Saturday, December 26, 2009

ਦੇਸ਼ ਦੀ ਕਰਨੀ ਪੈਣੀ ਫਿਰ ਉਸਾਰੀ.......... -ਡਾ: ਤਾਰਾ ਸਿੰਘ ਆਲਮ (ਲੰਡਨ)


ਦੇਸ਼ ਦੀ ਕਰਨੀ ਪੈਣੀ ਫਿਰ ਉਸਾਰੀ..........    -ਡਾ: ਤਾਰਾ ਸਿੰਘ ਆਲਮ (ਲੰਡਨ)
ਸਾਰੀਆਂ ਬੋਲੀਆਂ, ਸਾਰੇ ਧਰਮ, ਸਾਰੇ ਦੇਸ਼, ਸਾਰੇ ਲੋਕ ਹੀ ਸਤਿਕਾਰਯੋਗ ਹਨ। ਭਾਰਤ ਦੇ ਕਿਸੇ ਵੀ ਸੂਬੇ ਵਿੱਚ ਕੋਈ ਪੰਜਾਬੀ ਵਸਦਾ ਹੈ, ਉਹ ਉਸ ਸੂਬੇ ਦੀ ਬੋਲੀ ਸਿੱਖੇ, ਬੋਲੇ, ਪੜ੍ਹੇ, ਬੜੀ ਚੰਗੀ ਗੱਲ ਹੈ। ਜੇ ਉਹ ਕਿਸੇ ਵੀ ਵਿਦੇਸ਼ੀ ਖਿੱਤੇ ਵਿੱਚ ਹੈ, ਲੋੜ ਮੁਤਾਬਿਕ ਉਹ ਕੋਈ ਵੀ ਬੋਲੀ ਬੋਲੇ, ਪੜ੍ਹੇ ਜਾਂ ਉਸ ਵਿੱਚ ਮੁਹਾਰਤ ਹਾਸਲ ਕਰੇ, ਇਹ ਬੜੀ ਚੰਗੀ ਗੱਲ ਹੈ। ਕਿਸੇ ਵੀ ਦੂਸਰੇ ਦੇਸ਼ ਜਾਂ ਸੂਬੇ ਵਿੱਚ ਰਹਿ ਕੇ ਤੁਸੀਂ ਉੱਥੋਂ ਦੇ ਹਾਲਾਤ, ਸੱਭਿਆਚਾਰ, ਬੋਲੀ ਅਤੇ ਮੌਸਮ ਦੇ ਪ੍ਰਭਾਵ ਤੋਂ ਬਚ ਨਹੀਂ ਸਕਦੇ। ਜੇ ਅਸੀਂ ਬਚਣ ਦੀ ਕੋਸ਼ਿਸ਼ ਵੀ ਕਰੀਏ ਤਾਂ ਕੁਝ ਨਾ ਕੁਝ ਹਿੱਸਾ ਹੀ ਸਾਡੇ ਹਿੱਸੇ ਆਵੇਗਾ, ਜਿਸਨੂੰ ਅਸੀਂ ਕਿਸੇ ਹੀਲੇ ਵਸੀਲੇ ਨਾਲ ਰੋਕ ਨਹੀਂ ਸਕਦੇ।
     ਪੰਜਾਬੀ ਲਈ ਕਹੀਏ ਜਾਂ ਕੁਝ ਟੇਢੀਆਂ ਸਿਆਸੀ ਚਾਲਾਂ ਹੇਠ, ਪੰਜਾਬੀ ਸੂਬੇ ਦੇ ਨਾਂ ਹੇਠਾਂ ਮੋਰਚੇ ਲੱਗੇ, ਲੋਕਾਂ ਨੇ ਕੁਰਬਾਨੀਆਂ ਦਿੱਤੀਆਂ। ਲਛਮਣ ਸਿੰਘ ਗਿੱਲ ਵੇਲੇ ਪੰਜਾਬ ਵਿੱਚ ਪੰਜਾਬੀ ਲਾਗੂ ਕੀਤੀ ਗਈ ਚਾਹੇ ਉਹ ਥੋੜ੍ਹੀ ਸੀ ਜਾਂ ਬਹੁਤੀ। ਪੰਜਾਬੀ ਵਿੱਚ ਬੋਰਡ ਲਿਖੇ ਗਏ, ਜਿੰਨੇ ਚੰਗੇ ਹੀਲੇ- ਵਸੀਲੇ ਜੁੜੇ, ਉਦੋਂ ਦੇ ਹਾਲਾਤਾਂ ਮੁਤਾਬਕ ਵਰਤੇ ਗਏ। ਅੱਜ ਵੀ ਪੰਜਾਬ ਵਿੱਚ ਸਰਕਾਰਾਂ ਵੱਲੋਂ ਪੰਜਾਬੀ ਲਾਗੂ ਕਰਨ ਦਾ ਐਲਾਨ ਕੀਤਾ ਗਿਆ ਹੈ, ਕੁਝ ਹੋਰ ਸਖਤ ਸਜਾਵਾਂ ਰੱਖੀਆਂ ਗਈਆਂ ਹਨ। ਕਿਹਾ ਗਿਐ ਕਿ ਅਫ਼ਸਰ, ਮਨਿਸਟਰ ਸਭ ਪੰਜਾਬੀ ਵਿੱਚ ਦਸਤਖਤ ਕਰਨਗੇ, ਪੰਜਾਬੀ ਵਿੱਚ ਫੈਸਲੇ ਸੁਣਾਏ ਜਾਣਗੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਸਭ ਗੁਰੂ, ਭਗਤ ਸਭਨਾਂ ਦੇ ਹੀ ਸਾਂਝੇ ਹਨ ਏਵੇਂ ਪੰਜਾਬ ਵੀ ਹਿੰਦੂਆਂ, ਸਿੱਖਾਂ, ਈਸਾਈਆਂ, ਮੁਸਲਮਾਨਾਂ, ਜੈਨੀਆਂ, ਬੋਧੀਆਂ ਦਾ ਵੀ ਸਾਂਝਾ ਹੈ। ਅਸੀਂ ਪੰਜਾਬੀ ਆਪਣੇ ਆਪਨੂੰ ਅਲੱਗ ਕਰਕੇ ਪੰਜਾਬੀ ਬੋਲੀ ਅਤੇ ਆਪਣੀ ਸਾਂਝੀ ਪਹਿਚਾਣ ਨੂੰ ਬੇਗਾਨੀ ਕਰ ਬੈਠੇ ਹਾਂ।
     
  ਅੱਜ ਸਰਕਾਰ ਦੀ ਲਾਗੂ ਕੀਤੀ ਪੰਜਾਬੀ ਦਾ, ਪੰਜਾਬੀ ਦੇ ਵਿਕਾਸ ਲਈ ਕੀ ਫਾਇਦਾ ਹੋਵੇਗਾ ? ਆਮ ਜਨ ਸਾਧਾਰਨ ਲਈ ਜਿੰਨਾ ਕੁ ਇਸ ਦਾ ਫਾਇਦਾ ਹੋਵੇਗਾ, ਉਸ ਤੋਂ ਕਈ ਗੁਣਾ ਵੱਧ ਪ੍ਰਚਾਰ ਕਰਕੇ ਇਸ਼ਤਿਹਾਰਬਾਜੀ ਵਿੱਚ ਇਸਦਾ ਮੂਲ ਮੰਤਵ ਗੁਆਚ ਜਾਵੇਗਾ। ਜਿੰਨੀ ਦੇਰ ਤੱਕ ਸੰਪੂਰਨ ਵਿਦਿਅਕ ਢਾਂਚਾ, ਵਿੱਦਿਆ ਦਾ ਹਰ ਇੱਕ ਵਿਸ਼ਾ ਪੰਜਾਬੀ ਵਿੱਚ ਸਕੂਲਾਂ ਵਿੱਚ, ਕਾਲਜਾਂ ਵਿੱਚ ਪੜ੍ਹਾਇਆ ਨਹੀਂ ਜਾਵੇਗਾ ਓਨੀ ਦੇਰ ਤੱਕ ਅਸੀਂ ਪੂਰਨ ਤੌਰ 'ਤੇ ਕਿਸੇ ਵੀ ਕੰਮ ਵਿੱਚ ਕਾਮਯਾਬ ਨਹੀਂ ਹੋ ਸਕਦੇ। ਓਨੀ ਦੇਰ ਤੱਕ ਅਸੀਂ ਗੁਲਾਮ ਹੀ ਰਹਾਂਗੇ।
  ਵਿਦੇਸ਼ਾਂ ਵਿੱਚ ਅਸੀਂ ਆਪਣੀ ਮਾਂ ਬੋਲੀ ਨੂੰ ਅੰਗਰੇਜ਼ੀ ਦੇ ਕਾਇਦਿਆਂ ਰਾਹੀਂ ਸਿਖਾਕੇ ਅਪਣੀ ਮਾਂ ਦੇ ਨੈਣ ਨਕਸ਼ ਵਿਗਾੜ ਦਿਤੇ ਹਨ, ਆਪਣੀਂ ਮਾਂ ਦੀ ਜੀਭ 'ਤੇ ਕੱਟ ਮਾਰੇ ਹਨ | ਵਿਦੇਸ਼ਾਂ ਵਿਚ ਰਹਿਣ ਵਾਲੇ ਬੱਚੇ ਊੜੇ ਨੂੰ ਊਰਾ, ਆੜੇ ਨੂੰ ਆਰਾ, ਭਾਰੇ ਨੂੰ ਪਾਰਾ ਬੋਲਦੇ ਹਨ। ਅਸੀਂ ਸਭ ਚਾਅ ਅਤੇ ਮਾਣ ਨਾਲ ਕਹਿੰਦੇ ਹਾਂ, ਏਥੋਂ ਦੇ ਬੱਚੇ ਪੰਜਾਬੀ ਨਹੀਂ ਬੋਲ ਸਕਦੇ! ਕਿਉਂਕਿ ਉਹਨਾਂ ਨੂੰ ਅਸੀਂ ਪੰਜਾਬੀ ਸਿਖਾਉਣ ਲਈ ਅਤੇ ਉਹਨਾਂ ਨਾਲ ਪੰਜਾਬੀ ਬੋਲਣ ਲਈ ਸਮਾਂ ਹੀ ਨਹੀਂ ਕੱਢਿਆ। ਦੁਨੀਆਂ ਦੀ ਹਰ ਇਕ ਬੋਲੀ ਦੀ ਪਹਿਚਾਣ ਉਸ ਦਾ ਸ਼ੁੱਧ ਉਚਾਰਨ ਹੁੰਦੀ ਹੈ। ਜਿਹੜੇ ਲੋਕ ਮਾਂ ਬੋਲੀ ਦੀ ਜੀਭ ਕੱਟ ਰਹੇ ਹਨ ਉਹ ਕਿਨੀਆਂ ਸਜ਼ਾਂਵਾਂ ਭੁਗਤਣਗੇ?
ਮੈਨੂੰ ਪਤਾ ਹੈ ਕਿ ਮੇਰੇ ਲਿਖਣ ਜਾਂ ਬੋਲਣ ਨਾਲ ਵੀ ਕੋਈ ਜ਼ਿਆਦਾ ਫ਼ਰਕ ਨਹੀਂ ਪੈਣਾ ਕਿਉਂਕਿ ਮੇਰੇ ਤੋਂ ਪਹਿਲਾਂ ਹਜ਼ਾਰਾਂ ਲੋਕ ਮੇਰੇ ਤੋਂ ਲੱਖਾਂ ਗੁਣਾਂ ਸਿਆਣੇ ਹੋਏ ਹਨ ਅਤੇ ਬਾਦ ਵਿਚ ਵੀ ਹੋਣਗੇ । ਪਹਿਲਾਂ ਅਤੇ ਅੱਜ ਬਹੁਤ ਲੋਕਾਂ ਨੇ ਪੰਜਾਬੀ ਦੇ ਵਿਕਾਸ ਲਈ ਦੇਸ਼ ਲਈ ਕੌਮ ਲਈ ਬਹੁਤ ਕੰਮ ਕੀਤਾ ਹੈ। ਹੋਇਆ ਕੀ? ਕੀ ਦੇਸ਼ ਵਿਚੋਂ ਰਿਸ਼ਵਤ, ਬਲੈਕ ਮਾਰਕੀਟਿੰਗ, ਗਰਭਪਾਤ, ਦਹੇਜ, ਵਿਆਹ ਸ਼ਾਦੀਆਂ 'ਤੇ ਬੇਲੋੜੀਂਦਾ ਖਰਚਾ, ਹੱਕੀ ਨੌਕਰੀਆਂ ਲੈਣ ਲਈ ਵੀ ਲੱਖਾਂ ਦੀ ਰਿਸ਼ਵਤ, ਚੰਗੇ ਸਕੂਲਾਂ 'ਚ ਦਾਖਲੇ ਦੇ ਨਾਂਅ 'ਤੇ ਡੋਨੇਸ਼ਨ ਦੇ ਰੂਪ 'ਚ ਲੱਖਾਂ ਦਾ ਚੜ੍ਹਾਵਾ, ਨਸ਼ੇ, ਡੋਡੇ ਭੁਕੀ, ਨਸ਼ੇ ਦੀਆਂ ਗੋਲੀਆਂ, ਹੈਰੋਇਨ, ਕੋਕੀਨ ਆਦਿ ਦੀ ਸ਼ਰੇਆਮ ਵਿਕਰੀ ਹਟ ਗਈ। ਪ੍ਰਦੂਸ਼ਨ ਹਟਾਉਣ ਲਈ ਰੋਜ਼ ਕਿੰਨੇ ਭਾਸ਼ਨ ਕਿੰਨੇ ਸੈਮੀਨਾਰ ਹੋ ਰਹੇ ਹਨ। ਭਾਸ਼ਨਾਂ ਨਾਲ ਅਖਬਾਰੀ ਖਬਰਾਂ ਨਾਲ ਭਾਵ ਗੱਲਾਂ ਨਾਲ ਭੁੱਖਿਆਂ ਦਾ ਢਿੱਡ ਭਰਨ ਦੀ ਜੋ ਲੋਕ ਕੋਸ਼ਿਸ਼ ਕਰਦੇ ਹਨ ਉਨ੍ਹਾਂ ਨੂੰ ਵੀ ਪਤਾ ਹੈ ਕਿ ਅਸੀਂ ਇਹ ਪਾਖੰਡ ਕਰ ਰਹੇ ਹਾਂ। ਅੱਜ ਸੰਤਾਂ, ਲੇਖਕਾਂ, ਪ੍ਰਚਾਰਕਾਂ, ਸਮਾਜ ਸੇਵਕਾਂ ਨੂੰ ਸੱਚੇ ਦਿਲੋਂ ਸੁਹਿਰਦ ਹੋ ਕੇ ਬੋਲਣਾ ਚਾਹੀਦਾ ਹੈ ਪਰ ਮਨਾਂ ਅੰਦਰੋਂ ਸਵਾਰਥ ਬੋਲਣ ਨਹੀਂ ਦਿੰਦਾ।
   ਖਾਸ ਕਰਕੇ ਭਾਰਤ ਦੇ ਸਾਰੇ ਧਰਮਾਂ ਚੋਂ ਅਜੇ ਊਚ- ਨੀਚ, ਜਾਤ- ਪਾਤ ਨਹੀਂ ਨਿਕਲੀ, ਅਜੇ ਤਕ ਨਸਲੀ ਵਿਤਕਰੇ ਨਸਲੀ ਲੜਾਈਆਂ ਹੋ ਰਹੀਆਂ ਹਨ। ਜੇ ਭਾਰਤੀ ਧਰਮਾਂ ਦਾ ਇਹੀ ਹਾਲ ਰਿਹਾ ਤਾਂ ਆਉਣ ਵਾਲੇ ਚਾਰ ਪੰਜ ਸੌ ਸਾਲ ਹੋਰ ਦੇਸ਼ ਵਿਕਸਤ ਨਹੀਂ ਹੋਵੇਗਾ।  
ਕੀ ਅੱਜ ਦੇ ਅਗਾਂਹਵਧੂ ਕਲਜੁਗ ਵਿੱਚ ਉੱਚ ਪੱਧਰੇ ਪੜ੍ਹੇ ਲਿਖੇ ਵਰਗ; ਸੰਤਾਂ, ਧਾਰਮਕ ਪ੍ਰਚਾਰਕਾਂ, ਧਾਰਮਕ ਨੇਤਾਵਾਂ, ਸਿਆਸੀ ਨੇਤਾਵਾਂ, ਸ਼ਾਇਰਾਂ ਲੇਖਕਾਂ, ਬੁੱਧੀਜੀਵੀਆਂ ਵਿੱਚ ਕੋਈ ਏਕਤਾ ਹੋਈ ਹੈ? ਜੇ ਇਹਨਾਂ ਵਿੱਚ ਕੋਈ ਸਾਂਝ ਨਹੀਂ ਹੈ ਤਾਂ ਸਾਰੇ ਰਹਿਬਰ ਕੁਰਸੀ ਦੇ ਲੋਭ ਵਿੱਚ ਪਾਗਲ ਅਤੇ ਸ਼ੋਹਰਤ ਅਤੇ ਦਿਖਾਵੇ ਲਈ ਹਲਕਾਏ ਇਕ ਦੁਜੇ ਨੂੰ ਵੱਢਦੇ ਫਿਰਦੇ ਹਨ ਤਾਂ ਸਮਾਜ ਨੂੰ ਕੌਣ ਜੋੜ ਸਕਦਾ ਹੈ। ਮੈਂ ਸਿਰਫ ਆਪਣੀ ਡਿਉਟੀ ਨਿਭਾਅ ਰਿਹਾ ਹਾਂ। ਲਗਦਾ ਹੈ ਕਿ ਇਹ ਸਭ ਕੁਝ ਅਜੇ ਹੋਰ ਵਧੇਗਾ। ਅੱਜ ਇਨਸਾਨ ਆਪਣੀ 'ਮੈਂ' ਵਿੱਚ ਅੰਨ੍ਹਾ, ਸਵਾਰਥ ਵਿੱਚ ਬੋਲਾ, ਲੋਭ ਵਿੱਚ ਕੁਝ ਵੀ ਕਰਨ ਲਈ ਤਿਆਰ ਹੈ।                      
   ਸਾਡੇ ਦਿਲੋ- ਦਿਮਾਗ ਵਿੱਚ ਇਹ ਪੱਕੇ ਤੌਰ 'ਤੇ ਬੈਠ ਗਿਆ ਹੈ ਕਿ ਅਸੀਂ ਅੰਗਰੇਜ਼ੀ ਤੋਂ ਬਿਨਾਂ ਕਿਸੇ ਕੰਮ ਦੇ ਨਹੀਂ ਹਾਂ, ਨਿਕੰਮੇ ਹਾਂ। ਅਸੀਂ ਅਜੇ ਤੱਕ ਆਪਣੀ ਬੋਲੀ ਬਾਰੇ ਹੀ ਸੰਜੀਦਾ ਨਹੀਂ ਹਾਂ। ਪੰਜਾਬਂ ਜੋ ਕਿ ਪੰਜਾਬੀ ਲਈ ਜਿੰਦ ਜਾਨ ਹੈ, ਏਥੇ ਹੀ ਪੰਜਾਬੀ ਬੋਲੀ ਜੰਮੀ ਪਲੀ ਜੁਆਨ ਹੋਈ ਪਰ ਹਾਲੇ ਪੂਰੀ ਜੁਆਨ ਹੋਣ ਹੀ ਲੱਗੀ ਸੀ ਕਿ ਸਾਡੇ 'ਤੇ ਫੇਰ ਬੜੇ ਸੂਖਮ ਢੰਗ ਨਾਲ ਵਿਦੇਸ਼ੀ ਤਾਕਤ ਕਾਬਜ਼ ਹੋ ਗਈ ਹੈ। ਹੁਣ ਅਸੀਂ ਐਸੀਆਂ ਬੇੜੀਆਂ ਵਿੱਚ ਜਕੜੇ ਗਏ ਹਾਂ ਕਿ ਇਹ ਬੇੜੀਆਂ ਅਤੇ ਜੇਲ੍ਹ ਦੀਆਂ ਕੰਧਾਂ ਸਾਡੇ ਸਿਰ ਤੋਂ ਕਾਫੀ ਉੱਚੀਆਂ ਹੋ ਗਈਆਂ ਹਨ। ਇਹਨਾਂ ਪੱਕੇ ਕਿਲਿਆਂ ਵਿੱਚੋਂ ਕਿਵੇਂ ਨਿਕਲਣਾ ਹੈ? ਇਸ ਲਈ ਕਿਹੜੇ ਮੋਰਚੇ ਲਾਵਾਂਗੇ? ਉਸ ਜਾਦੂ ਨੂੰ ਕਿਵੇਂ ਸਿਰੋਂ ਉਤਾਰਾਂਗੇ ਜੋ ਸਾਡੇ ਸਿਰ ਚੜ੍ਹਕੇ ਬੋਲ ਰਿਹਾ ਹੈ? ਜਿਉ ਜਿਉਂ ਸਾਡੀ ਆਜਾਦੀ ਪੁਰਾਣੀ ਹੋ ਰਹੀ ਹੈ, ਬਜਾਏ ਕਿ ਅਸੀਂ ਤਰੱਕੀ ਵੱਲ ਜਾਈਏ ਅਸੀਂ ਗੁਲਾਮੀ ਵੱਲ ਨੂੰ ਹੀ ਵਧਦੇ ਜਾ ਰਹੇ ਹਾਂ। ਜਿੰਨੇ ਵੱਡੇ ਕੰਮ ਹੋ ਰਹੇ ਹਨ, ਪੁਲ ਬਣ ਰਹੇ ਹਨ, ਮਾਲ ਬਣ ਰਹੇ ਹਨ, ਵਿਦੇਸ਼ਾਂ ਦੀ ਨਕਲ 'ਤੇ ਜੋ ਕੁਝ ਵੀ ਹੋ ਰਿਹਾ ਹੈ ਸਭ ਕੁਝ ਵਿਦੇਸ਼ੀ ਠੇਕੇਦਾਰਾਂ ਤੇ ਵਿਦੇਸ਼ੀ ਮਾਇਆ ਦੇ ਸਿਰ 'ਤੇ ਹੀ ਹੋ ਰਿਹਾ ਹੈ।

ਆਪਣੀ ਬੋਲੀ ਦੀ ਹਾਜ਼ਰੀ ਤੋਂ ਬਿਨਾਂ ਇਸਨੂੰ ਅਪਨਾਉਣ ਤੋਂ ਬਿਨਾਂ, ਜਿਵੇਂ ਸਾਹਾਂ ਤੋਂ ਬਿਨਾਂ ਸਰੀਰ, ਇੰਜਣ ਤੋਂ ਬਿਨਾਂ ਵਹੀਕਲ ਸਿਰਫ ਪਿੰਜਰ ਹੈ। ਏਵੇਂ ਸਿਰਫ ਸਾਡੇ ਕੋਲ ਪੰਜਾਬੀ ਲਈ ਮੋਟੇ ਮੋਟੇ ਨਾਅਰੇ ਹਨ "ਪੰਜਾਬੀ ਸਿੱਖੋ ਬੋਲੋ ਇਹ ਜ਼ਰੂਰੀ ਹੈ ਜਾਂ, ਮਾਂ ਬੋਲੀ ਜੇ ਭੁੱਲ ਜਾਓਗੇ, ਕੱਖਾਂ ਵਾਂਗੂੰ ਰੁਲ ਜਾਓਗੇ," ਸੈਮੀਨਾਰਾਂ ਵਿੱਚ ਭਾਸ਼ਨ ਦੇਣੇ ਪ੍ਰੈੱਸ ਨੂੰ ਖਬਰਾਂ ਤੇ ਫੋਟੋਆਂ ਭੇਜਣੀਆਂ ਇਹ ਸਾਡੀ ਇੱਕ ਆਦਤ ਵਿਖਾਵੇ ਅਤੇ ਸ਼ੋਹਰਤ ਦੀ ਭੁੱਖ ਨੂੰ ਪੂਰਿਆਂ ਕਰਨ ਦੇ ਵਸੀਲੇ ਹਨ। ਜੇ ਅਸੀਂ ਬਹੁਤ ਵੱਡੇ ਪੱਧਰ ਤੇ, ਚੱੱਲ ਰਹੇ ਸਿਸਟਮ ਤੋਂ ਵਧੀਆ ਕੰਮ ਕਰਾਂਗੇ, ਉਹਨਾਂ ਤੋਂ ਵੱਧ ਸਹੂਲਤਾਂ ਦਿਆਂਗੇ ਲੋਕਾਂ ਅਤੇ ਸਰਕਾਰਾਂ ਦੀ ਸ਼ੁੱਧ ਨੀਅਤ ਨਾਲ ਤਨ ਮਨ ਧਨ ਲਾਕੇ ਕਾਮਯਾਬੀ ਹੋ ਸਕਦੀ ਹੈ।
   ਤਕਰੀਬਨ 30 ਕੁ ਸਾਲਾਂ ਤੋਂ ਕਾਨਵੈਂਟ ਸਕੂਲ ਖੁੱਲ੍ਹੇ ਹਨ, ਅੱਜ ਉਹਨਾਂ ਨੂੰ ਫ਼ਲ ਲੱਗਿਆ ਦਿਸਦਾ ਹੈ। ਸਕੂਲ ਤਾਂ ਸਾਡੇ ਗੁਰੂਆਂ ਦੇ ਨਾਂਅ 'ਤੇ ਜਿਵੇਂ ਗੁਰੂ ਨਾਨਕ ਪਬਲਿਕ ਸਕੂਲ, ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ, ਗੁਰੂ ਗੋਬਿੰਦ ਸਿੰਘ ਸਕੂਲ ਵਗੈਰਾ- ਵਗੈਰਾ। ਜੇ ਇਹਨਾਂ ਪਬਲਿਕ ਸਕੂਲਾਂ ਵਿੱਚ ਈਸਾ ਮਸੀਹ ਸਾਹਿਬ ਦਾ ਬੁੱਤ ਨਹੀਂ ਤਾਂ ਕੋਈ ਵੱਡੀ ਗੱਲ ਨਹੀਂ ਕਿਉਂਕਿ ਇਹਨਾਂ ਸਕੂਲਾਂ ਦੀਆਂ ਵਰਦੀਆਂ ਤਕਰੀਬਨ ਵਿਦੇਸ਼ੀ ਹਨ। ਕੁੜੀਆਂ ਸਕਰਟਾਂ, ਪੈਂਟਾਂ ਪਾਉਂਦੀਆਂ ਹਨ, ਮੁੰਡੇ ਵੀ ਵਿਦੇਸ਼ੀ ਕਪੜੇ ਪਾਉਦੇ ਹਨ, ਟਾਈਆਂ ਲਾਉਂਦੇ ਹਨ। ਇਸ ਸਭ ਕੁਝ ਨਾਲ ਕੀ ਹੋਇਆ ਹੈ? ਈਸਾਈ ਮਤ ਹੀ ਫੈਲ ਰਿਹਾ ਹੈ ਅਤੇ ਅਸੀਂ ਆਪਣੀ ਬੋਲੀ ਬੋਲਣਾ ਪਸੰਦ ਹੀ ਨਹੀਂ ਕਰਦੇ ਬਲਕਿ ਕਈ ਸਕੂਲਾਂ ਵਿੱਚ ਪੰਜਾਬੀ ਬੋਲਣ ਵਾਲੇ ਵਿਦਿਆਰਥੀ ਨੂੰ 50 ਰੁਪਏ ਜਾਂ 100 ਰੁਪਏ ਜ਼ੁਰਮਾਨਾ ਭਰਨਾ ਪੈਂਦਾ ਹੈ। ਕੀ ਇਹੀ ਸਾਡੀ ਤਰੱਕੀ ਹੈ? ਅੱਜ ਅਸੀਂ ਅੰਤਰਰਾਸ਼ਟਰੀ ਪੱਧਰ 'ਤੇ ਨਿਗ੍ਹਾ ਮਾਰੀਏ ਤਾਂ ਦੁਨੀਆ ਵਿੱਚ ਚੀਨ, ਜਾਪਾਨ, ਕੋਰੀਆ, ਫਰਾਂਸ, ਜ਼ਰਮਨੀ ਆਦਿ ਦਾ ਇੱਕ ਆਪਣਾ ਸਥਾਨ ਹੈ। ਕੀ ਇਹਨਾਂ ਦੇਸ਼ਾਂ ਨੇ ਵਿਦੇਸ਼ੀ ਭਾਸ਼ਾ ਨਾਲ ਤਰੱਕੀ ਕੀਤੀ ਹੈ? ਚੀਨ ਨੇ ਸਾਰੀ ਦੁਨੀਆ ਵਿੱਚ ਹਰ ਪੱਖ ਤੋਂ ਬੜੇ ਨਿੱਗਰ ਕੰਮ ਕਰ ਕੇ ਦਿਖਾਏ ਹਨ। ਸਾਨੂੰ ਆਪਣੇ ਆਲੇ ਦੁਆਲੇ ਤੋਂ ਕੁਝ ਸਿੱਖਣ ਦੀ ਲੋੜ ਹੈ। ਅਸੀਂ ਅੰਤਰ ਰਾਸ਼ਟਰੀ ਪੱਧਰ ਤੇ ਆਪਣਾ ਵੱਕਾਰ ਬਣਾ ਰਹੇ ਹਾਂ, ਰਾਸਟਰੀ ਪੱਧਰ ਤੇ ਡਿਗਦੇ ਜਾ ਰਹੇ ਹਾਂ। ਅੱਜ ਜਦੋਂ ਵੀ ਕੋਈ ਘੱਪਲਾ ਹੰਦਾ ਹੈ ਤਾਂ ਦੋ ਸੌ ਕਰੋੜ, ਚਾਰ ਸੌ ਕਰੋੜ ਦਾ। ਇਹੀ ਹਾਲਾਤ ਵੱਡੇ ਵਿਕਸਤ ਦੇਸ਼ਾਂ ਦੀ ਹੈ, ਇਹ ਸਾਡੀ ਪੜ੍ਹਾਈ ਤੇ ਤਰੱਕੀ ਦੀ ਨਿਸ਼ਾਨੀ ਹੈ! ਜੋ ਵੀ ਵੱਡੇ ਅਮੀਰ ਦੇਸ਼ ਗਰੀਬ ਮੁਲਕਾਂ ਨਾਲ ਕਰ ਰਹੇ ਹਨ, ਉਸਤੋਂ ਜਾਪਦਾ ਹੈ ਕਿ ਤੀਸਰੀ ਵੱਡੀ ਜੰਗ ਜਲਦੀ ਹੀ ਸਾਨੂੰ ਸਭ ਹਰਾਮੀਆਂ ਪਾਖੰਡੀਆਂ, ਲੋਭੀਆਂ ਅਤੇ ਹੰਕਾਰੀਆਂ ਨੂੰ ਖਤਮ ਕਰਕੇ, ਈਰਖਾ ਵਿੱਚ ਬਲ ਰਹੇ ਤੜਪਦੇ ਸੰਸਾਰ ਨੂੰ ਖਤਮ ਕਰ ਦੇਵੇਗੀ। ਇੱਧਰ ਧਰਤੀ 'ਤੇ ਲੋਕ ਭੁੱਖੇ ਪਿਆਸੇ ਮਰ ਰਹੇ ਹਨ, ਉੱਧਰ ਸਾਡੇ ਦੇਸ਼ ਨੇ ਚੰਨ 'ਤੇ ਜਾ ਕੇ ਪਾਣੀ ਲੱਭ ਲਿਆ ਹੈ। ਦੇਸ਼ ਦੇ ਲੋਕਾਂ ਕਰੋੜਾਂ ਅਰਬਾਂ ਰੁਪਇਆ ਇਹਨਾਂ ਤਜਰਬਿਆਂ 'ਤੇ ਖਰਚ ਕੇ ਅਸੀਂ ਲੋਕਾਂ ਦਾ ਕੀ ਸਵਾਰ ਰਹੇ ਹਾਂ। ਸਾਡੇ ਆਪਣੇ ਦੇਸ਼ ਦੇ ਲੋਕ ਨਰਕ ਭੋਗ ਰਹੇ ਹਨ, ਅਸੀਂ ਮੀਡੀਆ ਰਾਹੀਂ ਸਵਰਗ ਦੀਆਂ ਬਾਤਾਂ ਪਾ ਰਹੇ ਹਾਂ। 1975 'ਚ ਪੰਜਾਬ ਯੂਨੀਵਰਸਿਟੀ ਮੁਕਾਬਲਿਆਂ 'ਚੋਂ ਟਰਾਫੀ ਜੇਤੂ ਮੇਰੇ ਆਪਣੇ ਗੀਤ ਦੀਆਂ ਦੋ ਲਾਈਨਾਂ ਇਸ ਤਰ੍ਹਾਂ ਸਨ:-
"ਓਧਰ ਚੰਨ ਦੇ ਵੱਲ ਜਾ ਰਿਹਾ ਹੈ ਆਦਮੀ,
ਏਧਰ ਆਦਮੀ ਨੂੰ ਖਾ ਰਿਹਾ ਹੈ ਆਦਮੀ।
ਆਓ ਫ਼ਰਜ਼ ਪੂਰਾ ਕਰੀਏ ਇਨਸਾਨ ਦਾ,
ਆਓ ਗੀਤ ਗਾਈਏ ਸਾਰੇ ਜਹਾਨ ਦਾ।
ਹਿੰਦੋਸਤਾਨ ਦਾ ਨਾ, ਪਾਕਿਸਤਾਨ ਦਾ।
ਆਓ ਗੀਤ ਗਾਈਏ ਸਾਰੇ ਜਹਾਨ ਦਾ।"
1994 'ਚ ਪ੍ਰਕਾਸ਼ਿਤ ਹੋਈ ਮੇਰੀ ਪੁਸਤਕ 'ਉੱਛਲਦਾ ਸਮੁੰਦਰ' ਵਿੱਚੋਂ ਇੱਕ ਗ਼ਜ਼ਲ ਦੇ ਦੋ ਸ਼ਿਅਰ:-
"ਰੋਕੋ ਕੋਈ ਵਧ ਰਹੀ ਜਲਨ ਨੂੰ।
ਫੂਕ ਦੇਵੇਗੀ ਸਾਰੇ ਚਮਨ ਨੂੰ।
ਧਰਤੀ ਦੇ ਦੁੱਖ ਤੇ ਭੁੱਖ ਨੂੰ ਮਿਟਾਓ,
ਕਿਉਂ ਉੱਡੇ ਜਾ ਰਹੇ ਹੋ ਗਗਨ ਨੂੰ।"        
  ਬੋਲੀਆਂ ਦੇ ਵਿਕਾਸ ਸੰਬੰਧੀ ਉਚਿਤ ਕਦਮ ਉਠਾਉਣੇ ਅਤਿ ਜਰੂਰੀ ਸਨ ਜੋ ਆਜਾਦੀ ਮਿਲਣ ਤੋਂ ਬਾਦ ਪਹਿਲਾ ਕੰਮ ਹੋਣੇ ਚਾਹੀਦੇ ਸਨ। ਅੱਜ ਦੇਸ਼ ਵਿੱਚ ਭਾਵੇਂ ਕਈ ਬੋਲੀਆਂ ਹਨ ਇਹ ਕੋਈ ਔਖੀ ਗੱਲ ਨਹੀਂ ਹੈ ਕਿ ਹਰ ਸੂਬੇ ਨੂੰ ਉਸਦੀ ਭਾਸ਼ਾ ਵਿੱਚ ਵਿੱਦਿਆ ਦਿੱਤੀ ਜਾਵੇ। ਰਾਸ਼ਟਰੀ ਭਾਸ਼ਾ ਹਿੰਦੀ ਵਿੱਚ ਵੀ ਸਾਰੀ ਵਿੱਦਿਆ ਦਾ ਉਲੱਥਾ ਹੋ ਸਕਦਾ ਹੈ। ਅੱਜ ਸਾਡੀਆਂ ਆਪਣੀਆਂ ਬੋਲੀਆਂ ਵਿੱਚ ਸਾਡੇ ਕੋਲ ਵਿੱਦਿਆ ਨਾ ਹੋਣ ਕਰਕੇ ਅਸੀਂ ਕਿੰਨਾ ਦੁੱਖ ਭੋਗ ਚੁੱਕੇ ਹਾਂ ਅਤੇ ਜੇ ਅਸੀਂ ਇਸਦਾ ਹੱਲ ਨਾ ਕੀਤਾ ਤਾਂ ਮੁਸ਼ਕਲਾਂ ਹੋਰ ਜਟਿਲ ਹੋ ਜਾਣਗੀਆਂ। ਸਿਰਫ ਬੋਲੀ ਦੇ ਕਾਰਨ ਕਰਕੇ ਧਾਰਮਿਕ ਅਤੇ ਨਸ਼ਲੀ ਲੜਾਈਆਂ ਹੋ ਸਕਦੀਆਂ ਹਨ। ਸਾਡੇ ਲਈ ਸਾਰੇ ਧਰਮ, ਸਭ ਲੋਕ ਸਤਿਕਾਰਯੋਗ ਹਨ ਪਰ ਹਰ ਇੱਕ ਪੰਜਾਬੀ ਨੂੰ ਏਸ ਗੱਲ ਬਾਰੇ ਗੰਭੀਰਤਾ ਨਾਲ ਸੱਚੇ ਦਿੱਲੋਂ ਧਿਆਨ ਦੇ ਕੇ ਉਪਰਾਲੇ ਕਰਨੇ ਚਾਹੀਦੇ ਹਨ।

 ਅੱਜ ਅਸੀਂ ਥੋੜ੍ਹੇ ਸੁਚੇਤ ਹੋ ਕੇ ਦੇਖੀਏ ਤਾਂ ਅਸੀਂ ਬੜੇ ਚਾਅ ਨਾਲ ਸਹਿਜੇ ਹੀ ਅੰਗਰੇਜੀ ਸਾਮਰਾਜ ਦੀ ਸੇਵਾ ਕਰ ਰਹੇ ਹਾਂ। ਸਕੂਲ ਅਸੀਂ ਵਿਦੇਸ਼ਾਂ 'ਚੋਂ ਜਾ ਜਾ ਕੇ ਆਪਣੇ ਪੱਲਿਉਂ ਪੈਸੇ ਲਾ ਕੇ, ਆਪਣਾ ਕੀਮਤੀ ਸਮਾਂ ਲਾ ਕੇ ਵੀ ਬਣਾ ਚੁੱਕੇ ਹਾਂ। ਭਾਰਤੀ ਸਾਰੇ ਧਰਮਾਂ ਅਤੇ ਵੱਡੇ ਅਮੀਰਾਂ ਨੇ ਵੀ ਸਕੂਲਾਂ ਨੁੰ ਬਣਾਕੇ ਬੜੇ ਚਾਵਾਂ ਨਾਲ ਆਪਣਾ ਨਾਂਅ ਲੋਕਾਂ ਵਿੱਚ ਪੈਦਾ ਕੀਤਾ ਹੈ ਪਰ ਸਾਨੂੰ ਪਤਾ ਹੀ ਨਹੀਂ ਕਿ ਅਸੀਂ ਕੀ ਕਰੀ ਜਾ ਰਹੇ ਹਾਂ? ਅਤੇ ਇਹਨਾਂ ਸਕੂਲਾਂ ਵਿੱਚ ਬੱਚੇ ਪੜ੍ਹਾ ਕੇ ਫੇਰ ਉਹਨਾਂ ਨੂੰ ਵਿਦੇਸ਼ਾਂ ਵਿੱਚ ਲਿਆਉਣ ਲਈ ਉਪਰਾਲੇ ਕਰ ਰਹੇ ਹਾਂ। ਜਿੰਨੇ ਬੱਚੇ ਏਧਰ ਨੂੰ ਆ ਰਹੇ ਹਨ ਜਾਂ ਉੱਥੇ ਰਹਿਣਾ ਨਹੀਂ ਚਾਹੁੰਦੇ, ਉਹ ਸਾਡੇ ਦੇਸ਼ ਦੀ ਸਿਆਸੀ ਅਤੇ ਆਰਥਕ ਹਾਲਤ ਕਰਕੇ ਵੀ ਹੈ। ਅਤੇ ਖਾਸ ਕਰਕੇ ਕਾਨਵੈਂਟ ਸਕੂਲਾਂ ਦੀ ਚਮਕ ਦਮਕ ਤੇ ਸਿਖਸ਼ਾ ਦੇ ਉਕਸਾਏ ਹੋਏ ਭੱਜੇ ਆ ਰਹੇ ਹਨ। ਹੁਣ ਏਥੇ ਆ ਕੇ ਇਹਨਾਂ ਨਾ ਘਰ ਦੇ ਰਹਿਣਾ ਹੈ ਨਾ ਘਾਟ ਦੇ! ਇਹ ਸਾਡੇ ਅੱਜ ਦੀ ਹਾਲਤ ਹੈ, ਭਵਿਖ ਵਿੱਚ ਕੀ ਹੋਵੇਗਾ? ਸਾਡੀਆਂ ਸਰਕਾਰਾਂ ਨੂੰ, ਵਿਦੇਸ਼ ਜਾਣ ਵਾਲਿਆਂ ਲਈ ਵਿਦੇਸ਼ਾਂ ਦੀ ਹਾਲਤ ਬਾਰੇ ਜਾਗਰਤੀ ਪੈਦਾ ਕਰਨੀ ਚਾਹੀਦੀ ਹੈ। ਪਰ ਉਥੋਂ ਦੇ ਸਭ ਮਨਿਸਟਰ ਅਫਸਰਾਂ ਦੇ ਬੱਚੇ ਕਾਫੀ ਹੱਦ ਤੱਕ ਵਿਦੇਸ਼ੀਂ ਪੜ੍ਹਦੇ ਹਨ। ਪਰ ਆਮ ਲੋਕ ਕੀ ਖੱਟ ਰਹੇ ਹਨ? ਆਪਣੇ ਪੈਸੇ ਲਾ ਕੇ, ਆਪਣਾ ਕੀਮਤੀ ਸਮਾਂ ਲਾ ਕੇ, ਆਪਣੇ ਦੇਸ਼ ਦੀ ਪੂੰਜੀ ਲਾ ਕੇ ਫੇਰ ਉਸੇ ਫਾਰੰਗੀ ਦੇ ਪੈਰਾਂ ਵਿੱਚ ਉਸੇ ਦੇ ਦਰਵਾਜੇ 'ਤੇ ਆਪਣੇ ਭਵਿੱਖ ਭਾਵ ਬੱਚਿਆਂ ਨੂੰ ਰੋਲ ਰਹੇ ਹਨ। ਅੱਜ ਜਿੰਨੇ ਵੀ ਬੱਚੇ ਏਥੇ ਆ ਰਹੇ ਹਨ ਉਹਨਾਂ ਦੀ ਕੀ ਹਾਲਤ ਹੈ? ਇਸ ਬਾਰੇ ਅਗਰ ਜਰਾ ਧਿਆਨ ਨਾਲ ਦੇਖੀਏ ਤਾਂ ਰੂਹ ਕੰਬ ਉੱਠੇਗੀ। ਅਸੀਂ ਇਹ ਕੇਹੀ ਸੇਵਾ ਕਰ ਰਹੇ ਹਾਂ ਆਪਣੇ ਦੇਸ਼ ਜਾਂ ਧਰਮ ਦੀ?
ਕੀ ਅਸੀਂ ਦੇਸ਼ ਭਗਤ ਹਾਂ? ਜਾਂ ਧਰਮ ਭਗਤ ਹਾਂ? ਜਾਂ ਅਚੇਤੇ ਹੀ ਗੱਦਾਰੀ ਕਰ ਰਹੇ ਹਾਂ?
ਅੱਜ ਅਸੀਂ ਇਹਨਾਂ ਤੋਂ ਤਰੱਕੀ ਕਰਨ ਦੇ ਤਰੀਕੇ ਸਿੱਖੀਏ, ਕਿੰਨੇ ਆਸਾਨ ਹਨ, ਕਿੰਨੇ ਸਹਿਜ ਹਨ ਪਰ ਸਬਰ ਕਰਨ ਦੀ ਲੋੜ ਹੈ। ਸਮਝਣ ਦੀ ਲੋੜ ਹੈ| ਇਹਨਾਂ ਪਹਿਲਾਂ ਈਸਟ ਇੰਡੀਆ ਕੰਪਨੀ ਰਾਹੀਂ ਰਾਜ ਕੀਤਾ ਸੀ ਹੁਣ ਸਕੂਲਾਂ, ਬੈਂਕਾਂ ਰਾਹੀਂ ਵੀ ਇਹਨਾਂ ਦਾ ਹੀ ਰਾਜ ਹੈ। ਪਹਿਲਾਂ ਵਾਲਾ ਰਾਜ ਤਾਂ ਕਿਸੇ ਨਾ ਕਿਸੇ ਢੰਗ ਨਾਲ ਥੋੜ੍ਹਾ ਜਿਹਾ ਤੋੜ ਦਿੱਤਾ ਗਿਆ ਸੀ, ਹੁਣ ਸਥਾਪਤ ਕੀਤਾ ਹੋਇਆ ਰਾਜ ਤੋੜਨਾ ਬਹੁਤ ਹੀ ਔਖਾ ਹੋਵੇਗਾ। ਕਸੂਰਵਾਰ ਤਾਂ ਅਸੀਂ ਸਾਰੇ ਹਾਂ ਪਰ ਇਸ ਵਿੱਚ ਮੋਹਰੀਆਂ ਦਾ ਹਿੱਸਾ 98 ਪ੍ਰਤੀਸਤ ਹੈ। ਭੋਗਣਾ ਜਿਆਦਾ ਮੱਧਮ ਵਰਗ ਅਤੇ ਹੇਠਲੇ ਵਰਗ ਨੇ ਹੈ।

ਜੇਕਰ ਅੰਗਰੇਜਾਂ ਦੇ ਗੁਣਾ ਅਤੇ ਆਮ ਜਨ- ਜੀਵਨ ਨੂੰ ਦੇਖੀਏ ਤਾਂ ਅਸੀਂ ਦੇਖ ਸਕਦੇ ਹਾਂ ਕਿ ਓਹ ਕਿਵੇਂ ਗਰੀਬਾਂ ਦੀ ਮਦਦ ਕਰਦੇ ਹਨ। ਕੋਈ ਨਫਰਤ ਨਹੀਂ ਕਰਦੇ, ਸਗੋਂ ਹਰ ਬੋਲੀ ਬੋਲਣ ਵਾਲੇ ਨੂੰ ਬਰਾਬਰ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ। ਗੋਰਿਆਂ ਵੱਲੋਂ ਹਰ ਓਪਰੀ ਬੋਲੀ ਵਾਲਿਆਂ ਨੂੰ ਵੀ ਸਹੂਲਤ ਦਿੱਤੀ ਗਈ ਹੈ ਕਿ ਤੁਸੀਂ 15- 20 ਬੱਚੇ ਕਿਸੇ ਵੀ ਸਕੂਲ ਵਿੱਚ ਆਪਣੀ ਬੋਲੀ ਸਿੱਖਣ ਲਈ ਤਿਆਰ ਕਰਕੇ ਅਰਜੀ ਦਿਓ ਤਾਂ ਉਹ ਤੁਹਾਨੂੰ ਅਧਿਆਪਕ ਮੁਹੱਈਆ ਕਰਦੇ ਹਨ। ਅਸੀਂ ਇੰਨੇ ਜਾਬਤਾਬੱਧ ਢਾਂਚੇ ਵਿੱਚ ਵੀ ਆਪਣੀ ਬੋਲੀ ਨੂੰ ਬਰਾਬਰ ਦੀ ਧਿਰ ਬਣਾ ਕੇ ਖੜ੍ਹਾ ਨਹੀਂ ਕਰ ਸਕੇ। ਪੰਜਾਬੀ ਗਾਇਕਾਂ ਨੇ ਪੰਜਾਬੀ ਦੇ ਵਿਕਾਸ ਲਈ ਭੰਗੜੇ ਗਿੱਧੇ ਰਾਹੀਂ ਬਹੁਤ ਕੰਮ ਕੀਤਾ ਹੈ। ਸਾਡੇ ਵਿਰਸੇ ਤੇ ਸਭਿਆਚਾਰ ਲਈ ਜੋ ਪੰਜਾਬੀ ਸਿੰਗਰਾਂ ਭੰਗੜਾਂ, ਗਿੱਧਾ, ਨਾਟਕ ਕਲਾਕਾਰਾਂ ਨੇ ਨਿਗਰ ਕੰਮ ਕੀਤਾ ਹੈ,ਉਹਨਾਂ ਦਾ ਗੁਰੂ ਘਰਾਂ ਵਿੱਚ ਅਤੇ ਸੰਤਾ ਵਲੋਂ ਦਿੱਲੋਂ ਸਤਿਕਾਰ ਹੋਣਾ ਚਾਹੀਦਾ ਹੈ। ਸਭਿਆਚਾਰ ਅਤੇ ਵਿਰਸਾ ਧਰਮ ਦੀ ਬਾਂਹ ਵਿਚ ਬਾਂਹ ਪਾ ਕੇ ਤੁਰੇ ਤਾਂ ਬਹੁਤ ਸਾਰੀਆਂ ਮੁਸ਼ਕਲਾਂ, ਉਲਝਣਾਂ ਖਤਮ ਹੋ ਜਾਣਗੀਆਂ, ਵਿਕਾਸ ਦੇ ਰਸਤੇ ਖੁਲ ਜਾਣਗੇ। ਇਹ ਵੀ ਅਤੀ ਜਰੂਰੀ ਹੈ ਕਿ ਸਾਡਾ ਧਰਮ ਅਤੇ ਸੱਭਿਆਚਾਰ ਦੀ ਮਿੱਤਰਤਾ ਪੂਰਵਕ ਕਲਿੰਗੜੀ ਰਵ੍ਹੇ, ਸਾਡੀਆਂ ਉਸਾਰੂ ਪਿਰਤਾਂ, ਰਸਮਾਂ ਜਿਉਂਦੀਆਂ ਰਹਿਣ ਤਾਂ ਹੀ ਸਾਡਾ ਵਿਰਸਾ ਕਾਇਮ ਰਹਿ ਸਕਦਾ ਹੈ।  
    ਸਾਡੀ ਪਹਿਚਾਣ ਨੂੰ ਜਿਉਂਦਾ ਰੱਖਣ ਲਈ ਗੁਰੂ ਘਰਾਂ ਦਾ ਬਹੁਤ ਵੱਡਾ ਯੋਗਦਾਨ ਹੈ। ਗੁਰੂ ਘਰਾਂ ਕਰਕੇ ਹੀ ਅਸੀਂ ਬਚੇ ਰਹੇ ਹਾਂ। ਪਰ ਜਿੰਨੀ ਦੇਰ ਤੱਕ ਅਸੀਂ ਆਪਣੇ ਜੀਵਨ ਵਿੱਚ ਆਪਣੀ ਬੋਲੀ ਦਾ ਬੀਜ ਨਹੀਂ ਬੀਜ ਸਕਾਂਗੇ ਤਾਂ ਸਾਡਾ ਸੰਪੂਰਨ ਤੌਰ 'ਤੇ ਬਚਣਾ ਮੁਸ਼ਕਲ ਹੈ। ਅਸੀਂ ਅਲੱਗ ਆਪਣੇ ਸਕੂਲ ਵੀ ਖੋਲ੍ਹੇ ਹਨ, ਅਸੀਂ ਫੈਕਟਰੀਆਂ ਵੀ ਬਣਾਈਆਂ, ਮਕਾਨ ਵੀ ਬਹੁਤ ਵੱਡੇ ਵੱਡੇ ਹਨ। ਅਸੀਂ ਵਿਦੇਸ਼ਾਂ ਦੇ ਪਾਰਲੀਮੈਂਟ ਵਿੱਚ ਬੈਠੇ ਹਾਂ। ਪੰਜਾਬੀ ਅਤੇ ਪੰਜਾਬ ਵਿੱਚ ਅਜੋਕੇ ਹੋ ਰਹੇ ਗੰਭੀਰ ਹਾਲਾਤ ਲਈ ਅਸੀਂ ਕਿੰਨੇ ਕੁ ਸੰਜ਼ੀਦਾ ਹਾਂ? ਭਾਵੇਂ ਇਹ ਕੰਮ ਸਰਕਾਰ ਦਾ ਹੈ ਪਰ ਸਰਕਾਰਾਂ ਦਾ ਘੇਸਲ ਮਾਰ ਜਾਣਾ ਵੀ ਚਿੰਤਾ ਦਾ ਵਿਸ਼ਾ ਹੈ। ਇਸ ਮਸਲੇ ਸੰਬੰਧੀ ਸਰਕਾਰਾਂ ਨੂੰ ਬਾਰ- ਬਾਰ ਧਿਆਨ ਦਿਵਾਉਂਦੇ ਰਹਿਣਾ ਪਵੇਗਾ। ਕਿਉਂਕਿ ਕਿਹਾ ਜਾਂਦੈ ਕਿ 'ਰੋਏ ਬਿਨਾਂ ਮਾਂ ਵੀ ਦੁੱਧ ਨਹੀਂ ਪਿਲਾਉਂਦੀ।' ਭਾਰਤ ਪੱਧਰ ਦੀ ਰਾਜਨੀਤੀ 'ਤੇ ਸਰਸਰੀ ਨਿਗ੍ਹਾ ਮਾਰੀ ਜਾਵੇ ਤਾਂ ਸਹਿਜੇ ਹੀ ਪਤਾ ਲੱਗ ਜਾਵੇਗਾ ਕਿ ਕੁਝ ਇੱਕ ਨੂੰ ਛੱਡ ਕੇ ਜਿਆਦਾਤਰ ਨੇਤਾ ਲੋਕ ਪਰਿਵਾਰਵਾਦ, ਆਪਣੀ ਕੁਰਸੀ ਦੀ ਸਲਾਮਤੀ ਜਾਂ ਹੋਰ ਉੱਚੀ ਕੁਰਸੀ ਦੀਆਂ ਲੱਤਾਂ ਨੂੰ ਹੱਥ ਪਾਉਣ ਦੇ ਆਹਰ 'ਚ ਰੁੱਝੇ ਹੋਏ ਹਨ।  
  ਆਉ ਅਸੀਂ ਸਾਰੇ ਰਲਕੇ ਅਸਮਾਨ, ਧਰਤੀ, ਪਾਣੀ, ਹਵਾ ਵਾਗੂੰ ਸਭ ਪਰਬਤਾਂ, ਬਿਰਖਾਂ ਫੁੱਲਾਂ, ਬੂਟਿਆਂ ਨੂੰ ਕਲਾਵੇ ਵਿੱਚ ਲੈ ਲਈਏ ਅਤੇ ਗੁਰੂ ਨਾਨਕ ਦੇ ਵਿਸ਼ਾਲ ਸੁਪਨੇ ਨੂੰ ਪੂਰਾ ਕਰੀਏ।
...........................

