Saturday, June 26, 2010

ਰਵਿੰਦਰ ਰਵੀ ਦਾ ਕਾਵਿ-ਸੰਗ੍ਰਹਿ "ਸ਼ਬਦੋਂ ਪਾਰ": ਮਹਾਂ ਕਵਿਤਾ ਦਾ ਜਨਮ - ਬ੍ਰਹਮਜਗਦੀਸ਼ ਸਿੰਘ

ਰਵਿੰਦਰ ਰਵੀ ਦਾ ਕਾਵਿ-ਸੰਗ੍ਰਹਿ "ਸ਼ਬਦੋਂ ਪਾਰ": ਮਹਾਂ ਕਵਿਤਾ ਦਾ ਜਨਮ   
ਬ੍ਰਹਮਜਗਦੀਸ਼ ਸਿੰਘ
ਪੁਸਤਕ: ਸ਼ਬਦੋਂ ਪਾਰ(ਕਾਵਿ-ਸੰਗ੍ਰਹਿ) – ਪ੍ਰਕਾਸ਼ਕ: ਨੈਸ਼ਨਲ ਬੁਕ ਸ਼ਾਪ, ਚਾਂਦਨੀ ਚੌਕ, ਦਿੱਲੀ, ਭਾਰਤ
ਪੰਨੇ ੧੪੮ ਮੁੱਲ: ੧੨੫ ਰੁਪਏ
"ਸ਼ਬਦੋਂ ਪਾਰ" ਰਵਿੰਦਰ ਰਵੀ ਦੀ ਕਾਵਿ-ਟਕਸਾਲ ਵਿੱਚੋਂ ਸਿਰਜਤਿ ਪੰਦਰ੍ਹਵਾਂ ਆਭੂਖਣ ਹੈ! ਇਸ ਵਿਚ ਉਸਦੀਆਂ ੧੯੯੪ ਤੋਂ ੧੯੯੮ ਤਕ ਰਚੀਆਂ ਗਈਆਂ ੯੭ ਕਵਿਤਾਵਾਂ ਸੰਗ੍ਰਹਿਤ ਹਨ! ਇਸ ਸੰਗ੍ਰਹਿ ਵਿਚ ਰਵੀ ਆਪਣੇ ਕਾਵਿ-ਕਰਮ, ਸਿਰਜਨ-ਪ੍ਰਕਿਰਿਆ ਅਤੇ ਅਭਿਅਕਤੀ ਨਾਲ ਜੁੜੇ ਧਰਾਤਲਾਂ ਨੂੰ ਪਰਿਭਾਸ਼ਤ ਕਰਨ ਦੇ ਅਮਲ ਨਾਲ ਜੁੜਿਆ ਹੋਇਆ ਹੈ! ਬੜੀ ਦੇਰ ਤੋਂ ਉਹ ਇਸ ਤੱਥ ਉੱਪਰ ਸੁਦ੍ਰਿੜ੍ਹ ਹੈ ਕਿ "ਸ਼ਬਦ" ਹੀ ਸੰਸਾਰ ਹੈ, ਪਰੰਤੂ ਉਸਦੇ ਸੰਸਾਰ ਦੀ ਕਲਪਨਾ ਬੜੀ ਵਸੀਹ ਹੈ! ਇਸ ਵਿਚ ਦਿਸਦਾ ਅਤੇ ਅਣਦਿਸਦਾ, ਸੂਖਮ ਅਤੇ ਸਥੂਲ, ਕਿਹਾ ਅਤੇ ਅਣਕਿਹਾ, ਸਭ ਕੁਝ ਆ ਜਾਂਦਾ ਹੈ! ਇਹੋ ਜਿਹੇ ਸੰਸਾਰ ਦੀ ਨਿਸ਼ਾਨੇਦਹੀ ਕਰਨਾ ਅਤੇ ਇਸ ਨੂੰ ਕਾਵਿ ਦੇ ਮਾਧਿਅਮ ਦੁਆਰਾ ਅਭਿਵਿਅਕਤ ਕਰਨਾ – ਰਵਿੰਦਰ ਰਵੀ ਦੇ ਫਨ ਅਤੇ ਫਿਕਰ ਦਾ ਮੁੱਖ ਸਰੋਕਾਰ ਹੈ!
ਕਾਵਿ-ਕਰਮ ਨਾਲ ਜੁੜੇ ਹੋਏ ਆਧੁਨਿਕ ਯੁੱਗ ਦੇ ਕਈ ਮਹੱਤਵ ਪੂਰਨ ਕਵੀਆਂ ਨੇ "ਸ਼ਬਦ" ਦੀ ਸੀਮਾਂ-ਬੱਧਤਾ ਵਲ ਵੀ ਸੰਕੇਤ ਕੀਤਾ ਹੈ! ਵਸਤੂਗਤ ਜਗਤ ਦੀ ਪਹਿਚਾਣ ਨਾਲ ਜੁੜਿਆ ਹੋਣ ਕਰਕੇ ਸ਼ਬਦ ਰੂੜ੍ਹੀਗ੍ਰਸਿਤ, ਏਕਾਂਕੀ ਅਤੇ ਮਕੈਨਕੀ ਹੋ ਜਾਂਦਾ ਹੈ; ਜਿਸ ਕਾਰਨ ਨਵੇਂ ਭਾਵਬੋਧ ਵਾਲੇ ਕਿਸੇ ਰੈਡੀਕਲ ਕਵੀ ਵਾਸਤੇ ਇਸਦੇ ਮਾਧਿਅਮ ਦੁਆਰਾ ਆਪਣੇ ਆਪ ਨੂੰ ਅਭਿਵਿਅਕਤ ਕਰਨਾ ਕਠਿਨ ਹੋ ਜਾਂਦਾ ਹੈ! ਸ਼ਬਦਾਂ ਦੀ ਅਜਿਹੀ ਸੀਮਾਂ ਉੱਪਰ ਕਾਬੂ ਪਾਉਣ ਵਾਸਤੇ ਕਵੀ ਨੂੰ ਪ੍ਰਤੀਕਾਂ ਦਾ ਸਹਾਰਾ ਲੈਣਾ ਪੈਂਦਾ ਹੈ! ਪ੍ਰੰਤੂ ਕਈ ਵਾਰ ਪ੍ਰਤੀਕ-ਵਿਧਾਨ ਵੀ ਏਨਾ ਜੱਟਿਲ ਅਤੇ ਵਿਅਕਤੀਗਤ ਹੋ ਜਾਂਦਾ ਹੈ ਕਿ ਪਾਠਕ ਕਾਵਿ-ਪਾਠ ਨਾਲ ਇਕਸੁਰ ਨਹੀਂ ਹੋ ਪਾਉਂਦਾ ਅਤੇ ਇਉਂ ਕਵੀ ਆਪਣੇ ਪਾਠਕਾਂ ਲਈ ਬੇਗਾਨਾ ਅਤੇ ਅਜਨਬੀ ਹੋ ਜਾਂਦਾ ਹੈ! ਇਸ ਤਰ੍ਹਾਂ ਕਾਵਿ ਦੇ ਮਾਧਿਅਮ ਦੁਆਰਾ ਆਪਣੀ ਵਿਲੱਖਣਤਾ ਦੀ ਪਹਿਚਾਣ ਅਤੇ ਪੇਸ਼ਕਾਰੀ ਕਰਨਾ ਇਕ ਬਹੁਤ ਹੀ ਪੇਚੀਦਾ ਮਸਲਾ ਹੈ! ਫਰਾਂਸ ਵਿਚ ਸੁਰ-ਰੀਅਲਿਜ਼ਮ ਦੀ ਲਹਿਰ ਨਾਲ ਜੁੜੇ ਸ਼ਟੀਫਨ ਜਾਰਜ, ਮਲਾਰਮੀ ਅਤੇ ਰਿੰਬੋ ਵਰਗੇ ਬਹੁਤ ਸਾਰੇ ਪ੍ਰਤਿਭਾਸ਼ੀਲ ਕਵੀ "ਸ਼ਬਦ" ਦੇ ਇਸ ਵਚਿੱਤਰ ਅਤੇ ਰਹੱਸਮਈ ਸਰੂਪ ਕਾਰਨ ਆਪਣੇ ਪਾਠਕ-ਵਰਗ ਤੋਂ ਕੱਟੇ ਗਏ ਸਨ!
ਰਵਿੰਦਰ ਰਵੀ ਆਪਣੀ ਕਾਵਿ-ਯਾਤਰਾ ਦੀ ਸ਼ੁਰੂਆਤ ਸ਼ਬਦਾਂ ਦੀ ਇਸ ਰਹੱਸਮਈ ਲੀਲ੍ਹਾ ਤੋਂ ਹੀ ਕਰਦਾ ਹੈ! ਮਾਧਿਅਮ ਨੂੰ ਪਹਿਚਾਣਕੇ ਮੰਜ਼ਿਲ ਦੀ ਪ੍ਰਾਪਤੀ ਵਲ ਅਗਰਸਰ ਹੂੰਦਾ ਹੈ! ਉਹ "ਸ਼ਬਦ" ਨੂੰ ਕੋਸ਼ਗਤ, ਸੰਦਰਭਗਤ ਅਤੇ ਪ੍ਰਤੀਕਗਤ ਅਰਥਾਂ ਤੋਂ ਨਿਖੇੜ ਕੇ, ਇਸ ਦੀ ਪ੍ਰਕ੍ਰਿਤੀ ਅਤੇ ਸ਼ਕਤੀ ਨੂੰ ਪਰਿਭਾਸ਼ਤ ਕਰਨ ਦੇ ਆਹਰ ਵਿਚ ਹੈ! ਆਪਣੀ ਇਕ ਕਵਿਤਾ ਵਿਚ ਉਹ ਲਿਖਦਾ ਹੈ:
ਸ਼ਬਦ ਦਰਵਾਜ਼ੇ ਬਣੇ ਵਿੰਹਦੇ ਰਹੇ:
ਅਰਥ ਉੱਚੇ
ਅਰਥ ਸੁੱਚੇ
ਅੱਖਰਾਂ ਦੇ ਜੋੜ ਨੂੰ ਵੀ
ਨਿਰ-ਅਰਥ ਕਹਿੰਦੇ ਰਹੇ!
ਕੁਝ ਤਾਂ ਰਹਿਣਾ ਹੈ
ਹਵਾਵਾਂ ਵਿਚ......
......."ਹਵਾ" ਦੇ "ਸ਼ਬਦ" ਵਿਚ
ਸ਼ਬਦ ਦੇ ਇਕ-ਅਰਥ ਤੋਂ ਵੱਖਰਾ ਜਿਹਾ!!!
- ("ਖਲਾਈ ਕੈਪਸਿਊਲ") -
ਰਵਿੰਦਰ ਰਵੀ ਗਾਹੇ ਅਤੇ ਹੰਢਾਏ ਰਸਤਿਆਂ ਉੱਪਰ ਚੱਲਣ ਦਾ ਅਭਿਲਾਖੀ ਨਹੀਂ ਹੈ! ਉਹ ਆਪਣੇ ਰਸਤੇ ਆਪ ਬਣਾਉਂਦਾ ਹੈ, ਚਾਹੇ ਇਹ ਪਗਡੰਡੀਆਂ ਵਰਗੇ ਵਲਦਾਰ ਅਤੇ ਉੱਚੇ ਨੀਵੇਂ ਹੀ ਕਿਉਂ ਨਾ ਹੋਣ! ਸਪਸ਼ਟ ਹੈ ਕਿ ਆਪ ਬਣਾਏ ਇਨ੍ਹਾਂ ਰਸਤਿਆਂ ਉੱਪਰ ਚੱਲਣ ਸਮੇਂ ਉਸ ਨਾਲ ਯਾਤਰੀਆਂ ਦੀ ਭੀੜ ਵੀ ਨਹੀਂ ਹੋਵੇਗੀ ਬਲਕਿ ਬਹੁਤੀ ਵਾਰ ਕਵੀ ਨੂੰ ਇਕੱਲਿਆਂ ਹੀ ਚਿੰਤਨ ਅਤੇ ਅਭਿਵਿਅੰਜਨ ਦੀਆਂ ਵਾਦੀਆਂ ਵਿੱਚੋਂ ਗੁਜ਼ਰਨਾ ਪੈਂਦਾ ਹੈ! ਜੀਵਨ ਦੀ ਇਸ ਲੰਬੀ ਅਤੇ ਕਠਿਨ ਯਾਤਰਾ ਵਿਚ ਥੋੜ੍ਹੇ ਸਮੇਂ ਲਈ ਕੁਝ ਮਿੱਤਰ ਅਤੇ ਮਹਿਬੂਬ ਉਸ ਦੇ ਹਮਸਫਰ ਜ਼ਰੂਰ ਬਣਦੇ ਹਨ ਪਰ ਮਨੁੱਖ ਆਪਣੀ ਹੋਂਦ ਅਤੇ ਸ਼ਨਾਖਤ ਦੀ ਯਾਤਰਾ ਇਕੱਲਿਆਂ ਹੀ ਤੈਅ ਕਰਦਾ ਹੈ! ਅਸਤਿਤਵਵਾਦੀ ਚਿੰਤਕਾਂ ਨੇ ਮਨੁੱਖ ਦੇ ਇਕਲਾਪੇ ਅਤੇ ਅਜਨਬੀਪਨ ਬਾਰੇ ਕੁਝ ਸਾਰਥਿਕ ਗੱਲਾਂ ਕੀਤੀਆਂ ਵੀ ਹਨ ਪਰੰਤੂ ਇਹ ਤੱਥ ਤਾਂ ਇਕ ਇਤਿਹਾਸਿਕ ਹਕੀਕਤ ਹੀ ਹੈ ਕਿ ਜੈਨੁਅਨ ਵਿਅਕਤੀ ਇਕੱਲਾ ਹੀ ਵਿਚਰਦਾ ਹੈ! ਇਕਲਾਪੇ ਦੀ ਸਥਿਤੀ ਵਿਚ ਉਸ ਦੀ ਸ਼ਖਸੀਅਤ ਸਗੋਂ ਹੋਰ ਵੀਰਾਨ ਹੋ ਜਾਂਦੀ ਹੈ! ਕਵੀ ਦੇ ਸ਼ਬਦਾਂ ਵਿਚ:
ਸ਼ਬਦਾਂ ਦੇ ਇਸ ਮੇਲੇ ਵਿਚ
ਕਦੇ, ਕਦੇ
ਮਨ ਬਹੁਤ ਉਦਾਸ ਹੋ ਜਾਂਦਾ ਹੈ!
ਅਤਿ ਦੇ ਏਕਾਂਕੀਪਨ „ਚੋਂ
ਰੋਹ ਜਾਗਦਾ ਹੈ!
ਮੇਰਾ ਕੱਦ ਫੈਲਦਾ ਹੈ..........
ਅਸਤਿਤਵ „ਤੇ ਮੜ੍ਹੇ
ਸ਼ਬਦਾਂ ਦੇ ਭੀੜੇ ਵਸਤਰ
ਸੀਣਾਂ ਤੋਂ ਫਟ
ਉੱਧੜ ਜਾਂਦੇ ਹਨ!
ਖਿਤਿਜ ਤੋਂ ਵੀ
ਅਗਾਂਹ ਵੇਖਦੀ ਹੈ ਨਜ਼ਰ
ਐਕਸ-ਰੇ ਵਾਂਗ.....
ਹਰ ਧੁੰਦ, ਧੂੰਏਂ ਤੋਂ ਪਾਰ
ਜਿੱਥੇ ਅਰਥਾਂ ਲਈ ਸੌੜਾ ਜਾਪਦਾ ਹੈ
ਸ਼ਬਦਾਂ ਦਾ ਸੰਸਾਰ!
- ("ਸ਼ਬਦੋਂ ਪਾਰ") -
"ਸ਼ਬਦੋਂ ਪਾਰ" ਦੀਆਂ ਕਵਿਤਾਵਾਂ ਵਿਚ ਕਵੀ ਉਰਵਾਰ-ਪਾਰ/ਇਹ/ਔਹ ਅਤੇ ਨਾਂਹ/ਨਹੀਂ ਦੀ ਮਕੈਨਕੀ ਵਿਭਾਜਤ ਰੇਖਾ ਨੂੰ ਉਲੰਘਕੇ ਜੀਵਨ ਅਤੇ ਜਗਤ ਨੂੰ ਇਸ ਦੀ ਸਮੁੱਚਤਾ ਵਿਚ, ਇਸ ਦੇ ਸਾਰੇ ਅੰਤਰ-ਵਿਰੋਧਾਂ ਸਮੇਤ ਪਕੜਨਾ ਚਾਹੁੰਦਾ ਹੈ! ਉਸ ਲਈ ਵਾਂਛਿਤ ਅਤੇ ਵਿਵਰਜਿਤ ਵਿਚ ਕੋਈ ਭੇਦ ਨਹੀਂ! ਮਨੁੱਖੀ ਜੀਵਨ ਵਿਚ ਸਭ ਕੁਝ ਹੀ ਸਵੀਕਾਰ ਕਰਨ ਯੋਗ ਹੈ, ਪਰ ਸਾਂਭਣ ਯੋਗ ਕੁਝ ਵੀ ਨਹੀਂ! ਇਸ ਅੰਤਰ-ਦ੍ਰਿਸ਼ਟੀ ਨੇ ਕਵੀ ਨੂੰ ਦਰਵੇਸ਼ਾਂ ਵਾਲਾ ਜਿਗਰਾ(ਜੀਰਾਂਦ) ਪ੍ਰਦਾਨ ਕਰ ਦਿੱਤਾ ਹੈ! ਹੁਣ ਉਸ ਲਈ ਸਾਰਾ ਬ੍ਰਹਿਮੰਡ ਹੀ ਆਪਣਾ ਘਰ ਬਣ ਗਿਆ ਹੈ! "ਅਘਰਵਾਸੀ" ਦੀ ਯਾਤਰਾ ਅਤੇ ਸਾਧਨਾ ਸੰਪੂਰਨ ਹੋ ਗਈ ਹੈ! ਇਸੇ ਮਾਨਸਿਕਤਾ ਵਿੱਚੋਂ ਆਉਣ ਵਾਲੇ ਯੁੱਗ ਲਈ ਉਸ ਦਾ ਫਿਕਰ ਆਕਾਰਵੰਤ ਹੁੰਦਾ ਹੈ! ਉਹ ਚਾਹੁੰਦਾ ਹੈ ਕਿ ਉਸਦੀ ਪ੍ਰਿਥਵੀ(eaਰਟਹ) ਅਤੇ ਉਸ ਦਾ ਬ੍ਰਹਿਮੰਡ(ੁਨਵਿeਰਸe) ਖੂਬਸੂਰਤ ਬਣਿਆਂ ਰਹੇ ਅਤੇ ਕਿਸੇ ਵੀ ਤਰ੍ਹਾਂ ਦਾ ਸਥੂਲ ਜਾਂ ਸੂਖਮ ਪ੍ਰਦੂਸ਼ਣ ਇਸ ਦੀ ਖੂਬਸੂਰਤੀ ਉੱਪਰ ਦਾਗ਼ ਨਾ ਲਗਾਏ! "ਸ਼ਬਦੋਂ ਪਾਰ" ਦੀਆਂ ਕਵਿਤਾਵਾਂ ਵਿਚ ਰਵੀ ਦੀ ਇਸ ਇੱਛਾ ਦਾ ਅੰਕਣ ਹੋਇਆ ਹੈ! ਦੇਖੋ:
ਇਹ ਕੂੜਾ ਸ੍ਰਿਸ਼ਟੀ ਲਈ ਖਤਰਾ!
ਸ਼ਵਸਥ ਸੋਚ, ਦ੍ਰਿਸ਼ਟੀ ਲਈ ਖਤਰਾ!
ਆਦਮ-ਬੋ, ਆਦਮ-ਬੋ ਕਰਦੇ
ਇਸ ਕੂੜੇ ਦੇ ਚੱਕ੍ਰਵਯੂਹ ਨੂੰ
ਕਿਹੜਾ ਸੂਰਾ ਤੋੜ ਸਕੇਗਾ?
ਵਾਤਾਵਰਣ ਦੀ ਸ਼ੁੱਧੀ ਦੇ ਲਈ
ਸਭ ਦੀ ਸੁਰਤੀ ਜੋੜ ਸਕੇਗਾ?
– ("ਪ੍ਰਦੂਸ਼ਣ") –
ਪ੍ਰਮਾਣੂੰ-ਛਤਰੀ ਹੇਠ
ਤਮਾਸ਼ਬੀਨ ਬਣੇ ਲੋਕ –
ਸੁਪਨ-ਪੂਰਤੀ ਵਿਚ ਮਸਤ –
ਗ਼ੁਬਾਰੇ ਦੇ ਫੁਲਾਟ
ਤੇ ਰੰਗ ਰੂਪ ਨੂੰ
ਸਲਾਹ ਰਹੇ ਹਨ!
ਆਫਰੇ ਹੋਏ ਸਾਗਰਾਂ ਵਿਚਕਾਰ
ਛੇਕ ਹੋਈਆਂ ਕਿਸ਼ਤੀਆਂ „ਚ ਬੈਠੇ,
ਜ਼ਿੰਦਗੀ ਦਾ ਗੀਤ
ਗਾ ਰਹੇ ਹਨ!
– ("ਗ਼ੁਬਾਰਾ ਤੇ ਜ਼ਿੰਦਗੀ ਦਾ ਗੀਤ")
ਇਸ ਸੰਗ੍ਰਹਿ ਦੀਆਂ ਕੁਝ ਕਵਿਤਾਵਾਂ ਉੱਤਰ-ਆਧੁਨਿਕਤਾ ਤੇ ਉੱਤਰ-ਈਸ਼ਵਰ-ਕਾਲ ਨੂੰ ਵੀ ਮੁਖਾਤਿਬ ਹਨ! ਜਿਵੇਂ ਜਿਵੇਂ ਕਵੀ ਇਸ ਨਵੇਂ ਯੁੱਗ ਦੀ ਕਲਪਨਾ ਕਰਦਾ ਹੈ, ਹਜ਼ਾਰਾਂ ਹੀ ਨਵੇਂ ਦਰ ਅਤੇ ਨਵੇਂ ਦਿਸਹੱਦੇ ਉਸਦੇ ਜ਼ੇਹਨ ਵਿਚ ਖੁੱਲ੍ਹਦੇ ਚਲੇ ਜਾਂਦੇ ਹਨ! ਉਸਨੂੰ ਅਹਿਸਾਸ ਹੋ ਜਾਂਦਾ ਹੈ ਕਿ ਹਜ਼ਾਰਾਂ ਸਾਲ ਪਹਿਲਾਂ ਆਪਣੀ ਕਲਪਨਾ ਵਿੱਚੋਂ ਰੱਬ ਸਿਰਜਣ ਵਾਲਾ ਮਨੁੱਖ ਹੁਣ ਹੌਲੀ ਹੌਲੀ ਰੱਬ-ਹੀਣ ਹੁੰਦਾ ਜਾ ਰਿਹਾ ਹੈ! ਕਦੇ ਕਦੇ ਉਸਨੂੰ ਇਉਂ ਲੱਗਦਾ ਹੈ ਜਿਵੇਂ ਰੱਬ ਨੇ ਆਪਣੀ ਰੱਬਤਾ ਤੋਂ ਅਵਕਾਸ਼ ਪ੍ਰਾਪਤ ਕਰ ਲਿਆ ਹੈ! ਉਹ ਲਿਖਦਾ ਹੈ:
ਜਾਪਦਾ ਹੈ ਕਿ
ਚਾਰ ਚੁਫੇਰੇ
ਬੇਕਾਰਾਂ ਦੀ ਭੀੜ ਵਿਚ ਖੜੋਤਾ
ਈਸ਼ਵਰ ਵੀ ਬੇਕਾਰ ਹੋ ਗਿਆ ਹੈ!
..................................
ਕੱਲ੍ਹ ਤਕ ਜੋ ਅਕਾਲ ਸੀ,
ਕਾਲ-ਯੁਕਤ ਹੋ ਗਿਆ ਹੈ,
ਉਸਦਾ ਸਮਾਂ ਖੜੋ ਗਿਆ ਹੈ!
ਪ੍ਰਭੂ ਆਪਣੇ ਪ੍ਰਭੂਤਵ ਤੋਂ
ਮੁਕਤ ਹੋ ਗਿਆ ਹੈ!
- ("ਕਲੋਨਿੰਗ: ਉੱਤਰ-ਈਸ਼ਵਰ-ਕਾਲ") –
ਜੇ ਅਸੀਂ ਰਵਿੰਦਰ ਰਵੀ ਦੇ ਇਸ ਕਾਵਿ-ਸੰਗ੍ਰਹਿ ਨੂੰ ਉਸਦੇ ਸਮੁੱਚੇ ਕਾਵਿ-ਲੋਕ ਦੇ ਪਰਿਪੇਖ ਵਿਚ ਰੱਖ ਕੇ ਵੇਖੀਏ, ਤਾਂ ਪਤਾ ਚੱਲਦਾ ਹੈ ਕਿ ਉਸਦੀ ਕਵਿਤਾ ਵਿਚ ਕੁਝ ਵਿਸ਼ੈ ਨਿਰੰਤਰ(ਰeਚੁਰਰeਨਟ ਟਹeਮeਸ) ਗਤੀਸ਼ੀਲ਼ ਰਹੇ ਹਨ! ਵਿਸ਼ਵ ਦੀ ਤੇਜ਼ੀ ਨਾਲ ਬਦਲ ਰਹੀ ਨੁਹਾਰ, ਮਾਨਵੀ ਰਿਸ਼ਤਿਆਂ ਵਿਚ ਆ ਰਿਹਾ ਬਦਲਾਅ ਅਤੇ ਐਟਮੀਂ ਅਸਤਰਾਂ-ਸ਼ਸਤਰਾਂ ਦਾ ਵਿਕਰਾਲ ਸਰੂਪ ਆਦਿ ਵਿਸ਼ੈ ਉਸਦੀ ਹਰ ਕਾਵਿ-ਕਿਰਤ ਵਿਚ ਰੂਪਮਾਨ ਹੋਏ ਹਨ! ਪਰੰਤੂ ਪਿਛਲੇ ਕੁਝ ਵਰ੍ਹਿਆਂ ਤੋਂ ਉਹ ਜੀਵਨ ਦੇ ਬੁਨਿਆਦੀ ਮਸਲਿਆਂ ਦੀ ਪੁਣ-ਛਾਣ ਵਲ ਵੀ ਅਗਰਸਰ ਹੋਇਆ ਹੈ! ਮਾਨਵ ਦੀ ਹੋਂਦ ਅਤੇ ਹੋਣੀ ਨਾਲ ਜੁੜੇ ਅਜਿਹੇ ਵਿਸ਼ੇ ਉਸਦੇ ਕਾਵਿ-ਜਗਤ ਨੂੰ ਇਕ ਨਿਵੇਕਲੀ ਕੈਫੀਅਤ ਪ੍ਰਦਾਨ ਕਰਦੇ ਹਨ!
"ਸ਼ਬਦੋਂ ਪਾਰ" ਦੀਆਂ ਕੁਝ(ਵਿਸ਼ੇਸ਼ ਕਰ ਮੁੱਢਲੀਆਂ) ਕਵਿਤਾਵਾਂ ਪੜ੍ਹਕੇ ਮਨ ਵਿਚ ਕੁਝ ਇਸ ਤਰ੍ਹਾਂ ਦੇ ਵਿਚਾਰ ਵੀ ਪੈਦਾ ਹੰਦੇ ਹਨ ਕਿ ਹੁਣ ਪੰਜਾਬੀ ਵਿਚ ਲਿਖ ਰਹੇ ਬਾਕੀ ਕਵੀਆਂ ਦੇ ਕਹਿਣ ਲਈ ਕੀ ਬਚਿਆ ਹੈ? ਜਿਵੇਂ ਕਦੇ ਬੈਕੇਟ, ਰੋਬ ਗ੍ਰੀਏ ਅਤੇ ਇਆਨੈਸਕੋ ਵਰਗੇ ਨਾਵਲਕਾਰਾਂ ਜਾਂ ਨਾਟਕਕਾਰਾਂ ਦੀਆਂ ਰਚਨਾਵਾਂ ਨੂੰ ਪੜ੍ਹਕੇ ਮਹਿਸੂਸਸ ਹੁੰਦਾ ਸੀ ਕਿ ਹੁਣ ਹੋਰ ਨਾਵਲ ਜਾਂ ਨਾਟਕ ਲਿਖਣ ਦੀ ਗੁੰਜਾਇਸ਼ ਹੀ ਕਿੱਥੇ ਰਹਿ ਗਈ ਹੈ? ਇੱਥੇ ਰਵਿੰਦਰ ਰਵੀ ਦਾ ਅਨੁਭਵ, ਬ੍ਰਿਤਾਂਤ-ਸ਼ੈਲੀਆਂ, ਸ਼ਿਲਪ ਅਤੇ ਸ਼ਬਦਾਵਲੀ, ਕਾਵਿਕ ਊਰਜਾ ਦੇ ਇਕ ਅਨੰਤ ਅਤੇ ਅਮੁੱਕ ਸੋਮੇਂ ਵਿਚ ਅਭੇਦ ਹੋ ਕੇ ਮਹਾਂ ਕਵਿਤਾ(ਬਾਣੀ) ਦਾ ਰੂਪ ਧਾਰਨ ਕਰ ਗਏ ਹਨ! ਇਨ੍ਹਾਂ ਕਵਿਤਾਵਾਂ ਵਿੱਚੋਂ ਦੀ ਗੁਜ਼ਰਦਾ ਹੋਇਆ ਪਾਠਕ ਵਿਸਮਾਦ ਦੇ ਅਸੀਮ ਸਾਗਰ ਵਿਚ ਵਿਲੀਨ ਹੋ ਜਾਂਦਾ ਹੈ!
"ਸ਼ਬਦ" ਦੀ ਅਜਿਹੀ ਆਰਾਧਨਾ ਦੁਆਰਾ ਕਵੀ ਨੇ ਜੀਵਨ ਅਤੇ ਜਗਤ ਦੇ ਰਹੱਸ ਨੂੰ ਜਾਣ ਲਿਆ ਹੈ! ਉਹ ਸਾਰੇ ਭਰਮਾਂ ਅਤੇ ਪੂਰਵਾਗ੍ਰਹਿਆਂ ਤੋਂ ਮੁਕਤ ਹੋ ਗਿਆ ਹੈ! "ਸ਼ਬਦੋਂ ਪਾਰ" ਕਾਵਿ-ਸੰਗ੍ਰਹਿ ਵਿਚ ਕਵੀ ਵਿਮੁਕਤ ਮਾਨਸਿਕਤਾ ਨਾਲ ਆਪਣੇ ਯੁੱਗ ਦੀਆਂ ਵਿਸੰਗਤੀਆਂ ਅਤੇ ਵਿਕ੍ਰਿਤੀਆਂ ਦੇ ਰੂ-ਬ-ਰੂ ਹੁੰਦਾ ਹੈ!
ਅਜੋਕੇ ਉਪਭੋਗਤਾਵਾਦੀ ਸੱਭਿਆਚਾਰ ਵਿਚ ਅਜਿਹੇ ਸਹਿਜ-ਬੋਲ ਮਨ ਅਤੇ ਆਤਮਾਂ ਨੂੰ ਇਕ ਅਨੋਖੀ ਕੈਫੀਅਤ ਪ੍ਰਦਾਨ ਕਰਦੇ ਹਨ!
ਇਸ ਪ੍ਰਸੰਗ ਵਿਚ ਉਸਦੀ ਮਹਾਂ ਕਵਿਤਾ ਦੇ ਕੁਝ ਅੰਸ਼ ਵੇਖੋ:
ਪਾਰਦਰਸ਼ੀ ਨਜ਼ਰ ਸ਼ਬਦ,
ਦ੍ਰਿਸ਼ ਸ਼ਬਦ, ਦਰਸ਼ਨ ਸ਼ਬਦ!
ਸ਼ਬਦ ਤੋਰ, ਸ਼ਬਦ ਤੁਰਨ!
ਸ਼ਬਦ ਖੜੋਤ, ਸ਼ਬਦ ਖੜ੍ਹਨ!
ਆਪ ਹੀ ੀ ਰਹਾਓ ੀ ਸ਼ਬਦ,
ਆਪ ਹੀ ਟਿਕਾਓ ਸ਼ਬਦ!
ਸ਼ੋਰ ਸ਼ਬਦ, ਮੌਨ ਸ਼ਬਦ!
ਕੱਥ ਅਤੇ ਅਕੱਥ ਸ਼ਬਦ,
ਸ਼ਬਦ ਸੂਰਜ, ਛਾਂ ਸ਼ਬਦ,
ਸ਼ਬਦ ਨਾਂ, ਅਨਾਂ ਸ਼ਬਦ!
ਖੰਡਨ ਤੇ ਮੰਡਨ ਸ਼ਬਦ,
ਕਲਾ, ਮਨੋਰੰਜਨ ਸ਼ਬਦ!
ਮੌਤ ਅਤੇ ਜਨਮ ਸ਼ਬਦ,
ਆਪ ਆਪਣਾ ਸਨਮ ਸ਼ਬਦ!
ਨੀਤੀ ਅਤੇ ਰੀਤੀ ਸ਼ਬਦ,
ਆਪ, ਜੱਗਬੀਤੀ ਸ਼ਬਦ!
- ("ਸ਼ਬਦ") –
- ਪ੍ਰੋ. ਬ੍ਰਹਮਜਗਦੀਸ਼ ਸਿੰਘ –
"ਤ੍ਰਿਸ਼ੰਕੂ", ਲੁਧਿਆਣਾ(ਭਾਰਤ)

