Saturday, January 9, 2010

ਕਲਮ ਖਾਮੋਸ਼ ਕਿਉਂ ? -ਡਾ. ਜਸਬੀਰ ਕੌਰ



ਕਲਮ ਖਾਮੋਸ਼ ਕਿਉਂ  ?   -ਡਾ. ਜਸਬੀਰ ਕੌਰ
ਕਲਮ ਇਕ ਐਸਾ ਹਥਿਆਰ ਹੈ ਜੋ ਸਾਰੀ ਦੁਨੀਆ ਵਿਚ ਹਲਚਲ ਪੈਦਾ  ਕਰ ਸਕਣ ਦੀ ਤਾਕਤ ਰੱਖਦੀ ਹੈ!ਕਲਮ ਜਦੋਂ ਬੋਲਦੀ ਹੈ ਤਾਂ ਵੱਡੇ ਵੱਡਿਆਂ ਦੀ ਜ਼ੁਬਾਨ ਬੰਦ ਹੋ ਜਾਂਦੀ ਹੈ!ਕਲਮ ਇਤਿਹਾਸ ਦੀ ਗਵਾਹ ਬਣਦੀ ਹੈ ਤੇ ਇਤਿਹਾਸ ਗਵਾਹ ਹੈ ਕਿ ਕਲਮ ਨੇ ਸਮੇਂ ਸਮੇਂ ਦੁਨੀਆਂ ਨੂੰ ਜਗਾਇਆ ਹੈ,ਸਮਾਜ ਨੂੰ ਝੰਜੋੜਿਆ ਹੈ! ਤੇ ਇਸ ਕਲਮ ਨੂੰ ਚਲਾਉਣ ਵਾਲੇ ਹੂੰਦੇ ਹਨ ਸਮਾਜ ਦੇ ਬੁੱਧੀਜੀਵੀ ਤੇ ਵਿਦਵਾਨ ਲੋਕ ਜਿਨ੍ਹਾਂ ਨੇ ਸਮਾਜ ਨੂੰ ਨੇੜਿਉਂ ਵੇਖਿਆ ਹੂੰਦਾ ਹੈ ਅਤੇ ਉਹ ਸਮਾਜ ਦੇ ਹਰ ਪਹਿਲੂ ਤੋਂ ਵਾਕਿਫ ਹੂੰਦੇ ਹਨ ਜਦੋਂ ਬੁੱਧੀਜੀਵੀਆਂ ਨੂੰ ਇਹ ਸਮਝ ਆਉਂਣ ਲੱਗਦੀ ਹੈ ਕਿ ਸਮਾਜ ਦੇ ਲੋਕ ਬਦਲਾਅ ਚਾਹੁੰਦੇ ਹਨ ਤਾਂ ਕਲਮ ਰਾਂਹੀ ਇਹ ਸਮਾਜ ਵਿਚ ਬਦਲਾਅ ਦੀ ਸਥਿਤੀ ਪੈਦਾ ਕਰਨ ਦੀ ਤਾਕਤ ਰੱਖਦੇ ਹਨ!
                    ਵਕੱਤ ਜਿਵੇਂ ਜਿਵੇਂ ਅੱਗੇ ਲੰਘਦਾ ਗਿਆ ਇਨ੍ਹਾਂ ਬੁੱਧੀਜੀਵੀਆਂ ਦੀ ਸੋਚ ਵੀ ਸੌੜੀ ਹੁੰਦੀ ਗਈ ਤੇ ਅੱਜ ਹਾਲਾਤ ਇਹ ਨੇ ਕੀ ਇਹ ਬੁੱਧੀਜੀਵੀ ਵਰਗ ਸਮਾਜ ਤੋਂ ਬਿਲਕੁਲ ਹੀ ਉਪਰਾਮ ਹੋ ਗਿਆ ਹੈ ਕਿਸੇ ਵੇਲੇ ਸਮਾਜ ਦੇ ਇਨ੍ਹਾਂ ਪੈਰੋਕਾਰਾਂ ਨੂੰ ਹੁਣ ਸਮਾਜ ਤੋਂ ਕੋਈ ਲੈਣਾ ਦੇਣਾ ਨਹੀਂ ਰਿਹਾ! ਕਿਉਂ ਇਹ ਲੋਕ ਸਮਾਜ ਤੋਂ ਮੂੰਹ ਮੋੜੀ ਬੈਠੇ ਨੇ? ਅੱਜ ਸਬ ਤੋਂ ਵੱਧ ਲੋੜ ਹੈ ਸਮਾਜਿਕ ਬਦਲਾਅ ਦੀ ਪਰ  ਇਹਨਾਂ ਜਿਮੇਂਵਾਰ ਲੋਕਾਂ ਦੀ ਕਲਮ ਕਿਤੇ ਗਵਾਚ ਗਈ ਹੈ ਸ਼ਾਇਦ!