Friday, December 25, 2009

ਆਸਟ੍ਰੇਲੀਆ ਪੰਜਾਬੀ ਚੋਰਾਂ ਤੇ ਵੇਸਵਾਵਾਂ ਦਾ ਘਰ (?) -ਰਿਸ਼ੀ ਗੁਲਾਟੀ, ਐਡੀਲੇਡ (ਆਸਟ੍ਰੇਲੀਆ)


ਆਸਟ੍ਰੇਲੀਆ ਪੰਜਾਬੀ ਚੋਰਾਂ ਤੇ ਵੇਸਵਾਵਾਂ ਦਾ ਘਰ (?)   -ਰਿਸ਼ੀ ਗੁਲਾਟੀ, ਐਡੀਲੇਡ (ਆਸਟ੍ਰੇਲੀਆ)

ਸਪੋਕਸਮੈਨ 'ਚ 20 ਦਸੰਬਰ ਨੂੰ ਛਪਿਆ ਲੇਖ਼ ਪੜ੍ਹ ਕੇ ਲੱਗਦਾ ਤਾਂ ਨਹੀਂ ਕਿ ਡਾਕਟਰ ਹਰਸ਼ਿੰਦਰ ਕੌਰ ਇਸ ਕਾਬਲ ਹੈ ਕਿ ਉਸਨੂੰ "ਪੰਜਾਬਣ ਆਫ਼ ਦਾ ਯੀਅਰ" ਐਵਾਰਡ ਦਿੱਤਾ ਜਾਏ | ਡਾਕਟਰ ਸਾਹਿਬਾ ਕੁੱਲ 15-20 ਦਿਨ ਲਈ ਆਸਟ੍ਰੇਲੀਆ ਵਿਖੇ ਸੈਰ ਸਪਾਟੇ ਲਈ ਆਏ ਸਨ, ਰੱਬ ਜਾਣੇ ਉਨ੍ਹਾਂ ਦੇ ਮਨ 'ਚ ਸਾਡੇ ਖਿਲਾਫ਼ ਕਿੰਨਾਂ ਕੁ ਜ਼ਹਿਰ ਭਰਿਆ ਪਿਆ ਸੀ ਕਿ ਭਾਰਤ ਵਾਪਸ ਪੁੱਜ ਕੇ ਅਜਿਹੀ ਚੁਆਤੀ ਲਾਈ ਕਿ ਸਾਡੇ ਕਾਲਜਿਆਂ ਦੇ ਕੋਲੇ ਹੋ ਗਏ | ਲੇਖ਼ ਲਿਖਣ ਤੋਂ ਪਹਿਲਾਂ ਉਨ੍ਹਾਂ ਇੱਕ ਪਲ ਲਈ ਵੀ ਨਹੀਂ ਸੋਚਿਆ ਕਿ ਭਾਵੇਂ ਅਸੀਂ ਆਸਟ੍ਰੇਲੀਆ ਵਸਦੇ ਹਾਂ, ਪਰ ਹਾਂ ਤਾਂ ਪੰਜਾਬੀ ਮਾਂ ਦੇ ਪੁੱਤਰ-ਧੀਆਂ ਹੀ | ਜੇਕਰ ਇੱਕ ਪਲ ਲਈ ਮੰਨ ਵੀ ਲਈ ਲਈਏ ਕਿ ਕੁਝ ਲੜਕੀਆਂ ਅਜਿਹੀਆਂ ਹੋ ਸਕਦੀਆਂ ਹਨ, ਜੋ ਕਿ ਸਾਡੇ ਵਿਰਸੇ, ਸਾਡੇ ਸੱਭਿਆਚਾਰ ਨੂੰ ਸ਼ਰਮਿੰਦਾ ਕਰ ਰਹੀਆਂ ਹਨ, ਤਾਂ ਵੀ ਕੀ ਇਹ ਜ਼ਾਇਜ ਹੈ ਕਿ ਡਾਕਟਰ ਸਾਹਿਬਾ ਅਜਿਹਾ ਕੁਝ ਲਿਖ ਦੇਵੇ ਕਿ ਭਵਿੱਖ 'ਚ ਇੱਥੇ ਵਸਦੀਆਂ ਕੁੜੀਆਂ ਦੇ ਰਿਸ਼ਤੇ ਵੀ ਨਾ ਹੋ ਸਕਣ | ਲੇਖ਼ ਪੜ੍ਹ ਕੇ ਜਾਪਦਾ ਹੈ ਕਿ ਆਸਟ੍ਰੇਲੀਆ 'ਚ ਵੱਸਦੀਆਂ ਕੁੜੀਆਂ ਡਾਕਟਰ ਸਾਹਿਬਾ ਦੀ ਹੀ ਇੰਤਜ਼ਾਰ ਕਰ ਰਹੀਆਂ ਸਨ, ਕਿ ਉਹ ਇੱਥੇ ਆਉਣ ਤੇ ਉਨ੍ਹਾਂ ਨੂੰ ਆਪਣੇ ਦੁੱਖੜੇ ਰੋ ਸਕਣ | ਪਤਾ ਨਹੀਂ ਕਿਉਂ ਸਾਨੂੰ ਅਜਿਹੀਆਂ ਕੁੜੀਆਂ ਬਾਰੇ ਜਾਣਕਾਰੀ  ਨਹੀਂ, ਜੋ ਕਿ ਆਪਣਾ ਪੇਟ ਭਰਨ ਲਈ ਜੂਠ ਖਾ ਕੇ ਗੁਜ਼ਾਰਾ ਕਰ ਰਹੀਆਂ ਹਨ | ਲੱਗਦਾ ਹੈ ਜਿਵੇਂ ਹੀ ਡਾਕਟਰ ਸਾਹਿਬਾ ਦਾ ਜਹਾਜ਼ ਆਸਟ੍ਰੇਲੀਆ ਦੀ ਧਰਤੀ ਤੇ ਉਤਰਿਆ, ਅਜਿਹੀਆਂ ਕੁੜੀਆਂ ਬਰਸਾਤ ਦੇ ਡੱਡੂਆਂ ਦੀ ਤਰ੍ਹਾਂ ਉਨ੍ਹਾਂ ਦੇ ਦੁਆਲੇ 'ਕੱਠੀਆਂ ਹੋ ਗਈਆਂ ਤੇ ਲੱਗ ਪਈਆਂ, ਗੜੈਂ-ਗੜੈਂ ਕਰਨ | ਪਹਿਲੀ ਕੁੜੀ ਦੀ ਗੱਲ ਕਰਦੇ ਹਾਂ | ਉਸਨੇ ਕਿਹਾ ਕਿ ਤਿੰਨ ਦਿਨ ਤੋਂ ਭੁੱਖੀ ਹਾਂ | ਜੇਕਰ ਇਹ ਕੁੜੀ ਡਾਕਟਰ ਸਾਹਿਬਾ ਦਾ ਕਾਲਪਨਿਕ ਪਾਤਰ ਨਹੀਂ ਹੈ ਤਾਂ ਸ਼ੱਕ ਹੁੰਦਾ ਹੈ ਕਿ ਕੀ ਵਾਕਈ ਹੀ ਇਹ ਕੁੜੀ ਪੰਜਾਬਣ ਹੈ ? ਜੇਕਰ ਹੁੰਦੀ ਤਾਂ ਘੱਟੋ-ਘੱਟ ਉਸਨੂੰ ਸਾਡੇ ਗੁਰੂਘਰਾਂ ਦੀ ਮਰਿਆਦਾ ਦਾ ਪਤਾ ਹੁੰਦਾ | ਗੁਰੂਘਰ 'ਚ ਲੰਗਰ ਚਲਦੇ ਨੇ, ਕੀ ਉਹ ਕੁੜੀ ਕਿਸੇ ਗੁਰੂਘਰ 'ਚ ਗਈ ? ਕਿਸੇ ਪ੍ਰਬੰਧਕ ਕੋਲ ਆਪਣਾ ਦੁੱæਖੜਾ ਜ਼ਾਹਿਰ ਕੀਤਾ ? ਜੇਕਰ ਨਹੀਂ ਤਾਂ ਡਾਕਟਰ ਸਾਹਿਬਾ 'ਚ ਉਹਨੂੰ ਕਿਹੜੀ "ਦੇਵੀ ਮਾਤਾ" ਨਜ਼ਰ ਆ ਗਈ ਸੀ, ਜਿਸਨੇ ਚੁਟਕੀ ਮਾਰ ਕੇ ਉਸਦੇ ਦੁੱਖਾਂ ਦਾ ਅੰਤ ਕਰ ਦੇਣਾ ਸੀ ? ਹਾਲਾਂਕਿ ਮੈਨੂੰ ਆਸਟ੍ਰੇਲੀਆ ਆਇਆਂ ਕੇਵਲ ਇੱਕ ਸਾਲ ਹੀ ਹੋਇਆ ਹੈ, ਪਰ ਨਾ ਤਾਂ ਅਜਿਹਾ ਕੋਈ ਕੇਸ ਨਿਗ੍ਹਾ 'ਚ ਆਇਆ ਕਿ ਕਿਸੇ ਵਿਦਿਆਰਥੀ ਨੂੰ ਜੂਠ ਖਾ ਕੇ ਪੇਟ ਭਰਨਾ ਪਿਆ ਹੋਵੇ ਤੇ ਨਾ ਹੀ ਅਜਿਹਾ ਕੇਸ ਜਿਸ 'ਚ ਮਾਪਿਆਂ ਨੇ ਆਪਣੀ ਧੀ ਸਿਰਫ਼ ਪੈਸਾ ਕਮਾਉਣ ਲਈ ਜੰਮੀ ਹੋਵੇ | ਡਾਕਟਰ ਸਾਹਿਬਾ ਦੇ ਲੇਖ਼ ਮੁਤਾਬਿਕ ਇਸ ਲੜਕੀ ਨੂੰ ਉਸਦੇ ਮਾਪਿਆਂ ਨੇ ਵਿਦੇਸ਼ ਆਉਣ ਦੀ ਪੌੜੀ ਬਨਾਉਣ ਲਈ ਜੰਮਿਆ ਸੀ | ਡਾਕਟਰ ਸਾਹਿਬਾ ਪੜ੍ਹੇ-ਲਿਖੇ ਹਨ, ਜੇਕਰ ਉਨ੍ਹਾਂ ਨੇ ਕੇਵਲ ਸ਼ੋਹਰਤ ਖੱਟਣ ਲਈ ਇਹ ਲੇਖ਼ ਲਿਖਿਆ ਹੈ ਤਾਂ ਸ਼ਾਬਾਸ਼ੇ ਉਨ੍ਹਾਂ ਦੇ.... ਪਰ ਇੱਕ ਬੇਵਕੂਫ਼ ਤੋਂ ਲੈ ਸਮਝਦਾਰ ਇਨਸਾਨ ਤੱਕ ਹਰ ਕੋਈ ਇਹ ਲੇਖ ਪੜ੍ਹ ਕੇ ਹੈਰਾਨ-ਪ੍ਰੇਸ਼ਾਨ ਹੋਵੇਗਾ ਕਿ ਕੁੜੀ ਦੇ ਮਾਪੇ ਅਜਿਹੀ ਕਿਹੜੀ "ਗੌਰਮਿੰਟ" ਹੈ ਜਿਸਨੇ ਵੀਹ ਸਾਲਾ ਯੋਜਨਾ ਬਣਾਈ | ਸਰਕਾਰ ਦੀਆਂ ਤਾਂ ਪੰਜ ਸਾਲਾ ਯੋਜਨਾਵਾਂ ਵੀ ਰਾਹ 'ਚ ਹੀ ਦਮ ਤੋੜ ਦਿੰਦੀਆਂ ਨੇ | ਪਰ ਧੰਨ ਹਨ ਇਹ ਮਾਪੇ, ਜਿਨ੍ਹਾਂ ਇਹੀ ਸੋਚ ਕੇ ਧੀ ਜੰਮੀ ਕਿ ਜਦੋਂ ਉਹ ਜਵਾਨ ਹੋ ਜਾਵੇਗੀ ਤਾਂ ਉਨ੍ਹਾਂ ਨੂੰ ਵਿਦੇਸ਼ ਦੀ ਸੈਰ ਕਰਵਾਏਗੀ | ਹੋਰ ਤਾਂ ਹੋਰ ! ਉਨ੍ਹਾਂ ਦੀ ਵੀਹ ਸਾਲਾ ਯੋਜਨਾ ਵੀ ਅੱਧੀ ਸਿਰੇ ਚੜ੍ਹ ਗਈ | ਡਾਕਟਰ ਸਾਹਿਬਾ ! ਦੇਖਿਓ ਕਿਤੇ ਤੁਹਾਡਾ ਇਹ ਲੇਖ਼ ਇਹ ਅਮਰੀਕਾ, ਕੈਨੇਡਾ ਆਦਿ ਛਪ ਜਾਵੇ ਤੇ ਉਹ ਲੋਕ ਸਾਡੇ ਅਜਿਹੇ "ਹੀਰੇ" ਚੁਰਾ ਲੈਣ ਜੋ ਕਿ ਵੀਹ ਸਾਲਾ ਯੋਜਨਾਵਾਂ ਬਨਾਉਣ ਤੇ ਸਿਰੇ ਚੜ੍ਹਾਉਣ 'ਚ ਮਾਹਿਰ ਹਨ | ਉਸ ਕੁੜੀ ਮੁਤਾਬਿਕ "ਆਇਆਂ ਨੂੰ ਚਾਰ ਮਹੀਨੇ ਹੋਏ ਹਨ ਪਰ ਘਰ ਦੇ ਪੈਸੇ ਮੰਗਦੇ ਹਨ |" ਵਿਆਹ ਨਕਲੀ ਹੋਇਆ, ਇਹ ਤਾਂ ਡਾਕਟਰ ਸਾਹਿਬਾ ਖ਼ੁਦ ਹੀ ਦੱਸ ਚੁੱਕੇ ਹਨ | ਇਹ ਵੀ ਜ਼ਾਹਿਰ ਜਿਹੀ ਗੱਲ ਹੈ ਕਿ ਇਹ ਜੋੜੀ ਪੜ੍ਹਾਈ ਦੇ ਆਧਾਰ ਤੇ ਆਸਟ੍ਰੇਲੀਆ ਆਈ ਹੋਵੇਗੀ | ਇੱਥੇ ਦੋ ਗੱਲਾਂ ਪੈਦਾ ਹੁੰਦੀਆਂ ਹਨ | ਪਹਿਲੀ ਗੱਲ ਇਹ ਹੈ ਕਿ ਪੜ੍ਹਦਾ ਕੌਣ ਹੈ | ਲੇਖ਼ ਮੁਤਾਬਿਕ ਖ਼ਰਚਾ ਕੁੜੀ ਦੇ ਮਾਪਿਆਂ ਨੇ ਕੀਤਾ ਤਾਂ ਪੜ੍ਹਾਈ ਲੜਕਾ ਹੀ ਕਰਦਾ ਹੋਵੇਗਾ, ਕਿਉਂ ਜੋ ਅਜਿਹੇ ਵਿਆਹਾਂ ਵਿੱਚ ਲੜਕੀ ਪੜ੍ਹਦੀ ਹੈ ਤੇ ਲੜਕੇ ਵਾਲੇ ਖ਼ਰਚਾ ਕਰਦੇ ਹਨ | ਇੱਥੇ ਪੁਜੀਸ਼ਨ ਉਲਟ ਹੈ | ਜਿਨ੍ਹਾਂ ਕੁ ਖ਼ਰਚ ਲੜਕੀ ਦੇ ਮਾਪਿਆਂ ਨੇ ਉਸਦੇ ਇੱਥੇ ਆਉਣ ਤੇ ਕੀਤਾ ਹੈ, ਜੇਕਰ ਆਪਣੇ ਲੜਕੇ ਨੂੰ ਇੱਥੇ ਭੇਜਣ 'ਤੇ ਕਰਦੇ ਤਾਂ ਕੀ ਉਹ ਠੀਕ ਨਹੀਂ ਸੀ ? ਲੱਖਾਂ ਰੁਪਏ ਵੀ ਲਗਾ ਦਿੱਤੇ, ਕੁੜੀ ਪੱਕੀ ਤਾਂ ਫਿਰ ਵੀ ਨਾ ਹੋਈ | ਉਨ੍ਹਾਂ ਦੇ ਆਪਣੇ ਮੁੰਡੇ ਦੇ ਪੜ੍ਹਾਈ ਛੱਡ ਕੇ ਭੈਣ ਦੁਆਰਾ ਬਾਹਰ ਬੁਲਾਉਣ ਦੀ ਉਮੀਦ ਵੀ ਸ਼ੱਕ ਦੇ ਘੇਰੇ ਤੋਂ ਬਾਹਰ ਨਹੀਂ ਹੈ | ਅਗਲੀ ਗੱਲ ਇਹ ਹੈ ਕਿ ਵੀਹ ਸਾਲ ਪਹਿਲਾਂ ਵਿਦੇਸ਼ ਸੈੱਟ ਹੋਣਾ ਅੱਜ ਦੇ ਮੁਕਾਬਲੇ ਅਸਾਨ ਸੀ | ਜੇਕਰ ਕੁੜੀ ਦਾ ਪਿਓ ਖੁਦ ਬਾਹਰ ਸੈੱਟ ਹੋਣ ਦੀ ਕੋਸ਼ਿਸ਼ ਕਰਦਾ ਤਾਂ ਅੱਜ ਨੂੰ ਉਹ ਵਿਦੇਸ਼ 'ਚ ਕਰੋੜਾਂਪਤੀ ਹੁੰਦੇ | 'ਤੇ ਜਦੋਂ ਉਨ੍ਹਾਂ ਵੀਹ ਸਾਲਾ ਯੋਜਨਾ ਦਾ ਨੀਂਹ ਪੱਥਰ ਧਰਿਆ ਸੀ, ਜੇ ਮੁੰਡਾ ਜੰਮ ਪੈਂਦਾ ਤਾਂ..... ?

ਡਾਕਟਰ ਸਾਹਿਬਾ ਦੀ ਕਹਾਣੀ.... ਮੁਆਫ਼ ਕਰਨਾ ਲੇਖ਼ ਦਾ ਅਗਲਾ ਸੀਨ ਹੈ ਇੱਕ ਗਲੀ ਦਾ | ਜਿੱਥੇ ਕਿ ਭਾਰਤੀ ਮੁੰਡੇ ਕੁੜੀਆਂ ਦੀ ਭਰਮਾਰ ਹੈ | ਏਧਰ ਓਧਰ ਤੁਰੇ ਫਿਰਦੇ ਇਨ੍ਹਾਂ ਪਾਤਰਾਂ ਦੇ ਚਿਹਰੇ ਮਲੀਨ ਹਨ | ਦੁਨੀਆਂ ਭਰ ਦਾ ਦਰਦ ਹੈ | ਹੰਝੂ ਹਨ | ਹਰ ਪਾਤਰ ਬੇਤਾਬ ਹੈ, ਡਾਕਟਰ ਹਰਸ਼ਿੰਦਰ ਕੌਰ ਦੇ ਆਉਣ ਦੀ ਇੰਤਜ਼ਾਰ ਵਿੱਚ | ਬਿਲਕੁੱਲ ਕਿਸੇ ਫਿਲਮੀ ਕਹਾਣੀ ਦੀ ਤਰ੍ਹਾਂ | ਜਦ ਡਾਕਟਰ ਸਾਹਿਬਾ ਗਲੀ 'ਚ ਆਉਂਦੇ ਹਨ ਤਾਂ ਇੱਕ ਕੁੜੀ ਪਾਤਰ ਡਾਕਟਰ ਸਾਹਿਬਾ ਦੇ ਨਾਲ਼ ਦੇ ਸੱਜਣ ਨੂੰ ਮੁਖ਼ਾਤਿਬ ਹੋ ਕੇ ਬੋਲਦੀ ਹੈ, ਬਿਨਾਂ ਕੁਝ ਪੁੱਛਿਆਂ ਹੀ...

"ਭਾ ਜੀ, ਤੁਸੀਂ ਕਿੰਨਿਆਂ ਦੀ ਮੱਦਦ ਕਰੋਗੇ ? ਪਹਿਲੇ ਦਿਨ, ਇਥੇ ਹਵਾਈ ਅੱਡੇ 'ਤੇ ਉਤਰਦੇ ਸਾਰ, ਇੱਕ ਭਾਰਤੀ ਹੋਟਲ ਮਾਲਕ ਵੱਲੋਂ ਪੱਤ ਲੁੱਟੀ ਗਈ ਸੀ | ਤੁਸੀਂ ਛੇ ਮਹੀਨੇ ਸਹਾਰਾ ਦਿੱਤਾ ਪਰ ਹੁਣ ਢਿੱਡ ਭਰਨ ਲਈ ਸਿਵਾਏ ਜਿਸਮ ਵੇਚਣ ਦੇ ਕੋਈ ਚਾਰਾ ਹੀ ਨਹੀਂ ਰਿਹਾ | ਤੁਸੀਂ ਅਖ਼ਬਾਰ ਕਢਦੇ ਹੋ | ਕਿਉਂ ਨਹੀਂ ਲਿਖਦੇ ਕਿ ਮਾਪੇ ਆਪਣੀਆਂ ਬੱਚੀਆਂ ਨੂੰ ਇਸ ਨਰਕ ਵਿਚ ਨਾ ਘੱਲਣ | ਹਰ ਰੋਜ਼ ਇਕ ਭੈਣ ਭਾਰਤ ਤੋਂ ਇਥੇ ਪੜ੍ਹਨ ਲਈ ਪਹੁੰਚ ਰਹੀ ਹੈ ਤੇ ਖੱਜਲ ਖੁਆਰ ਹੋ ਰਹੀ ਹੈ |"

ਇਹ ਪੜ੍ਹ ਕੇ ਜਾਪਦਾ ਹੈ ਕਿ ਜਿਵੇਂ ਆਲੋਕ ਨਾਥ ਦੀ ਕਿਸੇ ਫਿਲਮ ਦਾ ਡਾਇਲਾਗ ਹੋਵੇ, ਡਾਕਟਰ ਸਾਹਿਬਾ ਨੇ ਸਿਰਫ਼ ਤੇ ਸਿਰਫ਼ ਨਾਲ਼ ਦੇ ਸੱਜਣ ਦੀ ਵਾਹ-ਵਾਹੀ ਲਈ ਹੀ ਇਹ ਪਾਤਰ ਚਿਤਰਣ ਕੀਤਾ ਹੋਵੇ | ਜਿਵੇਂ ਕਿ ਹੀਰੋਇਨ ਜਾਂ ਹੀਰੋ ਕਹਿ ਰਿਹਾ ਹੋਵੇ...

"ਕਾਕਾ ! ਆਪਨੇ ਅਪਨੀ ਸਾਰੀ ਜ਼ਿੰਦਗੀ ਹਮਾਰੀ ਪਰਵਰਿਸ਼ ਮੇਂ ਲਗਾ ਦੀ | ਆਪਨੇ ਹਮਾਰੇ ਭਵਿਸ਼ ਕੀ ਖਾਤਿਰ ਸ਼ਾਦੀ ਭੀ ਨਹੀਂ ਕੀ | ਮੈਂ ਆਪ ਕੋ ਅਬ ਔਰ ਕਾਮ ਨਹੀਂ ਕਰਨੇ ਦੂੰਗਾ | ਮੈਂ ਅਪਨੀ ਪੜ੍ਹਾਈ ਛੋੜ ਕਰ ਕਲ ਸੇ ਨੌਕਰੀ ਕੀ ਤਾਲਾਸ਼ ਮੇਂ ਜੁੱਟ ਜਾਊਂਗਾ |"

ਪਹਿਲੀ ਗੱਲ ਤਾਂ ਇਹ ਹੈ ਕਿ ਜਦ ਵੀ ਕੋਈ ਆਸਟ੍ਰੇਲੀਆ ਆਉਂਦਾ ਹੈ ਤਾਂ ਘੱਟੋ-ਘੱਟ ਕੋਈ ਇੱਕ ਵਾਕਫ਼ਕਾਰ ਤਾਂ ਹੁੰਦਾ ਹੀ ਹੈ, ਜੋ ਕਿ ਨਵੇਂ ਆਏ ਨੂੰ ਕੁਝ ਦਿਨ ਸਾਂਭਦਾ ਹੈ | ਪਰ ਲੇਖ਼ ਮੁਤਾਬਿਕ "ਜਹਾਜ਼ ਤੋਂ ਉਤਰਦੇ ਸਾਰ ਪੱਤ ਲੁੱਟਣ" ਵਾਲੀ ਗੱਲ ਫਿਲਮ ਦਾ ਸੀਨ ਹੀ ਜਾਪਦਾ ਹੈ ਕਿ ਹੀਰੋਇਨ ਏਅਰਪੋਰਟ ਤੋਂ ਬਾਹਰ ਆਉਂਦੀ ਹੈ, ਉੱਚੀ ਅੱਡੀ ਵਾਲੇ ਸੈਂਡਲਾਂ ਦੀ ਠੱਕ-ਠੱਕ ਦੀ ਆਵਾਜ਼ ਗੂੰਜਦੀ ਹੈ ਤੇ ਹੀਰੋਇਨ ਬਾਹਰ ਆ ਕੇ ਪੁਕਾਰਦੀ ਹੈ.....

"ਟੈਕਸੀ..."

ਇੱਕ ਟੈਕਸੀ ਉਸਨੂੰ ਲੈ ਕੇ ਚੱਲ ਪੈਂਦੀ ਹੈ, ਜਿਸਨੂੰ ਵਿਲੇਨ ਦਾ ਗੁੰਡਾ ਚਲਾ ਰਿਹਾ ਹੁੰਦਾ ਹੈ | ਦੇਖੋ ! ਹੀਰੋਇਨ ਉਸੇ ਹੋਟਲ 'ਚ ਜਾਣ ਲਈ ਕਹਿੰਦੀ ਹੈ, ਜਿੱਥੋਂ ਦਾ ਮਾਲਕ ਵਿਲੇਨ ਹੁੰਦਾ ਹੈ | ਜਦੋਂ ਹੋਟਲ ਪੁੱਜਦੀ ਹੈ ਤਾਂ ਬੈਕ ਗਰਾਊਂਡ ਮਿਊਜ਼ਕ ਡਰਾਵਣਾ ਤੇ ਕਾਲਜਾ ਕੱਢਣ ਵਾਲਾ ਹੋ ਜਾਂਦਾ ਹੈ ਪਰ ਭੋਲੀ ਹੀਰੋਇਨ ਏਧਰ-ਓਧਰ ਵੇਖਦੀ ਹੋਈ "ਨਾਈਸ ਹੋਟਲ, ਨਾਈਸ ਰੂਮ" ਕਹਿੰਦੀ ਹੈ ਤੇ ਗੁਣਗੁਣਾਉਂਦੀ ਹੋਈ ਇਸ਼ਨਾਨ ਪਾਣੀ ਕਰਦੀ ਹੈ | ਮੁੜ ਹੀਰੋਇਨ ਨੂੰ ਹਾਲਾਤਾਂ ਦਾ ਅਹਿਸਾਸ ਉਦੋਂ ਹੁੰਦਾ ਹੈ ਜਦੋਂ ਵਿਲੇਨ ਉਸਦੀ "ਘੁੱਗੀ ਘੈਂ" ਕਰ ਦਿੰਦਾ ਹੈ | ਬਿਲਕੁੱਲ ਇੰਝ ਦੇ ਹਾਲਤਾਂ ਦਾ ਬਿਆਨ ਡਾਕਟਰ ਸਾਹਿਬਾ ਦੇ ਲੇਖ਼ 'ਚ ਕੀਤਾ ਜਾਪਦਾ ਹੈ | ਕੁੜੀ ਏਅਰਪੋਰਟ 'ਚੋਂ ਬਾਹਰ ਆਈ ਤੇ.... | ਕੀ ਇਸ ਲੜਕੀ ਨੇ ਅੱਜ ਤੱਕ ਕਿਸੇ ਗੁਰੂਘਰ ਜਾਂ ਸਮਾਜਿਕ ਸੰਸਥਾ ਦੇ ਨੁਮਾਇੰਦੇ ਨਾਲ਼ ਆਪਣੀ ਇੱਜ਼ਤ ਰੋਲਣ ਸਬੰਧੀ ਜ਼ਿਕਰ ਕੀਤਾ ? ਜੇਕਰ ਹਾਂ ਤਾਂ ਕਿਸੇ ਨੇ ਉਸਦੀ ਮੱਦਦ ਕਿਉਂ ਨਹੀਂ ਕੀਤੀ ? ਜੇਕਰ ਉਸਨੇ ਕਿਸੇ ਨਾਲ਼ ਗੱਲ ਨਹੀਂ ਕੀਤੀ ਤਾਂ ਗੁਰੂਘਰ 'ਚ ਸ਼ਰਣ ਲੈਣ ਦੀ ਬਜਾਏ ਪੰਦਰਾਂ-ਵੀਹ ਦਿਨਾਂ ਦੇ ਟੂਰਿਸਟ ਵੀਜ਼ੇ ਤੇ ਆਈ ਡਾਕਟਰ ਹਰਸ਼ਿੰਦਰ ਕੌਰ 'ਚ ਉਹਨੂੰ ਕੀ ਨਜ਼ਰ ਆ ਗਿਆ, ਜੋ ਉਸਨੂੰ ਗੁਰੂ ਨਾਲੋਂ ਉੱਪਰ ਸਮਝ ਉਸਦੇ ਸਾਹਮਣੇ ਸਭ ਦੁੱਖੜੇ ਫਿਰੋਲ ਸੁੱਟੇ ? ਗੱਲ ਸੁਣ ਕੁੜੀਏ ! ਹਕੀਕਤ ਜਾਂ ਤਾਂ ਤੈਨੂੰ ਪਤਾ ਹੋਵੇਗੀ ਜਾਂ ਰੱਬ ਨੂੰ, ਪਰ ਥੋਡੀਆਂ ਕਹੀਆਂ ਗੱਲਾਂ ਕਰਕੇ ਡਾਕਟਰ ਸਾਹਿਬਾ ਨੇ ਆਪਣੇ ਲੇਖ਼ ਰਾਹੀਂ ਸਮੁੱਚੇ ਆਸਟ੍ਰੇਲੀਆ ਦੀਆਂ ਵਿਦਿਆਰਥਣਾਂ ਦਾ ਭਵਿੱਖ ਦਾਅ ਤੇ ਲਗਾ ਦਿੱਤਾ ਹੈ | ਜੇ ਰੱਬ ਨੇ ਭੋਰਾ ਅਕਲ ਦਿੱਤੀ ਹੈ ਤਾਂ ਸੋਚ ਕੇ ਦੇਖੋ ਥੋਡੀ ਬਿਆਨਬਾਜ਼ੀ ਤੇ ਡਾਕਟਰ ਸਾਹਿਬਾ ਦੇ ਲੇਖ਼ ਕਰਕੇ ਨਤੀਜੇ ਕਿੰਨੇ ਭਿਆਨਕ ਹੋਣਗੇ | ਪਹਿਲੀ ਗੱਲ ਤਾਂ ਆਪਣੇ ਮਾਪਿਆਂ ਬਾਰੇ ਸੋਚੋ | ਜਦੋਂ ਗੁਆਂਢੀ ਕਹਿਣਗੇ...

"ਬਾਈ ਫਲਾਣਾ ਸਿਆਂ ! ਥੋਡੀ ਕੁੜੀ ਆਸਟ੍ਰੇਲੀਆ ਗਈ ਹੈ, ਆਹ ਅਖ਼ਬਾਰ ਪੜ੍ਹ ਕੇ ਦੇਖ ਖਾਂ, ਕੀ ਉਲਟ-ਸ਼ੁਲਟ ਲਿਖਿਆ ਹੈ |"

"ਨਹੀਂ ਯਾਰ ! ਤੇਰੀ ਭਤੀਜੀ ਤੇ ਮੈਨੂੰ ਪੂਰਾ ਭਰੋਸਾ ਹੈ | ਉਹ ਅਜਿਹੀ ਨਹੀਂ ਹੈ | ਉਸਨੂੰ ਆਪਣੇ ਬਾਪ ਦੀ ਇੱਜ਼ਤ ਦਾ ਪੂਰਾ ਖਿਆਲ ਹੈ |"

"ਬਾਈ ! ਫਿਰ ਵੀ ਫੋਨ ਕਰਕੇ ਪੁੱਛ ਲੈ, ਖਰਬੂਜ਼ੇ ਨੂੰ ਦੇਖ ਕੇ ਹੀ ਖਰਬੂਜ਼ਾ ਰੰਗ ਫੜਦਾ ਹੈ |"

ਥੋਡਾ ਮਜ਼ਬੂਰ ਬਾਪ ਪਾਸੇ ਮੂੰਹ ਕਰਕੇ ਪੱਗ ਨਾਲ਼ ਆਪਣੀਆਂ ਅੱਖਾਂ ਪੂੰਝ, ਨੀਵੀਂ ਪਾਉਣ ਤੋਂ ਇਲਾਵਾ ਕੁਝ ਨਹੀਂ ਕਰ ਸਕੇਗਾ ਤੇ ਗੁਆਂਢਣ ਥੋਡੀ ਮਾਂ ਨੂੰ ਅੱਡ ਸੂਲਾਂ ਤੇ ਘਸੀਟੇਗੀ...

"ਬੂ... ਨੀ... ਮੈਂ ਮਰਗੀ ਭੈਣੇ ! ਗੁਰੋ ਦਾ ਬਾਪੂ 'ਖਬਾਰ ਪੜ੍ਹ ਕੇ ਦੱਸਦਾ ਸੀ ਪਈ 'ਸਟ੍ਰੇਲੀਆ 'ਚ ਕੁਆਰੀਆਂ ਕੁੜੀਆਂ ਜੁਆਕ ਜੰਮੀ ਜਾਂਦੀਆਂ ਨੇ | ਸ਼ੁਕਰ ਐ ਸੱਚੇ ਪਾਤਸ਼ਾਹ ਦਾ, 'ਗਰੇਜ਼ੀ ਦੇ ਟੈਸ਼ਟ 'ਚੋਂ ਗੁਰੋ ਦੇ ਲੰਬਰ ਪੂਰੇ ਨਹੀਂ ਆਏ | ਨਹੀਂ ਤਾਂ ਇਹ ਵੀ ਕਹਿੰਦੀ ਸੀ ਪਈ ਮੈਂ ਵੀ 'ਸਟ੍ਰੇਲੀਆ ਜਾਣੈ | ਨਾ ਭੈਣੇ ! ਥੋਡੀ ਰਾਮੋ ਵੀ ਤਾਂ 'ਸਟ੍ਰੇਲੀਆ ਗਈ ਹੋਈ ਐ | ਭੈਣ ! ਮੇਰੀ ਗੱਲ ਮੰਨ | ਓਹਨੂੰ ਵਾਪਸ ਬੁਲਾ ਲੈ | ਹੋਰ ਨਾ ਡੁੱਬੜੀ ਕੋਈ ਚੰਨ ਚਾੜ੍ਹ ਦੇ | ਕੀ ਲੈਣੇ ਐਹੋ ਜਿਹੀਆਂ ਪੜ੍ਹਾਈਆਂ ਤੋਂ ?"

ਇਸ ਡਰਾਮੇ ਦੀ ਅਗਲੀ ਪਾਤਰ ਨੇ ਆਈਲੈਟਸ ਪਾਸ ਕੀਤੀ ਹੋਈ ਹੈ ਤੇ ਉਸਦਾ ਘਰ ਵਾਲਾ ਕੋਰਾ ਅੰਗੂਠਾ ਛਾਪ ਹੈ | ਇਸ ਜੋੜੇ ਨੇ "ਮਾਪਿਆਂ ਦੇ ਕਹਿਣ 'ਤੇ" ਪੱਕੇ ਹੋਣ ਲਈ ਨਿਆਣਾ ਵੀ ਜੰਮ ਧਰਿਆ | ਪਹਿਲੀ ਗੱਲ ਤਾਂ ਇਹ ਹੈ ਕਿ ਪੱਕੇ ਹੋਣ ਲਈ ਅਪਲਾਈ ਕਰਨ ਤੋਂ ਪਹਿਲਾਂ ਪੜ੍ਹਾਈ ਪੂਰੀ ਹੋਣੀ ਜ਼ਰੂਰੀ ਹੈ | ਹਰ ਵਿਦਿਆਰਥੀ ਕੋਈ ਵੀ ਕਦਮ ਚੁੱਕਣ ਤੋਂ ਪਹਿਲਾਂ ਇਹ ਜ਼ਰੂਰ ਪਤਾ ਕਰਦਾ ਹੈ ਕਿ ਇਸ ਕਦਮ ਚੁੱਕਣ ਨਾਲ਼ ਸੰਬੰਧਿਤ ਕਾਨੂੰਨ ਕੀ ਕਹਿੰਦਾ ਹੈ | ਹਰ ਕੋਈ ਪਹਿਲਾਂ ਆਪਣੀ ਜੇਬ ਤੇ ਨਿਯਮਾਵਲੀ ਵੱਲ ਨਿਗ੍ਹਾ ਮਾਰਦਾ ਹੈ, ਮੁੜ ਕੋਈ ਕਦਮ ਚੁੱਕਣ ਦੀ ਹਿੰਮਤ ਕਰਦਾ ਹੈ | ਨਿਆਣਾ ਕੋਈ ਦਹੀਂ ਹੈ, ਜੋ ਰਾਤ ਦੁੱਧ ਨੂੰ ਜਾਗ ਲਾਈ ਤੇ ਤੜਕੇ ਦਹੀਂ ਜੰਮ ਗਿਆ | ਡਾਕਟਰ ਸਾਹਿਬਾ ! ਤੁਹਾਡੀ ਕਹਾਣੀ ਦੇ ਪਾਤਰ ਏਨੇ ਭੋਲੇ ਨਹੀਂ ਜੇ, ਜਿੰਨੇ ਭੋਲੇ ਬਣਾ ਕੇ ਤੁਸੀਂ ਪੇਸ਼ ਕੀਤੇ ਨੇ | ਇਸ ਮਾਮਲੇ 'ਤੇ ਆਪਣੇ ਪਾਤਰਾਂ ਕੋਲੋਂ ਕੁਝ ਹੋਰ ਪੜਤਾਲ ਕਰੋ | ਇਹ ਜਿਹੜੇ ਖੰਡ ਦੇ ਖਿਡੌਣੇ ਬਣਾ ਤੁਸੀਂ ਸਮਾਜ ਦੇ ਸਾਹਮਣੇ ਪੇਸ਼ ਕੀਤੇ ਹਨ, ਪੜਤਾਲ ਕੀਤਿਆਂ ਉਨ੍ਹਾਂ ਦੀ ਖੰਡ ਵੀ ਤੁਸਾਂ ਨੂੰ ਨਹੀਂ ਮਿਲੇਗੀ | ਪਹਿਲੀ ਗੱਲ ਤਾਂ ਇਸ ਗੱਲ ਦੀ Aਮੀਦ ਹੀ ਨਹੀਂ ਕਿ ਕੋਈ ਵੀ ਆਈਲੈਟਸ ਪਾਸ ਲੜਕੀ ਅਜਿਹੇ ਲੜਕੇ ਨਾਲ਼ ਵਿਆਹ ਕਰੇਗੀ, ਜੋ ਕੋਰਾ ਅਨਪੜ੍ਹ ਹੈ | ਜ਼ਰਾ ਅਖ਼ਬਾਰਾਂ ਚੁੱਕ ਕੇ ਦੇਖੋ, ਪੜ੍ਹੇ-ਲਿਖੇ ਲੜਕਿਆਂ ਦੀਆਂ ਲਾਈਨਾਂ ਲੱਗੀਆਂ ਨਜ਼ਰ ਆਉਣਗੀਆਂ, ਜੋ ਜ਼ਹਾਜ਼ ਚੜ੍ਹਨ ਦੀ ਉਮੀਦ 'ਚ ਪੈਸੇ ਤੇ ਸ਼ਕਲ ਦੋਹਾਂ ਵੱਲੋਂ ਗ਼ਰੀਬ ਲੜਕੀ ਨਾਲ਼ ਵਿਆਹ ਕਰਨ ਲਈ ਰਾਜ਼ੀ ਹਨ | ਚਲੋ, ਕੋਈ ਨਾ ਤੁਸੀਂ ਜੇ ਸਾਨੂੰ ਅਕਲੋਂ ਏਨੇ ਹੀ ਕੋਰੇ ਸਮਝ ਕੇ ਖੰਡ ਦੇ ਖਿਡੌਣੇ ਪੇਸ਼ ਕੀਤੇ ਹਨ ਤਾਂ ਤੁਹਾਡਾ ਮਾਣ ਰੱਖਣ ਲਈ, ਉਨ੍ਹਾਂ ਨੂੰ ਪ੍ਰਵਾਨ ਕਰਦਿਆਂ ਇੱਕ ਸਵਾਲ ਕਰਦੇ ਹਾਂ ਕਿ ਅਨਪੜ੍ਹ ਬੰਦਾ ਖੇਤਾਂ 'ਚ ਵੀ ਕੰਮ ਨਹੀਂ ਕਰ ਸਕਦਾ ? ਬਥੇਰੇ ਸਥਾਪਿਤ ਪੰਜਾਬੀ ਖੇਤਾਂ ਦੇ ਮਾਲਕ  ਹਨ, ਜਿਨ੍ਹਾਂ ਕੋਲ ਪੰਜਾਬੀ ਲੜਕੇ ਕੰਮ ਕਰਦੇ ਹਨ | ਕੀ ਇਸ ਸੱਜਣ ਨੂੰ ਪੰਜਾਬੀ ਵੀ ਨਹੀਂ ਆਉਂਦੀ ? ਬਲਕਿ ਇਸਦੀ ਤਾਂ ਖੇਤਾਂ 'ਚ ਕੰਮ ਕਰਨ ਦੀ ਸਮਰੱਥਾ ਬਾਕੀਆਂ ਨਾਲੋਂ ਜ਼ਿਆਦਾ ਹੋਵੇਗੀ ਕਿਉਂ ਜੋ ਪੰਜਾਬ 'ਚੋਂ ਕਿਹੜਾ ਕੁਰਸੀ ਛੱਡ ਕੇ ਆਇਆ ਹੈ | ਇਹ ਕੁੜੀ ਸ਼ਾਮ ਨੂੰ ਕੰਮ ਤੇ ਨਿਆਣਾ ਲੈ ਕੇ ਜਾਂਦੀ ਹੈ, ਕਰੈੱਚ 'ਚ ਪੈਸੇ ਭਰਦੀ ਹੈ | ਕਿਉਂ ਭਲਾ ? ਘਰ ਵਾਲਾ ਨਿਆਣਾ ਵੀ ਨਹੀਂ ਸਾਂਭਦਾ ? ਗੱਲ ਕੁਝ ਹਜ਼ਮ ਨਹੀਂ ਹੋ ਰਹੀ ਕਿ ਇੱਕ ਪਾਸੇ ਤਾਂ ਆਮਦਨ ਘੱਟ ਹੈ ਜਾਂ ਨਹੀਂ ਹੈ ਤੇ ਦੂਜੇ ਪਾਸੇ ਘਰ ਵਾਲਾ ਵਿਹਲਾ ਰਹਿੰਦਾ ਹੈ ਪਰ ਨਿਆਣਾ ਕਰੈੱਚ 'ਚ ਪਲਦਾ ਹੈ | ਕਿਸੇ ਚੰਗੇ ਕਰੈੱਚ 'ਚ ਬੱਚਾ ਰੱਖਣ ਦਾ ਖ਼ਰਚ ਕਰੀਬ 15-20 ਡਾਲਰ ਪ੍ਰਤੀ ਘੰਟਾ ਹੈ | ਸੋਚਣ ਵਾਲੀ ਗੱਲ ਇਹ ਹੈ ਕਿ ਕੀ ਇਹ ਲੜਕੀ ਇਤਨੇ ਪੈਸੇ ਕਮਾ ਰਹੀ ਹੈ ਜੋ ਕਰੈੱਚ ਦਾ ਖ਼ਰਚ ਝੱਲ ਸਕੇ | ਜੇ ਕਮਾ ਹੀ ਰਹੀ ਹੈ ਤਾਂ ਰੌਲਾ ਕਿਸ ਗੱਲ ਦਾ ਹੈ ? ਕਿਉਂ ਐਂਵੀ ਝੂਠਾਂ ਦੇ ਪੁਲੰਦੇ ਬੰਨੀ ਜਾਂਦੇ ਹੋ ? ਇਸ ਸਭ ਕਾਸੇ ਤੋਂ ਮਹਿਸੂਸ ਹੋ ਰਿਹਾ ਹੈ ਕਿ ਗੱਲਾਂ ਤਾਂ ਦੋ ਹੀ ਹੋ ਸਕਦੀਆਂ ਨੇ, ਜਾਂ ਤਾਂ ਇਨ੍ਹਾਂ ਕੁੜੀਆਂ ਨੇ ਮੁਫ਼ਤ ਦੀ ਹਮਦਰਦੀ ਬਟੋਰਨ ਲਈ ਤੁਹਾਡੇ ਨਾਲ਼ ਘਟੀਆ ਚਾਲ ਚੱਲੀ ਹੈ ਤੇ ਜਾਂ ਤੁਸੀਂ ਮੁਫ਼ਤ ਦੀ ਵਾਹ-ਵਾਹੀ ਬਟੋਰਨ 'ਚ ਆਸਟ੍ਰੇਲੀਆ ਵਸਦੇ ਆਪਣੇ ਹੀ ਧੀਆਂ ਪੁੱਤਰਾਂ ਦੀ ਇੱਜ਼ਤ ਰੋਲਣ 'ਚ ਕੋਈ ਕਸਰ ਬਾਕੀ ਨਹੀਂ ਛੱਡੀ |