ਸਾਨੂੰ ਨਸਲਵਾਦ ਨਹੀਂ; ਅਸਲਵਾਦ ਨੇ ਮਾਰਿਆ -ਮਿੰਟੂ ਬਰਾੜ

ਸਾਨੂੰ ਨਸਲਵਾਦ ਨਹੀਂ; ਅਸਲਵਾਦ ਨੇ ਮਾਰਿਆ

ਮਿੰਟੂ ਬਰਾੜ
ਅੱਜ ਫੇਰ ਤੁਹਾਡੇ ਮੂਹਰੇ ਉਹੀ ਕਹੀ ਤੇ ਕੁਹਾੜੀ ਲੈ ਕੇ ਬਹਿ ਗਿਆ ਹਾਂ। ਬਹੁਤ ਸਾਰੇ ਪਾਠਕ ਸੋਚਣਗੇ ਕਿ ਮੇਰੇ ਕੋਲ ਸ਼ਾਇਦ ਲਿਖਣ ਨੂੰ ਕੁੱਝ ਬਾਕੀ ਨਹੀਂ ਰਿਹਾ ਤੇ ਇਸੇ ਲਈ ਵਾਰ-ਵਾਰ ਉਹੀ ਘਸਿਆ-ਪੁਰਾਣਾ ਮੁੱਦਾ ਲੈ ਕੇ ਬਹਿ ਜਾਂਦਾ ਹਾਂ। ਪਰ ਦੋਸਤੋ ਲਿਖਣ ਨੂੰ ਤਾਂ ਬਹੁਤ ਕੁੱਝ ਹੈ। ਪਰ, ਜਿੰਨਾਂ ਕਹਾਣੀਆਂ ਨੇ ਕਿਸੇ ਦਾ ਕੁੱਝ ਸੰਵਾਰਨਾ ਹੀ ਨਹੀਂ ਉਹ ਪਾਉਣੀਆਂ ਵਕਤ ਦੀ ਬਰਬਾਦੀ ਤੋਂ ਵੱਧ ਹੋਰ ਕੁੱਝ ਵੀ ਨਹੀਂ ਹਨ ਅਤੇ ਦੂਜੀ ਗੱਲ ਜਦੋਂ ਅੱਖਾਂ ਦੇ ਸਾਹਮਣੇ ਹਕੀਕਤ ਦੇਖ ਰਹੇ ਹੋਈਏ ਤਾਂ ਕਲਪਨਾਵਾਂ ਕਰਨ ਦੀ ਕੀ ਲੋੜ ਹੈ? ਹਕੀਕਤ ਵੀ ਇਹੋ ਜਿਹੀ ਜਿਸ ਨੇ ਇਕ ਨਹੀਂ ਲੱਖਾਂ ਲੋਕਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੋਵੇ। ਸੋ ਦੋਸਤੋ ਭਾਵੇਂ ਮੁੱਦਾ ਉਹੀ ਪੁਰਾਣਾ ਆਸਟ੍ਰੇਲੀਆ ਵਿੱਚ ਚੰਗੇ ਭਵਿੱਖ ਦੀ ਭਾਲ ਚ ਆਏ ਲੱਖਾਂ ਭਾਰਤੀ ਵਿਦਿਆਰਥੀਆਂ ਦੇ ਉੱਤੇ ਹੀ ਘੁੰਮਦਾ ਹੈ ਪਰ ਹੁਣ ਜੋ ਮੋੜ ਇਹ ਮਾਮਲਾ ਲੈ ਚੁੱਕਿਆ ਹੈ ਉਸ ਦਾ ਵਿਸਥਾਰ ਤੁਹਾਡੇ ਨਾਲ ਸਾਂਝਾ ਕਰਨ ਲਈ ਇਹ ਲੇਖ ਲਿਖਣਾ ਮੇਰੀ ਮਜਬੂਰੀ ਬਣ ਗਿਆ ਸੀ।

