Friday, September 4, 2009

'ਰੌਸ਼ਨੀ ਦਾ ਪਹਾੜ' ਅਰਥਾਤ 'ਕੋਹਿਨੂਰ ਹੀਰਾ' -ਮੇਜਰ ਮਾਂਗਟ

'ਰੌਸ਼ਨੀ ਦਾ ਪਹਾੜ' ਅਰਥਾਤ 'ਕੋਹਿਨੂਰ ਹੀਰਾ'    -ਮੇਜਰ ਮਾਂਗਟ


ਜਦੋਂ ਮੈਂ ਆਪਣੀਆਂ ਵਿੱਚ ਛੁੱਟੀਆਂ ਇੰਗਲੈਂਡ ਗਿਆ ਤਾਂ ਬਹੁਤ ਕੁੱਝ ਦੇਖਿਆ।ਕਦੀ ਕਦੀ ਪ੍ਰਸ਼ਨ ਉੱਠਦਾ ਕਿ ਕੀ ਇਹ ਉਹੋ ਦੇਸ਼ ਹੈ ਜਿਸ ਦੇ ਰਾਜ ਵਿੱਚ ਕਦੀ ਸੂਰਜ ਨਹੀਂ ਸੀ ਛਿਪਦਾ?ਜਿਸ ਤੋਂ ਮੁਕਤ ਹੋਣ ਲਈ ਹਜ਼ਾਰਾਂ ਦੇਸ਼ ਭਗਤ ਆਪਣੀਆਂ ਜਾਨਾਂ ਵਾਰ ਗਏ।ਪਰੰਤੂ ਹੁਣ ਤਾਂ ਵਕਤ ਬਦਲ ਚੁੱਕਾ ਸੀ।ਇੰਗਲੈਂਡ ਆਧੁਨਿਕ ਸਹੂਲਤਾਂ ਅਤੇ ਸਫਾਈ ਦੇ ਪੱਖੋਂ ਮੈਨੂੰ ਕਨੇਡਾ ਤੋਂ ਕੋਈ ਬਹੁਤਾ ਸੋਹਣਾ ਨਹੀਂ ਸੀ ਜਾਪ ਰਿਹਾ।ਹਾਂ ਲੋਕਾਂ ਵਿੱਚ ਰਹਿਣ ਸਹਿਣ ਦੀ ਇੱਕ ਤਰਤੀਬ ਅਤੇ ਸਲੀਕਾ ਜਰੂਰ ਸੀ।
ਏਥੇ ਆ ਕੇ ਮੈਂ ਕਈ ਸ਼ਹਿਰ ਦੇਖੇ,ਟਰੇਨਾਂ ਵਿੱਚ ਘੁੰਮਿਆ,ਬਹੁਤ ਸਾਰੇ ਲੇਖਿਕਾਂ ਨੂੰ ਮਿਲਿਆ ਅਤੇ ਬਹੁਤ ਸਾਰੀਆਂ ਦੇਖਣਯੋਗ ਥਾਵਾਂ ਵੀ ਵੇਖੀਆਂ।ਇੱਕ ਦਿਨ ਅਸੀਂ ਡਬਲ ਡੈਕਰ ਬੱਸ ਦੀ ਛੱਤ ਤੇ ਬਹਿ ਕੇ ਲੰਡਨ ਵੇਖ ਰਹੇ ਸੀ।ਜਿਸ ਵਿੱਚ ਤਰਫਾਲਗਰ ਚੌਂਕ,ਬ੍ਰਿਟਿਸ਼ ਪਾਰਲੀਮੈਂਟ,ਕੈਕਸਟਨ ਹਾਲ,ਬਕਿੰਘਮ ਪੈਲਿਸ,ਲੰਡਨ ਟਾਵਰ ਵੇਖੇ ਉਸੇ ਦਿਨ ਬਹੁਤ ਸਾਰੇ ਮਿਊਜ਼ੀਅਮ ਵੀ ਵੇਖੇ।
ਇਨ੍ਹਾਂ ਵਿੱਚੋਂ ਇੱਕ ਮਿਊਜ਼ੀਅਮ ਮੇਰ ਮਨ 'ਚੋਂ ਕਦੇ ਵੀ ਨਿਕਲਦਾ,ਜਿਸ ਦਾ ਨਾਂ ਹੈ 'ਲੰਡਨ ਟਾਵਰ'।ਇਸੇ ਲੰਡਨ ਟਾਵਰ ਵਿੱਚ ਭਾਰਤ ਤੋਂ ਲੁੱਟ ਕੇ ਲਿਆਂਦੀਆਂ ਬਹੁਤ ਸਾਰੀਆਂ ਕੀਮਤੀ ਵਸਤਾਂ ਪਈਆਂ ਹਨ।ਜਿਨਾਂ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਸੁਨਹਿਰੀ ਕੁਰਸੀ ਅਤੇ ਭਾਰਤ ਮਾਂ ਦਾ ਕੀਮਤੀ ਭੂਸ਼ਨ ਰੋਸ਼ਨੀ ਦਾ ਪਹਾੜ 'ਕਹਿਨੂਰ ਹੀਰਾ' ਵੀ ਹੈ।ਇਨ੍ਹਾਂ ਨੂੰ ਵੇਖ ਕੇ ਅੱਖਾਂ ਵਿੱਚ ਅਥਰੂ ਆ ਜਾਂਦੇ ਤੇ ਪੈਰਾਂ ਨੂੰ ਜਿਵੇਂ ਸੰਗਲ਼ ਪੈ ਜਾਂਦੇ ਹਨ।ਮੇਰੇ ਦੇਸ਼ ਦਾ ਸਮਾਨ ਦਿਖਾਉਣ ਲਈ ਵੀ ਟਿਕਟਾਂ ਵੇਚ ਕੇ ਬਹੁਤ ਵੱਡੀ ਆਮਦਨ ਦਾ ਵਸੀਲਾ ਬਣਾਇਆ ਗਿਆ ਸੀ।
