Sunday, November 29, 2009

ਪਰਾਏ ਦੁੱਖਾਂ ਦੀ ਚੁਭਨ -ਸੁਖਿੰਦਰ


ਪਰਾਏ ਦੁੱਖਾਂ ਦੀ ਚੁਭਨ   -ਸੁਖਿੰਦਰ

ਹਰਭਜਨ ਪਵਾਰ ਕੈਨੇਡਾ ਦਾ ਬਹੁ-ਪੱਖੀ ਪੰਜਾਬੀ ਸਾਹਿਤਕਾਰ ਹੈ। ਉਹ ਆਪਣਾ ਕਹਾਣੀ ਸੰਗ੍ਰਹਿ 'ਪਿਆਸਾ ਦਰਿਆ' (1986) ਪ੍ਰਕਾਸ਼ਿਤ ਕਰਨ ਤੋਂ ਪਹਿਲਾਂ 'ਪੱਛਮ ਦਾ ਜਾਲ' (ਕਹਾਣੀ ਸੰਗ੍ਰਹਿ), 'ਦੁੱਖ ਸਮੁੰਦਰੋਂ ਪਾਰ ਦੇ' (ਨਾਟਕ), 'ਦੂਰ ਨਹੀਂ ਮੰਜ਼ਿਲ' (ਨਾਵਲ), 'ਲੈਂਡਿਡ ਇੰਮੀਗਰੈਂਟ' (ਕਹਾਣੀ ਸੰਗ੍ਰਹਿ -ਅੰਗਰੇਜ਼ੀ) ਅਤੇ 'ਐਨਦਰ ਹਨੀਮੂਨ' (ਕਹਾਣੀ ਸੰਗ੍ਰਹਿ -ਅੰਗ੍ਰੇਜ਼ੀ) ਪ੍ਰਕਾਸ਼ਿਤ ਕਰ ਚੁੱਕਾ ਸੀ।
ਕੈਨੇਡੀਅਨ ਪੰਜਾਬੀ ਕਹਾਣੀਕਾਰ, ਨਾਵਲਕਾਰ ਅਤੇ ਨਾਟਕਕਾਰ ਵਜੋਂ ਚਰਚਾ ਵਿੱਚ ਆਉਣ ਦੇ ਨਾਲ ਨਾਲ ਹਰਭਜਨ ਪਵਾਰ ਫਿਲਮ ਨਿਰਦੇਸ਼ਕ ਅਤੇ ਨਿਰਮਾਤਾ ਦੇ ਤੌਰ ਉੱਤੇ ਵੀ ਚਰਚਾ ਵਿੱਚ ਆਇਆ। ਉਸਨੇ ਆਪਣੇ ਨਾਟਕ 'ਦੁੱਖ ਸਮੁੰਦਰੋਂ ਪਾਰ ਦੇ' ਉੱਤੇ ਕੈਨੇਡਾ ਦੀ ਪਹਿਲੀ ਪੰਜਾਬੀ ਫਿਲਮ ਬਣਾ ਕੇ ਕੈਨੇਡਾ ਦੇ ਪੰਜਾਬੀਆਂ ਦਾ ਧਿਆਨ ਖਿੱਚਿਆ। ਆਪਣੀ ਪਹਿਲੀ ਫਿਲਮ ਦੀ ਸਫਲਤਾ ਤੋਂ ਬਾਹਦ ਹਰਭਜਨ ਪਵਾਰ ਨੇ ਆਪਣੀ ਕਹਾਣੀ 'ਪੱਛਮ ਦਾ ਜਾਲ' ਉੱਤੇ ਆਪਣੀ ਦੂਜੀ ਫਿਲਮ ਵੀ ਬਣਾਈ। ਇਹ ਫਿਲਮਾਂ ਬਣਾ ਕੇ ਉਸ ਨੇ ਆਪਣੀ ਪ੍ਰਤਿਭਾ ਦੇ ਕੁਝ ਹੋਰ ਵੀ ਲੁਕੇ ਹੋਏ ਪੱਖਾਂ ਨੂੰ ਲੋਕਾਂ ਸਾਹਮਣੇ ਪੇਸ਼ ਕੀਤਾ। ਉਸਨੇ ਨਾ ਸਿਰਫ ਇਨ੍ਹਾਂ ਫਿਲਮਾਂ ਦੀ ਨਿਰਦੇਸ਼ਨਾ ਹੀ ਕੀਤੀ, ਬਲਕਿ ਇਨ੍ਹਾਂ ਫਿਲਮਾਂ ਦੀ ਸਕ੍ਰਿਪਟ ਵੀ ਆਪ ਹੀ ਲਿਖੀ, ਗੀਤ ਵੀ ਆਪ ਹੀ ਲਿਖੇ, ਫਿਲਮਾਂ ਦੇ ਸੰਵਾਦ ਵੀ ਆਪ ਹੀ ਲਿਖੇ ਅਤੇ ਇਨ੍ਹਾਂ ਫਿਲਮਾਂ ਵਿੱਚ ਹੀਰੋ ਦੀ ਭੂਮਿਕਾ ਵੀ ਨਿਭਾਈ। ਭਾਵੇਂ ਕਿ ਹਰਭਜਨ ਪਵਾਰ ਆਪਣੀਆਂ ਪੰਜਾਬੀ ਫਿਲਮਾਂ ਦੀ ਵਿਕਰੀ ਤੋਂ ਬਹੁਤ ਵੱਡੀਆਂ ਆਰਥਿਕ ਪ੍ਰਾਪਤੀਆਂ ਤਾਂ ਨਹੀਂ ਕਰ ਸਕਿਆ; ਪਰ ਇਨ੍ਹਾਂ ਫਿਲਮਾਂ ਸਦਕਾ ਉਹ ਕੈਨੇਡਾ ਵਿੱਚ ਪੰਜਾਬੀ ਫਿਲਮਾਂ ਬਨਾਉਣ ਵਾਲੇ ਮੋਢੀਆਂ ਵਿੱਚ ਆਪਣਾ ਨਾਮ ਸ਼ਾਮਿਲ ਕਰਵਾਉਣ ਵਿੱਚ ਜ਼ਰੂਰ ਕਾਮਿਯਾਬ ਹੋ ਗਿਆ।
ਹਰਭਜਨ ਪਵਾਰ ਦੀ ਕਹਾਣੀ ਕਲਾ ਬਾਰੇ ਗੱਲ ਕਰਨ ਲਈ ਮੈਂ ਉਸ ਦਾ ਕਹਾਣੀ ਸੰਗ੍ਰਹਿ 'ਪਿਆਸਾ ਦਰਿਆ' ਚੁਣਿਆ ਹੈ। ਇਸ ਕਹਾਣੀ ਸੰਗ੍ਰਹਿ ਦੀ ਪਹਿਲੀ ਹੀ ਕਹਾਣੀ 'ਇਕ ਸੁਹਾਗ ਰਾਤ ਹੋਰ' ਪਰਵਾਸੀ ਪੰਜਾਬੀਆਂ ਦੀ ਜ਼ਿੰਦਗੀ ਨਾਲ ਸਬੰਧਤ ਇੱਕ ਮਹੱਤਵ-ਪੂਰਨ ਸਮੱਸਿਆ ਦਾ ਜ਼ਿਕਰ ਛੇੜਦੀ ਹੈ। ਅੱਜ ਭਾਵੇਂ ਕਿ ਅਸੀਂ ਅਨੇਕਾਂ ਕੈਨੇਡੀਅਨ ਪੰਜਾਬੀ ਕਹਾਣੀਕਾਰਾਂ ਦੀਆਂ ਕਹਾਣੀਆਂ ਵਿੱਚ ਇਸ ਸਮੱਸਿਆ ਦਾ ਜ਼ਿਕਰ ਪੜ੍ਹਦੇ ਹਾਂ; ਪਰ ਹਰਭਜਨ ਪਵਾਰ ਦੀ ਕਹਾਣੀ ਪੜ੍ਹਕੇ ਸਾਡੀ ਜਾਣਕਾਰੀ ਵਿੱਚ ਇਸ ਪੱਖੋਂ ਵਾਧਾ ਹੁੰਦਾ ਹੈ ਕਿ ਪਰਵਾਸੀ ਪੰਜਾਬੀਆਂ ਦੀ ਜ਼ਿੰਦਗੀ ਨਾਲ ਇਹ ਸਮੱਸਿਆ ਉਦੋਂ ਵੀ ਜੁੜੀ ਹੋਈ ਸੀ ਜਦੋਂ ਅੱਜ ਤੋਂ ਤਕਰੀਬਨ ਪੱਚੀ ਵਰ੍ਹੇ ਪਹਿਲਾਂ, 1986 ਵਿੱਚ, ਹਰਭਜਨ ਪਵਾਰ ਨੇ ਆਪਣਾ ਕਹਾਣੀ ਸੰਗ੍ਰਹਿ 'ਪਿਆਸਾ ਦਰਿਆ' ਪ੍ਰਕਾਸ਼ਿਤ ਕੀਤਾ ਸੀ। ਇਹ ਸਮੱਸਿਆ ਹੈ ਵੱਟੇ-ਸੱਟੇ ਵਿੱਚ ਰਿਸ਼ਤੇਦਾਰਾਂ ਨੂੰ ਕੈਨੇਡਾ ਲਈ ਸਪਾਂਸਰ ਕਰਨਾ। ਵੱਟੇ-ਸੱਟੇ ਵਿੱਚ ਆਏ ਲੋਕਾਂ ਨੂੰ ਕਈ ਵਾਰੀ ਅਨੇਕਾਂ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜਿਸ ਕਾਰਨ ਉਨ੍ਹਾਂ ਦੀ ਸਮਾਜਿਕ ਜ਼ਿੰਦਗੀ ਦਾ ਸੰਤੁਲਿਨ ਵਿਗੜ ਜਾਂਦਾ ਹੈ - ਜਿਸ ਦੇ ਫਲਸਰੂਪ ਉਨ੍ਹਾਂ ਦਾ ਮਾਨਸਿਕ ਸੰਤੁਲਿਨ ਵੀ ਡਾਵਾਂਡੋਲ ਹੋ ਜਾਂਦਾ ਹੈ। 'ਇੱਕ ਸੁਹਾਗ ਰਾਤ ਹੋਰ' ਕਹਾਣੀ ਦੀ ਹੀਰੋਇਨ ਜੈਨੀ ਉਰਫ ਜੀਤੋ ਨਾਲ ਵੀ ਕੁਝ ਅਜਿਹਾ ਹੀ ਵਾਪਰਦਾ ਹੈ। ਜੈਨੀ ਜਿਸ ਤਰ੍ਹਾਂ ਦੇ ਦਰਦ ਭਰੇ ਹਾਲਤਾਂ 'ਚੋਂ ਲੰਘਦੀ ਹੈ ਉਸ ਤਰ੍ਹਾਂ ਦੀ ਤ੍ਰਾਸਦੀ 'ਚੋਂ ਹਜ਼ਾਰਾਂ ਪ੍ਰਵਾਸੀ ਪੰਜਾਬਣਾਂ ਲੰਘੀਆਂ ਹੋਣਗੀਆਂ; ਪਰ ਉਨ੍ਹਾਂ ਦੀ ਕਹਾਣੀ ਲਿਖਣ ਵਾਲਾ ਕੋਈ ਨਹੀਂ। ਪ੍ਰਵਾਸੀ ਪੰਜਾਬੀ ਸਮਾਜ ਵਿੱਚ ਦੁੱਖ ਭੋਗ ਰਹੀਆਂ ਅਜਿਹੀਆਂ ਪੰਜਾਬਣਾਂ ਦੇ ਦਰਦ ਨੂੰ ਹਰਭਜਨ ਪਵਾਰ ਕੁਝ ਇਸ ਤਰ੍ਹਾਂ ਪੇਸ਼ ਕਰਦਾ ਹੈ:
ਉਸ ਦੇ ਜੀਜੇ ਨੇ ਜੀਤੋ ਨੂੰ ਕਨੇਡਾ ਬੁਲਾਉਣ ਤੋਂ ਪਹਿਲਾਂ ਜੀਤੋ ਦੀ ਭੈਣ ਤੋਂ ਵਾਅਦਾ ਲਿਆ ਕਿ ਜੀਤੋ ਪਹਿਲਾਂ ਆਵੇਗੀ, ਇਥੇ ਰਹੇਗੀ, ਪਿਛੋਂ ਭਣੋਈਏ ਦੇ ਭਰਾ ਨੂੰ ਸ਼ਾਦੀ ਕਰਨ ਦੇ ਬਹਾਨੇ ਕਨੇਡਾ ਬੁਲਾਏਗੀ। ਤੇ ਆਖਿਰ ਉਸ ਦੀ ਸ਼ਾਦੀ ਉਹਦੇ ਜੀਜੇ ਨੇ ਆਪਣੇ ਭਰਾ ਨਾਲ ਕਰ ਹੀ ਦਿੱਤੀ। ਜਦੋਂ ਉਸਦੇ ਪਤੀ ਦਾ ਕੰਮ ਨਿਕਲ ਗਿਆ ਤਾਂ ਉਸਨੇ ਜੀਤੋ ਕੋਲੋਂ ਤਲਾਕ ਲੈ ਕੇ ਆਪਣੀ ਪਹਿਲੀ ਵਹੁਟੀ ਨੂੰ ਜੋ ਪੰਜਾਬ ਰਹਿੰਦੀ ਸੀ, ਬੁਲਾ ਲਿਆ।
ਪਰ ਜੀਤੋ ਨੂੰ ਇਸ ਸਾਰੀ ਕਹਾਣੀ ਦਾ ਬਾਦ ਵਿਚ ਪਤਾ ਲੱਗਾ ਕਿ ਜਿਸ ਨਾਲ ਉਸਨੇ ਸ਼ਾਦੀ ਕੀਤੀ ਏ ਉਹ ਪਹਿਲਾਂ ਹੀ ਸ਼ਾਦੀ-ਸ਼ੁਦਾ ਸੀ। ਇਸ ਲਈ ਹੀ ਉਸਨੇ ਆਪਣੇ ਪਤੀ ਨੂੰ ਬਿਨਾਂ ਕਿਸੇ ਸ਼ਰਤ ਦੇ ਤਲਾਕ ਦੇ ਦਿੱਤਾ ਸੀ। ਪਰ ਬਾਅਦ ਵਿੱਚ ਉਹ ਬਹੁਤ ਪਛਤਾਈ। ਹੁਣ ਪਛਤਾਉਣ ਦਾ ਕੋਈ ਫਾਇਦਾ ਨਹੀਂ ਸੀ। ਜਦੋਂ ਸਭ ਕੁਝ ਉਸਦਾ ਲੁੱਟ ਚੁਕਿਆ ਸੀ।
