Wednesday, October 28, 2009

ਸੁਰੱਖਿਆ ਕਾਨੂੰਨ 'ਚ ਗੁਰਦਾਸ ਮਾਨ ਦਾ ਕੀ ਦੋਸ਼? -ਸ਼ਿਵਚਰਨ ਜੱਗੀ ਕੁੱਸਾ


ਸੁਰੱਖਿਆ ਕਾਨੂੰਨ 'ਚ ਗੁਰਦਾਸ ਮਾਨ ਦਾ ਕੀ ਦੋਸ਼?   -ਸ਼ਿਵਚਰਨ ਜੱਗੀ ਕੁੱਸਾ


ਜਦ ਤੋਂ ਪੰਜਾਬੀ ਗਾਇਕੀ ਵਿਚ ਗੁਰਦਾਸ ਮਾਨ ਨੇ ਪੈਰ ਧਰਿਆ ਹੈ, ਉਦੋਂ ਤੋਂ ਲੈ ਕੇ ਅੱਜ ਤੱਕ ਗੁਰਦਾਸ ਮਾਨ ਦਾ ਕੋਈ ਸਾਨੀ ਨਹੀਂ! ਇਸ ਖੇਤਰ ਵਿਚ ਬਹੁਤ ਲੋਕਾਂ ਦੀ ਦੌੜ ਲੱਗੀ ਅਤੇ ਅੱਜ ਵੀ ਲੱਗੀ ਹੋਈ ਹੈ। ਕਈ ਆਪਣੇ-ਆਪਣੇ ਜੌਹਰ ਦਿਖਾ ਕੇ ਮੈਦਾਨ ਛੱਡ ਗਏ ਅਤੇ ਕਈਆਂ ਨੂੰ ਲੋਕਾਂ ਨੇ ਹਿੱਕ ਨਾਲ਼ ਨਹੀਂ ਲਾਇਆ। ਪਰ ਜਦ ਤੋਂ ਗੁਰਦਾਸ ਮਾਨ ਉਠਿਆ, ਉਸ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ ਅਤੇ ਉਕਾਬ ਵਾਂਗੂੰ ਅੱਜ ਤੱਕ ਅੰਬਰਾਂ ਦੀਆਂ ਉਡਾਰੀਆਂ ਹੀ ਭਰ ਰਿਹਾ ਹੈ। ਉਹ ਉਡਾਰੀਆਂ, ਜੋ ਪੰਛੀ ਬਗੈਰ ਖੰਭ ਫ਼ੜਫ਼ੜਾਇਆਂ ਅਸਮਾਨ ਦੀ ਵਿਸ਼ਾਲਤਾ ਦਾ ਆਨੰਦ ਲੈਂਦੇ ਹਨ। ਉਸ ਦੀ ਗਾਇਕੀ ਦਾ ਇਤਿਹਾਸ ਬਹੁਤ ਲੰਬਾ, ਸੁਚੱਜਾ ਅਤੇ ਮਾਣਮੱਤਾ ਹੈ। ਸਾਫ਼ ਸੁਥਰੀ ਗਾਇਕੀ ਦਾ ਵਾਰਿਸ ਉਹ ਇਕ ਨਿਰਮਲ ਅਤੇ ਨਿਰਵੈਰ ਕਲਾਕਾਰ ਹੈ। ਉਸ ਦੀ ਲੇਖਣੀ, ਗਾਇਕੀ, ਅਦਾਕਾਰੀ ਅਤੇ ਪੰਜਾਬੀਆਂ ਪ੍ਰਤੀ ਇਮਾਨਦਾਰੀ 'ਤੇ ਕੋਈ ਉਂਗਲ਼ ਨਹੀਂ ਰੱਖ ਸਕਦਾ। ਗਾਇਕੀ ਤੋਂ ਲੈ ਕੇ ਫ਼ਿਲਮਾਂ ਤੱਕ, ਜਿਸ ਖੇਤਰ ਵਿਚ ਵੀ ਗੁਰਦਾਸ ਮਾਨ ਨੇ ਪੈਰ ਧਰਿਆ, ਸੱਚੇ ਦਿਲੋਂ ਹੀ ਨਿੱਤਰਿਆ ਅਤੇ ਸੋਲ੍ਹਾਂ ਕਲਾਂ ਸੰਪੂਰਨ ਹੋ ਕੇ ਪੂਰੀ ਪਾਈ ਅਤੇ ਕਿਸੇ ਪੱਖ ਤੋਂ ਪੰਜਾਬੀਆਂ ਨੂੰ ਨਮੋਸ਼ੀ ਦਾ ਸਾਹਮਣਾ ਨਹੀਂ ਕਰਨ ਦਿੱਤਾ, ਮਾਣ ਸਨਮਾਨ ਹੀ ਪੱਲੇ ਪਾਇਆ। ਉਸ ਦੀ ਅਦਾਕਾਰੀ ਨੇ ਪੰਜਾਬੀ ਸਿਨਮੇ ਨੂੰ ਕਈ ਪੁਰਸਕਾਰ ਵੀ ਲੈ ਕੇ ਦਿੱਤੇ ਅਤੇ ਪੰਜਾਬੀਆਂ ਦੀ ਇੱਜ਼ਤ ਨੂੰ ਚਾਰ ਚੰਨ ਲਾਏ। ਜੇ ਦਿੱਲੀ ਜਾਂ ਮੁੰਬਈ ਜਾ ਕੇ ਪੁੱਛੀਏ ਕਿ ਕੀ ਤੁਸੀਂ ਕਿਸੇ ਪੰਜਾਬੀ ਕਲਾਕਾਰ ਨੂੰ ਜਾਣਦੇ ਹੋ? ਤਾਂ ਇਕ ਹੀ ਉੱਤਰ ਮਿਲ਼ਦਾ ਹੈ ਕਿ ਗੁਰਦਾਸ ਮਾਨ ਨੂੰ ਜਾਣਦੇ ਹਾਂ! ਜਿੱਥੋਂ ਤੱਕ ਗੁਰਦਾਸ ਮਾਨ ਗਿਆ ਹੈ, ਪੰਜਾਬੀਆਂ ਦੀ ਝੋਲ਼ੀ ਮਾਣ-ਸਤਿਕਾਰ ਹੀ ਪਾਇਆ ਹੈ, ਕਦੇ ਕੋਈ ਨਮੋਸ਼ੀ ਨਹੀਂ ਖੱਟ ਕੇ ਦਿੱਤੀ।
ਪਿੱਛੇ ਜਿਹੇ ਗੁਰਦਾਸ ਮਾਨ ਦੇ ਵਿਦੇਸ਼ਾਂ ਵਿਚ ਹੋਏ ਸ਼ੋਆਂ ਦੌਰਾਨ ਉਹ ਕੁਝ ਆਲੋਚਕਾਂ ਦੀ ਆਲੋਚਨਾ ਦਾ ਵੀ ਸ਼ਿਕਾਰ ਹੋਇਆ, ਜਿਸ ਵਿਚ ਮੈਨੂੰ ਉਸ ਦਾ ਕੋਈ ਕਸੂਰ ਹੀ ਨਜ਼ਰ ਨਹੀਂ ਆਉਂਦਾ। ਜਿਵੇਂ ਕਿ ਆਮ ਅਖ਼ਬਾਰਾਂ ਵਿਚ ਖ਼ਬਰਾਂ ਛਪੀਆਂ ਕਿ ਫ਼ਲਾਣੇ ਥਾਂ ਗੁਰਦਾਸ ਮਾਨ ਦੇ ਸ਼ੋਅ ਵਿਚ ਅੰਮ੍ਰਿਤਧਾਰੀ ਸਿੰਘਾਂ ਨੂੰ ਕਿਰਪਾਨ ਪਾ ਕੇ ਸ਼ੋਅ ਵਿਚ ਜਾਣ ਦੀ ਇਜ਼ਾਜ਼ਤ ਨਹੀਂ ਦਿੱਤੀ ਗਈ ਅਤੇ ਇੱਥੋਂ ਤੱਕ ਕਿ ਗੁਰਦਾਸ ਮਾਨ ਦੇ ਅੰਮ੍ਰਿਤਧਾਰੀ 'ਪ੍ਰਮੋਟਰ' ਨੂੰ ਵੀ ਇਸ 'ਪਾਬੰਦੀ' ਦਾ ਸਾਹਮਣਾ ਕਰਨਾ ਪਿਆ। ਪਰ ਸੁਆਲ ਤਾਂ ਇਹ ਉਠਦਾ ਹੈ ਕਿ ਸਕਿਊਰਿਟੀ ਦੇ ਇਹਨਾਂ ਕਾਇਦੇ ਕਾਨੂੰਨਾਂ ਸਾਹਮਣੇ ਗੁਰਦਾਸ ਮਾਨ ਦਾ ਕੀ ਕਸੂਰ? ਅਸੀਂ ਜਿਸ ਵੀ ਦੇਸ਼ ਵਿਚ ਜਾਂਦੇ ਜਾਂ ਵਸਦੇ ਹਾਂ, ਸਾਨੂੰ ਉਸ ਦੇਸ਼ ਦੇ ਕਾਇਦੇ-ਕਾਨੂੰਨ ਦਾ ਸਤਿਕਾਰ ਕਰਕੇ ਉਸ ਅਨੁਸਾਰ ਚੱਲਣਾ ਪੈਂਦਾ ਹੈ ਅਤੇ ਜੇ ਅਸੀਂ ਉਸ ਦੇਸ਼ ਦੇ 'ਰੂਲਜ਼ ਐਂਡ ਰੈਗੂਲੇਸ਼ਨਜ਼' ਅਨੁਸਾਰ ਨਹੀਂ ਵਿਚਰਦੇ ਜਾਂ ਉਸ ਦੀ ਉਲੰਘਣਾਂ ਕਰਦੇ ਹਾਂ, ਤਾਂ ਅਸੀਂ ਕਾਨੂੰਨ ਦੀਆਂ ਨਜ਼ਰਾਂ ਵਿਚ ਇਕ ਤਰ੍ਹਾਂ ਦੇ 'ਅਪਰਾਧੀ' ਬਣ ਜਾਂਦੇ ਹਾਂ! ਸੁਣਨ ਵਿਚ ਆਇਆ ਹੈ ਕਿ ਉਸ ਦੇ ਕਿਸੇ ਸ਼ੋਅ ਦੌਰਾਨ ਕਿਤੇ ਕੋਈ ਲੜਾਈ ਹੋ ਗਈ ਅਤੇ ਕਿਰਪਾਨਾਂ ਨਿਕਲ਼ ਆਈਆਂ ਅਤੇ ਉਸ ਵਾਰਦਾਤ ਤੋਂ ਸੁਚੇਤ ਹੋਈ ਸਕਿਊਰਿਟੀ ਸਰਵਿਸ ਨੇ ਇਹ ਬੰਦਿਸ਼ ਰੱਖ ਦਿੱਤੀ ਕਿ ਕਿਸੇ ਵੀ ਸ਼ੋਅ ਵਿਚ ਕਿਰਪਾਨ ਪਾ ਕੇ ਆਉਣ ਦੀ ਮਨਾਹੀ ਹੋਵੇਗੀ। ਦੱਸੋ ਇਸ ਵਿਚ ਕਸੂਰ ਗੁਰਦਾਸ ਮਾਨ ਦਾ ਹੈ ਕਿ ਕਿਰਪਾਨਾਂ ਕੱਢ ਕੇ ਲੜਨ ਵਾਲ਼ਿਆਂ ਦਾ? ਜਦ ਅਸੀਂ ਜਹਾਜ ਚੜ੍ਹਦੇ ਹਾਂ ਤਾਂ ਏਅਰਪੋਰਟ ਸਕਿਊਰਿਟੀ ਵਾਲ਼ੇ ਵੀ ਸਾਡੀ ਕਿਰਪਾਨ ਲੁਹਾ ਲੈਂਦੇ ਹਨ, ਉਸ ਏਅਰਪੋਰਟ ਕਾਨੂੰਨ ਦਾ ਵੀ ਅਸੀਂ ਸਤਿਕਾਰ ਕਰਦੇ ਹੀ ਹਾਂ! ਇਕ ਗੱਲ ਇੱਥੇ ਜ਼ਰੂਰ ਵਿਚਾਰਨ ਵਾਲ਼ੀ ਹੈ ਕਿ ਕਿਰਪਾਨ 'ਤੇ ਪਾਬੰਦੀ ਉਥੇ ਹੀ ਲੱਗੀ ਹੈ, ਜਿੱਥੇ ਅਸੀਂ ਇਸ ਧਾਰਮਿਕ ਚਿੰਨ੍ਹ ਦੀ ਦੁਰਵਰਤੋਂ ਕੀਤੀ। ਨਹੀਂ ਕਿਸੇ ਵਿਚ ਹਿੰਮਤ ਨਹੀਂ ਸੀ ਕਿ ਸਾਡੇ ਕਿਸੇ ਧਾਰਮਿਕ ਚਿੰਨ੍ਹ ਉਪਰ ਕੋਈ ਬੰਦਿਸ਼ ਲਾ ਸਕਦਾ। ਦੁਨੀਆਂ ਦੇ ਇਤਿਹਾਸ 'ਤੇ ਨਜ਼ਰ ਮਾਰ ਕੇ ਦੇਖ ਲਓ, ਕਿਸੇ ਵੀ ਧਾਰਮਿਕ ਚਿੰਨ੍ਹ 'ਤੇ ਪਾਬੰਦੀ ਲੱਗਣ ਦਾ ਕਾਰਨ ਅਸਲ ਵਿਚ ਧਾਰਮਿਕ ਚਿੰਨ੍ਹ ਦੀ ਦੁਰਵਰਤੋਂ ਹੀ ਹੋਵੇਗਾ!
ਅਗਲੀ ਗੱਲ ਇਹ ਆ ਜਾਂਦੀ ਹੈ ਕਿ ਅਸੀਂ ਸਕਿਊਰਿਟੀ ਦੇ ਨਿਯਮਾਂ ਨੂੰ ਮੰਨਣ ਅਤੇ ਸਮਝਣ ਦੀ ਜਗਾਹ ਸਿੱਧਾ ਗੁਰਦਾਸ ਮਾਨ ਨੂੰ ਹੀ 'ਅੱਗੇ' ਧਰ ਲੈਂਦੇ ਹਾਂ ਕਿ ਦੋਸ਼ ਗੁਰਦਾਸ ਮਾਨ ਦਾ ਹੈ, ਜਿਹੜਾ ਰੋਸ ਵਜੋਂ ਸ਼ੋਅ ਛੱਡ ਕੇ ਨਹੀਂ ਗਿਆ, ਉਸ ਨੂੰ ਇਹਨਾਂ ਸ਼ੋਆਂ ਦਾ ਬਾਈਕਾਟ ਕਰਨਾਂ ਚਾਹੀਦਾ ਸੀ..! ਇਕ ਸੱਜਣ ਨੇ ਜਦ ਇਹ ਗੱਲ ਦੁਹਰਾਈ ਤਾਂ ਮੈਂ ਉਸ ਨੂੰ ਪੁੱਛਿਆ ਕਿ ਦੋਸ਼ ਗੁਰਦਾਸ ਮਾਨ ਦਾ ਕਿਵੇਂ ਹੈ? ਤਾਂ ਉਹ ਕਹਿਣ ਲੱਗਿਆ ਬਾਈ ਜੀ ਗੁਰਦਾਸ ਮਾਨ ਨੂੰ ਸ਼ੋਅ ਦਾ ਬਾਈਕਾਟ ਕਰਨਾਂ ਚਾਹੀਦਾ ਸੀ..! ਮੈਂ ਉਸ ਨੂੰ ਪੁੱਛਿਆ ਕਿ ਜਦ ਇੰਗਲੈਂਡ ਵਿਚ ਸਾਨੂੰ 'ਪਾਲਿਸੀ ਐਂਡ ਪ੍ਰਸੀਜ਼ਰਸ' ਦੀ ਉਲੰਘਣਾਂ ਕਰਨ ਕਾਰਨ ਸਾਡਾ 'ਬੌਸ' ਗੁੱਸੇ ਹੁੰਦਾ ਹੈ ਤਾਂ ਅਸੀਂ ਉਸ ਦਾ ਬਾਈਕਾਟ ਕਰਕੇ, ਕੰਮ ਛੱਡ ਕੇ ਘਰ ਆ ਜਾਂਦੇ ਹਾਂ..? ਕੀ ਅਸੀਂ ਉਦੋਂ ਆਪਣਾ ਕਿੱਤਾ ਤਿਆਗ ਦਿੰਦੇ ਹਾਂ..? ਗਾਇਕੀ ਗੁਰਦਾਸ ਮਾਨ ਦਾ 'ਕਿੱਤਾ' ਹੈ, ਜਿਸ ਗੱਲ ਵਿਚ ਉਸ ਦਾ ਦੋਸ਼ ਹੀ ਕੋਈ ਨਹੀਂ, ਉਹ ਆਪਣੇ ਕਿੱਤੇ ਦਾ ਤਿਆਗ ਕਿਉਂ ਕਰੇ..? ਕੀਤੀਆਂ ਦੁੱਲਿਆ ਤੇਰੀਆਂ ਪੇਸ਼ ਲੱਧੀ ਦੇ ਆਈਆਂ! ਅਗਰ ਸਾਨੂੰ ਕਿਸੇ ਏਅਰਪੋਰਟ 'ਤੇ ਰੋਕ ਕੇ ਕਿਰਪਾਨ ਲੁਹਾਈ ਜਾਂਦੀ ਹੈ, ਤਾਂ ਅਸੀਂ ਕਦੇ ਵੀ ਉਸ ਦੇਸ਼ ਦੇ ਕਾਨੂੰਨ ਮੰਤਰੀ, ਪ੍ਰਧਾਨ ਮੰਤਰੀ ਜਾ ਰਾਸ਼ਟਰਪਤੀ ਤੋਂ ਅਸਤੀਫ਼ੇ ਦੀ ਮੰਗ ਨਹੀਂ ਕੀਤੀ ਤਾਂ ਗੁਰਦਾਸ ਮਾਨ ਤੋਂ ਬਾਈਕਾਟ ਦੀ ਮੰਗ ਕਿਉਂ..? ਕਿਉਂਕਿ ਗੁਰਦਾਸ ਮਾਨ ਸਾਡਾ 'ਆਪਣਾ' ਹੈ? ਤੇ ਸਾਡਾ ਉਸ 'ਤੇ ਜੋਰ ਚੱਲਦਾ ਹੈ? ਪਰ ਸਿਆਣਿਆਂ ਦੀ ਕਹਾਵਤ ਤਾਂ ਇਹ ਆਖਦੀ ਹੈ ਕਿ ਆਪਦਾ ਮਾਰੂ, ਫ਼ੇਰ ਵੀ ਛਾਂਵੇਂ ਸਿੱਟੂ..!
