Sunday, September 6, 2009

ਇੱਕ ਖ਼ਤ – ਪੰਜਾਬੀ ਭਾਸ਼ਾ ਦੇ ਅਖੌਤੀ ਅਲੰਬਰਦਾਰਾਂ ਦੇ ਨਾਂ ! -ਗੁਰਮੇਲ ਬਦੇਸ਼ਾ

ਇੱਕ ਖ਼ਤ – ਪੰਜਾਬੀ ਭਾਸ਼ਾ ਦੇ ਅਖੌਤੀ ਅਲੰਬਰਦਾਰਾਂ ਦੇ ਨਾਂ ! -ਗੁਰਮੇਲ ਬਦੇਸ਼ਾ

ਮਾਣਯੋਗ ਬਾਬਾ ਨਾਨਕ ਦੇਵ ਜੀ , ਬਾਬਾ ਬੁੱਲੇ ਸ਼ਾਹ , ਵਾਰਿਸ ਸ਼ਾਹ , ਭਾਈ ਵੀਰ ਸਿੰਘ , ਅੰਮ੍ਰਿਤਾ ਪ੍ਰੀਤਮ, ਨਾਨਕ ਸਿੰਘ ਅਤੇ ਹੋਰ ਕਿੰਨੀਆਂ ਹੀ ਪੰਜਾਬੀਅਤ ਨੂੰ ਸਮਰਪਿਤ ਸ਼ਖਸ਼ੀਅਤਾਂ ਦੇ ਵਾਰਸੋ !
ਆਪ ਜੀ ਨੂੰ ਕਿਸ ਕਿਸ ਦਾ ਵਾਸਤਾ ਪਾ ਕੇ ਪ੍ਰਣਾਮ ਕਰਾਂ .. ਕਿ ਤੁਹਾਡੀ ਜ਼ਮੀਰ ਜਾਗ ਉੱਠੇ ..!?!
ਪਰ ਤੁਹਾਡੀਆਂ ਜ਼ਮੀਰਾਂ ਤਾਂ ਖੁਦਗਰਜ਼ੀ ਦੀ ਸੇਜ 'ਤੇ ਨਿਰਵਸਤਰ ਹੋਕੇ , ਲਗਦੈ , ਸਦਾ ਦੀ ਨੀਂਦ ਸੁੱਤੀਆਂ ਪਈਆਂ ਨੇ !
ਗੁਰਬਾਣੀ ਅਨੁਸਾਰ , 'ਅੱਜ ਨਾ ਸੁੱਤੀ ਕੰਤੁ ਸਿਉ ਅੰਗ ਮੁੜਿ ਮੁੜ ਜਾਇ !' ...ਮਾਫ ਕਰਨਾ ! ਪਰ ਜਾਪਦੈ , ਖੁਦਗਰਜ਼ੀ ਦਾ ਜੇਕਰ ਤੁਸੀਂ ਪੱਲਾ ਛੱਡ ਦੇਓਂਗੇ ਤਾਂ ਉਪ੍ਰੋਕਤ ਇਸਤਰੀ ਵਰਗਾ ਹੀ ਤੁਹਾਡਾ ਹਾਲ ਹੋਣੈ ! ਪਰ ਨਹੀਂ ! ਤੁਸੀਂ ਤਾਂ ਬਦਕਾਰ ਔਰਤ ਵਰਗਾ ਚਾਲ-ਚਲਣ ਕਰ ਕੇ ਬਹਿ ਗਏ ਓ ! ਕਿ ਚੱਲ ਜੇ ਇਹਦੇ ਨਾਲ ਅੱਜ ਨਹੀਂ ਸੁੱਤੀ , ਤਾਂ ਬਿੰਦ ਝੱਟ ਲਈ ਹੋਰ ਨਾਲ ਹੀ ਸਹੀ !