ਜੈਨੀ ਜਦੋਂ ਇਕੱਲੀ ਰਹਿ ਗਈ ਤਾਂ ਕੁਝ ਹੀ ਸਾਲਾਂ ਵਿੱਚ ਪੱਛਮ ਦੇ ਮਾਹੌਲ ਵਿਚ ਪੂਰੀ ਤਰ੍ਹਾਂ ਗਰਕ ਗਈ। ਤੇ ਫਿਰ ਉਸ ਨੇ ਨਾ ਅੱਗਾ ਦੇਖਿਆ ਨਾ ਪਿੱਛਾ। ਕੀ ਉਸ ਲਈ ਚੰਗਾ ਹੈ ਤੇ ਕੀ ਉਸ ਲਈ ਮਾੜਾ ਹੈ ਉਹ ਸਭ ਕੁਝ ਕਰਦੀ।
ਇਸ ਵਿੱਚ ਕੋਈ ਸ਼ੱਕ ਨਹੀਂ ਕਿ ਅਜਿਹੀਆਂ ਹਾਲਤਾਂ ਵਿੱਚ ਫਸੀਆਂ ਹੋਈਆਂ ਅਨੇਕਾਂ ਪ੍ਰਵਾਸੀ ਪੰਜਾਬਣਾਂ ਆਪਣਾ ਮਾਨਸਿਕ ਸੰਤੁਲਿਨ ਇਸ ਹੱਦ ਤੱਕ ਗੰਵਾ ਲੈਂਦੀਆਂ ਹਨ ਕਿ ਉਹ ਨ ਸਿਰਫ ਹਰ ਤਰ੍ਹਾਂ ਦੇ ਨਸ਼ੇ ਲੈਣ ਦੀਆਂ ਹੀ ਆਦੀ ਹੋ ਜਾਂਦੀਆਂ ਹਨ; ਬਲਕਿ ਉਹ ਖੁੱਲ੍ਹੇਆਮ ਪਰਾਸਟੀਚੀਊਸ਼ਨ ਦਾ ਧੰਦਾ ਕਰਨ ਤੋਂ ਵੀ ਨਹੀਂ ਸ਼ਰਮਾਂਦੀਆਂ। ਮਾਲਟਨ, ਬਰੈਮਪਟਨ, ਮਿਸੀਸਾਗਾ, ਟੋਰਾਂਟੋ ਵਰਗੇ ਸ਼ਹਿਰਾਂ ਦੀਆਂ ਅਨੇਕਾਂ ਅਪਾਰਟਮੈਂਟ ਬਿਲਡਿੰਗਾਂ ਵਿੱਚ ਪਰਾਸਟੀਚੀਊਸ਼ਨ ਦਾ ਧੰਦਾ ਕਰਨ ਲਈ ਆਉਂਦੀਆਂ ਪਰਵਾਸੀ ਪੰਜਾਬੀ ਔਰਤਾਂ ਦੇ ਕਿੱਸੇ ਅਕਸਰ ਹੀ ਸੁਣੇ ਜਾਂਦੇ ਹਨ। ਅਜਿਹੀਆਂ ਪਰਵਾਸੀ ਪੰਜਾਬੀ ਔਰਤਾਂ ਨੂੰ ਪਰਾਸਟੀਚੀਊਸ਼ਨ ਦੇ ਧੰਦੇ ਵਿੱਚ ਪਾਉਣ ਵਾਲੇ ਵੀ ਪੰਜਾਬੀ ਦੱਲੇ ਹੀ ਹੁੰਦੇ ਹਨ। ਜੋ ਪਹਿਲਾਂ ਉਨ੍ਹਾਂ ਨੂੰ ਆਪ ਵਰਤਣ ਤੋਂ ਬਾਹਦ ਅਜਿਹੀ ਦਰਿੰਦਗੀ ਭਰੀ ਜ਼ਿੰਦਗੀ ਵੱਲ ਧਕੇਲ ਦਿੰਦੇ ਹਨ। ਅਜਿਹੀਆਂ ਘਟਨਾਵਾਂ ਕੈਨੇਡਾ ਦੇ ਹੋਰਨਾਂ ਸ਼ਹਿਰਾਂ ਵਿੱਚ ਵੀ ਜ਼ਰੂਰ ਵਾਪਰਦੀਆਂ ਹੋਣਗੀਆਂ।
ਪਰਵਾਸੀ ਪੰਜਾਬੀਆਂ ਦੀ ਜ਼ਿੰਦਗੀ ਨਾਲ ਸਬੰਧਤ ਇੱਕ ਹੋਰ ਮਹੱਤਵ-ਪੂਰਨ ਸਮੱਸਿਆ ਦਾ ਜ਼ਿਕਰ 'ਵੱਖਰੀ ਧਰਤੀ, ਵੱਖਰੇ ਫੁੱਲ!' ਨਾਮ ਦੀ ਕਹਾਣੀ ਵਿੱਚ ਕੀਤਾ ਗਿਆ ਹੈ। ਰੋਟੀ ਰੋਜ਼ੀ ਦੀ ਭਾਲ ਵਿੱਚ ਕੈਨੇਡਾ ਆਏ ਹੋਏ ਪ੍ਰਵਾਸੀ ਪੰਜਾਬੀਆਂ ਲਈ ਜਦੋਂ ਕੈਨੇਡਾ ਦੀ ਇਮੀਗਰੇਸ਼ਨ ਪ੍ਰਾਪਤ ਕਰਨ ਦੀਆਂ ਸਭ ਸੰਭਾਵਨਾਵਾਂ ਖਤਮ ਹੋ ਜਾਂਦੀਆਂ ਹਨ ਤਾਂ ਉਹ ਆਖਰੀ ਦਾਅ ਵਰਤਦੇ ਹਨ: ਕਿਸੇ ਕੈਨੇਡੀਅਨ ਔਰਤ ਨਾਲ ਵਿਆਹ ਕਰਨਾ। ਜਿਸ ਨਾਲ ਉਨ੍ਹਾਂ ਨੂੰ ਫੌਰਨ ਕੈਨੇਡਾ ਦੀ ਇਮੀਗਰੇਸ਼ਨ ਮਿਲ ਜਾਂਦੀ ਹੈ। ਪਰ ਇਨ੍ਹਾਂ ਵਿੱਚੋਂ ਅਨੇਕਾਂ ਲੋਕ ਅਜਿਹੇ ਵੀ ਹੁੰਦੇ ਹਨ ਜਿਨ੍ਹਾਂ ਦਾ ਵਿਆਹ ਪਹਿਲਾਂ ਹੀ ਇੰਡੀਆ/ਪਾਕਿਸਤਾਨ ਵਿੱਚ ਹੋਇਆ ਹੁੰਦਾ ਹੈ। ਉਨ੍ਹਾਂ ਦੀਆਂ ਨ ਸਿਰਫ ਪਹਿਲੀਆਂ ਪਤਨੀਆਂ ਹੀ ਪਿੱਛੇ ਰਹਿ ਗਏ ਦੇਸ਼ ਵਿੱਚ ਉਨ੍ਹਾਂ ਦਾ ਇੰਤਜ਼ਾਰ ਕਰ ਰਹੀਆਂ ਹੁੰਦੀਆਂ ਹਨ; ਬਲਕਿ ਕਈਆਂ ਦੇ ਤਾਂ ਪਹਿਲੀਆਂ ਪਤਨੀਆਂ ਤੋਂ ਕਈ ਕਈ ਬੱਚੇ ਵੀ ਹੁੰਦੇ ਹਨ। ਇਸ ਮਾਨਸਿਕ ਦਵੰਦ ਵਿੱਚੋਂ ਨਿਕਲਣਾ ਅਜਿਹੇ ਮਰਦਾਂ ਲਈ ਕਈ ਵਾਰੀ ਬਹੁਤ ਮੁਸ਼ਕਿਲ ਹੋ ਜਾਂਦਾ ਹੈ। ਇੱਕ ਪਾਸੇ ਤਾਂ ਉਹ ਪਤਨੀ ਹੁੰਦੀ ਹੈ ਜਿਸਨੇ ਕੈਨੇਡਾ ਵਿੱਚ ਉਨ੍ਹਾਂ ਦੀ ਉਸ ਵੇਲੇ ਮੱਦਦ ਕੀਤੀ ਹੁੰਦੀ ਹੈ ਜਦੋਂ ਉਨ੍ਹਾਂ ਲਈ ਮੱਦਦ ਦੇ ਹੋਰ ਸਭ ਰਸਤੇ ਬੰਦ ਹੋ ਚੁੱਕੇ ਹੁੰਦੇ ਹਨ; ਪਰ ਦੂਜੇ ਪਾਸੇ ਉਹ ਪਤਨੀ ਹੁੰਦੀ ਹੈ ਜਿਸਨੇ ਹਰ ਕੁਰਬਾਨੀ ਕਰਕੇ ਆਪਣੇ ਮਰਦ ਨੂੰ ਕੈਨੇਡਾ ਭੇਜਿਆ ਹੁੰਦਾ ਹੈ ਤਾਂ ਕਿ ਉਹ ਪ੍ਰਵਾਰ ਦੀ ਆਰਥਿਕ ਤੌਰ ਉੱਤੇ ਹਾਲਤ ਸੁਧਾਰ ਸਕੇ। ਕਈ ਮਨੁੱਖ ਸਾਰੀ ਉਮਰ ਇਸ ਮਾਨਸਿਕ ਉਲਝਨ 'ਚੋਂ ਨਿਕਲ ਨਹੀਂ ਸਕਦੇ ਅਤੇ ਉਨ੍ਹਾਂ ਦਾ ਮਾਨਸਿਕ ਸੰਤੁਲਨ ਵਿਗੜਿਆ ਹੀ ਰਹਿੰਦਾ ਹੈ। ਹਰਭਜਨ ਪਵਾਰ ਅਜਿਹੇ ਪ੍ਰਵਾਸੀ ਪੰਜਾਬੀਆਂ ਦੀ ਮਾਨਸਿਕ ਸਥਿਤੀ ਨੂੰ ਆਪਣੀ ਕਹਾਣੀ 'ਵੱਖਰੀ ਧਰਤੀ, ਵੱਖਰੇ ਫੁੱਲ!' ਵਿੱਚ ਬੜੀ ਖੂਬਸੂਰਤੀ ਨਾਲ ਪੇਸ਼ ਕਰਦਾ ਹੈ:

ਕੀ ਇਹ ਮੇਰੇ ਲਈ ਠੀਕ ਸੀ ਕਿ ਇਕ ਪਤਨੀ ਭਾਰਤ ਵਿੱਚ ਹੁੰਦਿਆਂ ਹੋਇਆਂ ਇਕ ਗੋਰੀ ਲੜਕੀ ਸੋਫੀਆ ਨਾਲ ਵਲੈਤ ਵਿੱਚ ਸ਼ਾਦੀ ਕੀਤੀ ਹੋਈ ਸੀ ਤੇ ਭਾਰਤੀ ਬੀਵੀ ਨੂੰ ਵੀ ਆਪ ਹੀ ਵਲੈਤ ਵਿੱਚ ਬੁਲਾ ਲਿਆ। ਸੋਫੀਆ ਨਾਲ ਭਾਵੇਂ ਮੈਂ ਲੀਗਲ ਤੌਰ ਤੇ ਸ਼ਾਦੀ ਨਹੀਂ ਕੀਤੀ ਸੀ ਸਿਰਫ ਮੈਂ ਉਸ ਨੂੰ ਚਾਰ ਫੇਰਿਆਂ ਨਾਲ ਘਰ ਲੈ ਆਇਆ ਸਾਂ।
ਪਰ ਸੋਫੀਆ ਨੂੰ ਮੈਂ ਆਪਣੇ ਤੋਂ ਕਿਵੇਂ ਵੱਖ ਕਰ ਸਕਦਾ ਸਾਂ? ਉਸ ਨੇ ਤਾਂ ਮੇਰੀ ਉਸ ਵਕਤ ਮੱਦਦ ਕੀਤੀ ਸੀ ਜਿਸ ਵੇਲੇ ਮੇਰੇ ਕੋਲ ਖਾਣ ਲਈ ਰੋਟੀ ਤੇ ਪਹਿਨਣ ਲਈ ਕੱਪੜਾ ਤੇ ਸੌਣ ਲਈ ਮਕਾਨ ਨਹੀਂ ਸੀ। ਉਸ ਬੇਗਾਨੇ ਮੁਲਕ ਵਿੱਚ ਜਦੋਂ ਮੇਰੇ ਮਿੱਤਰਾਂ, ਦੋਸਤਾਂ, ਰਿਸ਼ਤੇਦਾਰਾਂ ਮੈਨੂੰ ਠੁਕਰਾ ਦਿੱਤਾ ਸੀ ਤਾਂ ਮੇਰਾ ਸਹਾਰਾ ਸਿਰਫ ਸੋਫੀਆ ਹੀ ਸੀ ਜਿਸਨੇ ਮੈਨੂੰ ਕਦੇ ਵੀ ਕਿਸੇ ਚੀਜ਼ ਦੀ ਥੁੜ ਮਹਿਸੂਸ ਨਹੀਂ ਹੋਣ ਦਿੱਤੀ ਸੀ।
ਪਰ ਮੈਂ ਕਿੰਨਾ ਧੋਖੇਬਾਜ਼ ਸੀ ਕਿ ਸੋਫੀਆ ਨੂੰ ਆਪਣੀ ਪਤਨੀ ਮੰਜੂ ਬਾਰੇ ਜੋ ਇੰਡੀਆ ਰਹਿੰਦੀ ਸੀ, ਤੇ ਮੰਜੂ ਨੂੰ ਸੋਫੀਆ ਬਾਰੇ ਜੋ ਮੇਰੇ ਨਾਲ ਮੇਰੀ ਪਤਨੀ ਬਣਕੇ ਰਹਿ ਰਹੀ ਸੀ ਕਦੇ ਦੱਸਿਆ ਹੀ ਨਹੀਂ ਸੀæ ਕੀ ਇਹ ਦੋਹਾਂ ਨਾਲ ਵਿਸ਼ਵਾਸ਼ਘਾਤ ਨਹੀਂ ਸੀ?