ਬਾਹਰਲੇ ਦੇਸ਼ਾਂ ਵਿਚ ਆਦਮੀ ਦੀ ਸੁਰੱਖਿਆ ਨੂੰ ਪਹਿਲ ਦਿੱਤੀ ਜਾਂਦੀ ਹੈ। ਪਹਿਲਾਂ ਜਾਨ ਅਤੇ ਫ਼ਿਰ ਮਾਲ! ਸੁਰੱਖਿਆ ਨਿਯਮਾਂ ਵਿਚ ਕਿਸੇ ਦੀ ਕੋਈ ਸ਼ਿਫ਼ਾਰਸ਼ ਕਦਾਚਿੱਤ ਨਹੀਂ ਮੰਨੀ ਜਾਂਦੀ ਅਤੇ ਨਾ ਹੀ ਕਿਸੇ ਨਾਲ਼ ਰਿਆਇਤ ਕੀਤੀ ਜਾਂਦੀ ਹੈ। ਰੱਬ ਨਾ ਕਰੇ, ਕਿਤੇ ਕੋਈ ਵਾਰਦਾਤ ਹੋ ਜਾਵੇ ਤਾਂ ਪ੍ਰਮੋਟਰ ਜਾਂ ਕਲਾਕਾਰ ਨੂੰ ਨਹੀਂ ਪੁੱਛਿਆ ਜਾਂਦਾ, ਜ਼ਿੰਮੇਵਾਰ ਸਕਿਊਰਿਟੀ ਅਫ਼ਸਰਾਂ ਦੇ ਗਲ਼ ਰੱਸਾ ਪਾਇਆ ਜਾਂਦਾ ਹੈ। ਜਿੱਥੇ ਉਹ ਜਵਾਬਦੇਹ ਵੀ ਹੁੰਦੇ ਹਨ, ਕਿਉਂਕਿ ਸ਼ਾਂਤੀ ਬਣਾਈ ਰੱਖਣਾਂ ਉਹਨਾਂ ਦੀ ਜ਼ਿੰਮੇਵਾਰੀ ਹੁੰਦੀ ਹੈ। ਆਪਣੇ 24 ਸਾਲ ਦੇ ਪੁਲੀਸ ਅਤੇ ਸਕਿਊਰਿਟੀ ਦੇ ਨਿੱਜੀ ਤਜ਼ਰਬੇ ਤੋਂ ਗੱਲ ਕਰਾਂ ਤਾਂ ਜਦ ਵੀ ਕੋਈ ਅਣਸੁਖਾਵੀਂ ਘਟਨਾ ਵਾਪਰਦੀ ਹੈ ਤਾਂ ਨਿਯਮ ਅਨੁਸਾਰ ਕਿੱਥੇ, ਕਿਵੇਂ, ਕੌਣ, ਕਿਉਂ ਅਤੇ ਕਾਰਨ 'ਤੇ ਜੋਰ ਦਿੱਤਾ ਜਾਂਦਾ ਹੈ ਅਤੇ ਇੱਥੋਂ ਹੀ ਕਾਰਵਾਈ ਅੱਗੇ ਤੋਰੀ ਜਾਂਦੀ ਹੈ! ਇੱਥੇ ਇਸ ਦਾ ਅਰਥ ਇਹੀ ਨਿਕਲ਼ਦਾ ਹੈ ਕਿ ਉਥੇ ਗੁਰਦਾਸ ਮਾਨ ਦਾ ਕੋਈ ਵੱਸ ਨਹੀਂ ਚੱਲਦਾ, ਸਗੋਂ ਸਕਿਊਰਿਟੀ ਦਾ ਨਿਯਮ ਚੱਲਦਾ ਹੈ। ਜਦ ਸਕਿਊਰਿਟੀ ਵਾਲ਼ੇ ਪ੍ਰੋਗਰਾਮ ਦੇ ਦਾਰੋਮਦਾਰ ਕਿਰਪਾਨ ਵਾਲ਼ੇ 'ਪ੍ਰਮੋਟਰ' ਨੂੰ ਹੀ ਅੰਦਰ ਨਹੀਂ ਜਾਣ ਦਿੰਦੇ, ਤਾਂ ਹੋਰ ਕਿਸ ਨੂੰ ਜਾਣ ਦੇਣਗੇ ਅਤੇ ਇਸ ਦਾ ਕਾਰਨ ਵੀ ਕੋਈ ਜ਼ਰੂਰ ਹੋਵੇਗਾ? ਇਹ ਗੱਲ ਵੀ ਸੋਚਣ ਵਾਲ਼ੀ ਹੈ! ਜੋਰ, ਜ਼ਿਦ ਜਾਂ ਦਬਾਓ ਨਾਲ਼ ਸਬੰਧਿਤ ਪ੍ਰੋਗਰਾਮ ਦਾ ਕਲਾਕਾਰ ਵੱਲੋਂ 'ਬਾਈਕਾਟ' ਕਰਵਾਉਣਾ ਜਾਂ ਆਪ ਕਲਾਕਾਰ ਦੇ ਸ਼ੋਅ ਦਾ ਬਾਈਕਾਟ ਕਰਨਾ ਇਸ ਮਸਲੇ ਦਾ ਹੱਲ ਨਹੀਂ! ਇਸ ਨੂੰ ਤਾਂ ਕੂਟਨੀਤਕ ਜਾਂ ਸਿਧਾਂਤਕ ਤਰੀਕੇ ਨਾਲ਼ ਹੀ ਸੁਲਝਾਇਆ ਜਾ ਸਕਦਾ ਹੈ ਕਿ ਅਸਲ ਮਸਲੇ ਦੀ 'ਜੜ੍ਹ' ਕਿੱਥੇ ਹੈ? ਇਹ ਮਸਲਾ ਕਿਉਂ ਸ਼ੁਰੂ ਹੋਇਆ? ਅਤੇ ਕਿੱਥੋਂ ਸ਼ੁਰੂ ਹੋਇਆ? ਸਕਿਊਰਿਟੀ ਵਾਲ਼ਿਆਂ ਵੱਲੋਂ ਕਿਰਪਾਨ ਪਹਿਨ ਕੇ ਅੰਦਰ ਜਾਣ ਵਾਲ਼ਿਆਂ ਨੂੰ ਰੋਕਣ ਦਾ 'ਕਾਰਨ' ਕੀ ਸੀ? ਅਤੇ ਇਸ ਨੂੰ ਸੁਲ਼ਝਾਇਆ ਕਿਵੇਂ ਜਾਵੇ? ਗੁਰਦਾਸ ਮਾਨ ਇਸ ਦੇ ਰੋਸ ਵਜੋਂ ਸ਼ੋਅ ਛੱਡ ਕੇ ਚਲਾ ਜਾਵੇ, ਜਾਂ ਉਸ ਉੱਪਰ ਗ਼ਿਲਾ-ਸ਼ਿਕਵਾ ਕਰਨ ਵਾਲ਼ੇ ਸੱਜਣ ਰੋਸ ਵਜੋਂ ਉਸ ਦੇ ਸ਼ੋਅ ਦਾ ਬਾਈਕਾਟ ਕਰ ਦੇਣ, ਇਹ ਅਸਲ ਹੱਲ ਨਹੀਂ! ਜੇ ਮਾਮਲੇ ਦੀ ਜੜ੍ਹ ਲੱਭ ਕੇ, ਉਸ ਨੂੰ ਜ਼ਿਮੇਵਾਰ ਅਫ਼ਸਰਾਂ ਨਾਲ਼ ਬੈਠ ਕੇ ਹੱਲ ਕਰ ਲਿਆ ਜਾਵੇ ਤਾਂ ਇਸ ਦੇ ਨਾਲ਼ ਦੀ ਰੀਸ ਨਹੀਂ! ਸਤਿਕਾਰਯੋਗ ਭਾਈ ਗੁਰਦਾਸ ਜੀ ਦੀ ਵਾਰ ਵਿਚ ਪੰਗਤੀਆਂ ਆਉਂਦੀਆਂ ਹਨ: ਖਾਂਡ ਖਾਂਡ ਕਹੈ ਜਿਹਬਾ ਨ ਸਵਾਦੁ ਮੀਠੋ ਆਵੈ।। ਅਗਨਿ ਅਗਨਿ ਕਹੈ ਸੀਤ ਨ ਬਿਨਾਸ ਹੈ।। ਬੈਦ ਬੈਦ ਕਹੈ ਰੋਗ ਮਿਟਤ ਨ ਕਾਹੂ ਕੋ।। ਦਰਬ ਦਰਬ ਕਹੈ ਕੋਊ ਦਰਬਹਿ ਨ ਬਿਲਾਸ ਹੈ।। ਭਾਵ ਖੰਡ ਖੰਡ ਕਹੇ ਤੋਂ ਮੂੰਹ ਮਿੱਠਾ ਨਹੀਂ ਹੋ ਜਾਣਾ ਅਤੇ ਅੱਗ ਅੱਗ ਆਖੇ ਤੋਂ ਠੰਢ ਨਹੀਂ ਹਟ ਜਾਣੀਂ, ਇਸ ਲਈ ਸਾਨੂੰ ਇਸ ਦਾ ਕੋਈ ਸਥਾਈ ਹੱਲ ਲੱਭਣਾ ਚਾਹੀਦਾ ਹੈ!
ਜਿੰਨਾਂ ਕੁ ਮੈਂ ਗੁਰਦਾਸ ਮਾਨ ਨੂੰ ਜਾਣਦਾ ਹਾਂ, ਉਸ ਦੀ ਕਿਤਾਬ ਵਿਚ 'ਵਿਤਕਰਾ' ਸ਼ਬਦ ਕਿਤੇ ਵੀ ਦਰਜ਼ ਨਹੀਂ! "ਕਿਹੜਾ ਚੱਲ ਕੇ ਦੁਆਰੇ ਤੇਰੇ ਆਊ" ਤੋਂ ਲੈ ਕੇ "ਸਰਬੰਸ ਦਾਨੀਆਂ ਵੇ ਦੇਣਾਂ ਕੌਣ ਦਿਊਗਾ ਤੇਰਾ" ਤੱਕ ਉਸ ਦੇ ਗੀਤ ਸਾਂਝੀਵਾਲਤਾ ਦੇ ਪ੍ਰਤੀਕ ਹਨ। ਉਹ ਉੱਡ ਕੇ, ਗਲਵਕੜੀ ਪਾ ਕੇ ਮਿਲਣ ਵਾਲ਼ਾ ਇਨਸਾਨ ਅਤੇ ਪੰਜਾਬੀਆਂ ਪ੍ਰਤੀ ਮਨ 'ਚ ਵੈਰਾਗ ਰੱਖਣ ਵਾਲ਼ਾ ਦਰਵੇਸ਼ ਅਤੇ ਫ਼ਕੀਰ ਮਿੱਤਰ ਹੈ! ਕਸੂਰ ਉਸ ਨੇ ਕੋਈ ਕੀਤਾ ਨਹੀਂ। ਫ਼ੇਰ ਟੰਬੇ ਚੁੱਕ ਕੇ ਉਸ ਦੇ ਮਗਰ ਪੈ ਜਾਣਾ, ਕਿਹੜੀ ਭਦਰਕਾਰੀ ਹੈ? ਸੋ ਭਲੇਮਾਣਸ ਵੀਰੋ! ਸਕਿਊਰਿਟੀ ਵਾਲ਼ਿਆਂ ਨੂੰ ਇਹ ਵਿਸ਼ਵਾਸ ਦਿਵਾਉਣ ਦੀ ਲੋੜ ਹੈ ਕਿ ਕਿਰਪਾਨ ਸਾਡਾ ਧਾਰਮਿਕ ਅਤੇ ਅਟੁੱਟ ਚਿੰਨ੍ਹ ਹੈ, ਇਸ ਦੀ ਕਦੇ ਵੀ ਦੁਰਵਰਤੋਂ ਨਹੀਂ ਕੀਤੀ ਜਾਵੇਗੀ। ਵਿਸ਼ਵਾਸ ਆਸਰੇ ਧਰਤੀ ਖੜ੍ਹੀ ਹੈ ਅਤੇ ਜਿੱਥੇ ਵਿਸ਼ਵਾਸ ਬੱਝ ਜਾਵੇ, ਉਥੇ ਕੋਈ 'ਤੇਰ-ਮੇਰ' ਲਈ ਜਗਾਹ ਹੀ ਨਹੀਂ ਰਹਿ ਜਾਂਦੀ! ਇਕ ਗੱਲ ਆਖ ਦੇਵਾਂ ਕਿ ਇਕੱਲੇ ਗੁਰਦਾਸ ਮਾਨ ਦੇ ਪ੍ਰੋਗਰਾਮ ਦੇ ਬਾਈਕਾਟ ਕਰਨ ਨਾਲ਼ ਕੁਝ ਨਹੀਂ ਹੋਣਾਂ! ਹੋਰ ਕਿੰਨੇ ਕਲਾਕਾਰ ਹਰ ਰੋਜ਼ ਪ੍ਰੋਗਰਾਮ ਪੇਸ਼ ਕਰਨ ਆਉਂਦੇ ਹਨ..? ਕਿਸ ਕਿਸ ਦਾ ਬਾਈਕਾਟ ਕਰਵਾਈ ਜਾਵਾਂਗੇ..? ਝਗੜੇ ਦੀ ਤਹਿ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਕੇ ਇਸ ਨੂੰ ਮੁੱਢ ਤੋਂ ਹੀ ਨਜਿੱਠ ਲਿਆ ਜਾਵੇ ਤਾਂ ਇਸ ਤੋਂ ਵੱਡੀ ਸਿਆਣਪ ਕੋਈ ਨਹੀਂ ਹੋਵੇਗੀ। ਇਕ ਗੱਲ ਮੈਂ ਜਾਂਦਾ ਜਾਂਦਾ ਆਖ ਜਾਵਾਂ, ਕੋਈ ਮੇਰਾ ਵੀਰ ਗਲਤ ਨਾ ਸਮਝ ਲਵੇ ਕਿ ਨਾ ਤਾਂ ਮੈਂ ਕਿਰਪਾਨ ਦੇ ਖ਼ਿਲਾਫ਼ ਹਾਂ ਅਤੇ ਨਾ ਕਿਰਪਾਨ ਪਾ ਕੇ ਪ੍ਰੋਗਰਾਮ ਵਿਚ ਜਾਣ ਦੇ! ਪਰ ਜੇ ਇਸ ਲੇਖ ਕਰਕੇ ਕਿਸੇ ਦੇ ਮਨ ਨੂੰ ਠੇਸ ਲੱਗੀ ਹੋਵੇ ਤਾਂ ਮੈਂ ਮੁਆਫ਼ੀ ਦਾ ਖ਼ੁਆਸਤਗ਼ਾਰ ਹਾਂ!