ਆਸਟ੍ਰੇਲੀਆ ਪੜ੍ਹਨ ਆਉਣ ਤੋਂ ਪਹਿਲਾਂ ਇੰਡੀਆ ਵਿੱਚ ਆਈਲਟਸ ਦੀ ਤਿਆਰੀ ਵੇਲੇ ਇੰਟਰਵਿਊ ਦੀ ਪ੍ਰੈਕਟਿਸ ਕਰ ਰਹੇ ਹਰ ਵਿਦਿਆਰਥੀ ਤੋਂ ਇੱਕ ਸਵਾਲ ਪੁੱਛਿਆ ਜਾਂਦਾ ਹੈ ਕਿ, ਤੁਸੀ ਆਸਟ੍ਰੇਲੀਆ ਕੀ ਲੈਣ ਜਾ ਰਹੇ ਹੋ ? ਤਾਂ ਹਰ ਇਕ ਦਾ ਇਕੋ ਜਵਾਬ ਹੁੰਦਾ ਹੈ ਕਿ ਚੰਗੇ ਭਵਿੱਖ ਲਈ । ਇਹ ਕੋਈ ਘੜਿਆ-ਘੜਾਇਆ ਜਵਾਬ ਨਹੀਂ ਹੁੰਦਾ ਬਲਕਿ ਇਕ ਨਿਰੋਲ ਸੱਚ ਹੁੰਦਾ ਹੈ। ਪਰ ਅੱਜ ਇਹੀ ਸੱਚ ਸਰਾਪ ਦਾ ਰੂਪ ਧਾਰਨ ਕਰਕੇ ਚੰਗੇ ਭਵਿੱਖ ਦੇ ਸੌਦਾਗਰਾਂ ਨੂੰ ਇਕ ਇਕ ਕਰਕੇ ਨਿਗਲ਼ ਰਿਹਾ ਹੈ। ਇਸ ਉਲਝ ਚੁੱਕੇ ਤਾਣੇ-ਬਾਣੇ  ਨੂੰ ਸੁਲਝਣਾ ਸੁਖਾਲਾ ਨਹੀਂ ਜਾਪ ਰਿਹਾ। ਪਰ ਆਪਾਂ 'ਆਪਾਂ ਪੜਚੋਲ' ਜਰੂਰ ਕਰ ਸਕਦੇ ਹਾਂ ਕਿ ਅੱਜ ਜੋ ਹਾਲਾਤ ਬਣੇ ਹਨ ਉਸ ਪਿੱਛੇ ਦੋਸ਼ੀ ਕੋਣ ਹੈ?

ਦੋਸ਼ੀ ਦੱਸਣ ਦੀ ਲੋੜ ਨਹੀਂ ਕਿਉਂਕਿ ਉਹ ਤਾਂ ਇਸ ਲੇਖ ਦਾ ਸਿਰਲੇਖ ਹੀ ਦੱਸ ਰਿਹਾ ਹੈ ਕਿ 'ਸਾਨੂੰ ਨਸਲਵਾਦ ਨਹੀਂ ਅਸਲਵਾਦ ਨੇ ਮਾਰਿਆ'! ਸਭ ਤੋਂ ਪਹਿਲਾਂ ਨਸਲਵਾਦ ਤੇ ਅਸਲਵਾਦ ਦੇ ਅੱਖਰੀਂ ਅਰਥ ਜਾਣਨੇ ਬਹੁਤ ਜਰੂਰੀ ਹਨ। ਨਸਲਵਾਦ ਤਾਂ ਹਰ ਇਕ ਦੇ ਸਮਝ ਆਉਣ ਵਾਲਾ ਸ਼ਬਦ ਹੈ ਪਰ ਅਸਲਵਾਦ ਹਾਲੇ ਤਕ ਕਿਸੇ ਸ਼ਬਦ-ਕੋਸ਼ ਦਾ ਹਿੱਸਾ ਨਹੀਂ ਹੈ। ਪਰ ਕਈ ਬਾਰ ਕੁੱਝ ਖ਼ਾਸ ਹਾਲਾਤ ਨਵੇਂ ਸ਼ਬਦ ਦੀ ਉਤਪਤੀ ਕਰ ਦਿੰਦੇ ਹਨ। ਅੱਜ ਆਸਟ੍ਰੇਲੀਆ ਵਿੱਚ ਪੈਦਾ ਹੋਏ ਹਾਲਤਾਂ ਨੇ ਅਸਲਵਾਦ ਸ਼ਬਦ ਨੂੰ ਜਨਮ ਦਿਤਾ ਹੈ। ਸਰਲ ਭਾਸ਼ਾ ਵਿੱਚ ਇਸ ਦਾ ਅਰਥ 'ਆਪਣਿਆਂ ਵੱਲੋਂ ਕੀਤਾ ਦੁਰਵਿਹਾਰ' ਕਿਹਾ ਜਾ ਸਕਦਾ ਹੈ। ਕਿਉਂਕਿ ਇਸ ਲੇਖ ਵਿੱਚ ਸਾਨੂੰ ਇਹ ਸ਼ਬਦ ਵਾਰ-ਵਾਰ ਵਰਤਣਾ ਪਵੇਗਾ ਸੋ ਅਸੀਂ ਇਥੇ ਆਪਣਿਆਂ ਨੂੰ ਅਸਲੀ ਤੇ ਗ਼ੈਰਾਂ ਨੂੰ ਨਸਲੀ ਕਹਿ ਕੇ ਸੰਬੋਧਨ ਕਰਾਂਗੇ। ਭਾਵੇਂ ਮੇਰੇ ਧਰਮ ਵਿੱਚ ਇਹੋ ਜਿਹੇ ਸ਼ਬਦਾਂ ਲਈ ਕੋਈ ਥਾਂ ਨਹੀਂ  ਕਿਉਂਕਿ ਸਾਡਾ ਧਰਮ ਤਾਂ ਕਹਿੰਦਾ ਹੈ ਕਿ, 'ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ'। ਪਰ ਇਸ ਕਲਯੁਗੀ ਵਕਤ ਵਿੱਚ ਅਸੀਂ ਕਿੰਨਾ ਕੁ ਧਰਮ ਨਿਭਾ ਰਹੇ ਹਾਂ? ਜੇ ਇਕ ਹੋਰ ਕੁਤਾਹੀ ਕਰ ਲਵਾਂਗੇ ਤਾਂ ਕਿ ਫ਼ਰਕ ਪੈਣ ਲੱਗਾ।

ਇਸ ਸਾਰੇ ਕਾਂਡ ਨੂੰ ਵਿਸਥਾਰ ਚ ਜਾਨਣ ਲਈ ਕੁੱਝ ਸਾਲ ਪਿੱਛੇ ਮੁੜ ਕੇ ਦੇਖਣਾ ਪਵੇਗਾ। ਜਦੋਂ ਤੋਂ ਆਸਟ੍ਰੇਲੀਆ ਵਿੱਚ ਸਟੂਡੈਂਟਸ ਦੀ ਆਮਦ ਸ਼ੁਰੂ ਹੋਈ ਹੈ ਉਸੇ ਦਿਨ ਤੋਂ ਇਹ ਨਸਲੀਆਂ ਦੀ ਅੱਖ ਵਿੱਚ ਭਾਵੇਂ ਇਹ ਰੜਕੇ ਹੋਣ ਜਾਂ ਨਾ ਪਰ ਅਸਲੀਆਂ ਦੀ ਅੱਖ ਵਿੱਚ ਰੋੜ੍ਹ ਵਾਂਗੂੰ ਚੁਭ ਰਹੇ ਹਨ। ਇਸ ਦਾ ਕਾਰਨ ਸੀ ਨਵੇਂ ਆਏ ਮੁੰਡਿਆਂ ਦਾ ਵਰਤਾਰਾ। ਜਿਸ ਦਾ ਅਸਲੀ ਕਾਰਨ ਦੋ ਸੱਭਿਆਚਾਰਾਂ ਦਾ ਫ਼ਰਕ ਸੀ। ਕਹਿੰਦੇ ਹਨ ਕਿ ਸਪਰਿੰਗ ਨੂੰ ਜਿਨ੍ਹਾਂ ਦੱਬੀ ਰੱਖੋਗੇ ਛੱਡਣ ਤੇ ਉਹ ਉਹਨਾਂ ਜਿਆਦਾ ਹੀ ਬੁੜ੍ਹਕਦਾ। ਇੰਡੀਆ ਵਿੱਚ 'ਲੋਕ ਕੀ ਕਹਿਣਗੇ' ਦੇ ਭਾਰ ਥੱਲੇ ਦੱਬਿਆ ਇਹ ਸਟੂਡੈਂਟ ਰੂਪੀ ਸਪਰਿੰਗ ਜਦ ਆਸਟ੍ਰੇਲੀਆ ਦੀ ਖੁੱਲ੍ਹੀ ਹਵਾ ਵਾਲੇ ਮੈਦਾਨ ਵੱਲ ਨੂੰ ਮੂੰਹ ਕਰਕੇ ਛਡਿਆ ਤਾਂ ਉਸ ਨੇ ਆਪਣੀ ਅਪਚਾਰਿਕਤਾ ਤਾਂ ਨਿਭਾਉਣੀ ਹੀ ਸੀ। ਜੋ ਸਾਡੇ ਇਥੇ ਸਥਾਪਿਤ ਹੋ ਚੁੱਕੇ ਸਮਾਜ ਨੂੰ ਚੰਗੀ ਨਹੀਂ ਲੱਗੀ ਤੇ ਪਹਿਲੇ ਦਿਨ ਤੋਂ ਹੀ ਦੋਹਾਂ ਦਰਮਿਆਨ ਪਾੜਾ ਪੈ ਗਿਆ। ਬੱਸ ਇਥੋਂ ਚੱਲੀ ਇਹ ਰੀਤ ਹਾਲੇ ਤਕ ਨਿਰਵਿਘਨ ਜਾਰੀ ਹੈ। ਅਸਲ ਵਿੱਚ ਇਹ ਸੀ ਵੀ ਨਾ ਹਜ਼ਮ ਹੋਣ ਵਾਲੀ ਗੱਲ ਪਰ ਇਸ ਦਾ ਹੱਲ ਕੱਢਿਆ ਜਾ ਸਕਦਾ ਸੀ।

ਤੁਹਾਨੂੰ ਰਾਹੇ ਵਗਾਹੇ ਜਾਂਦੇ ਇਹੋ ਜਿਹੇ ਇਨਸਾਨ ਆਮ ਮਿਲ ਜਾਣਗੇ ਜੋ ਇਹ ਕਹਿੰਦੇ ਆਮ ਸੁਣੇ ਜਾ ਸਕਦੇ ਹਨ ਕਿ 'ਬਈ ਸੁੱਖ ਨਾਲ ਬੜੀਆਂ ਰੌਣਕਾਂ ਲੱਗ ਗਈਆਂ ਹੁਣ ਤਾਂ ਆਸਟ੍ਰੇਲੀਆ ਵਿੱਚ ਆਪਣੇ ਲੋਕਾਂ ਦੀਆਂ ਕਿਆ ਬਾਤ ਹੈ' ਪਰ ਮੈਨੂੰ ਨਹੀਂ ਲਗਦਾ ਉਹ ਇਹ ਗੱਲ ਦਿਲੋਂ ਕਹਿ ਰਹੇ ਹੋਣ, ਕਿਉਂਕਿ ਜੇ ਉਹ ਇਹ ਦਿਲੋਂ ਕਹਿੰਦੇ ਹੁੰਦੇ ਤਾਂ ਇਹ ਕੋਈ ਖ਼ਾਸ ਮਸਲਾ ਨਹੀਂ ਸੀ। ਇਸ ਬੁੜ੍ਹਕਦੇ ਸਪਰਿੰਗ ਨੂੰ ਤਜਰਬੇਕਾਰ ਅਸਲੀ ਬੜੀ ਆਸਾਨੀ ਨਾਲ ਕਾਬੂ ਕਰ ਸਕਦੇ ਸਨ। ਪਰ ਕਿਸੇ ਨੇ ਵੀ ਇਕ ਦੂਜੇ ਨਾਲ ਗੱਲਾਂ ਕਰਨ ਤੋਂ ਬਿਨਾਂ ਇਸ ਦਾ ਹੱਲ ਕੱਢਣ ਦੀ ਕੋਸ਼ਸ਼ ਨਹੀਂ ਕੀਤੀ। ਉਹਨਾਂ ਵਿੱਚੋਂ ਕੁਝ ਨਵਿਆਂ ਨੂੰ ਨਿੰਦਣ ਤੋਂ ਪਹਿਲਾਂ ਆਪਣਾ ਵਕਤ ਭੁੱਲ ਗਏ ਜਦੋਂ ਉਹ ਇਥੇ ਆਏ ਸਨ।

