Sunday, September 27, 2009

ਮਹਿਕਾਂ ਦੀ ਤ੍ਰੇਹ -ਰੋਜ਼ੀ ਸਿੰਘ


ਮਹਿਕਾਂ ਦੀ ਤ੍ਰੇਹ   -ਰੋਜ਼ੀ ਸਿੰਘ
ਹਰ ਕੋਈ ਤ੍ਰਿਹਾਇਆ ਹੈ ਰੇਗਿਸਤਾਨ ਵਰਗੇ ਜੀਵਨ ਵਿੱਚ। ਜਿਥੇ ਬਰਸਾਤਾਂ ਦੀ ਥੁੜ ਹੋਵੇ ਉਥੋ ਔੜਾਂ ਦਾ ਹੋਣਾ ਲਾਜਮੀ ਹੁੰਦਾ ਹੈ। ਟੋਬਿਆਂ ਖਾਲਿਆਂ ਦਾ ਸੁੱਕਣਾ ਯਕੀਨਣ ਹੁੰਦਾ ਹੈ। ਪਰ ਜਿਆਦਾ ਬਰਸਾਤਾਂ ਨਾਲ ਵੀ ਤਾਂ ਸੇਮ ਹੀ ਪਈ ਰਹਿੰਦੀ ਹੈ, ਜਮੀਨ ਦਲ ਦਲ ਦਾ ਰੂਪ ਧਾਰ ਲੈਂਦੀ ਹੈ। ਜੀਵਨ ਵਿੱਚ ਸੰਤੁਲਨ ਅਤੇ ਸਮਾਨਤਾ ਨਾ ਰਹੇ ਤਾਂ ਜ਼ਿੰਦਗੀ ਦਾ ਗੱਡਾ ਡਾਵਾਂ ਡੋਲ ਹੀ ਰਹਿੰਦਾ ਹੈ। ਜਿਆਦਾ ਧਨ ਇਕੱਠਾ ਕਰਨ ਲਈ ਵੀ ਖਾਹਿਸ਼ਾਂ ਨੂੰ ਦਫਨਾਉਣਾ ਪੈਂਦਾ ਹੈ ਤੇ ਜਿਹੜੀ ਸ਼ੈਅ ਮਨ ਦੀ ਅਸਿਹਮਤੀ ਅਤੇ ਦਿਲ ਦੇ ਅਰਮਾਨਾ ਨੂੰ ਦਫਨਾ ਕੇ ਹਾਸਿਲ ਕੀਤੀ ਗਈ ਹੋਵੇ ਉਸਦਾ ਚਾਅ ਬਹੁਤਾ ਨਹੀਂ ਹੁੰਦਾ।

ਕਈਆਂ ਕੋਲ ਬੇਸ਼ਮਾਰ ਧਨ ਹੁੰਦਾ ਹੈ, ਪਰ ਉਹਨਾਂ ਕੋਲ ਜਾਗਦੀਆਂ ਯਾਦਾਂ ਦਾ ਸਰਮਾਇਆ ਨਹੀਂ ਹੁੰਦਾ। ਜਾਇਦਾਦ ਸਿਰਫ ਪੈਸੇ, ਜਮੀਨ,ਮਕਾਨ, ਸੋਨੇ, ਚਾਂਦੀ, ਹੀਰੇ ਮੋਤੀਆਂ ਦੇ ਜਖੀਰੇ ਇਕੱਠੇ ਕਰਨ ਦਾ ਨਾਮ ਨਹੀਂ। ਮਹਿਕਾਂ ਭਰਪੂਰ ਹਯਾਤੀ ਵਿੱਚ ਇਕੱਠੀਆਂ ਕੀਤੀਆਂ ਬੇਸ਼ਕੀਮਤੀ ਯਾਦਾਂ ਅਤੇ ਇਹਨਾਂ ਯਾਦਾਂ ਨਾਲ ਜੁੜੀਆਂ ਸੈਂਕੜੇ ਕਿੱਸੇ ਕਹਾਣੀਆਂ ਦਾ ਹਸੀਨ ਸੰਗ੍ਰਿਹ ਵੀ ਨਿੱਜੀ ਜਾਇਦਾਦ ਦਾ ਹਿੱਸਾ ਬਣਦਾ ਹੈ। ਚੰਗੀਆਂ ਯਾਦਾਂ ਦੀ ਮਹਿਕ ਹਮੇਸਾਂ ਜੀਵਨ ਵਿੱਚ ਘੁਲੀ ਰਹਿੰਦੀ ਹੈ ਤੇ ਇਸ ਮਹਿਕ ਦੀ ਤ੍ਰੇਹ ਬਾਰ ਬਾਰ ਉਹਨਾਂ ਪਲ਼ਾਂ ਦੀ ਪੈੜ ਨੂੰ ਤਰਸਦੀ ਰਹਿੰਦੀ ਹੈ।

ਦੁਨੀਆਂ 'ਤੇ ਹਰ ਬੰਦੇ ਦੀਆਂ ਅਲੱਗ ਅਲੱਗ ਲੋੜਾਂ ਤੇ ਖਾਹਿਸ਼ਾਂ ਹਨ। ਇਹਨਾਂ ਲੋੜਾਂ ਤੇ ਖਾਹਿਸ਼ਾਂ ਨੂੰ ਜੀਵਨ ਵਿੱਚ ਸ਼ਾਮਿਲ ਕਰਨ ਲਈ ਅਸੀਂ ਆਪਣੀ ਆਰਥਿਕ ਸਥਿਤੀ 'ਤੇ ਨਿਰਭਰ ਹੰਦੇ ਹਾਂ। ਜਿਆਦਾ ਮਿਹਨਤ ਮਤਲਬ ਜਿਆਦਾ ਲੋੜਾਂ ਦੀ ਪੂਰਤੀ। ਪਰ ਬਹੁਤਿਆਂ ਲਈ ਆਰਥਿਕਤਾ ਦਾ ਪੱਖ ਕੋਈ ਜਿਆਦਾ ਪ੍ਰਭਾਵੀ ਨਹੀਂ ਹੁੰਦਾ ਤੇ ਪੈਸੇ ਦੀ ਬਹੁਤਾਤ ਦੇ ਬਾਵਜੂਦ ਵੀ ਉਹ ਆਪਣੀਆਂ ਖਾਹਿਸ਼ਾਂ ਦੀ ਪੂਰਤੀ ਨਹੀਂ ਕਰ ਸਕਦੇ।

         ਸੁੱਚੇ ਜੀਵਨ ਲਈ ਸੁੱਚੀ ਸੋਚ ਦਾ ਹੋਣਾ ਲਾਜਮੀ ਹੈ। ਸੋਚਣ ਦਾ ਨਜਰੀਆ ਸਹੀ ਹੋਵੇ ਤਾਂ ਰੇਗਿਸਤਾਨ ਵੀ ਸੋਹਣਾ ਲਗਦਾ ਹੈ ਪਰ ਜੇ ਨਿਰਾਸ਼ਾਵਾਦੀ ਸੋਚ ਨਾਲ ਹੋਵੇ ਤਾਂ ਹਰੀਆਂ ਭਰੀਆਂ ਪਹਾੜੀਆਂ, ਤੇ ਖੁਸ਼ਗਵਾਰ ਮੌਸਮ ਵੀ ਚੂੰਡੀਆਂ ਪਿਆ ਵੱਡਦਾ ਹੈ। ਰਾਹਵਾਂ ਦਾ ਹੁਸਨ ਵੀ ਉਹਨਾਂ ਨੂੰ ਹੀ ਪਤਾ ਹੁੰਦਾ ਹੈ ਜਿਨਾਂ ਪਹਿਲਾਂ ਪੱਗਡੰਡੀਆਂ ਤੋਂ ਲੈ ਕੇ ਪਹਾੜਾਂ ਤੱਕ ਦਾ ਸਫਰ ਤਹਿ ਕੀਤਾ ਹੋਵੇ। ਰੌਸ਼ਨ ਯਾਦਾਂ ਦਾ ਸਾਥ ਹੋਵੇ ਤਾਂ ਟ੍ਰੇਨ ਵਿੱਚ ਬੈਠ ਕੇ ਵੀ ਜਹਾਜ ਦੇ ਹੂਟੇ ਦਾ ਅਨੰਦ ਲਿਆ ਜਾ ਸਕਦਾ ਹੈ। ਹਨੇਰਾ ਕੋਈ ਮਹੱਤਵ ਨਹੀਂ ਰੱਖਦਾ ਪਰ ਜੇਕਰ ਯਾਦਾਂ ਰੌਸ਼ਨ ਤੇ ਮਿੱਠੀਆਂ ਹੋਣ।

         ਆਮ ਕਰਕੇ ਹਮੇਸ਼ਾਂ ਚੜਦਾ ਤੇ ਡੁੱਬਦਾ ਸੂਰਜ਼ ਹੀ ਅਲੋਕਿਕ ਦ੍ਰਿਸ਼ ਪੇਸ਼ ਕਰਦਾ ਹੈ। ਇਹ ਅਸਲ ਵਿੱਚ ਸੂਰਜ ਦੇ ਘਟਨਾ ਚੱਕਰ ਦੇ ਦੋ ਅਜਿਹੇ ਪੜਾ ਹੁੰਦੇ ਹਨ ਜਿਥੇ ਇੱਕ ਥਾਂ ਤੇ ਉਹ ਅਗਾਜ਼ ਤੋਂ ਅੱਗੇ ਵਾਲੇ ਪੜਾ ਵੱਲ ਵਧ ਰਿਹਾ ਹੁੰਦਾ ਹੈ ਤੇ ਦੂਜਾ ਜਿਥੇ ਉਹ ਆਪਣੇ ਮੁਕਾਮ ਦਾ ਆਖਰੀ ਹਿੱਸਾ ਪਾਰ ਕਰ ਰਿਹਾ ਹੁੰਦਾ ਹੈ। ਇਹਨਾਂ ਦੋਹਵਾਂ ਦ੍ਰਿਸ਼ਾਂ ਨੂੰ ਹਰ ਬੰਦਾਂ ਵੱਖ ਵੱਖ ਨਜ਼ਰੀਏ ਨਾਲ ਵੇਖਦਾ ਹੈ। ਪ੍ਰੇਮੀ ਇਸਨੂੰ ਇਸ਼ਕ ਨਾਲ ਜੋੜਕੇ ਵੇਖਣਗੇ, ਬਜੁਰਗ ਇਸਨੂੰ ਉਮਰ ਦੇ ਪੜਾਵਾਂ ਨਾਲ ਮਾਪਦੇ ਨੇ ਤੇ ਇੱਕ ਕਵੀ ਇਸਨੂੰ ਕਵਿਤਾ ਦੇ ਸੰਦਰਭ ਵਿੱਚ ਵੇਖਦਾ ਹੈ। ਗੱਲ ਸਿਰਫ ਨਜਰੀਏ ਦੀ ਏ। ਨੈਗਟਿਵ ਨੂੰ ਹਨੇਰੇ ਕਮਰੇ ਵਿੱਚ ਪੋਜਟਿਵ ਵਿੱਚ ਬਦਲਣ ਦੀ ਕਿਰਿਆ ਨਾਲ ਹੀ ਖੂਬਸੁਰਤ ਤਸਵੀਰਾਂ ਬਣਦੀਆਂ ਹਨ। ਲੋੜ ਸਿਰਫ ਨਾਕਾਰਾਤਮ ਸੋਚ ਨੂੰ ਸਾਕਾਰਾਤਮਕ ਬਣਾਉਣ ਦੀ ਹੈ।

         ਅਤੀਤ ਹਮੇਸ਼ਾਂ ਮਹਿਕ ਬਣ ਕੇ ਸਾਡੇ ਵਰਤਮਾਨ ਵਿੱਚ ਰਲਿਆ ਰਹਿੰਦਾ ਹੈ, ਪਰ ਅਸੀਂ ਸੋਚਦੇ ਭਵਿੱਖ ਬਾਰੇ ਰਹਿੰਦੇ ਹਾਂ। ਜਿੰਦਗੀ ਦੀ ਇੱਕ ਹਕੀਕਤ ਇਹ ਵੀ ਹੈ ਕਿ ਦੁਨੀਆਂ 'ਤੇ ਸਾਨੂੰ ਸਿਰਫ ਸਵੈ ਨਿਰਭਰ ਹੋਣਾ ਚਾਹੀਦਾ ਹੈ। ਕਿਉਜੋ ਹਨੇਰੇ ਵਿੱਚ ਤਾਂ ਪਰਛਾਵੇਂ ਵੀ ਸਾਥ ਛੱਡ ਜਾਂਦੇ ਹਨ। ਕਿ ਜੋ ਪਰਛਾਵਿਆਂ ਦਾ ਵਜੂਦ ਰੋਸ਼ਨੀ ਨਾਲ ਹੈ ਅਤੇ ਇਹ ਹਮੇਸ਼ਾਂ ਰੋਸ਼ਨੀ ਦੀ ਉਲਟ ਦਿਸ਼ਾ ਵਿੱਚ ਹੀ ਹੋਣਗੇ। ਹਨੇਰੇ ਵਿੱਚ ਇਹਨਾ ਦੇ ਸਾਥ ਲਈ ਮਨ ਦੀ ਰੋਸ਼ਨੀ ਚਾਹੀਦੀ ਹੁੰਦੀ ਹੈ। ਨਕਾਰਾ ਸੋਚ ਤੇ ਅਧੂਰੀ ਵਿਉਂਤਬੰਦੀ ਨਾਲ ਕਦੀ ਕੋਈ ਮਕਸਦ ਪੂਰਾ ਨਹੀਂ ਹੁੰਦਾ। ਚੰਗੀਆਂ ਤੇ ਮਹਾਨ ਸ਼ੈਵਾਂ ਵਾਸਤੇ ਕੋਸ਼ਿਸਾਂ ਭਾਵੇਂ ਬਹੁਤ ਕਰਨੀਆਂ ਪੈਦੀਆਂ ਹਨ, ਪਰ ਇਹਨਾਂ ਦੀ ਪ੍ਰਾਪਤੀ ਦਾ ਹੁਸਨ ਹੀ ਕੁਝ ਹੋਰ ਹੁੰਦਾ। ਕਹਿੰਦੇ ਨੇ ਕੇ ਕੋਸ਼ਿਸ ਕਰਨਾਂ ਅਤੇ ਅਸਫਲ ਹੋ ਜਾਣਾ ਇੱਕ ਵੱਖਰੀ ਗੱਲ ਹੈ ਪਰ ਕੋਸਿਸ਼ ਕਰਨ ਵਿੱਚ ਅਸਫਲ ਹੋਣਾ ਅਸਲ ਅਸਫਲਤਾ ਹੈ।

         ਜਿੰਦਗੀ ਦਾ ਮੇਲਾ ਭਰਿਆ ਰਹੇ ਤਾਂ ਮੌਜਾਂ ਨੇ, ਯਾਰਾਂ ਬੇਲੀਆਂ ਦੀਆਂ ਭੀੜਾਂ ਜੁੜਦੀਆਂ ਰਹਿਣ ਤਾਂ ਬਹਾਰਾਂ  ਨੇ, ਖੁਸ਼ੀਆਂ ਦੀ ਛਹਿਬਰ ਲੱਗੀ ਰਹੇ ਤਾਂ ਸਾਵਨ ਏ। ਇਹ ਮੌਜਾਂ ਮਾਣਦੇ ਰਿਹਾ ਕਰੋ ਬੇਲੀਓ.......। ਇਹਨਾਂ ਖੂਬਸੂਰਤ ਮਹਿਕਾਂ ਦੀ ਤ੍ਰੇਹ ਭਾਵੇਂ ਬੁੱਝੇ ਜਾ ਨਾ ਬੁੱਝੇ.....। ਕਿਉਂ ਨਾ  ਯਾਦਾਂ ਦੇ ਸਾਗਰ ਵਿੱਚ ਇੱਕ ਤਾਰੀ ਲਾ ਹੀ ਲਈ ਜਾਵੇ।

.............................