................................


Saturday, October 10, 2009

ਸਾਵਧਾਨ ਮਿੱਤਰੋ!! ਕਿਤੇ 'ਯੂ.ਕੇ.' ਵੀ 'ਆਸਟਰੇਲੀਆ' ਨਾ ਬਣਜੇ....। -ਮਨਦੀਪ ਖੁਰਮੀ ਹਿੰਮਤਪੁਰਾ


ਸਾਵਧਾਨ ਮਿੱਤਰੋ!! ਕਿਤੇ 'ਯੂ.ਕੇ.' ਵੀ 'ਆਸਟਰੇਲੀਆ' ਨਾ ਬਣਜੇ....।   -ਮਨਦੀਪ ਖੁਰਮੀ ਹਿੰਮਤਪੁਰਾ
     
               ਇੰਗਲੈਂਡ ਦੀ ਧਰਤੀ 'ਤੇ ਪ੍ਰਵਾਸ ਕਰਨ ਜਾ ਰਹੇ ਮੇਰੀ ਪੂਜਣਯੋਗ ਧਰਤੀ ਦੇ ਜੰਮਪਲ ਵੀਰੋ!....... ਕਿਸੇ ਬੇਗਾਨੇ ਦੀ ਗੁਲਾਮੀ ਕਰਨ ਲਈ ਹਰ ਪੈਰ ਮਜ਼ਬੂਰੀ 'ਚ ਹੀ ਉੱਠਦੈ। ਮੈਥੋਂ ਪਹਿਲਾਂ ਪ੍ਰਵਾਸ ਕਰਕੇ ਆਏ ਬਜ਼ੁਰਗ ਵੀ ਕਿਸੇ ਮਜ਼ਬੂਰੀ ਦੇ ਝੰਬੇ ਹੀ ਆਏ ਹੋਣਗੇ, ਮੈਂ ਵੀ ਕਿਸੇ ਵਿਰਲ ਨੂੰ ਪੂਰਨ ਦੇ ਮਨਸ਼ੇ ਨਾਲ ਹੀ ਆਪਣਾ ਪਿਆਰਾ ਵਤਨ ਛੱਡ ਕੇ ਆਇਆ ਹਾਂ ਅਤੇ ਅੱਜ ਤੁਸੀਂ ਵੀ ਆਪਣੇ ਭਵਿੱਖੀ ਸੁਪਨਿਆਂ ਨੂੰ ਨੇਪਰੇ ਚਾੜ੍ਹਨ ਦੇ ਮਕਸਦ ਨਾਲ ਹੀ ਵਿਲਕਦੇ ਮਾਂ- ਬਾਪ ਜਾਂ ਭੈਣ ਭਰਾਵਾਂ ਨੂੰ ਛੱਡ ਕੇ ਆਏ ਹੋਵੋਗੇ। ਬੇਸ਼ੱਕ ਵਿਦਿਆਰਥੀ ਵੀਜ਼ਾ ਲੈ ਕੇ ਆਏ ਹੋ ਜਾਂ ਫਿਰ 'ਵਿਦਿਆਰਥੀ ਬੀਬੀ' ਜਾਂ 'ਵਿਦਿਆਰਥੀ ਕਾਕੇ' ਨਾਲ ਡਿਪੈਂਡੈਂਟ ਵੀਜ਼ਾ ਲੈ ਕੇ ਆਏ ਹੋ..... ਸਭ ਤੋਂ ਪਹਿਲਾਂ ਸਾਡੇ ਸਭ ਲਈ ਸਦਾ ਬੇਗਾਨੀ ਰਹਿਣੀ ਧਰਤੀ 'ਤੇ ਪੈਰ ਰੱਖਣ 'ਤੇ ਜੀ ਆਇਆਂ...!
     ਪਿਆਰੇ ਵੀਰੋ/ਭੈਣੋ ਤੁਹਾਡੀ ਦੁਖਦੀ ਰਗ ਵੀ ਇਹੋ ਹੀ ਹੈ ਕਿ ਜੇ ਸਾਡੇ ਦੇਸ਼ ਦੀ ਸਰਕਾਰ 'ਚ ਤੰਤ ਹੁੰਦਾ ਜਾਂ ਆਪਣੇ ਹੀ ਦੇਸ਼ 'ਚ ਮਿਹਨਤ ਜਾਂ ਲਿਆਕਤ ਦਾ ਮੁੱਲ ਪੈਂਦਾ ਤਾਂ ਕਿਉਂ ਐਸਾ ਜੱਫਰ ਜਾਲਦੇ? ਚੱਲੋ ਦਿਲ ਥੋੜ੍ਹਾ ਕਰਨ ਵਾਲੀ ਵੀ ਕੋਈ ਗੱਲ ਨਹੀਂ। ਜੇ ਆ ਗਏ ਹੋ ਜਾਂ ਫਿਰ ਆਉਣ ਲਈ ਬੋਰੀਆ ਬਿਸਤਰਾ ਬੰਨ੍ਹੀ ਬੈਠੇ ਹੋ ਤਾਂ ਆਪਣੇ ਇਸ ਕਮਅਕਲ ਵੀਰ ਦੀ ਗੱਲ ਜਰੂਰ ਚੇਤੇ ਰੱਖਿਓ ਕਿ 'ਗੰਗਾ ਗਏ ਗੰਗਾ ਰਾਮ, ਯਮੁਨਾ ਗਏ ਯਮੁਨਾ ਦਾਸ'। ਇਹ ਸਤਰਾਂ ਲਿਖਣ ਬੈਠਣ ਦਾ ਕੋਈ ਖਾਸ ਮਕਸਦ ਨਹੀਂ ਸੀ ਪਰ ਆਸਟਰੇਲੀਆ 'ਚ ਭਾਰਤੀ ਵਿਦਿਆਰਥੀਆਂ (ਖਾਸ ਕਰਕੇ ਪੰਜਾਬੀ) 'ਤੇ ਜੋ ਨਸਲੀ ਵਿਤਕਰੇ ਹੋਣ ਦੀਆਂ ਪੜ੍ਹੀਆਂ ਖਬਰਾਂ ਤੇ ਇਹਨਾਂ ਖ਼ਬਰਾਂ ਦੀ ਕੁੱਝ ਹੱਦ ਤੱਕ ਸੱਚਾਈ ਬਿਆਨ ਕਰਦੇ ਨੌਜ਼ਵਾਨ ਲੇਖਕ ਰਿਸ਼ੀ ਗੁਲਾਟੀ ਅਤੇ ਮਿੰਟੂ ਬਰਾੜ ਦੇ ਲਿਖੇ ਲੇਖਾਂ ਨੇ ਐਸਾ ਤਰਥੱਲ ਜਿਹਾ ਪਾਇਆ ਕਿ ਮੈਂ ਬੇਮੱਤਾ ਤੁਹਾਨੂੰ ਮੱਤ ਦੇਣ ਦੀ ਗੁਸਤਾਖੀ ਕਰਨ ਜਾ ਰਿਹਾ ਹਾਂ। ਇਹ ਸਤਰਾਂ ਇਸ ਲਈ ਵੀ ਲਿਖਣੀਆਂ ਪੈ ਰਹੀਆਂ ਹਨ ਕਿਉਂਕਿ ਯੂ. ਕੇ. ਦੀ 'ਸੌਖੀ' ਕੀਤੀ ਵੀਜ਼ਾ ਪ੍ਰਣਾਲੀ ਕਾਰਨ ਇੰਗਲੈਂਡ 'ਚ ਪੈਰ ਪਾ ਚੁੱਕੇ ਕੁਝ ਕੁ ਛੋਟੇ ਵੀਰਾਂ ਦੀਆਂ ਕਰਤੂਤਾਂ ਦੇਖਣ ਦਾ 'ਸੁਭਾਗ' ਪ੍ਰਾਪਤ ਕਰ ਚੁੱਕਾ ਹਾਂ। ਅੰਤਾਂ ਦੇ ਸੱਭਿਅਕ ਮੁਲਕ 'ਚ ਸਾਊਥਾਲ ਦੇ ਰੇਲਵੇ ਸਟੇਸ਼ਨ 'ਤੇ ਇੱਕ ਦੂਜੇ ਨੂੰ 'ਤੇਰੀ ਮਾਂ.... ਜਾਂ ਤੇਰੀ ਭੈਣ ਦੀ' ਆਦਿ ਦੀ ਗਾਲ੍ਹ ਨਾਲ ਸੰਬੋਧਨ ਕਰਦਿਆਂ ਜਾਂ ਫਿਰ ਜੁਆਕਾਂ ਵਾਂਗ 'ਛੂਹਣ- ਛੁਹਾਈ' ਖੇਡਣ ਵਾਂਗ ਇੱਕ ਦੂਜੇ ਪਿੱਛੇ ਭੱਜੇ ਫਿਰਦਿਆਂ ਨੂੰ ਦੇਖਕੇ ਇਹ ਮਹਿਸੂਸ ਹੋਇਆ ਕਿ ਸ਼ਾਇਦ ਅਸੀਂ ਜਹਾਜ਼ ਚੜ੍ਹਨ ਦੇ ਚਾਅ ਵਿੱਚ ਬੇਗਾਨੇ ਮੁਲਕ 'ਚ ਰਹਿਣ- ਸਹਿਣ ਦੇ ਸਲੀਕੇ ਦੀ ਲਿਆਕਤ ਪਿੰਡ ਹੀ ਕਿੱਲੀ 'ਤੇ ਟੰਗੀ ਭੁੱਲ ਆਏ ਹਾਂ। ਆਸਟਰੇਲੀਆ ਵਿੱਚ ਭਾਰਤੀ ਵਿਦਿਆਰਥੀਆਂ ਨਾਲ ਹੋਏ ਕਥਿਤ ਦੁਰਵਿਵਹਾਰ ਅਤੇ ਵਿਰੋਧ 'ਚ ਹੋਈਆ ਹੜਤਾਲਾਂ, ਭੰਨ ਤੋੜ ਦੀਆਂ ਘਟਨਾਵਾਂ ਨੇ ਦੁਜਿਆਂ ਦੇ ਠੂਠਿਆਂ 'ਚ ਵੀ ਲੱਤ ਮਾਰ ਧਰੀ ਹੈ। ਜਿਸਦੇ ਸਿੱਟੇ ਵਜੋਂ ਆਸਟਰੇਲੀਆ ਸਰਕਾਰ ਹੁਣ ਵਿਦਿਆਰਥੀ ਵੀਜ਼ੇ ਦੇਣ ਲਈ ਫੂਕ ਫੂਕ ਕੇ ਕਦਮ ਪੁੱਟ ਰਹੀ ਹੈ। ਆਸਟਰੇਲੀਆ ਸਰਕਾਰ ਦੇ ਵਿਦਿਆਰਥੀਆਂ ਤੋਂ ਭੰਗ ਹੋਏ ਮੋਹ ਨੂੰ ਇੰਗਲੈਂਡ ਸਰਕਾਰ ਨੇ ਆਪਣੀ ਝੋਲੀ ਪਾਉਣ ਦਾ ਫੈਸਲਾ ਲਿਆ ਹੈ। ਜਿਸ ਤਹਿਤ ਇੱਕਦਮ ਹੀ ਵੀਜ਼ਾ ਸ਼ਰਤਾਂ ਨਰਮ ਕਰ ਦਿੱਤੀਆਂ ਹਨ। ਇੱਥੋਂ ਤੱਕ ਕਿ ਅੰਗਰੇਜੀ ਦਾ ਗਿਆਨ ਹੋਣਾ ਜਾਂ ਨਾ ਹੋਣਾ ਵੀ ਕਿਸੇ ਖਾਤੇ 'ਚ ਨਹੀਂ ਆਉਂਦਾ। ਜੀਹਨੇ ਪੌਂਡਾਂ 'ਚ ਤਬਦੀਲ ਕਰਕੇ ਫੀਸ ਭਰੀ, ਉਸੇ ਲਈ ਹੀ ਇੰਗਲੈਂਡ ਦਾ ਵੀਜ਼ਾ ਘੜੱਚ ਕਰਕੇ ਲੱਗ ਗਿਆ ਅਤੇ ਨਿਰੰਤਰ ਲੱਗ ਰਿਹਾ ਹੈ। ਗੋਰਿਆਂ ਨੂੰ ਭਲੀਭਾਂਤ ਪਤਾ ਹੈ ਕਿ ਬੇਸ਼ੱਕ ਭਾਰਤੀ ਲੋਕ ਸਾਨੂੰ ਇਹ ਕਹਿ ਕੇ ਡੀਂਗਾਂ ਮਾਰਦੇ ਫਿਰਨ ਕਿ "ਅਸੀਂ ਗੋਰਿਆਂ ਨੂੰ ਆਪਣੇ ਮੁਲਕ 'ਚੋਂ ਕੱਢ ਦਿੱਤੈ, ਹੁਣ ਅਸੀਂ ਆਜ਼ਾਦ ਹਾਂ।" ਪਰ ਭਾਰਤੀ ਲੋਕ ਤਾਂ ਵਿਚਾਰੇ ਫਿਰ ਗੁਲਾਮ ਹੋਣ ਲਈ ਆੜ੍ਹਤੀਆਂ ਤੋਂ, ਬੈਂਕਾਂ ਤੋਂ ਕਰਜ਼ੇ ਲੈ ਕੇ, ਜ਼ਮੀਨਾਂ ਵੇਚ ਵੱਟ ਕੇ ਮੁੜ ਉਹਨਾਂ ਦੇ ਗੁਲਾਮ ਹੋਣ ਲਈ ਲਿਲਕੜੀਆਂ ਕੱਢਦੇ ਆ ਰਹੇ ਹਨ। ਗੱਲ ਇੱਥੋਂ ਸ਼ੁਰੂ ਹੁੰਦੀ ਹੈ ਕਿ ਆਸਟਰੇਲੀਆ ਤੋਂ ਬਾਦ ਇੰਗਲੈਂਡ ਸਰਕਾਰ ਨੂੰ ਕੀ ਲੋੜ ਪਈ ਸੀ ਕਿ ਵਿਦਿਆਰਥੀਆਂ ਲਈ ਧੜਾਧੜ ਵੀਜ਼ੇ ਖੋਲ੍ਹ ਦਿੱਤੇ ਹਨ? ਇੱਕ ਪਾਸੇ ਤਾਂ ਆਰਥਿਕ ਮੰਦੀ ਦੇ ਨਾਂ 'ਤੇ ਹਰ ਰੋਜ਼ ਕੰਪਨੀਆਂ ਵੱਲੋਂ ਆਪਣੇ ਕਾਮੇ ਕੰਮ ਤੋਂ ਲਾਂਭੇ ਕਰੇ ਜਾ ਰਹੇ ਹਨ। ਦੂਜੇ ਪਾਸੇ ਇੰਗਲੈਂਡ ਸਰਕਾਰ ਵੱਲੋਂ ਆਰਥਿਕ ਮੰਦੇ ਨਾਲ ਦੋ ਹੱਥ ਕਰਨ ਲਈ 'ਵਿਦਿਆਰਥੀ ਵੀਜ਼ਾ' ਮਾਰਕਾ ਫਾਰਮੂਲਾ ਅਪਣਾ ਕੇ ਜਰੂਰ ਆਪਣੇ ਖਜ਼ਾਨਿਆਂ ਨੂੰ ਰੰਗ-ਭਾਗ ਲਾ ਲਏ ਹਨ। ਇਸ ਤੋਂ ਪਹਿਲਾਂ ਆਸਟਰੇਲੀਆ ਸਰਕਾਰ ਵੀ ਵਗਦੀ ਗੰਗਾ 'ਚ ਹੱਥ ਧੋ ਚੁੱਕੀ ਹੈ। ਜ਼ਿਕਰਯੋਗ ਹੈ ਕਿ ਇੰਗਲੈਂਡ ਵਿੱਚ ਬੇਰੁਜ਼ਗਾਰੀ ਪਿਛਲੇ ਸਭ ਅੰਕੜੇ ਪਾਰ ਕਰਦੀ ਨਜ਼ਰੀਂ ਪੈ ਰਹੀ ਹੈ। ਅਜੋਕੇ ਹਾਲਾਤਾਂ ਨੂੰ ਅਰਥ ਸ਼ਾਸ਼ਤਰੀ ਰਾਸ਼ਟਰੀ ਸੰਕਟ ਦਾ ਨਾਂ ਦੇ ਰਹੇ ਹਨ ਕਿ ਹਰ ਪੰਜਵਾਂ ਨੌਜ਼ਵਾਨ ਨੌਕਰੀ ਪ੍ਰਾਪਤ ਕਰਨੋਂ ਅਸਮਰੱਥ ਹੈ। ਪਿਛਲੇ ਚੌਦਾਂ ਸਾਲਾਂ ਦੇ ਮੁਕਾਬਲੇ ਇੰਗਲੈਂਡ ਵਿੱਚ ਬੇਰੁਜ਼ਗਾਰਾਂ ਦੀ ਸੰਖਿਆ ਢਾਈ ਮਿਲੀਅਨ ਦੇ ਅੰਕੜੇ ਦੇ ਆਸ- ਪਾਸ ਪੁੱਜ ਗਈ ਹੈ। ਮਈ 2009 ਤੋਂ ਜੁਲਾਈ 2009 ਦੇ ਤਿੰਨਾਂ ਮਹੀਨਿਆਂ ਵਿੱਚ ਹੀ ਬੇਰੁਜ਼ਗਾਰਾਂ ਦਾ ਅੰਕੜਾ 2 ਲੱਖ 10 ਹਜ਼ਾਰ ਨੂੰ ਪੁੱਜ ਗਿਆ ਹੈ। ਆਉਣ ਵਾਲੇ ਦਿਨਾਂ ਵਿੱਚ ਬੇਰੁਜ਼ਗਾਰੀ ਹੋਰ ਵਧਣ ਦੇ ਸ਼ੰਕੇ ਪ੍ਰਗਟਾਉਂਦੀ ਆਰਗੇਨਾਈਜੇਸ਼ਨ ਫਾਰ ਇਕਨਾਮਿਕ ਕਾਰਪੋਰੇਸ਼ਨ ਐਂਡ ਡਿਵਲਪਮੈਂਟ ਦੀ ਰਿਪੋਰਟ ਦਾ ਕਹਿਣਾ ਹੈ ਕਿ ਦਸੰਬਰ 2007 ਤੋਂ ਜੁਲਾਈ 2009 ਦਰਮਿਆਨ 15 ਮਿਲੀਅਨ ਨੌਕਰੀਆਂ ਵਿੱਚ ਗਿਰਾਵਟ ਆਈ ਪਰ ਅਗਲੇ ਸਾਲ ਦੇ ਅਖੀਰ ਤੱਕ 10 ਮਿਲੀਅਨ ਹੋਰ ਨੌਕਰੀਆਂ ਖੁੱਸ ਸਕਦੀਆਂ ਹਨ। ਅਜਿਹੇ ਪੇਚੀਦਾ ਹਾਲਾਤਾਂ ਵਿੱਚ ਇੰਗਲੈਂਡ ਸਰਕਾਰ ਵੱਲੋਂ ਥੋਕ ਦੇ ਭਾਅ ਦਿੱਤੇ ਵੀਜੇ ਇਹੀ ਦਰਸਾ ਰਹੇ ਹਨ ਕਿ "ਲਾਗੀਆਂ ਨੇ ਤਾਂ ਲਾਗ ਲੈਣਾ ਸੀ, ਕੁੜੀ ਭਾਵੇਂ ਜਾਂਦੀ ਰੰਡੀ ਹੋਜੇ" ਭਾਵ ਕਿ ਸਰਕਾਰ ਵੱਲੋਂ ਕੋਰਸਾਂ ਰਾਹੀ ਜੋ ਮਾਇਆ ਇਕੱਠੀ ਕਰਨੀ ਸੀ, ਉਹ ਕਰ ਲਈ ਜਾਂ ਕਰ ਰਹੀ ਹੈ ਪਰ ਕੰਮ ਦੀ ਗਾਰੰਟੀ ਕੋਈ ਨਹੀਂ ਹੈ। ਜਿੱਥੇ ਦੇਸ਼ ਦੇ ਪੱਕੇ ਵਸਨੀਕ ਜਾਂ ਜੰਮਪਲ ਹੀ ਕੰਮ ਲਈ ਖੱਲ- ਖੂੰਜਿਆਂ 'ਚ ਹੱਥ ਮਾਰ ਰਹੇ ਹਨ ਉੱਥੇ ਵਿਦਿਆਰਥੀ ਵੀਜ਼ਿਆਂ ਰਾਹੀਂ ਭਵਿੱਖ ਦੇ ਜਿੰਦਰਿਆਂ ਦੀਆਂ ਚਾਬੀਆਂ ਲੱਭਣ ਆਏ ਨੌਜਵਾਨ ਕੀਹਦੇ ਪਾਣੀਹਾਰ ਨੇ। ਵਿਦਿਆਰਥੀ ਵੀਜ਼ਿਆਂ ਰਾਹੀਂ ਆਉਣ ਵਾਲੇ ਨੌਜਵਾਨਾਂ ਕਾਰਨ ਇੰਗਲੈਂਡ ਦੇ ਗੁਰਦੁਆਰਿਆਂ, ਮਸਜਿਦਾਂ, ਮੰਦਰਾਂ ਵਿੱਚ ਵੀ ਭੀੜ ਵਧਣੀ ਸ਼ੁਰੂ ਹੋ ਗਈ ਹੈ। ਕੰਮ ਵਿਹੂਣਾ ਆਦਮੀ ਜਦੋਂ ਆਪਣਾ ਰੋਟੀ ਟੁੱਕ ਚਲਾਉਣ ਤੋਂ ਅਸਮਰੱਥ ਹੋ ਜਾਂਦਾ ਹੈ ਤਾਂ ਧਾਰਮਿਕ ਅਸਥਾਨ ਹੀ ਪੇਟ ਨੂੰ ਝੁਲਕਾ ਦੇਣ ਦਾ ਸਾਧਨ ਬਣਦੇ ਹਨ। ਸੁਨਣ ਵਿੱਚ ਆ ਰਿਹਾ ਹੈ ਕਿ ਪੰਜਾਬ ਦੇ ਕਈ ਦੁਕਾਨਦਾਰ ਵੀ ਵਿਚਾਰੇ ਰਿਉੜੀਆਂ ਪਕੌੜੀਆਂ ਵੇਚਦੇ ਵੇਚਦੇ ਇੰਗਲੈਂਡ ਦੇ ਵੀਜ਼ੇ 'ਲਵਾਉਣ' ਦੇ ਮਾਹਿਰ ਏਜੰਟ ਬਣੇ ਫਿਰਦੇ ਹਨ। 'ਹਰ ਸ਼ਾਖ ਪੇ ਉੱਲੂ ਬੈਠਾ ਹੈ, ਅੰਜ਼ਾਮ-ਏ-ਗੁਲਸਿਤਾਂ ਕਿਆ ਹੋਗਾ' ਵਾਂਗ ਮੇਰੇ ਸੋਹਣੇ ਦੇਸ਼ ਦੇ ਲੀਡਰ ਲੋਕਾਂ ਨੂੰ ਲੁੱਟਣ ਅਤੇ ਕੁੱਟਣ ਤੋਂ ਹੀ ਵਿਹਲੇ ਨਹੀਂ ਹੁੰਦੇ, ਲੋਕਾਂ ਦੀ ਜੂਨ ਸੁਧਾਰਨ ਦੀ ਉਹਨਾਂ ਕੋਲ ਫੁਰਸਤ ਕਿੱਥੇ? ਇਸੇ ਨਿਰਾਸ਼ਤਾ 'ਚੋਂ ਗੁਜ਼ਰਦਿਆਂ ਹੀ ਵਿਚਾਰੇ ਲੋਕ ਆਪਣੇ ਲਖਤੇਜਿਗਰਾਂ ਨੂੰ ਵਿਦੇਸ਼ਾਂ 'ਚ 'ਪੜ੍ਹਾਈਆਂ' ਕਰਨ ਲਈ ਤੋਰ ਰਹੇ ਹਨ।