                     ਮੈਂ ਇਸ ਬੁੱਧੀਜੀਵੀ ਕਹਾਉਂਣ ਵਾਲੇ ਲੋਕਾਂ ਵਿਚ ਸ਼ਾਇਦ ਅਣਜਾਨ ਹਸਤੀ ਹਾਂ,ਕਿਉਂਕਿ ਨਾਂ ਮੇਰੇ ਕੋਲ ਕੋਈ ਇਨਾਮ ਦਾ ਲੇਬਲ ਹੈ ਨਾਂ ਮੇਰੇ ਨਾਂ ਤੇ ਕੋਈ ਕਿਤਾਬ ਛਪੀ ਹੈ ਨਾਂ ਮੈਂ ਕਿਸੇ ਅਖੌਤੀ ਸਾਹਿਤਿਕ ਸਭਾ ਦੀ ਮੈਂਬਰ ਹਾਂ ਬੱਸ ਕਦੀ ਕਦੀ ਇਕ ਅੱਧ ਲੇਖ ਛੱਪ ਜਾਂਦਾ ਹੈ ਲੋਕ ਪੜਦੇ ਨੇ ਸਮਝਦੇ ਵੀ ਨੇ ਤੇ ਹੌਂਸਲਾ ਅਫਜ਼ਾਈ ਵੀ ਕਰਦੇ ਨੇ, ਇਹਨਾਂ ਲੋਕਾਂ ਦੇ ਬਜ਼ਾਰ ਵਿਚ ਮੈਂ ਬਿਲਕੁਲ ਬੇਮਾਨੀ ਹਾਂ,ਪਰ ਮੈਂ ਇਹਨਾਂ ਲੋਕਾਂ ਦਾ ਧਿਆਨ ਇਸ ਗੱਲ ਵੱਲ ਲੈ ਕੇ ਜਾਣਾ ਚਾਹੁੰਦੀ ਹਾਂ ਕਿ ਇਹ ਲੋਕ ਆਪਣੀ ਸਮਾਜਿਕ ਜ਼ਿਮੇਂਵਾਰੀ ਨੂੰ ਦਰ ਕਿਨਾਰ ਨਾਂ ਕਰਨ !ਅੱਜ ਦੇ ਸਮੇਂ ਸਮਾਜ ਦੇ ਹਾਲਾਤ ਇੰਨੇ ਖਰਾਬ ਹਨ ਕਿ ਅਜਿਹੇ ਵੇਲੇ ਇਹਨਾਂ ਬੁੱਧੀਜੀਵੀਆਂ ਦੀ ਜ਼ਿਮੇਂਵਾਰੀ ਬਣਦੀ ਹੈ ਕਿ ਆਪਣੇ ਔਹਦਿਆਂ ਤੋਂ ਉੱਪਰ ਉੱਠ ਕੇ ਸੋਚਣ ,ਇਨਾਂਮਾਂ ਦੀ ਰਾਜਨੀਤੀ ਪਾਸੇ ਰੱਖ ਕੇ ਸੱਚੀ ਤੇ ਨੇਕ ਨੀਅਤੀ ਨਾਲ ਕਲਮ ਚਲਾਉਣ! ਅੱਜ ਸਾਡੇ ਸਮਾਜ ਨੂੰ ਮੋਟੀਆਂ ਕਿਤਾਬਾਂ ਨਹੀ ਇਕ ਸੇਧ ਦੀ ਲੋੜ ਹੈਂ ਜੇ ਇਹ ਸੇਧ ਇਹ ਲੋਕ ਨਹੀਂ ਦੇਣਗੇ ਤਾਂ ਸਮਾਜ ਕਿਸ ਦਿਸ਼ਾ ਵੱਲ ਜਾਏਗਾ ਪਤਾ ਨਹੀਂ ?