ਕੁੱਝ ਇੰਜ ਹੀ ਰਲਦੀ ਮਿਲਦੀ ਗੱਲ ਜੋ ਮੇਰੇ ਨਾਲ ਵਾਪਰੀ ਮੈਂ ਉਹ ਇਥੇ ਲਿਖਣੀ ਚਾਹਾਂਗਾ। ਇਕ ਦਿਨ ਜਦੋਂ ਲੰਗਰ ਪਾਣੀ ਛੱਕ ਕੇ ਅਸੀਂ ਗੁਰਦੁਆਰਾ ਸਾਹਿਬ ਦੇ ਬਾਹਰ ਖੜ੍ਹੇ ਖੁੰਢ ਚਰਚਾ ਕਰ ਰਹੇ ਸੀ, ਤਾਂ ਇਕ ਨਵੇਂ ਆਏ ਮੁੰਡੇ ਨੂੰ ਇਕ ਪੁਰਾਣਾ ਬੰਦਾ ਬੜੇ ਹੀ ਅਟ-ਪਟੇ ਜਿਹੇ ਅੰਦਾਜ਼ ਵਿੱਚ ਕਹਿੰਦਾ ਢੌਭ! ਜਿਸ ਦਾ ਮਤਲਬ ਬਹੁਤ ਸਾਰੇ ਵੀਰ ਜਾਣਦੇ ਹੋਣਗੇ ਤੇ ਬਾਕੀਆਂ ਲਈ ਢੌਭ   ਫਰੈੱਸ਼ ਆਫ਼ ਦੀ ਬੋਟ ਸਿੱਧੀ ਭਾਸ਼ਾ ਚ ਕਹੀਏ ਤਾਂ 'ਹਾਲੇ ਜਿਸ ਨੇ ਨਵੀਂ ਦੁਨੀਆ ਨਹੀਂ ਦੇਖੀ'। ਇਹ ਸ਼ਬਦ ਜਾਂ ਇਸ ਦੇ ਅਰਥ ਇੰਨੇ ਮਾੜੇ ਨਹੀਂ ਸੀ, ਜਿਨ੍ਹਾਂ ਉਸ ਕਹਿਣ ਵਾਲੇ ਦਾ ਅੰਦਾਜ਼। ਮੇਰੇ ਤੋਂ ਵੀ ਚੁੱਪ ਰਹਿ ਨਾ ਹੋਇਆ। ਮੈਂ ਉਸ ਨੂੰ ਪੁੱਛਿਆ ਕਿ ਤੁਸੀ ਇਸ ਮੁੰਡੇ ਨੂੰ ਜਾਣਦੇ ਹੋ? ਅੱਗੋਂ ਕਹਿੰਦਾ ਨਹੀਂ ਐਵੇਂ ਲਲੀ-ਛੱਲੀ ਤੁਰੀ ਆਉਂਦੀ ਆ ਇਧਰ ਨੂੰ ਮੂੰਹ ਚੱਕੀ। ਮੈਂ ਗੱਲ ਬਦਲਦੇ ਹੋਏ ਉਸ ਭੱਦਰ ਪੁਰਸ ਨੂੰ ਪੁੱਛਿਆ ਜਦੋਂ ਤੁਸੀ ਇਥੇ ਆਏ ਸੀ ਉਸ ਵਕਤ ਮਾਹੌਲ ਕਿਵੇਂ ਸੀ? ਜਨਾਬ ਕਹਿੰਦੇ, ਅਸੀਂ ਇਕ ਗ੍ਰੀਕ ਸ਼ਿਪ ਤੋਂ ਉੱਤਰ ਕੇ ਲੁਕ ਗਏ ਸੀ। ਇਕ ਬੋਰੀ ਚ ਸਾਡੀ ਸਾਰੀ ਕਬੀਲਦਾਰੀ ਹੁੰਦੀ ਸੀ, ਇਮੀਗ੍ਰੇਸ਼ਨ ਤੋਂ ਡਰਦੇ ਇਕ ਰਾਤ ਕਿਤੇ ਤੇ ਇਕ ਰਾਤ ਕਿਤੇ। ਅੰਗਰੇਜ਼ੀ ਆਉਂਦੀ ਨਹੀਂ ਸੀ ਪਹਿਲੀ ਵਾਰ ਜਹਾਜ਼ ਚੜ੍ਹ ਕੇ ਬਰਫ਼ ਨੂੰ ਆਈਸ ਦੀ ਥਾਂ ਤੇ ਸਨੋ ਕਹਿ ਕੇ ਮੰਗਿਆ ਸੀ। ਜਨਾਬ ਆਪਣੀਆਂ ਭੱਦਰਕਾਰੀਆਂ ਇਕੋ ਸਾਹ ਦੱਸਦੇ ਹੋਏ ਅਖੀਰ ਨੂੰ ਕਹਿੰਦੇ ਸ਼ੁਕਰ ਹੈ ਗੋਰਿਆਂ ਦਾ ਜਿਨ੍ਹਾਂ ਇਕ ਮਤਾ ਪਾਸ ਕਰਕੇ ਇਕੋ ਦਿਨ ਚ ਸਾਰਿਆਂ ਨੂੰ ਪੱਕਾ ਕਰ ਦਿਤਾ। ਮੈਂ ਕਿਹਾ ਫੇਰ ਤਾਂ ਬੜਾ ਫ਼ਰਕ ਹੈ ਇਸ ਢੌਭ ਤੇ ਤੁਹਾਡੇ ਵੇਲੇ ਦੇ ਢੌਭ ਚ ਤਾਂ। ਉਹ ਕਹਿੰਦਾ ਉਹ ਕਿਵੇਂ? ਮੈਂ ਉਸ ਨੂੰ ਦੱਸਿਆ ਆਹ ਜਿਸਨੂੰ ਤੁਸੀ ਹੁਣੇ ਢੌਭ ਕਿਹਾ ਸੀ ਇਸ ਨੇ ਮਾਸਟਰਸ ਕੀਤੀ ਹੋਈ ਹੈ। ਮੂਹਰੋਂ ਕਹਿੰਦਾ ਏਸ ਨੇ ਕੀਤੀ ਹੋਵੇਗੀ ਸਾਰਿਆਂ ਨੇ ਤਾਂ ਨਹੀਂ। ਮੈਂ ਉਸ ਨੂੰ ਪੁੱਛਿਆ ਕੇ ਤੁਸੀ ਇਕ ਗੱਲ ਤਾਂ ਮੰਨਦੇ ਹੋ ਕਿ ਨਵੇਂ ਆਏ ਬੰਦੇ ਨੂੰ ਦੂਜੇ ਦੀ ਮਦਦ ਦੀ ਲੋੜ ਹੁੰਦੀ ਹੈ? ਜੋ ਤੁਹਾਨੂੰ ਗ਼ੈਰਾਂ ਵੱਲੋਂ ਮਿਲੀ ਤੇ ਅੱਜ ਇਹਨਾਂ ਨੂੰ ਵੀ ਸਹਾਰਾ ਚਾਹੀਦਾ ਹੈ ? ਅੱਜ ਜਦੋਂ ਆਪਣੇ ਹੀ ਸਹਾਰਾ ਦੇਣ ਦੇ ਕਾਬਿਲ ਹਨ, ਤਾਂ ਉਹ ਆਪਣੇ ਫਰਜ਼ ਤੋਂ ਕੰਨੀ ਕਿਉਂ ਕਤਰਾ ਰਹੇ ਹਨ? ਅੱਗੋਂ ਕਹਿੰਦਾ ਅਸੀਂ ਕੀ ਇਹਨਾਂ ਨੂੰ ਕਾਰਡ ਦੇ ਕੇ ਬੁਲਾਇਆ ਸੀ । ਇਸ ਕਾਂਡ ਨਾਲ ਹੁਣ ਤੁਹਾਨੂੰ ਉਪਰੋਕਤ ਲਿਖੀ ਗੱਲ ਕਿ 'ਹੁਣ ਤਾਂ ਸੁੱਖ ਨਾਲ ਰੌਣਕਾਂ ਲਗ ਗਈਆਂ' ਕਹਿਣ ਵਾਲਿਆਂ ਦੇ ਅੰਦਰ ਦੀ ਆਵਾਜ਼ ਜਰੂਰ ਸੁਣ ਗਈ ਹੋਵੇਗੀ।

ਗੱਲ ਅੱਗੇ ਤੋਰਦੇ ਹਾਂ, ਸੰਖੇਪ ਵਿੱਚ ਦੇਖੋ ਪਿਛਲੇ ਹਾਦਸਿਆਂ ਨੂੰ ਜੋ ਕਿ ਪਰਮਾਣਿਤ ਹੋ ਚੁੱਕੇ ਹਨ। ਇਹ ਕਿੰਨੇ ਨਸਲੀ ਸਨ ਤੇ ਕਿੰਨੇ ਅਸਲੀ। ਇਸ ਕਾਰਜ ਦੀ ਸ਼ੁਰੂਆਤ ਮਾਈਗ੍ਰੇਸ਼ਨ ਦੇ ਏਜੰਟ ਤੋਂ ਹੁੰਦੀ ਹੈ। ਝੂਠੇ ਸੁਪਨੇ ਦਿਖਾਉਣ ਵਾਲੇ ਇਹ ਸ਼ਖਸ ਵੀ ਅਸਲੀ ਹੀ ਸਨ। ਜੇ ਸਟੂਡੈਂਟਸ ਨੇ ਨਾਅਰੇ-ਮੁਜ਼ਾਹਰਿਆਂ ਦਾ ਰਾਹ ਅਪਣਾਇਆ ਸੀ ਤਾਂ ਉਸ ਪਿੱਛੇ ਵੀ ਕੁੱਝ ਅਸਲੀਆਂ ਦਾ ਹੀ ਦਿਮਾਗ਼ ਸੀ ਤੇ ਉਹਨਾਂ ਦੀ ਇਹ ਸਕੀਮ ਕਾਮਯਾਬ ਵੀ ਹੋ ਗਈ ਸੀ। ਜਿਸ ਮੀਡੀਏ ਨੇ ਉਸ ਵਕਤ ਵੱਧ ਚੜ੍ਹ ਕੇ ਰੌਲਾ ਪਾਇਆ ਉਹ ਵੀ ਅਸਲੀ ਸੀ। ਕਤਲ ਹੋਣ ਤੇ ਕਤਲ ਕਰਨ ਵਾਲੇ ਵੀ ਜ਼ਿਆਦਾਤਰ ਅਸਲੀ ਹੀ ਸਨ। ਅੰਨ੍ਹੇਵਾਹ ਕਾਲਜ ਖੋਲ੍ਹਣ ਵਾਲੇ ਵੀ ਅਸਲੀ ਹੀ ਸੀ। ਮਜਬੂਰ ਸਟੂਡੈਂਟਸ ਤੋਂ ਮਹੀਨਾ-ਮਹੀਨਾ ਕੰਮ ਕਰਵਾ ਕੇ ਪੈਸੇ ਮਾਰਨ ਵਾਲੇ ਵੀ ਅਸਲੀ ਹੀ ਹਨ। ਝੂਠੇ ਤਜਰਬੇ ਦੇ ਸਰਟੀਫੀਕੇਟ ਦੇਣ ਲਈ ਹਜ਼ਾਰਾਂ ਡਾਲਰ ਲੈਣ ਵਾਲੇ ਵੀ ਅਸਲੀ ਹੀ ਹਨ। ੫-੫ ਡਾਲਰ ਘੰਟਾ ਕੰਮ ਕਰਵਾਉਣ ਵਾਲੇ ਵੀ ਅਸਲੀ ਹੀ ਹਨ।

ਇਸ ਤੋਂ ਵੀ ਅੱਗੇ ਦੀ ਗੱਲ ਸੁਣ ਲਵੋ ਜੋ ਤੁਸੀ ਸਭ ਨੇ ਕਈ ਕਈ ਵਾਰ  ਕਹੀ ਸੁਣੀ ਹੋਵੇਗੀ, ਉਹ ਇਹ ਕਿ ਜਦੋਂ ਵੀ ਕੋਈ ਨਵਾਂ ਅਸਲੀ ਇਥੇ ਆਉਂਦਾ ਹੈ ਤਾਂ ਅਸੀਂ ਉਸ ਨੂੰ ਇਸ ਸੱਚ ਤੋਂ ਜਾਣੂ ਕਰਵਾਉਣ ਆਪਣਾ ਫਰਜ਼ ਸਮਝਦੇ ਹਾਂ, ਕਿ ਜਿਥੇ ਮਰਜ਼ੀ ਕੰਮ ਕਰ ਲਈਂ ਆਪਣੇ ਦੇਸੀ ਦੇ ਨਾ ਕਰੀ । ਕਿਉਂ? ਕਿਉਂ ਦਾ ਜਵਾਬ ਦੇਣ ਦੀ ਲੋੜ ਨਹੀਂ ਤੁਸੀ ਆਪ ਹੀ ਸਮਝਦਾਰ ਹੋ। ਪਰ ਮੈਂ ਆਪਣੀ ਜਿਗਿਆਸਾ ਮਿਟਾਉਣ ਲਈ ਅਕਸਰ ਹੀ ਇਹ ਸਵਾਲ ਨਵੇਂ ਤੇ ਪੁਰਾਣਿਆਂ ਨੂੰ ਕਰਦਾ ਰਹਿੰਦਾ ਹਾਂ ਤੇ ਇਹਨਾਂ ਸਾਰੀਆਂ ਦੇ ਜਵਾਬਾਂ ਦਾ ਨਿਚੋੜ ਇਕ ਦੂਜੇ ਤੇ ਚਿੱਕੜ ਸੁੱਟਣ ਤੋਂ ਜਿਆਦਾ ਕੁੱਝ ਨਹੀਂ ਹੁੰਦਾ। ਪੁਰਾਣੇ ਕਹਿੰਦੇ ਆ ਕੰਮ ਇਹਨਾਂ ਨੂੰ ਨਹੀਂ ਕਰਨਾ ਆਉਂਦਾ, ਕਸਟਮਰ ਸਰਵਿਸ ਇਹਨਾਂ ਨੂੰ ਨਹੀਂ ਆਉਂਦੀ ਤੇ ਜਦੋਂ ਨੂੰ ਕੁੱਝ ਸਿਖਾਉਂਦੇ ਹਾਂ ਤਾਂ ਇਹ ਕਿਤੇ ਹੋਰ ਭੱਜ ਜਾਂਦੇ ਹਨ। ਜਦੋਂ ਨਵਿਆਂ ਦੇ ਦੁਖੜੇ ਸੁਣਦੇ ਹਾਂ ਤਾਂ ਉਹ ਕਹਿੰਦੇ ਆ ਇਹ ਇਕੱਲਾ ਚੰਮ ਪੁੱਟਦੇ ਹਨ, ਦੇਣ ਲੈਣ ਨੂੰ ਕੁੱਝ ਹੁੰਦਾ ਨਹੀਂ।

ਇਹ ਸਭ ਤਾਂ ਹੁਣ ਇਤਿਹਾਸ ਹੋ ਚੁੱਕਿਆ ਇਸ ਨੂੰ ਮਿਟਾਇਆ ਜਾ ਸੁਧਾਰਿਆ ਨਹੀਂ ਜਾ ਸਕਦਾ। ਹਾਂ ਇਸ ਤੋਂ ਸਿੱਖ ਜਰੂਰ ਸਕਦੇ ਸੀ। ਜੋ ਅਸੀਂ ਸਿੱਖਿਆ ਨਹੀਂ ਅਸਲਵਾਦ ਘਟਣ ਦੀ ਥਾਂ ਤੇ ਦਿਨੋ ਦਿਨ ਵੱਧ ਜਰੂਰ ਰਿਹਾ। ਜਿਸ ਦੀ ਤਾਜ਼ਾ ਮਿਸਾਲ ਐਡੀਲੇਡ ਵਿੱਚ ਇੱਕ ਅਸਲੀਆਂ ਦੇ ਕਾਲਜ ਦੀ ਦੇਖੀ ਜਾ ਸਕਦੀ ਹੈ। ਜਦੋਂ ਤੋਂ ਆਸਟ੍ਰੇਲੀਆ ਸਰਕਾਰ ਨੇ ਆਪਣੀ ਇਮੇਜ਼ ਸੁਧਾਰਨ ਲਈ ਥੋੜ੍ਹੀ ਜਿਹੀ ਸਖ਼ਤੀ ਕੀਤੀ ਹੈ ਉਸੇ ਦਿਨ ਤੋਂ ਕੋਈ ਨਾ ਕੋਈ ਨਵੀਂ ਗੱਲ ਸੁਣਨ ਨੂੰ ਮਿਲ ਰਹੀ ਹੈ। ਸਾਡੇ ਸੁਭਾਅ ਮੁਤਾਬਿਕ ਗੱਲ ਇਕ ਮੂੰਹੋਂ ਦੂਜੇ ਮੂੰਹ ਹੁੰਦੀ ਹੁੰਦੀ ਹੋਰ ਹੀ ਰੂਪ ਧਾਰਨ ਕਰ ਲੈਂਦੀ ਹੈ। ਇਹਨਾਂ ਅਫ਼ਵਾਹਾਂ ਨੇ ਲੋਕਾਂ ਨੂੰ ਸਾਰੀ ਟੈਕਨੀਕਲ ਭਾਸ਼ਾ ਸਿਖਾ ਦਿੱਤੀ ਹੈ। ਹੁਣ ਜਦੋਂ ਕੋਈ ਦੋ ਅਸਲੀ ਗੱਲ ਕਰਦੇ ਹਨ ਤਾਂ ਉਹਨਾਂ ਦੇ ਵਿਸ਼ੇ ਚ ਇਹ ਸ਼ਾਮਿਲ ਹੁੰਦਾ ਕਿ ਯਾਰ ਸੁਣਿਆ ਫ਼ਲਾਣੇ ਕਾਲਜ ਦੇ ਆਡਿਟ ਵਿੱਚ ੧੪ ਵਿੱਚੋਂ ੨ ਪੁਆਇੰਟ ਹੀ ਮਿਲੇ ਆ।

ਭਾਵੇਂ ਇਸ ਕਾਂਡ ਬਾਰੇ ਬਹੁਤ ਸਾਰੇ ਲੋਕਾਂ ਨੂੰ ਪਤਾ ਹੀ ਹੋਵੇਗਾ ਪਰ ਮੈਂ ਜਿੰਨਾ ਕੁ ਨੇੜੇ ਤੋਂ ਇਹ ਕਾਂਡ ਦੇਖਿਆ ਜਾਂ ਪੀੜਤਾਂ ਦੀਆਂ ਗੱਲਾਂ ਸੁਣੀਆਂ ਉਹਨਾਂ ਦੇ ਆਧਾਰਿਤ ਪਹਿਲੀ ਨਜ਼ਰੇ ਵਿਦਿਆਰਥੀ ਹੀ ਪੀੜਤ ਨਜ਼ਰ ਆਉਂਦੇ ਹਨ। ਪਰ ਜੇ ਗਹਿਰਾਈ ਨਾਲ ਇਸ ਵਿਸ਼ੇ ਨੂੰ ਦੇਖੀਏ ਤਾਂ ਦੁੱਧ ਧੋਤਾ ਕੋਈ ਵੀ ਨਹੀਂ। ਚਲੋ ਮੈਂ ਤਾਂ ਜੋ ਮਹਿਸੂਸ ਕੀਤਾ ਉਹੀ ਲਿਖ ਰਿਹਾ ਹਾਂ। ਫ਼ੈਸਲਾ ਤਾਂ ਜਨਤਾ ਜਨਾਰਦਨ ਨੇ ਕਰਨਾ ਹੁੰਦਾ ਕੇ ਕੌਣ ਸਹੀ ਤੇ ਕੌਣ ਗ਼ਲਤ ਹੈ।

ਆਸਟ੍ਰੇਲੀਆ ਦੇ ਸਾਰੇ ਸ਼ਹਿਰਾਂ ਤੋਂ ਬਾਅਦ ਐਡੀਲੇਡ ਨੇ ਵੀ ਕਈ ਬਿਜਨੈੱਸ ਕਰਨ ਵਾਲਿਆਂ ਨੂੰ ਆਪਣੇ ਵੱਲ ਖਿੱਚਿਆ। ਦੇਖਦੇ ਹੀ ਦੇਖਦੇ ਇਥੇ ਕਈ ਕਾਲਜ ਹੋਂਦ ਚ ਆ ਗਏ। ਇਹਨਾਂ ਵਿੱਚੋਂ ਇਕ ਇਹ ਕਾਲਜ ਵੀ ਸੀ ਜਿਸ ਦੀ ਗੱਲ ਮੈਂ ਇਥੇ ਕਰ ਰਿਹਾ। ਸੂਤਰ ਦੱਸਦੇ ਹਨ ਕਿ ਜ਼ਿਆਦਾਤਰ ਕਾਲਜਾਂ ਵਾਲੇ ਸਟੂਡੈਂਟਸ ਨੂੰ ਆਕਰਸ਼ਿਤ ਕਰਨ ਲਈ ਦਾਖ਼ਲੇ ਵੇਲੇ ਇਹ ਲਾਲਚ ਦੇ ਦਿੰਦੇ ਹਨ ਕਿ ਸਾਡੇ ਕਾਲਜ ਵਿੱਚ ਦਾਖਲਾ ਲੈ ਲਓ ਬਹੁਤ ਘੱਟ ਟਾਈਮ ਕਲਾਸ ਲਾਉਣੀ ਪਵੇਗੀ ਤੇ ਬਾਕੀ ਅਸੀਂ ਕੰਮ ਦਾ ਵੀ ਆਪ ਇੰਤਜ਼ਾਮ ਕਰ ਕੇ ਦੇਵਾਂਗੇ। ਬਸ ਉਸੇ ਤਰਜ਼ ਤੇ ਇਸ ਕਾਲਜ ਵਾਲਿਆਂ ਨੇ ਵੀ ਸਟੂਡੈਂਟਸ ਨੂੰ ਕੁੱਝ ਛੁੱਟ ਦੇ ਦਿੱਤੀ ਤੇ ਹੁਣ ਤੁਸੀ ਦੱਸੋ ਕਿ ਜਵਾਨੀ ਚ ਪੈਰ ਧਰਨ ਵਾਲੇ ਇਹਨਾਂ ਨੌਜਵਾਨਾ ਨੂੰ ਹੋਰ ਕੀ ਚਾਹੀਦਾ ਸੀ ? ਬਾਕੀ ਇੱਕ ਗੱਲ ਕਿਸੇ ਤੋਂ ਛਿਪੀ ਨਹੀਂ ਕਿ ਪੜ੍ਹਾਈ ਕਰਨ ਇਥੇ ਕਿਹੜਾ ਭੜੂਆ ਆਇਆ ਹਰ ਇਕ ਨੂੰ ਬੱਸ ਪੀ.ਆਰ. ਹੀ ਦਿਸ ਰਹੀ ਸੀ।