ਹੁਣ ਮੈਂ ਕਰਨ ਵਾਲੀ ਗੱਲ ਕਰਾਂ , ਪਰ ਅਜੇ ਵੀ ਮੇਰੇ ਮਨ 'ਚ ਉਹੀਓ ਗੱਲ ਉੱਸਲ ਵੱਟੇ ਲੈ ਰਹੀ ਹੈ ਕਿ ..'ਅੱਜ ਨਾ ਸੁੱਤੀ ਕੰਤੁ ਸਿਉ.......!! ਸੁਣਿਐ , ਕਿਸੇ ਵਿਦੇਸ਼ੀ ਕਾਨਫਰੰਸ 'ਚ ਹਿੱਸਾ ਲੈਣ ਲਈ ਪੰਜਾਬ ਦਾ ਇੱਕ ਮਹਾਨ ਲੇਖਕ ਜਦੋਂ ਜਹਾਜ ਚੜਨ ਦੀ ਤਿਆਰੀ ਕਰਨ ਲੱਗਾ ਤਾਂ ਪ੍ਰਮੋਟਰਾਂ ਨਾਲ ਰੱਫੜ ਪਾ ਕੇ ਬਹਿ ਗਿਆ ਕਿ ਮੈਂ ਤੁਹਾਡੀ ਕਾਨਫੰਰਸ 'ਚ ਤਾਂ ਆਊਂ , ਜੇਕਰ ਤੁਸੀਂ ਮੇਰੇ ਨਾਲ ਮੇਰੀ ਮਿੱਤਰ ਲੇਖਿਕਾ ਦੀ ਨਾਲ ਟਿੱਕਟ ਧਰੋਂਗੇ ! ਨਹੀਂ ਤਾ ਮੇਰੇ ਪਿੱਛੋਂ ਓਸ ਵਿਚਾਰੀ ਨੂੰ ਨੀਂਦ ਨਹੀਂ ਆਉਣੀ ! ਮਗਰੋਂ ਐਵੇਂ ਮੇਰੀਆਂ ਰਚਨਾਵਾਂ ਨੂੰ ਹਿੱਕ ਨਾਲ ਲਾ ਕੇ ਦੁਹੱਥੜੀਂ ਪਿੱਟਦੀ ਫਿਰੂਗੀ ....'ਚੋਰੀ ਚੋਰੀ ਚੰਨਾ ! ਵੀਜ਼ਾ ਵੀ ਲਵਾ ਲਿਆ !'
ਪਰ ਪਤੰਦਰ ਜ਼ਿਦ ਪੂਰੀ ਕਰਵਾ ਕੇ ਹ
ਟਿਆ ।...'ਮਾਰਦਾ ਏ ਲੋਹੜੇ ਹਾਏ ਨੀ ! 'ਨੂਰ' ਤੇਰੇ ਨੈਣਾਂ ਦਾ ...!! '
ਕੀਹਦੀ ਕੀਹਦੀ ਗੱਲ ਕਰਾਂ ? 'ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ...? ਚੁੱਪ ਰਿਹਾ ਤਾਂ ਸ਼ਮਾਦਾਨ ਕੀ ਕਹਿਣਗੇ..?'
ਕਦੇ ਕਦੇ ਮੈਂ ਸੋਚਦਾਂ , ਕਿ - ਮਨਾ ! ਸ਼ਮਾਦਾਨਾਂ ਨੇ ਕੀ ਕਹਿਣੈ ! ਜਦੋਂ ਲਾਲਟੈਣ ਵਰਗੀ ਤੇਰੇ ਕੋਲ ਇੱਕਵੀਂ ਸਦੀ ਦੀ ਕਵਿੱਤਰੀ ਅੰਮ੍ਰਿਤਾ ਪ੍ਰੀਤਮ ਵਾਂਗੂੰ ਸ਼ਬਦਾਂ ਦੇ ਅੰਗਿਆਰੇ , ਤੇਰੀ ਬੁੱਝ ਰਹੀ 'ਕਾਵਿ-ਧੂਣੀ' ਦੇ 'ਧੌਲੇ ਧੂੰਏਂ
' ਦੀ ਸਰਦਲ 'ਤੇ ਰੱਖ ਰਹੀ ਏ , ਤਾਂ ਤੂੰ ਕਹਿ ਹੀ ਸਕਦਾ ਏਂ ..ਕਿ ਪਿਛਲੇ ਪਹਿਰ 'ਜੰਗਲ ਵਿੱਚ ਬਰਸਾਤ ਹੋਈ ...ਤੁਹਾਡੀ ਸਾਡੀ ਮੁਲਾਕਾਤ ਹੋਈ ..!!'
