Friday, September 4, 2009

ਸਾਊਥਾਲ- ਜਿੱਥੇ ਆਪਣਿਆਂ ਨੂੰ 'ਆਪਣੇ' ਹੀ ਕਰਨ ਹਲਾਲ਼...! -ਮਨਦੀਪ ਖੁਰਮੀ ਹਿੰਮਤਪੁਰਾ

ਸਾਊਥਾਲ- ਜਿੱਥੇ ਆਪਣਿਆਂ ਨੂੰ 'ਆਪਣੇ' ਹੀ ਕਰਨ ਹਲਾਲ਼...!   -ਮਨਦੀਪ ਖੁਰਮੀ ਹਿੰਮਤਪੁਰਾ
            ਜਿੱਥੇ ਮਨੁੱਖ ਨੂੰ ਇਸ ਧਰਤੀ 'ਤੇ ਸਾਹ ਲੈ ਰਹੇ ਸਮੁੱਚੇ ਜੀਵਾਂ 'ਚੋਂ ਉੱਤਮ ਮੰਨਿਆ ਗਿਆ ਹੈ, ਸਭ ਤੋਂ ਉੱਤਮ ਬੁੱਧੀ ਦਾ ਮਾਲਕ ਕਿਹਾ ਜਾਂਦਾ ਹੈ ਉੱਥੇ ਮਨੁੱਖ ਵੱਲੋਂ ਨਿੱਜੀ ਹਿੱਤਾਂ ਦੀ ਪੂਰਤੀ ਲਈ ਅਤਿ ਨੀਚ ਦਰਜੇ ਤੱਕ ਗਿਰ ਜਾਣਾ ਵੀ ਸ਼ਾਇਦ ਇਸਦੇ ਸੁਭਾਅ ਵਿੱਚ ਰਚ ਚੁੱਕਾ ਹੈ। ਕਦੇ ਕਿਸੇ ਪਸ਼ੂ ਨੂੰ ਨਿਗੁਣੀ ਸੋਝੀ ਹੁੰਦਿਆਂ ਵੀ ਅਜਿਹੀਆਂ ਕਰਤੂਤਾਂ ਕਰਦਿਆਂ ਨਹੀਂ ਦੇਖੋਗੇ ਜੋ ਮਨੁੱਖ 'ਸਿਆਣਾ' ਹੁੰਦਿਆਂ ਕਰ ਗੁਜ਼ਰਦਾ ਹੈ। ਨਿੱਜ ਲਈ ਜਾਂ ਆਪਣੇ ਭਵਿੱਖ ਦੀ ਸੌਖ ਲਈ ਸੁਪਨੇ ਦੇਖਦਿਆਂ ਮਨੁੱਖ ਆਪਣੇ ਮਾਂ-ਪਿਉ, ਭੈਣ-ਭਰਾ ਦੇ ਗਲ ਅੰਗੂਠਾ ਦੇਣ ਤੋਂ ਵੀ ਗੁਰੇਜ਼ ਨਹੀਂ ਕਰਦਾ। ਉਕਤ ਸਤਰਾਂ ਲਿਖਦਿਆਂ ਵੀ ਆਪਾਂ ਸੁਹਿਰਦ ਪਾਠਕਾਂ ਦੀ ਨਜ਼ਰ ਇੱਕ ਅਸਲੀਅਤ ਪੇਸ਼ ਕਰਨ ਦੀ ਗੁਸਤਾਖੀ ਕਰਨੀ ਚਾਹਾਂਗੇ। ਜੇ ਉਕਤ ਸਤਰਾਂ ਵਰਕੇ 'ਤੇ ਨਾ ਉੱਤਰਦੀਆਂ ਤਾਂ ਮੇਰੇ ਕਮਅਕਲ ਦੇ ਮਨ ਵਿੱਚ ਇੱਕ ਅਜੀਬ ਜਿਹੀ ਖਿੱਚੋਤਾਣ ਬਣੀ ਰਹਿਣੀ ਸੀ। ਅੱਜ ਆਪਾਂ ਮਨੁੱਖ ਹੱਥੋਂ ਮਨੁੱਖ ਦੀ ਹੁੰਦੀ ਲੁੱਟ ਜਾਂ ਆਪਣਿਆਂ ਵੱਲੋਂ ਹੀ 'ਆਪਣਿਆਂ' ਨੂੰ ਹੀ ਹਲਾਲ ਕਰਨ ਵਾਲੀਆਂ ਗੱਲਾਂ ਦਾ ਜ਼ਿਕਰ ਕਰਾਂਗੇ....!