ਪਰ ਜਦੋਂ ਕਾਲਜ ਦੇ ਗੱਲ ਚ ਸਰਕਾਰ ਨੇ ਆ ਗਲਾਵਾਂ ਪਾ ਲਿਆ ਤਾਂ ਹੁਣ ਉਹਨੇ ਕਿਵੇਂ ਨਾ ਕਿਵੇਂ ਤਾਂ ਆਪਣੀ ਧੋਣ ਛੁਡਾਉਣੀ ਹੀ ਸੀ। ਬੱਸ ਉਹਨਾਂ ਜਿਹੜੀ ਜਬਾਨ ਨਾਲ ਇਹਨਾਂ ਸਟੂਡੈਂਟਾਂ ਨੂੰ ਕਿਹਾ ਸੀ ਕਿ ਹਾਜ਼ਰੀਆਂ ਦੀ ਕੋਈ ਪਰਵਾਹ ਨਹੀਂ। ਉਹੀ ਮੂੰਹ ਹੁਣ ਕਹਿ ਰਿਹਾ ਕਿ ਅਸੀਂ ਇਹਨਾਂ ਨੂੰ ਸੈਕਸ਼ਨ ੨੦ ਇਸ ਲਈ ਜਾਰੀ ਕੀਤਾ ਕਿਉਂਕਿ ਇਹ ਕਾਲਜ ਹਾਜਿਰ ਨਹੀਂ ਹੁੰਦੇ ਸੀ। ਇਸ ਕਰਕੇ ਇਹਨਾਂ ਦੀਆਂ ਹਾਜ਼ਰੀਆਂ ਘੱਟ ਗਈਆਂ ਹਨ। ਭਾਵੇਂ ਇਸ ਇਕ ਗੱਲ ਨਾਲ ਕਾਲਜ ਦੇ ੧੨ ਪੁਆਇੰਟ ਪੂਰੇ ਨਹੀਂ ਹੁੰਦੇ ਤੇ ਨਾ ਹੀ ਇਹ ਸਰਕਾਰ ਦੀ ਨਿਗਾਹ ਵਿੱਚ ਆਪਣਾ ਅਕਸ ਸਾਫ਼ ਕਰ ਸਕਦਾ ਹੈ। ਇਸ ਪਿੱਛੇ ਤਾਂ ਕਾਲਜ ਵਾਲਿਆਂ ਦੀ ਬੱਸ ਇਕ ਹੀ ਮਨਸ਼ਾ ਸੀ ਕਿ ਜਾਂਦੇ ਚੋਰ ਦੀ ਪੱਗ ਹੀ ਸਹੀ ।ਕਿਉਂਕਿ ਫੈਡਰਲ ਸਰਕਾਰ ਇਸ ਕਾਲਜ ਦੀ ਮਾਨਤਾ ਰੱਦ ਕਰ ਚੁੱਕੀ ਹੈ ਤੇ ਸਟੇਟ ਗੌਰਮਿੰਟ ਦਾ ਫ਼ੈਸਲਾ ਆਉਣਾ ਬਾਕੀ ਹੈ । ਸਟੇਟ ਵਾਲਿਆਂ ਤੋਂ ਕਿਸੇ ਚਮਤਕਾਰ ਦੀ ਆਸ ਨਹੀਂ ਕੀਤੀ ਜਾ ਸਕਦੀ। ਕਾਲਜ ਬੰਦ ਹੋਣ ਦੀ ਹਾਲਤ ਵਿੱਚ ਆਸਟ੍ਰੇਲੀਆ ਲਾਅ ਮੁਤਾਬਕ ਸਾਰੇ ਸਟੂਡੈਂਟਸ ਨੂੰ ਕਿਸੇ ਹੋਰ ਕਾਲਜ ਵਿੱਚ ਅਡਜਸਟ ਕਰਵਾਉਣ ਦੀ ਸ਼ਕਲ ਚ ਕਾਲਜ ਵਾਲਿਆਂ ਨੂੰ ਬਹੁਤ ਸਾਰਾ ਪੈਸਾ ਲਾਉਣਾ ਪੈਣਾ ਸੀ। ਸੋ ਹਿੰਦੁਸਤਾਨੀ ਦਿਮਾਗ਼ ਨੇ ਇਹ ਪੱਤਾ ਚੱਲ ਦਿਤਾ ਕਿ ਆਉਣ ਵਾਲੇ ੨੮ ਦਿਨਾਂ ਚ ਇਹ ਸਟੂਡੈਂਟ ਆਪੋ-ਆਪਣੇ ਘਰਾਂ ਨੂੰ ਮੁੜ ਜਾਣਗੇ ਤੇ ਸਾਡੇ ਪੈਸੇ ਬਚ ਜਾਣਗੇ। ਆਸਟ੍ਰੇਲੀਆ ਵਿੱਚ ਜਦੋਂ ਕਿਸੇ ਸਟੂਡੈਂਟ ਨੂੰ ਸੈਕਸ਼ਨ ੨੦ ਜਾਰੀ ਹੋ ਜਾਂਦਾ ਹੈ ਤਾਂ ਉਸ ਨੂੰ ੨੮ ਦਿਨਾਂ ਦੇ ਵਿੱਚ ਆਸਟ੍ਰੇਲੀਆ ਛੱਡਣਾ ਪੈਂਦਾ।

ਹੁਣ ਤੁਸੀ ਅਗਲਾ ਕਾਂਡ ਦੇਖੋ , ਇਕੋ ਵਕਤ ਇੰਨੇ ਸਟੂਡੈਂਟਸ ਨੂੰ ਸੈਕਸ਼ਨ ੨੦ ਜਾਰੀ ਹੋਣ ਨਾਲ ਇਕੋ ਦਮ ਹੜਕੰਪ ਜਿਹਾ ਮੱਚ ਪਿਆ ਤੇ ਇਕ ਵਾਰ ਤਾਂ ਇਹਨਾਂ ਨੇ ਵੀ ਭੰਨ ਤੋੜ ਵਾਲਾ ਰਸਤਾ ਫੜਨ ਦੀ ਕੋਸ਼ਿਸ਼ ਕੀਤੀ ਪਰ ਕੁੱਝ ਇੱਕ ਸੂਝਵਾਨ ਬੰਦਿਆਂ ਇਹਨਾਂ ਨੂੰ ਇੰਜ ਕਰਨ ਤੋਂ ਵਰਜ ਲਿਆ ਤੇ ਇਹਨਾਂ ਆਸਟ੍ਰੇਲੀਆ ਦੇ ਕਾਨੂੰਨ ਰਾਹੀਂ ਚੱਲਣ ਨੂੰ ਪਹਿਲ ਦੇਣ ਦੀ ਸਲਾਹ ਦਿੱਤੀ। ਦੀਪਕ ਭਾਰਦਵਾਜ ਦੀ ਯੋਗ ਅਗਵਾਈ ਹੇਠ ਇਹਨਾਂ ਐਡੀਲੇਡ ਦੇ ਮਸ਼ਹੂਰ ਵਕੀਲ ਰਾਹੀਂ ਇਮੀਗ੍ਰੇਸ਼ਨ ਕੋਲ ਆਪਣੀ ਆਵਾਜ਼ ਪਹੁੰਚਾਈ। ਜਿਸ ਦੀ ਬੜੀ ਛੇਤੀ ਸੁਣਵਾਈ ਹੋਈ ਤੇ ਇਹਨਾਂ ਨੂੰ ਇਕ ਵਾਰ ਆਰਜ਼ੀ ਤੌਰ ਤੇ ਰਾਹਤ ਮਿਲ ਗਈ।

ਪਰ ਹੁਣ ਫੇਰ ਅਸਲੀ ਮੁੱਦੇ ਤੇ ਆਉਂਦੇ ਹਾਂ ਇਸ ਸਾਰੇ ਕਾਂਡ ਵਿੱਚ ਵੀ ਅਸਲੀਆਂ ਨੇ ਜੋ ਲੱਤਾਂ ਖਿੱਚੀਆਂ ਉਹ ਵੀ ਸੁਣ ਲਓ; ਭਾਵੇਂ ਕਾਲਜ ਦੇ ਕੁਲ ੧੫੦ ਸਟੂਡੈਂਟਸ ਵਿੱਚੋਂ ੭੦ ਕੋਲ ਇਹ ਚਿੱਠੀਆਂ ਆ ਗਈਆਂ ਸਨ ਪਰ ਫੇਰ ਵੀ ਪਹਿਲੇ ਦਿਨ ਜੋ ਇਕੱਠ ਹੋਇਆ ਸੀ, ਹਰ ਅਗਲੀ ਮੀਟਿੰਗ ਵੇਲੇ ਇਹਨਾਂ ਦੀ ਸੰਖਿਆ ਘਟਦੀ ਗਈ ਤੇ ਅਖੀਰ ਜਿਸ ਦਿਨ ਇਮੀਗ੍ਰੇਸ਼ਨ ਵਾਲਿਆਂ ਨੇ ਸੱਦਿਆ ਉਸ ਦਿਨ ਇਹਨਾਂ ਵਿੱਚੋਂ ਕੇਵਲ ੧੯ ਸਟੂਡੈਂਟ ਹੀ ਹਾਜਿਰ ਹੋਏ। ਏਕੇ ਚ ਬਰਕਤ ਵਾਲਾ ਬੂਹਾ ਢੋਹ ਕੇ ਇਹਨਾਂ ਕੱਲੇ-ਕੱਲੇ ਜੱਗ ਜਿੱਤਣ ਨੂੰ ਤਰਜੀਹ ਦਿੱਤੀ। ਇਸ ਸਾਰੇ ਕਾਂਡ ਦੌਰਾਨ ਇਕ ਕਾਲਜ ਦੇ ਮੁਅੱਤਲ ਡਾਇਰੈਕਟਰ ਕਾਲਜ ਨਾਲ ਆਪਣੀ ਕਿੜ ਕਢਨ ਲਈ ਸਟੂਡੈਂਟਾਂ ਦੇ ਮੋਢੇ ਤੇ ਬੰਦੂਕ ਧਰ ਕੇ ਚਲਾਉਣ ਲਈ ਬੜਾ ਤਰਲੋ ਮੱਛੀ ਹੁੰਦਾ ਦੇਖਿਆ ਗਿਆ। ਇਹ ਤਾਂ ਸ਼ੁਕਰ ਹੈ ਕਿ ਇਹ ਸਟੂਡੈਂਟ ਉਸ ਦੇ ਮਗਰ ਨਹੀਂ ਲੱਗੇ ਨਹੀਂ ਤੇ ਅਸਲਵਾਦ ਦਾ ਇਕ ਹੋਰ ਕਾਂਡ ਲਿਖਿਆ ਜਾਣਾ ਸੀ।

ਉਂਜ ਤਾਂ ਬਰਸਾਤ ਦੇ ਮੌਸਮ ਚ ਖੁੰਬਾਂ ਵਾਂਗੂੰ ਉੱਘੇ ਇਹਨਾਂ ਕਾਲਜਾਂ ਵਿੱਚ ਜ਼ਿਆਦਾਤਰ ਬੱਸ ਪੈਸਾ ਇਕੱਠਾ ਕਰਨ ਲਈ ਹੀ ਖੋਲ੍ਹੇ ਗਏ ਸਨ। ਪਰ ਫੇਰ ਵੀ ਜੇ ਕੁੱਝ ਇੱਕ ਆਪਣੇ ਕੰਮ ਨੂੰ ਸਹੀ ਅੰਜ਼ਾਮ ਦੇ ਰਹੇ ਹਨ, ਉਹਨਾਂ ਦਾ ਅੱਜ ਕੱਲ ਜੀਣਾ ਦੁੱਭਰ ਹੋਇਆ ਪਿਆ ਹੈ। ਸਟੂਡੈਂਟ ਫ਼ੀਸ ਰੋਕੀ ਬੈਠੇ ਹਨ। ਕਿਉਂਕਿ ਅਫ਼ਵਾਹਾਂ ਦੇ ਬਜ਼ਾਰ ਹਰ ਰੋਜ ਇਹਨਾਂ ਕਾਲਜਾਂ ਨੂੰ ਸਵੇਰੇ ਸ਼ਾਮ ਬੰਦ ਕਰ ਦਿੰਦੇ ਹਨ। ਇਸ ਗੱਲੋਂ ਡਰਦਾ ਸਟੂਡੈਂਟ ਫ਼ੀਸ ਨਹੀਂ ਭਰ ਰਿਹਾ ਕਿ ਕਿਤੇ ਫ਼ੀਸ ਹੀ ਨਾ ਡੁੱਬ ਜਾਵੇ। ਜਿਸ ਦਾ ਤਾਜ਼ਾ ਉਦਾਹਰਨ ਕੁੱਝ ਇੱਕ ਕਾਲਜਾਂ ਦੇ ਪ੍ਰਬੰਧਕਾਂ ਵੱਲੋਂ ਗੁਰੂ ਘਰਾਂ ਵਿੱਚ ਜਾ ਕੇ ਭਾਈਚਾਰੇ ਨਾਲ ਨੁੱਕੜ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਜਿਸ ਨਾਲ ਕਿ ਅਫ਼ਵਾਹਾਂ ਨੂੰ ਰੋਕ ਲਾਈ ਜਾ ਸਕੇ। ਇਥੇ ਫੇਰ ਉਹੀ ਗੱਲ ਆ ਗਈ ਅਫਵਾਹਾਂ ਫੈਲਾਉਣ ਵਾਲੇ ਕੌਣ ਹਨ ? ਜੀ ਹਾਂ, ਉਹ ਵੀ ਆਪਣੇ ਅਸਲੀ ਹੀ ਹਨ।

ਅੰਤ ਵਿੱਚ ਇੱਕ ਹੋਰ ਅਫ਼ਵਾਹ ਬਾਰੇ ਗੱਲ ਕਰਦੇ ਹਾਂ, ਸੁਣਿਆ ਹੈ ਕਿ ਇਮੀਗ੍ਰੇਸ਼ਨ ਦੇ ਨਵੇਂ ਆਏ ਰੂਲਸ ਦੇ ਵਿਰੋਧ ਵਿੱਚ ਆਉਣ ਵਾਲੇ ਦਿਨਾਂ ਚ ਮੈਲਬਰਨ 'ਚ ਧਰਨੇ, ਨਾਹਰੇ, ਮੁਜ਼ਾਹਰੇ ਦਾ ਦੌਰ ਫੇਰ ਸ਼ੁਰੂ ਹੋ ਰਿਹਾ। ਕਾਸ਼ ਇਹ ਇਕ ਅਫ਼ਵਾਹ ਹੀ ਹੋਵੇ। ਮੰਨਿਆ ਪੀ.ਆਰ. ਦੇ ਸਖ਼ਤ ਹੋਏ ਕਾਨੂੰਨ ਨਾਲ ਬੜੀ ਵੱਡੀ ਗਿਣਤੀ ਚ ਲੋਕ ਪ੍ਰਭਾਵਿਤ ਹੋਏ ਹਨ। ਪਰ ਦੋਸਤੋ ਇਸ ਵਾਰ ਆਪਣੀ ਗੱਲ ਸਰਕਾਰ ਤਕ ਪਹੁੰਚਾਉਣ ਲਈ ਪਹਿਲਾਂ ਵਾਲਾ ਰਾਹ ਜੇ ਨਾ ਅਪਨਾਇਓ ਤਾਂ ਹੀ ਚੰਗਾ ਹੈ। ਅੱਜ ਅਸੀਂ ਜਿਹੜੀ ਫ਼ਸਲ ਵੱਢ ਰਹੇ ਹਾਂ, ਇਹ ਪਿਛਲੇ ਸਾਲ ਅਸੀਂ ਆਪ ਹੀ ਬੀਜੀ ਸੀ। ਅਸੀਂ ਆਪ ਹੀ ਸ਼ੀਸ਼ੇ ਭੰਨ ਕੇ ਆਪਣੇ ਰਾਹਾਂ ਵਿੱਚ ਵਿਛਾਏ ਸਨ। ਜਿਸ ਕਰਕੇ ਸਾਡਾ ਰਾਹ ਇੰਨਾ ਔਖਾ ਹੋ ਗਿਆ। ਜਦੋਂ ਸਾਲ ਪਹਿਲਾਂ ਮੇਰਾ ਇਕ ਲੇਖ 'ਮੈਲਬਰਨ ਵਿੱਚ ਭੰਨੇ ਸ਼ੀਸ਼ੇ ਦੀ ਗੂੰਜ' ਦੁਨੀਆ ਭਰ ਚ ਛਪਿਆ ਸੀ ਤਾਂ ਉਸ ਵਕਤ ਕੁੱਝ ਲੋਕਾਂ ਨੂੰ ਇਹ ਫ਼ਾਲਤੂ ਦੀਆਂ ਗੱਲਾਂ ਲੱਗਿਆ ਸੀ। ਪਰ ਹੁਣ ਤੁਸੀ ਉਸ ਲੇਖ ਨੂੰ ਪੜ੍ਹ ਕੇ ਦੇਖੋ (ਾ.ਮਨਿਟੁਬਰaਰ.ਚੋਮ) ਤੁਹਾਨੂੰ ਉਸ ਲੇਖ ਦਾ ਅੱਖਰ-ਅੱਖਰ ਸੱਚ ਹੋਇਆ ਜਾਪੇਗਾ।  ਸੋ ਹੁਣ ਤਾਂ ਲੋੜ ਹੈ ਬਹੁਤ ਹੀ ਸੂਝ ਬੂਝ ਨਾਲ ਕਦਮ ਚੁੱਕਣ ਦੀ ਨਾ ਕਿ ਕੁੱਝ ਇੱਕ ਮੌਕਾ ਪ੍ਰਸਤਾਂ ਪਿੱਛੇ ਲਗ ਕੇ ਸਦਾ ਲਈ ਆਪਣੇ ਰਾਹ ਬੰਦ ਕਰਨ ਦੀ। ਹਾਲੇ ਵੀ ਆਸ ਦੀ ਕਿਰਨ ਦਿੱਖ ਰਹੀ ਹੈ ਬਸ ਲੋੜ ਹੈ ਇਸ ਮੁਲਕ ਦੇ ਕਾਨੂੰਨ ਦੀ ਕਦਰ ਕਰਦੇ ਹੋਏ ਆਪਣੀ ਗੱਲ ਸਰਕਾਰੇ ਦਰਬਾਰੇ ਪਹੁੰਚਾਉਣ ਦੀ।