 ਪਿਆਰੇ ਵੀਰੋ/ਭੈਣੋ, ਇਹ ਤਾਂ ਸਨ ਉਹ ਹਾਲਾਤ ਜਿਹਨਾਂ ਦੀ ਭੇਂਟ ਚੜ੍ਹਕੇ ਤੁਸੀਂ ਜਹਾਜ਼ੇ ਚੜ੍ਹ ਆਏ ਹੋ। ਪਰ ਹੁਣ ਆਪਾਂ ਗੱਲ ਕਰਨ ਲੱਗੇ ਹਾਂ ਉਹਨਾਂ ਹਾਲਾਤਾਂ ਦੀ ਜੋ ਤੁਹਾਨੂੰ ਆਉਣ ਵਾਲੇ ਦਿਨਾਂ ਵਿੱਚ ਦੇਖਣ ਨੂੰ ਮਿਲ ਸਕਦੇ ਹਨ। ਸਭ ਤੋਂ ਪਹਿਲੀ ਗੱਲ ਇਹ ਕਿ ਅਸੀਂ ਖੁਦ ਵੀ ਇਹੀ ਰੌਲਾ ਪਾਉਂਦੇ ਰਹਿੰਦੇ ਹਾਂ ਕਿ ਸਾਡੇ ਪੰਜਾਬ ਉੱਪਰ 'ਭਈਆਂ' ਦਾ ਕਬਜ਼ਾ ਹੋਣ ਜਾ ਰਿਹਾ ਹੈ। ਅਸੀਂ 'ਭਈਆਂ' ਨੂੰ ਕਿੰਨੀ ਨਫਰਤ ਦੀ ਨਗ੍ਹਾ ਨਾਲ ਦੇਖਦੇ ਹਾਂ। ਪਰ ਹੁਣ ਡੂੰਘੇ ਦਿਮਾਗ ਨਾਲ ਸੋਚ ਕੇ ਦੇਖੋ ਕਿ ਕਿਸੇ ਬੇਗਾਨੇ ਮੁਲਕ 'ਚ ਅਸੀਂ ਵੀ ਤਾਂ ਉਹਨਾਂ 'ਭਈਆਂ' ਦੀ ਤਰ੍ਹਾਂ ਹੀ ਪ੍ਰਵਾਸੀ ਹਾਂ। ਜੇ ਭਈਆਂ ਉੱਪਰ ਇਹ ਦੋਸ਼ ਬਾਰ ਬਾਰ ਲੱਗਦਾ ਹੈ ਕਿ ਪੰਜਾਬੀਆਂ ਨੂੰ ਜ਼ਰਦਾ ਲਾਉਣ ਜਾਂ ਬੀੜੀਆਂ ਸਿਗਰਟਾਂ ਆਦਿ ਨਸ਼ਿਆਂ ਦੀ ਗੁੜ੍ਹਤੀ ਭਈਆਂ ਤੋਂ ਮਿਲੀ ਹੈ ਤਾਂ ਖਾਸ ਤੌਰ 'ਤੇ ਇੰਗਲੈਂਡ ਵਿੱਚ ਹੀ ਆਪਣੇ 'ਪੰਜਾਬੀ ਭਾਈਆਂ' ਵੱਲੋਂ ਠੱਗੀਆਂ, ਕਤਲਾਂ, ਚੋਰੀਆਂ ਡਕੈਤੀਆਂ, ਨਸ਼ੇਖੋਰੀ ਆਦਿ ਦੀਆਂ ਖਿੰਡਾਈਆਂ ਜਾਂਦੀਆਂ ਕਰਤੂਤਾਂ ਕੀ ਸਾਡੇ ਖੁਦ ਦੇ ਮੱਥੇ 'ਤੇ ਲੱਗੇ ਕਲੰਕ ਨਹੀਂ ਹਨ? ਇੱਕ ਇੱਕ ਪੌਂਡ ਮੰਗਦੇ ਫਿਰਨਾ, ਬੀਅਰਾਂ ਪੀ ਕੇ ਜਨਤਕ ਬੈਚਾਂ 'ਤੇ ਬੈਠਿਆਂ ਦੀਆਂ ਪੈਂਟਾਂ 'ਚ ਹੀ 'ਸ਼ੂ-ਸੂ' ਨਿਕਲਿਆ ਹੋਣਾ ਜਾਂ ਫਿਰ ਪੰਜਾਬਣ ਬੀਬੀਆਂ ਦਾ 'ਮਾਲਿਸ਼ ਪਾਰਲਰਾਂ' 'ਚ ਮਾਲਸ਼ ਦੇ ਨਾਂਅ 'ਤੇ ਜਿਸਮ ਵੇਚਣ ਜਿਹੇ ਕੰਮ ਕਰਨ ਵੱਲ ਤੁਰਨਾ ਕੀ ਸਾਡੇ ਬੰਨ੍ਹੀਆਂ ਪੋਚਵੀਆਂ ਪੱਗਾਂ ਉੱਪਰ ਕਲਗੀਆਂ ਲਾ ਰਹੀਆਂ ਹਨ? ਇੰਗਲੈਂਡ ਦੀ ਧਰਤੀ 'ਤੇ ਸੁਨਹਿਰੇ ਭਵਿੱਖ ਦੀ ਆਸ 'ਚ ਆਏ ਵੀਰੋ ਕਿਸੇ ਵੀ ਮੁਲਕ 'ਚ ਜਾਵੋ, ਉੱਥੋਂ ਦੇ ਕਾਇਦੇ- ਕਾਨੂੰਨ, ਰਹਿਣੀ- ਸਹਿਣੀ ਅਤੇ ਬੋਲ ਚਾਲ ਦੇ ਸਲੀਕੇ ਹੀ ਤੁਹਾਨੂੰ ਲੋਕਾਂ ਨਾਲ ਜੋੜ ਸਕਦੇ ਹਨ। ਗੱਲ ਲੜ ਬੰਨ੍ਹ ਲਓ ਕਿ ਜੇ ਗੋਰਿਆਂ ਤੋਂ 'ਬਲੱਡੀ ਇੰਡੀਅਨ' ਨਹੀਂ ਅਖਵਾਉਣਾ ਤਾਂ 'ਸੌਰੀ' 'ਥੈਂਕਯੂ' ਅਤੇ 'ਪਲੀਜ਼' ਸ਼ਬਦ ਆਪਣੀ ਬੋਲ ਚਾਲ ਦਾ ਹਿੱਸਾ ਬਣਾ ਲਓ। ਇਸ ਧਰਤੀ 'ਤੇ ਆ ਗਏ ਹੋ ਤਾਂ ਉਹ ਬੇਬੇ ਬੜੀ ਦੂਰ ਰਹਿਗੀ ਜਿਹੜੀ ਦਹੀਂ ਨਾਲ ਟੁੱਕ ਦਿੰਦੀ ਹੁੰਦੀ ਸੀ। ਆਪਣੇ ਸੁਭਾਵਾਂ ਵਿੱਚ ਰਲੇ ਖੁੱਲਪੁਣੇ ਨੂੰ ਲਿਆਕਤ ਦੀ ਪੁੱਠ ਚਾੜ੍ਹਨ ਦੀ ਖੇਚਲ ਜਰੂਰ ਕਰੋ। ਇੱਕ ਦੂਜੇ ਨੂੰ ਉੱਚੀ ਉੱਚੀ 'ਹਲੋ ਹਲੋ' ਕਹਿੰਦੇ ਜਾਂ ਕੂਕਾਂ ਮਾਰਦੇ ਫਿਰਨਾ ਤੁਹਾਡੇ ਜਾਂ ਸਾਡੇ ਸਭ ਲਈ ਅੱਛਾ ਨਹੀਂ ਹੋਵੇਗਾ। 'ਹਲੋ ਹਲੋ', ਕੂਕਾਂ ਮਾਰਨਾ, ਗਾਲ੍ਹਾਂ ਦਾ ਦੁਸਾਂਦਾ ਦੇਣਾ ਜਾਂ ਫਿਰ ਅੱਖਾਂ ਅੱਖਾਂ ਰਾਹੀਂ ਹੀ ਤੁਰੀ ਜਾਂਦੀ ਜਨਾਨੀ ਦਾ 'ਐਕਸ-ਰੇ' ਕਰਨ ਦੀਆਂ ਘਟਨਾਵਾਂ ਪਿਛਲੇ ਪੰਜ ਸੱਤ ਦਿਨਾਂ 'ਚ ਮੈਂ ਥੋਕ ਦੇ ਭਾਅ ਅੱਖੀਂ ਦੇਖ ਚੁੱਕਾ ਹਾਂ। ਇੰਗਲੈਂਡ ਦੀਆਂ ਬੱਸਾਂ, ਰੇਲਾਂ ਜਾਂ ਅੰਡਰ ਗਰਾਊਂਡ ਟਿਊਬਾਂ ਵਿੱਚ ਲੋਕ ਸਫਰ ਦੌਰਾਨ ਨੀਂਦ ਦੀਆਂ ਝਪਕੀਆਂ ਲੈਂਦੇ ਆਮ ਮਿਲ ਜਾਣਗੇ। ਕੰਮਾਂਕਾਰਾਂ ਦੀ ਭੱਜ ਦੌੜ ਤੋਂ ਅੱਕੇ ਲੋਕ ਸ਼ਾਂਤ ਮਾਹੌਲ ਲੋੜਦੇ ਹਨ ਪਰ ਸਾਡੇ ਪੰਜਾਬੀ 'ਭਾਈ' ਇਹਨਾਂ ਥਾਵਾਂ 'ਤੇ ਜਦੋਂ ਪ੍ਰਵੇਸ਼ ਕਰਦੇ ਹਨ ਤਾਂ ਸ਼ਾਂਤ ਬੈਠੇ ਤੀਹ ਬੱਤੀ ਲੋਕਾਂ ਨੂੰ ਦੱਸ ਦਿੰਦੇ ਹਨ ਕਿ 'ਇੱਕ ਉਜੱਡ ਪਹੁੰਚ ਚੁੱਕਾ ਹੈ।' ਸ਼ਾਂਤ ਬੈਠੇ ਲੋਕਾਂ ਦੀਆਂ ਆਪਣੇ ਮੋਬਾਈਲ ਫੋਨਾਂ 'ਤੇ ਵੱਜਦੇ ਚੋਂਦੇ ਚੋਂਦੇ ਗੀਤਾਂ ਰਾਹੀਂ ਬਿਰਤੀਆਂ ਭੰਗ ਕਰਨ ਬਦਲੇ ਉਹ ਤੁਹਾਨੂੰ "ਪੰਜਾਬੀ ਸੱਭਿਆਚਾਰ ਦਾ ਬੀਬਾ ਪੁੱਤ" ਨਾਂਅ ਦੇ ਸਨਮਾਨ ਨਾਲ ਸਨਮਾਨਤ ਨਹੀਂ ਕਰਦੇ ਹੋਣਗੇ ਸਗੋਂ 'ਬਲੱਡੀ ਇੰਡੀਅਨ' ਜਾਂ "ਫਕਿੰਗ ਪੈਕੀ" ਸ਼ਬਦ ਹੀ ਉਹਨਾਂ ਲੋਕਾਂ ਦੀਆਂ ਜੀਭਾਂ 'ਤੇ ਆਉਂਦੇ ਹੋਣਗੇ। ਮੋਬਾਈਲ ਫੋਨਾਂ ਰਾਹੀਂ ਕਿਸੇ ਬੇਗਾਨੇ ਮੁਲਕ ਦੇ ਲੋਕਾਂ ਨੂੰ 'ਧੱਕੇ' ਨਾਲ ਪੰਜਾਬੀ ਦੋਗਾਣੇ ਸੁਣਾਉਂਦੇ ਫਿਰਨਾ ਤੁਹਾਡੀ ਕੋਈ ਪ੍ਰਾਪਤੀ ਨਹੀਂ ਸਗੋਂ ਛੋਟੀਆਂ ਛੋਟੀਆਂ 'ਫੁਕਰੀਆਂ ਗੱਲਾਂ' ਹੀ ਤੁਹਾਡੇ ਪਿਆਰੇ ਭਾਰਤ ਜਾਂ ਪੰਜਾਬ ਨੂੰ ਗਾਲ੍ਹਾਂ ਕਢਵਾਉਣ ਲਈ ਕਾਫੀ ਹਨ। ਮਿੱਤਰੋ! ਅਸਲ ਇਨਸਾਨ ਉਹੀ ਹੁੰਦਾ ਹੈ ਜੋ ਆਪਣੇ ਆਪ ਨੂੰ ਹਾਲਾਤਾਂ ਅਨੁਸਾਰ ਢਾਲ ਲਵੇ, ਜੇ ਅਜਿਹਾ ਨਹੀਂ ਹੁੰਦਾ ਤਾਂ ਆਸਟਰੇਲੀਆ ਵਾਲਾ 'ਇਤਿਹਾਸ' ਇੱਥੇ ਵੀ ਛੇਤੀ ਹੀ ਦੁਹਰਾਇਆ ਜਾ ਸਕਦਾ ਹੈ। ਕਿਉਂਕਿ ਕੋਈ ਵੀ ਨਹੀਂ ਚਾਹੁੰਦਾ ਕਿ ਕੋਈ ਬੇਗਾਨਾ ਆਕੇ ਸਾਡੇ ਪੈਰ ਮਿੱਧੇ। ਹੁਣ ਜਦੋਂ ਲੱਖਾਂ ਦੀ ਤਾਦਾਦ 'ਚ ਵਿਦਿਆਰਥੀ ਵੀਜ਼ਿਆਂ ਰਾਹੀਂ ਵੱਖ ਵੱਖ ਦੇਸ਼ਾਂ ਦੇ ਨੌਜ਼ਵਾਨ ਆ ਰਹੇ ਹਨ ਤਾਂ ਸੁਭਾਵਿਕ ਹੈ ਕਿ ਸਾਰੇ ਹੀ ਕੰਮ ਲੱਭਣ ਲਈ ਜਰੂਰ ਹੱਥ ਪੈਰ ਮਾਰਨਗੇ। ਬੇਗਾਨੀ ਧਰਤੀ ਤੋਂ ਆ ਕੇ ਵੀ ਜੇ ਅਸੀਂ ਕੰਮ ਲੱਭਣ 'ਚ ਕਾਮਯਾਬ ਹੋ ਜਾਂਦੇ ਹਾਂ ਤਾਂ ਉਸ ਮੁਲਕ ਦੇ ਅਸਫਲ ਰਹਿ ਗਏ ਜਾਂ ਸਾਥੀ ਕਾਮਿਆਂ 'ਚ ਮਾੜੀ ਮੋਟੀ ਹੀਣ-ਭਾਵਨਾ ਦਾ ਉਤਪੰਨ ਹੋਣਾ ਵੀ ਲਾਜ਼ਮੀ ਹੈ, ਬਿਲਕੁਲ ਉਸੇ ਤਰ੍ਹਾਂ ਹੀ ਜਿਵੇਂ ਆਸਟਰੇਲੀਆ 'ਚ ਵਾਪਰਿਆ ਸੀ ਤੇ ਅਜੇ ਵੀ ਵਾਪਰ ਰਿਹਾ ਹੈ। ਵਿਦਿਅਰਥੀ ਵੀਜ਼ਿਆਂ ਦਾ ਐਨੀ ਵੱਡੀ ਪੱਧਰ 'ਤੇ ਇਜ਼ਾਫਾ ਹੋਣ ਕਾਰਨ ਹਰ ਕਿਸੇ ਦੇ ਖੋਪੜ ਵਿੱਚ ਇਹੀ ਘੰਟੀ ਖੜਕ ਰਹੀ ਹੈ ਕਿ ਪਹਿਲਾਂ ਰਹਿੰਦਿਆਂ ਦੀਆਂ ਤਾਂ ਜੌਬਾਂ ਖਤਮ ਹੁੰਦੀਆਂ ਜਾ ਰਹੀਆਂ ਹਨ, ਨਵੇਂ ਆ ਰਹੇ ਜੀਆਂ ਲਈ ਰੁਜ਼ਗਾਰ ਮੌਕੇ ਕਿੱਥੋਂ ਮਿਲਣਗੇ? ਹੁਣ ਸੁਆਲ ਇਹ ਪੈਦਾ ਹੁੰਦਾ ਹੈ ਕਿ ਇਸ ਨਵੇਂ ਮਾਹੌਲ 'ਚ ਤੁਸੀਂ ਆਪਣੇ ਆਪ ਨੂੰ ਕਿਸ ਤਰ੍ਹਾਂ ਢਾਲਦੇ ਹੋ? ਇਹ ਤੁਹਾਡੀ ਹੀ ਲਿਆਕਤ 'ਤੇ ਨਿਰਭਰ ਕਰਦਾ ਹੈ ਕਿ ਤੁਸੀਂ ਉਸ ਸਮਾਜ ਦਾ ਕਿਹੋ ਜਿਹਾ ਅੰਗ ਬਣਦੇ ਹੋ? ਸਰੀਰ ਦੇ ਅੰਗ ਹਰ ਕਿਸੇ ਨੂੰ ਪਿਆਰੇ ਹੁੰਦੇ ਹਨ ਪਰ ਜਦੋਂ ਸਰੀਰ ਦਾ ਅੰਗ ਸਮੁੱਚੇ ਸਰੀਰ ਲਈ ਹੀ ਘਾਤਕ ਬਣਦਾ ਮਹਿਸੂਸ ਹੁੰਦਾ ਹੈ ਤਾਂ ਉਹੀ ਅੰਗ ਸਰੀਰ ਨਾਲੋਂ ਕੱਟ ਕੇ ਜੁਦਾ ਵੀ ਕਰਨਾ ਪੈ ਜਾਂਦਾ ਹੈ। ਇਸ ਲਈ ਸਮਾਜ ਦੇ ਅਜਿਹੇ ਅੰਗ ਵਜੋਂ ਵਿਚਰੋ ਕਿ ਤੁਹਾਡੀ ਲੋੜ ਕਿਸੇ ਜੀਵਤ ਅੰਗ ਵਾਂਗ ਹਰ ਵੇਲੇ ਮਹਿਸੂਸ ਹੁੰਦੀ ਰਵ੍ਹੇ। ਆਸਟਰੇਲੀਆ ਵਿੱਚ ਹੋਏ ਰੋਸ ਮੁਜਾਹਰੇ, ਹੜਤਾਲਾਂ ਤੇ ਵਿਦਿਆਰਥੀਆਂ ਵੱਲੋਂ ਵੀ ਕੀਤੀਆਂ ਭੰਨ੍ਹਤੋੜ ਦੀਆਂ ਘਟਨਾਵਾਂ ਕਿਸੇ ਤੋਂ ਲੁਕੀਆਂ ਨਹੀਂ। ਮਿੱਤਰੋ ਉਹਨਾਂ ਹਾਲਾਤਾਂ ਲਈ ਸਾਡੇ ਆਪਣੇ ਵੀਰ ਵੀ ਕਾਫੀ ਹੱਦ ਤੱਕ ਜ਼ਿੰਮੇਵਾਰ ਸਨ। ਨਹੀਂ ਕਿਸੇ ਦਾ ਦਿਮਾਗ ਖਰਾਬ ਨਹੀਂ ਕਿ ਕੋਈ ਤੁਹਾਨੂੰ ਐਵੇਂ ਹੀ ਰਾਹ ਜਾਂਦਿਆਂ ਚਿੰਬੜ ਜਾਵੇ। ਤਾੜੀ ਕਦੇ ਵੀ ਇੱਕ ਹੱਥ ਨਾਲ ਨਹੀਂ ਵੱਜੀ, ਦੋਹਾਂ ਹੱਥਾਂ ਦੀ ਪਰਸਪਰਤਾ ਹੀ ਤਾੜੀ ਦੀ ਆਵਾਜ਼ ਨੂੰ ਜਨਮ ਦਿੰਦੀ ਹੈ। ਹੁਣ ਫੈਸਲਾ ਤੁਹਾਡੇ ਹੱਥ ਹੈ ਕਿ ਵੇਲਾ ਲੰਘਾ ਕੇ ਹੜਤਾਲਾਂ ਮੁਜਾਹਰੇ ਕਰਨ ਦੇ ਰਾਹਾਂ ਵੱਲ ਤੁਰਨਾ ਹੈ ਜਾਂ ਪਹਿਲਾਂ ਹੀ ਸੰਭਲ ਕੇ ਤੁਰਨਾ ਹੈ। ਇੱਥੇ ਹੀ ਪਿਆਰ ਸਤਿਕਾਰ ਤੇ ਨਿਮਰਤਾ ਨਾਲ ਰਹੋਗੇ ਤਾਂ ਗੁਜ਼ਾਰਾ ਹੋ ਸਕਦਾ ਹੈ ਜੇ 'ਇੱਕੀ ਦੁੱਕੀ ਚੱਕ ਦਿਆਂਗੇ... ਧੌਣ 'ਤੇ ਗੋਡਾ ਰੱਖ ਦਿਆਂਗੇ' ਵਰਗੇ ਨਾਅਰੇ ਮਾਰਨੇ ਹਨ ਤਾਂ ਇੱਕ ਗੱਲ ਯਾਦ ਰੱਖਿਓ ਕਿ ਆਪਣੇ ਦੇਸ਼ ਦੇ ਲੀਡਰਾਂ ਨੇ ਥੋਡੀ ਬਾਂਹ ਫੜ੍ਹਨ ਜਾਂ ਹੱਕ 'ਚ ਬੋਲਣ ਨਹੀਂ ਬਹੁੜਨਾ। ਜੇ ਕੋਈ ਅਣਸੁਖਾਵੀਂ ਘਟਨਾ ਵਾਪਰ ਵੀ ਗਈ ਤਾਂ ਇਸ ਨੂੰ ਵੀ ਆਸਟਰੇਲੀਆ ਵਾਂਗ ਨਸਲੀ ਵਿਤਕਰੇ ਦਾ ਨਾਂ ਦੇ ਕੇ ਲੀਡਰਾਂ ਵੱਲੋਂ ਅਖਬਾਰੀ ਬਿਆਨਾਂ ਰਾਹੀਂ ਹੀ ਹਮਦਰਦੀ ਜਤਾਈ ਜਾਵੇਗੀ ਜਾਂ ਫਿਰ ਕੋਈ ਹੱਲ ਕੱਢਣ ਤੋਂ ਪਹਿਲਾਂ ਪਹਿਲਾਂ ਪਟਵਾਰੀਆਂ ਜਾਂ ਕਾਨੂੰਨਗੋਆਂ ਦੀਆਂ ਡਿਊਟੀਆਂ ਲਾ ਦਿੱਤੀਆਂ ਜਾਣਗੀਆਂ ਕਿ ਵਿਦੇਸ਼ੀ ਗਿਆਂ ਦੇ ਅੰਕੜੇ ਇਕੱਠੇ ਕਰੋ ਜੀ... ਵਗੈਰਾ ਵਗੈਰਾ। ਜੇ ਕੋਈ ਲੀਡਰ ਤੁਹਾਡਾ ਦੁੱਖ ਸੁਨਣ ਦੇ 'ਬਹਾਨੇ' ਨਾਲ ਆ ਵੀ ਗਿਆ ਤਾਂ ਉਹ ਵੀ ਸਰਕਾਰੀ ਖਰਚੇ 'ਤੇ ਲੱਗੇ ਟੂਰ ਰਾਹੀਂ ਆਪਣੇ ਰਿਸ਼ਤੇਦਾਰਾਂ ਮਿੱਤਰਾਂ ਦੇ ਮੁਰਗਿਆਂ ਦੀਆਂ ਟੰਗਾਂ ਚੂੰਡ ਕੇ ਢਿੱਡ 'ਤੇ ਹੱਥ ਫੇਰ ਕੇ ਮੁੜਜੂ। ਤੁਸੀਂ ਫੇਰ ਬੋਤੇ ਦੀ ਪੂਛ ਵਾਂਗੂੰ ਕੱਲੇ ਈ ਰਹਿ ਜਾਉਂਗੇ। ਮਿੱਤਰੋ, ਖੁਦ ਹੀ ਕੋਈ ਐਸਾ ਮਾਰੂ ਰੋਗ ਨਾ ਲਾ ਬੈਠਿਓ ਕਿ ਉਹਦੀ ਦਵਾਈ ਲਈ ਸਾਡੇ ਦੇਸ਼ ਦੀਆਂ ਸਰਕਾਰਾਂ ਦੇ ਮੂੰਹ ਵੱਲ ਝਾਕਣਾ ਪਵੇ।
   ਆਪਣੇ ਭਵਿੱਖੀ ਸੁਪਨਿਆਂ ਅਤੇ ਮਾਂ ਬਾਪ ਦੀਆਂ ਆਸਾਂ ਨੂੰ ਸਾਕਾਰ ਕਰਨ ਦੇ ਪਵਿੱਤਰ ਮਨਸ਼ੇ ਨਾਲ ਜਰੂਰ ਆਓ। ਪਰ ਐਸੀ ਕਰਤੂਤ ਦੇ ਭਾਗੀਦਾਰ ਨਾ ਬਨਣਾ ਕਿ ਤੁਹਾਡੇ ਜਣਦਿਆਂ ਜਾਂ ਤੁਹਾਡੇ ਮੁਲਕ ਨੂੰ ਸ਼ਰਮਿੰਦਗੀ ਮਹਿਸੂਸ ਹੋਵੇ।