ਇੱਕ ਗੱਲ ਦੀ ਮੈਨੂੰ ਸਮਝ ਨਹੀਂ ਆ ਰਹੀ ਕਿ ਸਿਰਫ਼ ਤੁਹਾਨੂੰ ਹੀ ਅਜਿਹੀਆਂ ਲੜਕੀਆਂ ਕਿਉਂ ਮਿਲੀਆਂ ਜੋ ਕਿ ਅਨਪੜ੍ਹ ਮੁੰਡਿਆਂ ਨਾਲ਼ ਵਿਆਹ ਕਰਵਾ ਕੇ ਆਈਆਂ ਹਨ | ਜੋ ਪੇਟ ਪਾਲਣ ਲਈ ਆਪਣਾ ਜਿਸਮ ਵੇਚਣ ਲਈ ਮਜ਼ਬੂਰ ਹਨ | ਇਹ ਮੰਨਿਆ ਕਿ ਕੁਝ ਕੁ ਵਿਦਿਆਰਥੀ ਆਪਣੇ ਅਸੱਭਿਅਕ ਵਿਹਾਰ ਕਰਕੇ ਇੱਥੋਂ ਦੇ ਵਸਨੀਕਾਂ ਜਾਂ ਆਪਣੇ ਸਾਥੀਆਂ ਲਈ ਪ੍ਰੇਸ਼ਾਨੀ ਦਾ ਕਾਰਨ ਬਣਦੇ ਹਨ | ਅਜਿਹਿਆਂ ਨੂੰ ਸਮਝਾਉਣ ਲਈ ਆਸਟ੍ਰੇਲੀਆ ਦੇ ਅਖ਼ਬਾਰਾਂ 'ਚ ਕੁਝ ਨਾ ਕੁਝ ਛਪਦਾ ਹੀ ਰਹਿੰਦਾ ਹੈ | ਮੈਂ ਇਸ ਵਿਸ਼ੇ 'ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ, ਪੱਤਰਕਾਰਾਂ, ਲੇਖਕਾਂ ਤੇ ਹੋਰ ਲੋਕਾਂ ਨਾਲ਼ ਗੱਲ-ਬਾਤ ਕੀਤੀ ਪਰ ਅਫਸੋਸ, ਇੱਕ ਵੀ ਅਜਿਹਾ ਨਾ ਮਿਲਿਆ ਜਿਸਨੇ ਡਾਕਟਰ ਸਾਹਿਬਾ ਦੇ ਹੱਕ ਦੀ ਗੱਲ ਕੀਤੀ ਹੋਵੇ ਜਾਂ ਉਨ੍ਹਾਂ ਨੂੰ ਕੋਈ ਅਜਿਹੀ ਲੜਕੀ ਮਿਲੀ ਹੋਵੇ | ਸ਼ਾਇਦ ਉਨ੍ਹਾਂ ਨੂੰ ਸਨਮਾਨਿਤ ਕਰਨ ਵਾਲੀਆਂ ਸੰਸਥਾਵਾਂ ਦੇ ਮੈਂਬਰ ਵੀ ਡਾਕਟਰ ਸਾਹਿਬਾ ਦੀ ਇਸ ਕੋਝੀ ਲੇਖਣੀ ਕਰਕੇ ਅਫਸੋਸ ਕਰਦੇ ਹੋਣਗੇ | ਤੁਸੀਂ ਤਾਂ ਸਨਮਾਨਿਤ ਹੋ ਕੇ ਚਲੇ ਗਏ ਪਰ ਸਨਮਾਨਿਤ ਕਰਨ ਵਾਲਿਆਂ ਨੂੰ ਕਿਸ ਗੁਨਾਹ ਕਰਕੇ ਅਪਮਾਨਿਤ ਕਰ ਰਹੇ ਹੋ ? ਕੀ ਤੁਹਾਨੂੰ ਸਨਮਾਨਿਤ ਕਰਨ ਵਾਲੀਆਂ ਸੰਸਥਾਵਾਂ ਨੂੰ ਇਹ ਨਹੀਂ ਚਾਹੀਦਾ ਕਿ ਉਹ ਤੁਹਾਨੂੰ ਦਿੱਤਾ ਗਿਆ ਸਨਮਾਨ ਵਾਪਸ ਲੈਣ | ਪਹਿਲੀ ਗੱਲ ਤਾਂ ਇਹ ਹੈ ਕਿ ਜਦ ਆਸਟ੍ਰੇਲੀਆ 'ਚ ਭਰੂਣ ਹੱਤਿਆ ਦੀ ਕੋਈ ਸਮੱਸਿਆ ਹੀ ਨਹੀਂ ਹੈ, ਤਾਂ ਤੁਹਾਨੂੰ ਇੱਥੇ ਬੁਲਾਉਣ ਦਾ ਕੀ ਮਤਲਬ ਸੀ ? ਚਲੋ, ਜੇਕਰ ਬੁਲਾ ਵੀ ਲਿਆ ਤੇ ਸਨਮਾਨਿਤ ਵੀ ਕਰ ਦਿੱਤਾ ਤਾਂ ਤੁਸੀਂ ਆਪਣੇ ਮੇਜ਼ਬਾਨਾਂ ਕੋਲ ਇਨ੍ਹਾਂ ਸਮੱਸਿਆਵਾਂ ਦਾ ਜ਼ਿਕਰ ਕੀਤਾ ? ਕੀ ਤੁਹਾਨੂੰ ਉਨ੍ਹਾਂ ਨੇ ਅਜਿਹੀਆਂ ਮਨਘੜਤ ਗੱਲਾਂ ਲਿਖਣ ਤੋਂ ਵਰਜਿਆ ਨਹੀਂ ? ਇਹ ਤੁਹਾਡੇ ਤੇ ਨਿਰਭਰ ਕਰਦਾ ਹੈ ਕਿ ਪੰਜਾਬੀ ਮੁੰਡੇ-ਕੁੜੀਆਂ ਦੇ ਭਵਿੱਖ ਨਾਲ਼ ਖੇਡਣ ਦੇ ਗੁਨਾਹ ਵਿੱਚ ਤੁਸੀਂ ਕੇਵਲ ਆਪਣੇ ਆਪ ਨੂੰ ਗੁਨਾਹਗਾਰ ਮੰਨਦੇ ਹੋ ਜਾਂ ਆਪਣੇ ਮੇਜ਼ਬਾਨਾਂ ਨੂੰ ਵੀ | ਤੁਹਾਡੀ ਲੇਖਣੀ ਪੜ੍ਹ ਕੇ ਲੱਗਦਾ ਨਹੀਂ ਕਿ ਇਹ ਲੇਖ਼ ਕਿਸੇ ਔਰਤ ਦਾ ਲਿਖਿਆ ਹੋਇਆ ਹੈ | ਜਾਪਦਾ ਹੈ ਜਿਵੇਂ ਅਸ਼ਲੀਲ ਕਿਤਾਬਾਂ ਲਿਖਣ ਵਾਲੇ ਕਿਸੇ ਲੇਖਕ ਨੇ ਇਹ ਲੇਖ ਲਿਖਿਆ ਹੈ | ਕਿਵੇਂ ਵਿਰੋਧ ਕਰਾਂ ਤੁਹਾਡੇ ਇਸ ਲੇਖ ਦਾ ? ਤੁਹਾਡੇ ਲਿਖੇ ਇੱਕ-ਇੱਕ ਸ਼ਬਦ ਸਾਹਮਣੇ ਮੇਰੀ ਕਲਮ ਦੀ ਸਿਆਹੀ ਸੁੱਕ ਰਹੀ ਹੈ | ਜਾਪ ਰਿਹਾ ਹੈ ਕਿ ਇਸ ਚਿੱਕੜ ਦੇ ਫੈਲਣ ਦਾ ਵਿਰੋਧ ਕਰਕੇ ਮੈਂ ਵੀ ਇਸ ਵਿੱਚ ਲਿੱਬੜ ਜਾਵਾਂਗਾ, ਪਰ ਵਿਰੋਧਤਾ ਮੇਰੀ ਮਜ਼ਬੂਰੀ ਹੈ, ਚਾਹੇ ਲਿੱਬੜਾਂ ਜਾਂ ਪਾਕ-ਸਾਫ਼ ਰਹਾਂ | ਇਸ ਗੱਲ ਦਾ ਫੈਸਲਾ ਪਾਠਕ ਕਰਨਗੇ |

ਡਾਕਟਰ ਸਾਹਿਬਾ ਦੇ ਅਗਲੇ ਪਾਤਰਾਂ 'ਚ "ਅਨਪੜ੍ਹ ਖਸਮ" ਆ ਜਾਂਦੇ ਨੇ | ਜਿਹੜੇ ਕੋਈ ਕੰਮ ਨਹੀਂ ਕਰਦੇ ਬਲਕਿ ਵਕਤ ਕੱਟਣ ਲਈ ਸਾਰਾ ਦਿਨ ਅਵਾਰਾ ਘੁੰਮਦੇ ਨੇ ਜਾਂ ਚੋਰੀ ਚਕਾਰੀ ਕਰਦੇ ਨੇ | ਇਹ ਲੇਖ਼ ਲਿਖਦਿਆਂ ਮੈਂ ਤਾਂ ਖ਼ੁਦ ਪ੍ਰੇਸ਼ਾਨ ਹੋ ਗਿਆ ਹਾਂ ਕਿ ਡਾਕਟਰ ਸਾਹਿਬਾ ਨੇ ਕੀ ਸੋਚ ਕੇ ਸਾਡੀ ਮਿੱਟੀ ਪਲੀਤ ਕੀਤੀ ਹੈ ? ਆਪਣੇ ਪੰਜਾਬੀ ਸਮਾਜ ਨੂੰ ਕਿਵੇਂ ਯਕੀਨ ਦਿਵਾਵਾਂ ਕਿ ਡਾਕਟਰ ਸਾਹਿਬਾ ਨੇ ਜੋ ਕੁਝ ਲਿਖਿਆ ਹੈ, ਉਹ ਸਿਵਾਏ ਸਸਤੀ ਸ਼ੋਹਰਤ ਹਾਸਲ ਕਰਨ ਦੇ ਕੋਈ ਮਾਇਨੇ ਨਹੀਂ ਰੱਖਦਾ | ਹੁਣ ਤੁਸੀਂ ਖੁਦ ਦੱਸੋ ਕਿ ਚੋਰੀ ਕਰਨ ਨੂੰ ਇਹ ਪਟਿਆਲਾ ਹੈ, ਜਿੱਥੇ ਕੋਈ ਕੁਝ ਨਹੀਂ ਕਹੇਗਾ ਜਾਂ ਗੱਲ ਲੁਕ ਜਾਵੇਗੀ ? ਮੈਡਮ ਜੀ ! ਇਹ ਆਸਟ੍ਰੇਲੀਆ ਹੈ, ਜੇ ਕਿਤੇ ਅਜਿਹੀ ਗੱਲ ਹੋਈ ਹੁੰਦੀ ਤਾਂ ਇਨ੍ਹਾਂ ਲੋਕਾਂ ਨੇ ਸਾਨੂੰ ਬਖ਼ਸ਼ਣਾ ਨਹੀਂ ਸੀ | ਡਾਕਟਰ ਸਾਹਿਬਾ ਨੂੰ ਅੱਠ ਮਹੀਨੇ ਦੀ ਗਰਭਵਤੀ ਲੜਕੀ ਮਿਲੀ, ਜਿਸਨੂੰ ਇਹੀ ਨਹੀਂ ਪਤਾ ਕਿ ਉਸਦੇ ਹੋਣ ਵਾਲੇ ਬੱਚੇ ਦਾ ਬਾਪ ਕੌਣ ਹੈ ? ਹੋਰ ਤਾਂ ਹੋਰ, ਉਸਦੇ ਨਾਲ਼ ਦੀਆਂ ਤਿੰਨ-ਚਾਰ ਹੋਰ ਕੁੜੀਆਂ ਵੀ ਗਰਭਵਤੀ ਸਨ, ਜਿਨ੍ਹਾਂ ਨੂੰ ਆਪਣੇ ਬੱਚਿਆਂ ਦੇ ਬਾਪ ਦਾ ਪਤਾ ਨਹੀਂ ਸੀ | ਛੱਡੋ ਡਾਕਟਰ ਸਾਹਿਬਾ ! ਕਿਉਂ ਮੁੰਡਿਆਂ ਨੂੰ "ਸ਼ਰਮ" ਨਾਲ਼ ਮਰਨ ਲਈ ਮਜ਼ਬੂਰ ਕਰਨ ਤੇ ਤੁਲੇ ਪਏ ਹੋ ? ਮੁੰਡਿਆਂ ਨੇ ਊਂ ਹੀ "ਸ਼ਰਮ" ਨਾਲ਼ ਮਰ ਜਾਣਾ ਹੈ ਕਿ "ਖੀਰ" ਸਾਰੀ ਵੰਡੀ ਗਈ ਪਰ ਉਨ੍ਹਾਂ ਨੂੰ ਪਤਾ ਵੀ ਨਹੀਂ ਲੱਗਾ | ਜੇ ਆਪਣੀ ਬੇਇੱਜ਼ਤੀ ਹੀ ਕਰਵਾਉਣੀ ਸੀ ਤਾਂ ਘੱਟੋ-ਘੱਟ "ਖੀਰ" ਤਾਂ ਛਕ ਲੈਂਦੇ, ਹੁਣ ਤਾਂ ਮੁਫ਼ਤ 'ਚ ਹੀ ਬਦਨਾਮੀ ਹੋ ਗਈ | ਗੁਰਦੁਆਰਾ ਸਾਹਿਬ 'ਚ ਅੱਧਨੰਗੀ ਕੁੜੀ ਦੋ ਮੁੰਡਿਆਂ ਨਾਲ਼ ਜੱਫੀ ਪਾਈ ਖੜ੍ਹੀ ਡਾਕਟਰ ਸਾਹਿਬਾ ਨੂੰ ਤਾਂ ਨਜ਼ਰ ਆ ਗਈ ਪਰ ਪ੍ਰਬੰਧਕਾਂ ਨੂੰ ਪਤਾ ਨਹੀਂ ਦਿਸੀ ਜਾਂ ਨਹੀਂ | ਸ਼ਾਇਦ ਉਸਨੇ ਪਹਿਲੀ ਵਾਰੀ ਹੀ ਗੁਰਦੁਆਰਾ ਸਾਹਿਬ 'ਚ ਖੜ੍ਹ ਕੇ ਮੁੰਡਿਆਂ ਨੂੰ ਜੱਫੀ ਪਾਈ ਹੋਵੇਗੀ, ਤੇ ਡਾਕਟਰ ਸਾਹਿਬਾ ਨੇ ਉਸਨੂੰ ਦੇਖ ਲਿਆ | ਜੇਕਰ ਉਸਨੇ ਪਹਿਲਾਂ ਕੋਈ ਅਜਿਹੀ ਹਰਕਤ ਕੀਤੀ ਹੁੰਦੀ ਤਾਂ ਪ੍ਰਬੰਧਕਾਂ ਨੇ ਉਸਨੂੰ ਅਜਿਹਾ ਸਬਕ ਸਿਖਾਉਣਾ ਸੀ, ਕਿ ਉਹ ਯਾਦ ਰੱਖਦੀ |

ਇਹ ਗੱਲ ਸਮਝ ਤੋਂ ਬਾਹਰ ਹੈ ਕਿ ਆਸਟ੍ਰੇਲੀਆ ਅੱਜ ਤੱਕ ਇਤਨੇ ਪ੍ਰਚਾਰਕ ਆਏ, ਵਿਦਿਆਰਥੀਆਂ ਦੇ ਮਾਪੇ ਉਨ੍ਹਾਂ ਨੂੰ ਮਿਲਣ ਲਈ ਆਏ, ਕੀ ਕਿਸੇ ਨੂੰ ਕੋਈ ਅਜਿਹਾ ਮੁੰਡਾ ਕੁੜੀ ਨਹੀਂ ਮਿਲਿਆ ਜੋ ਕਿ ਚੋਰੀ ਕਰਦਾ ਹੋਵੇ ਜਾਂ ਕੁੜੀ ਵੇਸਵਾ ਹੋਵੇ | ਕਿਸੇ ਨੂੰ ਅਜਿਹੇ ਪੁਰਾਣੇ ਪੰਜਾਬੀ ਨਹੀਂ ਮਿਲੇ, ਜਿਨ੍ਹਾਂ ਆਉਣ ਵਾਲਿਆਂ ਨੂੰ ਆਸਟ੍ਰੇਲੀਆ ਦੀਆਂ "ਬਦਨਾਮ ਗਲੀਆਂ" ਬਾਰੇ ਜਾਣਕਾਰੀ ਦਿੱਤੀ ਹੋਵੇ | ਇੱਕ ਡਾਕਟਰ ਹਰਸ਼ਿੰਦਰ ਕੌਰ ਹੀ ਆਈ, ਜਿਸਨੂੰ ਆਸਟ੍ਰੇਲੀਆ ਵਾਸੀਆਂ ਨੇ ਐਵੇਂ ਹੀ ਸਿਰ ਬੈਠਾ ਲਿਆ ਪਰ ਉਹ ਉਨ੍ਹਾਂ ਸਿਰਾਂ 'ਚ ਹੀ ਜੁੱਤੀਆਂ ਮਾਰ ਰਹੀ ਹੈ | ਉਸਨੇ ਆਪਣੇ ਪੰਦਰਾਂ ਦਿਨਾਂ ਦੇ ਦੌਰੇ ਦੌਰਾਨ ਪੰਜਾਬੀ ਚੋਰ ਦੇਖੇ, ਪੰਜਾਬਣ ਵੇਸਵਾਵਾਂ ਦੇਖੀਆਂ, ਆਸਟ੍ਰੇਲੀਆ ਦੀਆਂ ਬਦਨਾਮ ਗਲੀਆਂ ਦੇਖੀਆਂ, ਅਧੇੜ ਪੰਜਾਬੀਆਂ ਦੁਆਰਾ ਮਨਾਈਆਂ ਜਾਂਦੀਆਂ ਰੰਗਰਲੀਆਂ ਦੇਖੀਆਂ, ਗੁਰੂਘਰ 'ਚ ਮੁੰਡਿਆਂ-ਕੁੜੀਆਂ ਦੁਆਰਾ ਹੁੰਦੀਆਂ ਅਸ਼ਲੀਲ ਹਰਕਤਾਂ ਤੱਕੀਆਂ, ਪਾਠੀ ਸਿੰਘ ਗੋਰੀਆਂ ਨੂੰ ਛੇੜਦੇ ਤੱਕੇ | ਇਹ ਸਮਝ ਨਹੀਂ ਆਈ ਕਿ ਜੇਕਰ ਡਾਕਟਰ ਸਾਹਿਬਾ ਦੀ ਨਜ਼ਰ ਇਹੀ ਕੁਝ ਦੇਖਦੀ ਰਹੀ ਤਾਂ ਉਸਨੇ ਆਸਟ੍ਰੇਲੀਆ ਦੀ ਖੂਬਸੂਰਤੀ ਕਦੋਂ ਤੱਕੀ ? ਸੁੰਦਰ ਇਮਾਰਤਾਂ, ਕੁਦਰਤ ਦੇ ਰੰਗ ਕਦੋਂ ਤੱਕੇ ? ਮਿਹਨਤ ਕਰ ਸਿਖਰਾਂ ਤੇ ਪੁੱਜੇ ਪੰਜਾਬੀ ਕਦੋਂ ਤੱਕੇ ? ਗੁਰੂਘਰ 'ਚ ਉਹ ਮੁੰਡੇ ਕੁੜੀਆਂ ਨੂੰ ਗੁਟਰਗੂੰ ਕਰਦਿਆਂ ਦੇਖਦੀ ਰਹੀ, ਪਰ ਉਸਨੇ ਧੁਰ ਕੀ ਬਾਣੀ ਸਰਵਣ ਕਿਉਂ ਨਹੀਂ ਕੀਤੀ ? ਜਦੋਂ ਲੰਗਰ ਛਕਦਿਆਂ ਉਸਨੇ ਮੁੰਡੇ ਕੁੜੀਆਂ ਦੀਆਂ ਅਸ਼ਲੀਲ ਹਰਕਤਾਂ ਦੇਖੀਆਂ, ਕੀ ਦਾਲ ਉਸਦੇ ਕੱਪੜਿਆਂ ਤੇ ਨਹੀਂ ਡੁੱਲ੍ਹੀ ? ਇਹ ਵੀ ਸਮਝ ਤੋਂ ਬਾਹਰ ਹੈ ਕਿ ਤੁਹਾਨੂੰ ਘੁੰਮਣ ਲਈ ਆਸਟ੍ਰੇਲੀਆ ਦਾ, ਤੁਹਾਡੇ ਦੁਆਰਾ ਦਰਸਾਇਆ "ਰੈੱਡ ਲਾਈਟ ਏਰੀਆ" ਹੀ ਮਿਲਿਆ ਸੀ, ਕੋਈ ਬੀਚ, ਵੱਡੇ-ਵੱਡੇ ਸ਼ਾਪਿੰਗ ਕੰਪਲੈਕਸ, ਮਿਊਜ਼ੀਅਮ ਜਾਂ ਕੋਈ ਹੋਰ ਚੱਜ ਦੀ ਜਗ੍ਹਾ ਨਹੀਂ ਸੀ ਮਿਲੀ ? ਡਾਕਟਰ ਸਾਹਿਬਾ ! ਕਿਉਂ ਸਾਡੀ ਮਿੱਟੀ ਪਲੀਤ ਕਰੀ ਜਾਂਦੇ ਹੋ, ਨਾਲੇ ਆਪਣੀ ਕਰਵਾਈ ਜਾਂਦੇ ਹੋ ? ਸਿਆਣੇ ਕਹਿੰਦੇ ਹਨ ਕਿ ਔਖਾ ਨੰਬਰ ਵਨ ਬਣਨਾ ਨਹੀਂ ਹੈ, ਔਖਾ ਉਸਨੂੰ ਸੰਭਾਲਣਾ ਹੈ | ਜਿੰਨੀ ਕੁ ਸ਼ੋਹਰਤ ਤੁਸੀਂ ਖੱਟੀ ਹੈ, ਉਸਨੂੰ ਸੰਭਾਲ ਲਵੋ | ਸਿਆਣੇ ਕਹਿੰਦੇ ਤਾਂ ਇਹ ਵੀ ਹਨ ਕਿ "ਖੋਤੇ ਨੂੰ ਖੀਰ ਔਖੀ ਹੀ ਹਜ਼ਮ ਹੁੰਦੀ ਹੈ |" ਇੱਥੇ ਆਏ ਵਿਦਿਆਰਥੀ ਤੁਹਾਡੇ ਪੁੱਤਰਾਂ ਧੀਆਂ ਦੀ ਉਮਰ ਦੇ ਹਨ | ਹੋਰ ਫੋਕੀਆਂ ਵਡਿਆਈਆਂ ਖੱਟਣ ਦੇ ਚੱਕਰ 'ਚ ਆਪਣੇ ਪੁੱਤਰਾਂ ਧੀਆਂ ਨੂੰ ਚੋਰ ਜਾਂ ਵੇਸਵਾਵਾਂ ਨਾ ਬਣਾਓ | ਸਾਨੂੰ ਪਤਾ ਹੈ ਕਿ ਜਦੋਂ ਅਸੀਂ ਹਾਂ ਹੀ ਤੁਹਾਡੇ ਬੱਚਿਆਂ ਦੀ ਉਮਰ ਦੇ, ਸਾਡੀ ਕਲਮ, ਤੁਹਾਡੀ ਕਲਮ ਦੇ ਹਾਣ ਦੀ ਨਹੀਂ ਹੋ ਸਕਦੀ ਤੇ ਨਾਲ਼ੇ ਇਹ ਸਾਡੇ ਵਤਨ ਦੀ ਬਦਕਿਸਮਤੀ ਹੈ ਕਿ ਉਹ ਉਮਰ 'ਚ ਵੱਡਿਆਂ ਦੀ ਹਰ ਗੱਲ ਨੂੰ ਹੀ ਸਹੀ ਮੰਨਦੇ ਹਨ ਪਰ ਨੌਜਵਾਨ ਪੀੜ੍ਹੀ ਦੀ ਸੋਚ ਉਨ੍ਹਾਂ ਨੂੰ ਠੀਕ ਨਹੀਂ ਜਾਪਦੀ | ਜਦ ਅਸੀਂ ਆਸਟ੍ਰੇਲੀਆ ਵਸਦੇ ਆਪਣੇ ਹਾਣੀਆਂ ਵੱਲੋਂ, ਆਪਣੇ ਪੱਖ ਨੂੰ ਸਹੀ ਸਾਬਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂ ਵੀ ਸਾਡੇ ਹੀ ਖਿਲਾਫ਼ ਅਵਾਜ਼ਾਂ ਉੱਠਣਗੀਆਂ, ਕਿਉਂ ਜੋ ਤੁਸੀਂ ਅੰਤਰ-ਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਕਲਮ ਨਵੀਸ ਹੋ ਤੇ ਅਸੀਂ ਅਜੇ ਆਪਣੇ ਵਰਤਮਾਨ ਤੇ ਭਵਿੱਖ ਨੂੰ ਸਹੀ ਪਟੜੀ ਤੇ ਲਿਆਉਣ ਲਈ ਯਤਨਸ਼ੀਲ | ਇਹ ਤਾਂ ਸਚਾਈ ਹੈ ਹੀ ਕਿ ਹਮੇਸ਼ਾ ਸਲਾਮਾਂ ਚੜ੍ਹਦੇ ਸੂਰਜ ਨੂੰ ਹੀ ਹੁੰਦੀਆਂ ਨੇ | ਅਸੀਂ ਆਪਣੇ ਹਮਵਤਨਾਂ ਤੋਂ ਇਹ ਉਮੀਦ ਘੱਟ ਹੀ ਕਰਦੇ ਹਾਂ ਕਿ ਉਹ ਸਾਡੀ ਸੋਚ ਨੂੰ, ਸਾਡੀ ਲੇਖਣੀ ਨੂੰ ਮਾਨਤਾ ਦੇਣਗੇ | ਪਰ ਜੇਕਰ ਉਹ ਸੱਚੇ ਦਿਲ ਨਾਲ਼ ਇਨਸਾਫ਼ ਦੀ ਗੱਲ ਸੋਚਣ ਤਾਂ ਸਾਡੇ ਸੱਚ ਤੇ ਤੁਹਾਡੇ ਝੂਠ ਦਾ ਫ਼ਰਕ ਸਾਡੀ ਕਲਮ ਦੀ ਤੜਪ ਤੋਂ ਮਹਿਸੂਸ ਕਰ ਸਕਦੇ ਹਨ |

ਇੱਕ ਗੱਲ ਹੋਰ, ਜੇਕਰ ਤੁਹਾਨੂੰ ਮਹਿਸੂਸ ਹੁੰਦਾ ਹੈ ਕਿ ਪੰਜਾਬਣਾਂ ਵਿਦੇਸ਼ਾਂ 'ਚ ਵੇਸਵਾਵਾਂ ਬਣਨ ਦੀ ਖਾਤਰ ਆ ਰਹੀਆਂ ਹਨ ਤਾਂ ਬੰਦ ਕਰੋ ਆਪਣੇ ਭਰੂਣ ਹੱਤਿਆ ਦੀ ਮੁਖਾਲਫ਼ਿਤ ਦੇ ਡਰਾਮੇ | ਲੋਕਾਂ ਨੂੰ ਫੱਟੇ ਚੁੱਕਣ ਦਿਓ, ਮਾਰ ਲੈਣ ਦਿਓ ਗਰਭ ਵਿੱਚ, ਬੀਜ ਨਾਸ਼ ਕਰ ਲੈਣ ਦਿਓ ਧੀਆਂ ਦਾ, ਮੁੜ ਵੇਖਿਓ ਸ਼ਾਇਦ ਤੁਹਾਡੀਆਂ ਆਸਾਂ ਨੂੰ ਬੂਰ ਪੈ ਜਾਵੇ | ਐਵੀਂ ਫੋਕੀ ਸ਼ੋਹਰਤ ਦੇ ਚੱਕਰ ਵਿੱਚ ਸਭ ਆਸਟ੍ਰੇਲੀਆਈ ਵਿਦਿਆਰਥੀਆਂ ਦੇ ਭਵਿੱਖ ਦੇ ਪ੍ਰਸ਼ਨ ਚਿੰਨ੍ਹ ਲਗਾ ਦਿੱਤੇ ਨੇ | ਦੱਸੋ ਖਾਂ ! ਕੌਣ ਵਿਆਹ ਕਰੇਗਾ ਆਸਟ੍ਰੇਲੀਆ 'ਚ ਪੜ੍ਹਣ ਆਈਆਂ ਵਿਦਿਆਰਥਣਾਂ ਦੇ ਨਾਲ਼ ? ਕੌਣ ਰਿਸ਼ਤੇ ਕਰੇਗਾ ਉਨ੍ਹਾਂ ਵਿਦਿਆਰਥੀਆਂ ਦੇ, ਜਿਨ੍ਹਾਂ ਨੂੰ ਤੁਸੀਂ ਚੋਰ ਦੱਸਿਆ ਹੈ | ਉਂਝ ਤਾਂ ਸਭ ਚੋਰ ਤੇ ਵੇਸਵਾਵਾਂ ਤੁਹਾਡੇ ਬੱਚਿਆਂ ਦੀ ਉਮਰ ਦੇ ਹਨ, ਪਰ ਤੁਹਾਨੂੰ ਅਸਲ ਸੇਕ ਉਦੋਂ ਲੱਗੇਗਾ ਜਦੋਂ.........
...............