ਅਖੀਰ ਵਿੱਚ ਇਸ ਸਚਾਈ ਨੂੰ ਖੁਲ੍ਹੇ ਦਿਲ ਨਾਲ ਮੰਨੋ ਕਿ ਸਾਡਾ ਉਨ੍ਹਾਂ ਨੁਕਸਾਨ ਨਸਲਵਾਦ ਨੇ ਨਹੀਂ ਕੀਤਾ ਜਿਨ੍ਹਾਂ ਅਸਲਵਾਦ ਨੇ ਕੀਤਾ ਤੇ ਕਰ ਰਿਹਾ। ਇਹ ਤਾਂ ਸ਼ੁਕਰ ਹੈ ਕਿ ਉਸ ਕੁਦਰਤ ਦਾ ਜਿਸ ਨੇ ਪੰਜਾਂ ਉਂਗਲਾਂ ਨੂੰ ਇਕੋ ਜਿਹਾ ਨਹੀਂ ਬਣਾਇਆ ਤੇ ਅੱਜ ਵੀ ਮੇਰੇ ਬਹੁਤ ਸਾਰੇ ਅਸਲੀ ਹਰ ਥਾਂ ਤੇ ਸਹਿਯੋਗ ਕਰ ਰਹੇ ਹਨ। ਆਸਟ੍ਰੇਲੀਆ ਦੀ ਪੰਜਾਬੀ ਪ੍ਰੈੱਸ ਤੁਹਾਡੀ ਗੱਲ ਸਰਕਾਰੇ ਦਰਬਾਰੇ ਪਹੁੰਚਾਉਣ ਲਈ ਹਰ ਸਮੇਂ ਤੁਹਾਡੀ ਮਦਦ ਕਰ ਰਹੀ ਹੈ। ਸੋ ਆਓ ਇਸ ਬਾਰ ਇਸ ਮੋਰਚੇ 'ਤੇ ਬਿਨਾਂ ਇਕ ਦੂਜੇ ਦੀਆਂ ਲੱਤਾਂ ਖਿੱਚੇ ਸਹਿਯੋਗ ਦੇਈਏ ਅਤੇ ਮੋਰਚਾ ਫਤਹਿ ਕਰ ਕੇ ਦੁਨੀਆ ਨੂੰ ਦਿਖਾ ਦੇਈਏ ਕਿ ਹੁਣ ਅਸੀਂ ਅਸਲਵਾਦ ਛੱਡ ਦਿਤਾ ਹੈ।

ਪਰ ਇਸ ਸਾਰੇ ਲੇਖ ਦੌਰਾਨ ਜਸਵਿੰਦਰ ਭੱਲੇ ਦਾ  ਇਹ ਵਿਅੰਗ ਮੇਰੇ ਜਿਹਨ ਚ ਹਰ ਵਕਤ ਘੁੰਮਦਾ ਰਿਹਾ ਤੇ ਉਮੀਦ ਹੈ ਤੁਸੀ ਵੀ ਇਸ ਵਿਅੰਗ ਨਾਲ ਸਹਿਮਤ ਹੋਵੋਗੇ ਕਿ;
                           
ਸਾਡੀ ਕਿਸ਼ਤੀ ਉੱਥੇ ਡੁੱਬੀ ਜਿਥੇ ਪਾਣੀ ਕਮ ਸੀ, ਸਾਨੂੰ ਆਪਣਿਆ ਹੀ ਵੱਡਿਆ, ਨਹੀਂ ਤਾਂ ਗ਼ੈਰਾਂ ਦੀ ਕੁੱਤੀ ਵਿੱਚ ਕਿੱਥੇ ਦਮ ਸੀ।

Tuesday, June 15, 2010

ਰਵਿੰਦਰ ਰਵੀ ਦਾ ਕਾਵਿ-ਨਾਟਕ: "ਚੱਕ੍ਰਵਯੂਹ ਤੇ ਪਿਰਾਮਿਡ" -ਨਿਰੰਜਨ ਬੋਹਾ

ਰਵਿੰਦਰ ਰਵੀ ਦਾ ਕਾਵਿ-ਨਾਟਕ: "ਚੱਕ੍ਰਵਯੂਹ ਤੇ ਪਿਰਾਮਿਡ"

ਨਿਰੰਜਨ ਬੋਹਾ
ਰਵਿੰਦਰ ਰਵੀ ਨਾ ਕੇਵਲ ਪੰਜਾਬੀ ਪ੍ਰਯੋਗਵਾਦੀ ਕਾਵਿ-ਖੇਤਰ ਦਾ ਮੋਢੀ ਕਵੀ ਹੈ, ਸਗੋਂ ਉਸ ਨੇ ਪੰਜਾਬੀ ਕਾਵਿ-ਨਾਟਕ ਦੇ ਖੇਤਰ ਵਿਚ ਵੀ ਕਈ ਨਵੇਂ ਤੇ ਨਿਵੇਕਲੇ ਪ੍ਰਯੋਗ ਕਰ ਕੇ , ਉਸ ਨੂੰ ਵਿਸ਼ਵ ਪੱਧਰ „ਤੇ ਪੈਦਾ ਹੋਣ ਵਾਲੀਆਂ ਆਧੁਨਿਕ ਸਾਹਿਤਿਕ ਪਰਵਿਰਤੀਆਂ ਦਾ ਹਾਣੀ ਬਣਾਇਆ ਹੈ! ਪਿਛਲੇ ਚਾਰ ਦਹਾਕਿਆਂ ਤੋਂ ਕੈਨੇਡਾ ਵਿਚ ਰਹਿ ਰਹੇ ਇਸ ਲੇਖਕ ਨੇ ਪੱਛਮੀਂ ਮੁਲਕਾਂ ਦੇ ਰੰਗ-ਮੰਚ ਦੀ ਅਤਿ ਵਿਕਸਿਤ ਤਕਨੀਕੀ ਮੁਹਾਰਤ ਨੂੰ ਵਰਤੋਂ ਵਿਚ ਲਿਆ ਕੇ, ਪੰਜਾਬੀ ਰੰਗ-ਮੰਚ ਦੀ ਪੇਸ਼ਕਾਰ ਸਮਰੱਥਾ ਵਿਚ ਅਥਾਹ ਵਾਧਾ ਕੀਤਾ ਹੈ!
"ਚੱਕ੍ਰਵਯੂਹ ਤੇ ਪਿਰਾਮਿਡ" ਉਸ ਦਾ ਬਾਰ੍ਹਵਾਂ ਕਾਵਿ-ਨਾਟਕ ਹੈ, ਜੋ ਕੰਪਿਊਟਰੀ ਯੁਕਤਾਂ, ਪ੍ਰਗੀਤਕ ਸ਼ੈਲੀ, ਨ੍ਰਿਤ ਤੇ ਸੰਗੀਤ ਦੇ ਸੁੰਦਰ ਸੁਮੇਲ ਰਾਹੀਂ ਆਪਣੀ ਵੱਖਰੀ ਕਲਾਤਮਿਕ ਪਹਿਚਾਣ ਸਥਾਪਤ ਕਰਦਾ ਹੈ! ਇਹ ਨਾਟਕ ਸਥਾਨਕਤਾ ਦੀਆਂ ਹੱਦਬੰਦੀਆਂ ਤੋੜ ਕੇ ਆਧੁਨਿਕ ਵਿਸ਼ਵੀ ਮਨੁੱਖ ਦੀ ਹੋਂਦ ਨਾਲ ਜੁੜੇ ਭਵਿੱਖ, ਭੁਤ ਤੇ ਵਰਤਮਾਨ-ਰੂਪੀ ਤ੍ਰੈਕਾਲਕ ਪਾਸਾਰਾਂ ਨੂੰ ਯਥਾਰਥਕ ਰੂਪ ਵਿਚ ਪ੍ਰਤੀਬਿੰਬਤ ਕਰਦਾ ਹੈ!
ਨਾਟਕ ਪ੍ਰਾਚੀਨ ਮਿਸਰੀ ਸੱਭਿਅਤਾ ਨੂੰ ਉਜਾਗਰ ਕਰਦੇ ਪਿਰਾਮਿਡਾਂ, ਮੰਮੀਆਂ ਤੇ ਕੰਧ-ਚਿਤਰਾਂ ਨੂੰ ਪ੍ਰਤੀਕ ਵਜੋਂ ਵਰਤਕੇ, ਆਧੁਨਿਕ ਮਨੁੱਖ ਦੀ ਵਿਨਾਸ਼ਕ ਹੋਣੀ ਬਾਰੇ ਕਈ ਭਵਿੱਖ-ਮੁਖੀ ਸੰਕੇਤ ਕਰਦਾ ਹੈ! ਲੇਖਕ ਅਨੁਸਾਰ ਹਰ ਸੱਭਿਅਤਾ ਦੇ ਅੰਤਰਮੁਖੀ ਤੇ ਬਾਹਰਮੁਖੀ ਟੱਕਰਾਅ ਹੀ ਉਸ ਦੇ ਅੰਤ ਨੂੰ ਨਿਸ਼ਚਿਤ ਕਰਦੇ ਹਨ! ਮਿਸਰੀ ਸੱਭਿਅਤਾ ਵਾਂਗ ਟੱਕਰਾਵਾਂ ਦੇ ਦੌਰ ਵਿੱਚੋਂ ਲੰਘ ਰਹੀ ਆਧੁਨਿਕ ਯੁੱਗ ਦੀ ਸੱਭਿਅਤਾ ਦਾ ਅੰਤ ਵੀ ਹੁਣ ਨੇੜੇ ਹੈ!
ਨਾਟਕ ਦੀਆਂ ਨੌਂ ਝਾਕੀਆਂ ਅੱਜ ਦੇ ਮਨੁੱਖ ਨੂੰ ਚੱਕ੍ਰਵਿਯੂਹ ਵਿਚ ਉਲਝਾਉਣ ਤੇ ਇਸ ਦੇ ਵਿਨਾਸ਼ ਨੂੰ ਯਕੀਨੀ ਬਨਾਉਣ ਵਾਲੀਆਂ ਕਈ ਗਲੋਬਲੀ ਸਮੱਸਿਆਵਾਂ ਦਾ ਖੁਲਾਸਾ ਕਰਦੀਆਂ ਹਨ! ਨਾਟਕ ਰਾਹੀਂ ਵਿਸ਼ਵ ਪੱਧਰ „ਤੇ ਪ੍ਰਦੂਸ਼ਤ ਹੋ ਰਹੇ ਵਾਤਾਵਰਣ ਤੇ ਵਿਅਕਤੀਵਾਦ ਨੂੰ ਉਤਸ਼ਾਹਤ ਕਰ ਰਹੀ ਮਹਾਂਨਗਰੀ ਚੇਤਨਾਂ, ਟੈਸਟ ਟਿਊਬਾਂ ਰਾਹੀਂ ਅੋਲਾਦ ਪੈਦਾ ਕਰਨ ਦੇ ਗ਼ੇਰ-ਕੁਦਰਤੀ ਰੁਝਾਣ, ਦੇਹ-ਵਿਲਾਸੀ ਭੋਗ ਸੱਭਿਆਚਾਰ, ਵਧ ਰਹੇ ਨਸ਼ੇ, ਹਿੰਸਾ, ਤਬਾਹੀ, ਭ੍ਰਿਸ਼ਟ ਹੋ ਚੁੱਕੀ ਸਿਆਸਤ ਅਤੇ ਵਿਸ਼ਵੀ ਇਜਾਰੇਦਾਰੀ ਕਾਰਨ ਪੈਦਾ ਹੋ ਰਹੀ ਬੇਕਾਰੀ, ਬੇਰੁਜ਼ਗਾਰੀ ਤੇ ਭੁੱਖਮਰੀ ਦੀ ਸਮੱਸਿਆ ਬਾਰੇ ਵਿਸਥਾਰਤ ਚਰਚਾ ਕਰ ਕੇ, ਇਹ ਨਾਟਕ, ਸਮਾਜਕ ਵਿਕਾਸ ਦੇ ਵਿਸ਼ਵੀ ਮਾਡਲ ਤੇ ਮੰਡੀ ਕਲਚਰ ਨੂੰ ਪੂਰੀ ਤਰ੍ਹਾਂ ਰੱਦ ਕਰਦਾ ਹੈ! ਪੁਸਤਕ ਦੀ ਆਖਿਰੀ ਤੇ ਦਸਵੀਂ ਝਾਕੀ ਮੋਹ, ਮੁਹੱਬਤ ਤੇ ਪਿਆਰ ਦੀਆਂ ਭਾਵਨਾਵਾਂ ਰਾਹੀਂ, ਸਮਾਜਕ ਵਿਵਸਥਾ ਦੇ ਮਨੁੱਖਤਾਵਾਦੀ ਤਰਜ਼ ਦੇ ਪੁਨਰ-ਉਸਾਰ ਦੀ ਚੇਤਨਾਂ ਪੈਦਾ ਕਰਦੀ ਹੈ!
ਇਹ ਨਾਟਕ ਪੂਰੀ ਤਰ੍ਹਾਂ ਮਹਾਂ-ਕਾਵਿਕੀ ਗੁਣਾਂ ਦਾ ਧਾਰਨੀ ਹੈ! ਭਾਵੇਂ ਕੰਪਿਊਟਰੀ ਯੁਕਤਾਂ, ਪ੍ਰਾਜੈਕਟਰ ਸਲਾਈਡਾਂ, ਵੀਡੀਓ ਤੇ ਟੀ.ਵੀ. ਸੁਵਿਧਾਵਾਂ ਇਸ ਦੀ ਪੇਸ਼ਕਾਰੀ ਦੀ ਮੁੱਢਲੀ ਲੋੜ ਹਨ, ਪਰ ਲੇਖਕ ਨੇ ਪੰਜਾਬੀ ਥੀਏਟਰ ਦੀਆਂ ਸੀਮਾਵਾਂ ਤੇ ਸਮਰੱਥਾਵਾਂ ਨੂੰ ਧਿਆਨ ਵਿਚ ਰੱਖਕੇ ਇਸ ਦੇ ਪ੍ਰਸਤੁਤੀਕਰਨ ਵਿਚ ਕੁਝ ਲਚਕ ਵੀ ਰੱਖੀ ਹੈ! ਨਾਟਕ ਵਿਚ ਦਰਪੇਸ਼ ਘਟਨਾਕ੍ਰਮ ਦੇ ਇਤਿਹਾਸਿਕ ਪਿਛੋਕੜ ਨੂੰ ਸੂਤਰਧਾਰ ਦੇ ਬੋਲਾਂ ਰਾਹੀਂ ਵੀ ਉਜਾਗਰ ਕੀਤਾ ਜਾ ਸਕਦਾ ਹੈ! ਇਸ ਨਾਟਕ ਦੇ ਪਾਤਰਾਂ ਦੀ ਵੇਸ ਭੂਸ਼ਾ ਵੀ ਵੱਖ ਵੱਖ ਦੇਸ਼ਾਂ ਦੀਆਂ ਸਥਿਤੀਆਂ ਤੇ ਸੁਵਿਧਾਵਾਂ ਅਨੁਸਾਰ ਤਬਦੀਲ ਕੀਤੀ ਜਾ ਸਕਦੀ ਹੈ! ਉਮੀਦ ਹੈ ਕਿ ਪੰਜਾਬੀ ਰੰਗ-ਮੰਚ ਦੇ ਉੱਦਮੀਂ ਨਿਰਦੇਸ਼ਕ ਇਸ ਬਹੁ-ਪ੍ਰਯੋਗੀ ਨਾਟਕ ਨੂੰ ਮੰਚਿਤ ਕਰਨ ਦੀ ਚੁਣੌਤੀ ਨੂੰ ਜ਼ਰੂਰ ਸਵੀਕਾਰ ਕਰਨਗੇ!
ਪੁਸਤਕ ਵਿਚ ਰਵੀ ਦੇ ਹੋਰ ਕਾਵਿ-ਨਾਟਕਾਂ: "ਬੀਮਾਰ ਸਦੀ", "ਚੌਕ ਨਾਟਕ", "ਰੂਹ ਪੰਜਾਬ ਦੀ", "ਸਿਫਰ ਨਾਟਕ", "ਮਨ ਦੇ ਹਾਣੀ", "ਮਖੌਟੇ ਤੇ ਹਾਦਸੇ", "ਮੱਕੜੀ ਨਾਟਕ" ਆਦਿ ਦੀ ਵੱਖ, ਵੱਖ ਥਾਵਾਂ „ਤੇ ਹੋਈ ਪੇਸ਼ਕਾਰੀ ਦੀ ਰਿਪੋਰਟਿੰਗ ਤਸਵੀਰਾਂ ਸਮੇਤ ਪੇਸ਼ ਕੀਤੀ ਗਈ ਹੈ!
ਨਵੀਂ ਪੀੜ੍ਹੀ ਦੇ ਪਾਠਕ ਰਵਿੰਦਰ ਰਵੀ ਦੇ ਰਚਨਾ ਸੰਸਾਰ, ਉਸ „ਤੇ ਹੋਏ ਆਲੋਚਨਾਤਮਕ ਕਾਰਜ ਅਤੇ ਪ੍ਰਾਪਤ ਇਨਾਮਾਂ ਸਨਮਾਨਾਂ ਬਾਰੇ ਵਿਸਥਾਰਤ ਜਾਣਕਾਰੀ ਪੜ੍ਹ ਕੇ ਉਸ ਦੀ ਬਹੁ-ਪੱਖੀ, ਬਹੁ-ਅਰਥੀ ਤੇ ਬਹੁ-ਪਾਸਾਰੀ ਮਿਕਨਾਤੀਸੀ ਸਾਹਿਤਿਕ ਸ਼ਖਸੀਅਤ ਬਾਰੇ ਬਹੁਤ ਕੁਝ ਜਾਣ ਸਕਦੇ ਹਨ!
ਕੁਲ ਮਿਲਾ ਕੇ ਇਹ ਪੁਸਤਕ ਕਾਵਿ-ਨਾਟਕ ਖੇਤਰ ਦੀ ਇੱਕ ਮੁੱਲਵਾਨ ਪ੍ਰਾਪਤੀ ਹੈ!
**************

