Monday, April 26, 2010

ਸਮਾਜਿਕ ਕੁਰੀਤੀਆਂ ਦੇ ਦਰਦ ਨਾਲ਼ ਲਬਰੇਜ਼ ਪ੍ਰਵਾਸੀ ਪੰਜਾਬੀ ਕਲਮ - ਸ਼ਮੀ ਜਲੰਧਰੀ -ਰਿਸ਼ੀ ਗੁਲਾਟੀ, ਐਡੀਲੇਡ (ਆਸਟ੍ਰੇਲੀਆ)

ਸਮਾਜਿਕ ਕੁਰੀਤੀਆਂ ਦੇ ਦਰਦ ਨਾਲ਼ ਲਬਰੇਜ਼ ਪ੍ਰਵਾਸੀ ਪੰਜਾਬੀ ਕਲਮ - ਸ਼ਮੀ ਜਲੰਧਰੀ
ਰਿਸ਼ੀ ਗੁਲਾਟੀ, ਐਡੀਲੇਡ (ਆਸਟ੍ਰੇਲੀਆ)

ਸਿਆਣੇ ਕਹਿੰਦੇ ਹਨ ਕਿ ਸੜਕ ਤੇ ਚੱਲਣਾ ਕੋਈ ਮੁਸ਼ਕਿਲ ਕੰਮ ਨਹੀਂ ਪਰ ਹਿੰਮਤ ਤੇ ਹੌਸਲੇ ਦੀ ਪਹਿਚਾਣ ਚਾਲ੍ਹੇ (ਚਿੱਕੜ) ਵਿੱਚ ਦੀ ਗੱਡਾ ਲੈ ਕੇ ਜਾਣ ਨਾਲ਼ ਹੀ ਹੁੰਦੀ ਹੈ | ਬਿਲਕੁੱਲ ਇਸੇ ਤਰ੍ਹਾਂ ਦਾ ਹੌਸਲਾ ਕੀਤਾ ਹੈ, ਕੈਨੇਡਾ ਦੀ ਸੰਗੀਤ ਕੰਪਨੀ "5 ਰਿਵਰਜ਼ ਇੰਟਰਟੇਨਮੈਂਟ ਇਨਕੌਰਪੋਰੇਸ਼ਨ" ਨੇ | ਐਡੀਲੇਡ (ਆਸਟ੍ਰੇਲੀਆ) ਵਾਸੀ ਸ਼ਾਇਰ ਸ਼ਮੀ ਜਲੰਧਰੀ ਦੇ ਲਿਖੇ ਤੇ ਅੰਤਰਰਾਸ਼ਟਰੀ ਪੱਧਰ ਦੇ ਅੱਠ ਗਾਇਕਾਂ ਦੇ ਨਾਲ ਸਜੀ ਹੋਈ ਐਲਬਮ "ਜਾਗੋ - ਵੇਕਅਪ" ਵਿੱਚ ਕੁੱਲ ਸੱਤ ਗੀਤ ਹਨ ਜੋ ਕਿ ਸੁੱਤੇ ਹੋਏ ਲੋਕਾਂ ਨੂੰ ਨਵੀਂ ਸੇਧ ਤੇ ਨਵੀਂ ਦਿਸ਼ਾ ਦੇਣ ਲਈ ਲਿਖੇ ਤੇ ਗਾਏ ਗਏ ਹਨ | ਅੱਜ ਦੇ ਪਦਾਰਥਵਾਦੀ ਯੁੱਗ ਵਿੱਚ ਜਿੱਥੇ ਰੋਮਾਂਟਿਕ ਤੇ ਲੱਚਰਤਾ ਭਰੇ ਗੀਤਾਂ ਨੂੰ ਪਹਿਲ ਦਿੱਤੀ ਜਾ ਰਹੀ ਹੈ, ਅਜਿਹੇ ਸਮੇਂ ਸਿਰਫ਼ ਤੇ ਸਿਰਫ਼ ਸੱਭਿਆਚਾਰਕ ਗੀਤਾਂ ਦੀ ਐਲਬਮ ਪੇਸ਼ ਕਰਨਾ ਸੰਗੀਤ ਕੰਪਨੀਆਂ ਲਈ ਚੁਣੌਤੀ ਭਰਿਆ ਕੰਮ ਹੈ, ਪਰ ਸਮਾਜ ਵਿੱਚ ਸਮਾਜਿਕ ਕੁਰੀਤੀਆਂ ਦੇ ਖਿਲਾਫ਼ ਜਾਗਰੂਕਤਾ ਪੈਦਾ ਕਰਨ ਲਈ ਇਸ ਸੰਗੀਤ ਕੰਪਨੀ ਨੇ ਵਾਕਿਆ ਹੀ ਹੌਸਲੇ ਭਰਿਆ ਕਦਮ ਚੁੱਕਿਆ ਹੈ | ਸ਼ਮੀ ਅਨੁਸਾਰ ਇਸ ਸੀæਡੀæ ਦੇ ਸਾਰੇ ਗੀਤਾਂ ਵਿੱਚ ਸਮਾਜ ਨੂੰ ਅਲੱਗ-ਅਲੱਗ ਕੁਰੀਤੀਆਂ ਤੋਂ ਖ਼ਬਰਦਾਰ ਹੋਣ ਲਈ "ਜਾਗੋ" ਦਾ ਹੋਕਾ ਦਿੱਤਾ ਗਿਆ ਹੈ | ਇਸ ਐਲਬਮ ਦੇ ਗੀਤਾਂ ਵਿੱਚ ਨਿਘਰ ਰਹੇ ਰਿਸ਼ਤਿਆਂ, ਭਰੂਣ ਹੱਤਿਆ, ਨਸ਼ਿਆਂ, ਗ਼ਰੀਬੀ, ਭੁੱਖਮਰੀ ਤੇ ਧਰਮਾਂ ਦੀ ਜੰਗ ਆਦਿ ਮਸਲਿਆਂ ਨੂੰ ਲੈ ਕੇ ਸਮਾਜਿਕ ਚੇਤਨਾ ਜਗਾਉਣ ਦੀ ਕੋਸ਼ਿਸ਼ ਕੀਤੀ ਗਈ ਹੈ |

ਜਦੋਂ ਜਾਗੋ ਉਦੋਂ ਸਵੇਰਾ
ਭੱਜ ਜਾਏ ਘੋਰ ਹਨ੍ਹੇਰਾ
ਰੋਸ਼ਨ ਕਰਕੇ ਮਨ ਆਪਣੇ
ਦੁਨੀਆਂ ਰੁਸ਼ਨਾ ਦੇਈਏ
ਜਾਗੋ ! ਜਾਗੋ !! ਬਈ
ਇਹ ਰਾਤ ਮੁਕਾ ਦੇਈਏ

ਪੰਜਾਬ ਭਰੂਣ ਹੱਤਿਆ ਦੇ ਮਾਮਲੇ 'ਚ ਸਭ ਰਿਕਾਰਡ ਮਾਤ ਪਾ ਰਿਹਾ ਹੈ | ਸ਼ਾਇਰ ਸ਼ਮੀ ਜਲੰਧਰੀ ਦੇ ਭਰੂਣ ਹੱਤਿਆ ਸੰਬੰਧੀ ਹੌਕਿਆਂ ਨੂੰ ਗਾਇਕਾ ਅਰਸ਼ਦੀਪ ਕੌਰ ਨੇ ਜਨਮਦਾਤੀ ਨੂੰ ਭਰੂਣ ਹੱਤਿਆ ਦਾ ਸਿੱਧਾ ਜਿੰਮੇਵਾਰ ਠਹਿਰਾਉਂਦਿਆਂ ਆਪਣੀ ਦਰਦ ਭਰੀ ਆਵਾਜ਼ 'ਚ ਗਾਇਆ ਹੈ:

ਮੈਨੂੰ ਕੁੱਖ ਵਿੱਚ ਮਾਰਨ ਵਾਲੀਏ
ਤੈਨੂੰ ਮਾਂ ਕਹਾਂ ਕਿ ਨਾ
ਮਾਂ ਸੰਘਣੇ ਰੁੱਖ ਵਰਗੀ ਹੁੰਦੀ
ਤੂੰ ਤੇ ਉੱਜੜੀ ਛਾਂ

ਇਸ ਸੀæਡੀæ ਦੇ ਗੀਤਾਂ ਦੀ ਮੁੱਖ ਖਾਸੀਅਤ ਇਹ ਵੀ ਹੈ ਕਿ ਇਸ ਵਿੱਚ ਹਿੰਦੁਸਤਾਨੀ ਸਾਜ਼ਾਂ ਜਿਵੇਂ ਕਿ ਤੂੰਬੀ, ਢੋਲਕੀ, ਹਾਰਮੋਨੀਅਮ, ਡੱਫ, ਸਾਰੰਗੀ, ਰਬਾਬ ਆਦਿ ਦਾ ਇਸਤੇਮਾਲ ਕੀਤਾ ਗਿਆ ਹੈ | ਸ਼ਮੀ ਨੇ ਹੋਰ ਸਮਾਜਿਕ ਸਮੱਸਿਆਵਾਂ ਦੇ ਨਾਲ਼-ਨਾਲ਼ ਅਜੋਕੇ ਸਮਾਜ ਵਿੱਚ ਨਿਘਰ ਰਹੇ ਰਿਸ਼ਤਿਆਂ ਬਾਰੇ ਤੇ ਪਰਿਵਾਰਾਂ 'ਚ ਘਟਦੇ ਜਾ ਰਹੇ ਪਿਆਰ ਨੂੰ ਬਰਕਰਾਰ ਰੱਖਣ ਲਈ ਹੋਕਰਾ ਦਿੱਤਾ ਹੈ | ਗੀਤ ਵਿੱਚ ਜ਼ਮੀਨਾਂ ਦੀ ਬਜਾਏ ਦੁੱਖ-ਸੁੱਖ ਤੇ ਖੁਸ਼ੀਆਂ ਵੰਡਣ ਦਾ ਸੁਨੇਹਾ ਦਿੱਤਾ ਗਿਆ ਹੈ | ਇਸ ਗੀਤ ਨੂੰ ਹਰਪ੍ਰੀਤ ਤੇ ਹੈਰੀ ਪੁੰਨੂੰ ਨੇ ਆਪਣੀ ਖੂਬਸੂਰਤ ਆਵਾਜ਼ ਨਾਲ਼ ਸ਼ਿੰਗਾਰਿਆ ਹੈ | ਗੀਤ ਦੇ ਬੋਲਾਂ 'ਚ ਭਰਾਵਾਂ ਪ੍ਰਤੀ ਅੰਤਾਂ ਦੀ ਮੁਹੱਬਤ ਝਲਕਦੀ ਨਜ਼ਰ ਆਉਂਦੀ ਹੈ |

ਹਰ ਰਿਸ਼ਤਾ ਰਹੇ ਜੋ ਹੱਸਦਾ, ਹਰ ਬੰਦਾ ਰਹੇ ਜੋ ਵੱਸਦਾ
ਵੱਸਦੀ ਰਹੇ ਇਹ ਧਰਤੀ ਸਾਡੀ, ਵੱਸਦਾ ਰਹੇ ਸੰਸਾਰ
ਸਾਡਾ ਬਣਿਆ ਰਹੇ ਭਰਾਵਾਂ ਦਾ, ਇੱਕ ਦੂਜੇ ਨਾਲ਼ ਪਿਆਰ

ਭਾਈ ਭਰਾਵਾਂ ਦੀਆਂ ਬਾਹਵਾਂ ਹੁੰਦੇ, ਜੱਗ ਸਾਰਾ ਕਹਿੰਦਾ
ਔਖੇ ਵੇਲੇ ਬਾਝ ਭਰਾਵਾਂ, ਸਾਰ ਨਾ ਕੋਈ ਲੈਂਦਾ
ਇੱਕ ਦੂਜੇ ਲਈ ਜਾਨ ਦੇਣ ਲਈ, ਰਹੀਏ ਸਦਾ ਤਿਆਰ
ਸਾਡਾ ਬਣਿਆ ਰਹੇ ਭਰਾਵਾਂ ਦਾ, ਇੱਕ ਦੂਜੇ ਨਾਲ਼ ਪਿਆਰ

ਅਲੱਗ ਅਲੱਗ ਬੁਰਾਈਆਂ ਵਿਰੁੱਧ ਚੱਲ ਰਹੀ ਕਲਮੀ ਜੰਗ ਨੂੰ ਗੀਤਾਂ ਰਾਹੀਂ ਹੋਰ ਤੇਜ਼ ਕਰਨ ਦਾ ਇਹ ਇੱਕ ਵੱਖਰਾ ਤੇ ਨਵਾਂ ਆਈਡਿਆ ਹੈ | ਮੌਜੂਦਾ ਸਮੇਂ 'ਚ ਪੰਜਾਬ ਦੀ ਸਭ ਤੋਂ ਵੱਡੀ ਬੁਰਾਈ ਨਸ਼ੇ ਹਨ | ਜੇਕਰ ਇਹ ਕਿਹਾ ਜਾਵੇ ਕਿ ਇਸ ਸਮੇਂ ਪੰਜਾਬ 'ਚ ਨਸ਼ਿਆਂ ਦਾ ਛੇਵਾਂ ਦਰਿਆ ਵਗ ਰਿਹਾ ਹੈ, ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ | ਸ਼ਾਇਰ ਨੂੰ ਪੰਜ ਦਰਿਆਵਾਂ ਦੇ ਵਹਿਣ ਦੇ ਮੁਕਾਬਲੇ ਇਸ ਛੇਵੇਂ ਦਰਿਆ ਦਰਿਆ ਦਾ ਵਹਿਣ ਜ਼ਿਆਦਾ ਭਾਰੂ ਤੇ ਮਾਰੂ ਹੋ ਗਿਆ ਜਾਪਦਾ ਹੈ |

ਪੰਜ ਦਰਿਆਵਾਂ ਦਾ ਪਾਣੀ ਸੁੱਕ ਚੱਲਾ ਏ
ਨਸ਼ਿਆਂ 'ਚ ਸਾਡਾ ਪੰਜਾਬ ਮੁੱਕ ਚੱਲਾ ਏ

ਜਿੱਥੇ ਹੁਣ ਨਸ਼ਿਆਂ ਦੇ ਚੋਅ ਚੱਲ ਪਏ ਨੇ
ਗੱਭਰੂ ਪੰਜਾਬੀਆਂ ਦੇ ਸਿਵੇ ਬਲ ਪਏ ਨੇ
ਗਿੱਧੇ ਭੰਗੜੇ ਦਾ ਹੁਣ ਦਮ ਘੁੱਟ ਚੱਲਾ ਏ
ਨਸ਼ਿਆਂ 'ਚ ਸਾਰਾ ਪੰਜਾਬ ਮੁੱਕ ਚੱਲਾ ਏ

