Tuesday, October 6, 2009

ਦਰਵੇਸ਼ ਰੂਹ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ -ਸ਼ਿਵਚਰਨ ਜੱਗੀ ਕੁੱਸਾ


ਦਰਵੇਸ਼ ਰੂਹ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ   -ਸ਼ਿਵਚਰਨ ਜੱਗੀ ਕੁੱਸਾ

  ਪਵਿੱਤਰ ਗੁਰਬਾਣੀ ਫ਼ੁਰਮਾਨ ਕਰਦੀ ਹੈ, "ਵਿਚਿ ਦੁਨੀਆ ਸੇਵ ਕਮਾਈਐ।। ਤਾ ਦਰਗਹ ਬੈਸਣੁ ਪਾਈਐ।।" ਸੇਵਾ ਵੀ ਉਸ ਦੇ ਕਰਮਾਂ ਵਿਚ ਹੁੰਦੀ ਹੈ, ਜੋ ਵੱਡਭਾਗੀ ਹੋਵੇ! ਗ੍ਰੰਥਾਂ ਵਿਚ ਨੌਂ ਤਰ੍ਹਾਂ ਦੀ ਸੇਵਾ, ਨੌਂ ਤਰ੍ਹਾਂ ਦਾ ਇਸ਼ਨਾਨ ਅਤੇ ਨੌਂ ਤਰ੍ਹਾਂ ਦੀ ਹੀ ਭਗਤੀ ਮੰਨੀ ਗਈ ਹੈ। ਸਭ ਤੋਂ ਉਤਮ ਸੇਵਾ 'ਨਿਸ਼ਕਾਮ ਸੇਵਾ' ਗਿਣੀ ਗਈ ਹੈ, ਜੋ ਬਿਨਾਂ ਕਿਸੇ 'ਗਰਜ਼' ਤੋਂ ਕੀਤੀ ਜਾਵੇ! ਗੁਰੂ ਕਿਰਪਾ ਸਦਕਾ ਆਪਣੇ ਨਾਵਲਾਂ ਦੇ ਸਿਰ 'ਤੇ ਮੈਨੂੰ ਅੱਧੀ ਦੁਨੀਆਂ 'ਮੁਫ਼ਤ' ਘੁੰਮਣ ਦਾ ਮੌਕਾ ਮਿਲਿਆ ਹੈ! ਬੜੇ 'ਵੱਡੇ-ਵੱਡੇ' ਬੰਦਿਆਂ ਨਾਲ਼ ਮਿਲਣ ਦਾ ਸੁਭਾਗ ਵੀ ਪ੍ਰਾਪਤ ਹੋਇਆ ਅਤੇ ਯਾਰੀਆਂ ਵੀ ਪਈਆਂ। ਮਾਸਿਕ ਰਸਾਲੇ 'ਸਾਹਿਬ' ਦੇ ਮੁੱਖ ਸੰਪਾਦਕ ਬਾਈ ਰਣਜੀਤ ਸਿੰਘ ਰਾਣਾ, ਸੰਪਾਦਕ ਡਾਕਟਰ ਤਾਰਾ ਸਿੰਘ ਆਲਮ ਅਤੇ ਪੱਤਰਕਾਰ ਮਨਦੀਪ ਖੁਰਮੀ ਹਿੰਮਤਪੁਰਾ ਦੀ ਉਦਮ-ਕਦਮੀ ਸਦਕਾ ਸੰਤ ਬਾਬਾ ਬਲਬੀਰ ਸਿੰਘ ਜੀ ਸੀਚੇਵਾਲ਼ ਵਾਲ਼ਿਆਂ ਨਾਲ਼ ਲੰਡਨ ਵਿਖੇ ਮਿਲਣ ਦਾ ਸਬੱਬ ਬਣਿਆਂ। ਮਿਲ਼ ਕੇ ਰੂਹ ਸ਼ਰਸ਼ਾਰ ਅਤੇ ਮਨ ਬਾਗੋਬਾਗ ਹੋ ਗਿਆ। ਭੋਲ਼ੇ ਚਿਹਰੇ ਅਤੇ ਸਾਧੂ ਸੁਭਾਅ ਦੇ ਮਾਲਕ ਸੰਤ ਸੀਚੇਵਾਲ਼ ਇਤਨੇ ਮਿਲਣਸਾਰ ਅਤੇ 'ਤੇਰ-ਮੇਰ' ਤੋਂ ਰਹਿਤ ਹਨ ਕਿ ਬੰਦਾ ਆਪਣੇ ਆਪ ਉਹਨਾਂ ਦਾ ਹੀ ਹੋ ਕੇ ਰਹਿ ਜਾਂਦਾ ਹੈ! ਆਪਣੇ ਨਾਵਲਾਂ ਵਿਚ ਮੈਂ 'ਸਾਧਾਂ' ਦਾ ਕੱਟੜ ਆਲੋਚਕ ਹੀ ਰਿਹਾ ਹਾਂ। ਪਰ ਉਹਨਾਂ ਸਾਧਾਂ ਦਾ, ਜੋ "ਰਹਤ ਅਵਰ ਕਛੁ ਅਵਰ ਕਮਾਵਤ।। ਮਨਿ ਨਹੀ ਪ੍ਰੀਤਿ ਮੁਖਹੁ ਗੰਢ ਲਾਵਤ।।" ਦੇ ਧਾਰਨੀ ਹਨ। ਲੋਕਾਂ ਨੂੰ ਸੇਵਾ ਦਾ ਉਪਦੇਸ਼ ਦੇਣਾਂ ਅਤੇ ਆਪ ਭਾਂਤ-ਭਾਂਤ ਦਾ ਭੋਜਨ ਛਕ ਕੇ, ਢਿੱਡ 'ਤੇ ਹੱਥ ਫ਼ੇਰ ਕੇ ਕਬੂਤਰ ਵਾਂਗ ਅੱਖਾਂ ਮੀਟ ਲੈਣੀਆਂ ਅਤੇ ਦੂਜਿਆਂ ਤੋਂ ਪੱਖੇ ਦੀ 'ਸੇਵਾ' ਕਰਵਾਈ ਜਾਣੀ।
ਧੰਨ ਗੁਰੂ ਨਾਨਕ ਨੇ ਜੇ ਕਿਰਤ ਕਰਨ ਦਾ ਉਪਦੇਸ਼ ਦਿੱਤਾ ਤਾਂ ਆਪ ਹਲ਼ ਵੀ ਵਾਹਿਆ ਅਤੇ ਹੱਥੀਂ ਕਿਰਤ ਵੀ ਕੀਤੀ। ਉਹਨਾਂ ਨੇ ਜੇ ਨਾਮ ਜਪਣ ਲਈ ਲੋਕਾਈ ਨੂੰ ਪ੍ਰੇਰਿਆ ਤਾਂ ਆਪ ਵੀ 'ਧੰਨ ਕਰਤਾਰ-ਧੰਨ ਕਰਤਾਰ' ਵਿਚ ਲੀਨ ਰਹੇ। ਜੇ ਉਹਨਾਂ ਨੇ ਪ੍ਰਜਾ ਨੂੰ ਵੰਡ ਕੇ ਛਕੋ ਦਾ ਸਬਕ ਦਿੱਤਾ ਤਾਂ ਆਪ ਵੀ ਭੁੱਖੇ ਸਾਧੂਆਂ ਨੂੰ ਭੋਜਨ ਛਕਾਇਆ। ਪਰ ਸਾਡੇ ਅੱਜ ਦੇ 'ਸੰਤ-ਬਾਬੇ' ਆਪ 'ਏਅਰ ਕੰਡੀਸ਼ਨ' ਕਾਰਾਂ ਵਿਚ ਝੂਟੇ ਲੈਂਦੇ ਅਤੇ ਮੁਲਾਇਮ ਗੱਦਿਆਂ''ਤੇ 'ਬਿਰਾਜਮਾਨ' ਹੁੰਦੇ ਹਨ, ਪਰ ਜਨਤਾ ਨੂੰ ਨੰਗੇ ਪੈਰੀਂ ਗੁਰੂ ਘਰ ਆਉਣ ਦੀ ਸਿੱਖਿਆ ਦਿੰਦੇ ਰਹਿੰਦੇ ਹਨ! ਸੰਗਤ ਨੂੰ 'ਮਾਇਆ ਨਾਗਣੀ' ਦਾ ਸ਼ਬਦ ਵਿਆਖਿਆ ਸਹਿਤ ਸਰਵਣ ਕਰਵਾਉਣਾ, ਪਰ ਆਪ ਉਸੇ ਮਾਇਆ ਦੀ ਇਬਾਦਤ ਕਰਨੀ! ਕਿਸੇ ਸੱਜਣ ਤੋਂ ਇਕ 'ਬਾਬੇ' ਦੀ ਗੱਲ ਸੁਣਨ ਵਿਚ ਆਈ। ਕੋਈ ਸੱਜਣ ਕਿਸੇ ਬਾਬਾ ਜੀ ਦੇ ਗ੍ਰਹਿ ਵਿਖੇ ਚਲਿਆ ਗਿਆ ਅਤੇ ਸ੍ਰੀ ਆਖੰਡ ਪਾਠ ਦੇ ਭੋਗ ਤੋਂ ਬਾਅਦ ਕੀਰਤਨ ਕਰਨ ਦੀ ਭੇਟਾ ਪੁੱਛੀ। ਭੇਟਾ ਸੰਤ ਜੀ ਨੇ ਪੰਜਾਹ ਹਜ਼ਾਰ ਰੁਪਏ ਦੱਸੀ। ਪੰਜਾਹ ਹਜ਼ਾਰ ਸੁਣ ਕੇ ਉਹ ਸੱਜਣ ਸੰਤ ਜੀ ਨਾਲ਼ 'ਮੁੱਲ ਤੋੜਨ' ਲੱਗ ਪਿਆ ਤਾਂ 'ਸੰਤ ਜੀ' ਖਿਝ ਕੇ ਬੋਲੇ, "ਗੁਰਦਾਸ ਮਾਨ ਦਾ ਰੇਟ ਚਾਰ ਲੱਖ ਰੁਪਏ ਐ, ਤੇ ਜੇ ਉਹ ਚਾਰ ਲੱਖ ਮੰਗ ਲਵੇ ਤਾਂ ਭਾਈ ਤੁਸੀਂ ਦੇਣ ਲੱਗੇ ਵੀ ਪਲ ਨ੍ਹੀ ਲਾਉਂਦੇ, ਮੇਰੇ ਵਾਰੀ ਆਨਾਂ ਕਾਨੀਂ ਜੀ ਕਿਉਂ ਕਰੀ ਜਾਨੇਂ ਐਂ, ਮੈਂ ਤਾਂ ਉਸ ਤੋਂ ਅੱਧਾ ਵੀ ਨਹੀਂ ਮੰਗਿਆ..?" ਮੈਨੂੰ ਹੋਰ ਤਾਂ ਹੈਰਾਨੀ ਨਹੀਂ ਹੋਈ, ਪਰ ਹੈਰਾਨੀ ਇਹ ਹੋਈ ਕਿ ਬਾਬਾ ਜੀ ਨੂੰ ਗੁਰਦਾਸ ਮਾਨ ਦੀ 'ਰੇਟ' ਦਰ ਦਾ ਕਿੱਥੋਂ ਅਨੁਮਾਨ ਲੱਗਿਆ? ਅਜਿਹੇ 'ਸੰਤਾਂ' ਦਾ ਮੈਂ ਆਪਣੇ ਨਾਵਲਾਂ ਵਿਚ ਨੰਗੇ ਧੜ ਆਲੋਚਕ ਰਿਹਾ ਹਾਂ।
ਸੰਤ ਸੀਚੇਵਾਲ਼ ਨਾਲ਼ ਰਾਤ ਨੂੰ ਤਕਰੀਬਨ ਦੋ ਘੰਟੇ ਖੁੱਲ੍ਹ ਕੇ ਵਿਚਾਰ ਵਟਾਂਦਰਾ ਹੁੰਦਾ ਰਿਹਾ। ਉਹਨਾਂ ਦੇ ਨਿਰਮਲ ਅਤੇ ਖੁੱਲ੍ਹੇ-ਡੁੱਲ੍ਹੇ ਸੁਭਾਅ ਵਿਚੋਂ ਇਕ ਗੱਲ ਦਾ ਅਹਿਸਾਸ ਹੋਇਆ ਕਿ ਬਾਬਾ ਜੀ ਕਹਿਣੀ ਅਤੇ ਕਰਨੀ ਦੇ ਧਾਰਨੀ ਹਨ, ਵਲ਼-ਫ਼ੇਰ ਬਿਰਤੀ ਵਾਲ਼ੇ ਨਹੀਂ! ਉਹਨਾਂ ਨਾਲ਼ ਵਿਚਾਰ ਵਟਾਂਦਰਾ ਕਰਦਿਆਂ ਮੈਨੂੰ ਇਹ ਮਹਿਸੂਸ ਨਹੀਂ ਹੋਇਆ ਕਿ ਮੈਂ ਉਹਨਾਂ ਨੂੰ ਪਹਿਲੀ ਵਾਰ ਮਿਲ਼ ਰਿਹਾ ਹਾਂ। ਸੰਤ ਸੀਚੇਵਾਲ਼ ਪ੍ਰਤੀ ਮੇਰੇ ਸਤਿਕਾਰ ਦੀ ਸਿਖਰ ਉਸ ਵਕਤ ਅਸੀਮ ਹੋਈ ਸੀ, ਜਦ ਮੈਂ ਪੜ੍ਹਿਆ ਕਿ ਉਹਨਾਂ ਨੇ ਪਵਿੱਤਰ ਵੇਈਂ ਨਦੀ ਦੀ ਸਫ਼ਾਈ ਦਾ ਨਿਸ਼ਕਾਮ ਕਾਰਜ ਆਰੰਭਿਆ ਹੈ। ...ਤੇ ਫ਼ੇਰ ਜਦ ਟੈਲੀਵਿਯਨ 'ਤੇ ਵੇਈਂ ਨਦੀ ਦੇ ਦਰਸ਼ਣ ਕੀਤੇ ਤਾਂ ਨਦਰੋ-ਨਿਹਾਲ ਹੋਇਆ ਮੈਂ ਸੋਚ ਰਿਹਾ ਸੀ ਕਿ ਜਿਹੜੇ ਕਾਰਜ ਨੂੰ ਸਰਕਾਰਾਂ ਵੀ ਹੱਥ ਪਾਉਣੋਂ ਕੰਨੀ ਕਤਰਾਉਂਦੀਆਂ ਰਹੀਆਂ, ਬਾਬੇ ਨਾਨਕ ਦੀ ਮਿਹਰ ਸਦਕਾ ਉਹ ਪਾਵਨ ਕਾਰਜ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ਼ ਨੇ ਸਿਰੇ ਲਾਇਆ। ਕਿਸੇ ਦੀ ਟੀਕਾ ਟਿੱਪਣੀ ਦੀ ਪ੍ਰਵਾਹ ਨਾ ਮੰਨਣ ਵਾਲ਼ੇ ਮਸਤ ਸੁਭਾਅ ਦੇ ਸੰਤ ਸੀਚੇਵਾਲ ਨੇ ਗੱਲ ਬਾਤ ਦੌਰਾਨ ਕਿਹਾ, "ਜਲ ਤੇ ਵਾਤਾਵਰਣ ਦੇ ਪ੍ਰਦੂਸ਼ਣ ਦਾ ਮਸਲਾ ਇਸ ਸਮੇਂ ਮਨੁੱਖੀ ਹੋਂਦ ਦਾ ਬੁਨਿਆਦੀ ਮਸਲਾ ਬਣ ਗਿਆ ਹੈ, ਜਿਸ ਤੇ ਸਭ ਰਾਜਨੀਤਕ, ਸਮਾਜਿਕ ਅਤੇ ਧਾਰਮਿਕ ਨੇਤਾਵਾਂ, ਵਿਚਾਰਵਾਨਾਂ, ਵਾਤਾਵਰਣ ਪ੍ਰੇਮੀਆਂ, ਸਮਾਜ-ਸ਼ਾਸ਼ਤਰੀਆਂ ਨੂੰ ਮਿਲ ਬੈਠ ਕੇ ਵਿਚਾਰ ਕਰਨੀ ਚਾਹੀਦੀ ਹੈ ਅਤੇ ਇਸ Ḕਤੇ ਸੌੜੀ ਰਾਜਨੀਤੀ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ!"