Monday, September 14, 2009

ਡਾਇਰੀ ਦੇ ਪੰਨਿਆਂ ਵਿਚਲਾ ਨਾਵਲੀ ਸੱਚ -ਸੁਖਿੰਦਰ

ਡਾਇਰੀ ਦੇ ਪੰਨਿਆਂ ਵਿਚਲਾ ਨਾਵਲੀ ਸੱਚ  -ਸੁਖਿੰਦਰ

ਤ੍ਰਿਲੋਚਨ ਸਿੰਘ ਗਿੱਲ ਪਿਛਲੇ ਤਕਰੀਬਨ ਚਾਰ ਦਹਾਕਿਆਂ ਤੋਂ ਸਾਹਿਤ ਦੇ ਵੱਖੋ ਵੱਖ ਰੂਪਾਂ ਵਿੱਚ ਰਚਨਾ ਕਰ ਰਿਹਾ ਹੈ। ਉਸ ਨੇ ਕਵਿਤਾ, ਕਹਾਣੀ, ਨਾਵਲ, ਨਾਟਕ, ਵਾਰਤਕ, ਸਫਰਨਾਮਿਆਂ ਦੇ ਰੂਪ ਵਿੱਚ ਆਪਣੀਆਂ ਲਿਖਤਾਂ ਲਿਖੀਆਂ ਹਨ ਅਤੇ ਪੁਸਤਕਾਂ ਪ੍ਰਕਾਸ਼ਿਤ ਕੀਤੀਆਂ ਹਨ; ਪਰ ਕੈਨੇਡੀਅਨ ਪੰਜਾਬੀ ਸਾਹਿਤ ਜਗਤ ਵਿੱਚ ਉਹ ਅਜੇ ਤੀਕ ਅਣਗੌਲਿਆ ਹੀ ਰਿਹਾ ਹੈ। ਕੈਨੇਡੀਅਨ ਪੰਜਾਬੀ ਸਾਹਿਤ ਦੀ ਪਰਖ ਪੜਚੋਲ ਕਰਨ ਵਾਲਿਆਂ ਨੇ ਉਸਨੂੰ ਅਜੇ ਤੱਕ ਸਾਹਿਤ ਦੇ ਕਿਸੇ ਵੀ ਰੂਪ ਵਿੱਚ ਰਚਨਾ ਕਰਨ ਵਾਲੇ ਜ਼ਿਕਰਯੋਗ ਲੇਖਕ ਵਜੋਂ ਸਵੀਕਾਰ ਨਹੀਂ ਕੀਤਾ, ਇਸਦੇ ਅਨੇਕਾਂ ਕਾਰਨ ਹੋ ਸਕਦੇ ਹਨ। ਇਸਦਾ ਇੱਕ ਵੱਡਾ ਕਾਰਨ ਇਹ ਵੀ ਹੋ ਸਕਦਾ ਹੈ ਕਿ ਤ੍ਰਿਲੋਚਨ ਸਿੰਘ ਗਿੱਲ ਨੂੰ ਏਨੇ ਵਰ੍ਹਿਆਂ ਵਿੱਚ ਇਸ ਗੱਲ ਦਾ ਪਤਾ ਨਹੀਂ ਲੱਗ ਸਕਿਆ ਕਿ ਸਾਹਿਤ ਦੇ ਕਿਹੜੇ ਰੂਪ ਦੀ ਰਚਨਾ ਕਰਨ ਦੀ ਉਸ ਵਿੱਚ ਵਧੇਰੇ ਸਮਰੱਥਾ ਹੈ ਅਤੇ ਉਹ ਇੱਕ ਲੇਖਕ ਵਜੋਂ ਵਧੇਰੇ ਕਾਮਯਾਬ ਹੋ ਸਕਦਾ ਹੈ।
'ਮਿੱਠਤ ਨੀਵੀਂ' ਨਾਵਲ ਤ੍ਰਿਲੋਚਨ ਸਿੰਘ ਗਿੱਲ ਨੇ 1997 ਵਿੱਚ ਪ੍ਰਕਾਸ਼ਿਤ ਕੀਤਾ ਸੀ। ਇਸ ਤੋਂ ਪਹਿਲਾਂ ਉਹ 'ਹਾਦਸੇ', 'ਹਾਦਸੇ ਤੋਂ ਪਿਛੋਂ' ਅਤੇ 'ਕਲਿੰਗਾ ਦੀ ਫਤਹ' ਨਾਮ ਦੇ ਨਾਵਲ ਵੀ ਪ੍ਰਕਾਸ਼ਿਤ ਕਰ ਚੁੱਕਾ ਹੈ। 'ਮਿੱਠਤ ਨੀਵੀਂ' ਨਾਵਲ ਡਾਇਰੀ ਦੇ ਪੰਨੇ ਲਿਖਣ ਦੀ ਤਕਨੀਕ ਵਿੱਚ ਲਿਖਿਆ ਗਿਆ ਹੈ। ਇਹ ਨਾਵਲ ਪੜ੍ਹਣ ਤੋਂ ਬਾਹਦ ਇਸ ਗੱਲ ਦਾ ਅਹਿਸਾਸ ਹੁੰਦਾ ਹੈ ਕਿ ਕੈਨੇਡੀਅਨ ਪੰਜਾਬੀ ਸਾਹਿਤ ਜਗਤ ਵਿੱਚ ਤ੍ਰਿਲੋਚਨ ਸਿੰਘ ਗਿੱਲ ਨੂੰ ਇੱਕ ਨਾਵਲਕਾਰ ਵਜੋਂ ਸਵੀਕਾਰ ਕੀਤਾ ਜਾਣਾ ਚਾਹੀਦਾ ਹੈ।ਇਸ ਨਾਵਲ ਦਾ ਮੁੱਖ ਪਾਤਰ ਸੁਚੇਤ ਕੈਨੇਡਾ ਦੇ ਇੱਕ ਬਰਫੀਲੇ ਝੱਖੜ ਦੌਰਾਨ ਕਾਰ ਦੀ ਪਾਰਕਿੰਗ ਲਾਟ ਵਿੱਚ ਤਿਲਕ ਕੇ ਡਿੱਗ ਪੈਂਦਾ ਹੈ ਅਤੇ ਬੁਰੀ ਤਰ੍ਹਾਂ ਜ਼ਖਮੀ ਹੋ ਜਾਂਦਾ ਹੈ। ਇੱਥੋਂ ਹੀ ਸ਼ੁਰੂ ਹੁੰਦਾ ਹੈ ਇਹ ਨਾਵਲ਼ ਇਸ ਨਾਵਲ ਦਾ ਸਾਰਾ ਬ੍ਰਿਤਾਂਤ ਸੁਚੇਤ ਵੱਲੋਂ ਆਪਣੀ ਬੀਮਾਰੀ ਦੌਰਾਨ ਹਸਪਤਾਲ ਵਿੱਚ ਬਿਤਾਏ ਦਿਨਾਂ ਬਾਰੇ ਲਿਖੇ ਡਾਇਰੀ ਦੇ ਪੰਨੇ ਹਨ। ਇਸ ਨਾਵਲ ਨੂੰ ਵਧਾਉਣ ਲਈ ਸੁਚੇਤ ਇਸ ਨਾਵਲ ਵਿੱਚ ਡਾਇਰੀ ਦੇ ਉਹ ਪੰਨੇ ਵੀ ਸ਼ਾਮਿਲ ਕਰ ਲੈਂਦਾ ਹੈ ਜੋ ਹਸਪਤਾਲ ਵਿੱਚੋਂ ਬਾਹਰ ਆਉਣ ਤੋਂ ਬਾਅਦ ਉਹ ਇੰਗਲੈਂਡ, ਅਮਰੀਕਾ, ਮਿਡਲ ਈਸਟ ਜਾਂ ਇੰਡੀਆ ਦੀ ਸੈਰ ਕਰਨ ਦੌਰਾਨ ਲਿਖਦਾ ਹੈ। ਇਨ੍ਹਾਂ ਵਾਧੂ ਸਫਿਆਂ ਤੋਂ ਬਿਨ੍ਹਾਂ ਹੋਰ ਵੀ ਕਈ ਕੁਝ, ਮਹਿਜ਼, ਨਾਵਲ ਦੇ ਸਫੇ ਵਧਾਉਣ ਲਈ ਹੀ ਭਰਤੀ ਕੀਤਾ ਗਿਆ ਹੈ, ਜਿਨ੍ਹਾਂ ਤੋਂ ਬਿਨ੍ਹਾਂ ਵੀ ਇਹ ਨਾਵਲ ਪੂਰਾ ਹੋ ਸਕਦਾ ਸੀ। ਜੇਕਰ ਇਹ ਨਾਵਲ, ਮਹਿਜ਼, ਹਸਪਤਾਲ ਵਿੱਚ ਬਿਤਾਏ ਦਿਨਾਂ ਦੌਰਾਨ ਸੁਚੇਤ ਵੱਲੋਂ ਲਿਖੀ ਡਾਇਰੀ ਦੇ ਪੰਨਿਆਂ ਉੱਤੇ ਹੀ ਆਧਾਰਤ ਹੁੰਦਾ ਤਾਂ ਇਹ ਨਾਵਲ ਵਧੇਰੇ ਸਾਰਥਿਕ ਹੋਣਾ ਸੀ। ਨਾਵਲ ਵਿੱਚ ਵਾਧੂ ਸਫਿਆਂ ਦੀ ਭਰਤੀ ਕਰਕੇ ਤ੍ਰਿਲੋਚਨ ਸਿੰਘ ਗਿੱਲ ਆਪਣੇ ਪਾਠਕਾਂ ਦੀ ਇਕਾਗਰਤਾ ਭੰਗ ਕਰ ਦਿੰਦਾ ਹੈ ਅਤੇ ਨਾਵਲ ਵਿੱਚ ਛੋਹੇ ਗਏ ਅਸਲ ਵਿਸ਼ੇ ਦੀ ਲੀਹ ਤੋਂ ਪਾਸੇ ਹਟ ਜਾਂਦਾ ਹੈ।
'ਮਿੱਠਤ ਨੀਵੀਂ' ਨਾਵਲ ਦਾ ਸ਼ੁਰੂ ਨਾਵਲ ਦੇ ਮੁੱਖ ਪਾਤਰ ਸੁਚੇਤ ਦੀ ਜ਼ਿੰਦਗੀ ਵਿੱਚ ਪੈਦਾ ਹੋਏ ਸੰਕਟ ਨਾਲ ਹੁੰਦਾ ਹੈ:
"ਆਖਰ ਸਾਢੇ ਤਿੰਨ ਵਜੇ ਸੁਚੇਤ ਨੇ ਸਕੂਲ ਵਿੱਚ ਦੀ ਹੁੰਦਿਆਂ ਘਰ ਪੁੱਜਣ ਦੀ ਗੱਲ ਤੇ ਅਮਲ ਸ਼ੁਰੂ ਕਰ ਹੀ ਦਿੱਤਾ। ਉਹ ਪਾਰਕਿੰਗ ਵਿੱਚ ਪੁੱਜਾ ਤੇ ਕਾਰ ਦਾ ਦਰਵਾਜ਼ਾ ਖੋਲ੍ਹਣ ਹੀ ਲੱਗਾ ਸੀ ਕਿ ਧੜੱਮ ਕਰਕੇ, ਚੱਕਰ ਖਾ ਕੇ ਥੱਲੇ ਡਿੱਗ ਪਿਆ। ਡਿਗਦਿਆਂ ਹੀ ਇਕ ਚੀਕ ਨਿਕਲੀ ਜਿਵੇਂ ਕੁਝ ਟੁੱਟ ਗਿਆ ਹੋਵੇ। ਫੇਰ ਉਸ ਉੱਠਣ ਦਾ ਯਤਨ ਕੀਤਾ - ਅਸਫ਼ਲ - ਤੇ ਪੀੜ ਨਾਲ ਜਿਵੇਂ ਉਸ ਦੀਆਂ ਚੀਕਾਂ ਨਿਕਲ ਰਹੀਆਂ ਹੋਣ"
ਇਸ ਘਟਨਾ ਦੇ ਨਾਲ ਹੀ ਨਾਵਲਕਾਰ ਸਾਨੂੰ ਕੈਨੇਡਾ ਦੇ ਕਾਨੂੰਨ ਬਾਰੇ ਵੀ ਜਾਣੂੰ ਕਰਵਾਉਂਦਾ ਹੈ:
"ਭਾਵੇਂ ਇਸ ਦੇਸ਼ ਵਿੱਚ, ਹਾਦਸੇ ਤੇ ਸੱਟ ਪਿੱਛੋਂ ਕਿਸੇ ਨੂੰ ਸਾਧਾਰਨ ਆਦਮੀ ਦਾ ਹੱਥ ਲਾਉਣਾ ਖ਼ਤਰੇ ਤੋਂ ਖਾਲੀ ਨਹੀਂ, ਪਰ ਸੁਚੇਤ ਦੇ ਜੰਮਦੇ ਜਾਂਦੇ ਸਰੀਰ ਤੇ ਟੁੱਟਦੇ ਬੋਲਾਂ ਦੀਆਂ ਬੇਨਤੀਆਂ ਨੇ ਉਸ ਦੇ ਗੁਆਂਢੀ ਤੇ ਹੋਰਾਂ ਨੂੰ ਖੁੱਲ੍ਹੇ ਠੰਢੇ ਪਾਰਕਿੰਗ ਤੋਂ ਚੁੱਕ ਕੇ, ਇਕ ਪਿਛਲੇ ਲਾਹੌਰੀਆਂ ਦੇ ਫਲੈਟ ਤਕ ਚੱਕ-ਘਸੀਟ ਕੇ ਲਿਜਾਣ ਦਾ ਉਦਮ ਕਰਵਾ ਹੀ ਦਿੱਤਾ"
ਨਾਵਲ ਦੇ ਮੁੱਖ ਪਾਤਰ ਸੁਚੇਤ ਵੱਲੋਂ ਹਸਪਤਾਲ ਵਿੱਚ ਬਿਤਾਏ ਪਲਾਂ ਦਾ ਬਿਆਨ ਕਰਨ ਦੇ ਨਾਲ ਨਾਲ ਹੀ ਨਾਵਲਕਾਰ ਹਸਪਤਾਲ ਦੀ ਜ਼ਿੰਦਗੀ ਦੇ ਹੋਰਨਾਂ ਪੱਖਾਂ ਬਾਰੇ ਵੀ ਗੱਲ ਕਰਦਾ ਜਾਂਦਾ ਹੈ। ਅਜਿਹੀਆਂ ਗੱਲਾਂ, ਜੋ ਸਿਰਫ ਉਹੀ ਬੰਦਾ ਹੀ ਕਰ ਸਕਦਾ ਹੈ ਜਿਸਨੇ ਸੱਚਮੁੱਚ ਬੀਮਾਰੀ ਦੌਰਾਨ ਹਸਪਤਾਲ ਵਿੱਚ ਕੁਝ ਸਮਾਂ ਬਿਤਾਇਆ ਹੋਵੇ।ਅਸੀਂ ਅਕਸਰ ਦੇਖਦੇ ਹਾਂ ਕਿ ਹਸਪਤਾਲ ਵਿੱਚ ਬੀਮਾਰ ਕਿਸੇ ਮਿੱਤਰ/ਰਿਸ਼ਤੇਦਾਰ ਦਾ ਪਤਾ ਲਗਾਉਣ ਗਏ ਅਸੀਂ ਘੰਟਿਆਂ ਬੱਧੀ ਬੀਮਾਰ ਵਿਅਕਤੀ ਦੇ ਕੋਲ ਬੈਠੇ ਉਸ ਨਾਲ ਗੱਪਾਂ ਮਾਰਦੇ ਰਹਿੰਦੇ ਹਾਂ; ਬਿਨ੍ਹਾਂ ਇਸ ਗੱਲ ਦੀ ਪ੍ਰਵਾਹ ਕੀਤੇ ਕਿ ਬੀਮਾਰ ਵਿਅਕਤੀ ਨੂੰ ਗੱਲਾਂ ਵਿੱਚ ਸ਼ਾਮਿਲ ਕਰਕੇ ਅਸੀਂ ਉਸ ਨੂੰ ਥਕਾ ਰਹੇ ਹਾਂ, ਜਿਸ ਕਾਰਨ ਉਸਦੀ ਬੀਮਾਰੀ ਵਿੱਚ ਹੋਰ ਵਾਧਾ ਹੋ ਸਕਦਾ ਹੈ।
ਨਾਵਲਕਾਰ ਕੈਨੇਡਾ ਦੇ ਹਸਪਤਾਲਾਂ ਦੀ ਇੱਕ ਹੋਰ ਵੱਡੀ ਸਮੱਸਿਆ ਵੱਲ ਵੀ ਸਾਡਾ ਧਿਆਨ ਦੁਆਂਦਾ ਹੈ। ਸਰਕਾਰ ਤਾਂ ਹਸਪਤਾਲਾਂ ਦੇ ਵਾਤਾਵਰਨ ਨੂੰ ਪ੍ਰਦੂਸ਼ਣ ਰਹਿਤ ਰੱਖਣ ਲਈ ਕਾਨੂੰਨ ਬਣਾ ਦਿੰਦੀ ਹੈ; ਪਰ ਨ ਤਾਂ ਲੋਕ ਅਜਿਹੇ ਕਾਨੂੰਨਾਂ ਦੀ ਕੋਈ ਪ੍ਰਵਾਹ ਕਰਦੇ ਹਨ ਅਤੇ ਨ ਹੀ ਹਸਪਤਾਲਾਂ ਦੇ ਪ੍ਰਬੰਧਕ ਕਰਮਚਾਰੀ ਇਸ ਗੱਲ ਨੂੰ ਯਕੀਨੀ ਬਨਾਉਣ ਲਈ ਯਤਨ ਕਰਦੇ ਹਨ ਕਿ ਹਸਪਤਾਲਾਂ ਵਿੱਚ ਮਰੀਜ਼ਾਂ, ਸਟਾਫ ਅਤੇ ਆਉਣ ਜਾਣ ਵਾਲਿਆਂ ਵੱਲੋਂ ਅਜਿਹੇ ਕਾਨੂੰਨਾਂ ਦੀ ਪਾਲਣਾ ਕੀਤੀ ਜਾਵੇ:
"ਭਾਵੇਂ ਸ਼ਹਿਰ ਦੇ ਬਣੇ ਇਕ ਨਵੇਂ ਕਾਨੂੰਨ ਅਨੁਸਾਰ ਹਸਪਤਾਲ, ਸਟੋਰਾਂ ਆਦਿ ਸਾਂਝੀਆਂ ਪਬਲਿਕ ਥਾਵਾਂ ਵਿੱਚ ਸਿਗਰਟ ਦੀ ਮਨਾਹੀ ਸੀ ਤੇ ਪੀਣ ਵਾਲੇ ਨੂੰ ਹਜ਼ਾਰ ਡਾਲਰ ਤਕ ਜੁਰਮਾਨਾ ਹੋ ਸਕਦਾ ਸੀ; ਪਰ ਬਹੁਤ ਥਾਈਂ ਇਸ ਕਾਨੂੰਨ ਦੀ ਪ੍ਰਵਾਹ ਨਹੀਂ ਕੀਤੀ ਜਾਂਦੀ ਸੀ। ਏਥੋਂ ਤੱਕ ਕਿ ਪਹਿਲੇ ਹਸਪਤਾਲ ਨੇ ਤਾਂ ਇਹ ਸੂਚਨਾ ਵੀ ਕਿਤੇ ਨਹੀਂ ਲਾਈ ਸੀ।ਪਰ ਇਸ ਹਸਪਤਾਲ ਦੇ ਪੌੜੀਆਂ (ਲਿਫਟ) ਕੋਲ ਨੋਟਿਸ ਲਗਣ ਦੇ ਬਾਵਜੂਦ ਲਾਊਂਜ ਆਮ ਸਿਗਰਟ ਧੂਏਂ ਨਾਲ ਭਰਿਆ ਲਭਦਾ"
ਹਸਪਤਾਲਾਂ ਦੇ ਵਾਤਾਵਰਨ ਦੀ ਗੱਲ ਕਰਦਾ ਕਰਦਾ ਨਾਵਲਕਾਰ ਡਾਕਟਰਾਂ ਬਾਰੇ ਵੀ ਗੱਲ ਕਰ ਜਾਂਦਾ ਹੈ।
"ਬਹੁਤ ਥਾਈਂ ਡਾਕਟਰ ਚੰਗੇ ਭਲੇ ਜਾਂ ਮਾਮੂਲੀ ਬੀਮਾਰ ਨੂੰ ਇਸ ਲਈ ਬੀਮਾਰ ਕਰ ਦਿੰਦੇ ਹਨ ਤਾਂ ਜੋ ਗਾਹਕੀ ਚਮਕੀ ਰਹੇæ ਕੈਨੇਡਾ - ਅਮਰੀਕਾ ਵਿਚ ਡਾਕਟਰਾਂ ਦੀਆਂ ਆਮਦਨਾਂ ਮਰੀਜ਼ ਦੀ ਗਿਣਤੀ ਦੇਖਣ ਤੇ ਨਿਰਭਰ ਹੋਣ ਕਰਕੇ, ਲੱਖਾਂ ਡਾਲਰ ਸਾਲਾਨਾ ਤੱਕ ਹਨ ਤੇ ਫੇਰ ਵੀ ਤਸੱਲੀ ਨਹੀਂ ਤੇ ਸਭ ਤੋਂ ਵੱਧ ਆਤਮਹੱਤਿਆ ਤੇ ਤਲਾਕ ਵੀ ਇਹਨਾਂ 'ਚ ਹੀ ਹਨ......ਅੱਠਾਂ ਸਾਲਾਂ ਵਿੱਚ ਇਸ ਪ੍ਰਾਂਤ ਦਾ ਸਿਹਤ ਬਜਟ ਤਿੰਨ ਗੁਣਾਂ ਵਧ ਗਿਆ ਹੈ, ਕਿਉਂਕਿ ਡਾਕਟਰ ਮਰੀਜ਼ਾਂ ਦੇ ਵਾਧੂ ਚੱਕਰ ਪਵਾ ਵਾਧੂ ਟੈਸਟ ਕਰਵਾ, ਵਾਧੂ ਦਵਾਈਆਂ ਦੇ ਆਪਣੇ ਨਾਮੇ ਤੇ ਇਨਾਮਾਂ ਦਾ ਖਿਆਲ ਹੀ ਰੱਖਦੇ ਹਨ"
ਕੈਨੇਡਾ ਇੱਕ ਬਹੁ-ਸਭਿਆਚਾਰਕ ਦੇਸ਼ ਹੈ। ਇੱਥੇ ਅਨੇਕਾਂ ਸਭਿਆਚਾਰਾਂ ਦੇ ਲੋਕ ਆ ਕੇ ਵੱਸੇ ਹੋਏ ਹਨæ ਮਹਾਂ-ਨਗਰ ਟੋਰਾਂਟੋ ਵਿੱਚ ਤਾਂ 50% ਲੋਕ ਘੱਟ ਗਿਣਤੀ ਸਭਿਆਚਾਰਾਂ ਦੇ ਹਨ; ਪਰ ਇਸਦੇ ਬਾਵਜ਼ੂਦ ਹਸਪਤਾਲਾਂ ਵਿੱਚ ਮਰੀਜ਼ਾਂ ਨੂੰ ਜਾਂਦੀਆਂ ਖਾਣ-ਪੀਣ ਦੀਆਂ ਚੀਜ਼ਾਂ ਵਿੱਚ ਅਜਿਹੇ ਘੱਟ ਗਿਣਤੀ ਸਭਿਆਚਾਰਾਂ ਦੇ ਲੋਕਾਂ ਦੀ ਪਸੰਦ ਦੀਆਂ ਚੀਜ਼ਾਂ ਨਹੀਂ ਪਰੋਸੀਆਂ ਜਾਂਦੀਆਂ। ਜੇਕਰ ਅਜਿਹਾ ਕੀਤਾ ਵੀ ਜਾਂਦਾ ਹੈ ਤਾਂ ਉਹ ਚੀਜ਼ਾਂ ਅਜਿਹੇ ਰਸੋਈਆਂ ਵੱਲੋਂ ਤਿਆਰ ਕੀਤੀਆਂ ਹੋਈਆਂ ਹੁੰਦੀਆਂ ਹਨ ਕਿ ਮਰੀਜ਼ ਉਨ੍ਹਾਂ ਨੂੰ ਖਾਣ ਨਾਲੋਂ ਭੁੱਖੇ ਰਹਿਣਾ ਹੀ ਵਧੇਰੇ ਪਸੰਦ ਕਰਦੇ ਹਨ:
"ਹੁਣ ਹਸਪਤਾਲ ਆ ਕੇ ਇਸ ਕੁਹਜੇ ਪ੍ਰਬੰਧ ਦੇ ਇਕ ਹੋਰ ਪੱਖ ਵੱਲ ਸੁਚੇਤ ਦਾ ਧਿਆਨ ਗਿਆ - ਖਾਣਾ - ਕਿਸੇ ਹੋਰ ਘਟ ਗਿਣਤੀ ਦੇ ਵਧੀਆ ਤੋਂ ਵਧੀਆ ਖਾਣੇ ਨੂੰ ਅੱਵਲ ਤਾਂ ਮੀਨੂੰ ਵਿੱਚ ਸ਼ਾਮਲ ਹੀ ਨਹੀਂ ਕੀਤਾ ਗਿਆ ਸੀ ਤੇ ਜੇ ਕਿਤੇ ਇਸਦਾ ਨਾਂ ਵੀ ਸੀ ਤਾਂ ਪਕਾਉਣ ਦਾ ਢੰਗ ਇਤਨਾ ਘਟੀਆ ਸੀ ਕਿ ਖਾਣਾ ਖਾਣਾ ਅਸੰਭਵ ਜਿਹਾ ਸੀ"
ਹਸਪਤਾਲ ਵਿਚ ਦਾਖਲ ਕਿਸੇ ਮਰੀਜ਼ ਨੂੰ ਮਿਲਣ ਵੇਲੇ ਅਸੀਂ ਉਸ ਨਾਲ ਕਿਹੋ ਜਿਹੀਆਂ ਗੱਲਾਂ ਕਰੀਏ? ਭਾਵੇਂ ਕਿ ਇਹ ਇੱਕ ਮਨੋਵਿਗਿਅਨਕ ਵਿਸ਼ਾ ਹੈ; ਪਰ ਨਾਵਲਕਾਰ ਨੂੰ ਇਸ ਵਿਸ਼ੇ ਦੀ ਵੀ ਚੰਗੀ ਸੋਝੀ ਹੈ:
"ਸੋ ਮਿੱਤਰ ਹੁੰਦਿਆਂ ਵੀ ਮਰੀਜ਼ ਕੋਲ ਅਸੀਂ ਜਦੋਂ ਪਤਾ ਲੈਣ ਜਾਂਦੇ ਹਾਂ ਤਾਂ ਬਹੁਤੀ ਨਿਰਾਸ਼ਾਵਾਦੀ ਗੱਲ-ਬਾਤ ਉਸ ਲਈ ਚੰਗੀ ਨਹੀਂ। ਅਸਲ ਵਿਚ ਕਿਸੇ ਵੀ ਕਿਸਮ ਦੀ ਬਹੁਤੀ ਗੱਲਬਾਤ ਜਾਂ ਬਹੁਤਾ ਸਮਾਂ ਕੋਲ ਬੈਠੇ ਰਹਿਣਾ ਬਹੁਤੀ ਵਾਰ ਮਰੀਜ਼ ਦੇ ਉਲਟ ਜਾਂਦਾ ਹੈ"
ਘੱਟ ਗਿਣਤੀ ਸਭਿਆਚਾਰਾਂ ਦੇ ਲੋਕਾਂ ਨੂੰ ਪੱਛਮੀ ਦੇਸ਼ਾਂ ਵਿੱਚ ਇੱਕ ਹੋਰ ਸਮੱਸਿਆ ਦਾ ਵੀ ਸਾਹਮਣਾ ਕਰਨਾ ਪੈਂਦਾ ਹੈæ ਇਹ ਸਮੱਸਿਆ ਹੈ - ਰੰਗ, ਨਸਲ, ਸਭਿਆਚਾਰ ਦੇ ਆਧਾਰ ਉੱਤੇ ਵਿਤਕਰਾ ਕੀਤਾ ਜਾਣਾ। ਇਸ ਸਮੱਸਿਆ ਦਾ ਕਈ ਵਾਰੀ ਹਸਪਤਾਲਾਂ ਵਰਗੀਆਂ ਥਾਵਾਂ ਉੱਤੇ ਵੀ ਸਾਹਮਣਾ ਕਰਨਾ ਪੈਂਦਾ ਹੈ:
"ਹਸਪਤਾਲਾਂ ਵਿਚ ਬੰਦੇ ਦੀ ਮਹੱਤਵਹੀਣਤਾ ਦਾ ਅਹਿਸਾਸ ਸੁਚੇਤ ਨੂੰ ਅੱਜ ਫੇਰ ਹੋਇਆ। ਪਹਿਲਾਂ ਡਾਕਟਰ ਤੇ ਨਰਸ ਦੀ ਕਾਰਵਾਈ ਨੇ ਹੀ ਕਾਫੀ ਸਮਾਂ ਲਾ ਦਿੱਤਾ - ਫੇਰ ਐਕਸਰੇ ਦੀ ਲਾਈਨ ਵਿਚ ਤਾਂ ਘੰਟੇ ਤੋਂ ਵੀ ਵਧ ਲਗ ਗਿਆ - ਉਸ ਤੋਂ ਅੱਗੇ ਸਟ੍ਰੇਚਰ ਤੇ ਪਈ ਜ਼ਨਾਨੀ ਪਿਆਂ ਪਿਆਂ ਕਾਹਲੀ ਪੈ ਰਹੀ ਸੀ - ਪਰ ਸਭ ਕੁਝ ਜਿਵੇਂ ਕੀੜੀ ਦੀ ਚਾਲ ਚਲ ਰਿਹਾ ਸੀ"
ਹਸਪਤਾਲਾਂ ਅਤੇ ਡਾਕਟਰਾਂ ਦੀ ਗੱਲ ਕਰਦਾ ਕਰਦਾ ਨਾਵਲਕਾਰ ਡਾਕਟਰੀ ਇਲਾਜ ਦੀ ਵੀ ਗੱਲ ਕਰ ਜਾਂਦਾ ਹੈ। ਪੱਛਮੀ ਮੁਲਕਾਂ ਵਿੱਚ ਡਾਕਟਰਾਂ ਕੋਲ ਜਾਣ ਦੀ ਲੋਕਾਂ ਨੂੰ ਏਨੀ ਆਦਤ ਪੈ ਜਾਂਦੀ ਹੈ ਕਿ ਉਨ੍ਹਾਂ ਨੂੰ ਇੱਕ ਨਿੱਛ ਵੀ ਆ ਜਾਏ ਤਾਂ ਉਹ ਆਪਣੇ ਫੈਮਿਲੀ ਡਾਕਟਰ ਕੋਲ ਪਹੁੰਚ ਜਾਂਦੇ ਹਨ। ਅਨੇਕਾਂ ਪੂਰਬੀ ਦੇਸ਼ਾਂ ਵਿੱਚ ਛੋਟੀਆਂ ਮੋਟੀਆਂ ਬੀਮਾਰੀਆਂ ਨੂੰ ਤਾਂ ਲੋਕ ਕੁਝ ਸਮਝਦੇ ਹੀ ਨਹੀਂ ਅਤੇ ਉਹ ਦੇਸੀ ਘਰੇਲੂ ਇਲਾਜ ਨਾਲ ਹੀ ਵਧੇਰੇ ਹਾਲਤਾਂ ਵਿੱਚ ਤੰਦਰੁਸਤ ਹੋ ਜਾਂਦੇ ਹਨ, ਨਹੀਂ ਤਾਂ ਸਸਤੀਆਂ ਦੇਸੀ ਦਵਾਈਆਂ ਦੀ ਵਰਤੋਂ ਕਰਕੇ ਦੋ-ਚਾਰ ਦਿਨਾਂ ਵਿੱਚ ਬੀਮਾਰੀ ਤੋਂ ਛੁਟਕਾਰਾ ਪਾ ਲੈਂਦੇ ਹਨ; ਪਰ ਉਹੀ ਲੋਕ ਜਦੋਂ ਕੈਨੇਡਾ ਵਰਗੇ ਵਿਕਸਤ ਦੇਸ ਵਿੱਚ ਆ ਜਾਂਦੇ ਹਨ ਤਾਂ ਉਹ ਆਪਣੇ ਮੁੱਢਲੇ ਦੇਸ਼ਾਂ ਵਿੱਚ ਅਪਣਾਏ ਜਾਂਦੇ ਕੁਦਰਤੀ ਇਲਾਜਾਂ ਨੂੰ ਨਜ਼ਰਅੰਦਾਜ਼ ਕਰਕੇ ਮਹਿੰਗੀਆਂ ਅੰਗਰੇਜ਼ੀ ਦਵਾਈਆਂ ਨਾਲ ਆਪਣੀਆਂ ਬੀਮਾਰੀਆਂ ਦਾ ਇਲਾਜ ਕਰਨ ਲਈ ਡਾਕਟਰਾਂ ਦੇ ਦਫਤਰਾਂ ਵੱਲ ਦੌੜ ਪੈਂਦੇ ਹਨ। ਨਾਵਲਕਾਰ ਨੇ ਇਸ ਵਿਸ਼ੇ ਬਾਰੇ ਵੀ ਆਪਣਾ ਨਜ਼ਰੀਆ ਪੇਸ਼ ਕੀਤਾ ਹੈ:
"ਸ਼ਹਿਰ ਦੇ ਬਣਾਉਟੀ ਜੀਵਨ ਵਿਚ ਅਜ ਡਾਕਟਰ ਅਤੇ ਡਾਕਟਰੀ ਇਲਾਜ ਤੇ ਲੋਕਾਂ ਨੂੰ ਐਸਾ ਡੂੰਘਾ ਵਿਸ਼ਵਾਸ ਹੋ ਗਿਆ ਹੈ ਕਿ ਆਪਣੇ ਘਰੇਲੂ ਸਸਤੇ ਅਤੇ ਸ਼ਰਤੀਆ ਇਲਾਜ ਵਲ ਉਹਨਾਂ ਦਾ ਧਿਆਨ ਜਾਂਦਾ ਹੀ ਨਹੀਂ।
ਹਸਪਤਾਲਾਂ, ਡਾਕਟਰਾਂ ਅਤੇ ਡਾਕਟਰੀ ਇਲਾਜਾਂ ਦੀ ਜਦੋਂ ਗੱਲ ਚਲਦੀ ਹੈ ਤਾਂ ਅੰਗਰੇਜ਼ੀ ਦਵਾਈਆਂ ਦੀਆਂ ਕੀਮਤਾਂ ਦੀ ਵੀ ਗੱਲ ਚੱਲਦੀ ਹੈ। ਦਵਾਈਆਂ ਬਨਾਉਣ ਦੇ ਲਾਇਸੈਂਸ ਵੱਡੀਆਂ ਵੱਡੀਆਂ ਮੈਗਾ ਕੰਪਨੀਆਂ ਕੋਲ ਹਨ। ਗਰੀਬ ਦੇਸ਼ਾਂ ਵਿੱਚ ਵੀ ਇਹ ਕੰਪਨੀਆਂ ਅੰਗਰੇਜ਼ੀ ਦਵਾਈਆਂ ਇੰਨੀਆਂ ਮਹਿੰਗੀਆਂ ਵੇਚਦੀਆਂ ਹਨ ਕਿ ਆਮ ਸਾਧਾਰਨ ਵਿਅਕਤੀ ਤਾਂ ਆਪਣੀ ਹੱਡ-ਭੰਨਵੀਂ ਮਿਹਨਤ ਨਾਲ ਕੀਤੀ ਕਮਾਈ ਵਿੱਚੋਂ ਇਹ ਦਵਾਈਆਂ ਖ੍ਰੀਦ ਹੀ ਨਹੀਂ ਸਕਦਾ। ਇਸ ਲਈ ਇਨ੍ਹਾਂ ਗਰੀਬ ਦੇਸ਼ਾਂ ਦੇ ਲੋਕ ਆਪਣੀਆਂ ਵਧੇਰੇ ਬੀਮਾਰੀਆਂ ਦਾ ਇਲਾਜ ਕੁਦਰਤੀ ਤਰੀਕਿਆਂ ਦੀ ਵਰਤੋਂ ਕਰਕੇ ਹੀ ਕਰਦੇ ਹਨ। ਜਿਨ੍ਹਾਂ ਦਾ ਸਰੀਰ ਨੂੰ ਕਿਸੀ ਤਰ੍ਹਾਂ ਕੋਈ ਨੁਕਸਾਨ ਵੀ ਨਹੀਂ ਹੁੰਦਾ; ਜਦੋਂ ਕਿ ਅੰਗਰੇਜ਼ੀ ਦਵਾਈਆਂ ਨਾਲ ਬੀਮਾਰੀਆਂ ਦਾ ਇਲਾਜ ਕਰਨ ਤੋਂ ਬਾਹਦ ਸਾਡੇ ਸਰੀਰ ਵਿੱਚ ਅਨੇਕਾਂ ਅਜਿਹੇ ਖਤਰਨਾਕ ਰਸਾਇਣਕ ਪਦਾਰਥ ਬਾਕੀ ਰਹਿ ਜਾਂਦੇ ਹਨ ਜੋ ਕਿ ਬਾਹਦ ਵਿੱਚ ਅਨੇਕਾਂ ਹੋਰ ਖਤਰਨਾਕ ਬੀਮਾਰੀਆਂ ਨੂੰ ਜਨਮ ਦੇਣ ਲਈ ਜਿੰਮੇਵਾਰ ਬਣਦੇ ਹਨ।
'ਮਿੱਠਤ ਨੀਵੀਂ' ਨਾਵਲ ਵਿੱਚ ਤ੍ਰਿਲੋਚਨ ਸਿੰਘ ਗਿੱਲ ਨੇ ਮੁੱਖ ਵਿਸ਼ੇ ਤੋਂ ਬਿਨ੍ਹਾਂ ਵੀ ਅਨੇਕਾਂ ਹੋਰ ਵਿਸ਼ੇ ਛੋਹੇ ਹਨ ਅਤੇ ਹਰ ਵਿਸ਼ੇ ਬਾਰੇ ਆਪਣੇ ਵਿਚਾਰ ਪੇਸ਼ ਕੀਤੇ ਹਨ। ਕਈ ਥਾਵਾਂ ਉੱਤੇ ਨਾਵਲਕਾਰ ਵੱਲੋਂ ਦਾਰਸ਼ਨਿਕ ਪੱਧਰ ਉੱਤੇ, ਕਈ ਥਾਵਾਂ ਉੱਤੇ ਰਾਜਨੀਤਿਕ ਪੱਧਰ ਉੱਤੇ, ਕਈ ਥਾਵਾਂ ਉੱਤੇ ਧਾਰਮਿਕ ਪੱਧਰ ਉੱਤੇ, ਕਈ ਥਾਵਾਂ ਉੱਤੇ ਵਿੱਦਿਅਕ ਪੱਧਰ ਉੱਤੇ ਜਾਂ ਸਭਿਆਚਾਰਕ ਪੱਧਰ ਉੱਤੇ ਵੀ ਵਿਚਾਰ ਪੇਸ਼ ਕੀਤੇ ਗਏ ਹਨ।ਅਜਿਹੇ ਵਿਚਾਰ ਪੇਸ਼ ਕਰਦਿਆਂ ਨਾਵਲਕਾਰ ਹਸਪਤਾਲ ਦੀ ਚਾਰ ਦੀਵਾਰੀ ਤੋਂ ਬਾਹਰ ਆ ਕੇ ਵੀ ਗੱਲ ਕਰਦਾ ਹੈ।
ਡਾਕਟਰੀ ਦੇ ਪੇਸ਼ੇ ਵਿੱਚ ਵੀ ਭ੍ਰਿਸ਼ਟਾਚਾਰ ਫੈਲਿਆ ਹੋਇਆ ਹੈæ।ਇਸ ਭ੍ਰਿਸ਼ਟਾਚਾਰ ਤਹਿਤ ਹਰ ਸਾਲ ਡਾਕਟਰ ਲੱਖਾਂ ਡਾਲਰਾਂ ਦੀ ਵਾਧੂ ਕਮਾਈ ਕਰ ਜਾਂਦੇ ਹਨ; ਪਰ ਡਾਕਟਰਾਂ ਵੱਲੋਂ ਕੀਤੀ ਗਈ ਇਸ ਵਾਧੂ ਕਮਾਈ ਸਦਕਾ ਸਰਕਾਰ ਨੂੰ ਹਸਪਤਾਲਾਂ ਨੂੰ ਹਰ ਸਾਲ ਮੱਦਦ ਦੇਣ ਵਾਲੀ ਗ੍ਰਾਂਟ ਦਾ ਬਜਟ ਵਧਾਉਣਾ  ਪੈਂਦਾ ਹੈ। ਜਿਸਦੇ ਨਤੀਜੇ ਵਜੋਂ ਸਰਕਾਰ ਨੂੰ ਲੋਕਾਂ ਉੱਤੇ ਹੋਰ ਟੈਕਸ ਲਗਾ ਕੇ ਇਹ ਘਾਟਾ ਪੂਰਾ ਕਰਨਾ ਪੈਂਦਾ ਹੈ। ਇਸ ਤੱਥ ਨੂੰ ਇਸ ਨਾਵਲ ਵਿੱਚ ਵੀ ਕਾਫੀ ਵਧੀਆ ਢੰਗ ਨਾਲ ਪੇਸ਼ ਕੀਤਾ ਗਿਆ ਹੈ: ਡਾਕਟਰਾਂ ਦੀ ਗਿਣਤੀ ਦਿਨੋ ਦਿਨ ਵਧਦੀ ਜਾਂਦੀ ਹੈ। ਨਾਲ ਹੀ ਬੀਮਾਰੀਆਂ ਤੇ ਬੀਮਾਰ। ਬਹੁਤ ਸਾਰੇ ਲੋਕਾਂ ਦੀ ਆਮਦਨੀ ਦਾ ਵਧੇਰੇ ਹਿਸਾ ਡਾਕਟਰਾਂ ਦੀ ਜੇਬ ਵਿਚ ਚਲਾ ਜਾਂਦਾ ਹੈ। ਥੋੜਾ ਜਿੰਨਾ ਜ਼ੁਕਾਮ ਹੋਵੇ ਡਾਕਟਰ ਕੋਲ ਭੱਜ ਗਏ। ਪੇਟ ਵਿੱਚ ਦਰਦ ਹੋਇਆ ਤਾਂ ਦਵਾਈ ਲੈ ਆਂਦੀ। ਇੰਜ ਮਹਿਸੂਸ ਹੁੰਦਾ ਹੈ ਕਿ ਡਾਕਟਰ ਸ਼ਹਿਰੀ ਜੀਵਨ ਦਾ ਇਕ ਅਜਿਹਾ ਹਿੱਸਾ ਬਣ ਗਏ ਹਨ ਜੋ ਸਰੀਰ ਦੇ ਅੰਗ ਵਾਂਗ ਅਲੱਗ ਨਹੀਂ ਕੀਤੇ ਜਾ ਸਕਦੇ"
ਨਾਵਲਕਾਰ ਕੈਨੇਡਾ ਵਿੱਚ ਨਵੇਂ, ਵਿਸ਼ੇਸ਼ ਕਰਕੇ ਗਰੀਬ ਦੇਸ਼ਾਂ ਤੋਂ, ਆਉਣ ਵਾਲੇ ਇਮੀਗਰੈਂਟਾਂ ਦੀ ਇੱਕ ਵੱਡੀ ਸਮੱਸਿਆ ਦਾ ਜ਼ਿਕਰ ਕਰਦਾ ਹੈ। ਅਨੇਕਾਂ ਦੇਸ਼ਾਂ ਤੋਂ ਚੰਗੇ ਤਜਰਬੇਕਾਰ ਅਧਿਆਪਕ, ਵਕੀਲ, ਡਾਕਟਰ, ਇੰਜਨੀਅਰ ਅਤੇ ਤਕਨੀਸ਼ਨ ਕੈਨੇਡਾ ਇਮੀਗਰੈਂਟ ਬਣਕੇ ਆਉਂਦੇ ਹਨ; ਪਰ ਇੱਥੇ ਆ ਕੇ ਉਨ੍ਹਾਂ ਨੂੰ ਟੈਕਸੀ ਡਰਾਈਵਰ, ਟਰੱਕ ਡਰਾਈਵਰ, ਪੀਜ਼ਾ ਡਿਲਵਰੀ ਪਰਸਨ ਬਣਕੇ ਕੰਮ ਕਰਨਾ ਪੈਂਦਾ ਹੈ। ਕਈ ਵੇਰੀ ਯੂਨੀਵਰਸਿਟੀਆਂ ਦੇ ਤਜਰਬੇਕਾਰ ਪ੍ਰੋਫੈਸਰਾਂ ਨੂੰ ਰੈਸਟੋਰੈਂਟਾਂ ਵਿੱਚ ਜੂਠੇ ਭਾਂਡੇ ਧੋਣੇ ਪੈਂਦੇ ਹਨ। ਇਹ ਆਪਣੀ ਹੀ ਤਰ੍ਹਾਂ ਦਾ ਹੀ ਨਸਲੀ ਵਿਤਕਰਾ ਹੈ। ਅਨੇਕਾਂ ਪ੍ਰਵਾਸੀਆਂ ਨੂੰ ਕੈਨੇਡਾ ਵਿੱਚ ਆ ਕੇ ਆਪਣੇ ਪਰੋਫੈਸ਼ਨਲ ਖੇਤਰ ਵਿੱਚ ਮੁੜ ਸਥਾਪਤ ਹੋਣ ਲਈ ਦਹਾਕੇ ਤੋਂ ਵੱਧ ਸਮਾਂ ਲੱਗ ਜਾਂਦਾ ਹੈ; ਪਰ ਹਰ ਕੋਈ ਏਨੇ ਸਮੇਂ ਵਿੱਚ ਹੀ ਕਾਮਿਯਾਬ ਨਹੀਂ ਹੋ ਸਕਦਾ ਅਤੇ ਸਾਰੀ ਉਮਰ ਅਜਿਹੀਆਂ ਘੱਟ ਤਨਖਾਹ ਵਾਲੀਆਂ ਨੌਕਰੀਆਂ ਵਿੱਚ ਹੀ ਹੱਡ ਰਗੜਦਾ ਰਹਿ ਜਾਂਦਾ ਹੈ। ਨਾ ਤਾਂ ਉਸ ਨੂੰ ਕੈਨੇਡਾ ਆ ਕੇ ਆਪਣੇ ਮੁੱਢਲੇ ਦੇਸ਼ ਵਾਲਾ ਇਜ਼ਤ ਮਾਨ ਹੀ ਮਿਲਦਾ ਹੈ ਅਤੇ ਨ ਹੀ ਆਰਥਿਕ ਤੌਰ ਉੱਤੇ ਉਹ ਕਦੀ ਸੌਖਾਲੀ ਜ਼ਿੰਦਗੀ ਹੀ ਬਤੀਤ ਕਰ ਸਕਦਾ ਹੈ। ਜਿਸ ਕਾਰਨ ਉਹ ਮਨੋ-ਵਿਗਿਆਨਕ ਤੌਰ ਉੱਤੇ ਵੀ ਨਿਰਾਸ਼ਾਵਾਦੀ ਹੋ ਜਾਂਦਾ ਹੈ ਅਤੇ ਸੋਚਦਾ ਰਹਿੰਦਾ ਹੈ ਕਿ ਉਸਨੇ ਕੈਨੇਡਾ ਦਾ ਇਮੀਗਰੈਂਟ ਬਣਕੇ ਕੀ ਖੱਟਿਆ? ਪਰ ਏਨੇ ਸਮੇਂ ਵਿੱਚ ਉਹ ਇਸ ਗੱਲ ਦਾ ਫੈਸਲਾ ਕਰਨ ਦੀ ਸ਼ਕਤੀ ਵੀ ਗੁਆ ਬੈਠਦਾ ਹੈ ਕਿ ਜੇਕਰ ਕੈਨੇਡਾ ਦੇ ਸਮਾਜ ਵਿੱਚ ਉਸਨੂੰ ਆਪਣੇ ਮੁੱਢਲੇ ਦੇਸ਼ ਵਰਗਾ ਇਜ਼ਤ ਮਾਣ ਨਹੀਂ ਮਿਲਦਾ ਤਾਂ ਉਹ ਆਪਣੇ ਮੁੱਢਲੇ ਦੇਸ਼ ਪਰਤ ਜਾਵੇ। ਨਾਵਲਕਾਰ ਨੇ ਇਸ ਸਮੱਸਿਆ ਨੂੰ ਆਪਣੇ ਸ਼ਬਦਾਂ ਵਿੱਚ ਇਸ ਤਰ੍ਹਾਂ ਬਿਆਨ ਕੀਤਾ ਹੈ:
"ਜਦੋਂ ਦਰਜਨ ਕੁ ਸਾਲ ਪਹਿਲਾਂ ਸੁਚੇਤ ਵੀ ਇਸ ਦੇਸ਼ ਵਿਚ ਆਵਾਸੀ ਵਜੋਂ ਆਇਆ - ਉਸਨੂੰ ਇਸ ਦੇਸ਼ ਦੇ ਇਕ ਹੋਰ ਹੀ ਨੀਚਪੁਣੇ ਦਾ ਕਿੰਨੇ ਹੀ ਹੋਰ ਉਚਪੜ੍ਹੇ ਤੇ ਤਜਰਬੇਕਾਰ ਵਿਦਵਾਨਾਂ ਵਾਂਗ ਸ਼ਿਕਾਰ ਹੋਣਾ ਪਿਆ - ਧੱਕੇ ਖਾਣੇ ਪਏ। ਉਹ ਇਹ ਕਿ ਬਾਹਰਲੇ 'ਗਰੀਬ' ਦੇਸ਼ਾਂ ਤੋਂ ਚੰਗੇ ਪੜ੍ਹੇ ਲਿਖੇ ਉੱਚ ਕੋਟੀ ਦੇ ਬੰਦੇ ਤਾਂ ਲੈ ਆਓ ਪਰ ਦੇਸ਼ ਵਿੱਚ ਲਿਆ ਕੇ ਉਹਨਾਂ ਨੂੰ ਇੰਜ ਰੌਲੋ ਜਾਂ ਕਹਿ ਲਓ ਕਿ ਉਹਨਾਂ ਨੂੰ ਪੈਰ ਲਾਉਣ ਵਿਚ ਕਿਸੇ ਯੋਜਨਾ ਰਾਹੀਂ ਮੱਦਦ ਨਾ ਦਿਓ ਕਿ ਜ਼ਿੰਦਗੀ ਭਰ ਲਈ ਤੀਜੇ ਦਰਜੇ ਦੇ ਸ਼ਹਿਰੀ ਬਣ ਕੇ ਰਹਿ ਜਾਣ - ਆਪਣੀ ਹੋਂਦ ਤੇ ਪ੍ਰਵਾਰ ਦੀ ਸੁਰੱਖਿਆ ਲਈ ਹੀ ਘੁਲਦੇ ਰਹਿਣ ਤੇ ਬਾਕੀ ਕਿਸੇ ਸਮਾਜਕ ਤੇ ਘੱਟ ਗਿਣਤੀ ਦੇ ਅਨਿਆਂ ਵੱਲ ਉਹਨਾਂ ਦਾ ਧਿਆਨ ਹੀ ਨਾ ਜਾਵੇ। ਸੁਚੇਤ ਵੀ ਆਰੰਭ ਵਿਚ ਅਜਿਹੀ ਹਾਲਤ ਵਿੱਚ ਹੀ ਸੀ"
'ਮਿੱਠਤ ਨੀਵੀਂ' ਨਾਵਲ ਵਿੱਚ ਤ੍ਰਿਲੋਚਨ ਸਿੰਘ ਗਿੱਲ ਹਸਪਤਾਲਾਂ, ਡਾਕਟਰਾਂ, ਡਾਕਟਰੀ ਇਲਾਜਾਂ ਅਤੇ ਦਵਾਈਆਂ ਨਾਲ ਜੁੜੀਆਂ ਸਮੱਸਿਆਵਾਂ ਨੂੰ ਬੜੀ ਕਾਮਿਯਾਬੀ ਨਾਲ ਪੇਸ਼ ਕਰਦਾ ਹੈ। ਕੈਨੇਡੀਅਨ ਪੰਜਾਬੀ ਸਾਹਿਤ ਵਿੱਚ ਇਸ ਵਿਸ਼ੇ ਬਾਰੇ ਮੈਨੂੰ ਪਹਿਲਾ ਅਜਿਹਾ ਪੰਜਾਬੀ ਨਾਵਲ ਪੜ੍ਹਨ ਦਾ ਮੌਕਾ ਮਿਲਿਆ ਹੈ। ਇਸ ਨਾਵਲ ਦੇ ਸਫ਼ੇ ਵਧਾਉਣ ਲਈ ਸ਼ਾਮਿਲ ਕੀਤੀਆਂ ਗਈਆਂ ਕੁਝ ਫਾਲਤੂ ਗੱਲਾਂ ਨੂੰ ਜੇਕਰ ਇਸ ਨਾਵਲ ਵਿੱਚੋਂ ਕੱਢ ਕੇ ਜੇਕਰ ਇਸ ਨਾਵਲ ਨੂੰ, ਮਹਿਜ਼, ਮੁਖ ਵਿਸ਼ੇ ਉੱਤੇ ਹੀ ਕੇਂਦਰਤ ਕੀਤਾ ਜਾਂਦਾ ਤਾਂ ਇਹ ਨਾਵਲ ਹੋਰ ਵਧੇਰੇ ਅਰਥਭਰਪੂਰ ਹੋ ਜਾਣਾ ਸੀ।
ਤ੍ਰਿਲੋਚਨ ਸਿੰਘ ਗਿੱਲ ਨੇ ਕੈਨੇਡੀਅਨ ਪੰਜਾਬੀ ਸਾਹਿਤਕਾਰ ਦੇ ਤੌਰ ਉੱਤੇ ਭਾਵੇਂ ਸਾਹਿਤ ਦੇ ਅਨੇਕਾਂ ਰੂਪਾਂ ਉੱਤੇ ਹੱਥ ਅਜ਼ਮਾਈ ਕੀਤੀ ਹੈ; ਪਰ ਮੇਰੀ ਜਾਚੇ ਉਸ ਵਿੱਚ ਸਾਹਿਤ ਦੇ ਬਾਕੀ ਹੋਰਨਾਂ ਰੂਪਾਂ ਦੇ ਮੁਕਾਬਲੇ ਵਿੱਚ ਇੱਕ ਵਧੀਆ, ਚੇਤੰਨ, ਸੰਵੇਦਨਸ਼ੀਲ, ਅਗਾਂਹਵਧੂ ਨਾਵਲਕਾਰ ਬਨਣ ਦੀਆਂ ਵਧੇਰੇ ਸੰਭਾਵਨਾਵਾਂ ਮੌਜੂਦ ਹਨ।
.........................................

ਮ੍ਰਿਗ ਤ੍ਰਿਸ਼ਨਾਂ -ਬਲਦੇਵ ਸਿੰਘ'ਬੁੱਧ ਸਿੰਘ ਵਾਲਾ'

ਮ੍ਰਿਗ ਤ੍ਰਿਸ਼ਨਾਂ   -ਬਲਦੇਵ ਸਿੰਘ'ਬੁੱਧ ਸਿੰਘ ਵਾਲਾ'


ਮ੍ਰਿਗ ਤ੍ਰਿਸ਼ਨਾਂ ਦਾ ਜ਼ਿਕਰ ਬਾਣੀ ਵਿੱਚ ਵੀ ਆਉਦਾ ਹੈ। ਕਹਿੰਦੇ ਹਨ ਜਦੋ ਮ੍ਰਿਗ ਨੂੰ ਯਾਣੀ ਕਿ ਹਿਰਨ ਨੂੰ ਕਸਤੂਰੀ ਦੀ ਖੁਸ਼ਬੋ ਆਉਦੀ ਹੈ ਤਾਂ ਹਰਨ ਕਸਤੂਰੀ ਦੀ ਭਾਲ ਵਿੱਚ ਜੰਗਲ ਵਿੱਚ ਦੌੜਦਾ ਹੈ ਪਰ ਕਸਤੂਰੀ ਉਸਦੇ ਅੰਦਰ ਹੀ ਹੁੰਦੀ ਹੈ। ਸੋ ਰੱਬ ਵੀ ਆਪਣੇ ਅੰਦਰ ਹੀ ਹੈ ਪਰ ਦੇਖਣ ਦੀ ਲੋੜ ਹੈ।
ਹਿਰਨ ਦੀ ਇੱਕ ਮਿਸਾਲ ਹੋਰ ਬਾਣੀ ਵਿੱਚ ਦਿੱਤੀ ਗਈ ਹੈ ਕਿ ਉਡਦੀ ਰੇਤ ਦੇਖਕੇ ਪਾਣੀ ਸਮਝ ਲੈਦਾ ਹੈ ਤੇ ਪਿਆਸ ਬੁਝਾਉਣ ਵਾਸਤੇ ਪਰ ਉਹ ਪਾਣੀ ਨਹੀ ਭੁਲੇਖਾ ਹੁੰਦਾ ਹੈ ਇਵੇ ਹੀ ਅਸੀ ਭੁਲੇਖੇ ਵਿੱਚ ਰੱਬ ਪਿੱਛੇ ਭਜਦੇ ਹਾਂ ਪਰ ਰੱਬ ਸਾਡੇ ਅੰਦਰ ਹੀ ਹੈ। ਜਿਵੇਂ ਬੁੱਲੇ ਸ਼ਾਹ ਨੇ ਕਿਹਾ ਸੀ,
''ਬੁੱਲਿਆ ਰੱਬ ਤੇਰੇ ਤੋਂ ਵੱਖ ਨਹੀਂ ਤੇਰੀ ਵੇਖਣ ਵਾਲੀ ਅੱਖ ਨਹੀਂ"
ਜਦੋਂ ਮੈਂ ਫੌਜ
ਵਿੱਚ ਸੀ ਤੇ ਗੁਰਦਵਾਰੇ ਜਾਂਦਾ ਹੁੰਦਾ ਸੀ। ਪਰ ਕਦੇ ਕਦਾਈਂ ਮੰਦਰ ਵਿੱਚ ਵੀ। ਪਰ ਅਸੀਂ ਮੰਦਰ ਜਾਂ ਗੁਰਦਵਾਰੇ ਮੌਸਮ ਦੇ ਹਿਸਾਬ ਨਾਲ ਜਾਂਦੇ ਹੁੰਦੇ ਸੀ ਕਿਉਕਿ ਅਸੀਂ ਸੀ ਮੌਸਮੀ ਸਿੰਘ ਜਿੱਧਰ ਚੰਗਾ ਪ੍ਰੋਗਾਮ ਹੋਣਾ ਉਧਰ ਤੁਰ ਪੈਣਾਂ ਜੇ ਲੱਡੁ ਜਲੇਬੀਆਂ ਭੰਡਾਰਾ ਹੋਣਾ ਤਾਂ ਗੁਰਦਵਾਰੇ ਜੇ ਕੇਕ ਨੂੰ ਦਿਲ ਕਰੇ ਤਾਂ ਚਰਚ ਜੇ ਦਾਰੂ ਪਿਆਲੇ ਦਾ ਭੰਡਾਰਾ ਹੋਣਾਂ ਤਾਂ ਮੰਦਰ। ਨਾਲੇ ਮੰਦਰ ਜਾ ਕੇ ਆਖ ਦੇਣਾ ਰੱਬ ਇੱਕ ਹੀ ਹੈ ਕੀ ਮੰਦਰ ਕੀ ਗੁਰਦਵਾਰਾ । ਕਿਉਕਿ ਨਾਸਿਕ ਵਿੱਚ ਇੱਕੋ ਲਾਈਨ ਵਿੱਚ ਗੁਰਦਵਾਰਾ, ਮੰਦਰ, ਮਸਜਦ ਤੇ ਚਰਚ ਹਨ। ਦੁਸਿਹਰੇ ਤੋਂ ਪਹਿਲਾਂ ਹਿੰਦੂ ਦੁਰਗਾ ਤੇ ਕਾਲੀ ਮਾਤਾ ਜੀ ਦੀ ਪੂਜਾ ਕਰਦੇ ਹਨ।ਉਨ੍ਹਾਂ ਦਿਨਾਂ ਵਿੱਚ ਮੰਦਰ ਵਿੱਚ ਸ਼ਰਾਬ ਦਾ ਪ੍ਰਸਾਦ ਦਾ ਵਰਤਾਇਆ ਜਾਂਦਾ ਹੈ।ਆਪਣੇ ਅਖੰਡ ਪਾਠ ਵਾਂਗੂ ਇਹ ਵੀ ੩-੪ ਦਿਨ ਗੀਤਾ ਦਾ ਪਾਠ ਹੁੰਦਾ ਸੀ। ਪਰ ਇਹ ਮੰਦਰ ਇੱਕ ਅਲੱਗ ਕਮਰੇ ਵਿੱਚ ਸ਼ਪੈਸ਼ਲ ਬਣਾਇਆ ਜਾਂਦਾ ਹੈ ਅਤੇ ਜਦੋ ਭੋਗ ਪੈ ਜਾਂਦਾ ਹੈ ਤਾਂ ਇਹ ਮੰਦਰ ਉਠਾ ਦਿੱਤਾ ਜਾਂਦਾ ਹੈ। ਇੰਨਾਂ ਦਿਨਾਂ ਵਿੱਚ ਅਸੀਂ ਦਿਨ ਵਿੱਚ ੩-੪ ਵਾਰ ਮੰਦਰ ਵਿੱਚ ਮੱਥਾ ਟੇਕ ਕੇ ਆਊਣਾ ਚੁਆਨੀ ਟੇਕ ੫ ਰੁਪੈ ਦੀ ਰੰਮ ਪੀ ਲੈਣੀ ਸਾਨੂੰ ਸਿੱਖ ਹੋਣ ਕਰਕੇ ਦਾਰੂ ਦਾ ਗੱਫਾ ਵੀ ਖੁੱਲਾ ਦਿੰਦੇ ਸੀ। ਨਹੀਂ ਤਾਂ ਵਰਤਾਵੇ ਆਵਦੇ ਦੋਸਤਾਂ ਨੂੰ ਗਾੜੀ ਤੇ ਚਲਵੇਂ ਨੂੰ ਪਾਣੀ ਧਾਣੀਂ। ਆਖਰੀ ਦਿਨ ਆਰਤੀ ਕਰਕੇ ਮਾਤਾ ਨੂੰ ਖੁਸ਼ ਕਰਨ ਵਾਸਤੇ ਸੁੱਖ ਦੇ ਬੱਕਰੇ ਦੀ ਬਲੀ ਦੀ ਦਿੱਤੀ ਜਾਂਦੀ ਸੀ ਬਾਅਦ ਵਿੱਚ ਬੱਕਰੇ ਦਾ ਮੀਟ ਪ੍ਰਸਾਦ ਦੀ ਤਰਾਂ ਵਰਤਾਇਆ ਜਾਂਦਾ ਸੀ ਸਾਨੂੰ ਪ੍ਰਸਾਦ ਦਾ ਗੱਫਾ ਵੀ ਖੁੱਲਾ ਹੀ ਮਿਲਦਾ ਸੀ। ਕਹਿੰਦੇ ਆ ਆਸਾਮ ਦੇ ਜੰਗਲਾਂ ਵਿੱਚ ਕਦੇ ਕਦੇ ਬੰਦੇ ਦੀ ਬਲੀ ਦਿੱਤੀ ਜਾਂਦੀ ਸੀ। ਪਰ ਹੁਣ ਪਤਾ ਨਹੀਂ। ਪੰਡਤ ਜੀ ਗੀਤਾ ਦਾ ਗਿਆਨ ਦਿੰਦੇ ਹੁੰਦੇ ਸਨ। ਪੰਡਤ ਜੀ ਦੱਸ ਰਹੇ ਸੀ "ਜੋ ਤੁਸੀ ਲੋਕਾਂ ਕੋਲੋ ਚਾਹੂੰਦੇ ਹੋ ਉਹੋ ਤੁਸੀ ਪਹਿੱਲਾਂ ਉਨ੍ਹਾਂ ਵਾਸਤੇ ਆਪ ਕਰੋ, ਆਪਾਂ ਇੱਹ ਗੱਲ ਪੱਲੇ ਬੰਨ ਲਈ ਤੇ ਬਹੁਤ ਧੱਕੇ ਖਾਧੇ ਆਵਦਾ ਫਾਇਦਾ ਕਦੇ ਨੀ ਸੋਚਿਆ ਲੋਕਾਂ ਦੇ ਹੀ ਫਾਇਦੇ ਕੀਤੇ। ਜਿਵੇਂ ਆਪ ਪਾਣੀ ਪੀਤਾ ਅਗਲੇ ਨੂੰ ਕੋਕ ਆਪ ਚਾਹ ਅਗਲੇ ਨੂੰ ਦੁੱਧ ਆਪ ਚਊ (ਹਾਂਗ ਕਾਗ ਵਿੱਚ ਫੀਨੀ ਘਟੀਆ ਤੇ ਸਸਤੀ ਸਰਾਬ) ਤੇ ਅਗਲਿਆਂ ਨੂੰ ਵਿਸਕੀ ਮੈਂ ਹਾਂਗ ਕਾਂਗ ਪਤਾ ਨੀ ਕੀ ਕੀ ਪਾਪੜ ਵੇਲ ਕੇ ਪੱਕਾ ਹੋਇਆ ਤੇ ਲੱਖ ਤੋ ਉਤੇ ਡਾਲਰ ਵਕੀਲਾਂ ਤੇ ਦਲਾਲਾਂ ਨੂੰ ਦਿੱਤੇ ਤੇ ਹੋਰਨਾ ਨੂੰ ਮੁਖਤ ਪੱਕਾ ਕਰਵਾਇਆ ਤੇ ਜਦੋਂ ਮੈਨੂੰ ਲੋੜ ਪਈ ਤਾਂ ਸਾਰਿਆਂ ਨੇ ਝੱਗਾ ਚੱਕਤਾ। ਫਿਰ ਸੋਚਿਆ ਮੰਦਰ ਦੀ ਸਰਾਬ ਮਹਿੰਗੀ ਪਈ। ਖੈਰ ਇਹ ਕੋਈ ਹੈਰਾਨੀ ਵਾਲੀ ਗੱਲ ਨਹੀਂ ਇਸ ਬਾਰੇ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਨੇ ਲਿਖ ਦਿੱਤਾ ਸੀ:-
 
ਸੁੱਖ ਮੇਂ ਆਣ ਮਿਲਤ ਬਹੁ ਬੈਠਤ ਰਹਿਤ ਚਹੁਦਿਸ ਘੇਰੇ,
ਬਿਪਤ ਪਈ ਸਭ ਹੀ ਸੰਗ ਛਾਡਤ ਕੋਉ ਨਾ ਆਵੇ ਨੇੜੇ
ਘਰ ਕੀ ਨਾਰ ਬਹੁ ਹਿੱਤ ਜਾਂ ਸਿਓ ਸਦਾ ਰਹੇ ਸੰਗ ਲਾਗੀ,
ਜਭ ਭੀ ਹੰਸ ਤਜੀ ਇਹ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ (ਪੰਨਾ ੬੩੪)
 