ਚੱਲ ਛੱਡ ਮਨਾ ! ਹੁਣ ਐਵੇਂ ਨਾ ਕਹਿ ਦੇਵੀਂ ...'ਜੋੜੀਆਂ ਹੁਣ ਬਣੀਆਂ.... ਹੁਣ ਬਣੀਆਂ ਇੱਕ ਸਾਰ ..!!'
ਬਲਵੰਤ ਗਾਰਗੀ ਹੋਣੀਂ ਤਾਂ ਐਵੇਂ ਸਮਕਾਲਣਾਂ ਪਿੱਛੇ ਸਿਗਰਟਾਂ ਫੂਕਦੇ ਹੀ ਮਰ'ਗੇ ਸੀ...!!!
ਪਰ ਪਤਾ ਨਹੀਂ ਕਿਉਂ ? ਅੱਜ ਮੇਰਾ ਮਨ ਹੋਰ ਹੀ ਪਾਸੇ ਜਾ ਰਿਹਾ ਹੈ , ਆਨੇ ਵਾਲੀ ਥਾਂ 'ਤੇ ਨਹੀਂ ਆ ਰਿਹਾ ..?
ਗੁਰਮੇਲ ਕੌਰ ਦੇ ਹੁੰਦਿਆਂ ਜੇ ਗਾਇਕ ਚਮਕੀਲ਼ਾ! ਅਮਰਜੋਤ ਨੂੰ ਪਰਨਾਅ- ਅਪਣਾਅ ਸਕਦੈ , ਤਾਂ ਪੰਜਾਬੀ ਲੇਖਕ ਲੇਖਿਕਾਵਾਂ ਨੂੰ ਕਿਉਂ ਨਹੀਂ.? ਚਲੋ ਆਪਾਂ ਨੂੰ ਕੀ ! ਜੇ ਆਪਾਂ ਪੁੱਛ ਵੀ ਲਿਆ , ਕਿ ......ਚੋਲੀ ਕੇ ਪੀਛੇ ਕਿਆ ਹੈ ? ..ਚੁਨਰੀ ਕੇ ਨੀਚੇ ਕਿਆ ਹੈ ..? ਤਾਂ ਅੱਗੋਂ ਕਹਿ ਦੇਣਗੇ......ਚੋਲੀ ਕੇ ਨੀਚੇ ਦਿਲ ਹੈ ਮੇਰਾ ..! ਤਾਂ ਫਿਰ ਆਪਾਂ ਕੀ ਕਿਸੇ ਦੀ ਪੂਛ ਫੜ ਲਵਾਂਗੇ ..? ਗੱਲ ਪਰਦੇ ਮੇਂ ਰਹਿਨੇ ਦੋ.. ! ਪਰਦਾ ਜੋ ਊਠ ਗਿਆ ਤੋ....ਤੋ ...!
ਇਹ ਗੱਲ ਤਾਂ ਸੀ - ਸਾਹਿਤਕਾਰਾਂ ਦੇ ਇਸ਼ਕ- ਮੁਸ਼ਕ ਦੀ ! ਦੂਜੀ ਗੱਲ ਹੈ , ਪੰਜਾਬੀ ਮਾਂ ਬੋਲੀ ਦੀ ਸੇਵਾ ਦੀ , ਜੋ ਇਨ੍ਹਾਂ ਵਲੋਂ ਨਿਭਾਈ ਜਾ ਰਹੀ ਹੈ ! ਪਹਿਲਾਂ ਤਾਂ ਬਣਾਈਆਂ ਹੁੰਦੀਆਂ ਸਨ ਸਾਹਿਤਕ ਸਭਾਵਾਂ ! ਹੁਣ ਬਣ ਗਿਆ ਹੈ – ਸਾਹਿਤਕ ਮਾਫੀਆ ! ਅੱਜਕਲ ਇਹ ਮਾਫੀਆ ਗਰੋਹ ਬੜੇ ਸਰਗਰਮ ਹੋ ਗਏ ਨੇ ।
ਪਿਛਲੇ ਦਿਨੀਂ ਤੁਸੀਂ ਮੀਡੀਆ ਰਾਹੀਂ ਜਾਂ ਕਿਸੇ ਹੋਰ ਸ੍ਰੋਤ ਤੋਂ ਕਨੇਡਾ ਵਿੱਚ 'ਵਿਸ਼ਵ ਪੰਜਾਬੀ ਕਾਨਫਰੰਸਾਂ' ਬਾਰੇ ਪੜਿਆ ਸੁਣਿਆ ਹੋਵੇਗਾ । ਸਰੀ ਬੀ ਸੀ ਵਿੱਚ ਹਜਾਰਾਂ ਨਹੀਂ ਸਗੋਂ ਲੱਖਾਂ ਹੀ ਪੰਜਾਬੀ ਰਹਿ ਰਹੇ ਨੇ । ਅਤੇ ਇੱਕ, ਜੋ ਕਿ ਵਿਸ਼ਵ ਕਾਨਫਰੰਸ ਇੱਥੇ ਹੋ ਕੇ ਹਟੀ ਹੈ । ਉਸ ਵਿੱਚ ਪੰਜਾਬੀਆਂ ਦੀ ਗਿਣਤੀ ਸਿਰਫ ਚਾਲੀ ਪੰਜਾਹ ਕੁ ਆਦਮੀ ਔਰਤਾਂ ਦੀ ਹੀ ਸੀ । ਇਸ ਮੀਟਿੰਗ ਦਾ ਨਾਂ ਰੱਖਿਆ ਗਿਆ ਸੀ - 'ਵਿਸ਼ਵ ਪੰਜਾਬੀ ਕਾਨਫਰੰਸ' । ਕਈ ਤਾਂ ਇੰਡੀਆ ਤੋਂ ਗਰਮੀਆਂ ਦੀਆਂ ਛੁੱਟੀਆਂ ਹੀ ਕੱਟਣ ਆਏ ਲੱਗਦੇ ਸਨ । ਪਰ ਇਤਨਾ ਜਰੂਰ ਸੀ ਕਿ ਕਾਨਫਰੰਸ ਦੀ ਸਫਲਤਾ ਇਸ ਗੱਲ ਕਰਕੇ ਹੋ ਗਈ ਕਿ ਐਨੇ ਡਾਕਟਰ-ਮਾਸਟਰ ਇਕੱਠੇ ਇੱਕ ਮੰਚ 'ਤੇ ਇਕੱਤਰ ਹੋਏ ਸਨ । ਪਰ ਆਮ ਆਦਮੀ ਤਾਂ ਨੇੜੇ ਵੀ ਨਹੀਂ ਲੱਗਣ ਦਿੱਤਾ ਗਿਆ । ਮਹਾਨ ਲੋਕਾਂ ਦਾ ਮਹਿਜ਼ ਇੱਕ ਸ਼ੁਗਲ ਹੀ ਸੀ , ਜੇਕਰ ਤੁਸੀਂ ਕਾਨਫਰੰਸ 'ਚ ਭਾਗ ਲੈਣਾ ਸੀ ਤਾਂ ਇੰਟਰੀ ਫੀਸ ਦਸ ਡਾਲਰ ! ਜੇਕਰ ਪੈਲਿਸ ਚ' ਵੱਡੇ ਲੋਕਾਂ ਨਾਲ ਡਿਨਰ ਦਾ ਚਸਕਾ ਲੈਣਾ ਸੀ ਤਾਂ ਰਾਤਰੀ ਭੋਜ ਦੀ ਇੰਟਰੀ ਫੀਸ ਵੀਹ ਡਾਲਰ !! 'ਸ਼ਰਾਬ' ਸ਼ਾਇਦ ਆਪੋ ਆਪਣੀ । 'ਕਬਾਬ' ਹਰ ਇੱਕ ਲਈ ! ਪਰ 'ਸ਼ਬਾਬ' ਦਾ ਪ੍ਰਬੰਧ ਮੁੱਖ ਮਹਿਮਾਨਾਂ ਲਈ ਜਾਂ ਪਹਿਲੀ ਵਾਰ ਇੰਡੀਆ ਤੋਂ ਆਏ ਸੱਜਣਾਂ ਲਈ ਪਤਾ ਨਹੀਂ ਕੀਤਾ ਗਿਆ ਸੀ ਜਾਂ ਨਹੀਂ - ਮੈਨੂੰ ਨਹੀਂ ਪਤਾ ?