'ਕਹਿਨੂਰ ਹੀਰੇ'
ਦੀ ਫੋਟੋ ਖਿੱਚਣੀ ਸਖਤ ਮਨਾ ਹੈ।ਪਰ ਮੇਰੇ ਤਾਂ ਪੈਰ ਏਥੇ ਆ ਕੇ ਜਾਮ ਹੋ ਗਏ ਸਨ।ਮੇਰੇ ਤੋਂ ਨਹੀਂ ਸੀ ਰਿਹਾ ਗਿਆ ਤੇ ਪਾਬੰਦੀ ਉੱਪਰੰਤ ਵੀ ਕੋਹਿਨੂਰ ਹੀਰੇ ਦੀ ਫੋਟੋ ਲੈਣ ਵਿੱਚ ਮੈਂ ਕਾਮਯਾਬ ਹੋ ਗਿਆ।
ਘਰ ਆਕੇ 'ਕੋਹਿਨੂਰ ਹੀਰਾ' ਮੇਰੇ ਦਿਮਾਗ ਵਿੱਚ ਘੁੰਮਦਾ ਰਿਹਾ।ਤੇ ਅੱਜ ਤੱਕ ਵੀ ਘੁੰਮਦਾ ਹੈ,ਤਾਂ ਹੀ ਤਾਂ ਮੈਂ ਇਹ ਆਰਟੀਕਲ ਲਿਖਣ ਲਈ ਮਜਬੂਰ ਹੋ ਗਿਆ ਹਾਂ।ਪਾਠਕੋ ਆਉ ਭਾਰਤ ਦੀ ਏਸ ਵਿਰਾਸਤ ਦੇ ਇਤਿਹਾਸ ਨੇ ਇੱਕ ਨਜ਼ਰ ਮਾਰ ਲਈਏ।
ਕਹਿੰਦੇ ਨੇ ਕਿ ਰੋਸ਼ਨੀ ਦੇ ਇਸ ਦੀ ਲੱਭਤ ਅੱਜ ਤੋਂ ਕੋਈ ਪੰਜ ਕੁ ਹਜ਼ਾਰ ਸਾਲ ਪਹਿਲਾ ਮੌਜੂਦਾ ਆਂਧਰਾ ਪ੍ਰਦੇਸ਼ ਦੀ ਰਿਆਸਤ ਗੋਲਕੁੰਡਾ ਵਿੱਚ ਹੋਈ ਸੀ।ਜਿਸ ਨੂੰ ਕੋਲੂਰ ਦੀਆਂ ਖਾਣਾਂ ਚੋਂ ਪ੍ਰਾਪਤ ਹੋਇਆ ਦੱਸਿਆ ਜਾਂਦਾ ਹੈ।ਸ਼ੁਰੂ ਸ਼ੁਰੂ ਵਿੱਚ ਇਹ ਅਨਘੜ ਹੀਰਾ ੭੮੭ ਕੈਰਿਟ ਦੇ ਲੱਗਪਗ ਸੀ।ਪਰੰਤੂ ੧੬੬੫ ਈ: ਵਿੱਚ ਇੱਕ ਖੋਜੀ ਟਰੈਵਰਨੀਅਰ ਨੇ ਇਸ ਨੂੰ ਮਾਪਿਆ ਤਾਂ ਇਸਦੇ ੨੮੦ ਕੈਰਿਟ ਹੋਣ ਦੀ ਪੁਸ਼ਟੀ ਕੀਤੀ।ਇਸ ਤੋਂ ਬਾਅਦ ਇਸ ਦੇ ਮਾਲਕਾਂ ਇਸਦੀ ਸੁੰਦਰ ਦਿੱਖ ਬਣਉਣ ਲਈ ਤਰਾਸ਼ਣਾ ਜਾਰੀ ਰੱਖਿਆ।ਇੰਗਲੈਂਡ ਪਹੁੰਚਣ ਤੱਕ ਇਹ ਸਿਰਫ ੧੮੬ ਕੈਰਿਟ ਰਹਿ ਗਿਆ।ਜੋ ਹੁਣ ਸਿਰਫ ੧੦੬ ਕੈਰਿਟ ਦੇ ਨੇੜੇ ਤੇੜੇ ਹੈ।
ਸੰਸਕ੍ਰਿਤ ਗਰੰਥਾਂ ਵਿੱਚ ਇਸ ਦਾ ਨਾਂ ਕੋਹਿਨੂਰ ਨਹੀਂ ਸੀ ਇਹ ਤਾਂ ਬਹੁਤ ਬਾਅਦ ਅਕਬਰ ਦੇ ਸਮੇਂ ਵਿੱਚ ਪ੍ਰਚੱਲਤ ਹੋਇਆ।ਪੁਰਾਤਨ ਗਰੰਥਾਂ ਵਿੱਚ ਇਸ ਨੂੰ ਸ਼ਿਆਮ ਟਕਾ ਲਿਖਿਆ ਗਿਆ ਹੈ।ਕਿਉਂਕਿ ੩੨੦੦ ਪੂਰਵ ਈਸਵੀ ਦੇ ਲੱਗਪੱਗ ਇਸ ਦਾ ਸਬੰਧ ਰਾਧੇ ਸ਼ਿਆਮ ਜਾਣੀ ਕ੍ਰਿਸ਼ਨ ਨਾਲ ਸੀ।