ਇਸ ਦਾ ਅਰਥ ਇਹ ਹੈ ਕਿ ਮਰਨ ਤੋਂ ਬਾਅਦ ਯਾਰ ਦੋਸਤ ਤਾਂ ਦੂ੍ਰਰ ਦੀ ਗੱਲ ਘਰ ਵਾਲੀ ਵੀ ਆਖ ਦਿੰਦੀ ਹੈ ਕਿ ਇਹ ਹੁਣ ਪ੍ਰੇਤ ਹੋ ਗਿਆ। ਪਰ ਅੱਜ ਤੋਂ ਕੋਈ ੧੦੦ ਸਾਲ ਪਹਿਲਾਂ ਔਰਤਾਂ ਘਰ ਵਾਲੇ ਦੇ ਨਾਲ ਹੀ ਸਤੀ ਹੋ ਜਾਦੀਆਂ ਸੀ। ਇਹ ਰਿਵਾਜ ਜਿਆਦਾ ਰਾਜਸਥਾਨ ਵਿੱਚ ਸੀ ਜੋ ਬ੍ਰਿਟਿਸ ਦੇ ਗਵਰਨਰ ਲਾਰਡ ਡਲਹੌਜੀ ਨੇ ਸਤੀ ਪ੍ਰਥਾ ਬੰਦ ਕੀਤੀ ਸੀ। ਪਰ ੧੯੮੬-੮੭ ਵਿੱਚ ਵੀ ਰਾਜਿਸਤਾਨ ਵਿੱਚ ਸਤੀ ਹੋਈ ਸੀ। ੧੮-੩-੦੫ ਦੇ ਅਜੀਤ ਅਖਬਾਰ ਵਿੱਚ ਵੀ ਇੱਕ ਔਰਤ ਸਤੀ ਹੋਣ ਜਾ ਰਹੀ ਸੀ ਜਿਸ ਨੂੰ ਫੜ ਲਿਆ ਗਿਆ। ਪਰ ਅੱਜਕੱਲ ਤੁਸੀਂ ਆਪ ਹੀ ਦੇਖ ਲੋ ਇੱਕ ਆਪਣੇ ਬੰਦੇ ਨੂੰ ਕਿਸੇ ਘਿਰਾਉਨੇ ਜੁਰਮ ਵਿੱਚ ਸਜ਼ਾ ਹੋ ਗਈ ਤੇ ਉਸਨੇ ਅਪੀਲ ਕਰ ਦਿੱਤੀ ਪਰ ਘਰਵਾਲੀ ਨੇ ਅਪੀਲ ਨੂੰ ਵੀ ਨਹੀਂ ਉਡੀਕਿਆ ਤੇ ਕਿਸੇ ਹੋਰ ਨਾਲ ਵਿਆਹ ਕਰਵਾ ਲਿਆ, ੪-੫ ਸਾਲ ਜੇਲ ਵਿੱਚ ਰਹਿਣ ਤੋ ਬਾਅਦ ਉਹ ਮੁੰਡਾ ਹਰਟ ਅਟੈਕ ਕਾਰਨ ਜੇਲ ਵਿੱਚ ਮਰ ਗਿਆ ਤੇ ਲੋਕ ਕਹਿਣ ਲੱਗੇ ਲੈ ਕਰਵਾ ਲੈ ਜਿੰਨੇ ਵਿਆਹ ਹੋਰ ਕਰਵਾਉਣੇ ਹਨ ਇਹ ਘਟਨਾਂ ਹਾਂਗ ਕਾਂਗ ਵਿੱਚ ਵਾਪਰੀ ਹੈ।
(ਮੈਂ ਇੱਕ ਚੀਨੇ ਦੇ ਬਾਰੇ ਵੀ ਦਸਦਾਂ ਹਾਂ ਜੋ ੨੮ ਸਾਲ ਬਾਅਦ ਜੇਲ ਚੋ ਰਿਹਾ ਹੋਇਆ ਸੀ)
ਇੱਕ ਘਟਨਾ ਹਾਂਗ ਕਾਂਗ ਵਿੱਚ ੧੯੭੬ ਵਿੱਚ ਵਾਪਰੀ ਸੀ। ਇੱਕ ਚੀਨੇ ਮਿਸਟਰ ਅਓ ਕੋਲੋ ਕਤਲ ਹੋ ਗਿਆ ਉਸਨੂੰ ਉਮਰ ਕੈਦ ਹੋ ਗਈ ਹਾਂਗ ਕਾਂਗ ਦੀ ਉਮਰ ਕੈਦ ਦਾ ਮਤਲਬ ਸਾਰੀ ਉਮਰ ਜੇਲ ਵਿੱਚ ਰਹਿਣਾਂ ਤੇ ਮਰਨ ਤੋ ਕੁਛ ਘੰਟੇ ਪਹਿਲਾਂ ਛੱਡਣਾ ਕਿ ਆਜਾਦ ਹੋਕੇ ਮਰ ਸਕੇ। ਪਰ ਇਸ ਚੀਨੇ ਦੇ ਚੰਗੇ ਚਾਲ ਚਲਣ ਨੂੰ ਦੇਖਕੇ ਅਪੀਲ ਕਰਨ ਤੇ ਇਸਨੂੰ ੨੪ ਸਾਲ ਬਾਅਦ ਛੱਡ ਦਿੱਤਾ। ਉਸਦੇ ਬੱਚੇ ਵੀ ਸੀ ਉਹ ਕਹਿੰਦਾ ਮੇਰੇ ਘਰਵਾਲੀ ੩-੪ ਸਾਲ ਮਿਲਣ ਆਉਦੀ ਰਹੀ ਫਿਰ ਨਹੀਂ ਆਈ ਕਿਉਕਿ ਉਸ ਨੇ ਹੋਰ ਵਿਆਹ ਕਰਵਾ ਲਿਆ ਸੀ। ਉਹ ਕਹਿੰਦਾ ਸੀ ਮੈਂ ਘਰਵਾਲੀ ਨੂੰ ਕਹਿੰਦਾ ਹੂੰਦਾ ਸੀ ਕਿ ਤੂੰ ਮੈਨੂੰ ਹਰ ਮਹੀਂਨੇ ਮਿਲ ਜਿਆ ਕਰੀਂ । ਪਹਿਲਾਂ ਮੈਂ ਹਰ ਮਹੀਨੇ ਉਡੀਕਦਾ ਹੂੰਦਾ ਸੀ ਫਿਰ ਹਰ ੬ ਮਹੀਨੇ ਫਿਰ ਹਰ ਸਾਲ ਹਰ ਸਾਲ ਵੀ ਨਹੀਂ ਆਈ ਅੱਜ ਉਡੀਕਦੇ- ਉਡੀਕਦੇ ਨੂੰ ੨੮ ਸਾਲ ਹੋ ਗਏ ਉਹ ਨਹੀਂ ਆਈ। ਜਦੋਂ ਉਸਨੇ ੨੮ ਸਾਲ ਕਹੇ ਤਾਂ ਇਓ ਲੱਗਾ ਜਿਵੇਂ ਮੇਰੇ ਸਰੀਰ ਵਿੱਚੋਂ ਬਿਜਲੀ ਦਾ ਕਰੰਟ ਗੁਜਰ ਗਿਆ ਹੋਵੇ। ਮੈਂ ਪੁੱਛਿਆ ਹੁਣ ਤੂੰ ਘਰਵਾਲੀ ਲੱਭਂੇਗਾ? ਤਾਂ ਕਹਿੰਦਾ ਮੈਂ ਨੌਕਰੀ ਲੱਭੂਗਾ ਕੁੜੀ ਬਾਰੇ ਸੋਚੂਗਾ ਵੀਂ ਨਹੀਂ। ਵਾਰਿਸ ਸ਼ਾਹ ਨੇ ਠੀਕ ਹੀ ਕਿਹਾ ਸੀ। ''ਵਾਰਿਸ ਰੰਨ, ਫਕੀਰ, ਤਲਵਾਰ, ਘੋੜੀ ਚਾਰੇ ਥੋਕ ਇੱਹ ਕਿਸੇ ਦੇ ਯਾਰ ਨਾਂਹੀਂ"
ਸੋ ਮੈਂ ਇੱਹ ਹੱਡਬੀਤੀ ਇੱਕ ਬੰਦੇ ਦੀ ਬਿਆਨ ਕੀਤੀ ਹੈ ਤੇ ਹੋਰ ਪਤਾ ਨਹੀਂ ਕਿੰਨੀਆਂ ਕੁ ਇਹੋ ਜਿਹੀਆਂ ਘਟਨਾਵਾਂ ਬੀਤੀਆਂ ਹੋਣਗੀਆਂ ਤੇ ਬੀਤ ਰਹੀਆਂ ਹਨ। ਰੱਬ ਐਹੋ ਜਿਹੇ ਦਿਨ ਵੈਰੀ ਨੂੰ ਵੀ ਨਾ ਦਿਖਾਵੇ। ਮੈਂ ਦੱਸ ਰਿਹਾ ਸੀ ਮ੍ਰਿਗ ਤ੍ਰਿਸ਼ਨਾ ਬਾਰੇ ਤੁਰ ਪਿਆ ਹੋਰ ਪਾਸੇ। ਤੁਸੀ ਸੋਚਦੇ ਹੋਵੋਗੇ ਘੱਲਿਆ ਸੀ ਮੱਝ ਚੋਣ ਬੈਠ ਗਿਆ ਝੋਟੇ ਥੱਲੇ। ਇੱਕ ਮ੍ਰਿਗ ਤ੍ਰਿਸ਼ਨਾ ਹਰਨ ਵਾਲੀ ਹੈ ਦੂਸਰੀ ਇੱਕ ਨਦੀ ਹੈ ਜਿਸਦਾ ਨਾਂ ਹੈ ਮ੍ਰਿਗ ਤ੍ਰਿਸ਼ਨਾ।ਇਹ ਨਦੀ ਰਾਜਿਸਤਾਨ ਦੇ ਸ਼ਹਿਰ ਪੋਕਰਨ ਵਿੱਚ ਹੈ ਇਹ ਨਦੀ ਹਿੰਦੂਆਂ ਦੇ ਤੀਰਥ ਅਸਥਾਨ ੍ਰਰਾਮ ਦੇਵਰਾ ਤੇ ਪੋਕਰਨ ਦੇ ਵਿਚਾਲੇ ਹੈ । ਪਰ ਇਸ ਵਿੱਚ ਪਾਣੀ ਕਦੋਂ ਹੁੰਦਾ ਹੈ। ਇਸਦਾ ਕੋਈ ਪਤਾ ਨਹੀਂ। ਪਰ ਹੈ ਇਹ ਨਦੀ ਸਾਇਦ ਸੁੱਕੀ। ਫੌਜ ਵਿੱਚ ਇੱਕ ਕਹਾਵਤ ਵੀ ਸੀ''ਓਹ ਤੂੰ ਡੁੱਬ ਜੇਂ ਸੁੱਕੀ ਨਹਿਰ ਵਿੱਚ"
ਸ਼ਰਦੀਆਂ ਦੇ ਦਿਨ ਸੀ ਸਾਨੂੰ ਬਹੁੱਤ ਧਿਆ ਲੱਗੀ ਸੀ ਸ਼ਾਂਮ ਦਾ ਵੇਲਾ ਸੀ। ਅਸੀਂ ਗੱਡੀ ਲੈਕੇ ਪਾਣੀ ਦੀ ਤਲਾਸ਼ ਵਿੱਚ ਨਿਕਲ ਪਏ। ਇੱਕ ਉਠ ਚਾਰਨ ਵਾਲੇ ਕੋਲੋ ਅਸੀਂ ਪੁੱਛ ਬੈਠੇ ਉਸਨੇ ਸਾਨੂੰ ਪੁੱਠੇ ਪਾਸੇ ਤੋਰ ਦਿੱਤਾ ਵੈਸੇ ਵੀ ਮਾਲ ਚਾਰਨ ਵਾਲਿਆ ਨੂੰ ਪੁੱਠੀ ਰਾਇ ਦੇਣ ਦੀ ਆਦਤ ਹੁੰਦੀ ਹੈ। ਇਹ ਕਿਸੇ ਨੂੰ ਪੁੱਠੇ ਪਾਸੇ ਭੇਜ ਕੇ ਆਪ ਹੱਸਦੇ ਹਨ। ਉਸਦੇ ਦੱਸੇ ਮੁਤਾਬਿਕ ਅਸੀਂ ਮ੍ਰਿਗ ਤ੍ਰਿਸ਼ਨਾ ਦਾ ਬੋਰਡ ਪੜਕੇ ਗੱਡੀ ਉਧਰ ਂਨੂੰ ਤੋਰਤੀ ਅਸੀਂ ਦੇਖਿਆ ਕਿ ਪਾਣੀ ਛੱੱਲਾਂ ਮਾਰ ਰਿਹਾ ਹੈ ਅਸੀਂ ਬੜੇ ਖੁਸ਼ ਹੋਏ ਕਿ ਪਾਣੀ ਤਾਂ ਕੋਲ ਹੀ ਸੀ ਅਸੀਂ ਕਿਤੇ ਵੇਲੇ ਕੁਵੇਲੇ ਪੰਜ ਰਤਨੀ ਛਕਣੀ ਹੁੰਦੀ ਤਾਂ ਪਾਣੀ ਮੁੱਲ ਲੈਣਾਂ ਪੈਦਾ ਸੀ ਅੱਜ ਤਾਂ ਮੌਜ ਲੱਗ ਗੀ। ਅਸੀਂ ਗੱਡੀ ਭਜੌਦੇ ਗਏ ਅਸੀਂ ਇੱਕ ਦੋ ਮੀਲ ਗਏ ਪਰ ਪਾਣੀ ਹੋਰ ਦੂਰ ਹੋਰ ਦੂਰ ਹੁੰਦਾ ਚਲਿਆ ਗਿਆ ਅਸੀਂ ਹੈਰਾਨ ਹੋ ਗਏ। ਂਅੜੀਘਅਠਓ੍ਰ (ਨਕਸੇ ਦਾ ਮਾਹਿਰ) ਨੇ ਦੂਰਬੀਨ ਲਾਕੇ ਦੇਖਿਆ ਤਾਂ ਕਹਿੰਦਾ ਇਹ ਪਾਣੀ ਨਹੀਂ ਭੁਲੇਖਾ ਹੈ ਅਸੀਂ ਸਾਰੇ ਹੱਸ ਪਏ ਤੇ ਉਸਨੂੰ ਸ਼ਰਮਿੰਦਾ ਕਰਤਾ। ਫਿਰ ਮੈਂ ਕਿਹਾ ਤੂੰ ਤਾਂ ਮਹਾਂਭਾਰਤ (ਓਂਛ੍ਹਅਂਠਓਧ ਫੌੌਲ਼) ਭੂਤਾਂ ਦੇ ਛੱਪੜ. ਵਾਲੀ ਗੱਲ ਕਰਤੀ ਉਹ ਵੀ ਇਵੇਂ ਹੀ ਸੀ ਦੂਰੋਂ ਪਾਣੀ ਦਾ ਛੱਪੜ ਦਿਸਦਾ ਹੈ ਪਰ ਹੁੰਦਾ ਹੈ ਉਹ ਭੁਤਾਂ ਦਾ ਛੱਪੜ ਏਨੇ ਨੂੰ ਸਾਨੂੰ ਇੱਕ ਹੋਰ ਸਿਆਣੀ ਉਮਰ ਦਾ ਬੰਦਾ ਮਿਲ ਗਿਆ ਸੀ ਤਾਂ ਉਹ ਵੀ ਮਾਲ ਚਾਰਨ ਵਾਲਾ ਪਰ ਸ਼ਰੀਫ ਲਗਦਾ ਸੀ। ਅਸੀਂ ਉਸ ਕੋਲ ਗੱਡੀ ਰੋਕ ਲੀ ਉਸਨੇ ਸਾਡੇ ਪੁਛਣ ਤੋਂ ਬਗੈਰ ਹੀ ਬਿਆਨ ਕਰਨਾ ਸ਼ੁਰੂ ਕਰਤਾ।
ਮੇਰੇ ਕੋ ਮਾਲੂਮ ਹੈ ਕਿ ਆਪ ਲੋਗ ਧੋਖਾ ਖਾ ਗਏ ਜਾਂ ਕਿਸੀ ਨੇ ਆਪਕੋ ਗਲਤ ਰਾਸਤੇ ਡਾਲ ਦਿਆ ਯੇ ਪਾਣੀ ਵਾਣੀ ਕੁਛ ਨਹੀਂ ਹੈ ਯੈ ਭੁਲੇਖਾ ਹੈ। ਆਪ ਲੋਗੋ ਨੇ ਪੀਛੇ ਬੋਡ ਦੇਖਾ ਹੋਗਾ ਮ੍ਰਿਗ ਤ੍ਰਿਸ਼ਨਾ ਵੋ ਇਸੀ ਲੀਏ ਲਿਖਾ ਹੈ ਕੋਈ ਧੋਖਾ ਨਾ ਖਾ ਜਾਏ ਮੈਂ ਤੋ ਆਪ ਕੋ ਬਤਾ ਕਈ ਬਾਰ ਹਿਰਣ ਭਾਗਤੇ ਹੈਂ ਪਾਣੀ ਕੀ ਤਲਾਸ਼ ਵੋ ਭਾਗਤੇ ਮਰ ਭੀ ਜਾਤੇ ਹੈਂ ਅਬ ਉਨਕੋ ਕੌਣ ਬਤਾਵੇ ਯੇ ਪਾਣੀ ਨਹੀਂ ਭੁਲੇਖਾਂ ਹੈ.। ਮੈਂ ਨੇਵੀਗੇਟਰ ਤੋਂ ਪੱਛਿਆ ਤੈਨੂਂੰ ਕਿਵੇਂ ਪਤਾ ਲੱਗਿਆ ਉਹ ਕਹਿੰਦਾ ''ਜੇ ਪਾਣੀ ਹੁੰਦਾ ਤਾਂ ਦਰਖਤਾਂ ਦਾ ਪ੍ਰਛਾਂਵਾਂ ਦਿਸਣਾ ਸੀ ਪਰ ਉਹ ਨਹੀਂ ਦਿਸਿਆ ਤਾਂ ਪਤਾ ਲੱਗਾ ਕਿ ਇਹ ਭੁਲੇਖਾ ਹੈ"! ਸੋ ਇਸ ਜਗਾ ਰੇਤ ਹੀ ਰੇਤ ਹੈ ਜਿਆਦਾ ਚਮਕੀਲੀ ਰੇਤ ਹਵਾ ਨਾਲ ਥੋੜੀ ਥੋੜੀ ਉਡਦੀ ਹੈ ਤਾਂ ਪਾਣੀ ਵਾਂਗੁੂੰ ਲਗਦੀ ਹੈ। ੧੯੭੪ ਵਿੱਚ ਇਥੇ ਐਟਮ ਬੰਬ ਦਾ ਅੰਡਰ ਗਰਾਊਡ ਟੈਸਟ ਕੀਤਾ ਸੀ ਜਿਸ ਕਰਕੇ ਅਮਰੀਕਾ ਤੇ ਪਾਕਿਸਤਾਨ ਬਹੁਤ ਨੂੰ ਹੱਥਾਂ ਪੈਂਰਾਂ ਦੀ ਪੈ ਗਈ ਸੀ। ਪਰ ਉਸ ਬੰਬ ਟੈਸਟ ਕਰਨ ਨਾਲ ਉਥੇ ਮੀਂਹ ਬਹੁਤ ਪਿਆ ਸੀ। ਕਿਉਕਿ ੧੯੬੪ -੬੫ ਤੋ ਲੈਕੇ ੧੯੭੪ ਤੱਕ ਮੀਂਹ ਨਹੀਂ ਸੀ ਪਿਆ ੧੦ ਸਾਲ ਦੇ ਬੱਚੇ ਨੂੰ ਮੀਂਹ ਬਾਰੇ ਕੋਈ ਪਤਾ ਨਹੀਂ ਸੀ ਬੱਚੇ ਕੋਠਿਆਂ ਤੇ ਲੱਗੇ ਪ੍ਰਨਾਲੇ ਦੇਖਕੇ ਪੁਛਦੇ ਸੀ ਕਿ ਇਹ ਕਿਉ ਲਾਏ ਹਨ? ਉਥੋਂ ਦੇ ਲੋਕ ਘਰਾਂ ਨੂੰ ਜਿੰਦੇ ਲਾ ਕੇ ਪੰਜਾਬ ਆ ਗਏ ਤੇ ਸ਼ੜਕਾਂ ਤੇ ਕੰਮ ਕਰਕੇ ਆਵਦਾ ਢਿੱਡ ਭਰਨ ਲੱਗੇ ਜੋ ਅਜੇ ਤੱਕ ਨਹੀਂ ਗਏ। ਘਰਾਂ ਨੂੰ ਉਵੇਂ ਹੀ ਜਿੰਦੇ ਲੱਗੇ ਪਏ ਹਨ। ਪੰਜਾਬ ਵਿੱਚ ਰਾਜਿਸਤਾਨੀ ਵੀ ਬਹੁਤ ਹਨ ਜਿੰਨਾ ਨੂੰ ਆਪਾਂ ਭਈਏ ਹੀ ਸਮਝ ਲੈਦੇਂ ਹਾਂ । ਇਸ ਜਗ੍ਹਾ ਤੇ ਹੀ ੧੯੬੫ ਦੀ ਲੜਾਈ ਵੇਲੇ ਦੇ ਪਾਕਿਸਤਾਨੀਆਂ ਦੇ ਗੋਲਿਆਂ ਨਾਲ ਬਰਬਾਦ ਹੋਏ ਪੈਟਨ ਟੈਂਕ ਖੜੇ ਹਨ। ਜਿੰਨਾ ਵਿੱਚ ਪਾਕਿਸਤਾਨੀ ਫੌਜੀਆਂ ਦੀਆਂ ਹੱਡੀਆਂ ਵੀ ਦੇਖੀਆਂ ਜਾ ਸਕਦੀਆਂ ਹਨ ਇਹ ਟੈਂਕ ਅਮਰੀਕਾ ਨੇ ਪਾਕਿਸਤਾਨ ਨੂਂੰ ਇੰਡੀਆ ਬਰਬਾਦ ਕਰਨ ਵਾਸਤੇ ਦਿੱਤੇ ਸੀ ਪਰ ਸਕਮਿ ਸਿਰੇ ਨਾਂ ਚੜੀ। ਇਥੇ ਸਤੀਆਂ ਦੇ ਮੰਦਰ ਵੀ ਬਹੁਤ ਹਨ। ਦਿੱਲੀ ਤੋ ਪੋਕਰਨ ਦਾ ਸਫਰ ਤਿੰਨ ਦਿਨ ਤਿੰਨ ਰਾਤ ਲਗਾਤਾਰ ਐਕਸ ਪ੍ਰੇਸ ਛੋਟੀ ਰੇਲ ਦਾ ਸਫਰ ਹੈ। ਡੋਡੇ ਅਫੀਮ ਆਮ ਹਨ ਕੋਈ ਪਾਬੰਦੀ ਨਹੀਂ ਸੁੱਖੇ (ਭੰਗ) ਦੇ ਠੇਕੇ ਹਨ। ਲੋਕਾਂ ਦੀ ਫਸਲ ਉਠ ਭੇਡਾਂ ਵਗੈਰਾ ਹਨ ਕਿਸੇ ਮੌਸਮ ਵਿੱਚ ਮੀਂਹ ਪੈ ਜਾਵੇ ਤਾਂ ਇਹ ਬਾਜਰਾ ਬੀਜ ਦਿੰਦੇ ਹਨ, ੨੦-੨੦ ਮੀਲ ਤੇ ਦੀਵਾ ਜਗਦਾ ਹੈ। ਪਾਕਿਸਤਾਨ ਦਾ ਬਾਰਡਰ ਨੇੜੇ ਹੈ। ਰੇਤਾ ਬਹੁਤ ਸਾਫ ਹੈ ਕੱਪੜਿਆਂ ਨੂੰ ਨਹੀਂ ਲੋਕਾਂ ਕੱਦ ਬਹੁਤ ਲੰਮੇਂ ਹਨ ਬੀਮਾਰੀ ਬਿੱਲਕੁਲ ਨਹੀ। ਸ਼ਿਕਾਰ ਖੇਡਣਾ ਮਨਾਹੀ ਹੈ ਜੇ ਕੋਈ ਸ਼ਿਕਾਰ ਖੇਡਦਾ ਫੜਿਆ ਜਾਵੇ ਤਾਂ ਲੋਕ ਕਟ ਕੁੱਟ ਕੇ ਮਾਰ ਦਿੰਦੇ ਹਨ! ਗਰਮੀਆਂ ਦੇ ਦਿਨਾਂ ਵਿੱਚ ੫੦ ਤੋਂ ੫੫ ਡਿਗਰੀ ਗਰਮੀ ਤੇ ਸਰਦੀਆਂ ਦੇ ਦਿਨਾਂ ਵਿੱਚ ਟਿੰਪਰੈਚਰ ''੦" ਡਿਗਰੀ ਤੋ ਵੀ ਥੱਲੇ ਚਲਾ ਜਾਂਦਾ ਹੈ। ਇਹ ਦੁਨੀਆ ਦਾ ਤੀਸਰਾ ਵੱਢਾ ਮਾਰੂਥਲ ਹੈ ਜੇ ਹਨੇਰੀ ਚੱਲ ਪਏ ਤਾਂ ਦਿਨੇ ਹਨੇਰਾ ਹੋ ਜਾਂਦਾ ਹੈ। ਇਸਦਾ ਨਾਂ "ਥਾਰ ਮਾਰੂਥਲ" ਹੈ। ਪਾਣੀ ਦੀ ਘਾਟ ਹੋਣ ਕਾਰਨ ਪਾਣੀ ਦੇ ਤੌੜੇ ਕੋਠਿਆਂ ਤੇ ਰੱਖੇ ਹੂੰਦੇ ਹਨ। ਦਸ ਕੁ ਸਾਲ ਦੀ ਉਮਰ ਵਿੱਚ ਮੂੰਡੇ ਕੁੜੀ ਦਾ ਵਿਆਹ ਕਰ ਦਿੰਦੇ ਹਨ ਵਿਆਹ ਦੇ ਮੌਕੇ ਥਾਲ ਵਿੱਚ ਰੱਖਕੇ ਅਫੀਮ ਪੇਸ਼ ਕੀਤੀ ਜਾਂਦੀ ਹੈ! ਔਰਤਾਂ ਹਮੇਸ਼ਾਂ ਘੁੰਡ ਕੱਢਕੇ ਰਖਦੀਆਂ ਹਨ ਕਈ ਵਾਰ ਤਾਂ ਨਵੇ ਵਿਆਹ ਮੌਕੇ ਆਵਦਾ ਆਦਮੀ ਛੱਡਕੇ ਕਿਸੇ ਹੋਰ ਆਦਮੀ ਪਿੱਛੇ ਲੱਗ ਤੁਰਦੀਆਂ ਹਨ। ਅੱਜ ਇੰਨਾ ਹੀ ਬਾਕੀ ਫਿਰ ਕਿਤੇ........

..........................


Wednesday, September 9, 2009

ਸੱਭਿਆਚਾਰਕ ਸਮੱਸਿਆਵਾਂ ਵੱਲੋਂ ਚੇਤੰਨ ਗੀਤ -ਸੁਖਿੰਦਰ

ਸੱਭਿਆਚਾਰਕ ਸਮੱਸਿਆਵਾਂ ਵੱਲੋਂ
ਚੇਤੰਨ ਗੀਤ
-ਸੁਖਿੰਦਰ

ਕੈਨੇਡੀਅਨ ਪੰਜਾਬੀ ਸ਼ਾਇਰ ਗੁਰਦਰਸ਼ਨ ਬਾਦਲ ਦੀ ਪਹਿਚਾਣ ਇੱਕ ਵਧੀਆ ਗ਼ਜ਼ਲਗੋ ਵਾਲੀ ਬਣੀ ਹੋਈ ਹੈ; ਪਰ ਉਹ ਇੱਕ ਵਧੀਆ ਗੀਤਕਾਰ ਵੀ ਹੈ। ਭਾਵੇਂ ਕਿ ਉਸ ਦੇ ਗੀਤ ਵਧੇਰੇ ਕਰਕੇ ਨੌਜਵਾਨ ਦਿਲਾਂ ਵਿੱਚ ਉੱਠਦੀਆਂ ਪਿਆਰ ਦੀਆਂ ਤਰੰਗਾਂ ਦਾ ਹੀ ਬਹੁ-ਦਿਸ਼ਾਵੀ ਦ੍ਰਿਸ਼ ਉਲੀਕਦੇ ਹਨ; ਪਰ ਉਹ ਆਪਣੇ ਗੀਤਾਂ ਨੂੰ ਪੰਜਾਬੀ ਸਭਿਆਚਾਰ ਦੀਆਂ ਸਮੱਸਿਆਵਾਂ ਪੇਸ਼ ਕਰਨ ਲਈ ਵੀ ਵਰਤਦਾ ਹੈ।
ਗੁਰਦਰਸ਼ਨ ਬਾਦਲ ਹੁਣ ਤੱਕ ਪੰਜ ਪੁਸਤਕਾਂ ਪ੍ਰਕਾਸ਼ਿਤ ਕਰ ਚੁੱਕਾ ਹੈ: 'ਜੰਗੀ ਨਗ਼ਮੇ' (ਕਾਵਿ ਸੰਗ੍ਰਹਿ) 1965, 'ਗੰਦਲਾਂ' (ਗ਼ਜ਼ਲ ਸੰਗ੍ਰਹਿ) 1992, 'ਕਿਰਚਾਂ' (ਗਜ਼ਲ ਸੰਗ੍ਰਹਿ) 2000, 'ਵਿਓਹ ਮਿਟਾਉਂਦੇ ਗੀਤ' (ਗੀਤ ਸੰਗ੍ਰਹਿ) 2002 ਅਤੇ 'ਘਰ 'ਚ ਕਲੇਸ਼ ਪੈ ਗਿਆ' (ਗੀਤ ਸੰਗ੍ਰਹਿ) 2003।
ਇਸ ਨਿਬੰਧ ਵਿੱਚ ਚਰਚਾ ਲਈ ਮੈਂ ਬਾਦਲ ਦੇ ਗੀਤ-ਸੰਗ੍ਰਹਿ 'ਘਰ 'ਚ ਕਲੇਸ਼ ਪੈ ਗਿਆ' ਨੂੰ ਚੁਣਿਆ ਹੈ। ਭਾਵੇਂ ਕਿ ਬਾਦਲ ਅਜੇ ਤੀਕ ਇੱਕ ਗੀਤਕਾਰ ਨਾਲੋਂ ਇੱਕ ਗਜ਼ਲਗੋ ਵਜੋਂ ਆਪਣੀ ਪਹਿਚਾਣ ਬਣਾ ਸਕਿਆ ਹੈ; ਪਰ ਮੈਂ ਉਸਦੀ ਗੀਤ ਲਿਖਣ ਦੀ ਪ੍ਰਤਿਭਾ ਨੂੰ ਸਮਝਣ ਦਾ ਯਤਨ ਕਰਨ ਦਾ ਫੈਸਲਾ ਕੀਤਾ ਹੈ। ਤਾਂ ਜੁ ਕੈਨੇਡੀਅਨ ਪੰਜਾਬੀ ਸਾਹਿਤ ਦੇ ਪਾਠਕਾਂ ਨੂੰ ਗੁਰਦਰਸ਼ਨ ਬਾਦਲ ਦੀ ਸਖਸ਼ੀਅਤ ਦੇ ਇਸ ਪੱਖ ਤੋਂ ਵੀ ਜਾਣੂੰ ਕਰਵਾਇਆ ਜਾ ਸਕੇ।
'ਘਰ 'ਚ ਕਲੇਸ਼ ਪੈ ਗਿਆ' ਕਾਵਿ ਸੰਗ੍ਰਹਿ ਦਾ ਪਹਿਲਾ ਗੀਤ ਹੀ ਸਾਡੇ ਸਮਿਆਂ ਦੀ ਇੱਕ ਮਹੱਤਵ-ਪੂਰਨ ਸਭਿਆਚਾਰਕ ਸਮੱਸਿਆ ਬਾਰੇ ਚਰਚਾ ਛੇੜਦਾ ਹੈ। ਇਹ ਵਿਸ਼ਾ ਹੈ ਸਾਡੇ ਸਮਾਜ ਵਿੱਚ ਕੀਤਾ ਜਾ ਰਿਹਾ ਧੀਆਂ ਨਾਲ ਵਿਤਕਰਾ। ਸਾਡੇ ਸਮਿਆਂ ਵਿੱਚ ਭਾਵੇਂ ਕਿ ਤਾਰਾ ਸ਼ਕੋਵਾ, ਕਲਪਨਾ ਚਾਵਲਾ ਅਤੇ ਸੁਨੀਤਾ ਵਿਲੀਅਮਜ਼ ਵਰਗੀਆਂ ਜਾਂਬਾਜ਼ ਔਰਤਾਂ ਮਰਦਾਂ ਦੇ ਕਦਮਾਂ ਨਾਲ ਕਦਮ ਮਿਲਾਂਦਿਆਂ ਹੋਇਆਂ ਪੁਲਾੜ ਯਾਤਰਾ ਵੀ ਕਰ ਚੁੱਕੀਆਂ ਹਨ; ਪਰ ਅਜੇ ਵੀ ਅਨੇਕਾਂ ਘਰਾਂ ਵਿੱਚ ਧੀ ਦਾ ਜੰਮਣਾ ਸ਼ੁਭ ਨਹੀਂ ਮੰਨਿਆਂ ਜਾਂਦਾ। ਇਸ ਸਮੱਸਿਆ ਦੇ ਅਨੇਕਾਂ ਪਹਿਲੂਆਂ ਨੂੰ ਪੇਸ਼ ਕਰਦਾ ਹੋਇਆ ਗੁਰਦਰਸ਼ਨ ਬਾਦਲ ਦਾ ਇੱਕ ਸਮੁੱਚਾ ਗੀਤ ਪੇਸ਼ ਹੈ:
ਬਾਪੂ ਧਰਤੀ ਖੁਰਚਣ ਲੱਗਾ, ਬੇਬੇ ਬੁਕ-ਬੁਕ ਰੋਈ।
ਘਰ ਦੇ ਵਿੱਚ ਭੂਚਾਲ ਆ ਗਿਆ, ਜਦ ਮੈਂ ਪੈਦਾ ਹੋਈ।

ਦਾਦੀ ਹੋਰ ਵੀ ਕੁੱਬੀ ਹੋਈ, ਪੋਤਾ ਚਹੁੰਦੀ-ਚਹੁੰਦੀ,
ਭੂਆ ਸਹੁਰੇ-ਘਰ ਹੀ ਰੁਕ ਗਈ, ਪੇਕੀਂ ਆਉਂਦੀ-ਆਉਂਦੀ,
ਬਾਬਾ ਵੀ ਸਿਰ ਸੁਟ ਕੇ ਪੈ ਗਿਆ, ਮੂੰਹ 'ਤੇ ਲੈ ਕੇ ਲੋਈ।
ਘਰ ਦੇ ਵਿੱਚ ਭੂਚਾਲ਼..............................

ਬੁਸ-ਬੁਸ, ਬੁਸ-ਬੁਸ ਕਰਦੀਆਂ ਫਿਰਦੀਆਂ ਚਾਰੇ ਵੱਡੀਆਂ ਭੈਣਾਂ,
ਰੱਖੜੀ ਦੇ ਚਾਅ ਦਿਲ ਵਿੱਚ ਰਹਿਗੇ, ਬੁਝਿਆ ਆਸ-ਟਟੈਹਿਣਾਂ,
ਨਿੰਮੋਝੂਣੀ ਹੋ ਕੇ ਤੁਰ ਗਈ, ਦਾਈ ਖੋਈ-ਖੋਈ।
ਘਰ ਦੇ ਵਿੱਚ ਭੂਚਾਲ਼.........................

ਏਸ ਵਾਰ ਤਾਂ ਰੱਬ ਸੁਣ ਲੈਂਦਾ, ਰੱਖੋ ਬੋਬੀ ਬੋਲੀ,
ਸਾਰੇ ਪਿੰਡ ਵਿੱਚ ਰੌਲਾ ਪਾ ਗਈ, ਸਰਪੰਚਾਂ ਦੀ ਭੋਲੀ,
ਓਵੇਂ ਭਾਂਡੇ-ਟੀਂਡੇ ਖਿਲਰੇ, ਸੁੰਨੀ ਪਈ ਰਸੋਈ।
ਘਰ ਦੇ ਵਿੱਚ ਭੂਚਾਲ਼.......................

ਕੀਹਨੇ ਮੇਰੇ ਚਾਅ ਕਰਨੇ ਸੀ, ਦੇਵੇ ਕੌਣ ਵਧਾਈਆਂ?
ਵਿੱਚੋਂ-ਵਿੱਚੋਂ ਖੁਸ਼ ਸੀ ਚਾਰੇ, ਮੇਰੀਆਂ ਚਾਚੀਆਂ ਤਾਈਆਂ,
ਜੰਮ ਸਕੀ ਨਾ ਬੇਬੇ ਵਾਰਿਸ, ਮਿਹਣਿਆਂ ਨਾਲ ਪਰੋਈ।
ਘਰ ਦੇ ਵਿੱਚ ਭੂਚਾਲ਼...........................

ਮੈਂ ਵੀ ਇਕ ਇਨਸਾਨ ਹਾਂ ਮਾਏ ! ਸੁੱਟ ਨਾ ਐਵੇਂ ਅੱਥਰ,
ਮੈਂ ਹਾਂ ਇਕ ਅਣਮੁੱਲਾ ਮੋਤੀ, ਆਖ ਨਾ ਮੈਨੂੰ ਪੱਥਰ,
ਮਾਪਿਆਂ ਦਾ ਦੁੱਖ ਸੁਣਦੀਆਂ ਧੀਆਂ, ਧੀਆਂ ਜੇਡ ਨਾ ਕੋਈ।
ਘਰ ਦੇ ਵਿੱਚ ਭੂਚਾਲ਼...................

ਧੀਆਂ ਤਾਈਂ ਰਹੇ ਸਲਾਹੁੰਦੀ, ਇਹ "ਬਾਦਲ" ਦੀ ਕਾਨੀ,
ਇਹ ਵੀ ਸਾਰੀਆਂ ਧੀਆਂ ਹੀ ਸਨ, ਗੁਜਰੀ, ਭਾਗੋ, ਭਾਨੀ,
ਧੀਆਂ ਨੂੰ ਜੋ ਆਖੇ ਮਾੜਾ, ਉਸਨੂੰ ਕਿਤੇ ਨਾ ਢੋਈ।
ਘਰ ਦੇ ਵਿੱਚ ਭੂਚਾਲ਼...........
ਪੰਜਾਬੀ ਸਮਾਜ ਵਿੱਚ ਇੱਕ ਹੋਰ ਸਮੱਸਿਆ, ਅਕਸਰ, ਸਾਡਾ ਧਿਆਨ ਖਿੱਚਦੀ ਹੈ। ਇਹ ਸਮੱਸਿਆ ਇਸ ਹੱਦ ਤੱਕ ਵੱਧ ਚੁੱਕੀ ਹੈ ਕਿ ਇਹ ਪੰਜਾਬੀ ਸਭਿਆਚਾਰ ਦਾ ਇੱਕ ਅਨਿੱਖੜਵਾਂ ਅੰਗ ਬਣ ਚੁੱਕੀ ਹੈ। ਪੰਜਾਬੀਆਂ ਵਿੱਚ ਸ਼ਰਾਬ ਪੀਣ ਦੀ ਆਦਤ ਇਸ ਹੱਦ ਤੱਕ ਵੱਧ ਚੁੱਕੀ ਹੈ ਕਿ ਪੰਜਾਬੀ ਰਾਜਨੀਤੀਵਾਨਾਂ ਨੇ ਇਸ ਆਦਤ ਨੂੰ ਅਜੋਕੇ ਸਮਿਆਂ ਦੇ ਰੀਤੀ-ਰਿਵਾਜਾਂ ਵਿੱਚ ਹੀ ਸ਼ਾਮਿਲ ਕਰ ਲਿਆ ਜਾਪਦਾ ਹੈ। ਪੰਜਾਬੀਆਂ ਦਾ ਕਿਸੀ ਤਰ੍ਹਾਂ ਦਾ ਵੀ ਕੋਈ ਜਸ਼ਨ ਹੋਵੇ, ਉੱਥੇ ਸ਼ਰਾਬ ਦੀ ਵਰਤੋਂ ਜ਼ਰੂਰ ਕੀਤੀ ਜਾਂਦੀ ਹੈ। ਸ਼ਰਾਬ ਦੀ ਵਧੇਰੇ ਅਤੇ ਨਿਰੰਤਰ ਵਰਤੋਂ ਨਾਲ ਜਿਸ ਕਿਸਮ ਦੀਆਂ ਪ੍ਰਵਾਰਕ ਅਤੇ ਘਰੇਲੂ ਸਮੱਸਿਆਵਾਂ ਪੈਦਾ ਹੁੰਦੀਆਂ ਹਨ, ਉਨ੍ਹਾਂ ਨੂੰ ਨਜ਼ਰ-ਅੰਦਾਜ਼ ਨਹੀਂ ਕੀਤਾ ਜਾ ਸਕਦਾ। ਸ਼ਰਾਬ ਪੀਣ ਦੀ ਨਿਰੰਤਰ ਆਦਤ ਨਾਲ ਨ ਸਿਰਫ ਅਨੇਕਾਂ ਪ੍ਰਵਾਰਾਂ ਦਾ ਆਰਥਿਕ ਤੌਰ ਉੱਤੇ ਉਜਾੜਾ ਹੋ ਰਿਹਾ ਹੈ, ਬਲਕਿ ਇਸ ਨਾਲ ਪ੍ਰਵਾਰਿਕ ਰਿਸ਼ਤਿਆਂ ਵਿੱਚ ਵੀ ਹਿੰਸਾ ਵੱਧ ਰਹੀ ਹੈ। ਪੰਜਾਬੀ ਸਮਾਜ ਦੀ ਇਸ ਸਮੱਸਿਆ ਨੂੰ ਵੀ ਗੁਰਦਰਸ਼ਨ ਬਾਦਲ ਆਪਣੇ ਇੱਕ ਗੀਤ ਦੀਆਂ ਸਤਰਾਂ ਵਿੱਚ ਬਹੁਤ ਹੀ ਸੂਖਮ ਪਰ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕਰਦਾ ਹੈ:
ਘਰ ਦੇ ਵਿੱਚ ਕੰਗਾਲੀ ਆ ਗਈ, ਰਾਤ-ਦਿਨੇ ਨਾ ਪੀ ਵੇ !
ਤੈਨੂੰ ਕਰਾਂ ਬੇਨਤੀ, ਵੱਡੀ ਹੋ ਗਈ ਧੀ ਵੇ ! ਤੈਨੂੰ ਕਰਾਂ ਬੇਨਤੀ.......

ਟੁੱਟਿਆ ਹੋਇਆ ਪੀ ਕੇ ਜੁੜਦੈਂ,
ਬਿਨ ਪੈਰਾਂ ਤੋਂ ਰਾਤੀਂ ਮੁੜਦੈਂ,
ਲੈ ਬੈਠੀ ਹੈ ਸਾਰੇ ਘਰ ਨੂੰ, ਆਦਤ ਇੱਕੋ ਹੀ ਵੇ !
ਤੈਨੂੰ ਕਰਾਂ ਬੇਨਤੀ,..............