ਉਹਨਾਂ ਨੇ ਇਹ ਜ਼ਿਕਰ ਵੀ ਕੀਤਾ ਕਿ ਉਹਨਾਂ ਨੇ ਸਿਆਸੀ ਨੇਤਾਵਾਂ ਨੂੰ ਇਕ ਕਾਨਫ਼ਰੰਸ ਵਿਚ ਆਖਿਆ ਸੀ ਕਿ ਇਹ ਬਹੁਤ ਗੰਭੀਰ ਅਤੇ ਵਿਚਾਰਨਯੋਗ ਮੁੱਦਾ ਹੈ ਕਿ ਦੁਆਬੇ ਦੀ ਧਰਤੀ, ਜੋ ਅੰਮ੍ਰਿਤ ਵਰਗੇ ਪਾਣੀਆਂ ਦੀ ਧਰਤੀ ਸੀ, 'ਤੇ ਇਲਾਹੀ ਬਾਣੀ ਦਾ ਆਗਮਨ ਸਥਾਨ ਹੋਣ ਦੇ ਨਾਤੇ ਸਾਡੇ ਸਭਨਾਂ ਲਈ ਪੂਜਣਯੋਗ ਸੀ, ਹੁਣ ਪਾਣੀਆਂ 'ਚ ਜ਼ਹਿਰਾਂ ਮਿਲ ਜਾਣ ਕਾਰਨ 'ਨਰਕ' ਵਿਚ ਬਦਲ ਗਈ ਹੈ! ਇਸ ਇਲਾਕੇ ਦੇ ਦੋ ਦਰਿਆ, ਦੋ ਵੇਈਆਂ, ਡਰੇਨਾਂ ਅਤੇ ਹੋਰ ਨਦੀ-ਨਾਲ਼ੇ ਫ਼ੈਕਟਰੀਆਂ ਵਿਚੋਂ ਨਿਕਲਦੀਆਂ ਜ਼ਹਿਰੀਲੀਆਂ ਰਸਾਇਣਕ ਅਤੇ ਨਗਰਾਂ ਦੇ ਮਲ-ਮੂਤਰ ਅਤੇ 'ਸੀਵਰੇਜਾਂ' ਦੇ ਪਾਣੀ ਪੈਣ ਨਾਲ ਜ਼ਹਿਰੀਲੇ ਅਤੇ ਦੂਸ਼ਤ ਨਾਲ਼ੇ ਬਣ ਕੇ ਰਹਿ ਗਏ ਹਨ! ਇਹਨਾਂ ਦੇ ਜ਼ਹਿਰੀਲੇ ਪਾਣੀ ਨੇ ਧਰਤੀ ਹੇਠਾਂ ਜ਼ੀਰ ਕੇ ਸ਼ੁੱਧ ਪਾਣੀ ਦੇ ਜ਼ਖੀਰਿਆਂ ਨੂੰ ਵੀ ਜ਼ਹਿਰੀਲੇ ਬਣਾ ਦਿੱਤਾ ਹੈ। ਇਹਨਾਂ ਗੰਦੇ ਪਾਣੀਆਂ 'ਚੋਂ ਉਠਦੀ ਦੁਰਗੰਧ ਦੂਰ-ਦੂਰ ਤੱਕ ਫ਼ੈਲ ਕੇ ਸਾਰੇ ਆਲ਼ੇ ਦੁਆਲ਼ੇ ਦੀ ਹਵਾ ਨੂੰ ਪ੍ਰਦੂਸ਼ਿਤ ਕਰਦੀ ਹੈ ਅਤੇ ਲੋਕਾਂ ਨੂੰ ਅਨੇਕ ਪ੍ਰਕਾਰ ਦੀਆਂ ਸਾਹ ਅਤੇ ਅਲਰਜੀ ਦੀਆਂ ਬਿਮਾਰੀਆਂ ਨਾਲ ਪੀੜਤ ਕਰਦੀ ਹੈ। ਇਹ ਜ਼ਹਿਰੀਲਾ ਪਾਣੀ ਸਿਰਫ਼ ਦੁਆਬੇ ਦੀ ਧਰਤੀ ਤੱਕ ਹੀ ਸੀਮਤ ਨਹੀਂ ਰਹਿੰਦਾ, ਇਹ ਹਰੀਕੇ ਹੈਂਡਵਰਕਸ ਤੋਂ ਇੰਦਰਾ ਗਾਂਧੀ ਫ਼ੀਡਰ ਅਤੇ ਸਰਹਿੰਦ ਕੈਨਾਲ ਰਾਹੀਂ ਹੁੰਦਾ ਹੋਇਆ ਸਾਰੇ ਮਾਲਵਾ ਖੇਤਰ ਅਤੇ ਰਾਜਸਥਾਨ ਦੇ ਗੰਗਾਨਗਰ, ਹਨੂੰਮਾਨਗੜ੍ਹ, ਬੀਕਾਨੇਰ, ਜੈਸਲਮੇਰ...