ਫਿਰ ਇਸ ਕਾਨਫਰੰਸ ਦੀ ਵੱਡੀ ਸਫਲਤਾ ਉਸ ਵੇਲੇ ਦੇਖਣ ਨੂੰ ਮਿਲੀ , ਜਦੋਂ ਕਿ ਬੜੇ ਮਹਾਨ ਲੇਖਕ ਖਾਲੀ ਸਟੇਜ 'ਤੇ ਮਾਇਕ ਮੂਹਰੇ ਖੜ ਖੜ ਕੇ ਫੋਟੋ ਖਿਚਵਾ ਰਹੇ ਸਨ , ਅਖਬਾਰਾਂ ਚ' ਫੋਟੋਆਂ ਦੇਖ ਕੇ ਇਸ ਤਰਾਂ ਦਾ ਪ੍ਰਭਾਵ ਪੈ ਰਿਹਾ ਸੀ ; ਜਿਵੇਂ: ਇਹ ਮਹਾਨ ਵਿਅਕਤੀ ਬੜੇ ਵੱਡੇ ਇਕੱਠ ਨੂੰ ਸੰਬੋਧਨ ਕਰ ਰਹੇ ਹੋਣ ! ਪਰ ਅਸਲੀਅਤ ਇਹ ਸੀ , ਜਦੋਂ ਇਹ ਭਲੇ ਪੁਰਸ਼ ਫੋਟੋ ਕਰਵਾ ਰਹੇ ਸਨ ਤਾਂ ਸਾਰੇ ਲੋਕ ਲੰਚ ਕਰ ਰਹੇ ਸਨ । ਇਨਾਂ
ਨੇ ਤਾਂ ਫੋਕੀ ਸ਼ੋਹਰਤ ਲਈ ਮੌਕਾ ਦੇਖ ਕੇ ਵਿੱਚੋਂ ਹੀ ਦਾਅ ਲਾ ਲਿਆ ਸੀ ।
ਇੱਕ ਹੋਰ ਦੇਖਣ ਵਾਲੀ ਗੱਲ ਸੀ , ਪੜੇ ਜਾਣ ਵਾਲੇ ਸਾਹਿਤਕ ਪਰਚਿਆਂ ਦੀ ! ਬਿਨਾ੍ਹ ਸ਼ੱਕ ਕਈ ਪਰਚਿਆਂ ਨੇ ਹਰ ਇੱਕ ਨੂੰ ਵਧੀਆ ਢੰਗ ਨਾਲ ਤਕੜਾ ਹਲੂਣਾ ਮਾਰਿਆ ਹੈ । ਇੱਕ ਪਰਚੇ ਵਿੱਚ 'ਨਾਰੀ ਸਾਹਿਤ ' ਦੀ ਗੱਲ ਕੀਤੀ ਗਈ । ਪਰ ਇਹ ਗੱਲ ਨਹੀਂ ਸਮਝ ਆ ਰਹੀ ਕਿ ਆਹ ! 'ਨਾਰੀ ਸਾਹਿਤ' ਹੈ , ਆਹ ! 'ਮਰਦ ਸਾਹਿਤ' ਹੈ ! ਜਿਸ ਤਰਾਂ ਹਾਲਾਤ ਬਦਲ ਰਹੇ ਨੇ , ਕੱਲ ਨੂੰ ਕਿਤੇ 'ਸਮਲਿੰਗੀ ਸਾਹਿਤ' ਨਾ ਆ ਜਾਵੇ ?
ਇੱਕ ਪਾਸੇ ਤਾਂ ਤੁਸੀਂ ਕਹਿ ਰਹੇ ਹੋ ਕਿ ਔਰਤ ਨੂੰ ਮਰਦ ਬਰਾਬਰ ਨਹੀਂ ਸਮਝ ਰਹੇ , ਦੂਜੇ ਪਾਸੇ ਬੀਬਾ ਜੀ !ਤੁਸੀਂ ਖੁਦ ਹੀ ਆਪਣੇ ਹੱਥੀਂ ਇਹ ਦੀਵਾਰ ਖੜੀ ਕਰ ਰਹੇ ਹੋ !