ਪੈਲੀ ਨੂੰ ਤੂੰ ਖੋਰਾ ਲਾਇਆ,
ਬਾਪੂ ਜੀ ਦਾ ਨਾਮ ਗੁਆਇਆ,
ਸੂਲੀ ਉੱਤੇ ਟੰਗਿਆ ਹੈ ਤੂੰ, ਕੱਲਾ-ਕੱਲਾ ਜੀਅ ਵੇ !
ਤੈਨੂੰ ਕਰਾਂ ਬੇਨਤੀ,.......
ਪਰ ਇਕੱਲੀ ਸ਼ਰਾਬ ਪੀਣ ਦੀ ਆਦਤ ਹੀ ਪੰਜਾਬੀਆਂ ਲਈ ਤਬਾਹੀ ਦਾ ਕਾਰਨ ਨਹੀਂ ਬਣ ਰਹੀ; ਬਲਕਿ ਅਜੋਕੇ ਸਮਿਆਂ ਵਿੱਚ ਤਾਂ ਪੰਜਾਬੀ ਨੌਜਵਾਨ ਭੰਗ, ਚਰਸ, ਕਰੈਕ, ਕੁਕੇਨ ਅਤੇ ਅਨੇਕਾਂ ਹੋਰ ਨਸ਼ਿਆਂ ਦੀ ਵਰਤੋਂ ਕਰਨ ਦੇ ਆਦੀ ਹੁੰਦੇ ਜਾ ਰਹੇ ਹਨ। ਜਿਸ ਕਾਰਨ ਉਨ੍ਹਾਂ ਨੂੰ ਏਡਜ਼ ਵਰਗੀਆਂ ਖਤਰਨਾਕ ਬੀਮਾਰੀਆਂ ਲੱਗ ਰਹੀਆਂ ਹਨ। ਗੁਰਦਰਸ਼ਨ ਬਾਦਲ ਨਸ਼ਿਆਂ ਦੀ ਸਮੱਸਿਆ ਨੂੰ ਵੀ ਆਪਣੇ ਗੀਤਾਂ ਦਾ ਵਿਸ਼ਾ ਬਣਾਉਂਦਾ ਹੈ। ਇਸ ਸਮੱਸਿਆ ਨੂੰ ਪੇਸ਼ ਕਰਨ ਦਾ ਬਾਦਲ ਦਾ ਅੰਦਾਜ਼ ਵੇਖੋ:
ਤੇਰਾ ਰੰਗਲਾ ਸਰੀਰ, ਸੁੱਕੀ ਜਾਵੇ ਮੇਰੇ ਵੀਰ, ਤੇਰੀ ਮੱਤ ਝੂਠੇ ਨਸ਼ਿਆਂ ਨੇ ਮਾਰੀ।
ਛੱਡ ਦੇ ਕੁਰੀਤੀਆਂ ਨੂੰ, ਨਹੀਂ ਤਾਂ ਬੁੱਢੇ ਬਾਰੇ ਹੋਊਗੀ ਖੁਆਰੀ। ਛੱਡ ਦੇ...........

ਇਹਨਾਂ ਨਸ਼ਿਆਂ ਨੇ ਜਿੰਦ ਤੇਰੀ ਗਾਲਤੀ,
ਬਿਨਾਂ ਅੱਗੋਂ ਇਹ ਵਿੱਚ-ਵਿੱਚ ਜਾਲਤੀ,
ਮੇਰੇ ਦੇਸ਼ ਦੇ ਜੁਆਨਾ ! ਹੋਇਆ ਸੁੱਕ ਕੇ ਤੂੰ ਕਾਨਾ,
ਪੈਰ ਪੁੱਟਣੇ ਵੀ ਹੋਏ ਤੈਨੂੰ ਭਾਰੀ। ਛੱਡ ਦੇ.........

ਲਾਲ ਬੁੱਲਾਂ ਤਾਈਂ ਜਰਦਾ ਜੋ ਛੋਹ ਗਿਆ,
ਦੰਦਾਂ ਮੋਤੀਆਂ ਦਾ ਰੰਗ ਕਾਲਾ ਹੋ ਗਿਆ,
ਸ਼ਾਮੀਂ ਖੁੰਢ੍ਹਾਂ ਉੱਤੇ ਬਹਿਕੇ, ਵਿੱਚ ਨਸ਼ਿਆਂ ਦੇ ਲਹਿ ਕੇ,
ਰੋਲੇਂ ਬਾਪ-ਦਾਦੇ ਵਾਲੀ ਸਰਦਾਰੀ। ਛੱਡ ਦੇ.......
ਜ਼ਿੰਦਗੀ ਵਿੱਚ ਉਤਰਾਅ-ਚੜ੍ਹਾਅ ਆਉਂਦੇ ਹੀ ਰਹਿੰਦੇ ਹਨ। ਜਿਸਦਾ ਅਸਰ ਸਾਡੀ ਮਾਨਸਿਕਤਾ ਉੱਤੇ ਵੀ ਪੈਂਦਾ ਹੈ। ਜਿਸ ਕਾਰਨ ਅਸੀਂ ਕਈ ਵੇਰ ਬਹੁਤ ਹੀ ਨਿਰਾਸਤਾ ਵਿੱਚ ਡੁੱਬ ਜਾਂਦੇ ਹਾਂ। ਨਿਰਾਸਤਾ ਵਿੱਚੋਂ ਬਾਹਰ ਨਿਕਲਣ ਲਈ ਕਈ ਵਾਰੀ ਸਾਨੂੰ ਕਾਫੀ ਮਿਹਨਤ ਕਰਨੀ ਪੈਂਦੀ ਹੈ। ਪਰ ਕੁਝ ਲੋਕ ਢੇਰੀ ਢਾਹ ਕੇ ਬਹਿ ਜਾਂਦੇ ਹਨ। ਉਹ ਸੋਚਦੇ ਹਨ ਕਿ ਇਹ ਤਾਂ 'ਰੱਬ' ਨਾਮ ਦੀ ਕਿਸੇ ਗੈਬੀ ਸ਼ਕਤੀ ਦੇ ਹੀ ਹੱਥ ਵਿੱਚ ਹੈ ਕਿ ਉਹ ਸਾਨੂੰ ਨਿਰਾਸਤਾ ਵਾਲੀ ਹਾਲਤ ਵਿੱਚੋਂ ਬਾਹਰ ਕੱਢੇ। ਬੰਦੇ ਦੇ ਹੱਥ ਵਿੱਚ ਤਾਂ ਕੁਝ ਵੀ ਨਹੀਂ। ਬੰਦਾ ਤਾਂ ਰੱਬ ਦੇ ਹੱਥ ਵਿੱਚ ਮਹਿਜ਼ ਇੱਕ ਕਠਪੁਤਲੀ ਹੈ। ਪਰ ਬਾਦਲ ਦੇ ਵਿਚਾਰ ਇਸ ਨਾਲੋਂ ਵੱਖਰੇ ਹਨ। ਉਹ ਸਮਝਦਾ ਹੈ ਕਿ ਜੇਕਰ ਜ਼ਿੰਦਗੀ ਵਿੱਚ ਨਿਰਾਸਤਾ ਆ ਗਈ ਹੈ ਤਾਂ ਆਪਣੇ ਦੋਸਤਾਂ-ਮਿੱਤਰਾਂ ਅਤੇ ਚਾਹੁਣ ਵਾਲਿਆਂ ਦੀ ਮੱਦਦ ਲੈਣ ਵਿੱਚ ਕੋਈ ਹਰਜ਼ ਨਹੀਂ। ਇਸ ਆਸ ਉੱਤੇ ਬੈਠੇ ਰਹਿਣ ਨਾਲ ਕਿ ਕਿਸੇ ਗੈਬੀ ਸ਼ਕਤੀ ਨੇ ਹੀ ਉਸ ਨੂੰ ਨਿਰਾਸਤਾ ਵਾਲੀ ਹਾਲਤ ਵਿੱਚ ਡੋਬਿਆ ਹੈ ਹੁਣ ਉਹੀ ਇਸ ਹਾਲਤ ਵਿੱਚੋਂ ਬਾਹਰ ਕੱਢੇਗੀ - ਕਦੀ ਵੀ ਹਾਲਾਤ ਸੁਧਰ ਨਹੀਂ ਸਕਦੇ। ਮਨੁੱਖ ਨੂੰ ਆਪ ਹੀ ਹਿੰਮਤ ਜੁਟਾ ਕੇ ਅਤੇ ਆਪਣੇ ਸਹਿਯੋਗੀਆਂ ਦਾ ਮਿਲਵਰਤਣ ਲੈ ਕੇ ਹਾਲਾਤ 'ਚੋਂ ਬਾਹਰ ਨਿਕਲਣਾ ਪੈਂਦਾ ਹੈ। ਦੇਖੋ ! ਬਾਦਲ ਇਸ ਗੱਲ ਨੂੰ ਆਪਣੇ ਗੀਤਾਂ ਵਿੱਚ ਕਿੰਝ ਕਹਿ ਰਿਹਾ ਹੈ:
ਦੋ ਪਲ ਕੋਲੇ ਬਹੁ ਵੇ ਸੱਜਣਾ ! ਦੋ ਪਲ ਕੋਲੇ ਬਹੁ।
ਖੁੱਲ੍ਹ ਕੇ ਦਿਲ ਦੀਆਂ ਕਹੁ ਵੇ ਸੱਜਣਾ ! ਖੁੱਲ੍ਹ ਕੇ ਦਿਲ ਦੀਆਂ ਕਹੁ।

ਰੱਬ ਦੀ ਭੈੜੀ ਕੀਤੀ ਦਾ ਨਾ, ਮੰਨੀ ਜਾਹ ਤੂੰ ਭਾਣਾ,
ਐਡੀ ਦੁਨੀਆਂ ਵਿੱਚ ਵੀ ਜੇਕਰ, ਤੇਰਾ ਨਹੀਂ ਟਿਕਾਣਾ,
ਸਾਡੇ ਦਿਲ ਵਿਚ ਰਹੁ ਵੇ ਸੱਜਣਾ ! ਸਾਡੇ ਦਿਲ ਵਿੱਚ ਰਹੁ।
ਖੁੱਲ੍ਹ ਕੇ ਦਿਲ ਦੀਆਂ ਕਹੁ ਵੇ......
ਆਰਥਿਕ ਖੁਸ਼ਹਾਲੀ ਦੀ ਭਾਲ ਵਿੱਚ ਹੋਰਨਾਂ ਦੇਸ਼ਾਂ ਵਿੱਚ ਪਰਵਾਸ ਕਰਨ ਦਾ ਰੁਝਾਨ ਪੰਜਾਬੀਆਂ ਵਿੱਚ ਪਿਛਲੀਆਂ ਕਈ ਸਦੀਆਂ ਤੋਂ ਬਣਿਆਂ ਹੋਇਆ ਹੈ। ਪਰ ਵਧੇਰੇ ਹਾਲਤਾਂ ਵਿੱਚ ਮਰਦ ਇਕੱਲੇ ਹੀ ਇਸ ਸਫਰ ਉੱਤੇ ਨਿਕਲਦੇ ਰਹੇ ਹਨ। ਪਿੱਛੇ ਰਹਿ ਗਈਆਂ ਉਨ੍ਹਾਂ ਦੀਆਂ ਜਵਾਨ ਪਤਨੀਆਂ ਨੂੰ ਆਪਣੀ ਜਵਾਨੀ ਦੇ ਦਿਨ ਇਕੱਲਤਾ ਵਿੱਚ ਹੀ ਕੱਟਣੇ ਪੈਂਦੇ ਰਹੇ ਹਨ। ਵਿਛੋੜੇ ਦੇ ਉਨ੍ਹਾਂ ਪਲਾਂ ਅਤੇ ਅਧੂਰੇ ਰਹਿ ਗਏ ਚਾਵਾਂ-ਮਲ੍ਹਾਰਾਂ ਨੂੰ ਗੁਰਦਰਸ਼ਨ ਬਾਦਲ ਆਪਣੇ ਗੀਤਾਂ ਦੇ ਦਿਲਾਂ ਦੀ ਧੜਕਣ ਕੁਝ ਇਸ ਤਰ੍ਹਾਂ ਬਣਾਉਂਦਾ ਹੈ:
1.
ਦੇ ਕੇ ਚੰਦਰਾ ਰੁਮਾਲ, ਫੇਰ ਪੁੱਛਿਆ ਨਾ ਹਾਲ,
ਤੇਰੇ ਨਾਮ ਸੀ ਲਿਖਾਈ ਜ਼ਿੰਦਗਾਨੀ ਸੋਹਣਿਆਂ !
ਆਹ ਲੈ ! ਸਾਂਭ ਲੈ ਤੂੰ ਆਪਣੀ ਨਿਸ਼ਾਨੀ ਸੋਹਣਿਆਂ !

ਰੋਗ ਚੰਦਰਾ ਹੱਡਾਂ ਨੂੰ ਅਸਾਂ ਲਾ ਲਿਆ,
ਤੇਰੀ ਯਾਦ ਨਾਲ ਦਿਲ ਪਰਚਾਅ ਲਿਆ,
ਤੀਰ ਹਿਜਰਾਂ ਦੇ ਮਾਰ, ਭੁੱਲ ਗਿਓਂ ਜਾਂਦੇ ਸਾਰ,
ਸਾਨੂੰ ਡੱਸਿਆ ਕਰੂਗੀ ਕਾਲੀ-ਗਾਨੀ ਸੋਹਣਿਆਂ ! ਆਹ ਲੈ ! ਸਾਂਭ ਲੈ....

ਤੇਰੇ ਸੁਪਨੇ ਸਜਾਏ ਅਸੀਂ ਅੱਖੀਆਂ ਦੇ ਵਿੱਚ,
ਪੈਂਦੀ ਸੀਨੇ ਵਿੱਚ ਰਹੀ ਤੇਰੇ ਪਿਆਰ ਵਾਲੀ ਖਿੱਚ,
ਰਾਤੀਂ ਗਿਣ-ਗਿਣ ਤਾਰੇ, ਖਾਧੇ ਫੇਰ ਵੀ ਕਸਾਰੇ,
ਸਾਡੀ ਖੁਰ ਚੱਲੀ ਕੀਮਤੀ ਜਵਾਨੀ ਸੋਹਣਿਆਂ ! ਆਹ ਲੈ ! ਸਾਂਭ ਲੈ.....

2.
ਗਹਿਣਾ ਇਕ ਵੀ ਬਣਾ ਕੇ ਨਾ ਲਿਆਇਆ, ਵੇ ਬਹੁਤੀਆਂ ਕਮਾਈਆਂ ਵਾਲਿਆ !
ਮੇਰੇ ਪਿਆਰ ਤਾਈਂ ਕਿੰਨਾ ਤੜਪਾਇਆ, ਵੇ ਬਹੁਤੀਆਂ ਕਮਾਈਆਂ ਵਾਲਿਆ !

ਉਮਰਾਂ ਨੂੰ ਗਾਲ਼ ਛੱਡੀ ਸਾਰੀ ਪ੍ਰਦੇਸ ਵੇ,
ਯਾਦਾਂ ਵਿੱਚ ਖੁੱਸੀ ਮੇਰੀ, ਅੱਲ੍ਹੜ-ਵਰੇਸ ਵੇ,
ਛੇਤੀ ਆਉਣ ਦਾ ਬਹਾਨਾ ਤੈਂ ਲਗਾਇਆ, ਵੇ ਬਹੁਤੀਆਂ ਕਮਾਈਆਂ ਵਾਲਿਆ !
ਮੇਰੇ ਪਿਆਰ ਤਾਈਂ ਕਿੰਨਾ ਤੜਪਾਇਆ, ਵੇ ਬਹੁਤੀਆਂ.......

ਭਾੜੇ ਲਈ ਵੇਚ ਦਿੱਤੇ, ਸਾਰੇ ਹੀ ਮੈਂ ਗਹਿਣੇ ਵੇ,
ਮੈਨੂੰ ਹੀ ਹੈ ਪਤਾ, ਕਿੰਨੇ ਦੁੱਖ ਪਏ ਸਹਿਣੇ ਵੇ,
ਫੁੱਲ ਰੂਪ ਵਾਲਾ ਮੇਰਾ ਕੁਮਲਾਇਆ, ਵੇ ਬਹੁਤੀਆਂ......
ਮੇਰੇ ਪਿਆਰ ਤਾਈਂ ਕਿੰਨਾ ਤੜਪਾਇਆ, ਵੇ ਬਹੁਤੀਆਂ.....
3.
ਸਾਡੇ ਲਾ ਕੇ ਹੱਡਾਂ ਨੂੰ ਝੋਰਾ, ਵੇ ਆਪ ਜਾ ਵਲੈਤ ਬਹਿ ਗਿਆ।
ਸਾਡਾ ਮੁੱਕ ਗਿਆ ਫੇਰਾ-ਤੋਰਾ, ਵੇ ਆਪ ਜਾ ਵਲੈਤ ਬਹਿ ਗਿਆ।
ਪਿੱਛੇ ਦੇਸ ਵਿੱਚ ਰਹਿ ਗਏ ਲੋਕ ਸੋਚਦੇ ਹਨ ਕਿ ਪ੍ਰਵਾਸ ਵਿੱਚ ਲੋਕ ਮੌਜਾਂ ਮਾਣਦੇ ਹਨ। ਉਨ੍ਹਾਂ ਨੂੰ ਇਸ ਗੱਲ ਦਾ ਕੋਈ ਅਹਿਸਾਸ ਵੀ ਨਹੀਂ ਹੁੰਦਾ ਕਿ ਇੱਥੇ ਜ਼ਿੰਦਗੀ ਕਿੰਨੀ ਔਖੀ ਹੈ ਅਤੇ ਰੁਝੇਵਿਆਂ ਭਰੀ ਹੈ। ਪ੍ਰਵਾਸ ਵਿੱਚ ਆ ਕੇ ਬੰਦਾ ਮਸ਼ੀਨ ਨਾਲ ਮਸ਼ੀਨ ਬਣ ਜਾਂਦਾ ਹੈ ਅਤੇ ਡਾਲਰਾਂ ਦੀ ਪ੍ਰਾਪਤੀ ਲਈ ਲੱਗੀ ਅੰਨ੍ਹੀ ਦੌੜ ਵਿੱਚ ਇੰਜ ਗਲਤਾਨ ਹੋ ਜਾਂਦਾ ਹੈ ਕਿ ਉਸ ਨੂੰ ਆਪਣੇ ਆਪ ਦੀ ਵੀ ਕੋਈ ਹੋਸ਼ ਨਹੀਂ ਰਹਿ ਜਾਂਦੀ। ਪ੍ਰਵਾਸੀਆਂ ਦੀ ਜ਼ਿੰਦਗੀ ਦੀ ਇਸ ਹਕੀਕਤ ਨੂੰ ਕਿਉਂਕਿ ਕੋਈ ਸਹੀ ਤਰ੍ਹਾਂ ਬਿਆਨ ਨਹੀਂ ਕਰਦਾ ਇਸ ਲਈ ਪ੍ਰਵਾਸੀ ਬਨਣ ਦੀ ਦੌੜ ਵਿੱਚ ਲੋਕ ਠੱਗ ਇਮੀਗਰੇਸ਼ਨ ਏਜੰਟਾਂ ਅਤੇ ਟਰੈਵਲ ਏਜੰਟਾਂ ਨੂੰ ਲੱਖਾਂ ਡਾਲਰ ਲੁਟਾ ਰਹੇ ਹਨ। ਇਨ੍ਹਾਂ ਠੱਗ ਏਜੰਟਾਂ ਨੂੰ ਲੱਖਾਂ ਡਾਲਰ ਲੁਟਾਉਣ ਤੋਂ ਬਾਹਦ ਵੀ ਹਜ਼ਾਰਾਂ ਪੰਜਾਬੀ ਵਿਸ਼ਵ ਦੇ ਅਨੇਕਾਂ ਦੇਸ਼ਾਂ ਦੀਆਂ ਜੇਲ੍ਹਾਂ ਵਿੱਚ ਕੈਦ ਮੁਸੀਬਤਾਂ ਭਰੇ ਦਿਨ ਕੱਟ ਰਹੇ ਹਨ। ਪ੍ਰਵਾਸੀ ਬਨਣ ਦੀ ਦੌੜ ਵਿੱਚ ਗੈæਰ-ਕਾਨੂੰਨੀ ਜਾਹਾਜ਼ਾਂ ਵਿੱਚ ਸਫ਼ਰ ਕਰਦੇ ਹੋਏ ਹਜ਼ਾਰਾਂ ਹੀ ਪੰਜਾਬੀ ਲਾਲਚੀ ਅਤੇ ਠੱਗ ਏਜੰਟਾਂ ਵੱਲੋਂ ਸਮੁੰਦਰਾਂ ਦੇ ਡੂੰਘੇ ਪਾਣੀਆਂ ਵਿੱਚ ਡੋਬ ਦਿੱਤੇ ਗਏ। ਪ੍ਰਵਾਸੀ ਪੰਜਾਬੀਆਂ ਦੀ ਅਜਿਹੀ ਜ਼ਿੰਦਗਾਨੀ ਦੀ ਦਰਦ ਭਰੀ ਦਾਸਤਾਨ ਗੁਰਦਰਸ਼ਨ ਬਾਦਲ ਆਪਣੇ ਇੱਕ ਗੀਤ ਰਾਹੀਂ ਕੁਝ ਇਸ ਤਰ੍ਹਾਂ ਦੇ ਦਿਲਕਸ਼ ਅੰਦਾਜ਼ ਵਿੱਚ ਸੁਣਾਂਦਾ ਹੈ:
ਸੁਣ ਸਮੇਂ ਦੀਆਂ ਸੋਹਣਿਆਂ ਪੁਕਾਰਾਂ, ਸੌਖਾ ਨਹੀਂ ਕਨੇਡੇ ਵੱਸਣਾ।
ਹੀਰੇ ਆਉਂਦੇ-ਆਉਂਦੇ ਰੁਲ ਗਏ ਹਜ਼ਾਰਾਂ, ਸੌਖਾ ਨਹੀਂ ਕਨੇਡੇ ਵੱਸਣਾ।

ਡੁੱਬਦੇ ਜਹਾਜ਼ ਨਿੱਤ, ਸਾਗਰਾਂ ਦੇ ਵਿੱਚ ਨੇ,
ਗਾਲਤੀ ਜੁਆਨੀ ਬੀਬਾ ! ਡਾਲਰਾਂ ਦੀ ਖਿੱਚ ਨੇ,
ਦੂਣਾ ਕੰਮ ਹੈ ਕਰਾਉਣਾ ਠੇਕੇਦਾਰਾਂ, ਸੌਖਾ ਨਹੀਂ...
ਹੀਰੇ ਆਉਂਦੇ-ਆਉਂਦੇ......

ਧੀਆਂ ਸਾਡੀਆਂ ਦੇ ਏਥੇ ਬੁਰੇ ਹਾਲ ਨੇ,
ਜਦੋਂ ਕੰਮ ਉੱਤੇ ਜਾਣ, ਰੋਂਦੇ ਬਾਲ ਨੇ,
ਹਉਕੇ ਲੈਂਦੀਆਂ ਰਹਿਣ ਮੁਟਿਆਰਾਂ, ਸੌਖਾ ਨਹੀਂ...
ਹੀਰੇ ਆਉਂਦੇ-ਆਉਂਦੇ.....

ਬੇਬੇ-ਬਾਪੂ ਦੋਵੇਂ, ਫਾਰਮਾਂ 'ਚ ਰੁਲਦੇ,
ਵਿਤੋਂ ਬਾਹਰ ਹੋ ਕੇ, ਕੰਮ ਨਾਲ ਘੁਲਦੇ,
ਰਾਤੀਂ ਸੌਂਦਿਆਂ ਨੂੰ ਵੱਜ ਜਾਣ ਬਾਰਾਂ, ਸੌਖਾ ਨਹੀਂ...
ਹੀਰੇ ਆਉਂਦੇ-ਆਉਂਦੇ................

"ਬਾਦਲ" ਨੂੰ ਦੱਸ ਦੇਵੀਂ, ਮੇਰੇ ਜੀਣ ਜੋਗਿਆ,
ਪਹਿਲਾਂ ਆ ਕੇ ਸਾਰਿਆਂ ਨੇ, ਬੜਾ ਦੁੱਖ ਭੋਗਿਆ,
ਦੇਸ ਵਾਲੀਆਂ ਨੂੰ ਭਾਲੀਂ ਨਾ ਬਹਾਰਾਂ, ਸੌਖਾ ਨਹੀਂ....
ਹੀਰੇ ਆਉਂਦੇ-ਆਉਂਦੇ.......................................
'ਘਰ 'ਚ ਕਲੇਸ਼ ਪੈ ਗਿਆ' ਕਾਵਿ-ਸੰਗ੍ਰਹਿ ਵਿੱਚ ਗੁਰਦਰਸ਼ਨ ਬਾਦਲ ਨੇ ਹੁਣ ਤੱਕ ਚਰਚਾ ਹੇਠ ਲਿਆਂਦੇ ਗਏ ਵਿਸ਼ਿਆਂ ਤੋਂ ਇਲਾਵਾ ਹੋਰ ਵੀ ਵਿਸ਼ਿਆਂ ਬਾਰੇ ਲਿਖੇ ਗਏ ਗੀਤ ਸ਼ਾਮਿਲ ਕੀਤੇ ਹਨ।
ਇਸ ਕਾਵਿ-ਸੰਗ੍ਰਹਿ ਵਿੱਚ ਸ਼ਾਮਿਲ ਗੀਤਾਂ ਦਾ ਇੱਕ ਹੋਰ ਮੁੱਖ ਵਿਸ਼ਾ ਹੈ: ਨੌਜੁਆਨ ਦਿਲਾਂ ਦੇ ਪਿਆਰ ਦਾ ਇਜ਼ਹਾਰ ਅਤੇ ਪਿਆਰ ਨਾਲ ਸਬੰਧਤ ਸਭਿਆਚਾਰਕ ਸਮੱਸਿਆਵਾਂ।
ਅਨੇਕਾਂ ਹੋਰ ਸਭਿਆਚਾਰਾਂ ਵਾਂਗ ਪੰਜਾਬੀ ਸਭਿਆਚਾਰ ਵਿੱਚ ਵੀ ਖੁੱਲ੍ਹਮ-ਖੁੱਲ੍ਹਾ ਪਿਆਰ ਦਾ ਪ੍ਰਗਟਾਵਾ ਕਰਨ ਦੀ ਇਜਾਜ਼ਤ ਨਹੀਂ। ਜਿਸ ਕਾਰਨ ਨਵੀਂ ਪੀੜ੍ਹੀ ਅਤੇ ਪੁਰਾਣੀ ਪੀੜ੍ਹੀ ਦੇ ਲੋਕਾਂ ਦਰਮਿਆਨ ਇੱਕ ਤਨਾਓ ਬਣਿਆਂ ਰਹਿੰਦਾ ਹੈ। ਬੜੀ ਅਜੀਬ ਗੱਲ ਹੈ ਕਿ ਹਰ ਧਰਮ ਅਤੇ ਸਭਿਆਚਾਰ ਇਸ ਗੱਲ ਦੀ ਦੁਹਾਈ ਦਿੰਦਾ ਹੈ ਕਿ ਲੋਕਾਂ ਵਿੱਚ ਪਿਆਰ ਅਤੇ ਮਿਲਵਰਤਣ ਦੀ ਭਾਵਨਾ ਹੋਣੀ ਚਾਹੀਦੀ ਹੈ। ਪਰ ਜਦੋਂ ਲੋਕ ਇਸ ਗੱਲ ਉੱਤੇ ਅਮਲ ਕਰਦੇ ਹੋਏ ਇੱਕ ਦੂਜੇ ਵੱਲ ਪਿਆਰ ਦੀਆਂ ਭਾਵਨਾਵਾਂ ਦਾ ਪ੍ਰਗਟਾਵਾ ਕਰਨ ਦੀ ਕੋਸ਼ਿਸ਼ ਕਰਦੇ ਹਨ ਤਾਂ ਧਰਮ ਅਤੇ ਸਭਿਆਚਾਰ ਉਨ੍ਹਾਂ ਦੇ ਪਿਆਰ ਦਰਮਿਆਨ ਦੀਵਾਰ ਬਣ ਕੇ ਖੜ੍ਹ ਜਾਂਦਾ ਹੈ। ਮਨੁੱਖੀ ਇਤਿਹਾਸ ਅਜਿਹੀਆਂ ਉਦਾਹਰਣਾਂ ਨਾਲ ਭਰਿਆ ਪਿਆ ਹੈ। ਜਦੋਂ ਕਿ ਦੋ ਵਿਅਕਤੀਆਂ ਨੇ ਆਪਸੀ ਪਿਆਰ ਦਾ ਪ੍ਰਗਟਾਵਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਸਾਡੇ ਸਮਾਜ ਦੇ ਰਾਖਵਾਲਿਆਂ ਨੇ ਉਨ੍ਹਾਂ ਦਾ ਜਿਉਣਾ ਵੀ ਮੁਸ਼ਕਿਲ ਕਰ ਦਿੱਤਾ। ਪਿਆਰ ਕਰਨ ਵਾਲਿਆਂ ਨੂੰ ਕਿਸ ਕਿਸ ਤਰ੍ਹਾਂ ਦੇ ਹਾਲਤਾਂ ਵਿੱਚੋਂ ਲੰਘਣਾ ਪੈਂਦਾ ਹੈ, ਉਸ ਦਾ ਜ਼ਿਕਰ ਗੁਰਦਰਸ਼ਨ ਬਾਦਲ ਆਪਣੇ ਗੀਤਾਂ ਵਿੱਚ ਕੁਝ ਇਸ ਤਰ੍ਹਾਂ ਕਰਦਾ ਹੈ:
1.
ਖੁਸ਼ੀਆਂ ਬਦਲੇ ਦੁਨੀਆਂ ਏਥੇ, ਗ਼ਮੀਆਂ ਦਵੇ ਪਿਆਰਾਂ ਨੂੰ,
ਪਿਆਰ ਦੇ ਰਾਹ ਵਿੱਚ ਰੋੜਾ ਬਣਦੀ, ਝੂਠੇ ਕਰੇ ਕਰਾਰਾਂ ਨੂੰ,
ਉਤੋਂ ਤਾਂ ਫੁੱਲ ਭੇਂਟ ਹੀ ਕਰਦੀ, ਵਿੱਚ ਲੁਕੌਂਦੀ ਖ਼ਾਰ ਵੇ ਬੀਬਾ !
ਠੇਲ੍ਹ ਨਾ ਬੇੜੀ ਭੰਵਰਾਂ ਅੰਦਰ, ਹੋ ਸਕਣਾ ਨਹੀਂ ਪਾਰ ਵੇ ਬੀਬਾ !
ਅੱਜ ਸਮੇਂ ਦੀ ਮੰਗ ਹੈ ਏਹੀ, ਨਾ ਕਰ ਤੂੰ ਇਤਬਾਰ ਵੇ ਬੀਬਾ !
2.
ਪਿਆਰ ਦਾ ਹੈ ਮੁੱਲ ਏਥੇ, ਜਾਨ ਪੈਂਦੀ ਵਾਰਨੀ,
ਹੱਸਣੇ ਦਾ ਮੁੱਲ ਹੈ, ਰੋ ਉਮਰ ਗੁਜ਼ਾਰਨੀ,
ਬੇ ਜਾਨ ਕਪਾਹਾਂ ਨੂੰ ਵੀ ਹੱਸਣ ਨਾ ਦੇਣ ਇਹ, ਡਾਢੇ ਬੇ-ਪਰਵਾਹੀਏ,
ਰੋ-ਰੋ ਵਿਛੜਾਂਗੇ, ਡੂੰਘੇ ਪਿਆਰ ਨਾ ਚੰਦਰੀਏ ! ਪਾਈਏ,
ਰੋ-ਰੋ ਵਿਛੜਾਂਗੇ. ਹਾਏ ਰੋ-ਰੋ ਵਿਛੜਾਂਗੇ।
3.
ਬੈਠਕੇ ਸਕੂਲੇ ਵੀ ਉਹ, ਖ਼ਤ ਲਿਖੇ ਪਿਆਰਾਂ ਦੇ,
ਲਿਖ ਕੇ ਯਕੀਨ ਦੁਆਵੇ, ਕੀਤਿਆਂ ਕਰਾਰਾਂ ਦੇ,
ਵੇ ਕੋਲ ਤੇਰੇ ਠਿੱਲ੍ਹ ਪਈ ਹਾਂ, ਕੱਚੇ ਉੱਤੇ ਹੀ ਲਗਾ ਕੇ ਤਾਰੀ।
ਅੱਧੀ-ਅੱਧੀ ਰਾਤ ਪੜ੍ਹਦੀ, ਸ਼ੀਲਾ ਚਿੱਠੀਆਂ ਲਿਖਣ ਦੀ ਮਾਰੀ।
ਕੁੜੀ ਜਦੋਂ ਜੁਆਨ ਹੋ ਜਾਂਦੀ ਹੈ ਅਤੇ ਉਸਦੀਆਂ ਆਂਢਣਾਂ-ਗੁਆਂਢਣਾਂ, ਜਮਾਤਣਾਂ-ਸਹੇਲੀਆਂ ਵਿਆਹ ਕਰਵਾਕੇ ਸਹੁਰੇ ਚਲੀਆਂ ਜਾਂਦੀਆਂ ਹਨ ਤਾਂ ਉਸ ਦਾ ਵੀ ਦਿਲ ਕਰਦਾ ਹੈ ਕਿ ਉਸ ਦੇ ਘਰ ਵਾਲੇ ਵੀ ਕੋਈ ਚੰਗਾ ਜਿਹਾ ਮੁੰਡਾ ਲੱਭ ਕੇ ਉਸਦਾ ਵਿਆਹ ਕਰ ਦੇਣ। ਉਹ ਵੀ ਸਜ-ਸੰਵਰ ਕੇ ਆਪਣੇ ਪਤੀ ਨਾਲ ਘੁੰਮੇ ਫਿਰੇ। ਨੌਜਵਾਨ ਔਰਤਾਂ ਦੇ ਦਿਲਾਂ ਵਿੱਚ ਧੜਕਦੇ ਅਜਿਹੇ ਚਾਵਾਂ ਦੀ ਤਰਜਮਾਨੀ ਕਰਦੇ ਗੁਰਦਰਸ਼ਨ ਬਾਦਲ ਦੇ ਇੱਕ ਗੀਤ ਦੇ ਬੋਲ ਦੇਖੋ:
ਚਿੱਤ ਸਹੁਰੀਂ ਜਾਣ ਨੂੰ ਕਰਦਾ, ਨੀ ਮਾਏ ! ਮੇਰਾ ਵਰ ਲੱਭ ਦੇ।
ਚਿੱਤ ਚੰਦਰੇ ਜ਼ਮਾਨੇ ਕੋਲੋਂ ਡਰਦਾ, ਨੀ ਮਾਏ ! ਮੇਰਾ ਵਰ ਲੱਭ ਦੇ।

ਸਭ ਟੁਰ ਗਈਆਂ ਮੇਰੀਆਂ ਸਹੇਲੀਆਂ,
ਖਾਣ ਵੱਢ-ਵੱਢ ਭਰੀਆਂ ਹਵੇਲੀਆਂ,
ਪੈਂਦੇ ਕਾਲਜੇ ਨੂੰ ਹੌਲ, ਜੀਆ ਭਰਦਾ, ਨੀ ਮਾਏ ! ਮੇਰਾ ਵਰ ਲੱਭਦੇ।
ਚਿੱਤ ਚੰਦਰੇ ਜ਼ਮਾਨੇ ਕੋਲੋਂ ਡਰਦਾ, ਨੀ ਮਾਏ..............................

ਅੰਗ-ਅੰਗ ਵਿੱਚੋਂ ਫੁੱਟ ਪਈ ਜਵਾਨੀ ਨੀ,
ਸੋਚਾਂ ਸੋਚ-ਸੋਚ ਹੋਈ ਮੈਂ ਦੀਵਾਨੀ ਨੀ,
ਤੈਨੂੰ ਬਾਪੂ ਪਿਆ ਆਖਦਾ ਏ ਪਰ ਦਾ, ਨੀ ਮਾਏ ! ਮੇਰਾ....
ਚਿੱਤ ਚੰਦਰੇ ਜ਼ਮਾਨੇ ਕੋਲੋਂ ਡਰਦਾ, ਨੀ ਮਾਏ.......

ਇੱਕ ਗੱਲ ਆਖਾਂ ਤੈਨੂੰ ਜੇ ਤੂੰ ਲਵੇਂ ਮੰਨ ਨੀ,
ਨਾ ਕੋਈ ਦਾਜ ਦੇਵੇਂ ਨਾ ਸੱਦੀਂ ਜੰਨ ਨੀਂ,
ਆਖੀਂ ਕੰਨਿਆਂ ਦਾ ਦਾਨ ਮੈਥੋਂ ਸਰਦਾ, ਨੀ ਮਾਏ ! ਮੇਰਾ....
ਚਿੱਤ ਚੰਦਰੇ ਜ਼ਮਾਨੇ ਕੋਲੋਂ ਡਰਦਾ, ਨੀ ਮਾਏ....................
'ਘਰ 'ਚ ਕਲੇਸ਼ ਪੈ ਗਿਆ' ਕਾਵਿ-ਸੰਗ੍ਰਹਿ ਵਿੱਚ ਗੁਰਦਰਸ਼ਨ ਬਾਦਲ ਨੇ ਸਾਧਾਰਨ ਪਾਠਕ ਨੂੰ ਆਪਣੇ ਨਾਲ ਤੋਰਣ ਲਈ ਕੁਝ ਹਲਕੇ-ਫੁਲਕੇ ਗੀਤ ਵੀ ਸ਼ਾਮਿਲ ਕੀਤੇ ਹਨ; ਪਰ ਇਸਦਾ ਇਹ ਮਤਲਬ ਨਹੀਂ ਕਿ ਇਹ ਗੀਤ ਕੋਈ ਲੱਚਰਵਾਦੀ ਗੀਤ ਹਨ। ਜਿਵੇਂ ਕਿ ਅੱਜ ਕੱਲ੍ਹ ਦੇ ਬਹੁਤ ਸਾਰੇ ਗੀਤਕਾਰ ਸਸਤੀ ਸ਼ੌਹਰਤ ਲੈਣ ਲਈ ਲਿਖ ਰਹੇ ਹਨ। ਹਲਕੇ-ਫੁਲਕੇ ਗੀਤ ਲਿਖਦਿਆਂ ਵੀ ਗੁਰਦਰਸ਼ਨ ਬਾਦਲ ਇਸ ਗੱਲੋਂ ਚੇਤੰਨ ਰਹਿੰਦਾ ਹੈ ਕਿ ਉਸਦੇ ਗੀਤਾਂ ਦਾ ਮਿਆਰ ਨ ਡਿੱਗੇ ਅਤੇ ਉਹ ਪ੍ਰਵਾਰ ਵਿੱਚ ਬੈਠਕੇ ਵੀ ਸੁਣੇ ਜਾ ਸਕਣ। ਇਸ ਤਰ੍ਹਾਂ ਕਰਕੇ ਉਹ ਹਰ ਉਮਰ ਦੇ ਪਾਠਕਾਂ ਨੂੰ ਆਪਣੇ ਨਾਲ ਜੋੜੀ ਰੱਖਣ ਵਿੱਚ ਕਾਮਿਯਾਬ ਰਹਿੰਦਾ ਹੈ। ਉਸਦੇ ਗੀਤਾਂ ਵਿੱਚ ਵਰਤੀ ਗਈ ਸ਼ਬਦਾਵਲੀ ਬਹੁਤ ਹੀ ਸਰਲ ਹੁੰਦੀ ਹੈ ਅਤੇ ਇਸ ਪੁਸਤਕ ਵਿੱਚ ਸ਼ਾਮਿਲ ਅਨੇਕਾਂ ਖੂਬਸੂਰਤ ਗੀਤ ਗਾਏ ਜਾ ਸਕਦੇ ਹਨ। ਪੇਸ਼ ਹਨ ਉਸਦੇ ਅਜਿਹੇ ਗੀਤਾਂ ਵਿੱਚੋਂ ਕੁਝ ਖੂਬਸੂਰਤ ਉਦਾਹਰਣਾਂ:
1.
ਕਾਲੇ ਰੰਗ ਨੇ ਗੋਰਾ ਨਹੀਂ ਜੇ ਹੋਣਾ, ਨੀ ਦੀਵੇ ਭਾਵੇਂ ਲੱਖ ਬਾਲ ਲੈ।

ਲੱਖ ਤੂੰ ਬਣਾ ਲੈ ਚੰਦ-ਸੂਰਜਾਂ ਦੇ ਗਹਿਣੇ ਨੀ,
ਤਾਰਿਆਂ ਨੂੰ ਜੜ ਭਾਵੇਂ ਗੁੱਤ 'ਚ ਸ਼ੁਦੈਣੇ ਨੀ,
ਚਿੱਟੇ ਪੌਡਰਾਂ ਨੇ ਰੰਗ ਨਹੀਂ ਲੁਕੋਣਾ, ਨੀ ਦੀਵੇ ਭਾਵੇਂ...
ਕਾਲੇ ਰੰਗ ਨੇ ਗੋਰਾ ਨਹੀਂ ਜੇ ਹੋਣਾ....
2.
ਜਦੋਂ ਚਾਟੀ ਵਿੱਚ ਘੁੰਮਦੀ ਮਧਾਣੀ ਹਾਣੀਆਂ !
ਰਹਿਣ ਸੁੱਤੀਆਂ ਇਹ ਸੱਸ ਤੇ ਜਠਾਣੀ ਹਾਣੀਆਂ !

