖੇਤਰ ਪਵਿੱਤਰ ਨਹੀਂ। ਉਨ੍ਹਾਂ ਲਈ ਆਖਰੀ ਗੱਲ ਇਹੀ ਹੁੰਦੀ ਹੈ ਕਿ ਕਿਹੜਾ ਕੰਮ ਕਰਨ ਨਾਲ ਉਨ੍ਹ੍ਹਾਂ ਦੀਆਂ ਬੈਂਕਾਂ ਦੀਆਂ ਤਜੌਰੀਆਂ ਭਰ ਸਕਦੀਆਂ ਹਨ। ਵਿਸ਼ਵ-ਮੰਡੀ ਸਭਿਆਚਾਰਕ ਪ੍ਰਦੂਸ਼ਣ ਦਾ ਹੀ ਨਤੀਜਾ ਹੈ ਕਿ ਅਸੀਂ ਕੈਨੇਡਾਵਾਸੀ ਦੇਖ ਸਕਦੇ ਹਾਂ ਕਿ ਕੈਨੇਡਾ ਵਿੱਚ ਸੈਕਸ ਟਰੇਡ, ਇੰਟਰਨੈੱਟ ਪੋਰਨੋਗਰਾਫੀ, ਸਟਰਿਪ ਟੀਜ਼ ਡਾਂਸ ਕਲੱਬਾਂ, ਸੈਕਸ ਮੈਸਾਜ਼ ਸੈਂਟਰਾਂ ਅਤੇ ਪ੍ਰਾਸਟੀਚੀਊਸ਼ਨ ਦੇ ਧੰਦੇ ਨਾਲ ਸਬੰਧਤ ਵਿਉਪਾਰਕ ਅਦਾਰਿਆਂ ਦੀ ਕਿੰਨੀ ਕਦਰ ਹੈ। ਕੁਝ ਸਾਲ ਪਹਿਲਾਂ ਟੋਰਾਂਟੋ ਮਹਾਂਨਗਰ ਦਾ ਮੇਅਰ ਅਤੇ ਟੋਰਾਂਟੋ ਸ਼ਹਿਰ ਦੇ ਕੁਝ ਕਾਊਂਸਲਰ ਯੋਰਪ ਦੇ ਕੁਝ ਵੱਡੇ ਸ਼ਹਿਰਾਂ ਦਾ ਦੌਰਾ ਕਰਕੇ ਆਏ ਸਨ ਤਾਂ ਕਿ ਇਸ ਗੱਲ ਦਾ ਅਧਿਐੱਨ ਕੀਤਾ ਜਾ ਸਕੇ ਕਿ ਯੋਰਪ ਦੇ ਉਹ ਦੇਸ਼ ਸੈਕਸ ਟਰੇਡ ਅਤੇ ਪ੍ਰਾਸਟੀਚੀਊਸਨ ਦੇ ਧੰਦੇ ਨੂੰ ਵਿਕਸਤ ਕਰਕੇ ਆਪਣੇ ਆਪਣੇ ਦੇਸ਼ ਵਿੱਚ ਟੂਰਿਜ਼ਮ ਦੀ ਇੰਡਸਟਰੀ ਨੂੰ ਕਿਵੇਂ ਪ੍ਰਫੁੱਲਤ ਕਰ ਰਹੇ ਹਨ।
ਸੈਕਸ ਟਰੇਡ ਅਤੇ ਪ੍ਰਾਸਟੀਚੀਊਸ਼ਨ ਦੇ ਧੰਦੇ ਨਾਲ ਹੀ ਜੁੜਿਆ ਹੋਇਆ ਹੈ ਸਟਰਿਪ ਟੀਜ਼ ਡਾਂਸ ਕਲਚਰ, ਡਰੱਗ ਕਲਚਰ, ਹਥਿਆਰ ਕਲਚਰ ਅਤੇ ਇੰਟਰਨੈੱਟ ਪੋਰਨੋਗਰਾਫੀ ਕਲਚਰ। ਸਭਿਆਚਾਰਕ ਪ੍ਰਦੂਸ਼ਣ ਦੇ ਅਸਰ ਥੱਲੇ ਅਸੀਂ ਦੇਖ ਸਕਦੇ ਹਾਂ ਕਿ ਅੱਜ ਇੰਟਰਨੈੱਟ ਉੱਤੇ ਲਾਈਵ ਸੈਕਸ ਅਤੇ ਨਿੱਕੇ ਨਿੱਕੇ ਬੱਚਿਆਂ ਨਾਲ ਰੇਪ ਕਰਦੇ ਲੋਕਾਂ ਦੀਆਂ ਲੱਖਾਂ ਵੈੱੱਬਸਾਈਟਾਂ ਤੈਰ ਰਹੀਆਂ ਹਨ। ਇਨ੍ਹਾਂ ਵੈੱਬਸਾਈਟਾਂ ਵਿੱਚ ਔਰਤਾਂ ਨੂੰ ਪਿੱਟ-ਬੁੱਲ ਕੁੱਤਿਆਂ ਨਾਲ ਸੈਕਸ ਕਰਦੇ ਦਿਖਾਇਆ ਜਾਂਦਾ ਹੈ ਅਤੇ ਮਰਦਾਂ ਨੂੰ ਬਿੱਲੀਆਂ ਨਾਲ ਸੈਕਸ ਕਰਦੇ ਦਿਖਾਇਆ ਜਾਂਦਾ ਹੈ। ਅਜਿਹੀ ਕਿਸਮ ਦੇ ਸੈਕਸ ਵਿਉਪਾਰ ਨੂੰ 'ਅਡੱਲਟ ਕਲਚਰ' ਦਾ ਨਾਮ ਦੇ ਕੇ ਵੱਡੀਆਂ ਵੱਡੀਆਂ ਕੰਪਨੀਆਂ ਨੂੰ ਦਿੱਤੇ ਗਏ ਵਿਸ਼ੇਸ਼ ਲਾਇਸੈਂਸਾਂ ਰਾਹੀਂ ਵਧਣ ਫੁੱਲਣ ਦਾ ਮੌਕਾ ਦਿੱਤਾ ਜਾਂਦਾ ਹੈ। ਕੈਨੇਡਾ ਵਿੱਚ ਜਿਹੜਾ ਵੀ ਨਵਾਂ ਇਲਾਕਾ ਉਸਰਦਾ ਹੈ ਉਸ ਇਲਾਕੇ ਵਿੱਚ ਸਰਕਾਰ ਇਹ ਵੀ ਧਿਆਨ ਰੱਖਦੀ ਹੈ ਕਿ ਸਕੂਲਾਂ, ਕਾਲਿਜਾਂ, ਹਸਪਤਾਲਾਂ, ਬੱਸ ਅੱਡਿਆਂ, ਲਾਇਬਰੇਰੀਆਂ ਵਾਂਗ 'ਅਡੱਲਟ ਕਲਚਰ' ਦੇ ਪਾਸਾਰ ਹਿਤ 'ਸਟਰਿਪਟੀਜ਼ ਡਾਂਸ ਕਲੱਬਾਂ' ਦੀ ਉਸਾਰੀ ਲਈ ਵੀ ਥਾਵਾਂ ਸੁਰੱਖਿਅਤ ਰੱਖੀਆਂ ਜਾਣ। ਸਟਰਿਪ ਟੀਜ਼ ਡਾਂਸ ਕਲੱਬ ਵੀ ਅਸਿੱਧੇ ਅਰਥਾਂ ਵਿੱਚ ਪ੍ਰਾਸਟੀਚੀਊਸਨ ਦਾ ਧੰਦਾ ਕਰਨ ਅਤੇ ਡਰੱਗ ਵੇਚਣ ਦੀਆਂ ਹੀ ਦੁਕਾਨਾਂ ਹਨ। ਬਹੁਤ ਸਾਰੇ ਲੋਕਾਂ ਲਈ ਇਹ ਗੱਲ ਵੀ ਬੜੀ ਹੈਰਾਨੀ ਵਾਲੀ ਹੋਵੇਗੀ ਕਿ ਕੈਨੇਡਾ ਦੀ ਪੁਲਿਸ ਕੈਨੇਡਾ ਦੀਆਂ ਪ੍ਰਾਸਟੀਚੀਊਟਸ ਦੀ ਸੁਰੱਖਿਆ ਦਾ ਜਿੰਨਾ ਖਿਆਲ ਰੱਖਦੀ ਹੈ ਉਸਦੇ ਮੁਕਾਬਲੇ ਵਿੱਚ ਕੈਨੇਡਾ ਦੇ ਆਮ ਸ਼ਹਿਰੀਆਂ ਦੀ ਸੁਰੱਖਿਆ ਕੋਈ ਅਰਥ ਨਹੀਂ ਰੱਖਦੀ। ਕੈਨੇਡਾ ਦੇ ਸ਼ਹਿਰਾਂ ਦੇ ਪੁਲਿਸ ਥਾਣਿਆਂ ਵਿੱਚ ਪ੍ਰਾਸਟੀਚੀਊਟਸ, ਦੱਲਿਆਂ, ਸੈਕਸ ਵਰਕਰਾਂ, ਹੈਲਥ ਵਰਕਰਾਂ, ਲੀਗਲ ਵਰਕਰਾਂ ਅਤੇ ਸੈਕਸ ਟਰੇਡਰਾਂ ਦੀ ਹਰ ਮਹੀਨੇ ਵਿਸ਼ੇਸ਼ ਮੀਟੰਗ ਹੁੰਦੀ ਹੈ। ਜਿੱਥੇ ਪੁਲਿਸ ਵੱਲੋਂ ਉਨ੍ਹਾਂ ਦਾ ਭਰਪੂਰ ਸੁਆਗਤ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਦੀ ਚਾਹ, ਕਾਫੀ, ਡੋਨੱਟਾਂ ਅਤੇ ਮਠਿਆਈਆਂ ਆਦਿ ਨਾਲ ਸੇਵਾ ਕੀਤੀ ਜਾਂਦੀ ਹੈ। ਪੁਲਿਸ ਆਪਣੇ ਇਨ੍ਹਾਂ ਵਿਸ਼ੇਸ਼ ਮਹਿਮਾਨਾਂ ਨਾਲ ਉਨ੍ਹਾਂ ਦੀਆਂ ਨਿੱਤ ਦੀਆਂ ਵਿਉਪਾਰਕ ਸਮੱਸਿਆਵਾਂ ਬਾਰੇ ਵਿਚਾਰ ਵਿਟਾਂਦਰਾ ਕਰਦੀ ਹੈ।  ਪੁਲਿਸ ਇਨ੍ਹਾਂ ਪ੍ਰਾਸਟੀਚੀਊਟਸ ਅਤੇ ਦੱਲਿਆਂ ਦੀਆਂ ਸਮੱਸਿਆਵਾਂ ਸੁਣ ਕੇ ਉਨ੍ਹਾਂ ਦੇ ਹੱਲ ਲੱਭਣ ਦੀ ਪੂਰੀ ਪੂਰੀ ਕੋਸ਼ਿਸ਼ ਕਰਦੀ ਹੈ ਤਾਂ ਜੁ ਕੈਨੇਡਾ ਦੀ ਪ੍ਰਾਸਟੀਚੀਊਸ਼ਨ ਇੰਡਸਟਰੀ ਬਿਨ੍ਹਾਂ ਕਿਸੇ ਡਰ ਦੇ ਹੋਰਨਾਂ ਇੰਡਸਟਰੀਆਂ ਵਾਂਗ ਵੱਧ ਫੁੱਲ ਸਕੇ ਅਤੇ ਕੈਨੇਡਾ ਦੀ ਆਰਥਿਕਤਾ ਵਿੱਚ ਆਪਣਾ ਵੱਧ ਤੋਂ ਵੱਧ ਯੋਗਦਾਨ ਪਾ ਸਕੇ। ਕਈ ਵਾਰ ਪੁਲਿਸ ਅਖਬਾਰਾਂ ਵਿੱਚ ਅਜਿਹੀ ਸੂਚਨਾ ਵੀ ਪ੍ਰਸਾਰਿਤ ਕਰਦੀ ਰਹਿੰਦੀ ਹੈ ਕਿ ਪ੍ਰਾਸਟੀਚੀਊਟਸ ਨੂੰ ਕਿਸੀ ਵੀ ਤਰ੍ਹਾਂ ਤੰਗ ਕਰਨ ਜਾਂ ਉਨ੍ਹਾਂ ਦੀ ਸੁਰੱਖਿਆ ਨੂੰ ਖਤਰੇ ਵਿੱਚ ਪਾਉਣ ਵਾਲੇ ਲੋਕਾਂ ਬਾਰੇ ਜਿਹੜਾ ਵੀ ਕੋਈ ਵਿਅਕਤੀ ਪੁਲਿਸ ਨੂੰ ਸੂਚਿਤ ਕਰੇਗਾ ਪੁਲਿਸ ਉਸਨੂੰ ਹਜ਼ਾਰਾਂ ਡਾਲਰਾਂ ਦਾ ਇਨਾਮ ਦੇਵੇਗੀ। ਕੈਨੇਡਾ ਦੀਆਂ ਪ੍ਰਾਸਟੀਚੀਊਟਸ ਪੁਲਿਸ ਲਈ ਕਮਾਊ ਧੀਆਂ ਵਰਗੀਆਂ ਹਨ ਜੋ ਕੈਨੇਡਾ ਦੇ ਅਡੱਲਟ ਕਲਚਰ ਅਤੇ ਟੂਰਿਜ਼ਮ ਇੰਡਸਟਰੀ ਨੂੰ ਪ੍ਰਫੁੱਲਿਤ ਕਰਨ ਲਈ ਆਪਣੇ ਸਰੀਰ ਦੇ ਸੈਕਸ ਅੰਗ ਵੇਚਦੀਆਂ ਹਨæ ਸੈਕਸ ਇੰਡਸਟਰੀ ਕੁਝ ਲੋਕਾਂ ਦੇ ਅਨੁਮਾਨ ਅਨੁਸਾਰ ਕੈਨੇਡਾ ਦੀ ਤੀਜੀ ਵੱਡੀ ਇੰਡਸਟਰੀ ਹੈ।
ਕੈਨੇਡਾ ਦੇ ਸਭਿਆਚਾਰਕ ਪ੍ਰਦੂਸ਼ਣ ਦੀ ਪ੍ਰਫੁੱਲਤਾ ਵਿੱਚ ਕੈਨੇਡਾ ਦੇ ਪੰਜਾਬੀ ਵੀ ਭਰਪੂਰ ਯੋਗਦਾਨ ਪਾ ਰਹੇ ਹਨ। ਬਰੈਂਪਟਨ, ਮਾਲਟਨ, ਟੋਰਾਂਟੋ, ਵੈਨਕੂਵਰ, ਮਾਂਟਰੀਅਲ, ਕੈਲਗਰੀ, ਐਡਮੰਟਨ, ਵਿੰਨੀਪੈੱਗ ਵਰਗੇ ਸ਼ਹਿਰਾਂ ਵਿੱਚ ਸਥਿਤ ਪੰਜਾਬੀਆਂ ਦੀਆਂ ਮੀਟ ਸ਼ਾਪਸ ਅਤੇ ਫੁੱਲਾਂ ਦੀਆਂ ਸ਼ਾਪਸ ਉੱਤੇ ਡੋਡੇ, ਭੁੱਕੀ ਅਤੇ ਅਫੀਮ ਵੇਚੀ ਜਾਂਦੀ ਹੈ। ਕੁਝ ਹਫਤੇ ਪਹਿਲਾਂ ਹੀ ਪੀਲ ਰੀਜਨ ਦੀ ਪੁਲਿਸ ਨੇ ਮਾਲਟਨ, ਬਰੈਂਪਟਨ ਅਤੇ ਮਿਸੀਸਾਗਾ ਦੀਆਂ ਪੰਜਾਬੀਆਂ ਦੀਆਂ ਅਜਿਹੀਆਂ ਡਰੱਗ ਕਲਚਰ ਨਾਲ ਸਬੰਧਤ ਦੁਕਾਨਾਂ ਉੱਤੇ ਛਾਪੇ ਮਾਰਕੇ ਦਰਜਨਾਂ ਪੰਜਾਬੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਗ੍ਰਿਫਤਾਰ ਕੀਤੇ ਗਏ ਪੰਜਾਬੀਆਂ ਦੇ ਵਿਰੁੱਧ ਜੇਕਰ ਅਦਾਲਤ ਵਿੱਚ ਦੋਸ਼ ਸਿੱਧ ਹੋ ਗਏ ਤਾਂ ਹਰੇਕ ਗ੍ਰਿਫਤਾਰ ਹੋਏ ਪੰਜਾਬੀ ਨੂੰ ਪੰਜ ਸਾਲ ਤੱਕ ਦੀ ਜੇਲ੍ਹ ਦੀ ਸਜ਼ਾ ਹੋ ਸਕਦੀ ਹੈ। ਕੈਨੇਡਾ ਵਿੱਚ ਸਭਿਆਚਾਰਕ ਪ੍ਰਦੂਸਣ ਨੂੰ ਪ੍ਰਫੁੱਲਤ ਕਰਨ ਵਿੱਚ ਪੰਜਾਬੀਆਂ ਵੱਲੋਂ ਹੋਰਨਾਂ ਖੇਤਰਾਂ ਵਿੱਚ ਪਾਇਆ ਜਾ ਰਿਹਾ ਯੋਗਦਾਨ ਵੀ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ। ਬ੍ਰਿਟਿਸ਼ ਕੋਲੰਬੀਆ ਦੇ ਸੂਬੇ ਵਿੱਚ ਡਰੱਗ ਸਮਗਲਿੰਗ ਦੇ ਧੰਦੇ ਵਿੱਚ ਸਰਗਰਮ ਸਭ ਤੋਂ ਖੂੰਖਾਰ ਗੈਂਗ ਪੰਜਾਬੀਆਂ ਦੇ ਹੀ ਹਨ। ਡਰੱਗ ਵਿਉਪਾਰ ਕਰਨ ਲਈ ਆਪਣੇ ਇਲਾਕੇ ਸੁਰੱਖਿਅਤ ਰੱਖਣ ਲਈ ਇਨ੍ਹਾਂ ਪੰਜਾਬੀ ਡਰੱਗ ਮਾਫੀਆ ਨਾਲ ਸਬੰਧਤ ਗੈਂਗਸਟਰਾਂ ਦੀਆਂ ਆਪਸੀ ਖੂਨੀ ਲੜਾਈਆਂ ਵਿੱਚ ਹੁਣ ਤੱਕ 100 ਤੋਂ ਵੱਧ ਪੰਜਾਬੀ ਨੌਜਵਾਨਾਂ ਦਾ ਕਤਲ ਹੋ ਚੁੱਕਾ ਹੈ।  ਡਰੱਗ ਸਮਗਲਿੰਗ ਦੇ ਇਸ ਧੰਦੇ ਵਿੱਚ ਸਰਗਰਮ ਦੋਸਾਂਝ ਭਰਾਵਾਂ, ਦੂਹੜੇ ਭਰਾਵਾਂ, ਗਿੱਲ ਭਰਾਵਾਂ, ਬੱਲ ਭਰਾਵਾਂ ਅਤੇ ਸੰਘੇੜਾ ਭਰਾਵਾਂ ਦੇ ਖੂੰਖਾਰ ਗੈਂਗਾਂ ਦਾ ਕੈਨੇਡਾ ਦੇ ਮੀਡੀਆ ਵਿੱਚ ਬਹੁਤ ਚਰਚਾ ਹੁੰਦਾ ਰਿਹਾ ਹੈ। ਇੱਥੇ ਹੀ ਬਸ ਨਹੀਂ। ਕੋਈ ਹਫਤਾ ਹੀ ਖਾਲੀ ਜਾਂਦਾ ਹੈ ਜਦੋਂ ਕੋਈ ਪੰਜਾਬੀ ਨੌਜਵਾਨ ਟਰੱਕ ਡਰਾਈਵਰ ਕੈਨੇਡਾ-ਅਮਰੀਕਾ ਦਾ ਬਾਰਡਰ ਪਾਰ ਕਰਦਿਆਂ ਆਪਣੇ ਟਰੱਕ ਦੇ ਸਮਾਨ ਵਿੱਚ ਲੁਕਾ ਕੇ ਭੰਗ, ਕਰੈਕ, ਕੁਕੇਨ ਜਾਂ ਚਰਸ ਦੇ ਲੱਖਾਂ ਡਾਲਰਾਂ ਦੇ ਪੈਕਟ ਲਿਜਾਂਦਾ ਹੋਇਆ ਬਾਰਡਰ ਪੁਲਿਸ ਵੱਲੋਂ ਗ੍ਰਿਫਤਾਰ ਨਾ ਕੀਤਾ ਗਿਆ ਹੋਵੇ। ਇਸ ਧੰਦੇ ਵਿੱਚ ਸਿਰਫ ਪੰਜਾਬੀ ਮਰਦ ਹੀ ਸ਼ਾਮਿਲ ਨਹੀਂ, ਡਰੱਗ ਸਮਗਲਿੰਗ ਦੇ ਧੰਦੇ ਵਿੱਚ ਸਰਗਰਮ ਨੌਜਵਾਨ ਪੰਜਾਬੀ ਔਰਤਾਂ ਵੀ ਪੁਲਿਸ ਵੱਲੋਂ ਗ੍ਰਿਫਤਾਰ ਕੀਤੀਆਂ ਜਾ ਰਹੀਆਂ ਹਨ।  ਕੈਨੇਡਾ ਦੇ ਏਅਰਪੋਰਟਾਂ ਦੀ ਪੁਲਿਸ ਵੱਲੋਂ ਕੈਨੇਡਾ ਦੇ ਕੁਝ ਚਰਚਿਤ ਹਾਸਰਸ ਕਵੀਆਂ ਦੀਆਂ ਪਤਨੀਆਂ ਅਤੇ ਗੁਰਦੁਆਰਿਆਂ ਦੇ ਪ੍ਰਧਾਨ ਵੀ ਹਵਾਈ ਸਫਰ ਕਰਦਿਆਂ ਧਾਰਮਿਕ ਗਰੰਥਾਂ ਵਿੱਚ ਲੁਕਾ ਕੇ ਅਫੀਮ, ਚਰਸ, ਕੁਕੈਨ, ਕਰੈਕ ਲਿਆਉਂਦੇ ਹੋਏ ਕੈਨੇਡਾ ਦੀ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਜਾਂਦੇ ਰਹੇ ਹਨ।
ਸਭਿਆਚਾਰਕ ਪ੍ਰਦੂਸ਼ਣ ਹੋਰਨਾਂ ਖੇਤਰਾਂ ਵਿੱਚ ਵੀ ਵਾਪਰਦਾ ਰਿਹਾ। ਕੈਨੇਡੀਅਨ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਮੈਂਬਰ ਗੁਰਦੁਆਰਿਆਂ ਦੀਆਂ ਗੋਲਕਾਂ ਵਿੱਚ ਕੁੰਡੀਆਂ ਲਗਾ ਕੇ ਡਾਲਰ ਚੋਰੀ ਕਰਦੇ ਰਹੇ ਹਨ। ਗੁਰਦੁਆਰਿਆਂ ਦੇ ਪ੍ਰਧਾਨ ਗੁਰਦੁਆਰਿਆਂ ਦੇ ਫੰਡਾਂ ਵਿੱਚੋਂ ਆਪਣੇ ਘਰਾਂ ਦੀ ਮਾਰਗੇਜ ਦਿੰਦੇ ਰਹੇ ਹਨ। Aਨਟਾਰੀਓ ਦੇ ਹਿੰਦੂ ਮੰਦਿਰਾਂ ਦੀ ਲੱਖਾਂ ਡਾਲਰ ਦੀ ਕਮਾਈ ਵਿੱਚੋਂ ਮੰਦਿਰ ਕਮੇਟੀ ਦੇ ਮੈਂਬਰਾਂ ਵੱਲੋਂ ਕੀਤੀ ਜਾ ਰਹੀ ਹੇਰਾਫੇਰੀ ਨੂੰ ਰੋਕਣ ਲਈ ਪੁਲਿਸ ਨੂੰ ਮੱਦਦ ਲਈ ਮੰਦਿਰਾਂ ਵਿੱਚ ਬੁਲਾਇਆ ਜਾਂਦਾ ਰਿਹਾ। ਬਰੈਮਪਟਨ ਦੇ ਨਵੇਂ ਬਣੇ ਹਸਪਤਾਲ ਨੂੰ ਮੱਦਦ ਦੇਣ ਦੇ ਬਹਾਨੇ ਖਾਲਿਸਤਾਨੀ ਸਿੱਖ ਧਾਰਮਿਕ ਕੱਟੜਵਾਦੀ ਹਸਪਤਾਲ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਦੀਆਂ ਤਸਵੀਰਾਂ ਲਗਾਉਣ ਦੀਆਂ ਗੱਲਾਂ ਕਰਕੇ ਕੈਨੇਡਾ ਵਿੱਚ ਰਹਿ ਰਹੀ ਭਾਰਤੀ ਮੂਲ ਦੀ ਕਮਿਊਨਿਟੀ ਵਿੱਚ ਤਨਾਓ ਪੈਦਾ ਕਰਨ ਦੀਆਂ ਕੋਸ਼ਿਸਾਂ ਕਰਦੇ ਰਹੇ।
ਸਭਿਆਚਾਰਕ ਪ੍ਰਦੂਸ਼ਣ ਦਾ ਇੱਕ ਹੋਰ ਪਹਿਲੂ ਵੀ ਬਹੁਤ ਚਰਚਿਤ ਹੋਇਆ। ਉਹ ਸੀ ਇਮੀਗਰੇਸ਼ਨ ਦਾ ਖੇਤਰ। ਨਕਲੀ ਕਬੱਡੀ ਖਿਡਾਰੀ, ਨਕਲੀ ਗਾਇਕ, ਨਕਲੀ ਸੰਗੀਤਕਾਰ, ਨਕਲੀ ਡਾਕਟਰ, ਨਕਲੀ ਗ੍ਰੰਥੀ, ਨਕਲੀ ਰਾਗੀ ਬਣਕੇ ਲੋਕ ਧੜਾ ਧੜਾ ਕੈਨੇਡਾ ਆਉਣ ਲੱਗੇ। ਕੈਨੇਡਾ ਦੀ ਇਮੀਗਰੇਸ਼ਨ ਲੈਣ ਦੇ ਚਾਅ ਵਿੱਚ ਲੋਕ ਆਪਣੀਆਂ ਭੈਣਾਂ, ਧੀਆਂ, ਮਾਸੀਆਂ, ਮਾਮੀਆਂ ਨਾਲ ਨਕਲੀ ਵਿਆਹ ਕਰਕੇ ਕੈਨੇਡਾ ਆਉਣ ਲੱਗੇ। ਕਈਆਂ ਲੋਕਾਂ ਨੇ ਆਪਣੀਆਂ ਪਤਨੀਆਂ ਤੋਂ ਨਕਲੀ ਤਲਾਕ ਲੈ ਕੇ ਉਨ੍ਹਾਂ ਤੋਂ ਆਪਣੇ ਭਰਾਵਾਂ, ਭਤੀਜਿਆਂ, ਚਾਚਿਆਂ, ਤਾਇਆਂ ਨੂੰ ਕੈਨੇਡਾ ਦੀ ਸਪਾਂਸਰਸ਼ਿਪ ਦੁਆ ਲਈ।
ਸਭਿਆਚਾਰਕ ਪ੍ਰਦੂਸ਼ਣ ਲੋਕਾਂ ਦੀ ਜ਼ਿੰਦਗੀ ਉੱਤੇ ਇਸ ਤਰ੍ਹਾਂ ਹਾਵੀ ਹੋ ਚੁੱਕਾ ਹੈ ਕਿ ਡਾਲਰਾਂ ਦੀ ਭੁੱਖ ਖਾਤਰ ਲੋਕ ਆਪਣੀਆਂ ਧੀਆਂ, ਭੈਣਾਂ, ਮਾਵਾਂ ਅਤੇ ਪਤਨੀਆਂ ਨੂੰ ਇੰਟਰਨੈੱਟ ਸੈਕਸ ਖੇਡਾਂ ਦੀ ਪ੍ਰਦਰਸ਼ਨੀ ਲਈ ਪ੍ਰਾਸਟੀਚੀਊਟਸ ਵਾਂਗੂੰ ਵੇਚਣ ਤੋਂ ਵੀ ਪਰਹੇਜ਼ ਨਹੀਂ ਕਰਦੇ। ਅਜਿਹੇ ਸਭਿਆਚਾਰਕ ਪ੍ਰਦੂਸ਼ਣ ਨੂੰ ਲੋਕ ਮਾਣਤਾ ਦੁਆਉਣ ਅਤੇ ਸਭਿਅਕ ਘਰਾਂ ਦੀਆਂ ਬੈਠਕਾਂ ਵਿੱਚ ਪਹੁੰਚਾਉਣ ਲਈ ਇਨ੍ਹਾਂ ਖੇਡਾਂ ਨੂੰ 'ਇੰਟਰਨੈੱਟ ਡੇਟਿੰਗ' ਵਰਗੇ ਦਿਲਲੁਭਾਊ ਚਾਂਦੀ ਦੇ ਵਰਕਾਂ ਵਰਗੇ ਸ਼ਬਦਾਂ ਵਿੱਚ ਲਪੇਟ ਕੇ ਲੋਕਾਂ ਸਾਹਮਣੇ ਪੇਸ਼ ਕੀਤਾ ਜਾਂਦਾ ਹੈ।  
ਸਭਿਆਚਾਰਕ ਪ੍ਰਦੂਸ਼ਣ ਦੇ ਅਸਰ ਹੇਠ ਗਾਇਕ ਅਜਿਹੇ ਗੀਤਾਂ ਦੀਆਂ ਸੀਡੀਜ਼ ਅਤੇ ਵੀਡੀਓ ਮਾਰਕਿਟ ਵਿੱਚ ਲਿਆਂਦੇ ਹਨ ਜਿਨ੍ਹਾਂ ਵਿੱਚ ਨੰਗੇਜ਼ਵਾਦ ਅਤੇ ਲੱਚਰਵਾਦ ਦਾ ਹੀ ਪ੍ਰਦਰਸ਼ਨ ਕੀਤਾ ਗਿਆ ਹੁੰਦਾ ਹੈ। ਕੈਨੇਡਾ ਵਿੱਚ ਪ੍ਰਗਤੀਸ਼ੀਲ ਲੇਖਕ ਵਜੋਂ ਜਾਣੇ ਜਾਂਦੇ ਪੰਜਾਬੀ ਸ਼ਾਇਰ ਅਤੇ ਪੰਜਾਬੀ ਸਭਿਆਚਾਰ ਦੀਆਂ ਸੱਚੀਆਂ-ਸੁੱਚੀਆਂ ਕਦਰਾਂ-ਕੀਮਤਾਂ ਦੇ ਸਮੱਰਥਕ ਇਕਬਾਲ ਰਾਮੂਵਾਲੀਆ ਦੇ ਜਿਗਰੀ ਦੋਸਤ, ਪ੍ਰੋæ ਮੋਹਨ ਸਿੰਘ ਫਾਊਂਡੇਸ਼ਨ (ਪੰਜਾਬ) ਵੱਲੋਂ ਪੰਜਾਬੀ ਸਭਿਆਚਾਰ ਦੇ ਪਾਸਾਰ ਕਰਨ ਲਈ ਵਿਸ਼ੇਸ਼ ਪੁਰਸਕਾਰ ਪ੍ਰਾਪਤ ਕਰਨ ਵਾਲੇ, ਕੈਨੇਡਾ ਦੇ ਚਰਚਿਤ ਪੰਜਾਬੀ ਮੀਡੀਆਕਾਰ, ਇਕਬਾਲ ਮਾਹਲ ਨੇ ਵੀ ਇਸੇ ਹੜ ਵਿੱਚ ਵਹਿ ਜਾਣ ਕਾਰਨ ਕਿਸੇ ਸਮੇਂ ਆਪਣੀ ਕੰਪਨੀ 'ਮਾਹਲ ਪਰੋਡੱਕਸ਼ਨਜ਼' ਦੇ ਨਾਮ ਹੇਠ ਅਤਿ ਲੱਚਰ ਅਤੇ ਅਸ਼ਲੀਲ ਪੰਜਾਬੀ ਗੀਤਾਂ ਦੀ ਐਲਬਮ 'ਗਰਮ ਪੰਜਾਬੀ ਗੀਤ' ਕੈਨੇਡਾ ਦੀ ਮਾਰਕਿਟ ਵਿੱਚ ਲਿਆਂਦੀ ਸੀ। ਇਸ ਐਲਬਮ ਵਿੱਚ ਪੇਸ਼ ਕੀਤੇ ਗਏ ਅਸ਼ਲੀਲ, ਲੱਚਰ ਅਤੇ ਗੰਦੇ ਪੰਜਾਬੀ ਗੀਤਾਂ ਤੋਂ ਵੱਧ ਗੰਦੇ ਪੰਜਾਬੀ ਗੀਤਾਂ ਦੀ ਹੋਰ ਕੋਈ ਐਲਬਮ ਅੱਜ ਤੱਕ ਕੈਨੇਡਾ ਦੀ ਮਾਰਕਿਟ ਵਿੱਚ ਨਹੀਂ ਆਈ।
ਕੈਨੇਡਾ ਦੇ ਪੰਜਾਬੀ ਕਵੀਆ ਦੀਆਂ ਇਸ ਵਿਸ਼ੇ ਨੂੰ ਪੇਸ਼ ਕਰਦੀਆਂ ਕੁਝ ਖੂਬਸੂਰਤ ਕਵਿਤਾਵਾਂ 'ਚੋਂ ਪੇਸ਼ ਹਨ ਕੁਝ ਹਿੱਸੇ:

ਮਾਨਸਰੋਵਰ
ਮਾਨਸਰੋਵਰ ਕੰਢੇ
ਮਾਨਸਰੋਵਰ ਕੰਢੇ ਖੜ੍ਹਕੇ
ਮਾਨਸਰੋਵਰ ਕੰਢੇ ਖੜ੍ਹਕੇ ਅਜ ਕਿਸੇ
ਮਾਨਸਰੋਵਰ ਕੰਢੇ ਖੜ੍ਹਕੇ ਅਜ ਕਿਸੇ ਨੇ
ਸੁਚੇ ਸੁਚੇ ਪਾਣੀ ਅੰਦਰ
ਸੁੱਟੀ ਬੂੰਦ ਤਿਜ਼ਾਬ ਦੀ
('ਮਾਨਸਰੋਵਰ' - ਅਜਮੇਰ ਰੋਡੇ)

ਨਵੇਂ ਯੁਗ ਦੇ ਵਰਕਾਂ ਵਿੱਚ ਲਿਪਟੀ
ਪਰਾ-ਆਧੁਨਿਕ ਸ਼ਬਦਾਵਲੀ ਦੇ ਖੱਚਰੇਪਣ ਨੇ
ਗੰਧਲੇ ਕਰ ਦਿੱਤੇ ਨੇ
ਸਾਡੀ ਚੇਤਨਾ ਵਿੱਚ ਵਗ ਰਹੇ
ਨਿਰਮਲ ਪਾਣੀਆਂ ਦੇ ਝਰਨੇ
ਸੱਜਰੀ ਸਵੇਰ ਵਰਗੀ ਗਾਇਕੀ ਦੇ ਮੰਚ ਤੋਂ ਵੀ
ਹੁਣ ਜਦੋਂ, ਕੋਈ ਗਾਇਕ
ਕਿਸੇ ਪਾਂ ਪਏ ਕੁੱਤੇ ਵਾਂਗ
ਆਪਣੀ ਪੂਛ ਹਿਲਾਉਂਦਾ, ਲੱਚਰਤਾ ਦੀ ਸਿਖਰ
ਤੱਕ ਪਹੁੰਚਣ ਦਾ ਯਤਨ ਕਰਦਾ ਹੈ
ਤਾਂ, ਸਰੋਤਿਆਂ ਵਿੱਚ ਬੈਠੀ
ਇੱਕ ਜੁਆਨ ਹੋ ਰਹੀ ਧੀ
ਆਪਣੇ ਨਾਲ ਆਏ ਪਿਤਾ ਨੂੰ
ਸ਼ਰਮਸਾਰ ਹੋਇਆ ਵੇਖ
ਬੋਲ ਉੱਠਦੀ ਹੈ :
'ਮੈਂ ਨਹੀਂ ਸੁਨਣੇ ਇਹ ਗੰਦੇ ਗੀਤ
ਪਾਪਾ ! ਮੈਨੂੰ ਨਹੀਂ ਚਾਹੀਦਾ
ਤੁਹਾਡਾ, ਇਹ ਗੰਧਲਾ ਸਭਿਆਚਾਰ !'
('ਗਲੋਬਲੀਕਰਨ-2' - ਸੁਖਿੰਦਰ)

ਮੈਂ ਪਰਾ-ਆਧੁਨਿਕ ਸਮਿਆਂ ਵਿੱਚ
ਸ਼ਬਦਾਂ ਦਾ ਬਲਾਤਕਾਰ ਹੁੰਦਾ ਦੇਖਿਆ
ਹੁਣ 'ਇੰਟਰਨੈੱਟ ਪਰਾਸਟੀਚੀਊਸ਼ਨ' ਨੂੰ
'ਇੰਟਰਨੈੱਟ ਡੇਟਿੰਗ' ਦਾ ਵਰਕ ਲਗਾ ਕੇ
ਇਜ਼ਤਦਾਰ ਘਰਾਂ ਦੇ ਡਰਾਇੰਗ ਰੂਮਾਂ ਵਿੱਚ ਵੀ
ਬੜੀ ਹੀ ਚਲਾਕੀ ਨਾਲ ਵਾੜ ਦਿੱਤਾ ਗਿਆ
ਨਾਜ਼ੁਕ ਬਦਨ ਵਾਲੀਆਂ ਵੱਡੇ ਘਰਾਂ ਦੀਆਂ ਇਜ਼ਤਾਂ ਦੇ
ਸੋਹਲ ਅੰਗਾਂ ਨਾਲ, ਆਪਣੇ ਬਿਸਤਰੇ ਗਰਮ ਕਰਨ ਦਾ
ਸੂਟਿਡ-ਬੂਟਿਡ, ਖਰਾਂਟ ਅਤੇ ਖਚਰੇ ਦਲਾਲਾਂ ਨੇ
ਇਹ ਇੱਕ ਨਵਾਂ ਢੰਗ ਈਜ਼ਾਦ ਕਰ ਲਿਆ
('ਗਲੋਬਲੀਕਰਨ-9' - ਸੁਖਿੰਦਰ)

ਕਵੀ
ਤੂੰ ਕਵਿਤਾ ਲਿਖ
ਅਸੀਂ ਕਵਿਤਾ ਪੜ੍ਹਾਂਗੇ
ਕਿਉਂਕਿ
ਅਜਕਲ੍ਹ ਦੇ ਲੱਚਰ ਗੀਤਾਂ ਦੇ
ਭਾਵਹੀਣ ਬੋਲਾਂ ਨੇ
ਸਾਡੀ ਪਸ਼ੂ ਬਿਰਤੀ ਦੀ ਪੁਸ਼ਟੀ ਕਰ
ਬਣਾ ਦਿੱਤਾ ਹੈ ਬੇ-ਜ਼ੁਬਾਨ
ਭਾਵੇਂ ਆਖਣ ਨੂੰ
ਅਸੀਂ ਹਾਂ ਇਨਸਾਨ
('ਅਸੀਂ ਕਵਿਤਾ ਪੜ੍ਹਾਂਗੇ' - ਸੁਰਿੰਦਰ ਗੀਤ)

12æ ਸਥਾਨਕ ਅਤੇ ਅੰਤਰ-ਰਾਸ਼ਟਰੀ ਰਾਜਨੀਤੀ :
ਅੰਤਰ-ਰਾਸ਼ਟਰੀ ਰਾਜਨੀਤੀ ਸਾਨੂੰ ਵਿਅਕਤੀਤੱਵ ਪੱਧਰ ਉੱਤੇ ਵੀ ਅਤੇ ਸਮੂਹਕ ਪੱਧਰ ਉੱਤੇ ਵੀ ਪ੍ਰਭਾਵਤ ਕਰਦੀ ਹੈ। ਇਸ ਦਾ ਸਬੰਧ ਸਾਡੀ ਨਿੱਜੀ ਸੁਰੱਖਿਆ ਨਾਲ ਵੀ ਜੁੜਿਆ ਹੁੰਦਾ ਹੈ ਅਤੇ ਸਮੂਹਕ ਸੁਰੱਖਿਆ ਨਾਲ ਵੀ। ਇਸਦਾ ਸਬੰਧ ਨਿੱਜੀ ਸਭਿਆਚਾਰ ਨਾਲ ਵੀ ਜੁੜਿਆ ਹੁੰਦਾ ਹੈ ਅਤੇ ਸਮੂਹਕ ਸਭਿਆਚਾਰ ਨਾਲ ਵੀ। ਅੰਤਰ-ਰਾਸ਼ਟਰੀ ਰਾਜਨੀਤੀ ਦਾ ਕਈ ਵੇਰ ਸਾਡੇ ਨਾਲ ਸਿੱਧਾ ਸਬੰਧ ਹੁੰਦਾ ਹੈ ਅਤੇ ਕਈ ਵੇਰੀ ਅਸਿੱਧਾ। ਕਈ ਵੇਰ ਅਜਿਹੀ ਰਾਜਨੀਤੀ ਦਾ ਨਾ ਤਾਂ ਸਾਡੇ ਨਾਲ ਸਿੱਧਾ ਸਬੰਧ ਹੁੰਦਾ ਹੈ ਅਤੇ ਨਾ ਹੀ ਅਸਿੱਧਾ; ਪਰ ਫਿਰ ਵੀ ਇੱਕ ਸੰਵੇਦਨਸ਼ੀਲ ਵਿਅਕਤੀ ਹੋਣ ਕਾਰਨ ਵਿਸ਼ਵ ਰਾਜਨੀਤੀ ਨਾਲ ਜੁੜੀਆਂ ਘਟਨਾਵਾਂ ਸਾਨੂੰ ਝੰਜੋੜਦੀਆਂ ਰਹਿੰਦੀਆਂ ਹਨ - ਕਿਉਂਕਿ ਅਸੀਂ ਮਨੁੱਖ ਹਾਂ।
ਮਿਡਲ ਈਸਟ ਵਿੱਚ ਇਜ਼ਰਾਈਲੀ ਫੌਜਾਂ ਵੱਲੋਂ ਫਲਸਤੀਨੀ ਰਿਫੀਊਜੀਆਂ ਉੱਤੇ ਕੀਤੇ ਜਾ ਰਹੇ ਜ਼ੁਲਮ ਦੀ ਗੱਲ ਹੋਵੇ, ਅਮਰੀਕਨ ਫੌਜਾਂ ਵੱਲੋਂ ਇਰਾਕ ਉੱਤੇ ਕੀਤਾ ਗਿਆ ਹਮਲਾ ਹੋਵੇ, ਰਵਾਂਡਾ ਵਿੱਚ ਬੇਗੁਨਾਹ ਲੋਕਾਂ ਦਾ ਹੋ ਰਿਹਾ ਕਤਲ ਹੋਵੇ, ਅਮਰੀਕਨ ਹਵਾਈ ਜਹਾਜ਼ਾਂ ਨੇ ਵੀਅਤਨਾਮ ਦੇ ਲੋਕਾਂ ਉੱਤੇ ਅੰਨ੍ਹੇਵਾਹ ਬੰਬਾਰੀ ਕੀਤੀ ਹੋਵੇ ਅਤੇ ਚਾਹੇ ਸੋਵੀਅਤ ਯੂਨੀਅਨ ਵਿੱਚ ਵਾਪਰ ਰਿਹਾ ਇਨਕਲਾਬ ਵਿਰੋਧੀ ਵਰਤਾਰਾ ਹੋਵੇ - ਇਹ ਸਾਰੀਆਂ ਗੱਲਾਂ ਕੈਨੇਡੀਅਨ ਪੰਜਾਬੀ ਕਵਿਤਾ ਦਾ ਹਿੱਸਾ ਬਣਦੀਆਂ ਰਹੀਆਂ ਹਨ।
ਧਰਤੀ ਦੇ ਹਰੇਕ ਖਿੱਤੇ ਦਾ ਸਾਹਿਤ ਜਿੱਥੇ ਕਿ ਇੱਕ ਪਾਸੇ ਉਹ ਅੰਤਰ-ਰਾਸ਼ਟਰੀ ਰਾਜਨੀਤੀ ਨਾਲ ਜੁੜਿਆ ਹੁੰਦਾ ਹੈ ਉੱਥੇ ਹੀ ਉਸਦਾ ਇੱਕ ਅਹਿਮ ਪਹਿਲੂ ਸਥਾਨਕ ਰਾਜਨੀਤੀ ਵੀ ਹੁੰਦਾ ਹੈ। ਜਿਹੜੇ ਕੈਨੇਡੀਅਨ ਪੰਜਾਬੀ ਕਵੀ ਆਪਣੀ ਕਵਿਤਾ ਨੂੰ ਰਾਜਨੀਤੀ ਤੋਂ ਦੂਰ ਰੱਖਣ ਦੀ ਕੋਸ਼ਿਸ਼ ਕਰਦੇ ਹਨ - ਉਨ੍ਹਾਂ ਦੀ ਕਵਿਤਾ ਬਾਰੇ ਇਸ ਗੱਲ ਨੂੰ ਲੈ ਕੇ ਸੰਵਾਦ ਛੇੜਿਆ ਜਾਣਾ ਚਾਹੀਦਾ ਹੈ ਕਿ ਉਹ ਆਪਣੀ ਸਾਹਿਤ ਰਚਨਾ ਨੂੰ ਜਿੰਮੇਵਾਰੀ ਨਾਲ ਨਹੀਂ ਲੈ ਰਹੇ। ਕਿਉਂਜੁ ਜਦੋਂ ਕਿ ਜ਼ਿੰਦਗੀ ਦਾ ਕੋਈ ਵੀ ਪਹਿਲੂ ਰਾਜਨੀਤੀ ਦੇ ਅਸਰ ਤੋਂ ਬਚਿਆ ਹੋਇਆ ਨਹੀਂ, ਫਿਰ ਕਵਿਤਾ ਰਾਜਨੀਤੀ ਦੇ ਪ੍ਰਭਾਵ ਤੋਂ ਕਿਵੇਂ ਬਚੀ ਰਹਿ ਸਕਦੀ ਹੈ? ਜਿਹੜੇ ਕਵੀ ਜ਼ਿੰਦਗੀ ਦੇ ਵੱਖੋ ਵੱਖ ਪਹਿਲੂਆਂ ਨੂੰ ਪ੍ਰਭਾਵਤ ਕਰ ਰਹੀ ਰਾਜਨੀਤੀ ਬਾਰੇ ਗੱਲ ਕਰਨ ਤੋਂ ਝਿਜਕਦੇ ਹਨ ਉਸਦਾ ਕਾਰਨ ਬੜਾ ਸਪੱਸ਼ਟ ਹੁੰਦਾ ਹੈ ਕਿ ਉਹ ਡਰਦੇ ਰਹਿੰਦੇ ਹਨ ਕਿ ਉਨ੍ਹਾਂ ਦੇ ਰਾਜਨੀਤਿਕ ਵਿਚਾਰਾਂ ਕਰਕੇ ਉਨ੍ਹਾਂ ਦੇ ਬਹੁਤ ਸਾਰੇ ਵਾਕਿਫ-ਦੋਸਤ ਉਨ੍ਹਾਂ ਨਾਲ ਨਿਰਾਜ਼ ਨਾ ਹੋ ਜਾਣ।
ਰਾਜਨੀਤਿਕ ਤੌਰ ਉੱਤੇ ਚੇਤੰਨ ਅਨੇਕਾਂ ਕੈਨੇਡੀਅਨ ਪੰਜਾਬੀ ਕਵੀਆਂ ਨੇ ਜਿੱਥੇ ਕਿ ਅੰਤਰ-ਰਾਸ਼ਟਰੀ ਰਾਜਨੀਤੀ ਦੇ ਅਨੇਕਾਂ ਪਹਿਲੂਆਂ ਨੂੰ ਆਪਣੀ ਕਵਿਤਾ ਦਾ ਵਿਸ਼ਾ ਬਣਾਇਆ ਹੈ ਉੱਥੇ ਹੀ ਉਨ੍ਹਾਂ ਨੇ ਸਥਾਨਕ ਰਾਜਨੀਤੀ ਨੂੰ ਵੀ ਆਪਣੀਆਂ ਕਵਿਤਾਵਾਂ ਦਾ ਵਿਸ਼ਾ ਬਣਾਇਆ ਹੈ। ਉਦਾਹਰਣ ਵਜੋਂ ਪੇਸ਼ ਹਨ ਅਜਿਹੀ ਕੈਨੇਡੀਅਨ ਪੰਜਾਬੀ ਸ਼ਾਇਰੀ ਦੇ ਕੁਝ ਨਮੂਨੇ:

ਇੱਕੋ ਇਕ ਮਹਾਂ-ਸ਼ਕਤੀ, ਸਾਮਰਾਜ, ਅਮਰੀਕਾ
ਹਰ ਦੇਸ਼ ਦੇ ਹਰ ਵਿਹੜੇ ਦਾ
ਇੱਕੋ ਇਕ ਮੁਰਗਾ ਬਣਨਾ ਲੋਚਦਾ
ਬਾਕੀ ਮੁਰਗਿਆਂ ਨੂੰ ਖੱਸੀ ਕਰਨਾ ਸੋਚਦਾ
('ਯੁੱਧ' - ਰਵਿੰਦਰ ਰਵੀ)

ਮਾਫ਼ ਕਰਨਾ ! ਮੇਰੇ ਕੋਲ
ਦਿਲਾਂ ਨੂੰ ਲੁਭਾਉਣ ਵਾਲਾ
ਕੋਈ ਭਰਮ ਨਹੀਂ-

ਮੈਂ ਲੱਭ ਰਿਹਾ ਹਾਂ
ਗਲੋਬਲੀਕਰਨ ਦੇ ਮੁਖੌਟੇ ਪਿਛੇ
ਛੁਪੀ ਹੋਈ ਅਸਲੀਅਤ ਨੂੰ
ਜੋ ਮੈਨੂੰ ਦਸ ਸਕੇ-
ਦਰਿਆਵਾਂ ਨੂੰ ਕੂੜੇ ਦੇ ਢੇਰਾਂ 'ਚ
ਕਿਉਂ ਵਟਾਇਆ ਜਾ ਰਿਹਾ
ਲੋਕ ਨਸ਼ਿਆਂ ਦੇ ਦਰਿਆਵਾਂ 'ਚ
ਕਿਉਂ ਡੁੱਬਦੇ ਜਾ ਰਹੇ
ਪੋਰਨੋਗਰਾਫ਼ਕ ਫਿਲਮਾਂ ਦਾ ਹੜ੍ਹ
ਸਾਨੂੰ ਕਿਧਰ ਲੈ ਜਾਵੇਗਾ
ਲੱਚਰਵਾਦ ਅਤੇ ਅਸ਼ਲੀਲਤਾ ਨਾਲ ਭਰਿਆ ਸੰਗੀਤ
ਕਿਹੋ ਜਿਹਾ ਸਭਿਆਚਾਰ ਸਿਰਜ ਰਿਹਾ
ਆਰਥਿਕ ਤਰੱਕੀ ਦੇ ਨਾਮ ਉੱਤੇ
ਲੋਕਾਂ ਨੂੰ ਕਿਉਂ ਉਜਾੜਿਆ ਜਾ ਰਿਹਾ
ਯੁਵਕ ਡਰੱਗ ਸਮਗਲ ਕਰਨ ਵਾਲੇ
ਗੈਂਗਸਟਰ ਹੀ ਕਿਉਂ ਬਨਣਾ ਲੋਚ ਰਹੇ
ਡਾਲਰਾਂ ਦੀ ਅੰਨ੍ਹੀ ਦੌੜ
ਰਿਸ਼ਤਿਆਂ ਦਾ ਕਿਉਂ ਕਤਲ ਕਰ ਰਹੀ
ਰਾਜਨੀਤੀ ਭ੍ਰਿਸ਼ਟਾਚਾਰ ਦੀ ਦਲਦਲ 'ਚ
ਨਿਤ ਕਿਉਂ ਡੂੰਘੀ ਧਸਦੀ ਜਾ ਰਹੀ
ਮੰਦਿਰਾਂ, ਮਸਜਿਦਾਂ, ਗਿਰਜਿਆਂ, ਗੁਰਦੁਆਰਿਆਂ ਨੂੰ
ਕਤਲਗਾਹਾਂ ਕਿਉਂ ਬਣਾਇਆ ਜਾ ਰਿਹਾ
('ਗਲੋਬਲੀਕਰਨ-40' - ਸੁਖਿੰਦਰ)

ਗੁਰੂ ਘਰ 'ਚੋਂ ਨਿਕਲਦੇ ਕਾਤਲ, ਮਸੀਤੋਂ
ਮੰਦਰ 'ਚ ਜਾ ਵੜਦੀ ਏ ਪੈੜ ਕਤਲ ਦੀ
(ਸੁਖਮਿੰਦਰ ਰਾਮਪੁਰੀ)