ਪਿੱਛੇ ਜਿਹੇ ਕੈਨੇਡਾ ਵਿੱਚ ਇੱਕ ਹੋਰ ਵਿਸ਼ਵ ਕਾਨਫਰੰਸ ਹੋਈ ਸੀ , ....( ਮਾਫ ਕਰਨਾ , ਆਪਣੀ ਗੱਲ ਆਪ ਹੀ ਟੋਕ ਕੇ ਤੁਹਾਨੂੰ ਪੁੱਛਣਾ ਚਾਹੁੰਦਾ ਹਾਂ ਕਿ ਇਹ ਵਿਸ਼ਵ ਕਾਨਫਰੰਸਾਂ ਕੈਨੇਡਾ ਅਮਰੀਕਾ ਵਿੱਚ ਐਨੀਆਂ ਕਿਉਂ ਹੋਣ ਲੱਗ ਪਈਆਂ ਨੇ ? ਕਦੇ ਸਾਊਥ ਅਫਰੀਕਾ ਵਰਗੇ ਦੇਸਾਂ ਵਿੱਚ ਕਿਉਂ ਨਹੀਂ ਹੁੰਦੀਆਂ ? ਪੰਜਾਬੀ ਤਾਂ ਉਨਾਂ ਦੇਸਾਂ ਵਿੱਚ ਵੀ ਬਥੇਰੇ ਵਸਦੇ ਨੇ ! ..ਚਲੋ ! ਗੱਲ ਅੱਗੇ ਤੋਰਦਾ ਹਾਂ )...'ਤੇ ਉਸ ਵਿੱਚ ਭਾਗ ਲੈਣ ਵਾਲੀ ਇੱਕ ਔਰਤ ਹੁਣ ਤੱਕ ਬੜਾ ਹੁੱਭ ਕੇ ਕਹਿ ਰਹੀ , "ਮੈਂ ਸਮੁੱਚੇ ਕੈਨੇਡਾ ਵਿੱਚੋਂ ਇਕੋ- ਇੱਕ ਇਕਲਾਪੀ ਲੇਖਿਕਾ ਸੀ , ਜਿਸ ਨੇ ਇਸ ਵਿੱਚ ਹਿੱਸਾ ਲਿਆ" ।
ਤੁਹਾਡੇ ਹੌਸਲੇ ਦੀ ਦਾਦ ਦਿੰਦੇ ਹਾਂ , ਪਰ ਆਦਮੀ ਤੁਹਾਨੂੰ ਆਉਣੋ ਰੋਕਦੇ ਵੀ ਨਹੀਂ । ਆਓ ! ਜੀ ਸਦਕੇ ਆਓ !! ਪਰ ਚਾਰ ਕੁ ਜਣੀਆਂ ਮੀਟਿੰਗ ਵਿੱਚ ਬਹਿ ਕੇ ਅਸਮਾਨ ਨੂੰ ਟਾਕੀਆਂ ਨਾ ਲਾਇਆ ਕਰੋ !! ਕਿਸੇ ਦੂਜੇ ਦੀ ਵੀ ਸੁਣ ਲਿਆ ਕਰੋ ! ਤੁਸੀਂ 'ਬੁਲਾਰੀਆਂ' ਬਹੁਤ ਵਧੀਆ ਹੋ ! ਕਾਸ਼ ! ਵਧੀਆ 'ਸਰੋਤਾ' ਵੀ ਬਣ ਸਕੋਂ ...!?!