ਇਸ ਰੋਸ਼ਨੀ ਦੇ ਪਹਾੜ ਨੂੰ ਕ੍ਰਿਸ਼ਨ ਕੋਲ ਚਮਕਦਾ ਵੇਖ ਹੀ ਕਈਆਂ ਨੇ ਇਸ ਨੂੰ 'ਪਦਮ'ਕਰਕੇ ਵੀ ਜਾਣਿਆ ਹੈ।ਕ੍ਰਿਸ਼ਨ ਨੇ ਜਵਾਂਬਨਥਾ ਦੀ ਬੇਟੀ ਜਵਾਂਬਵਤੀ ਨਾਲ ਵਿਆਹ ਰਚਾ ਕੇ ਇਹ ਹੀਰਾ ਉਸ ਪਾਸੋਂ ਪ੍ਰਾਪਤ ਕੀਤਾ ਸੀ ਜੋ ਕਿ ਨਦੀ ਦੇ ਤੱਟ ਵਿੱਚ ਰੱਖਿਆ ਗਿਆ ਸੀ।
ਉਸ ਉਪਰੰਤ ਰਾਜੇ ਇਸ ਲਈ ਲੜਦੇ ਰਹੇ।ਦੰਦ ਕਥਾਵਾਂ ਪ੍ਰਚੱਲਤ ਸਨ ਕਿ ਜਿਸ ਪਾਸ ਇਹ ਹੀਰਾ ਆ ਜਾਵੇ ਉਹ ਰਾਜਭਾਗ ਦਾ ਮਾਲਕ ਬਣ ਜਾਂਦਾ ਹੈ ਤੇ ਬਾਅਦ ਵਿੱਚ ਇਹ ਹੀ ਹੀਰਾ ਉਸਦੇ ਵਿਨਾਸ਼ ਦਾ ਕਾਰਨ ਵੀ ਬਣਦਾ ਹੈ।ਉਸ ਤੋਂ ਬਾਅਦ ਇਸ ਦੀ ਮਾਲਕੀ ਹਜ਼ਾਰਾਂ ਸਾਲ ਗੁਪਤ ਰਹੀ।ਪਰੰਤੂ ੧੩੨੦ਈ: ਵਿੱਚ ਦੁਨੀਆਂ ਦਾ ਇਹ ਸਭ ਤੋਂ ਕੀਮਤੀ ਹੀਰਾ ਫੇਰ ਜੱਗ ਜ਼ਾਹਰ ਹੋ ਗਿਆ।ਉਦੋਂ ਦਿੱਲੀ ਤੇ ਖਿਲਜ਼ੀ ਸਲਤਨਤ ਦੀ ਹਕੂਮਤ ਸੀ।ਹੋਇਆ ਇਸ ਤਰ੍ਹਾਂ ਕਿ ਗਿਆਸੂਦੀਨ ਤੁਗਲੁਕ ਸ਼ਾਹ ਨੇ ੧੩੨੩ ਈ: ਵਿੱਚ ਇਸ ਬਾਰੇ ਪਤਾ ਲੱਗਣ ਤੇ ਆਪਣੇ ਪੁੱਤਰ ਉਲਘ ਖਾਨ ਨੂੰ ਕਾਕੇਤੀਆ ਦੇ ਰਾਜਾ ਪ੍ਰਤਾਪਉਦਰਾ ਤੇ ਹਮਲਾ ਕਰਨ ਲਈ ਭਜਿਆ।ਇੱਕ ਮਹੀਨਾ ਹਾਥੀ ਘੋੜਿਅ ਅਤੇ ਰੱਥ ਬੱਘੀਆਂ ਨਾ ਘਮਸਾਣ ਦਾ ਯੁੱਧ ਹੋਇਆ।ਅੰਤ ਨੂੰ ਜੰਗੀ ਤਕਨੀਕ ਤੋਂ ਵਾਂਝੀ ਰਾਜਾ ਪ੍ਰਤਾਪਉਦਰਾ ਦੀ ਸੈਨਾ ਹਾਰ ਗਈ।ਹਮਲਾਵਰਾਂ ਨੇ ਉਸਦੇ ਰਾਜ ਭਾਗ ਵਿੱਚ ਖੂਬ ਲੁੱਟ ਮਚਾਈ।ਲੁੱਟ ਦਾ ਸਮਾਨ ਲੈ ਕੇ ਹਾਥੀ ਘੋੜੇ ਅਤੇ ਰਥ ਬੱਘੀਆਂ ਜਦੋਂ ਦਿੱਲੀ ਦਰਬਾਰ ਪਹੁੰਚੇ ਤਾਂ ਉਸ ਵਿੱਚ ਇਹ ਹੀਰਾ ਵੀ ਸੀ।
੧੫੨੬ ਵਿੱਚ ਜਦੋਂ ਬਾਬਰ ਨੇ ਦਿੱਲੀ ਤੇ ਧਾਵਾ ਬੋਲਿਆ ਤਾਂ ਹੀਰਾ ਉਸਦੇ ਕਬਜੇ ਵਿੱਚ ਆ ਗਿਆ।ਅਪਣੀ ਲਿਖਤ ਬਾਬਰਨਾਮਾ ਇਸ ਦਾ ਜਿਕਰ ਕਰਦਿਆਂ ਉਸ ਨੇ ਦੱਸਿਆ ਹੈ ਕਿ ਇਹ ਹੀਰਾ ੧੨੯੪ ਵਿੱਚ ਕਿਸੇ ਮਾਲਵਾ ਦੇਸ਼ ਦੇ ਰਾਜੇ ਦੀ ਮਲਕੀਅਤ ਹੋਇਆ ਕਰਦਾ ਸੀ।ਬਾਅਦ ਵਿੱਚ ਇਸ ਨੂੰ ਅਲਾਉਦੀਨ ਖਿਲਜ਼ੀ ਨੇ ਖੋਹ ਲਿਆ ਸੀ।