ਪਰ ਕੀ ਮੰਜੂ ਦੇ ਮੇਰੇ ਉੱਤੇ ਘੱਟ ਅਹਿਸਾਨ ਸਨ? ਮੈਂ ਜਦੋਂ ਵਲੈਤ ਆਇਆ ਸੀ ਤਾਂ ਮੰਜੂ ਨੇ ਆਪਣੇ ਸਾਰੇ ਗਹਿਣੇ ਵੇਚਕੇ ਹੀ ਤਾਂ ਮੈਨੂੰ ਕਨੇਡਾ ਘੱਲਿਆ ਸੀ। ਜਦੋਂ ਮੈਂ ਕਨੇਡਾ ਆ ਰਿਹਾ ਸੀ ਤਾਂ ਉਹ ਛੱਮ ਛੱਮ ਅੱਥਰੂ ਵਹਾ ਰਹੀ ਸੀ ਤੇ ਕਹਿੰਦੀ ਸੀ, "ਤੁਸੀਂ ਮੇਰੀਆਂ ਅੱਖੀਆਂ ਤੋਂ ਉਹਲੇ ਨ ਹੋਵੋ, ਮੈਨੂੰ ਅਮੀਰੀ ਦੀ ਲੋੜ ਨਹੀਂ, ਮੈਂ ਗਰੀਬੀ ਵਿੱਚ ਵੀ ਤੁਹਾਡੇ ਨਾਲ ਰੁੱਖੀ ਸੁੱਕੀ ਖਾਕੇ ਗੁਜ਼ਾਰਾ ਕਰ ਲਵਾਂਗੀ। ਮੈਨੂੰ ਇਕੱਲੀ ਨੂੰ ਛੱਡਕੇ ਨਾ ਜਾਵੋ। ਮੈਂ ਤੁਹਾਡੇ ਬਿਨਾ ਮਰ ਜਾਵਾਂਗੀ।" ਭਾਵੇਂ ਮੇਰੇ ਤੋਂ ਮੰਜੂ ਦੇ ਅੱਥਰੂ ਵੇਖੇ ਨਹੀਂ ਜਾਂਦੇ ਸਨ ਪਰ ਆਪਣੇ ਪਰਿਵਾਰ ਦੇ ਭਵਿੱਖ ਲਈ, ਮੰਜੂ ਨੂੰ ਰੋਂਦੀ-ਕੁਰਲਾਂਦੀ ਨੂੰ ਛੱਡ ਆਇਆ ਸਾਂ ਤੇ ਇਹ ਰਾਜ਼ ਮੈਂ ਕਈ ਸਾਲਾਂ ਤੋਂ ਉਹਨਾਂ ਦੋਵਾਂ ਤੋਂ ਛੁਪਾਈ ਆ ਰਿਹਾ ਸਾਂ। ਮੰਜੂ ਦੇ ਆਉਣ ਤੋਂ ਪਹਿਲਾਂ ਮੈਂ ਸੋਫੀਆ ਨੂੰ ਸਭ ਕੁਝ ਦੱਸਣ ਦਾ ਮਨ ਬਣਾ ਲਿਆ ਸੀ।
ਪਰ ਜਦੋਂ ਦੋਹਾਂ ਨੂੰ ਪਤਾ ਲੱਗੇਗਾ ਕਿ ਇਕ ਬਹੁਤ ਵੱਡਾ ਰਾਜ਼, ਮੈਂ ਉਹਨਾਂ ਦੋਹਾਂ ਕੋਲੋਂ ਕਈ ਸਾਲ ਛੁਪਾਈ ਰੱਖਿਆ ਉਹ ਕਿਤੇ ਦੋਵੇਂ ਮੈਨੂੰ ਛੱਡਕੇ ਨ ਚਲੀਆਂ ਜਾਣ।
'ਗੋਰੀ ਸਾਂਝਣ' ਕਹਾਣੀ ਵੀ ਕੁਝ ਅਜਿਹੀ ਕਿਸਮ ਦੀ ਹੀ ਇੱਕ ਸਮੱਸਿਆ ਪੇਸ਼ ਕਰਦੀ ਹੈ। ਭਾਵੇਂ ਕਿ ਇਹ ਸਮੱਸਿਆ ਤਾਂ ਕਿਸੇ ਵੀ ਦੇਸ਼ ਵਿੱਚ ਵਾਪਰ ਸਕਦੀ ਹੈ; ਇੱਥੋਂ ਤੱਕ ਕਿ ਇੰਡੀਆ ਅਤੇ ਪਾਕਿਸਤਾਨ ਵਰਗੇ ਦੇਸ਼ਾਂ ਵਿੱਚ ਵੀ। ਅਜੋਕੇ ਸਮਿਆਂ ਵਿੱਚ, ਤਕਰੀਬਨ ਹਰ ਦੇਸ਼ ਵਿੱਚ ਹੀ, ਅਨੇਕਾਂ ਕੰਪਨੀਆਂ ਅਜਿਹੀਆਂ ਹੁੰਦੀਆਂ ਹਨ ਜਿਨ੍ਹਾਂ ਵਿੱਚ ਮਰਦ ਅਤੇ ਔਰਤਾਂ ਬਿਜ਼ਨਸ ਪਾਰਟਨਰ ਹੁੰਦੇ ਹਨ। ਜਿਨ੍ਹਾਂ ਨੂੰ ਅਨੇਕਾਂ ਥਾਵਾਂ ਉੱਤੇ ਇਕੱਠੇ ਜਾਣਾ-ਆਣਾ ਪੈਂਦਾ ਹੈ- ਕਈ ਦੂਰ-ਦੁਰਾਡੇ ਸ਼ਹਿਰਾਂ ਅਤੇ ਦੇਸ਼ਾਂ ਵਿੱਚ ਵੀ। ਜਿਸ ਕਾਰਨ ਉਨ੍ਹਾਂ ਦੇ ਆਪਸੀ ਸਬੰਧ ਕਈ ਵੇਰ, ਮਹਿਜ਼, ਬਿਜ਼ਨਸ ਪਾਰਟਨਰ ਹੋਣ ਦੇ ਨਾਲ ਨਾਲ ਦੋਸਤਾਨਾ ਸਬੰਧਾਂ ਦਾ ਵੀ ਰੂਪ ਧਾਰ ਲੈਂਦੇ ਹਨ। 'ਗੋਰੀ ਸਾਂਝਣ' ਕਹਾਣੀ ਦੇ ਪਾਤਰਾਂ ਜੈਨੇਫਰ ਅਤੇ ਅਵਤਾਰ ਸਿੰਘ ਵਿੱਚ ਵੀ ਕੁਝ ਇਹੋ ਜਿਹਾ ਹੀ ਵਾਪਰਦਾ ਹੈ। ਕੰਮ ਉੱਤੇ ਇਕੱਠੇ ਆਣ-ਜਾਣ ਕਾਰਨ, ਜੈਨੇਫਰ ਦੇ ਅਵਤਾਰ ਸਿੰਘ ਦੇ ਘਰ ਵੀ ਅਕਸਰ ਆਉਣ ਕਾਰਨ ਅਤੇ ਅਵਤਾਰ ਸਿੰਘ ਦੇ ਬੱਚਿਆਂ ਲਈ ਖਾਣ-ਪੀਣ ਵਾਲੀਆਂ ਸੁਆਦਲੀਆਂ ਚੀਜ਼ਾਂ ਬਨਾਉਣ ਕਾਰਨ ਜੈਨੇਫਰ ਦਾ ਅਵਤਾਰ ਸਿੰਘ ਨਾਲ ਸਬੰਧ, ਮਹਿਜ਼, ਬਿਜ਼ਨਸ ਪਾਰਟਨਰ ਵਾਲਾ ਸਬੰਧ ਨਹੀਂ ਰਹਿ ਜਾਂਦਾ। ਅਵਤਾਰ ਦੇ ਬੱਚੇ ਵੀ ਜੈਨੇਫਰ ਨੂੰ ਆਪਣੀ ਮਾਂ ਨਾਲੋਂ ਵੀ ਵੱਧ ਪਸੰਦ ਕਰਨ ਲੱਗ ਜਾਂਦੇ ਹਨ। ਇਹ ਸੁਭਾਵਕ ਹੀ ਹੈ। ਬੱਚੇ ਉਸੇ ਵਿਅਕਤੀ ਵੱਲ ਖਿੱਚੇ ਜਾਂਦੇ ਹਨ, ਜੋ ਉਨ੍ਹਾਂ ਦੀਆਂ ਨਿੱਜੀ ਅਤੇ ਮਾਨਸਿਕ ਲੋੜਾਂ ਵੱਲ ਧਿਆਨ ਦਿੰਦਾ ਹੈ। ਇਸ ਗੱਲ ਦਾ ਇਜ਼ਹਾਰ ਅਵਤਾਰ ਸਿੰਘ ਦੇ ਬੱਚੇ ਵੀ ਬੜੀ ਸਪੱਸ਼ਟਤਾ ਨਾਲ ਕਰ ਦਿੰਦੇ ਹਨ:
ਕਾਫੀ ਦੇਰ ਇੰਤਜ਼ਾਰ ਕਰਨ ਬਾਅਦ ਜਦੋਂ ਅਵਤਾਰ ਘਰ ਨਾ ਆਇਆ ਤਾਂ ਉਹ ਬੱਚਿਆਂ ਦੇ ਕਮਰੇ ਵਿੱਚ ਗਈ। ਬੱਚੇ ਘੂਕ ਸੁੱਤੇ ਪਏ ਸਨ। ਉਹਨੇ ਦੋਹਾਂ ਬੱਚਿਆਂ ਤੇ ਕੰਬਲ ਦਿੱਤੇ ਤੇ ਵਾਪਸ ਆਉਣ ਹੀ ਲੱਗੀ ਸੀ ਕਿ ਮੋਨਾ ਨੀਂਦ ਵਿੱਚ ਬੁੜਬੜਾਈ। "ਬੱਬੂ, ਜੈਨੇਫਰ ਆਂਟੀ ਕਿੰਨੀ ਚੰਗੀ ਏ! ਆਪਣੇ ਨਾਲ ਕਿੰਨਾ ਪਿਆਰ ਕਰਦੀ ਏ! ਆਪਣੇ ਲਈ ਕਿੰਨੇ ਸੁਹਣੇ ਸੁਹਣੇ ਤੋਹਫੇ ਲਿਆਉਂਦੀ ਏ! ਆਪਾਂ ਨੂੰ ਕਦੇ ਵੀ ਨਹੀਂ ਝਿੜਕਦੀ ਏ! ਆਪਣੀ ਮੰਮੀ ਆਪਾਂ ਨੂੰ ਕਿੰਨਾ ਮਾਰਦੀ ਏ, ਰੋਜ਼ ਕਿੰਨਾ ਝਿੜਕਦੀ ਏ ਆਪਣੀ ਮੰਮੀ ਗੰਦੀ ਏ, ਆਪਣੇ ਲਈ ਕਦੇ ਤੋਹਫੇ ਵੀ ਨਹੀਂ ਲੈਕੇ ਆਉਂਦੀ। ਬੱਬੂ ਕਿੰਨਾ ਚੰਗਾ ਹੁੰਦਾ ਜੈਨੇਫਰ ਆਂਟੀ ਆਪਣੀ ਮੰਮੀ ਹੁੰਦੀ!"
ਪਰਵਾਸੀ ਪੰਜਾਬੀ ਜਿਨ੍ਹਾਂ ਦੀਆਂ ਬਿਜ਼ਨਸ ਪਾਰਟਨਰ ਗੋਰੀਆਂ ਹਨ - ਸਿਰਫ ਉਹੀ ਨਹੀਂ, ਬਲਕਿ ਜਿਹੜੇ ਹੋਰ ਪੰਜਾਬੀ ਵੀ ਗੋਰੀਆਂ ਨਾਲ ਇਕੱਠੇ ਕੰਮ ਕਰਦੇ ਹਨ ਉਹ ਵੀ ਆਪਣੀਆਂ ਪਤਨੀਆਂ ਨਾਲੋਂ ਗੋਰੀਆਂ ਨਾਲ ਘੁੰਮਣਾ ਫਿਰਨਾ ਜ਼ਿਆਦਾ ਪਸੰਦ ਕਰਦੇ ਹਨ। ਇਸਦਾ ਵੱਡਾ ਕਾਰਨ ਇਹ ਵੀ ਹੋ ਸਕਦਾ ਹੈ ਕਿ ਗੋਰੀਆਂ ਭਾਰਤੀ / ਪਾਕਿਸਤਾਨੀ ਮੂਲ ਦੀਆਂ ਔਰਤਾਂ ਦੇ ਮੁਕਾਬਲੇ ਜ਼ਿੰਦਗੀ ਨੂੰ ਵਧੇਰੇ ਮਾਨਣਾ ਪਸੰਦ ਕਰਦੀਆਂ ਹਨ। ਇਸ ਕਾਰਨ ਅਨੇਕਾਂ ਪ੍ਰਵਾਸੀ ਪੰਜਾਬੀ ਆਪਣੀਆਂ ਇੰਡੀਅਨ / ਪਾਕਿਸਤਾਨੀ ਮੂਲ ਦੀਆਂ ਪਤਨੀਆਂ ਘਰਾਂ ਵਿੱਚ ਹੋਣ ਦੇ ਬਾਵਜ਼ੂਦ ਵੀ ਆਪਣੀਆਂ ਗੋਰੀਆਂ ਗਰਲਫਰੈਂਡਜ਼ ਵੀ ਰੱਖਦੇ ਹਨ। ਜਿਸ ਕਾਰਨ ਉਨ੍ਹਾਂ ਪੰਜਾਬੀਆਂ ਦੇ ਘਰਾਂ ਵਿੱਚ, ਅਕਸਰ, ਤਨਾਓ ਬਣਿਆ ਰਹਿੰਦਾ ਹੈ। ਇਨ੍ਹਾਂ ਗੱਲਾਂ ਨੂੰ ਹਰਭਜਨ ਪਵਾਰ ਬੜੀ ਸਪੱਸ਼ਟਤਾ ਨਾਲ ਉਭਾਰਦਾ ਹੈ:
1.
ਅਵਤਾਰ ਤੇ ਜੈਨੇਫਰ ਦੋਵੇਂ ਰੈਸਟੋਰੈਂਟ ਵਿਚ ਬੈਠੇ ਗੁਲਸ਼ਰੇ ਉਡਾਂਦੇ ਰਹੇ ਤੇ ਏਧਰ ਉਧਰ ਦੀਆਂ ਗੱਲਾਂ ਤੇ ਬਿਜ਼ਨਸ ਬਾਰੇ ਇਕ ਦੂਸਰੇ ਨਾਲ ਵਿਚਾਰ-ਵਟਾਂਦਰਾ ਕਰਦੇ ਰਹੇ ਕਿਉਂਕਿ ਉਹਨਾਂ ਦੀ ਕੰਪਨੀ ਪਿਛਲੇ ਕੁਝ ਮਹੀਨਿਆਂ ਤੋਂ ਕਾਫੀ ਘਾਟੇ ਵਿੱਚ ਜਾ ਰਹੀ ਸੀ। ਲੋਕੀਂ ਵੀ ਤਾਂ ਇਹ ਹੀ ਕਹਿੰਦੇ ਸਨ ਕਿ ਦੇਸੀ ਬੰਦੇ ਤੇ ਵਲਾਇਤੀ ਮੇਮਾਂ ਦਾ ਬਿਜ਼ਨਸ ਕਿਵੇਂ ਚੱਲ ਸਕਦਾ ਏ ਜਦ ਕਿ ਦੇਸੀ ਬੰਦੇ ਬਿਜ਼ਨਸ ਦਾ ਖਿਆਲ ਘੱਟ ਤੇ ਮੇਮਾਂ ਦਾ ਖਿਆਲ ਜ਼ਿਆਦਾ ਰੱਖਦੇ ਨੇ। ਅਵਤਾਰ ਤੇ ਜੈਨੇਫਰ ਦਾ ਹਾਲ ਵੀ ਕੁਝ ਅਜਿਹਾ ਹੀ ਸੀ, ਉਹ ਬਿਜ਼ਨਸ ਘਟ ਕਰਦੇ ਤੇ ਮਟਰਗਸ਼ਤ ਕੁਝ ਜ਼ਿਆਦਾ।
2
."ਚੰਨਣ ਕੌਰੇ, ਉਸ ਮੇਮ ਦਾ ਤੇਰੇ ਘਰ ਵਾਲੇ ਨਾਲ ਕੀ ਰਿਸ਼ਤਾ ਏ, ਜਿਹੜੀ ਅੱਠੇ ਪਹਿਰ ਤੁਹਾਡੇ ਘਰ ਆ ਕੇ ਸਾਰਾ ਦਿਨ ਤੇਰੇ ਬੱਚਿਆਂ ਨੂੰ ਖਡਾਂਦੀ ਰਹਿੰਦੀ ਏ?"
"ਮੇਰੀ ਕੀ ਲੱਗਣਾ ਉਸ ਵਿਚਾਰੀ ਨੇ? ਹਾਂ - ਮੇਰੇ ਘਰ ਵਾਲੇ ਨਾਲ ਜ਼ਰੂਰ ਬਿਜ਼ਨਸ ਵਿੱਚ ਸਾਂਝੀਦਾਰ ਏ। ਕਦੇ ਕਦਾਈਂ ਘਰ ਵੀ ਆ ਜਾਂਦੀ ਏ ਤੇ ਬੱਚਿਆਂ ਨਾਲ ਖੇਡਦੀ ਰਹਿੰਦੀ ਏ। ਮੇਰੇ ਬੱਚਿਆਂ ਨਾਲ ਉਸਨੂੰ ਬਹੁਤ ਹੀ ਪਿਆਰ ਏ। ਉਹ ਉਹਨਾਂ ਨੂੰ ਵੇਖਿਆਂ ਬਿਨਾਂ ਇਕ ਪਲ ਵੀ ਨਹੀਂ ਰਹਿ ਸਕਦੀ।"
"ਪਰ ਚੰਨਣ ਕੌਰੇ, ਲੋਕੀਂ ਤਾਂ ਆਖਦੇ ਨੇ, ਜਿੱਥੇ ਉਹ ਤੇਰੇ ਘਰ ਵਾਲੇ ਦੀ ਬਿਜ਼ਨਸ ਵਿੱਚ ਅੱਧ ਦੀ ਸਾਂਝੀਦਾਰ ਏ ਉੱਥੇ ਪਿਆਰ ਵਿੱਚ ਵੀ ਅੱਧ ਦੀ ਸਾਂਝੀਦਾਰ ਏ।"
"ਨਹੀਂ, ਉਹ ਇਸ ਤਰ੍ਹਾਂ ਦੀ ਨਹੀਂ ਹੋ ਸਕਦੀ, ਤੈਨੂੰ ਕਿਸੇ ਨੇ ਉਸ ਬਾਰੇ ਗਲਤ ਦੱਸਿਆ ਹੋਣਾ ਏ!"
"ਭਾਵੇਂ ਤੂੰ ਕਿਸੇ ਤੇ ਵਿਸ਼ਵਾਸ਼ ਨ ਕਰ, ਪਰ ਇਹਨਾਂ ਮੇਮਾਂ ਤੇ ਕੋਈ ਭਰੋਸਾ ਨਹੀਂ ਇਹ ਨਖਸਮੀਆਂ ਜਿਹਦੇ ਨਾਲ ਚਾਹੁਣ ਤੁਰ ਪੈਂਦੀਆਂ ਹਨ। ਪਿਛਲੇ ਹੀ ਵੀਕ ਦੀ ਗੱਲ ਏ ਮੇਰੀ ਇੱਕ ਸਹੇਲੀ ਦੇ ਪਤੀ ਨੂੰ ਇਕ ਮੇਮ ਭਜਾ ਕੇ ਲੈ ਗਈ। ਉਹ ਵਿਚਾਰੀ ਰੋਂਦੀ ਰਹਿ ਗਈ। ਚੰਨਣ ਕੌਰੇ, ਕਿਧਰੇ ਮੇਰੀ ਸਹੇਲੀ ਵਾਂਗ ਤੇਰੇ ਨਾਲ ਵੀ ਨ ਹੋਵੇ ਕਿ ਉਹ ਮੇਮ ਤੇਰੇ ਘਰ ਵਾਲੇ ਨੂੰ ਉਡਾ ਕੇ ਲੈ ਜਾਵੇ, ਤੇ ਤੂੰ ਵੇਖਦੀ ਰਹਿ ਜਾਵੇਂ।"
3.
"ਪਰ ਉਹ ਗੋਰੀ ਤੁਹਾਡਾ ਬਿਜ਼ਨਸ ਤਾਂ ਡੋਬੇਗੀ ਹੀ, ਪਰ ਮੇਰਾ ਘਰ ਵੀ ਨਹੀਂ ਬਚੇਗਾ। ਇਹ ਕਿਹੋ ਜਿਹਾ ਦੇਸ਼ ਹੈ। ਇਕ ਮਰਦ ਕਿਸੇ ਦੂਸਰੀ ਔਰਤ ਨੂੰ ਬਿਜ਼ਨਸ ਪਾਰਟਨਰ ਵੀ ਰੱਖ ਸਕਦਾ ਹੈ ਤੇ ਆਪਣੀ ਮਰਜ਼ੀ ਨਾਲ ਜਿੱਥੇ ਚਾਹਵੇ ਉਸ ਨਾਲ ਆ ਜਾ ਸਕਦਾ ਹੈ ਤੇ ਜਦੋਂ ਵੀ ਚਾਹਵੇ ਮਿਲ ਸਕਦਾ ਹੈ।"
'ਪਿਆਸਾ ਦਰਿਆ' ਕਹਾਣੀ ਸੰਗ੍ਰਹਿ ਵਿੱਚ 'ਇੰਡੀਅਨ ਬਾਸ' ਇੱਕ ਹੋਰ ਦਿਲਚਸਪ ਕਹਾਣੀ ਹੈ। ਇਹ ਕਹਾਣੀ ਟੋਨੀ ਸਿੰਘ ਉਰਫ ਤਰਸੇਮ ਸਿੰਘ ਬਾਜਵਾ ਨਾਮ ਦੇ ਭਾਰਤੀ ਮੂਲ ਦੇ ਇੱਕ ਬਿਜ਼ਨਸਮੈਨ ਬਾਰੇ ਹੈ। ਟੋਨੀ ਸਿੰਘ ਅਜਿਹੇ ਬਿਜ਼ਨਸ ਅਦਾਰਿਆਂ ਦੀ ਪ੍ਰਤੀਨਿਧਤਾ ਕਰਦਾ ਹੈ ਜੋ ਕਿ ਕੈਨੇਡਾ ਵਰਗੇ ਵਿਕਸਤ ਦੇਸ਼ ਵਿੱਚ ਵੀ ਆਪਣੇ ਬਿਜ਼ਨਸ ਬਿਨ੍ਹਾਂ ਕਿਸੀ ਕਾਨੂੰਨ ਦੀ ਪ੍ਰਵਾਹ ਕੀਤੇ ਚਲਾਂਦੇ ਹਨ। ਜਿੱਥੇ ਨ ਸਿਰਫ ਕੰਮ ਕਰਨ ਦੀਆਂ ਹਾਲਤਾਂ ਹੀ ਤਸੱਲੀਬਖਸ਼ ਨਹੀਂ ਹੁੰਦੀਆਂ; ਬਲਕਿ ਵਿਸ਼ੇਸ਼ ਕਰਕੇ ਔਰਤ ਕਾਮਿਆਂ ਦੀ ਸੁਰੱਖਿਆ ਵੀ ਖਤਰਿਆਂ ਭਰੀ ਹੁੰਦੀ ਹੈ। ਇਨ੍ਹਾਂ ਕਾਮਿਆਂ ਦੀ ਸੁਰੱਖਿਆ ਨੂੰ ਖਤਰਾ ਕਿਸੇ ਬਾਹਰਲੇ ਲੋਕਾਂ ਤੋਂ ਨਹੀਂ ਹੁੰਦਾ; ਬਲਕਿ ਕੰਪਨੀਆਂ ਦੇ ਭ੍ਰਿਸ਼ਟ ਮਾਲਕਾਂ ਤੋਂ ਹੀ ਹੁੰਦਾ ਹੈ। ਅਜਿਹੇ ਖਤਰੇ ਦਾ ਸਾਹਮਣਾ ਟੋਨੀ ਸਿੰਘ ਦੀ ਕੰਪਨੀ ਵਿੱਚ ਕੰਮ ਕਰਦੀ ਗੀਤਾ ਨੂੰ ਵੀ ਕਰਨਾ ਪੈਂਦਾ ਹੈ। ਭਾਵੇਂ ਕਿ ਆਪਣੀ ਹਿੰਮਤ ਸਦਕਾ ਗੀਤਾ ਭ੍ਰਿਸ਼ਟ ਟੋਨੀ ਸਿੰਘ ਵੱਲੋਂ ਉਸਦਾ ਬਲਾਤਕਾਰ ਕੀਤੇ ਜਾਣ ਦੇ ਯਤਨ ਅਸਫਲ ਬਣਾ ਦਿੰਦੀ ਹੈ; ਪਰ ਹਰ ਔਰਤ ਅਜਿਹੇ ਭ੍ਰਿਸ਼ਟ ਵਿਉਪਾਰੀਆਂ ਦੇ ਚੁੰਗਲ ਵਿੱਚੋਂ ਬਚਣ ਵਿੱਚ ਕਾਮਿਯਾਬ ਨਹੀਂ ਹੁੰਦੀ ਅਤੇ ਉਸਨੂੰ ਆਪਣੀ ਨੌਕਰੀ ਖੁੱਸ ਜਾਣ ਦੇ ਡਰੋਂ ਅਜਿਹੇ ਭ੍ਰਿਸ਼ਟ ਬਿਜ਼ਨਸਮੈਨਾਂ ਦੇ ਅੱਤਿਆਚਾਰ ਸਹਿਣ ਤੋਂ ਬਾਹਦ ਵੀ ਆਪਣੇ ਬੁੱਲਾਂ ਉੱਤੇ ਜੰਦਰਾ ਮਾਰਨਾ ਪੈਂਦਾ ਹੈ। ਇਸ ਤੱਥ ਨੂੰ ਹਰਭਜਨ ਪਵਾਰ ਟੋਨੀ ਸਿੰਘ ਅਤੇ ਗੀਤਾ ਦਰਮਿਆਨ ਹੋਏ ਇੱਕ ਵਾਰਤਾਲਾਪ ਅਤੇ ਉਸ ਨਾਲ ਸਬੰਧਤ ਇੱਕ ਘਟਨਾ ਦੇ ਬਿਆਨ ਰਾਹੀਂ ਬੜੀ ਹੀ ਖੂਬਸੂਰਤੀ ਨਾਲ ਪੇਸ਼ ਕਰਦਾ ਹੈ:
"ਕੁੜੀਏ, ਅੱਜ ਤਾਂ ਤੈਨੂੰ ਓਵਰਟਾਈਮ ਕਰਨਾ ਹੀ ਪਊ, ਭਾਵੇਂ ਜ਼ਬਰਦਸਤੀ, ਭਾਵੇਂ ਆਪਣੀ ਮਰਜੀ ਨਾਲ਼ ਤੇਰੇ ਨਾਲ ਦੀਆਂ ਦੂਜੀਆਂ ਕੁੜੀਆਂ ਨੇ ਕਦੀ ਇਨਕਾਰ ਨਹੀਂ ਕੀਤਾ ਤੂੰ ਕੋਈ ਉਨ੍ਹਾਂ ਤੋਂ ਵੱਖਰੀ ਨਹੀਂ ਹੈਂ।"
"ਕੁੱਤੇ, ਕਮੀਨੇ ਤੂੰ ਇੱਕ ਝਾਤੀ ਆਪਣੇ ਤੇ ਮਾਰ। ਤੂੰ ਮੇਰੇ ਪਿਉ ਦੀ ਉਮਰ ਦਾ ਹੈਂ ਤੇ ਨਾਲੇ ਮੇਰਾ ਬਾਸ ਵੀ ਹੈਂ। ਤੈਨੂੰ ਕੁਛ ਤਾਂ ਸ਼ਰਮ ਆਉਣੀ ਚਾਹੀਦੀ ਹੈ।
ਜੇ ਖੇਹ ਖਾਣ ਦਾ ਇਤਨਾ ਹੀ ਸ਼ੌਕ ਏ ਤਾਂ ਅਪਣੀ ਜਨਾਨੀ ਕੋਲ ਜਾਹ ਨਹੀਂ ਤਾਂ ਯੰਗ ਸਟਰੀਟ ਤੇ ਜਾਹ, ਉੱਥੇ ਪੇਸ਼ੇ ਵਾਲੀਆਂ ਬਥੇਰੀਆਂ ਤੁਰੀਆਂ ਫਿਰਦੀਆਂ ਨੇ।"
"ਏਥੇ ਸਭ ਚਲਦਾ ਏ ਮੇਰੀ ਜਾਨ, ਅਗਰ ਤੈਨੂੰ ਇਨਕਾਰ ਏ ਤਾਂ ਕੱਲ੍ਹ ਨੂੰ ਤੇਰੀ ਨੌਕਰੀ ਤੋਂ ਛੁੱਟੀ, ਸੋਚ ਸਮਝ ਲੈ, ਅਜੇ ਵੀ ਵਕਤ ਏ।"
"ਮੈਂ ਤੇਰੀ ਨੌਕਰੀ ਤੇ ਥੁੱਕਦੀ ਵੀ ਨਹੀਂ ਕੱਲ੍ਹ ਤਾਂ ਕਿਸ ਵੇਖਿਆ?...ਮੈਂ ਹੁਣੇ ਇਸ ਨੌਕਰੀ ਨੂੰ ਖੁਦ ਛੱਡਕੇ ਜਾ ਰਹੀ ਹਾਂ।"
ਇਹਨਾਂ ਗੱਲਾਂ ਦਾ ਮਿਸਟਰ ਟੋਨੀ ਤੇ ਕੋਈ ਅਸਰ ਨ ਹੋਇਆ। ਉਸਨੇ ਗੀਤਾ ਨੂੰ ਜੱਫੀ ਵਿਚ ਲੈ ਲਿਆ। ਪਰ ਅਚਾਨਕ ਗੀਤਾ ਦੀ ਨਜ਼ਰ ਪਿਛੇ ਪਏ ਝਾੜੂ ਤੇ ਪਈ। ਉਸਨੇ ਛੇਤੀ ਨਾਲ ਝਾੜੂ ਲਿਆ ਤੇ ਕਦੇ ਲੱਤਾਂ ਤੇ ਕਦੇ ਸਿਰ ਤੇ ਇਸ ਤਰ੍ਹਾਂ ਉਸਨੇ ਮਿਸਟਰ ਟੋਨੀ ਨੂੰ ਚੰਗਾ ਕੁਟਾਪਾ ਚਾੜਿਆ। ਤੇ ਕੁਝ ਹੀ ਮਿੰਟਾਂ ਵਿੱਚ ਮਿਸਟਰ ਟੋਨੀ ਦੋਵੇਂ ਹੱਥ ਜੋੜਕੇ ਗਿੜ ਗਿੜਾ ਰਿਹਾ ਸੀ।