ਆਵੇ ਹਰ ਇੱਕ ਗੇੜੇ ਤੇਰੀ ਯਾਦ ਸੱਜਣਾ !
ਮੁੱਖ ਵੇਖ-ਵੇਖ ਤੇਰਾ ਮੈਨੂੰ ਆਵੇ ਰੱਜ ਨਾ,
ਦਿਲੀ ਰਮਜ਼ ਤੂੰ ਮੇਰੀ ਨਾ ਪਛਾਣੀ ਹਾਣੀਆਂ !
ਰਹਿਣ ਸੁੱਤੀਆਂ ਇਹ ਸੱਸ ਤੇ ਜਠਾਣੀ ਹਾਣੀਆਂ !
3.
ਤੂੰ ਨਾ ਪੱਕੀਆਂ ਮੇਰੀਆਂ ਖਾਵੇਂ, ਮੈਂ ਮੱਚ ਗਈ ਤੰਦੂਰ 'ਤੇ ਖੜ੍ਹੀ।
ਨਿੱਤ ਭਾਬੀਆਂ ਦੇ ਦਰਾਂ ਉੱਤੇ ਜਾਵੇਂ, ਮੈਂ ਮੱਚ ਗਈ ਤੰਦੂਰ 'ਤੇ ਖੜ੍ਹੀ।

ਕੋਠੇ ਉੱਤੋਂ ਸੁੱਕਾ-ਸੁੱਕਾ, ਬਾਲਣ ਮੈਂ ਲਾਹਿਆ ਵੇ,
ਆਟੇ ਦੀ ਪਰਾਤ ਵਿਚ, ਹਿੱਸਾ ਤੇਰਾ ਪਾਇਆ ਵੇ,
ਅੱਗੋਂ ਨਖ਼ਰੇ ਤੂੰ ਕਰਕੇ ਵਿਖਾਵੇਂ, ਮੈਂ ਮੱਚ ਗਈ ਤੰਦੂਰ 'ਤੇ ਖੜ੍ਹੀ।
ਨਿੱਤ ਭਾਬੀਆਂ ਦੇ ਦਰਾਂ ਉੱਤੇ ਜਾਵੇਂ, ਮੈਂ ਮੱਚ ਗਈ...
'ਘਰ 'ਚ ਕਲੇਸ਼ ਪੈ ਗਿਆ' ਇੱਕ ਖੂਬਸੂਰਤ ਕਾਵਿ-ਸੰਗ੍ਰਹਿ ਹੈ। ਇਸ ਕਾਵਿ-ਸੰਗ੍ਰਹਿ ਦੀ ਪ੍ਰਕਾਸ਼ਨਾ ਨਾਲ ਗੁਰਦਰਸ਼ਨ ਬਾਦਲ ਕੈਨੇਡਾ ਦੇ ਪੰਜਾਬੀ ਗੀਤਕਾਰਾਂ ਦੀ ਢਾਣੀ ਵਿੱਚ ਵੀ ਸ਼ਾਮਿਲ ਹੋ ਗਿਆ ਹੈ। ਇੱਕ ਸਫ਼ਲ ਗਜ਼ਲਗੋ ਵਜੋਂ ਤਾਂ ਉਸ ਦੀ ਪਹਿਚਾਣ ਪਹਿਲਾਂ ਹੀ ਬਣੀ ਹੋਈ ਸੀ; ਗੁਰਦਰਸ਼ਨ ਬਾਦਲ ਦੀ ਸਾਹਿਤਕ ਸਖਸ਼ੀਅਤ ਵਿਚਲੇ ਇੱਕ ਵਧੀਆ ਗੀਤਕਾਰ ਵਾਲੇ ਗੁਣਾਂ ਨਾਲ ਕੈਨੇਡਾ ਦੇ ਪੰਜਾਬੀ ਪਾਠਕਾਂ ਦੀ ਜਾਣ ਪਹਿਚਾਣ ਕਰਵਾਕੇ ਮੈਨੂੰ ਦਿਲੀ ਖੁਸ਼ੀ ਮਹਿਸੂਸ ਹੋ ਰਹੀ ਹੈ। ਮੈਨੂੰ ਉਮੀਦ ਹੈ ਕਿ ਇਸ ਕਾਵਿ-ਸੰਗ੍ਰਹਿ ਨੂੰ ਪੜ੍ਹਣ ਤੋਂ ਬਾਹਦ ਪੰਜਾਬੀ ਪਾਠਕ ਵੀ ਅਜਿਹੀ ਹੀ ਖੁਸ਼ੀ ਮਹਿਸੂਸ ਕਰਨਗੇ।
..........................

Sunday, September 6, 2009

ਇੱਕ ਖ਼ਤ – ਪੰਜਾਬੀ ਭਾਸ਼ਾ ਦੇ ਅਖੌਤੀ ਅਲੰਬਰਦਾਰਾਂ ਦੇ ਨਾਂ ! -ਗੁਰਮੇਲ ਬਦੇਸ਼ਾ

ਇੱਕ ਖ਼ਤ – ਪੰਜਾਬੀ ਭਾਸ਼ਾ ਦੇ ਅਖੌਤੀ ਅਲੰਬਰਦਾਰਾਂ ਦੇ ਨਾਂ ! -ਗੁਰਮੇਲ ਬਦੇਸ਼ਾ

ਮਾਣਯੋਗ ਬਾਬਾ ਨਾਨਕ ਦੇਵ ਜੀ , ਬਾਬਾ ਬੁੱਲੇ ਸ਼ਾਹ , ਵਾਰਿਸ ਸ਼ਾਹ , ਭਾਈ ਵੀਰ ਸਿੰਘ , ਅੰਮ੍ਰਿਤਾ ਪ੍ਰੀਤਮ, ਨਾਨਕ ਸਿੰਘ ਅਤੇ ਹੋਰ ਕਿੰਨੀਆਂ ਹੀ ਪੰਜਾਬੀਅਤ ਨੂੰ ਸਮਰਪਿਤ ਸ਼ਖਸ਼ੀਅਤਾਂ ਦੇ ਵਾਰਸੋ !
ਆਪ ਜੀ ਨੂੰ ਕਿਸ ਕਿਸ ਦਾ ਵਾਸਤਾ ਪਾ ਕੇ ਪ੍ਰਣਾਮ ਕਰਾਂ .. ਕਿ ਤੁਹਾਡੀ ਜ਼ਮੀਰ ਜਾਗ ਉੱਠੇ ..!?!
ਪਰ ਤੁਹਾਡੀਆਂ ਜ਼ਮੀਰਾਂ ਤਾਂ ਖੁਦਗਰਜ਼ੀ ਦੀ ਸੇਜ 'ਤੇ ਨਿਰਵਸਤਰ ਹੋਕੇ , ਲਗਦੈ , ਸਦਾ ਦੀ ਨੀਂਦ ਸੁੱਤੀਆਂ ਪਈਆਂ ਨੇ !
ਗੁਰਬਾਣੀ ਅਨੁਸਾਰ , 'ਅੱਜ ਨਾ ਸੁੱਤੀ ਕੰਤੁ ਸਿਉ ਅੰਗ ਮੁੜਿ ਮੁੜ ਜਾਇ !' ...ਮਾਫ ਕਰਨਾ ! ਪਰ ਜਾਪਦੈ , ਖੁਦਗਰਜ਼ੀ ਦਾ ਜੇਕਰ ਤੁਸੀਂ ਪੱਲਾ ਛੱਡ ਦੇਓਂਗੇ ਤਾਂ ਉਪ੍ਰੋਕਤ ਇਸਤਰੀ ਵਰਗਾ ਹੀ ਤੁਹਾਡਾ ਹਾਲ ਹੋਣੈ ! ਪਰ ਨਹੀਂ ! ਤੁਸੀਂ ਤਾਂ ਬਦਕਾਰ ਔਰਤ ਵਰਗਾ ਚਾਲ-ਚਲਣ ਕਰ ਕੇ ਬਹਿ ਗਏ ਓ ! ਕਿ ਚੱਲ ਜੇ ਇਹਦੇ ਨਾਲ ਅੱਜ ਨਹੀਂ ਸੁੱਤੀ , ਤਾਂ ਬਿੰਦ ਝੱਟ ਲਈ ਹੋਰ ਨਾਲ ਹੀ ਸਹੀ !
ਹੁਣ ਮੈਂ ਕਰਨ ਵਾਲੀ ਗੱਲ ਕਰਾਂ , ਪਰ ਅਜੇ ਵੀ ਮੇਰੇ ਮਨ 'ਚ ਉਹੀਓ ਗੱਲ ਉੱਸਲ ਵੱਟੇ ਲੈ ਰਹੀ ਹੈ ਕਿ ..'ਅੱਜ ਨਾ ਸੁੱਤੀ ਕੰਤੁ ਸਿਉ.......!! ਸੁਣਿਐ , ਕਿਸੇ ਵਿਦੇਸ਼ੀ ਕਾਨਫਰੰਸ 'ਚ ਹਿੱਸਾ ਲੈਣ ਲਈ ਪੰਜਾਬ ਦਾ ਇੱਕ ਮਹਾਨ ਲੇਖਕ ਜਦੋਂ ਜਹਾਜ ਚੜਨ ਦੀ ਤਿਆਰੀ ਕਰਨ ਲੱਗਾ ਤਾਂ ਪ੍ਰਮੋਟਰਾਂ ਨਾਲ ਰੱਫੜ ਪਾ ਕੇ ਬਹਿ ਗਿਆ ਕਿ ਮੈਂ ਤੁਹਾਡੀ ਕਾਨਫੰਰਸ 'ਚ ਤਾਂ ਆਊਂ , ਜੇਕਰ ਤੁਸੀਂ ਮੇਰੇ ਨਾਲ ਮੇਰੀ ਮਿੱਤਰ ਲੇਖਿਕਾ ਦੀ ਨਾਲ ਟਿੱਕਟ ਧਰੋਂਗੇ ! ਨਹੀਂ ਤਾ ਮੇਰੇ ਪਿੱਛੋਂ ਓਸ ਵਿਚਾਰੀ ਨੂੰ ਨੀਂਦ ਨਹੀਂ ਆਉਣੀ ! ਮਗਰੋਂ ਐਵੇਂ ਮੇਰੀਆਂ ਰਚਨਾਵਾਂ ਨੂੰ ਹਿੱਕ ਨਾਲ ਲਾ ਕੇ ਦੁਹੱਥੜੀਂ ਪਿੱਟਦੀ ਫਿਰੂਗੀ ....'ਚੋਰੀ ਚੋਰੀ ਚੰਨਾ ! ਵੀਜ਼ਾ ਵੀ ਲਵਾ ਲਿਆ !'
ਪਰ ਪਤੰਦਰ ਜ਼ਿਦ ਪੂਰੀ ਕਰਵਾ ਕੇ ਹ
ਟਿਆ ।...'ਮਾਰਦਾ ਏ ਲੋਹੜੇ ਹਾਏ ਨੀ ! 'ਨੂਰ' ਤੇਰੇ ਨੈਣਾਂ ਦਾ ...!! '
ਕੀਹਦੀ ਕੀਹਦੀ ਗੱਲ ਕਰਾਂ ? 'ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ...? ਚੁੱਪ ਰਿਹਾ ਤਾਂ ਸ਼ਮਾਦਾਨ ਕੀ ਕਹਿਣਗੇ..?'
ਕਦੇ ਕਦੇ ਮੈਂ ਸੋਚਦਾਂ , ਕਿ - ਮਨਾ ! ਸ਼ਮਾਦਾਨਾਂ ਨੇ ਕੀ ਕਹਿਣੈ ! ਜਦੋਂ ਲਾਲਟੈਣ ਵਰਗੀ ਤੇਰੇ ਕੋਲ ਇੱਕਵੀਂ ਸਦੀ ਦੀ ਕਵਿੱਤਰੀ ਅੰਮ੍ਰਿਤਾ ਪ੍ਰੀਤਮ ਵਾਂਗੂੰ ਸ਼ਬਦਾਂ ਦੇ ਅੰਗਿਆਰੇ , ਤੇਰੀ ਬੁੱਝ ਰਹੀ 'ਕਾਵਿ-ਧੂਣੀ' ਦੇ 'ਧੌਲੇ ਧੂੰਏਂ
' ਦੀ ਸਰਦਲ 'ਤੇ ਰੱਖ ਰਹੀ ਏ , ਤਾਂ ਤੂੰ ਕਹਿ ਹੀ ਸਕਦਾ ਏਂ ..ਕਿ ਪਿਛਲੇ ਪਹਿਰ 'ਜੰਗਲ ਵਿੱਚ ਬਰਸਾਤ ਹੋਈ ...ਤੁਹਾਡੀ ਸਾਡੀ ਮੁਲਾਕਾਤ ਹੋਈ ..!!'
ਚੱਲ ਛੱਡ ਮਨਾ ! ਹੁਣ ਐਵੇਂ ਨਾ ਕਹਿ ਦੇਵੀਂ ...'ਜੋੜੀਆਂ ਹੁਣ ਬਣੀਆਂ.... ਹੁਣ ਬਣੀਆਂ ਇੱਕ ਸਾਰ ..!!'
ਬਲਵੰਤ ਗਾਰਗੀ ਹੋਣੀਂ ਤਾਂ ਐਵੇਂ ਸਮਕਾਲਣਾਂ ਪਿੱਛੇ ਸਿਗਰਟਾਂ ਫੂਕਦੇ ਹੀ ਮਰ'ਗੇ ਸੀ...!!!
ਪਰ ਪਤਾ ਨਹੀਂ ਕਿਉਂ ? ਅੱਜ ਮੇਰਾ ਮਨ ਹੋਰ ਹੀ ਪਾਸੇ ਜਾ ਰਿਹਾ ਹੈ , ਆਨੇ ਵਾਲੀ ਥਾਂ 'ਤੇ ਨਹੀਂ ਆ ਰਿਹਾ ..?
ਗੁਰਮੇਲ ਕੌਰ ਦੇ ਹੁੰਦਿਆਂ ਜੇ ਗਾਇਕ ਚਮਕੀਲ਼ਾ! ਅਮਰਜੋਤ ਨੂੰ ਪਰਨਾਅ- ਅਪਣਾਅ ਸਕਦੈ , ਤਾਂ ਪੰਜਾਬੀ ਲੇਖਕ ਲੇਖਿਕਾਵਾਂ ਨੂੰ ਕਿਉਂ ਨਹੀਂ.? ਚਲੋ ਆਪਾਂ ਨੂੰ ਕੀ ! ਜੇ ਆਪਾਂ ਪੁੱਛ ਵੀ ਲਿਆ , ਕਿ ......ਚੋਲੀ ਕੇ ਪੀਛੇ ਕਿਆ ਹੈ ? ..ਚੁਨਰੀ ਕੇ ਨੀਚੇ ਕਿਆ ਹੈ ..? ਤਾਂ ਅੱਗੋਂ ਕਹਿ ਦੇਣਗੇ......ਚੋਲੀ ਕੇ ਨੀਚੇ ਦਿਲ ਹੈ ਮੇਰਾ ..! ਤਾਂ ਫਿਰ ਆਪਾਂ ਕੀ ਕਿਸੇ ਦੀ ਪੂਛ ਫੜ ਲਵਾਂਗੇ ..? ਗੱਲ ਪਰਦੇ ਮੇਂ ਰਹਿਨੇ ਦੋ.. ! ਪਰਦਾ ਜੋ ਊਠ ਗਿਆ ਤੋ....ਤੋ ...!
ਇਹ ਗੱਲ ਤਾਂ ਸੀ - ਸਾਹਿਤਕਾਰਾਂ ਦੇ ਇਸ਼ਕ- ਮੁਸ਼ਕ ਦੀ ! ਦੂਜੀ ਗੱਲ ਹੈ , ਪੰਜਾਬੀ ਮਾਂ ਬੋਲੀ ਦੀ ਸੇਵਾ ਦੀ , ਜੋ ਇਨ੍ਹਾਂ ਵਲੋਂ ਨਿਭਾਈ ਜਾ ਰਹੀ ਹੈ ! ਪਹਿਲਾਂ ਤਾਂ ਬਣਾਈਆਂ ਹੁੰਦੀਆਂ ਸਨ ਸਾਹਿਤਕ ਸਭਾਵਾਂ ! ਹੁਣ ਬਣ ਗਿਆ ਹੈ – ਸਾਹਿਤਕ ਮਾਫੀਆ ! ਅੱਜਕਲ ਇਹ ਮਾਫੀਆ ਗਰੋਹ ਬੜੇ ਸਰਗਰਮ ਹੋ ਗਏ ਨੇ ।
ਪਿਛਲੇ ਦਿਨੀਂ ਤੁਸੀਂ ਮੀਡੀਆ ਰਾਹੀਂ ਜਾਂ ਕਿਸੇ ਹੋਰ ਸ੍ਰੋਤ ਤੋਂ ਕਨੇਡਾ ਵਿੱਚ 'ਵਿਸ਼ਵ ਪੰਜਾਬੀ ਕਾਨਫਰੰਸਾਂ' ਬਾਰੇ ਪੜਿਆ ਸੁਣਿਆ ਹੋਵੇਗਾ । ਸਰੀ ਬੀ ਸੀ ਵਿੱਚ ਹਜਾਰਾਂ ਨਹੀਂ ਸਗੋਂ ਲੱਖਾਂ ਹੀ ਪੰਜਾਬੀ ਰਹਿ ਰਹੇ ਨੇ । ਅਤੇ ਇੱਕ, ਜੋ ਕਿ ਵਿਸ਼ਵ ਕਾਨਫਰੰਸ ਇੱਥੇ ਹੋ ਕੇ ਹਟੀ ਹੈ । ਉਸ ਵਿੱਚ ਪੰਜਾਬੀਆਂ ਦੀ ਗਿਣਤੀ ਸਿਰਫ ਚਾਲੀ ਪੰਜਾਹ ਕੁ ਆਦਮੀ ਔਰਤਾਂ ਦੀ ਹੀ ਸੀ । ਇਸ ਮੀਟਿੰਗ ਦਾ ਨਾਂ ਰੱਖਿਆ ਗਿਆ ਸੀ - 'ਵਿਸ਼ਵ ਪੰਜਾਬੀ ਕਾਨਫਰੰਸ' । ਕਈ ਤਾਂ ਇੰਡੀਆ ਤੋਂ ਗਰਮੀਆਂ ਦੀਆਂ ਛੁੱਟੀਆਂ ਹੀ ਕੱਟਣ ਆਏ ਲੱਗਦੇ ਸਨ । ਪਰ ਇਤਨਾ ਜਰੂਰ ਸੀ ਕਿ ਕਾਨਫਰੰਸ ਦੀ ਸਫਲਤਾ ਇਸ ਗੱਲ ਕਰਕੇ ਹੋ ਗਈ ਕਿ ਐਨੇ ਡਾਕਟਰ-ਮਾਸਟਰ ਇਕੱਠੇ ਇੱਕ ਮੰਚ 'ਤੇ ਇਕੱਤਰ ਹੋਏ ਸਨ । ਪਰ ਆਮ ਆਦਮੀ ਤਾਂ ਨੇੜੇ ਵੀ ਨਹੀਂ ਲੱਗਣ ਦਿੱਤਾ ਗਿਆ । ਮਹਾਨ ਲੋਕਾਂ ਦਾ ਮਹਿਜ਼ ਇੱਕ ਸ਼ੁਗਲ ਹੀ ਸੀ , ਜੇਕਰ ਤੁਸੀਂ ਕਾਨਫਰੰਸ 'ਚ ਭਾਗ ਲੈਣਾ ਸੀ ਤਾਂ ਇੰਟਰੀ ਫੀਸ ਦਸ ਡਾਲਰ ! ਜੇਕਰ ਪੈਲਿਸ ਚ' ਵੱਡੇ ਲੋਕਾਂ ਨਾਲ ਡਿਨਰ ਦਾ ਚਸਕਾ ਲੈਣਾ ਸੀ ਤਾਂ ਰਾਤਰੀ ਭੋਜ ਦੀ ਇੰਟਰੀ ਫੀਸ ਵੀਹ ਡਾਲਰ !! 'ਸ਼ਰਾਬ' ਸ਼ਾਇਦ ਆਪੋ ਆਪਣੀ । 'ਕਬਾਬ' ਹਰ ਇੱਕ ਲਈ ! ਪਰ 'ਸ਼ਬਾਬ' ਦਾ ਪ੍ਰਬੰਧ ਮੁੱਖ ਮਹਿਮਾਨਾਂ ਲਈ ਜਾਂ ਪਹਿਲੀ ਵਾਰ ਇੰਡੀਆ ਤੋਂ ਆਏ ਸੱਜਣਾਂ ਲਈ ਪਤਾ ਨਹੀਂ ਕੀਤਾ ਗਿਆ ਸੀ ਜਾਂ ਨਹੀਂ - ਮੈਨੂੰ ਨਹੀਂ ਪਤਾ ?
ਫਿਰ ਇਸ ਕਾਨਫਰੰਸ ਦੀ ਵੱਡੀ ਸਫਲਤਾ ਉਸ ਵੇਲੇ ਦੇਖਣ ਨੂੰ ਮਿਲੀ , ਜਦੋਂ ਕਿ ਬੜੇ ਮਹਾਨ ਲੇਖਕ ਖਾਲੀ ਸਟੇਜ 'ਤੇ ਮਾਇਕ ਮੂਹਰੇ ਖੜ ਖੜ ਕੇ ਫੋਟੋ ਖਿਚਵਾ ਰਹੇ ਸਨ , ਅਖਬਾਰਾਂ ਚ' ਫੋਟੋਆਂ ਦੇਖ ਕੇ ਇਸ ਤਰਾਂ ਦਾ ਪ੍ਰਭਾਵ ਪੈ ਰਿਹਾ ਸੀ ; ਜਿਵੇਂ: ਇਹ ਮਹਾਨ ਵਿਅਕਤੀ ਬੜੇ ਵੱਡੇ ਇਕੱਠ ਨੂੰ ਸੰਬੋਧਨ ਕਰ ਰਹੇ ਹੋਣ ! ਪਰ ਅਸਲੀਅਤ ਇਹ ਸੀ , ਜਦੋਂ ਇਹ ਭਲੇ ਪੁਰਸ਼ ਫੋਟੋ ਕਰਵਾ ਰਹੇ ਸਨ ਤਾਂ ਸਾਰੇ ਲੋਕ ਲੰਚ ਕਰ ਰਹੇ ਸਨ । ਇਨਾਂ
ਨੇ ਤਾਂ ਫੋਕੀ ਸ਼ੋਹਰਤ ਲਈ ਮੌਕਾ ਦੇਖ ਕੇ ਵਿੱਚੋਂ ਹੀ ਦਾਅ ਲਾ ਲਿਆ ਸੀ ।
ਇੱਕ ਹੋਰ ਦੇਖਣ ਵਾਲੀ ਗੱਲ ਸੀ , ਪੜੇ ਜਾਣ ਵਾਲੇ ਸਾਹਿਤਕ ਪਰਚਿਆਂ ਦੀ ! ਬਿਨਾ੍ਹ ਸ਼ੱਕ ਕਈ ਪਰਚਿਆਂ ਨੇ ਹਰ ਇੱਕ ਨੂੰ ਵਧੀਆ ਢੰਗ ਨਾਲ ਤਕੜਾ ਹਲੂਣਾ ਮਾਰਿਆ ਹੈ । ਇੱਕ ਪਰਚੇ ਵਿੱਚ 'ਨਾਰੀ ਸਾਹਿਤ ' ਦੀ ਗੱਲ ਕੀਤੀ ਗਈ । ਪਰ ਇਹ ਗੱਲ ਨਹੀਂ ਸਮਝ ਆ ਰਹੀ ਕਿ ਆਹ ! 'ਨਾਰੀ ਸਾਹਿਤ' ਹੈ , ਆਹ ! 'ਮਰਦ ਸਾਹਿਤ' ਹੈ ! ਜਿਸ ਤਰਾਂ ਹਾਲਾਤ ਬਦਲ ਰਹੇ ਨੇ , ਕੱਲ ਨੂੰ ਕਿਤੇ 'ਸਮਲਿੰਗੀ ਸਾਹਿਤ' ਨਾ ਆ ਜਾਵੇ ?
ਇੱਕ ਪਾਸੇ ਤਾਂ ਤੁਸੀਂ ਕਹਿ ਰਹੇ ਹੋ ਕਿ ਔਰਤ ਨੂੰ ਮਰਦ ਬਰਾਬਰ ਨਹੀਂ ਸਮਝ ਰਹੇ , ਦੂਜੇ ਪਾਸੇ ਬੀਬਾ ਜੀ !ਤੁਸੀਂ ਖੁਦ ਹੀ ਆਪਣੇ ਹੱਥੀਂ ਇਹ ਦੀਵਾਰ ਖੜੀ ਕਰ ਰਹੇ ਹੋ !
ਪਿੱਛੇ ਜਿਹੇ ਕੈਨੇਡਾ ਵਿੱਚ ਇੱਕ ਹੋਰ ਵਿਸ਼ਵ ਕਾਨਫਰੰਸ ਹੋਈ ਸੀ , ....( ਮਾਫ ਕਰਨਾ , ਆਪਣੀ ਗੱਲ ਆਪ ਹੀ ਟੋਕ ਕੇ ਤੁਹਾਨੂੰ ਪੁੱਛਣਾ ਚਾਹੁੰਦਾ ਹਾਂ ਕਿ ਇਹ ਵਿਸ਼ਵ ਕਾਨਫਰੰਸਾਂ ਕੈਨੇਡਾ ਅਮਰੀਕਾ ਵਿੱਚ ਐਨੀਆਂ ਕਿਉਂ ਹੋਣ ਲੱਗ ਪਈਆਂ ਨੇ ? ਕਦੇ ਸਾਊਥ ਅਫਰੀਕਾ ਵਰਗੇ ਦੇਸਾਂ ਵਿੱਚ ਕਿਉਂ ਨਹੀਂ ਹੁੰਦੀਆਂ ? ਪੰਜਾਬੀ ਤਾਂ ਉਨਾਂ ਦੇਸਾਂ ਵਿੱਚ ਵੀ ਬਥੇਰੇ ਵਸਦੇ ਨੇ ! ..ਚਲੋ ! ਗੱਲ ਅੱਗੇ ਤੋਰਦਾ ਹਾਂ )...'ਤੇ ਉਸ ਵਿੱਚ ਭਾਗ ਲੈਣ ਵਾਲੀ ਇੱਕ ਔਰਤ ਹੁਣ ਤੱਕ ਬੜਾ ਹੁੱਭ ਕੇ ਕਹਿ ਰਹੀ , "ਮੈਂ ਸਮੁੱਚੇ ਕੈਨੇਡਾ ਵਿੱਚੋਂ ਇਕੋ- ਇੱਕ ਇਕਲਾਪੀ ਲੇਖਿਕਾ ਸੀ , ਜਿਸ ਨੇ ਇਸ ਵਿੱਚ ਹਿੱਸਾ ਲਿਆ" ।
ਤੁਹਾਡੇ ਹੌਸਲੇ ਦੀ ਦਾਦ ਦਿੰਦੇ ਹਾਂ , ਪਰ ਆਦਮੀ ਤੁਹਾਨੂੰ ਆਉਣੋ ਰੋਕਦੇ ਵੀ ਨਹੀਂ । ਆਓ ! ਜੀ ਸਦਕੇ ਆਓ !! ਪਰ ਚਾਰ ਕੁ ਜਣੀਆਂ ਮੀਟਿੰਗ ਵਿੱਚ ਬਹਿ ਕੇ ਅਸਮਾਨ ਨੂੰ ਟਾਕੀਆਂ ਨਾ ਲਾਇਆ ਕਰੋ !! ਕਿਸੇ ਦੂਜੇ ਦੀ ਵੀ ਸੁਣ ਲਿਆ ਕਰੋ ! ਤੁਸੀਂ 'ਬੁਲਾਰੀਆਂ' ਬਹੁਤ ਵਧੀਆ ਹੋ ! ਕਾਸ਼ ! ਵਧੀਆ 'ਸਰੋਤਾ' ਵੀ ਬਣ ਸਕੋਂ ...!?!
ਇਸ ਤੋਂ (ਸਰੀ ਤੋਂ) ਬਾਅਦ ਟਰੰਟੋ ਵਿਖੇ ਹੋਈ 'ਵਿਸ਼ਵ ਪੰਜਾਬੀ ਕਾਨਫਰੰਸ' ਦੀ ਕਾਮਯਾਬੀ ਬਾਰੇ ਵੀ ਪੜ ਸੁਣ ਲਿਆ ਹੈ । ਪਰ ਸੋਚਣ ਵਾਲੀ ਗੱਲ ਇਹ ਹੈ ਕਿ ਇਹ ਲੋਕ ਕਾਮਯਾਬੀ ਕਿਸ ਗੱਲ ਦੀ ਕਹਿੰਦੇ ਹਨ , ਵੱਡੇ ਵੱਡੇ ਲੋਕਾਂ ਨੂੰ ਕਾਨਫਰੰਸ ਵਿੱਚ ਸੱਦ ਕੇ ? ਮੰਤਰੀਆਂ ਸ਼ੰਤਰੀਆਂ ਤੋਂ ਉਦਘਾਟਨ ਕਰਵਾ ਕੇ ? ਜਾਂ ਧਾਰਮਿਕ ਲੋਕਾਂ ਤੋਂ ਪਾਠ ਕਰਵਾ ਕੇ ? ਜੈਕਾਰੇ ਲਗਵਾ ਕੇ ? ਜਾਂ ਫਿਰ ਪੰਜਾਬੀ ਸੂਟ 'ਚ ਨਹੀਂ, ਸਗੋਂ ਜੀਨਾਂ ਵਾਲੀਆਂ ਕੁੜੀਆਂ ਨੂੰ ਰਿਸੈਪਸ਼ਨ 'ਤੇ ਖੜੀਆਂ ਕਰ ਕੇ ?
ਸੁਣਨ 'ਚ ਤਾਂ ਇਹ ਵੀ ਆਇਆ ਹੈ ਕਿ ਇਸ ਕਾਨਫਰੰਸ ਉੱਪਰ ਲੱਖਾਂ ਡਾਲਰ ਖਰਚ ਵੀ ਕਰ ਦਿੱਤਾ ਗਿਆ ਹੈ । ਜੇਕਰ ਇਹ ਪੈਸਾ ਗਰੀਬ ਲੇਖਕਾਂ ਦੀਆਂ ਕਿਤਾਬਾਂ ਛਿਪਵਾਉਣ ਉੱਪਰ ਲਗਾਇਆ ਹੁੰਦਾ ਤਾਂ ਫਿਰ ਕੀ ਪੰਜਾਬੀ ਮਾਂ ਬੋਲੀ ਦੀ ਸੇਵਾ ਨਹੀਂ ਸੀ ਹੋ ਸਕਣੀ ? ਪੰਜਾਬੀ ਸਾਹਿਤ ਨੂੰ ਘਰ ਘਰ ਤੱਕ ਪਹੁੰਚਾਉਣ ਲਈ ਜੇਕਰ ਇਹ ਪੈਸਾ ਖਰਚ ਕੀਤਾ ਗਿਆ ਹੁੰਦਾ ਤਾਂ ਕੀ ਪੰਜਾਬੀ ਮਾਂ ਬੋਲੀ ਦੀ ਸੇਵਾ ਨਹੀਂ ਸੀ ਹੋ ਸਕਣੀ ?
ਇੱਕ ਇਹ ਖੇਤਰ ਬਚਿਆ ਸੀ - ਇਹ ਵੀ ਕਬੂਤਰਬਾਜਾਂ ਅਤੇ ਜਾਲਸਾਜਾਂ ਦੇ ਹੱਥੀਂ ਚੜ੍ਹ ਗਿਆ ਲਗਦਾ ਹੈ ।
ਪੰਜਾਬੀਏ ਜੁਬਾਨੇ ! ਨੀ ਰਕਾਨੇ ਮੇਰੇ ਦੇਸ਼ ਦੀਏ !! ਵਿਦੇਸ਼ਾਂ ਵਿੱਚ ਆਕੇ ਤੂੰ ਵੀ ਹੋ'ਗੀ ਭੱਬਾਂ ਭਾਰ ..!!!
ਪਰ ਭਲੇਮਾਣਸੋ ! ਜੇਕਰ ਤੁਸੀਂ ਵਾਕਿਆ ਹੀ ਪੰਜਾਬੀ ਭਾਸ਼ਾ ਪ੍ਰਤੀ ਐਨੇ ਹੀ ਫਿਕਰਮੰਦ ਹੋ ਤਾਂ ਹੋਰ ਬੜੇ ਰਾਹ ਨੇ , ਇਸ ਨੂੰ ਪ੍ਰਫੁਲਤ ਕਰਨ ਦੇ ! ਇਹੋ ਜਿਹੀਆਂ ਕਾਨਫਰੰਸਾਂ, ਏਹੋ ਜਿਹੇ ਸਮਾਗਮ ਕਰ ਕੇ ਪੰਜਾਬੀ ਭਾਸ਼ਾ ਪ੍ਰਤੀ ਪਤਾ ਨਹੀਂ ਤੁਸੀਂ ਕੀ ਸਾਬਤ ਕਰਨਾ ਚਾਹੁੰਦੇ ਹੋ ?
ਪੰਜਾਬੀ ਮਾਂ ਬੋਲੀ ਦੇ ਅਸਲੀ ਵਾਰਸੋ ! ਤੁਹਾਨੂੰ ਇਤਨਾ ਕੁ ਜਰੂਰ ਪਤਾ ਹੋਣਾ ਚਾਹੀਦਾ ਹੈ , ਕਿ ਇਹ ਤਾਂ ਸਿਰਫ ਚੰਦ ਕੁ ਲੋਕਾਂ ਦਾ ਸ਼ੁਗਲ ਹੀ ਹੈ । ਬੱਸ , ਆਪਣਾ ਨਾਮ ਚਮਕਾਉਣ ਲਈ ਆਪਣਾ ਭੁੱਸ ਪੂਰਾ ਕਰ ਰਹੇ ਨੇ - ਇਹ ਲੋਕ !
ਆਮ ਲੋਕਾਂ ਨੂੰ ਭਰਮਾਉਣ ਲਈ , ਬਿਨਾਂ
ਸ਼ੱਕ ! ਕੁਝ ਕੁ ਮੀਡੀਆ ਵੀ ਇਸ ਮਾਫੀਆ ਗਰੋਹ ਦੀ ਪਕੜ ਵਿੱਚ ਪੂਰੀ ਤਰਾਂ ਆ ਚੁੱਕਾ ਹੈ । ਹੁਣ ਤਾਂ ਯਾਰੋ ! ਰੱਬ ਹੀ ਬਚਾਵੇ ਪੰਜਾਬੀ ਨੂੰ !... ਟੁੰਡੀ ਲਾਟ ਦੇ ਸਾਲਿਆਂ ਤੋਂ.... !! ਪਰ ,
ਕਿਸੇ ਦੇ ਗਿੱਟੇ ਲੱਗੇ , ਕਿਸੇ ਦੇ ਗੋਡੇ ! ਮੈਨੂੰ ਕੋਈ ਪ੍ਰਵਾਹ ਨਹੀਂ । ਮੈਂ ਤਾਂ ਇਸੇ ਤਰਾਂ ਹੀ ਟਿੰਡ 'ਚ ਕਾਨਾ ਪਾ ਕੇ ਆਮ ਲੋਕਾਂ ਨੂੰ ਸੁਚੇਤ ਕਰਦੇ ਰਹਿਣਾ ਹੈ – ਇਨਾਂ੍ਹ ਪੰਜਾਬੀ ਭਾਸ਼ਾ ਦੇ , ਪੰਜਾਬੀ ਮਾਂ - ਬੋਲੀ ਦੇ ਅਖੌਤੀ ਅਲੰਬਰਦਾਰਾਂ ਪ੍ਰਤੀ !
      ਪਾਤਰ-ਸੁਖਇੰਦਰ ਦੀ ਗਜ਼ਲ ਦੇ ਸਾਂਝੇ ਮਤਲੇ ਅਤੇ ਸਜਿੰਦਰ ਨੂਰ ਦੀ 'ਰੂਹਾਨੀ-ਮਕਤੋ-ਨੂਰਾਨੀ' ਵਰਗਾ,
ਆਪਦਾ;
                      ---ਗੁਰਮੇਲ ਬਦੇਸ਼ਾ , ਸਰੀ , ਬੀ . ਸੀ . ।

..................

Friday, September 4, 2009

'ਰੌਸ਼ਨੀ ਦਾ ਪਹਾੜ' ਅਰਥਾਤ 'ਕੋਹਿਨੂਰ ਹੀਰਾ' -ਮੇਜਰ ਮਾਂਗਟ

'ਰੌਸ਼ਨੀ ਦਾ ਪਹਾੜ' ਅਰਥਾਤ 'ਕੋਹਿਨੂਰ ਹੀਰਾ'    -ਮੇਜਰ ਮਾਂਗਟ


ਜਦੋਂ ਮੈਂ ਆਪਣੀਆਂ ਵਿੱਚ ਛੁੱਟੀਆਂ ਇੰਗਲੈਂਡ ਗਿਆ ਤਾਂ ਬਹੁਤ ਕੁੱਝ ਦੇਖਿਆ।ਕਦੀ ਕਦੀ ਪ੍ਰਸ਼ਨ ਉੱਠਦਾ ਕਿ ਕੀ ਇਹ ਉਹੋ ਦੇਸ਼ ਹੈ ਜਿਸ ਦੇ ਰਾਜ ਵਿੱਚ ਕਦੀ ਸੂਰਜ ਨਹੀਂ ਸੀ ਛਿਪਦਾ?ਜਿਸ ਤੋਂ ਮੁਕਤ ਹੋਣ ਲਈ ਹਜ਼ਾਰਾਂ ਦੇਸ਼ ਭਗਤ ਆਪਣੀਆਂ ਜਾਨਾਂ ਵਾਰ ਗਏ।ਪਰੰਤੂ ਹੁਣ ਤਾਂ ਵਕਤ ਬਦਲ ਚੁੱਕਾ ਸੀ।ਇੰਗਲੈਂਡ ਆਧੁਨਿਕ ਸਹੂਲਤਾਂ ਅਤੇ ਸਫਾਈ ਦੇ ਪੱਖੋਂ ਮੈਨੂੰ ਕਨੇਡਾ ਤੋਂ ਕੋਈ ਬਹੁਤਾ ਸੋਹਣਾ ਨਹੀਂ ਸੀ ਜਾਪ ਰਿਹਾ।ਹਾਂ ਲੋਕਾਂ ਵਿੱਚ ਰਹਿਣ ਸਹਿਣ ਦੀ ਇੱਕ ਤਰਤੀਬ ਅਤੇ ਸਲੀਕਾ ਜਰੂਰ ਸੀ।
ਏਥੇ ਆ ਕੇ ਮੈਂ ਕਈ ਸ਼ਹਿਰ ਦੇਖੇ,ਟਰੇਨਾਂ ਵਿੱਚ ਘੁੰਮਿਆ,ਬਹੁਤ ਸਾਰੇ ਲੇਖਿਕਾਂ ਨੂੰ ਮਿਲਿਆ ਅਤੇ ਬਹੁਤ ਸਾਰੀਆਂ ਦੇਖਣਯੋਗ ਥਾਵਾਂ ਵੀ ਵੇਖੀਆਂ।ਇੱਕ ਦਿਨ ਅਸੀਂ ਡਬਲ ਡੈਕਰ ਬੱਸ ਦੀ ਛੱਤ ਤੇ ਬਹਿ ਕੇ ਲੰਡਨ ਵੇਖ ਰਹੇ ਸੀ।ਜਿਸ ਵਿੱਚ ਤਰਫਾਲਗਰ ਚੌਂਕ,ਬ੍ਰਿਟਿਸ਼ ਪਾਰਲੀਮੈਂਟ,ਕੈਕਸਟਨ ਹਾਲ,ਬਕਿੰਘਮ ਪੈਲਿਸ,ਲੰਡਨ ਟਾਵਰ ਵੇਖੇ ਉਸੇ ਦਿਨ ਬਹੁਤ ਸਾਰੇ ਮਿਊਜ਼ੀਅਮ ਵੀ ਵੇਖੇ।
ਇਨ੍ਹਾਂ ਵਿੱਚੋਂ ਇੱਕ ਮਿਊਜ਼ੀਅਮ ਮੇਰ ਮਨ 'ਚੋਂ ਕਦੇ ਵੀ ਨਿਕਲਦਾ,ਜਿਸ ਦਾ ਨਾਂ ਹੈ 'ਲੰਡਨ ਟਾਵਰ'।ਇਸੇ ਲੰਡਨ ਟਾਵਰ ਵਿੱਚ ਭਾਰਤ ਤੋਂ ਲੁੱਟ ਕੇ ਲਿਆਂਦੀਆਂ ਬਹੁਤ ਸਾਰੀਆਂ ਕੀਮਤੀ ਵਸਤਾਂ ਪਈਆਂ ਹਨ।ਜਿਨਾਂ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਸੁਨਹਿਰੀ ਕੁਰਸੀ ਅਤੇ ਭਾਰਤ ਮਾਂ ਦਾ ਕੀਮਤੀ ਭੂਸ਼ਨ ਰੋਸ਼ਨੀ ਦਾ ਪਹਾੜ 'ਕਹਿਨੂਰ ਹੀਰਾ' ਵੀ ਹੈ।ਇਨ੍ਹਾਂ ਨੂੰ ਵੇਖ ਕੇ ਅੱਖਾਂ ਵਿੱਚ ਅਥਰੂ ਆ ਜਾਂਦੇ ਤੇ ਪੈਰਾਂ ਨੂੰ ਜਿਵੇਂ ਸੰਗਲ਼ ਪੈ ਜਾਂਦੇ ਹਨ।ਮੇਰੇ ਦੇਸ਼ ਦਾ ਸਮਾਨ ਦਿਖਾਉਣ ਲਈ ਵੀ ਟਿਕਟਾਂ ਵੇਚ ਕੇ ਬਹੁਤ ਵੱਡੀ ਆਮਦਨ ਦਾ ਵਸੀਲਾ ਬਣਾਇਆ ਗਿਆ ਸੀ।
'ਕਹਿਨੂਰ ਹੀਰੇ'
ਦੀ ਫੋਟੋ ਖਿੱਚਣੀ ਸਖਤ ਮਨਾ ਹੈ।ਪਰ ਮੇਰੇ ਤਾਂ ਪੈਰ ਏਥੇ ਆ ਕੇ ਜਾਮ ਹੋ ਗਏ ਸਨ।ਮੇਰੇ ਤੋਂ ਨਹੀਂ ਸੀ ਰਿਹਾ ਗਿਆ ਤੇ ਪਾਬੰਦੀ ਉੱਪਰੰਤ ਵੀ ਕੋਹਿਨੂਰ ਹੀਰੇ ਦੀ ਫੋਟੋ ਲੈਣ ਵਿੱਚ ਮੈਂ ਕਾਮਯਾਬ ਹੋ ਗਿਆ।
ਘਰ ਆਕੇ 'ਕੋਹਿਨੂਰ ਹੀਰਾ' ਮੇਰੇ ਦਿਮਾਗ ਵਿੱਚ ਘੁੰਮਦਾ ਰਿਹਾ।ਤੇ ਅੱਜ ਤੱਕ ਵੀ ਘੁੰਮਦਾ ਹੈ,ਤਾਂ ਹੀ ਤਾਂ ਮੈਂ ਇਹ ਆਰਟੀਕਲ ਲਿਖਣ ਲਈ ਮਜਬੂਰ ਹੋ ਗਿਆ ਹਾਂ।ਪਾਠਕੋ ਆਉ ਭਾਰਤ ਦੀ ਏਸ ਵਿਰਾਸਤ ਦੇ ਇਤਿਹਾਸ ਨੇ ਇੱਕ ਨਜ਼ਰ ਮਾਰ ਲਈਏ।
ਕਹਿੰਦੇ ਨੇ ਕਿ ਰੋਸ਼ਨੀ ਦੇ ਇਸ ਦੀ ਲੱਭਤ ਅੱਜ ਤੋਂ ਕੋਈ ਪੰਜ ਕੁ ਹਜ਼ਾਰ ਸਾਲ ਪਹਿਲਾ ਮੌਜੂਦਾ ਆਂਧਰਾ ਪ੍ਰਦੇਸ਼ ਦੀ ਰਿਆਸਤ ਗੋਲਕੁੰਡਾ ਵਿੱਚ ਹੋਈ ਸੀ।ਜਿਸ ਨੂੰ ਕੋਲੂਰ ਦੀਆਂ ਖਾਣਾਂ ਚੋਂ ਪ੍ਰਾਪਤ ਹੋਇਆ ਦੱਸਿਆ ਜਾਂਦਾ ਹੈ।ਸ਼ੁਰੂ ਸ਼ੁਰੂ ਵਿੱਚ ਇਹ ਅਨਘੜ ਹੀਰਾ ੭੮੭ ਕੈਰਿਟ ਦੇ ਲੱਗਪਗ ਸੀ।ਪਰੰਤੂ ੧੬੬੫ ਈ: ਵਿੱਚ ਇੱਕ ਖੋਜੀ ਟਰੈਵਰਨੀਅਰ ਨੇ ਇਸ ਨੂੰ ਮਾਪਿਆ ਤਾਂ ਇਸਦੇ ੨੮੦ ਕੈਰਿਟ ਹੋਣ ਦੀ ਪੁਸ਼ਟੀ ਕੀਤੀ।ਇਸ ਤੋਂ ਬਾਅਦ ਇਸ ਦੇ ਮਾਲਕਾਂ ਇਸਦੀ ਸੁੰਦਰ ਦਿੱਖ ਬਣਉਣ ਲਈ ਤਰਾਸ਼ਣਾ ਜਾਰੀ ਰੱਖਿਆ।ਇੰਗਲੈਂਡ ਪਹੁੰਚਣ ਤੱਕ ਇਹ ਸਿਰਫ ੧੮੬ ਕੈਰਿਟ ਰਹਿ ਗਿਆ।ਜੋ ਹੁਣ ਸਿਰਫ ੧੦੬ ਕੈਰਿਟ ਦੇ ਨੇੜੇ ਤੇੜੇ ਹੈ।
ਸੰਸਕ੍ਰਿਤ ਗਰੰਥਾਂ ਵਿੱਚ ਇਸ ਦਾ ਨਾਂ ਕੋਹਿਨੂਰ ਨਹੀਂ ਸੀ ਇਹ ਤਾਂ ਬਹੁਤ ਬਾਅਦ ਅਕਬਰ ਦੇ ਸਮੇਂ ਵਿੱਚ ਪ੍ਰਚੱਲਤ ਹੋਇਆ।ਪੁਰਾਤਨ ਗਰੰਥਾਂ ਵਿੱਚ ਇਸ ਨੂੰ ਸ਼ਿਆਮ ਟਕਾ ਲਿਖਿਆ ਗਿਆ ਹੈ।ਕਿਉਂਕਿ ੩੨੦੦ ਪੂਰਵ ਈਸਵੀ ਦੇ ਲੱਗਪੱਗ ਇਸ ਦਾ ਸਬੰਧ ਰਾਧੇ ਸ਼ਿਆਮ ਜਾਣੀ ਕ੍ਰਿਸ਼ਨ ਨਾਲ ਸੀ।ਇਸ ਰੋਸ਼ਨੀ ਦੇ ਪਹਾੜ ਨੂੰ ਕ੍ਰਿਸ਼ਨ ਕੋਲ ਚਮਕਦਾ ਵੇਖ ਹੀ ਕਈਆਂ ਨੇ ਇਸ ਨੂੰ 'ਪਦਮ'ਕਰਕੇ ਵੀ ਜਾਣਿਆ ਹੈ।ਕ੍ਰਿਸ਼ਨ ਨੇ ਜਵਾਂਬਨਥਾ ਦੀ ਬੇਟੀ ਜਵਾਂਬਵਤੀ ਨਾਲ ਵਿਆਹ ਰਚਾ ਕੇ ਇਹ ਹੀਰਾ ਉਸ ਪਾਸੋਂ ਪ੍ਰਾਪਤ ਕੀਤਾ ਸੀ ਜੋ ਕਿ ਨਦੀ ਦੇ ਤੱਟ ਵਿੱਚ ਰੱਖਿਆ ਗਿਆ ਸੀ।
ਉਸ ਉਪਰੰਤ ਰਾਜੇ ਇਸ ਲਈ ਲੜਦੇ ਰਹੇ।ਦੰਦ ਕਥਾਵਾਂ ਪ੍ਰਚੱਲਤ ਸਨ ਕਿ ਜਿਸ ਪਾਸ ਇਹ ਹੀਰਾ ਆ ਜਾਵੇ ਉਹ ਰਾਜਭਾਗ ਦਾ ਮਾਲਕ ਬਣ ਜਾਂਦਾ ਹੈ ਤੇ ਬਾਅਦ ਵਿੱਚ ਇਹ ਹੀ ਹੀਰਾ ਉਸਦੇ ਵਿਨਾਸ਼ ਦਾ ਕਾਰਨ ਵੀ ਬਣਦਾ ਹੈ।ਉਸ ਤੋਂ ਬਾਅਦ ਇਸ ਦੀ ਮਾਲਕੀ ਹਜ਼ਾਰਾਂ ਸਾਲ ਗੁਪਤ ਰਹੀ।ਪਰੰਤੂ ੧੩੨੦ਈ: ਵਿੱਚ ਦੁਨੀਆਂ ਦਾ ਇਹ ਸਭ ਤੋਂ ਕੀਮਤੀ ਹੀਰਾ ਫੇਰ ਜੱਗ ਜ਼ਾਹਰ ਹੋ ਗਿਆ।ਉਦੋਂ ਦਿੱਲੀ ਤੇ ਖਿਲਜ਼ੀ ਸਲਤਨਤ ਦੀ ਹਕੂਮਤ ਸੀ।ਹੋਇਆ ਇਸ ਤਰ੍ਹਾਂ ਕਿ ਗਿਆਸੂਦੀਨ ਤੁਗਲੁਕ ਸ਼ਾਹ ਨੇ ੧੩੨੩ ਈ: ਵਿੱਚ ਇਸ ਬਾਰੇ ਪਤਾ ਲੱਗਣ ਤੇ ਆਪਣੇ ਪੁੱਤਰ ਉਲਘ ਖਾਨ ਨੂੰ ਕਾਕੇਤੀਆ ਦੇ ਰਾਜਾ ਪ੍ਰਤਾਪਉਦਰਾ ਤੇ ਹਮਲਾ ਕਰਨ ਲਈ ਭਜਿਆ।ਇੱਕ ਮਹੀਨਾ ਹਾਥੀ ਘੋੜਿਅ ਅਤੇ ਰੱਥ ਬੱਘੀਆਂ ਨਾ ਘਮਸਾਣ ਦਾ ਯੁੱਧ ਹੋਇਆ।ਅੰਤ ਨੂੰ ਜੰਗੀ ਤਕਨੀਕ ਤੋਂ ਵਾਂਝੀ ਰਾਜਾ ਪ੍ਰਤਾਪਉਦਰਾ ਦੀ ਸੈਨਾ ਹਾਰ ਗਈ।ਹਮਲਾਵਰਾਂ ਨੇ ਉਸਦੇ ਰਾਜ ਭਾਗ ਵਿੱਚ ਖੂਬ ਲੁੱਟ ਮਚਾਈ।ਲੁੱਟ ਦਾ ਸਮਾਨ ਲੈ ਕੇ ਹਾਥੀ ਘੋੜੇ ਅਤੇ ਰਥ ਬੱਘੀਆਂ ਜਦੋਂ ਦਿੱਲੀ ਦਰਬਾਰ ਪਹੁੰਚੇ ਤਾਂ ਉਸ ਵਿੱਚ ਇਹ ਹੀਰਾ ਵੀ ਸੀ।
੧੫੨੬ ਵਿੱਚ ਜਦੋਂ ਬਾਬਰ ਨੇ ਦਿੱਲੀ ਤੇ ਧਾਵਾ ਬੋਲਿਆ ਤਾਂ ਹੀਰਾ ਉਸਦੇ ਕਬਜੇ ਵਿੱਚ ਆ ਗਿਆ।ਅਪਣੀ ਲਿਖਤ ਬਾਬਰਨਾਮਾ ਇਸ ਦਾ ਜਿਕਰ ਕਰਦਿਆਂ ਉਸ ਨੇ ਦੱਸਿਆ ਹੈ ਕਿ ਇਹ ਹੀਰਾ ੧੨੯੪ ਵਿੱਚ ਕਿਸੇ ਮਾਲਵਾ ਦੇਸ਼ ਦੇ ਰਾਜੇ ਦੀ ਮਲਕੀਅਤ ਹੋਇਆ ਕਰਦਾ ਸੀ।ਬਾਅਦ ਵਿੱਚ ਇਸ ਨੂੰ ਅਲਾਉਦੀਨ ਖਿਲਜ਼ੀ ਨੇ ਖੋਹ ਲਿਆ ਸੀ।ਬਾਬਰ ਦੇ ਸਮੇਂ ਇਸ ਦਾ ਨਾਂ ਬਾਬਰ ਦਾ ਹੀਰਾ ਹੀ ਪ੍ਰਚੱਲਤ ਰਿਹਾ।ਕੁਸ਼ਵਾਹਾ ਰਾਜਕਾਲ ਅਧੀਨ ਇਹ ਕੁੱਝ ਦੇਰ ਗਵਾਲੀਅਰ ਵਿੱਚ ਵੀ ਰਿਹਾ।ਫੇਰ ਸਿੰਕਦਰਲੋਧੀ ਨੂੰ ਮਾਤ ਦੇ ਕੇ ਇਹ ਹੀਰਾ ਵਿਕਰਮਾਦੱਤ ਨੇ ਲੁੱਟ ਚਿਤੌੜ ਲੈ ਆਂਦਾ।ਜਦੋਂ ਇੱਕ ਸਮਝੌਤੇ ਤਹਿਤ ਮੁਗ਼ਲ ਬਾਦਸ਼ਾਹ ਹਿੰਮਾਯੂ ਅਪਣੀ ਰਾਜਧਾਨੀ ਦਿੱਲੀ ਤੋਂ ਮੇਵਾੜ ਚਿਤੌੜ ਵਿੱਚ ਲੈ ਗਿਆ ਤਾਂ ਰਾਜਾ ਵਿੱਕਰਮਾਦਿੱਤ ਨੇ ਇਹ ਹੀਰਾ ਤੋਹਫੇ ਵਜੋਂ ਉਸ ਨੂੰ ਭੇਂਟ ਕਰ ਦਿੱਤਾ।
ਬਾਅਦ ਵਿੱਚ ਸ਼ੇਰ ਸ਼ਾਹ ਸੂਰੀ ਨੇ ਹਿੰਮਾਯੂ ਨੂੰ ਹਰਾ ਕੇ ਇਹ ਹੀਰਾ ਪ੍ਰਾਪਤ ਕੀਤਾ।ਜਿਸ ਕੋਲੋ ਇਹ ਜਲਾਲ ਖਾਨ ਕੋਲ ਗਿਆ।ਜਦੋਂ ਅਕਬਰ ਨੇ ਤਖਤ ਸੰਭਾਲਿਆ ਤਾਂ ਇਹ ਹੀਰਾ ਉਸਦਾ ਹੋ ਗਿਆ।ਆਈਨੇ ਅਕਬਰੀ ਅਨੁਸਾਰ ਉਦੋਂ ਹੀ ਇਸ ਨੂੰ ਕੋਹਿਨੂਰ ਦਾ ਨਾਮ ਦਿੱਤਾ ਗਿਆ।ਸ਼ਾਹੀ ਮਹਿਲਾਂ ਦਾ ਸ਼ਿੰਗਾਰ ਕੋਹਿਨੂਰ ਜਦੋਂ ਮੁਗ਼ਲ ਬਾਦਸ਼ਾਹ ਸ਼ਾਹਜਹਾਨ ਦੀ ਮਲਕੀਅਤ ਸੀ,ਤਾਂ ਉਹ ਇਸ ਦਾ ਕਦੀ ਵਿਸਾਹ ਨਹੀਂ ਸੀ ਖਾਂਦਾ।ਫੇਰ ਉਸ ਦੇ ਪੁੱਤਰ ਔਰੰਗਜੇਬ ਨੇ ਆਪਣੇ ਭਰਾਵਾਂ ਨੂੰ ਕਤਲ ਕਰਕੇ ਰਾਜ ਸਤਾ ਹਥਿਆ ਲਈ ਤੇ ਪਿਉੁ ਨੂੰ ਆਗਰੇ ਕੈਦਖਾਨੇ ਵਿੱਚ ਸੁੱਟ ਦਿੱਤਾ।ਪਰ ਸ਼ਾਹ ਜ਼ਹਾਨ ਨੇ ਇਹ ਕੀਮਤੀ ਭੂਸ਼ਨ ਆਪਣੇ ਕੋਲ ਹੀ ਲੁਕਾ ਕੇ ਰੱਖਿਆ।ਆਗਰੇ ਉਹ ਇਸ ਨੂੰ ਕੈਦਖਾਨੇ ਦੀ ਖਿੜਕੀ ਵਿੱਚ ਰੱਖ ਕੇ ਪ੍ਰਿਜਮ ਦਾ ਕੰਮ ਲੈਂਦਾ ਸੀ।ਜਿਸ ਵਿੱਚੋਂ ਤਾਜ ਮਹੱਲ ਦਾ ਪੂਰਾ ਅਕਸ ਦਿਖਾਈ ਦਿੰਦਾ ਸੀ। ਜਿੱਥੇ ਉਸਦੀ ਮੁਹੱਬਤ,ਬੇਹੱਦ ਖੂਬਸੂਰਤ ਅਤੇ ਪਿਆਰੀ ਪਤਨੀ ਮੁਮਤਾਜ਼ ਦਫਨ ਸੀ।
ਸਨ ੧੭੩੯ ਈ: ਵਿੱਚ ਜਦੋਂ ਨਾਦਰ ਸ਼ਾਹ ਨੇ ਦਿੱਲੀ ਅਤੇ ਅਗਰੇ ਵਿੱਚ ਲੁੱਟ ਮਚਾਈ ਤਾਂ ਕੋਹਿਨੂਰ ਵੀ ਲੁੱਟਿਆ ਗਿਆ।ਨਾਦਰ ਸ਼ਾਹ ਨੇ ਇਹ ਹੀਰਾ ਅਫਗਾਨਸਤਾਨ ਦੇ ਰਾਜ ਕਰ ਰਹੇ ਅਹਿਮਦਸ਼ਾਹ ਅਬਦਾਲੀ ਨੂੰ ਜਾ ਕੇ ਸੌਂਪ ਦਿੱਤਾ।ਕੁੱਝ ਦੇਰ ਇਹ ਹੀਰਾ ਬਰਾਜੀਲ ਵਿੱਚ ਵੀ ਰਿਹਾ ਹੈ,ਲੇਕਿਨ ਫੇਰ ਅਫਗਾਨਸਤਨ ਆ ਗਿਆ।੧੮੩੦ ਵਿੱਚ ਜਦੋਂ ਸ਼ਾਹ ਸੂਜਾ ਨੇ ਅਫਗਾਨਸਤਾਨ ਦਾ ਰਾਜ ਸੰਭਾਲਿਆ ਤਾਂ ਇਹ ਹੀਰਾ ਉਸ ਦੀ ਦੌਲਤ ਬਣ ਗਿਆ।
ਉਸ ਵਕਤ ਪੰਜਾਬ ਵਿੱਚ ਸਿੱਖ ਰਾਜ ਸਥਾਪਤ ਹੋ ਚੁੱਕਾ ਸੀ।ਮਹਾਰਾਜਾ ਰਣਜੀਤ ਸਿੰਘ ਦੇ ਜਰਨੈਲ ਆਪਣੇ ਰਾਜ ਦੀਆਂ ਹੱਦਾਂ ਵਧਾਉਣ ਲਈ ਚੁਫੇਰੇ ਤਾਬੜਤੋੜ ਹਮਲੇ ਕਰ ਰਹੇ ਸਨ।ਜਿਨਾਂ ਵਿੱਚ ਜਮਰੌਦ ਦਾ ਕਿਲਾ ਵੀ ਨਿਸ਼ਾਨਾ ਸੀ।ਹਰੀ ਸਿੰਘ ਨਲੂਆ ਵਰਗੇ ਜਰਨੈਲਾਂ ਵਲੋਂ ਕੀਤੇ ਹਮਲਿਆਂ ਅਤੇ ਪ੍ਰਾਪਤ ਕੀਤੀਆਂ ਜਿੱਤਾਂ ਸਦਕਾ ਇਹ ਹੀਰਾ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਲਹੌਰ ਪੁੱਜ ਗਿਆ।੨੮ ਜੂਨ ੧੮੩੯ ਈ: ਨੂੰ ਜਦੋਂ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਹੋਈ ਤਾਂ ਰਾਜਭਾਗ ਦੇ ਨਾਲ ਨਾਲ ਇਸ ਦਾ ਵਾਰਿਸ ਮਹਾਰਾਜਾ ਦਲੀਪ ਸਿੰਘ ਬਣਿਆ।
ਮਹਾਰਾਜਾ ਦਲੀਪ ਸਿੰਘ ਜਿਸ ਦਾ ਜਨਮ ੪ ਸਤੰਬਰ ੧੮੩੮ ਨੂੰ ਹੋਇਆ ਸੀ,ਪੰਜ ਸਾਲ ਦੀ ਨਿੱਕੀ ਉਮਰ ਵਿੱਚ,ਸਤੰਬਰ ੧੮੪੩ ਨੂੰ ਇਸ ਨੂੰ ਰਾਜ ਸਿੰਘਾਸਣ ਤੇ ਬਠਾਇਆ ਗਿਆ।ਰਾਜਸੱਤਾ ਤੇ ਕਾਬਜ ਹੋਣ ਲਈ ਸਿੱਖਾਂ ਦੀ ਆਪਸੀ ਜੰਗ ਸ਼ੁਰੂ ਹੋ ਗਈ।ਇੱਕ ਦੂਜੇ ਦੇ ਕਤਲ ਹੋਣ ਲੱਗੇ।ਧਿਆਨ ਸਿੰਘ,ਪਹਾੜਾ ਸਿੰਘ ਅਤੇ ਲਾਲ ਸਿੰਘ ਵਰਗੇ ਗ਼ਦਾਰੀ ਕਰਕੇ ਅੰਦਰ ਖਾਤੇ ਅੰਗਰੇਜਾਂ ਨਾਲ ਜਾ ਮਿਲੇ।ਫਿਰੰਗੀਆਂ ਨੇ ਸਿੰਘਾਂ ਨੂੰ ਮਾਤ ਦੇ ਕੇ ਇੱਕ ਸਮਝੌਤੇ ਅਧੀਨ ਲਹੌਰ ਦਰਬਾਰ ਵਿੱਚ ਘੁਸਪੈਠ ਕਰਦਿਆਂ ਕੋਹਝੀ ਚਾਲ ਖੇਡੀ।ਗਵਰਨਰ ਜਨਰਲ ਲਾਰਡ ਡਲਹੌਜ਼ੀ ਨੇ ਆਪਣੇ ਗ੍ਰਹਿ ਸਕੱਤਰ ਐੱਚ ਐੱਮ ਇਲੀਅਟ ਨੂੰ ੨੭ ਮਾਰਚ ੧੮੪੯ ਨੂੰ ਅਪਣਾ ਜਾਨਸ਼ੀਨ ਬਣਾ ਕੇ ਲਹੌਰ ਦਰਬਾਰ ਭੇਜਿਆ ਜਿਸ ਨੇ ਹੁਸ਼ਿਆਰੀ ਨਾਲ ਮਹਾਰਾਜਾ ਦਲੀਪ ਸਿੰਘ ਦਾ ਜਾਨਸ਼ੀਨ ਹੋਣ ਤੇ ਦਸਤਖਤ ਕਰਵਾ ਲਏ।
੨੯ ਮਾਰਚ ੧੮੪੯ ਨੂੰ ਜੋ ਸਿੱਖ ਰਾਜ ਦਾ ਆਖਰੀ ਦਰਬਾਰ ਲੱਗਿਆ ਉਸ ਵਿੱਚ ਮਹਾਰਾਜਾ ਦਲੀਪ ਨੂੰ ਆਮ ਲੋਕਾਂ ਵਾਂਗ ਦਰਸ਼ਕ ਗੈਲਰੀ ਵਿੱਚ ਬਿਠਾਇਆ ਗਿਆ।ਉਦੋਂ ਉਸ ਦੀ ਉਮਰ ਸਿਰਫ ਸਾਢੇ ਦਸ ਵਰੇ ਸੀ।ਉਸ ਵਕਤ ਬ੍ਰਿਟਿਸ਼ ਹਕੂਮਤ ਦੀ ਅੱਖ ਜਿੱਥੇ ਰਾਜ ਸਤਾ ਤੇ ਕਬਜ਼ਾ ਕਰਨਾ ਸੀ ਉੱਥੇ ਦੁਨੀਆਂ ਦਾ ਸਭ ਤੋਂ ਕਮਿਤੀ ਹੀਰਾ ਕਹਿਨੂਰ ਵੀ ਹਥਿਆਉਣਾ ਸੀ।ਆਖਰ ਇਸੇ ਤਰ੍ਹਾਂ ਹੋਇਆ।
੧੬ ਜੁਲਾਈ ੧੯੫੦ ਨੂੰ ਸਰਕਾਰੀ ਖਜ਼ਾਨੇ ਦੀ ਦੇਖਰੇਖ ਦੇ ਇੰਚਾਰਜ ਡਾ: ਜੌਹਨ ਲੋਗਨ ਨੇ ਆਪਣੀ ਪਤਨੀ ਨੂੰ ਇੱਕ ਪੱਤਰ ਵਿੱਚ ਦੱਸਿਆ ਕਿ 'ਲਾਰਡ ਡਲਹੌਜ਼ੀ ਇੱਕ ਛੋਟੇ ਬੈਗ ਸਮੇਤ ਉਸ ਦੇ ਕਮਰੇ ਵਿੱਚ ਆਇਆ ਸੀ।ਉਸ ਕੋਲ ਬੋਰਡ ਆਫ ਐਡਮਸਿਟ੍ਰੇਸ਼ਨ ਦੇ ਸਾਈਨਾਂ ਵਾਲੇ ਪੇਪਰ ਸਨ।ਜਿਨਾਂ ਨੂੰ ਦਿਖਾ ਕੇ ਉਹ 'ਕੋਹਿਨੂਰ ਹੀਰਾ'ਲੈ ਗਿਆ।ਉਸ ਨੇ ਪੱਤਰ ਵਿੱਚ ਇਹ ਵੀ ਲਿਖਿਆ ਕਿ ਇਹ ਘਟਨਾ ੭ ਦਸੰਬਰ ੧੮੪੯ ਦੀ ਹੈ।ਲੈ ਕੇ ਜਾਣ ਸਮੇਂ ਇਹ ਹੀਰਾ ਲਾਰਡ ਡਲਹੌਜੀ ਨੇ ਆਪਣੇ ਲੱਕ ਨੂੰ ਬੰਨ ਲਿਆ ਸੀ।
੬ ਅਪਰੈਲ ੧੯੫੦ ਨੂੰ ਡਲਹੌਜ਼ੀ ਬੰਬਈ ਤੋਂ ਐੱਚ: ਐੱਮ: ਐੱਸ: ਮੀਡੀਆਂ ਸਮੁੰਦਰੀ ਜਹਾਜ਼ ਰਾਹੀਂ ਲੰਡਨ ਨੂੰ ਰਵਾਨਾ ਹੋਇਆ।ਹੀਰਾ ਉਸ ਵਕਤ ਵੀ ਉਸ ਦੇ ਲੱਕ ਨੂੰ ਬੰਨਿਆ ਹੋਇਆ ਸੀ।ਕਮਰਕਸ ਨਾਲ ਬੰਨ ਕੇ ਇਕ ਸੁਰੱਖਿਆ ਵਜੋਂ ਇਕ ਚੇਨ ਵੀ ਗਲ ਨੂੰ ਵੀ ਪਾਈ ਹੋਈ ਸੀ।੨ ਜੁਲਾਈ ੧੮੫੦ ਨੂੰ ਇਹ ਜਹਾਜ਼ ਇੰਗਲੈਂਡ ਪਹੁੰਚਿਆ।ਇਸ ਜਹਾਜ਼ ਨੂੰ ਈਸਟ ਇੰਡੀਆ ਹਾਊਸ ਲਿਜਾਇਆ ਗਿਆ ਜਿੱਥੇ ਈਸਟ ਇੰਡੀਆ ਕੰਪਨੀ ਦੇ ਮੀਤ ਚੇਅਰਮੈਨ ਨੇ ਕੋਹਿਨੂਰ ਹੀਰਾ ਲਾਰਡ ਡਲਹੌਜ਼ੀ ਤੋਂ ਲੈ ਕੇ 'ਸੇਂਟ ਜੇਮਜ਼' ਮਹਿਲ ਵਿੱਚ ਜਾਕੇ ਮਲਿਕਾ ਵਿਕਟੋਰੀਆ ਅੱਗੇ ਪੇਸ਼ ਕਰ ਦਿੱਤਾ।ਮਹਾਰਾਣੀ ਵਿਕਟੋਰੀਆ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ।ਉਸ ਨੇ ਹੀ ਇਸ ਨੂੰ 'ਕਰਾਊਨ ਜ਼ਿਊਲ' ਬਣਾਉਣ ਦਾ ਫੈਸਲਾ ਲਿਆ।ਉਸੇ ਸਾਲ ਮਸ਼ਹੂਰ ਹਾਈਡ ਪਾਰਕ ਵਿੱਚ ਜਦੋਂ ਸਭ ਤੋਂ ਵੱਡੀ ਨੁਮਾਇਸ਼ ਲੱਗੀ ਤਾਂ ਪਬਲਿਕ ਦੇ ਪ੍ਰਦਰਸ਼ਨ ਲਈ 'ਕੋਹਿਨੂਰ ਹੀਰਾ' ਉੱਥੇ ਰੱਖਿਆ ਗਿਆ ਤਾਂ ਕਿ ਲੋਕ ਜਾਣ ਲੈਣ ਕਿ ਹੁਣ ਇਹ ਇੰਗਲੈਂਡ ਦੀ ਸੰਪਤੀ ਹੈ।
ਸਾਲ ੧੮੫੨ ਵਿੱਚ ਮੈਸਰਜ਼ ਗੈਰਰਡਸ ਨੇ ਮਹਾਰਾਣੀ ਦੇ ਆਦੇਸ਼ ਤੇ ਇੱਕ ਹੀਰੇ ਤਰਾਸ਼ਣ ਵਾਲੇ ਮਾਹਿਰ ਵੂਂਗਸੈਂਗਰ ਨੂੰ ਐਮਸਟਰਡਮ ਤੋਂ ਮੰਗਵਾਇਆ।ਉਸ ਨੇ ਅਠੱਤੀ ਦਿਨ ਲਗਾ ਕੇ ਹੀਰੇ ਨੂੰ ਸੁੰਦਰ ਬਣਾਉਣ ਲਈ ਮੁੜ ਤੋਂ ਤਰਾਸ਼ਿਆ।ਟੁੱਟ ਭੱਜ ਨਾਲ ਹੁਣ ਇਹ ੧੮੬ ਤੋਂ ਸਿਰਫ ੧੦੫.੬੦੨ ਕੈਰਿਟ ਰਹਿ ਗਿਆ।ਜਦੋਂ ਬ੍ਰਿਟਿਸ਼ ਹਕੂਮਤ ਮਹਾਰਾਜਾ ਦਲੀਪ ਸਿੰਘ ਨੂੰ ਬਰਤਾਨੀਆ ਲੈ ਆਈ ਤਾਂ ਇੱਕ ਦਿਨ ਮਹਾਰਾਣੀ ਵਿਕਟੋਰੀਆਂ ਨੇ ਇਹ ਹੀਰਾ ਉਸ ਨੂੰ ਦੇਖਣ ਲਈ ਦਿੱਤਾ।ਜਦੋਂ ਉਸ ਨੇ ਵਾਪਿਸ ਇਹ ਮਹਾਰਾਣੀ ਦੀ ਤਲ਼ੀ ਤੇ ਰੱਖਿਆ ਤਾਂ ਫੋਟੋਆਂ ਖਿੱਚ ਕੇ ਇਹ ਸਾਬਤ ਕੀਤਾ ਕਿ ਗਿਆ ਮਹਾਰਾਜੇ ਨੇ ਤਾਂ ਆਪਣੇ ਹੱਥ ਨਾਲ ਤੋਹਫੇ ਵਜੋਂ 'ਕਹਿਨੂਰ ਹੀਰਾ'ਮਲਿਕਾ ਵਿਕਟੋਰੀਆ ਨੂੰ ਪੇਸ਼ ਕੀਤਾ ਹੈ।
ਮੁੜਕੇ ਮਹਾਰਾਜਾ ਦਲੀਪ ਸਿੰਘ,ਖੁੱਸੀ ਸਤਾ ਹਾਸਲ ਕਰਨ ਲਈ ਅਤੇ ਲੁੱਟੀ ਸੰਪਤੀ (ਜਿਸ ਵਿੱਚ ਇਹ ਹੀਰਾ ਵੀ ਸੀ)ਪ੍ਰਾਪਤ ਕਰਨ ਲਈ ਆਪਣੀ ਜ਼ਿੰਦਗੀ ਅੰਤਿਮ ਸਵਾਸਾਂ ਤੱਕ ਤਾਂਘਦਾ ਰਿਹਾ।ਪਰ ਉਹ ਗੋਰਿਆਂ ਵਲੋਂ ਵਿਛਾਏ ਜਾਲ ਵਿੱਚੋਂ ਨਿੱਕਲ ਨਾ ਸਕਿਆ।ਆਖਰ ੨੨ ਅਕਤੂਬਰ ੧੮੯੩ ਨੂੰ ਪੱਚਵੰਜਾ ਸਾਲ ਦੀ ਉਮਰ ਵਿੱਚ ਪੈਰਿਸ ਦੇ ਇੱਕ ਹੋਟਲ 'ਟ੍ਰੈਮੋਇਲ' ਦੇ ਕਮਰੇ ਵਿੱਚ ਮਹਾਰਾਜਾ ਦਲੀਪ ਸਿੰਘ ਦੀ ਮੌਤ ਹੋ ਗਈ।ਜਿੱਥੇ ੨੧ ਅਕਤੂਬਰ ਨੂੰ ਪਏ ਦੌਰੇ ਕਾਰਨ ਉਹ ਬੇਹੋਸ਼ ਪਿਆ ਸੀ।੨੬ ਅਕਤੂਬਰ ੧੮੯੩ ਨੂੰ ਇੱਕ ਸਾਦਾ ਕੱਫਣ ਵਿੱਚ ਲਪੇਟ ਮਹਾਰਾਜੇ ਨੂੰ ਦਫਨ ਕਰ ਦਿੱਤਾ ਗਿਆ।ਹੁਣ ਇਸ ਹੀਰੇ ਦਾ ਦਾਅਵੇਦਾਰ ਕੋਈ ਨਹੀਂ ਸੀ ਰਿਹਾ।ਸਿੱਖ ਰਾਜ ਦਾ ਅੰਤਿਮ ਬਾਦਸ਼ਾਹ ਵੀ ਇਸ ਦੁਨੀਆਂ ਤੋਂ ਜਾ ਚੁੱਕਾ ਸੀ।
ਜੇਮਜ਼ ਟੈਂਨਟ ਦੀ ਦੇਖ ਰੇਖ ਹੇਠ ੮੦੦੦ ਪੌਂਡ ਖਰਚ ਕੇ ਇਸ ਨੂੰ ਮਹਾਰਾਣੀ ਦੇ ਤਾਜ ਵਿੱਚ ਜੜਿਆ ਗਿਆ।ਜੋ ੪੨% ਆਪਣਾ ਭਾਰ ਖੋਅ ਚੁੱਕਾ ਸੀ।ਨਿੱਕੇ ਟੁਕੜਿਆਂ ਨੂੰ ੨੦੦ ਦੇ ਕਰੀਬ ਸਿਤਾਰਿਆ ਦੇ ਤੌਰ ਤੇ ਜੜ ਦਿੱਤਾ ਗਿਆ।ਰਾਣੀ 'ਅਲੈਗਜੈਂਡਰਾ' ਨੇ ਕਹਿਨੂਰ ਹੀਰੇ ਜੜਿਆ ਤਾਜ ਪਹਿਲੀ ਵਾਰ ਪਹਿਨਿਆ।੧੯੩੬ ਤੋਂ ਬਾਅਦ ਇਹ ਤਾਜ ਕੁਈਨ 'ਅਲਿਜ਼ਬੈਥ' ਪਹਿਨਦੀ ਰਹੀ ਜਿਸ ਨੂ ਬਾਅਦ ਵਿੱਚ 'ਕੁਈਨਜ਼' ਕਰਕੇ ਜਾਣਿਆ ਜਾਂਦਾ ਰਿਹਾ।ਸਨ ੨੦੦੨ ਵਿੱਚ ਕੁਈਨਜ਼ ਮਦਰ ਅਲਿਜ਼ਬੈੱਥ ਦੀ ਮੌਤ ਸਮੇਂ ਇਹ ਹੀਰੇ ਜੜਿਆ ਤਾਜ ਆਖਰੀ ਵਾਰ ਉਸ ਦੇ ਕੱਫਨ ਤੇ ਰੱਖ ਕੇ ਰਾਜ ਦਰਬਾਰ ਵਿੱਚ ਰਿਟਾਇਰ ਕਰ ਦਿੱਤਾ ਗਿਆ।ਤੇ ਇਸ ਨੂੰ ਆਮ ਲੋਕਾਂ ਦੀ ਪ੍ਰਦਰਸ਼ਨੀ ਲਈ 'ਲੰਡਨ ਟਾਵਰ' ਮਿਊਜ਼ੀਅਮ ਵਿੱਚ ਰੱਖ ਦਿੱਤਾ ਗਿਆ।ਜਿੱਥੇ ਹੁਣ ਲੱਖਾਂ ਲੋਕ ਇਸ ਰੋਸ਼ਨੀ ਦਾ ਪਹਾੜ ਨੂੰ ਦੇਖਦੇ ਹਨ।ਜਿਸ ਦੀ ਕੀਮਤ ਦਾ ਸਭ ਤੋਂ ਪਹਿਲੀ ਵਾਰ ਅਨੁਮਾਨ ਲਾਉਂਦਿਆਂ 'ਬਾਬਰ' ਨੇ ਕਿਹਾ ਸੀ ਕਿ ਪੂਰੀ ਦੁਨੀਆਂ ਦਾ ਦੋ ਦਿਨਾ ਦਾ ਖਰਚਾ ਇਸ ਦੀ ਕੀਮਤ ਹੈ।ਭਾਰਤ ਦੀ ਸੰਪਤੀ 'ਕੋਹਿਨੂਰ ਹੀਰਾ' ਮੇਰੀਆਂ ਅੱਖਾ ਸਾਹਮਣੇ ਪਿਆ ਸੀ।ਮੇਰੇ ਕੈਮਰੇ ਨੇ ਇਹ ਨਜ਼ਾਰਾ ਹਮੇਸ਼ਾ ਹਮੇਸ਼ਾਂ ਲਈ ਪਕੜ ਲਿਆ।ਮੇਰੀਆਂ ਅੱਖਾਂ 'ਚੋਂ ਨਿੱਕਲੇ ਮੋਤੀ (ਅਥਰੂ) ਤਾਂ ਇਸ ਦੀ ਚਮਕ ਸਾਹਮਣੇ ਕੋਈ ਮਹੱਤਵ ਨਹੀਂ ਸੀ ਰੱਖਦੇ।ਤੇ ਫੇਰ ਕੁੱਝ ਵੀ ਹੋਰ ਨਾ ਲੱਗਾ।ਅਸੀਂ ਮਿਊਜ਼ੀਅਮ ਤੋਂ ਬਾਹਰ ਆ ਗਏ।


.............................