                  ਇਹ ਗੱਲ ਵੀ ਸਹੀ ਹੈ ਕਿ ਇਹਨਾਂ ਬੁਧੀਜੀਵੀਆਂ ਕੋਲ ਇਸ ਗੱਲ ਦਾ ਜਵਾਬ ਵੀ ਹੋਏਗਾ ਉਹ ਇਹ ਕਿ ਸਾਹਿਤਿਕ ਸਭਾਂਵਾਂ ਦੇ ਜ਼ਰੀਏ ਲੋਕ ਜਾਗਰਿਤੀ ਪੈਦਾ ਕਰ ਰਹੇ ਹਾਂ ਠੀਕ ਹੈ ਹਰ ਆਏ ਦਿਨ ਕਿਤੇ ਨਾਂ ਕਿਤੇ ਸਾਹਿਤਿਕ ਅਯੋਜਨ ਹੁੰਦੇ ਨੇ ਪਰ ਉਹਨਾਂ ਦਾ ਮਕਸਦ ਕੁਝ ਵੱਖਰਾ ਹੁੰਦਾ ਹੈ ਕੋਈ ਇਹਨਾਂ ਅਯੋਜਨਾਂ ਜ਼ਰੀਏ ਆਪਣੀਆਂ ਵੰਗਾਰਾਂ ਪੁਗਾਉਂਦਾ ਹੈ ਕੋਈ ਆਪਣੀ ਤਾਰੀਫ ਖਾਤਿਰ ਇਹ ਸਬ ਕਰਦਾ ਹੈ ਕੋਈ ਇਸ਼ਕ ਦੇ ਚੱਕਰਾਂ ਵਿਚ ਸਾਹਿਤਿਕ ਸਭਾਂਵਾ ਵਿਚ ਵਿਚਰਦਾ ਹੈ, ਜੀ ਇਹ ਗੱਲ ਸੋਲ੍ਹਾਂ ਆਨੇ ਦਰੁੱਸਤ ਹੈ ਕਿ ਲੋਕ ਜਾਗਰਿਤੀ ਦੀ ਆੜ ਹੇਠ ਕਲਮ ਨੂੰ ਕਲੰਕਿਤ ਕੀਤਾ ਜਾ ਰਿਹਾ ਹੈ! ਮੈਂ ਇਹ ਵੀ ਜਾਣਦੀ ਹਾਂ ਕਿ ਏਨਾਂ੍ਹ ਵੱਡੇ ਰੁੱਖਾਂ ਨੇ ਛੋਟੇ ਬੁਟਿਆਂ ਨੂੰ ਪੁੰਗਰਨ ਹੀ ਨਹੀਂ ਦੇਣਾ ਕਿਉਂਕਿ ਇਹ ਵੱਡੇ ਰੁੱਖ ਇਹ ਮੰਨਦੇ ਹਨ ਕਿ ਉਹਨਾਂ ਦੀ ਆਪਣੀ ਮਾਰਕਿਟ ਹੈ ਤੇ ਕੋਈ ਉਹਨਾਂ ਦੀ ਇਸ ਚੌਧਰ ਨੂੰ  ਵੰਗਾਰ ਨਹੀਂ ਸਕਦਾ!ਮੈਨੂੰ ਇਹ ਗੱਲ ਪਿਛੇ ਜਿਹੇ ਹੀ ਪਤਾ ਲਗੀ ਕਿ ਹਰ ਬੱਧੀਜੀਵੀ ਦੀ ਆਪਣੀ ਮਾਰਕਿਟ ਹੈ ਤੇ ਕੋਈ ਵੀ ਨਵਾਂ ਬੰਦਾ ਉਹਨਾਂ ਦੀ ਮਾਰਕਿਟ ਖਰਾਬ ਕਰਨ ਦੀ ਜੁਰਅਤ ਨਹੀਂ ਰੱਖ ਸਕਦਾ !
                    ਇਕ ਬੁਧੀਜੀਵੀ ਜਾਂ ਕਹਿ ਲਉ ਕਿ ਇਕ ਲੇਖਕ ਦਾ ਇੰਨਾ ਸੌੜੀ ਸੋਚ ਵਾਲਾ ਹੋਣਾ ਸੋਭਾ ਨਹੀਂ ਦਿੰਦਾ! ਸਮਾਜ ਵਿਚ ਇਨ੍ਹਾਂ ਕੁਝ ਵਾਪਰ ਰਿਹਾ ਹੈ ਪਰ ਇਹਨਾਂ ਲੇਖਕਾਂ ਦਾ ਬਿਲਕੁਲ ਹੀ ਚੁੱਪ ਹੋ ਜਾਣਾ ਇਹ ਸਿੱਧ ਕਰਦਾ ਹੈ ਕਿ ਲੇਖਕ ਵਰਗ ਨੇ ਆਪਣੇ ਆਪ ਨੂੰ ਸਮਾਜਿਕ ਜ਼ਿਮੇਂਵਾਰੀਆਂ ਤੋਂ ਅਜ਼ਾਦ ਕਰਨਾਂ ਠੀਕ ਸਮਝ ਲਿਆ ਹੈ! ਕੋਈ ਵੇਲਾ ਸੀ ਕਿ "ਲਾਲਾ ਬਾਂਕੇ ਦਿਆਲ ਸ਼ਰਮਾ" ਵਰਗੇ ਬੰਦੇ ਨੇ ਇਕ ਕਵਿਤਾ ਲਿਖ ਕੇ ਸਾਰੇ ਦੇਸ ਵਿਚ ਹਲਚੱਲ ਪੈਦਾ ਕਰ ਦਿੱਤੀ ਸੀ ਕਵਿਤਾ ਸੀ "ਪਗੜੀ ਸੰਭਾਲ ਜੱਟਾ" "ਅੰਮ੍ਰਿਤਾ ਪ੍ਰੀਤਮ" ਦੀ ਕਵਿਤਾ "ਅੱਜ ਆਖਾਂ ਵਾਰੇ ਸ਼ਾਹ ਨੂੰ ਕਿਤੇ ਕੱਬਰਾਂ ਵਿਚੋਂ ਬੋਲ" ਨੇ ਸਾਰੇ ਦੇਸ ਦੀਆਂ ਧੀਆਂ ਦੇ ਹਾਲਾਤ ਨੂੰ ਚਿਤਰ ਦਿੱਤਾ ਸੀ ਪਰ ਅੱਜ ਅਸੀਂ ਜੇ ਨਿਗ੍ਹਾ ਮਾਰੀਏ ਤਾਂ ਨਾਮ ਖਾਤਰ ਵੀ ਕੋਈ ਅੈਸੀ ਲਿਖਤ ਨਹੀਂ ਮਿਲਦੀ! ਕਿਉਂ ਕਿ ਅੱਜ ਦੇ ਲੇਖਕ ਸਮਾਜ ਲਈ ਨਹੀਂ ਆਪਣੇ ਲਈ ਲਿਖਦੇ ਨੇ ,ਉਹ ਇਹ ਭੁਲ ਜਾਂਦੇ ਨੇ ਕਿ ਆਮ ਲੋਕ ਮੋਟੀਆਂ ਗੰ੍ਰਥਾਂ ਵਰਗੀਆਂ ਕਿਤਾਬਾਂ ਨਹੀਂ ਪੜਨਾਂ ਚਾਹੁੰਦੇ ਭਾਸ਼ਾ ਦੀ ਖੋਜ ,ਜਾਂ ਅਲੋਚਨਾ ਅਧਿਅਨ ਆਦਿ ਚਲਦੇ ਰਹਿਣਗੇ ਤੇ ਇਹ ਵਿਦਵਾਨ ਵਰਗ ਦੀ ਜਰੂਰਤ ਹੈ ਪਰ ਆਮ ਬੰਦੇ ਨੇ ਇਸ ਅਧਿਅਨ ਤੋਂ ਲੈਣਾ ਵੀ ਕੁਝ ਨਹੀਂ ਪਰ ਇਹ ਗੱਲ ਇਕ ਸੁਲਝੇ ਲੇਖਕ ਨੂੰ ਪਤਾ ਹੋਣੀ ਚਾਹੀਦੀ ਹੈ ਕਿ ਅੱਜ ਸਮਾਜ ਦੇ ਲੋਕਾਂ ਵਿੱਚ ਵਿਚਰਨ ਦੀ ਲੋੜ ਹੈ ਕਲਮ ਰਾਂਹੀ ਸਮਾਜ ਨੂੰ ਜਗਾਉਣ ਦੀ ਲੋੜ ਹੈ ! ਮੈਨੂੰ ਬਹੁਤ ਚਿੰਤਾ ਹੈ ਕਿ ਵਿਦਵਾਨਾਂ ਦੀ ਕਲਮ ਕਿਉਂ ਖਾਮੋਸ਼ ਹੈ? ਇਹਨਾਂ ਨੂੰ ਚਾਹੀਦਾ ਹੈ ਕਿ ਇਹ ਆਪਣੀ ਅਗਲੀ ਪੀੜੀ ਦੀ ਅਗਵਾਈ ਕਰਣ ਨਾ ਕਿ ਉਹਨਾਂ ਦੀ ਅਲੋਚਨਾਂ! ਇਹ ਲੋਕ ਤੇ ਆਪ ਹੀ ਆਪਣੇ ਆਪੇ ਨੂੰ ਲੱਭਣ ਵਿੱਚ ਰੁੱਝੇ ਹਨ ! ਮੇਰੀ ਇਹਨਾਂ ਨੂੰ ਗੁਜ਼ਾਰਿਸ਼ ਹੈ ਕਿ ਅਗੇ ਆ ਕੇ ਸਮਾਜ ਨੂੰ ਸੇਧ ਦਿਉ ਨਿੱਜੀ ਸਵਾਰਥ ਛੱਡ ਕੇ ਕਲਮ ਸਮਾਜ ਦੇ ਲੇਖੇ ਲਾਉ....।
....................

Thursday, January 7, 2010

ਜੇ ਰੱਬ ਮਿਲਦਾ…………… ਡਾ.ਜਸਬੀਰ ਕੌਰ


 ਜੇ ਰੱਬ ਮਿਲਦਾ… ਡਾ.ਜਸਬੀਰ ਕੌਰ
"ਜੇ ਰੱਬ ਮਿਲਦਾ ਨ੍ਹਾਤਿਆਂ ਧੋਤਿਆਂ
ਤਾਂ ਮਿਲਦਾ ਡੱਡੀਆਂ ਮੱਛੀਆਂ"!