"ਮੁਆਫ ਕਰਦੇ ਮੈਨੂੰ ਕੁੜੀਏ, ਮੈਥੋਂ ਬੜੀ ਵੱਡੀ ਗਲਤੀ ਹੋ ਗਈ ਏ, ਮੈਨੂੰ ਨਹੀਂ ਪਤਾ ਸੀ ਕਿ ਤੂੰ ਇਕ ਸ਼ਰੀਫ ਲੜਕੀ ਏਂ, ਮੇਰੀ ਤੋਬਾ ਮੈਂ ਅੱਜ ਤੋਂ ਬਾਅਦ ਕਿਸੇ ਕੁੜੀ ਨਾਲ ਵੀ ਅਜਿਹੀ ਹਰਕਤ ਨਹੀਂ ਕਰਾਂਗਾ।"
'ਪਿਆਸਾ ਦਰਿਆ' ਕਹਾਣੀ ਸੰਗ੍ਰਹਿ ਵਿੱਚ ਸ਼ਾਮਿਲ ਕਹਾਣੀਆਂ ਰਾਹੀਂ ਹਰਭਜਨ ਪਵਾਰ ਨੇ ਪੱਛਮੀ ਦੇਸ਼ਾਂ ਦੀ ਜ਼ਿੰਦਗੀ ਦੇ ਕੁਝ ਹੋਰ ਪੱਖਾਂ ਬਾਰੇ ਵੀ ਗੱਲ ਕੀਤੀ ਹੈ। ਪਰਵਾਸੀ ਪੰਜਾਬੀ ਜਿੱਥੇ ਕਿ ਹਫਤੇ ਦੇ ਸੱਤੇ ਦਿਨ ਡਾਲਰ ਕਮਾਉਣ ਦੀ ਦੌੜ ਵਿੱਚ ਕੋਹਲੂ ਦੇ ਬਲਦ ਵਾਂਗ ਰੁੱਝੇ ਰਹਿੰਦੇ ਹਨ; ਉੱਥੇ ਗੋਰੇ ਲੋਕ ਸ਼ੁੱਕਰਵਾਰ ਦੀ ਸ਼ਾਮ ਤੋਂ ਹੀ ਪਾਰਟੀਆਂ ਕਰਨ ਵਿੱਚ ਰੁੱਝ ਜਾਂਦੇ ਹਨ। ਪੱਛਮੀ ਦੇਸ਼ਾਂ ਵਿੱਚ ਤਕਰੀਬਨ ਹਰ ਕਾਮੇ ਨੂੰ ਹਰ ਹਫਤੇ ਤਨਖਾਹ ਮਿਲਦੀ ਹੈ। ਕੰਮ ਤੋਂ ਤਨਖਾਹ ਦਾ ਚੈੱਕ ਮਿਲਦਿਆਂ ਹੀ ਗੋਰੇ ਮਰਦ/ਔਰਤਾਂ ਬੈਂਕਾਂ ਵੱਲ ਭੱਜਦੇ ਹਨ ਅਤੇ ਫਿਰ ਨਾਚ ਘਰਾਂ/ਰੈਸਟੋਰੈਂਟਾਂ ਜਾਂ ਸ਼ਰਾਬਖਾਨਿਆਂ ਵੱਲ ਭੱਜਦੇ ਹਨ। ਗੋਰਿਆਂ ਦੇ ਜ਼ਿੰਦਗੀ ਜਿਉਣ ਦੇ ਅਜਿਹੇ ਢੰਗ ਅਤੇ ਬੇਪ੍ਰਵਾਹੀ ਨਾਲ ਖਰਚ ਕਰਨ ਦਾ ਵਿਸ਼ੇਸ਼ ਕਰਕੇ ਟੈਕਸੀ ਡਰਾਈਵਰਾਂ ਨੂੰ ਬਹੁਤ ਲਾਭ ਹੁੰਦਾ ਹੈ। ਕਿਉਂਕਿ ਪਾਰਟੀਆਂ ਖਤਮ ਹੋਣ ਤੱਕ ਗੋਰੇ ਪੂਰੀ ਤਰ੍ਹਾਂ ਸ਼ਰਾਬੀ ਹੋ ਚੁੱਕੇ ਹੁੰਦੇ ਹਨ ਅਤੇ ਉਹ ਆਪਣੇ ਟਿਕਾਣਿਆਂ ਉੱਤੇ ਪਹੁੰਚਣ ਲਈ ਟੈਕਸੀਆਂ ਦੀ ਹੀ ਵਰਤੋਂ ਕਰਦੇ ਹਨ। ਪੱਛਮੀ ਦੇਸ਼ਾਂ ਦੀ ਜ਼ਿੰਦਗੀ ਦੇ ਇਸ ਪੱਖ ਨੂੰ ਹਰਭਜਨ ਪਵਾਰ ਆਪਣੀ ਕਹਾਣੀ 'ਜਨ ਬਚੀ ਤਾਂ ਲਾਖੋਂ ਪਾਏ' ਵਿੱਚ ਬੜੀ ਖੂਬਸੂਰਤੀ ਨਾਲ ਬਿਆਨ ਕਰਦਾ ਹੈ:ਸ਼ੁੱਕਰਵਾਰ ਤੇ ਸ਼ਨਿਚਰਵਾਰ ਹਫਤੇ ਵਿਚ ਦੋ ਦਿਨ ਅਜਿਹੇ ਹੁੰਦੇ ਹਨ ਜਦੋਂ ਟੈਕਸੀ ਵਾਲਿਆਂ ਦੀ ਚਾਂਦੀ ਹੁੰਦੀ ਹੈ। ਸ਼ੁੱਕਰਵਾਰ ਨੂੰ ਗੋਰਿਆਂ ਦਾ ਪੇ-ਡੇ ਹੁੰਦਾ ਹੈ। ਫੈਕਟਰੀਆਂ ਵਿੱਚ ਕੰਮ ਕਰਨ ਵਾਲੇ ਗੋਰੇ ਸ਼ੁੱਕਰਵਾਰ ਦੀ ਬੜੀ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਨ ਤੇ ਚੈੱਕ ਦੇ ਮਿਲਦਿਆਂ ਹੀ ਬੈਂਕਾਂ ਵੱਲ ਭੱਜਦੇ ਹਨ। ਕਈ ਆਪਣੇ ਪੇ-ਚੈੱਕ ਕੈਸ਼ ਕਰਵਾ ਕੇ ਉਥੋਂ ਸਿਧੇ ਨਾਈਟ ਕਲੱਬਾਂ ਜਾਂ ਫਿਰ ਡਿਸਕੋ ਟੈਕ ਵੱਲ ਭੱਜਦੇ ਹਨ ਤੇ ਕਈ ਗੋਰੇ ਬਲਿਊ ਮੂਵੀਜ਼ ਜਾਂ ਸਟਰਿਪਟੀਜ਼ ਦੇਖਣ ਲਈ ਚਲੇ ਜਾਂਦੇ ਹਨ। ਉਹ ਪੱਬਾਂ ਤੋਂ ਫਾਰਗ ਹੋ ਕੇ ਲੇਟ ਘਰ ਆਉਂਦੇ ਹਨ ਅਤੇ ਸਾਰੀ ਸਾਰੀ ਰਾਤ ਮੈਰੋਵਾਨਾ ਤੇ ਹਸ਼ੀਸ਼ ਦਾ ਸੇਵਨ ਕਰਦੇ ਹਨ ਤੇ ਆਪਣੀਆਂ ਪੁਰਾਣੀਆਂ ਤੇ ਨਵੀਆਂ ਸਾਥਣਾਂ ਨਾਲ ਜ਼ਿੰਦਗੀ ਦਾ ਆਨੰਦ ਮਾਣਦੇ ਹਨ। ਡਾਂਸ ਕਰਦੇ ਕਰਦੇ ਜਦੋਂ ਥੱਕ ਜਾਂਦੇ ਹਨ ਤੇ ਸ਼ਰਾਬ ਪੀ ਪੀ ਕੇ ਜਦੋਂ ਡਰੰਕ ਹੋ ਜਾਂਦੇ ਹਨ ਤਾਂ ਉਹਨਾਂ ਨੂੰ ਕੁਝ ਵੀ ਸੁਰਤ ਨਹੀਂ ਰਹਿੰਦੀ। ਜਦ ਉਹਨਾਂ ਵਿਚ ਘਰ ਖੁਦ ਪਹੁੰਚਣ ਦੀ ਹਿੰਮਤ ਨਹੀਂ ਰਹਿੰਦੀ ਤਾਂ ਉਹ ਟੈਕਸੀਆਂ ਨੂੰ ਕਾਲ ਕਰਦੇ ਹਨ। ਫਿਰ ਟੈਕਸੀਆਂ ਵਾਲੇ ਇਹਨਾਂ ਸ਼ਰਾਬੀ ਹੋਏ ਨਸ਼ੇ ਵਿੱਚ ਧੁੱਤ ਗੋਰਿਆਂ ਨੂੰ ਸਹਾਰਾ ਦੇ ਕੇ ਆਪਣੀਆਂ ਟੈਕਸੀਆਂ ਵਿੱਚ ਬਿਠਾਂਦੇ ਹਨ ਤੇ ਉਹਨਾਂ ਦੇ ਦੱਸੇ ਹੋਏ ਠਿਕਾਣਿਆਂ ਤੇ ਪਹੁੰਚਾਂਦੇ ਹਨ। ਕਈ ਸ਼ਰਾਬੀ ਤਾਂ ਕਾਫੀ ਟਿਪ ਵੀ ਦੇ ਜਾਂਦੇ ਹਨ, ਖਾਸ ਕਰਕੇ ਕ੍ਰਿਸਮਸ ਤੇ ਨਵੇਂ ਸਾਲ ਵਾਲੇ ਦਿਨਾਂ ਵਿੱਚ ਤਾਂ ਸਵਾਰੀਆਂ ਟੈਕਸੀ-ਡਰਾਈਵਰਾਂ ਨੂੰ ਦੱਸ ਦੱਸ ਡਾਲਰ ਐਵੇਂ ਹੀ ਟਿੱਪ ਦੇ ਜਾਂਦੀਆਂ ਹਨ। ਕ੍ਰਿਸਮਸ ਦੇ ਨਵੇਂ ਸਾਲ ਦੇ ਦਿਨਾਂ ਵਿਚ ਹੀ ਟੈਕਸੀ ਵਾਲਿਆਂ ਦੀ ਚੰਗੀ ਕਮਾਈ ਹੁੰਦੀ ਹੈ। ਸ਼ਾਇਦ ਇਸੇ ਲਈ ਅੱਜ ਕੱਲ ਇੰਡੀਅਨ ਕਮਿਊਨਿਟੀ ਦੇ ਪੜ੍ਹੇ ਲਿਖੇ ਲੋਕ ਟੈਕਸੀਆਂ ਚਲਾ ਰਹੇ ਹਨ।
ਪਰ ਗੋਰਿਆਂ ਦੇ ਮੁਕਾਬਲੇ ਵਿੱਚ ਅਨੇਕਾਂ ਪ੍ਰਵਾਸੀ ਪੰਜਾਬੀ ਰੈਸਟੋਰੈਂਟਾਂ/ਸ਼ਰਾਬਖਾਨਿਆਂ ਵਿੱਚ ਜਾ ਕੇ ਜ਼ਿੰਦਗੀ ਦਾ ਆਨੰਦ ਲੈਣ ਦੀ ਥਾਂ ਸ਼ਰਾਬ ਦੇ ਨਸ਼ੇ ਵਿੱਚ ਧੁੱਤ ਹੋ ਜਾਣ ਤੋਂ ਬਾਹਦ ਦੰਗੇ-ਫਸਾਦ ਕਰਨ ਵਿੱਚ ਵੀ ਯਕੀਨ ਰੱਖਦੇ ਹਨ। ਪ੍ਰਵਾਸੀ ਪੰਜਾਬੀਆਂ ਦੀ ਜ਼ਿੰਦਗੀ ਦੇ ਇਸ ਪੱਖ ਨੂੰ ਵੀ ਹਰਭਜਨ ਪਵਾਰ ਕਹਾਣੀ 'ਜਾਨ ਬਚੀ ਤਾਂ ਲਾਖੋਂ ਪਾਏ' ਵਿੱਚ ਬੜੀ ਹੀ ਖੂਬਸੂਰਤੀ ਨਾਲ ਪੇਸ਼ ਕਰਦਾ ਹੈ:
"ਪਰ ਮੈਂ ਤਾਂ ਹੁਣ ਘਰ ਜਾ ਰਿਹਾ ਹਾਂ। ਹੁਣ ਮੇਰੇ ਕੋਲ ਹੋਰ ਟਾਈਮ ਨਹੀਂ ਹੈ। ਮੈਨੂੰ ਹੁਣ ਜਾਣ ਤੋਂ ਨ ਰੋਕੀਂ ਵਰਨਾ ਤੇਰੇ ਲਈ ਚੰਗਾ ਨਹੀਂ ਹੋਵੇਗਾ।" ਮੈਂ ਥੋੜਾ ਜਿਹਾ ਖਰਵਾ ਹੋ ਕੇ ਕਿਹਾ।
"ਤੈਂ ਧਮਕੀ ਦਿੱਤੀ ਹੈ? - ਹੁਣ ਤਾਂ ਤੈਨੂੰ ਮੇਰੇ ਨਾਲ ਚਲਣਾ ਹੀ ਪਊ। ਤੂੰ ਜਾਣਦਾ ਨਹੀਂ ਅਸੀਂ ਜੱਦੀ ਬਦਮਾਸ਼ ਹੁੰਦੇ ਹਾਂ। ਸਾਡੇ ਕੋਲੋਂ ਸਾਰਾ ਸ਼ਹਿਰ ਡਰਦਾ ਏ, ਤੂੰ ਕਿਹੜੇ ਬਾਗ ਦੀ ਮੂਲੀ ਏਂ?"
ਮੇਰੇ ਵੇਖਦਿਆਂ ਉਸਨੇ ਆਪਣਾ ਕੋਟ ਲਾਹਕੇ ਵਗਾਹ ਮਾਰਿਆ ਤੇ ਗੁੱਸੇ ਨਾਲ ਉਸਦੀਆਂ ਅੱਖਾਂ ਲਾਲ ਹੋ ਗਈਆਂ।
ਮੈਂ ਸੋਚਿਆ ਬਦਮਾਸ਼ ਤੂੰ ਹੈ ਹੀ, ਪਰ ਸ਼ਰਾਬੀ ਵੀ ਘਟ ਨਹੀਂ, ਤੇਰੇ ਜਿਹੇ ਲੋਕਾਂ ਨੇ ਹੀ ਵਿਦੇਸ਼ਾਂ ਵਿੱਚ ਇੰਡੀਅਨ ਕਮਿਊਨਿਟੀ ਨੂੰ ਬਦਨਾਮ ਕੀਤਾ ਹੋਇਆ ਏ, ਉਹ ਸੋਚਦੇ ਹਨ ਇਹ ਕਿਹੋ ਜਿਹੇ ਜੰਗਲੀ ਲੋਕ ਸਾਡੇ ਦੇਸ਼ ਵਿੱਚ ਆ ਗਏ ਹਨ। ਉਸ ਤੋਂ ਛੁਟਕਾਰਾ ਪਾਉਣ ਲਈ ਮੈਨੂੰ ਇਕ ਸਕੀਮ ਸੁੱਝੀ। ਮੈਂ ਉਸਦੇ ਨਾਲ ਦੂਸਰੇ ਰੈਸਟੋਰੈਂਟ ਜਾਣ ਲਈ ਹਾਂ ਕਰ ਦਿੱਤੀ।
"ਅੱਛਾ ਬਾਈ, ਮੈਂ ਟੈਕਸੀ ਰੋਕਦਾ ਹਾਂ ਤੇ ਫਿਰ ਆਪਾਂ ਯੰਗ ਐਂਡ ਬਲੂਰ ਤੇ ਚਲਦੇ ਹਾਂ। ਓਥੇ ਕਾਫੀ ਰੈਸਟੋਰੈਂਟ ਹਨ। ਮੇਰੇ ਹਾਂ ਕਰਨ ਨਾਲ ਉਹ ਵੀ ਕੁਝ ਸ਼ਾਂਤ ਹੋ ਗਿਆ ਸੀ।
"ਭਲਾ ਟੈਕਸੀ ਦੀ ਕੀ ਜ਼ਰੂਰਤ ਏ? ਮੇਰੇ ਕੋਲ ਮੇਰੀ ਆਪਣੀ ਟੈਕਸੀ ਜੋ ਹੈ।"
"ਫਿਰ ਤਾਂ ਆਪਣੇ ਛੇ ਡਾਲਰ ਬਚ ਗਏ। ਪਵਾਰ ਤੂੰ ਜਾ ਕੇ ਆਪਣੀ ਟੈਕਸੀ ਲੈ ਆ ਤੇ ਮੈਂ ਇਥੇ ਤੇਰੀ ਵੇਟ ਕਰਦਾ ਹਾਂ।"
ਫਿਰ ਕੀ ਸੀ?- ਜਾਨ ਬਚੀ ਤਾਂ ਲਾਖੋਂ ਪਾਏ। ਮੈਂ ਦੌੜਾ ਦੌੜਾ ਆਪਣੀ ਕਾਰ ਵੱਲ ਜਾ ਰਿਹਾ ਸਾਂ ਤੇ ਕਦੇ ਕਦੇ ਪਿਛੇ ਵੀ ਮੁੜਕੇ ਦੇਖ ਲੈਂਦਾ ਸਾਂ ਕਿ ਕਿਧਰੇ ਉਹ ਜਮਦੂਤ ਮੇਰੇ ਪਿਛੇ ਤਾਂ ਨਹੀਂ ਆ ਰਿਹਾ।
ਮਨੁੱਖੀ ਰਿਸ਼ਤੇ ਆਪਸੀ ਵਿਸ਼ਵਾਸ਼ ਦੀਆਂ ਨੀਂਹਾਂ ਉੱਤੇ ਉਸਰੇ ਹੁੰਦੇ ਹਨ। ਇੱਕ ਵਾਰੀ ਕਿਸੀ ਗੱਲ ਬਾਰੇ ਸ਼ੱਕ ਪੈਦਾ ਹੋ ਜਾਵੇ, ਮੁੜਕੇ ਉਹ ਰਿਸ਼ਤੇ ਕਦੀ ਵੀ ਸਿਹਤਮੰਦ ਨਹੀਂ ਹੋ ਸਕਦੇ। ਕੁਝ ਅਜਿਹਾ ਹੀ ਕਹਾਣੀ 'ਇਕ ਸੁਫ਼ਨੇ ਦਾ ਕਤਲ' ਦੀ ਪਾਤਰ ਸਾਰਿਕਾ ਅਤੇ ਉਸਦੇ ਪਤੀ ਦਰਮਿਆਨ ਵਾਪਰਦਾ ਹੈ। ਇਸ ਗੱਲ ਦਾ ਇਜ਼ਹਾਰ ਅਸਿੱਧੇ ਢੰਗ ਨਾਲ ਸਾਰਿਕਾ ਦਾ ਪਤੀ ਆਪਣੀ ਪਤਨੀ ਦੇ ਧਰਮ ਭਰਾ ਬਣੇ ਵਿਅਕਤੀ 'ਕੰਵਲ' ਵੱਲ ਲਿਖੇ ਇੱਕ ਖ਼ਤ ਰਾਹੀਂ ਕਰਦਾ ਹੈ:
ਕੰਵਲ ਸਾਹਿਬ,
ਮੈਂ ਤੁਹਾਨੂੰ ਬਹੁਤ ਦੇਰ ਪਹਿਲਾਂ ਲਿਖਣਾ ਚਾਹੁੰਦਾ ਸੀ ਕਿ ਸਾਰਿਕਾ ਜੀ ਨੂੰ ਚਿੱਠੀ ਲਿਖਣੀ ਬੰਦ ਕਰ ਦਿਓ ਜੀ। ਪਰ ਮੈਂ ਮਜਬੂਰੀ ਕਰਕੇ ਲਿਖ ਨਹੀਂ ਸਕਿਆ ਸੀ ਪਰ ਜਦੋਂ ਵੀ ਤੁਹਾਡਾ ਪੱਤਰ ਆਉਂਦਾ ਹੈ ਅਸੀਂ ਦੋਨੋਂ ਪੜ੍ਹਦੇ ਹਾਂ ਜੀ। ਬਾਕੀ ਸਾਰਿਕਾ ਦੇ ਕਹਿਣ ਤੇ ਅਤੇ ਤੁਹਾਡੀਆਂ ਚਿੱਠੀਆਂ ਪੜ੍ਹਕੇ ਜ਼ਾਹਰ ਹੁੰਦਾ ਹੈ ਕਿ ਤੁਸੀਂ ਸਾਰਿਕਾ ਜੀ ਦੇ ਧਰਮ-ਭਰਾ ਹੋ। ਪਰ ਮੈਂ ਇਸ ਰਿਸ਼ਤੇ ਨੂੰ ਮੰਨਣ ਤੋਂ ਮਜਬੂਰ ਹਾਂ ਕਿਉਂਕਿ ਸਾਰਿਕਾ ਜੀ ਦੇ ਆਪਣੇ ਸੱਕੇ ਚਾਰ ਭਰਾ ਹਨ। ਸਾਨੂੰ ਕਿਸੇ ਮੂੰਹ-ਬੋਲੇ ਭਰਾ ਦੀ ਲੋੜ ਨਹੀਂ ਹੈ ਜੀ। ਸੋਚੋ ਅਗਰ ਤੁਸੀਂ ਮੇਰੇ ਜਗ੍ਹਾ ਹੁੰਦੇ ਤਾਂ ਤੁਸੀਂ ਵੀ ਇਹੀ ਸੋਚਦੇ। ਪਰ ਅਸਲੀਅਤ ਹੋਰ ਹੈ। ਕਾਲਜ ਵਿੱਚ ਜ਼ਰੂਰ ਤੁਹਾਡਾ ਦੋਹਾਂ ਦਾ ਪਿਆਰ ਹੋਵੇਗਾ ਜੀ, ਪਰ ਹੁਣ ਇਹਨਾਂ ਦੀ ਮੇਰੇ ਨਾਲ ਸ਼ਾਦੀ ਹੋ ਚੁੱਕੀ ਹੈ। ਰੱਬ ਦੇ ਵਾਸਤੇ ਹੁਣ ਇਹਨਾਂ ਦਾ ਪਿੱਛਾ ਤੁਸੀਂ ਛੱਡ ਦੇਵੋ ਜੀ।.....ਇੱਕ ਦੁਖੀ ਆਤਮਾ
'ਪਿਆਸਾ ਦਰਿਆ' ਕਹਾਣੀ ਸੰਗ੍ਰਹਿ ਬਾਰੇ ਆਪਣੀ ਗੱਲ ਖਤਮ ਕਰਨ ਤੋਂ ਪਹਿਲਾਂ ਮੈਂ 'ਪਿਆਸਾ ਦਰਿਆ' ਨਾਮ ਦੀ ਕਹਾਣੀ ਬਾਰੇ ਵੀ ਕੁਝ ਕਹਿਣਾ ਜ਼ਰੂਰੀ ਸਮਝਦਾ ਹਾਂ। ਇਸ ਕਹਾਣੀ ਦੇ ਅੰਤਲੇ ਹਿੱਸੇ ਵਿੱਚ ਇੱਕ ਅਜਿਹੀ ਸਮੱਸਿਆ ਦਾ ਜ਼ਿਕਰ ਕੀਤਾ ਗਿਆ ਜਿਸਦਾ ਸਾਹਮਣਾ ਪੰਜਾਬੀ ਔਰਤਾਂ ਨ ਸਿਰਫ ਇੰਡੀਆ/ਪਾਕਿਸਤਾਨ ਵਿੱਚ ਹੀ ਕਰ ਰਹੀਆਂ ਹਨ - ਬਲਕਿ ਕੈਨੇਡਾ, ਅਮਰੀਕਾ, ਇੰਗਲੈਂਡ ਵਰਗੇ ਪੱਛਮੀ ਦੇਸ਼ਾਂ ਵਿੱਚ ਵੀ ਇਹ ਸਮੱਸਿਆ ਉਨ੍ਹਾਂ ਦਾ ਪਿੱਛਾ ਨਹੀਂ ਛੱਡ ਰਹੀ। ਇਹ ਸਮੱਸਿਆ ਹੈ: ਨੌਜੁਆਨ ਔਰਤਾਂ ਦੇ ਮਾਪਿਆਂ ਵੱਲੋਂ ਉਨ੍ਹਾਂ ਦੀ ਇੱਛਾ ਦੇ ਖਿਲਾਫ ਉਨ੍ਹਾਂ ਦੇ ਜ਼ਬਰਦਸਤੀ ਵਿਆਹ ਕਰਨੇ। ਕਈ ਔਰਤਾਂ ਤਾਂ ਡਰਦੀਆਂ ਮਾਰੀਆਂ ਵਿਆਹ ਕਰਨ ਲਈ ਰਾਜੀ ਹੋ ਜਾਂਦੀਆਂ ਹਨ - ਪਰ ਵਿਆਹ ਤੋਂ ਬਾਹਦ ਜਲਦੀ ਹੀ ਘਰੋਂ ਭੱਜ ਜਾਂਦੀਆਂ ਹਨ। ਪਰ ਅਨੇਕਾਂ ਔਰਤਾਂ ਅਜਿਹੀਆਂ ਵੀ ਹੁੰਦੀਆਂ ਹਨ ਜੋ ਆਪਣੇ ਮਾਪਿਆਂ ਵੱਲੋਂ ਦਿੱਤੇ ਜਾਂਦੇ ਡਰਾਵਿਆਂ ਦੀ ਪ੍ਰਵਾਹ ਨਹੀਂ ਕਰਦੀਆਂ। ਜਿਸ ਕਾਰਨ ਉਨ੍ਹਾਂ ਨੂੰ ਖਤਰਨਾਕ ਨਤੀਜੇ ਭੁਗਤਣੇ ਪੈਂਦੇ ਹਨ। ਪਿਛਲੇ ਕੁਝ ਸਾਲਾਂ ਵਿੱਚ ਅਜਿਹੀਆਂ ਖਬਰਾਂ ਇੰਗਲੈਂਡ, ਅਮਰੀਕਾ, ਕੈਨੇਡਾ ਦੇ ਮੀਡੀਏ ਵਿੱਚ ਚਰਚਾ ਦਾ ਵਿਸ਼ਾ ਬਣਦੀਆਂ ਰਹੀਆਂ ਹਨ - ਜਦੋਂ ਧੀਆਂ ਵੱਲੋਂ ਆਪਣੇ ਮਾਪਿਆਂ ਦੀ ਧੌਂਸ ਨ ਮੰਨਣ ਕਾਰਨ ਉਨ੍ਹਾਂ ਦੇ ਮਾਪਿਆਂ ਵੱਲੋਂ ਹੀ ਧੀਆਂ ਦੇ ਕਤਲ ਕਰ ਦਿੱਤੇ ਗਏ। ਇਸ ਸਮੱਸਿਆ ਨੂੰ 'ਪਿਆਸਾ ਦਰਿਆ' ਕਹਾਣੀ ਵਿੱਚ ਹਰਭਜਨ ਪਵਾਰ ਆਪਣੇ ਸ਼ਬਦਾਂ ਵਿੱਚ ਕੁਝ ਇਸ ਤਰ੍ਹਾਂ ਬਿਆਨ ਕਰਦਾ ਹੈ:
ਬਲਜਿੰਦਰ ਦੀ ਸ਼ਾਦੀ ਕਿਸੇ ਆਰਮੀ ਦੇ ਕੈਪਟਨ ਨਾਲ ਹੋਈ ਸੀ। ਬਲਜਿੰਦਰ ਇਸ ਸ਼ਾਦੀ ਲਈ ਬਿਲਕੁਲ ਰਜ਼ਾਮੰਦ ਨਹੀਂ ਸੀ ਪਰ ਉਸਦੀ ਆਪਣੇ ਡੈਡੀ ਅੱਗੇ ਜ਼ਿਦ ਨ ਚੱਲੀ। ਬਲਜਿੰਦਰ ਨੇ ਆਪਣੇ ਡੈਡੀ ਦੀ ਬੰਦੂਕ ਤੋਂ ਆਪਣਿਆਂ ਘਰਦਿਆਂ ਦੀ ਜਾਨ ਬਚਾਉਣ ਲਈ ਹਾਂ ਕਰ ਦਿੱਤੀ ਸੀ।
ਹਰਭਜਨ ਪਵਾਰ ਦੀਆਂ ਕਹਾਣੀਆਂ ਦਾ ਸੁਭਾਅ ਕਈ ਵਾਰੀ ਸਾਹਿਤਕ ਹੋਣ ਦੀ ਥਾਂ ਫਿਲਮੀ ਕਹਾਣੀਆਂ ਵਾਲਾ ਜ਼ਿਆਦਾ ਲੱਗਦਾ ਹੈ। ਉਸਦੀਆਂ ਕਹਾਣੀਆਂ ਦੀ ਸ਼ਬਦਾਵਲੀ ਅਤੇ ਵਾਰਤਾਲਾਪ ਵੀ ਕਈ ਵਾਰੀ ਫਿਲਮੀ ਕਿਸਮ ਦੇ ਜਾਪਦੇ ਹਨ। ਇਨ੍ਹਾਂ ਕਹਾਣੀਆਂ ਵਿੱਚ ਘਟਨਾਵਾਂ ਵੀ ਕਈ ਵੇਰੀ ਸਹਿਜ-ਸੁਭਾਅ ਵਾਪਰਨ ਦੀ ਥਾਂ ਫਿਲਮਾਂ ਵਾਂਗ ਅਚਾਨਕ ਵਾਪਰਦੀਆਂ ਹਨ।
ਹਰਭਜਨ ਪਵਾਰ ਦਾ ਕਹਾਣੀ ਸੰਗ੍ਰਹਿ 'ਪਿਆਸਾ ਦਰਿਆ' ਕੈਨੇਡੀਅਨ ਪੰਜਾਬੀ ਸਾਹਿਤ ਵਿੱਚ ਇੱਕ ਨਿਵੇਕਲੀ ਤਰ੍ਹਾਂ ਦਾ ਅਨੁਭਵ ਲੈ ਕੇ ਹਾਜ਼ਿਰ ਹੁੰਦਾ ਹੈ। ਉਸਦੀਆਂ ਕਹਾਣੀਆਂ ਅਨੇਕਾਂ ਅਜਿਹੇ ਵਿਸ਼ੇ ਛੋਂਹਦੀਆਂ ਹਨ ਜਿਹੜੇ ਕਿ ਕੈਨੇਡਾ ਦੇ ਹੋਰਨਾਂ ਕਹਾਣੀਕਾਰਾਂ ਵੱਲੋਂ ਨਹੀਂ ਛੋਹੇ ਗਏ।
ਉਸ ਦੀਆਂ ਕਹਾਣੀਆਂ ਦਾ ਨਿਵੇਕਲਾ ਸੁਭਾਅ ਹੋਣ ਕਾਰਨ, ਨਿਰਸੰਦੇਹ, ਹਰਭਜਨ ਪਵਾਰ ਦਾ ਨਾਮ ਕੈਨੇਡਾ ਦੇ ਮੋਢੀ ਪੰਜਾਬੀ ਕਹਾਣੀਕਾਰਾਂ ਵਿੱਚ ਸ਼ਾਮਿਲ ਕੀਤਾ ਜਾਂਦਾ ਰਹੇਗਾ।
...........................