ਸਾਊਥਾਲ- ਜਿੱਥੇ ਆਪਣਿਆਂ ਨੂੰ 'ਆਪਣੇ' ਹੀ ਕਰਨ ਹਲਾਲ਼...! -ਮਨਦੀਪ ਖੁਰਮੀ ਹਿੰਮਤਪੁਰਾ

ਸਾਊਥਾਲ- ਜਿੱਥੇ ਆਪਣਿਆਂ ਨੂੰ 'ਆਪਣੇ' ਹੀ ਕਰਨ ਹਲਾਲ਼...!   -ਮਨਦੀਪ ਖੁਰਮੀ ਹਿੰਮਤਪੁਰਾ
            ਜਿੱਥੇ ਮਨੁੱਖ ਨੂੰ ਇਸ ਧਰਤੀ 'ਤੇ ਸਾਹ ਲੈ ਰਹੇ ਸਮੁੱਚੇ ਜੀਵਾਂ 'ਚੋਂ ਉੱਤਮ ਮੰਨਿਆ ਗਿਆ ਹੈ, ਸਭ ਤੋਂ ਉੱਤਮ ਬੁੱਧੀ ਦਾ ਮਾਲਕ ਕਿਹਾ ਜਾਂਦਾ ਹੈ ਉੱਥੇ ਮਨੁੱਖ ਵੱਲੋਂ ਨਿੱਜੀ ਹਿੱਤਾਂ ਦੀ ਪੂਰਤੀ ਲਈ ਅਤਿ ਨੀਚ ਦਰਜੇ ਤੱਕ ਗਿਰ ਜਾਣਾ ਵੀ ਸ਼ਾਇਦ ਇਸਦੇ ਸੁਭਾਅ ਵਿੱਚ ਰਚ ਚੁੱਕਾ ਹੈ। ਕਦੇ ਕਿਸੇ ਪਸ਼ੂ ਨੂੰ ਨਿਗੁਣੀ ਸੋਝੀ ਹੁੰਦਿਆਂ ਵੀ ਅਜਿਹੀਆਂ ਕਰਤੂਤਾਂ ਕਰਦਿਆਂ ਨਹੀਂ ਦੇਖੋਗੇ ਜੋ ਮਨੁੱਖ 'ਸਿਆਣਾ' ਹੁੰਦਿਆਂ ਕਰ ਗੁਜ਼ਰਦਾ ਹੈ। ਨਿੱਜ ਲਈ ਜਾਂ ਆਪਣੇ ਭਵਿੱਖ ਦੀ ਸੌਖ ਲਈ ਸੁਪਨੇ ਦੇਖਦਿਆਂ ਮਨੁੱਖ ਆਪਣੇ ਮਾਂ-ਪਿਉ, ਭੈਣ-ਭਰਾ ਦੇ ਗਲ ਅੰਗੂਠਾ ਦੇਣ ਤੋਂ ਵੀ ਗੁਰੇਜ਼ ਨਹੀਂ ਕਰਦਾ। ਉਕਤ ਸਤਰਾਂ ਲਿਖਦਿਆਂ ਵੀ ਆਪਾਂ ਸੁਹਿਰਦ ਪਾਠਕਾਂ ਦੀ ਨਜ਼ਰ ਇੱਕ ਅਸਲੀਅਤ ਪੇਸ਼ ਕਰਨ ਦੀ ਗੁਸਤਾਖੀ ਕਰਨੀ ਚਾਹਾਂਗੇ। ਜੇ ਉਕਤ ਸਤਰਾਂ ਵਰਕੇ 'ਤੇ ਨਾ ਉੱਤਰਦੀਆਂ ਤਾਂ ਮੇਰੇ ਕਮਅਕਲ ਦੇ ਮਨ ਵਿੱਚ ਇੱਕ ਅਜੀਬ ਜਿਹੀ ਖਿੱਚੋਤਾਣ ਬਣੀ ਰਹਿਣੀ ਸੀ। ਅੱਜ ਆਪਾਂ ਮਨੁੱਖ ਹੱਥੋਂ ਮਨੁੱਖ ਦੀ ਹੁੰਦੀ ਲੁੱਟ ਜਾਂ ਆਪਣਿਆਂ ਵੱਲੋਂ ਹੀ 'ਆਪਣਿਆਂ' ਨੂੰ ਹੀ ਹਲਾਲ ਕਰਨ ਵਾਲੀਆਂ ਗੱਲਾਂ ਦਾ ਜ਼ਿਕਰ ਕਰਾਂਗੇ....!
      ਬੜੀ ਵਾਰ ਸੁਣਿਆ ਸੀ ਕਿ "ਵਲਾਇਤ-ਜਾਂ ਨੰਗ ਦੀ ਜਾਂ ਢੰਗ ਦੀ।" ਮੈਂ ਵੀ ਇਸ ਸਤਰ ਦੇ ਇਹੀ ਅਰਥ ਲੈਂਦਾ ਰਿਹਾ ਹਾਂ ਕਿ ਜਾਂ ਤਾਂ ਵਲਾਇਤ 'ਚ ਉਹ ਬੰਦਾ ਸੌਖਾ ਰਹਿੰਦੈ ਜੋ ਬਿਲਕੁਲ ਹੀ ਖਾਕੀ ਨੰਗ ਹੋਵੇ ਜਾਂ ਫਿਰ ਉਹ ਬੰਦਾ 'ਬੁੱਲੇ ਲੁੱਟਦਾ' ਹੈ ਜੋ ਦੋਹੀਂ ਹੱਥੀਂ 'ਵੱਢਣ' ਦਾ ਵੱਲ ਸਿੱਖ ਗਿਆ ਹੋਵੇ ਜਾਂ ਜਿਸਨੂੰ ਮਾਇਆ ਬੀਜਣ ਦਾ ਹਿਸਾਬ ਕਿਤਾਬ ਆ ਗਿਆ ਹੋਵੇ।
      ਗੋਰਿਆਂ ਦੇ 'ਕਰੈਡਿਟ ਕਰੰਚ' ਨੇ ਸਭ ਦੇ ਨਾਸੀਂ ਧੂੰਆਂ ਲਿਆ ਦਿੱਤੈ। ਮੈਂ ਵੀ ਉਹਨਾਂ 'ਚੋਂ ਸਾਂ ਜਿਹਨਾਂ ਨੂੰ ਇਸ ਆਰਥਿਕ ਮੰਦੇ ਦੇ ਦੌਰ 'ਚ ਕੰਮ ਤੋਂ ਹੱਥ ਧੋਣੇ ਪਏ ਸਨ। ਕੰਮ ਦੀ ਭਾਲ 'ਚ ਹੀ ਮੈਂ ਵੀ ਸਾਊਥਾਲ ਵੱਲ ਨੂੰ ਮੂੰਹ ਕਰਿਆ ਸੀ। ਇਸ ਤੋਂ ਪਹਿਲਾਂ ਮੈਂ ਨਾਰਥ-ਵੈਸਟ ਏਰੀਏ ਦੇ ਸੁੱਧ ਗੋਰਿਆਂ ਦੇ ਛੋਟੇ ਜਿਹੇ ਕਸਬੇ 'ਸੈਂਡਬੈਚ' 'ਚ ਰਹਿ ਰਿਹਾ ਸਾਂ। ਕੰਮ ਦੀ ਖੋਜ ਅਤੇ ਭਵਿੱਖ 'ਚ ਪੱਕੇ ਤੌਰ 'ਤੇ ਇੱਕ ਥਾਂ ਟਿਕਣ ਦੀ ਬੁਣਤੀ ਬੁਣਦਾ ਹੋਇਆ ਸਾਊਥਾਲ ਆ ਗਿਆ। ਇਹ ਵੀ ਬੜੀ ਵਾਰ ਸੁਣਿਆ ਸੀ ਕਿ 'ਸਾਊਥਾਲ ਤਾਂ ਮਿੰਨੀ ਪੰਜਾਬ ਐ!" ਪਰ ਇਸ ਗੱਲ ਦਾ ਇਲਮ ਇੱਥੇ ਆ ਕੇ ਹੋਇਆ ਕਿ ਕਿਵੇਂ ਪੌਂਡ ਇਕੱਠੇ ਕਰਨ ਦੀ ਦੌੜ 'ਚ ਅਸੀਂ ਇੱਕ ਦੂਜੇ ਦੀ ਹੀ ਸੰਘੀ ਘੁੱਟੀ ਜਾ ਰਹੇ ਹਾਂ। ਬੇਸ਼ੱਕ ਇਹ ਗੱਲ ਹਰ ਪੰਜਾਬੀ ਵੀਰ 'ਤੇ ਲਾਗੂ ਨਹੀਂ ਹੁੰਦੀ ਪਰ ਥੋੜ੍ਹੇ ਜਿਹੇ ਸਮੇਂ 'ਚ ਹੀ 'ਆਪਣਿਆਂ' ਨਾਲ ਜੁੜੀਆਂ ਦੋ ਤਿੰਨ ਕੁ ਗੱਲਾਂ ਪਾਠਕਾਂ ਨਾਲ ਸਾਂਝੀਆਂ ਕਰਨ ਲੱਗਾ ਹਾਂ।
ਜਿਸ ਦਿਨ ਸਾਊਥਾਲ ਆਇਆ ਤਾਂ ਮੇਰੇ ਪਿੰਡ ਦੇ ਹੀ ਘਰਾਂ 'ਚੋਂ ਚਾਚਾ ਲਗਦੇ ਪਿਤਾ ਜੀ ਦੇ ਹਮਪਿਆਲਾ- ਹਮਨਿਵਾਲਾ ਦੋਸਤ ਨੇ ਬਾਂਹ ਫੜ੍ਹੀ। ਰਾਤ ਦੀ ਸ਼ਿਫਟ 'ਤੇ ਕੰਮ ਕਰਨ ਤੋਂ ਬਾਦ ਦਿਨ ਵੇਲੇ ਮੇਰੇ ਲਈ ਕੰਮ ਲੱਭਣ ਵਾਸਤੇ ਭੱਜਦੌੜ ਕੀਤੀ। ਅੰਤ ਇੱਕ ਹਫਤੇ ਦੀ ਮੱਥਾਮਾਰੀ ਤੋਂ ਬਾਦ ਇੱਕ ਪੰਜਾਬੀ ਭਾਈ ਸਾਬ੍ਹ ਦੀ ਫੈਕਟਰੀ 'ਚ ਕੰਮ ਮਿਲ ਗਿਆ। ਸਲਾਦ ਕੱਟਣ ਵਾਲੇ ਕੰਮ ਲਈ ਬੌਸ 'ਸੂਰ ਸਾਬ੍ਹ' (ਸੂਰ ਸ਼ਬਦ ਦੀ ਤਰਜ ਵਰਗਾ ਗੋਤ) ਨੇ ਦੋ ਦਿਨ 'ਟਰਾਇਲ' ਲੈਣ ਦੀ ਗੱਲ ਕਹਿ ਕੇ ਹਰੀ ਝੰਡੀ ਦੇ ਦਿੱਤੀ। 'ਸੂਰ' ਸ਼ਬਦ ਦੀ ਵਰਤੋਂ ਇਸ ਕਰਕੇ ਕੀਤੀ ਹੈ ਕਿ ਸੂਰ ਵੀ ਸਾਫ ਖਾਣੇ ਤੋਂ ਲੈ ਕੇ ਗੰਦ ਤੱਕ ਕੁਝ ਨਹੀਂ ਛੱਡਦਾ ਅਤੇ ਕਿਸੇ ਦਾ ਹੱਕ ਖਾਣ ਵਾਲਾ ਵੀ ਮੇਰੀ ਨਜ਼ਰੇ ਸੂਰ ਸਮਾਨ ਹੀ ਹੈ। ਚਲ ਸੋ ਚਲ, ਕੰਮ ਸਵੇਰੇ 8 ਵਜੇ ਤੋਂ ਸ਼ਾਮ 8 ਵਜੇ ਤੱਕ ਸੀ। ਹਫਤੇ ਦੇ 6 ਦਿਨਾਂ 'ਚ ਵਰਕਰਾਂ ਤੋਂ 72 ਘੰਟੇ ਕੰਮ ਲਿਆ ਜਾਂਦਾ। ਸਿਤਮ ਵੀ ਇਸ ਢੰਗ ਦਾ ਕਿ 12 ਘੰਟਿਆਂ 'ਚੋਂ ਵਰਕਰਾਂ ਨੂੰ ਸਿਰਫ 15 ਮਿੰਟਾਂ ਦੀ ਹੀ ਛੁੱਟੀ ਦਿੱਤੀ ਜਾਂਦੀ। ਬਾਕੀ ਹੋਰ ਵਾਧੂ ਸਮਾਂ ਬ੍ਰੇਕ ਕਰਨ ਵਾਲਿਆਂ ਦਾ ਸਮਾਂ ਕੁੱਲ ਕੰਮ ਦੇ ਘੰਟਿਆਂ 'ਚੋਂ ਮਨਫੀ ਕਰ ਦਿੱਤਾ ਜਾਂਦਾ। ਫੈਕਟਰੀ 'ਚ ਜਿਆਦਾਤਰ ਕਾਮੇ ਪੰਜਾਬੀ ਔਰਤਾਂ, ਪੰਜਾਬੀ ਫੌਜੀ ਵੀਰ (ਗੈਰਕਾਨੂੰਨੀ ਕਾਮਿਆਂ ਨੂੰ ਫੌਜੀ ਕਿਹਾ ਜਾਂਦੈ), ਜਾਂ ਪੋਲੈਂਡ ਤੋਂ ਆਏ ਕਾਮੇ ਹੀ ਸਨ। ਪੰਜ ਛੇ ਲੰਮੇ ਸਮੇਂ ਤੋਂ ਕੰਮ ਕਰਦੇ ਆ ਰਹੇ ਪੰਜਾਬੀ ਫੌਜੀ ਵੀਰਾਂ ਤੋਂ ਇਲਾਵਾ ਪੰਜ ਛੇ ਦਿਨਾਂ 'ਚ ਮੈਂ ਦੇਖਿਆ ਕਿ ਵਿਜਟਰ ਵੀਜੇ ਵਾਲੇ ਜਾਂ ਸਟੂਡੈਂਟ ਕੰਮ 'ਤੇ 'ਟਰਾਇਲ' ਦੇਣ ਆਉਂਦੇ ਪਰ ਬੌਸ 'ਸੂਰ ਸਾਬ੍ਹ' ਦਾ ਅਤਿ ਨੇੜਲਾ ਵਫਾਦਾਰ ਪਾਕਿਸਤਾਨੀ ਉਹਨਾਂ ਦਾ ਦੋ ਦਿਨ ਦਾ 'ਟਰਾਇਲ' ਲੈ ਕੇ ਕੰਮ ਤੋਂ ਜਵਾਬ ਦੇ ਦਿੰਦਾ। ਨਵਿਆਂ 'ਚੋਂ ਸਿਰਫ ਮੈਂ ਹੀ ਸਾਂ ਜਿਸਨੂੰ ਫੈਕਟਰੀ 'ਚ ਪੰਜ ਦਿਨ ਹੋ ਗਏ ਸਨ, ਜਦੋਂਕਿ ਇਹਨਾਂ ਪੰਜ ਦਿਨਾਂ 'ਚ ਕਈ ਆਏ ਤੇ ਚਲੇ ਗਏ। ਸਾਰੀ ਦਿਹਾੜੀ ਘੱਟ ਤਾਪਮਾਨ 'ਚ ਰਹਿਕੇ ਕੰਮ ਕਰਦਿਆਂ ਸਰੀਰ ਸੁੰਨ ਜਿਹਾ ਹੋ ਜਾਂਦਾ। ਇੱਕ ਪੁਰਾਣੇ ਕਾਮੇ ਨੇ ਦੱਸਿਆ ਕਿ ਤੁਹਾਡੀ ਇੱਕ ਹਫਤੇ ਦੀ ਤਨਖਾਹ 'ਹੇਠਾਂ' ਰੱਖੀ ਜਾਵੇਗੀ, ਦੂਜੇ ਹਫਤੇ ਦੇ ਹੀ ਪੈਸੇ ਮਿਲਣਗੇ। ਮੈਂ ਉਸ ਫੈਕਟਰੀ 'ਚ ਸਿਰਫ ਪੰਜ ਦਿਨ ਹੀ ਕੰਮ ਕੀਤਾ, ਛੇਵੇਂ ਦਿਨ ਮੇਰੇ ਕਾਲਜ ਵੇਲੇ ਦੇ ਅਜ਼ੀਜ ਦੋਸਤ ਪਿੰਦੀ ਧਾਲੀਵਾਲ ਨੇ ਆਪਣੀ ਸ਼ਾਪ 'ਤੇ ਕੰਮ ਕਰਨ ਲਈ ਸੱਦਾ ਦੇ ਦਿੱਤਾ।
"ਭਲਾ ਹੋਇਆ ਮੇਰਾ ਚਰਖਾ ਟੁੱਟਾ,
ਜਿੰਦ ਅਜਾਬੋਂ ਛੁੱਟੀ।"
ਵਾਂਗ ਮੈਂ ਵੀ ਥੋੜ੍ਹਾ ਸੁੱਖ ਦਾ ਸਾਹ ਲਿਆ। ਹਰ ਕੋਈ ਸੌਖ ਲੋੜਦੈ, ਫਿਰ ਮੈਂ ਵੀ ਕਿਉਂ ਖਪਦਾ ਰਹਿੰਦਾ। ਮੈਂ ਉਸ ਫੈਕਟਰੀ 'ਚ ਕੀਤੇ ਲਗਭਗ 45 ਘੰਟੇ ਕੰਮ ਦਾ ਹਿਸਾਬ ਕਰਨ ਚਲਾ ਗਿਆ। ਜਿਸ ਬੌਸ ਨੇ ਕੰਮ 'ਤੇ ਰੱਖਿਆ ਸੀ, ਉਸ ਦੇ ਲੱਕੜ ਦੇ ਕੈਬਿਨ ਲਾਗੇ ਬੈਠੇ 'ਡੱਬੂ' ਨੇੜੇ ਨਾ ਲੱਗਣ ਦੇਣ। ਉਸਦੇ ਮੁਸਲਿਮ ਭਾਈਵਾਲ ਦਾ ਜਵਾਬ ਸੀ, "ਇਹ ਤੁਹਾਡਾ ਟਰਾਇਲ ਪੀਰੀਅਡ ਸੀ, ਜਿਹੜਾ ਵਰਕਰ ਖੁਦ ਇੱਕ ਦੋ ਵੀਕ ਤੱਕ ਕੰਮ ਕਰਕੇ ਹਟ ਜਾਂਦੈ, ਅਸੀਂ ਉਹਨੂੰ 'ਪੇ' ਨਹੀਂ ਕਰਦੇ। ਮੈਨੂੰ ਨਹੀਂ ਲਗਦਾ ਕਿ ਬੌਸ ਤੁਹਾਨੂੰ ਕੁਝ ਦੇਣਗੇ।" ਮੈਂ ਦੋ ਦਿਨ ਫੈਕਟਰੀ ਮਾਲਕ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ ਪਰ ਜਵਾਬ ਇਹੀ ਮਿਲੇ ਕਿ "ਬੌਸ ਤਾਂ ਮੀਟਿੰਗ 'ਚ ਬਿਜ਼ੀ ਹਨ।" ਗੱਲ ਕੀ, ਖੁਦ ਹਟ ਜਾਣ ਦਾ ਬਹਾਨਾ ਬਣਾ ਕੇ 'ਬਣਦਾ ਹੱਕ' ਨਾ ਦੇਣ ਦੀ ਖੋਟੀ ਨੀਅਤ ਪਾਲੀ ਹੋਈ ਸੀ ਉਸ 'ਸੂਰ ਸਾਬ੍ਹ' ਦੀ ਜੁੰਡਲੀ ਨੇ। ਮੈਂ ਆਪਣੇ 5 ਦਿਨਾਂ ਦੇ ਕੰਮ ਦੌਰਾਨ ਹੀ ਭਾਂਪ ਲਿਆ ਸੀ ਕਿ ਚਾਹੇ ਕੋਈ ਗੈਰਕਾਨੂੰਨੀ ਹੈ ਜਾਂ ਵਿਜਟਰ ਹੈ ਜਾਂ ਵਰਕਿੰਗ ਵੀਜ਼ੇ ਵਾਲਾ ਹੈ, ਸਭ ਨੂੰ 'ਟਰਾਇਲ' ਦੇ ਨਾਂਅ 'ਤੇ ਦੋ ਤਿੰਨ ਦਿਨ (ਲਗਭਗ 24 ਤੋਂ 36 ਘੰਟੇ) ਕੰਮ ਕਰਵਾਕੇ ਜਵਾਬ ਦੇ ਦਿੱਤਾ ਜਾਂਦਾ ਸੀ। ਪੰਜਾਂ ਦਿਨਾਂ 'ਚ ਕਈ ਆਏ- ਗਏ, ਸ਼ਾਇਦ ਸਭ ਨੂੰ ਹੀ ਠੁੱਠ ਹੀ ਦਿਖਾ ਦਿੱਤਾ ਗਿਆ ਹੋਵੇਗਾ। ਕੋਈ ਗੈਰਕਾਨੂੰਨੀ ਢੰਗ ਨਾਲ ਰਹਿ ਰਿਹਾ ਬੰਦਾ ਆਪਣਾ ਹੱਕ ਲੈਣ ਲਈ ਕੋਈ ਉਜਰ ਇਸ ਕਰਕੇ ਨਹੀਂ ਕਰਦਾ ਕਿ ਜੇ ਇਹਨਾਂ ਨਾਲ ਉਲਝੇ ਤਾਂ ਖੁਦ ਨੂੰ ਵੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸੇ ਮਜ਼ਬੂਰੀ ਦਾ ਫਾਇਦਾ ਹੀ ਲੈ ਰਹੇ ਹਨ 'ਸੂਰ ਸਾਬ੍ਹ' ਵਰਗੇ ਤੇ ਵਿਚਾਰੇ ਮਜ਼ਬੂਰੀਆਂ ਮਾਰੇ 'ਦੋ ਦਿਨ ਦੇ ਕਾਮੇ' ਆਪਣੀ ਮਿਹਨਤ ਦੀ ਕਮਾਈ ਉਹਨਾਂ ਦੀਆਂ ਤਿਜੋਰੀਆਂ 'ਚ ਪਈ ਰਹਿਣ ਲਈ ਛੱਡ ਜਾਂਦੇ ਹਨ। ਹਰ ਕਿਸੇ ਦੇ 'ਬਾਹਰਲਾ' ਬਣਨ ਪਿੱਛੇ ਕੋਈ ਨਾ ਕੋਈ ਮਜ਼ਬੂਰੀ ਛੁਪੀ ਹੋਈ ਹੈ। ਮੈਂ ਵੀ, ਤੁਸੀਂ ਵੀ ਤੇ ਆਪਣਿਆਂ ਦੀਆਂ ਹੱਡੀਆਂ ਚੂੰਡਣ ਵਾਲੇ ਵੀ ਕਿਸੇ ਨਾ ਕਿਸੇ ਮਜ਼ਬੂਰੀ ਦੀ ਭੇਂਟ ਚੜ੍ਹ ਕੇ ਹੀ ਸੱਤ ਸਮੁੰਦਰੋਂ ਪਾਰ ਬੈਠੇ ਹਨ। ਹਰ ਕਿਸੇ ਨੂੰ ਆਸ ਹੁੰਦੀ ਹੈ ਕਿ ਉਸਦੀ ਮਿਹਨਤ ਦਾ ਯੋਗ ਮੁੱਲ ਪਵੇ। ਆਪਣੇ ਮੁਲਕ ਵਿੱਚ ਵੀ ਮਿਹਨਤ ਦਾ ਮੁੱਲ ਨਾ ਪੈਂਦਾ ਹੋਣ ਕਰਕੇ ਹੀ ਹਰ ਕੋਈ ਵਿਦੇਸ਼ਾਂ ਵੱਲ ਨੂੰ ਕੂਚ ਕਰਦਾ ਹੈ ਪਰ ਸਾਊਥਾਲ ਆਕੇ ਜੋ ਨਿਰਾਲਾ ਆਲਮ ਤੱਕਿਆ ਉਹ ਗੋਰਿਆਂ ਦੇ ਅਨੁਸ਼ਾਸ਼ਨਬੱਧ ਮੁਲਕ ਇੰਗਲੈਂਡ 'ਚ ਸਭ ਤੋਂ ਵੱਖਰਾ ਹੈ। ਸਾਇਦ ਇਸ ਕਰਕੇ ਵੀ ਹੋਵੇ ਕਿ ਇੱਥੇ 'ਦੂਜਾ ਪੰਜਾਬ' ਵਸ ਗਿਆ ਹੈ। ਨਿਰਾਲਾ ਇਸ ਕਰਕੇ ਲੱਗਾ ਕਿਉਂਕਿ ਸਾਊਥਾਲ ਆਉਣ ਤੋਂ ਪਹਿਲਾਂ ਮੈਂ ਇੱਕ 'ਸ਼ੁੱਧ ਗੋਰੇ' ਪਰਿਵਾਰ ਦੇ ਸਾਥ 'ਚ ਕੰਮ ਕਰ ਚੁੱਕਾ ਸਾਂ। ਗੋਰੇ ਆਪਣੇ ਕਾਮਿਆਂ ਨੂੰ ਪ੍ਰਤੀ ਘੰਟਾ ਸਰਕਾਰੀ ਰੇਟ ਮੁਤਾਬਿਕ ਮਿਹਨਤਾਨਾ ਦੇ ਕੇ ਬੜੇ ਖੁਸ਼ ਹੁੰਦੇ। ਬੇਈਮਾਨੀ ਦਾ ਕਿਧਰੇ ਨਾਮੋ-ਨਿਸ਼ਾਨ ਨਹੀਂ ਲੱਭਦਾ। ਰੱਜ ਕੇ ਕੰਮ ਲੈਂਦੇ ਪਰ ਹੱਕ ਦੀ ਕਮਾਈ ਦਾ ਇੱਕ ਇੱਕ ਧੇਲਾ ਬੈਂਕ ਖਾਤੇ 'ਚ ਪਹੁੰਚ ਜਾਂਦਾ। ਕੰਮ 'ਤੇ ਵਾਧੂ ਲੱਗੇ ਪੰਜ ਦਸ ਮਿੰਟਾਂ ਦੇ ਪੈਸੇ ਵੀ ਕੁੱਲ ਰਾਸ਼ੀ ਵਿੱਚ ਜੁੜੇ ਹੋਏ ਹੁੰਦੇ ਸਨ। ਪਰ ਸਾਡੇ ਵੀਰਾਂ ਨੇ ਉਹੀ ਪੰਜਾਬ ਵਾਲਾ 'ਦਿਹਾੜੀ ਦੱਪਾ' ਮਾਰਕਾ ਫਾਰਮੂਲਾ ਇੱਥੇ ਅਪਣਾ ਰੱਖਿਐ। ਕੰਮ ਕਿਸੇ ਦਾ ਕੋਈ ਵੀ ਵਿੱਢਿਆ ਹੋਵੇ, ਘੰਟੇ-ਘੁੰਟੇ ਦਾ ਕੋਈ ਹਿਸਾਬ ਕਿਤਾਬ ਨਹੀਂ.... ਬਾਰਾਂ ਬਾਰਾਂ ਘੰਟੇ ਕੰਮ ਲੈ ਕੇ ਉੱਕੇ ਪੁੱਕੇ 30-35 ਪੌਂਡ ਦੇ ਕੇ ਮੱਥਾ ਡੰਮ੍ਹ ਦਿੱਤਾ ਜਾਂਦੈ। ਤੁਰਦੇ ਫਿਰਦੇ ਨੇ ਬਹੁਤ ਸਾਰੇ ਮੁੰਡਿਆਂ ਨਾਲ ਗੱਲਾਂ ਬਾਤਾਂ ਕੀਤੀਆਂ , ਕਈ ਤਾਂ ਵਿਚਾਰੇ ਐਸੇ ਵੀ ਸਨ ਜੋ 2 ਤੋਂ 3 ਪੌਂਡ ਘੰਟੇ ਦੇ ਹਿਸਾਬ ਨਾਲ ਵੀ ਡੰਗ ਟਪਾਈ ਜਾ ਰਹੇ ਹਨ। ਜਦੋਂਕਿ ਗੋਰਿਆਂ ਦੇ ਇਸ ਮੁਲਕ 'ਚ ਹੁਣ ਪ੍ਰਤੀ ਘੰਟਾ 5ਪੌਂਡ 73 ਪੈਨੀਆਂ ਤੋਂ ਘੱਟ ਵੇਤਨਮਾਨ ਦੇਣਾ ਜੁਰਮ ਮੰਨਿਆ ਜਾਦਾ ਹੈ। ਇਹੋ ਜਿਹਾ ਕੁਝ ਹੀ ਸਾਡੇ ਆਪਣੇ 'ਸੂਰ ਸਾਬ੍ਹ' ਵਰਗੇ ਆਮ ਹੀ ਕਰੀ ਜਾ ਰਹੇ ਹਨ। ਗੁਰਬਾਣੀ ਨਾਲ ਲਬਰੇਜ਼ ਫਿਜ਼ਾ ਵਾਲੀ ਧਰਤੀ ਦੇ ਜੰਮਪਲ-
"ਹਕਿ ਪਰਾਇਆ ਨਾਨਕਾ,
ਉਸ ਸੂਅਰ ਉਸ ਗਾਇ।
ਗੁਰ ਪੀਰ ਹਾਮਾ ਤਾ ਭਰੈ
ਜਾ ਮੁਰਦਾਰਿ ਨ ਖਾਇ।।
ਦੀ ਨਸੀਹਤ ਭੁੱਲ ਕੇ 'ਆਪਣਿਆਂ' ਦਾ ਹੀ ਮਾਸ ਚੂੰਡਣ ਦੇ ਰਾਹ ਤੁਰੇ ਹੋਏ ਹਨ। ਇਸੇ ਸਾਊਥਾਲ 'ਚ ਹੀ ਪਹਿਲੀ ਵਾਰ ਤੱਕਿਐ ਕਿ ਇੱਥੇ ਰਿਸ਼ਵਤ ਵੀ ਚਲਦੀ ਐ। ਝੂਠ ਮੰਨਦੇ ਹੋ ਤਾਂ ਸੁਣੋ.... ਕੰਮ ਲੱਭਦਿਆਂ ਇੱਕ ਫੈਕਟਰੀ 'ਚ ਸਥਿਤ 'ਰਿਕਰੂਟਮੈਂਟ (ਭਰਤੀ) ਏਜੰਸੀ ਤੱਕ ਪਹੁੰਚ ਕੀਤੀ। ਏਜੰਸੀ ਦਾ ਕੰਮ ਕਾਰ ਵੀ ਆਪਣਾ 'ਦੇਸੀ ਭਾਈ' ਚਲਾ ਰਿਹਾ ਸੀ। ਉਸਦਾ ਜਵਾਬ ਸੀ ਕਿ "ਕੰਮ 'ਤੇ ਬੇਸ਼ੱਕ ਕੱਲ੍ਹ ਤੋਂ ਆ ਜਾਵੋ, ਪਰ ਪਹਿਲਾਂ 300 ਪੌਂਡ ਲੱਗਣਗੇ।" ਕੰਮ ਦੇਣ ਦਾ ਅਹਿਸਾਨ ਰਿਸ਼ਵਤ ਤੋਂ ਵੱਖਰਾ ਸੀ। ਇੱਥੇ ਆ ਕੇ ਹੀ ਪਤਾ ਲੱਗਾ ਕਿ ਕਿਵੇਂ ਪੈਸੇ ਨੇ ਸਚਮੁੱਚ ਹੀ ਇਨਸਾਨਾਂ 'ਚ ਵਗਦੇ ਲਾਲ ਖੂਨ ਨੂੰ ਕਾਲਾ ਬਣਾ ਦਿੱਤੈ। ਇੱਕ ਅਜੀਜ਼ ਦੋਸਤ ਨੇ ਅੱਗੇ ਆਪਣੇ ਦੋਸਤ ਨੂੰ ਮੇਰੀ ਕੰਮ ਦਿਵਾਉਣ ਅਤੇ ਰਿਹਾਇਸ਼ ਦਾ ਪ੍ਰਬੰਧ ਕਰਨ 'ਚ ਮਦਦ ਕਰਨ ਲਈ ਕਿਹਾ। ਅੱਗੇ ਵਾਲੇ ਦੋਸਤ ਨੇ ਕੰਮ ਦਿਵਾਉਣ ਬਾਰੇ ਤਾਂ ਮਲਵੀਂ ਜਿਹੀ ਜੀਭ ਨਾਲ ਹਾਮੀ ਓਟ ਲਈ ਪਰ ਉਸ 'ਅੰਬਰਸਰੀਏ ਭਾਜੀ' ਨੂੰ ਸਭ ਤੋਂ ਪਹਿਲਾਂ ਕਾਹਲ ਇਹ ਬਣੀ ਹੋਈ ਸੀ ਕਿ ਮੈਂ ਉਸਦੇ ਘਰ ਦੇ ਖਾਲੀ ਪਏ ਕਮਰੇ ਨੂੰ ਕਿਹੜੇ ਵੇਲੇ ਕਿਰਾਏ 'ਤੇ ਲਵਾਂ ਤੇ ਪੌਂਡ ਮਹੀਨੇ ਦੇ ਮਹੀਨੇ ਉਸ ਦੀ ਜੇਬ 'ਚ ਪੈਂਦੇ ਰਹਿਣ ਦਾ ਜੁਗਾੜ ਬਣੇ। ਇਹਨਾਂ ਛੋਟੀਆਂ ਛੋਟੀਆਂ ਪਰ ਮਾਅਨਾ ਰੱਖਦੀਆਂ ਗੱਲਾਂ ਬਾਰੇ ਸੋਚਕੇ ਇਉਂ ਲਗਦੈ ਕਿ ਜਿਵੇਂ ਲੋਕਾਂ ਦਾ ਖੁਨ ਪੀਣ ਵਾਲੇ , ਬਾਬੇ ਨਾਨਕ ਦੇ ਸੁਧਾਰੇ ਮਲਿਕ ਭਾਗੋਆਂ ਨੇ ਫਿਰ ਤੋਂ 'ਆਪਣੇ' ਹੀ ਲੋਕਾਂ ਨੂੰ ਹਲਾਲ ਕਰਨਾ ਸ਼ੁਰੂ ਕਰ ਦਿੱਤਾ ਹੋਵੇ।
        ਕਹਿੰਦੇ ਨੇ ਕਿ 'ਜਾਂ ਰਾਹ ਪਏ ਜਾਣੀਏ, ਜਾਂ ਵਾਹ ਪਏ ਜਾਣੀਏ।' ਨਾਵਲਕਾਰ ਹਰਜੀਤ ਅਟਵਾਲ ਜੀ ਦਾ ਨਾਵਲ "ਸਾਊਥਾਲ" ਪੜ੍ਹਦਿਆਂ ਪੰਜਾਬੀ ਭਾਈਚਾਰੇ ਦੀਆਂ ਕਰਤੂਤਾਂ, ਬੇਵਫਾਈਆਂ ਦੇ ਕੱਚੇ ਚਿੱਠੇ ਪੜ੍ਹਕੇ ਇੱਕ ਵਾਰ ਤਾਂ ਮਨ ਇਹੀ ਕਹਿੰਦਾ ਸੀ ਕਿ 'ਨਹੀਂ ਏਦਾਂ ਨਹੀਂ ਹੋ ਸਕਦਾ।" ਪਰ ਇੱਥੇ ਵਹਿੰਦੇ ਬੇਨਿਯਮੀਆਂ ਦੇ ਵਹਿਣ 'ਚ ਵੜਿਆਂ ਪਤਾ ਲੱਗਾ ਕਿ 'ਇੱਥੇ ਕੁਛ ਵੀ ਹੋ ਸਕਦੈ।" ਕਿਰਤ ਦੀ ਗੱਲ ਕਰਦਿਆਂ ਇਹ ਕਹਿਣਾ ਜ਼ਰੂਰੀ ਹੋਵੇਗਾ ਕਿ ਬੇਸ਼ੱਕ ਇਸ ਮੁਲਕ 'ਚ ਗੈਰਕਾਨੂੰਨੀ ਢੰਗ ਨਾਲ ਆਇਆਂ ਨੂੰ ਕੰਮ ਕਰਨ ਦੀ ਮਾਨਤਾ ਨਹੀਂ ਪਰ ਜੇਕਰ ਕੋਈ ਉਹਨਾਂ ਤੋਂ ਕੰਮ ਕਰਵਾਉਂਦਾ ਵੀ ਹੈ ਤਾਂ ਸੋਚਣ ਵਾਲੀ ਗੱਲ ਇਹ ਹੈ ਕਿ ਬੰਦਾ ਜਰੂਰ ਗੈਰਕਾਨੂੰਨੀ ਹੋ ਸਕਦਾ ਹੈ ਪਰ ਉਸਦੇ ਹੱਥਾਂ ਦੀ ਕਿਰਤ ਤਾਂ ਮੁਲਕ ਦੇ ਮੁਨਾਫੇ 'ਚ ਓਨਾ ਹੀ ਵਾਧਾ ਕਰਦੀ ਹੈ ਜਿੰਨੀ ਕਿ ਕਾਨੂੰਨੀ ਕਾਮਿਆਂ ਦੀ। ਫਿਰ ਉਹਨਾਂ ਦੀ 'ਹੱਕ ਦੀ ਕਮਾਈ' ਦੇਣ ਲੱਗਿਆਂ ਹੱਥ ਕਿਉਂ ਘੁੱਟ ਲਿਆ ਜਾਂਦੈ। ਬੇਸ਼ੱਕ ਇਸ ਲੁੱਟ ਖੋਹ ਦਾ ਮੈਂ ਖੁਦ ਵੀ ਸ਼ਿਕਾਰ ਹੋਇਆ ਹਾਂ ਪਰ ਮੈਂ ਕਦੇ ਨਾ ਤਾਂ ਇਹੋ ਜਿਹੀ ਖੋਹ ਕੀਤੀ ਹੈ, ਨਾ ਹੀ ਜਰ ਸਕਦਾ ਹਾਂ। ਇਸੇ ਲਈ ਹੀ ਪੰਜਾਬੀ ਭਰਾ 'ਸੂਰ ਸਾਬ੍ਹ' ਨੂੰ ਕੋਰਟ ਲਿਜਾਣ ਲਈ ਕਮਰਕੱਸੇ ਕਰ ਲਏ ਸਨ ਅਤੇ ਭਲਮਾਣਸੀ ਨਾਲ ਮੇਰਾ 'ਹੱਕ' ਮੇਰੇ ਬੈਂਕ ਖਾਤੇ ਵਿੱਚ ਭੇਜਣ ਲਈ 'ਕਾਨੂੰਨੀ ਬੇਨਤੀ' ਵੀ ਕਰ ਦਿੱਤੀ ਸੀ। ਜਿਸਦੇ ਸਿੱਟੇ ਵਜੋਂ ਸਾਬ੍ਹ ਨੇ ਮੇਰਾ ਹੱਕ ਮੇਰੇ ਬੈਂਕ ਅਕਾਊਂਟ 'ਚ ਭੇਜ ਵੀ ਦਿੱਤਾ।
     ਅੰਤ ਵਿੱਚ ਮੈਂ ਗੁਰੂਆਂ ਪੀਰਾਂ ਦੀ ਧਰਤੀ ਦੀ ਪੈਦਾਇਸ਼ ਪੰਜਾਬੀ ਵੀਰਾਂ ਨੂੰ ਅਰਜੋਈ ਕਰਨੀ ਚਾਹਾਂਗਾ ਕਿ ਜੇ ਇੱਥੋਂ ਦੀ ਸਰਕਾਰ ਨੇ ਕਿਸੇ ਦੇ ਹੱਕ ਦੀ ਕਮਾਈ ਲਈ ਪ੍ਰਵਾਨਿਤ ਮਾਪਦੰਡ ਘੱਟੋ ਘੱਟ 5.73 ਪੌਂਡ ਨਿਰਧਾਰਤ ਕੀਤਾ ਹੈ ਤਾਂ ਉਸ ਨੂੰ ਸੂਅਰ ਜਾਂ ਗਊ ਖਾਣ ਬਰਾਬਰ ਮੰਨ ਕੇ ਹੱਕਦਾਰ ਨੂੰ ਹੱਕ ਜਰੂਰ ਦਿਉ, ਨਹੀਂ ਤਾਂ ਕਿਰਤੀਆਂ ਦਾ ਖੁਨ ਪੀ ਕੇ ਕੀਤੇ 'ਪੁੰਨ' ਵੀ ਵਿਅਰਥ ਹੋਣਗੇ। ਕਿਸੇ ਸ਼ਾਇਰ ਨੇ ਲਿਖਿਆ ਹੈ ਕਿ:-
"ਜਿੰਨਾ ਮਰਜੀ ਚੋਗਾ ਪਾ ਜਨੌਰਾਂ ਨੂੰ,
ਜੇ ਹੱਕ ਕਿਸੇ ਕਿਰਤੀ ਦਾ ਖੋਹ ਕੇ ਖਾਨਾਂ ਏਂ।
ਤਿਲਚੌਲੀ ਭਾਵੇਂ ਪਾ ਜਾਕੇ ਕੀਟ ਪਤੰਗਾਂ ਨੂੰ,
ਐਵੇਂ ਖੁਦ ਨੂੰ ਵੱਡਾ ਦਾਨੀ ਪਿਆ ਅਖਵਾਨਾ ਏਂ।
ਪੀਵੇਂ ਖੁਨ ਲੋਕਾਂ ਦਾ ਬਣਕੇ ਭਾਗੋ 'ਅੱਜ' ਦਾ ਤੂੰ,
ਭਾਈ ਲਾਲੋ ਬਣਨ ਦਾ ਤੇਰਾ ਕੂੜ ਬਹਾਨਾ ਏ।
ਜਿਹੜੇ ਰਾਹ ਦੀ ਸੌਖ ਲਈ ਮਾਇਆ ਜੋੜੇਂ ਕਮਅਕਲਾ,
ਉਸ ਰਾਹ ਲਈ ਖੁਦ ਹੀ ਕੰਡੇ ਬੀਜੀ ਜਾਨਾ ਏਂ।"
ਆਸ ਹੈ ਕਿ ਬੇਨਤੀ ਮੰਨ ਕੇ ਜਰੂਰ ਕੋਈ ਨਾ ਕੋਈ ਕਾਰਵਾਂ ਬਣੇਗਾ ਜੋ ਕਿਰਤੀਆਂ ਦੀ ਕਿਰਤ ਦਾ ਯੋਗ ਮੁੱਲ ਪਾਉਣ ਦਾ ਤਹੱਈਆ ਕਰੇਗਾ।
........................