13æ ਆਤੰਕਵਾਦ :
ਆਤੰਕਵਾਦ ਸਾਡੇ ਸਮਿਆਂ ਦਾ ਇੱਕ ਬਹੁ-ਚਰਚਿਤ ਸ਼ਬਦ ਬਣ ਚੁੱਕਿਆ ਹੈ। ਅੱਜ ਧਰਤੀ ਦਾ ਕੋਈ ਵੀ ਅਜਿਹਾ ਹਿੱਸਾ ਬਾਕੀ ਨਹੀਂ ਰਹਿ ਗਿਆ ਜੋ ਕਿਸੇ-ਨ-ਕਿਸੇ ਰੂਪ ਵਿੱਚ ਆਤੰਕਵਾਦ ਤੋਂ ਪ੍ਰਭਾਵਤ ਨਾ ਹੋਇਆ ਹੋਵੇ ਅਤੇ ਜਿਸ ਨੂੰ ਸੁਰੱਖਿਅਤ ਥਾਂ ਕਿਹਾ ਜਾ ਸਕੇ। ਜ਼ਮੀਨ, ਹਵਾ, ਪਾਣੀ - ਹਰ ਜਗ੍ਹਾ ਹੀ ਆਤੰਕਵਾਦ ਦੀ ਮਾਰ ਹੇਠ ਆ ਚੁੱਕੀ ਹੈ। ਇਹ ਆਤੰਕਵਾਦ ਜਿੱਥੇ ਕਿ ਵੱਖੋ ਵੱਖ ਰੂਪਾਂ ਵਿੱਚ ਪ੍ਰਗਟ ਹੋ ਰਿਹਾ ਹੈ - ਉੱਥੇ ਹੀ ਇਸ ਦੇ ਪੈਦਾ ਹੋਣ ਦੇ ਕਾਰਨ ਵੀ ਵੱਖੋ ਵੱਖ ਹੀ ਹਨ। ਅਫਗਾਨਿਸਤਾਨ, ਇਰਾਕ, ਮਿਡਲ ਈਸਟ, ਇੰਡੀਆ, ਪਾਕਿਸਤਾਨ, ਟਰਕੀ, ਰਵਾਂਡਾ, ਕਾਂਗੋ, ਰੂਸ, ਯੁਗੰਡਾ, ਸੋਮਾਲੀਆ, ਯੋਗੋਸਲਾਵੀਆ ਅਤੇ ਲਿਬਨਾਨ ਵਿੱਚ ਵਾਪਰੀਆਂ ਆਤੰਕਵਾਦੀ ਘਟਨਾਵਾਂ ਕਾਰਨ ਲੱਖਾਂ ਲੋਕ ਮਾਰੇ ਜਾ ਚੁੱਕੇ ਹਨ।
ਹਿੰਸਾ ਦੀ ਵਰਤੋਂ ਕਰਕੇ ਦਹਿਸ਼ਤ ਫੈਲਾਉਣ ਨੂੰ ਆਤੰਕਵਾਦ ਕਿਹਾ ਜਾਂਦਾ ਹੈ। ਆਤੰਕਵਾਦ ਸ਼ਬਦ ਦੀ ਪਹਿਲੀ ਵਾਰੀ ਵਰਤੋਂ 1795 ਵਿੱਚ ਕੀਤੀ ਗਈ ਸੀ। ਉਦੋਂ ਫਰਾਂਸ ਵਿੱਚ ਆਏ ਇਨਕਲਾਬ ਤੋਂ ਬਾਹਦ ਭਰਿਸ਼ਟ ਰਾਜਨੀਤੀਵਾਨਾਂ ਨੂੰ ਕਤਲ ਕਰਨ ਲਈ ਵਰਤੇ ਗਏ ਢੰਗਾਂ ਨੂੰ ਆਤੰਕਵਾਦ ਕਿਹਾ ਗਿਆ ਸੀ। ਕਿਉਂਕਿ ਅਜਿਹੇ ਢੰਗ ਵਰਤ ਕੇ ਇਨਕਲਾਬੀਆਂ ਨੇ ਲੋਕ-ਚੇਤਨਾ ਪੈਦਾ ਕੀਤੀ ਸੀ ਕਿ ਭਰਿਸ਼ਟ ਰਾਜਨੀਤੀਵਾਨਾਂ ਵਾਲੇ ਭਰਿਸ਼ਟ ਕੰਮ ਕਰਨ ਵਾਲੇ ਹੋਰਨਾਂ ਲੋਕਾਂ ਨੂੰ ਵੀ ਅਜਿਹੇ ਢੰਗ ਵਰਤਕੇ ਹੀ ਕਤਲ ਕੀਤਾ ਜਾਵੇਗਾ।
ਆਤੰਕਵਾਦ ਪੈਦਾ ਹੋਣ ਦਾ ਮੂਲ ਕਾਰਨ ਸਮਾਜਿਕ, ਰਾਜਨੀਤਿਕ, ਆਰਥਿਕ ਅਤੇ ਸਭਿਆਚਾਰਕ ਨਾਬਰਾਬਰੀ ਪੈਦਾ ਕਰਨ ਵਾਲੀਆਂ ਹਾਲਤਾਂ ਹੁੰਦੀਆਂ ਹਨ।
ਅਜੋਕੇ ਸਮਿਆਂ ਵਿੱਚ ਆਤੰਕਵਾਦ ਦਾ ਇੱਕ ਵੱਡਾ ਕਾਰਨ ਧਾਰਮਿਕ ਕੱਟੜਵਾਦ ਵੀ ਬਣ ਚੁੱਕਾ ਹੈ। ਪਿਛਲੇ ਕੁਝ ਦਹਾਕਿਆਂ ਵਿੱਚ ਤਾਮਿਲ ਟਾਈਗਰਜ਼, ਅਲ-ਕਾਇਦਾ, ਤਾਲਿਬਾਨ, ਲਸ਼ਕਰੇ ਤੋਇਬਾ, ਅਲ ਫਤਹ, ਸ਼ਿਵ ਸੈਨਾ, ਬਜਰੰਗ ਦਲ, ਜੈਸ਼ੇ-ਮੁਹੰਮਦ, ਹਿਜ਼ੇਬੋਲਾ, ਬੱਬਰ ਖਾਲਸਾ, ਹਮਾਸ, ਖਾਲਿਸਤਾਨ ਕਮਾਂਡੋ ਫੋਰਸ, ਕਸ਼ਮੀਰ ਲਿਬਰੇਸ਼ਨ ਫਰੰਟ, ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ, ਅਲ-ਜਿਹਾਦ, ਫਲਸਤੀਨ ਲਿਬਰੇਸ਼ਨ ਫਰੰਟ ਅਤੇ ਵਰਲਡ ਤਾਮਿਲ ਮੂਵਮੈਂਟ ਵਰਗੀਆਂ ਸੰਸਥਾਵਾਂ ਵਿਸ਼ਵ ਪੱਧਰ ਉੱਤੇ ਆਤੰਕਵਾਦੀ ਸੰਸਥਾਂਵਾਂ ਦੇ ਰੂਪ ਵਿੱਚ ਪ੍ਰਸਿੱਧ ਹੋ ਚੁੱਕੀਆਂ ਹਨ ਅਤੇ ਇਨ੍ਹਾਂ ਵਿੱਚੋਂ ਬਹੁਤੀਆਂ ਉੱਤੇ ਕੈਨੇਡਾ ਸਰਕਾਰ ਵੱਲੋਂ ਪਾਬੰਧੀ ਲਗਾ ਦਿੱਤੀ ਗਈ ਹੈ।
ਆਤੰਕਵਾਦ ਸਰਕਾਰਾਂ ਆਪ ਵੀ ਫੈਲਾਉਂਦੀਆਂ ਹਨ। ਅਮਰੀਕਾ ਸਰਕਾਰ ਦੀ ਖੁਫੀਆ ਏਜੰਸੀ ਸੀæਆਈæਏ। ਦੁਨੀਆਂ ਦੇ ਵੱਖੋ ਵੱਖ ਮੁਲਕਾਂ ਵਿੱਚ ਆਤੰਕਵਾਦ ਫੈਲਾਉਣ ਲਈ ਚਰਚਾ ਵਿੱਚ ਰਹੀ ਹੈ। ਇਸੀ ਤਰ੍ਹਾਂ ਪਾਕਿਸਤਾਨ ਦੀਆਂ ਸਰਕਾਰੀ ਖੁਫੀਆ ਏਜੰਸੀਆਂ ਵੀ ਇੰਡੀਆ ਵਿੱਚ ਆਤੰਕਵਾਦ ਫੈਲਾਉਣ ਲਈ ਅਤੇ ਖਾਲਿਸਤਾਨੀ ਸਿੱਖ ਧਾਰਮਿਕ ਕੱਟੜਵਾਦੀ ਦਹਿਸ਼ਗਰਦਾਂ ਨੂੰ ਉਤਸ਼ਾਹ ਦੇਣ ਦੇ ਨਾਲ ਨਾਲ ਕਸ਼ਮੀਰੀ ਦਹਿਸ਼ਤਗਰਦਾਂ ਨੂੰ ਦਹਿਸ਼ਤਗਰਦੀ ਦੀਆਂ ਘਟਨਾਵਾਂ ਕਰਨ ਲਈ ਉਤਸਾਹਤ ਕਰਨ ਸਦਕਾ ਸਦਾ ਹੀ ਚਰਚਾ ਵਿੱਚ ਰਹੀਆਂ ਹਨ।  ਅਮਰੀਕਾ ਵਿੱਚ ਸਤੰਬਰ 11, 2001 ਨੂੰ ਹੋਇਆ ਆਤੰਕਵਾਦੀ ਹਮਲਾ ਵੀ ਇਸੇ ਨਜ਼ਰੀਏ ਤੋਂ ਹੀ ਦੇਖਿਆ ਜਾਣਾ ਚਾਹੀਦਾ ਹੈ।
ਅਮਰੀਕਾ ਦਾ ਪ੍ਰਸਿੱਧ ਚਿੰਤਕ ਅਤੇ ਭਾਸ਼ਾ ਵਿਗਿਆਨੀ ਨੌਮ ਚੌਮਸਕੀ ਵੀ ਇਹੀ ਧਾਰਨਾ ਪੇਸ਼ ਕਰਦਾ ਹੈ ਕਿ ਅਮਰੀਕਾ ਨੇ ਦੁਨੀਆਂ ਵਿੱਚ ਥਾਂ ਥਾਂ ਅੱਗ ਦੇ ਭਾਂਬੜ ਬਾਲੇ ਸਨ - ਨਿਊਯਾਰਕ ਦੇ ਵਰਲਡ ਟਰੇਡ ਸੈਂਟਰ ਉੱਤੇ ਆਤੰਕਵਾਦੀਆਂ ਵੱਲੋਂ ਕੀਤਾ ਗਿਆ ਹਮਲਾ ਵੀ ਉਸਦਾ ਜੁਆਬ ਹੀ ਕਿਹਾ ਜਾ ਸਕਦਾ ਹੈ। ਲੈਟਨ ਅਮਰੀਕਾ ਦੇ ਅਨੇਕਾਂ ਦੇਸ਼ਾਂ ਵਿੱਚ ਅਮਰੀਕਾ ਦੀਆਂ ਖੁਫੀਆ ਏਜੰਸੀਆਂ ਨੇ ਆਤੰਕ ਫੈਲਾ ਕੇ ਲੱਖਾਂ ਲੋਕਾਂ ਦਾ ਕਤਲ ਕਰ ਦਿੱਤਾ ਅਤੇ ਉਨ੍ਹਾਂ ਦੇਸ਼ਾਂ ਦੀ ਘੋਰ ਤਬਾਹੀ ਕੀਤੀ। ਵੀਅਤਨਾਮ ਵਿੱਚ ਅਮਰੀਕਨ ਫੌਜਾਂ ਇੱਕ ਦਹਾਕੇ ਤੋਂ ਵੀ ਵੱਧ ਸਮੇਂ ਤੱਕ ਆਤੰਕਵਾਦ ਫੈਲਾਉਂਦੀਆਂ ਰਹੀਆਂ ਹਨ। ਅਮਰੀਕਾ ਵੱਲੋਂ ਫੈਲਾਏ ਗਏ ਅਜਿਹੇ ਆਤੰਕਵਾਦ ਕਾਰਨ ਲੱਖਾਂ ਵੀਅਤਨਾਮੀ ਮਾਰੇ ਗਏ ਅਤੇ ਅਰਬਾਂ ਡਾਲਰਾਂ ਦੀ ਵੀਅਤਨਾਮੀ ਜਾਇਦਾਦ ਤਬਾਹ ਹੋ ਗਈ।
ਉਂਝ ਆਤੰਕਵਾਦ ਦੇ ਤੌਰ ਤਰੀਕੇ ਵੱਖ ਵੱਖ ਦੇਸ਼ਾਂ ਵਿੱਚ ਚੱਲ ਰਹੇ ਆਜ਼ਾਦੀ ਸੰਗਰਾਮਾਂ ਵਿੱਚ ਜੂਝ ਰਹੇ ਇਨਕਲਾਬੀਆਂ ਵੱਲੋਂ ਉਨ੍ਹਾਂ ਦੇਸ਼ਾਂ ਦੀਆਂ ਜ਼ਾਲਮ ਸਰਕਾਰਾਂ ਦਾ ਮੁਕਾਬਲਾ ਕਰਨ ਲਈ ਵੀ ਵਰਤੇ ਜਾਂਦੇ ਰਹੇ ਹਨ।
ਆਤੰਕਵਾਦੀਆਂ ਦਾ ਮੂਲ ਮਕਸਦ ਆਤੰਕਵਾਦ ਦੀ ਘਟਨਾ ਕਰਕੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਣਾ ਹੁੰਦਾ ਹੈ। ਜਦੋਂ ਰੇਡੀਓ, ਟੀਵੀ, ਪਿੰ੍ਰਟ ਮੀਡੀਆ ਕਿਸੀ ਵੀ ਆਤੰਕਵਾਦੀ ਘਟਨਾ ਦਾ ਜ਼ਿਕਰ ਕਰਦਾ ਹੈ ਤਾਂ ਉਸ ਖਬਰ ਵਿੱਚ ਇਹ ਵੀ ਦੱਸਿਆ ਜਾਂਦਾ ਹੈ ਕਿ ਇਸ ਘਟਨਾ ਦੇ ਪਿੱਛੇ ਕਿਹੜੀ ਆਤੰਕਵਾਦੀ ਜੱਥੇਬੰਦੀ ਦਾ ਹੱਥ ਹੈ ਅਤੇ ਇਹ ਜੱਥੇਬੰਦੀ ਕਿਸ ਵਿਚਾਰਧਾਰਾ ਦਾ ਪ੍ਰਚਾਰ ਕਰਨ ਲਈ ਅਜਿਹੀਆਂ ਆਤੰਕਵਾਦੀ ਘਟਨਾਵਾਂ ਕਰ ਰਹੀ ਹੈ। ਇਸ ਤਰ੍ਹਾਂ ਇਨ੍ਹਾਂ ਆਤੰਕਵਾਦੀ ਸੰਸਥਾਵਾਂ ਨੂੰ ਬਿਨ੍ਹਾਂ ਕੋਈ ਧੰਨ ਖਰਚੇ ਵਿਸ਼ਵ ਭਰ ਦੇ ਮੀਡੀਆ ਵਿੱਚ ਆਪਣੇ ਵਿਚਾਰਾਂ ਦਾ ਪ੍ਰਚਾਰ ਕਰਨ ਦਾ ਮੌਕਾ ਮਿਲ ਜਾਂਦਾ ਹੈ।
ਅਜੋਕੇ ਸਮਿਆਂ ਵਿੱਚ ਸਭ ਤੋਂ ਖਤਰਨਾਕ ਆਤੰਕਵਾਦੀ ਜੱਥੇਬੰਦੀ 'ਅਲ-ਕਾਇਦਾ' ਨੂੰ ਸਮਝਿਆ ਜਾ ਰਿਹਾ ਹੈ। ਜਿਸਦਾ ਕਰਤਾ-ਧਰਤਾ ਓਸਾਮਾ-ਬਿਨ-ਲਾਦੇਨ ਨਾਮ ਦਾ ਇੱਕ ਵਿਅਕਤੀ ਹੈ। ਓਸਾਮਾ-ਬਿਨ-ਲਾਦੇਨ ਅਤੇ ਉਸਦੇ ਟੋਲੇ ਦੇ ਮੁਸਲਮਾਨ ਧਾਰਮਿਕ ਕੱਟੜਵਾਦੀ ਦਹਿਸ਼ਤਗਰਦਾਂ ਨੂੰ ਕਿਸੇ ਸਮੇਂ ਅਮਰੀਕਾ ਦੀਆਂ ਖੁਫੀਆ ਏਜੰਸੀਆਂ ਨੇ ਧੰਨ ਅਤੇ ਹਥਿਆਰ ਦੇ ਕੇ ਰੂਸ ਦੀਆਂ ਕਮਿਊਨਿਸਟ ਫੌਜਾਂ ਦੇ ਮੁਕਾਬਲੇ ਵਿੱਚ ਅਫਗਾਨਿਸਤਾਨ ਵਿੱਚ ਉਤਾਰਿਆ ਸੀ।
ਪਿਛਲੇ ਕੁਝ ਸਾਲਾਂ ਵਿੱਚ ਆਤੰਕਵਾਦੀ ਘਟਨਾਵਾਂ ਕਰਨ ਦੀਆਂ ਸਾਜ਼ਿਸ਼ਾਂ ਬਨਾਉਣ ਵਾਲੇ ਅਨੇਕਾਂ ਸ਼ੱਕੀ ਮੁਸਲਿਮ ਧਾਰਮਿਕ ਕੱਟੜਵਾਦੀ ਆਤੰਕਵਾਦੀ ਕੈਨੇਡਾ ਦੀ ਪੁਲਿਸ ਨੇ ਗ੍ਰਿਫਤਾਰ ਕੀਤੇ ਹਨ ਅਤੇ ਉਨ੍ਹਾਂ ਉੱਤੇ ਕੈਨੇਡਾ ਦੀਆਂ ਅਦਾਲਤਾਂ ਵਿੱਚ ਦਹਿਸ਼ਤਗਰਦੀ ਵਿਰੁੱਧ ਕਾਨੂੰਨ ਅਧੀਨ ਮੁਕੱਦਮੇ ਚੱਲ ਰਹੇ ਹਨ।
ਇਸੇ ਤਰ੍ਹਾਂ 'ਬੱਬਰ ਖਾਲਸਾ' ਨਾਮ ਦੀ ਇੱਕ ਸਿੱਖ ਆਤੰਕਵਾਦੀ ਸੰਸਥਾ ਨਾਲ ਸਬੰਧਤ ਕੁਝ ਸ਼ੱਕੀ ਸਿੱਖ ਆਤੰਕਵਾਦੀਆਂ ਉੱਤੇ ਵੀ ਏਅਰ ਇੰਡੀਆ ਦੇ ਹਵਾਈ ਜਹਾਜ਼ਾਂ ਵਿੱਚ ਬੰਬ ਰੱਖ ਕੇ ਉਨ੍ਹਾਂ ਨੂੰ ਤਬਾਹ ਕਰਨ ਦੇ ਦੋਸ਼ਾਂ ਹੇਠ ਮੁਕੱਦਮੇ ਚੱਲਦੇ ਰਹੇ ਹਨ। ਭਾਵੇਂ ਕਿ ਇਨ੍ਹਾਂ ਮੁਕੱਦਮਿਆਂ ਵਿੱਚ ਅਜੇ ਤੀਕ ਸਿਰਫ ਇੱਕ ਸਿੱਖ ਆਤੰਕਵਾਦੀ ਇੰਦਰਜੀਤ ਸਿੰਘ ਰਿਆਤ ਹੀ 10 ਸਾਲ ਤੋਂ ਵੀ ਵੱਧ ਸਮੇਂ ਤੱਕ ਜੇਲ੍ਹ ਦੀ ਸਜ਼ਾ ਭੁਗਤ ਚੁੱਕਿਆ ਹੈ। ਇਨ੍ਹਾਂ ਜਹਾਜ਼ਾਂ ਵਿੱਚ ਬੰਬ ਧਮਾਕੇ ਹੋਣ ਨਾਲ 329 ਤੋਂ ਵੱਧ ਵਿਅਕਤੀ ਮਾਰੇ ਗਏ ਸਨ। ਜਿਨ੍ਹਾਂ ਵਿੱਚ ਵਧੇਰੇ ਭਾਰਤੀ ਮੂਲ ਦੇ ਕੈਨੇਡੀਅਨ ਹੀ ਸਨ।
ਕੈਨੇਡੀਅਨ ਪੰਜਾਬੀ ਕਵੀਆਂ ਨੇ ਆਤੰਕਵਾਦ ਦੇ ਵਿਸ਼ੇ ਬਾਰੇ ਵੀ ਬਹੁਤ ਖੂਬਸੂਰਤ ਕਵਿਤਾਵਾਂ ਲਿਖੀਆਂ ਹਨ। ਪੇਸ਼ ਹਨ ਇਨ੍ਹਾਂ ਕਵਿਤਾਵਾਂ 'ਚੋਂ ਕੁਝ ਉਦਾਹਰਣਾਂ:

ਆਤੰਕਵਾਦ ਦਾ ਦੈਂਤ
ਮੁੜ, ਮੁੜ
ਆਪਣਾ ਰੂਪ ਬਦਲ ਕੇ
ਆਉਂਦਾ ਹੈ -

ਉਹ
ਕਦੇ ਮਨੂੰ ਸਮ੍ਰਿਤੀਆਂ
ਕਦੇ ਚੰਗੇਜ਼ ਖ਼ਾਨ
ਕਦੇ ਹਿਟਲਰ
ਕਦੇ ਮੂਸੋਲੀਨੀ
ਕਦੇ ਰਿਚਰਡ ਨਿਕਸਨ
ਕਦੇ ਜੋਰਜ ਬੁਸ਼
ਕਦੇ ਆਇਆਤੁੱਲਾ ਖੁਮੇਨੀ
ਕਦੇ ਓਸਾਮਾ-ਬਿਨ-ਲਾਦੇਨ
ਬਣ ਕੇ ਸਾਨੂੰ ਡਰਾਉਂਦਾ ਹੈ

ਆਤੰਕਵਾਦ ਦੀਆਂ ਜੜ੍ਹਾਂ
ਹਥਿਆਰਾਂ ਵਿੱਚ ਨਹੀਂ
ਸਾਡੇ ਦਿਮਾਗ਼ਾਂ ਵਿੱਚ ਹੁੰਦੀਆਂ ਹਨ
ਬੌਣੇ ਮਨੁੱਖ, ਆਪਣੇ ਚੌਗਿਰਦੇ ਉੱਤੇ
ਕਾਬੂ ਪਾਉੁਣ ਲਈ
ਆਤੰਕਵਾਦ ਫੈਲਾਉਂਦੇ ਹਨ
('ਗਲੋਬਲੀਕਰਨ-39' -ਸੁਖਿੰਦਰ)

'ਆਦਮ ਬੋ, ਆਦਮ ਬੋ' ਕਰਦੀਆਂ
ਇਹ ਕੈਸੀਆਂ ਸਰਕਾਰਾਂ ਹਨ,
ਜਿਨ੍ਹਾਂ ਦੇ ਇਕ ਹੱਥ ਵਿਚ ਅੰਜੀਲ
ਤੇ ਦੂਜੇ ਵਿਚ ਤਬਾਹੀ ਹੈ !

ਇਹ ਕੈਸੇ ਬੰਦੇ ਹਨ,
ਜਿਨ੍ਹਾਂ ਦੇ ਇਕ ਹੱਥ ਵਿਚ ਕੁਰਾਨ
ਤੇ ਦੂਜੇ ਵਿਚ ਮਹਾਂ-ਮੌਤ ਹੈ !
ਗਿਆਨ ਗੁਲ ਹੋ ਰਿਹਾ,
ਸੂਝ, ਬੇਜੋਤ ਹੈ !

ਦਹਿਸ਼ਤਵਾਦ ਦਾ ਖਪਤ ਵਸਤਾਂ ਵਾਂਗ
ਵਿਸ਼ਵੀਕਰਨ ਹੋ ਗਿਆ ਹੈ।
('ਰਾਜੀ ਆਤੰਕਵਾਦ' - ਰਵਿੰਦਰ ਰਵੀ)

ਉਹ ਪੱਥਰ ਦਿਲਾ !
ਇਹ ਤੂੰ ਕੀ ਕੀਤਾ ?
ਨਿਰਦੋਸ਼ਾਂ ਦੀ ਹੱਤਿਆ,
ਕਿਹੜੇ ਇਸਲਾਮ ਦੀ ਸਿਖਿਆ ਹੈ ?
ਹਰ ਧਰਮ ਪਿਆਰ, ਅਮਨ
ਤੇ ਮਨੁੱਖੀ ਭਾਈਚਾਰੇ ਲਈ ਪ੍ਰੇਮ ਭਰੀ ਸਦਭਾਵਨਾ
ਦਾ ਸੰਦੇਸ਼ ਦਿੰਦਾ ਹੈ।

ਮੁਹੰਮਦ, ਬੁੱਧ, ਨਾਨਕ, ਈਸਾ ਤੇ
ਗਾਂਧੀ, ਲਿੰਕਨ, ਵਿਨੋਭਾ ਭਾਵੇ,
ਰਜਨੀਸ਼, ਸਾਰੇ ਹੀ ਪਿਆਰ ਦੇ ਪਾਂਧੀ ਨੇ
ਤੂੰ ਕੁਰਾਨ ਦੀ ਕਿਹੜੀ ਆਇਤ ਪੜ੍ਹੀ ਹੈ
ਜੋ ਤੂੰ ਇਹ ਬੰਬ ਬਰਸ਼ਾ ਕੀਤੀ ਹੈ !
ਤੂੰ ਕਿਹੜੇ ਅੱਲਾਹ ਨੂੰ ਖੁਸ਼ ਕੀਤਾ ਹੈ
('ਇੱਕ ਚਿੱਠੀ ਓਸਾਮਾ-ਬਿਨ-ਲਾਦੇਨ ਦੇ ਨਾਂਅ' - ਹਰਭਜਨ ਸਿੰਘ ਮਾਂਗਟ)

14æ ਕਵਿਤਾ ਦਾ ਉਦੇਸ਼ :
ਹਰ ਕਵੀ ਦਾ ਕਵਿਤਾ ਲਿਖਣ ਪਿੱਛੇ ਕੋਈ ਨ ਕੋਈ ਉਦੇਸ਼ ਹੁੰਦਾ ਹੈ। ਕਈ ਵੇਰ ਅਜਿਹਾ ਉਦੇਸ਼ ਸਪੱਸ਼ਟ ਹੁੰਦਾ ਹੈ ਅਤੇ ਕਈ ਵੇਰ ਅਸਪੱਸ਼ਟ। ਕੈਨੇਡਾ ਦੇ ਪੰਜਾਬੀ ਕਵੀ ਵੀ ਇਸੀ ਤਰ੍ਹਾਂ ਹੀ ਕਵਿਤਾ ਲਿਖ ਰਹੇ ਹਨ। ਕੁਝ ਕਵੀ ਮਾਨਵੀ ਕਦਰਾਂ ਕੀਮਤਾਂ ਦਾ ਪਾਸਾਰ ਕਰਨ ਨੂੰ ਆਪਣੀ ਕਵਿਤਾ ਦਾ ਉਦੇਸ਼ ਮਿੱਥ ਕੇ ਤੁਰ ਰਹੇ ਹਨ; ਕੁਝ ਕਵੀ 'ਰੱਬ ਦੀ ਲੀਲ੍ਹਾ' ਦੇ ਗੁਣ ਗਾਇਣ ਕਰਨ ਦਾ ਉਦੇਸ਼ ਮਿੱਥ ਕੇ ਕਵਿਤਾ ਲਿਖ ਰਹੇ ਹਨ; ਕੁਝ ਕਵੀ ਸਮਾਜਿਕ ਅਨਿਆਂ ਦੇ ਵਿਰੁੱਧ ਬੋਲਣ ਨੂੰ ਆਪਣਾ ਉਦੇਸ਼ ਮਿੱਥ ਕੇ ਲਿਖ ਰਹੇ ਹਨ ਅਤੇ ਕੁਝ ਕਵੀ ਵਾਤਾਵਰਨ ਦੇ ਪ੍ਰਦੂਸ਼ਨ ਬਾਰੇ ਚੇਤਨਾ ਪੈਦਾ ਕਰਨ ਲਈ ਲਿਖ ਰਹੇ ਹਨ। ਕੁਝ ਕਵੀ ਰਾਜਨੀਤਿਕ ਭ੍ਰਿਸ਼ਟਾਚਾਰ ਬਾਰੇ, ਕੁਝ ਕਵੀ ਧਾਰਮਿਕ ਕੱਟੜਵਾਦੀ ਦਹਿਸ਼ਤਗਰਦੀ ਵਿਰੁੱਧ ਚੇਤਨਾ ਪੈਦਾ ਕਰਨ ਲਈ, ਕੁਝ ਕਵੀ ਔਰਤਾਂ ਅਤੇ ਬੱਚਿਆਂ ਉੱਤੇ ਹੋ ਰਹੀ ਹਿੰਸਾ ਬਾਰੇ ਚੇਤਨਾ ਪੈਦਾ ਕਰਨ ਨੂੰ ਆਪਣਾ ਉਦੇਸ਼ ਮਿੱਥ ਕੇ ਕਵਿਤਾ ਲਿਖ ਰਹੇ ਹਨ। ਕੁਝ ਕਵੀ ਠੱਗ ਬਾਬਿਆਂ, ਵਹਿਮਾਂ ਭਰਮਾਂ ਅਤੇ ਸਭਿਆਚਾਰਕ ਪ੍ਰਦੂਸ਼ਨ ਬਾਰੇ ਚੇਤਨਾ ਪੈਦਾ ਕਰਨ ਲਈ ਕਵਿਤਾ ਰਚ ਰਹੇ ਹਨ। ਕੁਝ ਕਵੀ ਮਜ਼ਦੂਰਾਂ ਅਤੇ ਕਾਮਿਆਂ ਨੂੰ ਉਨ੍ਹਾਂ ਦੇ ਹੱਕਾਂ ਬਾਰੇ ਜਾਣਕਾਰੀ ਦੇਣ ਲਈ ਅਤੇ ਆਪਣੇ ਹੱਲ ਪ੍ਰਾਪਤ ਕਰਨ ਲਈ ਸੰਘਰਸ਼ ਕਰਨ ਲਈ ਲੋਕ-ਚੇਤਨਾ ਪੈਦਾ ਕਰਨ ਵਾਲੀ ਕਵਿਤਾ ਰਚ ਰਹੇ ਹਨ।
ਜਿਹੜੇ ਕੈਨੇਡੀਅਨ ਪੰਜਾਬੀ ਕਵੀਆਂ ਨੂੰ ਆਪਣੀ ਕਵਿਤਾ ਦੇ ਉਦੇਸ਼ ਬਾਰੇ ਸਪੱਸ਼ਟਤਾ ਨਹੀਂ - ਉਹ ਮਹਿਜ਼ ਸ਼ਬਦਾਂ ਨਾਲ ਸ਼ਬਦ ਜੋੜਨ ਨੂੰ ਹੀ ਕਵਿਤਾ ਲਿਖਣੀ ਸਮਝ ਲੈਂਦੇ ਹਨ। ਕੈਨੇਡੀਅਨ ਪੰਜਾਬੀ ਕਵੀਆਂ ਦੇ ਕੁਝ ਹਿੱਸੇ ਵੱਲੋਂ ਅਜਿਹੀ ਕਿਸਮ ਦੀ ਵੀ ਰਚਨਾ ਕੀਤੀ ਜਾ ਰਹੀ ਹੈ।  ਕੈਨੇਡੀਅਨ ਪੰਜਾਬੀ ਕਵਿਤਾ ਦੇ ਇਸ ਗੁਣ/ ਔਗੁਣ ਬਾਰੇ ਵੀ ਗੰਭੀਰ ਚਰਚਾ ਛੇੜੇ ਜਾਣ ਦੀ ਲੋੜ ਹੈ। ਕਿਉਂਕਿ ਕੈਨੇਡੀਅਨ ਪੰਜਾਬੀ ਕਵਿਤਾ ਬਾਰੇ ਇਹ ਜਾਣਕਾਰੀ ਪਾਠਕ ਨੂੰ ਬਹੁਤ ਕੁਝ ਦਸ ਸਕਦੀ ਹੈ। ਪੇਸ਼ ਹਨ ਕੁਝ ਉਦਾਹਰਣਾਂ:

ਸੰਘਰਸ਼ ਤਾਂ ਲੋਕ ਹੀ ਕਰਨਗੇ
ਜਾਚ ਸਿਖਾਊ ਕਵਿਤਾ
ਯੁੱਗ ਤਾਂ ਲੋਕ ਹੀ ਬਦਲਣਗੇ
ਯੁੱਧ ਸਿਖਾਊ ਕਵਿਤਾ
ਆ ਆਪਾਂ ਕਵਿਤਾ ਦੀ ਫਸਲ ਬੀਜੀਏ
('ਕਵਿਤਾ ਦੀ ਫ਼ਸਲ' - ਇਕਬਾਲ ਖ਼ਾਨ)

ਕਵਿਤਾ-
ਤੂੰ ਇਨ੍ਹਾਂ ਨੂੰ ਦੱਸੀਂ
ਤੂੰ ਸ਼ਬਦਾਂ ਦਾ ਨਿਰਾ ਚੋਹਲਪਨ ਹੀ ਨਹੀਂ
ਤੂੰ ਆਦਮੀ ਦੇ ਆਪਣੇ ਅੰਦਰ
ਅਤੇ ਉਸਦੇ ਚੌਗਿਰਦੇ ਵਿੱਚ ਪੱਸਰੀ
ਗੁਰਬਤ ਸੰਗ ਛਿੜੀ ਹੋਈ
ਸਦੀਵੀ ਜੰਗ ਦੀ ਚਿਤਰਸ਼ਾਲਾ ਹੈਂ
('ਉਹ ਆ ਰਹੇ ਹਨ' - ਸੁਖਿੰਦਰ)

ਲਿਖ ਕਲਮੇਂ ਕੁਝ ਨਵਾਂ ਜਿਹਾ
ਤੂੰ ਕਿਉਂ ਲਿਖਦੀ
ਓਹੀ ਘਿਸੇ ਪਿਟੇ
ਪਿਆਰ ਦੇ ਕਿੱਸੇ
ਕਿਥੇ ਹੈ ਹੀਰ, ਸੋਹਣੀ ਤੇ ਸੱਸੀ ਵਾਲਾ ਪਿਆਰ !
ਕਿਥੇ ਹੈ ਰਾਂਝਾ ਮਹੀਵਾਲ ਤੇ ਪੁਨੂੰ ?
ਲਿਖ ਕਲਮੇਂ, ਕੈਨੇਡਾ ਦੇ
ਕਲੱਬਾਂ 'ਚ ਝੂੰਮਦੇ ਜੋੜੇ ਬਾਰੇ ਲਿਖ, ਯੁਵਕਾਂ ਬਾਰੇ ਜੋ
ਪੈਸਿਫਿਕ-ਸਮੁੰਦਰ ਕੰਢੇ, ਖੇਡਦੇ ਵਰਜਿਤ-ਖੇਡਾਂ ਉਨ੍ਹਾਂ
ਬਾਰੇ ਲਿਖ਼
ਪੁਲਾੜ ਯੁੱਗ ਵਿਚ ਵਿਚਰ ਤੂੰ ਵੀ
ਮਸ਼ੀਨ ਬਣੇ ਕਾਮੇ ਦਾ ਗੀਤ ਲਿਖ
ਕੈਨੇਡਾ ਦੇ ਫਾਰਮਾਂ 'ਚ ਬੇਰੀ ਤੋੜਦੇ ਸੱਤਰ ਸਾਲਾ
ਬਜ਼ੁਰਗ ਬਾਰੇ ਲਿਖ
ਬੀਮਾਰੀ ਵਿੱਚ ਤੜਪਦੇ ਮਰੀਜ਼ ਦੀ ਕਥਾ ਲਿਖ
ਹਸਪਤਾਲਾਂ 'ਚ ਅਧ ਖਿੜੇ ਮੁਰਝਾਏ ਚੇਹਰਿਆਂ ਬਾਰੇ ਲਿਖ
ਜਾਬ ਲੱਬਦੇ ਨੌਜਵਾਨ ਦੀ ਕਥਾ ਲਿਖ
ਬਹੁਤ ਕੁਝ ਅਣਲਿਖਿਆ ਪਿਐ
('ਲਿਖ ਕਲਮੇਂ ਕੁਝ ਨਵਾਂ ਜਿਹਾ' - ਹਰਭਜਨ ਸਿੰਘ ਮਾਂਗਟ)


ਕਵਿਤਾ ਸਿਰ ਚੁੱਕਦੀ ਹੈ
ਦੁੱਖ ਵਿਚੋਂ
ਹੁੱਟ ਵਿਚੋਂ
ਮਿਹਨਤ ਦੀ ਹੁੰਦੀ ਲੁੱਟ ਵਿਚੋਂ
ਠੁਰ-ਠੁਰ ਕਰਦੇ ਜਿਸਮ ਦੇ
ਹੱਡਾਂ 'ਚ ਵੜੀ ਠੰਡ ਵਿਚੋਂ
ਭਾਫ਼ ਬਣ ਕੇ ਉੱਡਦੀ ਹੈ ਕਵਿਤਾ
('ਕਵਿਤਾ ਦੀ ਜਨਮ ਭੂਮੀ' - ਜਸਬੀਰ ਮਾਹਲ)

ਕਵਿਤਾ ਹੁੰਦੀ ਹੈ
ਲੋਕਾਂ ਨਾਲ ਸਨੇਹ ਜਤਲਾਉਣ ਲਈ
ਉਨ੍ਹਾਂ ਦੇ ਦੁੱਖਾਂ ਦਰਦਾਂ ਦੇ
ਗੀਤ ਗਾਉਣ ਲਈ
ਲੋੜ ਪੈਣ 'ਤੇ ਹੱਕਾਂ ਲਈ
ਝੰਡਾ ਉਠਾਉਣ ਲਈ
('ਕਵਿਤਾ ਨਾਲ ਸੰਵਾਦ' - ਸਾਧੂ ਬਿਨਿੰਗ)

ਹੇ!
ਮਾਂ ਧਰਤੀ
ਬੜਾ ਸੋਚਦੀ ਹਾਂ
ਕੋਈ ਨਜ਼ਮ ਲਿਖਾਂ
ਤੇਰੇ ਦੁੱਖਾਂ ਦੀ!

ਤੇਰੇ
ਖੁਰਦੇ ਪਰਬਤਾਂ ਦੀ
ਸੁੱਕ ਰਹੇ ਦਰਿਆਵਾਂ ਦੀ
ਗੰਧਲਾ ਗਏ ਸਾਗਰਾਂ ਦੀ
ਮੁਕਦੇ ਜੰਗਲਾਂ ਦੀ
ਦੂਸ਼ਿਤ ਹੋ ਰਹੀ ਹਵਾ ਦੀ!

ਇਸ ਦਰਦ ਦਾ
ਅਹਿਸਾਸ ਹੈ ਮੈਨੂੰ
ਪਰ ਸ਼ਬਦ ਗੁੰਮ ਹਨ

ਹੇ ਮਹਿਤਰੀ!
ਖ਼ਫ਼ਾ ਨਾ ਹੋਈਂ
ਜ਼ਰੂਰ ਲਿਖਾਂਗੀ ਉਹ ਨਜ਼ਮ
ਜੋ ਤੇਰੇ ਦੁੱਖਾਂ ਦੀ ਹਾਣੀ ਹੋਵੇ!
('ਤੇਰਾ ਦੁਖ ਮੇਰਾ' - ਸੁਰਜੀਤ)

'ਤੁਸੀਂ ਕਵਿਤਾ ਕਿਉਂ ਲਿਖਦੇ ਹੋ?'
ਮੇਰੇ ਨਾਲ ਖੜ੍ਹੇ ਬੱਚੇ ਨੇ ਪੁੱਛਿਆ
'ਤੂੰ ਔਹ ਲਾਲ ਸੂਹਾ
ਸੂਰਜ ਵੇਖ ਰਿਹਾ ਹੈਂ?'
"ਹੂੰ"
'ਮੈਂ ਕਵਿਤਾ ਇਸ ਲਈ ਲਿਖਦਾ ਹਾਂ
ਕਿ ਮੈਂ ਵੀ ਔਹ ਲਾਲ ਸੂਹਾ ਸੂਰਜ
'ਵੇਖ' ਸਕਾਂ'
('ਕਵਿਤਾ ਕਿਉਂ ਲਿਖਦਾ ਹਾਂ' - ਨਵਤੇਜ ਭਾਰਤੀ)

ਤੁਸੀਂ ਬਦਲ ਦਿਓ ਗੀਤਾਂ ਦੀ ਨੁਹਾਰ ਵੇ ਲਿਖਾਰੀਓ
ਨਿਰਾ ਵਸਲ ਨਹੀਂ ਹੋਵੇ, ਕੁਝ ਪਿਆਰ ਵੇ ਲਿਖਾਰੀਓ
ਲਫਜ਼ਾਂ ਦੇ ਨਾਲ ਨੰਗੇ ਨਾ ਕਰੋ ਸਰੀਰਾਂ ਨੂੰ
ਰੱਖ ਦਿਓ ਲਾਂਭੇ ਇਹਨਾਂ ਕਾਮ ਵਾਲੇ ਤੀਰਾਂ ਨੂੰ
ਐਵੇਂ ਕਰੋ ਨਾ ਸਮਾਜ ਨੂੰ ਬੀਮਾਰ ਵੇ ਲਿਖਾਰੀਓ
ਤੁਸੀਂ ਬਦਲ ਦਿਓ ਗੀਤਾਂ ਦੀ ਨੁਹਾਰ ਵੇ ਲਿਖਾਰੀਓ !!
('ਲਿਖਣ ਵਾਲਿਆਂ ਨੂੰ' - ਹਰਬੰਸ ਕੇæ ਬਰਾੜ)

ਹਰ ਰੋਜ਼ ਮੈਂ ਕੰਨਾਂ
ਨਾਲ ਸੁਣਦਾ ਹਾਂ
ਹਰ ਮੂਲ-ਖੇਤਰ
ਦੀ ਲੜਾਈ ਹੀ
ਸ਼ਰਾਬ ਦੀ ਜੜ੍ਹ ਹੈ
ਮੈਂ ਕਿਵੇਂ ਕਰਾਂ ਯਕੀਨ
ਮੈਂ ਕਿਵੇਂ ਕੰਨ੍ਹਾਂ ਆਪਣਿਆਂ 'ਤੇ
ਜ਼ਰਾ ਅਜ ਤੁਸੀਂ
ਵੀ ਸੋਚੋ ਸ਼ਿਵ ਕੁਮਾਰ
ਉਮਰੇ ਖਿਆਮ,
ਵਾਰਿਸ ਸ਼ਾਹ
ਕੀਤੇ ਨੇ ਸ਼ਰਾਬ ਨੇ ਪੈਦਾ
ਸ਼ਰਾਬ ਇਕ ਚੰਗੀ
ਸੋਚ ਨੂੰ ਜਨਮ ਦਿੰਦੀ ਹੈ
ਉਦਾਸ ਮਨ ਤੇ
ਸੋਚਾਂ ਤੋਂ ਮੁਕਤ ਕਰਦੀ ਹੈ
ਫਿਰ ਮੈਂ ਕਿਵੇਂ ਕਰਾਂ
ਇਹੀ ਇਲਜ਼ਾਮ ਲੋਕੀ
ਮੇਰੀ ਪਤਨੀ
ਮੇਰੇ 'ਤੇ ਧਰਦੇ ਨੇ
('ਇਲਜ਼ਾਮ' - ਗੁਰਦਿਆਲ ਕੰਵਲ)

15æ ਵਿਸ਼ਵ-ਅਮਨ ਅਤੇ ਕ੍ਰਾਂਤੀ ਦੀ ਚੇਤਨਾ :
ਦੁਨੀਆਂ ਵਿੱਚ ਹਰ ਵਿਅਕਤੀ ਅਮਨ ਦੀ ਖਾਹਿਸ਼ ਰੱਖਦਾ ਹੈ; ਪਰ ਇਸਦੇ ਬਾਵਜ਼ੂਦ ਦੁਨੀਆਂ ਦੇ ਕੋਨੇ ਕੋਨੇ ਵਿੱਚ ਜੰਗ ਦੇ ਭਾਂਬੜ ਬਲਦੇ ਰਹਿੰਦੇ ਹਨ। ਹਰ ਦੇਸ਼ ਵਿੱਚ, ਧਰਤੀ ਦੇ ਹਰ ਖਿੱਤੇ ਵਿੱਚ, ਕੁਝ ਲੋਕ ਅਜਿਹੇ ਵੀ ਹੁੰਦੇ ਹਨ ਜੋ, ਮਹਿਜ਼, ਆਪਣੀ ਹਉਮੈਂ ਦੀ ਪੂਰਤੀ ਹਿਤ ਹੋਰਨਾਂ ਲੋਕਾਂ ਨੂੰ ਅਮਨ ਦੀ ਜ਼ਿੰਦਗੀ ਜਿਊਣ ਨਹੀਂ ਦਿੰਦੇ। ਸਾਡੇ ਸਮਿਆਂ ਵਿੱਚ ਅਸੀਂ ਦੇਖ ਸਕਦੇ ਜਾਂ ਕਿ ਦੋ ਗੁਆਂਢੀ ਦੇਸ਼ਾਂ ਇਰਾਨ ਅਤੇ ਇਰਾਕ ਦਰਮਿਆਨ ਤਕਰੀਬਨ 10 ਵਰ੍ਹੇ ਜੰਗ ਚੱਲਦੀ ਰਹੀ। ਦੋਨੋਂ ਦੇਸ਼ ਮਸੁਲਿਮ ਧਰਮ ਨੂੰ ਮੰਨਣ ਵਾਲੇ ਲੋਕਾਂ ਦੇ ਸਨ; ਪਰ ਇਸਦੇ ਬਾਵਜ਼ੂਦ ਉਨ੍ਹਾਂ ਦੇਸ਼ਾਂ ਦੇ ਰਾਜਨੀਤੀਵਾਨਾਂ ਨੇ ਆਪਣੀ ਨਿੱਜੀ ਹਉਮੈਂ ਨੂੰ ਧਿਆਨ ਵਿੱਚ ਰੱਖਦਿਆਂ ਦੋਹਾਂ ਦੇਸ਼ਾਂ ਦੇ ਹਜ਼ਾਰਾਂ ਨੌਜੁਆਨ ਮਰਦਾਂ ਨੂੰ ਜੰਗ ਦੀ ਭੱਠੀ ਵਿੱਚ ਝੋਕ ਦਿੱਤਾ। ਏਸ਼ੀਆ ਦੇ ਹੀ ਖਿੱਤੇ ਵਿੱਚ ਦੋ ਗੁਆਂਢੀ ਦੇਸ਼ਾਂ ਇੰਡੀਆ ਅਤੇ ਪਾਕਿਸਤਾਨ ਦੇ ਰਾਜਨੀਤੀਵਾਨ ਕਿਸੇ-ਨ-ਕਿਸੇ ਬਹਾਨੇ ਦੋਹਾਂ ਦੇਸ਼ਾਂ ਦੇ ਲੋਕਾਂ ਨੂੰ ਜੰਗ ਦੀ ਭੱਠੀ ਵਿੱਚ ਪਾ ਕੇ ਸਾੜਦੇ ਹੀ ਰਹਿੰਦੇ ਹਨ। ਇਨ੍ਹਾਂ ਰਾਜਨੀਤੀਵਾਨਾਂ ਦੀ ਭਰਿਸ਼ਟ ਰਾਜਨੀਤੀ ਤੋਂ ਤੰਗ ਆ ਕੇ ਲੋਕ ਜਦੋਂ ਵੀ ਉਨ੍ਹਾਂ ਦਾ ਵਿਰੋਧ ਕਰਨ ਲੱਗਦੇ ਹਨ ਤਾਂ ਉਹ ਆਪਣੀਆਂ ਗੱਦੀਆਂ ਬਚਾਈ ਰੱਖਣ ਲਈ ਫਿਰ ਕਿਸੇ-ਨ-ਕਿਸੇ ਬਹਾਨੇ ਆਪਣੇ ਗੁਆਢੀ ਦੇਸ਼ ਨਾਲ ਜੰਗ ਛੇੜਕੇ ਲੋਕਾਂ ਵਿੱਚ ਦੇਸ਼ ਭਗਤੀ ਦਾ ਚੂਰਨ ਵੇਚਣ ਲੱਗ ਜਾਂਦੇ ਹਨ।
ਮਨੁੱਖੀ ਇਤਿਹਾਸ ਵਿੱਚ ਕਦੀ ਚੰਗੇਜ਼ ਖਾਂ, ਕਦੀ ਹਿਟਲਰ, ਕਦੀ ਮੂਸੋਲੀਨੀ ਅਤੇ ਕਦੀ ਜੋਰਜ ਬੁੱਸ਼ ਵਿਸ਼ਵ ਅਮਨ ਨੂੰ ਭੰਗ ਕਰਕੇ ਅੰਤਾਂ ਦੀ ਮਨੁੱਖੀ ਤਬਾਹੀ ਲਿਆਉਂਦੇ ਰਹੇ ਹਨ।
ਅਜੋਕੇ ਸਮਿਆਂ ਵਿੱਚ ਭਾਵੇਂ ਕਿ ਕੈਨੇਡਾ ਦੀ ਸਰਕਾਰ ਨੇ ਤਾਲਿਬਾਨਾਂ ਨਾਲ ਲੜਨ ਲਈ ਅਫਗਾਨਿਸਤਾਨ ਵਿੱਚ ਕੈਨੇਡਾ ਦੀਆਂ ਫੌਜਾਂ ਭੇਜੀਆਂ ਹਨ; ਪਰ ਕੈਨੇਡਾ ਦੇ ਵਧੇਰੇ ਲੋਕ ਅਮਨ-ਪਸੰਦ ਹਨ ਅਤੇ ਉਹ ਕੈਨੇਡਾ ਦੀਆਂ ਫੌਜਾਂ ਦੀ ਘਰ ਵਾਪਿਸੀ ਚਾਹੁੰਦੇ ਹਨ।
ਦੁਨੀਆਂ ਦੇ ਲੋਕ ਜਿੱਥੇ ਅਮਨ ਦੀ ਖਾਹਿਸ਼ ਰੱਖਦੇ ਹਨ, ਉੱਥੇ ਹੀ ਉਹ ਕ੍ਰਾਂਤੀ ਦੀ ਚੇਤਨਾ ਵਿੱਚ ਵੀ ਵਿਸ਼ਵਾਸ਼ ਰੱਖਦੇ ਹਨ। ਮਨੁੱਖੀ ਇਤਿਹਾਸ ਵਿੱਚ ਅਸੀਂ ਦੇਖ ਸਕਦੇ ਹਾਂ ਕਿ ਮਨੁੱਖ ਨੇ ਹਰ ਖੇਤਰ ਵਿੱਚ ਤਾਂ ਹੀ ਤਰੱਕੀ ਕੀਤੀ ਹੈ ਜਦੋਂ ਉਸਦੇ ਮਸਤਕ ਵਿੱਚ ਕ੍ਰਾਂਤੀ ਦੀ ਚੇਤਨਾ ਦੀ ਚਿੰਗਾਰੀ ਜਾਗੀ।
ਕੈਨੇਡਾ ਦੇ ਅਨੇਕਾਂ ਕਵੀਆਂ ਨੇ ਵਿਸ਼ਵ-ਅਮਨ ਅਤੇ ਕ੍ਰਾਂਤੀ ਦੀ ਚੇਤਨਾ ਨੂੰ ਵੀ ਆਪਣੀਆਂ ਕਵਿਤਾਵਾਂ ਦਾ ਵਿਸ਼ਾ ਬਣਾਇਆ ਹੈ। ਪੇਸ਼ ਹਨ, ਕੁਝ ਉਦਾਹਰਣਾਂ:

ਇਹ ਕੇਹਾ ਗਿਆਨ-ਵਿਗਿਆਨ
ਜੋ ਮਨੁੱਖਤਾ ਦਾ ਕਤਲੇਆਮ ਕਰਨ ਦੇ ਮਨਸੂਬੇ ਘੜ ਰਿਹਾ
ਇਹ ਕੇਹਾ ਸੰਚਾਰ-ਮਾਧਿਅਮ
ਜੋ ਜੰਗਬਾਜ਼ਾਂ ਦੇ ਸੋਹਲੇ ਗਾਉਣ ਵਿੱਚ ਗਲਤਾਨ ਹੈ
ਇਹ ਕੇਹੀ ਯੂæਐਨæਓæ
ਜੋ ਲੱਠਮਾਰਾਂ ਲਈ ਰੰਗਮੰਚ ਬਣ ਕੇ ਰਹਿ ਗਈ
ਇਹ ਕੇਹੀ ਜ਼ੁਬਾਨ
ਜੋ ਨਿਤ ਨਫ਼ਰਤ ਭਰੇ ਫੌਜੀ ਹੁਕਮ ਗੁਣਗੁਣਾ ਰਹੀ

ਓ ਜੰਗ ਦੇ ਵਣਜਾਰਿਓ
ਅਮਨ ਨੂੰ ਮੌਕਾ ਦਿਓ
ਬੱਚਿਆਂ ਲਈ, ਬਿਰਖਾਂ ਲਈ
ਫਸਲਾਂ ਲਈ
('ਗਲੋਬਲੀਕਰਨ-8'- ਸੁਖਿੰਦਰ)

ਸਿਵੇ ਅਮਨਾਂ ਦੇ ਬਲਣ
ਹਵਾ ਨਫ਼ਰਤ ਦੀ ਚੱਲੇ,
ਰੱਬ ਵੀ ਗੁੰਮਿਐ ਕਿਧਰੇ
ਨਰਕ ਹੁਣ ਉਤਰਿਐ ਥੱਲੇ,
ਬੰਦਾ ਬੰਦੇ ਦਾ ਹੈ ਵੈਰੀ
ਬੁੱਕਲ 'ਚ ਲੁਕੇ ਬਸ ਖੰਜਰ ਦਾ ਭਰਮ ਹੈ
ਮੌਸਮ ਹੈ ਠੰਡਾ ਸੀਲਤ
ਪਰ ਮਾਹੌਲ ਹੋਇਆ ਕਿਉਂ ਗਰਮ ਹੈ?
('ਮੌਸਮ' - ਮੇਜਰ ਸਿੰਘ ਨਾਗਰਾ)

ਜੇ ਤੂੰ ਹੈਂ
ਮਹਾਂਭਾਰਤ ਦਾ ਅਰਜੁਨ
ਇੱਛਾ ਤੇ ਪੂਰਤੀ 'ਚ, ਕਰਮ ਤੇ ਦੁਬਿਧਾ 'ਚ
ਲੜਖੜਾਉਂਦਾ
ਅਹਿਸਾਸ ਦਾ ਕ੍ਰਿਸ਼ਨ ਹੋ
ਦੀਵਾਰਾਂ ਨਾਲ ਟਕਰਾਉਂਦਾ ਕਿਉਂ ਨਹੀਂ?
('ਜਾਨਬਾਜ਼' - ਮਨਜੀਤ ਮੀਤ)

ਸਾਰੰਸ਼ :
ਕੈਨੇਡੀਅਨ ਪੰਜਾਬੀ ਕਵਿਤਾ ਬਾਰੇ ਗੰਭੀਰ ਸੰਵਾਦ ਦੀ ਅਣਹੋਂਦ ਵਾਲੀ ਸਥਿਤੀ ਬਣੀ ਹੋਈ ਹੈ। ਅਜਿਹੇ ਗੰਭੀਰ ਸੰਵਾਦ ਦੀ ਅਣਹੋਂਦ ਦਾ ਪਹਿਲਾ ਕਾਰਨ ਤਾਂ ਇਹ ਹੈ ਕਿ ਵਧੇਰੇ ਕੈਨੇਡੀਅਨ ਪੰਜਾਬੀ ਸਾਹਿਤਕਾਰ ਅਜੇ ਆਲੋਚਨਾ / ਸਮੀਖਿਆ ਦੇ ਖੇਤਰ ਵੱਲ ਰੁਚਿਤ ਹੀ ਨਹੀਂ ਹੋ ਸਕੇ। ਅਜਿਹੀ ਸਥਿਤੀ ਨੂੰ ਜਨਮ ਦੇਣ ਵਿੱਚ ਕੈਨੇਡੀਅਨ ਪੰਜਾਬੀ ਮੀਡਿਆ ਅਤੇ ਕੈਨੇਡਾ ਦੀਆਂ ਪੰਜਾਬੀ ਸਾਹਿਤ ਸਭਾਵਾਂ ਵੱਲੋਂ ਪਾਇਆ ਗਿਆ 'ਨਾਂਹ-ਪੱਖੀ' ਯੋਗਦਾਨ ਵੀ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਇਸੇ ਤਰ੍ਹਾਂ ਹੀ, ਇਸ ਸਥਿਤੀ ਨੂੰ ਜਨਮ ਦੇਣ ਵਾਲੇ ਕਾਰਨਾਂ ਵਿੱਚ ਕੈਨੇਡੀਅਨ ਪੰਜਾਬੀ ਸਾਹਿਤਕ ਕਾਨਫਰੰਸਾਂ ਵਿੱਚ ਸ਼ਾਮਿਲ ਹੋਣ ਵਾਲੇ ਅਜਿਹੇ ਕੈਨੇਡੀਅਨ ਪੰਜਾਬੀ ਕਵੀਆਂ ਅਤੇ ਸਮੀਖਿਆਕਾਰਾਂ / ਆਲੋਚਕਾਂ ਵੱਲੋਂ ਦਿਖਾਇਆ ਗਿਆ ਗ਼ੈਰਜਿੰਮੇਵਾਰਾਨਾ ਵਤੀਰਾ ਵੀ ਸ਼ਾਮਿਲ ਕੀਤਾ ਜਾ ਸਕਦਾ ਹੈ ਜੋ ਕਿ ਅਜਿਹੀਆਂ ਸਾਹਿਤਕ ਕਾਨਫਰੰਸਾਂ ਵਿੱਚ ਲੱਡੂ, ਜਲੇਬੀਆਂ, ਬਰਫ਼ੀ ਅਤੇ ਵੇਸਨ ਦੇ ਭਰੇ ਥਾਲ ਵੇਖਕੇ ਹੀ ਸੰਤੁਸ਼ਟ ਹੋ ਜਾਂਦੇ ਹਨ ਅਤੇ ਇਨ੍ਹਾਂ ਨੂੰ ਇਸ ਗੱਲ ਨਾਲ ਕੋਈ ਵਿਸ਼ੇਸ਼ ਵਾਸਤਾ ਨਹੀਂ ਹੁੰਦਾ ਕਿ ਇਨ੍ਹਾਂ ਕੈਨੇਡੀਅਨ ਪੰਜਾਬੀ ਸਾਹਿਤਕ ਕਾਨਫਰੰਸਾਂ ਵਿੱਚ ਕੈਨੇਡੀਅਨ ਪੰਜਾਬੀ ਕਵਿਤਾ ਬਾਰੇ ਕੋਈ ਗੰਭੀਰ ਸੰਵਾਦ ਛਿੜ ਸਕਿਆ ਹੈ ਜਾਂ ਕਿ ਨਹੀਂ? ਇਸ ਸਥਿਤੀ ਲਈ ਭਾਰਤੀ ਪੰਜਾਬੀ ਆਲੋਚਕ / ਸਮੀਖਿਆਕਾਰ ਵੀ ਜਿੰਮੇਵਾਰ ਹਨ। ਕੈਨੇਡਾ ਵਿੱਚ ਰਹਿਣ ਵਾਲੇ ਪੰਜਾਬੀ ਹੋਰਨਾਂ ਦੇਸ਼ਾਂ ਵਿੱਚ ਰਹਿਣ ਵਾਲੇ ਪੰਜਾਬੀਆਂ ਨਾਲੋਂ ਵੱਖਰੀ ਤਰ੍ਹਾਂ ਦੀਆਂ ਸਮਾਜਿਕ, ਸਭਿਆਚਾਰਕ, ਧਾਰਮਿਕ, ਰਾਜਨੀਤਿਕ, ਆਰਥਿਕ, ਵਾਤਾਵਰਨ ਅਤੇ ਸਿਹਤ ਸਬੰਧੀ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ। ਇਸ ਲਈ ਉਨ੍ਹਾਂ ਦੀ ਮਾਨਸਿਕਤਾ ਵੀ ਹੋਰਨਾਂ ਦੇਸ਼ਾਂ ਵਿੱਚ ਰਹਿ ਰਹੇ ਪੰਜਾਬੀਆਂ ਨਾਲੋਂ ਵੱਖਰੀ ਕਿਸਮ ਦੀ ਹੈ। ਇਨ੍ਹਾਂ ਕਾਰਨਾਂ ਸਦਕਾ ਕੈਨੇਡੀਅਨ ਪੰਜਾਬੀ ਕਵੀਆਂ ਵੱਲੋਂ ਰਚੀ ਗਈ ਕੈਨੇਡੀਅਨ ਪੰਜਾਬੀ ਕਵਿਤਾ ਦੀ ਵੱਖਰੀ ਪਹਿਚਾਣ ਹੈ। ਇਸ ਗੱਲ ਨੂੰ ਸਮਝੇ ਬਿਨ੍ਹਾਂ ਕੈਨੇਡੀਅਨ ਪੰਜਾਬੀ ਕਵਿਤਾ ਨੂੰ ਸਹੀ ਤਰ੍ਹਾਂ ਸਮਝਿਆ ਨਹੀਂ ਜਾ ਸਕਦਾ।




ਸਹਾਇਕ ਪੁਸਤਕਾਂ :

ਪੰਜਾਬੀ :

ਸੁਖਿੰਦਰ, ਲੱਕੜ ਦੀਆਂ ਮੱਛੀਆਂ, ਇੱਕਤੀ ਫਰਵਰੀ ਪ੍ਰਕਾਸ਼ਨ, ਦਿੱਲੀ, 1979
ਸੁਖਿੰਦਰ, ਬੁੱਢੇ ਘੋੜਿਆਂ ਦੀ ਆਤਮਕਥਾ, ਰੂਪੀ ਪ੍ਰਕਾਸ਼ਨ, ਅੰਮ੍ਰਿਤਸਰ, 1991
ਸੁਖਿੰਦਰ, ਸ਼ਕਿਜ਼ੋਫਰੇਨੀਆਂ, ਅਸਥੈਟਿਕ ਪਬਲੀਕੇਸ਼ਨਜ਼, ਲੁਧਿਆਣਾ, 1993
ਸੁਖਿੰਦਰ, ਪ੍ਰਦੂਸ਼ਿਤ ਹਵਾ ਨਾਲ ਸੰਵਾਦ, ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ, 2006
ਸੁਖਿੰਦਰ, ਗਲੋਬਲੀਕਰਨ, ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ, 2008
ਸੁਖਪਾਲ, ਰਹਣੁ ਕਿਥਾਊ ਨਾਹਿ, ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ, 2007
ਸਾਹਿਲ, ਹਰਕੰਵਲਜੀਤ, ਸ਼ਬਦ ਅਸ਼ਬਦ, ਮਿਸ਼ਾਲ ਪ੍ਰਕਾਸ਼ਨ, ਕੈਲਗਰੀ, 2001
ਕੰਵਲ, ਗੁਰਦਿਆਲ, ਮੂੰਹ ਬੋਲਦਾ ਸੂਰਜ, ਰਘਬੀਰ ਰਚਨਾ ਪ੍ਰਕਾਸ਼ਨ, ਚੰਡੀਗੜ੍ਹ, 2004
ਸੁਰਜੀਤ, ਸ਼ਿਕਸਤ ਰੰਗ, ਪ੍ਰਤੀਕ ਪਬਲੀਕੇਸ਼ਨਜ਼, ਪਟਿਆਲਾ, 2006
ਖਹਿਰਾ, ਕੁਲਵਿੰਦਰ, ਪੀੜ ਦੀ ਪਰਵਾਜ਼, ਸੁਰਤਾਲ ਪ੍ਰਕਾਸ਼ਨ, ਜਲੰਧਰ, 2001
ਖ਼ਾਨ, ਇਕਬਾਲ, ਨਾਗ ਦੀ ਮੌਤ ਤੱਕ, ਚੇਤਨਾ ਪ੍ਰਕਾਸ਼ਨ, ਲੁਧਿਆਣਾ, 2007
ਗਿੱਲ, ਮੋਹਨ, ਬਨਵਾਸ ਤੋਂ ਬਾਅਦ, ਚੇਤਨਾ ਪ੍ਰਕਾਸ਼ਨ, ਲੁਧਿਆਣਾ, 2007
ਗੀਤ, ਸੁਰਿੰਦਰ, ਚੰਦ ਸਿਤਾਰੇ ਮੇਰੇ ਵੀ ਨੇ, ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ, 2005
ਗਿੱਲ, ਮੋਰਾਂਵਾਲੀ, ਸ਼ਰਾਰੇ, ਨਵਯੁਗ ਪਬਲਿਸ਼ਰਜ਼, ਦਿੱਲੀ, 2005
ਗੁਰਭਗਤ ਸਿੰਘ, ਉਤਰਆਧੁਨਿਕਵਾਦ, ਮਦਾਨ ਪਬਲੀਕੇਸ਼ਨਜ਼, ਪਟਿਆਲਾ, 2000
ਗੁਰਇਕਬਾਲ ਸਿੰਘ (ਡਾæ), ਪੰਜਾਬੀ ਕਵਿਤਾ: ਨਵੇਂ ਪਰਿਪੇਖ ਤੇ ਪਾਸਾਰ, ਚੇਤਨਾ ਪ੍ਰਕਾਸ਼ਨ, ਲੁਧਿਆਣਾ, 2002
ਚੌਹਾਨ, ਗੁਰਦੇਵ, ਸਪਤਕ, ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ, 2006
ਚਮਨ, ਕਸ਼ਮੀਰਾ ਸਿੰਘ, ਕਸ਼ਮੀਰਾ ਸਿੰਘ ਚਮਨ ਦੀਆਂ ਚੋਣਵੀਆਂ ਗ਼ਜ਼ਲਾਂ, ਇੰਡੋ-ਕੈਨੇਡੀਅਨ ਪਬਲਿਸ਼ਰਜ਼, ਕੈਲਗਰੀ, 2007
ਚਰਨਦੀਪ ਸਿੰਘ (ਡਾæ), ਦਲਿਤ ਸਰੋਕਾਰ ਅਤੇ ਸਾਹਿਤ, ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ, 2004
ਢਿੱਲੋਂ, ਪਾਲ, ਦਿਸਹੱਦੇ ਤੋਂ ਪਾਰ, ਚੇਤਨਾ ਪ੍ਰਕਾਸ਼ਨ, ਲੁਧਿਆਣਾ, 2008
ਦੀਪ, ਪੁਸ਼ਪ, ਸਾਹਾਂ ਦੇ ਸਿਰਨਾਵੇਂ, ਨੈਸ਼ਨਲ ਬੁਕ ਸ਼ਾਪ, ਦਿੱਲੀ, 2000
ਦੁਲੇ, ਭੂਪਿੰਦਰ, ਅਹਿਸਾਸ ਦੀ ਪੀੜ, ਸੁਰਤਾਲ ਪ੍ਰਕਾਸ਼ਨ, ਜਲੰਧਰ, 2000
ਧੰਜਲ, ਪ੍ਰੀਤਮ ਸਿੰਘ, ਸਤਿਯੰਮ ਸ਼ਿਵਮ ਸੁੰਦਰਮ, ਨਵਯੁਗ ਪਬਲਿਸ਼ਰਜ਼, ਦਿੱਲੀ, 1996
ਪਰਮਾਰ, ਨਦੀਮ, æਤੋਂ ਉਰੇ, ਨਵਯੁਗ ਪਬਲਿਸ਼ਰਜ਼, ਦਿੱਲੀ, 2001
ਪਾਲ, ਮਹਿੰਦਰਪਾਲ ਸਿੰਘ, ਨਵੇਂ ਸਵੇਰੇ ਨਵੀਆਂ ਮਹਿਕਾਂ, ਕੁਨਾਲ ਪ੍ਰਕਾਸ਼ਨ, ਜਲੰਧਰ, 2003
ਪੂਨੀ, ਬਲਬੀਰ ਸਿੰਘ, ਕਨੇਡੀਅਨ ਪੰਜਾਬੀ ਕਵਿਤਾ: ਸੰਵਾਦ ਅਤੇ ਸਮਾਲੋਚਨਾ, ਵਾਰਿਸ ਸ਼ਾਹ ਫਾਊਂਡੇਸ਼ਨ, ਅੰਮ੍ਰਿਤਸਰ, 2005
ਬਾਂਸਲ, ਦਵਿੰਦਰ, ਮੇਰੀਆਂ ਝਾਂਜਰਾਂ ਦੀ ਛਨਛਨ, ਅਸਥੈਟਿਕ ਪਬਲੀਕੇਸ਼ਨਜ਼, ਲੁਧਿਆਣਾ, 1998
ਬਰਾੜ, ਹਰਬੰਸ ਕੌਰ, ਫੁੱਲਾਂ ਭਰੀ ਚੰਗੇਰ, ਲੋਕ ਸਾਹਿਤ ਪ੍ਰਕਾਸ਼ਨ, ਅੰਮ੍ਰਿਤਸਰ, 1988
ਬਿਨਿੰਗ, ਸਾਧੂ, ਯਾਰ ਮੇਰਾ ਦਰਿਆ, ਚੇਤਨਾ ਪ੍ਰਕਾਸ਼ਨ, ਲੁਧਿਆਣਾ, 2001
ਬਿਨਿੰਗ, ਸਾਧੂ, ਹੁੰਦਲ, ਸੁਖਵੰਤ, ਸੰਘਰਸ਼ ਦੇ ਸੌ ਵਰ੍ਹੇ : ਕਨੇਡਾ ਵਿੱਚ ਪੰਜਾਬੀ ਪ੍ਰਗਤੀਸ਼ੀਲ ਲਹਿਰ, ਚੇਤਨਾ ਪ੍ਰਕਾਸ਼ਨ, ਲੁਧਿਆਣਾ, 2000
ਮਾਂਗਟ, ਹਰਭਜਨ ਸਿੰਘ, ਮਨ ਦੀ ਛਾਵੇਂ, 2001
ਮੀਤ, ਮਨਜੀਤ, ਕੰਕਰ ਤੇ ਗੁਲਦਾਨ, ਨੈਸ਼ਨਲ ਬੁਕ ਸ਼ਾਪ, ਦਿੱਲੀ, 2008
ਮਾਹਲ, ਜਸਬੀਰ, ਆਪਣੇ ਆਪ ਕੋਲ, ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ, 2009
ਰਾਸ਼ਾ, ਮਿੱਤਰ, ਰੰਗ ਸੁਗੰਧ, ਲਾਹੌਰ ਬੁੱਕ ਸ਼ਾਪ, ਲੁਧਿਆਣਾ, 2005
ਰਵੀ, ਰਵਿੰਦਰ, ਛਾਵਾਂ ਤੇ ਪਰਛਾਵੇਂ, ਨੈਸ਼ਨਲ ਬੁਕ ਸ਼ਾਪ, ਦਿੱਲੀ, 2007
ਰਾਮਪੁਰੀ, ਸੁਖਮਿੰਦਰ, ਇਹ ਸਫ਼ਰ ਜਾਰੀ ਰਹੇ, ਮਾਤਾ ਭਾਗਵੰਤੀ ਸਾਹਿਤ ਸੇਵਾ ਸੰਮਤੀ, ਮਾਲੇਰਕੋਟਲਾ, 2008
ਰਾਮਪੁਰੀ, ਗੁਰਚਰਨ, ਅਗਨਾਰ, ਰਵੀ ਸਾਹਿਤ ਪ੍ਰਕਾਸ਼ਨ, ਅੰਮ੍ਰਿਤਸਰ, 1996
ਰੋਡੇ, ਅਜਮੇਰ, ਭਾਰਤੀ, ਨਵਤੇਜ, ਲੀਲ੍ਹਾ, ਰੇਨਬਰਡ ਪ੍ਰੈੱਸ, ਵੈਨਕੂਵਰ, 1999
ਰੰਧਾਵਾ, ਡਾæ ਆਤਮ, ਉਤਰ-ਆਧੁਨਿਕਤਾ ਅਤੇ ਸਮਕਾਲੀ ਪੰਜਾਬੀ ਕਵਿਤਾ, ਚੇਤਨਾ ਪ੍ਰਕਾਸ਼ਨ, ਲੁਧਿਆਣਾ, 2002

English:
Chomsky, Noam, 9-11, Seven Stories Press, New York, U.S.A., 2001
Atwood, Margaret, Survival: A Thematic Guide To Canadian Literature, Anansi, Toronto, 1972
Madison, G.B., Fairfield, Paul, Harris, Ingrid, Is There A Canadian Philosophy?, University Of Ottawa, Ottawa, 2000

Thursday, March 25, 2010

ਝੱੜ ਰਹੇ ਪੱਤੇ -ਨਿਸ਼ਾਨ ਸਿੰਘ 'ਕੁਰੂਕਸ਼ੇਤਰ'

ਝੱੜ ਰਹੇ ਪੱਤੇ
ਨਿਸ਼ਾਨ ਸਿੰਘ 'ਕੁਰੂਕਸ਼ੇਤਰ'
                          ਪੰਜਾਬੀ ਸਾਹਿਤ ਦੇ ਮਸ਼ਹੂਰ ਸ਼ਾਇਰ ਡਾ: ਰਾਬਿੰਦਰ ਮਸਰੂਰ ਹੁਰਾਂ ਦੀ ਕਵਿਤਾ ਦੀਆਂ ਹੇਠ ਲਿਖੀਆਂ ਸਤਰਾਂ ਮਨੁੱਖੀ ਜੀਵਨ ਦੀ ਇੱਕ ਅਟੱਲ ਸੱਚਾਈ ਨੂੰ ਬਿਆਨ ਕਰਦੀਆਂ ਹਨ।

ਝੱੜ ਰਹੇ ਪੱਤਿਆਂ ਨੂੰ ਇਸ ਗੱਲ ਤੇ ਬੜਾ ਇਤਰਾਜ਼ ਹੈ
ਇਹ ਨਵੇਂ ਪੱਤੇ ਨਿਕਲਦੇ ਸਾਰ ਸ਼ਿਖਰਾਂ ਹੋ ਗਏ
ਮਨੁੱਖੀ ਮਨ ਦੀ ਇਸ ਅਵਸਥਾ ਨੂੰ ਡਾ: ਰਾਬਿੰਦਰ ਮਸਰੂਰ ਹੁਰਾਂ ਨੇ ਇਹਨਾਂ ਦੋ ਸਤਰਾਂ ਵਿੱਚ ਹੀ ਬਿਆਨ ਕਰ ਦਿੱਤਾ ਹੈ। ਅਸਲ ਵਿੱਚ ਕਿੱਤਾ ਕੋਈ ਵੀ ਹੋਵੇ ਪੁਰਾਣੇ ਪੱਤੇ (ਪੁਰਾਣੇ ਲੋਕ) ਇਹ ਨਹੀਂ ਚਾਹੁੰਦੇ ਕਿ ਕੋਈ ਨਵਾਂ ਪੱਤਾ (ਨਵਾਂ ਵਿਅਕਤੀ) ਨਿਕਲਦਿਆਂ (ਉਸ ਖੇਤਰ ਵਿੱਚ ਆਉਂਦਿਆਂ) ਹੀ ਉਹਨਾਂ ਤੋਂ ਉੱਪਰ ਹੋ ਜਾਏ।
ਪੰਜਾਬੀ ਸਾਹਿਤ ਦੀ ਗੱਲ ਕਰਦਿਆਂ ਵੀ ਇਹ ਸੱਚ ਅੱਖਾਂ ਸਾਹਮਣੇ ਆਉਂਦਾ ਹੈ ਕਿ ਪੁਰਾਣੇ ਪੱਤੇ (ਲਿਖਾਰੀ) ਕਿਸੇ ਨਵੇਂ ਪੱਤੇ (ਲਿਖਾਰੀ) ਨੂੰ ਵੇਖ ਕੇ ਆਪਣੇ ਤਾਜ ਨੂੰ ਹਿੱਲਦਾ ਮਹਿਸੂਸ ਕਰਦੇ ਹਨ ਤੇ ਬਜਾਏ ਉਸ ਨਵੇਂ ਪੱਤੇ (ਲਿਖਾਰੀ) ਨੂੰ ਮਾਂ ਬੋਲੀ ਦੀ ਸੇਵਾ ਕਰਨ ਦੀ ਪ੍ਰੇਰਣਾ ਦੇਣ ਦੇ, ਉਹ ਉਸ ਨੂੰ ਇਸ ਖੇਤਰ ਵਿੱਚੋਂ ਚੁੱਕ ਕੇ ਬਾਹਰ ਵਗਾਹ ਮਾਰਨਾ ਚਾਹੁੰਦੇ ਹਨ। ਇਹ ਨਾ ਮੰਨਣ ਵਾਲਾ ਸੱਚ ਹੈ।
ਅਸਲ ਵਿੱਚ ਬਦਲਾਓ ਕਿਸੇ ਨੂੰ ਚੰਗਾ ਨਹੀਂ ਲੱਗਦਾ ਪਰ ਇਹ ਕੁਦਰਤ ਦਾ ਨਿਯਮ ਹੈ। ਇਸ ਬਦਲਾਓ ਉੱਪਰ ਕਿਸੇ ਦਾ ਕੋਈ ਵੱਸ ਨਹੀਂ ਹੈ। ਵੈਸੇ ਵੀ ਕਿਹਾ ਗਿਆ ਹੈ ਕਿ ਇੱਕ ਥਾਂ ਤੇ ਖੜਾ ਪਾਣੀ ਵੀ ਬਦਬੂ ਮਾਰਨ ਲੱਗ ਪੈਂਦਾ ਹੈ ਫਿਰ ਹੋਰ ਗੱਲ ਹੀ ਕੀ ਕਰੀਏ। ਪਰ ਮਨ ਪਰਿਵਰਤਨ ਨੂੰ ਪ੍ਰਵਾਨ ਕਰਨ ਤੋਂ ਸੰਕੋਚ ਕਰਦਾ ਹੈ।
ਬਦਲਾਓ ਇਸ ਲਈ ਚੰਗਾ ਨਹੀਂ ਲੱਗਦਾ ਕਿ ਸਾਡੀ ਮਨ ਦੀ ਅਸਵਥਾ ਇਸ ਨੂੰ ਪ੍ਰਵਾਨ ਨਹੀਂ ਕਰਦੀ। ਜੇਕਰ ਅਸੀਂ ਮਨ ਨੂੰ ਪਹਿਲਾਂ ਹੀ ਇਸ ਪਰਿਵਰਤਨ ਲਈ ਤਿਆਰ ਕਰ ਦੇਈਏ ਤਾਂ ਸ਼ਾਇਦ ਇਤਨਾ ਜਿਆਦਾ ਬੁਰਾ ਨਾ ਲੱਗੇ ਜਿਤਨਾ ਕਿ ਬਦਲਾਓ ਵੇਲੇ ਲੱਗਦਾ ਹੈ।
ਜਦੋਂ ਘਰ ਬਦਲਣਾ ਹੋਵੇ ਤਾਂ ਬੁਰਾ ਲੱਗਦਾ ਹੈ। ਮਨ ਵਿੱਚ ਡਰ ਹੁੰਦਾ ਹੈ ਕਿ ਗੁਆਂਢੀ ਚੰਗੇ ਮਿਲਣਏ ਜਾਂ ਨਹੀਂ? ਜਦੋਂ ਸਕੂਲ, ਕਾਲਜ, ਜਗ੍ਹਾਂ, ਕਾਰੋਬਾਰ ਜਾਂ ਜੀਵਨ ਨਾਲ ਸੰਬੰਧਤ ਕੋਈ ਵੀ ਬਦਲਾਓ ਹੁੰਦਾ ਹੈ ਤਾਂ ਚੰਗਾ ਨਹੀਂ ਲੱਗਦਾ ਪਰ ਬਾਅਦ ਵਿੱਚ ਠੀਕ ਹੋ ਜਾਂਦਾ ਹੈ ਕਿਉਂਕਿ ਮਨ ਇਸ ਬਦਲਾਓ ਨੂੰ ਪ੍ਰਵਾਨ ਕਰ ਲੈਂਦਾ ਹੈ।
ਪੰਜਾਬੀ ਸਾਹਿਤ ਦੇ ਖੇਤਰ ਵਿੱਚ ਵੀ ਪੁਰਾਣੇ ਪੱਤੇ ਨਵੇਂ ਪੱਤਿਆਂ ਨੂੰ ਸ਼ੁਰੂ ਵਿੱਚ ਤਾਂ ਅਸਲੋਂ ਹੀ ਪ੍ਰਵਾਨ ਨਹੀਂ ਕਰਦੇ ਤੇ ਹਰ ਗੱਲ/ਲਿਖਤ ਤੇ ਟੀਕਾ ਟਿੱਪਣੀ ਕਰਕੇ ਉਸ ਦੇ ਆਤਮ ਵਿਸ਼ਵਾਸ ਨੂੰ ਤੋੜਣ ਦਾ ਯਤਨ ਕਰਦੇ ਹਨ ਪਰ ਜੇ ਫਿਰ ਵੀ ਕੋਈ ਆਪਣੀ ਧੁਨ ਵਿੱਚ ਲੱਗਾ ਰਹੇ ਤੇ ਉਹ ਆਪਣੀ ਪਛਾਣ ਕਾਇਮ ਕਰ ਲੈਂਦਾ ਹੈ।
ਮਸਰੂਰ ਹੁਰਾਂ ਦੀ ਇਸ ਕਵਿਤਾ ਦੀ ਦੂਜੀ ਲਾਈਨ ਵਿੱਚ ਇਹ ਗੱਲ ਬੜੀ ਸਾਫ ਹੈ ਕਿ ਜਿੱਥੇ ਪੁਰਾਣੇ ਪੱਤਿਆਂ ਨੂੰ ਇਸ ਗੱਲ ਤੇ ਬੜਾ ਇਤਰਾਜ ਹੈ ਕਿ ਇਹ ਨਵੇਂ ਪੱਤੇ ਅਜੇ ਕੁੱਝ ਚਿਰ ਪਹਿਲਾਂ ਹੀ ਪੈਦਾ ਹੋਏ ਸਨ ਤੇ ਥੋੜੇ ਸਮੇਂ ਵਿੱਚ ਹੀ ਸਾਡੇ ਨਾਲੋਂ ਉੱਚੇ ਕਿਵੇਂ ਹੋ ਗਏ ਹਨ?
ਦੂਜੀ ਗੱਲ ਜਿਤਨਾ ਦੁੱਖ ਪੁਰਾਣੇ ਪੱਤਿਆਂ ਨੂੰ ਇਹ ਹੈ ਕਿ ਨਵੇਂ ਪੱਤੇ ਜਲਦੀ ਸ਼ਿਖਰ ਨੂੰ ਛੂਹ ਰਹੇ ਨੇ ਉਤਨਾ ਹੀ ਦੁੱਖ ਇਹ ਵੀ ਹੈ ਕਿ ਅਸੀਂ ਪੁਰਾਣੇ ਹੋ ਕੇ ਵੀ ਇਸ ਤੋਂ ਥੱਲੇ ਕਿਉਂ ਹੋ ਗਏ ਹਾਂ। ਉਹ ਕਿਸੇ ਦੇ ਥੱਲੇ ਨਹੀਂ ਲੱਗਣਾ ਚਾਹੁੰਦੇ।
ਆਮ ਕਹਾਵਤ ਹੈ ਕਿ ਆਦਮੀ ਆਪਣੇ ਦੁੱਖ ਤੋਂ ਇਤਨਾ ਦੁੱਖੀ ਨਹੀਂ ਹੁੰਦਾ ਜਿਤਨਾ ਕਿ ਗੁਆਂਢੀ ਦੇ ਸੁੱਖ ਤੋਂ ਦੁੱਖੀ ਹੁੰਦਾ ਹੈ। ਇਹ ਬਿਰਤੀ ਕੇਵਲ ਲੇਖਕ ਵਰਗ ਵਿੱਚ ਹੀ ਨਹੀਂ ਬਲਕਿ ਪੱਤਰਕਾਰਤਾ, ਅਧਿਆਪਨ ਖੇਤਰ, ਕਾਨੂੰਨ, ਧਰਮ, ਫ਼ਿਲਮ, ਵਪਾਰ, ਉਦਯੋਗ, ਕਲਾ, ਰਾਜਨੀਤੀ ਅਤੇ ਖੇਡ ਆਦਿ ਹਰੇਕ ਖੇਤਰ ਵਿੱਚ ਹੈ।
ਇਹ ਬਿਰਤੀ ਜਿੱਥੇ ਇਨਸਾਨਾਂ ਵਿੱਚ ਹੁੰਦੀ ਹੈ ਉੱਥੇ ਪਸ਼ੂਆਂ ਵਿੱਚ ਵੀ ਇਹ ਬਿਰਤੀ ਪਾਈ ਜਾਂਦੀ ਹੈ। ਇੱਕ ਸ਼ੇਰ ਜਿਹੜਾ ਕਈ ਸਾਲਾਂ ਤੋਂ ਜੰਗਲ ਵਿੱਚ ਸ਼ਿਕਾਰ ਕਰ ਰਿਹਾ ਹੁੰਦਾ ਹੈ ਜੇ ਕੋਈ ਨਵਾਂ ਜੰਮਿਆਂ ਸ਼ੇਰ ਦਾ ਬੱਚਾ ਉਸ ਦੇ ਇਲਾਕੇ ਵਿੱਚ ਸ਼ਿਕਾਰ ਕਰਨ ਆਉਂਦਾ ਹੈ ਤਾਂ ਉਸ ਪੁਰਾਣੇ ਸ਼ੇਰ ਨੂੰ ਬੜਾ ਬੁਰਾ ਲੱਗਦਾ ਹੈ ਤੇ ਕਈ ਵਾਰ ਲੜਾਈ ਵੀ ਹੋ ਜਾਂਦੀ ਹੈ।
ਇਸ ਜਗ੍ਹਾ ਤੇ ਡਾ: ਮਸਰੂਰ ਹੁਰਾਂ ਨੇ ਰੁੱਖਾਂ ਦੇ ਪੱਤਿਆਂ ਦੇ ਮਾਧਿਅਮ ਦੁਆਰਾ ਮਨੁੱਖੀ ਮਨ ਦੇ ਇਸ ਵਿਚਾਰ ਨੂੰ ਬਹੁਤ ਹੀ ਚੰਗੇ ਢੰਗ ਨਾਲ ਪੇਸ਼ ਕੀਤਾ ਹੈ। ਕਿ ਕਿਸ ਤਰ੍ਹਾਂ ਝੱੜ ਰਹੇ ਪੱਤਿਆਂ ਨੂੰ ਇਸ ਗੱਲ ਤੇ ਗੁੱਸਾ ਆਉਂਦਾ ਹੈ ਕਿ ਇਹ ਨਵਾਂ ਪੱਤਾ ਨਿਕਲਦਿਆਂ ਹੀ ਸਾਥੋਂ ਉੱਪਰ ਕਿਵੇਂ ਚਲਾ ਗਿਆ ਹੈ?
ਪਰ ਇਸ ਬਿਰਤੀ ਨੂੰ ਖਤਮ ਨਹੀਂ ਕੀਤਾ ਜਾ ਸਕਦਾ ਕਿਉਂਕਿ ਇਹ ਮਨੁੱਖੀ ਮਨ ਦੀ ਇੱਕ ਅਜਿਹੀ ਅਵਸਥਾ ਹੈ ਜੋ ਜਨਮ ਤੋਂ ਲੈ ਕੇ ਮਰਨ ਤੱਕ ਮਨੁੱਖ ਨਾਲ ਸਹਿਜੇ ਹੀ ਚੱਲਦੀ ਹੈ। ਕਹਿੰਦੇ ਨੇ ਕਿ ਇੱਕ ਆਦਮੀ ਨੂੰ ਰਸਤੇ ਵਿੱਚ ਜਾਂਦਿਆਂ ਰੱਬ ਮਿਲਿਆ ਤੇ ਕਹਿਣ ਲੱਗਾ, "ਮੰਗ ਬੱਚਾ ਜੋ ਕੁੱਝ ਤੂੰ ਮੰਗਣਾ ਹੈ, ਅੱਜ ਤੈਨੂੰ ਜੋ ਵੀ ਚਾਹੀਦਾ ਹੈ ਉਹ ਮਿਲ ਜਾਵੇਗਾ।"
ਉਹ ਆਦਮੀ ਬੜਾ ਖੁਸ਼ ਹੋਇਆ ਕਿ ਅੱਜ ਤੇ ਮੇਰੀ ਕਿਸਮਤ ਹੀ ਖੁੱਲ ਗਈ ਹੈ। ਰੱਬ ਆਪ ਹੀ ਮਿਲ ਪਿਆ ਹੈ।  ਉਹ ਅਜੇ ਮੰਗਣ ਹੀ ਲੱਗਾ ਸੀ ਕਿ ਰੱਬ ਅਚਾਨਕ ਫਿਰ ਬੋਲਿਆ, "ਇੱਕ ਗੱਲ ਯਾਦ ਰੱਖੀਂ ਕਿ ਤੂੰ ਜੋ ਵੀ ਚੀਜ ਮੰਗ ਕੇ ਲਵੇਂਗਾ ਤੇਰੇ ਗੁਆਂਢੀ ਨੂੰ ਉਹ ਦੁਗਣੀ ਹੋ ਕੇ ਮਿਲੇਗੀ, ਜਿਵੇਂ ਤੂੰ ਇੱਕ ਸੋਨੇ ਦਾ ਹਾਰ ਲਵੇਂਗਾ ਤੇ ਤੇਰਾ ਗੁਆਂਢੀ ਨੂੰ ਦੋ ਸੋਨੇ ਦੇ ਹਾਰ ਮਿਲਣਗੇ।"
ਉਸ ਆਦਮੀ ਦੀ ਖੁਸ਼ੀ ਅਚਾਨਕ ਗਾਇਬ ਹੋ ਗਈ। ਉਸ ਨੇ ਸੋਚਿਆ ਕਿ ਇਸ ਤਰ੍ਹਾਂ ਤੇ ਮੇਰਾ ਗੁਆਂਢੀ ਮੇਰੇ ਨਾਲੋਂ ਜਿਆਦਾ ਅਮੀਰ ਹੋ ਜਾਏਗਾ ਤੇ ਕਾਫੀ ਸੋਚ ਵਿਚਾਰ ਕੇ ਉਸ ਨੇ ਰੱਬ ਤੋਂ ਮੰਗਿਆ, "ਮਹਾਰਾਜ ਮੈਨੂੰ ਇੱਕ ਅੱਖ ਤੋਂ ਕਾਣ੍ਹਾਂ ਕਰ ਦਿਓ ਤੇ ਮੇਰੇ ਘਰ ਅੱਗੇ ਇੱਕ ਖੂਹ ਬਣਵਾ ਦਿਓ। ਮੈਂ ਤਾਂ ਕਾਣ੍ਹਾਂ ਹੋ ਕੇ ਘਰ ਸਾਹਮਣੇ ਬਣੇ ਖੂਹ ਤੋਂ ਬੱਚ ਕੇ ਆਰਾਮ ਨਾਲ ਬਾਹਰ ਨਿਕਲ ਜਾਇਆ ਕਰਾਂਗਾ ਪਰ ਗੁਆਂਢੀ ਅੰਨਾ ਹੋ ਕੇ ਕਦੇ ਨਾ ਕਦੇ ਤਾਂ ਖੂਹ ਵਿੱਚ ਡਿੱਗ ਕੇ ਮਰੇਗਾ।"
ਸੋ ਅਜੋਕੇ ਸਮੇਂ ਪੰਜਾਬੀ ਸਾਹਿਤ ਸਿਰਜਣਾ ਦੇ ਖੇਤਰ ਵਿੱਚ ਝੱੜ ਰਹੇ ਪੱਤਿਆਂ (ਲਿਖਾਰੀਆਂ) ਦੀ ਉਸ ਵਿਅਕਤੀ ਵਾਲੀ ਬਿਰਤੀ ਬਣੀ ਹੋਈ ਹੈ ਕਿ ਅਸੀਂ ਭਾਵੇਂ ਭੁੱਖੇ ਮਰ ਜਾਈਏ ਪਰ ਇਹ ਨਵਾਂ ਪੱਤਾ ਕਿਉਂ ਢਿੱਡ ਭਰ ਕੇ ਰੋਟੀ ਖਾ ਰਿਹਾ ਹੈ? ਅੱਲਾ ਮਿਹਰ ਕਰੇ…, ਇਹ ਪੁਰਾਣੇ ਝੱੜ ਰਹੇ ਪੱਤੇ ਆਪਣੇ ਜੀਵਨ ਦੇ ਅਨੁਭਵ ਨਵੇਂ ਪੱਤਿਆਂ ਨਾਲ ਸਾਂਝੇ ਕਰਨ ਤੇ ਇਹਨਾਂ ਨਵੇਂ ਪੱਤਿਆਂ ਨੂੰ ਮਾਂ ਬੋਲੀ ਪੰਜਾਬੀ ਦੀ ਸੇਵਾ ਕਰਨ ਦੇ ਸਮਰੱਥ ਬਣਾ ਦੇਣ ਤਾਂ ਕਿ ਪੰਜਾਬੀ ਦੇ ਮਿੱਠੇ ਬੋਲ ਹਮੇਸ਼ਾ ਲਈ ਫਿਜ਼ਾ ਵਿੱਚ ਗੂੰਜਦੇ ਰਹਿਣ। ਇਹੀ ਅਰਦਾਸ ਹੈ ਮੇਰੀ…।
***************