ਇਸ ਤੋਂ ਪਹਿਲਾਂ ਸ਼ਮੀ ਜਲੰਧਰੀ ਦਾ ਕਾਵਿ ਸੰਗ੍ਰਹਿ "ਗਮਾਂ ਦਾ ਸਫ਼ਰ" ਵੀ ਪਾਠਕਾਂ ਦੇ ਸਨਮੁੱਖ ਪੇਸ਼ ਹੋ ਚੁੱਕਾ ਹੈ | ਇਸ ਕਾਵਿ ਸੰਗ੍ਰਹਿ ਵਿੱਚ ਘਟ ਰਹੀ ਇਨਸਾਨੀਅਤ ਦਾ ਕੌੜਾ ਸੱਚ, ਪ੍ਰਦੇਸੀਆਂ ਦਾ ਆਪਣੀ ਮਿੱਟੀ ਪ੍ਰਤੀ ਮੋਹ, ਪਿਆਰ-ਮੁਹੱਬਤ ਦੀਆਂ ਬਾਤਾਂ, ਵਿਛੋੜੇ ਦਾ ਗ਼ਮ, ਤੇ ਹੋਰ ਵੀ ਕਈ ਰੰਗ ਹਨ |

ਭਰਮਾਰ ਏ ਇਸ ਦੁਨੀਆਂ 'ਤੇ ਬੇਗਾਨਿਆਂ ਦੀ 'ਸ਼ਮੀ',
ਕਿਸ ਨੂੰ ਕਹੀਏ ਆਪਣਾ ਕੋਈ ਆਪਣਾ ਨਾ ਰਿਹਾ |
*
ਖੂਨ ਦਾ ਰੰਗ ਸਫ਼ੈਦ ਹੋ ਗਿਆ
ਵਫ਼ਾ ਦੀ ਗੜਵੀ 'ਚ ਛੇਕ ਹੋ ਗਿਆ
ਮਤਲਬੀਆਂ ਦੀ ਹੈ ਸਿਖ਼ਰ-ਦੁਪਹਿਰ
ਦਿਲਾਂ 'ਤੇ ਹੁਣ ਹਨੇਰ ਹੋ ਗਿਆ
ਹਰ ਕੋਈ ਬਣਨ ਲਈ ਸਭ ਤੋਂ ਉੱਚਾ
ਡਿੱਗਿਆਂ ਨੂੰ ਹੀ ਢਾਹ ਰਿਹਾ |
*
ਇਹ ਰੱਕੜ ਧਰਤੀ ਨੂੰ ਵਾਹ ਕੇ,
ਕੋਈ ਫੁੱਲਾਂ ਨੂੰ ਉਗਾ ਦੇਵੋ
ਇਹ ਸਰਦ ਹੋਏ ਰਿਸ਼ਤਿਆਂ ਨੂੰ
ਕੋਈ ਪ੍ਰੇਮ ਦੇ ਨਾਲ਼ ਤਾਅ ਦੇਵੋ
ਮਾਂ ਹੁੰਦੀ ਏ ਸੰਘਣੇ ਰੁੱਖ ਵਰਗੀ
ਹਰ ਪੁੱਤਰ ਨੂੰ ਸਮਝਾ ਦੇਵੋ
*
ਤੇਰਾ ਬਿਰਹਾ ਮੈਨੂੰ ਮਣਸ ਕੇ
ਗ਼ਮ ਦੀ ਝੋਲੀ ਪਾ ਗਿਆ ਨੀ
ਤੇਰਾ ਦਿੱਤਾ ਹੋਇਆ ਵਕਤ ਮੈਨੂੰ
ਮੇਰੇ ਜੋੜੀਂ ਪਾਰਾ ਪਾ ਗਿਆ ਨੀ
*
ਨਫ਼ਰਤ, ਘਮੰਡ ਦੀਆਂ ਗਲੀਆਂ ਵਿੱਚ ਭਟਕ ਰਿਹਾ ਹਾਂ
ਇਨਸਾਨ ਹੋ ਕੇ ਵੀ ਮੈਂ, ਇਨਸਾਨੀਅਤ ਨੂੰ ਤਰਸ ਰਿਹਾ ਹਾਂ

"ਕੈਸਿਟਾਂ ਅਤੇ ਸੀਡੀਆਂ ਦੇ ਰੂਪ ਵਿੱਚ ਬੋਲਦੀਆਂ, ਗਾਉਂਦੀਆਂ ਕਿਤਾਬਾਂ ਨਵੇਂ ਯੁਗ ਦੀ ਜ਼ਰੂਰਤ ਹਨ | ਸ਼ਮੀ ਜਲੰਧਰੀ ਦੀ 'ਦਸਤਕ' ਸਾਡੇ ਸਮੇਂ ਦੀ ਨਬਜ਼ ਹੈ, ਵੇਲੇ ਦੇ ਮਸਲਿਆਂ ਦਾ ਰੋਹ ਹੈ, ਸਾਡੇ ਕਰਮਾਂ ਅਤੇ ਸੋਚਾਂ ਲਈ ਵੰਗਾਰ ਹੈ | ਸ਼ਮੀ ਦੀਆਂ ਸਤਰਾਂ ਅਤੇ ਉਸ ਦੀ ਆਵਾਜ਼ ਵਿੱਚ ਜਿਹੜੀ ਸੁਲਗਣ ਹੈ, ਜਿਹੜਾ ਸੇਕ ਅਤੇ ਰੋਸ਼ਨੀ ਹੈ, ਮੈਂ ਉਸਦਾ ਸੁਆਗਤ ਕਰਦਾ ਹਾਂ ਤੇ ਚਾਹੁੰਦਾ ਹਾਂ ਪੰਜਾਬੀ ਵਿੱਚ ਇਸ ਤਰ੍ਹਾਂ ਦੇ ਸ਼ਿੱਦਤ ਭਰੇ ਕਾਰਜ ਕਰਨ ਵਾਲੇ ਹੋਰ ਚਿਹਰੇ ਵੀ ਨੁਮਾਇਆਂ ਹੋਣ |" ਇਹ ਵਿਚਾਰ ਹਨ ਪੰਜਾਬੀ ਦੇ ਸਿਰਮੌਰ ਸ਼ਾਇਰ ਸੁਰਜੀਤ ਪਾਤਰ ਹੋਰਾਂ ਦੇ ਜਦ ਕਿ ਉਨ੍ਹਾਂ ਨੇ ਸ਼ਮੀ ਜਲੰਧਰੀ ਦੀ ਆਵਾਜ਼ 'ਚ ਉਸਦੀਆਂ ਆਪਣੀਆਂ ਨਜ਼ਮਾਂ ਦੀ ਸੀæਡੀæ ਰਿਕਾਰਡਿੰਗ ਸੁਣੀ | 'ਦਸਤਕ' ਦੀ ਰਿਕਾਡਿੰਗ ਮੁਕੰਮਲ ਹੋ ਚੁੱਕੀ ਹੈ ਤੇ ਇਹ ਸੀ.ਡੀ. ਜਲਦੀ ਹੀ ਸਰੋਤਿਆਂ ਦੇ ਸਨਮੁੱਖ ਹੋਣ ਲਈ ਤਿਆਰ ਹੈ | ਸ਼ਮੀ ਦੀ ਸ਼ਾਇਰੀ 'ਚ ਅਜੋਕੀਆਂ ਸਮਾਜਿਕ ਸਮੱਸਿਆਵਾਂ ਦਾ ਦਰਦ ਝਲਕਦਾ ਹੈ | ਉਹ ਧਰਮ ਦੇ ਨਾਮ ਤੇ ਹੋਰ ਰਹੇ ਦੰਗਿਆਂ, ਕਤਲੇਆਮਾਂ ਤੇ ਕੁਰਸੀਆਂ ਦੀ ਖੇਡ ਨੂੰ ਬੜੀ ਸ਼ਿੱਦਤ ਨਾਲ਼ ਮਹਿਸੂਸ ਕਰਦਾ ਹੈ |

ਧਰਮਾਂ ਦੀ ਜੰਗ
ਜੋ ਕਦੇ ਨਾ ਮੁੱਕਣ ਵਾਲੀ
ਜਿੱਥੇ ਨਾ ਕੋਈ ਧਰਮ ਜਿੱਤਦਾ ਹੈ
ਨਾ ਕੋਈ ਹਾਰਦਾ ਹੈ
ਮਨੁੱਖ ਹੀ ਮਨੁੱਖ ਨੂੰ ਮਾਰਦਾ ਹੈ

ਸ਼ਾਇਰ ਦੀ ਕਲਮ ਵੀਹਵੀਂ ਸਦੀ ਦੇ ਸਭ ਤੋਂ ਵੱਡੇ ਅੱਤਿਆਚਾਰ ਦੇ ਦਰਦ 'ਚ ਹਾਅ ਦਾ ਨਾਹਰਾ ਮਾਰਦੀ ਹੈ |

ਮੈਨੂੰ ਅੱਜ ਵੀ ਯਾਦ ਹੈ
ਚੁਰਾਸੀ ਦਾ ਉਹ ਕਾਲਾ ਵਰ੍ਹਾ
ਦਿੱਲੀ ਦੇ ਦੰਗੇ
ਕੇਸਾਂ ਵਾਲੇ ਸਿਰ ਧੜਾਂ ਤੋਂ ਅਲੱਗ
ਨਫ਼ਰਤ ਦੀ ਅੱਗ
ਜਿਸ ਇਨਸਾਨ ਨੂੰ ਤਬਾਹ ਕਰ ਦਿੱਤਾ
ਇਨਸਾਨੀਅਤ ਨੂੰ ਸੁਆਹ ਕਰ ਦਿੱਤਾ

ਵਤਨ ਦੇ ਮੌਜੂਦਾ ਹਾਲਤ ਦੇਖ ਕੇ ਸ਼ਾਇਰ, ਸ਼ਹੀਦ ਭਗਤ ਸਿੰਘ ਦੇ ਦਿਲ ਦਾ ਦਰਦ ਆਪਣੀ ਕਲਮ ਨਾਲ ਇੰਝ ਮਹਿਸੂਸ ਕਰਦਾ ਹੈ :

ਮੈਂ ਅੱਜ ਵੀ ਜਦੋਂ ਹਿੰਦੁਸਤਾਨ ਵੇਖਦਾ ਹਾਂ
ਗੁਲਾਮੀ ਦੇ ਉਹੀ ਨਿਸ਼ਾਨ ਵੇਖਦਾ ਹਾਂ
ਖੌਲ ਉੱਠਦਾ ਹੈ ਮੇਰੀਆਂ ਰਗਾਂ ਦਾ ਲਹੂ
ਇਨਸਾਫ਼ ਲਈ ਤੜਫ਼ਦਾ ਜਦੋਂ ਇਨਸਾਨ ਵੇਖਦਾ ਹਾਂ
ਕੀ ਕਰਾਂ ਮੈਂ ਸ਼ਾਹੂਕਾਰਾਂ ਦੀ ਬੁਲੰਦੀ ਨੂੰ
ਮਜ਼ਦੂਰ ਦੇ ਰੁਲਦੇ ਹੋਏ ਅਰਮਾਨ ਵੇਖਦਾ ਹਾਂ

ਸ਼ਮੀ ਦੇ ਗੀਤਾਂ ਦੀ ਇੱਕ ਹੋਰ ਨਵੀਂ ਕੈਸਿਟ ਮਾਰਕਿਟ 'ਚ ਆਉਣ ਲਈ ਤਿਆਰ ਹੈ | ਇਸਦੇ ਗੀਤ ਰਿਕਾਰਡ ਹੋ ਚੁੱਕੇ ਹਨ | ਇਸ ਤੋਂ ਇਲਾਵਾ ਇੱਕ ਨਵਾਂ ਕਾਵਿ ਸੰਗ੍ਰਹਿ ਵੀ ਛਪਾਈ ਅਧੀਨ ਹੈ | ਇਸ ਕਾਵਿ ਸੰਗ੍ਰਹਿ 'ਚ ਸ਼ਾਇਰ ਨੇ ਪ੍ਰਦੇਸੀਆਂ ਦੇ ਦਰਦ ਬਾਰੇ ਜ਼ਿਕਰ ਕਰਦਿਆਂ ਲਿਖਿਆ ਹੈ :
ਦੁੱਖ ਪ੍ਰਦੇਸਾਂ ਦਾ ਜ਼ਹਿਰ ਵਾਗੂੰ ਹੁੰਦਾ ਹੈ
ਜੀਣਾ ਇੱਥੇ ਸਿਖਰ ਦੁਪਹਿਰ ਵਾਗੂੰ ਹੁੰਦਾ ਹੈ |

ਸ਼ਾਇਰ ਆਜ਼ਾਦੀ ਦੇ ਇਤਨੇ ਵਰ੍ਹਿਆਂ ਬਾਦ ਵੀ ਗੁਲਾਮੀ ਦਾ ਅਹਿਸਾਸ ਕਰ ਰਿਹਾ ਹੈ | ਉਹ ਇਸ ਅਹਿਸਾਸ ਨੁੰ ਆਪਣੇ ਨਿਵੇਕਲੇ ਅੰਦਾਜ਼ 'ਚ ਇੰਝ ਬਿਆਨ ਕਰਦਾ ਹੈ :
ਪੱਤਝੜ ਦੇ ਬਾਦ ਵੀ ਪੱਤੇ ਨੇ ਜ਼ਰਦ ਜ਼ਰਦ,
ਹਰ ਟਹਿਣੀ ਉੱਤੇ ਪਈ ਹੋਈ ਗਰਦ ਹੀ ਗਰਦ |
ਕ੍ਰਾਂਤੀ ਦੀ ਗੱਲ ਹੁਣ ਕੌਣ ਕਰੇ ਬੇਚਾਰਾ,
ਅਬਲਾ ਦੇ ਵਾਂਗੂੰ ਇਥੇ ਲਾਚਾਰ ਨੇ ਮਰਦ |

ਪੰਜਾਬ ਨੂੰ ਘੁਣ ਵਾਂਗ ਲੱਗੇ ਅਖੌਤੀ ਬਾਬਿਆਂ ਦੇ ਢੋਂਗ ਵੀ ਸ਼ਮੀ ਦੀ ਕਲਮ ਤੋਂ ਅਣਛੂਹੇ ਨਹੀਂ ਰਹੇ :

ਆਦਮੀ ਦਾ ਲਹੂ ਡੀਕ ਲਾ ਕੇ ਪੀਣ ਵਾਲਾ
ਜਾਨਵਰਾਂ ਦੇ ਮਾਸ ਤੋਂ ਜੋ ਰਿਹਾ ਹੈ ਵਰਜ਼

ਸ਼ਮੀ ਨੇ ਪ੍ਰਦੇਸਾਂ 'ਚ ਹੋਇਆਂ ਰਹਿੰਦਿਆਂ ਵੀ ਆਪਣੇ ਮੁਲਕ ਦੇ ਲੋਕਾਂ ਤੇ ਮਜ਼ਲੂਮਾਂ ਦੇ ਦਰਦ ਨੂੰ ਮਹਿਸੂਸ ਕੀਤਾ | ਇਸੇ ਲਈ ਉਹ ਆਪਣੀ ਨਜ਼ਮ ਦੇ ਆਖਰੀ ਬੰਦ 'ਚ ਲਿਖਦਾ ਹੈ :

ਮੁੱਕ ਜਾਣਾ ਦੋਸਤਾਂ ਤੇ ਦੁਸ਼ਮਣਾਂ ਨੇ ਵੀ
ਮੁਕਣੀ ਨਹੀਂ ਹੈ ਸ਼ਮੀ ਮਜ਼ਲੂਮ ਦੀ ਅਰਜ਼

ਨਿਘਾਰ ਭਰੇ ਸਮੇਂ 'ਚ ਸਭ ਨੂੰ ਸੰਭਲਣ ਲਈ ਹੋਕਾ ਦੇਣ ਵਾਲੇ ਕਾਵਿ ਸੰਗ੍ਰਹਾਂ ਤੇ ਗੀਤਾਂ ਰਾਹੀਂ ਸ਼ਾਇਰ ਸ਼ਮੀ ਜਲੰਧਰੀ ਨੇ ਵਾਕਿਆ ਹੀ ਦਲੇਰੀ ਭਰਿਆ ਕਦਮ ਚੁੱਕਿਆ ਹੈ | ਆਸ ਹੈ ਕਿ ਉਸਦੇ ਕਾਵਿ ਸੰਗ੍ਰਹਾਂ ਤੇ ਸੀæਡੀæ ਨੂੰ ਸਰੋਤਿਆਂ ਤੇ ਪਾਠਕਾਂ ਦਾ ਭਰਪੂਰ ਹੁੰਗਾਰਾ ਮਿਲੇਗਾ, ਜਿਸ ਨਾਲ਼ ਸ਼ਾਇਰ ਆਪਣੀ ਬੇ-ਖੌਫ਼ ਤੇ ਨਿਧੜਕ ਕਲਮ ਰਾਹੀਂ ਮਾਂ-ਬੋਲੀ ਦੀ ਸੇਵਾ ਕਰਨ ਦੇ ਨਾਲ਼-ਨਾਲ਼ ਪੰਜਾਬੀ ਸਮਾਜ ਨੂੰ ਇੱਕ ਨਵੀਂ ਤੇ ਸਿਹਤਮੰਦ ਸੇਧ ਦੇਣ 'ਚ ਕਾਮਯਾਬ ਰਹੇਗਾ |

ਆਮੀਨ !

Sunday, April 25, 2010

ਡਾਲਰ ਖਡਾਲਰ ਖੱਟਣ ਆਏ ਔਲਾਦ ਗੁਆ ਲਈ -ਸਤਵਿੰਦਰ ਕੌਰ ਸੱਤੀ (ਕੈਲਗਰੀ)

ਡਾਲਰ ਖਡਾਲਰ ਖੱਟਣ ਆਏ ਔਲਾਦ ਗੁਆ ਲਈ 

ਸਤਵਿੰਦਰ ਕੌਰ ਸੱਤੀ (ਕੈਲਗਰੀ)
ਡਾਲਰ ਖੱਟਣ ਆਏ ਔਲਦ ਗੁਆ ਲਈ ਹੈ। ਸਾਰੇ ਕਨੇਡੀਅਨ ਤੇ ਬਾਹਰੋ ਆ ਕੇ ਵੱਸੇ ਪ੍ਰਦੇਸ ਡਾਲਰ ਇੱਕਠੇ ਕਰਨ ਦੀ ਦੋਡ਼ ਲੱਗੀ ਹੋਈ ਹੈ। ਦਿਨ ਰਾਤ ਕੰਮਾਂ ਕਰਦੇ ਹਨ। ਵੱਡੀਆ ਕਾਰਾਂ ਵੱਡੇ ਘਰ ਖ੍ਰੀਦ ਕੇ ਕਿਸ਼ਤਾਂ ਮੋਡ਼ਨ ਤੇ ਜ਼ੋਰ ਲੱਗਾ ਹੈ। ਉਸ ਪਿਛੋਂ ਹੋਰ ਨਵੀਂ ਕਾਰ, ਹੋਰ ਵੱਡਾ ਘਰ, ਸਬਰ ਫਿਰ ਵੀ ਨਹੀਂ ਹੈ। ਖਾਂਣ ਪੀਣ ਦੀ ਵੀ ਸੁੱਧ ਨਹੀਂ ਹੈ। ਭੈਣ, ਭਰਾਂ, ਮਾਂਪਿਆਂ ਬੱਚਿਆਂ ਦੇ ਸਾਰੇ ਰਿਸ਼ਤੇ ਟੁੱਟ ਰਹੇ ਹਨ। ਕਈਆ ਦੇ ਪਰਿਵਾਰ ਬੱਚੇ ਵਤਨਾ ਵਿੱਚ ਉਡੀ ਕ ਰਹੇ ਹਨ। ਬਾਹਰਲੇ ਦੇਸ਼ਾ ਵਿੱਚ ਮਾਂਪਿਆਂ ਕੋਲ ਬੱਚਿਆਂ ਲਈ ਸਮਾਂ ਨਹੀਂ ਹੈ। ਬੱਚੇ ਦਾਦੀ, ਦਾਦੀ, ਨਾਨਾ, ਨਾਨੀ ਜਾਂ ਬੱਚਿਆਂ ਦੀ ਦੇਖ ਭਾਲ ਕਰਨ ਵਾਲੇ ਕੋਲ ਰਹਿੰਦੇ ਹਨ। ਬੱਚੇ ਬੁਜਰਗਾਂ ਨੂੰ ਆਪਣੇ ਬੱਚਿਆਂ ਤੋਂ ਪਿਆਰੇ ਜ਼ਰੂਰ ਹੁੰਦੇ ਹਨ। ਪਰ ਬਾਹਰਲੇ ਦੇਸ਼ਾ ਦੇ ਜਿਆਦਾ ਤਰ ਬੱਚੇ ਨਾਂ ਤਾਂ ਕਿਸੇ ਤੋਂ ਡਰਦੇ ਹਨ। ਨਾਂ ਹੀ ਇੱਜ਼ਤ ਕਰਦੇ ਹਨ। ਕਈ ਬੱਚੇ ਸਾਡੇ ਦੇਸ਼ ਵਿਚੋਂ ਜੁਵਾਨੀ ਦੇ ਸ਼ੁਰੂ ਹੋਣ ਵੇਲੇ 14, 15, 16 ਸਾਲ ਦੀ ਉਮਰ ਵਿੱਚ ਆਉਂਦੇ ਹਨ। ਬਹੁਤੇ ਪੈਰ ਜਮਾਂਉਂਣ ਦੀ ਬਜਾਏ ਡੱਗਮਗਾਂ ਜਾਂਦੇ ਹਨ। ਇਸ ਉਮਰ ਵਿੱਚ ਬੱਚਿਆਂ ਨੂੰ ਝਿਡ਼ਕ ਵੀ ਨਹੀਂ ਸਕਦੇ। ਇੰਨ੍ਹਾਂ ਦੇ ਖੱਰਚੇ ਵੀ ਬਹੁਤ ਹਨ। ਨਸ਼ੇ ਕਰਦੇ ਹਨ। ਜੇ ਘਰੋਂ ਪੈਸੇ ਪੂਰੇ ਨਹੀਂ ਮਿਲਦੇ ਤਾਂ ਆਪ ਨਸ਼ੇ ਵੇਚਣ ਲੱਗ ਜਾਂਦੇ ਹਨ। ਮਿੰਟਾਂ ਵਿੱਚ ਕੰਮਾਂਈ ਹੋ ਜਾਂਦੀ ਹੈ।
ਅਸੀ ਭੁੱਲ ਜਾਂਦੇ ਹਾਂ। ਇਥੋ ਦੇ ਨਾਗਰਿਕ ਕੱਤਲ ਕਰਨ, ਡਰਗ ਵੇਚਣ ਕੁੱਝ ਵੀ ਮਾਡ਼ਾਂ ਕੰਮ ਕਰਨ ਜੇਲ ਅੰਦਰ ਰੋਜ਼ ਸਜਾਂ ਭੁਗਤਣ। ਗੌਰਮਿੰਟ ਨੂੰ ਕੋਈ ਡਰ ਨਹੀ। ਇਥੇ ਨਾਂਮ ਵਾਲੇ ਗੈਂਗਸਟਰ ਹਨ। ਅਗਰ ਬਾਹਰੋ ਆ ਕੇ ਵੱਸਿਆ ਹੋਰ ਦੇਸ਼ ਦਾ ਨਾਗਰਿਕ ਜਿਸ ਨੇ ਕਨੇਡਾ ਦੀ ਨਾਗਰਿਕਤਾ ਹਾਂਸਲ ਨਹੀ ਕੀਤੀ। ਜੇ ਉਹ 18 ਮਹੀਨੇ ਤੋਂ ਵੱਧ ਕਨੇਡਾ ਜੇਲ ਵਿੱਚ ਰਹਿੰਦਾ ਹੈ। ਉਸ ਦਾ ਬਿਸਤਰਾਂ ਗੋਲ ਕਰ ਦਿੱਤਾ ਜਾਂਦਾ ਹੈ। ਭਾਵੇਂ ਉਸ ਨੇ ਕੀਤੀ ਗਲਤੀ ਦੀ ਸਜਾਂ ਕੱਟ ਲਈ ਹੈ। ਫਿਰ ਵੀ ਦੇਸ਼ ਨਿੱਕਾਲਾ ਦਿੱਤਾ ਜਾਂਦਾ ਹੈ।
ਲਡ਼ਾਈ ਚਾਹੇ ਪਿਆਰ ਦੀ ਹੋਵੇ ਜਾਂ ਨਫ਼ਰਤ ਦੀ। ਬਰਾਬਰ ਦਾ ਮੁਕਾਬਲਾ ਹੁੰਦਾ ਹੈ। ਦੋਨੇ ਧਡ਼ੇ ਇੱਕ ਦੂਜੇ ਤੋਂ ਘੱਟ ਨਹੀਂ ਹੁੰਦੇ। ਦੋਨੇ ਧਡ਼ੇ ਜੰਮ ਕੇ ਮੁਕਾਬਲਾ ਕਰਦੇ ਹਨ। ਜਿਸ ਦਾ ਜਾਨ ਮਾਲ ਦਾ ਨੁਕਸਾਨ ਹੋ ਜਾਂਦਾ ਹੈ। ਉਹੀ ਲੋਕਾਂ ਦੀ ਦਿਆ ਦਾ ਪਾਤਰ ਬੱਣ ਜਾਂਦਾ ਹੈ। ਸਾਰੀ ਦੁਨੀਆ ਵਿੱਚ ਇਹੀ ਹੋ ਰਿਹਾ ਹੈ। ਸਾਡੇ ਵੀ ਕਨੇਡਾ ਵਿੱਚ ਦੋ ਧੱਡ਼ਿਆਂ ਵਿੱਚ ਨਿਤ ਲਡ਼ਾਈਆ ਹੁੰਦੀਆ ਹਨ। ਧੱਕਮ ਧੱਕਾ, ਕੁੱਟ ਮਾਰ ਹੁੰਦੀ ਹੈ। ਕਿਸਮਤ ਆਪਣਾ ਖੇਡ ਖੇਡ ਜਾਂਦੀ ਹੈ। ਲਡ਼ਾਈ ਵਿਚ ਕੋਈ ਮਰ ਜਾਂਦਾ ਹੈ, ਜਖ਼ਮੀ ਹੋ ਜਾਂਦਾ ਹੈ। ਹੋਰ ਕੋਈ ਮਾਡ਼ਾਂ ਧੰਦਾ ਕਰਦਾ ਹੈ। ਗੁਨਾਹਗਾਰ ਹਮਲਾਵਰ ਨੂੰ ਸਜਾਂ ਹੁੰਦੀ ਹੈ। ਗੁਨਾਹਗਾਰ ਦੋਨੇ ਹੀ ਹੁੰਦੇ ਹਨ। ਤਾਂਹੀਂ ਲਡ਼ਾਈਆ ਹੁੰਦੀਆ ਹਨ। ਇੱਕ ਗੁੱਝੀ ਸ਼ਰਾਰਤ ਕਰ ਜਾਂਦਾ ਹੈ। ਦੂਜਾ ਸ਼ਰੇਅਮ ਜਾਂ ਚਾਨਚੱਕ ਨਸ਼ੇ ਜਾਂ ਗੁੱਸੇ ਵਿੱਚ ਮਾਡ਼ੀ ਦੁਰਘੱਟਨਾ ਦਾ ਸ਼ਿਕਾਰ ਹੋ ਜਾਂਦਾ ਹੈ। ਹੱਥੋਂ ਕੁੱਝ ਮਾਡ਼ਾ ਹੋ ਜਾਂਦਾ ਹੈ। ਕਨੂੰਨ ਦੇ ਸ਼ਕੱਜੇ ਵਿੱਚ ਫਸ ਜਾਂਦਾ ਹੈ। ਜੇ ਕਨੇਡਾ ਦਾ ਨਾਗਰਿਕ ਕਨੇਡੀਅਨ ਨਹੀਂ ਹੈ। ਵਾਪਸ ਵਤਨਾ ਨੂੰ ਭੇਜ ਦਿੱਤਾ ਜਾਂਦਾ ਹੈ। ਜਿਸ ਨੂੰ ਕਹਿੰਦੇ ਨੇ, ਮੱਥੇ ਦਾ ਭਾਗ ਨਹੀਂ ਟੱਲਦਾ। ਚੰਗ੍ਹਾਂ ਮਾਡ਼ਾ ਸਭ ਭੁਗਤਣਾ ਪੈਦਾ ਹੈ। ਗੱਲ ਸੱਮਝ ਵਿੱਚ ਨਹੀਂ ਆਈ। ਸਜਾ ਭੁਗਤਣ ਤੋਂ ਬਆਦ ਵੀ ਉਤੋਂ ਦੀ ਦੇਸ਼ ਨਿਕਾਲਾ ਦੇ ਦੇਣਾ। ਇਸ ਤਰ੍ਹਾਂ ਕਰਨ ਨਾਲ ਬੰਦੇ ਨੂੰ ਬੰਦੇ ਤੋਂ ਹੈਵਾਨ ਜਰੂਰ ਬਣਾਇਆ ਜਾਂ ਸਕਦਾ ਹੈ। ਪਸ਼ਚਾ ਤਾਪ ਕਰਨ ਪਿਛੋਂ ਵੀ ਕਨੂੰਨ ਮੁਆਫ ਨਹੀਂ ਕਰਦਾ। ਜਿਸ ਨੁੰ ਅਸੀਂ ਰੱਬ ਮੰਨਦੇ ਹਾਂ। ਕਨੇਡਾ ਦੇ ਪੱਕੇ ਨਾਗਰਿਕ ਜੰਮਲ ਗੁਨਾਹ ਵੀ ਕਰਦੇ ਹਨ। ਕਈ ਫਡ਼ੇ ਵੀ ਨਹੀਂ ਜਾਂਦੇ। ਸਜਾਂ ਭੁਗਤ ਕੇ ਵੀ ਹੋਰ ਹੋਰ ਗੁਨਾਹ ਕਰਦੇ ਹਨ। ਉਨ੍ਹਾਂ ਲਈ ਕੋਈ ਦੇਸ਼ ਨਿੱਕਲਾ ਨਹੀਂ ਹੈ। ਸਗੋਂ ਖ਼ਬਰਾਂ ਨਿਊਜ਼ ਪੇਪਰਾ ਵਿੱਚ ਢੋਡੋਰਾਂ ਪਿੱਟਿਆਂ ਜਾਂਦਾ ਹੈ। ਕਨੇਡੀਅਨ ਗੁਨਾਹਗਾਰ ਤੋਂ ਆਪ ਬੱਚ ਕੇ ਰਹੋ। ਕਨੇਡਾ ਵਰਗੇ ਦੇਸ਼ ਵਿੱਚ ਬੰਦੇ ਦੀ ਨਸਲ ਨਾਲ ਵਿੱਤਕਰਾ ਕੀਤਾ ਜਾਂਦਾ ਹੈ। ਕਨੇਡੀਅਨ ਗੁਨਾਹਗਾਰ ਤੇ ਪ੍ਰਦੇਸੀ ਗੁਨਾਹਗਾਰ ਬੰਦੇ ਦੀ ਨਸਲ ਲਈ ਦੋ ਕਨੂੰਨ ਹਨ। ਕਨੂੰਨ ਜਦੋ ਕਿਸੇ ਦੇ ਪੁੱਤਰ ਨੂੰ ਦੇਸ਼ ਨਿਕਾਲਾ ਦਿੰਦਾ ਹੈ। ਨਾਂ ਹੱਸਿਆ ਕਰੀਏ, ਪੱਤਾਂ ਨਹੀਂ ਕਿਹਦੇ ਤੇ ਕਦੋਂ ਮਾਡ਼ਾਂ ਭਾਂਣਾ ਵਰਤ ਆ ਜਾਵੇ। ਬਿਪਤਾ ਨਾਂ ਤਾਂ ਕੋਈ ਜਾਣ ਕੇ ਸੇਹਡ਼ਦਾ ਹੈ। ਨਾਂ ਹੀ ਪੁੱਛ ਕੇ ਆਉਂਦੀ ਹੈ। ਭਾਣੇ ਦਾ ਫੇਰ ਹੁੰਦਾ ਹੈ। ਅਸੀਂ ਸਾਰੇ ਹੀ ਵੱਡੀਆਂ ਗੱਲਤੀਆ ਵੀ ਕਰਦੇ ਹਾਂ। ਗਲਤੀਆ ਲੁੱਕੀਆ ਵੀ ਰਹਿ ਜਾਂਦੀਆ ਹਨ। ਪਰ ਸਾਨੂੰ ਆਪਣਾ ਕੀਤਾ ਕੰਮ ਕੋਈ ਗਲਤ ਨਹੀਂ ਲੱਗਦਾ। ਦੂਜੇ ਵਿੱਚ ਹੀ ਸਾਰੇ ਗੁਨਾਹ ਦਿਸਦੇ ਹਨ। ਕਿਸੇ ਦੇ ਪਰਦੇ ਖੁੱਲ ਜਾਂਦੇ ਹਨ। ਪ੍ਰਮਾਤਮਾ ਸੱਭ ਦੇ ਪਰਦੇ ਢੱਕੀ ਰੱਖੇ। ਗੁਨਾਹ ਮੁਆਫ਼ ਕਰਦਾ ਰਹੇ।
ਗੁਰਤੇਜ ਤੋਂ ਸ਼ਰਾਬੀ ਹਾਲਤ ਵਿੱਚ ਦੋ ਐਕਸੀਡੈਂਡ ਹੋ ਗਏ। ਸਜਾ ਭੁਗਤਣ ਤੋਂ ਬਆਦ ਉਸ ਨੂੰ ਦੇਸ਼ ਨਿਕਾਲਾਂ ਦਿੱਤਾ ਗਿਆ। ਉਸ ਦੇ ਦੋਨੋਂ ਪੁੱਤਰ ਕਨੇਡੀਅਨ ਜੰਪਲ ਹਨ। ਆਏ ਦਿਨ ਕੋਈ ਨਾਂ ਕੋਈ ਕਨੂੰਨ ਤੋਡ਼ਦੇ ਹਨ। ਜੇਲ ਅੰਦਰ ਆਉਣਾ ਜਾਣਾ ਬੱਣਇਆ ਰਹਿੰਦਾ ਹੈ। ਉਹ ਕਨੇਡੀਅਨ ਹਨ, ਕਨੂੰਨ ਉਨ੍ਹਾਂ ਨੂੰ ਦੇਸ਼ ਨਿਕੱਲਾਂ ਨਹੀ ਦੇ ਸਕਦਾ। ਸ਼ਇਦ ਗੁਰਤੇਜ ਉਮਰ ਵੱਡੀ ਹੋਣ ਨਾਲ ਸਹੀ ਬੰਦਾ ਬੱਣ ਜਾਂਦਾ। ਤੇ ਪੁੱਤਰਾਂ ਨੂੰ ਮੱਤ ਦੇ ਸਕਦਾ। ਕਿਉਂਕਿ ਚਡ਼ਦੀ ਉਮਰ ਵਿੱਚ ਖੂਨ ਦੀ ਗਰਮੀ ਹੁੰਦੀ ਹੈ। ਹਰ ਕੋਈ ਜੋਸ਼ ਵਿੱਚ ਗਲਤੀਆ ਕਰਦਾ ਹਨ।