'ਧਰਮ' ਕਿਸ ਨੂੰ ਕਹਿੰਦੇ ਹਨ? ਧਰਮ ਦੀ ਸਹੀ ਅਰਥਾਂ ਵਿਚ ਕੀ ਪਰਿਭਾਸ਼ਾ ਹੈ ਕੋਈ ਨਹੀਂ ਜਾਣਦਾ ਤੇ ਨਾਂ ਹੀ ਜਾਨਣਾ ਚਾਹੁੰਦਾ ਹੈ,ਕਿਸੇ ਵੀ ਧਰਮ ਨੂੰ ਨਿੰਦਣ ਦਾ ਸਾਨੂੰ ਕੋਈ ਹੱਕ ਨਹੀਂ,ਵੈਸੇ ਵੀ ਧਰਮ ਤੇ ਇਨਸਾਨ ਦਾ ਬਣਾਇਆ ਹੈ,ਰੱਬ ਵਲੋਂ ਤੇ ਧਰਮ ਨਾਂ ਦੀ ਚੀਜ਼ ਨੂੰ ਕੋਈ ਮਨਜ਼ੂਰੀ ਦਿੱਤੀ ਹੀ ਨਹੀਂ ਗਈ,ਰੱਬ ਵਲੋਂ ਸਬ ਇਨਸਾਨਾਂ ਦਾ ਇਕੋ ਹੀ ਧਰਮ ਹੈ ਤੇ ਉਹ ਹੈ ਇਨਸਾਨੀਅਤ ਜੋ ਧਰਤੀ ਤੇ ਵੱਸਦੇ ਇਨਸਾਨਾਂ ਵਿਚ ਹੈ ਹੀ ਨਹੀਂ।
          ਮੈਂ ਕਿਸੇ ਧਰਮ ਦੀ ਨਿੰਦਿਆ ਨਹੀਂ ਕਰ ਰਹੀ ਤੇ ਨਾਂ ਹੀ ਮੈਨੂੰ ਇਹ ਹੱਕ ਹੈ,ਮੈਂ ਇਕ ਸਿੱਖ ਹਾਂ ਤੇ ਸਿਖ ਧਰਮ ਪ੍ਰਤੀ ਭਾਵਨਾਤਮਕ ਰੁੱਤਬਾ ਰੱਖਣ ਦੇ ਨਾਲ ਨਾਲ ਮੈ ਸਿੱਖ ਧਰਮ ਦੇ ਫਲਸਫੇ ਦਾ ਵੀ ਆਦਰ ਕਰਦੀ ਹਾਂ ਪਰ ਅੱਜ ਸਿੱਖ ਧਰਮ ਦੇ ਇਸ ਫਲਸਫੇ ਨੂੰ ਸਿੱਖ ਧਰਮ ਦੇ ਠੇਕੇਦਾਰਾਂ ਨੇ ਬਹੁਤ ਠੇਸ ਪੁਚਾਈ ਹੈ!
ਦੁਨੀਆਂ ਦੇ ਸਬ ਧਰਮਾਂ ਵਿਚ ਸਿੱਖ ਧਰਮ ਹੀ ਕੱਲਾ ਐਸਾ ਧਰਮ ਹੈ ਜਿਸ ਵਿਚ ਲੰਗਰ ਦੀ ਪ੍ਰਥਾ ਮੌਜੂਦ ਹੈ ,ਤੇ ਗੁਰੁ ਦੇ ਲੰਗਰ ਵਿਚ ਏਨੀ ਬਰਕੱਤ ਹੈ ਕਿ ਇਹ ਵੱਧਦਾ ਹੈ ਗੁਰੁ ਘਰੋਂ ਕੋਈ ਭੁੱਖਾ ਨਹੀਂ ਜਾਂਦਾ, ਇਸ ਪ੍ਰਥਾ ਅਨੁਸਾਰ ਅਮੀਰ ਤੇ ਗਰੀਬ ਰਾਜਾ ਤੇ ਰੰਕ ਸਬ ਇਕੱਠੈ ਬੈਠ ਕੇ ਲੰਗਰ ਛੱਕਦੇ ਨੇ,ਸਿੱਖ ਧਰਮ ਹੀ ਐਸਾ ਹੈ ਜਿਸ ਵਿਚ ਦੁਨੀਆਂ ਦੇ ਹਰ ਇਨਸਾਨ ਲਈ ਦਰਵਾਜ਼ੇ ਖੁੱਲੇ ਹਨ,ਪਰ ਪਿਛਲੇ ਕੁਝ ਸਮੇਂ ਤੋਂ  ਗੁਰੂ ਦੇ ਸਿੰਘਾਂ ਨੇ ਸਿੱਖ ਧਰਮ ਦੀ ਛਵੀ ਨੂੰ ਢਾਹ ਲਾਈ ਹੈ