Friday, March 19, 2010

ਭਗਤ ਸਿੰਘ ਵੈਲੀ, ਲਫੰਗਾ ਜਾਂ ਕਾਤਲ ਨਹੀਂ... ਸਗੋਂ 'ਅਧਿਐਨ-ਪਸੰਦ' ਚੇਤੰਨ ਨੌਜਵਾਨ ਸੀ ਮਨਦੀਪ ਖੁਰਮੀ ਹਿੰਮਤਪੁਰਾ (ਲੰਡਨ)

23 ਮਾਰਚ ਸ਼ਹੀਦੀ ਦਿਨ 'ਤੇ ਵਿਸ਼ੇਸ਼
ਭਗਤ ਸਿੰਘ ਵੈਲੀ, ਲਫੰਗਾ ਜਾਂ ਕਾਤਲ ਨਹੀਂ... ਸਗੋਂ 'ਅਧਿਐਨ-ਪਸੰਦ' ਚੇਤੰਨ ਨੌਜਵਾਨ ਸੀ 
ਮਨਦੀਪ ਖੁਰਮੀ ਹਿੰਮਤਪੁਰਾ (ਲੰਡਨ)
                                               

      ਭਗਤ ਸਿੰਘ ਕੁੰਢੀਆਂ ਮੁੱਛਾਂ ਜਾਂ ਸਿਰ ਲਡ਼ ਛੱਡਵੀਂ ਪੱਗ ਬੰਨ੍ਹਦੇ ਨੌਜਵਾਨ ਦਾ ਹੀ ਨਾਂ ਨਹੀਂ ਸੀ। ਭਗਤ ਸਿੰਘ ਸਿਰ ਤਿਰਛੀ ਟੋਪੀ ਲੈਂਦੇ ਕਿਸੇ ਫਿਲਮੀ ਕਲਾਕਾਰਾਂ ਵਾਂਗ ਨਜਰੀਂ ਪੈਂਦਾ ਨੌਜਵਾਨ ਵੀ ਨਹੀਂ ਸੀ ਸਗੋਂ ਭਗਤ ਸਿੰਘ ਤਾਂ ਇੱਕ ਵਿਸ਼ਾਲ ਸੋਚ ਦਾ ਨਾਂ ਹੈ... ਉਸ ਵਿਸ਼ਾਲ ਫਲਸਫੇ ਦਾ ਨਾਂ ਹੈ ਜਿਸਦੇ ਆਮ ਜਨਜੀਵਨ 'ਤੇ ਲਾਗੂ ਹੋਣ ਨਾਲ ਹਰ ਘਰ ਵਿੱਚ ਖੁਸ਼ਹਾਲੀ ਆ ਸਕਦੀ.....ਸੀ। 'ਸੀ' ਸ਼ਬਦ ਨੂੰ ਇੰਨਾ ਪਿਛਾਂਹ ਕਰਕੇ ਲਿਖਣਾ ਵੀ ਸ਼ਾਇਦ ਧਿਆਨ ਮੰਗਦਾ ਹੋਵੇਗਾ। ਬਿਲਕੁਲ ਸਹੀ ਸੋਚਿਆ ਤੁਸੀਂ..ਕਿਉਂਕਿ ਭਗਤ ਸਿੰਘ ਦੀ ਸੋਚ ਹੀ ਅਜਿਹੀ ਸੀ ਕਿ ਉਸਦੇ ਵਿਚਾਰਾਂ ਨੂੰ ਹੁਣ ਤੱਕ ਜੇ ਸਹੀ ਮਾਅਨਿਆਂ ਵਿੱਚ ਲਾਗੂ ਕੀਤਾ ਗਿਆ ਹੁੰਦਾ ਤਾਂ ਇਸ ਤ੍ਰੇਡ਼ਾਂ ਖਾਧੇ, ਭੁੱਖਮਰੀ ਦੇ ਮਾਰੇ, ਤੰਗੀਆਂ ਤੁਰਸੀਆਂ ਦੇ ਝੰਬੇ ਸਮਾਜ ਵਿੱਚ ਸਮਾਜਿਕ ਨਾ-ਬਰਾਬਰੀ ਹਰਗਿਜ ਨਹੀਂ ਸੀ ਰਹਿਣੀ। ਭਗਤ ਸਿੰਘ ਨੂੰ ਫਾਂਸੀ ਟੰਗ ਕੇ ਬੇਸ਼ੱਕ ਸਰਮਾਏਦਾਰਾਂ ਦਾ ਲਾਣਾ ਕੱਛਾਂ ਵਜਾ ਰਿਹਾ ਹੋਵੇ ਪਰ ਉਹ ਅਣਜਾਣ ਕੀ ਜਾਨਣ ਕਿ ਬਚਪਨ ਵਿੱਚ 'ਦਮੂਖਾਂ' ਬੀਜਣ ਵਾਲਾ ਭਗਤ ਸਿੰਘ ਆਪਣੀ ਸ਼ਹਾਦਤ ਤੱਕ ਇੰਨੇ ਕੁ 'ਦਿਮਾਗ' ਬੀਜ ਗਿਆ ਹੈ ਜੋ ਉਸ ਦੀ ਸੋਚ ਨੂੰ ਕਦਮ ਦਰ ਕਦਮ ਅੱਗੇ ਲਿਜਾਣ ਦੇ ਉਪਰਾਲੇ ਕਰਦੇ ਰਹਿਣਗੇ। ਭਗਤ ਸਿੰਘ ਨੂੰ ਸਿਰਫ ਸ਼ਹੀਦ ਸ਼ਬਦ ਦਾ ਰੁਤਬਾ ਦੇ ਕੇ ਹਰ ਸਾਲ ਉਸਦੇ ਬੁੱਤਾਂ 'ਤੇ ਗੇਂਦੇ ਦੇ ਫੁੱਲ ਚਡ਼੍ਹਾ ਕੇ ਅਖਬਾਰਾਂ ਰਾਹੀਂ ਆਪਣੀ ਬੱਲੇ ਬੱਲੇ ਕਰਵਾਉਣ ਵਾਲੇ ਲੀਡਰ ਕੀ ਜਾਨਣ ਕਿ ਜਦੋਂ ਕਿਸੇ ਮਾਂ ਦਾ ਪੁੱਤ ਲੋਕਾਂ ਲਈ ਫਾਂਸੀ ਚਡ਼੍ਹਦਾ ਹੈ ਤਾਂ ਉਸ ਮਾਂ ਉੱਪਰ ਕੀ ਬੀਤਦੀ ਹੋਵੇਗੀ। ਜਿਸਨੇ ਆਪਣੇ ਜਿਗਰ ਦਾ ਟੁਕਡ਼ਾ ਦੇਸ਼ ਲਈ ਕੁਰਬਾਨ ਕਰ ਦਿੱਤਾ। ਜੇ ਅੱਜ ਭਗਤ ਸਿੰਘ ਸਰੀਰਕ ਤੌਰ 'ਤੇ ਜੀਵਿਤ ਇਸ ਅਜੋਕੇ ਭਾਰਤ ਵਿੱਚ ਵਿਚਰ ਰਿਹਾ ਹੁੰਦਾ ਤਾਂ ਸ਼ਾਇਦ ਉਸ ਨੂੰ 'ਮਰਨ' ਲਈ ਵੀ ਥਾਂ ਨਹੀਂ ਸੀ ਲੱਭਣੀ ਕਿਉਂਕਿ ਸ਼ਹੀਦਾਂ ਦੀਆਂ ਕੁਰਬਾਨੀਆਂ ਦਾ ਮੁੱਲ ਵੱਟਣ ਵਾਲੇ ਰਾਜਭਾਗ ਦੇ ਨਜਾਰੇ ਲੈ ਰਹੇ ਹਨ ਤੇ ਲੋਕਾਂ ਲਈ ਜਿੰਦਗੀਆਂ ਵਾਰਨ ਵਾਲੇ ਬਹੁਤ ਸਾਰੇ ਆਜਾਦੀ ਘੁਲਾਟੀਏ ਅਜੇ ਵੀ ਪੈਨਸ਼ਨਾਂ ਲਗਵਾਉਣ ਲਈ ਸਰਕਾਰੇ ਦਰਬਾਰੇ ਠੇਡੇ ਖਾਂਦੇ ਫਿਰਦੇ ਹਨ।
ਭਗਤ ਸਿੰਘ ਦੀ ਸੋਚ ਨਾਲ ਖਿਲਵਾਡ਼ ਹੋਣਾ ਕੋਈ ਨਵੀਂ ਗੱਲ ਨਹੀਂ। ਤਖਤਾਂ ਉੱਪਰ ਕਾਬਜ ਲੋਕ ਜਾਣਦੇ ਹਨ ਕਿ ਜੇ ਭਗਤ ਸਿੰਘ ਦੀ ਅਸਲ ਵਿਚਾਰਧਾਰਾ ਆਮ ਲੋਕਾਂ ਦੇ ਜਿਹਨ ਦਾ ਹਿੱਸਾ ਬਣ ਗਈ ਤਾਂ ਰਾਜਨੀਤੀ ਸਿਰੋਂ ਉਹਨਾਂ ਦਾ ਚਲਦਾ ਤੋਰੀ-ਫੁਲਕਾ ਹਮੇਸ਼ਾ ਹਮੇਸ਼ਾ ਲਈ ਖੁੱਸ ਜਾਵੇਗਾ। ਫਿਰ ਉਹਨਾਂ ਦੇ ਆਪਣੇ ਲੋਲੂ-ਭੋਲੂ ਨਹੀਂ ਸਗੋਂ ਆਮ ਲੋਕਾਂ ਦੇ ਪੁੱਤ ਨੇਤਾ ਬਣ ਜਾਣਗੇ ਤੇ ਉਹਨਾਂ ਨੂੰ ਕਿਸੇ ਨੇ ਬੇਰਾਂ ਵੱਟੇ ਨਹੀਂ ਪਛਾਨਣਾ। ਇਹੀ ਕਾਰਨ ਹੈ ਕਿ ਗੋਰੇ ਅੰਗਰੇਜਾਂ ਤੋਂ ਬਾਦ ਹੁਣ ਸਾਡੇ ਆਪਣੇ ਹੀ 'ਦੇਸੀ ਅੰਗਰੇਜ' ਭਗਤ ਸਿੰਘ ਦੀ ਵਿਚਾਰਧਾਰਾ ਉੱਪਰ ਮਿੱਟੀ ਮੋਡ਼ਨ ਦੇ ਆਹਰ 'ਚ ਰੁੱਝੇ ਹੋਏ ਹਨ। ਕਦੇ ਕੋਈ 'ਸਿਆਣਾ' ਆਗੂ ਬਿਆਨ ਦਾਗਦਾ ਹੈ ਕਿ 'ਭਗਤ ਸਿੰਘ ਸਹੀਦ ਹੀ ਨਹੀਂ.' ਕਦੇ ਕੋਈ ਭਗਤ ਸਿੰਘ ਨੂੰ ਸਿੱਖ, ਕਦੇ ਕੋਈ ਹਿੰਦੂ ਮਤ ਵਿੱਚ ਗਲਤਾਨ ਹੋਇਆ ਦੱਸਦਾ ਹੈ ਜਦੋਂਕਿ ਭਗਤ ਸਿੰਘ ਨੇ ਸਪੱਸ਼ਟ ਸ਼ਬਦਾਂ ਵਿੱਚ ਦੱਸਿਆ ਹੈ ਕਿ ਉਹ ਨਾਸਤਿਕ ਸੀ। ਸਿਰਫ ਨਾਸਤਿਕ ਸ਼ਬਦ ਆਪਣੇ ਨਾਲ ਜੋਡ਼ ਲੈਣਾ ਹੀ ਤਾਂ ਭਗਤ ਸਿੰਘ ਦਾ ਗੁਨਾਂਹ ਨਹੀਂ? ਜਿਸਦੇ ਇਵਜ 'ਚ ਭਗਤ ਸਿੰਘ ਨੂੰ ਇਤਿਹਾਸ 'ਚੋਂ ਪਾਸੇ ਕਰਨ ਦੀਆਂ ਕੋਝੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ। ਕਦੇ ਪੋਸਟਰ ਜਾਰੀ ਹੁੰਦੇ ਹਨ ਜਿਹਨਾਂ 'ਤੇ ਭਗਤ ਸਿੰਘ ਨੂੰ ਕਿਸੇ ਵੈਲੀ ਮੁੰਡੇ ਵਾਂਗ ਮੁੱਛ ਨੂੰ ਵਟ ਚਾਡ਼੍ਹਦੇ ਦਿਖਾਇਆ ਜਾਂਦਾ ਹੈ, ਕਿਸੇ ਪੋਸਟਰ 'ਚ ਉਸਨੂੰ ਹੱਥ ਪਿਸਤੌਲ ਫਡ਼ਾ ਕੇ ਕਤਲੋਗਾਰਦ ਕਰਨ ਲਈ ਕਾਹਲੇ ਨੌਜਵਾਨ ਵਜੋਂ ਪੇਸ਼ ਕੀਤਾ ਜਾਂਦਾ ਹੈ। ਕਦੇ ਭਗਤ ਸਿੰਘ ਦੀ ਫੋਟੋ ਵਾਲੇ ਸਟਿੱਕਰ ਵਿਕਣੇ ਆਉਂਦੇ ਹਨ ਜਿਹਨਾਂ 'ਤੇ ਲਿਖਿਆ ਮਿਲਦਾ ਹੈ ਕਿ

"ਲੋਹਡ਼ਿਆਂ ਦੇ ਸ਼ਰੀਫ ਹਾਂ,
ਸਿਰੇ ਦੇ ਲਫੰਗੇ ਹਾਂ।
ਮਾਡ਼ਿਆਂ ਨਾਲ ਮਾਡ਼ੇ ਹਾਂ,
ਤੇ ਚੰਗਿਆਂ ਨਾਲ ਚੰਗੇ ਹਾਂ।"

          

ਤੇ ਕਦੇ ਭਗਤ ਸਿੰਘ ਨੂੰ ਜੱਟਵਾਦ ਨਾਲ ਜੋਡ਼ ਕੇ 'ਟੈਟੂ' ਬਣਾ ਕੇ ਡੌਲਿਆਂ 'ਤੇ ਉੱਕਰ ਦਿੱਤਾ ਜਾਂਦਾ ਹੈ