Thursday, December 24, 2009

ਕੈਨੇਡੀਅਨ ਪੰਜਾਬੀ ਕਵਿਤਾ ਦਾ ਇੱਕ ਰੰਗ ਇਹ ਵੀ -ਸੁਖਿੰਦਰ

ਕੈਨੇਡੀਅਨ ਪੰਜਾਬੀ ਕਵਿਤਾ ਦਾ ਇੱਕ ਰੰਗ ਇਹ ਵੀ   -ਸੁਖਿੰਦਰ

ਸਿੱਧੀਆਂ ਸਾਦੀਆਂ ਗ਼ਜ਼ਲਾਂ, ਗੀਤਾਂ ਅਤੇ ਕਵਿਤਾਵਾਂ ਲਿਖਣ ਵਾਲੇ ਕੈਨੇਡੀਅਨ ਪੰਜਾਬੀ ਸ਼ਾਇਰ ਹਾਮਿਦ ਯਜ਼ਦਾਨੀ ਨੇ ਆਪਣਾ ਕਾਵਿ-ਸੰਗ੍ਰਹਿ 'ਰਾਤ ਦੀ ਨੀਲੀ ਚੁੱਪ' ਮਈ 2002 ਵਿੱਚ ਉਰਦੂ ਅੱਖਰਾਂ ਵਿੱਚ ਪ੍ਰਕਾਸ਼ਿਤ ਕੀਤਾ ਸੀ। ਉਹ ਆਪਣੀਆਂ ਕਵਿਤਾਵਾਂ ਵਿੱਚ ਬਹੁਤੀਆਂ ਗੁੰਝਲਦਾਰ ਗੱਲਾਂ ਨਹੀਂ ਕਰਦਾ, ਨ ਹੀ ਉਹ ਬਹੁਤੇ ਗੁੰਝਲਦਾਰ ਵਿਚਾਰਾਂ ਜਾਂ ਸਮੱਸਿਆਵਾਂ ਨੂੰ ਹੀ ਆਪਣੀਆਂ ਰਚਨਾਵਾਂ ਦਾ ਵਿਸ਼ਾ ਬਣਾਉਂਦਾ ਹੈ, ਪਰ ਇਹ ਵੀ ਨਹੀਂ ਕਿਹਾ ਜਾ ਸਕਦਾ ਕਿ ਉਹ ਸਾਡੇ ਸਮੇਂ ਦੀਆਂ ਗੁੰਝਲਦਾਰ ਸਮੱਸਿਆਵਾਂ ਤੋਂ ਵਾਕਿਫ ਨਹੀਂ। ਅਜਿਹੀਆਂ ਗੁੰਝਲਦਾਰ ਸਮੱਸਿਆਵਾਂ ਬਾਰੇ ਵੀ ਉਹ ਧੀਮੇ ਜਿਹੇ ਅੰਦਾਜ਼ ਵਿੱਚ ਹੀ ਆਪਣੇ ਅਹਿਸਾਸ ਪ੍ਰਗਟਾ ਜਾਂਦਾ ਹੈ।  ਉਹ ਆਮ ਮਨੁੱਖ ਦੀਆਂ ਨਿੱਕੀਆਂ ਨਿੱਕੀਆਂ ਖੁਸ਼ੀਆਂ-ਗਮੀਆਂ ਨੂੰ ਹੀ ਆਪਣੀਆਂ ਕਵਿਤਾਵਾਂ ਵਿੱਚ ਚਰਚਾ ਦਾ ਵਿਸ਼ਾ ਬਣਾਉਂਦਾ ਹੈ। ਪਹਿਲੀ ਨਜ਼ਰੇ ਉਸ ਦੀ ਸ਼ਾਇਰੀ ਰਵਾਇਤੀ ਕਿਸਮ ਦੀ ਹੀ ਜਾਪਦੀ ਹੈ, ਆਪਣੀ ਗੱਲ ਕਹਿਣ ਲਈ ਭਾਵੇਂ ਕਿ ਉਹ ਅਕਸਰ ਗੀਤ, ਗ਼ਜ਼ਲ ਜਾਂ ਨਜ਼ਮ ਦਾ ਰੂਪ ਹੀ ਚੁਣਦਾ ਹੈ; ਪਰ ਕਈ ਵਾਰੀ ਉਹ ਆਪਣੀ ਗੱਲ ਸਿਰਫ ਇੱਕ ਸ਼ਿਅਰ ਵਿੱਚ ਹੀ ਪੂਰੀ ਕਰ ਜਾਂਦਾ ਹੈ,
ਹਾਮਿਦ ਯਜ਼ਦਾਨੀ ਦੀ ਸ਼ਾਇਰੀ ਬਾਰੇ ਚਰਚਾ ਉਸਦੇ ਇਸ ਸ਼ੇਅਰ ਨਾਲ ਸ਼ੁਰੂ ਕੀਤਾ ਜਾ ਸਕਦਾ ਹੈ:
ਸਾਨੂੰ ਰਾਸ ਨਾ ਆਈ ਹਾਮਿਦ, ਰੌਣਕ ਸ਼ਹਿਰਾਂ ਵਾਲੀ,
ਅਸੀਂ ਤਾਂ ਭੀੜ ਦੇ ਅੰਦਰ ਆ ਕੇ, ਹੋਰ ਵੀ 'ਕੱਲੇ ਹੋ ਗਏ
ਅਜੋਕੇ ਮਨੁੱਖ ਦੀ ਇਹ ਤ੍ਰਾਸਦੀ ਹੈ ਕਿ ਜਿਉਂ ਜਿਉਂ ਮਨੁੱਖ ਵਿਗਿਆਨਕ ਅਤੇ ਤਕਨਾਲੋਜੀ ਦੇ ਖੇਤਰਾਂ ਵਿੱਚ ਤਰੱਕੀ ਕਰਦਾ ਜਾ ਰਿਹਾ ਹੈ ਤਿਉਂ ਤਿਉਂ ਮਨੁੱਖ ਦਾ ਆਪਣੇ ਚੌਗਿਰਦੇ ਅਤੇ ਆਪਣੇ ਆਪ ਨਾਲ ਰਿਸ਼ਤਾ ਟੁੱਟਦਾ ਜਾ ਰਿਹਾ ਹੈ। ਲੋਕ ਆਪਣੇ ਆਪ ਵਿੱਚ ਕੈਦ ਹੋ ਕੇ ਰਹਿ ਗਏ ਹਨ। ਇਸ ਗੱਲ ਦਾ ਹੀ ਵਿਸਥਾਰ ਹਾਮਿਦ ਯਜ਼ਦਾਨੀ ਆਪਣੇ ਹੀ ਇੱਕ ਹੋਰ ਸ਼ੇਅਰ ਵਿੱਚ ਵੀ ਬੜੀ ਹੀ ਖੂਬਸੂਰਤੀ ਨਾਲ ਕਰਦਾ ਹੈ:
ਲੋਕੀਂ ਆਪਣੇ ਆਪਣੇ ਘਰ ਵਿੱਚ, ਕੈਦੀ ਹੋ ਕੇ ਰਹਿ ਗਏ ਨੇ,
ਹਾਲ ਕੋਈ ਨਹੀਂ ਪੁੱਛਦਾ ਆ ਕੇ, ਅੱਜ ਕੱਲ੍ਹ ਸ਼ਾਮ ਸੁਹਾਣੀ ਦਾ
ਨਵ-ਪੂੰਜੀਵਾਦ ਮਨੁੱਖ ਦੀ ਚੇਤਨਾ ਅੰਦਰ ਨਿੱਜਵਾਦ ਇਸ ਹੱਦ ਤੱਕ ਭਰਨ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਆਪਣੀ ਹੋਂਦ ਬਣਾਈ ਰੱਖਣ ਲਈ ਮਨੁੱਖ ਹੋਰ ਹਰ ਕਿਸੇ ਨੂੰ ਆਪਣੇ ਪੈਰਾਂ ਹੇਠ ਦਰੜ ਕੇ ਅੱਗੇ ਲੰਘ ਜਾਣਾ ਚਾਹੁੰਦਾ ਹੈ। ਮਨੁੱਖ ਦੀ 'ਮੈਂ' ਉਸਦੇ ਹਰ ਕੰਮ, ਉਸਦੀ ਹਰ ਗੱਲ, ਵਿੱਚ ਏਨੀ ਭਾਰੂ ਹੋ ਚੁੱਕੀ ਹੈ ਕਿ ਉਸ ਲਈ ਮਨੁੱਖੀ ਰਿਸ਼ਤਿਆਂ, ਜ਼ਜ਼ਬਾਤਾਂ ਅਤੇ ਭਾਵਨਾਵਾਂ ਲਈ ਕੋਈ ਥਾਂ ਬਾਕੀ ਨਹੀਂ ਰਹੀ। ਉਸ ਦੀ ਸਾਰੀ ਭੱਜ ਦੌੜ ਘਰਾਂ ਨੂੰ ਮਹਿੰਗੀਆਂ ਅਤੇ ਚਮਕੀਲੀਆਂ ਚੀਜ਼ਾਂ ਨਾਲ ਭਰਨ ਦੀ ਲਾਲਸਾ ਤੱਕ ਸੀਮਿਤ ਹੋ ਕੇ ਰਹਿ ਗਈ ਹੈ। ਖਪਤ ਸਭਿਆਚਾਰ ਦੇ ਅਸਰ ਹੇਠ ਵਿਕਸਤ ਹੋ ਰਹੀ ਅਜਿਹੀ ਮਨੁੱਖੀ ਚੇਤਨਾ ਨੂੰ ਵੀ ਆਪਣੀ ਆਲੋਚਨਾ ਦਾ ਨਿਸ਼ਾਨਾ ਬਣਾਉਂਦਾ ਹੋਇਆ ਹਾਮਿਦ ਯਜ਼ਦਾਨੀ ਇਸ ਗੱਲ ਦਾ ਵੀ ਅਹਿਸਾਸ ਕਰਵਾਉਣਾ ਜ਼ਰੂਰੀ ਸਮਝਦਾ ਹੈ ਕਿ ਘਰ, ਮਹਿਜ਼, ਇੱਟਾਂ, ਰੋੜਿਆਂ ਨਾਲ ਹੀ ਨਹੀਂ ਬਣੇ ਹੁੰਦੇ, ਘਰ ਤਾਂ ਉਸ ਵਿੱਚ ਰਹਿਣ ਵਾਲੇ ਮਨੁੱਖਾਂ ਦੇ ਆਪਸੀ ਰਿਸ਼ਤਿਆਂ ਅਤੇ ਇੱਕ ਦੂਜੇ ਲਈ ਪ੍ਰਗਟਾਏ ਜਾਂਦੇ ਜਜ਼ਬਾਤਾਂ ਨਾਲ ਬਣਦੇ ਹਨ:
ਇੱਟਾਂ, ਗਾਰੇ, ਰੋੜੀ ਦੇ ਨਾਲ
ਘਰ ਤੇ ਖੌਰੇ ਬਣ ਜਾਵਣ, ਪਰ
ਸੁਪਣੇ ਬਣਦੇ ਨਾਹੀਂ
(ਇੱਕ ਨਜ਼ਮ)
ਖਪਤ ਸਭਿਆਚਾਰ ਦੀਆਂ ਪਰਤਾਂ ਫਰੋਲਦਾ ਹੋਇਆ ਹਾਮਿਦ ਯਜ਼ਦਾਨੀ ਲੱਚਰ ਸਭਿਆਚਾਰ ਜਾਂ ਨੰਗੇਜ਼ਵਾਦ ਦਾ ਵੀ ਜ਼ਿਕਰ ਕਰਦਾ ਹੈ। ਇਸ ਸਭਿਆਚਾਰ ਵਿੱਚ ਮਨੁੱਖ ਵੀ ਇੱਕ ਵਸਤ ਬਣ ਕੇ ਰਹਿ ਗਿਆ ਹੈ। ਸ਼ਰਮ-ਹਯਾ ਵਰਗੇ ਸ਼ਬਦ ਇਸ ਸਭਿਆਚਾਰ ਦਾ ਹਿੱਸਾ ਨਹੀਂ। ਮਨੁੱਖੀ ਸਰੀਰ ਨੂੰ ਵੇਚਣ ਲਈ ਨੰਗੇਜ ਦੀ ਕਿਸੀ ਹੱਦ ਤੱਕ ਵੀ ਜਾਇਆ ਜਾ ਸਕਦਾ ਹੈ। ਅਜਿਹੇ ਸਭਿਆਚਾਰ ਦੀਆਂ ਕਦਰਾਂ-ਕੀਮਤਾਂ ਮਨੁੱਖੀ ਚੇਤਨਾ ਵਿੱਚ ਉੱਕਰਨ ਲਈ ਟੈਲੀਵੀਜ਼ਨ ਮਾਧਿਅਮ ਸਭ ਤੋਂ ਵੱਧ ਯੋਗਦਾਨ ਪਾ ਰਿਹਾ ਹੈ। ਗਾਇਕ ਲੋਕਾਂ ਨੂੰ ਆਪਣੀ ਗਾਇਕੀ ਜਾਂ ਸੰਗੀਤ ਨਾਲ ਪ੍ਰਭਾਵਤ ਕਰਨ ਦੀ ਥਾਂ ਬੈਂਡ ਨਾਲ ਡਾਂਸ ਕਰ ਰਹੀਆਂ ਕੁੜੀਆਂ ਦੇ ਅੱਧ-ਨੰਗੇ ਅੰਗਾਂ ਦੇ ਕਾਮ-ਰੁਚੀਆਂ ਜਗਾਉਣ ਵਾਲੇ ਕੀਤੇ ਜਾ ਰਹੇ ਪ੍ਰਗਟਾਵੇ ਨਾਲ ਪ੍ਰਭਾਵਤ ਕਰਨ ਦੀ ਕੋਸ਼ਿਸ਼ ਕਰਦੇ ਹਨ। ਕਈ ਹਾਲਤਾਂ ਵਿੱਚ ਤਾਂ ਅਜਿਹੀਆਂ ਡਾਂਸਰਾਂ ਆਪਣੇ ਸਰੀਰ ਦੇ ਸਭ ਕੱਪੜੇ ਉਤਾਰ ਦੇਣ ਤੋਂ ਵੀ ਨਹੀਂ ਝਿਜਕਦੀਆਂ। ਕੈਨੇਡਾ ਵਰਗੇ ਵਿਕਸਤ ਕਹਾਉਂਦੇ ਦੇਸ਼ ਦੇ ਹਰ ਛੋਟੇ-ਵੱਡੇ ਸ਼ਹਿਰ ਵਿੱਚ ਅਲਫ਼-ਨੰਗੀਆ ਹੋ ਕੇ ਡਾਂਸ ਕਰਨ ਵਾਲੀਆਂ ਔਰਤਾਂ ਦੇ ਡਾਂਸ ਕਲੱਬ ਆਮ ਵੇਖੇ ਜਾ ਸਕਦੇ ਹਨ। ਅਜਿਹੇ ਕਲੱਬ ਪੱਛਮੀ ਸਭਿਆਚਾਰ ਦਾ ਇੱਕ ਜ਼ਰੂਰੀ ਅੰਗ ਬਣ ਚੁੱਕੇ ਹਨ। ਨਵ-ਪੂੰਜੀਵਾਦੀ ਸਭਿਆਚਾਰ ਦੇ ਇਸ ਪੱਖ ਨੂੰ ਵੀ ਹਾਮਿਦ ਯਜ਼ਦਾਨੀ ਆਪਣੇ ਇਸ ਸ਼ੇਅਰ ਰਾਹੀਂ ਬੜੀ ਹੀ ਖੂਬਸੂਰਤੀ ਨਾਲ ਪੇਸ਼ ਕਰਦਾ ਹੈ:
ਝਮਝਮ ਕਰਦੀਆਂ ਸ਼ਾਨਾਂ ਵਿੱਚੋਂ, ਲਿਸ਼ਕਾਂ ਮਾਰਨ ਗਰਜਾਂ
ਕੱਪੜੇ ਪਾ ਕੇ ਸ਼ਹਿਰ ਦੇ ਲੋਕੀਂ, ਹੋਰ ਵੀ ਨੰਗੇ ਹੋ ਗਏ
ਇਸ ਸਭਿਆਚਾਰ ਨੇ ਨ ਸਿਰਫ ਲੋਕਾਂ ਨੂੰ ਇਕੱਲਤਾ ਹੀ ਦਿੱਤੀ ਹੈ, ਇਸ ਨੇ ਲੋਕਾਂ ਨੂੰ ਨਕਲੀਪਨ ਵੀ ਦਿੱਤਾ ਹੈ। ਹਰ ਪਾਸੇ ਫੈਲ ਰਹੇ ਬਹੁ-ਪੱਖੀ ਸਮਾਜਿਕ/ਸਭਿਆਚਾਰਕ/ਰਾਜਨੀਤਿਕ ਭ੍ਰਿਸ਼ਟਾਚਾਰ ਕਾਰਨ ਅਤੇ ਮਨੁੱਖੀ ਕਦਰਾਂ-ਕੀਮਤਾਂ ਵਿੱਚ ਆ ਰਹੀ ਗਿਰਾਵਟ ਕਾਰਨ ਭਾਵੇਂ ਕਿ ਲੋਕ ਬਹੁਤ ਦੁਖੀ ਹਨ; ਪਰ ਫਿਰ ਵੀ ਜਗ ਦਿਖਾਵੇ ਕਾਰਨ ਉਹ ਚਿਹਰਿਆਂ ਉੱਤੇ ਨਕਲੀ ਮੁਸਕਰਾਹਟਾਂ ਪਹਿਣ ਕੇ ਘੁੰਮ ਰਹੇ ਹਨ। ਖਪਤ ਸਭਿਆਚਾਰ ਨੇ ਅਜੋਕੇ ਮਨੁੱਖ ਨੂੰ ਕੁਝ ਇਸ ਤਰ੍ਹਾਂ ਦਾ ਹੀ ਜਿਉਣ ਦਾ ਢੰਗ ਦਿੱਤਾ ਹੈ।  ਇਸ ਹਕੀਕਤ ਦਾ ਜਾਇਜ਼ਾ ਲੈਂਦਾ ਹਾਮਿਦ ਯਜ਼ਦਾਨੀ ਦਾ ਇੱਕ ਸ਼ੇਅਰ ਦੇਖੋ:
ਜਿਸ ਪਾਸੇ ਵੀ ਪਾਈ ਝਾਤ ਉਸ ਪਾਸੇ ਇਕਲਾਪਾ ਸੀ
ਦਿਲ ਦੇ ਅੰਦਰ ਹੌਕੇ ਸਨ ਬੁੱਲ੍ਹੀਆਂ ਉੱਤੇ ਹਾਸਾ ਸੀ
ਇਹੀ ਗੱਲ ਉਹ ਇੱਕ ਹੋਰ ਵੀ ਸ਼ੇਅਰ ਵਿੱਚ ਕਹਿੰਦਾ ਹੈ:
ਟੁੱਟੇ ਪਰ, ਮੁਰਝਾਏ ਚਿਹਰੇ, ਸਾਹ ਵੀ ਉੱਖੜੇ ਉੱਖੜੇ
ਮੂੰਹ ਦੇ ਵੱਲੋਂ ਇੰਜ ਪਰਤੇ ਨੇ, ਅੱਜ ਨਜ਼ਰਾਂ ਦੇ ਪੰਛੀ
ਅਜਿਹੇ ਉਦਾਸ ਸਮਿਆਂ ਵਿੱਚ ਲੋਕ ਦਿਲ ਨੂੰ ਧਰਵਾਸ ਦੇਣ ਲਈ ਚੰਗੇ ਸਮਿਆਂ ਨੂੰ ਮੁੜ, ਮੁੜ ਯਾਦ ਕਰਦੇ ਹਨ। ਉਨ੍ਹਾਂ ਕੋਲ ਇਹੀ ਇੱਕ ਸਾਧਨ ਰਹਿ ਜਾਂਦਾ ਹੈ ਦਿਲ ਨੂੰ ਹੌਂਸਲਾ ਦੇਣ ਲਈ, ਇਕਲਾਪੇ ਦੀ ਕੈਦ 'ਚੋਂ ਕੁਝ ਪਲ ਲਈ ਆਜ਼ਾਦ ਹੋਣ ਲਈ:
ਇੱਕਲਾਪੇ ਦੇ ਕੈਦੀ ਦਾ ਦਿਲ, ਝੱਟ ਨੂੰ ਪਰਚਾਵਣ ਲਈ
ਸ਼ਾਮ ਬਨੇਰੇ ਤੇ ਆ ਬੈਠਣ, ਕੁਝ ਯਾਦਾਂ ਦੇ ਪੰਛੀ
ਹਾਮਿਦ ਯਜ਼ਦਾਨੀ ਇੱਕ ਚੇਤੰਨ ਸ਼ਾਇਰ ਹੈ। ਉਹ ਅਜੋਕੇ ਮਨੁੱਖ ਦੀ ਸਥਿਤੀ ਨੂੰ ਬੜੀ ਚੰਗੀ ਤਰ੍ਹਾਂ ਸਮਝਦਾ ਹੈ। ਉਹ ਇਹ ਵੀ ਸਮਝਦਾ ਹੈ ਕਿ ਅਜਿਹੀ ਨਿਰਾਸ਼ਤਾ ਪੈਦਾ ਕਰਨ ਵਾਲੀ ਸਥਿਤੀ ਆਪਣੇ ਆਪ ਨਹੀਂ ਬਦਲਣੀ। ਇਸ ਨੂੰ ਬਦਲਣ ਲਈ ਲੋਕਾਂ ਨੂੰ ਹੀ ਇਕੱਠੇ ਹੋ ਕੇ ਹੰਭਲਾ ਮਾਰਨਾ ਪੈਂਦਾ ਹੈ। ਉਹ ਇਹ ਵੀ ਜਾਣਦਾ ਹੈ ਕਿ ਇਹ ਸਥਿਤੀ ਤਾਂ ਹੀ ਬਦਲੇਗੀ ਜਦੋਂ ਅਸੀਂ ਸਮਾਂ ਵਿਹਾ ਚੁੱਕੀਆਂ ਕਦਰਾਂ-ਕੀਮਤਾਂ ਅਤੇ ਵਿਚਾਰਾਂ ਨੂੰ ਤਿਆਗ ਕੇ ਨਵੇਂ ਵਿਚਾਰ ਅਪਣਾਵਾਂਗੇ। ਵਿਚਾਰ ਜੋ ਕਿ, ਮਹਿਜ਼, ਨਵੇਂ ਹੋਣ ਲਈ ਹੀ ਨਵੇਂ ਨਹੀਂ ਹੋਣਗੇ, ਬਲਕਿ ਜੋ ਮਨੁੱਖਵਾਦੀ ਹੋਣਗੇ, ਜਿਨ੍ਹਾਂ ਦਾ ਉਦੇਸ਼ ਸਮੁੱਚੀ ਜਨਤਾ ਲਈ ਸੁੱਖ-ਸ਼ਾਂਤੀ ਅਤੇ ਖੁਸ਼ਹਾਲੀ ਲਿਆਉਣਾ ਹੋਵੇਗਾ। ਇਨ੍ਹਾਂ ਵਿਚਾਰਾਂ ਦੀ ਨੁਮਾਇੰਦਗੀ ਕਰਦੇ ਹਾਮਿਦ ਯਜ਼ਦਾਨੀ ਦੇ ਕੁਝ ਖੂਬਸੂਰਤ ਸ਼ੇਅਰ ਹਾਜ਼ਰ ਹਨ:
1.
ਅੱਖ ਵੀਰਾਨ ਜਿਹੀ ਲੱਗਦੀ ਏ
ਮੁੜ ਨਵੇਂ ਖਾਬ ਉਸਾਰੇ ਕੋਈ
2.
ਨਵੇਂ ਜ਼ਮਾਨੇ ਅੰਦਰ, ਨਵੀਆਂ ਸੋਚਾਂ ਦਾ ਵਿਉਪਾਰ ਕਰੋ,
ਜ਼ਿਹਨਾਂ ਵਿੱਚੋਂ ਕੱਢਕੇ ਸੌਦਾ, ਕੱਲ੍ਹ ਦੀ ਸੋਚ ਪੁਰਾਣੀ ਦਾ
3.
ਦਰਿਆਵਾਂ ਦੇ ਸੱਜਰੇ ਪਾਣੀ
ਕਹਿੰਦੇ ਜਾਵਣ ਅਜਬ ਕਹਾਣੀ
ਜ਼ਿੰਦਗੀ ਇੱਕ ਲੰਬੀ ਦੌੜ ਵਾਂਗ ਹੈ, ਜਿਸ ਵਿੱਚ ਉਹੀ ਮਨੁੱਖ ਜਿੱਤ ਪ੍ਰਾਪਤ ਕਰਦੇ ਹਨ ਜੋ ਹੌਂਸਲੇ ਅਤੇ ਦ੍ਰਿੜਤਾ ਨਾਲ ਅਪਣੀ ਦੌੜ ਜਾਰੀ ਰੱਖਦੇ ਹਨ। ਜ਼ਿੰਦਗੀ ਵਿੱਚ ਨ ਤਾਂ ਸਦਾ ਖੁਸ਼ੀ ਹੀ ਜ਼ਿਆਦਾ ਦੇਰ ਰਹਿੰਦੀ ਹੈ ਅਤੇ ਨ ਹੀ ਗ਼ਮੀ ਹੀ। ਜ਼ਿੰਦਗੀ ਵਿੱਚ ਜਦੋਂ ਨਿਰਾਸ਼ਾ ਦਾ ਸਾਹਮਣਾ ਕਰਨਾ ਪਵੇ ਤਾਂ ਅਸੀਂ ਕੁਦਰਤ ਦੇ ਵਰਤਾਰਿਆਂ ਤੋਂ ਬਹੁਤ ਕੁਝ ਸਿਖ ਸਕਦੇ ਹਾਂ। ਕੁਦਰਤ ਵਿੱਚ ਮੌਸਮੀ ਵਰਤਾਰਿਆਂ ਦਾ ਸਿਲਸਿਲਾ ਨਿਰੰਤਰ ਜਾਰੀ ਰਹਿੰਦਾ ਹੈ। ਪੱਤਝੜ ਦੇ ਬਾਹਦ ਬਹਾਰ ਦਾ ਮੌਸਮ ਆਉਣਾ ਲਾਜ਼ਮੀ ਹੈ। ਇਸੇ ਕਾਰਨ ਕੁਦਰਤ ਵਿੱਚ ਸਦਾ ਹੀ ਖੂਬਸੁਰਤੀ ਅਤੇ ਤਾਜ਼ਗੀ ਬਣੀ ਰਹਿੰਦੀ ਹੈ। ਮਨੁੱਖ ਨੂੰ ਵੀ ਖੁਸ਼ਗਵਾਰ ਮੌਸਮਾਂ ਦੀ ਤਲਾਸ਼ ਵਿੱਚ ਆਪਣੀ ਜ਼ਿੰਦਗੀ ਵਿਚਲੀ ਜੱਦੋਜਹਿਦ ਨਿਰੰਤਰ ਜਾਰੀ ਰੱਖਣੀ ਚਾਹੀਦੀ ਹੈ।
ਜ਼ਿੰਦਗੀ ਦੀ ਕਰਮਭੂਮੀ ਵਿੱਚ ਜਿੱਥੇ ਕਿ ਨਿਰੰਤਰ ਜੱਦੋ-ਜਹਿਦ ਕਰਨ ਦੀ ਲੋੜ ਹੁੰਦੀ ਹੈ, ਉੱਥੇ ਹੀ ਸਾਡੇ ਲਈ ਇਸ ਗੱਲ ਦਾ ਵੀ ਧਿਆਨ ਰੱਖਣਾ ਬਹੁਤ ਜ਼ਰੂਰੀ ਹੁੰਦਾ ਹੈ ਕਿ ਅਸੀਂ ਕਦੀ ਵੀ ਬੇਅਸੂਲੀ ਜੰਗ ਲੜਕੇ ਜ਼ਿੰਦਗੀ ਵਿੱਚ ਕੋਈ ਜਿੱਤ ਪ੍ਰਾਪਤ ਨ ਕਰੀਏ। ਬੇਅਸੂਲੀ ਅਤੇ ਝੂਠ ਉੱਤੇ ਆਧਾਰਤ ਜਿੱਤ ਮਨੁੱਖ ਨੂੰ ਕਦੇ ਵੀ ਤਸੱਲੀ ਨਹੀਂ ਦੇ ਸਕਦੀ। ਇਸੇ ਤਰ੍ਹਾਂ ਨਿਹੱਥੇ ਵਿਅਕਤੀ ਉੱਤੇ ਤਲਵਾਰ ਦਾ ਵਾਰ ਕਰਨਾ ਵੀ ਕਦੀ ਕਿਸੇ ਮਨੁੱਖ ਲਈ ਸੂਰਮਗਤੀ ਨਹੀਂ ਹੁੰਦੀ। ਜਿਸ ਮਨੁੱਖ ਦੀ ਜ਼ਿੰਦਗੀ ਦੇ ਕੋਈ ਅਸੂਲ ਨਹੀਂ, ਉਹ ਮਨੁੱਖ ਜਾਨਵਰਾਂ ਵਾਲੀ ਜ਼ਿੰਦਗੀ ਹੀ ਜਿਉਂਦਾ ਹੈ। ਕਿਉਂਕਿ ਉਸ ਕੋਲ ਆਪਣੀ 'ਮੈਂ' ਤੋਂ ਬਿਨ੍ਹਾਂ ਹੋਰ ਕੁਝ ਨਹੀਂ ਹੁੰਦਾ। ਦੇਖੋ ਹਾਮਿਦ ਯਜ਼ਦਾਨੀ ਆਪਣੇ ਇਨ੍ਹਾਂ ਸ਼ੇਅਰਾਂ ਰਾਹੀਂ ਇਨ੍ਹਾਂ ਗੱਲਾਂ ਦੀ ਗਵਾਹੀ ਕਿੰਨੀ ਖੂਬਸੂਰਤੀ ਨਾਲ ਦਿੰਦਾ ਹੈ:
1.
ਜਿੱਤ ਅਸੂਲ ਤੋਂ ਵੱਧ ਕੇ ਨਹੀਂ ਏ
ਸੁੱਤੇ ਤੇ ਹਥਿਆਰ ਨ ਚੁੱਕੀਏ
2.
ਜਿਸ ਦੇ ਹੱਥ ਵਿੱਚ ਫੁੱਲ ਹੋਵਣ
ਉਹਦੇ ਤੇ ਤਲਵਾਰ ਨ ਚੁੱਕੀਏ
ਪਿਛਲੇ ਕੁਝ ਦਹਾਕਿਆਂ ਤੋਂ ਅਸੀਂ ਦੇਖ ਰਹੇ ਹਾਂ ਕਿ ਵਿਸ਼ਵ ਭਰ ਵਿੱਚ ਧਾਰਮਿਕ ਕੱਟੜਵਾਦੀ ਦਹਿਸ਼ਤਗਰਦੀ ਦਾ ਬੋਲਬਾਲਾ ਹੈ। ਅੱਲਾ ਦੇ ਨਾਮ ਉੱਤੇ, ਰੱਬ ਦੇ ਨਾਮ ਉੱਤੇ, ਖ਼ੂਨ ਦੀਆਂ ਨਦੀਆਂ ਵਹਾਈਆਂ ਜਾ ਰਹੀਆਂ ਹਨ। ਬੇਗੁਨਾਹ ਲੋਕਾਂ ਦੇ ਕਤਲ ਕੀਤੇ ਜਾ ਰਹੇ ਹਨ। ਧਾਰਮਿਕ ਕੱਟੜਵਾਦੀ ਰਹਿਨੁਮਾ ਨਿੱਕੇ ਨਿੱਕੇ ਬੱਚਿਆਂ ਦੇ ਦਿਮਾਗ਼ਾਂ ਵਿੱਚ ਧਾਰਮਿਕ ਜਨੂੰਨ ਭਰਕੇ ਉਨ੍ਹਾਂ ਮਾਸੂਮ ਬੱਚਿਆਂ ਨੂੰ ਫਨੀਅਰ ਸੱਪ ਬਣਾ ਕੇ ਸੜਕਾਂ, ਚੌਰਸਤਿਆਂ, ਸਕੂਲਾਂ, ਕਾਲਿਜਾਂ, ਯੂਨੀਵਰਸਿਟੀਆਂ, ਧਾਰਮਿਕ ਅਦਾਰਿਆਂ ਵਿੱਚ ਛੱਡ ਦਿੰਦੇ ਹਨ। ਜਿੱਥੇ ਇਹ ਫਨੀਅਰ ਸੱਪ ਆਪਣੀਆਂ ਮਸ਼ੀਨ ਗੰਨਾਂ ਨਾਲ ਗੋਲੀਆਂ ਦੀ ਬੁਛਾੜ ਕਰਕੇ ਮਨੁੱਖੀ ਖ਼ੂਨ ਨਾਲ ਹੌਲੀ ਖੇਡਦੇ ਹਨ। ਇੱਕ ਜਾਗਰੂਕ ਸ਼ਾਇਰ ਹੋਣ ਦੇ ਨਾਤੇ ਹਾਮਿਦ ਯਜ਼ਦਾਨੀ ਆਪਣੇ ਕੁਝ ਸੰਵੇਦਨਸ਼ੀਲ ਸ਼ੇਅਰਾਂ ਰਾਹੀਂ ਇਨ੍ਹਾਂ ਕਾਤਲਾਂ ਅਤੇ ਉਨ੍ਹਾਂ ਦੇ ਪਰਵਰਦਿਗਾਰਾਂ ਵੱਲੋਂ ਮਚਾਈ ਜਾ ਰਹੀ ਮਨੁੱਖੀ ਤਬਾਹੀ ਵੱਲ ਸਾਡਾ ਧਿਆਨ ਦੁਆਂਦਾ ਹੈ:
1.
ਤੱਤੀਆਂ ਤੇਜ਼ ਹਵਾਵਾਂ ਦੀ
ਰੁੱਤ ਏ ਹੌਕਿਆਂ ਹਾਵਾਂ ਦੀ
2.
ਚਾਰ ਚੁਫੇਰੇ ਗ਼ਮ ਦੀ ਧੂੜ
ਚਿੱਟੀ ਚਾਦਰ ਮਾਵਾਂ ਦੀ
3.
ਦੁੱਖ ਪਰਹੁਣਾ ਆਇਆ ਹੈ
ਬੋਲੀ ਸਮਝੋ ਕਾਵਾਂ ਦੀ
4.
ਵੇਲੇ ਦੇ ਸੱਪਾਂ ਨੇ ਇੰਜ ਜ਼ਖਮਾਇਆ ਏ
ਜ਼ਖਮੀ ਜ਼ਖਮੀ ਰੂਹ, ਜੁੱਸਾ ਕੁਮਲਾਇਆ ਏ
5.
ਆਪਣੇ ਮੋਢਿਆਂ ਉੱਤੇ ਮੌਸਮ, ਸ਼ੋਹਲੇ ਚੁੱਕੀ ਫਿਰਦਾ ਏ,
ਸਾਹ ਲੈਣਾ ਹੁਣ ਔਖਾ ਹੋਇਆ, ਮੇਰੀ ਜਿੰਦ ਨਿਮਾਣੀ ਦਾ
ਅਜਿਹੀਆਂ ਹਾਲਤਾਂ ਵਿੱਚ ਵੀ ਕਵੀ ਇਹ ਸੋਚਦਾ ਹੈ ਕਿ ਹਾਲਾਤ ਦੀ ਗੰਭੀਰਤਾ ਨੂੰ ਦੇਖਦਿਆਂ ਭਾਵੁਕਤਾ ਕਾਰਨ ਮੇਰੀਆਂ ਅੱਖਾਂ ਵਿੱਚ ਆਏ ਅੱਥਰੂ ਵੇਖਕੇ ਕਿਧਰੇ ਮੇਰਾ ਬੱਚਾ ਇਹ ਨ ਸਮਝ ਲਵੇ ਕਿ ਮੈਂ ਇੱਕ ਕਮਜ਼ੋਰ ਦਿਲ ਵਾਲਾ ਇਨਸਾਨ ਹਾਂ। ਇਸ ਲਈ ਉਹ ਦਿਲ ਵਿੱਚ ਮੋਹ ਅਤੇ ਪਿਆਰ ਰੱਖਣ ਦੇ ਬਾਵਜ਼ੂਦ ਵੀ ਬੱਚੇ ਤੋਂ ਕੁਝ ਫਾਸਲਾ ਰੱਖਣਾ ਹੀ ਜ਼ਰੂਰੀ ਸਮਝਦਾ ਹੈ। ਇਹ ਅਰਥਭਰਪੂਰ ਗੱਲ ਇਸ ਸ਼ੇਅਰ ਵਿੱਚ ਕਿੰਨੀ ਖੂਬਸੂਰਤੀ ਨਾਲ ਕਹੀ ਗਈ ਹੈ:
ਅੱਖਾਂ ਦੇ ਵਿੱਚ ਅੱਥਰੂ ਨੇ
ਬੱਚੇ ਕੋਲ ਖਲੋਣਾ ਨਹੀਂ
ਜ਼ਿੰਦਗੀ ਦੇ ਕੁਝ ਸਰਬਪ੍ਰਵਾਣਿਤ ਸੱਚ ਵੀ ਹੁੰਦੇ ਹਨ। ਜੋ ਕਿ ਲੋਕ ਮੁਹਾਵਰਿਆਂ ਵਾਂਗ ਦੁਹਰਾਏ ਜਾਂਦੇ ਹਨ। ਇਹ ਸੱਚ ਕਿਸੀ ਇੱਕ ਸਭਿਆਚਾਰ ਜਾਂ ਧਰਤੀ ਦੇ ਕਿਸੇ ਇੱਕ ਖਾਸ ਦੇਸ ਜਾਂ ਹਿੱਸੇ ਤੱਕ ਵੀ ਸੀਮਿਤ ਨਹੀਂ ਹੁੰਦੇ। ਇਨ੍ਹਾਂ ਵਿੱਚੋਂ ਹੀ ਇੱਕ ਸੱਚ ਹੈ ਮਾਂ ਦਾ ਪਿਆਰ, ਮਾਂ ਦਾ ਪਿਆਰ, ਹਰ ਬੋਲੀ, ਹਰ ਸਭਿਆਚਾਰ, ਹਰ ਦੇਸ ਵਿੱਚ ਇੱਕੋ ਜਿਹਾ ਹੀ ਹੁੰਦਾ ਹੈ।ਮਨੁੱਖ ਹੋਰ ਹਰ ਚੀਜ਼ ਮੁੜ, ਮੁੜ ਪ੍ਰਾਪਤ ਕਰ ਸਕਦਾ ਹੈ, ਪਰ ਉਸ ਨੂੰ ਮਾਂ ਕਦੀ ਵੀ ਦੁਬਾਰਾ ਨਹੀਂ ਮਿਲ ਸਕਦੀ। ਇਸੀ ਕਾਰਨ ਮਨੁੱਖ ਮਾਂ ਦੇ ਪਿਆਰ ਨੂੰ ਕਦੀ ਵੀ ਭੁਲਾ ਨਹੀਂ ਸਕਦਾ। ਇਸ ਸਰਬਪ੍ਰਵਾਨਿਤ ਸੱਚ ਨੂੰ ਇਨ੍ਹਾਂ ਸ਼ੇਅਰਾਂ ਵਿੱਚ ਵੀ ਬੜੀ ਹੀ ਖੂਬਸੂਰਤੀ ਨਾਲ ਪੇਸ਼ ਕੀਤਾ ਗਿਆ ਹੈ:
1.
ਜਿਸ ਦੇ ਸਾਹ ਨਾਲ
ਦੀਵੇ ਬਲਦੇ
ਜੀਹਦੀ ਛਾਵੇਂ
ਸੂਰਜ ਪਲਦੇ
(ਨਜ਼ਮ - ਮਾਂ)
2.
ਖੁੰਝੀਆਂ ਹੋਈਆਂ ਛਾਵਾਂ ਲੱਭੀਏ
ਕਿੱਥੋਂ ਜਾ ਹੁਣ ਮਾਵਾਂ ਲੱਭੀਏ
3.
ਧੁੱਪਾਂ ਵਾਲੀ ਉਹ ਅੱਤ ਮੱਚੀ
ਰੁੱਖ ਪਏ ਲੱਭਣ ਛਾਂ
ਖੌਰੇ ਕਿਸ ਦੀਆਂ ਰਾਹਾਂ ਤੱਕਦੀ
ਬੂਹੇ ਬੈਠੀ ਮਾਂ
(ਨਜ਼ਮ - ਐ ਕਸ਼ਮੀਰ)
ਇਸੇ ਤਰ੍ਹਾਂ ਹੀ ਇੱਕ ਸਰਬਪ੍ਰਵਾਨਿਤ ਸੱਚ ਮਨੁੱਖੀ ਦੋਸਤੀ ਬਾਰੇ ਵੀ ਹੈ। ਸਾਡਾ ਸਭ ਤੋਂ ਵੱਧ ਨੁਕਸਾਨ, ਅਕਸਰ, ਉਹੀ ਲੋਕ ਹੀ ਕਰਦੇ ਹਨ ਜਿਨ੍ਹਾਂ ਨੂੰ ਅਸੀਂ ਆਪਣੇ ਸਭ ਤੋਂ ਚੰਗੇ ਦੋਸਤ ਸਮਝਦੇ ਰਹਿੰਦੇ ਹਾਂ। ਇਹ ਵੀ ਇੱਕ ਸਚਾਈ ਹੈ ਕਿ ਸਾਡੇ ਨਾਲ ਈਰਖਾ ਵੀ ਸਭ ਤੋਂ ਵੱਧ ਉਹੀ ਲੋਕ ਕਰਦੇ ਹਨ ਜੋ ਸਾਡੇ ਦਿਲ ਦੇ ਕਰੀਬ ਹੁੰਦੇ ਹਨ। ਉਹੀ ਲੋਕ ਹੀ ਵਕਤ ਆਉਣ ਉੱਤੇ ਬੁੱਕਲ ਦੇ ਸੱਪਾਂ ਵਾਂਗ ਸਭ ਤੋਂ ਵੱਧ ਜ਼ਹਿਰੀਲੇ ਡੰਗ ਮਾਰਦੇ ਹਨ। ਦੇਖੋ ਹਾਮਿਦ ਯਜ਼ਦਾਨੀ ਜ਼ਿੰਦਗੀ ਦੀ ਇਸ ਸਚਾਈ ਨੂੰ ਕਿੰਨੀ ਸੂਖਮਤਾ ਨਾਲ ਪੇਸ਼ ਕਰਦਾ ਹੈ:
1.
ਫੇਰ ਕਿਸੇ ਨੇ ਅਪਣਾ ਬਣਕੇ ਡੰਗਿਆ ਏ
ਹਾਮਿਦ ਮੈਨੂੰ ਫੇਰ ਕੋਈ ਯਾਦ ਆਇਆ ਏ
2.
ਤੁਲਨਾ ਜਿਹੀ ਤਲਵਾਰਾਂ ਕੋਲੋਂ
ਬਚਕੇ ਲੰਘ ਜਾ ਯਾਰਾਂ ਕੋਲੋਂ
3.
ਸਾਨੂੰ ਰੋਲ ਕੇ ਲੰਘਣ ਵਾਲੇ
ਯਾਰ 'ਤੇ ਨੇ ਪਰ ਡੰਗਣ ਵਾਲੇ
ਸਾਡੇ ਸਮਿਆਂ ਦੀ ਇੱਕ ਇਹ ਵੀ ਹਕੀਕਤ ਹੈ ਕਿ ਚਾਹੇ ਕਿਸੇ ਦੇਸ਼ ਵਿੱਚ ਫੌਜੀ ਰਾਜ ਹੋਵੇ ਅਤੇ ਚਾਹੇ ਉੱਥੇ ਡੈਮੋਕਰੇਸੀ ਹੋਵੇ, ਅਕਸਰ, ਇਹ ਦੇਖਿਆ ਜਾਂਦਾ ਹੈ ਕਿ ਇਮਾਨਦਾਰ ਅਤੇ ਕਾਬਿਲ ਲੋਕ ਤਾਂ ਦਰਸ਼ਕ ਬਣੇ ਹੁੰਦੇ ਹਨ; ਪਰ ਮੁਖੌਟਾਧਾਰੀ ਅਤੇ ਚਲਾਕ ਲੋਕ ਜ਼ਿੰਦਗੀ ਦੇ ਹਰ ਖੇਤਰ ਵਿੱਚ ਰਹਿਨੁਮਾ ਬਣ ਕੇ ਮੌਜਾਂ ਲੁੱਟ ਰਹੇ ਹੁੰਦੇ ਹਨ। ਇਹ ਵੀ ਜ਼ਿੰਦਗੀ ਦੀ ਇੱਕ ਵੱਡੀ ਹਕੀਕਤ ਹੈ, ਜਿਸ ਨੂੰ ਮੰਨਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ:
ਮਾਲੀ ਪਿਆ ਬੂਹੇ ਤੇ ਪਹਿਰਾ ਦਿੰਦਾ ਏ
ਗਾਲ੍ਹੜ ਬਾਗ ਦੇ ਮੇਵੇ ਟੁੱਕਦੇ ਜਾਂਦੇ ਨੇ
ਸਮਾਜ ਦੀ ਅਜਿਹੀ ਹਾਲਤ ਉਦੋਂ ਹੁੰਦੀ ਹੈ ਜਦੋਂ ਆਮ ਲੋਕਾਂ ਦੀ ਮਾਨਸਿਕਤਾ ਭੇਡਾਂ ਵਰਗੀ ਹੋ ਜਾਵੇ। ਜਦੋਂ ਚਲਾਕ ਅਤੇ ਗਾਲ੍ਹੜ ਭੇੜੀਏ ਆਪਣੇ ਚਿਹਰਿਆਂ ਉੱਤੇ ਭੇਡਾਂ ਦੇ ਮੁਖੌਟੇ  ਪਾ ਕੇ ਜਨਤਾ ਵਿੱਚ ਵਿਚਰ ਰਹੇ ਹੋਣ। ਜਦੋਂ ਆਮ ਜਨਤਾ ਇਨ੍ਹਾਂ ਗਾਲ੍ਹੜਾਂ ਦੀ 'ਮੈਂ ਮੈਂ' ਵਿੱਚ ਆਪਣੀ 'ਮੈਂ' ਮਿਲਾਉਂਦੀ ਹੋਈ ਅੱਖਾਂ ਬੰਦ ਕਰਕੇ ਤੁਰੀ ਜਾਵੇ; ਭਾਵੇਂ ਇਨ੍ਹਾਂ ਗਾਲ੍ਹੜ ਬਘਿਆੜਾਂ ਨੇ ਰਾਹ ਵਿੱਚ ਇਨ੍ਹਾਂ ਭੇਡਾਂ ਦੇ ਡਿੱਗਣ ਲਈ ਡੂੰਘੇ ਖੂਹ ਹੀ ਕਿਉਂ ਨ ਪੁੱਟੇ ਹੋਏ ਹੋਣ। ਪਰ ਇਨ੍ਹਾਂ ਭੇਡਾਂ ਦੀ ਮਾਨਸਿਕਤਾ ਇੰਨੀ ਭਰਿਸ਼ਟ ਚੁੱਕੀ ਹੁੰਦੀ ਹੈ ਕਿ ਉਨ੍ਹਾਂ ਨੂੰ ਇਸ ਗੱਲ ਦੀ ਕਦੀ ਵੀ ਸਮਝ ਨਹੀਂ ਲੱਗਦੀ ਕਿ ਉਨ੍ਹਾਂ ਦੇ ਆਸ ਪਾਸ ਅੰਤਾਂ ਦੀ ਤਬਾਹੀ ਕਿਉਂ ਹੋ ਰਹੀ ਹੈ ਅਤੇ ਇਸ ਤਬਾਹੀ ਲਈ ਕੌਣ ਜਿੰਮੇਵਾਰ ਹੈ? ਹਾਮਿਦ ਦੀ ਨਜ਼ਮ 'ਮੁਸਤਕਬਿਲ' ਦੀਆਂ ਇਹ ਸਤਰਾਂ ਸਾਡੇ ਸਮਿਆਂ ਦੀ ਇਸ ਰਾਜਨੀਤਿਕ ਸਚਾਈ ਨੂੰ ਬਾਖੂਬੀ ਪੇਸ਼ ਕਰਦੀਆਂ ਹਨ:
ਏਨੇ ਝੱਖੜ ਝੁੱਲਦੇ
ਬੇਹਿਸ ਲੋਕ ਨ
ਕੁਝ ਵੀ ਸਮਝਣ-

ਭੇੜੀਏ ਭੇਡਾਂ ਦੀਆਂ ਖੱਲਾਂ ਵਿੱਚ
ਹਰ ਪਾਸੇ ਪਏ ਫਿਰਦੇ ਨੇ
ਕੌਣ ਪਛਾਣੇ ਏਨਾਂ ਨੂੰ
ਜ਼ਿੰਦਗੀ ਵਿੱਚ ਕੋਈ ਵੀ ਤਬਦੀਲੀ ਆਉਣ ਤੋਂ ਪਹਿਲਾਂ ਉਹ ਤਬਦੀਲੀ ਸਾਡੀ ਸੋਚ ਵਿੱਚ ਆਉਂਦੀ ਹੈ। ਫਿਰ, ਉਹ ਤਬਦੀਲੀ ਆਪਣੀ ਜ਼ਿੰਦਗੀ ਵਿੱਚ ਲਿਆਉਣ ਲਈ ਸਾਡੇ ਮਨ ਵਿੱਚ ਇੱਕ ਇੱਛਾ ਜਾਗਦੀ ਹੈ। ਇਸ ਇੱਛਾ ਨੂੰ ਹੀ ਅਸੀਂ ਸੁਫਨਾ ਕਹਿੰਦੇ ਹਾਂ। ਇਸ ਇੱਛਾ ਨੂੰ ਹਕੀਕਤ ਦਾ ਜਾਮਾ ਪਹਿਨਾਉਣ ਲਈ ਫਿਰ ਅਸੀਂ ਵਿਉਂਤਬੰਦੀ ਕਰਦੇ ਹਾਂ। ਅਨੇਕਾਂ ਵਾਰ ਨਿੱਜੀ ਜ਼ਿੰਦਗੀ ਵਿੱਚ ਜਾਂ ਸਮਾਜ ਵਿੱਚ ਤਬਦੀਲੀ ਲਿਆਉਣ ਲਈ ਹਾਲਾਤ ਸਾਜ਼ਗਾਰ ਨਹੀਂ ਹੁੰਦੇ; ਪਰ ਸਾਨੂੰ ਉਹ ਸੁਫਨਾ ਆਪਣੀ ਚੇਤਨਾ ਵਿੱਚ ਫਿਰ ਵੀ ਜਾਗਦਾ ਰੱਖਣਾ ਪੈਂਦਾ ਹੈ। ਆਪਣੇ ਸੁਫ਼ਨੇ ਨੂੰ ਹਕੀਕਤ ਦਾ ਜਾਮਾ ਪਹਿਨਾਉਣ ਲਈ ਨ ਸਿਰਫ ਸਾਨੂੰ ਸਾਜ਼ਗਾਰ ਮਾਹੌਲ ਦੀ ਉਡੀਕ ਹੀ ਕਰਨੀ ਪੈਂਦੀ ਹੈ; ਬਲਕਿ ਸਾਨੂੰ ਆਪਣੀ ਜੱਦੋਜਹਿਦ ਵੀ ਤੇਜ਼ ਕਰਨੀ ਪੈਂਦੀ ਹੈ। ਸਥਿਤੀ ਵਿੱਚ ਆਈ ਹੋਈ ਖੜੋਤ ਨੂੰ ਤੋੜਨ ਲਈ, ਚੁੱਪ ਨੂੰ ਭੰਗ ਕਰਨ ਲਈ, ਖੜੋਤੇ ਪਾਣੀਆਂ ਵਿੱਚ ਕੰਕਰ ਵੀ ਸੁੱਟਣਾ ਪੈਂਦਾ ਹੈ। ਅਜਿਹੀ ਆਸ਼ਾਵਾਦੀ ਸੋਚ ਹੀ ਹਾਮਿਦ ਯਜ਼ਦਾਨੀ ਦੇ ਇਨ੍ਹਾਂ ਸ਼ੇਅਰਾਂ ਵਿੱਚੋਂ ਵੀ ਝਲਕਦੀ ਹੈ:
1.
ਸੌਂ ਜਾ ਸੁਫ਼ਨੇ, ਸੌਂ ਜਾ ਤੂੰ
ਚੰਨ ਤਾਰੇ ਪਏ ਜਗਦੇ ਰਹਿਣ
2.
ਚੁੱਪ ਦਾ ਜ਼ਹਿਰ ਫਜ਼ਾ ਵਿੱਚ ਘੁਲਿਆ
ਆਓ ਫੇਰ ਸਦਾਵਾਂ ਲੱਭੀਏ
3.
ਜਗਰਾਤੇ ਜਦ ਅੱਖੀਆਂ ਦੀ ਪੁਤਲੀ ਬਣ ਜਾਣ
ਸੁੱਤੇ ਖਾਬ ਨੂੰ ਫੇਰ ਜਗਾਣਾ ਪੈਂਦਾ ਏ
ਹਾਮਿਦ ਯਜ਼ਦਾਨੀ ਦੇ ਕਾਵਿ-ਸੰਗ੍ਰਹਿ 'ਰਾਤ ਦੀ ਨੀਲੀ ਚੁੱਪ' ਦੀ ਪ੍ਰਕਾਸ਼ਨਾ ਕੈਨੇਡੀਅਨ ਪੰਜਾਬੀ ਸਾਹਿਤ ਵਿੱਚ ਇੱਕ ਜ਼ਿਕਰਯੋਗ ਵਾਧਾ ਹੈ। ਉਹ ਭਾਵੇਂ ਆਪਣੀ ਵਧੇਰੇ ਕਵਿਤਾ ਰਵਾਇਤੀ ਅੰਦਾਜ਼ ਵਿੱਚ ਹੀ ਪੇਸ਼ ਕਰਦਾ ਹੈ; ਪਰ ਫਿਰ ਵੀ ਉਸ ਦੀ ਕਵਿਤਾ ਵਿੱਚ ਰੌਚਿਕਤਾ ਹੈ। ਸਭ ਤੋਂ ਵੱਧ ਤਸੱਲੀ ਵਾਲੀ ਗੱਲ ਇਹ ਹੈ ਕਿ ਹਾਮਿਦ ਯਜ਼ਦਾਨੀ ਇੱਕ ਚੇਤੰਨ ਅਤੇ ਮਨੁੱਖਵਾਦੀ ਸ਼ਾਇਰ ਹੈ। ਉਹ ਕੁਦਰਤ ਨਾਲ ਇੱਕ-ਮਿੱਕ ਹੈ। ਉਹ ਜਾਣਦਾ ਹੈ ਕਿ ਮੌਸਮ ਸਦਾ ਇੱਕੋ ਜਿਹੇ ਨਹੀਂ ਰਹਿੰਦੇ। ਮਨੁੱਖ ਨੂੰ ਹਰ ਮੌਸਮ ਵਿੱਚ ਜ਼ਿੰਦਗੀ ਜਿਉਣ ਦਾ ਢੰਗ ਸਿੱਖਣਾ ਚਾਹੀਦਾ ਹੈ। ਹਾਮਿਦ ਅਨੁਸਾਰ ਜ਼ਿੰਦਗੀ ਜਿਉਣ ਦਾ ਢੰਗ ਵੀ ਅਸੀਂ ਕੁਦਰਤ ਦੇ ਵਰਤਾਰਿਆਂ ਤੋਂ ਹੀ ਸਿੱਖ ਸਕਦੇ ਹਾਂ:
ਸਾਡੀ ਧਰਤੀ ਪਲ ਪਲ ਵੱਸੇ
ਸਾਨੂੰ ਜੀਵਨ ਦਾ ਵੱਲ ਦੱਸੇ
.................

Wednesday, December 23, 2009

ਕਿਹੜੀ ਐਨਕ ਨਾਲ ਦੇਖਿਆ ਡਾ : ਹਰਸ਼ਿੰਦਰ ਕੌਰ ਨੇ ਆਸਟ੍ਰੇਲੀਆ -ਮਿੰਟੂ ਬਰਾੜ


ਕਿਹੜੀ ਐਨਕ ਨਾਲ ਦੇਖਿਆ  ਡਾ : ਹਰਸ਼ਿੰਦਰ ਕੌਰ ਨੇ  ਆਸਟ੍ਰੇਲੀਆ    -ਮਿੰਟੂ  ਬਰਾੜ

ਸਾਡੀ ਪੰਜਾਬੀਆਂ ਦੀ ਇਕ ਫਿਤਰਤ ਰਹੀ ਹੈ ਕਿ ਜੇ ਅਸੀਂ ਕਿਸੇ ਨੂੰ ਅੱਖਾਂ ਤੇ ਬਿਠਾ ਲੈਂਦੇ ਹਾਂ ਤਾਂ ਬੱਸ ਫੇਰ ਚੰਗੇ ਮਾੜੇ ਦੀ ਪਰਵਾਹ ਕੀਤੇ ਬਿਨਾਂ ਉਸ ਨੂੰ ਪਹਾੜੀ ਚੜ੍ਹਾ ਦਿੰਦੇ ਹਾਂ।ਕਈ ਵਾਰ ਮੇਰੇ ਜਿਹੇ ਨੇ ਜਿੰਦਗੀ ਵਿਚ ਬੱਸ ਇਕ ਕੰਮ ਹੀ ਚੰਗਾ ਕੀਤਾ ਹੁੰਦਾ ਤੇ ਸਾਡਾ ਮੀਡੀਆ ਉਸ ਨੂੰ ਫ਼ਰਿਸ਼ਤਾ ਬਣਾ ਕੇ ਪੇਸ਼ ਕਰ ਦਿੰਦਾ ਹੈ।ਅਸੀਂ ਉਸ ਨੂੰ ਘੋਖੇ ਤੋਂ ਬਿਨਾਂ ਹੀ ਰੱਬ ਦਾ ਦਰਜਾ ਦੇ ਦਿੰਦੇ ਹਾਂ।ਬੱਸ ਉਹੀ ਕਹਾਣੀ ਮੈਨੂੰ ਡਾਕਟਰ ਹਰਸ਼ਿੰਦਰ ਕੌਰ ਦੇ ਮਾਮਲੇ ਵਿਚ ਨਜ਼ਰ ਆ ਰਹੀ ਹੈ। ਦਿਲ ਵਿਚ ਵਾ-ਵਰੋਲੇ ਜਿਹੇ ਤਾਂ ਕਾਫੀ ਚਿਰ ਤੋਂ ਉਠ ਰਹੇ ਸਨ ਕਿ ਖੁੱਲ੍ਹ ਕੇ ਡਾਕਟਰ ਸਾਹਿਬ ਬਾਰੇ ਜਾਣਿਆ ਜਾਵੇ।ਪਰ ਕੁਝ ਰੁਝੇਵਿਆਂ ਕਾਰਨ ਇੰਜ ਕਰ ਨਾ ਸਕਿਆ।ਪਰ ਹੁਣ ਛੁੱਟੀਆਂ ਹੋਣ ਕਾਰਨ ਅਤੇ ਆਸਟ੍ਰੇਲੀਆ ਤੋਂ ਇੰਡੀਆ ਆਇਆ ਹੋਣ ਕਰਕੇ ਵਕਤ ਦੀ ਕੋਈ ਕਮੀ ਨਹੀਂ ਤੇ ਉੱਤੋਂ ਧੁਖਦੀ ਤੇ ਤੇਲ ਅੱਜ ਦੇ ੨੦ ਦਸੰਬਰ  ਦੇ ਸਪੋਕਸਮੈਨ ਵਿਚ ਛਪੇ ਡਾਕਟਰ ਹਰਸ਼ਿੰਦਰ ਕੌਰ ਦੇ ਲੇਖ ਨੇ ਪਾ ਦਿਤਾ। ਮੈਨੂੰ ਚੰਗੀ ਤਰ੍ਹਾਂ ਪਤਾ ਕਿ ਮੇਰੀ ਹਸਤੀ ਡਾਕਟਰ ਸਾਹਿਬ ਦੇ ਮੁਕਾਬਲੇ ਕੁਝ ਵੀ ਨਹੀਂ ਤੇ ਲੋਕ ਮੇਰੇ ਸੱਚ ਤੇ ਵਿਸ਼ਵਾਸ ਕਰਨ ਦੀ ਥਾਂ ਤੇ ਡਾਕਟਰ ਸਾਹਿਬ ਵਲੋਂ ਲਿਖੀਆਂ ਸਟੋਰੀਆਂ ਤੇ ਵਿਸ਼ਵਾਸ ਕਰਨਗੇ। ਪਰ ਇਸ ਨਾਲ ਮੈਨੂੰ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਮੈਨੂੰ ਪਤਾ ਜੇ ਡਾਕਟਰ ਹਰਸ਼ਿੰਦਰ ਕੌਰ ਨੂੰ ਸੱਚ ਲਿਖਣਾ ਆਉਂਦਾ ਹੈ ਤਾਂ ਉਸ ਵਿੱਚ ਸੱਚ ਸੁਣਨ ਦੀ ਸਮਰੱਥਾ ਵੀ ਜਰੂਰ ਹੋਵੇਗੀ।ਰਹੀ ਲੋਕਾਂ ਦੀ ਗੱਲ ਤਾਂ ਜੇ ਉਹ ਡਾਕਟਰ ਸਾਹਿਬ ਦਾ ਸੱਚ ਸੁਣ ਸਕਦੇ ਹਨ ਤਾਂ ਉਹ ਮੇਰੇ ਸੱਚ ਵੱਲ ਵੀ ਜਰੂਰ ਧਿਆਨ ਦੇਣਗੇ।

ਮੈਂ ਇਥੇ ਸਪੱਸ਼ਟ ਕਰ ਦੇਣਾ ਚਾਹੁੰਦਾ ਹਾਂ ਕਿ ਨਾ ਤਾਂ ਮੇਰਾ ਕਿਸੇ ਨਾਲ ਕੋਈ ਵੈਰ ਹੈ ਤੇ ਨਾ ਹੀ ਕਦੇ ਮੈਂ ਕਿਸੇ ਨਾਲ ਸਾੜਾ ਕੀਤਾ ਹੈ। ਬਸ ਜੇ ਕੁੱਝ ਹਜ਼ਮ ਨਹੀਂ ਕਰ ਸਕਦਾ ਤਾਂ ਉਹ ਹੈ ਇਕ ਝੂਠ ਤੇ ਉਹ ਭਾਵੇਂ ਕਿਸੇ ਨੇ ਵੀ ਬੋਲਿਆ ਹੋਵੇ।ਅੱਜ ਤੱਕ ਮੇਰੀ ਨਜ਼ਰਾਂ ਵਿੱਚ ਵੀ ਇਸ ਬੀਬੀ ਲਈ ਉਨ੍ਹਾਂ ਹੀ ਸਤਿਕਾਰ ਸੀ ਜਿਨ੍ਹਾਂ ਹਾਲੇ ਤੁਹਾਨੂੰ ਹੈ। ਇਸ ਦਾ ਕਾਰਨ ਲਿਖਣ ਦੀ ਲੋੜ ਨਹੀਂ ਕਿਉਂਕਿ ਇਹ ਸਭ ਜੱਗ ਜ਼ਾਹਰ ਹੈ। ਇਸ ਬੀਬੀ ਵਲੋਂ ਲਿਖੇ ਤੇ ਬੋਲੇ ਹਰ ਸ਼ਬਦ ਤੇ ਲੋਕਾਂ ਫੁੱਲ ਚੜ੍ਹਾਏ ਹਨ। ਪਰ ਅੱਜ ਦੇ ਇਸ ਲੇਖ ਨੇ ਜੋ ਤਸਵੀਰ ਇਸ ਬੀਬੀ ਦੀ ਮੇਰੀਆਂ ਨਜ਼ਰਾਂ 'ਚ ਬਣਾ ਦਿੱਤੀ ਹੈ; ਉਸ ਨੂੰ ਭੁੱਲਣ ਲਈ ਇਹ ਜਨਮ ਕਾਫ਼ੀ ਨਹੀਂ ਲਗ ਰਿਹਾ।

ਲੇਖਕ ਨੂੰ ਸਮਾਜ ਦਾ ਸ਼ੀਸ਼ਾ ਕਿਹਾ ਜਾਂਦਾ ਤੇ ਜੇ ਸ਼ੀਸ਼ਾ ਹੀ ਝੂਠ ਬੋਲਣ ਲਗ ਜਾਵੇ ਤਾਂ ਕਿ ਬਣੂ? ਲੇਖਕ ਵੀ ਉਹੋ ਜਿਹਾ ਜਿਸ ਦੀ ਪਹਿਚਾਣ ਹੀ ਉਸ ਵੱਲੋਂ ਬੋਲੇ ਇਕ ਕੋੜੇ ਸੱਚ ਨੇ ਬਣਾਈ ਹੋਵੇ। ਲੋਕਾਂ ਦੇ ਇਸ ਵਿਸ਼ਵਾਸ ਤੇ ਪੂਰਾ ਉੱਤਰਨ ਲਈ ਤਾਂ ਜ਼ਿੰਮੇਵਾਰੀਆਂ ਹੋਰ ਵੀ ਵੱਧ ਜਾਂਦੀਆਂ ਹਨ। ਇਹੋ ਜਿਹੇ ਮੁਕਾਮ ਤੇ ਪਹੁੰਚ ਕੇ ਤਾਂ ਬੋਲਣ ਤੋਂ ਪਹਿਲਾਂ ਇਕ ਵਾਰ ਤੋਲਣਾ ਕਾਫ਼ੀ ਨਹੀਂ ਹੁੰਦਾ।ਪਰ ਮੈਨੂੰ ਅੱਜ ਦਾ ਇਹ ਲੇਖ ਪੜ੍ਹ ਕੇ ਇਹ ਸਮਝ ਨਹੀਂ ਆ ਰਿਹਾ ਕਿ ਇਕ ਦੁਨੀਆ ਵੱਲੋਂ ਪ੍ਰਵਾਨਿਤ ਇਨਸਾਨ ਵੀ ਇੰਨਾ ਲਾਪਰਵਾਹ ਹੋ ਸਕਦਾ ਹੈ। ਜਿਸ ਨੇ ਲਿਖਣ ਤੋਂ ਪਹਿਲਾਂ ਇਹ ਵੀ ਨਹੀਂ ਸੋਚਿਆ ਕਿ ਉਹ ਜੋ ਲਿਖ ਰਹੀ ਹੈ ਉਸ ਦਾ ਅਸਰ ਉਹਨਾਂ ਬੱਚਿਆਂ ਅਤੇ ਮਾਪਿਆ ਤੇ ਕੀ ਹੋਵੇਗਾ ਜਿਨ੍ਹਾਂ ਦਾ ਬੱਸ ਇਕ ਕਸੂਰ ਹੈ ਕਿ ਉਹਨਾਂ ਦਾ ਸੰਬੰਧ ਵੀ ਆਸਟ੍ਰੇਲੀਆ ਨਾਲ ਹੈ।ਨਾ ਹੀ ਤਾਂ ਉਹਨਾਂ ਦੇ ਬੱਚੇ ਚੋਰ ਹਨ ਤੇ ਨਾ ਹੀ ਬੇਇੱਜ਼ਤ ਹਨ।

੨੦ ਦਸਬੰਰ ਦੇ ਇਸ ਲੇਖ ਵਿੱਚ ਜੋ ਘਾਣ ਇਸ ਬੀਬੀ ਨੇ ਆਸਟ੍ਰੇਲੀਆ ਗਏ ਬੱਚਿਆਂ ਤੇ ਉਹਨਾਂ ਦੇ ਮਾਪਿਆਂ ਦਾ ਕੀਤਾ।ਉਸ ਦਾ ਅਸਰ ਅਖ਼ਬਾਰ ਲੋਕਾਂ ਦੇ ਹੱਥ ਆਉਂਦੇ ਹੀ ਸ਼ੁਰੂ ਹੋ ਗਿਆ। ਹਰ ਰੋਜ ਵਾਂਗ ਅੱਜ ਜਦੋਂ ਮੈਂ ਸੱਥ ਵਿੱਚ ਖੁੰਢ ਚਰਚਾ ਸੁਣਨ ਗਿਆ ਤਾਂ ਉੱਥੇ ਸਾਰੇ ਮੈਨੂੰ ਪੈ ਗਏ ਕਹਿਣ ਵਲੈਤੀਆ ਤੂੰ ਤਾਂ ਬੜੀ ਪ੍ਰਸ਼ੰਸਾ ਕਰਦਾ ਰਹਿੰਦਾ ! 'ਆ ਉਧੇੜੇ ਆ ਪੱਚਰੇ ਬਾਈ ਸਪੋਕਸਮੈਨ ਵਾਲਿਆਂ ਨੇ' ਇਕ ਕਹੇ ਉਹ ਫ਼ਲਾਣਾ ਸਿਉ ਚੌੜਾ ਹੋ ਕੇ ਬਹਿੰਦਾ ਸੀ ਸੱਥ ਚ ਹੁਣ ਪਤਾ ਲੱਗਿਆ ਕਿ ਕੀ ਕਰਦੇ ਆ ਇਹਦੇ ਜੁਆਕ ਆਸਟ੍ਰੇਲੀਆ 'ਚ! ਬਾਈ ਆ ਸਦਕੇ ਇਸ ਬੀਬੀ ਦੇ!