2010 ਦੀ ਵਿਸਾਖੀ 'ਤੇ ਦਸਮੇਸ਼ ਪਿਤਾ ਨਾਲ ਕੁਝ ਗੱਲਾਂ........! -ਮਨਦੀਪ ਖੁਰਮੀ ਹਿੰਮਤਪੁਰਾ (ਲੰਡਨ)

2010 ਦੀ ਵਿਸਾਖੀ 'ਤੇ ਦਸਮੇਸ਼ ਪਿਤਾ ਨਾਲ ਕੁਝ ਗੱਲਾਂ........!

ਮਨਦੀਪ ਖੁਰਮੀ ਹਿੰਮਤਪੁਰਾ (ਲੰਡਨ)
ਲਿਖ-ਤੁਮ,
"ਹਉ ਅਪਰਾਧੀ ਗੁਨਹਗਾਰ ਹਉ ਬੇਮੁਖ ਮੰਦਾ।।"
ਪੜ੍ਹ-ਤੁਮ,
ਬਹੁਤ ਬਹੁਤ ਬਹੁਤ ਸਤਿਕਾਰਯੋਗ ਸਰਬੰਸ- ਦਾਨੀ, ਦਸ਼ਮੇਸ਼-ਪਿਤਾ ਜੀਓ....
ਚਰਨ ਬੰਦਨਾ ਕਬੂਲ ਕਰੋ।
      ਜਦੋਂ 1699ਵੇਂ ਦੀ ਵਿਸਾਖੀ ਵੱਲ ਧਿਆਨ ਗਿਆ ਤਾਂ 2010 ਦੀ ਇਸ ਵਿਸਾਖੀ ਬਾਰੇ ਸੋਚ ਕੇ ਤੁਹਾਡੇ ਨਾਲ ਗੱਲਾਂ ਕਰਨ ਨੂੰ ਮਨ ਕਾਹਲਾ ਜਿਹਾ ਹੋਣ ਲੱਗ ਗਿਆ ਸੀ। ਮਾਫ਼ ਕਰਨਾ ਕਿ ਮੈਂ ਕਮਅਕਲ ਨਿਰਣੇ ਕਾਲਜੇ ਹੀ ਤੁਹਾਡੇ ਨਾਲ ਗੱਲੀਂ ਜੁਟ ਗਿਆ। ਪੁੱਤਰਾਂ ਨੂੰ ਇੰਨਾ ਕੁ ਤਾਂ ਹੱਕ ਹੁੰਦਾ ਹੀ ਹੈ ਕਿ ਉਹ ਆਪਣੇ ਦਲੀਲ-ਪਸੰਦ ਪਿਤਾ ਨਾਲ ਆਪਣੀਆਂ ਗੱਲਾਂ ਸਾਂਝੀਆਂ ਕਰ ਸਕਣ।
ਦਸ਼ਮੇਸ਼ ਪਿਤਾ ਜੀ, ਤੁਸੀਂ ਤਾਂ ਵਿਸਾਖੀ ਦੇ ਦਿਨ ਨੂੰ Ḕਖਾਲਸਾ ਪੰਥḔ ਦਾ ਨੀਂਹ ਪੱਥਰ ਰੱਖਣ ਦੇ ਇਤਿਹਾਸਕ ਦਿਨ ਵਜੋਂ ਚੁਣਿਆ ਸੀ। ਕਿਰਤੀ ਲੋਕਾਂ ਨੂੰ ਮਿਹਨਤ ਮੁਸ਼ੱਕਤ ਤੋਂ ਪਾਸੇ ਹੋ ਕੇ ਦੋ ਪਲ ਨੱਚਣ ਟੱਪਣ ਦੇ ਮਕਸਦ ਨਾਲ ਚੱਲੇ ਆਉਂਦੇ ਵਿਸਾਖੀ ਦੇ ਤਿਓਹਾਰ ਨੂੰ ਤੁਸੀਂ ਉਸ ਖਾਲਸੇ ਦੀ ਸਿਰਜਣਾ ਲਈ ਚੁਣਿਆ ਸੀ ਜਿਸਦਾ ਪਹਿਲਾ ਉਦੇਸ਼ ਹੀ ਕਿਰਤ ਦੀ ਲੁੱਟ ਭਾਵ ਨਿਤਾਣਿਆਂ ਦੀ ਜ਼ਾਲਮਾਂ ਹੱਥੋਂ ਲੁੱਟ ਹੋਣ ਤੋਂ ਬਚਾਉਣਾ ਸੀ। ਇਹ ਹਰਗਿਜ ਨਹੀਂ ਸੀ ਕਿ ਉਸੇ ਦਿਨ ਦੀ ਪਵਿੱਤਰਤਾ ਨੂੰ ਪੰਥ ਦੀ ਸੇਵਾ ਦੇ ਨਾਂ Ḕਤੇ ਕਾਨਫਰੰਸਾਂ ਕਰਕੇ ਇੱਕ ਦੂਜੇ ਨੂੰ ਭੰਡਿਆ ਜਾਵੇ ਜਾਂ ਜੁਆਕਾਂ ਵਰਗੀਆਂ ਬਿਆਨਬਾਜ਼ੀਆਂ ਕਰਕੇ ਕੁਰਬਾਨੀਆਂ ਭਰੇ ਪੰਥ ਦੇ ਰੁਤਬੇ ਦਾ ਲੋਕਾਂ ਸਾਹਮਣੇ ਮੌਜੂ ਬਣਾਇਆ ਜਾਵੇ। ਗੁਰੂ ਜੀ, ਕਿੰਨਾ ਹਾਸੋਹੀਣਾ ਕੰਮ ਹੁੰਦੈ ਜਦੋਂ ਸ਼੍ਰੋਮਣੀ ਕਮੇਟੀ ਵੱਲੋਂ ਇਸ ਦਿਨ ਤੁਹਾਡੇ ਖਾਲਸੇ ਦੀ ਸਾਜਣਾ ਦੀ ਹਰ ਵਰ੍ਹੇਗੰਢ ਮੌਕੇ ਸਮਾਗਮ ਕੀਤੇ ਜਾਂਦੇ ਹਨ, ਪਰ ਇੱਕ ਦੂਜੇ ਦੇ ਭੰਡੀ ਪ੍ਰਚਾਰ ਤੋਂ ਬਿਨਾਂ ਕੋਈ ਦੂਜੀ ਗੱਲ ਹੀ ਨਹੀਂ ਹੁੰਦੀ। ਆਹ ਐਤਕੀ ਦੇਖ ਲਿਓææææ ਐਤਕੀਂ ਤਾਂ ਸਾਡੇ ਜੱਥੇਦਾਰਾਂ ਤੇ ਬਾਦਲ ਸਾਬ੍ਹ ਕਿਆਂ ਕੋਲ ਵਿਸਾਖੀ ਸਮਾਗਮਾਂ Ḕਤੇ ਅਖਬਾਰਾਂ ਲਈ ਬਿਆਨ ਦਾਗਣ ਵਾਸਤੇ ਮੁੱਦਿਆਂ ਦੇ ਹੀ ਟੋਕਰੇ ਭਰੇ ਪਏ ਹਨ। ਐਤਕੀਂ ਖੁੰਬ ਠਪਵਾਉਣ ਲਈ ਪ੍ਰੋ; ਦਰਸਨ ਸਿਉਂ, ਜੱਥੇਦਾਰ ਝੀਂਡਾ, ਅਵਤਾਰ ਸਿਉਂ ਸਰਨਾ ਵਰਗੇ ਤਾਂ ਨੀਂ ਮਾਂ ਨੂੰ ਜੰਮੇæææææ ਇਹਨਾਂ ਨੂੰ ਦੇਖਿਉ ਕਿਵੇਂ ਲੰਮੇ ਹੱਥੀਂ ਲਿਆ ਜਾਂਦੈ। ਬੜੇ ਦੁੱਖ ਨਾਲ ਕਹਿਣਾ ਪੈ ਰਿਹੈ ਕਿ ਤੁਸੀਂ ਜਿਸ ਤਰ੍ਹਾਂ ਦੇ ਸਮਾਜ ਦੀ ਸਿਰਜਣਾ ਕਰਨ ਦਾ ਸੁਪਨਾ ਦੇਖਿਆ ਸੀ ਓਹ ਤਾਂ 311 ਸਾਲ ਬੀਤ ਜਾਣ ਦੇ ਬਾਵਜੂਦ ਵੀ ਜਿਉਂ ਦਾ ਤਿਉਂ ਹੈ। ਤੁਸੀਂ ਤਾਂ ਜਾਤ ਪਾਤ ਦਾ ਪਾੜਾ ਖਤਮ ਕਰਨ ਦਾ ਰਾਹ ਚੁਣਿਆ ਸੀ ਪਰ ਆਪਣੇ ਆਪ ਨੂੰ ਸਿੱਖ ਪੰਥ ਦੇ ਠੇਕੇਦਾਰ ਅਖਵਾਉਣ ਵਾਲੇ ਲੋਕਾਂ ਨੇ ਤਾਂ ਤੁਹਾਡੀ ਸੋਚ ਨੂੰ ਲੋਕਾਂ ਤੱਕ ਪਹੁੰਚਾਉਣ ਦਾ ਇਮਾਨਦਾਰੀ ਨਾਲ ਕੋਈ ਕਦਮ ਹੀ ਨਹੀਂ ਚੁੱਕਿਆ। ਪੰਜ ਅਰਬ ਤੋਂ ਵੀ ਵੱਧ ਦੇ ਲਾਹੇ ਦੇ ਬਜਟ ਵਾਲੀ ਸ੍ਰੋਮਣੀ ਕਮੇਟੀ ਦੇ ਜੱਥੇਦਾਰਾਂ ਨੂੰ ਤਾਂ ਵਿਚਾਰਿਆਂ ਨੂੰ Ḕਪ੍ਰਚਾਰḔ ਲਈ ਮਿਲੀਆਂ ਆਪਣੀਆਂ ਮੁਫਤ ਦੀਆਂ ਗੱਡੀਆਂ Ḕਤੇ ਹੂਟਰ- ਲਾਲ ਬੱਤੀਆਂ ਲਾਉਣ ਦਾ ਲਾਲਚ ਹੀ ਹੋਰ ਕੁਝ ਸੋਚਣ ਨਹੀਂ ਦੇ ਰਿਹਾ। ਜਿਹਨਾਂ ਨੇ ਤੁਹਾਡੀ ਇਨਕਲਾਬੀ ਸੋਚ ਨੂੰ ਆਮ ਲੋਕਾਂ ਦੇ ਜ਼ਿਹਨ ਦਾ ਹਿੱਸਾ ਬਣਾਉਣਾ ਸੀ, ਓਹ ਤਾਂ ਖੁਦ ਮਾਇਆਧਾਰੀ ਹੋਏ ਪਏ ਹਨ। ਜਿਸਦੀ ਉਦਾਹਰਣ ਸਰਵਉੱਚ ਧਾਰਮਿਕ ਅਸਥਾਨ ਦੇ ਗਲਿਆਰਿਆਂ ਅੰਦਰੋਂ ਕਦੇ ਦੇਗ ਵਾਲੀਆਂ ਪਰਚੀਆਂ, ਕਦੇ ਫਰਨੀਚਰ ਘੁਟਾਲੇ ਦੀਆਂ ਅਖ਼ਬਾਰਾਂ ਰਾਹੀਂ ਨਸ਼ਰ ਹੋਈਆਂ ਖ਼ਬਰਾਂ ਤੋਂ ਲਈ ਜਾ ਸਕਦੀ ਹੈ। ਇਹਨਾਂ 'ਤੇ ਹੀ ਬਾਣੀ ਦਆਿਂ ਪੰਕਤੀਆਂ ਵਧੇਰੇ ਲਾਗੂ ਹੁੰਦੀਆਂ ਹਨ ਕਿ,
ਮਾਇਆਧਾਰੀ ਅਤਿ ਅੰਨਾ ਬੋਲਾ।।
ਸ਼ਬਦ ਨ ਸੁਣਈ ਬਹੁ ਰੋਲ ਘਚੋਲਾ।।
ਲੋਕਾਂ ਨੂੰ ਸੇਧ ਦੇਣ ਵਾਲੇ ਜੱਥੇਦਾਰ ਤਾਂ ਵਿਚਾਰੇ ਖੁਦ Ḕਤ'ਣਕਿਆਂ' ਆਸਰੇ ਚਲਦੇ ਨੇ.... ਉਹ ਤੁਹਾਡੀਆਂ ਸਿੱਖਿਆਵਾਂ ਦਾ ਪ੍ਰਚਾਰ ਕਿਹੜੇ ਵੇਲੇ ਕਰਨ, ਉਹਨਾਂ ਨੂੰ ਤਾਂ ਇੱਕ ਪ੍ਰਵਾਰ ਤੋਂ ਬਿਨਾਂ ਦਿਸਦਾ ਹੀ ਕੁਛ ਨਹੀਂ। ਉਹ ਤਾਂ ਉਹਨਾਂ ਥਾਵਾਂ Ḕਤੇ ਜਾ ਕੇ ਹਾਜ਼ਰੀਆਂ ਭਰ ਆਉਂਦੇ ਨੇ ਜਿੱਥੇ ਪਹਿਲਾਂ ਹੀ ਲੋਕਾਂ ਦਾ ਖ਼ਾਸਾ ਜਮਘਟ ਲੱਗਿਆ ਹੁੰਦੈ.... ਗੁਰੂ ਜੀ, ਅੱਜ ਤੋਂ 10 ਕੁ ਸਾਲ ਪਹਿਲਾਂ ਇੱਕ ਆਪੇ ਬਣੇ ਬਾਬਾ ਜੀ ਨੇ ਪੰਜਾਬ 'ਚ ਇੱਕ ਥੇਹ 'ਚੋਂ ਸੋਨੇ ਦੀਆਂ ਮੋਹਰਾਂ ਕੱਢਣ ਦਾ ਕੌਤਕ ਕਰਨਾ ਸੀ ਪਰ ਤਰਕਸ਼ੀਲਾਂ ਦੀ ਵਿਰੋਧਤਾ ਕਰਕੇ ਬਾਬਾ ਜੀ ਕੌਤਕ ਨਹੀਂ ਸਨ ਕਰ ਸਕੇ। ਬਾਦ 'ਚ ਉਹਨਾਂ ਨੇ ਆਪਣਾ ਗੁਰਦੁਆਰਾ ਬਣਾ ਕੇ 'ਅੰਮ੍ਰਿਤ ਸੰਚਾਰ' ਕਰਨਾ ਸ਼ੁਰੂ ਕਰ ਦਿੱਤਾ। ਅੱਜਕੱਲ੍ਹ ਬਾਬਾ ਜੀ ਦੀ ਸਰਕਾਰੇ ਦਰਬਾਰੇ ਪੂਰੀ ਚੜ੍ਹਾਈ ਹੈ। ਹੋਰ ਤਾਂ ਹੋਰ ਅਕਾਲ ਤਖਤ ਦੇ ਜੱਥੇਦਾਰ ਸਾਬ੍ਹ ਵੀ ਲੰਘਦੇ ਕਰਦੇ ਗੇੜਾ ਮਾਰ ਜਾਦੇ ਨੇ। ਗੁਰੂ ਜੀ, ਇਸ ਬਾਬਾ ਜੀ ਨੇ ਵੀ ਲੋਕਾਂ ਨੂੰ ਤੁਹਾਡੀਆਂ ਇਤਿਹਾਸਕ ਨਿਸ਼ਾਨੀਆਂ ਦੇ ਦਰਸ਼ਨ ਕਰਵਾਏ ਹਨ। ਇਹਨਾਂ ਸਮਾਗਮਾਂ ਵਿੱਚ ਵੀ ਜੱਥੇਦਾਰ ਸਾਬ੍ਹ ਚੌਕੜੀ ਮਾਰੀ ਬੈਠੇ ਸਨ। ਕਦੇ ਕਦੇ ਖਿਆਲ ਆਉਂਦੈ ਕਿ ਬਾਬਾ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਤੁਸੀਂ ਵੀ ਤਾਂ ਲੋਕਾਈ ਨੂੰ ਪ੍ਰਚਾਰ ਰਾਹੀਂ ਹੀ ਸਿਆਣੇ ਕਰਨ ਦੇ ਉਪਰਾਲੇ ਕੀਤੇ ਸਨ। ਤੁਹਾਡੇ ਵੱਲੋਂ ਤਾਂ ਪ੍ਰਚਾਰ ਉੱਪਰ ਕੀਤੇ ਖਰਚਿਆਂ ਦਾ ਕਿੱਧਰੋਂ ਕੋਈ ਪ੍ਰਮਾਣ ਨਹੀਂ ਮਿਲਦਾ ਕਿ ਗੁਰੂਆਂ ਨੇ ਪ੍ਰਚਾਰ ਲਈ ਐਨੇ ਹਜ਼ਾਰ ਜਾਂ ਐਨੇ ਲੱਖ ਖਰਚ ਦਿੱਤੇ। ਪਰ ਅੱਜ ਕੀ ਦੇਖਦੇ ਹਾਂ ਕਿ ਸਿੱਖੀ ਦੇ ਪ੍ਰਚਾਰ ਲਈ ਲੱਖਾਂ ਕਰੋੜਾਂ ਖਰਚੇ ਜਾ ਰਹੇ ਹਨ ਪਰ ਸਿੱਖੀ ਮਨਾਂ ਦੀ ਬਜਾਏ 'ਤਨਾਂ' ਉੱਪਰ ਵਧੇਰੇ ਉੱਕਰੀ ਜਾ ਰਹੀ ਹੈ। ਕੀ ਇਸਨੂੰ 'ਸਸਤਾ ਪ੍ਰਚਾਰ' ਕਿਹਾ ਜਾਵੇ ਕਿ ਤੁਹਾਡੇ ਵੱਲੋਂ ਬਖਸ਼ੇ ਕੱਕਾਰਾਂ 'ਚੋਂ ਇੱਕ ਕੱਕਾਰ ਕੜੇ ਨੂੰ ਮੇਰੇ ਵਰਗੇ ਘੋਨ-ਮੋਨ ਜਿਹੇ ਵੀ ਸਿਰਫ ਤੇ ਸਿਰਫ ਇੱਕ ਦੂਜੇ ਦਾ ਨੱਕ ਭੰਨ੍ਹਣ ਲਈ ਹੀ ਵਰਤ ਰਹੇ ਹਨ ਜਾਂ ਫਿਰ 'ਅਸਲ ਪਛਾਣ ਪੰਜਾਬੀ ਦੀ ਗਲ ਪਾਇਆ ਖੰਡਾ  ਗੀਤ ਵਾਂਗ ਆਪਣੇ ਪੰਜਾਬੀ ਹੋਣ ਦਾ ਪ੍ਰਮਾਣ ਦੇਣ ਲਈ ਨੌਜ਼ਵਾਨ ਗਲਾਂ 'ਚ ਖੰਡੇ ਪਾ ਰਹੇ ਹਨ ਜਾਂ ਡੌਲਿਆਂ 'ਤੇ ਖੰਡੇ ਖੁਣਵਾ ਰਹੇ ਹਨ। ਜਾਂ ਕਿਸੇ ਹਜ਼ਾਮ ਕੋਲੋਂ ਵਾਲਾਂ ਦੀ ਕੱਟ ਵੱਢ ਕਰਵਾ ਕੇ ਗਿੱਚੀਆਂ 'ਚ ਖੰਡੇ ਬਣਵਾ ਕੇ ਦੱਸ ਰਹੇ ਹਨ ਕਿ 'ਅਸੀਂ ਪੰਜਾਬੀ ਹਾਂ'।
   ਗੁਰੂ ਜੀ, ਤੁਸੀਂ ਤਾਂ ਵਣਜ ਕੀਤਾ ਸੀ ਕਿ ਲੋਕਾਈ ਦਾ ਮਾਸ ਚੂੰਡਣ ਵਾਲਿਆਂ ਤੋਂ ਖਹਿੜ੍ਹਾ ਛੁਡਾਉਣ ਲਈ ਚਾਰੇ ਸਾਹਿਬਜ਼ਾਦੇ ਕੌਮ ਲਈ ਕੁਰਬਾਨ ਕਰ ਦਿੱਤੇ। ਪਰ ਹੁਣ ਕੀ ਦੇਖਦੇ ਹਾਂ ਕਿ ਸਾਡੇ ਆਪਣੇ ਲੋਕ ਆਪਣਿਆਂ ਦਾ ਹੀ ਮਾਸ ਚੂੰਡਣ ਲਈ ਤੁਹਾਡਾ ਨਾਂ ਵਰਤ ਰਹੇ ਹਨ। ਸਰਕਾਰਾਂ ਆਪਣੇ ਬੁਨਿਆਦੀ ਫ਼ਰਜ਼ਾਂ ਤੋਂ ਵੀ ਮੁਨਕਰ ਹੋਈਆਂ ਪਈਆਂ ਹਨ ਤੇ ਸਰਕਾਰੀ ਸਕੂਲਾਂ ਦਾ ਮੰਦਾ ਹਾਲ ਹੋਇਆ ਪਿਐ। ਆਮ ਲੋਕਾਂ ਤੋਂ ਥੋੜ੍ਹੇ ਜਿਹੇ 'ਉਤਲੇ' ਲੋਕਾਂ ਨੇ ਕਿਧਰੇ 'ਦਸਮੇਸ਼ ਪਬਲਿਕ ਸਕੂਲ' ਖੋਲ੍ਹ ਲਏ ਨੇ, ਕਿਧਰੇ 'ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ' ਖੋਲ੍ਹ ਲਏ ਨੇ ਤੇ ਕਿਧਰੇ 'ਮਾਤਾ ਗੁਜ਼ਰੀ ਜੀ ਗਰਲਜ਼ ਕਾਲਜ'æ ਖੋਲ੍ਹ ਲਏ ਨੇ। ਨਾਂ ਤੁਹਾਡਾ ਤੇ ਜੇਬਾਂ ਆਪਣੀਆਂ ਨੱਕੋ ਨੱਕ ਭਰ ਰਹੇ ਨੇ ਸਿਆਸਤੀ ਲੋਕ। ਮਨਚਾਹੀਆਂ ਫੀਸਾਂ ਵਸੂਲੀਆਂ ਜਾਂਦੀਆਂ ਨੇ। ਸਰਕਾਰੀ ਨੌਕਰੀਆਂ ਤੋਂ ਝਾਕ ਹਟਾ ਚੁੱਕੇ ਬੇਰੁਜ਼ਗਾਰ ਅਧਿਆਪਕਾਂ, ਮਾਪਿਆਂ ਅਤੇ ਵਿਦਿਆਰਥੀਆਂ ਦਾ ਰੱਜ ਕੇ ਸ਼ੋਸ਼ਣ ਕੀਤਾ ਜਾਂਦਾ ਹੈ। ਇੱਥੇ ਹੀ ਬੱਸ ਨਹੀਂ ਤੁਹਾਡੇ ਨਾਂ ਦਾ ਲਾਹਾ ਲੈਣ 'ਚ ਤਾਂ ਸੂਦਖੋਰ ਆੜ੍ਹਤੀਏ ਵੀ ਪਿੱਛੇ ਨਹੀਂ.... ਤੁਹਾਨੂੰ ਵੀ ਪਤੈ ਕਿ ਹਟਵਾਣੀਏ ਨੇ ਆਪਣੇ ਗਾਹਕ 'ਤੇ ਹੀ ਤਰਸ ਕਰ ਲਿਆ ਤਾਂ ਫੇਰ ਓਹਦਾ ਗੱਲਾ ਕਿਵੇਂ ਭਰੂ? ਆੜ੍ਹਤੀਏ ਨੇ ਵੀ ਆਪਣੇ ਮੁਨਾਫੇ ਲਈ ਅੰਨਦਾਤੇ ਨੂੰ ਹੀ ਗੋਡਿਆਂ ਹੇਠਾਂ ਲੇਣੈ........ ਗੁਰੂ ਜੀ, ਬਥੇਰਿਆਂ ਨੇ ਤਾਂ ਆਪਣੀ ਆੜ੍ਹਤ ਦੀਆ ਦੁਕਾਨਾਂ ਦੇ ਨਾਂ ਵੀ ਤੁਹਾਡੇ ਨਾਂ 'ਤੇ ਰੱਖ ਲਏ ਹਨ ਜਿਵੇਂ 'ਦਸਮੇਸ਼ ਟਰੇਡਿੰਗ ਕੰਪਨੀ' ਵਗੈਰਾ ਵਗੈਰਾ। ਹੋਰ ਤਾਂ ਹੋਰ ਤੁਸੀਂ ਤਾਂ ਆਨੰਦ ਕਾਰਜਾਂ ਦੀ ਰਸਮ ਮਨੁੱਖੀ ਰਿਸ਼ਤਿਆਂ ਨੂੰ ਪਵਿੱਤਰਤਾ ਦੇ ਬੰਧਨ 'ਚ ਬੰਨ੍ਹਣ ਲਈ ਵਿੱਢੀ ਸੀ ਪਰ ਗੁਰੂ ਜੀ ਤੁਹਾਡੇ ਸਿੱਖਾਂ ਦੀ ਜ਼ਮੀਰ ਇੰਨੀ ਗਿਰ ਗਈ ਹੈ ਕਿ ਆਨੰਦ ਕਾਰਜਾਂ ਨੂੰ ਵਿਦੇਸ਼ਾਂ 'ਚ ਪੈਰ ਜਮਾਉਣ ਲਈ ਪੌੜੀ ਵਜੋਂ ਵਧੇਰੇ ਵਰਤ ਰਹੇ ਹਨ। ਰੌਂਗਟੇ ਖੜ੍ਹੇ ਕਰਨ ਦੇਣ ਵਾਲੀਆਂ ਇਹ ਗੱਲਾਂ ਤਾਂ ਪੰਜਾਬ ਦੇ ਹਰ ਬੱਚੇ ਬੱਚੇ ਨੂੰ ਪਤਾ ਹੋਣਗੀਆਂ ਕਿ ਕਿਵੇਂ ਕੈਨੇਡਾ ਅਮਰੀਕਾ ਜਾਣ ਲਈ ਆਪਣੀਆਂ ਹੀ ਧੀਆਂ ਨਾਲ ਲੋਰੀਆਂ ਦੇਣ ਵਾਲੇ ਪਿਉਆਂ ਨੇ ਤੇ ਆਪਣੀਆਂ ਸਕੀਆਂ ਭੈਣਾਂ ਤੋਂ ਰੱਖੜੀਆਂ ਬੰਨ੍ਹਵਾਉਣ ਵਾਲੇ ਭਰਾਵਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ 'ਚ ਹੀ ਲਾਵਾਂ ਲੈਣ ਦਾ ਕੰਜਰਕਿੱਤਾ ਵਿੱਢਿਆ ਹੋਇਆ ਹੈ। ਗੁਰੂ ਜੀ ਇਹੋ ਜਿਹੇ ਲੋਕਾਂ ਨੂੰ ਤੁਸੀਂ ਕਿੱਧਰ ਦੇ ਸਿੱਖ ਕਹੋਗੇ ਜੋ ਸਿਰਫ ਤੇ ਸਿਰਫ ਪੈਸੇ ਦੇ ਪੁੱਤ ਬਣ ਗਏ ਨੇ, ਬੇਸ਼ੱਕ ਨਾਵਾਂ ਨਾਲ 'ਸਿੰਘ ਜਾਂ ਕੌਰ' ਲੱਗਿਆ ਹੋਇਆ ਹੈ? ਜਿਹੜੇ ਲੋਕਾਂ ਨੇ ਵਿਦੇਸ਼ਾਂ ਦੇ ਵੀਜਿਆਂ ਦੇ ਲਾਲਚ 'ਚ ਆਪਣੀ ਜ਼ਮੀਰ ਹੀ ਗਹਿਣੇ ਕਰ ਦਿੱਤੀ, ਉਹਨਾਂ ਲੋਕਾਂ ਤੋਂ ਸਿੱਖੀ ਦੇ ਭਲੇ ਦੀ ਕੀ ਆਸ ਰੱਖੀ ਜਾ ਸਕਦੀ ਹੈ। ਗੁਰੂ ਜੀ ਇੱਕ ਗੱਲ ਭੁੱਲ ਚੱਲਿਆ ਸੀ...... ਇਹ ਤਾਂ ਆਮ ਲੋਕਾਂ ਦੀ ਗੱਲ ਸੀ। ਹੁਣ ਉਹਨਾਂ ਲੀਡਰਾਂ ਦੀ ਵੀ ਸੁਣ ਲਓ ਜੋ ਸਿੱਖਾਂ ਨੂੰ ਤਰ੍ਹਾਂ ਤਰ੍ਹਾਂ ਦੇ ਸਬਜ਼ਬਾਗ ਦਿਖਾ ਰਹੇ ਨੇ। ਵੀਜ਼ਾ ਤਾਂ ਲੀਡਰਾਂ ਲਈ ਵੀ ਰੱਬੀ ਦਾਤ ਵਰਗਾ ਪ੍ਰਤੀਤ ਹੁੰਦੈ। ਜੇ ਅਜਿਹਾ ਨਾ ਹੁੰਦਾ ਤਾਂ ਕਿਸੇ ਵੇਲੇ ਪੰਜਾਬ 'ਚੋਂ ਮੈਂਬਰ ਪਾਰਲੀਮੈਂਟ ਵਜੋਂ ਜਿੱਤੇ ਸਿੱਖ ਆਗੂ ਸਾਬ੍ਹ ਇੰਗਲੈਂਡ ਦਾ ਵੀਜ਼ਾ ਲੈਣ ਵੇਲੇ ਵੀ ਇਸੇ ਮੁੱਦੇ 'ਤੇ ਅੜਦੇ ਕਿ "ਮੈਂ ਤਾਂ ਜਹਾਜ਼ 'ਚ ਵੀ ਕਿਰਪਾਨ ਨਾਲ ਲਿਜਾਣੀ ਹੈ।" ਪਰ ਅਫ਼ਸੋਸ ਕਿ ਉਕਤ ਆਗੂ ਸਾਬ੍ਹ ਪਾਰਲੀਮੈਂਟ 'ਚ ਕਿਰਪਾਨ ਨਾਲ ਲਿਜਾਣ ਲਈ ਅੜ ਬੈਠੇ ਸਨ ਪਰ ਜਹਾਜ ਬਿਨਾਂ ਕਿਰਪਾਨ ਤੋਂ ਹੀ ਚੜ੍ਹ ਆਏ ਸਨ।