ਸਮਾਜ ਅਤੇ ਕਾਨੂੰਨ ਵਿੱਚਕਾਰ ਫਸੀ ਇੱਕ ਕੁੜੀ -ਬੀਰਿੰਦਰ ਸਿੰਘ ਢਿੱਲੋਂ ਐਡਵੋਕੇਟ

ਸਮਾਜ ਅਤੇ ਕਾਨੂੰਨ ਵਿੱਚਕਾਰ ਫਸੀ  ਇੱਕ  ਕੁੜੀ 

ਬੀਰਿੰਦਰ ਸਿੰਘ ਢਿੱਲੋਂ ਐਡਵੋਕੇਟ

          ਖੁਦ ਨੂੰ ਸਾਂਭਣ ਤੋਂ ਅਸਮਰੱਥ ਅਤੇ ਬੇਸਹਾਰਾ ਉਸ ਕੁੜੀ ਨੂੰ , ਸਮਾਜ ਵਿਚਲੇ ਲੂੰਬੜਾਂ ਬਘਿਆੜਾਂ ਤੋਂ ਬਚਾਉਣ ਲਈ ਚਾਰ ਦਿਵਾਰੀ ਵਿੱਚ ਰੱਖਿਆ ਗਿਆ ਸੀ। ਪਰ ਬਘਿਆੜ ਤਾਂ ਇੱਥੇ ਵੀ ਸਨ। ਇੱਕ ਦਿਨ ਅਚਾਣਕ ਉਲਟੀਆਂ ਕਰਦੀ ਨੂੰ ਨਰਸ ਅਤੇ ਇੱਕ  ਸਵੈ ਸੇਵਕ ਨੇ ਵੇਖ ਲਿਆ। ਮਾਂਮਲਾ ਸ਼ੱਕੀ ਲੱਗਣ ਤੇ ਉਨ੍ਹਾਂ ਕੁੜੀ ਦਾ  ਟੈਸਟ ਕੀਤਾ ਤਾਂ ਕੁੜੀ ਗਰਭਵਤੀ ਸੀ। ਨਾਰੀ ਨਿਕੇਤਣ ਦੇ ਪ੍ਰਬੰਧਕਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ। ਉਹ ਨਾਬਾਲਗ ਕੁੜੀ ਆਪਣੇ ਹੀ ਰਾਖਿਆਂ ਤੇ ਸੇਵਾਦਾਰਾਂ ਦੇ ਬਲਾਤਕਾਰ ਦਾ ਸ਼ਿਕਾਰ ਹੋ ਰਹੀ ਸੀ। ਪ੍ਰਬੰਧਕਾਂ ਨੇ ਹਸਪਤਲ ਨੂੰ ਫੋਂਨ ਕਰ ਦਿੱਤਾ।ਹਸਪਤਾਲ ਦੇ ਅਧਿਕਾਰੀਆਂ ਨੇ ਤੁਰੰਤ ਤਿੰਂਨ ਡਾਕਟਰਾਂ ਦਾ ਬੋਰਡ ਬਣਾ ਕੇ ਕੁੜੀ ਦਾ ਮੁਆਇਨਾਂ ਕੀਤਾ ਤਾਂ ਕੁੜੀ ਢਾਈ ਮਹੀਨਿਆਂ ਦੀ ਗਰਭਵਤੀ ਪਾਈ ਗਈ। ਘਟਣਾ ਹਸਪਤਾਲੋਂ ਨਿੱਕਲ ਕੇ ਅਖਬਾਰਾਂ ਦੀ ਸੁਰਖੀ ਬਣ ਗਈ। ਮੀਡੀਏ ਨੂੰ ਸਨਸਨੀਂ ਖੇਜ ਖਬਰ ਮਿਲ ਗਈ। ਹੁਣ?
      ਘਬਰਾਏ ਪ੍ਰਬੰਧਕਾਂ ਨੂੰ ਅਜੇ ਵੀ ਆਸ ਸੀ ਕਿ ਖਬਰ ਝੂਠੀ ਨਿੱਕਲ ਜਾਵੇ। ਫਿਰ ਤੋਂ ਕੁੜੀ ਦਾ ਅਲਟਰਾ ਸਾਊਂਡ ਟੈੱਸਟ ਕਰਾਇਆ ਗਿਆ। ਡਾਕਟਰ ਨੇ ਲਿਖ ਕੇ ਦੇ ਦਿੱਤਾ ਕਿ ਕੁੜੀ ਗਰਭ ਵਤੀ ਹੈ। ਸੂਬੇ ਵੱਚ ਰੌਲਾ ਪੈ ਗਿਆ ਤੇ ਵਿਰੋਧੀ ਪਾਰਟੀ ਨੇ ਸਰਕਾਰ ਤੇ ਮਿਹਣਿਆਂ ਦੀ ਬੁਛਾੜ ਕਰ ਦਿੱਤੀ। ਉਨ੍ਹਾਂ ਨੂੰ ਮਸੀਂ ਮੌਕਾ ਮਿਲਿਆ ਸੀ ਸੂਬੇ ਵਿੱਚ ਅਮਨ ਕਾਨੂੰਨ ਦਾ ਮਸਲਾ ਉਠਾਉਣ ਦਾ। ਕਈ ਚਿਰ ਤੋਂ ਵਿਹਲੀਆਂ ਬੈਠੀਆਂ ਅਨੇਕਾਂ ਜਥੇਬੰਦੀਆਂ ਤੇ ਸੰਸਥਾਵਾਂ ਸੜਕਾਂ ਤੇ ਨਿੱਕਲ ਆਈਆਂ। ਉੱਧਰ ਹਸਪਤਾਲ ਵਿੱਚ ਕੁੜੀ ਦਾ ਹੱਡੀਆਂ ਦਾ ਟੈਸਟ ਕੀਤਾ ਗਿਆ ਤਾਂ ਉਹਦੀ ਉਮਰ 19 ਤੋਂ 20 ਸਾਲ ਦੇ ਵਿਚਕਾਰ ਸਾਬਤ ਹੋ ਗਈ । ਟੀæ ਵੀæ ਚੈਨਲਾਂ ਨੇ ਧਰਤੀ ਪੁੱਟ ਸਿੱਟੀ। ਪੱਤਰਕਾਰ ਹਸਪਤਾਲ ਵਿੱਚ ਪਈ ਕੁੜੀ ਦੇ ਮੂੰਹ ਅੱਗੇ ਮਾਇਕ ਕਰਕੇ ਪੁੱਛਣ ਲੱਗੇ ਕਿ "ਹੁਣ ਤੁਸੀਂ ਕਿਵੇਂ ਮਹਿਸੂਸ ਕਰ ਰਹੇ ਹੋ? ਕੀ ਤੁਸੀਂ ਮਾਂ ਬਨਣਾ ਪਸੰਦ ਕਰੋਗੇ?" ਪ੍ਰਸ਼ਾਸਨ ਹਰਕਤ ਵਿੱਚ ਆਇਆ ਤੇ ਪੁਲਿਸ ਨੇ ਮੰਦਬੁੱਧੀ ਕੁੜੀ ਨਾਲ ਹੋਏ ਬਲਾਤਕਾਰ ਦਾ ਮੁਕੱਦਮਾਂ ਦਰਜ ਕਰ ਲਿਆ। ਉੱਧਰ ਮਾਂਮਲੇ ਦੀ ਸੰਜੀਦਗੀ ਵੇਖਦਿਆਂ ਸਰਕਾਰ ਨੇ ਤਿੰਨ ਪੁਲਿਸ ਅਫਸਰਾਂ ਦੀ ਜਾਂਚ ਟੀਂਮ ਬਣਾਕੇ ਵਾਲ ਦੀ ਖੱਲ ਲਾਹੁਣੀ ਸ਼ੁਰੂ ਕਰ ਦਿੱਤੀ। ਪਰ ਮੁਲਜਮਾਂ ਨੂੰ ਸਜਾ ਦਵਾਉਣ ਤੋਂ ਪਹਿਲਾਂ ਇੱਕ ਹੋਰ ਸਵਾਲ ਮੂੰਹ ਅੱਡ ਖਲੋਤਾ।
           ਹਸਪਤਾਲ ਵਿੱਚ ਅਧਿਕਾਰੀ ਕਦੀ ਦੋ ਡਾਕਟਰਾਂ ਦਾ ਤੇ ਕਦੀ ਤਿੰਨ ਦਾ ਬੋਰਡ ਬਣਾਕੇ ਇਹ ਪਤਾ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਕਿ ਕੀ ਕੁੜੀ ਬੱਚਾ ਪੈਦਾ ਕਰਨ ਦੇ ਕਾਬਲ ਹੈ ਜਾਂ ਨਹੀਂ। ਅਸਲ ਵਿੱਚ ਹੁਣ ਹਰ ਕੋਈ ਆਪੋ ਆਪਣੀ ਖੱਲ ਬਚਾਉਣ ਦੀ ਸੋਚਣ ਲੱਗਾ ਕਿ ਕਿਤੇ ਕਾਨੂੰਨ ਦਾ ਗਜ ਮੇਰੇ ਤੇ ਨਾ ਡਿੱਗ ਪਵੇ। ਡਾਕਟਰੀ ਸਲਾਹ ਇਹ ਬਣੀ ਕਿ ਕੁੜੀ ਦਾ ਗਰਭ ਪਾਤ ਕੀਤਾ ਜਾਵੇ। ਵਰਨਾਂ ਕੁੜੀ ਦੀ ਸਿਹਤ ਤੇ ਜਿੰਦਗੀ ਨੂੰ ਖਤਰਾ ਤਾਂ ਹੈ ਹੀ ਬਲਕਿ ਪੈਦਾ ਹੋਣ ਵਾਲਾ ਬੱਚਾ ਵੀ ਨਾਰਮਲ ਨਹੀਂ ਹੋਵੇਗਾ। ਬਲਾਤਕਾਰ ਦੀ ਸ਼ਿਕਾਰ ਇਹ ਮੰਦ ਬੁੱਧੀ ਕੁੜੀ ਮਾਂ ਵਾਲੇ ਫਰਜ ਨਿਭਾਉਣ ਦੇ ਵੀ ਅਸਮਰੱਥ ਹੈ। ਦਸ ਦਲੀਲਾਂ ਦੇ ਕੇ ਡਾਕਟਰਾਂ ਨੇ ਗਰਭਪਾਤ ਦੀ ਸਿਫਾਰਸ਼ ਕਰ ਦਿੱਤੀ। ਪਰ ਅਗਾਂਹ ਕਾਨੂੰਨ ਲੋਹੇ ਦਾ ਕਿੱਲ ਬਣਿਆ ਖੜਾਂ ਸੀ। ਔਰਤ ਦੀ ਮਰਜੀ ਤੋਂ ਵਗੈਰ ਗਰਭਪਾਤ ਕਰਨ ਦੀ ਸਜਾ ਉਮਰ ਕੈਦ ਅਤੇ ਸਹਿਮਤੀ ਨਾਲ ਗਰਭਪਾਤ ਕਰਨ ਤੇ ਸੱਤ ਸਾਲ ਸੀ। ਉੱਪਰੋਂ ਗਰਭਪਾਤ ਤਿੰਨ ਮਹੀਨਿਆਂ ਤੋਂ ਪਿੱਛੋਂ ਨਹੀਂ ਸੀ ਕੀਤਾ ਜਾ ਸਕਦਾ। ਪਰ ਜੱਚਾ ਬੱਚਾ ਦੀ ਸਿਹਤ ਤੇ ਸੁਰੱਖਿਆ ਲਈ ਭਾਰਤੀ ਕਾਨੂੰਨ ਗਰਭਪਾਤ ਕਰਨ ਦੀਂ ਛੋਟ ਦਿੰਦਾ ਹੈ । ਇਹਦੇ ਲਈ ਗਰਭਵਤੀ ਔਰਤ ਜਾਂ ਉਸਦੇ ਵਾਰਸ ਦੀ ਸਹਿਮਤੀ ਹੋਣੀ ਜਰੂਰੀ ਹੈ।  ਪਰ ਮੰਦ ਬੁੱਧੀ ਕੁੜੀ ਤਾਂ ਸਹਿਮਤੀ ਦੇਣ ਤੋਂ ਅਸਮਰੱਥ ਸੀ ਤੇ ਉੱਤੋਂ ਲਾਵਾਰਸ ਵੀ ਸੀ। ਭਾਰਤ ਵਰਗੇ ਦੇਸ਼ ਵਿੱਚ ਜਿੱਥੇ ਹਰ ਗਲਤੀ ਦੂਜਿਆਂ ਤੇ ਸੁੱਟਕੇ ਆਪਣੀ ਖੱਲ ਬਚਾਉਣ ਦਾ ਰਿਵਾਜ ਹੈ, ਕੋਈ ਡਾਕਟਰ ਜਾਂ ਅਫਸਰ ਆਪਣੇ ਸਿਰ ਕਿਉਂ ਜਿੰਮੇਵਾਰੀ ਲਵੇ। ਜਰਾ ਜਿੰਨੀ ਗਲਤੀ ਹੋਣ ਤੇ ਕੋਈ ਵੀ ਸੜਕ ਛਾਪ ਨੇਤਾ ਧਰਨੇਂ ਤੇ ਬੈਠ ਸਕਦਾ ਸੀ। ਹੁਣ?
       ਉੱਚ ਅਧਿਕਾਰੀਆਂ ਨੇ ਆਪਣੇ ਵਕੀਲ ਦੀ ਸਲਾਹ ਪੁੱਛੀ। ਵਕੀਲ ਨੇ ਸਰਕਾਰ ਵੱਲੋਂ ਹਾਈਕੋਰਟ ਵਿੱਚ ਰਿੱਟ ਪਾ ਦਿੱਤੀ ਕਿ ਕੁੜੀ ਦਾ ਗਰਭਪਾਤ ਕਰਨ ਦਾ ਹੁਕਮ ਦਿੱਤਾ ਜਾਵੇ। ਅਗਾਂਹ ਜੱਜ ਵੀ ਰੋਜ ਮੀਡੀਏ ਵੱਲੋਂ ਪਾਇਆ ਜਾ ਰਿਹਾ ਚੀਖ ਚਿਹਾੜਾ ਸੁਣਦੇ ਆ ਰਹੇ ਸਨ। ਡਵੀਜਨ ਬੈਂਚ ਨੇ ਮਿਸਲ ਹੱਥ ਫੜ੍ਹਦਿਆਂ ਹੀ ਸਰਕਾਰ ਦੇ ਐਡਵੋਕੇਟ ਜਰਨਲ ਨੂੰ ਸਵਾਲ ਕੀਤਾ, " ਇਹ ਕੰਮ ਸਥਾਂਨਕ ਪੱਥਰ ਤੇ ਹੀ ਕੀਤਾ ਜਾ ਸਕਦਾ ਸੀ।ਫਿਰ ਜਹਾਂਗੀਰ ਦਾ ਟੱਲ ਖੜਕਾਉਣ ਦੀ ਲੋੜ ਕਿਉਂ ਪਈ ?" ਵਕੀਲ ਦਾ ਜਵਾਬ ਸੀ, "ਮਾਈ ਲੌਰਡ 'ਕਾਨੂਂਨੀ ਨੁਕਤਾ' ਸਪੱਸ਼ਟ ਕਰਨ ਦੀ ਲੋੜ ਹੈ।" ਇਹ 'ਕਾਨੂੰਨੀ ਨੁਕਤਾ' ਨਿਆਂ ਪਾਲਿਕਾ ਵਿੱਚ ਜੱਜਾਂ ਤੇ ਵਕੀਲਾਂ ਦਾ ਕੋਡ ਵਰਡ ਹੈ ਜਿਸਦਾ ਮਤਲਬ ਹੁੰਦਾ ਹੈ, " ਆਪਾਂ ਵੀ ਤਾਂ ਰੋਟੀ ਖਾਣੀ ਹੈ"।
           ਹਾਈ ਕੋਰਟ ਨੇ ਸੁਣਵਾਈ ਤੋਂ ਬਾਅਦ ਪੰਜਾਬ, ਹਰਿਆਣਾ ਅਤੇ ਕੇਂਦਰ ਸਰਕਾਰਾਂ ਨੂੰ ਆਪੋ ਆਪਣੇ ਪੱਖ ਪੇਸ਼ ਕਰਨ ਲਈ ਨੋਟਿਸ ਜਾਰੀ ਕਰ ਦਿੱਤਾ । ਨਾਲ ਹੀ ਅਦਾਲਤ ਦੀ ਮੱਦਤ ਲਈ ਇੱਕ ਸੀਨੀਅਰ ਵਕੀਲ ਨੂੰ ਆਪਣਾ ਵਕੀਲ ਨਿਯੁੱਕਤ ਕਰ ਦਿੱਤਾ। ਗੱਲ ਸਧਾਰਣ ਗਰਭਪਾਤ ਤੋਂ ਲੈ ਕੇ ਸਮਾਜ, ਕਾਨੂੰਨ ਅਤੇ ਮਨੁੱਖਤਾ ਦੀ ਟੱਕਰ ਵਿੱਚ ਬਦਲ ਗਈ। ਬਲਾਤਕਾਰ ਕੀ ਹੁੰਦਾ ਹੈ? ਸਹਿਮਤੀ ਕਿਸਨੂੰ ਕਹਿੰਦੇ ਹਨ? ਮੰਦਬੁੱਧੀ ਕੀ ਹੁੰਦੀ ਹੈ? ਮਾਂ ਬਨਣ ਦੀਆਂ ਕੀ ਜਿੰਮੇਵਾਰੀਆਂ ਹਨ? ਗਰਭ ਕਦੋਂ ਜਰੂਰੀ ਹੈ? ਕੁਆਰੀ ਕੁੜੀ ਦੇ ਪੈਦਾ ਹੋਏ ਬੱਚੇ ਨੂੰ ਸਮਾਜ ਕਿਵੇਂ ਲਵੇਗਾ? ਵਰਗੇ ਨੁਕਤਿਆਂ ਤੇ ਵਾਲ ਦੀ ਖੱਲ ਲਾਹੀ ਜਾਣ ਲੱਗੀ। ਉੱਤੋਂ ਵਕਤ ਦੌੜ ਰਿਹਾ ਸੀ। ਅਦਾਲਤ ਜਾਨਣਾ ਚਾਹੁੰਦੀ ਸੀ ਕਿ ਕੀ ਸੱਚਮੁੱਚ ਹੀ ਗਰਭਪਾਤ ਦੀ ਲੋੜ ਹੈ? ਇਸ ਲਈ ਸਹਿਮਤੀ ਕਿਸ ਦੀ ਲਈ ਜਾਵੇ?  ਅਦਾਲਤ ਹੁਕਮ ਕਰੇ ਤਾਂ ਕਿਸ ਨੂੰ ਕਰੇ? ਸਾਰੀਆਂ ਧਿਰਾਂ ਨੇ ਸਾਂਝਾ ਸਵਾਲ ਰਿੜਕਿਆ ਕਿ ਅਗਾਂਹ ਤੋਂ ਅਜਿਹੀ ਦੁਬਿੱਧਾ ਤੋਂ ਬਚਣ ਲਈ ਕੀ ਕੀਤਾ ਜਵੇ ? ਵੱਡਾ ਸਵਾਲ ਇਹ ਵੀ ਸੀ ਕਿ ਸਮਾਜ,ਕਾਨੂੰਨ ਅਤੇ ਮਨੁੱਖਤਾ ਵਿੱਚੋਂ ਕਿਸ ਨੂੰ ਵੱਧ ਵਜਨ ਦਿੱਤਾ ਜਾਵੇ? ਅਦਾਲਤ ਨੇ ਪੀæਜੀæਆਈæ ਦੇ ਪੰਜ ਮਾਹਰ ਡਾਕਟਰਾਂ ਦੀ ਟੀਂਮ ਤੋਂ ਨਵੀ ਰਿਪੋਰਟ ਵੀ ਮੰਗਵਾਈ। ਇਸ ਟੀਂਮ ਨੇ ਗੱਲ ਗੋਲ ਮੋਲ ਕਰਕੇ ਆਖਰੀ ਫੈਸਲਾ ਅਦਾਲਤ ਤੇ ਛੱਡ ਦਿੱਤਾ। ਭਾਰਤ ਮਹਾਂਨ ਵਿੱਚਲਾ ਸਰਕਾਰੀ ਤੰਤਰ ਪਹਿਲਾਂ ਆਪਣਾ ਪੱਲਾ ਬਚਾਉਂਦਾ ਹੈ। ਬਾਅਦ ਵਿੱਚ ਫਰਜ ਆਉਂਦੇ ਹਨ। ਵਿਕਸਤ ਦੇਸ਼ਾਂ ਵਿੱਚ ਫਰਜ ਪਹਿਲਾਂ ਹੁੰਦੇ ਹਨ।
             ਹਰਿਆਣੇ ਵਿੱਚ ਵਿਧਾਂਨ ਸਭਾ ਚੋਣਾਂ ਸਿਰ ਤੇ ਹੋਣ ਕਾਰਨ ਹਰਿਆਣਾ ਸਰਕਾਰ ਦਾ ਵਕੀਲ  ਸਮਾਜ ਨੂੰ ਕਾਨੂੰਨ ਤੇ ਮਨੁੱਖੀ ਅਧਿਕਾਰਾਂ ਤੋਂ ਉੱਪਰ ਕਹਿ ਰਿਹਾ ਸੀ। ਉਸ ਦੀ ਦਲੀਲ ਸੀ ਕਿ ਸਮਾਜ ਸਦੀਆਂ ਪੁਰਾਣਾ ਹੈ ਜਦੋਂ ਕਿ ਦੋ ਬਾਲਗਾਂ ਨੂੰ ਅਪਣੀ ਮਰਜੀ ਨਾਲ ਸ਼ਾਦੀ ਕਰਨ ਦਾ ਕਾਨੂੰਨ ਮਹਿਜ ਅੱਧੀ ਸਦੀ ਪੁਰਾਣਾ ਹੈ। ਇਸੇ ਕਰਕੇ ਹਰਿਆਣੇ ਵਿੱਚ ਖਾਪ ਪੰਚਾਇਤਾਂ ਇੱਕੋ ਗੋਤ ਵਿੱਚ ਵਿਆਹ ਕਰਾਉਣ ਵਾਲੇ ਪ੍ਰੇਮੀਂ ਜੋੜਿਆਂ ਨੂੰ ਮਾਰਨ ਦੇ ਫਤਵੇ ਜਾਰੀ ਕਰ ਰਹੀਆਂ ਹਨ। ਸਾਡਾ ਸਮਾਜ ਅਪਣੀ ਮਰਜੀ ਦੇ ਵਿਆਹ ਅਤੇ ਕੁਆਰੀ ਕੁੜੀ ਦੇ ਬੱਚੇ ਨੂੰ ਸਵੀਕਾਰ ਨਹੀਂ ਕਰਦਾ। ਕੇਂਦਰ ਦੇ ਵਕੀਲ ਦੀ ਦਲੀਲ ਸੀ ਕਿ ਇਸ ਦੇਸ਼ ਵਿੱਚ ਕਾਨੂੰਨ ਦਾ ਰਾਜ ਹੈ। ਇਸ ਲਈ ਕਾਨੂੰਨਨ ਇਹ ਗਰਭਪਾਤ ਨਹੀਂ ਹੋ ਸਕਦਾ। ਪਿੱਛੇ ਬੈਠੇ ਕਿਸੇ ਨੇ ਬੁੜ ਬੁੜ ਕੀਤੀ ਕਿ ਫੇਰ ਅੱਜ ਤੱਕ ਸੱਠਾਂ ਸਾਲਾਂ ਵਿੱਚ ਵੱਡੇ ਤੋਂ ਵੱਡੇ ਘਪਲੇ ਤੇ ਵੱਡੇ ਵੱਡੇ ਗੁਨਾਹ ਕਰਨ ਵਾਲੇ ਕਿਸੇ ਵੀ ਵੱਡੇ ਬੰਦੇ ਨੂੰ ਸਜਾ ਕਿਉਂ ਨਹੀਂ ਹੋਈ? ਪੰਜਾਬ ਦਾ ਵਕੀਲ ਦਲੀਲਾਂ ਦੇ ਰਿਹਾ ਸੀ ਕਿ ਸਾਡੇ ਧਰਮ ਵਿੱਚ ਗਰਭਪਾਤ ਪਾਪ ਹੈ। ਇਸ ਲਈ ਇਸਦੀ ਇਜਾਜਤ ਨਹੀਂ ਦਿੱਤੀ ਜਾ ਸਕਦੀ। ਪਿੱਛੇ ਫਿਰ ਘੁਸਰ ਮੁਸਰ ਹੋਣ ਲੱਗੀ ਕਿ ਫੇਰ ਭਰੂਣ ਹੱਤਿਆ ਵਿੱਚ ਪੰਜਾਬੀ ਦੁਨੀਆਂ ਵਿੱਚ ਮੋਹਰੀ ਕਿਉਂ ਹਨ? ਅਦਾਲਤ ਦਾ ਵਕੀਲ ਕੁੜੀ ਦੇ ਮਨੁੱਖੀ ਅਧਿਕਾਰਾਂ ਦੀ ਰਾਖੀ ਤੇ ਜੋਰ ਦੇ ਰਿਹਾ ਸੀ। ਇੱਕ ਤਾਂ ਬੇ ਸਹਾਰਾ ਨਾਲ ਬਲਾਤਕਾਰ ਉੱਤੋਂ ਅਣਚਾਹਿਆ ਗਰਭ। ਅਦਾਲਤ ਨੁੰ ਕੁੜੀ ਨਾਲ ਖੜ੍ਹਣਾ ਚਾਹੀਦਾ ਹੈ।  ਇੱਕ ਜੱਜ ਨੇ ਟਿੱਪਣੀ ਕੀਤੀ ਕਿ ਭਾਰਤ ਵਿਸ਼ਵ ਦੇ ਸੱਭ ਤੋਂ ਵੱਧ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਨ ਵਾਲੇ ਦੇਸ਼ਾਂ ਵਿੱਚੋਂ ਇੱਕ ਹੈ। ਉਂਜ ਵੀ ਗਰੀਬਾਂ ਦੇ ਕੋਈ ਮਨੁੱਖੀ ਅਧਿਕਾਰ ਨਹੀਂ ਹੁੰਦੇ। ਵਿਚਾਰੇ ਕੀੜੇ ਮੁਕੌੜਿਆਂ ਦੀ ਜੂੰਂਨ ਹੰਢਾਂ ਕੇ ਮਰ ਜਾਂਦੇ ਹਨ। ਭਾਰਤ ਵਿੱਚ ਚਾਰ ਲੱਖ ਔਰਤਾਂ ਮੰਗਤੀਆਂ ਹਨ। ਜੋ ਅਕਸਰ ਬਲਾਤਕਾਰ ਦਾ ਸ਼ਿਕਾਰ ਹੁੰਦੀਆਂ ਹਨ ਅਤੇ ਬੱਚੇ ਨੂੰ ਝੋਲੀ ਵਿੱਚ ਲਟਕਾਈ ਸੜਕਾਂ ਤੇ ਘੁੰਮਦੀਆਂ ਮੰਗਦੀਆਂ ਹਨ। ਹਜਾਰਾਂ ਵਿਧਵਾਵਾਂ ,ਸਾਧਨੀਆਂ ਅਤੇ ਸ਼ਰਾਰਤੀ ਬੰਦਿਆਂ ਨੂੰ ਹੀ ਰੱਬ ਸਮਝ ਬੈਠੀਆਂ ਸ਼ਰਧਾਲੂ ਔਰਤਾਂ ਨਾਲ  ਇੰਜ ਹੀ ਹੁੰਦੀ ਹੈ। ਓਦੋਂ ਨਾ ਕੋਈ ਸਮਾਜ ਬੋਲਦਾ ਹੈ ਨਾਂ ਕਾਨੂੰਨ ਤੇ ਨਾ ਹੀ ਮਨੁੱਖੀ ਅਧਿਕਾਰ।
           ਦਰਜਨਾਂ ਕਾਨੂੰਨਂੀ ਕਿਤਾਬਾਂ, ਅਦਾਲਤੀ ਫੈਸਲਿਆਂ ਅਤੇ ਡਾਕਟਰੀ ਸਲਾਹਾਂ ਤੇ ਗੌਰ ਕਰਨ ਪਿੱਛੋਂ ਅਦਾਲਤ ਨੇ ਕਿਹਾ, "ਸਾਡੇ ਢਾਂਚੇ ਅਤੇ ਸਮਾਜ ਦਾ ਵਤੀਰਾ ਇਸ ਬੱਬੱਸ ਕੁੜੀ ਨਾਲ ਗੈਰ ਜਿੰਮੇਵਾਰ ਅਤੇ ਜਾਲਮਾਨਾ ਰਹੇ ਹਨ। ਸਾਡਾ ਕਾਨੂੰਨ ਵੀ ਸਮੇਂ ਦਾ ਹਾਣੀ ਨਹੀਂ ਹੈ। ਇਸਨੇ ਸਪੱਸ਼ਟ ਹੀ ਨਹੀਂ ਕੀਤਾ ਕਿ ਸਹਿਮਤੀ ਦੇਣ ਤੋਂ ਅਸਮਰੱਥ ਤੇ ਲਾਵਾਰਸ ਦਾ ਕੀ ਬਣੇਗਾ"। ਅਦਾਲਤ ਨੇ ਅਜਿਹੀਆਂ ਬੇਸਹਾਰਾ ਔਰਤਾਂ ਦੀ ਸੰਭਾਲ ਲਈ ਬਣੀਆਂ ਸਾਰੀਆਂ ਸਮਾਜਿਕ ਸੰਸਥਾਵਾਂ ਵਿੱਚ ਸੁਧਾਰ ਕਰਨ ਦੇ ਹੁਕਮ ਵੀ ਦਿੱਤੇ। ਅਦਾਲਤ ਨੇ ਸਾਰੇ ਪੱਖ ਘੋਖਣ ਤੋਂ ਬਾਅਦ ਸਰਕਾਰੀ ਪ੍ਰਸ਼ਾਸਣ ਨੂੰ ਛੇਤੀ ਕੁੜੀ ਦਾ ਗਰਭਪਾਤ ਕਰਾਉਣ ਦੇ ਹੁਕਮ ਦੇ ਦਿੱਤੇ। ਨਾਲ ਹੀ ਭਰੂਣ ਨੂੰ ਹਸਪਤਾਲ ਵਿੱਚ ਸੰਭਾਲਣ ਦੇ ਹਕਮ ਕਰ ਦਿੱਤੇ ਤਾਂ ਜੋ ਡੀæਐਨæ ਏæ ਟੈਸਟ ਰਾਹੀਂ ਦੋਸ਼ੀਆਂ ਨੂੰ ਸਜਾ ਦਿਵਾਈ ਜਾ ਸਕੇ।
           ਪਰ ਅਜੇ ਵੱਡੀ ਅਦਾਲਤ ਬਾਕੀ ਸੀ। ਮਸਲਾ ਸੁਪਰੀਂਮ ਕੋਰਟ ਚਲਾ ਗਿਆ। ਸੁਪਰੀਂਮ ਕੋਰਟ ਨੇ ਤਿੰਨ ਸਵਾਲ ਪੁੱਛੇ। ਕੀ ਸਾਡੇ ਕਾਨੂੰਂਨ ਅਨੁਸਾਰ ਸਬੰਧਤ ਔਰਤ ਦੀ ਸਹਿਮਤੀ ਲਏ ਵਗੈਰ ਹਾਈ ਕੋਰਟ ਗਰਭਪਾਤ ਦਾ ਹੁਕਮ ਦੇ ਸਕਦੀ ਹੈ ? ਦੂਜਾ ਜੇ ਔਰਤ ਮੰਦ ਬੁੱਧੀ ਦੀ ਹੈ ਤਾਂ ਕੀ ਗਰਭਪਾਤ ਉਸਦੀ ਭਲਾਈ ਲਈ ਹੈ? ਤੀਜਾ ਕੀ ਹੁਣ ਸਾਢੇ ਚਾਰ ਮਹੀਨੇ ਦਾ ਗਰਭਪਾਤ ਖਤਰੇ ਤੋਂ ਖਾਲੀ ਹੈ? ਬਹਿਸ ਸੁਨਣ ਪਿੱਛੋਂ ਸੁਪਰੀਂਮ ਕੋਰਟ ਨੇ ਇੰਜ ਕਿਹਾ, "ਔਰਤ ਦੇ ਮਨੁੱਖੀ ਅਧਿਕਾਰ ਕਾਨੂੰਨ ਦੀ ਬਲੀ ਨਹੀਂ ਚੜ੍ਹ ਸਕਦੇ। ਇਸ ਲਈ ਸਟੇਟ ਆਪਣੇ ਨਾਗਰਿਕ ਦੀ ਸਿਹਤ ਸੰਭਾਲ ਲਈ ਜਿੰਮੇਵਾਰ ਹੈ। ਕਾਨੂੰਨ ਸਮਾਜ ਅੱਗੇ ਗੋਡੇ ਨਹੀਂ ਟੇਕ ਸਕਦਾ। ਇਸ ਲਈ ਇਹ ਗਰਭਪਾਤ ਨਹੀਂ ਹੋ ਸਕਦਾ"। ਸਮਾਂ ਪੂਰਾ ਹੋਣ ਤੇ ਸਰਕਾਰੀ ਨਿਗਰਾਨੀ ਹੇਠ ਬੱਚੇ ਦਾ ਜਨਮ ਹੋਇਆ।