ਮੈਂ ਇਹ ਲੇਖ ਕਾਹਲੀ-ਕਾਹਲੀ ਪੜ੍ਹਿਆ ਤੇ ਬਥੇਰੀ ਤਸੱਲੀ ਦੁਆਈ ਕਿ ਪੰਜੇ ਉਗਲਾਂ ਬਰਾਬਰ ਨਹੀਂ ਹੁੰਦੀਆਂ।ਇਕ-ਦੋ ਪਿੱਛੇ ਸਾਰੀਆਂ ਨੂੰ ਬਦਨਾਮ ਨਹੀਂ ਕਰੀ ਦਾ।ਪਰ ਸੱਥ ਵਿੱਚ ਜਿੰਨੇ ਮੂੰਹ ਉਨ੍ਹੀਆਂ ਗੱਲਾਂ ਕਹਿਣ ਯਾਰ ਆ ਡਾਕਟਰ ਝੂਠ ਨਹੀਂ ਲਿਖਦੀ। ਇਹ ਤਾਂ ਕਹੀ ਜਾਂਦੀ ਆ ਕੇ ਹਰ ਤੀਜੀ ਕੁੜੀ ਦਾ ਆਹ ਹਾਲ ਹੈ। ਮੈਂ ਸੋਚਾਂ ਵਿੱਚ ਪੈ ਗਿਆ ਕੇ ਆਸਟ੍ਰੇਲੀਆ ਵਿੱਚ ਜੇ ਕੁਲ ਸਟੂਡੈਂਟਸ ਦੀ ਗਿਣਤੀ ਡੇਢ ਲੱਖ ਦੇ ਕਰੀਬ ਹੈ, ਤਾਂ ਅੱਧ ਦੇ ਨੇੜ ਕੁੜੀਆਂ ਹਨ ਤੇ ਡਾਕਟਰ ਹਰਸ਼ਿੰਦਰ ਕੌਰ ਦੇ ਲਿਖਣ ਮੁਤਾਬਿਕ ਜੇ ਹਰ ਤੀਜੀ ਕੁੜੀ ਆਪਣਾ ਸਰੀਰ ਵੇਚਣ ਲਈ ਮਜਬੂਰ ਹੈ ਤਾਂ ਇਸ ਦਾ ਮਤਲਬ ਇਹ ਗਿਣਤੀ ਪੰਚੀ ਹਜ਼ਾਰ ਹੋ ਗਈ।  ਸ਼ਾਇਦ ਏਨੀ ਗਿਣਤੀ ਵਿੱਚ ਤਾਂ ਦਿੱਲੀ-ਕਲਕੱਤੇ ਦੇ ਬਦਨਾਮ ਬਜ਼ਾਰਾਂ ਵਿੱਚ ਵੇਸਵਾਵਾਂ ਦੀ ਵੀ ਨਾ ਹੋਵੇ।

ਬੱਸ ਮੈਂ ਤਾਂ ਸੋਚਾਂ ਦੇ ਖੂਹ ਵਿੱਚ ਬੈਠਾ ਇਹ ਹੀ ਸੋਚ ਰਿਹਾ ਸੀ ਕਿ ਕਿਸੇ ਨੂੰ ਤਾਂ ਬਖ਼ਸ਼ ਦਿੰਦੇ ਬੀਬੀ ਜੀ! ਆਪਣੀਆਂ ਧੀਆਂ ਨੂੰ ਵੇਸਵਾ ਤੇ ਪੁੱਤਾਂ ਨੂੰ ਚੋਰ ਲਿਖਣ ਤੋਂ ਪਹਿਲਾਂ ਤੁਹਾਡੇ ਹੱਥ ਕਿਉਂ ਨਹੀਂ ਕੰਮੇ! ਤੁਸੀ ਇਹ ਕਿਉਂ ਨਹੀਂ ਸੋਚਿਆ ਕਿ ਅੱਜ ਆਸਟ੍ਰੇਲੀਆ ਗਈ ਇਕ ਧੀ ਦਾ ਬਾਪੂ ਕਿਹੜੇ ਮੂੰਹ ਨਾਲ ਸੱਥ ਵਿੱਚ ਜਾ ਕੇ ਬੈਠੂ? ਆਸਟ੍ਰੇਲੀਆ ਵਿੱਚ ਤੁਹਾਨੂੰ ਸੱਦ ਕੇ ਸਨਮਾਨ ਕਰਨ ਵਾਲਿਆਂ ਦਾ ਮੈਂ ਵੀ ਇਕ ਅੰਗ ਸੀ। ਜਦੋਂ ਤੁਹਾਡੇ ਵੱਲੋਂ ਸਾਰੀਆਂ ਨੂੰ ਇਕੋ ਮੋਰੀ ਵਿੱਚ ਕੱਢ ਦੇ ਦੇਖਿਆ ਤਾਂ ਆਪਣੇ ਆਪ ਨਾਲ ਨਫ਼ਰਤ ਜਿਹੀ ਹੋ ਰਹੀ ਹੈ। ਅਸੀਂ ਤਾਂ ਏਨੇ ਚਿਰ ਤੋਂ ਆਸਟ੍ਰੇਲੀਆ ਵਿੱਚ ਰਹਿ ਰਹੇ ਹਾਂ ਸਾਨੂੰ ਤਾਂ ਕਦੇ ਇਹੋ ਜਿਹੀਆਂ ਪੰਜਾਬੀ ਵੇਸਵਾਵਾਂ ਨਹੀਂ ਮਿਲੀਆਂ ਜੋ ਇੰਜ ਸੜਕਾਂ ਤੇ ਸਾਡੇ ਹਿੰਦੁਸਤਾਨ ਦਾ ਨਾ ਬਦਨਾਮ ਕਰ ਰਹੀਆਂ ਹੋਣ। ਤੁਹਾਨੂੰ ਆਪਣੇ ਪੰਦਰਾਂ ਦਿਨਾਂ ਦੇ ਦੌਰੇ ਵਿੱਚ ਕੀ ਆਸਟ੍ਰੇਲੀਆ ਗਏ ਬੱਚਿਆਂ ਦਾ ਇਕ ਵੀ ਚੰਗਾ ਪੱਖ ਦਿਖਾਈ ਨਹੀਂ ਦਿਤਾ?

ਇਕ ਪਾਸੇ ਤਾਂ ਬੀਬਾ ਜੀ ਲਿਖ ਰਹੇ ਹਨ ਕਿ ਇੰਡੀਅਨ  ਸਟੂਡੈਂਟ ਇਕ-ਇਕ ਦੋ-ਦੋ ਡਾਲਰਾਂ ਲਈ ਆਪਣਾ ਸਰੀਰ ਤਕ ਵੇਚ ਰਹੇ ਹਨ, ਚੋਰੀ-ਚਕਾਰੀ ਕਰ ਰਹੇ ਹਨ ਤੇ ਇਕ ਪਾਸੇ ਇਹਨਾਂ ਨੂੰ ਪੰਜਾਬੀ ਕੁੜੀਆਂ ਬੀਅਰ ਦੇ ਕੇਸ ਖ਼ਰੀਦ ਦੀਆਂ ਦਿਖਾਈ ਦੇ ਰਹੀਆਂ ਹਨ। ਮੈਂ ਤਾਂ ਹੁਣ ਤਕ ਹਜ਼ਾਰਾਂ ਇਹੋ ਜਿਹੇ ਵਿਦਿਆਰਥੀਆਂ ਨੂੰ ਜਾਣਦਾ ਜਿੰਨਾ ਆਪਣੀ ਸਖ਼ਤ ਮਿਹਨਤ ਨਾਲ ਆਪਣਾ ਭਵਿੱਖ ਰੋਸ਼ਨ ਕਰ ਲਿਆ ਹੈ। ਕੁੱਝ ਕਿਸਮਤ ਦੇ ਮਾਰੇ ਜਰੂਰ ਹਾਲੇ ਸੰਘਰਸ਼ ਕਰ ਰਹੇ ਹਨ। ਉਹਨਾਂ ਵਿੱਚੋਂ ਵੀ ਇੱਕਾ-ਦੁੱਕਾ ਹੀ ਇਹੋ ਜਿਹੇ ਹੋਣਗੇ ਜਿਨ੍ਹਾਂ ਆਪਣੀ ਜ਼ਮੀਰ ਨਾਲ ਸਮਝੌਤਾ ਕਰਕੇ ਗ਼ਲਤ ਰਾਹ ਚੁਣਿਆ ਹੋਵੇਗਾ।ਇਹਨਾਂ ਦੀ ਗਿਣਤੀ ਮਸਾਂ ਕੁ ਸੈਂਕੜਿਆਂ 'ਚ ਹੋਵੇਗੀ ਨਾ ਕਿ ਹਜ਼ਾਰਾ 'ਚ ਪਰ ਤੁਸੀ ਤਾਂ ਸਾਰਿਆਂ ਨੂੰ ਇਕੋ ਤੱਕੜੀ ਤੋਲ ਦਿਤਾ।

ਆਸਟ੍ਰੇਲੀਆ ਵਿੱਚ ਪੰਜਾਬੀਆਂ ਦੇ ਕੁਲ ਛੇ ਅਖ਼ਬਾਰ ਨਿਕਲਦੇ ਹਨ ਤੇ ਜਿਨ੍ਹਾਂ ਵਿੱਚੋਂ ਇੱਕ ਦਾ ਮੈਂ ਵੀ ਸਬ-ਐਡੀਟਰ ਹਾਂ ।ਹਰ ਇਕ ਅਖ਼ਬਾਰ ਪੂਰਨ ਰੂਪ ਵਿੱਚ ਜਾਗਰੁਕ ਹੈ ਤੇ ਉਹ ਜਦੋਂ ਵੀ ਕੋਈ ਬੁਰਾਈ ਦੇਖਦਾ ਹੈ ਤਾਂ ਉਹ ਉਸ ਨੂੰ ਉਜਾਗਰ ਕਰਦਾ ਹੈ।ਸਾਡੀ ਨਵੀਂ ਪੀੜੀ ਜੇ ਕਦੇ ਗ਼ਲਤ ਰਸਤੇ ਜਾਣ ਦੀ ਕੋਸ਼ਿਸ਼ ਕਰਦੀ ਹੈ ਤਾਂ ਆਸਟ੍ਰੇਲੀਆ ਵਸਦੇ ਮੇਰੇ ਹਮ -ਕਲਮੀ ਆਪਣੇ ਲੇਖਾਂ ਰਾਹੀਂ ਉਸ ਨੂੰ ਸੇਧ ਦੇਣ ਦੀ ਕੋਸ਼ਿਸ਼ ਕਰਦੇ ਹਨ। ਅਸੀ ਕਿਸੇ ਕਿਸਮ ਦੀ ਉਣਤਾਈ ਦੇਖਦੇ ਹਾਂ ਤਾਂ ਸੱਚ ਲਿਖਣ ਤੋਂ ਪਿੱਛੇ ਨਹੀਂ ਹਟਦੇ।ਜੇ ਕੁੱਝ ਇੱਕ ਨੌਜਵਾਨਾ ਕਾਰਣ ਸਾਰੇ ਭਾਈਚਾਰੇ ਦਾ ਨਾਂ ਬਦਨਾਮ ਹੁੰਦਾ ਹੈ ਤਾਂ ਅਸੀਂ ਉਸ ਦੇ ਉਲਟ ਲਿਖਦੇ ਹਾਂ, ਨਾ ਕਿ ਹਰ ਇਕ ਨੂੰ ਇਕੋ ਮੋਰੀ ਕੱਢਦੇ ਹਾਂ। ਪਿੱਛੇ ਜਿਹੇ ਮੇਰੇ ਦੋ ਲੇਖ ਦੁਨੀਆ ਭਰ ਵਿੱਚ ਛਪੇ ਸਨ ਤੇ ਉਹਨਾਂ ਵਿੱਚ ਮੈਂ ਇਹਨਾਂ ਨੌਜਵਾਨਾ ਨੂੰ ਬੜੀ ਸਖ਼ਤ ਭਾਸ਼ਾ ਵਿੱਚ ਮਾੜਾ ਕਰਨ ਤੋਂ ਵਰਜਿਆ ਸੀ।ਪਰ ਉਸ ਵਕਤ ਵੀ ਜੇ ਮੈਨੂੰ ਇਹਨਾਂ ਨੌਜਵਾਨਾ ਨਾਲ ਕੋਈ ਗਿਲਾ ਸੀ ਤਾਂ ਉਹ ਕੇਵਲ ਸਿਰਫ਼ ਅਸਭਿਅਕ ਵਿਹਾਰ ਕਾਰਨ ਸੀ। ਜੋ ਕਰਦੇ ਤਾਂ ਕੁੱਝ ਇੱਕ ਲੋਕ ਸਨ ਤੇ ਭੁਗਤਦੇ ਸਾਰੇ ਸਨ। ਪਰ ਹੌਲੀ-ਹੌਲੀ ਇਹ ਵੀ ਦੂਰ ਹੋ ਰਿਹਾ ਹੈ ਤੇ ਹੁਣ ਸਿਰਫ਼ ਇੱਕਾ-ਦੁੱਕਾ ਘਟਨਾਵਾਂ ਨੂੰ ਛੱਡ ਕੇ ਕੋਈ ਜਿਆਦਾ ਸੁਣਨ ਨੂੰ ਨਹੀਂ ਮਿਲਦਾ।

ਬੀਬੀ ਜੀ ਦੇ ਇਸ ਲੇਖ ਤੋਂ ਬਾਅਦ ਤਾਂ ਇਕ ਹੀ ਨਤੀਜਾ ਨਿਕਲਦਾ ਹੈ ਕਿ ਆਸਟ੍ਰੇਲੀਆ ਵਿੱਚ ਕੰਮ ਕਰ ਰਹੀ ਪ੍ਰੈੱਸ ਇਮਾਨਦਾਰ ਨਹੀਂ ਇਹਨਾਂ ਨੂੰ ਇਥੇ ਬੈਠੀਆਂ ਨੂੰ ਇਹੋ ਜਿਹਾ ਕੁੱਝ ਵੀ ਦਿਖਾਈ ਨਹੀਂ ਦੇ ਰਿਹਾ ਤੇ ਇਕ ਸੈਰ-ਸਪਾਟਾ ਕਰਨ ਆਈ ਬੀਬੀ ਨੂੰ ਸਭ ਕੁੱਝ ਦਿੱਖ ਗਿਆ। ਇਸ ਦਾ ਮਤਲਬ ਜਾਂ ਤਾਂ ਆਸਟ੍ਰੇਲੀਆ ਵਿੱਚ ਬੈਠੀ ਹਿੰਦੁਸਤਾਨੀ ਪ੍ਰੈੱਸ ਅੰਨ੍ਹੀ ਹੈ ਜਾਂ ਇਮਾਨਦਾਰ ਨਹੀਂ । ਜੋ ਅੰਕੜੇ ਇਹਨਾਂ ਆਪਣੇ ਇਸ ਲੇਖ ਵਿੱਚ ਦਿੱਤੇ ਹਨ ਉਹ ਸਾਨੂੰ ਤਾਂ ਆਸਟ੍ਰੇਲੀਆ ਵਸਦਿਆਂ ਨੂੰ ਵੀ ਨਹੀਂ ਕੀਤੇ ਲੱਭੇ। ਮੈਂ ਆਸਟ੍ਰੇਲੀਆ ਦਾ ਕੋਨਾ-ਕੋਨਾ ਗਾਹ ਮਾਰਿਆ ਮੈਨੂੰ ਤਾਂ ਕਿਤੇ ਇਹੋ ਜਿਹੀਆਂ ਗਲੀਆਂ ਨਹੀਂ ਲੱਭੀਆਂ ਜਿਥੇ ਜਾਣ ਲਈ ਸਿਰ ਝੁਕਾਉਣਾ ਪਵੇ । ਜੇ ਕਿਸੇ ਇਕ ਕੁੜੀ ਨੇ ਇਹੋ ਜਿਹੀ ਹੱਡ ਬੀਤੀ ਡਾਕਟਰ ਸਾਹਿਬ ਨੂੰ ਸੁਣਾ ਦਿੱਤੀ ਤਾਂ ਇਹ ਤਾਂ ਨਹੀਂ ਹੋ ਗਿਆ ਕਿ ਆਸਟ੍ਰੇਲੀਆ ਜਾ ਕੇ ਹਰ ਕੁੜੀ ਕੰਵਾਰੀ ਮਾਂ ਬਣੀ ਫਿਰਦੀ ਹੈ। ਕੁੜੀ ਦੀ ਆਵਾਜ਼ ਦੁਨੀਆ ਮੂਹਰੇ ਲਿਆਉਣ ਵਾਲੀ ਡਾਕਟਰ ਹਰਸ਼ਿੰਦਰ ਕੌਰ ਨੇ ਆਸਟ੍ਰੇਲੀਆ ਵਿੱਚ ਪੜ੍ਹਾਈ ਕਰ ਰਹੀਆਂ ਕੁੜੀਆਂ ਦੀ ਕਿਸਮਤ ਮੂਹਰੇ ਇਕ ਸਵਾਲੀਆ ਨਿਸ਼ਾਨ ਲਗਾ ਦਿਤਾ ਹੈ। ਹੁਣ ਤਕ ਇਹਨਾਂ ਦੇ ਮਾਪੇ ਸੋਚਦੇ ਸਨ ਕਿ ਸਾਨੂੰ ਕੁੜੀ ਦੇ ਵਿਆਹ ਵਿੱਚ ਦਾਜ ਦੇਣ ਦੀ ਲੋੜ ਨਹੀਂ ਕਿਉਂਕਿ ਸਾਡੀ ਕੁੜੀ ਵਿਦੇਸ਼ ਵਿੱਚ ਸੈੱਟ ਹੈ। ਪਰ ਮੇਰੇ ਹਿਸਾਬ ਨਾਲ ਹੁਣ ਮੁੰਡੇ ਵਾਲੇ ਇਹ ਲੇਖ ਪੜ੍ਹ ਕੇ ਸੋ ਵਾਰ ਸੋਚਣਗੇ ਆਸਟ੍ਰੇਲੀਆ ਰਹਿੰਦੀ ਕੁੜੀ ਨਾਲ ਰਿਸ਼ਤਾ ਕਰਨ ਲਈ।

ਹਰ ਰੋਜ ਮੇਰੇ ਕੋਲ ਕਿਸੇ ਨਾ ਕਿਸੇ ਰੂਪ ਵਿੱਚ ਸੈਂਕੜੇ ਸਟੂਡੈਂਟਸ ਦੇ ਫ਼ੋਨ ਆਉਂਦੇ ਹਨ ਪਰ ਮੈਨੂੰ ਕਦੇ ਕਿਸੇ ਨੇ ਇਹੋ ਜਿਹੀਆਂ ਕਹਾਣੀਆਂ ਨਹੀਂ ਸੁਣਾਈਆਂ। ਇਸ ਲੇਖ ਨੂੰ ਪੜ੍ਹ ਕੇ ਮੈਂ ਕੁੱਝ ਇੱਕ ਇਹੋ ਜਿਹੇ ਜ਼ੁੰਮੇਵਾਰ ਬੰਦਿਆਂ ਨਾਲ ਗੱਲ ਕੀਤੀ ਜੋ ਕਿ ਪਿਛਲੇ ਵੀਹ ਤੋਂ ਵੀ ਜਿਆਦਾ ਸਾਲਾਂ ਤੋਂ ਆਸਟ੍ਰੇਲੀਆ ਰਹਿ ਰਹੇ ਹਨ ਤਾਂ ਕੇ ਮੈਂ ਜਾਣ ਸਕਾਂ ਕਿ ਕਿਤੇ ਮੈਂ ਹੀ ਤਾਂ ਗ਼ਲਤ ਨਹੀਂ ਤੇ ਡਾਕਟਰ ਹਰਸ਼ਿੰਦਰ ਕੌਰ ਸੱਚ ਲਿਖ ਰਹੀ ਹੋਵੇ?

ਸੱਥ ਵਿੱਚ ਬੈਠੇ ਲੋਕਾਂ ਨੂੰ ਵਿਸ਼ਵਾਸ ਦਿਵਾਉਣ ਲਈ ਮੈਂ ਪਿਛਲੇ ਪੰਦਰਾਂ ਵਰ੍ਹਿਆਂ ਤੋਂ ਟੈਕਸੀ ਚਲਾ ਰਹੇ ਇਕ ਪੰਜਾਬੀ ਨੂੰ ਫ਼ੋਨ ਮਿਲਾ ਕੇ ਲੋਕਾਂ ਮੂਹਰੇ ਸਵਾਲ ਕੀਤਾ ਕਿ ਪਿਛਲੇ ਪੰਦਰਾਂ ਵਰ੍ਹਿਆਂ ਵਿੱਚ ਤੁਸੀ ਕਿੰਨੀਆਂ ਪੰਜਾਬੀ ਕੁੜੀਆਂ ਨੂੰ ਵੇਸਵਾ ਪੁਣੇ ਕਰਦੇ ਦੇਖਿਆ? ਤਾਂ ਉਸ ਦਾ ਜਵਾਬ ਸੀ ਇਕ ਵੀ ਨਹੀਂ। ਪਰ ਡਾਕਟਰ ਸਾਹਿਬ ਨੂੰ ਪੰਦਰਾਂ ਦਿਨਾਂ ਵਿੱਚ ਪੱਚੀ ਹਜ਼ਾਰ ਕੁੜੀਆਂ ਇਸ ਧੰਦੇ ਵਿੱਚ ਦਿਸ ਗਈਆਂ।ਫੇਰ ਮੈਂ ਇਹੀ ਸਵਾਲ ਇਕ ਹੋਰ ਪੁਰਾਣੇ ਬੰਦੇ ਨੂੰ ਕਰਿਆ ਜੋ ਕਿ ਕਾਫ਼ੀ ਚਿਰ ਤੋਂ ਰੇਡੀਓ ਨਾਲ ਜੁੜਿਆ ਹੋਇਆ ਹੈ; ਉਸ ਦਾ ਜਵਾਬ ਵੀ ਪਹਿਲਾ ਨਾਲੋਂ ਵੱਖਰਾ ਨਹੀਂ ਸੀ। ਚਲੋ ਛੱਡੋ ਮੈਂ ਤਾਂ ਇਕ ਪਿੰਡ ਦੀ ਖੁੰਢ ਚਰਚਾ ਨੂੰ ਵਿਰਾਮ ਲੱਗਾ ਦਿਤਾ ਦੋ ਫ਼ੋਨ ਕਰਕੇ, ਪਰ ਬਾਕੀ ਬਾਰਾਂ ਹਜ਼ਾਰ ਚਾਰ ਸੋ ਪਿੰਡਾਂ ਤੇ ਵੱਡੇ-ਵੱਡੇ  ਸ਼ਹਿਰਾਂ ਦਾ ਕੀ ਬਣੂ ਜਿਥੇ ਆਸਟ੍ਰੇਲੀਆ ਨਾਲ ਜੁੜੇ ਹਰ ਬੰਦੇ ਪ੍ਰਤੀ ਬੁਰੇ ਵਿਚਾਰ ਪੈਦਾ ਹੋ ਗਏ ਹਨ।  

ਜੋ ਇਸ ਸਤਿਕਾਰ ਯੋਗ ਬੀਬਾ ਨੇ ਸਾਡੇ ਮੁੰਡਿਆਂ ਬਾਰੇ ਲਿਖਿਆ ਹੈ ਕਿ ਉਹ ਚੋਰੀਆਂ ਕਰਦੇ ਹਨ ਇਹ ਤਾਂ ਮੇਰੀ ਸਮਝੋ ਬਾਹਰ ਦੀ ਗੱਲ ਹੈ। ਹੁਣ ਤਕ ਇਕ ਸ਼ਿਕਾਇਤ ਤਾਂ ਆਉਂਦੀ ਸੀ ਕਿ ਇਹ ਅਸਭਿਅਕ ਹਨ। ਪਰ ਇਹ ਕਦੇ ਨਹੀਂ ਸੁਣਿਆ ਕਿ ਕੋਈ ਪੰਜਾਬੀ ਚੋਰੀ ਕਰਕੇ ਢਿੱਡ ਪਾਲਦਾ ।  ਇਕ ਹੋਰ ਬੀਬਾ ਜੀ ਨੇ ਲਿਖਿਆ ਕਿ ਇਕ ਦੁਆਬੇ ਦਾ ਮੁੰਡਾ ਉਹਨਾਂ ਨੂੰ ਮਿਲਿਆ ਜਿਸ ਕੋਲ ਇੰਡੀਆ ਵਿਚ ਸੋ ਕਿੱਲਾ ਜਮੀਨ ਸੀ  ਤੇ ਉਹ ਇਥੇ ਦਿਹਾੜੀ ਕਰ ਰਿਹਾ ਹੈ ਤੇ ਜਦੋਂ ਬੀਬਾ ਜੀ ਨੇ ਉਸ ਨੂੰ ਇੰਡੀਆ ਵਾਪਿਸ ਜਾਣ ਲਈ ਕਿਹਾ ਤਾਂ ਉਹ ਕਹਿੰਦਾ; ਕਿ ਹੁਣ ਉਸ ਕੋਲ ਇੰਡੀਆ ਵੀ ਕੁੱਝ ਨਹੀਂ ਸਭ ਵਿਕ ਗਿਆ। 'ਕਿਆ ਚੁਟਕਲਾ ਲਿਖਿਆ ਬੀਬਾ ਜੀ ਨੇ' ਜਾਂ ਫੇਰ ਉਸ ਮੁੰਡੇ ਨੇ ਆਪ ਘੜਿਆ ਹੋਣਾ? ਪਰ ਚਲੋ ਮੁੰਡੇ ਨੇ ਤਾਂ ਆਪਣੀ ਵਿਆਖਿਆ ਸੁਣਾ ਦਿੱਤੀ ਪਰ ਇੰਨੇ ਪੜ੍ਹੇ ਲਿਖੇ ਬੀਬਾ ਜੀ ਨੂੰ ਇਹ ਨਹੀਂ ਪਤਾ ਕਿ ਦੁਆਬੇ ਵਿੱਚ ੧੦੦ ਕਿਲ੍ਹੇ ਜਮੀਨ ਦਾ ਕੀ ਮੁੱਲ ਹੈ । ਇਕ ਮੁੰਡਾ ਤਾਂ ਕੀ ਦੁਆਬੇ ਦਾ ਸੋ ਕਿੱਲਾ ਤਾਂ ਇਕ ਪਿੰਡ ਨੂੰ ਵਿਦੇਸ਼ ਭੇਜ ਕੇ ਨਾ ਵਿਕੇ ।

ਅਸੀਂ ਵੀ ਬੀਬਾ ਜੀ ਦੀ ਇਕ ਗੱਲ ਨਾਲ ਸਹਿਮਤ ਹਾਂ ਕਿ ਐਵੇਂ ਦੇਖੋ-ਦੇਖੀ ਵਿਦੇਸ਼ ਵੱਲ ਭੱਜਣਾ ਸਹੀ ਨਹੀਂ ਹੈ ਪਰ ਜੋ ਉਦਾਹਰਣਾਂ ਦੇ ਕੇ ਉਹਨਾਂ ਲੋਕਾਂ ਨੂੰ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ ਉਹ ਸਾਡੇ ਹਜ਼ਮ ਨਹੀਂ ਹੋ ਰਿਹਾ।

ਡਾਕਟਰ ਸਾਹਿਬ ਨੇ ਆਪਣੀ ਫੀਲਡ ਵਿੱਚ ਬੜਾ ਸ਼ਲਾਘਾ ਯੋਗ ਕੰਮ ਕੀਤਾ ਹੈ। ਪਰ ਸਾਡੀ ਉਹਨਾਂ ਨੂੰ ਗੁੰਜਾਰਸ਼ ਹੈ ਕਿ ਕਿਰਪਾ ਕਰਕੇ ਕੁੱਝ ਵੀ ਲਿਖਣ ਤੋਂ ਪਹਿਲਾਂ ਉਸ ਨੂੰ ਚੰਗੀ ਤਰ੍ਹਾਂ ਘੋਖ ਲਿਆ ਕਰੋ। ਦੂਜੀ ਬੇਨਤੀ ਇਹ ਹੈ ਕਿ ਜਿਸ ਢੰਗ ਦੇ ਪ੍ਰਚਾਰ ਵਿੱਚ ਤੁਹਾਨੂੰ ਮੁਹਾਰਤ ਹਾਸਿਲ ਹੈ ਉਸ ਦੀ ਮੇਰੀ ਜਨਮ ਭੂਮੀ ਨੂੰ ਬੜੀ ਸਖ਼ਤ ਲੋੜ ਹੈ। ਸੋ ਐਵੇਂ ਕੁੱਝ ਡਾਲਰਾਂ ਲਈ ਆਪਣਾ ਵਕਤ ਵਿਦੇਸ਼ਾਂ ਦੇ ਦੌਰਿਆਂ ਚ ਨਾਂ ਖ਼ਰਾਬ ਕਰੋ ਕਿਉਂਕਿ ਵਿਦੇਸ਼ ਵਿੱਚ ਭਰੂਣ ਹੱਤਿਆ ਵਰਗੀ ਕੋਈ ਸਮੱਸਿਆ ਨਹੀਂ ਹੈ ਤੇ ਨਾਂ ਹੀ ਕਿਸੇ ਕੋਲ ਇੰਨਾ ਵਕਤ ਹੈ ਕਿ ਉਹ ਤੁਹਾਨੂੰ ਸੁਣ ਸਕਣ ਕਿਉਂਕਿ ਤੁਸੀ ਆਪ ਹੀ ਦੇਖ ਚੁੱਕੇ ਹੋ ਕਿ ਕਿੰਨੇ ਕੁ ਲੋਕ ਤੁਹਾਡੇ ਵਿਚਾਰ ਸੁਣਨ ਨੂੰ ਆਏ ਸਨ ਆਸਟ੍ਰੇਲੀਆ ਦੌਰੇ ਦੌਰਾਨ ।
......................

Tuesday, December 22, 2009

"21ਵੀਂ ਸਦੀ ਦਾ ਵਾਰਿਸ ਸ਼ਾਹ - ਸਤਿੰਦਰ ਸਰਤਾਜ" -ਰਿਸ਼ੀ ਗੁਲਾਟੀ, ਐਡੀਲੇਡ (ਆਸਟ੍ਰੇਲੀਆ)


"21ਵੀਂ ਸਦੀ ਦਾ ਵਾਰਿਸ ਸ਼ਾਹ - ਸਤਿੰਦਰ ਸਰਤਾਜ"   -ਰਿਸ਼ੀ ਗੁਲਾਟੀ, ਐਡੀਲੇਡ (ਆਸਟ੍ਰੇਲੀਆ)
ਸੰਗੀਤ ਹਿੰਦੁਸਤਾਨੀਆਂ ਦੇ ਖੂਨ ਵਿੱਚ ਰਚਿਆ ਹੋਇਆ ਹੈ | ਜਿੱਥੇ ਅਕਬਰ ਦੇ ਰਾਜ ਵਿੱਚ ਤਾਨਸੇਨ ਵਰਗਾ ਗਾਇਕ ਉਸਦੇ ਨੌਂ ਰਤਨਾਂ ਵਿੱਚ ਸ਼ਾਮਿਲ ਸੀ, ਉੱਥੇ ਔਰੰਗਜ਼ੇਬ ਦੇ ਸਾਸ਼ਨਕਾਲ ਵਿੱਚ ਸੰਗੀਤ ਦਾ ਪਤਨ ਸ਼ੁਰੂ ਹੋਇਆ | ਔਰੰਗਜੇਬ ਦਾ ਵਿਚਾਰ ਸੀ ਕਿ ਸੰਗੀਤ ਬੰਦੇ ਨੂੰ ਰੱਬ ਤੋਂ ਦੂਰ ਕਰਦਾ ਹੈ | ਉਸਨੇ ਆਪਣੇ ਰਾਜ 'ਚੋਂ ਸੰਗੀਤ ਤੇ ਸੰਗੀਤਕਾਰਾਂ ਨੂੰ ਖਤਮ ਕਰਨ ਲਈ ਫਰਮਾਨ ਜਾਰੀ ਕੀਤਾ | ਇਸ ਫਰਮਾਨ ਦੇ ਤਹਿਤ ਗੀਤ ਸੰਗੀਤ ਵਾਲੇ ਬੰਦੇ ਨੂੰ ਕੈਦ ਤੋਂ ਲੈ ਕੇ ਫਾਂਸੀ ਤੱਕ ਦੀ ਸਜ਼ਾ ਹੋ ਸਕਦੀ ਸੀ | ਵਿਆਹਾਂ ਸ਼ਾਦੀਆਂ ਆਦਿ ਵਿੱਚ ਵੀ ਨੱਚਣ ਟੱਪਣ ਤੇ ਰੋਕ ਲਗਾ ਦਿੱਤੀ ਗਈ | ਸੰਗੀਤ ਦੇ ਚਹੇਤੇ ਸ਼ਹਿਰ ਛੱਡ ਕੇ ਵੀਰਾਨਿਆਂ 'ਚ ਜਾ ਲੁਕੇ ਤੇ ਉੱਥੇ ਲੁਕ ਛਿਪ ਕੇ ਰਿਆਜ਼ ਕਰਦੇ | ਅਕਬਰ ਤੋਂ ਬਾਅਦ ਔਰੰਗਜ਼ੇਬ ਵੀ ਇਸ ਦੁਨੀਆਂ ਤੋਂ ਚਲਾ ਗਿਆ ਪਰ ਸੰਗੀਤ ਤੇ ਪਾਬੰਦੀ ਜਾਰੀ ਰਹੀ | ਮੁੜ ਇੱਕ ਅਜਿਹਾ ਸਮਾਂ ਆਇਆ ਜਦ ਕਿ ਸੰਗੀਤ ਨੂੰ ਜਿੰਦਾ ਰੱਖਣ ਲਈ ਅੱਲ੍ਹਾ ਤਾਲਾ ਨੇ ਇੱਕ ਸ਼ਖਸ ਦੀ ਜਿੰਮੇਵਾਰੀ ਲਗਾਈ, ਜੋ ਕਿ ਵਾਰਿਸ ਸ਼ਾਹ ਦੇ ਨਾਮ ਨਾਲ ਜਾਣਿਆ ਜਾਂਦਾ ਹੈ | ਉਸਨੇ ਸੂਫ਼ੀ ਸੰਗੀਤ ਦੀ ਅਜਿਹੀ ਲੀਹ ਤੋਰੀ, ਜਿਸਤੇ ਚੱਲਦਿਆਂ ਮੌਜੂਦਾ ਸਮੇਂ ਦੇ ਕਈ ਗਾਇਕ ਬੜਾ ਨਾਮਣਾ ਖੱਟ ਚੁੱਕੇ ਹਨ | ਮੌਜੂਦਾ ਸਮੇਂ ਵਿੱਚ ਕਿਸੇ ਸ਼ਹਿਨਸ਼ਾਹ ਵੱਲੋਂ ਨਾ ਤਾਂ ਸੰਗੀਤ ਤੇ ਪਾਬੰਦੀ ਲਗਾਈ ਗਈ ਹੈ ਤੇ ਨਾ ਹੀ ਸੰਗੀਤ ਜਾਂ ਗਾਇਕਾਂ ਦੇ ਖਿਲਾਫ਼ ਕਿਸੇ ਕਿਸਮ ਦਾ ਫਰਮਾਨ ਜਾਰੀ ਹੋਇਆ ਹੈ ਪਰ ਪੰਜਾਬੀ ਸੰਗੀਤ ਲਗਾਤਾਰ ਆਪਣੇ ਪਤਨ ਵੱਲ ਵਧ ਰਿਹਾ ਹੈ | ਇਸ ਦਾ ਪ੍ਰਮੁੱਖ ਕਾਰਣ ਗੀਤਾਂ ਤੇ ਗਾਇਕੀ ਦੇ ਮਿਆਰ ਵਿੱਚ ਲਗਾਤਾਰ ਆ ਰਿਹਾ ਨਿਘਾਰ ਹੈ | ਅਜਿਹੇ ਗੀਤ ਵੱਡੀ ਗਿਣਤੀ ਵਿੱਚ ਗਾਏ ਜਾ ਰਹੇ ਹਨ, ਜੋ ਕਿ ਪਰਿਵਾਰ ਵਿੱਚ ਬੈਠ ਕੇ ਸੁਨਣਯੋਗ ਨਹੀਂ ਹਨ | ਗਾਇਕੀ ਦੇ ਆਸਮਾਨ ਵਿੱਚ ਲਗਾਤਾਰ ਛਾ ਰਹੀ ਇਸ ਕਾਲੀ ਬੋਲੀ ਰਾਤ ਵਿੱਚ ਅਚਾਨਕ ਹੀ ਇੱਕ ਸਿਤਾਰੇ ਨੇ ਆਪਣੀ ਚਮਕ ਦਾ ਅਹਿਸਾਸ ਕਰਵਾਇਆ ਹੈ, ਜਿਸਦਾ ਨਾਮ ਹੈ ਸਤਿੰਦਰ ਸਰਤਾਜ | ਸਤਿੰਦਰ ਸਰਤਾਜ, ਜਿਸਦੇ ਸਰੋਤੇ ਉਸਨੂੰ "ਅੱਜ ਦਾ ਵਾਰਿਸ ਸ਼ਾਹ" ਦੀ ਉਪਾਧੀ ਉਸ ਸਮੇਂ ਹੀ ਦੇ ਚੁੱਕੇ ਹਨ, ਜਦ ਕਿ ਉਸਦੀ ਇੱਕ ਵੀ ਕੈਸਿਟ ਮਾਰਕਿਟ ਵਿੱਚ ਨਹੀਂ ਆਈ | "ਢੋਲ-ਢਮੱਕਿਆਂ" ਦੇ ਵਧਦੇ ਜਾ ਰਹੇ ਸ਼ੋਰ ਸ਼ਰਾਬੇ ਦੇ ਦੌਰ ਵਿੱਚ ਉਸਨੇ ਮਧੁਰ ਸੰਗੀਤ ਤੇ ਆਨੰਦਦਾਇਕ ਸ਼ਾਇਰੀ ਦਾ ਅਹਿਸਾਸ ਕਰਵਾਇਆ ਹੈ | ਸਤਿੰਦਰ, ਜਿਸਦੇ ਇੱਕ-ਇੱਕ ਸ਼ਿਅਰ ਤੇ ਲੱਖਾਂ ਦੁਆਵਾਂ ਦੇਣ ਨੂੰ ਜੀਅ ਕਰਦਾ ਹੈ, ਜਦ ਗਾਇਨ ਕਰਦਾ ਹੈ ਤਾਂ ਜਾਪਦਾ ਹੈ ਜਿਵੇਂ ਵਰ੍ਹਿਆਂ ਤੋਂ ਤਪ ਰਹੇ ਰੇਗਿਸਤਾਨ ਵਿੱਚ ਨਿੱਕੀਆਂ-ਨਿੱਕੀਆਂ ਕਣੀਆਂ ਦਾ ਮੀਂਹ ਪੈ ਰਿਹਾ ਹੋਵੇ, ਮਾਰੂਥਲ ਦੀ ਤਪਦੀ ਹਿੱਕ ਦਾ ਸੇਕ ਮੱਠਾ ਪੈ ਰਿਹਾ ਹੋਵੇ | ਇੱਕ ਅਜੀਬ ਜਿਹੇ ਆਨੰਦ ਦਾ ਅਹਿਸਾਸ ਕਰਵਾਉਂਦਾ ਹੈ |
ਸਤਿੰਦਰ ਦਾ ਜਨਮ ਪੰਜਾਬ ਦੇ ਪਿੰਡ ਬਜਰੌਰ (ਹੁਸ਼ਿਆਰਪੁਰ) ਵਿਖੇ 31 ਅਗਸਤ ਨੂੰ ਹੋਇਆ | ਜਦ ਪਿਤਾ ਸ੍ਰ. ਬਲਵਿੰਦਰ ਸਿੰਘ ਤੇ ਮਾਤਾ ਸਤਨਾਮ ਕੌਰ ਨੇ ਸੁੱਖਾਂ ਲੱਧੇ ਇਸ ਪੁੱਤਰ ਦਾ ਨਾਮ ਸਤਿੰਦਰ ਸਿੰਘ ਰੱਖਿਆ ਸੀ ਤਾਂ ਕੌਣ ਜਾਣਦਾ ਸੀ ਕਿ ਜਵਾਨੀ ਦੀ ਦੇਹਰੀ ਤੇ ਪੈਰ ਧਰਦਿਆਂ ਹੀ ਸਤਿੰਦਰ, ਸਤਿੰਦਰ ਸਰਤਾਜ ਬਣਕੇ ਮਾਪਿਆਂ ਨੂੰ ਏਨਾਂ ਮਾਣ, ਏਨੀ ਇੱਜ਼ਤ ਤੇ ਏਨੀਆਂ ਖੁਸ਼ੀਆਂ ਦੇਵੇਗਾ ਕਿ ਝੋਲੀਆਂ ਛੋਟੀਆਂ ਪੈ ਜਾਣਗੀਆਂ | ਸਤਿੰਦਰ ਨੇ ਬਚਪਨ ਵਿੱਚ ਹੀ ਬਾਲ ਸਭਾਵਾਂ ਵਿੱਚ ਗਾਉਣਾ ਸ਼ੁਰੂ ਕਰ ਦਿੱਤਾ | ਸਮਾਂ ਵਿਹਾ ਕੇ, ਅੰਞਾਣੀ ਉਮਰ 'ਚ ਲੱਗੇ ਗਾਉਣ ਦੇ ਸ਼ੌਂਕ ਤੋਂ, ਸੂਫ਼ੀ ਗਾਇਨ ਦੀ ਅਜਿਹੀ ਚੇਟਕ ਲੱਗੀ ਕਿ ਉਸਨੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਸੂਫ਼ੀ ਗਾਇਨ ਵਿੱਚ ਐਮ. ਫਿਲ਼ ਤੇ ਪੀ.ਐਚ.ਡੀ. ਕੀਤੀ | ਇਸ ਤੋਂ ਪਹਿਲਾਂ ਸੰਗੀਤ ਵਿੱਚ ਗ੍ਰੈਜੂਏਸ਼ਨ ਕਰਨ ਦੇ ਨਾਲ ਨਾਲ ਕਲਾਸੀਕਲ ਮਿਊਜ਼ਕ ਦਾ ਪੰਜ ਸਾਲਾ ਡਿਪਲੋਮਾ ਕੀਤਾ ਤੇ ਸੰਗੀਤ ਵਿੱਚ ਹੀ ਮਾਸਟਰ ਡਿਗਰੀ ਹਾਸਲ ਕੀਤੀ | ਹੁਣ ਉਹ ਪਿਛਲੇ ਕੁਝ ਵਰ੍ਹਿਆਂ ਤੋਂ ਪੰਜਾਬ ਯੂਨੀਵਰਸਿਟੀ ਵਿਖੇ ਹੀ ਵਿਦਿਆਰਥੀਆਂ ਨੂੰ ਸੰਗੀਤ ਦੀ ਸਿੱਖਿਆ ਦੇ ਰਿਹਾ ਹੈ | ਡਾਕਟਰ ਸਤਿੰਦਰ ਸਰਤਾਜ ਨੂੰ ਗਾਉਣ ਤੋਂ ਇਲਾਵਾ ਸ਼ਾਇਰੀ ਦਾ ਵੀ ਸ਼ੌਂਕ ਹੈ | ਉਹ ਸੂਫ਼ੀਆਨਾ ਦੇ ਆਸ਼ਕਾਂ ਦੀ ਰੂਹ ਨੂੰ ਆਪਣੇ ਹੀ ਲਿਖੇ ਸੱਜਰੇ ਗੀਤਾਂ ਤੇ ਨਜ਼ਮਾਂ ਦੇ ਗਾਇਨ ਰਾਹੀਂ ਸ਼ਰਸ਼ਾਰ ਕਰਦਾ ਹੈ | ਸਰਤਾਜ ਦਾ ਵਿਸ਼ਵਾਸ ਹੈ ਕਿ ਜੇਕਰ ਕੋਈ ਗਾਇਕ ਖੁਦ ਸ਼ਾਇਰੀ ਵੀ ਕਰਦਾ ਹੈ ਤਾਂ ਉਹ ਆਪਣੀਆਂ ਭਾਵਨਾਵਾਂ ਨੂੰ ਬੇਹਤਰ ਰੂਪ ਵਿੱਚ ਪੇਸ਼ ਕਰ ਸਕਦਾ ਹੈ | ਸ਼ਾਇਰੀ ਵਿੱਚ ਹੋਰ ਜ਼ਿਆਦਾ ਪਰਪੱਕਤਾ ਲਿਆਉਣ ਤੇ ਸੂਫ਼ੀ ਸ਼ਾਇਰੀ ਦੀਆਂ ਡੂੰਘਾਈਆਂ ਸਮਝਣ ਲਈ ਉਸਨੇ ਫਾਰਸੀ ਜ਼ੁਬਾਨ ਦਾ ਸਰਟੀਫਿਕੇਟ ਕੋਰਸ ਤੇ ਡਿਪਲੋਮਾ ਵੀ ਕੀਤਾ | ਗੌਰਤਲਬ ਹੈ ਕਿ ਸਰਤਾਜ ਪਹਿਲਾ ਉਹ ਗਾਇਕ ਹੈ, ਜੋ ਕਿ ਵਿੱਦਿਅਕ ਤੌਰ ਤੇ ਏਨਾ ਅਮੀਰ ਹੈ, ਤੇ ਉਸਨੇ ਸਮੁੱਚੀ ਵਿੱਦਿਆ ਵੀ ਸੰਗੀਤ ਦੀ ਹਾਸਿਲ ਕੀਤੀ | ਜ਼ਾਹਿਰ ਜਿਹੀ ਗੱਲ ਹੈ ਕਿ ਜਿਸ ਗਾਇਕ ਜਾਂ ਸ਼ਾਇਰ ਨੇ ਏਨੀ ਉੱਚਕੋਟੀ ਦੀ ਵਿੱਦਿਆ ਹਾਸਲ ਕੀਤੀ ਹੋਵੇ, ਉਹ ਸਾਡੀ ਸਰੋਤਿਆਂ ਦੀ ਸੰਗੀਤ ਦੀ ਭੁੱਖ, ਉਮੀਦ ਨਾਲੋਂ ਵੱਧ ਤੇ ਸਾਡੀ ਸੋਚ ਨਾਲੋਂ ਵੱਧ ਸੁਚੱਜੇ ਢੰਗ ਨਾਲ਼ ਸ਼ਾਂਤ ਕਰੇਗਾ | ਜੇਕਰ ਸਰਤਾਜ ਚਾਹੁੰਦਾ ਤਾਂ ਏਨੀ ਉੱਚੀ ਵਿੱਦਿਆ ਹਾਸਿਲ ਕਰਕੇ ਪੌਪ ਸਿੰਗਰ ਜਾਂ ਫਿਲਮੀ ਗਾਇਕੀ ਦੇ ਰਸਤੇ 'ਤੇ ਚੱਲ ਸਕਦਾ ਸੀ, ਜਿੱਥੇ ਸ਼ੌਹਰਤ ਦੇ ਨਾਲ਼-ਨਾਲ਼ ਦੌਲਤ ਵੀ ਬੇਹਿਸਾਬ ਹੈ, ਪ੍ਰੰਤੂ ਉਸਨੇ ਆਪਣੀ ਅੰਤਰ-ਆਤਮਾ ਦੀ ਗੱਲ ਸੁਣਦਿਆਂ ਮਹਾਨ ਸੂਫ਼ੀ ਸੰਤਾਂ ਬਾਬਾ ਫ਼ਰੀਦ ਜੀ, ਬੁੱਲੇ ਸ਼ਾਹ ਜੀ, ਸੁਲਤਾਨ ਬਾਹੂ ਜੀ ਤੇ ਬਾਬਾ ਸ਼ਾਹ ਹੁਸੈਨ ਜੀ ਦੇ ਦਿਖਾਏ ਮਾਰਗ 'ਤੇ ਚੱਲਣ ਦਾ ਫੈਸਲਾ ਕੀਤਾ ਤੇ ਸੂਫ਼ੀਆਨਾ ਨੂੰ ਛੋਂਹਦੀ ਹੋਈ ਸ਼ਾਇਰੀ ਤੇ ਸੰਗੀਤ ਨੂੰ ਚੁਣਿਆ |
ਸਰਤਾਜ ਕਈ ਦੇਸ਼ਾਂ ਵਿੱਚ ਆਪਣੀ ਕਲਾ ਦਾ ਜਾਦੂ ਦਿਖਾ ਚੁੱਕਿਆ ਹੈ, ਤੇ ਸੰਗੀਤ ਦੀ ਦੁਨੀਆਂ ਵਿੱਚ ਗੰਭੀਰਤਾ ਨਾਲ਼ ਸੋਚਣ ਵਾਲਾ ਨਾਮ ਬਣ ਚੁੱਕਿਆ ਹੈ | ਪਿੱਛੇ ਜਿਹੇ ਕੈਨੇਡਾ 'ਚ ਹੋਏ ਉਸਦੇ ਅਠਾਰਾਂ ਦੇ ਅਠਾਰਾਂ ਸ਼ੋਅ "ਹਾਊਸ ਫੁੱਲ" ਗਏ ਹਨ | ਭਾਰਤੀ ਸੰਗੀਤ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਕਿ ਟੋਰਾਂਟੋ 'ਚ ਕਿਸੇ ਕਲਾਕਾਰ ਦੇ ਇਕੱਠੇ ਪੰਜ ਸ਼ੋਅ ਹੋਏ ਹੋਣ ਤੇ ਉਹ ਵੀ ਸਾਰੀਆਂ ਦੀਆਂ ਸਾਰੀਆਂ ਟਿਕਟਾਂ ਵਿਕੀਆਂ ਹੋਈਆਂ ਹੋਣ | ਉਸਦੇ ਸ਼ੋਅ ਦੀਆਂ ਟਿਕਟਾਂ ਸਿਰਫ਼ 1 ਘੰਟਾ 35 ਮਿੰਟ ਦੇ ਰਿਕਾਰਡ ਟਾਈਮ 'ਚ ਵਿਕ ਗਈਆਂ | ਜਦੋਂ ਕੈਨੇਡਾ ਵਾਸੀਆਂ ਦੀ ਰੂਹ ਦੀ ਭੁੱਖ ਅਠਾਰਾਂ ਸ਼ੋਆਂ ਨਾਲ ਵੀ ਸ਼ਾਂਤ ਨਾ ਹੋਈ ਤਾਂ ਉਨ੍ਹਾਂ ਨੇ ਡਿਨਰ ਪਾਰਟੀਆਂ ਆਯੋਜਿਤ ਕੀਤੀਆਂ, ਜਿਨ੍ਹਾਂ 'ਚ ਸਰਤਾਜ ਨੇ ਆਪਣੇ ਫ਼ਨ ਦਾ ਮੁਜ਼ਾਹਰਾ ਕੀਤਾ | ਇਨ੍ਹਾਂ ਡਿਨਰ ਪਾਰਟੀਆਂ 'ਚ ਵੀ ਐਂਟਰੀ ਟਿਕਟ ਰਾਹੀਂ ਸੀ | ਹੁਣ ਸਰਤਾਜ ਨੇ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਵਿਖੇ ਸ਼ੋਅ ਕਰ ਇੱਥੋਂ ਦੇ ਸਰੋਤੇ ਵੀ ਕੀਲ ਲਏ ਹਨ |