              ਕਹਿੰਦੇ ਨੇ ਕੀ ਰੱਭ ਬੰਦੇ ਦੇ ਅੰਦਰ ਹੁੰਦਾ ਹੈ ਹਾਲ ਦੁਹਾਈ ਮਚਾ ਕੇ ਦੁਨੀਆਂ ਨੂੰ ਇਹ ਦੱਸਣਾ ਕੀ ਰੱਬ ਦੇ ਪਿਆਰੇ ਬੰਦੇ ਅਸੀਂ ਹੀ ਹਾਂ ਕਿਸ ਲਈ?? ਰੱਬ ਲਈ ਤੇ ਸਬ ਇਨਸਾਨ ਹੀ ਉਸ ਦੇ ਆਪਣੇ ਨੇ,ਮੇਰੇ ਕਹਿਣ ਤੋਂ ਭਾਵ ਹੈ ਕਿ ਸਿੱਖ ਹਿੰਦੁਆਂ ਨੂੰ ਕੋਸਦੇ ਸਨ ਕੀ ਜਗਰਾਤਿਆਂ ਵਿਚ ਸਾਰੀ ਰਾਤ ਸਪੀਕਰਾਂ ਵਿਚ ਰੌਲਾ ਪਾ ਕੇ ਜੇ ਰੱਬ ਲੱਭ ਜਾਏ ਤਾਂ ਘਾਟਾ ਕਿਸ ਗੱਲ ਦਾ ਹੈ?ਹੁਣ ਮੇਰਾ ਸਵਾਲ ਮੇਰੇ ਸਿੱਖ ਭਰਾਂਵਾਂ ਨੂੰ ਹੈ ਜਿਨ੍ਹਾਂ ਨੇ ਜਗਰਾਤੇ ਤੇ ਪਰਭ੍ਹਾਤ ਫੇਰੀ ਵਿਚ ਕੋਈ ਫਰਕ ਨਹੀਂ ਰਹਿਣ ਦਿੱਤਾ! ਅੱਜ ਤੋਂ ਕੋਈ ੫ ਕੁ ਸਾਲ ਪਹਿਲਾਂ ਹੀ ਜਦੋਂ ਤੜਕੇ ਪਰਭ੍ਹਾਤ ਫੇਰੀ ਆਉਂਦੀ ਸੀ ਤਾਂ ਢੋਲਕੀ ਛੈਣਿਆਂ ਦੀ ਮਿੱਠੀ ਅਵਾਜ਼ ਜੋ ਬਿਨਾਂ ਸਪੀਕਰਾਂ ਦੇ ਹੁੰਦੀ ਸੀ ਕੰਨਾਂ ਨੂੰ ਬੜੀ ਚੰਗੀ ਲੱਗਦੀ ਸੀ ਪਰ ਅੱਜਕਲ ਸਪੀਕਰਾਂ ਦੀ ਕੰਨਪਾਟਵੀਂ ਆਵਾਜ ਨੇ ਪਰਭ੍ਹਾਤ ਫੇਰੀਆਂ ਦੀ ਆਨੰਦਮਈ ਤੇ ਅਧਿਆਤਮਕਤਾ ਨੂੰ ਜਿਵੇਂ ਗਾਇਬ ਹੀ ਕਰ ਦਿੱਤਾ ਹੈ! ਪਰਭ੍ਹਾਤ ਫੇਰੀ ਕੱਢਣ ਵਾਲੇ ਆਪ ਤੇ ਤੜਕੇ ਉਠ ਕੇ ਪਰੇਸ਼ਾਨ ਹੁੰਦੇ ਹੀ ਨੇ ਨਾਲ ਸਪੀਕਰਾਂ ਦੀ ਮੌਜੂਦਗੀ ਬਾਕੀ ਲੋਕਾਂ ਲਈ ਵੀ ਪਰੇਸ਼ਾਨੀ ਦਾ ਸੱਬਬ ਬਣਦੀ ਹੈ,ਲੋਕ ਕਈ ਤਰ੍ਹਾਂ ਦੇ ਨਿੰਦਿਆ ਭਰੇ ਲਫਜ ਵੀ ਬੋਲਦੇ ਨੇ ਇਸ ਵਿਚ ਨਿਰਾਦਰ ਕਿਸ ਦਾ ਹੈ?!