      ਬੜੀ ਵਾਰ ਸੁਣਿਆ ਸੀ ਕਿ "ਵਲਾਇਤ-ਜਾਂ ਨੰਗ ਦੀ ਜਾਂ ਢੰਗ ਦੀ।" ਮੈਂ ਵੀ ਇਸ ਸਤਰ ਦੇ ਇਹੀ ਅਰਥ ਲੈਂਦਾ ਰਿਹਾ ਹਾਂ ਕਿ ਜਾਂ ਤਾਂ ਵਲਾਇਤ 'ਚ ਉਹ ਬੰਦਾ ਸੌਖਾ ਰਹਿੰਦੈ ਜੋ ਬਿਲਕੁਲ ਹੀ ਖਾਕੀ ਨੰਗ ਹੋਵੇ ਜਾਂ ਫਿਰ ਉਹ ਬੰਦਾ 'ਬੁੱਲੇ ਲੁੱਟਦਾ' ਹੈ ਜੋ ਦੋਹੀਂ ਹੱਥੀਂ 'ਵੱਢਣ' ਦਾ ਵੱਲ ਸਿੱਖ ਗਿਆ ਹੋਵੇ ਜਾਂ ਜਿਸਨੂੰ ਮਾਇਆ ਬੀਜਣ ਦਾ ਹਿਸਾਬ ਕਿਤਾਬ ਆ ਗਿਆ ਹੋਵੇ।
      ਗੋਰਿਆਂ ਦੇ 'ਕਰੈਡਿਟ ਕਰੰਚ' ਨੇ ਸਭ ਦੇ ਨਾਸੀਂ ਧੂੰਆਂ ਲਿਆ ਦਿੱਤੈ। ਮੈਂ ਵੀ ਉਹਨਾਂ 'ਚੋਂ ਸਾਂ ਜਿਹਨਾਂ ਨੂੰ ਇਸ ਆਰਥਿਕ ਮੰਦੇ ਦੇ ਦੌਰ 'ਚ ਕੰਮ ਤੋਂ ਹੱਥ ਧੋਣੇ ਪਏ ਸਨ। ਕੰਮ ਦੀ ਭਾਲ 'ਚ ਹੀ ਮੈਂ ਵੀ ਸਾਊਥਾਲ ਵੱਲ ਨੂੰ ਮੂੰਹ ਕਰਿਆ ਸੀ। ਇਸ ਤੋਂ ਪਹਿਲਾਂ ਮੈਂ ਨਾਰਥ-ਵੈਸਟ ਏਰੀਏ ਦੇ ਸੁੱਧ ਗੋਰਿਆਂ ਦੇ ਛੋਟੇ ਜਿਹੇ ਕਸਬੇ 'ਸੈਂਡਬੈਚ' 'ਚ ਰਹਿ ਰਿਹਾ ਸਾਂ। ਕੰਮ ਦੀ ਖੋਜ ਅਤੇ ਭਵਿੱਖ 'ਚ ਪੱਕੇ ਤੌਰ 'ਤੇ ਇੱਕ ਥਾਂ ਟਿਕਣ ਦੀ ਬੁਣਤੀ ਬੁਣਦਾ ਹੋਇਆ ਸਾਊਥਾਲ ਆ ਗਿਆ। ਇਹ ਵੀ ਬੜੀ ਵਾਰ ਸੁਣਿਆ ਸੀ ਕਿ 'ਸਾਊਥਾਲ ਤਾਂ ਮਿੰਨੀ ਪੰਜਾਬ ਐ!" ਪਰ ਇਸ ਗੱਲ ਦਾ ਇਲਮ ਇੱਥੇ ਆ ਕੇ ਹੋਇਆ ਕਿ ਕਿਵੇਂ ਪੌਂਡ ਇਕੱਠੇ ਕਰਨ ਦੀ ਦੌੜ 'ਚ ਅਸੀਂ ਇੱਕ ਦੂਜੇ ਦੀ ਹੀ ਸੰਘੀ ਘੁੱਟੀ ਜਾ ਰਹੇ ਹਾਂ। ਬੇਸ਼ੱਕ ਇਹ ਗੱਲ ਹਰ ਪੰਜਾਬੀ ਵੀਰ 'ਤੇ ਲਾਗੂ ਨਹੀਂ ਹੁੰਦੀ ਪਰ ਥੋੜ੍ਹੇ ਜਿਹੇ ਸਮੇਂ 'ਚ ਹੀ 'ਆਪਣਿਆਂ' ਨਾਲ ਜੁੜੀਆਂ ਦੋ ਤਿੰਨ ਕੁ ਗੱਲਾਂ ਪਾਠਕਾਂ ਨਾਲ ਸਾਂਝੀਆਂ ਕਰਨ ਲੱਗਾ ਹਾਂ।
ਜਿਸ ਦਿਨ ਸਾਊਥਾਲ ਆਇਆ ਤਾਂ ਮੇਰੇ ਪਿੰਡ ਦੇ ਹੀ ਘਰਾਂ 'ਚੋਂ ਚਾਚਾ ਲਗਦੇ ਪਿਤਾ ਜੀ ਦੇ ਹਮਪਿਆਲਾ- ਹਮਨਿਵਾਲਾ ਦੋਸਤ ਨੇ ਬਾਂਹ ਫੜ੍ਹੀ। ਰਾਤ ਦੀ ਸ਼ਿਫਟ 'ਤੇ ਕੰਮ ਕਰਨ ਤੋਂ ਬਾਦ ਦਿਨ ਵੇਲੇ ਮੇਰੇ ਲਈ ਕੰਮ ਲੱਭਣ ਵਾਸਤੇ ਭੱਜਦੌੜ ਕੀਤੀ। ਅੰਤ ਇੱਕ ਹਫਤੇ ਦੀ ਮੱਥਾਮਾਰੀ ਤੋਂ ਬਾਦ ਇੱਕ ਪੰਜਾਬੀ ਭਾਈ ਸਾਬ੍ਹ ਦੀ ਫੈਕਟਰੀ 'ਚ ਕੰਮ ਮਿਲ ਗਿਆ। ਸਲਾਦ ਕੱਟਣ ਵਾਲੇ ਕੰਮ ਲਈ ਬੌਸ 'ਸੂਰ ਸਾਬ੍ਹ' (ਸੂਰ ਸ਼ਬਦ ਦੀ ਤਰਜ ਵਰਗਾ ਗੋਤ) ਨੇ ਦੋ ਦਿਨ 'ਟਰਾਇਲ' ਲੈਣ ਦੀ ਗੱਲ ਕਹਿ ਕੇ ਹਰੀ ਝੰਡੀ ਦੇ ਦਿੱਤੀ। 'ਸੂਰ' ਸ਼ਬਦ ਦੀ ਵਰਤੋਂ ਇਸ ਕਰਕੇ ਕੀਤੀ ਹੈ ਕਿ ਸੂਰ ਵੀ ਸਾਫ ਖਾਣੇ ਤੋਂ ਲੈ ਕੇ ਗੰਦ ਤੱਕ ਕੁਝ ਨਹੀਂ ਛੱਡਦਾ ਅਤੇ ਕਿਸੇ ਦਾ ਹੱਕ ਖਾਣ ਵਾਲਾ ਵੀ ਮੇਰੀ ਨਜ਼ਰੇ ਸੂਰ ਸਮਾਨ ਹੀ ਹੈ। ਚਲ ਸੋ ਚਲ, ਕੰਮ ਸਵੇਰੇ 8 ਵਜੇ ਤੋਂ ਸ਼ਾਮ 8 ਵਜੇ ਤੱਕ ਸੀ। ਹਫਤੇ ਦੇ 6 ਦਿਨਾਂ 'ਚ ਵਰਕਰਾਂ ਤੋਂ 72 ਘੰਟੇ ਕੰਮ ਲਿਆ ਜਾਂਦਾ। ਸਿਤਮ ਵੀ ਇਸ ਢੰਗ ਦਾ ਕਿ 12 ਘੰਟਿਆਂ 'ਚੋਂ ਵਰਕਰਾਂ ਨੂੰ ਸਿਰਫ 15 ਮਿੰਟਾਂ ਦੀ ਹੀ ਛੁੱਟੀ ਦਿੱਤੀ ਜਾਂਦੀ। ਬਾਕੀ ਹੋਰ ਵਾਧੂ ਸਮਾਂ ਬ੍ਰੇਕ ਕਰਨ ਵਾਲਿਆਂ ਦਾ ਸਮਾਂ ਕੁੱਲ ਕੰਮ ਦੇ ਘੰਟਿਆਂ 'ਚੋਂ ਮਨਫੀ ਕਰ ਦਿੱਤਾ ਜਾਂਦਾ। ਫੈਕਟਰੀ 'ਚ ਜਿਆਦਾਤਰ ਕਾਮੇ ਪੰਜਾਬੀ ਔਰਤਾਂ, ਪੰਜਾਬੀ ਫੌਜੀ ਵੀਰ (ਗੈਰਕਾਨੂੰਨੀ ਕਾਮਿਆਂ ਨੂੰ ਫੌਜੀ ਕਿਹਾ ਜਾਂਦੈ), ਜਾਂ ਪੋਲੈਂਡ ਤੋਂ ਆਏ ਕਾਮੇ ਹੀ ਸਨ। ਪੰਜ ਛੇ ਲੰਮੇ ਸਮੇਂ ਤੋਂ ਕੰਮ ਕਰਦੇ ਆ ਰਹੇ ਪੰਜਾਬੀ ਫੌਜੀ ਵੀਰਾਂ ਤੋਂ ਇਲਾਵਾ ਪੰਜ ਛੇ ਦਿਨਾਂ 'ਚ ਮੈਂ ਦੇਖਿਆ ਕਿ ਵਿਜਟਰ ਵੀਜੇ ਵਾਲੇ ਜਾਂ ਸਟੂਡੈਂਟ ਕੰਮ 'ਤੇ 'ਟਰਾਇਲ' ਦੇਣ ਆਉਂਦੇ ਪਰ ਬੌਸ 'ਸੂਰ ਸਾਬ੍ਹ' ਦਾ ਅਤਿ ਨੇੜਲਾ ਵਫਾਦਾਰ ਪਾਕਿਸਤਾਨੀ ਉਹਨਾਂ ਦਾ ਦੋ ਦਿਨ ਦਾ 'ਟਰਾਇਲ' ਲੈ ਕੇ ਕੰਮ ਤੋਂ ਜਵਾਬ ਦੇ ਦਿੰਦਾ। ਨਵਿਆਂ 'ਚੋਂ ਸਿਰਫ ਮੈਂ ਹੀ ਸਾਂ ਜਿਸਨੂੰ ਫੈਕਟਰੀ 'ਚ ਪੰਜ ਦਿਨ ਹੋ ਗਏ ਸਨ, ਜਦੋਂਕਿ ਇਹਨਾਂ ਪੰਜ ਦਿਨਾਂ 'ਚ ਕਈ ਆਏ ਤੇ ਚਲੇ ਗਏ। ਸਾਰੀ ਦਿਹਾੜੀ ਘੱਟ ਤਾਪਮਾਨ 'ਚ ਰਹਿਕੇ ਕੰਮ ਕਰਦਿਆਂ ਸਰੀਰ ਸੁੰਨ ਜਿਹਾ ਹੋ ਜਾਂਦਾ। ਇੱਕ ਪੁਰਾਣੇ ਕਾਮੇ ਨੇ ਦੱਸਿਆ ਕਿ ਤੁਹਾਡੀ ਇੱਕ ਹਫਤੇ ਦੀ ਤਨਖਾਹ 'ਹੇਠਾਂ' ਰੱਖੀ ਜਾਵੇਗੀ, ਦੂਜੇ ਹਫਤੇ ਦੇ ਹੀ ਪੈਸੇ ਮਿਲਣਗੇ। ਮੈਂ ਉਸ ਫੈਕਟਰੀ 'ਚ ਸਿਰਫ ਪੰਜ ਦਿਨ ਹੀ ਕੰਮ ਕੀਤਾ, ਛੇਵੇਂ ਦਿਨ ਮੇਰੇ ਕਾਲਜ ਵੇਲੇ ਦੇ ਅਜ਼ੀਜ ਦੋਸਤ ਪਿੰਦੀ ਧਾਲੀਵਾਲ ਨੇ ਆਪਣੀ ਸ਼ਾਪ 'ਤੇ ਕੰਮ ਕਰਨ ਲਈ ਸੱਦਾ ਦੇ ਦਿੱਤਾ।
"ਭਲਾ ਹੋਇਆ ਮੇਰਾ ਚਰਖਾ ਟੁੱਟਾ,
ਜਿੰਦ ਅਜਾਬੋਂ ਛੁੱਟੀ।"
ਵਾਂਗ ਮੈਂ ਵੀ ਥੋੜ੍ਹਾ ਸੁੱਖ ਦਾ ਸਾਹ ਲਿਆ। ਹਰ ਕੋਈ ਸੌਖ ਲੋੜਦੈ, ਫਿਰ ਮੈਂ ਵੀ ਕਿਉਂ ਖਪਦਾ ਰਹਿੰਦਾ। ਮੈਂ ਉਸ ਫੈਕਟਰੀ 'ਚ ਕੀਤੇ ਲਗਭਗ 45 ਘੰਟੇ ਕੰਮ ਦਾ ਹਿਸਾਬ ਕਰਨ ਚਲਾ ਗਿਆ। ਜਿਸ ਬੌਸ ਨੇ ਕੰਮ 'ਤੇ ਰੱਖਿਆ ਸੀ, ਉਸ ਦੇ ਲੱਕੜ ਦੇ ਕੈਬਿਨ ਲਾਗੇ ਬੈਠੇ 'ਡੱਬੂ' ਨੇੜੇ ਨਾ ਲੱਗਣ ਦੇਣ। ਉਸਦੇ ਮੁਸਲਿਮ ਭਾਈਵਾਲ ਦਾ ਜਵਾਬ ਸੀ, "ਇਹ ਤੁਹਾਡਾ ਟਰਾਇਲ ਪੀਰੀਅਡ ਸੀ, ਜਿਹੜਾ ਵਰਕਰ ਖੁਦ ਇੱਕ ਦੋ ਵੀਕ ਤੱਕ ਕੰਮ ਕਰਕੇ ਹਟ ਜਾਂਦੈ, ਅਸੀਂ ਉਹਨੂੰ 'ਪੇ' ਨਹੀਂ ਕਰਦੇ। ਮੈਨੂੰ ਨਹੀਂ ਲਗਦਾ ਕਿ ਬੌਸ ਤੁਹਾਨੂੰ ਕੁਝ ਦੇਣਗੇ।" ਮੈਂ ਦੋ ਦਿਨ ਫੈਕਟਰੀ ਮਾਲਕ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ ਪਰ ਜਵਾਬ ਇਹੀ ਮਿਲੇ ਕਿ "ਬੌਸ ਤਾਂ ਮੀਟਿੰਗ 'ਚ ਬਿਜ਼ੀ ਹਨ।" ਗੱਲ ਕੀ, ਖੁਦ ਹਟ ਜਾਣ ਦਾ ਬਹਾਨਾ ਬਣਾ ਕੇ 'ਬਣਦਾ ਹੱਕ' ਨਾ ਦੇਣ ਦੀ ਖੋਟੀ ਨੀਅਤ ਪਾਲੀ ਹੋਈ ਸੀ ਉਸ 'ਸੂਰ ਸਾਬ੍ਹ' ਦੀ ਜੁੰਡਲੀ ਨੇ। ਮੈਂ ਆਪਣੇ 5 ਦਿਨਾਂ ਦੇ ਕੰਮ ਦੌਰਾਨ ਹੀ ਭਾਂਪ ਲਿਆ ਸੀ ਕਿ ਚਾਹੇ ਕੋਈ ਗੈਰਕਾਨੂੰਨੀ ਹੈ ਜਾਂ ਵਿਜਟਰ ਹੈ ਜਾਂ ਵਰਕਿੰਗ ਵੀਜ਼ੇ ਵਾਲਾ ਹੈ, ਸਭ ਨੂੰ 'ਟਰਾਇਲ' ਦੇ ਨਾਂਅ 'ਤੇ ਦੋ ਤਿੰਨ ਦਿਨ (ਲਗਭਗ 24 ਤੋਂ 36 ਘੰਟੇ) ਕੰਮ ਕਰਵਾਕੇ ਜਵਾਬ ਦੇ ਦਿੱਤਾ ਜਾਂਦਾ ਸੀ। ਪੰਜਾਂ ਦਿਨਾਂ 'ਚ ਕਈ ਆਏ- ਗਏ, ਸ਼ਾਇਦ ਸਭ ਨੂੰ ਹੀ ਠੁੱਠ ਹੀ ਦਿਖਾ ਦਿੱਤਾ ਗਿਆ ਹੋਵੇਗਾ। ਕੋਈ ਗੈਰਕਾਨੂੰਨੀ ਢੰਗ ਨਾਲ ਰਹਿ ਰਿਹਾ ਬੰਦਾ ਆਪਣਾ ਹੱਕ ਲੈਣ ਲਈ ਕੋਈ ਉਜਰ ਇਸ ਕਰਕੇ ਨਹੀਂ ਕਰਦਾ ਕਿ ਜੇ ਇਹਨਾਂ ਨਾਲ ਉਲਝੇ ਤਾਂ ਖੁਦ ਨੂੰ ਵੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸੇ ਮਜ਼ਬੂਰੀ ਦਾ ਫਾਇਦਾ ਹੀ ਲੈ ਰਹੇ ਹਨ 'ਸੂਰ ਸਾਬ੍ਹ' ਵਰਗੇ ਤੇ ਵਿਚਾਰੇ ਮਜ਼ਬੂਰੀਆਂ ਮਾਰੇ 'ਦੋ ਦਿਨ ਦੇ ਕਾਮੇ' ਆਪਣੀ ਮਿਹਨਤ ਦੀ ਕਮਾਈ ਉਹਨਾਂ ਦੀਆਂ ਤਿਜੋਰੀਆਂ 'ਚ ਪਈ ਰਹਿਣ ਲਈ ਛੱਡ ਜਾਂਦੇ ਹਨ। ਹਰ ਕਿਸੇ ਦੇ 'ਬਾਹਰਲਾ' ਬਣਨ ਪਿੱਛੇ ਕੋਈ ਨਾ ਕੋਈ ਮਜ਼ਬੂਰੀ ਛੁਪੀ ਹੋਈ ਹੈ। ਮੈਂ ਵੀ, ਤੁਸੀਂ ਵੀ ਤੇ ਆਪਣਿਆਂ ਦੀਆਂ ਹੱਡੀਆਂ ਚੂੰਡਣ ਵਾਲੇ ਵੀ ਕਿਸੇ ਨਾ ਕਿਸੇ ਮਜ਼ਬੂਰੀ ਦੀ ਭੇਂਟ ਚੜ੍ਹ ਕੇ ਹੀ ਸੱਤ ਸਮੁੰਦਰੋਂ ਪਾਰ ਬੈਠੇ ਹਨ। ਹਰ ਕਿਸੇ ਨੂੰ ਆਸ ਹੁੰਦੀ ਹੈ ਕਿ ਉਸਦੀ ਮਿਹਨਤ ਦਾ ਯੋਗ ਮੁੱਲ ਪਵੇ। ਆਪਣੇ ਮੁਲਕ ਵਿੱਚ ਵੀ ਮਿਹਨਤ ਦਾ ਮੁੱਲ ਨਾ ਪੈਂਦਾ ਹੋਣ ਕਰਕੇ ਹੀ ਹਰ ਕੋਈ ਵਿਦੇਸ਼ਾਂ ਵੱਲ ਨੂੰ ਕੂਚ ਕਰਦਾ ਹੈ ਪਰ ਸਾਊਥਾਲ ਆਕੇ ਜੋ ਨਿਰਾਲਾ ਆਲਮ ਤੱਕਿਆ ਉਹ ਗੋਰਿਆਂ ਦੇ ਅਨੁਸ਼ਾਸ਼ਨਬੱਧ ਮੁਲਕ ਇੰਗਲੈਂਡ 'ਚ ਸਭ ਤੋਂ ਵੱਖਰਾ ਹੈ। ਸਾਇਦ ਇਸ ਕਰਕੇ ਵੀ ਹੋਵੇ ਕਿ ਇੱਥੇ 'ਦੂਜਾ ਪੰਜਾਬ' ਵਸ ਗਿਆ ਹੈ। ਨਿਰਾਲਾ ਇਸ ਕਰਕੇ ਲੱਗਾ ਕਿਉਂਕਿ ਸਾਊਥਾਲ ਆਉਣ ਤੋਂ ਪਹਿਲਾਂ ਮੈਂ ਇੱਕ 'ਸ਼ੁੱਧ ਗੋਰੇ' ਪਰਿਵਾਰ ਦੇ ਸਾਥ 'ਚ ਕੰਮ ਕਰ ਚੁੱਕਾ ਸਾਂ। ਗੋਰੇ ਆਪਣੇ ਕਾਮਿਆਂ ਨੂੰ ਪ੍ਰਤੀ ਘੰਟਾ ਸਰਕਾਰੀ ਰੇਟ ਮੁਤਾਬਿਕ ਮਿਹਨਤਾਨਾ ਦੇ ਕੇ ਬੜੇ ਖੁਸ਼ ਹੁੰਦੇ। ਬੇਈਮਾਨੀ ਦਾ ਕਿਧਰੇ ਨਾਮੋ-ਨਿਸ਼ਾਨ ਨਹੀਂ ਲੱਭਦਾ। ਰੱਜ ਕੇ ਕੰਮ ਲੈਂਦੇ ਪਰ ਹੱਕ ਦੀ ਕਮਾਈ ਦਾ ਇੱਕ ਇੱਕ ਧੇਲਾ ਬੈਂਕ ਖਾਤੇ 'ਚ ਪਹੁੰਚ ਜਾਂਦਾ। ਕੰਮ 'ਤੇ ਵਾਧੂ ਲੱਗੇ ਪੰਜ ਦਸ ਮਿੰਟਾਂ ਦੇ ਪੈਸੇ ਵੀ ਕੁੱਲ ਰਾਸ਼ੀ ਵਿੱਚ ਜੁੜੇ ਹੋਏ ਹੁੰਦੇ ਸਨ। ਪਰ ਸਾਡੇ ਵੀਰਾਂ ਨੇ ਉਹੀ ਪੰਜਾਬ ਵਾਲਾ 'ਦਿਹਾੜੀ ਦੱਪਾ' ਮਾਰਕਾ ਫਾਰਮੂਲਾ ਇੱਥੇ ਅਪਣਾ ਰੱਖਿਐ। ਕੰਮ ਕਿਸੇ ਦਾ ਕੋਈ ਵੀ ਵਿੱਢਿਆ ਹੋਵੇ, ਘੰਟੇ-ਘੁੰਟੇ ਦਾ ਕੋਈ ਹਿਸਾਬ ਕਿਤਾਬ ਨਹੀਂ.... ਬਾਰਾਂ ਬਾਰਾਂ ਘੰਟੇ ਕੰਮ ਲੈ ਕੇ ਉੱਕੇ ਪੁੱਕੇ 30-35 ਪੌਂਡ ਦੇ ਕੇ ਮੱਥਾ ਡੰਮ੍ਹ ਦਿੱਤਾ ਜਾਂਦੈ। ਤੁਰਦੇ ਫਿਰਦੇ ਨੇ ਬਹੁਤ ਸਾਰੇ ਮੁੰਡਿਆਂ ਨਾਲ ਗੱਲਾਂ ਬਾਤਾਂ ਕੀਤੀਆਂ , ਕਈ ਤਾਂ ਵਿਚਾਰੇ ਐਸੇ ਵੀ ਸਨ ਜੋ 2 ਤੋਂ 3 ਪੌਂਡ ਘੰਟੇ ਦੇ ਹਿਸਾਬ ਨਾਲ ਵੀ ਡੰਗ ਟਪਾਈ ਜਾ ਰਹੇ ਹਨ। ਜਦੋਂਕਿ ਗੋਰਿਆਂ ਦੇ ਇਸ ਮੁਲਕ 'ਚ ਹੁਣ ਪ੍ਰਤੀ ਘੰਟਾ 5ਪੌਂਡ 73 ਪੈਨੀਆਂ ਤੋਂ ਘੱਟ ਵੇਤਨਮਾਨ ਦੇਣਾ ਜੁਰਮ ਮੰਨਿਆ ਜਾਦਾ ਹੈ। ਇਹੋ ਜਿਹਾ ਕੁਝ ਹੀ ਸਾਡੇ ਆਪਣੇ 'ਸੂਰ ਸਾਬ੍ਹ' ਵਰਗੇ ਆਮ ਹੀ ਕਰੀ ਜਾ ਰਹੇ ਹਨ। ਗੁਰਬਾਣੀ ਨਾਲ ਲਬਰੇਜ਼ ਫਿਜ਼ਾ ਵਾਲੀ ਧਰਤੀ ਦੇ ਜੰਮਪਲ-
"ਹਕਿ ਪਰਾਇਆ ਨਾਨਕਾ,
ਉਸ ਸੂਅਰ ਉਸ ਗਾਇ।
ਗੁਰ ਪੀਰ ਹਾਮਾ ਤਾ ਭਰੈ
ਜਾ ਮੁਰਦਾਰਿ ਨ ਖਾਇ।।
ਦੀ ਨਸੀਹਤ ਭੁੱਲ ਕੇ 'ਆਪਣਿਆਂ' ਦਾ ਹੀ ਮਾਸ ਚੂੰਡਣ ਦੇ ਰਾਹ ਤੁਰੇ ਹੋਏ ਹਨ। ਇਸੇ ਸਾਊਥਾਲ 'ਚ ਹੀ ਪਹਿਲੀ ਵਾਰ ਤੱਕਿਐ ਕਿ ਇੱਥੇ ਰਿਸ਼ਵਤ ਵੀ ਚਲਦੀ ਐ। ਝੂਠ ਮੰਨਦੇ ਹੋ ਤਾਂ ਸੁਣੋ.... ਕੰਮ ਲੱਭਦਿਆਂ ਇੱਕ ਫੈਕਟਰੀ 'ਚ ਸਥਿਤ 'ਰਿਕਰੂਟਮੈਂਟ (ਭਰਤੀ) ਏਜੰਸੀ ਤੱਕ ਪਹੁੰਚ ਕੀਤੀ। ਏਜੰਸੀ ਦਾ ਕੰਮ ਕਾਰ ਵੀ ਆਪਣਾ 'ਦੇਸੀ ਭਾਈ' ਚਲਾ ਰਿਹਾ ਸੀ। ਉਸਦਾ ਜਵਾਬ ਸੀ ਕਿ "ਕੰਮ 'ਤੇ ਬੇਸ਼ੱਕ ਕੱਲ੍ਹ ਤੋਂ ਆ ਜਾਵੋ, ਪਰ ਪਹਿਲਾਂ 300 ਪੌਂਡ ਲੱਗਣਗੇ।" ਕੰਮ ਦੇਣ ਦਾ ਅਹਿਸਾਨ ਰਿਸ਼ਵਤ ਤੋਂ ਵੱਖਰਾ ਸੀ। ਇੱਥੇ ਆ ਕੇ ਹੀ ਪਤਾ ਲੱਗਾ ਕਿ ਕਿਵੇਂ ਪੈਸੇ ਨੇ ਸਚਮੁੱਚ ਹੀ ਇਨਸਾਨਾਂ 'ਚ ਵਗਦੇ ਲਾਲ ਖੂਨ ਨੂੰ ਕਾਲਾ ਬਣਾ ਦਿੱਤੈ। ਇੱਕ ਅਜੀਜ਼ ਦੋਸਤ ਨੇ ਅੱਗੇ ਆਪਣੇ ਦੋਸਤ ਨੂੰ ਮੇਰੀ ਕੰਮ ਦਿਵਾਉਣ ਅਤੇ ਰਿਹਾਇਸ਼ ਦਾ ਪ੍ਰਬੰਧ ਕਰਨ 'ਚ ਮਦਦ ਕਰਨ ਲਈ ਕਿਹਾ। ਅੱਗੇ ਵਾਲੇ ਦੋਸਤ ਨੇ ਕੰਮ ਦਿਵਾਉਣ ਬਾਰੇ ਤਾਂ ਮਲਵੀਂ ਜਿਹੀ ਜੀਭ ਨਾਲ ਹਾਮੀ ਓਟ ਲਈ ਪਰ ਉਸ 'ਅੰਬਰਸਰੀਏ ਭਾਜੀ' ਨੂੰ ਸਭ ਤੋਂ ਪਹਿਲਾਂ ਕਾਹਲ ਇਹ ਬਣੀ ਹੋਈ ਸੀ ਕਿ ਮੈਂ ਉਸਦੇ ਘਰ ਦੇ ਖਾਲੀ ਪਏ ਕਮਰੇ ਨੂੰ ਕਿਹੜੇ ਵੇਲੇ ਕਿਰਾਏ 'ਤੇ ਲਵਾਂ ਤੇ ਪੌਂਡ ਮਹੀਨੇ ਦੇ ਮਹੀਨੇ ਉਸ ਦੀ ਜੇਬ 'ਚ ਪੈਂਦੇ ਰਹਿਣ ਦਾ ਜੁਗਾੜ ਬਣੇ। ਇਹਨਾਂ ਛੋਟੀਆਂ ਛੋਟੀਆਂ ਪਰ ਮਾਅਨਾ ਰੱਖਦੀਆਂ ਗੱਲਾਂ ਬਾਰੇ ਸੋਚਕੇ ਇਉਂ ਲਗਦੈ ਕਿ ਜਿਵੇਂ ਲੋਕਾਂ ਦਾ ਖੁਨ ਪੀਣ ਵਾਲੇ , ਬਾਬੇ ਨਾਨਕ ਦੇ ਸੁਧਾਰੇ ਮਲਿਕ ਭਾਗੋਆਂ ਨੇ ਫਿਰ ਤੋਂ 'ਆਪਣੇ' ਹੀ ਲੋਕਾਂ ਨੂੰ ਹਲਾਲ ਕਰਨਾ ਸ਼ੁਰੂ ਕਰ ਦਿੱਤਾ ਹੋਵੇ।
        ਕਹਿੰਦੇ ਨੇ ਕਿ 'ਜਾਂ ਰਾਹ ਪਏ ਜਾਣੀਏ, ਜਾਂ ਵਾਹ ਪਏ ਜਾਣੀਏ।' ਨਾਵਲਕਾਰ ਹਰਜੀਤ ਅਟਵਾਲ ਜੀ ਦਾ ਨਾਵਲ "ਸਾਊਥਾਲ" ਪੜ੍ਹਦਿਆਂ ਪੰਜਾਬੀ ਭਾਈਚਾਰੇ ਦੀਆਂ ਕਰਤੂਤਾਂ, ਬੇਵਫਾਈਆਂ ਦੇ ਕੱਚੇ ਚਿੱਠੇ ਪੜ੍ਹਕੇ ਇੱਕ ਵਾਰ ਤਾਂ ਮਨ ਇਹੀ ਕਹਿੰਦਾ ਸੀ ਕਿ 'ਨਹੀਂ ਏਦਾਂ ਨਹੀਂ ਹੋ ਸਕਦਾ।" ਪਰ ਇੱਥੇ ਵਹਿੰਦੇ ਬੇਨਿਯਮੀਆਂ ਦੇ ਵਹਿਣ 'ਚ ਵੜਿਆਂ ਪਤਾ ਲੱਗਾ ਕਿ 'ਇੱਥੇ ਕੁਛ ਵੀ ਹੋ ਸਕਦੈ।" ਕਿਰਤ ਦੀ ਗੱਲ ਕਰਦਿਆਂ ਇਹ ਕਹਿਣਾ ਜ਼ਰੂਰੀ ਹੋਵੇਗਾ ਕਿ ਬੇਸ਼ੱਕ ਇਸ ਮੁਲਕ 'ਚ ਗੈਰਕਾਨੂੰਨੀ ਢੰਗ ਨਾਲ ਆਇਆਂ ਨੂੰ ਕੰਮ ਕਰਨ ਦੀ ਮਾਨਤਾ ਨਹੀਂ ਪਰ ਜੇਕਰ ਕੋਈ ਉਹਨਾਂ ਤੋਂ ਕੰਮ ਕਰਵਾਉਂਦਾ ਵੀ ਹੈ ਤਾਂ ਸੋਚਣ ਵਾਲੀ ਗੱਲ ਇਹ ਹੈ ਕਿ ਬੰਦਾ ਜਰੂਰ ਗੈਰਕਾਨੂੰਨੀ ਹੋ ਸਕਦਾ ਹੈ ਪਰ ਉਸਦੇ ਹੱਥਾਂ ਦੀ ਕਿਰਤ ਤਾਂ ਮੁਲਕ ਦੇ ਮੁਨਾਫੇ 'ਚ ਓਨਾ ਹੀ ਵਾਧਾ ਕਰਦੀ ਹੈ ਜਿੰਨੀ ਕਿ ਕਾਨੂੰਨੀ ਕਾਮਿਆਂ ਦੀ। ਫਿਰ ਉਹਨਾਂ ਦੀ 'ਹੱਕ ਦੀ ਕਮਾਈ' ਦੇਣ ਲੱਗਿਆਂ ਹੱਥ ਕਿਉਂ ਘੁੱਟ ਲਿਆ ਜਾਂਦੈ। ਬੇਸ਼ੱਕ ਇਸ ਲੁੱਟ ਖੋਹ ਦਾ ਮੈਂ ਖੁਦ ਵੀ ਸ਼ਿਕਾਰ ਹੋਇਆ ਹਾਂ ਪਰ ਮੈਂ ਕਦੇ ਨਾ ਤਾਂ ਇਹੋ ਜਿਹੀ ਖੋਹ ਕੀਤੀ ਹੈ, ਨਾ ਹੀ ਜਰ ਸਕਦਾ ਹਾਂ। ਇਸੇ ਲਈ ਹੀ ਪੰਜਾਬੀ ਭਰਾ 'ਸੂਰ ਸਾਬ੍ਹ' ਨੂੰ ਕੋਰਟ ਲਿਜਾਣ ਲਈ ਕਮਰਕੱਸੇ ਕਰ ਲਏ ਸਨ ਅਤੇ ਭਲਮਾਣਸੀ ਨਾਲ ਮੇਰਾ 'ਹੱਕ' ਮੇਰੇ ਬੈਂਕ ਖਾਤੇ ਵਿੱਚ ਭੇਜਣ ਲਈ 'ਕਾਨੂੰਨੀ ਬੇਨਤੀ' ਵੀ ਕਰ ਦਿੱਤੀ ਸੀ। ਜਿਸਦੇ ਸਿੱਟੇ ਵਜੋਂ ਸਾਬ੍ਹ ਨੇ ਮੇਰਾ ਹੱਕ ਮੇਰੇ ਬੈਂਕ ਅਕਾਊਂਟ 'ਚ ਭੇਜ ਵੀ ਦਿੱਤਾ।
     ਅੰਤ ਵਿੱਚ ਮੈਂ ਗੁਰੂਆਂ ਪੀਰਾਂ ਦੀ ਧਰਤੀ ਦੀ ਪੈਦਾਇਸ਼ ਪੰਜਾਬੀ ਵੀਰਾਂ ਨੂੰ ਅਰਜੋਈ ਕਰਨੀ ਚਾਹਾਂਗਾ ਕਿ ਜੇ ਇੱਥੋਂ ਦੀ ਸਰਕਾਰ ਨੇ ਕਿਸੇ ਦੇ ਹੱਕ ਦੀ ਕਮਾਈ ਲਈ ਪ੍ਰਵਾਨਿਤ ਮਾਪਦੰਡ ਘੱਟੋ ਘੱਟ 5.73 ਪੌਂਡ ਨਿਰਧਾਰਤ ਕੀਤਾ ਹੈ ਤਾਂ ਉਸ ਨੂੰ ਸੂਅਰ ਜਾਂ ਗਊ ਖਾਣ ਬਰਾਬਰ ਮੰਨ ਕੇ ਹੱਕਦਾਰ ਨੂੰ ਹੱਕ ਜਰੂਰ ਦਿਉ, ਨਹੀਂ ਤਾਂ ਕਿਰਤੀਆਂ ਦਾ ਖੁਨ ਪੀ ਕੇ ਕੀਤੇ 'ਪੁੰਨ' ਵੀ ਵਿਅਰਥ ਹੋਣਗੇ। ਕਿਸੇ ਸ਼ਾਇਰ ਨੇ ਲਿਖਿਆ ਹੈ ਕਿ:-
"ਜਿੰਨਾ ਮਰਜੀ ਚੋਗਾ ਪਾ ਜਨੌਰਾਂ ਨੂੰ,
ਜੇ ਹੱਕ ਕਿਸੇ ਕਿਰਤੀ ਦਾ ਖੋਹ ਕੇ ਖਾਨਾਂ ਏਂ।
ਤਿਲਚੌਲੀ ਭਾਵੇਂ ਪਾ ਜਾਕੇ ਕੀਟ ਪਤੰਗਾਂ ਨੂੰ,
ਐਵੇਂ ਖੁਦ ਨੂੰ ਵੱਡਾ ਦਾਨੀ ਪਿਆ ਅਖਵਾਨਾ ਏਂ।
ਪੀਵੇਂ ਖੁਨ ਲੋਕਾਂ ਦਾ ਬਣਕੇ ਭਾਗੋ 'ਅੱਜ' ਦਾ ਤੂੰ,
ਭਾਈ ਲਾਲੋ ਬਣਨ ਦਾ ਤੇਰਾ ਕੂੜ ਬਹਾਨਾ ਏ।
ਜਿਹੜੇ ਰਾਹ ਦੀ ਸੌਖ ਲਈ ਮਾਇਆ ਜੋੜੇਂ ਕਮਅਕਲਾ,
ਉਸ ਰਾਹ ਲਈ ਖੁਦ ਹੀ ਕੰਡੇ ਬੀਜੀ ਜਾਨਾ ਏਂ।"
ਆਸ ਹੈ ਕਿ ਬੇਨਤੀ ਮੰਨ ਕੇ ਜਰੂਰ ਕੋਈ ਨਾ ਕੋਈ ਕਾਰਵਾਂ ਬਣੇਗਾ ਜੋ ਕਿਰਤੀਆਂ ਦੀ ਕਿਰਤ ਦਾ ਯੋਗ ਮੁੱਲ ਪਾਉਣ ਦਾ ਤਹੱਈਆ ਕਰੇਗਾ।
........................

No comments:

Post a Comment