                 ਜਦੋਂਕਿ ਲੋਡ਼ ਭਗਤ ਸਿੰਘ ਦੀਆਂ ਫੋਟੋਆਂ ਦੇ ਗੋਂਦਨੇ ਗੁੰਦਵਾਉਣ ਦੀ ਨਹੀਂ ਸਗੋਂ ਭਗਤ ਸਿੰਘ ਦੇ ਵਿਚਾਰਾਂ ਨੂੰ ਮਨੋਂ ਧਾਰਨ ਕਰਨ ਦੀ ਹੈ। ਅਜੇ ਤੱਕ ਅਜਿਹਾ ਪੋਸਟਰ ਕਦੇ ਵੀ ਵਿਕਣਾ ਨਹੀਂ ਆਇਆ ਜਿਸ ਵਿੱਚ ਭਗਤ ਸਿੰਘ ਨੂੰ ਹਿੱਕ ਨਾਲ ਕਿਤਾਬਾਂ ਲਾਈ ਖਡ਼੍ਹਾ ਦਿਖਾਇਆ ਗਿਆ ਹੋਵੇ ਜਦੋਂਕਿ ਇਹ ਗੱਲ ਜੱਗ ਜਾਹਿਰ ਹੈ ਕਿ ਭਗਤ ਸਿੰਘ ਆਪਣੀ ਜਿੰਦਗੀ ਦੇ ਆਖਰੀ ਪਲਾਂ 'ਚ ਵੀ ਕਿਤਾਬ ਪਡ਼੍ਹਨ 'ਚ ਮਸ਼ਰੂਫ ਸੀ। ਭਗਤ ਸਿੰਘ ਦੀਆਂ ਜੱਜਾਂ ਵਕੀਲਾਂ ਨਾਲ ਹੋਈ ਦਲੀਲਬਾਜੀ ਵੀ ਉਸ ਦੇ ਕੀਤੇ ਅਧਿਐਨ ਦੀ ਮੂੰਹੋਂ ਬੋਲਦੀ ਤਸਵੀਰ ਹੈ। ਗਿਆਨ ਵਿਹੂਣਾ ਮਨੁੱਖ ਮੂੰਹ ਵਿੱਚ ਘੁੰਗਣੀਆਂ ਜਰੂਰ ਪਾ ਸਕਦਾ ਹੈ, ਦਲੀਲਬਾਜੀ ਨਾਲ ਗੱਲ ਨਹੀਂ ਕਰ ਸਕਦਾ। ਭਗਤ ਸਿੰਘ ਦਾ ਹੀ ਕਥਨ ਸੀ (ਹੈ) ਕਿ 'ਅਧਿਐਨ ਕਰ ਤਾਂ ਕਿ ਤੂੰ ਵਿਰੋਧੀਆਂ ਦੀਆਂ ਦਲੀਲਾਂ ਦਾ ਜਵਾਬ ਦੇ ਸਕੇਂ...।' ਪਰ ਸੋਚਣ ਵਾਲੀ ਗੱਲ ਹੈ ਕਿ ਦੂਜਿਆਂ ਨੂੰ ਅਧਿਐਨ ਕਰਨ ਦੀਆਂ ਮੱਤਾਂ ਦੇਣ ਵਾਲੇ ਉਸ "ਪਰਮਗੁਣੀ ਭਗਤ ਸਿੰਘ" ਨੂੰ ਕਿਉਂ ਇੱਕ ਕਾਤਲ,ਵੈਲੀ ਜਾਂ ਲਫੰਗਾ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ? ਕਿਉਂ.. ਕਿਉਂ?
ਇਸਦਾ ਜਵਾਬ ਸ਼ਾਇਦ ਇਹੀ ਹੋਵੇਗਾ ਕਿ ਜੇ ਭਗਤ ਸਿੰਘ ਦੀ ਵਿਚਾਰਧਾਰਾ ਨੂੰ ਹੂਬਹੂ ਲਾਗੂ ਕਰਨ ਦੀ ਕੋਈ ਵੀ ਸਰਕਾਰ 'ਗਲਤੀ' ਕਰਦੀ ਹੈ ਤਾਂ ਉਸਦਾ ਫਾਇਦਾ ਸਿੱਧੇ ਤੌਰ 'ਤੇ ਦੱਬੀ ਕੁਚਲੀ ਜਨਤਾ ਨੂੰ ਹੋਵੇਗਾ ਜਦੋਂਕਿ ਅਸਿੱਧੇ ਤੌਰ 'ਤੇ ਖਮਿਆਜਾ ਕੁਰਸੀਆਂ ਵੱਲ ਕੁੱਤੇਝਾਕ ਲਾਈ ਬੈਠੇ ਰਾਜਨੀਤਕ ਪਰਿਵਾਰਾਂ ਨੂੰ ਭੁਗਤਣਾ ਪਵੇਗਾ। ਕਿਉਂਕਿ ਅੰਗਰੇਜਾਂ ਤੋਂ ਬਾਦ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ 'ਤੇ ਹੁਣ ਦੇਸੀ ਅੰਗਰੇਜਾਂ ਦੇ ਹੀ 'ਕਾਕੇ' ਪਲਦੇ ਹਨ। ਜੇ ਭਗਤ ਸਿੰਘ ਦੀ ਸੋਚ ਦੇ ਹਾਣ ਦਾ ਸਮਾਜ ਸਿਰਜਣ ਦੀ ਗੱਲ ਤੁਰਦੀ ਹੈ ਤਾਂ ਗਾਂਧੀਆਂ, ਅਬਦੁੱਲਿਆਂ, ਬਾਦਲਾਂ, ਕੈਪਟਨਾਂ ਦੇ ਪੁੱਤ ਪੋਤਰੇ ਪਿਤਾ ਪੁਰਖੀ ਕੁਰਸੀਆਂ 'ਤੇ ਰਾਜ ਨਹੀਂ ਕਰ ਸਕਣਗੇ ਸਗੋਂ ਲੋਕਾਂ ਦੇ ਪੁੱਤ ਉਹਨਾਂ ਕੁਰਸੀਆਂ 'ਤੇ ਚਡ਼੍ਹ ਸਕਦੇ ਹਨ। ਸਮਾਜਿਕ ਨਾ-ਬਰਾਬਰੀ ਵਾਲੇ ਖੁਸ਼ਹਾਲ ਸਮਾਜ ਵਿੱਚ ਹਰ ਕਿਸੇ ਕੋਲ ਰੁਜਗਾਰ ਹੋਵੇਗਾ, ਵਿੱਦਿਅਕ ਪੱਖੋਂ ਹਰ ਕੋਈ ਪੂਰਾ ਸੂਰਾ ਹੋਵੇਗਾ। ਕਿਸੇ ਜੁਆਕ ਦੇ ਹੱਥ ਹੋਟਲਾਂ 'ਤੇ ਜੂਠੇ ਭਾਂਡੇ ਮਾਂਜਣ 'ਚ ਨਹੀਂ ਸਗੋਂ ਕਿਤਾਬਾਂ ਜਾ ਖਿਡੌਣਿਆਂ ਨਾਲ ਚਿੱਤ ਪਰਚਾਉਣ ਦੇ ਕਾਬਲ ਹੋਣਗੇ। ਬਾਲਗ ਨੌਜਵਾਨ ਰੁਜਗਾਰ ਨਾ ਮਿਲਣ ਦੀਆਂ ਚਿੰਤਾਵਾਂ 'ਚ ਫਸ ਕੇ ਨਸ਼ਿਆਂ ਦੀ ਦਲਦਲ 'ਚ ਫਸਣ ਨਾਲੋਂ ਖੁਸ਼ਹਾਲ ਜੀਵਨ ਜਿਉਣ ਵੱਲ ਧਿਆਨ ਦੇਣਗੇ। ਬਜੁਰਗ ਬੁਢਾਪੇ ਨੂੰ ਸ਼ਰਾਪ ਵਾਂਗ ਹੰਢਾਉਂਦੇ ਬੁਢਾਪਾ ਪੈਨਸ਼ਨਾਂ ਲਈ ਦਰ ਦਰ ਦੀਆਂ ਠੋਕਰਾਂ ਨਹੀਂ ਖਾਣਗੇ। ਭਵਿੱਖ ਦੀ ਸਾਫ ਨਜਰ ਪੈਂਦੀ ਤਸਵੀਰ ਨੂੰ ਹਕੀਕਤ 'ਚ ਕੋਈ ਵੀ ਸਿਆਸੀ ਆਗੂ ਬਦਲਦੀ ਨਹੀਂ ਦੇਖਣੀ ਚਾਹੁੰਦਾ। ਇਹੀ ਵਜ੍ਹਾ ਹੈ ਕਿ ਸਭ ਭਗਤ ਸਿੰਘ ਨੂੰ ਲੋਕ ਮਨਾਂ 'ਚ ਪ੍ਰਵੇਸ਼ ਪਾਉਣੋਂ ਰੋਕਣ ਲਈ ਆਪਣਾ ਬਣਦਾ ਜੋਰ ਲਾ ਰਹੇ ਹਨ। ਇਸੇ ਅੰਦਰੇ ਅੰਦਰ ਬੁਣੀ ਜਾ ਰਹੀ ਬੁਣਤੀ ਦਾ ਹੀ ਹਿੱਸਾ ਹੈ ਕਿ ਜਿਹਡ਼ੇ ਸ਼ਰਾਬ ਦੇ ਠੇਕਿਆਂ ਦੀ ਨਿਲਾਮੀ 31 ਮਾਰਚ ਦੇ ਦਿਨ ਨਾਲ ਲੰਮੇ ਸਮੇਂ ਤੋਂ ਜੁਡ਼ੀ ਹੋਈ ਸੀ, ਉਹ ਨਿਲਾਮੀ ਵੀ ਹੁਣ 23 ਮਾਰਚ ਨੂੰ ਹੋਣੀ ਦੱਸੀ ਜਾ ਰਹੀ ਹੈ। ਇਹ ਉਹੀ ਤੇਈ ਮਾਰਚ ਹੈ ਜਿਸ ਦਿਨ ਲੋਕ ਆਪਣੇ ਮਹਿਬੂਬ 'ਪਰਮਗੁਣੀ ਸ਼ਹੀਦ ਭਗਤ ਸਿੰਘ' ਨੂੰ ਯਾਦ ਕਰਨਗੇ। ਭਗਤ ਸਿੰਘ ਨੂੰ ਲੋਕ ਮਨਾਂ 'ਚੋਂ ਪਾਸੇ ਕਰਨ ਵੱਲ ਤੁਰੇ ਕਦਮਾਂ 'ਚੋਂ ਹੀ ਇੱਕ ਕਦਮ ਇਹ ਹੈ ਕਿ ਪੰਜਾਬ ਦੇ ਲੋਕ ਭਗਤ ਸਿੰਘ ਦੇ ਸ਼ਹੀਦੀ ਦਿਨ ਨੂੰ ਮਨਾਉਣ ਨਾਲੋਂ ਸਸਤੀ ਸ਼ਰਾਬ ਖਰੀਦਣ ਲਈ ਵਧੇਰੇ ਲਟਾਪੀਂਘ ਹੋਏ  ਨਜਰ ਆਉਣਗੇ। ਪੰਜਾਬ ਵਿੱਚ ਰਣਜੀਤ ਸਿੰਘ ਵਰਗਾ ਰਾਜ ਦੇਣ ਦੀਆਂ ਟਾਹਰਾਂ ਮਾਰਨ ਵਾਲੇ ਪਿਉ ਪੁੱਤ ਦੀ ਸਰਕਾਰ ਨੂੰ ਸ਼ਾਬਾਸ਼ ਦੇਣੀ ਬਣਦੀ ਹੈ ਜੋ ਉਸ ਅਧਿਐਨ ਪਸੰਦ ਲੋਕ ਨਾਇਕ ਦੇ ਸ਼ਹੀਦੀ ਦਿਨ 'ਤੇ ਲੋਕਾਂ ਨੂੰ 'ਸਿਆਣੇ' ਕਰਨ ਨਾਲੋਂ ਸਸਤੀ ਸ਼ਰਾਬ ਦੀ ਲੋਰ 'ਚ ਮਸਤ ਹੋਣ ਦਾ ਇੰਤਜਾਮ ਕਰ ਰਹੀ ਹੈ। ਫੈਸਲਾ ਲੋਕਾਂ ਨੇ ਕਰਨਾ ਹੈ ਕਿ ਉਹ ਇਸ ਤਰ੍ਹਾਂ ਦੀਆਂ ਚਾਲਾਂ ਨੂੰ ਕਿੱਥੋਂ ਕੁ ਤੱਕ ਕਾਮਯਾਬ ਹੋਣ ਦਿੰਦੇ ਹਨ ਜਾਂ ਫਿਰ ਭਗਤ ਸਿੰਘ ਦੀ ਸੋਚ ਦੇ ਹਾਣ ਦਾ ਸਮਾਜ ਸਿਰਜਣ ਦੇ ਰਾਹ ਤੁਰਦੇ ਹਨ। ਅੰਤ ਵਿੱਚ ਭਗਤ ਸਿੰਘ ਦੇ ਕਥਨ ਨਾਲ ਇਜਾਜਤ ਚਾਹਾਗਾ ਕਿ " ਗਰੀਬਾਂ ਨੂੰ ਦਾਨ ਦੇਣ ਦੀ ਬਜਾਏ ਅਜਿਹਾ ਸਮਾਜ ਸਿਰਜੋ, ਜਿੱਥੇ ਨਾ ਗਰੀਬ ਹੋਣ ਨਾ ਦਾਨੀ।" ਪਰ ਸਮਾਜ ਨੂੰ ਇਹਨਾਂ ਹਾਲਾਤਾਂ ਤੱਕ ਪਹੁੰਚਣੋਂ ਰੋਕਣ ਵਾਲਿਆਂ ਦਾ ਵੀ ਧੁੰਨੀ ਤੱਕ ਜੋਰ ਲੱਗਿਆ ਹੋਇਆ ਹੈ। ਦੇਖਣਾ ਹੈ ਕਿ ਸ਼ਹੀਦ ਦੇ ਵਾਰਸ ਆਪਣੇ ਮਕਸਦ ਵਿੱਚ ਕਾਮਯਾਬ ਹੁੰਦੇ ਹਨ ਜਾਂ ਫਿਰ ਲੋਕਾਂ ਨੂੰ ਬੁੱਧੂ ਬਣਾ ਕੇ ਆਪਣਾ ਤੋਰੀ-ਫੁਲਕਾ ਚਲਾਉਣ ਵਾਲੇ ਨੇਤਾਗਣ...।
************

Thursday, March 18, 2010

ਆਪਣੀ ਸੁਰੀਲੀ ਅਵਾਜ਼ ਨਾਲ਼ ਉੱਜੜੇ ਦਿਲਾਂ ਵਿਚ ਜੋਤ ਜਗਾਉਣ ਵਾਲ਼ਾ ਮੇਜਰ ਸੰਧੂ ਸ਼ਿਵਚਰਨ ਜੱਗੀ ਕੁੱਸਾ

ਆਪਣੀ ਸੁਰੀਲੀ ਅਵਾਜ਼ ਨਾਲ਼ ਉੱਜੜੇ ਦਿਲਾਂ ਵਿਚ ਜੋਤ ਜਗਾਉਣ ਵਾਲ਼ਾ ਮੇਜਰ ਸੰਧੂ   
ਸ਼ਿਵਚਰਨ ਜੱਗੀ ਕੁੱਸਾ


ਪੱਛਮੀ ਦੇਸ਼ਾਂ ਵਿਚ ਮਸ਼ੀਨਰੀ ਨਾਲ਼ ਮਸ਼ੀਨ ਅਤੇ ਕੰਪਿਊਟਰਾਂ ਨਾਲ਼ ਕੰਪਿਊਟਰ ਹੋਈ ਦੁਨੀਆਂ ਨੂੰ ਜੇ ਕਿਤੋਂ ਸਕੂਨ ਮਿਲ਼ਦਾ ਹੈ ਤਾਂ ਉਹ ਸੰਗੀਤ ਵਿਚੋਂ ਮਿਲ਼ਦਾ ਹੈ। ਤੇਜ਼ ਰੌਸ਼ਨੀਆਂ ਅਤੇ ਇੱਕ-ਦੂਜੇ ਤੋਂ ਅੱਗੇ ਨਿਕਲ਼ਣ ਦੀ ਦੌੜ ਅਤੇ ਆਪੋ-ਧਾਪੀ ਵਿਚ ਖ਼ੋਖਲ਼ੇ ਹੋਏ ਦਿਮਾਗ ਲਈ ਅਗਰ ਕੁਛ ਵਿਟਾਮਿਨ ਦਾ ਕੰਮ ਕਰਦੀ ਹੈ ਤਾਂ ਸੁਰੀਲੀ ਅਵਾਜ਼ ਅਤੇ ਵੰਝਲੀ ਦੀ ਹੂਕ ਕਰਦੀ ਹੈ। 'ਤੜਕ-ਭੜ੍ਹਕ' ਵਾਲ਼ੇ ਗੀਤ ਅਤੇ ਸੰਗੀਤ ਦਾ ਮੈਂ ਹਮੇਸ਼ਾ ਆਲੋਚਕ ਰਿਹਾ ਹਾਂ ਅਤੇ ਅੱਜ ਵੀ ਹਾਂ! ਅਗਰ ਰੂਹ ਦੇ ਹਾਣ ਦਾ ਸੰਗੀਤ ਅਤੇ ਜਜ਼ਬਾਤ ਦੇ ਮੇਚ ਦੀ ਅਵਾਜ਼ ਮਿਲ਼ ਜਾਵੇ ਤਾਂ ਮੁਰਦਾ ਵੀ ਸੁਰਜੀਤ ਹੋ ਸਕਦਾ ਹੈ ਅਤੇ ਸੁੱਕੇ ਦਰੱਖ਼ਤ ਵੀ ਫ਼ੁੱਟ ਪੈਂਦੇ ਹਨ! ਬਸ਼ਰਤੇ ਕਿ ਗਾਉਣ ਵਾਲ਼ਾ ਕਿਸੇ ਪੁੱਜੀ ਹਸਤੀ ਦਾ 'ਚੰਡਿਆ' ਹੋਵੇ। ਦੁਪਹਿਰੇ ਰਜਾਈ Ḕਚੋਂ ਮੂੰਹ ਕੱਢ ਕੇ ਆਖਣ ਵਾਲ਼ੇ, "ਬੇਬੇ ਮੈਂ ਵੀ ਗਾਉਣ ਆਲ਼ਾ ਬਣ ਗਿਆ..!" ਤਾਂ ਬਥੇਰੇ ਫ਼ਿਰਦੇ ਨੇ!
ਜੰਗਲਾਂ ਵਿਚ ਉੱਜੜੀ ਫ਼ਿਰਦੀ ਸ਼ਾਹਣੀ ਕੌਲਾਂ ਨੇ ਕਦੇ ਕਿਹਾ ਸੀ, "ਵੀਰੋ ਊਠਾਂ ਵਾਲਿਓ ਵੇ ਪਾਣੀ ਪੀ ਜਾਓ ਦੋ ਪਲ ਬਹਿ ਕੇ....ਕੌਲਾਂ ਡੱਕੇ ਚੁਗਦੀ ਦਾ ਜਾਇਓ ਵੇ ਇੱਕ ਸੁਨੇਹਾਂ ਲੈ ਕੇ...!" ਇਹ ਉਸ ਦੇ ਦੁਖੀ ਦਿਲ ਦੀ ਹੂਕ ਸੀ, ਦਰਦ ਸੀ। ਇੱਕ ਸੁਨੇਹਾਂ ਸੀ ਅਤੇ ਆਪਣੇ ਵਤਨ ਦੇ ਵੀਰਾਂ ਤੋਂ ਹਮਦਰਦੀ ਦੀ ਆਸ ਸੀ। ਤਾਂ ਹੀ ਤਾਂ ਉਸ ਨੇ ਆਪਣੇ ਵਤਨ ਦੇ ਵੀਰ ਪਹਿਚਾਣ ਕੇ ਹਾਕ ਮਾਰੀ ਸੀ। ਨਹੀਂ ਤਾਂ ਡੱਕੇ ਚੁਗਦੀ ਕੌਲਾਂ ਨੂੰ ਬਥੇਰੇ 'ਰਾਹੀ' ਨਿੱਤ ਅਤੇ ਸਾਰਾ ਦਿਨ ਮਿਲਦੇ ਹੋਣਗੇ? ਪਰ ਹਾਕ ਉਸ ਨੇ "ਊਠਾਂ ਵਾਲੇ ਵੀਰਾਂ" ਨੂੰ ਹੀ ਮਾਰੀ ਸੀ! ਸ਼ਾਹਣੀਂ ਕੌਲਾਂ ਅਤੇ ਊਠਾਂ ਵਾਲ਼ੇ ਵੀਰਾਂ ਵਾਲ਼ਾ ਰਿਸ਼ਤਾ ਮੇਰਾ ਪ੍ਰਸਿੱਧ ਗਾਇਕ ਮੇਜਰ ਸੰਧੂ ਨਾਲ਼ ਹੈ! ਮੇਜਰ ਸੰਧੂ ਮੇਰਾ ਯਾਰ ਘੱਟ, ਨਿੱਕਾ ਵੀਰ ਵੱਧ ਹੈ। ਮੇਰੇ ਦੁਖ-ਸੁਖ ਦਾ ਸਾਂਝੀ ਹੈ। ਦੁਨਿਆਵੀ ਇਖ਼ਲਾਕ ਅਤੇ ਪੰਜਾਬੀਅਤ ਪ੍ਰਤੀ ਸੁਹਿਰਦ ਸੰਸਕਾਰਾਂ ਦੇ ਅਥਾਹ ਜਜ਼ਬੇ ਦੇ ਨਾਲ਼ ਨਾਲ਼ ਮੇਜਰ ਸੰਧੂ ਕੋਲ਼ ਅਨਹਦ ਨਾਦ ਅਨਾਹਤ ਅਵਾਜ਼ ਹੈ! ਸੁਰਾਂ ਦੀ ਸੂਝ ਹੈ। ਗਾਉਣ ਦਾ ਵੱਲ ਅਤੇ ਪੰਜਾਬੀ ਮਾਂ-ਬੋਲੀ ਦੇ ਪ੍ਰਸਾਰ ਦਾ 'ਝੱਲ' ਹੈ। ਉਸ ਦੀ ਗਰਜਦੀ ਅਵਾਜ਼ ਮੈਨੂੰ ਹਰੀ ਸਿੰਘ ਨਲਵਾ ਦੀ Ḕਗੜ੍ਹਕḔ ਦਾ ਚੇਤਾ ਕਰਵਾ ਦਿੰਦੀ ਹੈ। ਉਸ ਦੀ ਲੈਅ ਵਿਚ ਪੰਜਾਬ ਦਾ ਦਿਲ ਧੜਕਦਾ ਹੈ ਅਤੇ ਮੁਟਿਆਰ ਦੀ ਝਾਂਜਰ ਛਣਕਦੀ ਹੈ। ਉਸ ਦੀ ਕਲਪਨਾ ਦੀ ਪ੍ਰਵਾਜ਼ ਵਿਚ ਅੱਲ੍ਹੜ ਕੁੜੀ ਵੱਲੋਂ ਕਸੀਦੇ ਕੱਢੀਦੇ ਹਨ ਅਤੇ ਸੰਧੂਰੀ ਰੰਗੀ ਮੁਟਿਆਰ ਵੱਲੋਂ ਫ਼ੁਲਕਾਰੀ 'ਤੇ ਹਾਣੀ ਪ੍ਰਤੀ ਮੋਹ ਦੇ ਫ਼ੁੱਲ ਪੈਂਦੇ ਹਨ। ਉਸ ਦੇ ਜ਼ਿਹਨ ਵਿਚ ਬੇਬੇ ਦੀ ਮਧਾਣੀ ਗਾਇਨ ਕਰਦੀ ਹੈ ਅਤੇ ਰੁਮਕਦੀ ਪੌਣ ਲੋਰੀਆਂ ਦਿੰਦੀ ਹੈ। ਉਸ ਦੇ ਗੀਤਾਂ ਵਿਚ ਪੰਜਾਬ ਦੀਆਂ ਲਹਿ-ਲਹਾਉਂਦੀਆਂ ਫ਼ਸਲਾਂ ਜਿਹੀ ਤਾਜ਼ਗੀ ਅਤੇ ਸਰ੍ਹੋਂ ਦੇ ਫ਼ੁੱਲਾਂ ਵਰਗੀ ਰਸਭਿੰਨੀ ਖ਼ੁਸ਼ਬੂ ਹੈ। ਉਸ ਦੇ ਬੋਲਾਂ ਵਿਚ ਘੁਲਾੜ੍ਹੀ 'ਤੇ ਬਣਦੇ ਗੁੜ ਜਿਹੀ ਮਹਿਕ ਹੈ ਅਤੇ ਪੋਨੇ ਗੰਨੇ ਦੇ ਰਸ ਵਰਗਾ ਸੁਆਦ! ਕੰਨਾਂ 'ਚ ਕੋਕਰੂ ਪਾ ਕੇ ਅਤੇ ਪੈਰ ਛਣਕ ਕੇ, ਖੁਰਾਂ 'ਚੋਂ ਗੋਹਾ ਜਿਹਾ ਕੱਢਣ ਵਾਲ਼ੇ 'ਗਾਇਕਾਂ' ਨੂੰ ਮੇਜਰ ਸੰਧੂ ਤੋਂ ਜ਼ਰੂਰ ਕੋਈ ਨਾ ਕੋਈ ਸਬਕ ਲੈਣਾਂ ਚਾਹੀਦਾ ਹੈ, ਜੋ ਅਵਾਜ਼ ਦਾ ਕੰਪਿਊਟਰੀਕਰਣ ਕਰਵਾਕੇ ਬੋਤੇ ਦੇ ਸਪਰੇਅ ਵਾਲ਼ਾ ਗੁਆਰਾ ਖਾ ਕੇ ਆਫ਼ਰਨ ਵਾਂਗ, ਸਟੇਜ਼ 'ਤੇ ਵੱਟ ਜਿਹਾ ਕਰਦੇ ਹਨ!
        ਮੇਜਰ ਸੰਧੂ ਇਕ ਵੱਡੀ ਜੱਦੋਜਹਿਦ, ਵੱਡੇ ਸੰਘਰਸ਼ ਦਾ ਨਾਂ ਹੈ। ਉਸ ਨੇ ਸਾਡੇ ਆਮ ਪੰਜਾਬੀ ਗਾਇਕਾਂ ਵਾਂਗ ਬਾਪੂ ਦੇ ਗਲ਼ ḔਗੂਠਾḔ ਦੇ ਕੇ ਅਤੇ ਪੈਲ਼ੀ ਦੇ ਕਿੱਲੇ 'ਤੇ ਅੰਗੂਠਾ ਲੁਆ ਕੇ ਕੈਸਿਟ ਨਹੀਂ ਕੱਢੀ, ਸਗੋਂ ਆਪ ਮਿਹਨਤ ਮੁਸ਼ੱਕਤ ਕਰਕੇ ਇਸ ਖੇਤਰ ਵਿਚ ਪੈਰ ਧਰਿਆ ਅਤੇ ਲੋਕਾਂ ਦੇ ਮਨਾਂ ਵਿਚ ਵਾਸ ਕੀਤਾ। ਅੱਜ ਉਸ ਦੇ ਗੀਤ ਯੂਰਪ ਦੇ ਦੇਸ਼ਾਂ ਵਿਚ ਘਰ ਘਰ ਵੱਜਦੇ ਹਨ। ਅਸਲ ਵਿਚ ਲੋਕਾਂ ਦਾ ਦਿਲ ਵੀ ਉਹੀ ਜਿੱਤ ਸਕਦੇ ਹਨ, ਜਿੰਨ੍ਹਾਂ ਨੇ ਆਪ ਫ਼ਾਕੇ ਕੱਟੇ ਹੋਣ ਅਤੇ ਜ਼ਿੰਦਗੀ ਦੀਆਂ ਪਰਤਾਂ ਦਾ ਭੇਦ ਪਾਇਆ ਹੋਵੇ। ਦੁੱਖ ਅਤੇ ਸੁਖ, ਸੰਯੋਗ ਅਤੇ ਵਿਯੋਗ ਨੂੰ ਧੁਰ ਦਿਲੋਂ ਮਹਿਸੂਸ ਕੀਤਾ ਹੋਵੇ ਅਤੇ ਹੱਡੀਂ ਹੰਢਾਇਆ ਹੋਵੇ। ਹਰ ਪੰਜਾਬੀ ਪ੍ਰਵਾਸੀ ਪੰਜਾਬ ਦਾ ਵਿਯੋਗ ਹੀ ਤਾਂ ਸਹਿ ਰਿਹਾ ਹੈ। ਸਹੂਲਤ ਅਤੇ ਆਰਥਿਕ ਪੱਖੋਂ ਅਸੀਂ ਲੱਖ ਸੁਰਖ਼ਰੂ ਹੋ ਗਏ ਹੋਈਏ, ਪਰ ਪੰਜਾਬ ਦੀ ਮਾਂ-ਮਿੱਟੀ ਨਾਲ਼ ਜੁੜੇ ਹਰ ਪੰਜਾਬੀ ਨੂੰ ਮਾਂ-ਭੂਮੀ ਦਾ ਹੇਰਵਾ ਮਾਰਦਾ ਹੈ। ਸ਼ੁਰੂ ਸ਼ੁਰੂ ਵਿਚ ਉਸ ਨੇ ਕੱਛ 'ਚ ਪੱਲੀ ਦੇ ਕੇ ਲੋਕਾਂ ਦੀਆਂ ਵੱਟਾਂ ਤੋਂ ਘਾਹ ਵੀ ਖੋਤਿਆ। ਪਹਿਲਾਂ ਜ਼ਿਮੀਦਾਰਾਂ ਦੀਆਂ ਅਤੇ ਫ਼ਿਰ ਮਾਂ ਦੀਆਂ ਗਾਲ਼ਾਂ ਵੀ ਖਾਧੀਆਂ। ਫ਼ੇਰ ਦੋਧੀ ਬਣ ਕੇ ਸ਼ਹਿਰ ਨੂੰ ਦੁੱਧ ਵੀ ਢੋਹਿਆ ਅਤੇ ਗਲ਼ੀ ਗਲ਼ੀ ਫ਼ਿਰਦੇ ਵਣਜਾਰੇ ਵਾਂਗ, ਦੁਕਾਨਦਾਰਾਂ ਨੂੰ ਸੜਕੀਂ ਪੈ ਕੇ ਵਰਤਾਇਆ ਅਤੇ ਲੰਬੀ ਘਾਲਣਾਂ ਘਾਲੀ। ਉਹ ਕਈ ਗਾਇਕਾਂ ਵਾਂਗ Ḕਊੜਾ - ਬੋਤਾḔ ਗਾਇਕ ਵੀ ਨਹੀਂ ਹੈ! ਘਰ ਵਿਚ ਗਰੀਬੀ ਹੋਣ ਦੇ ਬਾਵਜੂਦ ਵੀ ਉਸ ਨੇ ਹੌਂਸਲਾ ਨਹੀਂ ਹਾਰਿਆ! ਗਰੀਬੀ ਨਾਲ ਦੋ-ਦੋ ਹੱਥ ਕਰਕੇ, ਬੀ. ਐੱਸ਼ ਸੀ (ਮੈਡੀਕਲ) ਅਤੇ ਐੱਮ. ਐੱਸ਼ ਸੀ. (ਫ਼ੌਰਿੰਸਿਕ ਸਾਇੰਸ) ਐੱਲ਼ ਐੱਲ਼ ਬੀ. ਦੀ ਪੜ੍ਹਾਈ ਕੀਤੀ।  ਉਸ ਦੀ ਇਸ ਪੜ੍ਹਾਈ ਅਤੇ ਯੋਗਤਾ ਸਦਕਾ ਉਸ ਨੂੰ ਅਮਰੀਕਾ ਅਤੇ ਇੰਗਲੈਂਡ ਦੀ ਗੌਰਮਿੰਟ ਨੇ ਸੱਦਾ ਪੱਤਰ ਭੇਜਿਆ। ਅਮਰੀਕਾ ਜਾਣ ਜੋਕਰੇ ਪੈਸੇ ਨਾ ਬਣ ਸਕੇ। ਪਰ ਇੰਗਲੈਂਡ ਦੀ ਟਿਕਟ ਸਸਤੀ ਹੋਣ ਕਾਰਨ ਸੰਧੂ ਗੌਰਮਿੰਟ ਦਾ ਸੱਦਾ ਪ੍ਰਵਾਨ ਕਰ 1995 ਵਿਚ  ਯੂ. ਕੇ. ਦੇ ਸ਼ਹਿਰ ਲੀਡਜ਼ ਆ ਗਿਆ। ਕਾਂਨਫ਼ਰੰਸ ਵਿਚ ਪੇਪਰ ਪੜ੍ਹਨ ਤੋਂ ਬਾਅਦ ਇੰਗਲੈਂਡ ਅਥਾਰਟੀ ਐਨੀ ਪ੍ਰਭਾਵਿਤ ਹੋਈ ਕਿ ਉਸ ਨੂੰ ਪੁਲੀਸ ਵਿਚ ਜੌਬ ਦੀ ਆਫ਼ਰ ਦਿੱਤੀ। ਪਰ ਕਿਸੇ ਕਾਰਨ ਸੰਧੂ ਫ਼ਿਰ ਵਾਪਿਸ ਚਲਿਆ ਗਿਆ। 1997 ਵਿਚ ਉਹ ਫ਼ਿਰ ਇੰਗਲੈਂਡ ਮੁੜ ਆਇਆ। ਲੰਡਨ ਦੀ ਮਸ਼ਹੂਰ ਕੰਪਨੀ 'ਹੈਰੋਡਸ' ਵਿਚ ਸੰਧੂ ਪੰਜ ਸਾਲ 'ਫ਼ੁੱਲ ਟਾਈਮ' ਜੌਬ ਕਰ ਚੁੱਕਾ ਹੈ। ਜ਼ਿਕਰਯੋਗ ਹੈ ਕਿ ਇਹ ਕੰਪਨੀ ਲੇਡੀ ਡਿਆਨਾਂ ਦੇ ਪ੍ਰੇਮੀ ਡੋਡੀ ਦੇ ਬਾਪ ਦੀ ਬਹੁਤ ਮਕਬੂਲ ਕੰਪਨੀ ਹੈ।
ਗਾਉਣ ਦਾ ਸ਼ੌਕ ਸੰਧੂ ਨੂੰ ਬਾਲ ਉਮਰ ਤੋਂ ਹੀ ਸੀ। ਸਕੂਲ ਦੀਆਂ ਬਾਲ ਸਭਾਵਾਂ ਤੋਂ ਲੈ ਕੇ ਯੂਨੀਵਰਿਸਟੀ ਤੱਕ ਸੰਧੂ ਨੇ ਗਾਇਕੀ Ḕਤੇ ਹੱਥ ਅਜ਼ਮਾਇਆ ਹੈ। ਉਸ ਦੇ ਦੱਸਣ ਮੁਤਾਬਿਕ ਸਕੂਲ ਅਤੇ ਯੂਨੀਵਰਿਸਟੀ ਦਾ ਕੋਈ ਵੀ ਸਮਾਗਮ ਉਸ ਦੇ ਗੀਤਾਂ ਦੀ ਪੇਸ਼ਕਾਰੀ ਬਿਨਾਂ ਅਧੂਰਾ ਮੰਨਿਆਂ ਜਾਂਦਾ ਸੀ। ਇੰਗਲੈਂਡ ਵਿਚ ਉਹ ਆਪਣੀ ਰੋਜ਼ੀ-ਰੋਟੀ ਚਲਾਉਣ ਦੇ ਨਾਲ਼ ਨਾਲ਼ ਲਿਸ਼ਕਾਰਾ ਟੀ.ਵੀ, ਅਕਾਸ਼ ਰੇਡੀਓ, ਪੰਜਾਬ ਰੇਡੀਓ, ਡੀ. ਡੀ. ਰਿਆਤ ਟੀ.ਵੀ., ਐੱਮ.ਏ. ਟੀ.ਵੀ. ਤੋਂ ਕਲਾ ਦੇ ਸੂਖ਼ਮ ਤਜ਼ਰਬਿਆਂ ਦੇ ਸੰਗ੍ਰਹਿ  ਇਕੱਤਰ ਕਰਦਾ ਹੋਇਆ ਅੱਜ ਕੱਲ੍ਹ  ਵੀਨਸ ਟੀ. ਵੀ. ਦੀ ਸ਼ਾਨ ਬਣਿਆਂ ਹੋਇਆ ਹੈ ਅਤੇ ਉਸ ਦਾ ਟੀ. ਵੀ. ਸ਼ੋਅ ਯੂਰਪ ਵਿਚ ਇਤਨਾ ਹਰਮਨ ਪਿਆਰਾ ਹੋਇਆ ਕਿ ਦੁਨੀਆਂ ਨੇ ਉਸ ਨੂੰ ਆਪਣੀਆਂ ਪਲਕਾਂ 'ਤੇ ਬਿਠਾ ਲਿਆ। ਲੋਕ ਹਰ ਹਫ਼ਤੇ ਉਸ ਦੇ ਪ੍ਰੋਗਰਾਮ ਦੀ ਬੇਸਬਰੀ ਨਾਲ਼ ਉਡੀਕ ਕਰਨ ਲੱਗੇ। ਇਸ ਮਕਬੂਲਤਾ ਤੋਂ ਬਾਅਦ ਸੰਧੂ ਨੇ ਆਪਣੇ ਗਾਉਣ ਦੇ ਸ਼ੌਕ ਨੂੰ ਤਰਜ਼ੀਹ ਦਿੱਤੀ ਅਤੇ ਟੀ-ਸੀਰੀਜ਼ ਰਾਹੀਂ ਆਪਣੀ ਪਲੇਠੀ ਕੈਸਿਟ "ਗੱਲ ਸੁਣ ਲੈ" ਮਾਰਕੀਟ ਵਿਚ ਦਿੱਤੀ। ਬੱਸ, ਫ਼ਿਰ ਕੀ ਸੀ? ਉਸ ਦੀ ਇਸ ਕੈਸਿਟ ਨਾਲ਼ ਹੀ ਯੂਰਪ ਭਰ ਵਿਚ ਸੰਧੂ-ਸੰਧੂ ਹੋਣ ਲੱਗ ਪਈ। ਉਸ ਤੋਂ ਬਾਅਦ ਉਸ ਨੇ ਹੋਰ ਕੈਸਿਟਾਂ ਵੀ ਮਾਰਕੀਟ ਵਿਚ ਲਿਆਂਦੀਆਂ ਅਤੇ ਲੋਕਾਂ ਨੇ ਉਹਨਾਂ ਨੂੰ ਬੜੇ ਨਿੱਘੇ ਦਿਲ ਨਾਲ਼ ਪ੍ਰਵਾਨਗੀ ਦਿੱਤੀ। ਅੱਜ ਸੰਧੂ ਯੂਰਪ ਦੇ ਲੋਕਾਂ ਵਿਚ ਹੀਰੋ ਗਾਇਕ ਹੈ!
ਮੇਰੀ ਸਭ ਤੋਂ ਪਹਿਲੀ ਮੁਲਾਕਾਤ ਸੰਧੂ ਨਾਲ਼ ਉਦੋਂ ਹੋਈ, ਜਦ ਉਹ ਡੀ. ਡੀ. ਰਿਆਤ ਟੀ.ਵੀ. 'ਤੇ 'ਮੁੰਡਾ ਸਾਊਥਾਲ ਦਾ' ਪ੍ਰੋਗਰਾਮ ਦਿੰਦਾ ਸੀ। ਆਪਣੇ ਇਸ ਪ੍ਰੋਗਰਾਮ ਵਿਚ ਮੇਰੀ ਇੰਟਰਵਿਊ ਕਰਨ ਲਈ ਉਸ ਨੇ ਮੈਨੂੰ ਫ਼ੋਨ ਕੀਤਾ ਅਤੇ ਮੈਂ ਇੰਟਰਵਿਊ ਲਈ ਸਹਿਮਤੀ ਦੇ ਦਿੱਤੀ। ਮਿਥੇ ਦਿਨ ਮੈਂ, ਮਾਸੀ ਦਾ ਮੁੰਡਾ ਜੁਗਰਾਜ ਸਿੰਘ ਫ਼ੌਜੀ, ਰਾਮਗੜ੍ਹੀਆ ਗੁਰੂ ਘਰ ਦੇ ਜਨਰਲ ਸਕੱਤਰ ਸ਼ ਦਰਸ਼ਣ ਸਿੰਘ ਰੀਹਲ ਅਤੇ ਮੇਰਾ ਪੁੱਤਰ ਕਬੀਰ, ਅਸੀਂ ਦਿੱਤੇ ਸਮੇਂ ਅਨੁਸਾਰ ਟੀ.ਵੀ. ਸਟੇਸ਼ਨ ਦੇ ਨਜ਼ਦੀਕ ਪੈਂਦੇ 'ਮੈੱਕ ਡੋਨਾਲਡ' ਵਿਚ ਚਲੇ ਗਏ। ਕੁਝ ਪਲਾਂ ਬਾਅਦ ਹੀ ਛੇ ਫ਼ੁੱਟ ਤੋਂ ਵੀ ਉਚਾ ਦਰਸ਼ਣੀਂ ਜੁਆਨ ਮੇਜਰ ਸੰਧੂ ਮੇਰੇ ਸਾਹਮਣੇ ਖੜ੍ਹਾ ਸੀ। ਉਸ ਦੇ ਪਹਿਲੇ ਬੋਲਾਂ, "ਕੀ ਹਾਲ ਐ ਬਾਈ ਜੀ...?" ਨੇ ਹੀ ਮੇਰਾ ਮਨ ਮੋਹ ਲਿਆ। ਜਦ ਉਹ ਝੁਕ ਕੇ ਮੇਰੇ ਗੋਡੀਂ ਹੱਥ ਲਾਉਣ ਲੱਗਿਆ ਤਾਂ ਮੈਂ ਉਸ ਦੇ ਝੁਕਦੇ ਹੱਥ ਆਪਣੇ ਹੱਥਾਂ ਵਿਚ ਹੀ ਬੋਚ ਲਏ ਅਤੇ ਉਸ ਨੂੰ ਆਪਣੀ ਗਲਵਕੜੀ ਵਿਚ ਲੈ ਲਿਆ। ਉਸ ਦੀ ਇਸ ਨਿਮਰਤਾ ਨੇ ਮੈਨੂੰ ਇਕ ਤਰ੍ਹਾਂ ਨਾਲ਼ ਮੁੱਲ ਲੈ ਲਿਆ ਸੀ। ਚਾਹ ਪੀਂਦਿਆਂ ਅਤੇ ਗੱਲਾਂ ਬਾਤਾਂ ਕਰਦਿਆਂ, ਸਿੱਧੇ ਅਤੇ ਸਾਦੇ ਪੇਂਡੂ ਜੱਟ ਮੇਜਰ ਸੰਧੂ ਵਿਚ ਮੈਨੂੰ ਕੋਈ ਵਲ਼-ਫ਼ੇਰ ਨਜ਼ਰ ਨਹੀਂ ਆਇਆ, ਸਗੋਂ ਉਹ ਮੈਨੂੰ ਨਿਰਛਲ ਅਤੇ ਨਿਰਕਪਟ ਲੱਗਿਆ। ਇਕ ਘੰਟਾ ਟੀ. ਵੀ. ਪ੍ਰੋਗਰਾਮ ਵਿਚ ਹੋਈ ਮੇਰੀ ਇੰਟਰਵਿਊ ਤੋਂ ਬਾਅਦ ਸਾਡੀਆਂ ਕਾਫ਼ੀ ਲੰਮੀਆਂ ਗੱਲਾਂ ਚੱਲੀਆਂ। ਜਿਸ ਵਿਚ ਮੈਨੂੰ ਮਹਿਸੂਸ ਹੋਇਆ ਕਿ ਸੰਧੂ ਇਕ ਨਿਰਲੇਪ ਰੂਹ ਅਤੇ ਯਾਰਾਂ ਦਾ ਯਾਰ ਹੈ, 'ਗਿੱਦੜਮਾਰ' ਨਹੀਂ! ਆਪਣੇ ਪੰਧ 'ਤੇ ਮਸਤ ਤੁਰਨ ਵਾਲ਼ਾ ਮਸਤਾਨਾਂ ਫ਼ਕੀਰ! ਜਿਸ ਨੂੰ 'ਤੇਰ-ਮੇਰ' ਦੀ ਚਿੰਤਾ ਹੀ ਨਹੀਂ ਅਤੇ ਨਾ ਹੀ 'ਮੈਂ-ਤੂੰ' ਦਾ ਫ਼ਿਕਰ!
ਸੰਧੂ ਨੇ ਹਰ ਤਰ੍ਹਾਂ ਦੇ ਗੀਤ ਗਾਏ ਹਨ। ਧਾਰਮਿਕ ਤੋਂ ਲੈ ਕੇ ਡਿਊਟ ਤੱਕ। ਪ੍ਰੇਮ ਅਤੇ ਇਸ਼ਕ ਇਕ ਸਾਧਨਾਂ ਅਤੇ ਭਾਵਨਾਂ ਦਾ ਸੁਮੇਲ ਅਤੇ ਨਿਚੋੜ ਹੈ, ਠਰਕ ਭੋਰਨ ਦਾ ਜ਼ਰੀਆ ਕਦਾਚਿੱਤ ਨਹੀਂ! ਉਸ ਦੇ ਕੁਝ ਗੀਤ ਇਸੇ ਸੁਮੇਲ ਅਤੇ ਨਿਚੋੜ ਦੀ ਬਾਤ ਪਾਉਂਦੇ ਹਨ। ਉਸ ਦੇ ਗੀਤਾਂ ਵਿਚ ਖ਼ੂਹ 'ਤੇ ਗਿੜਦੀਆਂ ਟਿੰਡਾਂ ਦੀ ਇਕ-ਸੁਰ ਅਤੇ ਇਕ-ਸਾਰ ਲੈਅ ਹੈ। ਉਸ ਦੀ ਅਵਾਜ਼ ਵਿਚ ਮਾਘੀ ਮੌਕੇ ਕੜਾਕੇ ਦੀ ਸਰਦੀ ਵਿਚ ਖੇਤੀਂ ਲੱਗਦੇ ਕੱਸੀ ਦੇ ਪਾਣੀ ਵਰਗਾ ਹੁਲਾਸ ਅਤੇ ਨਿੱਘ ਹੈ। ਅੱਸੂ ਕੱਤੇ ਦੇ ਮਹੀਨੇ ਖੇਤਾਂ ਵਿਚ ਹਲ਼ ਖਿੱਚਦੇ ਬਲ਼ਦਾਂ ਦੀਆਂ ਟੱਲੀਆਂ ਖੜਕਣ ਦੀ ਅਦੁਤੀ ਧੁਨ ਹੈ। ਉਸ ਦੀ ਅਵਾਜ਼ ਵਿਚ ਨਾਰੀਅਲ ਦੇ ਪਾਣੀ ਵਰਗਾ ਕੁਦਰਤੀ ਰਸ ਹੈ ਅਤੇ ਇਹ ਰਸ ਜਣੇਂ-ਖਣੇਂ ਨੂੰ ਨਸੀਬ ਨਹੀਂ ਹੋ ਜਾਂਦਾ। ਉਹ ਹਾਥੀ ਦੇ ਦੰਦਾਂ ਵਾਂਗ, ਖਾਣ ਲਈ ਹੋਰ ਅਤੇ ਦਿਖਾਉਣ ਲਈ ਹੋਰ ਵਾਲ਼ੀਆਂ ਗੱਲਾਂ ਵੀ ਨਹੀਂ ਕਰਦਾ। ਸੱਚੀ ਅਤੇ ਸੁੱਚੀ ਗੱਲ ਮੂੰਹ 'ਤੇ ਕਹਿਣ ਦਾ ਆਦੀ ਹੈ।
ਇਕ ਦਿਨ ਫ਼ੋਨ 'ਤੇ ਗੱਲਾਂ ਕਰਦਿਆਂ ਕਰਦਿਆਂ ਗੱਲ ਆਲੋਚਕਾਂ 'ਤੇ ਆਣ ਖੜ੍ਹੀ। ਆਲੋਚਕ ਹੋਣਾ ਕੋਈ ਬੁਰੀ ਗੱਲ ਨਹੀਂ। ਪਰ ਆਲੋਚਨਾਂ ਕਰਨ ਵਾਲ਼ਾ ਤੁਹਾਨੂੰ ਕਿਸੇ ਸਹੀ ਮਾਰਗ ਪਾਉਣ ਵਾਲ਼ਾ ਹੋਵੇ। ਆਲੋਚਕ ਅਤੇ ਨਿੰਦਕ ਵਿਚ ਦੋ ਕਿਨਾਰਿਆਂ ਵਾਂਗ ਫ਼ਰਕ ਹੈ। ਆਲੋਚਕ ਤੁਹਾਨੂੰ ਸੇਧ ਪ੍ਰਦਾਨ ਕਰਦੇ ਨੇ ਅਤੇ ਨਿੰਦਕ ਦਾ ਕਾਰਜ ਬਿਨਾ ਗੱਲੋਂ 'ਤਰਕ' ਮਾਰਨੀ! ਮੈਨੂੰ ਇਕ ਗੱਲ ਚੇਤੇ ਆ ਗਈ। ਕਿਸੇ 'ਚੰਟ' ਔਰਤ ਦੇ ਕਈ ਬੰਦਿਆਂ ਨਾਲ਼ ਇਕੋ ਸਮੇਂ 'ਸਬੰਧ' ਬਣੇ ਹੋਏ ਸਨ। ਸਮੇਂ-ਸਮੇਂ ਅਨੁਸਾਰ ਸਾਰੇ ਰੱਬ ਨੂੰ ਪਿਆਰੇ ਹੁੰਦੇ ਗਏ। ਲੋਕ-ਲਾਜ ਦੇ ਪੱਖੋਂ ਯਾਰਾਂ ਨੂੰ ਰੋ ਨਾ ਸਕੀ। ਜਦੋਂ ਕਦੇ ਉਸ ਦੇ ਆਪਣੇ ਘਰਵਾਲ਼ੇ ਨੇ 'ਚੜ੍ਹਾਈ' ਕੀਤੀ, ਤਾਂ ਉਸ ਨੇ 'ਸਾਂਝਾ' ਜਿਹਾ ਕੀਰਨਾ ਪਾਇਆ, "ਕੀਹਨੂੰ ਪਿੱਟਾਂ ਤੇ ਕੀਹਨੂੰ ਛੱਡਾਂ ਵੇ ਮੇਰੇ ਸਹੁਰੇ ਦਿਆ ਜਾਇਆ....!" ਇਸੇ ਤਰ੍ਹਾਂ ਉਹ ਜਣੇ-ਖਣੇ ਦੀ ਗੱਲ ਨਹੀਂ ਕਰਨਾ ਚਾਹੁੰਦਾ ਅਤੇ ਚੁੱਪ ਚਾਪ ਆਪਣੇ ਕਾਰਜ ਪ੍ਰਤੀ ਸੁਹਿਰਦ ਰਹਿਣਾ ਚਾਹੁੰਦਾ ਹੈ। ਦੋਗਲ਼ਾਪਣ ਉਸ ਦੇ ਜੀਵਨ ਦੀ ਫ਼ਿਤਰਤ ਨਹੀਂ!
ਖੁੱਲ੍ਹ ਕੇ, ਸਿੱਧੀ ਅਤੇ ਸੇਧਦਾਰ ਆਲੋਚਨਾ ਕਰਨ ਵਾਲ਼ਿਆਂ ਦਾ ਬੰਦੇ ਨੂੰ ਧੰਨਵਾਦੀ ਹੋਣਾਂ ਚਾਹੀਦਾ ਹੈ, ਜੋ ਸਹੀ ਮਾਰਗ ਦਰਸ਼ਕ ਬਣਦੇ ਹਨ। ਪਰ ਨਿੰਦਕਾਂ ਦਾ ਕੋਈ ਕੀ ਕਰੇ? ਉਹਨਾਂ ਤੋਂ ਤਾਂ ਸੰਧੂ ਪਾਸਾ ਵੱਟਣ ਵਿਚ ਹੀ ਫ਼ਾਇਦਾ ਸਮਝਦਾ ਹੈ ਅਤੇ ਬੇਪ੍ਰਵਾਹ ਰਹਿੰਦਾ ਹੈ। ਜਿਹਨਾਂ ਨੇ ਸਿਰਫ਼ ਆਪਣੇ ਆਪ ਨੂੰ 'ਬੁੱਧੀਮਾਨ' ਦਿਖਾਉਣ ਲਈ, ਸਿਰਫ਼ ਆਪਣਾ ਜਾਂ ਅਗਲੇ ਦਾ ਝੱਗਾ ਹੀ ਪਾੜਨਾ ਹੁੰਦਾ ਹੈ। ਨਾ ਅਗਲੇ ਦਾ ਕੁਝ ਸੁਧਰੇ ਅਤੇ ਨਾ ਆਪਣਾ, ਵਿਗੜ ਚਾਹੇ ਜਾਵੇ! ਇਕ ਪ੍ਰਚੱਲਤ ਕਹਾਣੀ ਹੈ। ਕਿਸੇ ਸ਼ਰਾਰਤੀ ਬੱਚੇ ਨੇ ਕਿਸੇ ਗਰੀਬ ਮੰਗਤੇ ਦੇ ਰੋੜਾ ਮਾਰਿਆ। ਉਸ ਲਹੂ ਲੁਹਾਣ ਹੋਏ ਗਰੀਬ ਨੇ ਕੱਢ ਕੇ ਉਸ ਬੱਚੇ ਨੂੰ ਇਕ ਆਨਾਂ ਦੇ ਦਿੱਤਾ। ਪੁਰਾਣੇਂ ਸਮਿਆਂ ਵਿਚ ਆਨੇਂ ਹੀ ਹੁੰਦੇ ਸਨ ਅਤੇ ਆਨਾਂ ਕਾਫ਼ੀ ਰਕਮ ਮੰਨੀ ਜਾਂਦੀ ਸੀ। ਬੱਚਾ ਬੜਾ ਹੈਰਾਨ ਕਿ ਮੈਂ ਇਸ ਦੇ ਰੋੜਾ ਮਾਰਿਆ ਅਤੇ ਇਹ ਫ਼ੱਟੜ ਅਤੇ ਲਹੂ ਲੁਹਾਣ ਹੋਇਆ ਵੀ ਪੈਸੇ ਦੇ ਕੇ ਤੁਰ ਗਿਆ? ਅੱਗੇ ਜਾ ਕੇ ਕਿਤੇ ਮਹਾਰਾਜੇ ਦੀ ਅਸਵਾਰੀ ਆ ਰਹੀ ਸੀ। ਉਸ ਨੇ ਸੋਚਿਆ ਕਿ ਮੰਗਤਾ ਰੋੜਾ ਮਾਰੇ ਦਾ ਆਨਾਂ ਦੇ ਗਿਆ, ਮਹਾਰਾਜਾ ਪਤਾ ਨਹੀਂ ਕੀ ਦੇਵੇਗਾ? ਉਸ ਨੇ ਹਾਥੀ 'ਤੇ ਬੈਠੇ ਰਾਜੇ ਦੇ ਇੱਟ ਮਾਰ ਕੇ ਮੱਥੇ ਵਿਚ ਟੀਕ ਚਲਾ ਦਿੱਤਾ। ਰਾਜੇ ਨੇ ਕਰੋਧੀ ਹੋਏ ਨੇ ਹੁਕਮ ਕੀਤਾ ਕਿ ਇਸ ਸ਼ਰਾਰਤੀ ਬੱਚੇ ਨੂੰ ਤੁਰੰਤ, ਸ਼ਰੇਆਮ ਫ਼ਾਂਸੀ ਟੰਗ ਦਿੱਤਾ ਜਾਵੇ...! ਫੇਰ ਉਸ ਬੱਚੇ ਨੂੰ ਸਮਝ ਆਈ ਕਿ ਮੈਥੋਂ ਜੋ ਪਹਿਲਾਂ ਹੋਇਆ, ਉਹ ਵੀ ਗਲਤ ਹੋਇਆ...! ਮੇਰਾ ਇਹ ਗੱਲਾਂ ਕਰਨ ਦਾ ਭਾਵ ਹੈ ਕਿ ਸੰਧੂ ਚੁੱਪ ਰਹਿ ਕੇ ਹੀ ਦੁਆਵਾਂ ਦੇਣ ਵਾਲ਼ਾ ਫ਼ੌਲਾਦੀ ਦਿਲ ਵਾਲ਼ਾ ਇਨਸਾਨ ਹੈ ਅਤੇ ਉਹ ਬਦਖੋਹੀ ਕਰਨ ਵਾਲ਼ਿਆਂ ਦੀ ਵੀ ਚਿੰਤਾ ਨਹੀਂ ਕਰਦਾ। ਜੇ ਉਸ ਵਿਚ ਕਹਿਣ ਦਾ ਜਿਗਰਾ ਹੈ ਤਾਂ ਉਸ ਵਿਚ ਸਹਿਣ ਦਾ ਸਾਹਸ ਵੀ ਹੈ। ਇਸ ਲਈ ਉਹ ਸੋਚਦਾ ਹੈ ਕਿ ਗ਼ਰੀਬ ਦੇ ਰੋੜਾ ਮਾਰਨ ਵਾਲ਼ੇ ਇਕ ਦਿਨ ਕਿਸੇ ਮਹਾਰਾਜੇ ਦੇ ਇੱਟ ਮਾਰ ਕੇ ਕੋਈ ਨਾ ਕੋਈ ਸਬਕ ਆਪੇ ਸਿੱਖ ਲੈਣਗੇ। ਉਸ ਦੀ ਸਹਿਣ ਸ਼ਕਤੀ ਦੀ ਉਦਾਹਰਣ ਮੇਰੇ ਕੋਲ਼ ਹੈ। ਸਮਾਂ ਤਾਂ ਮੈਨੂੰ ਯਾਦ ਨਹੀਂ, ਕਾਫ਼ੀ ਅਰਸੇ ਦੀ ਗੱਲ ਹੈ। ਸੰਧੂ ਇਕ ਦਿਨ ਆਪਣਾ ਪ੍ਰੋਗਰਾਮ ਦੇ ਰਿਹਾ ਸੀ ਅਤੇ ਕਿਸੇ ਬੀਬੀ ਨੇ ਫ਼ੋਨ ਕੀਤਾ ਕਿ ਭਾਅ ਜੀ, ਮੈਨੂੰ ਨਾ ਤਾਂ ਤੁਹਾਡੀ ਸ਼ਕਲ ਪਸੰਦ ਹੈ ਅਤੇ ਨਾ ਹੀ ਪ੍ਰੋਗਰਾਮ। ਬੀਬੀ ਦੇ ਇਹ ਕਹਿਣ ਨਾਲ਼ ਸੰਧੂ ਕਰੋਧਿਤ ਨਹੀਂ ਹੋਇਆ ਅਤੇ ਨਾ ਹੀ ਉਸ ਨੇ ਬੀਬੀ Ḕਤੇ ਕੋਈ ਗ਼ਿਲਾ ਕੀਤਾ। ਸਗੋਂ ਬੜੇ ਹੀ ਸੰਜੀਦਾ ਬੋਲਾਂ ਨਾਲ਼ ਕਹਿਣ ਲੱਗਾ, "ਭੈਣ ਜੀ, ਜੇ ਤੁਹਾਨੂੰ ਸਾਡਾ ਪ੍ਰੋਗਰਾਮ ਜਾਂ ਮੇਰੀ ਸ਼ਕਲ ਪਸੰਦ ਨਹੀਂ, ਤਾਂ ਤੁਸੀਂ ਕੋਈ ਹੋਰ ਪ੍ਰੋਗਰਾਮ ਦੇਖ ਲਿਆ ਕਰੋ!" ਮੈਨੂੰ ਪੱਕਾ ਯਕੀਨ ਹੈ ਕਿ ਸੰਧੂ ਦੇ ਇਹ ਠੰਢੇ ਮਤੇ ਨਾਲ਼ ਆਖੇ ਬੋਲਾਂ 'ਤੇ ਉਹ ਬੀਬੀ ਸ਼ਰਮਿੰਦਾ ਵੀ ਜ਼ਰੂਰ ਹੋਈ ਹੋਵੇਗੀ ਅਤੇ ਉਸ ਬੀਬੀ ਨੂੰ ਪਛਤਾਵਾ ਵੀ ਲਾਜ਼ਮੀ ਹੋਇਆ ਹੋਵੇਗਾ।
ਬਿਨਾਂ ਸ਼ੱਕ ਯੂਰਪ ਵਿਚ ਸੰਧੂ ਦੀ ਝੰਡੀ ਹੈ। ਉਸ ਦੇ ਟੈਲੀ ਪ੍ਰੋਗਰਾਮ 'ਮੁੰਡਾ ਸਾਊਥਾਲ ਦਾ' ਨੇ ਯੂਰਪ ਭਰ ਵਿਚ ਅਥਾਹ ਪ੍ਰਸਿੱਧੀ ਹਾਸਲ ਕੀਤੀ ਅਤੇ ਉਸ ਦੇ ਇਸ ਮਕਬੂਲ ਪ੍ਰੋਗਰਾਮ ਸਦਕਾ ਲੋਕਾਂ ਨੇ ਸੰਧੂ ਦੀਆਂ ਐਲਬਮਜ਼  ਨੂੰ ਵੀ ਸਿਰ ਮੱਥੇ 'ਤੇ ਰੱਖਿਆ ਅਤੇ ਪ੍ਰਵਾਨ ਕੀਤਾ। ਭਾਵੇਂ ਅੱਜ ਗਾਇਕੀ ਦੇ ਯੁੱਗ ਵਿਚ ਘੜਮੱਸ ਮੱਚਿਆ ਹੋਇਆ ਹੈ। ਪਰ ਮੇਜਰ ਸੰਧੂ ਦੀ ਪਹਿਚਾਣ ਲੋਕਾਂ ਵਿਚ ਵੱਖ ਹੀ ਹੈ। ਉਸ ਦੀ ਹੁਣੇ-ਹੁਣੇ ਆਈ ਐਲਬਮ 'ਪਟਿਆਲ਼ਾ' ਨੇ ਵੀ ਅੱਜ ਕੱਲ੍ਹ ਮਾਰਕੀਟ ਵਿਚ ਧੁੰਮ ਪੱਟੀ ਹੋਈ ਹੈ। ਹਮੇਸ਼ਾ ਨਵੇਂ ਅਤੇ ਨਵੇਕਲ਼ੇ ਤਜ਼ਰਬੇ ਕਰਨ ਵਾਲ਼ੇ ਮੇਜਰ ਸੰਧੂ ਲਈ ਸਾਡੀ ਦੁਆ ਹੈ ਕਿ ਉਹ ਇਸੇ ਤਰ੍ਹਾਂ ਹੀ ਅਣਥੱਕ ਰਾਹੀ ਦੀ ਤਰ੍ਹਾਂ ਆਪਣੀ ਮੰਜ਼ਿਲ ਵੱਲ ਵੱਧਦਾ ਜਾਵੇ, ਭਵਿੱਖ ਉਸ ਦੇ ਹੱਥਾਂ ਵਿਚ ਹੈ!
*********