ਆਦਿ ਜ਼ਿਲਿਆਂ ਵਿਚ ਜ਼ਹਿਰਾਂ ਵੰਡਦਾ ਹੈ, ਜਿਸ ਨੂੰ ਪੀ ਕੇ ਲੋਕ ਕੈਂਸਰ, ਕਾਲਾ ਪੀਲੀਆ, ਅੰਤੜੀ ਰੋਗ, ਚਮੜੀ ਰੋਗ ਅਤੇ ਹੋਰ ਭਿਆਨਕ ਰੋਗਾਂ ਨਾਲ ਗ੍ਰਸਤ ਹੋ ਰਹੇ ਹਨ! ਪਾਣੀਆਂ ਵਿਚ ਗੰਦਗੀ ਅਤੇ ਜ਼ਹਿਰਾਂ ਪਾਉਣ ਵਾਲੇ ਇਹ ਵੀ ਨਹੀਂ ਸੋਚਦੇ ਕਿ ਇਹੀ ਪਾਣੀ ਗੁਰੂ-ਘਰਾਂ ਦੇ ਸਰੋਵਰਾਂ ਵਿਚ ਸੰਗਤਾਂ ਦੇ ਇਸ਼ਨਾਨ ਲਈ ਅਤੇ ਲੰਗਰਾਂ ਅਤੇ ਕੜਾਹ ਪ੍ਰਸ਼ਾਦ ਦੀਆਂ ਦੇਗਾਂ ਦੀ ਤਿਆਰੀ ਲਈ ਵਰਤੇ ਜਾਂਦੇ ਹਨ! ਗੁਰੂ ਸਾਹਿਬਾਨ ਨੇ ਤਾਂ ਸਾਨੂੰ ਸਰਬੱਤ ਦੇ ਭਲੇ ਦਾ ਸੰਦੇਸ਼ ਦਿੱਤਾ ਸੀ, ਪਰ ਅਸੀਂ ਕਿਸ ਰਸਤੇ 'ਤੇ ਪੈ ਗਏ ਹਾਂ ਕਿ ਸਮੁੱਚੇ ਜੀਵ-ਜੰਤੂਆਂ ਅਤੇ ਆਪਣੇ ਭੈਣ-ਭਰਾਵਾਂ ਨੂੰ ਜ਼ਹਿਰਾਂ ਦੇ ਕੇ ਮਾਰ ਰਹੇ ਹਾਂ?
ਸੰਤ ਸੀਚੇਵਾਲ ਨੇ ਦੱਸਿਆ ਕਿ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਦਾ ਇਲਾਜ ਬਹੁਤ ਮਹਿੰਗਾ ਹੈ। ਜਿਸ ਕਾਰਨ ਪੀੜਤ ਮਰੀਜ਼ਾਂ ਦੇ ਪ੍ਰੀਵਾਰ ਆਰਿਥਕ ਤੌਰ 'ਤੇ ਵੀ ਤਬਾਹ ਹੋ ਰਹੇ ਹਨ। ਉਹਨਾਂ ਅੰਕੜੇ ਦੇ ਕੇ ਦੱਸਿਆ ਕਿ ਇੰਦਰਾ ਗਾਂਧੀ ਫ਼ੀਡਰ ਅਤੇ ਸਰਹਿੰਦ ਕੈਨਾਲ ਦਾ 25 ਪ੍ਰਤੀਸ਼ਤ ਪਾਣੀ ਮਾਲਵਾ ਖੇਤਰ ਵਿਚ ਵਰਤਿਆ ਜਾ ਰਿਹਾ ਹੈ ਅਤੇ 75 ਪ੍ਰਤੀਸ਼ਤ ਰਾਜਸਥਾਨ ਵਿਚ! ਇਸ ਪਾਣੀ ਨੂੰ ਪੀ ਕੇ ਬਿਮਾਰ ਹੋਣ ਵਾਲੇ ਕੈਂਸਰ ਦੇ ਮਰੀਜ਼ਾਂ ਦੀ ਅਨੁਪਾਤ ਵੀ ਇਹਨਾਂ ਇਲਾਕਿਆਂ ਵਿਚ ਇਹੀ ਹੈ! ਬੀਕਾਨੇਰ ਦੇ ਕੈਂਸਰ ਹਸਪਤਾਲ ਵਿਚ ਹਰ ਸਾਲ ਨਵੇਂ ਕੈਂਸਰ ਨਾਲ ਪੀੜਤ 6000 ਮਰੀਜ਼ ਦਾਖ਼ਲ ਹੁੰਦੇ ਹਨ। ਇਹਨਾਂ ਵਿਚ ਵੀ 25 ਪ੍ਰਤੀਸ਼ਤ ਮਰੀਜ਼ ਪੰਜਾਬ ਦੇ, ਮੁੱਖ ਤੌਰ 'ਤੇ ਮਾਲਵਾ ਖੇਤਰ ਦੇ ਹਨ ਅਤੇ 75 ਪ੍ਰਤੀਸ਼ਤ ਰਾਜਸਥਾਨ ਦੇ! ਇਸ ਲਈ ਜਲ-ਪ੍ਰਦੂਸ਼ਣ ਦਾ ਮੁੱਦਾ ਸਾਡੀ ਹੋਂਦ ਨਾਲ ਜੁੜਿਆ ਹੋਇਆ ਮੁੱਦਾ ਹੈ, ਜਿਸ ਨੂੰ ਸੌੜੀ ਰਾਜਨੀਤੀ ਦੀ ਰੰਗਤ ਨਹੀਂ ਦਿੱਤੀ ਜਾਣੀ ਚਾਹੀਦੀ, ਸਗੋਂ ਸਾਨੂੰ ਸਭ ਨੂੰ ਮਿਲ ਕੇ ਇਹ ਵਿਚਾਰਾਂ ਕਰਨੀਆਂ ਚਾਹੀਦੀਆਂ ਹਨ ਕਿ ਇਸ ਗ਼ੈਰਕਾਨੂੰਨੀ, ਗ਼ੈਰ-ਸੰਵਿਧਾਨਕ, ਗ਼ੈਰ-ਕੁਦਰਤੀ ਅਤੇ ਅਣਮਨੁੱਖੀ ਵਰਤਾਰੇ ਨੂੰ ਜਲਦੀ ਤੋਂ ਜਲਦੀ ਕਿਵੇਂ ਰੋਕਿਆ ਜਾ ਸਕਦਾ ਹੈ?
ਅੰਤ ਵਿਚ ਸੰਤ ਸੀਚੇਵਾਲ਼ ਨੇ ਕਿਹਾ ਕਿ ਜੇ ਸੰਗਤਾਂ ਦਾ ਸਹਿਯੋਗ ਅਤੇ ਸਿਰ Ḕਤੇ ਵਾਹਿਗੁਰੂ ਦਾ ਮਿਹਰ ਭਰਿਆ ਹੱਥ ਹੋਵੇ, ਵਾਤਾਵਰਣ ਅਤੇ ਜਲ-ਸੋਮਿਆਂ ਦੇ ਪ੍ਰਦੂਸ਼ਣ ਨੂੰ ਖ਼ਤਮ ਕਰਨਾ ਕੋਈ ਔਖਾ ਨਹੀਂ! ਉਹਨਾਂ ਆਖਿਆ ਕਿ ਜੇ ਕਾਲ਼ੀ ਵੇਈਂ ਸਾਫ਼ ਹੋ ਸਕਦੀ ਹੈ ਤਾਂ ਚਿੱਟੀ ਵੇਈਂ ਕਿਉਂ ਨਹੀਂ ਸਾਫ਼ ਹੋ ਸਕਦੀ? ਉਹਨਾਂ ਗੁਰੂ ਸਾਹਿਬਾਨ ਵੱਲੋਂ ਦਿੱਤੇ ਗਏ ਸਰਬੱਤ ਦੇ ਭਲੇ ਦੇ ਸੰਦੇਸ਼ ਦੀ ਚਰਚਾ ਕਰਦਿਆਂ ਕਿਹਾ ਕਿ ਦਇਆ ਸਭ ਤੋਂ ਵੱਡਾ ਮਾਨਵੀ ਗੁਣ ਹੈ। ਇਕ ਜੀਅ 'ਤੇ ਦਇਆ ਕਰਨ ਦਾ ਅਠਾਹਟ ਤੀਰਥਾਂ ਜਿੰਨਾਂ ਪੁੰਨ ਹੁੰਦਾ ਹੈ! ਰੱਬ ਉਦੋਂ ਖ਼ੁਸ਼ ਹੁੰਦਾ ਹੈ, ਜਦੋਂ ਉਸ ਦੀ ਬਣਾਈ ਕਾਇਨਾਤ, ਉਸ ਦੇ ਬਣਾਏ ਜੀਵ-ਜੰਤੂ ਖ਼ੁਸ਼ ਹੋਣ! ਜਦੋਂ ਅਸੀਂ ਲੋਕਾਂ ਅਤੇ ਜੀਵ-ਜੰਤੂਆਂ 'ਤੇ ਦਇਆ ਦੀ ਥਾਂ ਜ਼ਹਿਰਾਂ ਵੰਡ ਕੇ ਉਹਨਾਂ ਨੂੰ ਮੌਤ ਜਾਂ ਭਿਆਨਕ ਬਿਮਾਰੀਆਂ ਦਿੰਦੇ ਹਾਂ, ਤਾਂ ਰੱਬ ਕਿਵੇਂ ਖ਼ੁਸ਼ ਹੋ ਸਕਦਾ ਹੈ? ਕਾਦਰ ਅਤੇ ਉਸ ਦੀ ਕੁਦਰਤ 'ਤੇ ਆਪਣਾ ਅਟੁੱਟ ਵਿਸ਼ਵਾਸ ਪ੍ਰਗਟ ਕਰਦਿਆਂ ਸੰਤ ਸੀਚੇਵਾਲ ਨੇ ਆਖਿਆ ਕਿ ਹੁਣ ਜ਼ਹਿਰਾਂ ਦਾ ਅੰਤ ਸਮਾਂ ਆ ਗਿਆ ਹੈ, ਹੁਣ ਵਾਤਾਵਰਣ ਅਤੇ ਜਲ-ਸੋਮਿਆਂ ਦਾ ਪ੍ਰਦੂਸ਼ਣ ਛੇਤੀ ਹੀ ਬੰਦ ਹੋਣ ਜਾ ਰਿਹਾ ਹੈ! 2009 ਦੇ ਇਸ 'ਵਾਤਾਵਰਣ ਵਰ੍ਹੇ' ਵਿਚ ਅਸੀਂ ਸੰਗਤ ਦੇ ਸਹਿਯੋਗ ਨਾਲ, ਕਾਨੂੰਨ ਦੇ ਦਾਇਰੇ ਵਿਚ ਰਹਿੰਦੇ ਹੋਏ ਵਾਤਾਵਰਣ ਨੂੰ ਸਾਫ਼ ਸੁਥਰਾ ਕਰਨ ਦੇ ਉਪਰਾਲੇ ਕਰਾਂਗੇ। ਉਹਨਾਂ ਇਸ ਗੱਲ 'ਤੇ ਤਸੱਲੀ ਪ੍ਰਗਟਾਈ ਕਿ ਮਾਹੌਲ ਬਦਲ ਰਿਹਾ ਹੈ ਅਤੇ ਵਾਤਾਵਰਣ ਦਾ ਮੁੱਦਾ ਹੁਣ ਸਭ ਸਿਆਸੀ ਪਾਰਟੀਆਂ ਉਠਾ ਰਹੀਆਂ ਹਨ। ਕਾਲਾ ਸੰਘਿਆਂ ਡਰੇਨ, ਬੁੱਢੇ ਨਾਲ਼ੇ, ਚਿੱਟੀ ਵੇਈਂ, ਸਤਲੁਜ ਦਰਿਆ ਅਤੇ ਹੋਰ ਕੁਦਰਤੀ ਸੋਮਿਆਂ ਵਿਚ ਪੈਂਦੇ ਜ਼ਹਿਰੀਲੇ ਗੰਦੇ ਪਾਣੀ ਲੋਕਾਂ ਨੂੰ ਖ਼ੁਦ ਹੀ ਬੰਦ ਕਰਨੇ ਪੈਣੇ ਹਨ। ਕਾਲਾ ਸੰਘਿਆਂ ਡਰੇਨ ਵਿਚ ਪੈਂਦੇ ਜ਼ਹਿਰੀਲੇ ਪਾਣੀ ਨੂੰ ਬੰਦ ਕਰਨ ਦਾ ਐਲਾਨ ਕਰਦਿਆਂ ਉਹਨਾਂ ਕਿਹਾ ਕਿ ਜਲਦੀ ਹੀ ਇਸ ਬਾਰੇ ਪ੍ਰੋਗਰਾਮ ਨੂੰ ਅੰਤਿਮ ਰੂਪ ਦਿੱਤਾ ਜਾਵੇਗਾ! ਸਾਡੀ ਵੀ ਗੁਰੂ ਬਾਬੇ ਨਾਨਕ ਅੱਗੇ ਇਹੀ ਅਰਦਾਸ ਜੋਦੜੀ ਹੈ ਕਿ ਜਿਸ ਮੁਕਾਮ ਨੂੰ ਲੈ ਕੇ ਸੰਤ ਬਲਬੀਰ ਸਿੰਘ ਸੀਚੇਵਾਲ ਚੱਲੇ ਹਨ, ਉਹ ਇਸ ਪਵਿੱਤਰ ਕਾਰਜ ਵਿਚ ਸਫ਼ਲਤਾ ਹਾਸਲ ਕਰਨ, ਤਾਂ ਕਿ ਲੋਕਾਈ ਦਾ ਭਲਾ ਹੋ ਸਕੇ!



...................

No comments:

Post a Comment