 ਗੁਰੂ ਜੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਕਲਨਤਾ ਵੇਲੇ ਜੋ 'ਕਮੇਟੀ' ਬਣੀ ਸੀ ਉਸ ਵਿੱਚ ਤਾਂ ਸਭ ਗੁਰੂ ਸਾਹਿਬਾਨ, ਭਗਤ, ਭੱਟ ਗੈਰ ਸਿੱਖ ਹੀ ਸਨ। ਕਿਉਂਕਿ ਸਿੱਖੀ ਦਾ ਸੰਕਲਪ ਤਾਂ ਤੁਸੀਂ 1699 'ਚ ਦਿੱਤਾ ਸੀ। ਫਿਰ ਉਸੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸਿੱਖਿਆਵਾਂ 'ਤੇ ਇਹ ਕਿੱਧਰ ਦਾ ਅਮਲ ਹੋਇਆ ਕਿ ਅੱਜ ਗੈਰ ਸਿੱਖਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਵਾਲੇ ਗੁਰਦੁਆਰਾ ਸਾਹਿਬਾਨਾਂ ਦੀਆਂ ਕਮੇਟੀਆਂ ਜਾਂ ਚੋਣਾਂ ਤੋਂ ਹੀ ਦੂਰ ਕਰ ਦਿੱਤਾ ਗਿਆ ਹੈ। ਤੁਹਾਡੀ ਦੂਰ ਅੰਦੇਸ਼ੀ ਸੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ 6 ਗੁਰੂ ਸਾਹਿਬਾਨਾਂ, 15 ਭਗਤਾਂ ਤੇ 11 ਭੱਟਾ ਦੀ ਬਾਣੀ ਹੀ ਦਰਜ਼ ਕਰਵਾਈ ਨਾ ਕਿ ਆਪਣੀ। ਜੇ ਸਿੱਖ ਜਾਂ ਗੈਰ ਸਿੱਖ ਦਾ ਪਾੜਾ ਪਾਉਣ ਦੀ ਹੀ ਗੱਲ ਹੁੰਦੀ ਤਾਂ ਤੁਸੀਂ ਵੀ ਔਰੰਗਜ਼ੇਬ ਤੋਂ ਤੰਗ ਹੋ ਕੇ ਤੁਹਾਡੀ ਸ਼ਰਣ ਆਏ ਭਾਈ ਨੰਦ ਲਾਲ ਜੀ ਨੂੰ ਸਭ ਤੋਂ ਪਹਿਲਾਂ ਭਾਈ ਨੰਦ ਸਿੰਘ ਬਣਾ ਲਿਆ ਹੁੰਦਾ। ਜਿਸ ਸਿੱਖੀ ਨੂੰ ਤੁਸੀਂ ਵਿਸ਼ਾਲ ਅਰਥ ਦਿੱਤੇ, ਉਸਨੂੰ ਤਾਂ ਅਸੀਂ ਖੁਦ ਹੀ ਵਲਗਣਾਂ 'ਚ ਕੈਦ ਕਰੀ ਜਾ ਰਹੇ ਹਾਂ। ਤੁਸੀਂ ਤਾਂ ਹਿੰਦੂਆਂ ਦੀ ਰੱਖਿਆ ਲਈ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਖੁਦ ਸ਼ਹੀਦੀ ਦੇਣ ਲਈ ਤੋਰਿਆ ਸੀ ਤੇ ਮੁਸਲਮਾਨ ਵੀ ਆਪ ਜੀ ਦੇ ਪ੍ਰੇਮ 'ਚ ਰੰਗੇ ਆਪ ਜੀ ਨੂੰ 'ਉੱਚ ਦਾ ਪੀਰ' ਕਹਿ ਕੇ ਵਡਿਆ ਗਏ ਸਨ ਤੇ ਪੀਰ ਬੁੱਧੂ ਸ਼ਾਹ ਜੀ ਵੀ ਆਪਣੇ ਖਾਨਦਾਨ, 700 ਮੁਰੀਦਾਂ ਨੂੰ ਸਿੱਖੀ ਲਈ ਕੁਰਬਾਨ ਕਰ ਗਏ ਸਨ। ਗੁਰੁਆਂ ਨੇ ਤਾਂ ਸ੍ਰੀ ਹਰਮੰਦਰ ਸਾਹਿਬ ਜੀ ਦੀ ਨੀਂਹ ਵੀ ਸਾਂਈਂ ਮੀਆਂ ਮੀਰ ਜੀ ਤੋਂ ਰਖਵਾਈ ਸੀ ਤਾਂ ਕਿ ਆਪਸੀ ਭਰੱਪਾ ਬਣਿਆ ਰਹੇ। ਪਰ ਹੁਣ ਆਹ ਕੀ ਹੋ ਰਿਹਾ ਹੈ ਕਿ ਸਿੱਖਾਂ ਤੋਂ ਬਗੈਰ ਕਿਸੇ 'ਹੋਰ' ਨੂੰ ਗੁਰੂ ਘਰਾਂ ਦੀਆਂ 'ਕਮੇਟੀਆਂ' ਦੇ ਨੇੜੇ ਵੀ ਨਹੀਂ ਫਟਕਣ ਦਿੱਤਾ ਜਾ ਰਿਹਾ। ਗੁਰੂ ਜੀ, ਜੇ ਗੈਰ ਸਿੱਖਾਂ ਨੂੰ ਗੁਰੂ ਘਰਾਂ 'ਚੋਂ ਹੀ ਸਤਿਕਾਰ ਨਹੀਂ ਮਿਲੇਗਾ ਤਾਂ ਉਹ ਗੁਰੂ ਘਰਾਂ ਦਾ ਸਤਿਕਾਰ ਕਿਸ ਤਰ੍ਹਾਂ ਕਰਨਗੇ? ਇਸ ਨਾਲ ਤਾਂ ਦੂਰੀਆਂ ਹੋਰ ਵਧਣਗੀਆਂ। 311 ਸਾਲ ਦਾ ਸਫ਼ਰ ਤੈਅ ਕਰ ਚੁੱਕੀ ਸਿੱਖੀ ਫਿਰ ਉਸੇ ਕੇਂਦਰ ਬਿੰਦੂ 'ਤੇ ਨਾ ਆ ਜਾਵੇ ਜਿੱਥੋਂ ਤੁਸੀਂ ਇਸ ਨੂੰ 'ਹਰੀ ਝੰਡੀ' ਦਿੱਤੀ ਸੀ।
ਗੁਰੂ ਜੀ, ਆਮ ਲੋਕਾਂ ਤੱਕ ਤਾਂ 311 ਸਾਲ ਬੀਤ ਜਾਣ ਦੇ ਬਾਵਜੂਦ ਵੀ ਸਿੱਖੀ ਦੇ ਸਹੀ ਅਰਥ ਨਹੀਂ ਪਹੁੰਚੇ। æਲੋਕ ਤਾਂ ਵਿਚਾਰੇ ਆਪਣੀ ਹੋਣੀ ਦੇ ਖੁਦ ਮਾਲਕ ਬਣਨ ਨਾਲੋਂ ਦਰ ਦਰ ਮੱਥੇ ਰਗੜਣ ਲਈ ਮਜ਼ਬੂਰ ਕੀਤੇ ਪਏ ਹਨ। ਜਿਹਨਾਂ ਲੋਕਾਂ ਨੇ ਤੁਹਾਡੀਆਂ ਸਿੱਖਿਆਵਾਂ ਨੂੰ ਅੱਗੇ ਪਰਸਾਰਿਤ ਕਰਨਾ ਸੀ ਓਹ ਤਾਂ ਖੁਦ ਹੀ ਇਖਲਾਕੀ ਤੌਰ 'ਤੇ ਪੰਜ ਵਿਕਾਰਾਂ ਨੇ ਮਧੋਲੇ ਪਏ ਹਨ। ਗੁਰਦੁਆਰਾ ਛੇਹਰਟਾ ਸਾਹਿਬ ਅੰਮ੍ਰਿਤਸਰ ਦੇ ਮੈਨੇਜ਼ਰ ਉੱਪਰ ਪਰ-ਇਸਤਰੀ ਨਾਲ ਰੰਗਰਲੀਆਂ ਮਨਾਉਣ ਦੇ ਦੋਸ਼ 'ਚ ਦਰਜ ਹੋਏ ਕੇਸ ਤੇ ਬੇਦੀ ਸਾਬ੍ਹ ਦੇ ਕਾਮੀ ਪੁਰਸ਼ ਵਜੋਂ ਅਖਬਾਰਾਂ 'ਚ ਨਸ਼ਰ ਹੋਈਆਂ ਨਿਰਵਸਤਰ ਤਸਵੀਰਾਂ ਇਸ ਦੀ ਪੁਖਤਾ ਉਦਾਹਰਣ ਹਨ। ਗੁਰੂ ਜੀ, ਅਸੀਂ ਤਾਂ ਸਗੋਂ ਪਹਿਲਾਂ ਨਾਲੋਂ ਵੀ ਵਧੇਰੇ ਬੂਝੜ ਹੋ ਗਏ ਹਾਂ ਕਿ ਕਦੇ ਕੋਈ 'ਸਿਆਣਾ' ਕਹਿ ਦਿੰਦੈ ਕਿ ਗੁਰਦੁਆਰਾ ਸਾਹਿਬਾਨਾਂ 'ਚ ਭਗਤ ਰਵੀਦਾਸ ਜੀ ਦੀਆਂ ਨੰਗੇ ਸਿਰ ਵਾਲੀਆਂ ਤਸਵੀਰਾਂ ਨਹੀਂ ਲੱਗਣੀਆਂ ਚਾਹੀਦੀਆਂ... ਕਦੇ ਕੁਝ ਕਦੇ ਕੁਝ। ਇੱਕ ਸਵਾਲ ਮਨ 'ਚ ਬਾਰ ਬਾਰ ਆਉਂਦੈ ਕਿ ਜੇ ਧਰਮ ਦੇ ਠੇਕੇਦਾਰ ਅਖਵਾਉਂਦੇ ਇਹ ਲੋਕ ਇਹੋ ਜਿਹੀਆਂ ਬੇਤੁਕੀਆਂ ਬਿਆਨਬਾਜੀਆਂ ਕਰਦੇ ਹਨ ਤਾਂ ਫਿਰ ਉਹ ਗੋਲਕਾਂ 'ਚ ਗਾਂਧੀ ਦੀ ਫੋਟੋ ਵਾਲੇ ਨੋਟ ਜਾਂ ਮਹਾਰਾਣੀ ਦੀ ਫੋਟੋ ਵਾਲੇ ਪੌਂਡ ਡਾਲਰ ਟੇਕਣ ਵਾਲਿਆਂ ਨੂੰ ਕਿਉਂ ਨਹੀਂ ਰੋਕਦੇ? ਕਿਉਂਕਿ ਨਾ ਤਾਂ ਨੋਟਾਂ ਉੱਪਰਲੀ ਫੋਟੋ 'ਚ ਗਾਂਧੀ ਦੇ 'ਟੂਟੀ ਵਾਲੀ ਪੱਗ' ਬੰਨ੍ਹੀ ਹੋਈ ਹੈ ਤੇ ਨਾ ਹੀ ਮਹਾਰਾਣੀ ਨੇ ਪੌਂਡਾਂ 'ਤੇ ਚੁੰਨੀ ਨਾਲ ਸਿਰ ਢਕਿਆ ਹੋਇਆ ਹੈ।
  ਗੁਰੂ ਜੀ, ਚਿੱਠੀ ਬੰਦ ਕਰਨ ਤੋਂ ਪਹਿਲਾਂ ਇੱਕ ਬੇਨਤੀ ਹੈ ਕਿ ਅਮੁੱਲੀ ਸਿੱਖੀ ਨੂੰ ਨੋਟਾਂ ਜਾਂ ਪੌਡਾਂ-ਡਾਲਰਾਂ ਬਦਲੇ ਆਪਣੇ ਹਿਸਾਬ ਨਾਲ ਢਾਲਣ ਵਾਲਿਆਂ ਨੂੰ ਪਿਆਰ ਨਾਲ ਸਮਝਾ ਬੁਝਾ ਕੇ ਸੁਮੱਤ ਬਖਸ਼ੋ। ਇਕੱਲੇ ਔਰੰਗਜ਼ੇਬ ਲਈ ਤਾਂ ਤੁਸੀਂ ਜ਼ਫ਼ਰਨਾਮਾ ਲਿਖ ਦਿੱਤਾ ਸੀ ਪਰ ਘਰ ਘਰ ਬੈਠੇ ਆਪਣੇ ਹੀ ਔਰੰਗਜ਼ੇਬਾਂ ਲਈ ਕਿਸੇ ਹੋਰ ਵਧੇਰੇ ਪ੍ਰਭਾਵਸ਼ਾਲੀ ਤਰਕ-ਬਾਣ ਦੀ ਲੋੜ ਪਵੇਗੀ।
ਦਸਮੇਸ਼ ਪਿਤਾ ਜੀ ਲਫ਼ਜ਼ਾਂ ਦੀ ਵਾਧ-ਘਾਟ ਜਾਂ ਛੋਟਾ ਮੂੰਹ ਵੱਡੀ ਬਾਤ ਵਰਗੀ ਕੋਈ ਗੱਲ ਕਹੀ ਗਈ ਹੋਵੇ ਤਾਂ ਅਣਜਾਣ ਜਾਣ ਕੇ ਖਿਮਾ ਕਰਨਾ।
ਤੁਹਾਡਾ ਹਮੇਸ਼ਾ ਕਰਜ਼ਦਾਰ.......।
ਅਣਜਾਣ ਬੱਚਾ।      