ਸਰਤਾਜ ਸਾਦਗੀ ਪਸੰਦ ਸਖਸ਼ੀਅਤ ਦਾ ਨਾਮ ਹੈ | ਇਹ ਅਟਲ ਸਚਾਈ ਹੈ ਕਿ ਔਖੀ ਸ਼ਬਦਾਵਲੀ ਦੀ ਵਰਤੋਂ ਕਰਕੇ ਸ਼ਾਇਰੀ ਕਰਨੀ ਸੌਖੀ ਹੈ ਤੇ ਸੌਖੀ ਸ਼ਬਦਾਵਲੀ ਦੀ ਵਰਤੋਂ ਕਰਕੇ ਆਮ ਸਰੋਤੇ ਤੱਕ ਪਹੁੰਚ ਕਰਨੀ ਔਖਾ ਕੰਮ ਹੈ | ਕਈ ਸ਼ਾਇਰ ਆਪਣੀ ਸ਼ਾਇਰੀ ਵਿੱਚ ਉਰਦੂ ਆਦਿ ਦੇ ਔਖੇ ਸ਼ਬਦਾਂ ਦਾ ਇਸਤੇਮਾਲ ਕਰਦੇ ਹਨ, ਜਿਸ ਨਾਲ਼ ਉਹ ਆਮ ਬੰਦੇ ਦੀ ਪਹੁੰਚ ਜਾਂ ਸਮਝ ਤੋਂ ਬਾਹਰ ਹੋ ਜਾਂਦੇ ਹਨ ਪਰ ਸਰਤਾਜ ਦੀ ਕੋਸ਼ਿਸ਼ ਹੈ ਕਿ ਮਹਿਫ਼ਿਲ ਵਿੱਚ ਬੈਠਿਆਂ ਹਰ ਕੋਈ ਉਸ ਨਾਲ਼ ਗਾ ਸਕੇ | ਉਸਦੀ ਸ਼ਾਇਰੀ ਬੜੀ ਆਸਾਨੀ ਨਾਲ਼ ਆਮ ਬੰਦੇ ਦੀ ਸਮਝ ਵਿੱਚ ਆ ਜਾਂਦੀ ਹੈ | ਸਰਤਾਜ ਸੋਚਦਾ ਹੈ ਕਿ ਗਾਇਕੀ ਵਿੱਚ ਸਾਦਗੀ ਸਰੋਤਿਆਂ ਨੂੰ ਆਕਰਸ਼ਿਤ ਕਰਦੀ ਹੈ | ਉਸ ਅਨੁਸਾਰ ਸ਼ਾਇਰੀ ਸਿੱਖੀ ਨਹੀਂ ਜਾ ਸਕਦੀ | ਇਹ ਤਾਂ ਹੀ ਆਪਣੇ ਅੰਦਰ ਪੈਦਾ ਹੁੰਦੀ ਹੈ, ਜੇਕਰ ਕੁਦਰਤ ਨੇ ਜਜ਼ਬਾਤ ਸਮਝਣ ਦੀ ਭਾਵਨਾ ਬਖ਼ਸ਼ੀ ਹੋਵੇ | ਕੁਝ ਅਜਿਹੀ ਹੀ ਫ਼ਿਦਰਤ ਸਰੋਤਿਆਂ ਦੀ ਵੀ ਹੋਣੀ ਜ਼ਰੂਰੀ ਹੈ, ਉਨ੍ਹਾਂ ਵਿੱਚ ਵੀ ਸੁਨਣ ਦਾ ਜਜ਼ਬਾ ਹੋਣਾ ਚਾਹੀਦਾ ਹੈ |

ਭਾਵੇਂ ਲੱਖ ਲਫ਼ਜਾਂ ਨੂੰ ਪੀੜਾਂ 'ਚ ਪਰੋ ਲਵੇ
ਲੱਖ ਸੁਰਾਂ ਵੀ ਵੈਰਾਗ ਦੀਆਂ ਛੋਹ ਲਵੇ
ਭਾਵੇਂ ਗਾਵੇ 'ਸਰਤਾਜ' ਪੂਰਾ ਭਿੱਜ ਕੇ
ਭਾਵੇਂ ਗੀਤ ਨਾਲ਼ ਇੱਕ ਮਿਕ ਹੋ ਲਵੇ
ਜਦੋਂ ਮਨ ਕਿਤੇ ਹੋਰ ਹੈ ਸਰੋਤੇ ਦਾ
ਗਵੱਈਆ ਮਾਣ ਮੱਤਾ ਕੀ ਕਰੂ ?
ਦੇਸ਼ ਵਿਦੇਸ਼ ਦੇ ਲੱਖਾਂ ਦਿਲਾਂ ਦੀ ਧੜਕਣ ਬਣਦਾ ਜਾ ਰਿਹਾ ਸਰਤਾਜ ਖੁਦ ਜਨਾਬ ਨੁਸਰਤ ਫਤਿਹ ਅਲੀ ਖ਼ਾਨ ਸਾਹਿਬ ਤੋਂ ਪ੍ਰਭਾਵਿਤ ਹੈ | ਖੁਦ ਸ਼ਾਇਰੀ ਕਰਨ ਤੋਂ ਪਹਿਲਾਂ ਸਤਿੰਦਰ ਨੇ ਖ਼ਾਨ ਸਾਹਿਬ ਦੇ ਗੀਤ ਗਾ ਕੇ ਰਾਸ਼ਟਰੀ ਤੇ ਅੰਤਰ-ਰਾਸ਼ਟਰੀ ਪੱਧਰ ਦੀਆਂ ਪ੍ਰਤੀਯੋਗਿਤਾਵਾਂ ਜਿੱਤੀਆਂ ਹਨ | ਲੋਕਾਂ ਦੁਆਰਾ ਸਰਤਾਜ ਨੂੰ ਮਿਲਣ ਦੀ ਚਾਹਤ, ਫੋਟੋਗਰਾਫ਼ੀ ਤੇ ਆਟੋਗ੍ਰਾਫ਼ ਆਦਿ ਦੇ ਪਲਾਂ ਨੂੰ ਉਹ ਪ੍ਰਮਾਤਮਾ ਦੀ ਬਖਸ਼ਿਸ਼ ਮੰਨਦਾ ਹੈ | ਲੋਕਾਂ ਦੁਆਰਾ ਦਿੱਤੇ ਜਾ ਰਹੇ ਪਿਆਰ ਤੇ ਸਤਿਕਾਰ ਕਾਰਣ, ਉਹ ਸਰੋਤਿਆਂ ਪ੍ਰਤੀ ਆਪਣੀਆਂ ਜਿੰਮੇਵਾਰੀਆਂ ਨੂੰ ਹੋਰ ਜ਼ਿਆਦਾ ਸ਼ਿੱਦਤ ਨਾਲ਼ ਮਹਿਸੂਸ ਕਰਦਾ ਹੈ ਤੇ ਉਹਨਾਂ ਦੀਆਂ ਆਸਾਂ ਤੇ  ਉਮੀਦਾਂ 'ਤੇ ਖਰਾ ਉਤਰਣ ਦੇ ਵਾਅਦੇ ਆਪਣੇ ਆਪ ਨਾਲ਼ ਕਰਦਾ ਹੈ | ਅਜੋਕੇ ਸਮੇਂ ਵਿੱਚ ਪੰਜਾਬੀ ਗਾਇਕੀ ਵਿੱਚ ਦਿਨ-ਬ-ਦਿਨ ਆ ਰਹੇ ਨਿਘਾਰ ਦਾ ਕਾਰਣ "ਸੋਚ" ਹੈ | ਉਸ ਦੇ ਵਿਚਾਰ ਅਨੁਸਾਰ ਜੇਕਰ ਲੋਕ ਸੁਣਦੇ ਹਨ ਤਾਂ ਹੀ ਗਾਇਕ ਗਾ ਰਹੇ ਹਨ | ਕਿਸੇ ਇੱਕ ਨੂੰ ਦੋਸ਼ ਨਹੀਂ ਦਿੱਤਾ ਜਾ ਸਕਦਾ | ਸਭ ਨੂੰ ਆਪਣੀ ਸੋਚ ਬਦਲਣੀ ਪਵੇਗੀ | ਇੱਕ ਗੱਲ ਹੋਰ ਹੈ ਕਿ ਜੇਕਰ ਸਰੋਤੇ ਇਸ ਤਰ੍ਹਾਂ ਦੀ ਗਾਇਕੀ ਪਸੰਦ ਕਰਨਗੇ ਤਾਂ ਹੋ ਸਕਦਾ ਹੈ ਕਿ ਹੋਰ ਗਾਇਕ ਵੀ ਅਜਿਹੀ ਸਾਫ਼-ਸੁਥਰੀ ਗਾਇਕੀ ਦੇ ਰਾਹ 'ਤੇ ਤੁਰ ਪੈਣ ਤੇ ਪੰਜਾਬੀ ਗਾਇਕੀ ਦੇ ਮਿਆਰ ਦਾ ਲਗਾਤਾਰ ਗਿਰਦਾ ਜਾ ਰਿਹਾ ਗ੍ਰਾਫ਼ ਸੰਭਲ ਜਾਵੇ | ਸਰਤਾਜ ਅਨੁਸਾਰ ਖ਼ਾਸ ਤੌਰ ਤੇ ਵਿਦੇਸ਼ਾਂ ਵਿੱਚ ਬੱਚਿਆਂ ਨੂੰ ਆਪਣੀ ਮਾਂ-ਬੋਲੀ ਪੰਜਾਬੀ ਨਾਲ਼ ਜੋੜਨ ਦੇ ਉਪਰਾਲੇ ਕਰਨ ਦੀ ਲੋੜ ਹੈ | ਜਿਸਦੇ ਤਹਿਤ ਬੱਚਿਆਂ ਨੂੰ ਉਹਨਾਂ ਦੀ ਪਸੰਦ ਅਨੁਸਾਰ ਪੰਜਾਬੀ ਵਿੱਚ ਕਿਤਾਬਾਂ ਮੁਹੱਈਆ ਕਰਵਾਉਣਾ ਪਹਿਲਾ ਤੇ ਮਹੱਤਵਪੂਰਣ ਕੰਮ ਹੈ |
ਜਿੱਥੇ ਕਿ ਸ਼ਾਇਰ ਜਾਂ ਲੇਖਕ ਆਪਣੇ ਨਾਮ ਨਾਲ "ਨਿਮਾਣਾ" ਜਾਂ "ਵਿਚਾਰਾ" ਆਦਿ ਤਖੱਲਸ ਲਗਾਉਂਦੇ ਹਨ, ਡਾਕਟਰ ਸਤਿੰਦਰ ਸਿੰਘ ਨੇ ਆਪਣੇ ਨਾਮ ਨਾਲ਼ "ਸਰਤਾਜ" ਲਿਖ ਕੇ ਆਪਣੇ ਆਪ ਨੂੰ ਚਣੌਤੀ ਪੇਸ਼ ਕੀਤੀ ਤੇ ਥੋੜੇ ਸਮੇਂ ਦੌਰਾਨ ਲੋਕਾਂ ਦੇ ਦਿਲਾਂ 'ਚ ਵੱਸ ਕੇ ਵਾਕਈ ਹੀ ਸਭ ਦੇ "ਸਿਰ ਦਾ ਤਾਜ" ਬਣ ਬੈਠਾ | ਜਿਸ ਅੱਲ੍ਹੜ ਉਮਰੇ ਵਿਦਿਆਰਥੀ ਆਪਣੀ ਜਿੰਦਗੀ ਦੇ ਹਸੀਨ ਪਲਾਂ ਦਾ ਆਨੰਦ ਉਠਾਉਂਦੇ ਹਨ, ਸਤਿੰਦਰ ਨੇ ਉਹ ਪਲ ਲਾਇਬਰੇਰੀ 'ਚ ਪੁਸਤਕਾਂ ਦੀ ਸੰਗਤ ਵਿਚ ਗੁਜ਼ਾਰੇ | ਪੜ੍ਹਿਆ... ਪੜ੍ਹਿਆ... ਤੇ ਸਿਰਫ਼ ਪੜ੍ਹਿਆ... | ਸਤਿੰਦਰ ਨੂੰ ਵੀ ਇਸ ਗੱਲ ਦਾ ਮਾਣ ਹੈ ਕਿ ਉਸਨੇ ਵਕਤ ਜ਼ਾਇਆ ਨਾ ਕਰਕੇ, ਉਸਦੀ ਕਦਰ ਤੇ ਭਰਪੂਰ ਇਸਤੇਮਾਲ ਕੀਤਾ ਤੇ ਅੱਜ ਵਕਤ ਉਸਦੀ ਕਦਰ ਕਰ ਰਿਹਾ ਹੈ | ਅੱਜ ਸੰਜੀਦਾ ਉਮਰ ਦੇ ਸਰੋਤਿਆਂ ਦੇ ਨਾਲ਼-ਨਾਲ਼ ਨੌਜਵਾਨ ਪੀੜ੍ਹੀ ਵੀ ਸਰਤਾਜ ਨੂੰ ਪਸੰਦ ਕਰ ਰਹੀ ਹੈ, ਕਿਉਂ ਜੋ ਉਹ ਆਪਣੀ ਸ਼ਾਇਰੀ ਤੇ ਧੁਨਾਂ ਵਿੱਚ ਅਜਿਹੀਆਂ ਗੱਲਾਂ ਦਾ ਧਿਆਨ ਰੱਖਦਾ ਹੈ ਕਿ ਹਰ ਉਮਰ ਵਰਗ ਨੂੰ ਆਪਣੇ ਨਾਲ ਜੋੜ ਸਕੇ |

ਸਰਤਾਜ ਨੂੰ 2003 ਵਿੱਚ ਦੁਬਈ ਵਿਖੇ ਹੋਏ 32 ਦੇਸ਼ਾਂ ਦੇ ਸੱਭਿਆਚਾਰਕ ਮੇਲੇ ਵਿੱਚ "ਬੈਸਟ ਸੂਫ਼ੀ ਸਿੰਗਰ" ਦਾ ਐਵਾਰਡ ਮਿਲ ਚੁੱਕਾ ਹੈ | ਪੰਜਾਬ ਦੇ ਸਭ ਤੋਂ ਵੱਡੇ ਸੱਭਿਆਚਾਰਕ ਮੇਲੇ "ਮੋਹਨ ਸਿੰਘ ਯਾਦਗਾਰੀ ਮੇਲਾ" ਵਿੱਚ ਨਜ਼ਾਕਤ ਅਲੀ ਸਲਾਮਤ ਅਲੀ (ਕਲਾਸੀਕਲ ਸਿੰਗਰ) ਐਵਾਰਡ, ਰੋਟਰੈਕਟ ਕਲੱਬ ਵੱਲੋਂ ਯੂਥ ਆਇਕਨ ਐਵਾਰਡ 'ਤੇ ਕੈਨੇਡਾ ਦੇ ਹਰ ਸ਼ਹਿਰ ਵਿੱਚ ਉਸਦਾ ਸਨਮਾਨ ਹੋਇਆ ਹੈ | ਉਸਨੇ ਜ਼ੀ ਟੈਲੀਵੀਜ਼ਨ ਦੇ ਮਸ਼ਹੂਰ ਪ੍ਰੋਗਰਾਮ "ਜ਼ੀ ਅੰਤਾਕਸ਼ਰੀ" ਵਿੱਚ ਅਨੂੰ ਕਪੂਰ ਦੇ ਨਾਲ਼ ਮਹਿਮਾਨ ਕਲਾਕਾਰ ਦੇ ਤੌਰ ਤੇ ਸ਼ਿਰਕਤ ਕੀਤੀ | ਸਰਤਾਜ ਨੇ ਭਾਰਤ ਸਰਕਾਰ ਦੇ ਭਾਰਤੀ ਸੱਭਿਆਚਾਰ ਨਾਲ਼ ਸੰਬੰਧਿਤ ਅਦਾਰੇ ਤੋਂ ਸਕਾਲਰਸ਼ਿਪ ਹਾਸਲ ਕੀਤੀ ਤੇ 24ਵੇਂ ਸਰਬ-ਭਾਰਤੀ ਸੰਗੀਤ ਮੁਕਾਬਲੇ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ | ਵੱਖ-ਵੱਖ ਅਦਾਰਿਆਂ, ਕਾਲਜਾਂ ਤੇ ਯੂਨੀਵਰਸਿਟੀਆਂ ਵੱਲੋਂ ਕਰਵਾਏ ਗਏ ਸੰਗੀਤ ਮੁਕਾਬਲਿਆਂ ਵਿੱਚ ਉਹ ਜੱਜ ਦੀ ਭੂਮਿਕਾ ਅਦਾ ਕਰ ਚੁੱਕਾ ਹੈ | ਸਤਿੰਦਰ ਸਰਤਾਜ ਨੇ ਪੰਜਾਬ ਹੈਰੀਟੇਜ ਫਾਊਂਡੇਸ਼ਨ ਵੱਲੋਂ ਕਰਵਾਏ ਗਏ ਸੰਗੀਤ ਮੁਕਾਬਲੇ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ | ਉਸਨੇ ਵਾਰਿਸ ਸ਼ਾਹ ਤੇ ਬਣੀ ਡਾਕੂਮੈਂਟਰੀ ਫਿਲਮ ਵਿੱਚ ਵੀ ਗਾਇਨ ਕੀਤਾ |

ਮਧੁਰ ਆਵਾਜ਼ ਦਾ ਮਾਲਕ ਸਤਿੰਦਰ ਜਦ ਮਹਿਫ਼ਿਲ ਦਾ ਆਗਾਜ਼ ਕਰਦਾ ਹੈ ਤਾਂ ਸਭ ਤੋਂ ਪਹਿਲਾਂ ਸਟੇਜ ਤੇ ਸਜਾਏ ਗਏ ਸਾਜ਼ਾਂ ਨੂੰ ਸਿਰ ਨਿਵਾ ਕੇ ਨਮਸਕਾਰ ਕਰਦਾ ਹੈ | ਮੁੜ ਚੌਂਕੜਾ ਮਾਰ ਸਮਾਧੀ 'ਚ ਬੈਠੇ ਕਿਸੇ ਗਿਆਨੀ ਧਿਆਨੀ ਸਾਧੂ ਵਾਂਗ ਆਪਣਾ ਸੰਗੀਤ ਰੂਪੀ ਧੂਣਾ ਧੁਖਾਉਂਦਾ ਹੈ | ਵਾਰਿਸ ਸ਼ਾਹ ਵਰਗੀ ਪੁਸ਼ਾਕ ਪਹਿਨੀ ਬੈਠਾ ਸਰਤਾਜ ਅਜਿਹੇ ਸਮੇਂ ਜਦ ਸ਼ਿਅਰ ਬੋਲਦਾ ਹੈ ਤਾਂ ਸਾਖਸ਼ਾਤ "ਵਾਰਿਸ ਸ਼ਾਹ" ਦਾ ਵਾਰਿਸ ਹੀ ਜਾਪਦਾ ਹੈ | ਧੀਰ ਗੰਭੀਰ ਸਰਤਾਜ ਦੇ ਚਿਹਰੇ ਤੇ ਕਦੀ ਗੰਭੀਰਤਾ ਆਪਣਾ ਪ੍ਰਛਾਵਾਂ ਦਿਖਾਉਂਦੀ ਹੈ ਤੇ ਕਦੇ ਚੰਚਲ ਮੁਸਕਾਨ ਆਪਣਾ ਡੇਰਾ ਪਾ ਲੈਂਦੀ ਹੈ | ਸਭ ਤੋਂ ਪਹਿਲਾਂ ਉਹ ਪਰਮ ਪਿਤਾ ਪ੍ਰਮੇਸ਼ਵਰ ਦੇ ਚਰਨ-ਕਮਲਾਂ ਵਿੱਚ ਆਪਣੀ ਪ੍ਰਾਰਥਨਾ ਕਰਦਾ ਹੈ, ਆਪਣੇ ਕਲਾਮ "ਸਾਈਂ" ਨਾਲ਼.
ਸਾਈਂ ਵੇ... ਸਾਡੀ ਫਰਿਆਦ ਤੇਰੇ ਤਾਈਂ
ਸਾਈਂ ਵੇ... ਬਾਹੋਂ ਫੜ ਬੇੜਾ ਬੰਨੇ ਲਾਈਂ
ਸਾਈਂ ਵੇ... ਮੇਰਿਆਂ ਗੁਨਾਹਾਂ ਨੂੰ ਲੁਕਾਈਂ
ਸਾਈਂ ਵੇ... ਹਾਜ਼ਰਾ ਹਜ਼ੂਰ ਵੇ ਤੂੰ ਆਈਂ

ਕਲਾਮ ਜਦ ਆਪਣੇ ਸਿਖ਼ਰ ਤੇ ਪਹੁੰਚਦਾ ਹੈ ਤਾਂ ਮਹਿਫ਼ਿਲ 'ਚ ਜੁੜੇ ਸਰੋਤੇ ਆਨੰਦ ਦੀ ਰੌਂਅ ਵਿੱਚ ਵਹਿ ਜਾਂਦੇ ਹਨ | ਆਪਣੇ ਪਹਿਲੇ ਹੀ ਕਲਾਮ ਨਾਲ਼ ਸਭ ਨੂੰ ਕੀਲ ਲੈਂਦਾ ਹੈ ਸਰਤਾਜ | ਮੁੜ ਤਾਂ ਆਨੰਦ ਹੀ ਆਨੰਦ | ਦੋ ਹੀ ਗੱਲਾਂ ਹੁੰਦੀਆਂ ਨੇ, ਇੱਕ ਤਾਂ ਸਤਿੰਦਰ ਦੀ ਸ਼ਾਇਰੀ ਤੇ ਦੂਜੀਆਂ ਦਰਸ਼ਕਾਂ ਦੀਆਂ ਤਾੜੀਆਂ ਤੇ ਦਾਦ | ਦੋਨੋ ਇੱਕ ਦੂਜੇ ਦੇ ਪੂਰਕ ਬਣ ਜਾਂਦੇ ਹਨ | ਸਤਿੰਦਰ ਆਪਣੇ ਸਰੋਤਿਆਂ ਨੂੰ ਆਨੰਦ ਦੇ ਸਾਗਰ 'ਚ ਅਜਿਹੀਆਂ ਡੁੱਬਕੀਆਂ ਲਵਾਉਂਦਾ ਹੈ ਕਿ ਪਤਾ ਹੀ ਨਹੀਂ ਚੱਲਦਾ ਕਿ ਵਾਪਰ ਕੀ ਰਿਹਾ ਹੈ | ਬੱਸ ! ਸਮਾਂ ਹੀ ਰੁਕ ਜਾਂਦਾ ਹੈ | ਕਿਸੇ ਵੀ ਫ਼ਨਕਾਰ ਦੀ ਜਿੰਦਗੀ ਦੇ ਸਭ ਤੋਂ ਅਨਮੋਲ ਪਲ ਉਹ ਹੁੰਦੇ ਨੇ, ਜਦ ਮਹਿਫਲਾਂ ਵਿੱਚ ਹੌਸਲਾ ਅਫ਼ਜ਼ਾਈ ਹੁੰਦੀ ਹੈ, ਤਾੜੀਆਂ ਵੱਜਦੀਆਂ ਹਨ | ਸਰਤਾਜ ਦੀ ਜਿੰਦਗੀ ਦੇ ਯਾਦਗਾਰ ਪਲ ਵੀ ਅਜਿਹੇ ਹੀ ਹੁੰਦੇ ਨੇ, ਪਰ ਉਹ ਕਹਿੰਦਾ ਹੈ ਕਿ ਅਜੇ ਤਾਂ ਸੰਘਰਸ਼ ਚੱਲ ਰਿਹਾ ਹੈ |

ਇਹ ਲੇਖ ਲਿਖਣ ਤੋਂ ਪਹਿਲਾਂ ਸਰਤਾਜ ਦੀ ਗਾਇਕੀ ਨੂੰ ਨੇੜੇ ਤੋਂ ਜਾਨਣ ਲਈ 'ਕੱਲੇ ਬੈਠ, ਉਸਨੂੰ ਬਹੁਤ ਵਾਰੀ ਸੁਣਿਆ, ਮਹਿਸੂਸ ਕੀਤਾ | ਆਪਣੇ ਦਿਲੋ-ਦਿਮਾਗ ਨੂੰ ਖੁੱਲਾ ਛੱਡ ਦਿੱਤਾ, ਸਰਤਾਜ ਦੇ ਵਹਿਣ ਵਿੱਚ ਵਹਿਣ ਲਈ | ਸਰਤਾਜ ਦੇ ਨਾਲ਼-ਨਾਲ਼ ਫੁੱਲਾਂ ਦੇ ਬਾਗਾਂ, ਜੰਗਲਾਂ, ਬੇਲਿਆਂ 'ਚ ਖੂਬ ਘੁੰਮਿਆ, ਖੁੱਲੇ ਆਸਮਾਨ 'ਚ ਖੂਬ ਉਡਾਰੀਆਂ ਲਾਈਆਂ, ਡੂੰਘੇ ਸਮੁੰਦਰਾਂ 'ਚ ਖੂਬ ਤਾਰੀਆਂ ਲਾਈਆਂ | ਬੱਸ ਉਸਦੀ ਗਾਇਕੀ ਸੀ ਤੇ ਮੈਂ ਸਾਂ | ਜਦ ਉਸਦਾ "ਅੰਮੀ" ਕਲਾਮ ਸੁਣਿਆ ਤਾਂ ਫੁੱਟ-ਫੁੱਟ ਰੋਇਆ, ਮੇਰੀ ਮਾਂ ਪਲਾਂ-ਛਿਣਾਂ 'ਚ ਹੀ ਪੰਜਾਬ ਤੋਂ ਆ ਸਾਡੇ ਕੋਲ ਆ ਬੈਠੀ, ਮੈਂ ਉਸਦੀ ਆਮਦ ਨੂੰ, ਸਾਡੇ ਕੋਲ ਬੈਠਣ ਨੂੰ ਮਹਿਸੂਸ ਕਰ ਸਕਦਾ ਸਾਂ, ਪਰ ਉਸਨੂੰ ਛੂਹ ਨਹੀਂ ਸਕਦਾ ਸਾਂ, ਮਾਂ ਦਾ ਹੱਥ ਆਪਣੇ ਸਿਰ 'ਤੇ, ਆਪਣੇ ਚਿਹਰੇ 'ਤੇ ਫਿਰਦਾ ਹੋਇਆ ਦੇਖ ਤਾਂ ਰਿਹਾ ਸਾਂ ਪਰ ਉਸਦੀ ਛੋਹ ਮੇਰੇ ਤੋਂ ਹਜ਼ਾਰਾਂ ਕਿਲੋਮੀਟਰ ਦੂਰ ਸੀ | ਸਰਤਾਜ ਤਾਂ ਮੇਰੇ ਦਿਲ ਦਾ ਦਰਦ ਮੇਰੀਆਂ ਅੱਖਾਂ ਰਾਹੀਂ ਬਾਹਰ ਵਗਾ ਰਿਹਾ ਸੀ, ਪਰ ਪੰਜਾਬ ਬੈਠੀਆਂ ਹਜ਼ਾਰਾਂ ਮਾਵਾਂ ਦੇ ਦਰਦ ਨੂੰ ਮੈਂ ਸਮੁੰਦਰੋਂ ਪਾਰ ਬੈਠੀ ਆਪਣੀ ਮਾਂ ਦੇ ਚਿਹਰੇ ਤੇ ਦੇਖ ਰਿਹਾ ਸਾਂ |
ਦੂਰੋਂ ਬੈਠ ਦੁਆਵਾਂ ਕਰਦੀ ਅੰਮੀ
ਦੁੱਖ ਸਾਡੇ ਲੇਖਾਂ ਦੇ ਜਰਦੀ ਅੰਮੀ
ਵਿਹੜੇ ਵਿੱਚ ਬੈਠੀ ਦਾ ਜੀ ਜਿਹਾ ਡੋਲੇ
ਸਾਨੂੰ ਨਾਂ ਕੁਝ ਹੋ ਜਾਏ, ਡਰਦੀ ਅੰਮੀ

ਪੰਜਾਬ 'ਚ ਵਗਦੇ ਨਸ਼ੇ ਦੇ ਦਰਿਆ ਨੂੰ ਠੱਲ੍ਹ ਪਾਉਣ ਦੇ ਉਪਰਾਲਿਆਂ 'ਚ ਉਸਦੇ ਵਿਚਾਰ ਅਨੁਸਾਰ ਮੀਡੀਆ ਵੱਲੋਂ ਅਜਿਹੇ ਪ੍ਰੋਗਰਾਮ ਦਿਖਾਣੇ ਚਾਹੀਦੇ ਨੇ, ਜਿਸ ਨਾਲ ਨੌਜਵਾਨਾਂ ਨੂੰ ਪ੍ਰੇਰਣਾ ਮਿਲੇ |

ਓਹਦੀ ਦੀਦ ਵਾਲੀਆਂ ਸ਼ਰਾਬਾਂ ਮਿੱਠੀਆਂ
ਕਿਦਾਂ ਪਤਾ ਲੱਗੂ ਜੇ ਕਦੇ ਨਾ ਡਿੱਠੀਆਂ
ਇੱਕ ਅੱਧਾ ਘੁੱਟ ਪੀ ਕੇ ਦੇਖ ਤਾਂ ਸਹੀ
ਫੱਕਰਾਂ ਦੇ ਵਾਂਗ ਜੀ ਕੇ ਦੇਖ ਤਾਂ ਸਹੀ
ਐਵੇਂ ਪੀਈ ਜਾਨੈਂ ਸ਼ਰਾਬਾਂ ਕੌੜੀਆਂ
ਆਸ਼ਕਾਂ ਨੇ ਸਿੱਧੀਆਂ ਹੀ ਲਾਈਆਂ ਪੌੜੀਆਂ
'ਤੇ ਜਦ ਸਰਤਾਜ ਗਾਉਂਦਾ ਹੈ...
ਮੇਰੀ ਹੀਰੀਏ, ਫਕੀਰੀਏ, ਨੀ ਸੋਹਣੀਏਂ
ਤੇਰੀ ਖੁਸ਼ਬੂ ਨਸ਼ੀਲੀ ਮਨਮੋਹਣੀਏ

ਯਾਦ ਆਵੇ ਤੇਰੀ ਜਦੋਂ ਦੇਖਾਂ ਚੰਦ ਮੈਂ
ਤੂੰ ਹੀ ਦਿਸੇਂ ਜਦੋਂ ਅੱਖਾਂ ਕਰਾਂ ਬੰਦ ਮੈਂ
ਮੈਨੂੰ ਲੱਗੇਂ ਰਾਧਾ ਤੂੰ ਤੇ ਲਾਲ ਨੰਦ ਮੈਂ
ਕਾਸ਼ ਤੈਨੂੰ ਵੀ ਹੋਵਾਂ ਐਦਾਂ ਪਸੰਦ ਮੈਂ
....ਸੁਣ ਕੇ ਸੱਚੇ ਸੁੱਚੇ ਆਸ਼ਕਾਂ ਦੀ ਯਾਦ ਆਉਂਦੀ ਹੈ | ਰਾਧਾ ਕ੍ਰਿਸ਼ਨ ਜਿਹਾ ਪਵਿੱਤਰ ਇਸ਼ਕ ਕਰਨ ਨੂੰ ਮਨ ਲੋਚਦਾ ਹੈ | ਕਿਸੇ ਆਪਣੇ ਲਈ ਫਨਾਂ ਹੋ ਜਾਣ ਨੂੰ ਦਿਲ ਕਰਦਾ ਹੈ | ਜਾਪਦਾ ਹੈ ਇਸ਼ਕ ਹੀ ਰੱਬ ਦੀ ਭਗਤੀ ਕਰਨ ਦਾ ਰਸਤਾ ਹੋਵੇ | ਸਰਤਾਜ ਅਜਿਹੇ ਪਵਿੱਤਰ ਇਸ਼ਕ ਦਾ ਵਰਨਣ ਕਰਦਾ ਹੈ ਕਿ ਜੇਕਰ ਆਸ਼ਕ ਆਪਣੇ ਇਸ਼ਟ ਨਾਲ਼ ਅਜਿਹਾ ਇਸ਼ਕ ਕਰੇ ਤਾਂ ਯਕੀਨਨ ਰੱਬ ਨੂੰ ਪਾ ਲਵੇਗਾ |
ਉਸਨੇ ਅਜੇ ਲੰਬਾ ਸਫ਼ਰ ਤੈਅ ਕਰਨਾ ਹੈ | ਦੇਸ਼ ਜਾਂ ਵਿਦੇਸ਼ ਵਿੱਚ ਉਸਦੀਆਂ ਮਹਿਫ਼ਿਲਾਂ ਦੇ ਸਥਾਨ ਚੋਣਵੇਂ ਹੋ ਸਕਦੇ ਹਨ ਪਰ ਉਸਦੀ ਪਹੁੰਚ ਹਰ ਸ਼ਹਿਰ, ਹਰ ਪਿੰਡ, ਕਿਸਾਨ ਤੇ ਮਜ਼ਦੂਰ ਤੱਕ ਹੋਣੀ ਯਕੀਨੀ ਹੈ | ਜਾਪਦਾ ਹੈ ਕਿ ਉਹ ਸਮਾਂ ਦੂਰ ਨਹੀਂ ਕਿ ਜਿਵੇਂ ਕਿਸੇ ਸਮੇਂ ਹਰ ਨੌਜਵਾਨ ਦੀ ਜ਼ੁਬਾਨ ਤੇ "ਹੀਰ" ਨੇ ਆਪਣੀ ਪਹੁੰਚ ਕੀਤੀ ਸੀ, ਇੱਕੀਵੀਂ ਸਦੀ ਦੇ ਇਸ ਵਾਰਿਸ ਸ਼ਾਹ ਦੇ ਸਮੇਂ ਵਿੱਚ ਹਰ ਨੌਜਵਾਨ ਦਿਲ ਇਹੀ ਗੁਣਗੁਣਾਉਂਦਾ ਹੋਵੇ.....

ਮੇਰੀ ਹੀਰੀਏ, ਫਕੀਰੀਏ, ਨੀ ਸੋਹਣੀਏਂ
ਤੇਰੀ ਖੁਸ਼ਬੂ ਨਸ਼ੀਲੀ ਮਨਮੋਹਣੀਏ...

ਪਰ ਇਸ ਲਈ ਸਰਤਾਜ ਦੁਆਰਾ ਬੜੀ ਮਿਹਨਤ ਕੀਤੀ ਜਾਣੀ ਬਾਕੀ ਹੈ.....
ਆਮੀਨ !
...........................