ਵੇ ਰੱਖ ਲਿਆ ਮੇਮਾਂ ਨੇ, ਵਿਹੁ ਖਾ ਕੇ ਮਰ ਜਾਵਾਂ -ਬੀ.ਐੱਸ. ਢਿੱਲੋਂ ਐਡਵੋਕੇਟ

                ਵੇ  ਰੱਖ  ਲਿਆ  ਮੇਮਾਂ  ਨੇ, ਵਿਹੁ   ਖਾ  ਕੇ  ਮਰ  ਜਾਵਾਂ
 -ਬੀ.ਐੱਸ. ਢਿੱਲੋਂ ਐਡਵੋਕੇਟ
   


ਪੰਜਾਬ ਹਰਿਆਣਾ ਹਾਈਕੋਰਟ ਦੋ ਸੂਬਿਆਂ ਦੀ ਸਾਂਝੀ ਹੋਣ ਕਾਰਨ ਮੇਰੇ ਨਾਲ ਹਰਿਆਣਵੀ ਵਕੀਲ ਵੀ ਵਕਾਲਤ ਕਰਦੇ ਹਨ। ਹਰਿਆਣੇ ਦੇ ਜਾਟ ਤੇ ਪੰਜਾਬ ਦੇ ਜੱਟਾਂ ਵਿੱਚ ਸਿਰਫ ਦਾੜ੍ਹੀ ਦਾ ਫਰਕ ਹੀ ਨਹੀਂ, ਮਾਨਸਿਕਤਾ ਦਾ ਵੀ ਫਰਕ ਹੈ। ਮੈਂਨੂੰ ਕਈ ਹਰਿਆਣਵੀ ਜਾਟ ਵਕੀਲ ਕਹਿੰਦੇ ਰਹਿੰਦੇ ਹਨ ਕਿ "ਹਰਿਆਣੇ ਦੇ ਭਵਾਨੀਂ,ਨਾਰਨੌਲ,ਫਰੀਦਾਬਾਦ ਵਰਗੇ ਪੱਛੜਿਆਂ ਜਿਲ੍ਹਿਆਂ ਦੇ ਗਰੀਬ ਤੇ ਬੇਰੋਜਗਾਰ ਵਸਨੀਕਾਂ ਨੂੰ ਜੇ ਕੋਈ ਪੁੱਛੇ ਕਿ ਵਿਦੇਸ਼ ਜਾਣਾ ਹੈ? ਜਵਾਬ ਦੀ ਥਾਂ ਸਵਾਲ ਕਰਨਗੇ, ਕੇ  ਕਰੇਂਗੇ? ਤੇ ਤੁਹਾਡੇ ਪੰਜਾਬ ਵਿੱਚ ਲੋਕ ਜਹਾਜ ਦੇ ਪਹੀਆਂ ਨਾਲ ਲਟਕ ਕੇ ਵੀ ਮਰਨ ਲਈ ਤਿਆਰ ਹਨ। ਕੇ ਬਾਤ ਹੈ ਸਰਦਾਰ ਜੀ? ਦੋ ਵਕਤ ਕੀ ਰੋਟੀ ਤੋ ਪੰਜਾਬ ਮੇਂ ਸੱਭੀ ਖਾਵੈ ਹੈ।"
   ਪਰਵਾਸ ਕੁਦਰਤੀ ਵਰਤਾਰਾ ਹੈ। ਜਾਨਵਰ ਤੇ ਪੰਛੀ ਵੀ ਚੰਗੇਰੀਆਂ ਚਰਾਗਾਹਾਂ ਤੇ ਚੋਗ ਲਈ ਦੂਰ ਦੁਰਾਡੇ ਚੋਗ ਚੁਗਣ ਗਏ ਉੱਥੇ ਹੀ ਰਹਿ ਜਾਂਦੇ ਹਨ। ਪਰ ਅੱਜ ਦੇ ਪੰਜਾਬ ਦੀ ਸਮੱਸਿਆ ਕੁੱਝ ਵੱਖਰੀ ਹੈ। ਇੱਥੇ ਤਾਂ ਕੋਈ ਰਹਿਣਾ ਹੀ ਨਹੀਂ ਚਾਹੁੰਦਾ। ਇੰਗਲੈਂਡ,ਅਮਰੀਕਾ ਅਤੇ ਕਨੇਡਾ ਵਿੱਚ ਘੁੰਮਦਿਆਂ ਮੈਂ ਅਨੇਕਾਂ ਮਿੱਤਰਾਂ ਦੇ ਮਨ ਫਰੋਲਕੇ  ਪੰਜਾਬੀਆਂ ਦੇ ਪ੍ਰਵਾਸ ਦੇ ਕਾਰਨ ਜਾਨਣ ਦੀ ਕੋਸ਼ਿਸ਼ ਕੀਤੀ ਹੈ। ਪੰਜਾਬੀਆਂ ਦੇ ਪਰਵਾਸ ਦੇ ਗਰੀਬੀ, ਬੇਰੋਜਗਾਰੀ ਜਾਂ ਅਖੌਤੀ ਡਾਲਰਾਂ ਦੀ ਚਮਕ ਤੋਂ ਇਲਾਵਾ ਹੋਰ ਵੀ ਕਈ ਕਾਰਨ ਹਨ। ਜੇ ਸਿਰਫ ਰੋਜੀ- ਰੋਟੀ ਹੀ ਸਮੱਸਿਆ ਹੁੰਦੀ ਫਿਰ ਪੰਜਾਬ ਦੇ  ਖਾਂਦੇ ਪੀਂਦੇ ਲੋਕਾਂ,ਇੰਜਨੀਅਰਾਂ,ਵਕੀਲਾਂ,ਡਾਕਟਰਾਂ,ਪ੍ਰਿੰਸੀਪਲਾਂ ਨੇ ਟਰਾਂਟੋ ਤੇ ਨਿਊਯਾਰਕ ਵਿੱਚ ਟੈਕਸੀਆਂ ਨਹੀਂ ਸਨ ਚਲਾਉਣੀਆਂ। ਸਮੱਸਿਆ ਸਾਇਕੀ ਦੀ ਵੀ ਹੈ। ਪੰਜਾਬੀਆਂ ਦੇ ਪ੍ਰਵਾਸ ਦੇ ਅਨੇਕਾਂ ਕਾਰਨ ਹਨ।
        ਜਿਵੇਂ ਪੰਜਾਬ ਦਾ ਭ੍ਰਿਸ਼ਟ ਪਰਬੰਧਕੀ ਢਾਂਚਾ, ਮਿਹਨਤ ਤੇ ਇਮਾਨਦਾਰੀ ਦਾ ਮੁੱਲ ਨਾ ਪੈਣਾ, ਰਿਸ਼ਵਤਖੋਰੀ,ਕਮਚੋਰੀ, ਸੀਂਨਾਜੋਰੀ  ਤੇ ਮਿਲਾਵਟਖੋਰੀ ਕਾਰਨ ਪੈਰ ਪੈਰ ਤੇ ਜਖ਼ਮੀਂ ਹੁੰਦਾ ਸਵੈਮਾਨ ; ਅਸੁਰੱਖਿਆ ਦੀ ਭਾਵਨਾਂ, ਦਾਜ ਦੀ ਸਮੱਸਿਆ,ਸਿਆਸੀ,ਧਾਰਮਿਕ ,ਸਮਾਜਿਕ ਤੇ ਵਾਤਾਵਰਨ ਪ੍ਰਦੂਸ਼ਨ ,ਵਿਦੇਸ਼ਾਂ ਦਾ ਚੰਗਾ ਪ੍ਰਬੰਧਕੀ ਢਾਂਚਾ,ਦੂਰ ਦੇ ਢੋਲ ਸੁਹਾਵਣੇ ਲੱਗਣੇ,ਰਿਸ਼ਤੇਦਾਰਾਂ ਤੇ ਸ਼ਰੀਕਾਂ ਵਿੱਚ ਵੱਡਾ ਅਖਵਾਉਣ ਦੀ ਹਉਮੈਂ,ਪੰਜਾਬ 'ਚ ਹੱਥੀਂ ਕਿਰਤ ਕਰਨ ਨੂੰ ਨਖਿੱਧ ਸਮਝਿਆ ਜਾਣਾ, ਲੜਾਕੂ ਕੌਮਾਂ ਵਾਲਾ ਮਸ਼ਹੂਰ ਹੋਣ ਦਾ ਸੰਕਲਪ,ਪ੍ਰਵਾਸੀ ਪੰਜਾਬੀਆਂ ਵੱਲੋੰ ਪੰਜਾਬ ਵਿੱਚ ਕੀਤੀ ਜਾਂਦੀ ਵਿਖਾਵੇਬਾਜੀ  ਅਤੇ ਮੂਰਤਾਂ ਵਰਗੀਆਂ ਮੇਮਾਂ । ਇਹ  ਸਾਰੇ ਕਾਰਨ ਵੱਖਰੇ ਵੱਖਰੇ ਲੇਖਾਂ ਵਿੱਚ ਹੀ ਆ ਸਕਦੇ ਹਨ। ਅੱਜ ਵਾਲੇ ਲੇਖ ਵਿੱਚ ਸਿਰਫ ਪੰਜਾਬੀਆਂ ਦੀ ਮੇਂਮ ਸਮੱਸਿਆ ਦੀ ਹੀ ਗੱਲ ਕਰਾਂਗੇ।
          ਇਸ ਅਗਸਤ ਦੀ ਇੱਕ ਸ਼ਾਂਮ , ਮੈਂ  ਆਪਣੇ ਕੁੱਝ ਦੋਸਤਾਂ, ਜਿਨ੍ਹਾਂ ਵਿੱਚ ਚੰਡੀਗੜ੍ਹ ਤੋਂ  ਕਨੇਡਾ ਗਏ ਮੇਰੇ ਇੱਕ ਡਾਕਟਰ ਦੋਸਤਂ ਅਤੇ ਗੁਰਚਰਨ ਟੱਲੇਵਾਲੀਏ ਹੋਰਾਂ ਨਾਲ ਸਰ੍ਹੀ ਕਨੇਡਾ ਦੇ ਬੀਅਰ ਕਰੈਕ ਪਾਰਕ ਵਿੱਚ ਸੈਰ ਕਰ ਰਿਹਾ ਸਾਂ।  ਅਚਾਨਕ ਇੰਡੀਆ ਤੋਂ ਫੋਂਨ ਆ ਗਿਆ।  ਚੰਡੀਗੜੋ੍ਹਂ ਮੇਰੇ ਦੋਸਤ ਦੀ ਯੂਨੀਵਰਸਟੀ 'ਚ ਪੜ੍ਹਾਉਂਦੀ ਪ੍ਰੋਫੈਸਰ ਪਤਨੀ ਨੇ ਫੋਂਨ ਤੇ ਨਿਹੋਰਾ ਮਾਰਦਿਆਂ ਕਿਹਾ ,  "ਕੀ ਗੱਲ ਹਫਤਾ ਹੋ ਗਿਆ ਫੋਂਨ ਨਹੀਂ ਕੀਤਾ, ਕਿਤੇ ਕੋਈ ਮੇਂਮ ਤਾਂ ਨਹੀਂ ਮਿਲ ਗਈ?" ਮੇਰਾ ਆੜੀ ਸਫਾਈਆਂ ਦੇਣ ਲੱਗਾ। ਉਸ ਤੋਂ ਮਹੀਨੇ ਬਾਅਦ ਮੈਂ ਅਮਰੀਕਾ ਹੁੰਦਾ ਹੋਇਆ ਵਾਪਸ ਚੰਡੀਗੜ੍ਹ ਆ ਗਿਆ। ਅਸੀਂ ਦਸ ਕੁ ਵਕੀਲ  ਅਤੇ ਸਾਡੇ ਇੱਕ ਮਿੱਤਰ ਵਕੀਲ ਜੋ ਪਿਛਲੇ ਮਹੀਨੇ ਹੀ  ਹਾਈਕੋਰਟ ਦੇ ਜੱਜ ਬਣੇ ਸਨ, ਸਾਰੇ ਇਕੱਠੇ ਬੇਠੇ ਬਾਰ ਰੂਮ ਵਿੱਚ ਕੌਫੀ ਪੀ ਰਹੇ ਸੀ।ਉਸ ਦਿਨ ਚੰਡੀਗੜ੍ਹ ਵਿੱਚ ਇੱਕ ਜਰਮਨ ਸੈਲਾਂਨੀ ਕੁੜੀ ਨੂੰ ਪੰਜ ਛੇ ਮੁੰਡਿਆਂ ਵੱਲੋਂ ਅਗਵਾਹ ਕਰਨ ਦੀ ਖਬਰ ਦੇ ਚਰਚੇ ਜੋਰਾਂ ਤੇ ਸਨ। ਇੱਕ ਬਜੁਰਗ ਵਕੀਲ ਬੋਲਿਆ, " ਵੇਖੋ ਜੀ ਮੇਮਾਂ ਇੱਕ ਦੋ ਆਦਮੀਆਂ ਦਾ ਤਾਂ ਗੁੱਸਾ ਨਹੀਂ ਕਰਦੀਆਂ।ਇਹ ਪੰਜ ਛੇ ਮੁੰਡਿਆਂ ਕਰਕੇ ਰੌਲਾ ਪੈ ਗਿਆ।" ਕੌਫੀ ਦਾ ਕੱਪ ਮੇਜ ਤੇ ਰੱਖਦਿਆਂ ਦੂਸਰੇ ਵਕੀਲ ਨੇ ਆਪਣੇ ਵਿਚਾਰ ਦੱਸੇ, "ਇਨ੍ਹਾਂ ਦੀ ਗੱਲ ਠੀਕ ਹੈ, ਦੋ ਤਿੰਨ ਆਦਮੀਆਂ ਤੱਕ ਤਾਂ ਮੇਮਾਂ ਬੁਰਾ ਨਹੀਂ ਮੰਨਾਉਂਦੀਆਂ ,ਸਗੋਂ ਖੁਸ਼ ਹੁੰਦੀਆਂ । ਗੱਲ ਵਿੱਚੋਂ ਕੋਈ ਹੋਰ ਹੋਵੇਗੀ।"   ਮੇਜ ਦੇ ਕੋਨੇਂ ਤੇ ਬੈਠੇ ਤੀਜੇ ਵਕੀਲ  ਨੇ ਕੌਫੀ ਖਤਮ ਕਰਦਿਆਂ ਮੁੱਛਾਂ ਪੂੰਝਦਿਆਂ ਕਾਨੂੰਨੀ ਨੁਕਤਾ ਦੱਸਿਆ, " ਅਖਬਾਰਾਂ ਵਿੱਚ ਛਪੀ ਖਬਰ ਮੁਤਾਬਕ ਮੇਂਮ ਨੇ ਮੁੰਡਿਆਂ ਦੀ ਜੀਪ ਪਾਰਕਿੰਗ ਵਿੱਚੋਂ ਕੱਢ ਕੇ ਦਿੱਤੀ।ਉਹਦੀ ਇਹ 'ਹਰਕਤ'  ਹੀ ਸਾਬਤ ਕਰਦੀ ਹੈ ਕਿ ਮੇਂਮ ਦੀ 'ਪ੍ਰੋਗਰਾਂਮ ਕਰਨ' ਦੀ ਆਪਣੀ ਵੀ ਮਰਜੀ ਸੀ । ਐਵੇਂ ਕੋਈ ਕੁੜੀ ਅੱਧੀ ਰਾਤੀਂ ਬੇਗਾਂਨੀ ਜੀਪ ਕਿਉਂ ਚਲਾਵੇਗੀ?" ਆਪਣੇ ਕੌਫੀ ਕੱਪ ਵਿੱਚ ਫੇਰਿਆ ਜਾ ਰਿਹਾ ਚਮਚਾ ਮੈਂ ਮੱਥੇ ਵਿੱਚ ਮਾਰ ਲਿਆ। ਮੈਂ ਸਾਰਿਆਂ ਨੂੰ ਕਿਹਾ ਭਰਾਵੋ ਜੇ ਚੰਡੀਗੜ੍ਹ ਵਿੱਚ ਰਹਿੰਦੇ ਅਤੇ ਯੂਨੀਵਰਸਿਟੀ ਤੇ ਹਾਈਕੋਰਟ ਦੀ ਪੱਧਰ ਦੇ ਲੋਕਾਂ ਦੇ ਮੇਮਾਂ ਬਾਰੇ ਇਹ ਵਿਚਾਰ ਹਨ ਤਾਂ ਆਂਮ ਆਦਮੀਂ ਕੀ ਸੋਚਦਾ ਹੋਵੇਗਾ?
            ਆਂਮ ਪੰਜਾਬੀ ਇੰਜ ਸੋਚਦਾ ਹੈ। ਅੱਸੀਵਿਆਂ ਦੇ ਸ਼ੁਰੂ ਵਿੱਚ ਮੈਂ ਬਠਿੰਡੇ ਕਚਹਿਰੀ ਵਿੱਚ ਵਕਾਲਤ ਸ਼ੁਰੂ ਕੀਤੀ ਸੀ।ਇਕ ਦਿਨ ਮੇਰੇ ਹੀ ਪਿੰਡ ਕੋਟਫੱਤੇ ਦਾ ਲਾਲੀ  ਆ ਕੇ ਕਹਿਣ ਲੱਗਾ, "ਵੀਅਤਨਾਂਮ ਵਿੱਚ ਸਾਰੇ ਬੰਦੇ ਮਾਰੇ ਗਏ।ਉੱਥੇ ਇਕੱਲੀਆਂ ਮੇਮਾਂ ਹੀ ਰਹਿ ਗਈਆਂ।ਉਨ੍ਹਾਂ ਦੇ ਬੱਚੇ ਪੈਦਾ ਕਰਨ ਲਈ ਉਹ ਬਾਹਰੋਂ ਆਦਮੀਂ ਬੁਲਾ ਰਹੇ ਹਨ। ਕਹਿੰਦੇ ਪੰਜਾਬੀਆਂ ਨੂੰ ਇਸ ਕੰਮ ਵਿੱਚ ਪਹਿਲ ਦੇ ਰਹੇ ਹਨ। ਤੁਸੀਂ ਮੇਰੇ ਕਾਗਜ ਬਣਵਾ ਕੇ ਦਿਉ।" ਉਹਦੀ ਗੱਲ ਸੁਣਕੇ ਮੈਂ ਚੌਂਕਿਆ। ਕੋਲ ਹੀ ਬੈਠੇ ਇੱਕ ਬੁੱਢੇ ਮੁਨਸ਼ੀ ਨੇ ਦੱਸਿਆ ਕਿ 'ਕਚਹਿਰੀਆਂ ਵਿੱਚ ਕਈ ਦਿਨ ਤੋਂ ਇਹ ਅਫਵਾਹ ਚੱਲ ਰਹੀ ਹੈ। ਤਹਿਸੀਲ ਵਿੱਚ ਮੌੜਾਂ ਵਾਲੇ ਅਰਜੀ ਨਵੀਸ ਸਿੰਗਲੇ ਨੇ ਕਈ ਆਦਮੀਆਂ ਦੇ ਕਾਗਜ ਬਣਵਾਏ ਵੀ ਹਨ।' ਹੁਣ ਤੱਕ ਮੈਂ ਅਚਾਾਂਨਕ ਹੋਏ ਵਾਰ ਤੋਂ ਸੰਭਲ ਗਿਆ ਸੀ। ਲਾਲੀ ਨੂੰ ਸਮਝਾਉਂਦਿਆਂ ਮੈਂ ਕਿਹਾ, " ਮਸਾਂ ਮਸਾਂ ਵੀਅਤਨਾਂਮ ਦੀ ਜੰਗ ਖਤਮ ਹੋਈ ਹੈ।ਉੱਥੋਂ ਦੀ ਨਵੀਂ ਪੀਹੜੀ ਧਰਤੀ ਵਿੱਚ ਬਣਾਈਆਂ ਸੁਰੰਗਾਂ ਵਿੱਚ ਮੀਂਹ ਵਾਂਗ ਵਰ੍ਹਦੇ ਬੰਬਾਂ ਦੀ ਬੁਛਾੜ ਹੇਠ ਜਵਾਂਨ ਹੋਈ ਹੈ।ਸਾਰੀ ਦੁਨੀਆਂ ਉਨ੍ਹਾਂ ਨਾਲ ਹਮਦਰਦੀ ਜਤਾ ਰਹੀ ਹੈ। ਭਲੇ ਲੋਕੋ ਤੁਸੀਂ ਆਪਣੇ ਵਤਨ ਲਈ ਸ਼ਹੀਦ ਹੋਏ ਉਨ੍ਹਾਂ ਸ਼ਹੀਦਾਂ ਦੀਆਂ ਵਿਧਵਾਵਾਂ ਦੇ ਬੱਚੇ ਪੈਦਾ ਕਰਨ ਲਈ ਜਾਣਾ ਚਾਹੁੰਦੇ ਹੋ। ਨਾਲੇ ਵੀਅਤਨਾਂਮਨਾਂ ਮੇਮਾਂ ਨਹੀਂ ਹਨ।ਉਹ ਮੰਗੋਲ ਨਸਲ ਦੀਆਂ ਨਿੱਕੀਆਂ ਨਿੱਕੀਆਂ ਔਰਤਾਂ ਹਨ। ਮਾੜੀ ਮੋਟੀ ਸੰਗ ਮੰਨੋਂ। "
           ਜਗਮੋਹਨ ਕੌਰ ਦਾ ਇੱਕ ਗਾਣਾ ਹੁੰਦਾ ਸੀ, 'ਵੇ ਰੱਖ ਲਿਆ ਮੇਮਾਂ ਨੇਂ ਵਿਹੁ ਖਾ ਕੇ ਮਰ ਜਾਵਾਂ'। ਰਣਜੀਤ ਕੌਰ ਦਾ ਵੀ ਇੱਕ ਗਾਣਾ ਸੀ, ' ਮੇਰਾ ਜੇਠ ਜਪਾਨੋਂ ਆਇਆ ਨੀ,ਇੱਕ ਨਰਦ ਮਾਰਕੇ ਲਿਆਇਆ ਰੰਗ ਦੀ ਲਾਲ ਕੁੜੇ'।ਇਹੋ ਜਿਹੇ ਅਨੇਕਾਂ ਗੀਤ ਪੰਜਾਬੀ ਪੇਂਡੂ ਔਰਤਾਂ ਦੀ ਗੋਰੀਆਂ ਬਾਰੇ ਮਾਨਸਿਕਤਾ ਦਰਸਾਉਂਦੇ ਹਨ। ਦਿਲਚਸਪ ਗੱਲ ਤਾਂ ਇਹ ਹੈ ਕਿ ਯੂਨੀਵਰਸਿਟੀ ਦੀਆਂ ਪ੍ਰੋਫੈਸਰਨੀਆਂ ਵੀ ਮੇਮਾਂ ਨੂੰ ਲੁੱਚੀਆਂ ਤੀਵੀਆਂ ਸਮਝਦੀਆਂ ਹਨ ਜਿਹੜੀਆਂ ਉ
ਨ੍ਹਾਂ ਦੇ ਪਤੀਆਂ ਨੂੰ 'ਮਾੜੇ ਕੰਮਾਂ' ਲਈ ਉਕਸਾਉਂਦੀਆਂ ਹਨ। ਵਿਦੇਸ਼ੀ ਔਰਤਾਂ ਬਾਰੇ ਇੱਕ ਮੁਹਾਵਰਾ  ਹੈ ਕਿ ਪੱਛਮ ਵਿੱਚ ਤਿੰਨ ਡਬਲਿਊ ਦਾ ਕੋਈ ਨਹੀਂ ਪਤਾ, ਵਰਕ,ਵੈਦਰ ਤੇ ਵੂਮੈਂਨ। ਹੋਰ ਕੁੱਝ ਦੱਸੇ ਨਾ ਦੱਸੇ,ਇਹ ਮੁਹਾਵਰਾ ਹਰ ਪੰਜਾਬੀ, ਪੰਜਾਬ ਆ ਕੇ ਲੋਕਾਂ ਨੂੰ ਜਰੂਰ ਸੁਣਾਉਂਦਾ ਹੈ। ਜਦੋਂ ਕਿ ਪੰਜਾਬੀ ਔਰਤਾਂ ਲਈ ਮੁਹਾਵਰਾ ਬਣ ਸਕਦਾ ਹੈ ਕਿ ਧਰਤੀ ਦੇ ਕਿਸੇ ਵੀ ਹਿੱਸੇ  ਵਿੱਚ ਉਨ੍ਹਾਂ ਲਈ ਕੁੱਟ,ਬੇਵਫਾਈ ਤੇ ਬਦਸਲੂਕੀ ਦਾ ਕੋਈ ਪਤਾ ਨਹੀਂ ਪੰਜਾਬੀ ਮਰਦਾਂ ਵੱਲੋਂ ਤਿੰਨੋਂ ਕਦੋਂ ਮਿਲ ਜਾਣ।
         ਪੰਜਾਬੀਆਂ ਦੇ ਮੇਮਾਂ ਬਾਰੇ ਅਜਿਹੇ ਨਜਰੀਏ ਦੇ ਕਈ ਕਾਰਨ ਹਨ ਜਿਨ੍ਹਾਂ ਵਿੱਚਂ ਮੁੱਖ ਹੈ ਵਿਦੇਸ਼ੋਂ ਮੁੜਕੇ ਪੰਜਾਬ ਆਉਂਦੇ ਬਹੁਤੇ  ਪੰਜਾਬੀਆਂ ਦੇ ਗੱਪ ਤੇ ਵਿਦੇਸ਼ੀ ਸੱਭਿਆਚਾਰ ਨੂੰ ਸਿਰਫ ਐਸ਼ਪ੍ਰਸਤੀ ਵਾਲਾ  ਸੱਭਿਆਚਾਰ ਸਮਝਣ ਦਾ ਸਾਡਾ ਭਰਮ। ਇੰਜ ਹੀ ਚੰਡੀਗੜ੍ਹ ਡੀ.ਏ.ਵੀ. ਕਾਲਜ ਦੇ ਸਾਡੇ ਮਿੱਤਰ, ਪ੍ਰੋਫੈਸਰ ਸ਼ਰਮਾਂ ਜੀ ਕੋਈ ਦਸ ਕੁ ਸਾਲ ਪਹਿਲਾਂ ਇੰਗਲੈਂਡ ਜਾ ਕੇ ਆਏ ਸਨ। ਚੰਡੀਗੜ ਕਲੱਬ ਵਿੱਚ ਤੰਬੋਲੇ ਵਾਲੇ ਦਿਨ ਉਹ ਅਕਸਰ ਆਪਣੀ ਉਸ 'ਅਸਫਲ ਫੇਰੀ' ਦਾ ਜਿਕਰ ਕਰਦੇ ਦੱਸਿਆ ਕਰਦੇ ਹਨ ਕਿ, "ਮੈਂ ਇੱਕ ਮਹੀਨਾ ਸਾਰੇ ਲੰਡਨ  ਘੁੰਮਦਾ ਰਿਹਾ ਹਾਂ। ਮੈਂਨੂੰ ਇੱਕ ਵੀ ਮੇਂਮ ਨੇ ਨਾ ਤਾਂ ਆਪਣੇ ਨਾਲ ਡਾਂਸ ਕਰਨ ਨੂੰ ਕਿਹਾ ਤੇ ਨਾਂ ਹੀ ਡਿੱਨਰ ਜਾਂ ਡੇਟ ਤੇ ਜਾਣ ਲਈ ਕਦੀ ਕਿਹਾ ਸੀ। ਜਦੋਂ ਕਿ ਅਸੀਂ ਤਾਂ ਬਚਪਣ ਤੋਂ ਇਹੀ ਸੁਣਦੇ ਆ ਰਹੇ ਸੀ ਕਿ ਮੇਮਾਂ ਤਾਂ ਕਿਸੇ ਨੂੰ ਨਾਂਹ ਹੀ ਨਹੀਂ ਕਰਦੀਆਂ। ਜਿਹੜੀ ਨੂੰ ਮਰਜੀ 'ਪੁੱਛ ਲਓ'
। ਜੇ ਪਹਿਲਾਂ ਹੀ 'ਬੁੱਕ ਹੋਣ' ਤਾਂ ਕਹਿ ਦੇਣ ਗੀਆਂ ਕਿ 'ਸੌਰੀ ਮੈਂ ਬਿਜੀ ਹਾਂ'। ਗੁੱਸਾ ਬਿਲਕੁੱਲ ਨਹੀਂ ਕਰਦੀਆਂ। ਮੇਮਾਂ ਬਾਰੇ ਸਾਰਾ ਝੂਠ ਹੀ ਸੁਣਦੇ ਸੀ।"
           ਵਿਦੇਸ਼ੋਂ ਪੰਜਾਬ ਆਏ ਕੁੱਝ ਪੜ੍ਹੇ ਲਿਖੇ ਲੋਕ ਹੀ ਸੱਚ ਬੋਲਦੇ ਰਹੇ ਹਨ। ਆਂਮ ਤੌਰ ਤੇ ਵਿਦੇਸ਼ੋਂ ਆਏ ਬਹੁਤੇ ਪੰਜਾਬੀ,  ਔਰਤ ਦੀ ਔੜ ਲੱਗੇ ਪੰਜਾਬੀਆਂ ਨੂੰ ਮੇਮਾਂ ਦੇ ਨਕਸ਼ੇ ਵਾਹ ਕੇ ਦੱਸਦੇ ਰਹੇ ਹਨ ਕਿ "ਉਨ੍ਹਾਂ ਦੇ ਸੁਨਹਿਰੀ ਵਾਲ, ਘੋੜੀ ਵਾਂਗ ਛਾਲਾਂ ਮਾਰਦੀਆਂ, ਰੇਵੀਏ ਚਾਲ ਚੱਲਦੀਆਂ ਦੇ  ਨਿੱਕੀਆਂ ਨਿੱਕੀਆਂ ਨਿੱਕਰਾਂ ਥੱਲੇ ਦਿੱਸਦੇ ਗੋਰੇ ਪੱਟ। ਸੜਕਾਂ ਤੇ ਸ਼ਰੇਆਂਮ ਜੱਫੀਆਂ ਪਾਈ,ਕਿੱਸ ਕਰਦੀਆਂ ਨੀਲੀਆਂ ਅੱਖਾਂ ਵਾਲੀਆਂ ਮੇਮਾਂ, ਜਦੋਂ ਕੋਲੋਂ ਲੰਘਦਿਆਂ ਨੂੰ 'ਹਾਏ ਡੀਅਰ' ਕਹਿੰਦੀਆਂ ਹਨ ਤਾਂ ਭਰਾਵੋ ਪੁਛੋ ਕੁੱਝ ਨਾਂ। ਉਹ ਪੰਜਾਬੀਆਂ ਨੂੰ ਸੱਭ ਤੋਂ ਉੱਤੇ ਮੰਨਦੀਆਂ।ਇਹ ਤਾਂ ਰੱਬ ਧੋਖਾ ਦੇ ਗਿਆ ਜਿਹੜਾ ਸਾਨੂੰ ਇੱਥੇ ਪੈਦਾ ਕਰ ਗਿਆ।"
        ਓਦੋਂ ਹਰੇਕ ਪੰਜਾਬੀ ਹਿੱਸੇ ਆਉਂਦੀ, ਜਮੀਂਨ ਵੇਚਕੇ ਮੇਮਾਂ ਵੇਖਣ ਦੇ ਸੁਪਣੇ ਦੇਖਣ ਲੱਗ ਜਾਂਦਾ ਹੈ।ਪਿਛਲੇ ਸੌ ਸਾਲ ਤੋਂ ਜਿਹੜਾ ਵੀ ਵਿਦੇਸ਼ ਹੋ ਕੇ ਆਇਆ ਉਨ੍ਹਾਂ ਵਿੱਚੋਂ ਬਹੁ ਗਿਣਤੀ ਨੇ ਪੰਜਾਬ ਵਿੱਚ ਆ ਕੇ ਮੇਮਾਂ ਬਾਰੇ ਅਜਿਹੀਆਂ ਕਲਪਤ ਝੂਠੀਆਂ ਕਹਾਣੀਆਂ ਸੁਣਾਈਆਂ ਕਿ ਆਂਮ ਪੰਜਾਬੀ ਇਹੀ ਸਮਝਣ ਲੱਗ ਪਿਆ ਕਿ 'ਮੇਮਾਂ ਤਾਂ ਸੱਜੇ ਹੱਥ ਸਿਗਰਟ ਤੇ ਖੱਬਾ ਹੱਥ ਆਪਣੀ ਸਕੱਰਟ ਨੂੰ ਪਾਈ ਉਡੀਕ ਰਹੀਆਂ ਹਨ। ਬੱਸ ਇੱਕ ਵਾਰੀ ਔਖੈ ਸੌਖੇ ਹੋ ਕੇ ਉੱਥੇ ਪਹੁੰਚਣ ਦੀ ਲੋੜ ਹੈ, ਫੇਰ ਤਾਂ 'ਸਾਡਾ ਵਾਖਰੂ' ਲਹਿਰਾਂ ਲਾ ਦੇਵੇਗਾ।' ਜਦੋਂ ਕਿ ਅਜਿਹਾ ਕੁੱਝ ਵੀ ਨਹੀਂ। ਦਰਅਸਲ ਵਰ੍ਹਿਆਂ ਬੱਧੀ  ਔਰਤ ਤੋਂ ਦੂਰ ਰਹਿਣ ਕਾਰਨ ਸਧਾਰਣ ਸਰੀਰਕ ਤਿ੍ਪਤੀ ਦੀ ਲੋੜ ਵੀ ਮਾਨਸਿਕ ਬਿਮਾਰੀ ਬਣ ਜਾਂਦੀ ਹੈ। ਇਹੀ ਸਾਡੇ ਮੇਮਾਂ ਬਾਰੇ ਨਜਰੀਏ ਦਾ ਦੁਖਾਂਤ ਹੈ।
         ਸਾਡੇ ਦਾਦੇ ਪੜਦਾਦੇ ਵੀ ਮੇਮਾਂ ਬਾਰੇ ਇੰਜ ਹੀ ਸੋਚਦੇ ਸਨ। ਸਭਰਾਵਾਂ ਦੀ ਲੜਾਈ ਵੇਲੇ ਸਿੱਖ ਫੌਜਾਂ ਵੱਲੋਂ ਜਾਂਨ ਹੂਲਵੀਂ ਲੜੀ ਗਈ ਲੜਾਈ ਤੇ ਅੱਸ਼ ਅੱਸ਼ ਕਰਦਾ ਸ਼ਾਹ ਮੁਹੰਮਦ ਲਿਖਦਾ ਹੈ, " ਸ਼ਾਹ ਮੁਹੰਮਦਾ ਸਿੰਘਾਂ ਨੇ ਗੋਰਿਆਂ ਦੇ,ਵਾਂਙ ਨਿੰਬੂਆਂ ਲਹੂ ਨਚੋੜ ਸੁੱਟੇ।" ਪਰ ਨਾਲ ਹੀ ਸਿੱਖ ਫੌਜਾਂ ਦੇ ਮੇਮਾਂ ਬਾਰੇ ਗੁਪਤ ਏਜੰਡੇ ਦਾ ਜਿਕਰ ਕਰਦਾ ਲਿਖਦਾ ਹੈ ਕਿ ਲੜਾਈ ਲਈ ਤੁਰਨ ਤੋਂ ਪਹਿਲਾਂ ਸਿੰਘ ਕਹਿੰਦੇ ਸਨ,"..ਫੇਰ ਵੜਾਂਗੇ ਉਨ੍ਹਾਂ ਦੇ ਸਤਰ-ਖਾਂਨੇ,ਬੰਨ੍ਹ ਲਿਆਵਾਂਗੇ ਸਾਰੀਆਂ ਗੋਰੀਆਂ ਨੀ।" ਇਹ ਤਾਂ ਕਦੁਰਤੀ ਪਾਸਾ ਪੁੱਠਾ ਪੈ ਗਿਆ ।ਜਿਵੇਂ ਨਿਪੋਲੀਅਨ ਦਾ ਵਾਟਰਲੂ ਅਤੇ ਹਿਟਲਰ ਦਾ ਨੌਰਮੰਡੀ ਵਿੱਚ ਪਿਆ ਸੀ । ਵਰਨਾਂ ਪੰਜਾਬ ਦੇ ਹਰ ਪਿੰਡ ਵਿੱਚ ਗੁੱਤ ਵਾਲੀਆਂ ਜੈਨੀਫਰ ਕੌਰਾਂ ਜਾਗੋ ਕੱਢਦੀਆਂ ਨਜਰੀਂ ਪੈਣੀਆਂ ਸਨ।
         ਮੇਮਾਂ  ਦੇ ਵੀ ਦਿਉਰ ਜੇਠ ਤੇ ਚਾਚੇ ਤਾਏ ਹੁੰਦੇ ਹਨ। ਜੇ ਕਦੀ ਉਹ ਕਿਸੇ ਪੰਜਾਬੀ ਦੇ ਨੇੜੇ ਆਉਂਦੀਆਂ ਵੀ ਹਨ ਤਾਂ ਸੱਚੇ ਦਿਲੋਂ ਪਿਆਰ ਕਰਨ ਕਰਕੇ, ਜਦੋਂ ਕਿ ਸਾਡੇ ਪੰਜਾਬੀ ਦੀ ਨੀਅਤ ਸ਼ੁਰੂ ਤੋਂ ਹੀ ਖੌਟੀ ਹੁੰਦੀ ਹੈ।ਉਹ 'ਪਿਆਰ ਦਾ ਢੌਂਗ' ਵੀ ਪੱਕੇ ਹੋਣ ਦੀ ਨੀਅਤ ਨਾਲ ਜਾਂ ਊਸਦੀ ਜਾਇਦਾਤ ਸਾਂਭਣ ਲਈ ਹੀ ਕਰਦੇ ਹਨ। ਯਾਨੀ ਗੱਲੀਂ ਬਾਤੀਂ 'ਸਰਬੱਤ ਦਾ ਭਲਾ' ਮੰਗਣ  ਵਾਲਿਆਂ ਦਾ ਸਾਡਾ ਵਿਆਹ ਵੀ ਠੱਗੀ ਦਾ ਹੁੰਦਾ। ਅਸੀਂ ਮੇਮਾਂ ਨੂੰ ਲੁੱਚੀਆਂ ਤੇ ਖੁਦ ਨੂੰ ਪੂਰਬੀ ਸੱਭਿਆਵਾਰ ਵਾਲੇ  ਲੋਕ ਕਹਿੰਦੇ ਹਾਂ। ਪਿਛਲੇ ਸਾਲ ਮਈ ਦੇ ਮਹੀਨੇ ਮੈਂ ਅਮਰੀਕਾ ਦੀ ਟੈਕਸਾਸ ਸਟੇਟ ਵਿੱਚ ਸੀ। ਉੱਥੇ ਇੱਕ ਪੰਜਾਬੀ ਵੱਲੋਂ ਇੱਕ ਕਾਲੀ ਔਰਤ ਨਾਲ ਵਿਆਹ ਕਰਵਾ ਕੇ ਪੱਕਾ ਹੋਣ ਪਿੱਛੋਂ ਛੱਡ ਦੇਣ ਕਾਰਨ ਉਸ ਕੁੜੀ ਦੇ ਭਰਾਵਾਂ ਨੇ ਪੰਜਾਬੀ ਮੁੰਡੇ ਨੂੰ ਗੋਲੀ ਮਾਰਕੇ ਮਾਰ ਦਿੱਤਾ ਸੀ।
         ਸਾਡਾ ਆਪਣਾ ਵਰਤਾਰਾ ਦੋਗਲਾ ਹੈ। ਯਾਨੀ ਸੋਚਣਾ ਕੁੱਝ ਹੋਰ,ਕਹਿਣਾ ਹੋਰ, ਕਰਨਾ ਹੋਰ ਤੇ ਦੱਸਣਾ ਹੋਰ। ਸਾਡੇ ਮਰਦਾਂ ਦੀ  ਵਫਾਦਾਰੀ  ਅਕਸਰ ਸ਼ੱਕੀ ਹੁੰਦੀ ਹੈ। ਇਸੇ ਕਰਕੇ ਪੰਜਾਬੀ ਔਰਤਾਂ ਮੇਮਾਂ ਤੋਂ ਡਰਦੀਆਂ ਹਨ। ਸਾਨੂੰ ਸੰਸਾਰ ਨਾਲ ਕਦਮ ਮਲਾਕੇ ਚੱਲਣਾ ਸਿੱਖਣ ਦੀ ਲੋੜ ਹੈ। ਜੇ ਧਰਤੀ ਫੁੱਟਬਾਲ ਜਿੱਡੀ ਹੈ, ਤਾਂ ਪੰਜਾਬ  ਮਟਰ ਦਾ ਦਾਣਾਂ,ਦੁਨੀਆਂ 700 ਕਰੋੜ ਹੈ ਤਾਂ ਪੰਜਾਬ 'ਚ ਰਹਿੰਦੇ ਪੰਜਾਬੀ ਢਾਈ ਕਰੋੜ ਨੇ ।ਵਿਦੇਸ਼ ਵੱਸਣ ਲਈ ਦੋਹਰੇ ਮਾਪਦੰਡ ਛੱਡਣੇ ਪੈਣਗੇ। ਆਪਣੇ ਦਵਾਲੇ ਵਲੀ ਲਕਸ਼ਮਣ ਰੇਖਾ(ਸਾਡੇ ਵਰਗਾ ਕੋਈ ਨਹੀਂ) ਦੇ ਘੇਰੇ ਵਿੱਚੋਂ ਨਿੱਕਲਣਾ ਪਏਗਾ।ਸਮੁੰਦਰਾਂ 'ਚ ਡਿੱਗੇ ਦਰਿਆਵਾਂ ਦੇ ਕੰਢੇ ਨਹੀਂ ਰਹਿੰਦੇ।
                      ਮੇਮਾਂ ਆਪਣੇ ਪਤੀ/ਦੋਸਤ ਤੋਂ ਇੱਕ ਸੌ ਇੱਕ ਫੀ ਸਦੀ ਵਫਾਦਾਰੀ ਚਾਹੁੰਦੀਆਂ ਹਨ। ਹਰ ਤਰਾਂ ਨਾਲ ਬਰਾਬਰੀ। ਮਰਦ ਨੇ ਬੇਵਫਾਈ ਕੀਤੀ ਨਹੀਂ ਤੇ ਤਲਾਕ ਹੋਇਆ ਨਹੀ। ਸਾਡੇ ਮਰਦ ਖੁਦ ਤਾਂ ਖੇਹ ਖਾਣੀ ਚਾਹੁੰਦੇ ਹਨ ਪਰ ਨਾਲ ਹੀ ਪਤਨੀਆਂ ਬਾਰੇ ਚਾਹੁੰਦੇ ਹਨ ਕਿ ਉਹ ਕਿਸੇ ਨਾਲ ਹੱਸ ਕੇ ਗੱਲ ਵੀ ਨਾ ਕਰਨ। ਹਰ ਪਿੰਡ ਵਿੱਚ ਹੀ ਇਹ  ਉਧਾਹਰਣਾਂ ਮਿਲਦੀਆਂ ਹਨ ਕਿ ਪੰਜਾਬੀ ਮਰਦ ਪਹਿਲੀ ਔਰਤ ਦੇ ਹੁੰਦਿਆਂ ਦੂਜਾ ਵਿਆਹ ਵੀ ਕਰਾਉਂਦੇ ਹਨ ਤੇ ਰਖੇਲਾਂ ਵੀ ਰੱਖਦੇ ਹਨ। ਔਰਤਾਂ ਤੋਂ ਭਾਣਾ ਮੰਨਣ ਦੀ ਉਮੀਦ ਵੀ ਰੱਖਦੇ ਹਨ। ਮਰਦ ਦੇ ਨਾਮਰਦ ਹੋਣ ਜਾਂ ਕਿਸੇ ਨਾਲ ਨਜਾਇਜ ਸਬੰਧਾਂ ਬਾਰੇ ਪਤਾ ਲੱਗਣ ਤੇ ਵੀ ਔਰਤਾਂ ਤੋਂ ਖਾਮੋਸ਼ ਰਹਿਣ ਦੀ ਆਸ ਕਰਦੇ ਹਾਂ,ਤਲਾਕ ਤਾਂ ਦੁਰ ਦੀ ਗੱਲ ਹੈ।ਇਹ 'ਮਹਾਂਨ ਪੰਜਾਬੀ ਸੱਭਿਆਚਾਰ' ਨਹੀਂ ਦੋਗਲਾਪਣ ਹੈ।ਅਜਿਹੇ ਸੱਭਿਆਚਾਰ ਵਿੱਚ ਪਲੇ ਮਰਦਾਂ ਨੂੰ ਮੇਮਾਂ ਨੇ ਕਦੇ ਵੀ ਨਹੀਂ ਰੱਖਿਆਂ।  ਵਿਦੇਸ਼ਾਂ ਵਿੱਚ ਜੰਮੀਂ ਪਲੀ ਪੰਜਾਬੀ ਪੀਹੜੀ ਪੰਜਾਬ  ਜਾਣ ਦਾ ਨਾਂਮ ਵੀ ਨਹੀਂ ਲੈਂਦੀ। ਜਿੱਥੇ ਕੋਈ ਜੰਮਦਾ ਹੈ ਉਹੀ ਉਸਦੀ ਮਾਤਭੂਮੀਂ ਹੁੰਦੀ ਹੈ। ਇਹੀ ਕੁਦਰਤ ਦਾ ਕਾਨੂੰਨ ਹੈ। ਕੋਈ ਵੀ ਕੁੜੀ ਪੰਜਾਬ ਵਿਆਹ ਨਹੀਂ ਕਰਨਾ ਚਾਹੁੰਦੀ ।  ਮੇਮਾਂ ਦੇ ਸਾਥ ਵਿੱਚ ਰਹਿ ਕੇ ਅਤੇ ਦੁਨੀਆਂ ਕਿੱਥੇ ਵੱਸਦੀ ਹੈ ਬਾਰੇ ਜਾਣਕੇ, ਉਹ ਪੰਜਾਬੀਆਂ ਦੀ ਦੋਗਲੀ ਮਾਨਸਿਕਤਾ ਨੂੰ  ਸਮਝ ਗਈਆਂ ਹਨ ਕਿ ਪੰਜਾਬੀ ਮਰਦਾਂ  ਲਈ ਮੇਮਾਂ ਦੇ ਸੁਪਨੇ  ਤਾਂ ਜਾਇਜ ਹਨ ਪਰ ਆਪਣੀਆਂ ਔਰਤਾਂ ਕਿਸੇ ਓਪਰੇ ਨਾਲ ਹੱਥ ਵੀ ਨਾ ਮਿਲਾਉਣ। ਵਿਦੇਸ਼ਾਂ ਵਿੱਚ ਮੇਮਾਂ ਕਿਸੇ ਪੰਜਾਬੀ ਨੂੰ ਉ
ਡੀਕ ਨਹੀਂ ਰਹੀਆਂ। ਪੰਜਾਬੀਆਂ ਨਾਲ ਧੋਖੇ ਵਾਲੇ ਵਿਆਹ ਦੀ ਠੱਗੀ ਖਾ ਕੇ ਦਰਜਨਾਂ ਵਿਦੇਸ਼ੀ ਔਰਤਾਂ ਕੰਧਾਂ ਨਾਲ ਟੱਕਰਾਂ ਮਾਰਦੀਆਂ ਫਿਰਦੀਆਂ ਹਨ। ਬਾਬੇ ਨਾਨਕ ਦਾ ਕਿਰਤ ਕਰੋ,ਵੰਡ ਛਕੋ ਵਾਲਾ ਜੀਵਨ ਢੰਗ ਅਪਣਾਕੇ, ਪੰਜਾਬ ਵਿੱਚ  ਰਹਿਕੇ, ਥੋੜ੍ਹੀ ਜਿਹੀ ਮਿਹਨਤ ਨਾਲ ਪੰਜਾਬੀ ਚੰਗੀ  ਜਿੰਦਗੀ ਗੁਜਾਰ ਸਕਦੇ ਹਨ।
.........................