ਬਾਬਰ ਦੇ ਸਮੇਂ ਇਸ ਦਾ ਨਾਂ ਬਾਬਰ ਦਾ ਹੀਰਾ ਹੀ ਪ੍ਰਚੱਲਤ ਰਿਹਾ।ਕੁਸ਼ਵਾਹਾ ਰਾਜਕਾਲ ਅਧੀਨ ਇਹ ਕੁੱਝ ਦੇਰ ਗਵਾਲੀਅਰ ਵਿੱਚ ਵੀ ਰਿਹਾ।ਫੇਰ ਸਿੰਕਦਰਲੋਧੀ ਨੂੰ ਮਾਤ ਦੇ ਕੇ ਇਹ ਹੀਰਾ ਵਿਕਰਮਾਦੱਤ ਨੇ ਲੁੱਟ ਚਿਤੌੜ ਲੈ ਆਂਦਾ।ਜਦੋਂ ਇੱਕ ਸਮਝੌਤੇ ਤਹਿਤ ਮੁਗ਼ਲ ਬਾਦਸ਼ਾਹ ਹਿੰਮਾਯੂ ਅਪਣੀ ਰਾਜਧਾਨੀ ਦਿੱਲੀ ਤੋਂ ਮੇਵਾੜ ਚਿਤੌੜ ਵਿੱਚ ਲੈ ਗਿਆ ਤਾਂ ਰਾਜਾ ਵਿੱਕਰਮਾਦਿੱਤ ਨੇ ਇਹ ਹੀਰਾ ਤੋਹਫੇ ਵਜੋਂ ਉਸ ਨੂੰ ਭੇਂਟ ਕਰ ਦਿੱਤਾ।
ਬਾਅਦ ਵਿੱਚ ਸ਼ੇਰ ਸ਼ਾਹ ਸੂਰੀ ਨੇ ਹਿੰਮਾਯੂ ਨੂੰ ਹਰਾ ਕੇ ਇਹ ਹੀਰਾ ਪ੍ਰਾਪਤ ਕੀਤਾ।ਜਿਸ ਕੋਲੋ ਇਹ ਜਲਾਲ ਖਾਨ ਕੋਲ ਗਿਆ।ਜਦੋਂ ਅਕਬਰ ਨੇ ਤਖਤ ਸੰਭਾਲਿਆ ਤਾਂ ਇਹ ਹੀਰਾ ਉਸਦਾ ਹੋ ਗਿਆ।ਆਈਨੇ ਅਕਬਰੀ ਅਨੁਸਾਰ ਉਦੋਂ ਹੀ ਇਸ ਨੂੰ ਕੋਹਿਨੂਰ ਦਾ ਨਾਮ ਦਿੱਤਾ ਗਿਆ।ਸ਼ਾਹੀ ਮਹਿਲਾਂ ਦਾ ਸ਼ਿੰਗਾਰ ਕੋਹਿਨੂਰ ਜਦੋਂ ਮੁਗ਼ਲ ਬਾਦਸ਼ਾਹ ਸ਼ਾਹਜਹਾਨ ਦੀ ਮਲਕੀਅਤ ਸੀ,ਤਾਂ ਉਹ ਇਸ ਦਾ ਕਦੀ ਵਿਸਾਹ ਨਹੀਂ ਸੀ ਖਾਂਦਾ।ਫੇਰ ਉਸ ਦੇ ਪੁੱਤਰ ਔਰੰਗਜੇਬ ਨੇ ਆਪਣੇ ਭਰਾਵਾਂ ਨੂੰ ਕਤਲ ਕਰਕੇ ਰਾਜ ਸਤਾ ਹਥਿਆ ਲਈ ਤੇ ਪਿਉੁ ਨੂੰ ਆਗਰੇ ਕੈਦਖਾਨੇ ਵਿੱਚ ਸੁੱਟ ਦਿੱਤਾ।ਪਰ ਸ਼ਾਹ ਜ਼ਹਾਨ ਨੇ ਇਹ ਕੀਮਤੀ ਭੂਸ਼ਨ ਆਪਣੇ ਕੋਲ ਹੀ ਲੁਕਾ ਕੇ ਰੱਖਿਆ।ਆਗਰੇ ਉਹ ਇਸ ਨੂੰ ਕੈਦਖਾਨੇ ਦੀ ਖਿੜਕੀ ਵਿੱਚ ਰੱਖ ਕੇ ਪ੍ਰਿਜਮ ਦਾ ਕੰਮ ਲੈਂਦਾ ਸੀ।ਜਿਸ ਵਿੱਚੋਂ ਤਾਜ ਮਹੱਲ ਦਾ ਪੂਰਾ ਅਕਸ ਦਿਖਾਈ ਦਿੰਦਾ ਸੀ। ਜਿੱਥੇ ਉਸਦੀ ਮੁਹੱਬਤ,ਬੇਹੱਦ ਖੂਬਸੂਰਤ ਅਤੇ ਪਿਆਰੀ ਪਤਨੀ ਮੁਮਤਾਜ਼ ਦਫਨ ਸੀ।
ਸਨ ੧੭੩੯ ਈ: ਵਿੱਚ ਜਦੋਂ ਨਾਦਰ ਸ਼ਾਹ ਨੇ ਦਿੱਲੀ ਅਤੇ ਅਗਰੇ ਵਿੱਚ ਲੁੱਟ ਮਚਾਈ ਤਾਂ ਕੋਹਿਨੂਰ ਵੀ ਲੁੱਟਿਆ ਗਿਆ।ਨਾਦਰ ਸ਼ਾਹ ਨੇ ਇਹ ਹੀਰਾ ਅਫਗਾਨਸਤਾਨ ਦੇ ਰਾਜ ਕਰ ਰਹੇ ਅਹਿਮਦਸ਼ਾਹ ਅਬਦਾਲੀ ਨੂੰ ਜਾ ਕੇ ਸੌਂਪ ਦਿੱਤਾ।ਕੁੱਝ ਦੇਰ ਇਹ ਹੀਰਾ ਬਰਾਜੀਲ ਵਿੱਚ ਵੀ ਰਿਹਾ ਹੈ,ਲੇਕਿਨ ਫੇਰ ਅਫਗਾਨਸਤਨ ਆ ਗਿਆ।੧੮੩੦ ਵਿੱਚ ਜਦੋਂ ਸ਼ਾਹ ਸੂਜਾ ਨੇ ਅਫਗਾਨਸਤਾਨ ਦਾ ਰਾਜ ਸੰਭਾਲਿਆ ਤਾਂ ਇਹ ਹੀਰਾ ਉਸ ਦੀ ਦੌਲਤ ਬਣ ਗਿਆ।
ਉਸ ਵਕਤ ਪੰਜਾਬ ਵਿੱਚ ਸਿੱਖ ਰਾਜ ਸਥਾਪਤ ਹੋ ਚੁੱਕਾ ਸੀ।ਮਹਾਰਾਜਾ ਰਣਜੀਤ ਸਿੰਘ ਦੇ ਜਰਨੈਲ ਆਪਣੇ ਰਾਜ ਦੀਆਂ ਹੱਦਾਂ ਵਧਾਉਣ ਲਈ ਚੁਫੇਰੇ ਤਾਬੜਤੋੜ ਹਮਲੇ ਕਰ ਰਹੇ ਸਨ।ਜਿਨਾਂ ਵਿੱਚ ਜਮਰੌਦ ਦਾ ਕਿਲਾ ਵੀ ਨਿਸ਼ਾਨਾ ਸੀ।ਹਰੀ ਸਿੰਘ ਨਲੂਆ ਵਰਗੇ ਜਰਨੈਲਾਂ ਵਲੋਂ ਕੀਤੇ ਹਮਲਿਆਂ ਅਤੇ ਪ੍ਰਾਪਤ ਕੀਤੀਆਂ ਜਿੱਤਾਂ ਸਦਕਾ ਇਹ ਹੀਰਾ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਲਹੌਰ ਪੁੱਜ ਗਿਆ।੨੮ ਜੂਨ ੧੮੩੯ ਈ: ਨੂੰ ਜਦੋਂ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਹੋਈ ਤਾਂ ਰਾਜਭਾਗ ਦੇ ਨਾਲ ਨਾਲ ਇਸ ਦਾ ਵਾਰਿਸ ਮਹਾਰਾਜਾ ਦਲੀਪ ਸਿੰਘ ਬਣਿਆ।
ਮਹਾਰਾਜਾ ਦਲੀਪ ਸਿੰਘ ਜਿਸ ਦਾ ਜਨਮ ੪ ਸਤੰਬਰ ੧੮੩੮ ਨੂੰ ਹੋਇਆ ਸੀ,ਪੰਜ ਸਾਲ ਦੀ ਨਿੱਕੀ ਉਮਰ ਵਿੱਚ,ਸਤੰਬਰ ੧੮੪੩ ਨੂੰ ਇਸ ਨੂੰ ਰਾਜ ਸਿੰਘਾਸਣ ਤੇ ਬਠਾਇਆ ਗਿਆ।ਰਾਜਸੱਤਾ ਤੇ ਕਾਬਜ ਹੋਣ ਲਈ ਸਿੱਖਾਂ ਦੀ ਆਪਸੀ ਜੰਗ ਸ਼ੁਰੂ ਹੋ ਗਈ।ਇੱਕ ਦੂਜੇ ਦੇ ਕਤਲ ਹੋਣ ਲੱਗੇ।ਧਿਆਨ ਸਿੰਘ,ਪਹਾੜਾ ਸਿੰਘ ਅਤੇ ਲਾਲ ਸਿੰਘ ਵਰਗੇ ਗ਼ਦਾਰੀ ਕਰਕੇ ਅੰਦਰ ਖਾਤੇ ਅੰਗਰੇਜਾਂ ਨਾਲ ਜਾ ਮਿਲੇ।ਫਿਰੰਗੀਆਂ ਨੇ ਸਿੰਘਾਂ ਨੂੰ ਮਾਤ ਦੇ ਕੇ ਇੱਕ ਸਮਝੌਤੇ ਅਧੀਨ ਲਹੌਰ ਦਰਬਾਰ ਵਿੱਚ ਘੁਸਪੈਠ ਕਰਦਿਆਂ ਕੋਹਝੀ ਚਾਲ ਖੇਡੀ।ਗਵਰਨਰ ਜਨਰਲ ਲਾਰਡ ਡਲਹੌਜ਼ੀ ਨੇ ਆਪਣੇ ਗ੍ਰਹਿ ਸਕੱਤਰ ਐੱਚ ਐੱਮ ਇਲੀਅਟ ਨੂੰ ੨੭ ਮਾਰਚ ੧੮੪੯ ਨੂੰ ਅਪਣਾ ਜਾਨਸ਼ੀਨ ਬਣਾ ਕੇ ਲਹੌਰ ਦਰਬਾਰ ਭੇਜਿਆ ਜਿਸ ਨੇ ਹੁਸ਼ਿਆਰੀ ਨਾਲ ਮਹਾਰਾਜਾ ਦਲੀਪ ਸਿੰਘ ਦਾ ਜਾਨਸ਼ੀਨ ਹੋਣ ਤੇ ਦਸਤਖਤ ਕਰਵਾ ਲਏ।