        ਅੱਜ ਕਲ ਗੁਰਪੁਰਬ ਦੇ ਦਿਨਾਂ ਵਿਚ ਨਗਰਕੀਰਤਨ ਕੱਢਣ ਦਾ ਬਹੁਤ ਰਿਵਾਜ ਹੈ,ਮੇਰਾ ਇਕੋ ਸਵਾਲ ਮੇਰੇ ਸਿੱਖ ਭਰਾਂਵਾਂ ਨੂੰ ਹੈ ਉਹ ਇਹ ਹੈ ਕੀ ਸਿੱਖਾਂ ਨੂੰ ਆਪਣੇ ਗੁਰੂਆਂ ਨੂੰ ਇਹ ਦੱਸਣ ਦੀ ਲੋੜ ਕਦੋਂ ਤੋਂ ਪੈ ਗਈ ਕੀ ਅਸੀਂ  "ਗੁਰੁ ਕੇ ਚੇਲੇ" ਹਾਂ,ਮੇਰਾ ਖਿਆਲ ਹੈ ਕਿ ਸਾਡੇ ਗੁਰੂ ਇਹ ਤੇ ਨਹੀਂ ਕਹਿੰਦੇ ਕੀ ਸਾਰੀ ਜਨਤਾ ਨੂੰ ਪਰੇਸ਼ਾਨੀ ਵਿਚ ਪਾ ਕੇ ਤੁਸੀ ਗੁਰਪੂਰਬ ਮਨਾਉ,ਜਿਸ ਵੇਲੇ ਨਗਰ ਕੀਰਤਨ ਨਿਕਲ ਰਿਹਾ ਹੁੰਦਾ ਹੈ ਸਿੱਖ ਸੰਗਤਾ ਬੜੀ ਸ਼ਰਧਾ ਭਾਵ ਨਾਲ ਨਗਰ ਕੀਰਤਨ ਦੀ ਸੇਵਾ ਤੇ ਸਵਾਗਤ ਕਰਦੀਆਂ ਹਨ ਪਰ ਦੁਜੇ ਪਾਸੇ ਜੋ ਲੋਕ ਜਾਮ ਵਿਚ ਫਸੇ ਹੁੰਦੇ ਨੇ ਉਨ੍ਹਾਂ ਵਲੋਂ ਉਸ ਵੇਲੇ ਕੀਤੀ ਜਾ ਰਹੀ ਨਿੰਦਿਆ ਸੁਣ ਕੇ ਲੱਗਦਾ ਹੈ ਕਿ ਸਾਡੇ ਗੁਰੁ ਸਾਹਿਬਾਨਾਂ ਦਾ ਨਿਰਾਦਰ ਹੈ ਤੇ ਇਸ ਲਈ ਅਸੀਂ ਹੀ ਜ਼ਿਮੇਵਾਰ ਹਾਂ,ਦੂਜੇ ਪਾਸੇ ਅੱਜਕਲ ਨਗਰਕੀਰਤਨ ਵਿਚ ਨੌਜਵਾਨ ਮੂੰਡੇ ਮੋਟਰਸਾਇਕਲਾਂ ਤੇ ਕਰਤੱਬ ਕਰ ਕੇ ਕੀ ਵਿਖਾਉਣਾ ਚਾਹੁੰਦੇ ਨੇ?ਮੇਰਾ ਖਿਆਲ ਹੈ ਕਿ ਇਕ ਸੱਚੇ ਸਿੱਖ ਅਤੇ ਸਿੰਘ ਨੂੰ ਆਪਣੇ ਆਪ ਨੂੰ ਸਿੱਧ ਕਰਨ ਦੀ ਲੋੜ ਨਹੀਂ ਹੋਣੀ ਚਾਹੀਦੀ,ਮੇਰਾ ਮੰਨਨਾ ਹੈ ਕਿ ਜਦੋਂ ਤੁਸੀਂ ਪਰੇਸ਼ਾਨੀ ਵਿਚ ਹੋ ਜਦੋਂ ਤੁਹਾਡੇ ਕੋਲ ਵੱਕਤ ਦੀ ਕਮੀ ਹੈ ਤੁਸੀਂ ਘੜੀ ਵੱਲ ਵੇਖ ਵੇਖ ਕੇ ਪਾਠ ਕਰਨਾ ਹੈ ਤਾਂ ਇਸ ਤੋਂ ਚੰਗਾ ਹੈ ਕਿ ਪਾਠ ਨਾ ਕਰੋ,ਪਾਠ ਕਰਦੇ ਵੱਕਤ ਜੇ ਸਾਡਾ ਧਿਆਨ ਪਾਠ ਵਿਚ ਨਹੀਂ ਲੱਗ ਰਿਹਾ ਤਾਂ ਪਾਠ ਕਰਨਾ ਛੱਡ ਦਿਉ ਵਿਖਾਵੇ ਦੀ ਲੋੜ ਨਹੀਂ ਕੀ ਤੁਸੀਂ ਪਾਠ ਕਰ ਰਹੇ ਹੋ,ਤੁਹਾਡੇ ਮਨ ਵਿਚ ਰੱਬ ਦਾ ਭੈਅ ਹੋਣਾ ਚਾਹੀਦਾ ਹੈ,ਵਿਖਾਵਾ ਕਰਕੇ ਅਸੀਂ ਰੱਬ ਦਾ ਨਿਰਾਦਰ ਕਰ ਰਹੇ ਹੁੰਦੇ ਹਾਂ,ਰੱਬ ਦੇ ਬੰਦਿਆ ਦਾ ਭਲਾ ਕਰੋ ਰੱਬ ਆਪ ਨਜ਼ਰ ਆ ਜਾਏਗਾ,ਪਰ ਇਸ ਤੋਂ ਵੱਡਾ ਗੁਨਾਹ ਹੋਰ ਕੋਈ ਨਹੀਂ ਜੇ "ਮੁੰਹ ਮੇਂ ਰਾਮ ਰਾਮ ਬਗਲ ਮੇਂ ਛੁਰੀ" ਵਾਲੀ ਗੱਲ ਹੈ ਤਾਂ,ਗੁਰਦੁਆਰੇ ਸੇਵਾ ਕਰਣ ਦਾ ਉਦੋਂ ਤੱਕ ਕੋਈ ਫਾਇਦਾ ਨਹੀਂ ਜਦੋਂ ਤੱਕ ਤੁਸੀਂ ਆਪਣੇ ਫਰਜ਼ਾਂ  ਤੋਂ ਵਾਕਿਫ ਨਹੀਂ ,ਬੀਬੀਆਂ ਘਰੋਂ ਗੁਰੂਦੁਆਰੇ ਆ ਕੇ ਸੇਵਾ ਕਰਦੀਆਂ ਹਨ ਤੇ ਘਰ ਜੁਵਾਕ ਭੁਖੇ ਬੈਠੇ ਉਡੀਕਦੇ ਹਨ ,ਘਰ ਦੇ ਕੰਮ ਛੱਢ ਕੇ ਲੋਕ ਨਗਰ ਕੀਰਤਨ ਵਿਚ ਸਾਰਾ ਦਿਨ ਕੱਢਦੇ ਹਨ ,ਇਸ ਤੋਂ ਚੰਗਾ ਕਿਸੇ ਰੱਬ ਦੇ ਬੰਦੇ ਦੀ ਕਿਸੇ ਜਰੂਰਤ ਨੂੰ ਪੂਰਾ ਕਰੋ ਉਸੇ ਵਿੱਚ ਰੱਬ ਹੈ,ਆਪਣੇ ਆਪ ਨੂੰ ਤਕਲੀਫ ਵਿਚ ਪਾ ਕੇ ਦੁਨੀਆ ਨੂੰ ਪਰੇਸ਼ਾਨ ਕਰਕੇ ਜੇ ਰੱਬ ਲੱਭਦਾ ਤੇ ਅੱਜ ਦੁਨੀਆਂ ਦੇ ਹਰ ਘਰ ਵਿਚ ਰੱਬ ਦਾ ਵਾਸਾ ਹੁੰਦਾ ਸ਼ਾਇਦ,ਮੇਰੀ ਗੁਜ਼ਾਰਿਸ਼ ਧਰਮ ਦੇ ਹਰ ਠੇਕੇਦਾਰ ਨੂੰ ਹੈ ਕਿ ਰੱਬ ਨੁਮਾਇਸ਼ ਦੀ ਚੀਜ਼ ਨਹੀਂ,ਰੱਬ ਆਪਣੇ ਮਨ ਵਿਚ ਲੱਭੋ ,ਰੱਬ ਗਲੀਆਂ ਬਜ਼ਾਰਾਂ ਵਿਚ ਨਹੀਂ ਆਪਣੇ ਹੀ ਮਨ ਦੇ ਕਿਸੇ ਕੋਨੇ ਵਿਚ ਹੈ……

"ਜੇ ਰੱਬ ਮਿਲਦਾ ਜੰਗਲ ਭੰਵਿਆਂ
ਤਾਂ ਮਿਲਦਾ ਗਾਈਆਂ ਵੱਛੀਆਂ"…………!

ਪਰ ਇਨਸਾਨ ਦੀ ਇਨਸਾਨੀਅਤ ਹੀ ਏਨੀ ਮਾੜੀ ਹੋ ਗਈ ਹੈ ਕੀ ਅੱਜ ਰੱਬ ਮੱਝੀਆਂ ਗਾਵਾਂ ਨੂੰ ਤੇ ਮਿਲ ਜਾਏਗਾ ਪਰ ਇਨਸਾਨ ਨੂੰ ਨਹੀਂ!
................................