........................

Wednesday, October 7, 2009

ਹੁਣ ਸਾਡਾ ਮੋਗਾ 'ਚਾਹ ਜੋਗਾ' ਨਹੀਂ ਰਿਹਾ। -ਮਨਦੀਪ ਖੁਰਮੀ ਹਿੰਮਤਪੁਰਾ


ਹੁਣ ਸਾਡਾ ਮੋਗਾ 'ਚਾਹ ਜੋਗਾ' ਨਹੀਂ ਰਿਹਾ।   -ਮਨਦੀਪ ਖੁਰਮੀ ਹਿੰਮਤਪੁਰਾ (ਇੰਗਲੈਂਡ)

ਮੋਗਾ ਕਿਸੇ ਲੱਲੀ ਛੱਲੀ ਸ਼ਹਿਰ ਦਾ ਨਾਂ ਨਹੀਂ ਹੈ। ਸਗੋਂ ਆਪਣੇ ਆਪ 'ਚ ਇੱਕ ਇਤਿਹਾਸ ਹੈ ਮੋਗਾ! ਕਾਮਾਗਾਟਾ ਮਾਰੂ (ਗੁਰੁ ਨਾਨਕ ਜਹਾਜ਼) ਦੇ ਮੁਸਾਫਰਾਂ ਵਿੱਚ ਇਕੱਲੇ ਮੋਗੇ ਜਿਲੇ੍ਹ ਦੇ ਲੱਗਭਗ ਚਾਰ ਦਰਜ਼ਨ ਮੁਸਾਫਰਾਂ ਦਾ ਹੋਣਾ ਵੀ ਇਸ ਗੱਲ ਦਾ ਪੁਖਤਾ ਸਬੂਤ ਹੈ ਕਿ ਮੋਗੇ ਦੇ ਲੋਕਾਂ ਦੇ ਖੂਨ 'ਚ ਇਨਕਲਾਬ ਦੀ ਲਾਲੀ ਪਹਿਲਾਂ ਤੋਂ ਹੀ ਚਮਕਾਂ ਮਾਰਦੀ ਆ ਰਹੀ ਹੈ। ਲਾਲਾ ਲਾਜਪਤ ਰਾਏ ਜੀ ਦਾ ਵੀ ਇਸ ਜਿਲੇ੍ਹ ਨਾਲ ਗਹਿ ਗੱਡਵਾਂ ਸੰਬੰਧ ਹੋਣਾ ਇਸ ਦੇ ਰੱਜੇ- ਪੁੱਜੇ ਇਤਿਹਾਸ ਤੇ ਮੋਹਰ ਲਾਉਂਦਾ ਹੈ। ਮੁਜਾਰਾ ਲਹਿਰ ਹੋਵੇ, ਖੁਸ਼ ਹੈਸੀਅਤ ਮੋਰਚਾ ਹੋਵੇ ਜਾਂ ਫਿਰ ਬਿਰਲਾ ਪਟਾ ਮੋਰਚਾ ਹੋਵੇ, ਮੋਗੇ ਜਿਲੇ੍ ਦੀ ਸ਼ਮੂਲੀਅਤ ਨੂੰ ਕਿਸੇ ਵੀ ਪੱਖੋਂ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਪੰਜਾਬ ਦੀਆਂ ਕੁੜੀਆਂ ਦੇ ਚਾਵਾਂ ਮਲ੍ਹਾਰਾਂ ਦਾ ਗਵਾਹ ਤਿਉਹਾਰ ਤੀਆਂ ਵੀ ਇਸੇ ਮੋਗੇ ਦੀਆਂ ਮਸ਼ਹੂਰ ਸਨ। ਕਦੇ ਇਹੀ ਮੋਗਾ 'ਰੀਗਲ ਸਿਨੇਮਾਂ ਕਾਂਡ' ਕਰਕੇ ਇਨਕਲਾਬੀ ਸਫ਼ਾਂ 'ਚ ਲਾਲ ਰੰਗ ਵਾਂਗ ਚਮਕਿਆ। ਕਦੇ ਗਾਇਕ ਸਰਦੂਲ ਸਿਕੰਦਰ ਨੇ ਆਪਣੇ 'ਰੋਡਵੇਜ਼ ਦੀ ਲਾਰੀ' ਗੀਤ 'ਚ ਐਨੇ ਪਿਆਰ ਨਾਲ ਮੋਗੇ ਦਾ ਨਾਂ ਲਿਆ:
"ਆਗੀ ਰੋਡਵੇਜ਼ ਦੀ ਲਾਰੀ,
ਨਾ ਕੋਈ ਸ਼ੀਸ਼ਾ ਨਾ ਕੋਈ ਬਾਰੀ,
ਇਹਦੀ ਕੇਹੜੇ ਰੂਟ ਦੀ ਤਿਆਰੀ,
ਕੇਹੜੇ ਰਸਤੇ ਪੈਣੀ ਐ...।
ਬੀਬੀ ਹੁਣੇ ਕਿਵੇਂ ਮੈਂ ਕਹਿ ਦਿਆਂ
ਕਿ ਇਹ ਮੋਗੇ ਜਾਣੀ ਐ...।"
ਇਸ ਗੀਤ ਨਾਲ ਇੱਕ ਵਾਰ ਸਾਰੇ ਪੰਜਾਬ ਨੂੰ ਪਤਾ ਲੱਗ ਗਿਆ ਕਿ ਰੋਡਵੇਜ਼ ਦਾ ਇੱਕ ਡਿਪੂ ਮੋਗਾ ਵੀ ਹੈ। ਅੱਜ ਵੀ ਜਦੋਂ ਕਿੱਧਰੇ ਕਾਮਿਆਂ ਦੇ ਸੰਘਰਸ਼ ਦੀ ਗੱਲ ਛਿੜਦੀ ਹੈ ਤਾਂ ਮੋਗੇ ਦੇ ਰੋਡਵੇਜ਼ ਕਾਮਿਆਂ ਦਾ ਨਾਂ ਉਂਗਲਾਂ ਦੇ ਪੋਟਿਆਂ ਤੇ ਗਿਣਿਆ ਜਾਂਦਾ ਹੈ। ਇਹ ਤਾਂ ਸੀ ਉਸ ਪੁਰਾਣੇ ਮੋਗੇ ਦੀ ਧੁੰਦਲੀ ਜਿਹੀ 'ਫੋਟੂ' ਜਿਸ ਨੂੰ ਲੋਕ ਕਿਸੇ ਵੇਲੇ ਪਿਆਰ ਨਾਲ 'ਮੋਗਾ ਚਾਹ ਜੋਗਾ' ਕਿਹਾ ਕਰਦੇ ਸਨ।
ਹੁਣ ਗੱਲ ਕਰੀਏ ਓਸ ਮਾਡਰਨ ਮੋਗੇ ਦੀ, ਜੋ ਹੁਣ ਚਾਹ ਜੋਗਾ ਨਹੀਂ ਰਿਹਾ। ਜਦੋਂ ਪੋਤੜੇ ਫਰੋਲਣ ਬੈਠ ਹੀ ਗਏ ਹਾਂ ਤਾਂ ਪਹਿਲਾਂ ਸੂਈ ਧਰਦੇ ਆਂ 'ਮੋਗਾ ਸੈਕਸ ਕਾਂਡ' 'ਤੇ...। ਭਾਵੇਂ ਤੁਹਾਨੂੰ ਯਕੀਨ ਨਾ ਹੋਵੇ ਯਾਰ ਆਪਾਂ ਵੀ ਫਿੱਟਣੀਆਂ ਦੇ ਫੇਟ ਆਂ। ਉਹ ਸੁਣ ਲਓ ਕਿ ਕਿਵੇਂ? ਆਹ ਸੈਕਸ ਕਾਂਡ ਪਤਾ ਨਹੀਂ ਕਿੰਨਿਆਂ ਦੇ ਹੋਰ ਪੁਲਸੀਆ ਘੋਟਾ ਲੁਆ ਦਿੰਦਾ, ਪਤਾ ਨਹੀਂ ਕਿੰਨੇ ਕੁ ਸ਼ਰੀਫ ਲੋਕਾਂ ਨੂੰ 'ਨਾਲੇ ਦੇ ਢਿੱਲੇ' ਬਣਾ ਕੇ ਦਿਖਾ ਦਿੰਦਾ, ਪਤਾ ਨਹੀਂ ਕਿੰਨਿਆਂ ਕੁ ਦੀਆਂ ਜੇਬਾਂ ਨੂੰ ਥੁੱਕ ਲੁਆ ਦਿੰਦਾ....ਜੇ ਥੋਡਾ ਫਿੱਟਣੀਆਂ ਦਾ ਫੇਟ ਆਹ ਛੋਟਾ ਵੀਰ ਇਸ ਖਿਲਾਫ ਖਬਰ ਨਾ ਲਿਖਦਾ। ਇਸ ਕਾਂਡ ਦੇ ਬਖੀਏ ਉਧੇੜਨ ਵਾਲਾ ਰਣਜੀਤ ਸਿੰਘ ਭਾਗੀਕੇ ਸਾਡੇ ਬਜ਼ੁਰਗ ਦੋਸਤ ਜਥੇਦਾਰ ਮੁਖਤਿਆਰ ਸਿੰਘ ਭਾਗੀਕੇ ਦਾ ਲੜਕਾ ਹੈ। ਇੱਕ ਦਿਨ ਮੈਨੂੰ ਤੇ ਮੇਰੇ ਪੱਤਰਕਾਰ ਦੋਸਤ ਰਣਜੀਤ ਬਾਵਾ ਜੀ ਨੂੰ ਜਥੇਦਾਰ ਜੀ ਨੇ ਜਰੂਰੀ ਮਿਲਣ ਲਈ ਸੁਨੇਹਾ ਭੇਜਿਆ। ਅਸੀਂ ਗਏ ਤਾਂ ਉਹਨਾਂ ਦੇ ਬੇਟੇ ਰਣਜੀਤ ਨੇ ਇੱਕ ਥਾਣੇਦਾਰ ਦੀ ਰਿਕਾਰਡ ਕੀਤੀ ਹੋਈ ਆਵਾਜ ਦੀ ਸੀ. ਡੀ. ਸਾਨੂੰ ਸਬੂਤ ਵਜੋਂ ਦਿੰਦਿਆਂ ਖਬਰ ਲਾਉਣ ਲਈ ਕਿਹਾ। ਬੇਸ਼ੱਕ ਇਹ ਮਸਲਾ ਬਹੁਤ ਨਾਜੁਕ ਤੇ ਗਿਣਿਆ ਮਿਥਿਆ ਸੀ ਜਿਸ ਵਿੱਚ ਆਮ ਲੋਕ, ਨੇਤਾ ਲੋਕ ਇੱਥੋਂ ਤੱਕ ਕਿ ਇੱਕ ਪੱਤਰਕਾਰ ਵੀ ਲਪੇਟ ਲਿਆ ਗਿਆ ਸੀ। ਗੱਲ ਸ਼ੁਰੂਆਤ ਕਰਨ ਤੇ ਆ ਗਈ ਕਿ ਜੇ ਕਿਸੇ ਨੇ ਵੀ ਇਸ ਖਿਲਾਫ ਬੋਲਣ ਲਿਖਣ ਦੀ ਜੁਅਰਤ ਨਾ ਕੀਤੀ ਤਾਂ ਹੋ ਸਕਦਾ ਹੈ ਕਿ ਇਸ ਘੁਲਾੜ੍ਹੀ 'ਚ ਮੇਰੀ ਜਾਂ ਤੁਹਾਡੀ ਬਾਂਹ ਵੀ ਆ ਸਕਦੀ ਸੀ। ਮੈਂ ਉਸ ਸੀ. ਡੀ. ਦੀ ਸੱਚਾਈ ਦੇ ਸੰਬੰਧ ਵਿੱਚ ਜਾਨਣ ਬਾਰੇ ਜਦ ਉਸ ਥਾਣੇਦਾਰ ਸਾਬ੍ਹ ਨਾਲ ਗੱਲ ਕੀਤੀ ਤਾਂ ਮਾਂ ਦਾ ਬੀਬਾ ਪੁੱਤ ਇਹੀ ਕਹੀ ਜਾਵੇ ਕਿ "ਬਾਈ ਜੀ, ਮੈਂ ਖੁਦ ਪੈਸੇ ਨਹੀਂ ਲਏ ਸਗੋਂ ਮੈਂ ਤਾਂ ਬਰਸਾਲਾਂ ਵਾਲੀ ਕੁੜੀ ਨਾਲ ਇਹਨਾਂ ਦਾ ਨਿਬੇੜਾ ਕਰਾਉਣ ਲਈ ਕਿਹਾ ਸੀ ਕਿ ਉਹਨੂੰ ਪੰਜਾਹ ਕੁ ਹਜਾਰ ਦੇ ਕੇ ਆਵਦਾ ਖਹਿੜਾ ਛੁਡਾ ਲਵੋ।" ਹੁਣ ਤੁਸੀਂ ਸੋਚਦੇ ਹੋਵੋਗੇ ਕਿ ਆਹ ਬਰਸਾਲਾਂ ਵਾਲੀ ਬੀਬੀ ਕੌਣ ਹੋਈ...? ਤੇ ਥਾਣੇਦਾਰ ਸਾਬ੍ਹ ਕਿਵੇਂ ਵਿਚੋਲਪੁਣਾ ਕਰਨ ਲੱਗ ਗਏ? ਲਓ ਇਹ ਵੀ ਸੁਣੋ ਕਿ ਬਰਸਾਲਾਂ ਵਾਲੀ ਬੀਬੀ ਉਹ ਸੀ ਜਿਸ ਵੱਲੋਂ ਲੋਕਾਂ ਉੱਪਰ ਬਲਾਤਕਾਰ ਦੇ ਦੋਸ਼ ਲਾਏ ਜਾਂਦੇ ਸਨ ਤੇ ਥਾਣੇਦਾਰ ਸਾਬ੍ਹ ਵਰਗੇ ਇਸੇ ਤਰਾਂ ਹੀ ਖਹਿੜਾ ਛੁਡਾਉਣ ਦੀ ਰਾਇ ਦੇ ਕੇ ਸ਼ਾਇਦ 'ਫਿਫਟੀ-ਫਿਫਟੀ' ਦੀ ਖੇਡ ਖੇਡ ਰਹੇ ਸਨ। ਦਾਸ ਨੇ ਖਬਰ 'ਚ ਰਣਜੀਤ ਦਾ ਥਾਣੇਦਾਰ ਵੱਲੋਂ ਝੂਠਾ ਫਸਾਉਣ ਤੇ ਪੈਸੇ ਮੰਗਣ ਦਾ ਦੋਸ਼ ਅਤੇ ਇਸ ਦੇ ਨਾਲ ਹੀ ਥਾਣੇਦਾਰ ਸਾਬ੍ਹ ਦਾ ਵਿਚਾਰ ਵੀ ਇਕੋ ਖਬਰ 'ਚ ਹੀ ਗੁੰਦ ਕੇ 'ਅਜੀਤ' ਨੂੰ ਭੇਜ ਦਿੱਤੇ। ਖਬਰ ਛਪੀ, ਮੁਅੱਤਲੀਆਂ ਹੋਈਆਂ, ਕੇਸ ਦੀਆਂ ਤਹਿਆਂ ਫਰੋਲੀਆਂ ਗਈਆਂ ਤੇ ਗੱਲ ਥੋਡੇ ਸਭ ਦੇ ਸਾਹਮਣੇ ਆਈ ਪਈ ਐ ਕਿ ਹੁਣ ਮੋਗਾ ਸੈਕਸ ਕਾਂਡ ਕਿਸ ਚੁਰਾਹੇ 'ਤੇ ਆਣ ਖੜ੍ਹਾ ਹੈ। ਮੋਗੇ ਨੇ ਇਸ ਕਦਰ ਤਰੱਕੀ ਕਰ ਲਈ ਐ ਕਿ ਜੇ ਕਿਸੇ ਨੂੰ ਭੁੰਜੇ ਲਾਹੁਣਾ ਹੋਵੇ ਤਾਂ ਚੁੱਪ ਚਾਪ ਉਸ 'ਤੇ ਬਲਾਤਕਾਰ ਦਾ ਕੇਸ ਪੁਆ ਦਿਓ, ਆਪੇ ਵਿਚਾਰਾ 'ਨੇਤਾ' ਸਫਾਈਆਂ ਦਿੰਦਾ ਫਿਰੂ।
ਹੁਣ ਗੱਲ ਕਰੀਏ ਮੋਗੇ ਦੀ ਪ੍ਰਸ਼ਾਸਨਿਕ 'ਉੱਚ' ਕਾਰਗੁਜ਼ਾਰੀ ਦੀ..! ਪਤਾ ਨਹੀਂ ਵਿਚਾਰੇ ਅਫਸਰ ਲੋਕ ਕੀ ਖਾ ਕੇ ਕੁਰਸੀਆਂ ਤੇ ਬਹਿੰਦੇ ਨੇ ਕਿ ਹਰ ਕੋਈ ਹਾਏ ਪੈਸਾ ਹਾਏ ਪੈਸਾ ਦੀ ਮੁਹਾਰਨੀ ਹੀ ਰਟੀ ਜਾਂਦੈ। ਰਾਜ ਵੀ ਓਸੇ ਬਾਦਲ ਸਾਬ੍ਹ ਦਾ ਹੀ ਹੈ, ਜਿਸਨੇ ਆਪਣੇ ਪਿਛਲੇ ਰਾਜ ਵੇਲੇ ਲੰਡੂ-ਫੰਡੂ ਰਿਸ਼ਵਤਖੋਰ ਮੁਲਾਜ਼ਮ ਨੂੰ ਰੰਗੇ ਹੱਥੀਂ ਫੜਾਉਣ ਵਾਲੇ ਨੂੰ 25 ਹਜਾਰ ਤੇ ਗਜਟਿਡ ਰਿਸ਼ਵਤਖੋਰ ਫੜਾਉਣ ਵਾਲੇ ਨੂੰ 50 ਹਜਾਰ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੋਇਆ ਸੀ। ਓਹੀ ਸਰਕਾਰ, ਓਹੀ ਅਫਸਰਸ਼ਾਹੀ ਤੇ ਓਹੀ ਰਿਸ਼ਵਤਖੋਰਾਂ ਨੂੰ ਫੜ੍ਹਨ ਵਾਲੇ। ਪਰ ਲੋਕ ਤਾਂ ਫਿਰ ਉਸੇ ਹੀ ਢੰਗ ਨਾਲ ਲੁੱਟੇ ਜਾ ਰਹੇ ਹਨ ਕਿ ਕੋਈ 'ਚੂੰ' ਨਹੀਂ ਕਰਦਾ। ਇਸੇ ਗੱਲ ਨਾਲ ਜੁੜੀਆਂ ਥੋਕ ਦੇ ਭਾਅ ਤਿੰਨ ਕੁ ਉਦਾਹਰਣਾਂ ਪੇਸ਼ ਕਰਨ ਦੀ ਇਜ਼ਾਜਤ ਚਾਹਾਂਗਾ। ਆਪਾਂ ਹਰ ਗੱਲ ਆਪਣੇ ਤੇ ਹੀ ਢਾਲ ਕੇ ਇਸ ਲਈ ਕਰੀਦੀ ਐ ਕਿ ਕੱਲ੍ਹ ਨੂੰ ਥੋਡੇ 'ਚੋਂ ਹੀ ਕੋਈ ਪੀਤੀ ਖਾਧੀ 'ਚ ਨਾ ਕਹਿ ਦੇਵੇ ਕਿ, "ਐਵੇਂ ਗਪੌੜ ਛੱਡੀ ਗਿਐ।" ਪਹਿਲੀ ਗੱਲ ਇਹ ਕਿ ਇੱਕ ਤਹਿਸੀਲਦਾਰ ਨੇ ਜਿਲ੍ਹੇ ਦੇ ਉੱਘੇ ਕਿਸਾਨ ਆਗੂ ਦੇ ਪੁੱਤਰ ਤੋਂ 5 ਹਜਾਰ ਰੁਪਏ ਜ਼ਮੀਨ ਦੀ ਰਜਿਸਟਰੀ ਬਦਲੇ ਦਾਨ ਦੱਛਣਾ ਵਜੋਂ ਲੈ ਲਏ। ਮੈਂ ਫਿੱਟਣੀਆਂ ਦੇ ਫੇਟ ਨੇ ਫਿਰ ਫੋਨ ਕਰ ਲਿਆ ਕਿ "ਮਾਲਕੋ ਕਿਸੇ ਨੂੰ ਤਾਂ ਬਖਸ਼ ਦਿਆ ਕਰੋ।" ਵੱਡੀ ਕੁਰਸੀ ਦੇ ਮਾਲਕ ਤਹਿਸੀਲਦਾਰ ਸਾਬ੍ਹ ਦਾ ਜਵਾਬ ਸੀ ਕਿ, "ਕੱਲ੍ਹ ਜਿਹੜਾ ਸੰਗਤ ਦਰਸ਼ਨ ਪ੍ਰੋਗਰਾਮ ਹੋਇਆ ਸੀ, ਉਹਦੇ ਬਾਰੇ 20 ਹਜਾਰ ਦੀ ਵਗਾਰ ਡੀ. ਸੀ. ਸਾਬ੍ਹ ਨੂੰ ਦਿੱਤੀ ਆ, ਅਸੀਂ ਵੀ ਕਿਤੋਂ ਨਾ ਕਿਤੋਂ ਤਾਂ ਪੂਰੇ ਕਰਨੇ ਈ ਆ।" ਹੁਣ ਇਹ ਗੱਲ ਮੇਰੇ ਜਿਉਣ ਜੋਗੇ ਫੋਨ 'ਚ ਰਿਕਾਰਡ ਸੀ। ਆਪਾਂ ਸੀ. ਡੀ. ਬਣਾ ਕੇ ਉਸ ਆਦਮੀ ਨੂੰ ਦੇ ਦਿੱਤੀ ਕਿ, "ਲੈ ਬਈ ਮਿੱਤਰਾ ਤੂੰ ਆਹ ਸਬੂਤ ਡੀ. ਸੀ. ਸਾਬ੍ਹ ਨੂੰ ਪੇਸ਼ ਕਰ ਤੇ ਅਸੀਂ ਖਬਰ ਰਾਹੀਂ ਤੁਣਕਾ ਮਾਰਦੇ ਆਂ।" ਸਭ ਕੁਝ ਸੀਸ਼ੇ ਵਾਂਗ ਸਾਫ ਸੀ ਪਰ ਕਿਸੇ ਖਿਲਾਫ ਕੋਈ ਕਾਰਵਾਈ ਨਹੀਂ।
ਹੁਣ ਸੁਣੋ ਦੂਜੀ ਉਦਾਹਰਣ, ਇਹ ਉਹਨਾਂ ਦਿਨਾਂ ਦੀ ਐ ਜਦੋਂ ਮੇਰੇ ਪਿਤਾ ਜੀ ਜਹਾਨੋਂ ਕੂਚ ਕਰ ਗਏ ਸਨ। ਰੋਡਵੇਜ ਮਹਿਕਮੇ ਵੱਲੋਂ ਉਹਨਾਂ ਨੂੰ ਮਿਲਣ ਵਾਲੇ ਬਕਾਇਆਂ ਬਾਰੇ ਭੱਜ ਦੌੜ ਸ਼ੁਰੂ ਹੋਈ ਤਾਂ ਪਤਾ ਲੱਗਾ ਕਿ ਕਿਵੇਂ ਇਸ ਹੇਠਲੇ ਪੱਧਰ ਤੇ ਵੀ ਮਰਿਆਂ ਦੇ ਕੱਫਣ ਲਾਹੁਣ ਲਈ ਹਰ ਕੋਈ ਮੁੱਠੀਆਂ 'ਚ ਥੁੱਕੀ ਫਿਰਦਾ ਹੈ। ਜਦ ਵੀ ਦਫਤਰ ਜਾਵਾਂ ਤਾਂ ਜਵਾਬ ਮਿਲੇ ਕਿ "ਤੁਹਾਡੇ ਕਾਗਜ ਠੀਕ ਨਹੀਂ ਸੀ, ਪਤਾ ਨਹੀਂ ਕਿੰਨਾ ਟੈਮ ਲੱਗੇ।" ਕਦੇ ਕਹਿਣ ਕਿ "ਅਸੀਂ ਤਾਂ ਬੈਂਕ ਵਾਲਿਆਂ ਨੂੰ ਭੇਜ ਚੁੱਕੇ ਆਂ, ਉਹ ਕੁਛ ਭਾਲਦੇ ਹੋਣਗੇ।" ਮੇਰੇ ਪਿੰਡ ਦੀ ਬੈਂਕ ਵਾਲਾ ਦਰਵੇਸ਼ ਸਟਾਫ ਮੇਰਾ ਦੋਸਤ ਸੀ। ਉਹਨਾਂ ਪਿਆਰ ਦੇ ਭੁੱਖਿਆਂ ਨੇ ਕੀ ਭਾਲਣਾ ਸੀ ਮੈਥੋਂ? ਸਗੋਂ ਅਸਲ ਗੱਲ ਤਾਂ ਉਦੋਂ ਸਾਹਮਣੇ ਆਈ ਜਦ ਇੱਕ ਕਰਮਚਾਰੀ ਬੀਬੀ ਮੈਨੂੰ ਪਾਸੇ ਕਰਕੇ ਮੱਤ ਦੇਣ ਲੱਗੀ, "ਕਿੰਨੇ ਦਿਨ ਹੋਗੇ ਥੋਨੂੰ ਪੈਸੇ ਖਰਚਦਿਆਂ ਤੇ ਦਿਹਾੜੀਆਂ ਭੰਨਦਿਆਂ ਨੂੰ, ਜੇ ਉਦੋਂ ਦੀ ਮੇਰੇ ਨਾਲ 'ਗੱਲ' ਨਿਬੇੜੀ ਹੁੰਦੀ ਤਾਂ ਤੁਹਾਡੇ ਪਿਤਾ ਜੀ ਦੇ ਬਕਾਏ ਦਾ ਚੈੱਕ ਥੋਡੇ ਹੱਥ 'ਚ ਹੋਣਾ ਸੀ।" ਮੈਂ ਉਸ ਬੀਬੀ ਨੂੰ ਸਹਿਜ ਮਤੇ ਨਾਲ ਉਹਦੀ ਕੁਰਸੀ ਤੇ ਬਿਠਾ ਕੇ ਆਪਣੇ ਅਖਬਾਰ ਤੇ ਟੈਲੀਵਿਜਨ ਪੱਤਰਕਾਰੀ ਵਾਲੇ ਪਛਾਣ ਪੱਤਰ ਦਿਖਾਏ ਤਾਂ ਠੰਢ ਦੇ ਦਿਨਾਂ 'ਚ ਉਹਦਾ ਮੁੜ੍ਹਕਾ ਸੁੱਕਣ ਦਾ ਨਾਂ ਨਹੀਂ ਲੈ ਰਿਹਾ ਸੀ।
ਹੁਣ ਤੁਸੀਂ ਵੀ ਸੋਚ ਸਕਦੇ ਹੋ ਕਿ ਸਾਡੇ ਮੋਗੇ 'ਚ ਵੀ ਰੱਬ ਨਾਲੋਂ ਘਸੁੰਨ ਨੂੰ ਹੀ ਨੇੜੇ ਮੰਨਿਆ ਜਾਂਦੈ। ਜਿਹੜਾ ਘਸੁੰਨ ਦਿਖਾਵੇ ਉਹਤੋਂ ਹਰ ਕੋਈ ਪਾਸਾ ਵੱਟਦੈ, ਫਿਰ ਵਿਚਾਰੇ ਆਮ ਲੋਕ ਕੀਹਦੀ ਮਾਂ ਨੂੰ ਮਾਸੀ ਕਹਿਣ? ਹੁਣ ਰਹਿਗੀ ਤੀਜੀ ਉਦਾਹਰਣ, ਇਹ ਉਦਾਹਰਣ ਲੋਕਾਂ ਦੀ ਜਾਨ ਤੇ ਮਾਲ ਦੀ ਰਖਵਾਲੀ ਕਰਨ ਵਾਲੇ ਉਸ ਮਹਿਕਮੇ ਨਾਲ ਸੰਬੰਧਤ ਹੈ, ਜਿਸ ਨੂੰ ਸ਼ਾਇਦ ਇਹੀ ਫਿਕਰ ਰਹਿੰਦੈ ਕਿ ਪਤਾ ਨਹੀਂ ਲੋਕਾਂ ਦੀ ਜਾਨ ਕਦੋਂ ਨਿਕਲੂ? ਤੇ ਮਾਲ ਬਾਰੇ ਫਿਕਰ ਰਹਿੰਦੈ ਕਿ ਵਿਚਾਰੇ ਲੋਕਾਂ ਤੋਂ ਮਾਲ ਹੋਰ ਕੋਈ ਲੁੱਟ ਕੇ ਨਾ ਲੈ ਜਾਵੇ, ਇਸ ਕਰਕੇ ਇਹ ਮਾਲ ਪਹਿਲਾਂ ਹੀ ਕਿਸੇ ਨਾ ਕਿਸੇ ਢੰਗ ਨਾਲ ਆਪਣੇ ਹੱਥ ਹੇਠ ਕਰ ਲਵੋ। ਮਿੱਤਰੋ ਅਜੇ ਵੀ ਨਹੀਂ ਸਮਝੇ? ਓਏ ਆਪਾਂ ਗੱਲ ਖਾਕੀ ਵਰਦੀ ਵਾਲਿਆਂ ਦੀ ਕਰ ਰਹੇ ਹਾਂ। ਪਿਤਾ ਜੀ ਦੀ ਮੌਤ ਤੋਂ ਬਾਦ ਤਰਸ ਦੇ ਆਧਾਰ 'ਤੇ ਨੌਕਰੀ ਮਿਲਣ ਦਾ ਸਬੱਬ ਬਣ ਗਿਆ। ਹੁਣ 'ਮਹਿਕਮੇ' ਵੱਲੋਂ ਸਾਡੇ ਚਾਲ ਚਲਣ ਦੀ ਇਨਕੁਆਰੀ ਕੀਤੀ ਜਾਣੀ ਸੀ। ਜਿਲ੍ਹੇ ਦੇ ਮੁੱਖ ਪੁਲਿਸ ਅਫਸਰ ਜੀ ਦੇ ਦਫਤਰ ਦੇ ਲਾਗੇ ਹੀ ਇੱਕ ਕਮਰਾ ਸੀ। ਜਿੱਥੇ ਬੈਠੇ ਇੱਕ ਹੱਥਾਂ ਨੂੰ ਲਾਉਣ ਵਾਲੀ ਮਹਿੰਦੀ ਨਾਲ ਲਾਲ ਜਿਹੀ ਕੀਤੀ ਦਾਹੜੀ ਵਾਲੇ ਮੁਲਾਜ਼ਮ ਨੇ ਸਾਡੇ ਸੱਤ ਜਣਿਆਂ ਨੂੰ ਇਹੋ ਜਿਹੀਆਂ ਦਲੀਲਾਂ ਦੇ ਕੇ 'ਹਲਾਲ' ਕੀਤਾ ਕਿ ਇਹੀ ਕਹਿਣ ਨੂੰ ਜੀਅ ਕਰਦੈ ਕਿ "ਸਦਕੇ ਜਾਈਏ ਸਾਡੇ ਮੋਗੇ ਦੀ...।
ਲਓ ਅੱਗੇ ਸੁਣੋ, ਅਸੀਂ ਨਾ ਕੋਈ ਠੱਗੀ ਮਾਰੀ, ਨਾ ਕੋਈ ਕਤਲ ਕੀਤਾ ਪਰ ਸਾਬ੍ਹ ਜੀ ਨੇ ਮੇਰੇ ਸਾਥੀਆਂ ਲਈ ਐਨਾ ਡਰ ਪੈਦਾ ਕਰ ਦਿੱਤਾ ਕਿ ਪਲ ਦੇ ਪਲ ਸਭ ਨੂੰ ਇਉਂ ਲੱਗਣ ਲੱਗਾ ਕਿ ਜਿਵੇਂ ਬੱਕਰਾ ਖੁਦ ਹੀ ਕਸਾਈ ਕੋਲ ਆਣ ਖੜ੍ਹਾ ਹੋਵੇ। ਸਾਰਿਆਂ ਨੂੰ ਕਾਹਲ ਸੀ ਕਿ ਇਨਕੁਆਰੀ ਛੇਤੀ ਆਵੇ। ਕਿਸੇ ਨੂੰ ਇਸ ਜ਼ਮਾਨੇ 'ਚ ਯਕੀਨ ਹੀ ਨਹੀਂ ਹੋ ਰਿਹਾ ਸੀ ਕਿ ਉਹਨਾਂ ਨੂੰ ਸਰਕਾਰੀ ਨੌਕਰੀ ਮਿਲ ਰਹੀ ਹੈ। ਇਸ ਤੋਂ ਵੱਧ ਦੁੱਖ ਮੈਨੂੰ ਇਸ ਗੱਲ ਦਾ ਹੋਇਆ ਕਿ ਇੱਕ ਸਰਕਾਰੀ ਮੁਲਾਜ਼ਮ ਨਵੇਂ ਬਣਨ ਜਾ ਰਹੇ ਸਰਕਾਰੀ ਮੁਲਾਜ਼ਮਾਂ ਨੂੰ ਹੀ ਕਿਵੇਂ ਚੂੰਡਣ ਦੀ ਨੀਅਤ ਰੱਖੀ ਬੈਠਾ ਸੀ। ਚਲੋ ਜੀ, ਕਿਵੇਂ ਨਾ ਕਿਵੇਂ ਗੱਲ ਤਣ-ਪੱਤਣ ਲੱਗੀ ਤਾਂ 'ਗੁਲਾਬੀ ਦਾਹੜੀ' ਵਾਲੇ ਸਾਬ੍ਹ ਨੇ ਰਾਇ ਦਿੱਤੀ, "ਦੇਖੋ ਬਈ ਮਿੱਤਰੋ, ਸਰਕਾਰੀ ਕੰਮ ਹੁੰਦੇ ਆ ਹੌਲ ਹੁੰਗਾਰੇ ਨਾਲ। ਜੇ ਫਾਈਲਾਂ ਨੂੰ 'ਟਾਇਰ' ਲਾਉਣੇ ਨੇ ਤਾਂ ਇੱਕ ਜਣੇ ਦੇ ਇੱਕ ਹਜਾਰ ਰੁਪਏ ਲੱਗਣਗੇ। ਇਨਕੁਆਰੀ ਇੱਕ ਹਫਤੇ ਦੇ ਅੰਦਰ ਅੰਦਰ ਲਿਆਉਣ ਦੀ ਜਿੰਮੇਵਾਰੀ ਮੇਰੀ ਰਹੀ।" ਰੇਟ ਦੀ ਟੁੱਟ ਭੱਜ ਹੁੰਦਿਆਂ ਗੱਲ 500 ਰੁਪਏ ਤੇ ਆਣ ਨਿੱਬੜੀ। ਸੱਤਾਂ ਜਣਿਆਂ ਨੇ ਪੈਂਤੀ ਸੌ ਰੁਪਏ ਸਾਬ੍ਹ ਨੂੰ ਦੇਣ ਲਈ ਮੇਰੇ ਸਪੁਰਦ ਕਰ ਦਿੱਤੇ। ਮੈਂ ਆਪਣੀ ਥੋੜ੍ਹੇ ਜਿਹੇ ਸਾਲਾਂ ਦੀ ਉਮਰ 'ਚ ਕਦੇ ਰਿਸ਼ਵਤ ਦੇਣ ਬਾਰੇ ਸੁਪਨਾ ਵੀ ਨਹੀਂ ਸੀ ਲਿਆ। ਮੈਂ ਆਪਣੀ ਜ਼ਮੀਰ ਦਾ ਗਲ ਘੁੱਟਕੇ ਸਾਬ੍ਹ ਨੂੰ ਨੋਟ ਫੜ੍ਹਾ ਦਿੱਤੇ। ਪਰ ਮੈਂ ਆਪਣੇ ਅੰਦਰ ਬੈਠੇ ਪੱਤਰਕਾਰ ਨੂੰ ਘਤਿੱਤ ਕਰਨੋਂ ਨਾ ਰੋਕ ਸਕਿਆ। ਉਸ ਸਾਬ੍ਹ ਨਾਲ ਹੁੰਦੀ ਹਰ ਲੈਣ ਦੇਣ ਦੀ ਗੱਲ ਨੂੰ ਮੇਰਾ ਜਿਉਣ ਜੋਗਾ ਮੋਬਾਈਲ ਨਾਲੋ ਨਾਲ ਰਿਕਾਰਡ ਜੋ ਕਰਦਾ ਰਿਹਾ ਸੀ। ਮੋਏ ਪਿਉਆਂ ਦੀ ਨਿਸ਼ਾਨੀ ਵਜੋਂ ਮਿਲੀਆਂ ਨੌਕਰੀਆਂ ਵਾਲੇ ਦੋਸਤਾਂ ਦੀਆਂ ਮਜ਼ਬੂਰੀਆਂ ਨੇ ਮੈਨੂੰ ਇਸ ਕਦਰ ਠੰਢਾ ਜਿਹਾ ਕਰ ਦਿੱਤਾ ਕਿ ਮੈਂ ਉਸ ਸਾਬ੍ਹ ਨੂੰ ਚਾਹੁੰਦਿਆਂ ਹੋਇਆਂ ਵੀ 'ਦੱਖੂਦਾਣਾ' ਨਾ ਦੇ ਸਕਿਆ। ਮੈਂ ਇਸ ਕਰਕੇ ਚੁੱਪ ਰਹਿ ਗਿਆ ਕਿ ਜੇ ਇਨਕੁਆਰੀਆਂ 'ਚ ਕੋਈ ਵਲ੍ਹਫੇਰ ਪਾ ਦਿੱਤਾ ਤਾਂ ਸਾਰੇ ਮੈਨੂੰ ਦੋਸ਼ ਦੇਣਗੇ।
ਚਲੋ ਛੱਡੋ ਜੀ ਇਹਨਾਂ ਪੁਰਾਣੀਆਂ ਗੱਲਾਂ ਨੂੰ, ਆਪਾਂ ਗੱਲ ਕਰਦੇ ਆਂ ਨਵੇਂ ਮੋਗੇ ਦੀ। ਜਿੱਥੇ ਅੱਜ ਕੱਲ੍ਹ ਪਾਸਪੋਰਟ ਦਫਤਰ ਵੀ ਖੁੱਲ੍ਹ ਗਿਐ! ਕਿਓਂ ਹੋਗੇ ਨਾ ਹੈਰਾਨ...? ਹੁਣ ਹੋਰ ਹੈਰਾਨ ਹੋਵੋਂਗੇ ਕਿ ਪਾਸਪੋਰਟ ਬਣਾਉਂਦੇ ਵੀ ਆਪਣੇ ਖਾਕੀ ਵਰਦੀ ਵਾਲੇ ਵੀਰ ਈ ਆ! ਜੇ ਯਕੀਨ ਨਹੀਂ ਆਉਂਦਾ ਤਾਂ ਹੌਲਦਾਰ ਗੁਰਦਿਆਲ ਸਿੰਘ, ਹੌਲਦਾਰ ਰਣਜੀਤ ਸਿੰਘ ਜਾਂ ਹੌਲਦਾਰ ਜਸਵਿੰਦਰ ਪਾਲ ਸਿੰਘ ਨਾਲ ਰਾਬਤਾ ਕਾਇਮ ਕੀਤਾ ਜਾ ਸਕਦਾ ਹੈ। ਜੋ ਪਾਸਪੋਰਟ 'ਜਾਰੀ' ਕਰਨ ਬਦਲੇ ਤੀਹ ਹਜਾਰ ਤੋਂ ਤਿੰਨ ਲੱਖ ਤੱਕ 'ਫੀਸ' ਵਜੋਂ ਲੈਂਦੇ ਦੱਸੇ ਜਾਂਦੇ ਸਨ। ਪਰ ਅੱਜ ਕੱਲ੍ਹ ਉਕਤ ਤਿੰਨੋਂ ਹੌਲਦਾਰ-ਕਮ-ਪਾਸਪੋਰਟ ਅਧਿਕਾਰੀ ਜੇਲ੍ਹ ਦੇ ਦਾਲ-ਚੌਲ ਛਕ ਰਹੇ ਹਨ। ਇੱਥੇ ਹੀ ਬੱਸ ਨਹੀਂ ਇੱਕ ਹੋਰ ਖਾਕੀ ਵਰਦੀ ਵਾਲੇ ਥਾਣੇਦਾਰ ਸਾਹਿਬ ਦੀ ਕਰਤੂਤ ਵੀ ਸੁਣ ਲਓ...! ਉਹ ਇਹ ਕਿ ਜਿਲੇ੍ਹ ਦੇ ਇੱਕ ਅਡੀਸ਼ਨਲ ਐੱਸ. ਐੱਚ. ਓ. ਅਜਮੇਰ ਸਿੰਘ ਖਿਲਾਫ ਪਰਚਾ ਦਰਜ ਹੋਇਐ ਕਿ ਉਹ ਲੁੱਟਾਂ ਖੋਹਾਂ ਕਰਨ ਵਾਲਿਆਂ ਨੂੰ ਹਥਿਆਰ ਮੁਹੱਈਆ ਕਰਦਾ ਸੀ। ਇਹ ਗੱਲ ਉਦੋਂ ਸਾਹਮਣੇ ਆਈ ਜਦ ਪਿੰਡ ਤਲਵੰਡੀ ਮੰਗੇ ਖਾਂ ਦੀ ਬੈਂਕ ਲੁੱਟਣ ਆਏ ਲੁਟੇਰੇ ਦਬੋਚੇ ਗਏ। ਉਹਨਾਂ ਨੇ ਇਕਬਾਲ ਕੀਤਾ ਕਿ ਉਹਨਾਂ ਨੰ ਹਥਿਆਰ 'ਵੱਡੇ ਸਾਬ੍ਹ' ਨੇ ਦਿੱਤੇ ਸਨ। ਕਿਉਂ ਦੇਖਿਐ ਇਉਂ ਖਾ ਰਹੀ ਹੈ ਸਾਡੇ ਮੋਗੇ 'ਚ ਖੇਤ ਨੂੰ ਵਾੜ।
ਹੁਣ ਗੱਲ ਕਰੀਏ ਸਾਡੇ ਮੋਗੇ 'ਚ ਜਿਉਂਦੇ ਜਾਗਦੇ ਪਰ ਘੁੱਗੂਬਾਟਾ ਬਣੇ ਲੋਕਤੰਤਰ ਦੀ। ਕਹਿਣ ਨੂੰ ਤਾਂ ਸਾਡੇ ਦੇਸ਼ 'ਚ ਹਰ ਕਿਸੇ ਨੂੰ ਚੋਣ ਲੜਨ, ਪੱਤਰਕਾਰਾਂ ਨੂੰ ਲਿਖਣ ਜਾਂ ਆਪਣਾ ਦੁੱਖ 'ਰੋਣ' ਦੀ ਆਜਾਦੀ ਐ, ਪਰ 'ਸਾਡੇ ਮੋਗੇ' 'ਚ ਜੋ ਆਲਮ ਪਿੱਛੇ ਜਿਹੇ ਲੰਘ ਕੇ ਗਈਆਂ ਲੰਡੂ ਜਿਹੀਆਂ ਚੋਣਾਂ 'ਚ ਦੇਖਣ ਨੂੰ ਮਿਲਿਆ ਉਹ ਇੱਕ ਵਾਰ ਤਾਂ ਮੋਗੇ ਨੂੰ ਬਿਹਾਰ ਦੇ ਕਿਸੇ ਗੁੰਡਿਆਂ ਦੇ ਸ਼ਹਿਰ ਵਰਗਾ ਰੂਪ ਦੇ ਗਿਐ। ਹੈ ਨਾ ਕਮਾਲ ਕਿ ਇੱਕ ਚੋਟੀ ਦੇ ਧਾਰਮਿਕ ਆਗੂ ਜੀ ਦੇ ਜਵਾਈ ਰਾਜਾ ਨੂੰ ਜਿਤਾਉਣ ਲਈ ਕਿਵੇਂ ਲੱਠਮਾਰਾਂ ਦੀਆਂ ਟੋਲੀਆਂ ਨੇ ਦਿਨ ਦਿਹਾੜੇ 'ਠੰਢ' ਵਰਤਾਈ ਰੱਖੀ। ਕਿਸੇ ਪੱਤਰਕਾਰ ਨੂੰ 'ਚੱਲ ਰਹੀ ਕਾਰਵਾਈ' ਦੇ ਨੇੜੇ ਨਹੀਂ ਢੁੱਕਣ ਦਿੱਤਾ। ਲੋਕਾਂ ਦੀ ਜਾਨ-ਮਾਲ ਦੀ ਰਾਖੀ ਵਾਲਾ ਮਹਿਕਮਾ ਵੀ ਕਬੂਤਰ ਵਾਂਗ ਅੱਖਾਂ ਮੀਟੀ ਬੈਠਾ ਰਿਹਾ। ਜਿਹੜੇ ਬਾਹਲਾ ਟੱਪਦੇ ਜਿਹੇ ਸੀ ਉਹਨਾਂ ਦੇ ਹੱਡ ਸੇਕੇ ਗਏ।
ਬੀਤੇ ਦਿਨੀਂ ਇੱਕ ਮੈਡੀਕਲ ਸਟੋਰ ਤੋਂ ਕਰੋੜਾਂ ਰੁਪਏ ਮੁੱਲ ਦੀਆਂ ਨਸ਼ੀਲੀਆਂ ਦਵਾਈਆਂ ਫੜ੍ਹੇ ਜਾਣ ਦੀ ਵਾਹਵਾ ਚਰਚਾ ਹੁੰਦੀ ਰਹੀ। ਇਹੋ ਜਿਹੀਆਂ ਚਰਚਾਵਾਂ ਸੁਣਦੇ ਰਹਿਣਾ ਮੋਗੇ ਦੇ ਲੋਕਾਂ ਦੀ ਆਦਤ ਜਿਹੀ ਬਣ ਗਈ ਐ, ਕਿਉਂਕਿ ਥੋੜ੍ਹੇ ਕੁ ਦਿਨਾਂ ਬਾਦ ਹੀ ਉਕਤ ਮੈਡੀਕਲ ਸਟੋਰ ਤੋਂ ਦਵਾਈਆਂ ਫੜ੍ਹੀਆਂ ਜਾਂਦੀਆਂ ਨੇ, ਤੇ ਵਿਚਾਰੇ ਸਟੋਰ ਵਾਲੇ ਫੇਰ ਜ਼ੋਰਾਂ ਸ਼ੋਰਾਂ ਨਾਲ 'ਸੇਵਾ' 'ਚ ਰੁੱਝ ਜਾਂਦੇ ਨੇ। ਕਿਸੇ ਤੋਂ ਗੱਲ ਲੁਕੀ ਨਹੀਂ ਰਹੀ। ਉਕਤ ਸਟੋਰਾਂ ਵਾਲੇ ਨਸ਼ੇ ਵਾਲੀਆਂ ਦਵਾਈਆਂ ਕਾਊਂਟਰ ਦੇ ਉੱਪਰ ਰੱਖ ਕੇ ਸ਼ਰੇਆਮ ਵੇਚਦੇ ਨੇ। ਸਭ ਅਫਸਰਸ਼ਾਹੀ ਅੱਖਾਂ ਮੀਟ ਕੇ ਲੰਘ ਜਾਂਦੀ ਐ। ਸੁਣਨ 'ਚ ਤਾਂ ਇੱਥੋਂ ਤੱਕ ਵੀ ਆਇਐ ਕਿ ਇੱਕ ਮੈਡੀਕਲ ਸਟੋਰ ਵਾਲੇ ਤਾਂ ਇਸ 'ਹੱਕ-ਹਲਾਲ ਦੀ ਕਮਾਈ' 'ਚੋਂ ਇੰਨਾ ਕਮਾ ਗਏ ਨੇ ਕਿ ਉਹਨਾਂ ਨੇ ਦਵਾਈਆਂ ਦੀ ਆਪਣੀ ਫੈਕਟਰੀ ਹੀ ਖੋਲ੍ਹ ਲਈ ਐ। ਕਿਉਂ ਹੈ ਨਾ ਕਮਾਲ ਕਿ ਮੋਗਾ ਕਿੰਨੀ ਤਰੱਕੀ ਕਰ ਗਿਐ? ਤੇ ਤੁਸੀਂ ਅਜੇ ਵੀ ਬਾਬੇ ਆਦਮ ਵੇਲੇ ਦੀਆਂ ਗੱਲਾਂ ਕਰਦੇ ਪਏ ਹੋਂ ਕਿ ਅਖੇ "ਮੋਗਾ ਚਾਹ ਜੋਗਾ।" ਮੋਗੇ ਦੀ ਕੀ ਰੀਸ ਕਰੂ ਕੋਈ? ਇੱਥੇ ਤਾਂ ਇਨਸਾਫ ਲੈਣ ਲਈ ਵੀ ਆਪਣੇ 'ਫਾਰਮੂਲੇ' ਵਰਤਣੇ ਪੈਂਦੇ ਆ, ਫੇਰ ਕਿਤੇ ਜਾ ਕੇ ਸਾਡੇ ਅਫਸਰ ਹਰਕਤ 'ਚ ਆਉਂਦੇ ਆ। ਕਿਸੇ ਔਰਤ ਨੂੰ ਇਨਸਾਫ ਲੈਣ ਲਈ ਦਰ ਦਰ ਭਟਕਣ ਤੋਂ ਬਾਦ ਸ਼ਰੇਆਮ ਚੌਕ 'ਚ ਨਗਨ ਹੋਣਾ ਪਿਆ ਸੀ, ਤਾਂ ਜਾ ਕੇ ਕਿਤੇ ਵਿਚਾਰੀ ਦੀ ਸੁਣਵਾਈ ਹੋਈ ਸੀ। ਜੇ ਅਜੇ ਵੀ ਕੋਈ ਘਾਟ ਰਹਿ ਗਈ ਐ, ਤਾਂ ਹੁਣੇ ਦੱਸ ਦਿਓ ਆਪਾਂ ਘਾਟ ਲਗਦੇ ਹੱਥ ਹੀ ਪੂਰੀ ਕਰ ਦਿੰਨੇ ਆਂ, ਪਰ ਹਾੜ੍ਹਾ ਮੇਰੇ ਵੀਰ ਮੁੜਕੇ ਮੇਰੇ ਮੋਗੇ ਨੂੰ 'ਮੋਗਾ ਚਾਹ ਜੋਗਾ' ਨਾ ਆਖਿਓ....!
..................