ਇਸ ਤੋਂ (ਸਰੀ ਤੋਂ) ਬਾਅਦ ਟਰੰਟੋ ਵਿਖੇ ਹੋਈ 'ਵਿਸ਼ਵ ਪੰਜਾਬੀ ਕਾਨਫਰੰਸ' ਦੀ ਕਾਮਯਾਬੀ ਬਾਰੇ ਵੀ ਪੜ ਸੁਣ ਲਿਆ ਹੈ । ਪਰ ਸੋਚਣ ਵਾਲੀ ਗੱਲ ਇਹ ਹੈ ਕਿ ਇਹ ਲੋਕ ਕਾਮਯਾਬੀ ਕਿਸ ਗੱਲ ਦੀ ਕਹਿੰਦੇ ਹਨ , ਵੱਡੇ ਵੱਡੇ ਲੋਕਾਂ ਨੂੰ ਕਾਨਫਰੰਸ ਵਿੱਚ ਸੱਦ ਕੇ ? ਮੰਤਰੀਆਂ ਸ਼ੰਤਰੀਆਂ ਤੋਂ ਉਦਘਾਟਨ ਕਰਵਾ ਕੇ ? ਜਾਂ ਧਾਰਮਿਕ ਲੋਕਾਂ ਤੋਂ ਪਾਠ ਕਰਵਾ ਕੇ ? ਜੈਕਾਰੇ ਲਗਵਾ ਕੇ ? ਜਾਂ ਫਿਰ ਪੰਜਾਬੀ ਸੂਟ 'ਚ ਨਹੀਂ, ਸਗੋਂ ਜੀਨਾਂ ਵਾਲੀਆਂ ਕੁੜੀਆਂ ਨੂੰ ਰਿਸੈਪਸ਼ਨ 'ਤੇ ਖੜੀਆਂ ਕਰ ਕੇ ?
ਸੁਣਨ 'ਚ ਤਾਂ ਇਹ ਵੀ ਆਇਆ ਹੈ ਕਿ ਇਸ ਕਾਨਫਰੰਸ ਉੱਪਰ ਲੱਖਾਂ ਡਾਲਰ ਖਰਚ ਵੀ ਕਰ ਦਿੱਤਾ ਗਿਆ ਹੈ । ਜੇਕਰ ਇਹ ਪੈਸਾ ਗਰੀਬ ਲੇਖਕਾਂ ਦੀਆਂ ਕਿਤਾਬਾਂ ਛਿਪਵਾਉਣ ਉੱਪਰ ਲਗਾਇਆ ਹੁੰਦਾ ਤਾਂ ਫਿਰ ਕੀ ਪੰਜਾਬੀ ਮਾਂ ਬੋਲੀ ਦੀ ਸੇਵਾ ਨਹੀਂ ਸੀ ਹੋ ਸਕਣੀ ? ਪੰਜਾਬੀ ਸਾਹਿਤ ਨੂੰ ਘਰ ਘਰ ਤੱਕ ਪਹੁੰਚਾਉਣ ਲਈ ਜੇਕਰ ਇਹ ਪੈਸਾ ਖਰਚ ਕੀਤਾ ਗਿਆ ਹੁੰਦਾ ਤਾਂ ਕੀ ਪੰਜਾਬੀ ਮਾਂ ਬੋਲੀ ਦੀ ਸੇਵਾ ਨਹੀਂ ਸੀ ਹੋ ਸਕਣੀ ?
ਇੱਕ ਇਹ ਖੇਤਰ ਬਚਿਆ ਸੀ - ਇਹ ਵੀ ਕਬੂਤਰਬਾਜਾਂ ਅਤੇ ਜਾਲਸਾਜਾਂ ਦੇ ਹੱਥੀਂ ਚੜ੍ਹ ਗਿਆ ਲਗਦਾ ਹੈ ।
ਪੰਜਾਬੀਏ ਜੁਬਾਨੇ ! ਨੀ ਰਕਾਨੇ ਮੇਰੇ ਦੇਸ਼ ਦੀਏ !! ਵਿਦੇਸ਼ਾਂ ਵਿੱਚ ਆਕੇ ਤੂੰ ਵੀ ਹੋ'ਗੀ ਭੱਬਾਂ ਭਾਰ ..!!!