੨੯ ਮਾਰਚ ੧੮੪੯ ਨੂੰ ਜੋ ਸਿੱਖ ਰਾਜ ਦਾ ਆਖਰੀ ਦਰਬਾਰ ਲੱਗਿਆ ਉਸ ਵਿੱਚ ਮਹਾਰਾਜਾ ਦਲੀਪ ਨੂੰ ਆਮ ਲੋਕਾਂ ਵਾਂਗ ਦਰਸ਼ਕ ਗੈਲਰੀ ਵਿੱਚ ਬਿਠਾਇਆ ਗਿਆ।ਉਦੋਂ ਉਸ ਦੀ ਉਮਰ ਸਿਰਫ ਸਾਢੇ ਦਸ ਵਰੇ ਸੀ।ਉਸ ਵਕਤ ਬ੍ਰਿਟਿਸ਼ ਹਕੂਮਤ ਦੀ ਅੱਖ ਜਿੱਥੇ ਰਾਜ ਸਤਾ ਤੇ ਕਬਜ਼ਾ ਕਰਨਾ ਸੀ ਉੱਥੇ ਦੁਨੀਆਂ ਦਾ ਸਭ ਤੋਂ ਕਮਿਤੀ ਹੀਰਾ ਕਹਿਨੂਰ ਵੀ ਹਥਿਆਉਣਾ ਸੀ।ਆਖਰ ਇਸੇ ਤਰ੍ਹਾਂ ਹੋਇਆ।
੧੬ ਜੁਲਾਈ ੧੯੫੦ ਨੂੰ ਸਰਕਾਰੀ ਖਜ਼ਾਨੇ ਦੀ ਦੇਖਰੇਖ ਦੇ ਇੰਚਾਰਜ ਡਾ: ਜੌਹਨ ਲੋਗਨ ਨੇ ਆਪਣੀ ਪਤਨੀ ਨੂੰ ਇੱਕ ਪੱਤਰ ਵਿੱਚ ਦੱਸਿਆ ਕਿ 'ਲਾਰਡ ਡਲਹੌਜ਼ੀ ਇੱਕ ਛੋਟੇ ਬੈਗ ਸਮੇਤ ਉਸ ਦੇ ਕਮਰੇ ਵਿੱਚ ਆਇਆ ਸੀ।ਉਸ ਕੋਲ ਬੋਰਡ ਆਫ ਐਡਮਸਿਟ੍ਰੇਸ਼ਨ ਦੇ ਸਾਈਨਾਂ ਵਾਲੇ ਪੇਪਰ ਸਨ।ਜਿਨਾਂ ਨੂੰ ਦਿਖਾ ਕੇ ਉਹ 'ਕੋਹਿਨੂਰ ਹੀਰਾ'ਲੈ ਗਿਆ।ਉਸ ਨੇ ਪੱਤਰ ਵਿੱਚ ਇਹ ਵੀ ਲਿਖਿਆ ਕਿ ਇਹ ਘਟਨਾ ੭ ਦਸੰਬਰ ੧੮੪੯ ਦੀ ਹੈ।ਲੈ ਕੇ ਜਾਣ ਸਮੇਂ ਇਹ ਹੀਰਾ ਲਾਰਡ ਡਲਹੌਜੀ ਨੇ ਆਪਣੇ ਲੱਕ ਨੂੰ ਬੰਨ ਲਿਆ ਸੀ।
੬ ਅਪਰੈਲ ੧੯੫੦ ਨੂੰ ਡਲਹੌਜ਼ੀ ਬੰਬਈ ਤੋਂ ਐੱਚ: ਐੱਮ: ਐੱਸ: ਮੀਡੀਆਂ ਸਮੁੰਦਰੀ ਜਹਾਜ਼ ਰਾਹੀਂ ਲੰਡਨ ਨੂੰ ਰਵਾਨਾ ਹੋਇਆ।ਹੀਰਾ ਉਸ ਵਕਤ ਵੀ ਉਸ ਦੇ ਲੱਕ ਨੂੰ ਬੰਨਿਆ ਹੋਇਆ ਸੀ।ਕਮਰਕਸ ਨਾਲ ਬੰਨ ਕੇ ਇਕ ਸੁਰੱਖਿਆ ਵਜੋਂ ਇਕ ਚੇਨ ਵੀ ਗਲ ਨੂੰ ਵੀ ਪਾਈ ਹੋਈ ਸੀ।੨ ਜੁਲਾਈ ੧੮੫੦ ਨੂੰ ਇਹ ਜਹਾਜ਼ ਇੰਗਲੈਂਡ ਪਹੁੰਚਿਆ।ਇਸ ਜਹਾਜ਼ ਨੂੰ ਈਸਟ ਇੰਡੀਆ ਹਾਊਸ ਲਿਜਾਇਆ ਗਿਆ ਜਿੱਥੇ ਈਸਟ ਇੰਡੀਆ ਕੰਪਨੀ ਦੇ ਮੀਤ ਚੇਅਰਮੈਨ ਨੇ ਕੋਹਿਨੂਰ ਹੀਰਾ ਲਾਰਡ ਡਲਹੌਜ਼ੀ ਤੋਂ ਲੈ ਕੇ 'ਸੇਂਟ ਜੇਮਜ਼' ਮਹਿਲ ਵਿੱਚ ਜਾਕੇ ਮਲਿਕਾ ਵਿਕਟੋਰੀਆ ਅੱਗੇ ਪੇਸ਼ ਕਰ ਦਿੱਤਾ।ਮਹਾਰਾਣੀ ਵਿਕਟੋਰੀਆ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ।ਉਸ ਨੇ ਹੀ ਇਸ ਨੂੰ 'ਕਰਾਊਨ ਜ਼ਿਊਲ' ਬਣਾਉਣ ਦਾ ਫੈਸਲਾ ਲਿਆ।ਉਸੇ ਸਾਲ ਮਸ਼ਹੂਰ ਹਾਈਡ ਪਾਰਕ ਵਿੱਚ ਜਦੋਂ ਸਭ ਤੋਂ ਵੱਡੀ ਨੁਮਾਇਸ਼ ਲੱਗੀ ਤਾਂ ਪਬਲਿਕ ਦੇ ਪ੍ਰਦਰਸ਼ਨ ਲਈ 'ਕੋਹਿਨੂਰ ਹੀਰਾ' ਉੱਥੇ ਰੱਖਿਆ ਗਿਆ ਤਾਂ ਕਿ ਲੋਕ ਜਾਣ ਲੈਣ ਕਿ ਹੁਣ ਇਹ ਇੰਗਲੈਂਡ ਦੀ ਸੰਪਤੀ ਹੈ।
ਸਾਲ ੧੮੫੨ ਵਿੱਚ ਮੈਸਰਜ਼ ਗੈਰਰਡਸ ਨੇ ਮਹਾਰਾਣੀ ਦੇ ਆਦੇਸ਼ ਤੇ ਇੱਕ ਹੀਰੇ ਤਰਾਸ਼ਣ ਵਾਲੇ ਮਾਹਿਰ ਵੂਂਗਸੈਂਗਰ ਨੂੰ ਐਮਸਟਰਡਮ ਤੋਂ ਮੰਗਵਾਇਆ।ਉਸ ਨੇ ਅਠੱਤੀ ਦਿਨ ਲਗਾ ਕੇ ਹੀਰੇ ਨੂੰ ਸੁੰਦਰ ਬਣਾਉਣ ਲਈ ਮੁੜ ਤੋਂ ਤਰਾਸ਼ਿਆ।ਟੁੱਟ ਭੱਜ ਨਾਲ ਹੁਣ ਇਹ ੧੮੬ ਤੋਂ ਸਿਰਫ ੧੦੫.੬੦੨ ਕੈਰਿਟ ਰਹਿ ਗਿਆ।ਜਦੋਂ ਬ੍ਰਿਟਿਸ਼ ਹਕੂਮਤ ਮਹਾਰਾਜਾ ਦਲੀਪ ਸਿੰਘ ਨੂੰ ਬਰਤਾਨੀਆ ਲੈ ਆਈ ਤਾਂ ਇੱਕ ਦਿਨ ਮਹਾਰਾਣੀ ਵਿਕਟੋਰੀਆਂ ਨੇ ਇਹ ਹੀਰਾ ਉਸ ਨੂੰ ਦੇਖਣ ਲਈ ਦਿੱਤਾ।ਜਦੋਂ ਉਸ ਨੇ ਵਾਪਿਸ ਇਹ ਮਹਾਰਾਣੀ ਦੀ ਤਲ਼ੀ ਤੇ ਰੱਖਿਆ ਤਾਂ ਫੋਟੋਆਂ ਖਿੱਚ ਕੇ ਇਹ ਸਾਬਤ ਕੀਤਾ ਕਿ ਗਿਆ ਮਹਾਰਾਜੇ ਨੇ ਤਾਂ ਆਪਣੇ ਹੱਥ ਨਾਲ ਤੋਹਫੇ ਵਜੋਂ 'ਕਹਿਨੂਰ ਹੀਰਾ'ਮਲਿਕਾ ਵਿਕਟੋਰੀਆ ਨੂੰ ਪੇਸ਼ ਕੀਤਾ ਹੈ।
ਮੁੜਕੇ ਮਹਾਰਾਜਾ ਦਲੀਪ ਸਿੰਘ,ਖੁੱਸੀ ਸਤਾ ਹਾਸਲ ਕਰਨ ਲਈ ਅਤੇ ਲੁੱਟੀ ਸੰਪਤੀ (ਜਿਸ ਵਿੱਚ ਇਹ ਹੀਰਾ ਵੀ ਸੀ)ਪ੍ਰਾਪਤ ਕਰਨ ਲਈ ਆਪਣੀ ਜ਼ਿੰਦਗੀ ਅੰਤਿਮ ਸਵਾਸਾਂ ਤੱਕ ਤਾਂਘਦਾ ਰਿਹਾ।ਪਰ ਉਹ ਗੋਰਿਆਂ ਵਲੋਂ ਵਿਛਾਏ ਜਾਲ ਵਿੱਚੋਂ ਨਿੱਕਲ ਨਾ ਸਕਿਆ।ਆਖਰ ੨੨ ਅਕਤੂਬਰ ੧੮੯੩ ਨੂੰ ਪੱਚਵੰਜਾ ਸਾਲ ਦੀ ਉਮਰ ਵਿੱਚ ਪੈਰਿਸ ਦੇ ਇੱਕ ਹੋਟਲ 'ਟ੍ਰੈਮੋਇਲ' ਦੇ ਕਮਰੇ ਵਿੱਚ ਮਹਾਰਾਜਾ ਦਲੀਪ ਸਿੰਘ ਦੀ ਮੌਤ ਹੋ ਗਈ।ਜਿੱਥੇ ੨੧ ਅਕਤੂਬਰ ਨੂੰ ਪਏ ਦੌਰੇ ਕਾਰਨ ਉਹ ਬੇਹੋਸ਼ ਪਿਆ ਸੀ।੨੬ ਅਕਤੂਬਰ ੧੮੯੩ ਨੂੰ ਇੱਕ ਸਾਦਾ ਕੱਫਣ ਵਿੱਚ ਲਪੇਟ ਮਹਾਰਾਜੇ ਨੂੰ ਦਫਨ ਕਰ ਦਿੱਤਾ ਗਿਆ।ਹੁਣ ਇਸ ਹੀਰੇ ਦਾ ਦਾਅਵੇਦਾਰ ਕੋਈ ਨਹੀਂ ਸੀ ਰਿਹਾ।ਸਿੱਖ ਰਾਜ ਦਾ ਅੰਤਿਮ ਬਾਦਸ਼ਾਹ ਵੀ ਇਸ ਦੁਨੀਆਂ ਤੋਂ ਜਾ ਚੁੱਕਾ ਸੀ।