Tuesday, October 6, 2009

ਦਰਵੇਸ਼ ਰੂਹ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ -ਸ਼ਿਵਚਰਨ ਜੱਗੀ ਕੁੱਸਾ


ਦਰਵੇਸ਼ ਰੂਹ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ   -ਸ਼ਿਵਚਰਨ ਜੱਗੀ ਕੁੱਸਾ

  ਪਵਿੱਤਰ ਗੁਰਬਾਣੀ ਫ਼ੁਰਮਾਨ ਕਰਦੀ ਹੈ, "ਵਿਚਿ ਦੁਨੀਆ ਸੇਵ ਕਮਾਈਐ।। ਤਾ ਦਰਗਹ ਬੈਸਣੁ ਪਾਈਐ।।" ਸੇਵਾ ਵੀ ਉਸ ਦੇ ਕਰਮਾਂ ਵਿਚ ਹੁੰਦੀ ਹੈ, ਜੋ ਵੱਡਭਾਗੀ ਹੋਵੇ! ਗ੍ਰੰਥਾਂ ਵਿਚ ਨੌਂ ਤਰ੍ਹਾਂ ਦੀ ਸੇਵਾ, ਨੌਂ ਤਰ੍ਹਾਂ ਦਾ ਇਸ਼ਨਾਨ ਅਤੇ ਨੌਂ ਤਰ੍ਹਾਂ ਦੀ ਹੀ ਭਗਤੀ ਮੰਨੀ ਗਈ ਹੈ। ਸਭ ਤੋਂ ਉਤਮ ਸੇਵਾ 'ਨਿਸ਼ਕਾਮ ਸੇਵਾ' ਗਿਣੀ ਗਈ ਹੈ, ਜੋ ਬਿਨਾਂ ਕਿਸੇ 'ਗਰਜ਼' ਤੋਂ ਕੀਤੀ ਜਾਵੇ! ਗੁਰੂ ਕਿਰਪਾ ਸਦਕਾ ਆਪਣੇ ਨਾਵਲਾਂ ਦੇ ਸਿਰ 'ਤੇ ਮੈਨੂੰ ਅੱਧੀ ਦੁਨੀਆਂ 'ਮੁਫ਼ਤ' ਘੁੰਮਣ ਦਾ ਮੌਕਾ ਮਿਲਿਆ ਹੈ! ਬੜੇ 'ਵੱਡੇ-ਵੱਡੇ' ਬੰਦਿਆਂ ਨਾਲ਼ ਮਿਲਣ ਦਾ ਸੁਭਾਗ ਵੀ ਪ੍ਰਾਪਤ ਹੋਇਆ ਅਤੇ ਯਾਰੀਆਂ ਵੀ ਪਈਆਂ। ਮਾਸਿਕ ਰਸਾਲੇ 'ਸਾਹਿਬ' ਦੇ ਮੁੱਖ ਸੰਪਾਦਕ ਬਾਈ ਰਣਜੀਤ ਸਿੰਘ ਰਾਣਾ, ਸੰਪਾਦਕ ਡਾਕਟਰ ਤਾਰਾ ਸਿੰਘ ਆਲਮ ਅਤੇ ਪੱਤਰਕਾਰ ਮਨਦੀਪ ਖੁਰਮੀ ਹਿੰਮਤਪੁਰਾ ਦੀ ਉਦਮ-ਕਦਮੀ ਸਦਕਾ ਸੰਤ ਬਾਬਾ ਬਲਬੀਰ ਸਿੰਘ ਜੀ ਸੀਚੇਵਾਲ਼ ਵਾਲ਼ਿਆਂ ਨਾਲ਼ ਲੰਡਨ ਵਿਖੇ ਮਿਲਣ ਦਾ ਸਬੱਬ ਬਣਿਆਂ। ਮਿਲ਼ ਕੇ ਰੂਹ ਸ਼ਰਸ਼ਾਰ ਅਤੇ ਮਨ ਬਾਗੋਬਾਗ ਹੋ ਗਿਆ। ਭੋਲ਼ੇ ਚਿਹਰੇ ਅਤੇ ਸਾਧੂ ਸੁਭਾਅ ਦੇ ਮਾਲਕ ਸੰਤ ਸੀਚੇਵਾਲ਼ ਇਤਨੇ ਮਿਲਣਸਾਰ ਅਤੇ 'ਤੇਰ-ਮੇਰ' ਤੋਂ ਰਹਿਤ ਹਨ ਕਿ ਬੰਦਾ ਆਪਣੇ ਆਪ ਉਹਨਾਂ ਦਾ ਹੀ ਹੋ ਕੇ ਰਹਿ ਜਾਂਦਾ ਹੈ! ਆਪਣੇ ਨਾਵਲਾਂ ਵਿਚ ਮੈਂ 'ਸਾਧਾਂ' ਦਾ ਕੱਟੜ ਆਲੋਚਕ ਹੀ ਰਿਹਾ ਹਾਂ। ਪਰ ਉਹਨਾਂ ਸਾਧਾਂ ਦਾ, ਜੋ "ਰਹਤ ਅਵਰ ਕਛੁ ਅਵਰ ਕਮਾਵਤ।। ਮਨਿ ਨਹੀ ਪ੍ਰੀਤਿ ਮੁਖਹੁ ਗੰਢ ਲਾਵਤ।।" ਦੇ ਧਾਰਨੀ ਹਨ। ਲੋਕਾਂ ਨੂੰ ਸੇਵਾ ਦਾ ਉਪਦੇਸ਼ ਦੇਣਾਂ ਅਤੇ ਆਪ ਭਾਂਤ-ਭਾਂਤ ਦਾ ਭੋਜਨ ਛਕ ਕੇ, ਢਿੱਡ 'ਤੇ ਹੱਥ ਫ਼ੇਰ ਕੇ ਕਬੂਤਰ ਵਾਂਗ ਅੱਖਾਂ ਮੀਟ ਲੈਣੀਆਂ ਅਤੇ ਦੂਜਿਆਂ ਤੋਂ ਪੱਖੇ ਦੀ 'ਸੇਵਾ' ਕਰਵਾਈ ਜਾਣੀ।
ਧੰਨ ਗੁਰੂ ਨਾਨਕ ਨੇ ਜੇ ਕਿਰਤ ਕਰਨ ਦਾ ਉਪਦੇਸ਼ ਦਿੱਤਾ ਤਾਂ ਆਪ ਹਲ਼ ਵੀ ਵਾਹਿਆ ਅਤੇ ਹੱਥੀਂ ਕਿਰਤ ਵੀ ਕੀਤੀ। ਉਹਨਾਂ ਨੇ ਜੇ ਨਾਮ ਜਪਣ ਲਈ ਲੋਕਾਈ ਨੂੰ ਪ੍ਰੇਰਿਆ ਤਾਂ ਆਪ ਵੀ 'ਧੰਨ ਕਰਤਾਰ-ਧੰਨ ਕਰਤਾਰ' ਵਿਚ ਲੀਨ ਰਹੇ। ਜੇ ਉਹਨਾਂ ਨੇ ਪ੍ਰਜਾ ਨੂੰ ਵੰਡ ਕੇ ਛਕੋ ਦਾ ਸਬਕ ਦਿੱਤਾ ਤਾਂ ਆਪ ਵੀ ਭੁੱਖੇ ਸਾਧੂਆਂ ਨੂੰ ਭੋਜਨ ਛਕਾਇਆ। ਪਰ ਸਾਡੇ ਅੱਜ ਦੇ 'ਸੰਤ-ਬਾਬੇ' ਆਪ 'ਏਅਰ ਕੰਡੀਸ਼ਨ' ਕਾਰਾਂ ਵਿਚ ਝੂਟੇ ਲੈਂਦੇ ਅਤੇ ਮੁਲਾਇਮ ਗੱਦਿਆਂ''ਤੇ 'ਬਿਰਾਜਮਾਨ' ਹੁੰਦੇ ਹਨ, ਪਰ ਜਨਤਾ ਨੂੰ ਨੰਗੇ ਪੈਰੀਂ ਗੁਰੂ ਘਰ ਆਉਣ ਦੀ ਸਿੱਖਿਆ ਦਿੰਦੇ ਰਹਿੰਦੇ ਹਨ! ਸੰਗਤ ਨੂੰ 'ਮਾਇਆ ਨਾਗਣੀ' ਦਾ ਸ਼ਬਦ ਵਿਆਖਿਆ ਸਹਿਤ ਸਰਵਣ ਕਰਵਾਉਣਾ, ਪਰ ਆਪ ਉਸੇ ਮਾਇਆ ਦੀ ਇਬਾਦਤ ਕਰਨੀ! ਕਿਸੇ ਸੱਜਣ ਤੋਂ ਇਕ 'ਬਾਬੇ' ਦੀ ਗੱਲ ਸੁਣਨ ਵਿਚ ਆਈ। ਕੋਈ ਸੱਜਣ ਕਿਸੇ ਬਾਬਾ ਜੀ ਦੇ ਗ੍ਰਹਿ ਵਿਖੇ ਚਲਿਆ ਗਿਆ ਅਤੇ ਸ੍ਰੀ ਆਖੰਡ ਪਾਠ ਦੇ ਭੋਗ ਤੋਂ ਬਾਅਦ ਕੀਰਤਨ ਕਰਨ ਦੀ ਭੇਟਾ ਪੁੱਛੀ। ਭੇਟਾ ਸੰਤ ਜੀ ਨੇ ਪੰਜਾਹ ਹਜ਼ਾਰ ਰੁਪਏ ਦੱਸੀ। ਪੰਜਾਹ ਹਜ਼ਾਰ ਸੁਣ ਕੇ ਉਹ ਸੱਜਣ ਸੰਤ ਜੀ ਨਾਲ਼ 'ਮੁੱਲ ਤੋੜਨ' ਲੱਗ ਪਿਆ ਤਾਂ 'ਸੰਤ ਜੀ' ਖਿਝ ਕੇ ਬੋਲੇ, "ਗੁਰਦਾਸ ਮਾਨ ਦਾ ਰੇਟ ਚਾਰ ਲੱਖ ਰੁਪਏ ਐ, ਤੇ ਜੇ ਉਹ ਚਾਰ ਲੱਖ ਮੰਗ ਲਵੇ ਤਾਂ ਭਾਈ ਤੁਸੀਂ ਦੇਣ ਲੱਗੇ ਵੀ ਪਲ ਨ੍ਹੀ ਲਾਉਂਦੇ, ਮੇਰੇ ਵਾਰੀ ਆਨਾਂ ਕਾਨੀਂ ਜੀ ਕਿਉਂ ਕਰੀ ਜਾਨੇਂ ਐਂ, ਮੈਂ ਤਾਂ ਉਸ ਤੋਂ ਅੱਧਾ ਵੀ ਨਹੀਂ ਮੰਗਿਆ..?" ਮੈਨੂੰ ਹੋਰ ਤਾਂ ਹੈਰਾਨੀ ਨਹੀਂ ਹੋਈ, ਪਰ ਹੈਰਾਨੀ ਇਹ ਹੋਈ ਕਿ ਬਾਬਾ ਜੀ ਨੂੰ ਗੁਰਦਾਸ ਮਾਨ ਦੀ 'ਰੇਟ' ਦਰ ਦਾ ਕਿੱਥੋਂ ਅਨੁਮਾਨ ਲੱਗਿਆ? ਅਜਿਹੇ 'ਸੰਤਾਂ' ਦਾ ਮੈਂ ਆਪਣੇ ਨਾਵਲਾਂ ਵਿਚ ਨੰਗੇ ਧੜ ਆਲੋਚਕ ਰਿਹਾ ਹਾਂ।
ਸੰਤ ਸੀਚੇਵਾਲ਼ ਨਾਲ਼ ਰਾਤ ਨੂੰ ਤਕਰੀਬਨ ਦੋ ਘੰਟੇ ਖੁੱਲ੍ਹ ਕੇ ਵਿਚਾਰ ਵਟਾਂਦਰਾ ਹੁੰਦਾ ਰਿਹਾ। ਉਹਨਾਂ ਦੇ ਨਿਰਮਲ ਅਤੇ ਖੁੱਲ੍ਹੇ-ਡੁੱਲ੍ਹੇ ਸੁਭਾਅ ਵਿਚੋਂ ਇਕ ਗੱਲ ਦਾ ਅਹਿਸਾਸ ਹੋਇਆ ਕਿ ਬਾਬਾ ਜੀ ਕਹਿਣੀ ਅਤੇ ਕਰਨੀ ਦੇ ਧਾਰਨੀ ਹਨ, ਵਲ਼-ਫ਼ੇਰ ਬਿਰਤੀ ਵਾਲ਼ੇ ਨਹੀਂ! ਉਹਨਾਂ ਨਾਲ਼ ਵਿਚਾਰ ਵਟਾਂਦਰਾ ਕਰਦਿਆਂ ਮੈਨੂੰ ਇਹ ਮਹਿਸੂਸ ਨਹੀਂ ਹੋਇਆ ਕਿ ਮੈਂ ਉਹਨਾਂ ਨੂੰ ਪਹਿਲੀ ਵਾਰ ਮਿਲ਼ ਰਿਹਾ ਹਾਂ। ਸੰਤ ਸੀਚੇਵਾਲ਼ ਪ੍ਰਤੀ ਮੇਰੇ ਸਤਿਕਾਰ ਦੀ ਸਿਖਰ ਉਸ ਵਕਤ ਅਸੀਮ ਹੋਈ ਸੀ, ਜਦ ਮੈਂ ਪੜ੍ਹਿਆ ਕਿ ਉਹਨਾਂ ਨੇ ਪਵਿੱਤਰ ਵੇਈਂ ਨਦੀ ਦੀ ਸਫ਼ਾਈ ਦਾ ਨਿਸ਼ਕਾਮ ਕਾਰਜ ਆਰੰਭਿਆ ਹੈ। ...ਤੇ ਫ਼ੇਰ ਜਦ ਟੈਲੀਵਿਯਨ 'ਤੇ ਵੇਈਂ ਨਦੀ ਦੇ ਦਰਸ਼ਣ ਕੀਤੇ ਤਾਂ ਨਦਰੋ-ਨਿਹਾਲ ਹੋਇਆ ਮੈਂ ਸੋਚ ਰਿਹਾ ਸੀ ਕਿ ਜਿਹੜੇ ਕਾਰਜ ਨੂੰ ਸਰਕਾਰਾਂ ਵੀ ਹੱਥ ਪਾਉਣੋਂ ਕੰਨੀ ਕਤਰਾਉਂਦੀਆਂ ਰਹੀਆਂ, ਬਾਬੇ ਨਾਨਕ ਦੀ ਮਿਹਰ ਸਦਕਾ ਉਹ ਪਾਵਨ ਕਾਰਜ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ਼ ਨੇ ਸਿਰੇ ਲਾਇਆ। ਕਿਸੇ ਦੀ ਟੀਕਾ ਟਿੱਪਣੀ ਦੀ ਪ੍ਰਵਾਹ ਨਾ ਮੰਨਣ ਵਾਲ਼ੇ ਮਸਤ ਸੁਭਾਅ ਦੇ ਸੰਤ ਸੀਚੇਵਾਲ ਨੇ ਗੱਲ ਬਾਤ ਦੌਰਾਨ ਕਿਹਾ, "ਜਲ ਤੇ ਵਾਤਾਵਰਣ ਦੇ ਪ੍ਰਦੂਸ਼ਣ ਦਾ ਮਸਲਾ ਇਸ ਸਮੇਂ ਮਨੁੱਖੀ ਹੋਂਦ ਦਾ ਬੁਨਿਆਦੀ ਮਸਲਾ ਬਣ ਗਿਆ ਹੈ, ਜਿਸ ਤੇ ਸਭ ਰਾਜਨੀਤਕ, ਸਮਾਜਿਕ ਅਤੇ ਧਾਰਮਿਕ ਨੇਤਾਵਾਂ, ਵਿਚਾਰਵਾਨਾਂ, ਵਾਤਾਵਰਣ ਪ੍ਰੇਮੀਆਂ, ਸਮਾਜ-ਸ਼ਾਸ਼ਤਰੀਆਂ ਨੂੰ ਮਿਲ ਬੈਠ ਕੇ ਵਿਚਾਰ ਕਰਨੀ ਚਾਹੀਦੀ ਹੈ ਅਤੇ ਇਸ Ḕਤੇ ਸੌੜੀ ਰਾਜਨੀਤੀ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ!"