ਪਰ ਭਲੇਮਾਣਸੋ ! ਜੇਕਰ ਤੁਸੀਂ ਵਾਕਿਆ ਹੀ ਪੰਜਾਬੀ ਭਾਸ਼ਾ ਪ੍ਰਤੀ ਐਨੇ ਹੀ ਫਿਕਰਮੰਦ ਹੋ ਤਾਂ ਹੋਰ ਬੜੇ ਰਾਹ ਨੇ , ਇਸ ਨੂੰ ਪ੍ਰਫੁਲਤ ਕਰਨ ਦੇ ! ਇਹੋ ਜਿਹੀਆਂ ਕਾਨਫਰੰਸਾਂ, ਏਹੋ ਜਿਹੇ ਸਮਾਗਮ ਕਰ ਕੇ ਪੰਜਾਬੀ ਭਾਸ਼ਾ ਪ੍ਰਤੀ ਪਤਾ ਨਹੀਂ ਤੁਸੀਂ ਕੀ ਸਾਬਤ ਕਰਨਾ ਚਾਹੁੰਦੇ ਹੋ ?
ਪੰਜਾਬੀ ਮਾਂ ਬੋਲੀ ਦੇ ਅਸਲੀ ਵਾਰਸੋ ! ਤੁਹਾਨੂੰ ਇਤਨਾ ਕੁ ਜਰੂਰ ਪਤਾ ਹੋਣਾ ਚਾਹੀਦਾ ਹੈ , ਕਿ ਇਹ ਤਾਂ ਸਿਰਫ ਚੰਦ ਕੁ ਲੋਕਾਂ ਦਾ ਸ਼ੁਗਲ ਹੀ ਹੈ । ਬੱਸ , ਆਪਣਾ ਨਾਮ ਚਮਕਾਉਣ ਲਈ ਆਪਣਾ ਭੁੱਸ ਪੂਰਾ ਕਰ ਰਹੇ ਨੇ - ਇਹ ਲੋਕ !
ਆਮ ਲੋਕਾਂ ਨੂੰ ਭਰਮਾਉਣ ਲਈ , ਬਿਨਾਂ
ਸ਼ੱਕ ! ਕੁਝ ਕੁ ਮੀਡੀਆ ਵੀ ਇਸ ਮਾਫੀਆ ਗਰੋਹ ਦੀ ਪਕੜ ਵਿੱਚ ਪੂਰੀ ਤਰਾਂ ਆ ਚੁੱਕਾ ਹੈ । ਹੁਣ ਤਾਂ ਯਾਰੋ ! ਰੱਬ ਹੀ ਬਚਾਵੇ ਪੰਜਾਬੀ ਨੂੰ !... ਟੁੰਡੀ ਲਾਟ ਦੇ ਸਾਲਿਆਂ ਤੋਂ.... !! ਪਰ ,
ਕਿਸੇ ਦੇ ਗਿੱਟੇ ਲੱਗੇ , ਕਿਸੇ ਦੇ ਗੋਡੇ ! ਮੈਨੂੰ ਕੋਈ ਪ੍ਰਵਾਹ ਨਹੀਂ । ਮੈਂ ਤਾਂ ਇਸੇ ਤਰਾਂ ਹੀ ਟਿੰਡ 'ਚ ਕਾਨਾ ਪਾ ਕੇ ਆਮ ਲੋਕਾਂ ਨੂੰ ਸੁਚੇਤ ਕਰਦੇ ਰਹਿਣਾ ਹੈ – ਇਨਾਂ੍ਹ ਪੰਜਾਬੀ ਭਾਸ਼ਾ ਦੇ , ਪੰਜਾਬੀ ਮਾਂ - ਬੋਲੀ ਦੇ ਅਖੌਤੀ ਅਲੰਬਰਦਾਰਾਂ ਪ੍ਰਤੀ !
      ਪਾਤਰ-ਸੁਖਇੰਦਰ ਦੀ ਗਜ਼ਲ ਦੇ ਸਾਂਝੇ ਮਤਲੇ ਅਤੇ ਸਜਿੰਦਰ ਨੂਰ ਦੀ 'ਰੂਹਾਨੀ-ਮਕਤੋ-ਨੂਰਾਨੀ' ਵਰਗਾ,
ਆਪਦਾ;
                      ---ਗੁਰਮੇਲ ਬਦੇਸ਼ਾ , ਸਰੀ , ਬੀ . ਸੀ . ।

..................

No comments:

Post a Comment