Thursday, April 22, 2010

ਅਲਵਿਦਾ ਗੁਰਸ਼ਾਨ! ਰਿਸ਼ੀ ਗੁਲਾਟੀ

ਅਲਵਿਦਾ ਗੁਰਸ਼ਾਨ!
ਰਿਸ਼ੀ ਗੁਲਾਟੀ, ਐਡੀਲੇਡ (ਆਸਟ੍ਰੇਲੀਆ)
ਘਟੀਆ ਤੇ ਸੌੜੀ ਮਾਨਸਿਕਤਾ ਦੀ ਇਸ ਤੋਂ ਵੱਡੀ ਉਦਾਹਰਣ ਹੋਰ ਕੀ ਹੋ ਸਕਦੀ ਹੈ ਕਿ ਸਿਰਫ਼ ਤਿੰਨ ਸਾਲ ਦੇ ਮਾਸੂਮ ਬੱਚੇ ਨੂੰ ਬਿਨਾਂ ਕਿਸੇ ਕਸੂਰ ਦੇ ਕਤਲ ਕਰ ਦਿੱਤਾ ਜਾਏ | ਘਟੀਆ ਸੋਚ ਨੇ ਇੱਕ ਅਜਿਹੇ ਫੁੱਲ ਨੂੰ ਕੁਚਲ ਦਿੱਤਾ, ਜੋ ਕਿ ਵੱਡਾ ਹੋ ਕੇ ਪਤਾ ਨਹੀਂ ਕੀ ਕੀ ਕਰ ਸਕਦਾ ਸੀ | ਸ਼ਾਇਦ ਕਾਤਲ ਨੇ ਸਮੁੱਚੇ ਭਾਈਚਾਰੇ ਤੋਂ ਇੱਕ ਅਜਿਹਾ ਡਾਕਟਰ ਖੋਹ ਲਿਆ, ਜਿਸਨੇ ਵੱਡਿਆਂ ਹੋ ਕੇ ਅਣਗਿਣਤ ਦੁਖਿਆਰਿਆਂ ਨੂੰ ਰਾਹਤ ਪਹੁੰਚਾਉਣੀ ਹੋਵੇ ਜਾਂ ਇੱਕ ਸਾਇੰਸਦਾਨ ਜਾਂ ਇੰਜੀਨੀਅਰ ਤੇ ਯਕੀਨਨ ਇੱਕ ਮਾਂ ਤੋਂ ਉਸਦੇ ਜਿਗਰ ਦਾ ਟੁਕੜਾ ਤੇ ਇੱਕ ਬਾਪ ਤੋਂ ਉਸਦੇ ਭਵਿੱਖ ਦਾ ਆਸਰਾ | ਉਹ ਮਾਸੂਮ ਗੁਰਸ਼ਾਨ ਜਿਸਨੂੰ ਅਜੇ ਤੱਕ ਆਸਟ੍ਰੇਲੀਆ ਤੇ ਭਾਰਤ ਸ਼ਬਦਾਂ ਦਾ ਫ਼ਰਕ ਵੀ ਨਹੀਂ ਪਤਾ ਸੀ | ਉਹ ਤਾਂ ਕੇਵਲ ਮੰਮੀ ਜਾਂ ਪਾਪਾ ਹੀ ਕਹਿ ਸਕਦਾ ਸੀ ਜਾਂ ਕਹਿ ਸਕਦਾ ਸੀ "ਮੰਮਾ ਦੁਦੂ", "ਮੰਮਾ ਭੁੱਖੀ ਲੱਗੀ ਐ" | ਅਜੇ ਤਾਂ ਉਹ ਆਪਣੇ ਪਾਪਾ ਨਾਲ਼ ਰਿਹਾੜ ਕਰਨ ਜੋਗਾ ਵੀ ਨਹੀਂ ਸੀ ਕਿ ਮੈਂ ਆਹ ਚੀਜ਼ ਲੈਣੀ ਹੈ ਜਾਂ ਔਹ ਚੀਜ਼ ਲੈਣੀ ਹੈ | ਅਜੇ ਤਾਂ ਉਹ ਸੁਪਰ ਸਟੋਰਾਂ 'ਚ ਖਿਡੌਣੇ ਲੈਣ ਦੀ ਜ਼ਿੱਦ ਕਰਨ ਲਈ ਫ਼ਰਸ਼ ਤੇ ਲਿਟਣ ਜੋਗਾ ਵੀ ਨਹੀਂ ਸੀ ਹੋਇਆ ਕਿ ਉਸਨੂੰ ਪਹਿਲਾਂ ਹੀ ਤਾਬੂਤ 'ਚ ਲਿਟਾ ਦਿੱਤਾ ਗਿਆ |
ਆਹ ! ਗੁਰਸ਼ਾਨ !! ਪੁੱਤਰ, ਕਿਹੀ ਚੰਦਰੀ ਕਿਸਮਤ ਲੈ ਕੇ ਪੈਦਾ ਹੋਇਆ ਸੀ ? ਤੇਰੇ ਮੰਮੀ ਪਾਪਾ ਨੂੰ ਕਿੰਨੀਆਂ ਉਮੀਦਾਂ ਸਨ ? ਉਨ੍ਹਾਂ ਤੇਰੇ ਸੁਨਿਹਰੇ ਭਵਿੱਖ ਲਈ ਕਿੰਨੇ ਸੁਪਨੇ ਸਜਾਏ ਹੋਣਗੇ | ਅਜੇ ਤਾਂ ਤੂੰ ਆਪਣੇ ਮੰਮੀ ਪਾਪਾ ਦੀ ਝਿੜਕ ਵੀ ਨਹੀਂ ਸੁਣੀ ਹੋਵੇਗੀ, ਜੇ ਸੁਣੀ ਤਾਂ ਸਮਝ ਨਹੀਂ ਆਈ ਹੋਵੇਗੀ ਕਿ ਕੀ ਕਹਿ ਰਹੇ ਨੇ | ਤੂੰ ਤਾਂ ਉਨ੍ਹਾਂ ਦੀ ਝਿੜਕ ਦਾ ਜੁਆਬ ਆਪਣੀ ਪਿਆਰੀ ਜਿਹੀ ਮੁਸਕਾਨ ਨਾਲ਼ ਦਿੱਤਾ ਹੋਵੇਗਾ | ਤੂੰ ਇੱਥੇ ਕਿਉਂ ਆ ਗਿਆ ? ਕਾਸ਼ ! ਜਦੋਂ ਤੂੰ ਆਇਆ ਸੀ, ਤੂੰ ਜਹਾਜ਼ ਤੋਂ ਲੇਟ ਹੋ ਜਾਂਦਾ | ਤੈਨੂੰ ਏਅਰਪੋਰਟ ਛੱਡਣ ਆਈ ਗੱਡੀ ਪੰਕਚਰ ਹੋ ਜਾਂਦੀ | ਤੇਰੇ ਵੀਜ਼ੇ ਦੇ ਕਾਗਜ਼ਾਤ 'ਚ ਨੁਕਸ ਨਿੱਕਲ ਆਉਂਦਾ | ਚਾਹੇ ਮੈਂ ਤੈਨੂੰ ਜਿੰਦਗੀ 'ਚ ਕਦੇ ਦੇਖਿਆ ਨਹੀਂ, ਤੂੰ ਮੇਰਾ ਕੁਝ ਵੀ ਨਹੀਂ ਪਰ ਅੱਜ ਹਰ ਕਿਸੇ ਨੂੰ ਇਹੀ ਜਾਪ ਰਿਹਾ ਹੈ ਜਿਵੇਂ ਉਸੇ ਦੀ ਕੋਈ ਨਿੱਜੀ ਚੀਜ਼ ਗੁਆਚ ਗਈ ਹੈ | ਮੈਂ ਤਾਂ ਕੀ, ਹਰ ਦਿਲ ਅੱਜ ਤੇਰੇ ਲਈ ਦੁਖੀ ਹੈ | ਤੇਰੇ ਬਾਰੇ ਲਿਖਦੀ ਹੋਈ ਮੇਰੀ ਕਲਮ ਖੂਨ ਦੇ ਹੰਝੂ ਰੋ ਰਹੀ ਹੈ |
ਕਾਤਲ ਨੇ ਤਾਂ ਜੱਗੋਂ ਤੇਰ੍ਹਵੀਂ ਕਰ ਵਿਖਾਈ | ਆਖਿਰ ਇੱਕ ਮਾਸੂਮ ਬੱਚੇ ਦੀ ਕਿਸੇ ਨਾਲ਼ ਕੀ ਦੁਸ਼ਮਣੀ ਹੋ ਸਕਦੀ ਹੈ ? ਉਹ ਖ਼ੁਦ ਵੀ ਤਾਂ ਇੱਕ ਮਾਸੂਮ ਬੱਚੀ ਦਾ ਬਾਪ ਹੈ | ਉਸਨੇ ਇਹ ਕਾਰਾ ਕਰਦੇ ਸਮੇਂ ਇੱਕ ਪਲ ਲਈ ਵੀ ਅੰਜਾਮ ਨਹੀਂ ਸੋਚਿਆ | ਉਸਨੇ ਕੇਵਲ ਗੁਰਸ਼ਾਨ ਦੀ ਜਾਨ ਹੀ ਨਹੀਂ ਲਈ ਬਲਕਿ ਚਾਰ ਪਰਿਵਾਰਾਂ ਨੂੰ ਜਿਉਂਦੇ ਜੀ ਸੂਲੀ ਚਾੜ੍ਹ ਦਿੱਤਾ ਹੈ | ਗੁਰਸ਼ਾਨ ਦੇ ਨਾਨਕੇ ਦਾਦਕੇ ਤੇ ਆਪਣੀ ਮਾਸੂਮ ਬੱਚੀ ਦੇ ਨਾਨਕੇ ਦਾਦਕੇ | ਨਤੀਜਾ ਕੀ ? ਇਨ੍ਹਾਂ ਮੀਆਂ-ਬੀਵੀ ਦਾ ਤਾਂ ਜੋ ਹੋਵੇਗਾ, ਉਹ ਭਵਿੱਖ ਦੇ ਗਰਭ 'ਚ ਹੈ ਪ੍ਰੰਤੂ ਉਸਨੇ ਆਪਣੀ ਬੱਚੀ ਤੋਂ ਮਾਂ-ਬਾਪ ਦਾ ਸਾਇਆ ਜ਼ਰੂਰ ਖੋਹ ਲਿਆ | ਅਕਸਰ ਦੇਖਣ 'ਚ ਆਇਆ ਹੈ ਕਿ ਅਸੀਂ ਕਿਸੇ ਵੀ ਬੱਚੇ ਨੂੰ ਉਂਝ ਹੀ, ਬਿਨਾਂ ਕਿਸੇ ਜਾਣ ਪਹਿਚਾਣ ਤੋਂ ਵੀ ਬੁਲਾਉਣ ਦਾ ਯਤਨ ਕਰਦੇ ਹਾਂ, ਉਸਨੂੰ ਆਪਣਾ ਮੂੰਹ ਵਿੰਗਾ-ਟੇਢਾ ਕਰਕੇ ਹਸਾਉਣ ਦਾ ਯਤਨ ਕਰਦੇ ਹਾਂ | ਜੇਕਰ ਕਿਸੇ ਦੇ ਘਰ ਦੋ ਘੰਟੇ ਬੈਠਣ ਦਾ ਮੌਕਾ ਮਿਲੇ ਤਾਂ ਬੱਚਾ ਆਪਣੀ ਗੋਦ 'ਚ ਲੈਣ ਤੇ ਉਸ ਨਾਲ਼ ਤੋਤਲੀਆਂ ਗੱਲਾਂ ਕਰਨ ਦਾ ਯਤਨ ਵੀ ਕਰਦੇ ਹਾਂ | ਇਸ ਸਖ਼ਸ਼ ਨੇ ਤਾਂ ਦਰਿੰਦਗੀ ਦੀਆਂ ਸਭ ਹੱਦਾਂ ਬੰਨੇ ਹੀ ਪਾਰ ਕਰ ਦਿੱਤੇ | ਇੱਕੋ ਘਰ 'ਚ ਰਹਿਣ ਦੇ ਬਾਵਜੂਦ ਉਸਨੇ ਆਪਣੇ ਪੁੱਤਰ ਦੀ ਉਮਰ ਦੇ ਬੱਚੇ ਨੂੰ ਦੁਨੀਆਂ ਤੋਂ ਵਿਦਾ ਕਰ ਦਿੱਤਾ | ਅਫਸੋਸ ! ਅਫਸੋਸ !! ਅਫਸੋਸ !!! ਬੇਰਹਿਮ ਆਦਮੀ, ਕੀ ਤੂੰ ਇਨਸਾਨ ਕਹਾਉਣ ਦੇ ਵੀ ਕਾਬਿਲ ਹੈਂ ? ਜਿੰਦਗੀ 'ਚ ਕਦੀ ਟਾਈਮ ਮਿਲੇ ਤਾਂ ਦਿਲ ਤੇ ਹੱਥ ਰੱਖਕੇ ਆਪਣੇ ਕੀਤੇ ਕਾਰੇ ਬਾਰੇ ਸੋਚੀਂ | ਕੀ ਕਰ ਬੈਠਾ ਹੈਂ ? ਕਿਉਂ ਇੱਕ ਬੇਕਸੂਰ ਮਾਸੂਮ ਬੱਚੇ ਨੂੰ ਕਾਰ ਦੀ ਡਿੱਕੀ 'ਚ ਪਾ ਕੇ ਘੰਿਟਆਂ ਬੱਧੀ ਸੜਕਾਂ ਤੇ ਘੁੰਮਦਾ ਰਿਹਾ | ਸਚਾਈ ਤਾਂ ਤੈਨੂੰ ਜਾਂ ਪ੍ਰਮਾਤਮਾ ਨੂੰ ਹੀ ਪਤਾ ਹੈ ਕਿ ਉਸਨੂੰ ਇਸ ਦੁਨੀਆਂ ਤੋਂ ਕਿਉਂ ਵਿਦਾ ਕਰ ਦਿੱਤਾ, ਬਾਕੀ ਸਭ ਤਾਂ ਬੱਸ ਦੁੱਖਾਂ ਦੇ ਸਾਗਰ 'ਚ ਗੋਤੇ ਖਾਣ ਜੋਗੇ ਹੀ ਰਹਿ ਗਏ | ਦਿਲ ਡਰਦਾ ਸੀ ਕਿ ਕਿਸੇ ਪੰਜਾਬੀ ਦਾ ਇਹ ਕਾਰਾ ਨਾ ਹੋਵੇ ਕਿਉਂ ਜੋ ਤੇਰੀ ਗ੍ਰਿਫ਼ਤਾਰੀ ਤੋਂ ਪਹਿਲਾਂ ਹੀ ਜਿੰਨੇ ਗੋਰਿਆਂ ਨਾਲ਼ ਗੱਲ ਹੋਈ, ਸਭ ਬੜੇ ਦਾਅਵੇ ਨਾਲ਼ ਕਹਿੰਦੇ ਸਨ ਕਿ ਕੋਈ ਗੋਰਾ ਅਜਿਹਾ ਕੰਮ ਨਹੀਂ ਕਰ ਸਕਦਾ ਤੇ ਆਪਣੇ ਵਤਨ 'ਚ ਤਾਂ ਕਤਲ, ਫਿਰੌਤੀਆਂ, ਅਗਵਾ ਆਦਿ ਆਮ ਹੀ ਹੁੰਦੇ ਰਹਿੰਦੇ ਨੇ | "ਆਖ਼ਿਰ ਦਿਲ ਹੈ ਹਿੰਦੁਸਤਾਨੀ" | ਆਸਟ੍ਰੇਲੀਆਈ ਲੋਕ ਤਾਂ ਗੁਰਸ਼ਾਨ ਦੇ ਘਰ ਅੱਗੇ ਸ਼ਰਧਾਂਜਲੀ ਵਜੋਂ ਮੋਮਬੱਤੀਆਂ ਜਗਾ ਕੇ ਗਏ, ਖਿਡੌਣੇ ਤੇ ਫੁੱਲ ਆਦਿ ਰੱਖ ਕੇ ਗਏ | ਇੱਥੇ ਆਪਣੇ ਲੋਕ ਤਾਂ ਪਹਿਲਾਂ ਹੀ ਬਥੇਰੀ ਸ਼ਾਬਾਸ਼ੇ ਝੱਲੀ ਜਾਂਦੇ ਨੇ, ਕਦੇ ਬੀਮਾ ਲੈਣ ਲਈ ਕਾਰ ਸਾੜ ਦਿੱਤੀ, ਕਦੇ ਕਿਸੇ ਨੇ ਘਰ ਵਾਲੀ ਮਾਰ ਦਿੱਤੀ, ਕਦੇ ਕੁਝ ਡਾਲਰਾਂ ਪਿੱਛੇ ਸਕੇ ਭਰਾ ਤੱਕ ਕਤਲ ਕਰ ਦਿੱਤੇ, ਪਰ ਤੂੰ ਤਾਂ "ਸਿਰੇ ਹੀ ਲਾ ਦਿੱਤੀ" | ਵਾਕਈ ਹੀ ਤੇਰਾ ਜਿਗਰਾ ਬਹੁਤ ਵੱਡਾ ਹੈ, ਜੋ ਇਹ ਗੁਨਾਹ ਕਰਕੇ ਵੀ ਤੁਰੰਤ ਜ਼ਮਾਨਤ ਆਦਿ ਦੀ ਗੱਲ ਕਰਨ ਦਾ ਹੌਸਲਾ ਕਰ ਲਿਆ | ਤੈਨੂੰ ਜ਼ਮਾਨਤ ਮੰਗਣ ਦੀ ਬਜਾਏ ਪ੍ਰਮਾਤਮਾ ਦੇ ਦਰ ਤੋਂ ਸਜ਼ਾ ਮੰਗਣੀ ਚਾਹੀਦੀ ਸੀ ਤਾਂ ਜੋ ਤੇਰੇ ਗੁਨਾਹਾਂ ਦਾ ਬੋਝ ਕੁਝ ਹਲਕਾ ਹੋ ਸਕਦਾ ਪਰ ਤੂੰ ਤਾਂ..... | ਛੱਡ ਯਾਰ ! ਕੁਝ ਬਦਨਸੀਬ ਲੋਕ ਨਫ਼ਰਤ ਦੇ ਕਾਬਿਲ ਵੀ ਨਹੀਂ ਹੁੰਦੇ, ਤੂੰ ਉਨ੍ਹਾਂ 'ਚੋਂ ਇੱਕ ਹੈਂ |
ਅੱਛਾ ਗੁਰਸ਼ਾਨ ! ਅਲਵਿਦਾ ਬੱਚੇ ! ਸਾਡੇ ਵਤਨ 'ਚ ਅਜਿਹੀ ਚੰਦਰੀ ਘੜੀ 'ਚ ਦਿਲ ਨੂੰ ਦਿਲਾਸਾ ਦੇਣ ਲਈ ਇਹ ਹੀ ਕਿਹਾ ਜਾਂਦਾ ਹੈ ਕਿ "ਹੋਣੀ" ਇਸੇ ਤਰ੍ਹਾਂ ਹੀ ਲਿਖੀ ਸੀ | ਤੂੰ ਤਾਂ ਵਤਨ ਵਾਪਸ ਚੱਲਿਆ ਸੀ ਪਰ ਤੈਨੂੰ ਆਸਟ੍ਰੇਲੀਆ ਦੀ ਧਰਤੀ ਨੇ ਆਪਣੀ ਗੋਦ 'ਚ ਸਾਂਭਣਾ ਸੀ, ਸੋ ਕਿਸ ਤਰ੍ਹਾਂ ਵਾਪਸ ਜਾਂਦਾ ?
ਹਰਜੀਤ ! ਬੱਚੇ ਸਭ ਨੂੰ ਪਿਆਰੇ ਹੁੰਦੇ ਹਨ | ਸਭ ਦੇ ਜਿਗਰ ਦਾ ਟੁਕੜਾ ਹੁੰਦੇ ਹਨ | ਗੁਰਸ਼ਾਨ ਵੀ ਅਜਿਹਾ ਹੀ ਪਿਆਰਾ ਬੱਚਾ ਸੀ | ਪਰ ਉਸਨੂੰ ਪਰਮਪਿਤਾ ਪ੍ਰਮਾਤਮਾ ਵੀ ਬਹੁਤ ਪਿਆਰ ਕਰਦੇ ਸਨ | ਸ਼ਾਇਦ ਸਾਡੇ ਸਭ ਨਾਲੋਂ ਜ਼ਿਆਦਾ | ਇਸੇ ਲਈ ਉਨ੍ਹਾਂ ਨੇ ਗੁਰਸ਼ਾਨ ਨੂੰ ਆਪਣੀ ਪਵਿੱਤਰ ਗੋਦ 'ਚ ਲੈ ਲਿਆ ਹੈ | ਇਸ ਦੁੱਖ ਦੀ ਘੜੀ 'ਚ ਸਮੂਹ ਪੰਜਾਬੀ ਭਾਈਚਾਰਾ ਤੁਹਾਡੇ ਲਈ ਅਰਦਾਸ ਕਰਦਾ ਹੈ | ਅਸੀਂ ਸਭ ਪ੍ਰਮਾਤਮਾ ਅੱਗੇ ਅਰਦਾਸ-ਬੇਨਤੀ ਕਰਦੇ ਹਾਂ ਕਿ ਸਭ ਨੂੰ ਇਹ ਸਦਮਾ ਬਰਦਾਸ਼ਤ ਕਰਨ ਦਾ ਬਲ ਬਖ਼ਸ਼ੇ ਤੇ ਗੁਰਸ਼ਾਨ ਨੂੰ ਨਵੇਂ ਰੂਪ 'ਚ ਤੁਹਾਡੇ ਕੋਲ ਵਾਪਿਸ ਭੇਜਣ ਦੀ ਦਇਆ ਮਿਹਰ ਕਰੇ |
************