ਉਹਨਾਂ ਨੇ ਇਹ ਜ਼ਿਕਰ ਵੀ ਕੀਤਾ ਕਿ ਉਹਨਾਂ ਨੇ ਸਿਆਸੀ ਨੇਤਾਵਾਂ ਨੂੰ ਇਕ ਕਾਨਫ਼ਰੰਸ ਵਿਚ ਆਖਿਆ ਸੀ ਕਿ ਇਹ ਬਹੁਤ ਗੰਭੀਰ ਅਤੇ ਵਿਚਾਰਨਯੋਗ ਮੁੱਦਾ ਹੈ ਕਿ ਦੁਆਬੇ ਦੀ ਧਰਤੀ, ਜੋ ਅੰਮ੍ਰਿਤ ਵਰਗੇ ਪਾਣੀਆਂ ਦੀ ਧਰਤੀ ਸੀ, 'ਤੇ ਇਲਾਹੀ ਬਾਣੀ ਦਾ ਆਗਮਨ ਸਥਾਨ ਹੋਣ ਦੇ ਨਾਤੇ ਸਾਡੇ ਸਭਨਾਂ ਲਈ ਪੂਜਣਯੋਗ ਸੀ, ਹੁਣ ਪਾਣੀਆਂ 'ਚ ਜ਼ਹਿਰਾਂ ਮਿਲ ਜਾਣ ਕਾਰਨ 'ਨਰਕ' ਵਿਚ ਬਦਲ ਗਈ ਹੈ! ਇਸ ਇਲਾਕੇ ਦੇ ਦੋ ਦਰਿਆ, ਦੋ ਵੇਈਆਂ, ਡਰੇਨਾਂ ਅਤੇ ਹੋਰ ਨਦੀ-ਨਾਲ਼ੇ ਫ਼ੈਕਟਰੀਆਂ ਵਿਚੋਂ ਨਿਕਲਦੀਆਂ ਜ਼ਹਿਰੀਲੀਆਂ ਰਸਾਇਣਕ ਅਤੇ ਨਗਰਾਂ ਦੇ ਮਲ-ਮੂਤਰ ਅਤੇ 'ਸੀਵਰੇਜਾਂ' ਦੇ ਪਾਣੀ ਪੈਣ ਨਾਲ ਜ਼ਹਿਰੀਲੇ ਅਤੇ ਦੂਸ਼ਤ ਨਾਲ਼ੇ ਬਣ ਕੇ ਰਹਿ ਗਏ ਹਨ! ਇਹਨਾਂ ਦੇ ਜ਼ਹਿਰੀਲੇ ਪਾਣੀ ਨੇ ਧਰਤੀ ਹੇਠਾਂ ਜ਼ੀਰ ਕੇ ਸ਼ੁੱਧ ਪਾਣੀ ਦੇ ਜ਼ਖੀਰਿਆਂ ਨੂੰ ਵੀ ਜ਼ਹਿਰੀਲੇ ਬਣਾ ਦਿੱਤਾ ਹੈ। ਇਹਨਾਂ ਗੰਦੇ ਪਾਣੀਆਂ 'ਚੋਂ ਉਠਦੀ ਦੁਰਗੰਧ ਦੂਰ-ਦੂਰ ਤੱਕ ਫ਼ੈਲ ਕੇ ਸਾਰੇ ਆਲ਼ੇ ਦੁਆਲ਼ੇ ਦੀ ਹਵਾ ਨੂੰ ਪ੍ਰਦੂਸ਼ਿਤ ਕਰਦੀ ਹੈ ਅਤੇ ਲੋਕਾਂ ਨੂੰ ਅਨੇਕ ਪ੍ਰਕਾਰ ਦੀਆਂ ਸਾਹ ਅਤੇ ਅਲਰਜੀ ਦੀਆਂ ਬਿਮਾਰੀਆਂ ਨਾਲ ਪੀੜਤ ਕਰਦੀ ਹੈ। ਇਹ ਜ਼ਹਿਰੀਲਾ ਪਾਣੀ ਸਿਰਫ਼ ਦੁਆਬੇ ਦੀ ਧਰਤੀ ਤੱਕ ਹੀ ਸੀਮਤ ਨਹੀਂ ਰਹਿੰਦਾ, ਇਹ ਹਰੀਕੇ ਹੈਂਡਵਰਕਸ ਤੋਂ ਇੰਦਰਾ ਗਾਂਧੀ ਫ਼ੀਡਰ ਅਤੇ ਸਰਹਿੰਦ ਕੈਨਾਲ ਰਾਹੀਂ ਹੁੰਦਾ ਹੋਇਆ ਸਾਰੇ ਮਾਲਵਾ ਖੇਤਰ ਅਤੇ ਰਾਜਸਥਾਨ ਦੇ ਗੰਗਾਨਗਰ, ਹਨੂੰਮਾਨਗੜ੍ਹ, ਬੀਕਾਨੇਰ, ਜੈਸਲਮੇਰ...ਆਦਿ ਜ਼ਿਲਿਆਂ ਵਿਚ ਜ਼ਹਿਰਾਂ ਵੰਡਦਾ ਹੈ, ਜਿਸ ਨੂੰ ਪੀ ਕੇ ਲੋਕ ਕੈਂਸਰ, ਕਾਲਾ ਪੀਲੀਆ, ਅੰਤੜੀ ਰੋਗ, ਚਮੜੀ ਰੋਗ ਅਤੇ ਹੋਰ ਭਿਆਨਕ ਰੋਗਾਂ ਨਾਲ ਗ੍ਰਸਤ ਹੋ ਰਹੇ ਹਨ! ਪਾਣੀਆਂ ਵਿਚ ਗੰਦਗੀ ਅਤੇ ਜ਼ਹਿਰਾਂ ਪਾਉਣ ਵਾਲੇ ਇਹ ਵੀ ਨਹੀਂ ਸੋਚਦੇ ਕਿ ਇਹੀ ਪਾਣੀ ਗੁਰੂ-ਘਰਾਂ ਦੇ ਸਰੋਵਰਾਂ ਵਿਚ ਸੰਗਤਾਂ ਦੇ ਇਸ਼ਨਾਨ ਲਈ ਅਤੇ ਲੰਗਰਾਂ ਅਤੇ ਕੜਾਹ ਪ੍ਰਸ਼ਾਦ ਦੀਆਂ ਦੇਗਾਂ ਦੀ ਤਿਆਰੀ ਲਈ ਵਰਤੇ ਜਾਂਦੇ ਹਨ! ਗੁਰੂ ਸਾਹਿਬਾਨ ਨੇ ਤਾਂ ਸਾਨੂੰ ਸਰਬੱਤ ਦੇ ਭਲੇ ਦਾ ਸੰਦੇਸ਼ ਦਿੱਤਾ ਸੀ, ਪਰ ਅਸੀਂ ਕਿਸ ਰਸਤੇ 'ਤੇ ਪੈ ਗਏ ਹਾਂ ਕਿ ਸਮੁੱਚੇ ਜੀਵ-ਜੰਤੂਆਂ ਅਤੇ ਆਪਣੇ ਭੈਣ-ਭਰਾਵਾਂ ਨੂੰ ਜ਼ਹਿਰਾਂ ਦੇ ਕੇ ਮਾਰ ਰਹੇ ਹਾਂ?
ਸੰਤ ਸੀਚੇਵਾਲ ਨੇ ਦੱਸਿਆ ਕਿ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਦਾ ਇਲਾਜ ਬਹੁਤ ਮਹਿੰਗਾ ਹੈ। ਜਿਸ ਕਾਰਨ ਪੀੜਤ ਮਰੀਜ਼ਾਂ ਦੇ ਪ੍ਰੀਵਾਰ ਆਰਿਥਕ ਤੌਰ 'ਤੇ ਵੀ ਤਬਾਹ ਹੋ ਰਹੇ ਹਨ। ਉਹਨਾਂ ਅੰਕੜੇ ਦੇ ਕੇ ਦੱਸਿਆ ਕਿ ਇੰਦਰਾ ਗਾਂਧੀ ਫ਼ੀਡਰ ਅਤੇ ਸਰਹਿੰਦ ਕੈਨਾਲ ਦਾ 25 ਪ੍ਰਤੀਸ਼ਤ ਪਾਣੀ ਮਾਲਵਾ ਖੇਤਰ ਵਿਚ ਵਰਤਿਆ ਜਾ ਰਿਹਾ ਹੈ ਅਤੇ 75 ਪ੍ਰਤੀਸ਼ਤ ਰਾਜਸਥਾਨ ਵਿਚ! ਇਸ ਪਾਣੀ ਨੂੰ ਪੀ ਕੇ ਬਿਮਾਰ ਹੋਣ ਵਾਲੇ ਕੈਂਸਰ ਦੇ ਮਰੀਜ਼ਾਂ ਦੀ ਅਨੁਪਾਤ ਵੀ ਇਹਨਾਂ ਇਲਾਕਿਆਂ ਵਿਚ ਇਹੀ ਹੈ! ਬੀਕਾਨੇਰ ਦੇ ਕੈਂਸਰ ਹਸਪਤਾਲ ਵਿਚ ਹਰ ਸਾਲ ਨਵੇਂ ਕੈਂਸਰ ਨਾਲ ਪੀੜਤ 6000 ਮਰੀਜ਼ ਦਾਖ਼ਲ ਹੁੰਦੇ ਹਨ। ਇਹਨਾਂ ਵਿਚ ਵੀ 25 ਪ੍ਰਤੀਸ਼ਤ ਮਰੀਜ਼ ਪੰਜਾਬ ਦੇ, ਮੁੱਖ ਤੌਰ 'ਤੇ ਮਾਲਵਾ ਖੇਤਰ ਦੇ ਹਨ ਅਤੇ 75 ਪ੍ਰਤੀਸ਼ਤ ਰਾਜਸਥਾਨ ਦੇ! ਇਸ ਲਈ ਜਲ-ਪ੍ਰਦੂਸ਼ਣ ਦਾ ਮੁੱਦਾ ਸਾਡੀ ਹੋਂਦ ਨਾਲ ਜੁੜਿਆ ਹੋਇਆ ਮੁੱਦਾ ਹੈ, ਜਿਸ ਨੂੰ ਸੌੜੀ ਰਾਜਨੀਤੀ ਦੀ ਰੰਗਤ ਨਹੀਂ ਦਿੱਤੀ ਜਾਣੀ ਚਾਹੀਦੀ, ਸਗੋਂ ਸਾਨੂੰ ਸਭ ਨੂੰ ਮਿਲ ਕੇ ਇਹ ਵਿਚਾਰਾਂ ਕਰਨੀਆਂ ਚਾਹੀਦੀਆਂ ਹਨ ਕਿ ਇਸ ਗ਼ੈਰਕਾਨੂੰਨੀ, ਗ਼ੈਰ-ਸੰਵਿਧਾਨਕ, ਗ਼ੈਰ-ਕੁਦਰਤੀ ਅਤੇ ਅਣਮਨੁੱਖੀ ਵਰਤਾਰੇ ਨੂੰ ਜਲਦੀ ਤੋਂ ਜਲਦੀ ਕਿਵੇਂ ਰੋਕਿਆ ਜਾ ਸਕਦਾ ਹੈ?
ਅੰਤ ਵਿਚ ਸੰਤ ਸੀਚੇਵਾਲ਼ ਨੇ ਕਿਹਾ ਕਿ ਜੇ ਸੰਗਤਾਂ ਦਾ ਸਹਿਯੋਗ ਅਤੇ ਸਿਰ Ḕਤੇ ਵਾਹਿਗੁਰੂ ਦਾ ਮਿਹਰ ਭਰਿਆ ਹੱਥ ਹੋਵੇ, ਵਾਤਾਵਰਣ ਅਤੇ ਜਲ-ਸੋਮਿਆਂ ਦੇ ਪ੍ਰਦੂਸ਼ਣ ਨੂੰ ਖ਼ਤਮ ਕਰਨਾ ਕੋਈ ਔਖਾ ਨਹੀਂ! ਉਹਨਾਂ ਆਖਿਆ ਕਿ ਜੇ ਕਾਲ਼ੀ ਵੇਈਂ ਸਾਫ਼ ਹੋ ਸਕਦੀ ਹੈ ਤਾਂ ਚਿੱਟੀ ਵੇਈਂ ਕਿਉਂ ਨਹੀਂ ਸਾਫ਼ ਹੋ ਸਕਦੀ? ਉਹਨਾਂ ਗੁਰੂ ਸਾਹਿਬਾਨ ਵੱਲੋਂ ਦਿੱਤੇ ਗਏ ਸਰਬੱਤ ਦੇ ਭਲੇ ਦੇ ਸੰਦੇਸ਼ ਦੀ ਚਰਚਾ ਕਰਦਿਆਂ ਕਿਹਾ ਕਿ ਦਇਆ ਸਭ ਤੋਂ ਵੱਡਾ ਮਾਨਵੀ ਗੁਣ ਹੈ। ਇਕ ਜੀਅ 'ਤੇ ਦਇਆ ਕਰਨ ਦਾ ਅਠਾਹਟ ਤੀਰਥਾਂ ਜਿੰਨਾਂ ਪੁੰਨ ਹੁੰਦਾ ਹੈ! ਰੱਬ ਉਦੋਂ ਖ਼ੁਸ਼ ਹੁੰਦਾ ਹੈ, ਜਦੋਂ ਉਸ ਦੀ ਬਣਾਈ ਕਾਇਨਾਤ, ਉਸ ਦੇ ਬਣਾਏ ਜੀਵ-ਜੰਤੂ ਖ਼ੁਸ਼ ਹੋਣ! ਜਦੋਂ ਅਸੀਂ ਲੋਕਾਂ ਅਤੇ ਜੀਵ-ਜੰਤੂਆਂ 'ਤੇ ਦਇਆ ਦੀ ਥਾਂ ਜ਼ਹਿਰਾਂ ਵੰਡ ਕੇ ਉਹਨਾਂ ਨੂੰ ਮੌਤ ਜਾਂ ਭਿਆਨਕ ਬਿਮਾਰੀਆਂ ਦਿੰਦੇ ਹਾਂ, ਤਾਂ ਰੱਬ ਕਿਵੇਂ ਖ਼ੁਸ਼ ਹੋ ਸਕਦਾ ਹੈ? ਕਾਦਰ ਅਤੇ ਉਸ ਦੀ ਕੁਦਰਤ 'ਤੇ ਆਪਣਾ ਅਟੁੱਟ ਵਿਸ਼ਵਾਸ ਪ੍ਰਗਟ ਕਰਦਿਆਂ ਸੰਤ ਸੀਚੇਵਾਲ ਨੇ ਆਖਿਆ ਕਿ ਹੁਣ ਜ਼ਹਿਰਾਂ ਦਾ ਅੰਤ ਸਮਾਂ ਆ ਗਿਆ ਹੈ, ਹੁਣ ਵਾਤਾਵਰਣ ਅਤੇ ਜਲ-ਸੋਮਿਆਂ ਦਾ ਪ੍ਰਦੂਸ਼ਣ ਛੇਤੀ ਹੀ ਬੰਦ ਹੋਣ ਜਾ ਰਿਹਾ ਹੈ! 2009 ਦੇ ਇਸ 'ਵਾਤਾਵਰਣ ਵਰ੍ਹੇ' ਵਿਚ ਅਸੀਂ ਸੰਗਤ ਦੇ ਸਹਿਯੋਗ ਨਾਲ, ਕਾਨੂੰਨ ਦੇ ਦਾਇਰੇ ਵਿਚ ਰਹਿੰਦੇ ਹੋਏ ਵਾਤਾਵਰਣ ਨੂੰ ਸਾਫ਼ ਸੁਥਰਾ ਕਰਨ ਦੇ ਉਪਰਾਲੇ ਕਰਾਂਗੇ। ਉਹਨਾਂ ਇਸ ਗੱਲ 'ਤੇ ਤਸੱਲੀ ਪ੍ਰਗਟਾਈ ਕਿ ਮਾਹੌਲ ਬਦਲ ਰਿਹਾ ਹੈ ਅਤੇ ਵਾਤਾਵਰਣ ਦਾ ਮੁੱਦਾ ਹੁਣ ਸਭ ਸਿਆਸੀ ਪਾਰਟੀਆਂ ਉਠਾ ਰਹੀਆਂ ਹਨ। ਕਾਲਾ ਸੰਘਿਆਂ ਡਰੇਨ, ਬੁੱਢੇ ਨਾਲ਼ੇ, ਚਿੱਟੀ ਵੇਈਂ, ਸਤਲੁਜ ਦਰਿਆ ਅਤੇ ਹੋਰ ਕੁਦਰਤੀ ਸੋਮਿਆਂ ਵਿਚ ਪੈਂਦੇ ਜ਼ਹਿਰੀਲੇ ਗੰਦੇ ਪਾਣੀ ਲੋਕਾਂ ਨੂੰ ਖ਼ੁਦ ਹੀ ਬੰਦ ਕਰਨੇ ਪੈਣੇ ਹਨ। ਕਾਲਾ ਸੰਘਿਆਂ ਡਰੇਨ ਵਿਚ ਪੈਂਦੇ ਜ਼ਹਿਰੀਲੇ ਪਾਣੀ ਨੂੰ ਬੰਦ ਕਰਨ ਦਾ ਐਲਾਨ ਕਰਦਿਆਂ ਉਹਨਾਂ ਕਿਹਾ ਕਿ ਜਲਦੀ ਹੀ ਇਸ ਬਾਰੇ ਪ੍ਰੋਗਰਾਮ ਨੂੰ ਅੰਤਿਮ ਰੂਪ ਦਿੱਤਾ ਜਾਵੇਗਾ! ਸਾਡੀ ਵੀ ਗੁਰੂ ਬਾਬੇ ਨਾਨਕ ਅੱਗੇ ਇਹੀ ਅਰਦਾਸ ਜੋਦੜੀ ਹੈ ਕਿ ਜਿਸ ਮੁਕਾਮ ਨੂੰ ਲੈ ਕੇ ਸੰਤ ਬਲਬੀਰ ਸਿੰਘ ਸੀਚੇਵਾਲ ਚੱਲੇ ਹਨ, ਉਹ ਇਸ ਪਵਿੱਤਰ ਕਾਰਜ ਵਿਚ ਸਫ਼ਲਤਾ ਹਾਸਲ ਕਰਨ, ਤਾਂ ਕਿ ਲੋਕਾਈ ਦਾ ਭਲਾ ਹੋ ਸਕੇ!



...................