ਜੇਮਜ਼ ਟੈਂਨਟ ਦੀ ਦੇਖ ਰੇਖ ਹੇਠ ੮੦੦੦ ਪੌਂਡ ਖਰਚ ਕੇ ਇਸ ਨੂੰ ਮਹਾਰਾਣੀ ਦੇ ਤਾਜ ਵਿੱਚ ਜੜਿਆ ਗਿਆ।ਜੋ ੪੨% ਆਪਣਾ ਭਾਰ ਖੋਅ ਚੁੱਕਾ ਸੀ।ਨਿੱਕੇ ਟੁਕੜਿਆਂ ਨੂੰ ੨੦੦ ਦੇ ਕਰੀਬ ਸਿਤਾਰਿਆ ਦੇ ਤੌਰ ਤੇ ਜੜ ਦਿੱਤਾ ਗਿਆ।ਰਾਣੀ 'ਅਲੈਗਜੈਂਡਰਾ' ਨੇ ਕਹਿਨੂਰ ਹੀਰੇ ਜੜਿਆ ਤਾਜ ਪਹਿਲੀ ਵਾਰ ਪਹਿਨਿਆ।੧੯੩੬ ਤੋਂ ਬਾਅਦ ਇਹ ਤਾਜ ਕੁਈਨ 'ਅਲਿਜ਼ਬੈਥ' ਪਹਿਨਦੀ ਰਹੀ ਜਿਸ ਨੂ ਬਾਅਦ ਵਿੱਚ 'ਕੁਈਨਜ਼' ਕਰਕੇ ਜਾਣਿਆ ਜਾਂਦਾ ਰਿਹਾ।ਸਨ ੨੦੦੨ ਵਿੱਚ ਕੁਈਨਜ਼ ਮਦਰ ਅਲਿਜ਼ਬੈੱਥ ਦੀ ਮੌਤ ਸਮੇਂ ਇਹ ਹੀਰੇ ਜੜਿਆ ਤਾਜ ਆਖਰੀ ਵਾਰ ਉਸ ਦੇ ਕੱਫਨ ਤੇ ਰੱਖ ਕੇ ਰਾਜ ਦਰਬਾਰ ਵਿੱਚ ਰਿਟਾਇਰ ਕਰ ਦਿੱਤਾ ਗਿਆ।ਤੇ ਇਸ ਨੂੰ ਆਮ ਲੋਕਾਂ ਦੀ ਪ੍ਰਦਰਸ਼ਨੀ ਲਈ 'ਲੰਡਨ ਟਾਵਰ' ਮਿਊਜ਼ੀਅਮ ਵਿੱਚ ਰੱਖ ਦਿੱਤਾ ਗਿਆ।ਜਿੱਥੇ ਹੁਣ ਲੱਖਾਂ ਲੋਕ ਇਸ ਰੋਸ਼ਨੀ ਦਾ ਪਹਾੜ ਨੂੰ ਦੇਖਦੇ ਹਨ।ਜਿਸ ਦੀ ਕੀਮਤ ਦਾ ਸਭ ਤੋਂ ਪਹਿਲੀ ਵਾਰ ਅਨੁਮਾਨ ਲਾਉਂਦਿਆਂ 'ਬਾਬਰ' ਨੇ ਕਿਹਾ ਸੀ ਕਿ ਪੂਰੀ ਦੁਨੀਆਂ ਦਾ ਦੋ ਦਿਨਾ ਦਾ ਖਰਚਾ ਇਸ ਦੀ ਕੀਮਤ ਹੈ।ਭਾਰਤ ਦੀ ਸੰਪਤੀ 'ਕੋਹਿਨੂਰ ਹੀਰਾ' ਮੇਰੀਆਂ ਅੱਖਾ ਸਾਹਮਣੇ ਪਿਆ ਸੀ।ਮੇਰੇ ਕੈਮਰੇ ਨੇ ਇਹ ਨਜ਼ਾਰਾ ਹਮੇਸ਼ਾ ਹਮੇਸ਼ਾਂ ਲਈ ਪਕੜ ਲਿਆ।ਮੇਰੀਆਂ ਅੱਖਾਂ 'ਚੋਂ ਨਿੱਕਲੇ ਮੋਤੀ (ਅਥਰੂ) ਤਾਂ ਇਸ ਦੀ ਚਮਕ ਸਾਹਮਣੇ ਕੋਈ ਮਹੱਤਵ ਨਹੀਂ ਸੀ ਰੱਖਦੇ।ਤੇ ਫੇਰ ਕੁੱਝ ਵੀ ਹੋਰ ਨਾ ਲੱਗਾ।ਅਸੀਂ ਮਿਊਜ਼ੀਅਮ ਤੋਂ ਬਾਹਰ ਆ ਗਏ।


.............................

No comments:

Post a Comment