Thursday, December 17, 2009

ਸਤਿੰਦਰ ਸਰਤਾਜ ਕੋਈ ਬੰਦੈ..........! -ਮਿੰਟੂ ਬਰਾੜ


ਸਤਿੰਦਰ ਸਰਤਾਜ ਕੋਈ ਬੰਦੈ..........!  -ਮਿੰਟੂ ਬਰਾੜ
ਦੋਸਤੋ ਸਿਰਲੇਖ ਪਡ਼੍ਹ ਕੇ ਹੈਰਾਨ ਹੋਣ ਦੀ ਲੋਡ਼ ਨਹੀਂ। ਮੈਂ ਤਾਂ ਮਜਬੂਰ ਹਾਂ ਮੇਰੀ ਕਲਮ ਹੱਥੋਂ ; ''ਰੱਬ ਨੇ ਵਹੁਟੀ ਤਾਂ ਇਹੋ ਜਿਹੀ ਨਹੀਂ ਦਿੱਤੀ ਜੋ ਮੈਨੂੰ ਗ਼ੁਲਾਮ ਬਣਾਉਂਦੀ ਪਰ ਉਸ ਕੰਮ ਦੀ ਘਾਟ ਰੱਬ ਨੇ ਮੇਰੀ ਕਲਮ ਹੱਥੋਂ ਪੂਰੀ ਕਰਵਾ ਦਿੱਤੀ''ਜਿਸ ਕਰਕੇ ਕੁੱਝ ਇੱਕ ਲੋਕ ਮੈਨੂੰ “ਕਲਮ ਦਾ ਗ਼ੁਲਾਮ” ਕਹਿੰਦੇ ਹਨ ! ਜਿਸ ਵਿੱਚ ਇਹਨਾਂ ਵਿਚਾਰਿਆਂ ਦਾ ਕੋਈ ਕਸੂਰ ਨਹੀਂ। ਕਿਉਂਕਿ ਮੈਂ ਤਾਂ ਖ਼ੁਦ ਹੀ ਮੰਨਦਾ ਹਾਂ ਕਿ ਮੈਂ ਕਲਮ ਦੀ ਗ਼ੁਲਾਮੀ ਕਰ ਰਿਹਾ ਹਾਂ। ਮੇਰੇ ਨਾਂ ਚਾਹੁੰਦੇ ਹੋਏ ਵੀ ਇਹ ਅਵਾ-ਤਵਾ ਲਿਖਦੀ ਰਹਿੰਦੀ ਹੈ ਤੇ ਅਕਸਰ ਹੀ ਮੇਰੀ ਲੇਖਣੀ ਕਰਕੇ  ਮੇਰੇ ਕਈ ਸੱਜਣ ਕਦੇ ਮੋਬਾਈਲ ਰਾਹੀਂ, ਕਦੇ ਕੋਈ ਈ-ਮੇਲ ਰਾਹੀ 'ਤੇ ਕਦੇ ਕਦੇ ਰਾਹੇ-ਗੁਆਹੇ ਜਾਂਦਿਆਂ ਆਪਣੀ ਭਡ਼ਾਸ ਮੇਰੇ ‘ਤੇ ਕੱਢ ਹੀ ਜਾਂਦੇ ਹਨ। ਜਿਸ ਦੀ ਅਸਲ ਮਾਅਨਿਆਂ ਵਿੱਚ ਮੇਰੀ ਕਲਮ ਹੱਕਦਾਰ ਹੁੰਦੀ ਹੈ ਨਾਂ ਕਿ ਮੈਂ ! ਜਦੋਂ ਕਦੇ ਵੀ ਲਿਖਣ ਬੈਠਦਾ ਹਾਂ ਤਾਂ ਮੇਰੇ ਦਿਲ ਦੀਆਂ ਤਾਂ ਦਿਲ ਚ ਹੀ ਰਹਿ ਜਾਂਦੀਆਂ ਤੇ ''ਮੇਰੀ ਇਹ ਬੌਸ'' ਆਪ ਮੁਹਾਰੇ ਸੱਚ ਲਿਖਣਾ ਸ਼ੁਰੂ ਕਰ ਦਿੰਦੀ ਹੈ। ਮੈਂ ਤਾਂ ਬਸ, ਹੋਣ ਵਾਲੇ ਅੰਜਾਮ ਦੀ ਕਲਪਨਾ ਕਰਨ ਜੋਗਾ ਹੀ ਰਹਿ ਜਾਂਦਾ ਹਾਂ। ਚਲੋ ਇਹ ਤਾਂ ਲੇਖਾਂ ਦਾ ਖੇਲ ਹੈ ਤੇ ਇੰਜ ਹੀ ਚਲਦਾ ਰਹੁ ਤੇ ਅੰਜਾਮ ਦਾ ਮੈਨੂੰ ਪਤਾ ਹੀ ਹੈ ਕਿ ਮੇਰੇ ਨਾਲ ਕੀ ਹੋਣਾ ਹੈ। ਤਾਂ ਹੀ ਤਾਂ ਮਰਨ ਤੋਂ ਬਾਅਦ ਆਪਣਾ ਸਰੀਰ ਮੈਡੀਕਲ ਕਾਲਜ ਦੇ ਨਾਂ ਲਿਖ ਚੁੱਕਿਆਂ ਹਾਂ ! ਕਿਉਂਕਿ ਮੈਨੂੰ ਇਹ ਚੰਗੀ ਤਰ੍ਹਾਂ ਇਲਮ ਹੈ ਕਿ ਮੇਰੀ ਇਸ ਕਲਮ ਨੇ ਮੇਰੇ ਅੰਤ ਤਕ ਚਾਰ ਬੰਦੇ ਮੋਢਾ ਦੇਣ ਜੋਗੇ ਮੇਰੇ ਕੋਲ ਨਹੀਂ ਛੱਡਣੇ।
ਅਸਲੀ ਮੁੱਦੇ ‘ਤੇ ਆਉਂਦੇ ਹਾਂ : ਦੋਸਤੋ ਵਕਤ ਦਾ ਘੋਡ਼ਾ ਆਪਣੀ ਰਫ਼ਤਾਰ ਨਾਲ ਚਲਦਾ ਰਹਿੰਦਾ ਹੈ ਤੇ ਵੇਲੇ-ਵੇਲੇ ਸਿਰ ਇਸ ਦੇ ਸਵਾਰ ਬਦਲਦੇ ਰਹਿੰਦੇ ਹਨ ਅਤੇ ਕਿਸੇ ਦੇ ਪੱਲੇ ਕੁੱਝ ਪਲ ਦੀ ਸਵਾਰੀ ਆਉਂਦੀ ਹੈ ਤੇ ਕੋਈ ਕਿਸਮਤ ਵਾਲਾ ਲੰਬੀ ਰੇਸ ਲਾਉਣ ਚ ਕਾਮਯਾਬ ਹੋ ਜਾਂਦਾ ਹੈ  ਤੇ ਫੇਰ ਲੋਕੀ ਉਸ ਨੂੰ ਸ਼ਾਹ-ਸਵਾਰ ਦਾ ਦਰਜਾ ਦਿੰਦੇ ਹਨ। ਅੱਜ ਕੱਲ੍ਹ ਪੰਜਾਬੀ ਮਾਂ ਬੋਲੀ ਦੇ ਇਸ ਵਕਤੀ ਘੋਡ਼ੇ ‘ਤੇ ਸਵਾਰ ਦਾ ਨਾਂ ਹੈ ''ਸਤਿੰਦਰ ਸਰਤਾਜ''। ਕਰੀਬ ਦੋ ਕੁ ਵਰ੍ਹੇ ਪਹਿਲਾਂ ਇਕ ਦਿਨ ਯੂ ਟਿਊਬ ‘ਤੇ ਅਚਾਨਕ ਨਜ਼ਰੀਂ ਪਈ ''ਫ਼ਿਲਹਾਲ'' ਨਾਂ ਦੀ ਇਕ ਵੀਡੀਓ ਨੇ ਮੈਨੂੰ ਮਲੋ-ਮਲ਼ੀ ਕਮੈਂਟ ਲਿਖਣ ਲਈ ਮਜਬੂਰ ਕਰ ਦਿਤਾ ਸੀ ਤੇ ਮੇਰੇ ਚੰਗੀ ਤਰ੍ਹਾਂ ਉਹ ਕਮੈਂਟ ਯਾਦ ਹੈ, ਜਿਸ ਵਿੱਚ ਮੈਂ ਇਸ ਮੁੰਡੇ ਨੂੰ ''ਫ਼ਸਲੀ ਬਟੇਰਿਆਂ ਦੇ ਯੁਗ ਵਿੱਚ ਆਇਆ ਲੰਮੀ ਰੇਸ ਦਾ ਘੋਡ਼ਾ'' ਲਿਖਿਆ ਸੀ। ਪਰ ਜਦੋਂ ਮੈਂ ਕਿਸੇ ਕੋਲ ਇਸ ਮੁੰਡੇ ਦਾ ਜਿਕਰ ਕਰਦਾ ਤਾਂ ਅੱਗੋਂ ਅਣਜਾਣ ਹੀ ਟੱਕਰ ਦਾ !
ਉਸ ਵਕਤ ਕੁੱਝ ਮਾਹਲਪੁਰ ਦੇ ਪਡ਼੍ਹਾਕੂ ਸਾਡੇ ਨਾਲ ਸਾਊਥ ਆਸਟ੍ਰੇਲੀਆ ਦੀ ਪੰਜਾਬੀ ਵਸੋਂ ਵਾਲੇ ਇਲਾਕੇ ਰਿਵਰਲੈਂਡ ਵਿੱਚ ਸ਼ੌਂਕ ਵੱਜੋ ਫ਼ੁੱਟਬਾਲ ਖੇਡਣ ਆਉਂਦੇ ਸਨ ਤੇ ਜਦ ਮੈਂ ਉਹਨਾਂ ਨੂੰ ਪੁੱਛਿਆ ਕਿ ਤੁਹਾਡੇ ਇਲਾਕੇ ਦੇ ਇਸ ਮੁੰਡੇ ਨੂੰ (ਸਰਤਾਜ) ਜਾਣਦੇ ਹੋ ? ਤਾਂ ਕਹਿੰਦੇ: ''ਬਾਈ ਜੀ ਜਣਾ-ਖਣਾ ਗਾਉਣ ਤੁਰ ਪਿਆ ਕੀਹਨੂੰ-ਕੀਹਨੂੰ ਯਾਦ ਰੱਖੀਏ''। ਪਰ ਜਦ ਮੈਂ ਉਹਨਾਂ ਨੂੰ ਸਰਤਾਜ ਦੀ ਵੀਡੀਓ ਆਪਣੇ ਮੋਬਾਈਲ ‘ਤੇ ਦਿਖਾਈ ਤਾਂ ਕਹਿੰਦੇ ਯਾਰ ਇਹ ਤਾਂ ''ਬਾ-ਕਮਾਲ'' ਹੈ ਤੇ ਸਾਨੂੰ ਪਤਾ ਹੀ ਨਹੀਂ ! ਸਾਨੂੰ ਵੀ ਇਹ ਵੀਡੀਓ ਭੇਜ ਦਿਓ ਤੇ ਨਾਲੇ ਇਸ ਦੀ ਟੇਪ ਦਾ ਨਾਂ ਵੀ ਦੱਸ ਦਿਓ। ਮੈਂ ਕਿਹਾ ਬੱਸ ਇਹੀ ਤਾਂ ਰੌਲਾ ਵੀਰ, ਮੈਂ ਵੀ ਤਾਂ ਇਸ ਦੀ ਟੇਪ ਲੱਭਦਾ ਫਿਰਦਾ ! ਹਾਲੇ ਤਕ ਤਾਂ ਕੋਈ ਮਿਲੀ ਨਹੀਂ, ਬੱਸ ਯੂ ਟਿਊਬ ‘ਤੇ ਹੀ ਕੁੱਝ ਕੁ ਵੀਡੀਓ ਪਏ ਹਨ।
ਬਸ ਇਹੀ ਜਿਗਿਆਸਾ ਹਰ ਇਕ ਮੂਹਰੇ ਮੈਨੂੰ ਇਹ ਬਾਤ ਪਾਉਣ ਲਈ ਮਜਬੂਰ ਕਰਦੀ ਰਹੀ ਪਰ ਪੱਲੇ ਕੁੱਝ ਵੀ ਨਾਂ ਪਿਆ।  ਬੱਸ ਹਰ ਇਕ ਸਰਤਾਜ ਨੂੰ ਸੁਣ ਕੇ ਇਕ ਫ਼ੋਨ ਜਰੂਰ ਕਰ ਦਿੰਦਾ ; “ਬਾਈ ਆਹ ਤਾਂ ਤੂੰ ਚੰਗਾ ਦੱਸ ਦਿਤਾ” । ਇਹ ਮੁੰਡਾ ਤਾਂ ''ਕਿਆ ਬਾਤ ਹੀ-ਹੈ'' ! ਬੱਸ ਅੱਜ ਕੱਲ੍ਹ ਤਾਂ ਸਾਰਾ ਦਿਨ ਸਰਤਾਜ ਹੀ ਸੁਣੀਦਾ। ਹਰ ਕੋਈ ਉਸ ਨੂੰ ਸੁਣ ਕੇ ਉਸ ਦਾ ਮੁਰੀਦ ਹੋ ਜਾਂਦਾ ਤੇ ਉਸ ਦੇ ਮੁਰੀਦਾਂ ਦੀਆਂ ਬਡ਼ੀਆਂ ਦਿਲਚਸਪ ਗੱਲਾਂ ਸੁਣਨ ਨੂੰ ਮਿਲਦੀਆਂ ; ਜਿਨ੍ਹਾਂ ਵਿੱਚੋਂ ਇੱਕ ਦਾ ਮੈਂ ਇਥੇ ਜਿਕਰ ਕਰਨਾ ਚਾਹਾਂਗਾ ਤੇ ਉਹ ਹੈ ; ਅਕਸਰ ਹੀ ਮੈਂ ਅਤੇ ਮੇਰਾ ਛੋਟਾ ਵੀਰ ਸੁਮਿਤ ਟੰਡਨ ਫ਼ੋਨ ਉੱਤੇ ਗੱਲੀਂ-ਬਾਤੀਂ ਦੁਨੀਆ ਦਾ ਬੋਝ ਢੋਂਦੇ ਹਾਂ । ਸਾਡੀ ਗਲ ਅਕਸਰ ਹੀ ਘੰਟਿਆਂ ਚ ਹੁੰਦੀ ਹੈ ਤੇ ਨਾਲ ਬੈਠੇ ਸੁਣਨ ਵਾਲੇ ਸਾਡੇ 'ਤੇ ਔਖੇ ਹੋ ਜਾਂਦੇ ਹਨ ! ਜਦੋਂ ਇਕ ਦਿਨ ਮੈਂ ਸੁਮਿਤ ਨੂੰ ਸਰਤਾਜ ਬਾਰੇ ਦੱਸਿਆ ਤਾਂ ਉਹ ਆਪਣੇ ਸੁਭਾਅ ਮੁਤਾਬਿਕ ਕਹਿੰਦਾ ਵੀਰ ਜੀ ਇਹ ਕੀ ਸ਼ੈਅ ਆ ? ਇਕ ਵਾਰ ਤਾਂ ਮੈਨੂੰ ਲੱਗਿਆ ਕਿ ਉਹ ਅੱਜ ਵੀ ਰੋਜ ਵਾਂਗ ਮੈਨੂੰ ਬਣਾ ਰਿਹਾ ਹੈ ਪਰ ਸੱਚੀਂ ਉਸ ਨੇ ਹਾਲੇ ਤਕ ਸਰਤਾਜ ਨੂੰ ਨਹੀਂ ਸੀ ਸੁਣਿਆ ! ਉਸ ਨੇ ਮੇਰੇ ਨਾਲ ਗੱਲਾਂ ਕਰਦੇ-ਕਰਦੇ ਹੀ ਨੈੱਟ ‘ਤੇ ਸਰਤਾਜ ਭਾਲ ਲਿਆ ਅਤੇ ਥੋਡ਼੍ਹਾ ਜਿਹਾ ਸੁਣ ਕੇ ਕਹਿੰਦਾ; ਬਾਈ ਜੀ ਆਪਾ ਫੇਰ ਗਲ ਕਰਦੇ ਆਂ, ਤੁਸੀਂ ਵੀ ਜਰਾ ਗਲ਼ੇ ਨੂੰ ਸਾਹ ਦੁਆ ਲਓ !
ਉਹ ਦਿਨ ਬੀਤਿਆ, ਕਈ ਦਿਨ ਉਸ ਕੁਦਰਤ ਪ੍ਰੇਮੀ ਦੀ ਆਵਾਜ਼ ਸੁਣਨ ਨੂੰ ਨਹੀਂ ਮਿਲੀ? ਕਈ ਦਿਨਾਂ ਦੀ ਉਡੀਕ ਤੋਂ ਪਿਛੋਂ ਜਦ ਮੈਂ ਡਰਦੇ-ਡਰਦੇ ਜਿਹੇ ਉਸ ਨੂੰ ਫ਼ੋਨ ਕੀਤਾ ਕਿ ਖੌਰੇ ਸੁੱਖ ਹੀ ਹੋਵੇ ? ਤਾਂ ਮੂਹਰਿਓਂ ਉਸ ਦੀ ਹੋਮ ਮਨਿਸਟਰ ਨੇ ਫ਼ੋਨ ਚੁੱਕਿਆ, ਜਿਸ ਵਿਚਾਰੀ ਦਾ ਪੰਜਾਬੀ ‘ਚ ਹੱਥ ਤੰਗ ਹੀ ਹੈ ! ਜੇ ਕਦੇ ਬੋਲਣ ਦੀ ਕੋਸ਼ਸ਼ ਕਰਦੀ ਵੀ ਹੈ ਤਾਂ ਜਿਵੇਂ ਮੇਰੀ ਅੰਗਰੇਜ਼ੀ ਮੁੱਕ ਜਾਂਦੀ ਹੈ ਉਵੇਂ ਹੀ ਉਸ ਵਿਚਾਰੀ ਦੀ ਪੰਜਾਬੀ ਮੁੱਕ ਜਾਂਦੀ ਹੈ ! ਜਦ ਮੈਂ ਉਸ ਤੋਂ ਖ਼ੈਰ-ਸੁੱਖ ਜਾਨਣੀ ਚਾਹੀ ਤਾਂ ਉਹ ਮੈਨੂੰ ਹਿੰਦੀ ਵਿੱਚ ਕਹਿਣ ਲੱਗੀ: ‘ਭਾਈ ਸਾਹਿਬ ਜਿਸ ਦਿਨ ਕਾ ਆਪ ਨੇ ਇਨਕੋ ਸਰਤਾਜ ਕੇ ਬਾਰੇ ਮੇਂ ਬਤਾਇਆ ਹੈ ਬਸ ਸਾਰਾ ਦਿਨ ਉਨ ਕੋ ਹੀ ਸੁਨਤੇ ਰਹਤੇ ਹੈਂ, ਲਗਤਾ ਹੈ, ਇਨਕੋ ਉਨ ਸੇ ਪਿਆਰ ਹੋ ਗਿਆ ਹੈ। ਅਬ ਤੋਂ ਮੈਂ ਭੀ ਸਾਈਂ ਵਾਲੇ ਗੀਤ ਕੋ ਬਿਨਾਂ ਸੁਨੇ ਗਾ ਸਕਤੀ ਹੂੰ ‘ !
ਸੋ ਕਹਿਣ ਦਾ ਮਤਲਬ ਹਰ ਕੋਈ ''ਪਹਿਲੀ ਨਜ਼ਰੇ ਸਰਤਾਜ ਦਾ ਮੁਰੀਦ ਬਣ ਜਾਂਦਾ ਹੈ''।
ਪਰ ਮੇਰੇ ਮਨ ਵਿੱਚ ਸਰਤਾਜ ਬਾਰੇ ਹੋਰ ਜਾਨਣ ਦੀ ਲਾਲਸਾ ਉਸੇ ਤਰ੍ਹਾਂ ਹੀ ਸੁਲਗਦੀ ਰਹੀ। ਹੋਲੀ-ਹੋਲੀ ਕੁੱਝ ਇੱਕ ਹੋਰ ਵੀਡੀਓ ਨੈੱਟ 'ਤੇ ਦੇਖਣ ਨੂੰ ਮਿਲੇ, ਉਹਨਾਂ ਨਾਲ ਵੀ ਸਬਰ ਨਾ ਆਇਆ, ਫੇਰ ਕਨੇਡਾ ‘ਚ ਹੋਏ ਸਤਿੰਦਰ ਦੇ ਸ਼ੋਆਂ ਬਾਰੇ ਸੁਣਨ ਨੂੰ ਮਿਲਿਆ। ਹੋਲੀ-ਹੋਲੀ ਮੀਡੀਆ ਰਾਹੀਂ ਕਾਫ਼ੀ ਕੁੱਝ ਪਤਾ ਲਗ ਗਿਆ ਸਰਤਾਜ ਬਾਰੇ ! ਕੀ ਇਸ ਦੀ ਪੀ.ਐੱਚ.ਡੀ. ਕੀਤੀ ਹੋਈ ਹੈ ਤੇ ਇਹ ਚੰਡੀਗਡ਼੍ਹ ਵਿੱਚ ਪ੍ਰੋਫੈਸਰ ਲੱਗਿਆ ਹੋਇਆ ਹੈ ਤੇ ਹਾਲੇ ਤਕ ਇਸ ਦੀ ਕੋਈ ਟੇਪ ਨਹੀਂ ਆਈ। ਹੋਰ ਵੀ ਬਹੁਤ ਕੁੱਝ ਪਤਾ ਚੱਲਿਆ ਇਸ ਬਾਰੇ ਪਰ ਮੇਰੇ ਜਿਹੇ ਨਜ਼ਰੀਏ ਵਾਲੇ ਇਨਸਾਨ ਲਈ ਇਹ ਸੱਭ ਕੁੱਝ ਕਾਫ਼ੀ ਨਹੀਂ ਸੀ।
ਇੰਨੇ ਨੂੰ ਕੰਨੀ ਖ਼ਬਰਾਂ ਪਈਆਂ ਕਿ ਸਰਤਾਜ ਹੋਰੀਂ ਆਸਟ੍ਰੇਲੀਆ ਆ ਰਹੇ ਹਨ। ਸੁਣਦੇ ਸਾਰ ਵਾਂਛਾ ਖਿਡ਼ ਗਈਆਂ। ਪਰ ਮੇਰਾ ਇਹ ਚਾਅ ਇਕੋ ਝਟਕੇ ਖੁਸ ਗਿਆ ਜਦੋਂ ਮੈਨੂੰ ਪਤਾ ਲੱਗਿਆ ਕਿ ਮੇਰੇ ਸ਼ਹਿਰ ਐਡੀਲੇਡ ਵਿੱਚ ਉਹ ਛੇ ਦਸੰਬਰ ਨੂੰ ਆ ਰਹੇ ਹਨ ਅਤੇ ਮੈਂ ਪੂਰੇ ਢਾਈ ਵਰ੍ਹਿਆਂ ਪਿਛੋਂ 29 ਨਵੰਬਰ ਨੂੰ ਇੰਡੀਆ ਦੀਆਂ ਟਿਕਟਾਂ ਲਈ ਬੈਠਾ ਸੀ ! ਰਹਿ ਰਹਿ ਕੇ ਮੁਕੱਦਰ ਨੂੰ ਕੋਸ ਰਿਹਾ ਸਾਂ; ਤੇ ਅੰਦਰੋਂ-ਅੰਦਰੀ ਦੂਜਿਆਂ ਓੱਤੇ ਸਡ਼ ਰਿਹਾ ਸਾਂ। ਪਰ ਅਚਾਨਕ ਹੀ ਇਕ ਦਿਨ ਅਮਨਦੀਪ ਸਿੱਧੂ ਜਿਸ ਨਾਲ ਭਾਵੇਂ ਮੇਰਾ ਪਹਿਲਾਂ ਕਦੇ ਮੇਲ ਨਹੀਂ ਸੀ ਹੋਇਆ ਪਰ ਮੈਨੂੰ ਉਸ ਵੱਲੋਂ ਪੰਜਾਬੀ ਕਲਚਰ ਵਿੱਚ ਪਾਏ ਜਾ ਰਹੇ ਯੋਗਦਾਨ ਬਾਰੇ ਡੱਕਾ-ਡੱਕਾ ਪਤਾ ਸੀ। ਅਤੇ ਮੈਂ ਉਸ ਤੋਂ ਇਸ ਲਈ ਪ੍ਰਭਾਵਿਤ ਸੀ ਕਿਉਂਕਿ ਕਿ ਉਹ ਇਕ ਵੱਖਰੇ ਸੁਮੇਲ ਦਾ ਮਾਲਕ ਹੈ। ਜਿਥੇ ਉਸ ਨੂੰ ਅਤਿ-ਆਧੁਨਿਕ ਨੈਟਵਰਕਿੰਗ ਵਿੱਚ ਮੁਹਾਰਤ ਹਾਸਿਲ ਹੈ, ਉੱਥੇ ਉਹ ਉਨਾਂ ਹੀ ਆਪਣੇ ਪੁਰਾਣੇ ਵਿਰਸੇ ਪ੍ਰਤੀ ਚਿੰਤਤ ਵੀ ਹੈ ਜੋ ਬਡ਼ੀ ਸਫ਼ਲਤਾ ਨਾਲ ਵਿਰਾਸਤ ਨਾ ਦੀ ਇਕ ਨਿਰੋਲ ਗ਼ੈਰ ਵਪਾਰਕ ਸੰਸਥਾ ਨੂੰ ਚਲਾ ਰਿਹਾ ਹੈ। ਉਸੇ ਤਹਿਤ ਉਹ ਸਰਤਾਜ ਦੇ ਸ਼ੋਅ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਵਿੱਚ ਕਰਵਾ ਰਿਹਾ। ਜਦ ਮੈਂ ਉਸ ਕੋਲ ਆਪਣੀ ਸਮੱਸਿਆ ਦੱਸੀ ਤਾਂ ਉਹ ਕਹਿੰਦਾ ਵੀਰ ਇਹ ਕਿਹਡ਼ੀ ਦਿਲ ਨੂੰ ਲਾਉਣ ਵਾਲੀ ਗੱਲ ਆ, ਤੁਸੀਂ 22 ਨਵੰਬਰ ਨੂੰ ਤਾਂ ਇਥੇ ਹੀ ਹੋਵੋਗੇ ਕਿ ਨਹੀ? 22 ਨਵੰਬਰ ਨੂੰ ਸਰਤਾਜ ਹੋਰਾਂ ਦਾ ਸ਼ੋਅ ਬ੍ਰਿਸਬੇਨ ਚ ਹੋਵੇਗਾ ਤੇ ਬੱਸ ਐਡੀਲੇਡ ਤੋਂ ਜਹਾਜ਼ ਚਡ਼ਿਓ ਫੇਰ ਉੱਥੇ ਲਾਉਣੇ ਆ ਮਹਿਫ਼ਲਾਂ। 'ਨਾਲੇ ਅੱਜ ਕੱਲ੍ਹ ਤਾਂ ਦੁਨੀਆ ਸੁੰਗਡ਼ਗੀ, ਬਾਂਹ ਪਹੁੰਚਦੀ ਆ ਬ੍ਰਿਸਬੇਨ । ਮੇਰੇ ਵੀ ਗੱਲ ਦਿਲ ਨੂੰ ਲਗ ਗਈ ਤੇ ਮੈਂ ਵੀ ਘਡ਼ ਲਈ ਸਕੀਮ, ਤੇ ਕਰਾ ਲਈ ਟਿਕਟ ਬੁੱਕ। ਜਦ ਮੇਰੇ ਇਸ ਪ੍ਰੋਗਰਾਮ ਦਾ ਪਤਾ ਸੁਮਿਤ ਬਾਈ ਤੇ ਸਾਡੇ ਜੁੰਡੀ ਦੇ ਯਾਰ ਜੌਲੀ ਨੂੰ ਲੱਗਿਆ ਤਾਂ ਉਹ ਵੀ ਜੁਆਕਾ ਵਾਂਗੂੰ ਅਡ਼ ਕੇ ਬਹਿ ਗਏ ! ਕਹਿਣ ਲਗੇ : ਵੀਰ ਅਸੀਂ ਵੀ ਜਾਣਾ ਤੁਹਾਡੇ ਨਾਲ, ਕੇਰਾਂ ਕੱਲ੍ਹਾ ਜਾ ਕੇ ਦਿਖਾਈ ਤਾਂ ਸਹੀ। ਬ੍ਰਿਸਬੇਨ ਦੀਆਂ ਟਿਕਟਾਂ ਮੌਕੇ 'ਤੇ ਨਾ ਮਿਲਣ ਕਾਰਨ ਗੋਲਡ ਕੋਸਟ ਦੀਆਂ ਹੀ ਲੈ ਲਈਆਂ; ਕਿਤੇ ਆਹ ਵੀ ਹੱਥੋਂ ਨਾ ਜਾਂਦੀਆਂ ਰਹਿਣ ! ਤੇ ਜਦ ਮੈਂ ਇਹਨਾਂ ਨੂੰ ਦੱਸਿਆ ਤਾਂ ਇਕ ਗੱਲੋਂ ਤਾਂ ਇਹ ਖ਼ੁਸ਼ ਹੋਏ ਕੇ ਚਲੋ ਬਹਾਨੇ ਸਿਰ ਗੋਲਡ ਕੋਸਟ ਦੇਖ ਲਵਾਂਗੇ। ਪਰ ਫ਼ਿਕਰ ਇਸ ਗਲ ਦਾ ਕਰੀ ਜਾਣ ਕੇ ਗੋਲਡ ਕੋਸਟ ਤੋਂ ਅਗਾਂਹ ਦਾ ਕੀ ਜੁਗਾਡ਼ ਬਣੂ ? ਮੈਨੂੰ ਫ਼ੋਨ ਕਰਕੇ ਪੁੱਛਿਆ ਤਾਂ ਮੈਂ ਕਿਹਾ ਕਿਉਂ ਘਬਰਾਉਣੇ ਹੋ ਯਾਰ ? ਦੱਸੋ ਆਪਣਾ ਵੱਡਾ ਬਾਈ ਬੋਪਾਰਾਏ ਕਦੋਂ ਕੰਮ ਆਊ ! ਤੇ ਜੇ ਨਾਲੇ ਅੱਜ ਨਾ ਵਰਤਿਆ ਤਾਂ ਫੇਰ ਆਪਾਂ ਕਿਹਡ਼ਾ ''ਰਗਡ਼ ਕੇ ਫੋਡ਼ੇ ‘ਤੇ ਲਾਉਣਾ'' ! ਆਪੇ ਸਾਂਭੂ।
ਪਰ ਇਹ ਗੱਲਾਂ ਤਾਂ ਸਭ ਠੀਕ ਸਨ, ਰੌਲਾ ਉਹੀ ; ਕਿ ਇੰਨੇ ਦਿਨ ਉਡੀਕ ਕਰੇ ਕੋਣ ? ਹਾਲੇ ਤਾਂ ਦੱਸ ਦਿਨ ਪਏ ਸਨ ਇਹ ਪ੍ਰੋਗਰਾਮ ਹੋਣ ਚ ਤਾਂ !  ਫੇਰ ਉਹੀ ਦੁਚਿੱਤੀ ਚ ਅਮਨਦੀਪ ਸਿੱਧੂ ਨੂੰ ਫ਼ੋਨ ਕੀਤਾ ਤਾਂ ਉਸ ਨੇ ਫੇਰ ਮੈਨੂੰ ਦੁਚਿੱਤੀ ਵਿੱਚੋਂ ਕੱਢਦੇ ਨੇ ਕਿਹਾ ਇਹ ਕਿਹਡ਼ੀ ਵੱਡੀ ਗਲ ਹੈ, ਆਪਾਂ ਉਸ ਤੋਂ ਪਹਿਲਾਂ ਹੀ ਤੁਹਾਡੀ ਗਲ ਫ਼ੋਨ ‘ਤੇ ਕਰਵਾ ਦਿੰਦੇ ਹਾਂ ! ਸਰਤਾਜ ਹੋਰਾਂ ਨਾਲ।
ਚਲੋ ਜੀ ਕਿਵੇਂ ਨਾ ਕਿਵੇਂ ਅੱਤ ਦੇ ਰੁਝੇਵਿਆਂ ਵਿੱਚ ਦੀ ਇਕ ਫ਼ੁਰਸਤ ਦੀ ਭੀਡ਼ੀ ਗਲੀ ਬਣਾ ਲਈ ਤੇ ਸੁੰਨਸਾਨ ਸਡ਼ਕ ਦੇ ਕੰਢੇ ਕਾਰ ਰੋਕ ਕੇ ਮਿਲਾ ਲਿਆ ਆਪਣੇ ਇਸ ਮਹਿਬੂਬ ਕਲਾਕਾਰ ਨੂੰ ਫ਼ੋਨ : ਕੁੱਝ ਨਵਾਂ ਜਾਣਨ ਲਈ। ਸਰਤਾਜ ਦੂਜੇ ਦਿਨ ਹੀ ਨਿਊਜ਼ੀਲੈਂਡ ਦੀ ਫਲਾਈਟ ਹੋਣ ਕਾਰਨ ਤਿਆਰੀ ਵਿੱਚ ਬਹੁਤ ਰੁੱਝਿਆ ਹੋਇਆ ਸੀ ਪਰ ਫੇਰ ਵੀ ਉਸ ਨਾਲ ਜਿੰਨਾ ਕੁ ਵਕਤ ਮੈਂ ਗਲ ਕਰ ਸਕਿਆ ਉਸ ਨੇ ਮੇਰੇ ਸਰਤਾਜ ਪ੍ਰਤੀ ਸਾਰੇ ਸਮੀਕਰਣ ਹੀ ਬਦਲ ਕੇ ਰੱਖ  ਦਿਤੇ। ਜੋ ਮੈਂ ਸੋਚਦਾ ਹੁੰਦਾ ਸੀ ਉਹ ਤਾਂ ਅਸਲ ਨਾਲੋਂ ਬਹੁਤ ਵੱਖਰਾ ਸੀ। ਕਿਉਂਕਿ ਉਸ ਬਾਰੇ ਹੁਣ ਤਕ ਜੋ ਮੈਂ ਪਡ਼੍ਹਿਆ ਸੁਣਿਆ ਸੀ ਉਸ ਨਾਲ ਉਸ ਵਿੱਚੋਂ ਇਕ ਸੂਫ਼ੀ ਗਾਇਕ ਤੇ ਜਾਂ ਫੇਰ ਇਕ ਪਡ਼੍ਹਿਆ ਲਿਖਿਆ ਡਾਕਟਰ ਸਤਿੰਦਰ ਸਰਤਾਜ ਦੇ ਦਰਸ਼ਨ ਹੀ ਹੋਏ ਸਨ।ਪਰ ਅੱਜ ਦੀ ਇਸ ਮੁਲਾਕਾਤ ਨੇ ਤਾਂ ਮੇਰੇ ਮੂਹਰੇ ਫੇਰ ਉਹੀ ਸਵਾਲ ਖਡ਼੍ਹਾ ਕਰ ਦਿਤਾ ਜੋ ਅੱਜ ਤੋਂ ਦਸ-ਪੰਦਰਾਂ ਵਰ੍ਹੇ ਪਹਿਲਾਂ ਗੁਰਦਾਸ ਮਾਨ ਪ੍ਰਤੀ ਪੈਦਾ ਹੋਇਆ ਸੀ ਕਿ : ‘ਕੀ ਗੁਰਦਾਸ ਵੀ ਕੋਈ ਬੰਦੈ’ ? ਪਰ ਅੱਜ ਸਵਾਲ ਗੁਰਦਾਸ ਦੇ ਇਰਦ-ਗਿਰਦ ਨਾ ਘੁੰਮ ਕੇ ਸਰਤਾਜ ਨੂੰ ਲਪੇਟੀ ਜਾ ਰਿਹਾ ਸੀ ਕਿ : ''ਕੀ ਸਰਤਾਜ ਕੋਈ ਬੰਦੈ''?

‘ਹੁਣ ਤਕ ਦੀ ਜ਼ਿੰਦਗੀ ਵਿੱਚ ਬਹੁਤ ਸਾਰੇ ਫ਼ਨਕਾਰ ਸੁਣੇ ਤੇ ਦੇਖੇ ਪਰ ਜੇ ਅਦਬ ਨਾਲ ਕਿਸੇ ਮੂਹਰੇ ਸਿਰ ਚੁੱਕਦਾ ਹੈ ਤਾਂ ਉਹ ਗੁਰਦਾਸ ਮਾਨ ਹੀ ਹੈ, ਤੇ ਹਰ ਵਕਤ ਉਹਨਾਂ ਦੀ ਸਲਾਮਤੀ ਮੰਗਦੇ ਇਹੀ ਦੁਆ ਕੀਤੀ ਹੈ ਕਿ ਉਹਨਾਂ ਦੀ ਜ਼ਿੰਦਗੀ ਦਾ ਇਹ ਸਫ਼ਰ ਮੇਰੇ ਤੋਂ ਪਹਿਲਾਂ ਨਾ ਮੁੱਕੇ ’। ਮਨ ਅੰਦਰ ਇਕ ਅਜੀਬ ਜਿਹੀ ਸੋਚ ਲੱਗੀ ਰਹਿੰਦੀ ਸੀ ਕੀ ਮੇਰਾ ਪੰਜਾਬ ਕਦੇ ਕੋਈ ਹੋਰ ਇਹੋ ਜਿਹੀ ਰੂਹ ਪੈਦਾ ਕਰ ਸਕੇਗਾ ਕਿ ਨਹੀਂ?
ਪਰ ਕੁਦਰਤ ਦਾ ਇਕ ਅਸੂਲ ਰਿਹਾ ਕਿ ਉਹ ਹਰ ਇਕ ਦਾ ਬਦਲ ਜਰੂਰ ਪੈਦਾ ਕਰਦੀ ਹੈ ਤੇ ਕਰਦੀ ਵੀ ਉਸ ਨਾਲੋਂ ਕੁੱਝ ਵੱਧ ਕੇ, ਮੇਰਾ ਇਥੇ ਇਹ ਲਿਖਣਾ ਮਾਨ ਸਾਹਿਬ ਦੀ ਸ਼ਖਸੀਅਤ ਨੂੰ ਝੁਠਲਾਉਣਾ ਨਹੀਂ; ਮੇਰੇ ਕਹਿਣ ਦਾ ਮਤਲਬ ਹੈ ਜੋ ਕੁੱਝ ਲੋਕ ਉਹਨਾਂ ਦੀ ਗਾਇਕੀ ‘ਤੇ ਕਿੰਤੂ ਪਰੰਤੂ ਕਰਦੇ ਸਨ ਸਤਿੰਦਰ ਦੇ ਰੂਪ ਵਿੱਚ ਜੋ ਬਦਲ ਗੁਰਦਾਸ ਮਾਨ ਦਾ ਸਾਨੂੰ ਮਿਲਿਆ ਉਹ ਅੱਜ ਦੀ ਘਡ਼ੀ ਤਾਂ ਚਾਰੇ ਖ਼ਾਨਿਓਂ ਪੂਰਾ ਜਾਪ ਰਿਹਾ ਤੇ ਕੱਲ੍ਹ ਕਿਸੇ ਦੇਖਿਆ ਨਹੀਂ। ਭਾਵੇਂ ਗੁਰਦਾਸ ਮਾਨ ਹੋਰਾਂ ਇਕ ਲੰਮਾ ਪੈਂਡਾ ਤੈਅ ਕਰਕੇ ਜੋ ਕੁੱਝ ਸਾਬਤ ਕਰ ਦਿਤਾ ਹੈ ਉਸ ਨੂੰ ਛੂਹ ਸਕਣਾ ਹਾਲੇ ਸਤਿੰਦਰ ਲਈ ਖਾਲਾ ਜੀ ਦਾ ਵਾਡ਼ਾ ਨਹੀਂ।
ਲਓ ਜੀ ਇਹ ਸਿੱਟਾ ਤਾਂ ਅਸੀਂ ਸਰਤਾਜ ਨਾਲ ਇਕੱਲੀ ਫ਼ੋਨ ਤੇ ਗਲ ਕਰਕੇ ਕੱਢ ਲਿਆ। ਪਰ ਕਹਿੰਦੇ ਹਨ ਕਿ ਅੱਖੀਂ ਦੇਖੇ ਬਿਨਾਂ ਕਿਸੇ ਗਲ ਨੂੰ ਤੂਲ ਨਹੀਂ ਦੇਣਾ ਚਾਹੀਦਾ।ਸੋ ਉਹ ਦਿਨ ਵੀ ਆ ਪਹੁੰਚਿਆ ਜਦੋਂ ਅਸੀਂ ਐਡੀਲੇਡ ਦੇ ਏਅਰਪੋਰਟ ਤੇ ਚਾਈਂ-ਚਾਈਂ ਆ ਪਹੁੰਚੇ ਬ੍ਰਿਸਬੇਨ ਜਾਣ ਲਈ।ਪਰ ਸਾਡਾ ਇਹ ਚਾਅ ਤਾਂ ਕੁੱਝ ਇੱਕ ਪਲਾਂ ਵਿੱਚ ਹੀ ਸਾਥੋਂ ਖੁਸ ਗਿਆ ਜਦੋਂ ਇਕ ਯਾਦਗਾਰ ਫੋਟੋ ਲਾਉਂਦੇ-ਲਾਉਂਦੇ ਅਸੀਂ ਟਾਈਗਰ ਏਅਰਲਾਈਨ ਦੇ ਕਾਊਂਟਰ ਤੇ ਪਹੁੰਚਣ ਵਿੱਚ ਦੋ ਮਿੰਟ ਲੇਟ ਹੋ ਗਏ ।ਜਦੋਂ ਸੁਮਿਤ ਨੇ ਉੱਥੇ ਬੈਠੀ ਗੋਰੀ ਮੂਹਰੇ ਟਿਕਟ ਰੱਖੀ ਤਾਂ ਉਹ ਸਾਡੀ ਭੂਰੀ ਮੱਝ ਆਂਗੂ ਸਿਰ ਮਾਰੀ ਜਾਵੇ, ਆਖੇ ਹੁਣ ਤਾਂ ਬੱਸ ਕੱਲ੍ਹ ਨੂੰ ਹੀ ਭੇਜ ਸਕਦੇ ਹਾਂ ਤੁਹਾਨੂੰ! ਅਸੀਂ ਬਥੇਰੀਆਂ ਲੇਲ੍ਹਡ਼ੀਆਂ ਕੱਢੀਆਂ ਕਿ 'ਤੀਆਂ ਮਗਰੋਂ ਅਸੀਂ ਕੀ ਲੰਘੀ ਫੂਕਣੀ ਆ', ਸਤਿੰਦਰ ਦਾ ਸ਼ੋਅ ਤਾਂ ਅਜ ਰਾਤ ਦਾ! ਜਦੋਂ ਕੋਈ ਵਾਹ ਨਾ ਚਲਿਆ ਤਾਂ ਸਾਡੀ ਸ਼ਕਲ ਇੰਜ ਹੋ ਗਈ ਜਿਵੇਂ ਗੰਢਿਆਂ ਦੇ ਵਪਾਰ ਵਿੱਚ ਘਾਟਾ ਪੈ ਗਿਆ ਹੋਵੇ। ਦੂਜੀ ਏਅਰਲਾਈਨ ਵਾਲੀਆਂ ਨਾਲ ਗਲ ਕੀਤੀ ਤਾਂ ਉਹ ਕਹਿਣ ਸਾਡੇ ਕੋਲ ਤਾਂ ਅਜ ਦੀਆਂ ਬਸ ਦੋ ਹੀ ਟਿੱਕਟ ਹਨ ਜੌਲੀ ਕਹੇ ਤੁਸੀ ਜਾ ਆਓ ਸੁਮੀਤ ਕਹੇ ਨਹੀਂ ਤੁਸੀ ਦੋਨੇਂ ਜਾ ਆਓ ਪਰ ਮੈਨੂੰ ਉਹਨਾਂ ਦੀ ਇਸ ਕੁਰਬਾਨੀ ਵਿੱਚੋਂ ਉਹਨਾਂ ਦੀ ਬੇਬਸੀ ਦਿਖਾਈ ਦੇ ਰਹੀ ਸੀ। ਹੋਰ ਤਰੀਕਿਆਂ ਬਾਰੇ ਸੋਚਿਆ ਕਿ ਕਿਵੇਂ ਪਹੁੰਚਿਆ ਜਾ ਸਕਦਾ। ਕਾਰ ਰਾਹੀਂ ਪੱਚੀ ਸੋ ਕਿਲੋਮੀਟਰ ਕਿਸੇ ਢੰਗ ਨਾਲ ਦੱਸ-ਬਾਰਾਂ ਘੰਟਿਆਂ ਚ ਹੋ ਨਹੀਂ ਸੀ ਸਕਦੀ। ਅਖੀਰ ਇਕ ਏਅਰਲਾਈਨ ਵਾਲੇ ਦੁੱਗਣੇ ਡਾਲਰ ਲੈ ਕੇ ਸਾਨੂੰ ਲਿਜਾਣ ਲਈ ਰਾਜੀ ਹੋ ਗਏ।
ਕਿਵੇਂ ਨਾ ਕਿਵੇਂ ਉਹ ਵਕਤ ਆ ਹੀ ਪਹੁੰਚਿਆ ਜਦੋਂ ਇਸ ਫ਼ਨਕਾਰ ਨੂੰ ਅਸੀ ਛੂਹ ਸਕਦੇ। ਅਸੀਂ ਉਤੇਜਨਾ ਵਿੱਚ ਪਤਾ ਨਹੀਂ  ਕੀ-ਕੀ ਸਵਾਲ ਸਤਿੰਦਰ ਨੂੰ ਕਰੀ ਗਏ, ਪਰ ਉਹ ਉੱਨੀ ਹੀ ਹਲੀਮਅਤ ਨਾਲ ਕਲੀ-ਕਲੀ ਗਲ ਦਾ ਨਿਖੇਡ਼ਾ ਕਰਦਾ ਰਿਹਾ। ਉਸ ਦਾ  ਹਰ ਇਕ ਜਵਾਬ ਸਾਨੂੰ ਖ਼ਾਮੋਸ਼ ਕਰਵਾ ਦਿੰਦਾ। ਥੋਡ਼੍ਹੀ ਜਿਹੀ ਦੇਰ 'ਚ ਉਹ ਵਕਤ ਵੀ ਆ ਗਿਆ ਜਦੋਂ ਮਹਿਫਿਲ-ਏ-ਸਰਤਾਜ ਦਾ ਆਗਾਸ ਹੋਇਆ ਤੇ ਜਦੋਂ ਇਕਬਾਲ ਮਾਹਲ ਹੋਰਾਂ ਨੇ ਸਤਿੰਦਰ ਦੀ ਟੀਮ ਦੀ ਜਾਨ-ਪਹਿਚਾਣ ਦਰਸ਼ਕਾਂ ਨਾਲ ਕਰਵਾਈ ਤਾਂ ਜ਼ਿੰਦਗੀ ਵਿੱਚ ਪਹਿਲੀ ਵਾਰ ਡੋਲ ਬਾਜੇ ਬਜਾਉਣ ਵਾਲੇ ਮਾਸਟਰਜ਼ ਦੀਆਂ ਡਿਗਰੀਆਂ ਵਾਲੇ ਦੇਖ ਕੇ ਪਿੰਡੇ ਵਿੱਚੋਂ ਤੁਡ਼-ਤਡ਼ੀਆਂ ਜਿਹੀਆਂ ਨਿਕਲੀਆਂ। ਹੁਣ ਤਕ ਖ਼ਾਨਦਾਨੀ ਮੀਰ ਤਾਂ ਸਾਜਾ ਵਿੱਚ ਮੁਹਾਰਤ ਰੱਖਦੇ ਦੇਖੇ ਸਨ ਪਰ ਇੰਨੇ ਪਡ਼੍ਹੇ ਲਿਖੇ ਸਾਜਿੰਦਿਆਂ ਦੀ ਟੀਮ ਦੇਖ ਕੇ ਸ਼ੁਰੂ ਹੋਣ ਵਾਲੀ ਮਹਿਫ਼ਲ ਦੇ ਮੁਕਾਮ ਦਾ ਅਹਿਸਾਸ ਸਾਨੂੰ ਹੋ ਗਿਆ ਸੀ। ਬਸ ਫੇਰ ਜਦੋਂ ਇਕ ਬਾਰ ਸਾਈਂ ਨਾਲ ਤਾਰ ਜੋਡ਼ ਲਈ ਸਰਤਾਜ ਨੇ ਤਾਂ ਪਤਾ ਹੀ ਨਹੀਂ ਚਲਿਆ ਕਿ ਕਦੋਂ ਗਿਆਰਾਂ ਵੱਜ ਗਏ। ਚਾਹ ਦੇ ਕੱਪ ਦੀਆਂ ਚੁਸਕੀਆਂ ਲੈਂਦਾ-ਲੈਂਦਾ ਇਹ ਫ਼ਨਕਾਰ ਲਗਾਤਾਰ ਬਿਨਾਂ ਕਿਸੇ ਬ੍ਰੇਕ ਦੇ ਚਾਰ ਘੰਟੇ ਦਰਸ਼ਕਾਂ ਨੂੰ ਤਾਡ਼ੀਆਂ ਪਾਉਣ ਤੇ ਮਜਬੂਰ ਕਰਦਾ ਰਿਹਾ। ਸਾਰੇ ਹਾਲ ਵਿੱਚ ਉਸ ਵੱਲੋਂ ਕਹੀ ਹਰ ਗਲ ਤੇ 'ਵਾਹ-ਵਾਹ' ਤੇ 'ਜੀਓ' ਦੀਆਂ ਆਵਾਜ਼ਾਂ ਆਉਂਦੀਆਂ ਰਹੀਆਂ। ਸ਼ਾਇਦ ਹੀ ਕੋਈ ਇਹੋ ਜਿਹਾ ਸ਼ੇਅਰ ਹੋਵੇ ਜਿਸ ਨੂੰ ਸੁਣ ਕੇ ਲੋਕ ਮਜਬੂਰ ਨਾ ਹੋਏ ਹੋਣ ਤਾਡ਼ੀਆਂ ਪਾਉਣ ਲਈ ਤੇ ਕਈ ਬਾਰ ਤਾਂ ਉਸ ਵੱਲੋਂ ਗਾਈ ਕੋਈ ਲਾਈਨ ਲੋਕਾਂ ਦੇ ਦਿਲਾਂ ਨੂੰ ਐਨਾ ਲਗ ਜਾਂਦੀ ਕਿ ਉਹ ਮਜਬੂਰ ਹੋ ਜਾਂਦੇ ਖਡ਼੍ਹੇ ਹੋ ਕੇ ਤਾਡ਼ੀਆਂ ਪਾਉਣ ਲਈ। ਚਾਰ ਘੰਟੇ ਵਗੇ ਇਸ ਸ਼ਾਇਰੀ ਦੇ ਦਰਿਆ ਤੋਂ ਬਾਦ ਜਦ ਮੈਂ ਇਕ ਬਜ਼ੁਰਗ ਦਰਸ਼ਕ ਜੋ ਕਿ ਸਰਤਾਜ ਨਾਲ ਫੋਟੋ ਖਿਚਵਾਉਣ ਲਈ ਆਪਣੀ ਬਾਰੀ ਦੀ ਉਡੀਕ ਕਰ ਰਿਹਾ ਸੀ ਨੂੰ ਉਂਝ ਹੀ ਪੁੱਛ ਲਿਆ ਹੋਰ ਬਾਬਾ ਜੀ ਕਿੱਦਾਂ ਲੱਗਿਆ ਤਾਂ ਮੂਹਰੋਂ ਬਾਬਾ ਕਹਿੰਦਾ ਕੁੱਝ ਨਹੀਂ ਯਾਰ ਤੇਰਾ ਇਹ ਆਡ਼ੀ ਵੀ ! ਮੈਂ ਠਠੰਬਰ ਕੇ ਜੇ ਬਾਬੇ ਨੂੰ ਪੁੱਛਿਆ ਕਿਉਂ ਕੀ ਹੋ ਗਿਆ? ਬਾਬਾ ਕਹੇ ਪਤੰਦਰ ਨੇ ਮੇਰੇ ਤਾਂ ਹੱਥ ਦੁਖਣ ਲਾ ਤੇ ਤਾਡ਼ੀਆਂ ਪੁਆ-ਪੁਆ ਕੇ, ਕੋਲ ਖਡ਼੍ਹੇ ਇੱਕ ਹੋਰ ਨੌਜਵਾਨ ਨੇ ਕਿਹਾ ਕਿ ਜਿਹਡ਼ਾ ਅੱਜ ਸਰਤਾਜ ਦਾ ਸ਼ੋਅ ਦੇਖਣ ਨਹੀਂ ਆਇਆ ਉਹ ਬਡ਼ਾ ਪਛਤਾਊ! ਨਾਲ ਹੀ ਖਡ਼੍ਹੀ ਇਕ ਪਡ਼੍ਹਾਕੂ ਕੁਡ਼ੀ ਕਹੇ; ਪਛਤਾਊ ਕਿਹਾ ਬਡ਼ਾ ਕਿਹਾ ਬਾਲ ਪੱਟ-ਪੱਟ ਕੇ ਰੋਊ। ਮੇਰਾ ਇਥੇ ਇਹ ਲਿਖਣਾ ਦਾ ਇਕ ਮਕਸਦ ਇਹ ਹੈ ਕਿ ਹਰ ਵਰਗ ਦਾ ਸਰੋਤਾ ਸਰਤਾਜ ਦੇ ਸੰ ਮੋਹਨ ਵਿੱਚ ਸੰ ਮੋਹਿਤ ਹੋ ਚੁੱਕਿਆ ਸੀ।
ਅਸੀਂ ਤਾਂ ਸੋਚ-ਸੋਚ ਕੇ ਬੱਸ ਇਸੇ ਨਤੀਜੇ ਤੇ ਪਹੁੰਚੇ ਹਾਂ ਕਿ ਅੱਜ ਦੀ ਘਡ਼ੀ ਤਾਂ ਸਰਤਾਜ ਵਿੱਚੋਂ ਇੱਕ ਵੀ ਝਲਕ ਕਲਯੁਗੀ ਬੰਦੇ ਦੀ ਨਹੀਂ ਪੈ ਰਹੀ। ਉਹ ਤਾਂ ਰੱਬ ਵਲੋਂ ਭੇਜਿਆ ਕੋਈ “ਪੀਰ” ਲਗਦਾ। ਉਹਨਾਂ ਨਾਲ ਗਲ ਕਰਨ ਤੋਂ ਬਾਅਦ ਹੀ ਇਹ ਮਹਿਸੂਸ ਹੋਇਆ ਕਿ ਕਿਉਂ ਉਹਨਾਂ ਦੇ ਗੀਤਾਂ ਵਿੱਚ ਇਹੋ ਜਿਹੇ ਸ਼ਬਦ ਹੁੰਦੇ ਹਨ ਜੋ ਆਮ ਇਨਸਾਨ ਦੀ ਸੋਚ ਤੋਂ ਪਰੇ ਹੁੰਦੇ ਹਨ ।ਜਿਵੇਂ ਕਿ;
ਫ਼ਿਲਹਾਲ ਹਵਾਵਾਂ ਰੁਮਕਦੀਆਂ ਜਦ ਝੱਖਡ਼ ਝੁੱਲੂ ਦੇਖਾਂਗੇ,
ਹਾਲੇ ਘਡ਼ਾ ਅਕਲ ਦਾ ਊਣਾ ਹੈ, ਜਦ ਭਰ ਕੇ ਡੁੱਲ੍ਹੂ ਦੇਖਾਂਗੇ।

ਇਕ ਆਮ ਇਨਸਾਨ ਕੁਦਰਤ ਦੀਆਂ ਦਾਤਾਂ ਦਾ ਉਹ ਆਨੰਦ ਨਹੀਂ ਲੈ ਸਕਦਾ ਜੋ ਇਕ ਫ਼ੱਕਰ ਮਾਣ ਸਕਦਾ ਹੈ। ਆਮ ਇਨਸਾਨ ਲਈ ਤਾਂ ਹਵਾਵਾਂ ਵਗਦੀਆਂ ਹੁੰਦੀਆਂ ਹਨ, ਹਵਾਵਾਂ ਦੇ ਰੁਮਕਣ ਦਾ ਅਹਿਸਾਸ ਤਾਂ ਕੋਈ ਫ਼ਕੀਰ ਦੀ ਰੂਹ ਹੀ ਲੈ ਸਕਦੀ ਹੈ। ਆਪਣੀ ਅਕਲ ਦੇ ਘਡ਼ੇ ਨੂੰ ਊਣਾ ਮਾਤਡ਼੍ਹ-ਤਮ੍ਹਾਤਡ਼ ਤਾਂ ਮੰਨ ਹੀ ਨਹੀਂ ਸਕਦਾ, ਸਾਡੀ ਅਕਲ ਤਾਂ ਡੁੱਲ੍ਹ-ਡੁੱਲ੍ਹ ਕੇ ਆਂਢ-ਗੁਆਂਢ ਨੂੰ ਵੀ ਖੱਜਲ ਕਰ ਰਹੀ ਹੁੰਦੀ ਹੈ, ਜਿਵੇ  ਇਕ ਹੋਰ ਉਹਨਾਂ ਦੇ ਮਕਬੂਲ ਹੋਏ ਬੋਲ ;
ਸਾਈਂ-ਵੇ ਸਾਡੀ ਫ਼ਰਿਆਦ ਤੇਰੇ ਤਾਈਂ, ਮੇਰੇ ਵਿੱਚੋਂ ਮੈਂ ਨੂੰ ਮਾਰ ਮੁਕਾਈਂ।
ਹੁਣ ਤੁਸੀ ਦੱਸੋ ; ਕਿ ਕਿਹਡ਼ਾ ਬੰਦਾ ਸਾਰਾ ਦਿਨ ਖੱਪ ਕੇ ਇਹ ਕਹੂ ਕਿ ਇਹ ਮੈਂ ਨਹੀਂ ਤੂੰ ਕੀਤਾ। ਅਸੀਂ ਰੱਬ ਤੋਂ ਦੋ ਵੇਲੇ ਇਕ ‘ ਮੈਂ ’ ਹੀ ਤਾਂ ਮੰਗਦੇ ਹਾਂ ਤੇ ‘ਇਹ ਕਹਿੰਦਾ ਮੈਂ ਨੂੰ ਮਾਰ ਮੁਕਾਈਂ’! ਸਿਆਣੇ ਕਹਿੰਦੇ ਆ ਕਿ ਅੱਧੀ ਲਡ਼ਾਈ ਤਾਂ ਮੈਂ ਦੀ ਹੁੰਦੀ ਹੈ। ਪਰ ਮੇਰੀ ਤਾਂ ਇਹ ਸੋਚ ਹੈ ਕੇ ਅੱਜ ਦਾ ਇਹ ਯੁੱਗ ਭੱਜਿਆ ਹੀ ‘ਮੈਂ’ ਮਗਰ ਫਿਰਦਾ। ਉਦਾਹਰਣ ਦੇਣ ਦੀ ਲੋਡ਼ ਨਹੀਂ; ਹੁਣ ਤਕ ਦੇ ਇਸ ਲੇਖ ਚ ਮੈਂ ਘੱਟੋ-ਘੱਟ ਵੀਹ ਬਾਰ ‘ਮੈਂ’ ਲਿਖ ਚੁੱਕਿਆ ! ਮੈਂ ਆਹ ਕੀਤਾ ਮੈਂ ਉਹ ਕਰਨਾ.... ‘ਇਸੇ ਲਈ ਤਾਂ ਕਹਿਣਾ ਕਿ ਸਰਤਾਜ ਬੰਦਾ ਨਹੀਂ ਇਹ ਜਰੂਰ ਕੋਈ ਸਾਧ ਹੈ’। ਮੇਰੇ ਸਾਧ ਲਿਖਣ ਤੋਂ ਤੁਸੀਂ ਇਹ ਭਾਵ ਨਾ ਲਾ ਲਿਉ ਕਿ ਇਹ ਅੱਜ ਕੱਲ੍ਹ ਦੇ ਆਪੇ ਬਣੇ ਫਿਰਦੇ ਹਜ਼ਾਰਾਂ ਸਾਧਾਂ ਵਿੱਚੋਂ ਇੱਕ ਹੈ ਅੱਜ ਦੀ ਘਡ਼ੀ ਤਾਂ ਇਹ ਉਹ ਸਾਧ ਜਾਪ ਰਿਹਾ ਹੈ ''ਜਿਸ ਨੇ ਸੱਭ ਕੁੱਝ ਸਾਧ ਲਿਆ ਹੈ ਨਾ ਕੇ ਡਰਾਮੇ ਬਾਜ ਸਾਧ''।
ਉਂਝ ਤਾਂ ਸਰਤਾਜ ਵੱਲੋਂ ਲਿਖੇ ਤੇ ਗਾਏ ਹਰ ਇਕ ਸ਼ਬਦ ਦੀ ਵਿਆਖਿਆ ਹੋ ਸਕਦੀ ਹੈ, ਜੇ ਕਦੇ ਇਹੋ ਜਿਹਾ ਵਕਤ ਆਇਆ ਤਾਂ ਕਰਨ ਦੀ ਕੋਸ਼ਸ਼ ਵੀ ਕਰਾਂਗਾ ! ਪਰ ਇਸ ਲੇਖ ‘ਚ ਤਾਂ ਬੱਸ ਇਕ ਹੋਰ ਗੀਤ ਨਿੱਕੀ ਜਿਹੀ ਕੁਡ਼ੀ ਬਾਰੇ ਗਲ ਕਰਨੀ ਚਾਹੁੰਦਾ ਹਾਂ। ਇਹ ਗੀਤ ਸੁਣ ਕੇ ਸਹਿਜੇ ਹੀ ਅਹਿਸਾਸ ਹੋ ਜਾਂਦਾ ਕਿ ਉਸ ਦਾ ਨਜ਼ਰੀਆ ਬੰਦਿਆਂ ਦੇ ਤੁਲ ਨਹੀਂ ; ਕਿਉਂਕਿ ਪਹਿਲੀ ਗੱਲ, ਜਿਸ ਸਚਾਈ ਨੂੰ ਉਸ ਨੇ ਇਸ ਗੀਤ ਚ ਪੇਸ਼ ਕੀਤਾ ਹੈ ਉਸ ਮੁਤਾਬਿਕ ਜਦੋਂ ਚਾਰ ਯਾਰ ਮਿਲੇ ਹੋਣ, ਲੰਡੀ ਜੀਪ ਹੋਵੇ, ਫ਼ੁਰਸਤ ਦੇ ਪਲ ਹੋਣ ਤਾਂ ਇਹੋ ਜਿਹੇ ਵਕਤ ਸਾਨੂੰ ਕਲਯੁਗੀ ਜੀਆਂ ਨੂੰ ਤਾਂ ਇਕੱਲੀ ਮਸਤੀ ਤੋਂ ਸਿਵਾ ਹੋਰ ਕੁੱਝ ਨਹੀਂ ਸੁੱਝਦਾ। ਅਜਿਹੇ ਵਕਤ ਕੁਡ਼ੀ ਦੇ ਨਾਂ ਨੂੰ ਤਾਂ ਮਸਤੀ ਚਰਮ ਸੀਮਾ ਤੇ ਹੂੰਦੀ ਹੈ।
ਉਸ ਦੇ ਅਦਬ, ਉਸ ਦੇ ਸਲੀਕੇ, ਉਸ ਦੀ ਰੂਹਾਨੀਅਤ, ਉਸ ਦੀ ਸੋਚ, ਉਸ ਦੇ ਖ਼ਿਆਲ, ਉਸ ਦੇ ਤਰਕ ਤੇ ਉਸ ਦੇ ਚਿੰਤਨ ਬਾਰੇ ਜਾਣ ਕੇ ਮੇਰੇ ਕੋਲ ਤਾਂ ਬੱਸ ਇਕੋ ਰਾਹ ਰਹਿ ਗਿਆ ਕਿ ਉਸ ਨੂੰ ਬੰਦਾ ਮੰਨਣ ਤੋਂ ਪਰਹੇਜ਼ ਕਰਾਂ ਤੇ ਇਸ ਫ਼ਕੀਰ ਦੀ ਰਵਾਨੀ ਦਾ ਆਨੰਦ ਮਾਣਾ । ਪਰ ਮੇਰੀ ਇਹ ਸੋਚ ਤਾਂ ਸਿਰਫ਼ ਮੇਰੀ ਹੈ ? ਤੇ ਦੁਨੀਆ ਤਾਂ ਹਾਲੇ ਇਸ ਗਲ ਨੂੰ ਮੰਨਣ ਨੂੰ ਤਿਆਰ ਨਹੀਂ ਕਿਉਂਕਿ ਉਸ ਦਾ ਕਹਿਣਾ ਹੈ ਕਿ ਹਾਲੇ ਇਹ ਮੁੰਡਾ ਕੁੱਝ ਪਲ ਹੀ ਤਾਂ ਤੁਰਿਆ ਹੈ, ਦੇਖਦੇ ਹਾਂ ਜਦੋਂ ਮਾਇਆ ਨੇ ਆਪਣਾ ਜਾਲ ਸੁੱਟਿਆ, ਉਦੋਂ ਦੇਖਾਗੇ ਤੇਰੇ ਇਸ ਫ਼ਕੀਰ ਨੂੰ! ਕਿੰਨਾ ਕੁ ਬਚਾਊ ਆਪਣੇ ਚੋਲੇ ਨੂੰ ਦਾਗ਼ ਲੱਗਣ ਤੋਂ ? ਦੋਸਤੋ ਇਸ ਦੁਨੀਆ ਨੂੰ ਵੀ ਅੱਖੋਂ ਉਹਲੇ ਨਹੀਂ ਕਰ ਸਕਦੇ। ਦੁਨੀਆ ਰੂਪੀ ਇਹ ਆਈਨਾ ਅਸਲੀ ਚਿਹਰਾ ਦਿਖਾਉਣ ਵਿੱਚ ਦੇਰ ਨਹੀਂ ਲਗਾਉਂਦੀ।
ਇਸ ਲਈ ‘ਜਦੋਂ ਇਹ ਫ਼ਕੀਰ, ਦੁਨਿਆਵੀ ਦਾਨਵਾਂ ਦੇ ਹੱਥ ਚਡ਼੍ਹੇਗਾ ਤਾਂ ਹੀ ਇਸ ਸੋਨੇ ਦੀ ਪਰਖ ਹੋਵੇਗੀ’? ਕਿਉਂਕਿ ਮੈਨੂੰ ਉਹ ਦਿਨ ਦੂਰ ਨਹੀਂ ਦਿੱਖ ਰਹੇ ਜਦੋਂ ਇਸ ਦੇ ਘਰ ਮੂਹਰੇ ਵਪਾਰਕ ਬੰਦਿਆ ਦੀਆਂ ਲਾਈਨਾ ਲਗੀਆਂ ਹੋਣਗੀਆਂ। ਇਸ ਦੀ ਆਵਾਜ਼ ਸੰਗੀਤ ਜਗਤ ਨੂੰ ਕੀਲ ਰਹੀ ਹੈ, ਇਸ ਦੀ ਕਲਮ ਸਾਹਿਤਿਕ ਹਲਕਿਆਂ ਵਿੱਚ ਰੰਗ ਜਮਾ ਰਹੀ ਹੈ ਅਤੇ ਇਸ ਦੀ ਮਨਮੋਹਕ ਮੁਸਕਾਨ ਤੇ ਮਾਸੂਮੀਅਤ ਭਾਰੀ ਸ਼ਕਲ ਫ਼ਿਲਮੀ ਜਗਤ ‘ਤੇ ਰਾਜ ਕਰਨ ਦੇ ਕਾਬਿਲ ਦਿੱਖ ਰਹੀ ਹੈ। ਸੋ ਸਤਿੰਦਰ ਦੇ ਹਰ ਪਾਸੇ ਮਾਇਆ ਨਗਰੀ ਆਪਣਾ ਜਾਲ ਵਿਛਾਉਣ ਨੂੰ ਤਿਆਰ ਬੈਠੀ ਹੈ। ਭਾਵੇਂ ਇਹ ਜਾਲ ਅੱਜ ਸਮੇਂ ਦੀ ਮਜਬੂਰੀ ਵੀ ਹੈ, ਬਿਨਾਂ ਇਸ ਮਾਇਆ ਨਗਰੀ ਦੇ ਕੁੱਝ ਹੋ ਵੀ ਨਹੀਂ ਸਕਦਾ। ਹੁਣ ਇਮਤਿਹਾਨ ਦੀ ਘਡ਼ੀ ਆ ਚੁੱਕੀ ਹੈ ਬਸ ਫੇਰ ਪਤਾ ਲੱਗੂ ਬੰਦੇ ਤੇ ਪੀਰ ਵਾਲੇ ਫ਼ਰਕ ਦਾ ! ‘ਮੇਰੀ ਤਾਂ ਇਕੋ ਦੁਆ ਹੈ ਕਿ ਇਹ ਫ਼ਕੀਰ ਇਹਨਾਂ ਦੁਨਿਆਵੀ ਭੱਠੀਆਂ ਦਾ ਸੇਕ ਝੱਲ ਕੇ ਹੋਰ ਵੀ ਨਿਖਰੇ’। ਮੈਂ ਇਥੇ ਇਹ ਦਾਵੇ ਨਾਲ ਲਿਖਦਾ ਹਾਂ ਕਿ ਭਾਵੇਂ ਹੁਣ ਮੇਰੀ ਕਲਮ ਸਰਤਾਜ ਦੀ ਉਸਤਤ ਕਰਦੀ ਲੇਟ ਹੋ ਗਈ ਪਰ ਜੇ ਸਰਤਾਜ ਆਪਣੇ ਮੁਕਾਮ ਤੋਂ ਭਟਕਦਾ ਹੈ ਤਾਂ ਮੇਰੀ ਇਹੀ ਕਲਮ ਸਰਤਾਜ ‘ਤੇ ਸੱਭ ਤੋਂ ਪਹਿਲਾਂ ਵਾਰ ਕਰੇਗੀ।
ਅੰਤ ਵਿੱਚ ਸਾਡੇ ਇਤਿਹਾਸ ਵਿੱਚੋਂ ਇੱਕ ਬਡ਼ਾ ਖ਼ੂਬਸੂਰਤ ਕਲਾਮ ਜੋ ਕਿ ਇਕ ਫ਼ਕੀਰ ਦੀ ਪਰਿਭਾਸ਼ਾ ਨੂੰ ਦਰਸਾਉਂਦਾ;
''ਹੱਦਾਂ ਟੱਪਣ ਔਲੀਏ, ਬੰਨੇ ਟੱਪਣ ਪੀਰ, ਹੱਦਾਂ-ਬੰਨੇ ਜੋ ਟੱਪੇ ਉਹਨੂੰ ਜਾਣ ਫ਼ਕੀਰ''   
.................................

ਮਨੁੱਖੀ ਹੋਂਦ ਦੀ ਗੱਲ ਕਰਦੀਆਂ ਸਰਲ ਸੰਚਾਰੀ ਕਵਿਤਾਵਾਂ -ਸੁਖਿੰਦਰ


ਮਨੁੱਖੀ ਹੋਂਦ ਦੀ ਗੱਲ ਕਰਦੀਆਂ ਸਰਲ ਸੰਚਾਰੀ ਕਵਿਤਾਵਾਂ   -ਸੁਖਿੰਦਰ

ਮੇਜਰ ਸਿੰਘ ਨਾਗਰਾ ਨੇ ਆਪਣੇ ਕਾਵਿ-ਸੰਗ੍ਰਹਿ 'ਸਭ ਕੁਝ ਖ਼ਤਰੇ 'ਚ ਹੈ' ਦੀ ਪ੍ਰਕਾਸ਼ਨਾ ਨਾਲ ਕੈਨੇਡੀਅਨ ਪੰਜਾਬੀ ਸਾਹਿਤ ਜਗਤ ਵਿੱਚ ਪ੍ਰਵੇਸ਼ ਕੀਤਾ ਹੈ।
ਇਸ ਕਾਵਿ-ਸੰਗ੍ਰਹਿ ਵਿੱਚ ਨਾਗਰਾ ਨੇ ਵਧੇਰੇ ਕਵਿਤਾਵਾਂ ਉਹ ਸ਼ਾਮਿਲ ਕੀਤੀਆਂ ਹਨ ਜਿਹੜੀਆਂ ਉਸਨੇ 1987-1992 ਦੌਰਾਨ ਆਪਣੇ ਵਿਦਿਆਰਥੀ ਜੀਵਨ ਸਮੇਂ ਲਿਖੀਆਂ। ਸ਼ਾਇਦ, ਇਸੇ ਕਾਰਨ ਹੀ ਇਨ੍ਹਾਂ 'ਚੋਂ ਵਧੇਰੇ ਕਵਿਤਾਵਾਂ ਬੜੇ ਸਰਲ ਸੁਭਾਅ ਦੀਆਂ ਹਨ। ਇਸ ਕਾਵਿ-ਸੰਗ੍ਰਹਿ ਦੀ ਕਿਸੇ ਵੀ ਕਵਿਤਾ ਨੂੰ ਸਮਝਣ ਲਈ ਪਾਠਕ ਨੂੰ ਕੋਈ ਉਚੇਚਾ ਯਤਨ ਨਹੀਂ ਕਰਨਾ ਪੈਂਦਾ।
'ਸਭ ਕੁਝ ਖ਼ਤਰੇ 'ਚ ਹੈ' ਕਾਵਿ-ਸੰਗ੍ਰਹਿ ਵਿਚਲੀਆਂ ਕਵਿਤਾਵਾਂ ਨੂੰ ਮੇਜਰ ਸਿੰਘ ਨਾਗਰਾ ਵੱਲੋਂ ਭਵਿੱਖ ਵਿੱਚ ਪਰਪੱਕ ਕਵਿਤਾਵਾਂ ਲਿਖਣ ਲਈ ਕੀਤਾ ਗਿਆ ਪਹਿਲਾ ਕਾਵਿਕ ਅਭਿਆਸ ਵੀ ਕਿਹਾ ਜਾ ਸਕਦਾ ਹੈ। ਕਿਉਂਕਿ ਇਨ੍ਹਾਂ ਕਵਿਤਾਵਾਂ ਵਿੱਚ ਨਾਗਰਾ ਨੇ ਮਨੁੱਖੀ ਹੋਂਦ ਨਾਲ ਜੁੜੇ ਵੱਖੋ ਵੱਖ ਪਹਿਲੂਆਂ ਬਾਰੇ ਬੜੇ ਹੀ ਸਿੱਧੇ ਸਪੱਸ਼ਟ ਸ਼ਬਦਾਂ ਵਿੱਚ ਆਪਣੀ ਚਿੰਤਾ ਪ੍ਰਗਟਾਈ ਹੈ।
ਮੇਜਰ ਸਿੰਘ ਨਾਗਰਾ ਦਾ ਕਾਵਿ-ਸੰਗ੍ਰਹਿ 'ਸਭ ਕੁਝ ਖ਼ਤਰੇ 'ਚ ਹੈ' ਪੜ੍ਹਦਿਆਂ ਮੈਨੂੰ ਇਸ ਗੱਲ ਦਾ ਅਹਿਸਾਸ ਹੋਇਆ ਹੈ ਕਿ ਨਾਗਰਾ ਇੱਕ ਮਨੁੱਖਵਾਦੀ ਸ਼ਾਇਰ ਹੈ। ਇੱਕ ਸੁਚੇਤ ਸ਼ਾਇਰ ਹੋਣ ਦੇ ਨਾਤੇ ਉਸਦੀ ਚਿੰਤਾ ਮਨੁੱਖ ਦੀ ਹੋਂਦ ਬਾਰੇ ਹੈ। ਉਹ ਧਰਮਾਂ, ਸਭਿਆਚਾਰਾਂ, ਰੰਗਾਂ, ਨਸਲਾਂ ਜਾਂ ਵੱਖੋ ਵੱਖ ਦੇਸ਼ਾਂ ਦੀਆਂ ਸਰਹੱਦਾਂ ਦੇ ਬੰਧਨਾਂ ਨੂੰ ਸਵੀਕਾਰ ਨਹੀਂ ਕਰਦਾ। ਉਹ ਆਪਣੀ ਸ਼ਾਇਰੀ ਵਿੱਚ ਬਿਨ੍ਹਾਂ ਕਿਸੀ ਸੰਕੋਚ ਦੇ ਸਾਡੇ ਮੱਥਿਆਂ ਉੱਤੇ ਇਹ ਸੁਆਲ ਲਿਖ ਦਿੰਦਾ ਹੈ ਕਿ ਜਦੋਂ ਅਸੀਂ ਸਭ ਇੱਕੋ ਹੀ ਧਰਤੀ ਦੇ ਰਹਿਣ ਵਾਲੇ ਹਾਂ, ਸਾਡੇ ਸਭ ਦੇ ਖ਼ੂਨ ਦਾ ਰੰਗ ਲਾਲ ਹੈ, ਸਾਡੇ ਸਭ ਦੇ ਦੁੱਖ-ਦਰਦ ਇੱਕੋ ਜਿਹੇ ਹਨ ਤਾਂ ਫਿਰ ਅਸੀਂ ਇੱਕ ਦੂਜੇ ਨਾਲ ਕਿਉਂ ਲੜਦੇ ਹਾਂ ਅਤੇ ਈਰਖਾ ਦੀ ਅੱਗ ਵਿੱਚ ਕਿਉਂ ਸੜਦੇ ਹਾਂ ? ਇਸ ਸਬੰਧ ਵਿੱਚ ਉਸ ਦੀ ਨਜ਼ਮ 'ਅਸੀਂ ਸਭ ਇੱਕ ਹਾਂ' ਦੀਆਂ ਇਹ ਸਤਰਾਂ ਸਾਡਾ ਵਿਸ਼ੇਸ਼ ਧਿਆਨ ਖਿੱਚਦੀਆਂ ਹਨ:
ਸਾਡੀ ਧਰਤੀ ਇੱਕ
ਅਸੀਂ ਸਭ ਮਨੁੱਖ ਇੱਕ
ਹਿੰਦੂ ਦੀ ਰਾਮ-ਰਾਮ
ਮੁਸਲਮਾਨ ਦਾ ਸਲਾਮ
ਸਭ ਦਾ ਮਤਲਬ ਇੱਕ
ਫਿਰ ਆਪਸ ਵਿੱਚ ਅਸੀਂ ਕਿਉਂ ਲੜੀਏ
ਨਫਰਤ 'ਤੇ ਫਿਰਕੇ ਦੀ ਅੱਗ 'ਚ ਕਿਉਂ ਸੜੀਏ
ਸਾਂਝੀ ਧਰਤੀ ਤੇ ਡੁਲ੍ਹਦੇ
ਲਹੂ ਦਾ ਰੰਗ, ਲਾਲ ਇੱਕ
ਸਾਡੀ ਖੁਸ਼ੀ 'ਤੇ ਸਾਡਾ ਦੁੱਖ ਇੱਕ
ਸਾਡੀ ਚੀਸ 'ਤੇ ਪੀੜ ਵੀ ਇੱਕ
ਅਜੋਕੇ ਸਮਿਆਂ ਵਿੱਚ ਡਾਲਰਾਂ ਦੀ ਦੌੜ ਵਿੱਚ ਗਲਤਾਨ ਹੋਇਆ ਮਨੁੱਖ ਅੰਨ੍ਹੇ ਘੋੜੇ ਵਾਂਗ ਦੌੜ ਰਿਹਾ ਹੈ। ਜ਼ਿੰਦਗੀ ਵਿੱਚ ਉਸਦਾ ਇੱਕ ਹੀ ਨਿਸ਼ਾਨਾ ਹੈ ਕਿ ਉਹ ਵੱਧ ਤੋਂ ਵੱਧ ਡਾਲਰ ਕਿਵੇਂ ਕਮਾ ਸਕਦਾ ਹੈ। ਇਸ ਪ੍ਰਾਪਤੀ ਲਈ ਉਸਨੂੰ ਭਾਵੇਂ ਗਲਤ ਢੰਗ ਵੀ ਕਿਉਂ ਨ ਅਪਨਾਉਣੇ ਪੈਣ ਉਹ ਇਸਤੋਂ ਵੀ ਗੁਰੇਜ਼ ਨਹੀਂ ਕਰੇਗਾ। ਅੱਜ ਦਾ ਮਨੁੱਖ ਏਨਾ ਮਤਲਬ-ਪ੍ਰਸਤ ਹੋ ਚੁੱਕਿਆ ਹੈ ਕਿ ਉਹ ਰਾਜਨੀਤਿਕ, ਸਮਾਜਿਕ, ਸਭਿਆਚਾਰਕ ਜਾਂ ਧਾਰਮਿਕ ਪ੍ਰਾਪਤੀਆਂ ਕਰਨ ਲਈ ਹਰ ਕਿਸੇ ਨੂੰ ਆਪਣੇ ਪੈਰਾਂ ਹੇਠ ਦਰੜ ਕੇ ਅੱਗੇ ਲੰਘ ਜਾਣਾ ਚਾਹੁੰਦਾ ਹੈ। ਅਜੋਕੇ ਮਨੁੱਖ ਦੀ ਅਜਿਹੀ ਮਾਨਸਿਕਤਾ ਕਾਰਨ ਹੀ ਲੋਕਾਂ ਵਿੱਚ ਇੱਕ ਦੂਜੇ ਲਈ ਪਿਆਰ ਘੱਟ ਰਿਹਾ ਹੈ। ਸਾਡੇ ਵਿੱਚ ਭਾਈਚਾਰਕ ਸਾਂਝ ਹੋਣ ਵਜੋਂ ਇੱਕ ਦੂਜੇ ਦੇ ਦੁੱਖਾਂ-ਦਰਦਾਂ ਅਤੇ ਖੁਸ਼ੀਆਂ-ਗਮੀਆਂ ਵਿੱਚ ਇੱਕ ਦੂਜੇ ਨੂੰ ਮਿਲਵਰਤਣ ਦੇਣ ਵਾਲੀਆਂ ਭਾਵਨਾਵਾਂ ਅਲੋਪ ਹੋ ਰਹੀਆਂ ਹਨ। ਪਰ ਇਸ ਗੱਲ ਦੀ ਕਿਸੀ ਨੂੰ ਸਮਝ ਨਹੀਂ ਲੱਗ ਰਹੀ ਕਿ ਅਜਿਹੇ ਵਰਤਾਰੇ ਲਈ ਕੌਣ ਜਿੰਮੇਵਾਰ ਹੈ? ਇੱਥੋਂ ਤੱਕ ਕਿ ਲੋਕਾਂ ਦੀ ਜ਼ਿੰਦਗੀ ਵਿੱਚ ਇਸ ਹੱਦ ਤੱਕ ਆ ਚੁੱਕੇ ਨਿਘਾਰ ਵੱਲੋਂ ਹਕੂਮਤ ਕਰ ਰਹੀਆਂ ਸ਼ਕਤੀਆਂ ਵੀ ਅੱਖਾਂ ਮੀਟ ਰਹੀਆਂ ਹਨ। ਜਿਵੇਂ ਕਿਤੇ ਇਸ ਮਸਲੇ ਪ੍ਰਤੀ ਉਨ੍ਹਾਂ ਦੀ ਕੋਈ ਜਿੰਮੇਵਾਰੀ ਹੀ ਨ ਹੋਵੇ। ਇਹ ਗੱਲ ਵੀ ਮੇਜਰ ਸਿੰਘ ਨਾਗਰਾ ਆਪਣੀ ਸ਼ਾਇਰੀ ਦੇ ਸਰਲ ਸੰਚਾਰੀ ਢੰਗ ਰਾਹੀਂ ਆਪਣੀ ਨਜ਼ਮ 'ਮੌਸਮ' ਵਿੱਚ ਕਹਿ ਜਾਂਦਾ ਹੈ ਅਤੇ ਸਾਡੀਆਂ ਕਦਰਾਂ-ਕੀਮਤਾਂ ਦੇ ਨਿਤ ਬਦਲ ਰਹੇ ਮਾਪ ਦੰਡਾਂ ਬਾਰੇ ਆਪਣੀ ਚਿੰਤਾ ਪ੍ਰਗਟ ਕਰ ਜਾਂਦਾ ਹੈ:
ਲੋਪ ਹੋਈਆਂ ਸਾਡੀਆਂ ਪਿਆਰ ਤੇ ਮੁਹੱਬਤਾਂ
ਏਕੇ ਨੂੰ ਵੀ ਲੱਗਿਆ ਜੰਗਾਲ
ਭਾਈਚਾਰਾ, ਅਣਖਾਂ ਵੀ ਦੂਰ ਨਸ ਗਈਆਂ
ਹੁੰਦਾ ਜਾ ਰਿਹੈ ਮਨੁੱਖ ਕਿਉਂ ਕੰਗਾਲ ?
ਤੋਹਮਤ ਕਿਸ ਉੱਤੇ ਲਾਈਏ
ਹੁਕਮਰਾਨੇ-ਵਕਤ ਵੀ ਹੋ ਗਿਆ ਬੇਸ਼ਰਮ ਹੈ
ਮੌਸਮ ਹੈ ਠੰਡਾ ਸੀਲਤ
ਪਰ ਮਾਹੌਲ ਹੋਇਆ ਕਿਉਂ ਗਰਮ ਹੈ ?
ਸਾਡੀ ਸਭਿਆਚਾਰਕ-ਭਾਈਚਾਰਕ ਸਾਂਝ ਅਤੇ ਸਾਡੇ ਦਿਲਾਂ ਅੰਦਰ ਇੱਕ ਦੂਜੇ ਲਈ ਪੈਦਾ ਹੁੰਦੇ ਸਨੇਹ ਦੀ ਥਾਂ ਹੁਣ ਸਾਡੇ ਦਿਲਾਂ ਅੰਦਰ ਇੱਕ ਦੂਜੇ ਨੂੰ ਤਬਾਹ ਕਰਨ ਦੇ ਜੋ ਮਨਸੂਬੇ ਦਿਨ ਰਾਤ ਬਣ ਰਹੇ ਹਨ ਉਹ ਕਿਸੇ ਵੀ ਮਾਨਵਵਾਦੀ ਮਨੁੱਖ ਲਈ ਖੁਸ਼ੀ ਦੀ ਖਬਰ ਨਹੀਂ। ਨਿਰਸੰਦੇਹ, ਇਹ ਗੱਲਾਂ ਸਾਡੇ ਸਭ ਲਈ ਚਿੰਤਾ ਦਾ ਕਾਰਨ ਬਨਣੀਆਂ ਚਾਹੀਦੀਆਂ ਹਨ। ਆਪਣੀ ਨਜ਼ਮ 'ਤਿਉਹਾਰ' ਵਿੱਚ ਮੇਜਰ ਸਿੰਘ ਨਾਗਰਾ ਵੀ ਇਹੋ ਗੱਲ ਹੀ ਕਹਿ ਰਿਹਾ ਹੈ:
ਪਰ ਬਦਲ ਲਏ ਕਿਉਂ
ਤਿਉਹਾਰ ਮਨਾਵਣ ਦੇ ਹੁਣ ਢੰਗ ?
ਛਿੜੀ ਕਿਉਂ ਰਹਿੰਦੀ ਹੈ ਆਪਸ ਵਿੱਚ
ਹਰ ਵੇਲੇ ਨਫਰਤ ਦੀ ਜੰਗ
ਇਸ ਕਾਵਿ-ਸੰਗ੍ਰਹਿ ਵਿਚਲੀਆਂ ਨਜ਼ਮਾਂ ਰਾਹੀਂ ਅਜੋਕੇ ਮਨੁੱਖ ਦੀ ਤੰਗ ਹੋ ਰਹੀ ਸੋਚ ਬਾਰੇ ਆਪਣੀ ਚਿੰਤਾ ਪ੍ਰਗਟ ਕਰਨ ਦੇ ਨਾਲ ਨਾਲ ਮੇਜਰ ਸਿੰਘ ਨਾਗਰਾ ਅਨੇਕਾਂ ਵਿਸ਼ਵ-ਵਿਆਪੀ ਸਮੱਸਿਆਵਾਂ ਅਤੇ ਵਰਤਾਰਿਆਂ ਬਾਰੇ ਵੀ ਆਪਣੀ ਚਿੰਤਾ ਦਾ ਇਜ਼ਹਾਰ ਕਰਦਾ ਹੈ।
ਨਾਗਰਾ ਨੂੰ ਇਸ ਗੱਲ ਦਾ ਵੀ ਅਹਿਸਾਸ ਹੈ ਕਿ ਮਨੁੱਖ ਦੀਆਂ ਅਨੇਕਾਂ ਸਮੱਸਿਆਵਾਂ ਦਾ ਸਬੰਧ ਉਸ ਦੇ ਬਦਲ ਰਹੇ ਜ਼ਿੰਦਗੀ ਜਿਉਣ ਦੇ ਢੰਗ ਨਾਲ ਵੀ ਹੈ। ਉਸਦੀ ਨਜ਼ਮ 'ਭੁੱਖ ਤੇ ਧਰਤੀ' ਦੀਆਂ ਇਹ ਸਤਰਾਂ ਇਸ ਸਬੰਧ ਵਿੱਚ ਸਾਡੀ ਸਮਝ ਵਿੱਚ ਵਾਧਾ ਕਰ ਸਕਦੀਆਂ ਹਨ:
ਧਰਤੀ ਨੂੰ ਖਾ ਲਵਾਂਗਾ
ਸਭ ਕੁਝ ਪਚਾ ਲਵਾਂਗਾ
ਆਪਣਾ ਆਪਾ ਮਿਟਾ ਲਵਾਂਗਾ
ਕਿਉਂਕਿ ਮੈਂ ਮਨੁੱਖ ਹਾਂ
ਨਿਰੰਤਰ ਵਧਦੀ ਭੁੱਖ ਹਾਂ
ਪਰਾ-ਆਧੁਨਿਕ ਸਮਿਆਂ ਵਿੱਚ ਗਲੋਬਲ ਪੱਧਰ ਉੱਤੇ ਅਸੀਂ ਦੋ ਵੱਡੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਾਂ: ਪ੍ਰਦੂਸ਼ਣ ਦੀ ਸਮੱਸਿਆ ਅਤੇ ਗਲੋਬਲ ਵਾਰਮਿੰਗ ਦੀ ਸਮੱਸਿਆ। ਇਹ ਦੋ ਵੱਡੀਆਂ ਸਮੱਸਿਆਵਾਂ ਹੀ ਅਨੇਕਾਂ ਹੋਰ ਸਮੱਸਿਆਵਾਂ ਨੂੰ ਜਨਮ ਦਿੰਦੀਆਂ ਹਨ। ਇਨ੍ਹਾਂ ਗੱਲਾਂ ਨਾਲ ਹੀ ਧਰਤੀ ਦਾ ਵਾਤਾਵਰਣ ਅਤੇ ਪੌਣ-ਪਾਣੀ ਜੁੜਿਆ ਹੋਇਆ ਹੈ। ਜਿਨ੍ਹਾਂ ਗੱਲਾਂ ਦਾ ਧਰਤੀ ਉੱਤੇ ਮਨੁੱਖ ਦੀ ਹੋਂਦ ਨਾਲ ਗਹਿਰਾ ਸਬੰਧ ਹੈ। ਜੇਕਰ ਧਰਤੀ ਦਾ ਪੌਣ-ਪਾਣੀ ਹੀ ਪ੍ਰਦੂਸ਼ਣ ਨਾਲ ਭਰੇ ਹੋਣਗੇ ਤਾਂ ਮਨੁੱਖ ਸਿਹਤਮੰਦ ਕਿਵੇਂ ਰਹਿ ਸਕੇਗਾ ? ਵਿਗਿਆਨ ਅਤੇ ਤਕਨਾਲੋਜੀ ਦੀਆਂ ਈਜਾਦਾਂ ਸਦਕਾ ਮਨੁੱਖੀ ਜ਼ਿੰਦਗੀ ਸੌਖਾਲੀ ਤਾਂ ਬਣ ਰਹੀ ਹੈ, ਪਰ ਇਸ ਦੀ ਸਾਨੂੰ ਇੱਕ ਵੱਡੀ ਕੀਮਤ ਵੀ ਚੁਕਾਉਣੀ ਪੈ ਰਹੀ ਹੈ। ਕਾਰਾਂ, ਵੈਨਾਂ, ਟਰੱਕਾਂ, ਬੱਸਾਂ, ਹਵਾਈ ਜਹਾਜ਼ਾਂ, ਸਮੁੰਦਰੀ ਜਹਾਜ਼ਾਂ ਅਤੇ ਗੱਡੀਆਂ ਰਾਹੀਂ ਅਸੀਂ ਇੱਕ ਥਾਂ ਤੋਂ ਦੂਜੀ ਥਾਂ ਉੱਤੇ ਕੁਝ ਮਿੰਟਾਂ ਜਾਂ ਘੰਟਿਆਂ ਵਿੱਚ ਪਹੁੰਚ ਜਾਂਦੇ ਹਾਂ। ਪਰ ਇਨ੍ਹਾਂ ਰਾਹੀਂ ਵਾਤਾਵਰਨ ਵਿੱਚ ਛੱਡਿਆ ਗਿਆ ਧੂੰਆਂ ਅਤੇ ਜ਼ਹਿਰਲੀਆਂ ਗੈਸਾਂ ਵਾਤਾਵਰਨ ਨੂੰ ਪ੍ਰਦੂਸ਼ਿਤ ਕਰ ਰਹੇ ਹਨ। ਫੈਕਟਰੀਆਂ ਅਤੇ ਕਾਰਖਾਨਿਆਂ ਦੀਆਂ ਚਿਮਨੀਆਂ 'ਚੋਂ ਨਿਕਲ ਰਹੀਆਂ ਜ਼ਹਿਰਲੀਆਂ ਗੈਸਾਂ ਗਲੋਬਲ ਵਾਰਮਿੰਗ ਦੀ ਸਮੱਸਿਆ ਵਿੱਚ ਵਾਧਾ ਕਰ ਰਹੀਆਂ ਹਨ। ਲਾਪ੍ਰਵਾਹ ਵਿਉਪਾਰੀਆਂ ਨੇ ਆਪਣੀਆਂ ਫੈਕਟਰੀਆਂ 'ਚੋਂ ਨਿਕਲਦਾ ਕੂੜਾ-ਕਰਕਟ ਨਦੀਆਂ ਅਤੇ ਦਰਿਆਵਾਂ ਵਿੱਚ ਸੁੱਟ-ਸੁੱਟ ਕੇ ਸਾਫ ਪਾਣੀ ਦੇ ਇਨ੍ਹਾਂ ਸ੍ਰੋਤਾਂ ਨੂੰ ਮੌਤ ਦੇ ਫਰਿਸ਼ਤੇ ਬਣਾ ਦਿੱਤਾ ਹੈ। ਇਸ ਵਿਸ਼ੇ ਬਾਰੇ ਮੇਜਰ ਸਿੰਘ ਨਾਗਰਾ ਦੀਆ ਅਨੇਕਾਂ ਕਵਿਤਾਵਾਂ ਪੜ੍ਹਨ ਯੋਗ ਹਨ:

ਵਿਗਿਆਨ ਦਾ ਸਰਾਪ
ਕਰ ਰਿਹੈ ਧਰਤੀ ਨੂੰ ਖੇਰੂੰ-ਖੇਰੂੰ
ਸਿਸਕਦੀ, ਸਹਿਕਦੀ, ਤੜਪਦੀ
ਧਰਤੀ ਦੀ ਫਰਿਆਦ ਕੌਣ ਸੁਣੇ
ਕੌਣ ਰੋਕੇ ਪ੍ਰਦੂਸ਼ਣ
ਸਭ ਆਪੋ ਵਿੱਚ ਗੁਆਚੇ ਨੇ
ਧਰਤੀ ਦੇ ਹੰਝੂ
ਫਿਰ ਕੌਣ ਪੂੰਝੇ, ਕੌਣ ਪੂੰਝੇ
  (ਧਰਤੀ ਦੇ ਹੰਝੂ)


ਕਰ ਰਿਹਾ ਹੈ ਆਦਮੀ
ਖਿਲਵਾੜ ਆਪਣੇ ਆਪ ਨਾਲ
ਪ੍ਰਦੂਸ਼ਣ ਫੈਲਾਵੇ ਹਰ ਤਰਫ
ਉਦਯੋਗਾਂ ਦੇ ਪ੍ਰਤਾਪ ਨਾਲ
ਪਾਣੀ ਦੂਸ਼ਤ ਹੋ ਰਿਹਾ
ਹਰ ਨਦੀ ਦਾ, ਹਰ ਨਹਿਰ ਦਾ
ਹਾਲ ਬੁਰਾ ਹੋ ਗਿਆ
ਹਰ ਪਿੰਡ ਦਾ
ਹਰ ਸ਼ਹਿਰ ਦਾ
(ਵਾਤਾਵਰਣ)
ਮੇਜਰ ਸਿੰਘ ਨਾਗਰਾ ਅਮਨ ਦਾ ਪੁਜਾਰੀ ਹੈ। ਉਹ ਜਾਣਦਾ ਹੈ ਕਿ ਤਾਕਤ ਦੇ ਭੁੱਖੇ ਲੋਕ ਫੌਜੀ ਨੁਕਤੇ ਤੋਂ ਕਮਜ਼ੋਰ ਦੇਸ਼ਾਂ ਉੱਤੇ ਹਮਲੇ ਕਰਕੇ ਉਨ੍ਹਾਂ ਦੀ ਹਰ ਤਰ੍ਹਾਂ ਦੀ ਤਬਾਹੀ ਕਰਦੇ ਹਨ। ਅਜਿਹੇ ਦੇਸ਼ਾਂ ਉੱਤੇ ਕਬਜ਼ਾ ਕਰਨ ਤੋਂ ਬਾਹਦ ਉੱਥੇ ਆਪਣੀਆਂ ਪਿੱਠੂ ਸਰਕਾਰਾਂ ਨੂੰ ਸਥਾਪਤ ਕਰਕੇ ਉਨ੍ਹਾਂ ਦਾ ਸਮਾਜਿਕ ਅਤੇ ਸਭਿਆਚਾਰਕ ਸੰਸਾਰ ਤਬਾਹ ਕਰਦੇ ਹਨ ਅਤੇ ਦਹਾਕਿਆਂ ਤੱਕ ਉਨ੍ਹਾਂ ਦੀ ਆਰਥਿਕ ਲੁੱਟ ਕਰਦੇ ਹਨ। ਆਪਣੀ ਨਜ਼ਮ 'ਇੱਕ ਅਰਜ਼ੋਈ' ਵਿੱਚ ਨਾਗਰਾ ਇਹ ਇਛਾ ਪ੍ਰਗਟ ਕਰਦਾ ਹੈ ਕਿ ਕੁਦਰਤ ਦਾ ਕੋਈ ਅਜਿਹਾ ਵਰਤਾਰਾ ਵਾਪਰੇ ਕਿ ਖਣਿਜ ਪਦਾਰਥ ਲੋਹੇ ਦੇ ਲੱਛਣ ਹੀ ਬਦਲ ਜਾਣ ਅਤੇ ਉਹ ਇੱਕ ਅਜਿਹੇ ਪਦਾਰਥ ਦਾ ਰੂਪ ਧਾਰਨ ਕਰ ਲਵੇ ਕਿ ਇਹ ਕਦੀ ਅਜਿਹੇ ਸਖਤ ਪਦਾਰਥ ਦਾ ਰੂਪ ਹੀ ਨ ਵਟਾ ਸਕੇ ਜੋ ਕਿ ਜੰਗ-ਬਾਜ਼ਾਂ ਵੱਲੋਂ ਹਥਿਆਰ ਬਨਾਉਣ ਲਈ ਵਰਤਿਆ ਜਾਂਦਾ ਹੈ। ਜਿਸ ਸਦਕਾ ਜੰਗ-ਬਾਜ਼ਾਂ ਵੱਲੋਂ ਮਚਾਈ ਗਈ ਤਬਾਹੀ ਕਾਰਨ ਲੱਖਾਂ ਹੀ ਬੇਕਸੂਰ ਲੋਕਾਂ ਦੀਆਂ ਜਾਨਾਂ ਚਲੀਆਂ ਜਾਂਦੀਆਂ ਹਨ:
ਰੱਬਾ ਤੇਰੇ ਅੱਗੇ ਹੈ ਅਰਜ਼ੋਈ
ਬਣਾ ਦੇ ਲੋਹੇ ਨੂੰ ਖੁਰਨ ਵਾਲਾ ਪਦਾਰਥ ਕੋਈ
ਤਾਂ ਜੋ ਲੋਹੇ ਨੂੰ ਛੇਤੀ ਹੀ ਲੱਗ ਜਾਵੇ ਜੰਗ
ਹਥਿਆਰ ਬਣ ਜੰਗ 'ਚ ਪੁੱਜਣ ਤੋਂ ਪਹਿਲਾਂ
ਅਤੇ ਲੋਹਾ ਕਦੇ ਹਥਿਆਰ ਨਾ ਬਣੇ
ਜੰਗ-ਬਾਜ਼ਾਂ ਵਾਂਗ ਹੀ ਮਨੁੱਖੀ ਤਬਾਹੀ ਲਈ ਕੁਝ ਹੋਰ ਸ਼ਕਤੀਆਂ ਵੀ ਜਿੰਮੇਵਾਰ ਹਨ। ਇਨ੍ਹਾਂ ਵਿੱਚ ਸਭ ਤੋਂ ਮੋਹਰੀ ਕਤਾਰ ਵਿੱਚ ਆਉਂਦੇ ਹਨ ਉਹ ਵੱਡੇ ਵੱਡੇ ਕਾਰਖਾਨੇਦਾਰ ਅਤੇ ਵਿਉਪਾਰੀ ਜੋ ਕਿ ਆਪਣੇ ਮੁਨਾਫ਼ੇ ਖਾਤਰ ਆਮ ਲੋਕਾਂ ਦੀ ਸਿਹਤ ਅਤੇ ਸੁਰੱਖਿਆ ਨੂੰ ਵੀ ਦਾਅ ਉੱਤੇ ਲਗਾ ਦਿੰਦੇ ਹਨ। ਇੰਡੀਆ ਦੇ ਪ੍ਰਾਂਤ ਮੱਧਿਆ ਪ੍ਰਦੇਸ਼ ਦੇ ਸ਼ਹਿਰ ਭੂਪਾਲ ਦੇ ਇੱਕ ਗੈਸ ਪਲਾਂਟ ਵਿੱਚ ਅਜਿਹੇ ਗੈæਰ ਜਿੰਮੇਵਾਰ ਮੁਨਾਫ਼ਾ-ਖੋਰ ਵਿਉਪਾਰੀਆਂ ਦੀ ਅਣਗਹਿਲੀ ਕਾਰਨ ਹੀ ਅਜਿਹੀ ਹੀ ਇੱਕ ਵੱਡੀ ਘਟਨਾ ਵਾਪਰੀ ਸੀ। ਇਸ ਗੈਸ ਪਲਾਂਟ ਵਿੱਚੋਂ ਜ਼ਹਿਰੀਲੀ ਗੈਸ ਨਿਕਲਕੇ ਵਾਤਾਵਰਣ ਵਿੱਚ ਫੈਲ ਜਾਣ ਕਾਰਨ ਕੁਝ ਦਿਨਾਂ ਵਿੱਚ ਹੀ ਹਜ਼ਾਰਾਂ ਲੋਕਾਂ ਦੀ ਮੌਤ ਹੋ ਗਈ ਸੀ ਅਤੇ ਹਜ਼ਾਰਾਂ ਹੀ ਲੋਕ ਅਜਿਹੀਆਂ ਖਤਰਨਾਕ ਬੀਮਾਰੀਆਂ ਦੇ ਸ਼ਿਕਾਰ ਹੋ ਗਏ ਸਨ। ਜਿਸ ਕਾਰਨ ਹੁਣ ਉਹ ਕਦੀ ਵੀ ਇੱਕ ਸਿਹਤਮੰਦ ਮਨੁੱਖ ਵਾਲੀ ਜਿੰæਦਗੀ ਬਤੀਤ ਨਹੀਂ ਕਰ ਸਕਣਗੇ। ਇਸ ਮਹਾਂ-ਦੁਖਾਂਤ ਨੂੰ ਨਾਗਰਾ ਆਪਣੀ ਨਜ਼ਮ 'ਮੌਤ ਦੀ ਬਰਸਾਤ' ਵਿੱਚ ਬੜੇ ਹੀ ਕਾਵਿ-ਮਈ ਅਤੇ ਨਾਟਕੀ ਢੰਗ ਨਾਲ ਬਿਆਨ ਕਰਦਾ ਹੈ:
ਉਸ ਕਾਲੀ ਭਿਆਨਕ ਰਾਤ
ਹੋਈ ਸੀ ਮੌਤ ਦੀ ਬਰਸਾਤ
ਨਾ ਬਿਜਲੀ ਚਮਕੀ
ਨਾ ਕੋਈ ਬੱਦਲਾਂ ਦੀ ਗਰਜਣ
ਬਸ ਜ਼ਹਿਰੀਲੀ ਗੈਸ ਦਾ
ਮੀਂਹ ਲੱਗਾ ਸੀ ਬਰਸਣ
'ਸਭ ਕੁਝ ਖ਼ਤਰੇ 'ਚ ਹੈ' ਮੇਜਰ ਸਿੰਘ ਨਾਗਰਾ ਦਾ ਪਹਿਲਾ ਪ੍ਰਕਾਸ਼ਿਤ ਕਾਵਿ-ਸੰਗ੍ਰਹਿ ਹੋਣ ਕਾਰਨ ਅਜੇ ਉਸਦੀ ਪ੍ਰਤੀਬੱਧਤਾ ਕਿਸੀ ਵਿਚਾਰਧਾਰਾ ਜਾਂ ਵਾਦ ਨਾਲ ਦਿਖਾਈ ਨਹੀਂ ਦਿੰਦੀ। ਅਜੇ ਉਸਦੀਆਂ ਕਵਿਤਾਵਾਂ ਵਿੱਚ ਵਿਸ਼ਿਆਂ ਦੀ ਵਿਸ਼ਾਲਤਾ ਵੀ ਦਿਖਾਈ ਨਹੀਂ ਦਿੰਦੀ। ਨਾ ਹੀ ਅਜੇ ਉਸਦੀਆਂ ਕਵਿਤਾਵਾਂ ਕਿਸੇ ਸਮੱਸਿਆ ਨੂੰ ਸਮਝਣ ਲਈ ਡੂੰਘਾਈ ਤੱਕ ਹੀ ਜਾਂਦੀਆਂ ਹਨ। ਅਜੋਕੇ ਸਮਿਆਂ ਵਿੱਚ ਜ਼ਿੰਦਗੀ ਬਹੁਤ ਗੁੰਝਲਦਾਰ ਹੋ ਜਾਣ ਕਾਰਨ ਸਮਾਜਿਕ, ਰਾਜਨੀਤਿਕ, ਆਰਥਿਕ, ਧਾਰਮਿਕ ਜਾਂ ਦਾਰਸ਼ਨਿਕ ਪੱਧਰ ਦੀਆਂ ਸਮੱਸਿਆਵਾਂ ਨੂੰ ਡੂੰਘਾਈ ਤੱਕ ਸਮਝਣ ਲਈ ਸਾਨੂੰ ਅਨੇਕਾਂ ਵਿਸ਼ਿਆਂ ਦਾ ਗਿਆਨ ਹੋਣਾ ਲਾਜ਼ਮੀ ਹੈ। ਨਿਰਸੰਦੇਹ, ਜਦੋਂ ਤੱਕ ਕਿਸੇ ਲੇਖਕ ਨੂੰ ਆਪ ਕਿਸੇ ਸਮੱਸਿਆ ਦੀ ਡੂੰਘਾਈ ਤੱਕ ਸਮਝ ਨਹੀਂ ਹੋਵੇਗੀ, ਉਹ ਉਸ ਸਮੱਸਿਆ ਬਾਰੇ ਆਪਣੀਆਂ ਲਿਖਤਾਂ ਵਿੱਚ ਬਹੁ-ਦਿਸ਼ਾਵੀ ਅਤੇ ਗੰਭੀਰ ਗੱਲ ਨਹੀਂ ਕਰ ਸਕੇਗਾ।
ਮੇਜਰ ਸਿੰਘ ਨਾਗਰਾ ਆਪਣੀ ਕਾਵਿ-ਸਮਰੱਥਾ ਦੀਆਂ ਅਜਿਹੀਆਂ ਸੀਮਾਵਾਂ ਤੋਂ ਸੁਚੇਤ ਹੋ ਕੇ ਭਵਿੱਖ ਵਿੱਚ ਹੋਰ ਵਧੇਰੇ ਪਰਪੱਕ ਕਵਿਤਾਵਾਂ ਲਿਖੇਗਾ; ਇਸ ਗੱਲ ਦੀ ਮੈਨੂੰ ਸਦਾ ਹੀ ਉਡੀਕ ਰਹੇਗੀ।
ਆਪਣਾ ਪਹਿਲਾ ਕਾਵਿ-ਸੰਗ੍ਰਹਿ 'ਸਭ ਕੁਝ ਖ਼ਤਰੇ 'ਚ ਹੈ' ਪ੍ਰਕਾਸ਼ਿਤ ਕਰਨ ਲਈ ਮੇਜਰ ਸਿੰਘ ਨਾਗਰਾ ਨੂੰ ਮੇਰੀਆਂ ਸ਼ੁਭ ਇਛਾਵਾਂ।
..............................