Wednesday, November 25, 2009

ਬਾਤਾਂ ਪੰਜਾਬੀਆਂ ਦੀ ਬੇਪ੍ਰਵਾਹੀ ਦੀਆਂ ਤੇ ਧੰਨ ਜੇਰਾ ਗੋਰਿਆਂ ਦਾ -ਬੀ.ਐੱਸ. ਢਿੱਲੋਂ ਐਡਵੋਕੇਟ


   ਬਾਤਾਂ ਪੰਜਾਬੀਆਂ ਦੀ ਬੇਪ੍ਰਵਾਹੀ ਦੀਆਂ  ਤੇ ਧੰਨ ਜੇਰਾ ਗੋਰਿਆਂ ਦਾ   -ਬੀ.ਐੱਸ. ਢਿੱਲੋਂ ਐਡਵੋਕੇਟ

          ਪੰਜਾਬੀ ਦਾ ਮੁਹਾਵਰਾ ਧੰਨ ਜੇਰਾ ਨਾਈਆਂ ਦਾ ਜਿੰਨ੍ਹਾਂ ਨੈਣ ਜੱਟਾਂ ਨਾਲ ਤੋਰੀ, ਹੈ ਤਾਂ ਥੋੜ੍ਹਾ ਜਿਹਾ ਲੁੱਚਾ ਪਰ ਲੇਖ ਤੇ ਢੁੱਕਦਾ ਹੋਣ ਕਾਰਣ ਲਿਖ ਦਿੰਦੇ ਹਾਂ। ਭਾਰਤ ਪਾਕਿਸਤਾਂਨ ਦੀ ਦੋਸਤੀ ਪ੍ਰਕਿਰਿਆ ਸ਼ੁਰੂ ਹੋਣ ਨਾਲ ਦੋਵਾਂ ਦੇਸ਼ਾਂ ਦੇ ਲੋਕਾਂ ਦਾ ਆਉਣ ਜਾਣ ਵੀ ਵਧ ਗਿਆ ਸੀ। ਮੋਹਾਲੀ 'ਚ ਭਾਰਤ ਪਾਕਿਸਤਾਨ ਦਾ ਕ੍ਰਿਕਟ ਮੈਚ ਸੀ। ਇਸ ਮੈਚ ਵੇਖਣ ਲਈ ਸੈਂਕੜੇ ਪਾਕਿਸਤਾਂਨੀ ਵੀਜਾ ਲੈ ਕੇ ਆਏ। ਤਿੰਨ ਦਿਨ ਪੱਛਮੀਂ ਪੰਜਾਬ ਤੋਂ ਆਏ ਲੋਕ ਚੰਡੀਗੜ੍ਹ 'ਚ ਮੇਲੇ ਵਾਂਗ ਘੁੰਮਕੇ ਖੁਸ਼ ਹੁੰਦੇ ਰਹੇ। ਪਾਕਿਸਤਾਂਨ ਵਿੱਚ ਸ਼ਰਾਬ ਤੇ ਪਾਬੰਦੀ ਲੱਗੀ ਹੋਣ ਕਰਕੇ ਪਾਕਿਸਤਾਂਨੀਆਂ ਨੇ ਦਾਰੂ ਪੀਣ ਦੀ ਧੁੱਕੀ ਕੱਢ ਦਿੱਤੀ । ਉਹ  ਸਲਵਾਰਾਂ ਦੇ ਡੱਬਾਂ ਵਿੱਚ ਬੋਤਲਾਂ ਟੰਗੀ ਚੰਡੀਗੜ੍ਹ ਨੂੰ ਲਹੌਰ ਦਾ ਅਨਾਰਕਲੀ ਬਜਾਰ ਬਣਾਈ ਫਿਰਦੇ ਸਨ। ਇੱਕ ਸ਼ਾਂਮ ਨੂੰ ਮੁੱਖ ਮੰਤਰੀ ਵੱਲੋਂ ਪਾਕਿਸਤਾਂਨੋਂ ਆਏ ਮਹਿਮਾਨਾਂ ਲਈ ਚੰਡੀਗੜ੍ਹ ਕਲੱਬ 'ਚ ਸਮਾਗਮ ਰੱਖਿਆ ਗਿਆ। ਹੰਸ ਰਾਜ ਹੰਸ ਗਾਣਾ ਗਾਅ ਰਿਹਾ ਸੀ , "ਇਸ ਕੰਡਿਆਲੀ ਤਾਰ ਨੇ ਇੱਕ ਦਿਨ ਫੁੱਲ ਬਨਣਾ…"। ਗਾਣੇ ਉਪਰੰਤ ਮੁੱਖ ਮੰਤਰੀ ਅਮਰਿੰਦਰ ਸਿੰਘ ਭਾਸ਼ਣ ਦੇਣ ਲੱਗੇ। ਘੁੱਟ ਘੁੱਟ ਲੱਗੀ ਹੋਣ ਕਾਰਣ ਮਹਿਮਾਣ ਬਣਕੇ ਆਏ ਵਾਅਗੇ ਪਾਰ ਦੇ ਪੰਜਾਬੀ ਜੋਰ ਸ਼ੋਰ ਨਾਲ "ਮੁੱਖ ਮੰਤਰੀ ਜਿੰਦਾਬਾਦ" ਦੇ ਨਾਹਰੇ ਲਾਉਣ ਲੱਗ ਪਏ। ਅਮਰਿੰਦਰ ਸਿੰਘ ਕਹਿ ਰਹੇ ਸਨ,"ਭਰਾਵੋ ਮੈਨੂੰ ਅੱਗੇ ਵੀ ਬੋਲਣ  ਦਿਉ। ਜਿੰਨਾਂ ਪਿਆਰ ਤੁਸੀਂ ਅੱਜ ਦਿਖਾ ਰਹੇ ਹੋ, ਮੈਨੂੰ ਲੱਗਦਾ ਮੈਨੂੰ ਅਗਲੀ ਇਲੈਕਸ਼ਨ ਲਹੌਰ ਤੋਂ ਲੜਣੀ  ਪਏਗੇ।" ਮੈਂ ਆਪਣੇ ਕੋਲ ਕੁਰਸੀਆਂ ਤੇ ਬੈਠੇ ਦੋ ਤਿੰਨਾਂ ਨਾਲ ਗੱਲਾਂ ਕਰਨ ਲੱਗ ਪਿਆ। ਉਹ ਬਹੁਤ  ਖੁਸ਼ ਸਨ । ਉਹ ਹੰਸ ਰਾਜ ਹੰਸ ਦੇ ਗਾਣੇ ਤੋਂ ਇੰਨੇ  ਜੋਸ਼ ਵਿੱਚ ਆ ਗਏ ਸਨ ਕਿ ਜੇ ਉਸ ਦਿਨ ਕੋਈ ਹੱਲਾਸ਼ੇਰੀ ਦੇ  ਕੇ  ਉਨ੍ਹਾਂ ਨੂੰ ਵਾਅਗੇ ਬਾਰਡਰ ਤੇ ਛੱਡ ਦਿੰਦਾ ਤਾਂ ਉਹ ਬਰਲਨ ਦਿਵਾਰ ਦੀ ਤਰਾਂ ਰਾਤੋ ਰਾਤ ਸਰਹੱਦ ਢਾਹੁਣ ਲਈ ਤਿਆਰ ਸਨ। ਜੋਸ਼ ਵਿੱਚ ਆਏ ਮੈਨੂੰ ਕਹਿਣ ਲੱਗੇ ਕਿ "ਭਾਅ ਜੀ ਜੇ ਧਾਡੀਆਂ ਤੇ ਸਾਡੀਆਂ ਫੌਜਾਂ ਰਲ ਜਾਣ ਤਾਂ ਆਪਾਂ ਸਾਰੀ ਦੁਨੀਆਂ ਕੁੱਟ ਸੁੱਟੀਏ"। ਮੈਂ ਉਨ੍ਹਾਂ ਨੂੰ ਕਿਹਾ "ਪਤੰਦਰੋ ਹੌਲੀ ਬੋਲੋ। ਜੇ ਆਪਣੇ ਇਸ 'ਗੁਪਤ ਏਜੰਡੇ' ਦਾ ਅੰਗਰੇਜਾਂ ਨੂੰ ਪਤਾ ਚੱਲ ਗਿਆ ਉਹ ਫਿਰ  ਲੜਾ ਦੇਣਗੇ। ਨਾਂਲੇ ਮਿੱਤਰੋ ਇਹ ਤੁਸੀਂ ਨਹੀਂ ਬੋਲਦੇ ਤੁਹਾਡੇ ਵਿੱਚ ਸ਼ਕੰਦਰ ਤੇ ਚੰਗੇਜ ਖਾਂਣ ਹੋਰੀਂ ਬੋਲ ਰਹੇ ਨੇ। ਇਹ ਸਾਡਾ ਇਤਿਹਾਸਕ ਦੁਖਾਂਤ ਹੈ।" ਉਹ ਉਸੇ ਵੇਲੇ ਕਹਿਣ ਲੱਗੇ, " ਭਾਅ ਜੀ ਅਸੀਂ ਧਾਡੇ ਵਾਂਗ ਬਹੁਤਾ ਪੜ੍ਹੇ ਤਾਂ ਨਹੀਂ ਹਾਂ । ਪਰ ਤੁਸੀਂ ਮੰਨੋਂ ਨਾ ਮੰਨੋਂ  ਹੈ ਇਹ  ਗੱਲ ਸੱਚ ।" ਸਾਡੇ  ਪੜਦਾਦੇ ,ਲੱਕੜ ਦਾਦੇ ਵੀ ਗੋਰੀਆਂ ਚੁੱਕਣ ਬਾਰੇ ਆਪਣਾ 'ਗੁਪਤ ਏਜੰਡਾ' ਰੱਖਦੇ ਸਨ।। ਸਭਰਾਵਾਂ ਦੀ ਲੜਾਈ ਵੇਲੇ ਸਿੱਖ ਫੌਜਾਂ ਵੱਲੋਂ ਜਾਂਨ ਹੂਲਵੀਂ ਲੜੀ ਗਈ ਲੜਾਈ ਤੇ ਅੱਸ਼ ਅੱਸ਼ ਕਰਦਾ ਸ਼ਾਹ ਮੁਹੰਮਦ ਲਿਖਦਾ ਹੈ, " ਸ਼ਾਹ ਮੁਹੰਮਦਾ ਸਿੰਘਾਂ ਨੇ ਗੋਰਿਆਂ ਦੇ,ਵਾਂਙ ਨਿੰਬੂਆਂ ਲਹੂ ਨਚੋੜ ਸੁੱਟੇ।" ਪਰ ਨਾਲ ਹੀ ਸਿੱਖ ਫੌਜਾਂ ਦੇ ਮੇਮਾਂ ਬਾਰੇ 'ਗੁਪਤ ਏਜੰਡੇ' ਦਾ ਜਿਕਰ ਕਰਦਾ ਲਿਖਦਾ ਹੈ ਕਿ ਲੜਾਈ ਲਈ ਤੁਰਨ ਤੋਂ ਪਹਿਲਾਂ ਸਿੰਘ ਕਹਿੰਦੇ ਸਨ,"..ਫੇਰ ਵੜਾਂਗੇ ਉਨ੍ਹਾਂ ਦੇ ਸਤਰ-ਖਾਂਨੇ,ਬੰਨ੍ਹ ਲਿਆਵਾਂਗੇ ਸਾਰੀਆਂ ਗੋਰੀਆਂ ਨੀ।" ਇਹ ਤਾਂ ਕਦੁਰਤੀ ਪਾਸਾ ਪੁੱਠਾ ਪੈ ਗਿਆ।ਜਿਵੇਂ ਨਿਪੋਲੀਅਨ ਦਾ ਵਾਟਰਲੂ ਅਤੇ ਹਿਟਲਰ ਦਾ ਨੌਰਮੰਡੀ ਵਿੱਚ ਪਿਆ ਸੀ । ਵਰਨਾਂ ਪੰਜਾਬ ਦੇ ਹਰ ਪਿੰਡ ਵਿੱਚ ਗੁੱਤ ਵਾਲੀਆਂ ਜੈਨੀਫਰ ਕੌਰਾਂ ਜਾਗੋ ਕੱਢਦੀਆਂ ਨਜਰੀਂ ਪੈਣੀਆਂ ਸਨ। ਇੰਗਲੈਂਡ ਵਿੱਚ ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਨ ਮਨਾਇਆ ਜਾ ਰਿਹਾ ਸੀ। ਪੰਜਾਬ ਤੋਂ ਗਿਆ ਇੱਕ ਕਵਿਸ਼ਰੀ ਜਥਾ ਸ਼ਹੀਦ ਦੀ ਵਾਰ ਗਾ ਰਿਹਾ ਸੀ ਕਿ "ਊਧਮ ਸਿੰਘ ਗੋਰੇ ਹਾਕਮ ਨੂੰ ਮਾਰਕੇ ਗਰਜਿਆ, ਮੈਂ ਕਰਾਂਗਾ ਮੇਮਾਂ ਰੰਡੀਆਂ ਤੇ ਫੂਕ ਸੁੱਟਾਂਗਾ ਲੰਦਨ ਨੂੰ…।" ਜਲੰਧਰ ਤੋਂ ਉਸ ਸਮਾਗਮ ਤੇ ਵਿਸ਼ੇਸ਼ ਮਹਿਮਾਂਨ ਬਣਕੇ ਗਏ ਮੇਰੇ ਮਿੱਤਰ ਕੌਮਾਂਤਰੀ ਪੱਧਰ ਦੇ ਨਾਂਮੀਂ ਪੱਤਰਕਾਰ ਨੇ ਪ੍ਰਬੰਧਕਾਂ ਨੂੰ ਸਮਝਾਇਆ, " ਜੇ ਗੋਰਿਆਂ ਨੂੰ ਇਸ ਕਵਿਸ਼ਰੀ ਦਾ ਤਰਜਮਾਂ ਕਰਕੇ ਸੁਣਾਇਆ ਜਾਵੇ ਤਾਂ ਉਹ ਇਸ  ਤੇ ਪਾਬੰਦੀ ਤਾਂ ਲਾਉਣਗੇ ਹੀ, ਨਾਲ ਹੀ ਇਸ ਸੰਘ ਪਾੜ ਪਾੜ ਕੇ ਗਾਉਣ ਵਾਲੇ ਝੁੱਡੂ ਨਾਥ ਨੂੰ ਵੀ ਜਹਾਜ ਚੜ੍ਹਾ ਦੇਣਗੇ। ਇਹ ਜਾਂਦਾ ਜਾਂਦਾ ਇੱਕ ਦੋ ਪ੍ਰਬੰਧਕਾਂ ਨੂੰ ਵੀ ਨਾਲ ਲੈ ਡੁੱਬੇਗਾ।" ਇਹੋ ਜਿਹੇ ਲੋਕਾਂ ਨੂੰ ਪਤਾ ਹੀ ਨਹੀਂ ਕਿ ਸ਼ਹੀਦ ਊਧਮ ਸਿੰਘ ਅੰਗਰੇਜਾਂ ਦਾ ਕੀ ਲੱਗਦਾ ਸੀ? ਊਧਮ ਸਿੰਘ ਸਾਡਾ ਕੌਮੀਂ ਸ਼ਹੀਦ ਹੈ ਗੋਰਿਆਂ ਦਾ ਨਹੀਂ। ਗੋਰਿਆਂ ਦਾ ਸ਼ਹੀਦ ਸਰ ਮਾਇਕਲ ਓਡਵਾਇਰ ਹੈ ਜਿਸ ਨੂੰ ਊਧਮ ਸਿੰਘ ਨੇ ਮਾਰਿਆ ਸੀ। ਕਦੇ  ਅੰਗਰੇਜਾਂ ਨੇ  ਇਕੱਠੇ ਹੋ ਕੇ ਪੰਜਾਬ ਵਿੱਚ ਜਰਨਲ ਡਾਇਰ ਦਾ ਜਨਮ ਦਿਨ ਨਹੀਂ ਮਨਾਇਆ। ਅਸੀਂ ਕਦੀ ਅਫਗਾਂਨਿਸਤਾਂਨ ਵਿੱਚ ਜਾ ਕੇ ਹਰੀ ਸਿੰਘ ਨਲੂਏ ਦੀ ਬਰਸੀ ਨਹੀਂ ਮਨਾਈ। ਕਿਉਂਕੇ ਉਹ ਗੋਰੇ ਨਹੀਂ ਹਨ। ਪਰ ਧੰਨ ਜੇਰਾ ਗੋਰਿਆਂ ਦਾ…। ਮੈਂ ਨਿਊਯਾਰਕ ਵਿੱਚ ਆਪਣੇ ਦੋਸਤਾਂ ਕੋਲ ਠਹਿਰਿਆ ਹੋਇਆ ਸੀ। ਸ਼ਾਂਮ ਨੂੰ ਉਨ੍ਹਾਂ ਦੇ ਘਰ ਕਿੱਟੀ ਪਾਰਟੀ ਸੀ। ਛੋਟੀ ਜਿਹੀ ਇਸ ਪਾਰਟੀ ਵਿੱਚ ਇਕੱਲਾ ਮੈਂ ਹੀ ਪੱਗ ਵਾਲਾ ਸੀ ਬਾਕੀ ਸਾਰੇ 'ਅਮਰੀਕਣ' ਬਣ ਚੁੱਕੇ ਸਨ। ਕਈ ਪੰਜਾਬ ਆ ਕੇ ਪੱਗਾਂ ਬੰਨ੍ਹ ਲੈਂਦੇ ਹਨ। ਮੈਂ ਉਸ ਮਹਿਫਿਲ ਵਿੱਚ ਆਪਣੇ ਨਾਲ ਮੇਰੀ ਪਿਛਲੀ ਅਮਰੀਕਾ ਫੇਰੀ ਵੇਲੇ ਲਾਸ ਏਂਜਲਸ  ਦੇ ਏਅਰਪੋਰਟ ਤੇ ਘਟੀ ਘਟਣਾ ਦਾ ਜਿਕਰ ਕੀਤਾ ਕਿ ਕਿਵੇਂ ਮੈਨੂੰ ਬਾਕੀ ਸਵਾਰੀਆਂ ਨਾਲੋਂ ਨਿਖੇੜ ਕੇ ਉਨ੍ਹਾਂ ਵਿਸ਼ੇਸ਼ ਕੈਮਰੇ ਰਾਹੀਂ ਮੇਰੀ ਪੱਗ ਦੀ ਜਾਂਚ ਕੀਤੀ ਸੀ। ਬੂਟ,ਬੈਲਟ,ਬਟੂਆ,ਕੋਟ,ਪੈੱਨ,ਸਿੱਕੇ,ਬੈਗ ਸਮੇਤ  ਸਾਰਾ ਸਮਾਂਨ ਐਕਸਰੇ ਮਸ਼ੀਨ ਵਿੱਚੋਂ ਲੰਘ ਗਿਆ। ਮੈਂ ਵੀ ਦੂਜੇ ਪਾਸੇ ਲੱਗੇ ਮੈਟਲ ਡਿਟੇਕਟਰ ਵਿੱਚੋਂ ਲੰਘ ਕੇ ਬਾਕੀ ਮੁਸਾਫਰਾਂ ਨਾਲ ਅਗਾਂਹ ਜਾਣ ਲੱਗਾ ਤਾਂ ਸਕਿਉਰਟੀ ਵਾਲੇ ਨੇ ਮੈਨੂੰ ਅੱਗੇ ਹੋ ਕੇ ਰੋਕ ਲਿਆ।ਮੇਰੇ ਰੁਕਦਿਆਂ ਹੀ ਉਹਨੇ ਮੈਨੂੰ ਕੰਧ ਉੱਤੇ ਲੱਗੇ ਕੈਮਰੇ ਹੇਠ ਖਲੋਣ ਲਈ ਕਿਹਾ।ਮੈੰ ਸੂਲੀ ਚੜ੍ਹੇ ਈਸਾ ਦੀ ਤਸਵੀਰ ਵਾਂਗ ਬਾਹਾਂ ਫੈਲਾਅ ਕੇ ਕੰਧ ਨਾਲ ਢੋਅ ਲਾ ਕੇ ਖੜੋ ਗਿਆ। ਬੜਾ ਅਜੀਬ ਲੱਗ ਰਿਹਾ ਸੀ। ਪਰ ਡੇਢ ਸੌ ਮੁਸਾਫਰਾਂ ਦੀ ਜਾਂਨ ਦਾ ਸਵਾਲ ਸੀ। ਮੈਨੂੰ ਪਿੱਛੋਂ ਦੱਸਿਆ ਗਿਆ ਕਿ ਪੱਗ ਵਿੱਚ ਛੁਪੇ ਵਿਸ਼ੇਸ਼ ਧਮਾਕਾਖੇਜ ਤਰਲ ਪਦਾਰਥ ਦੀ ਸਹੀ ਸਕਰੀਂਨਿੰਗ ਕਰਨ ਲਈ ਵਿਸ਼ੇਸ਼ ਕੈਮਰੇ ਦੀ ਲੋੜ ਹੈ। ਉਂਜ ਸਾਡਾ ਆਪਣਾ ਵੀ ਕਸੂਰ ਹੈ। ਸਾਡੇ ਵਿੱਚ ਕੁੱਝ ਅਜਿਹੇ ਲੋਕ ਹਨ ਜੋ ਸਾਰੀ ਕੌਂਮ ਨੂੰ ਸ਼ੱਕੀ ਬਣਾਉਂਦੇ ਹਨ। ਪਿਛਲੇ ਸਾਲੀਂ ਹੀ ਇੱਕ ਸ਼੍ਰੋਮਣੀ ਕਮੇੱਟੀ ਮੈਂਬਰ ਦੀ ਪੱਗ 'ਚੋਂ ਪੁਲਿਸ ਨੇ ਅਫੀਂਮ ਬਰਾਂਮਦ ਕੀਤੀ ਸੀ। ਅਫੀਂਮ ਲਿਜਾਣ ਵਾਲਾ ਗਰਨੇਡ ਵੀ ਲਿਜਾ ਸਕਦਾ ਹੈ। ਅਮਰੀਕਨ ਪੱਗ ਨੂੰ ਵਿਸ਼ੇਸ਼ ਕੈਮਰੇ ਨਾਲ ਵੇਖਦੇ ਸਨ। ਮੈਨੂੰ ਉਨ੍ਹਾਂ ਪੱਗ ਲਾਹੁਣ ਲਈ ਨਹੀਂ ਸੀ ਕਿਹਾ।ਇਸਦਾ ਜਿਕਰ ਮੈਂ ਟੀ.ਵੀ. ਤੇ ਆਪਣੇ ਟਾਕ ਸ਼ੋਅ 'ਚ ਵੀ ਕੀਤਾ ਸੀ। ਅਮਰੀਕਾ ਦੌਰਿਆਂ ਤੇ ਜਾਣ ਵਾਲੇ ਸਿੱਖ ਮੰਤਰੀਆਂ ਅਤੇ ਅਫਸਰਾਂ 'ਚੋਂ ਕਿਸੇ ਨੇ ਵੀ ਪੱਗ ਲਾਹੁਣ ਦੀ ਸ਼ਿਕਾਇਤ ਨਹੀਂ ਕੀਤੀ। ਮੇਰੀ ਗੱਲ ਸੁਣਕੇ ਉਸ ਮਹਿਫਿਲ ਵਿੱਚ ਹਾਜਰ ਮਿੱਤਰ ਕਹਿਣ ਲੱਗੇ ਕਿ ਮੈਂ ਹੀ ਇਸ ਤਰਾਂ ਦੀ ਸਕਰੀਨਿੰਗ ਦਾ ਬੁਰਾ ਨਹੀਂ ਮਨਾਇਆ। ਜਦੋਂ ਮਹਿਫਿਲ ਥੋੜ੍ਹੀ ਗਰਮ ਹੋਈ ਤਾਂ ਚੁਟਕਲੇ ਸੁਨਾਉਣੇ ਸ਼ੁਰੂ ਹੋ ਗਏ। ਗੱਲ ਪੰਜਾਬ ਦੀ ਚੱਲ ਪਈ ਮੇਰੀ ਪੱਗ ਵਾਲੀ ਘਟਣਾ ਤੇ ਇੱਕ ਦੋਸਤ ਨੇ ਚੁਟਕਲਾ ਸੁਣਾਇਆ ਕਿ " ਇੱਕ ਵਾਰ ਪੰਜਾਬੀ ਇਕੱਠੇ ਹੋ ਕੇ ਪੰਜਾਬ ਦੀਆਂ ਸੜਕਾਂ,ਸਕੂਲ, ਹਸਪਤਾਲਾਂ ਦੀ ਮਾੜੀ ਹਾਲਤ ਦੀ ਚਰਚਾ ਕਰ ਰਹੇ ਸਨ। ਅਖੀਰ  ਅਮਰੀਕਾ ਤੇ ਹਮਲਾ ਕਰਨ ਬਾਰੇ ਸੋਚਿਆ ਗਿਆ। ਕਿਉਂ ਕਿ ਅਮਰੀਕਾ ਜਿਸ ਮੁਲਕ ਨਾਲ ਵੀ ਲੜਦਾ  ਹੈ। ਉਸ ਨੂੰ ਤਬਾਹ ਕਰਨ ਪਿੱਛੋਂ ਯੂ.ਐੱਨ.ਓ.,ਵਿਸ਼ਵ ਬੈਂਕ ਅਤੇ ਅਮਰੀਕਨ ਕੰਪਨੀਆਂ ਰਾਹੀਂ ਸਹਾਇਤਾ ਕਰਕੇ ਸਾਰੀਆਂ ਸੜਕਾਂ,ਸਕੂਲ, ਹਸਪਤਾਲਾਂ , ਪੁਲਾਂ ਆਦਿ ਦੀ ਮੁੜ ਉਸਾਰੀ ਕਰ ਦਿੰਦਾ ਹੈ। ਅਮਰੀਕਾ ਨਾਲ ਪੰਗਾ ਲੈ ਕਿ ਇੱਕ ਵਾਰੀ ਤਾਂ ਤਬਾਹੀ ਹੋਏਗੀ ਪਰ ਪਿੱਛੋਂ ਉਹ ਸੱਭ ਕੁੱਝ ਬਣਾ ਦੇਣਗੇ। ਅਜੇ ਅਮਰੀਕਾ ਤੇ ਹਮਲਾ ਕਰਨ ਬਾਰੇ ਜੈਕਾਰਾ ਛੱਡਿਆ ਹੀ ਸੀ ਕਿ ਓਦੋਂ ਹੀ ਇਕੱਠ ਵਿੱਚੋਂ ਇੱਕ ਬਾਬਾ ਬੋਲਿਆ, " ਮੁੰਡਿਉ ਕਾਹਲੀ ਨਾਂ ਕਰੋ ਅਜੇ ਹੋਰ ਸੋਚ ਲਵੋ। ਜੇ ਆਪਾਂ 'ਮਰੀਕਾ ਨੂੰ ਹਰਾ ਦਿੱਤਾ ਫਿਰ ਸੜਕਾਂ ਕੌਣ ਬਣਾਏਗਾ?" ਪਿੱਛੋਂ ਜਦੋਂ ਪੰਜਾਬੀ ਮੀਡੀਏ ਵਿੱਚ ਅਮਰੀਕਾ ਵਿੱਚ  'ਪੱਗਾਂ ਲੁਹਾ ਕੇ ਹੁੰਦੀ ਤਲਾਸ਼ੀ' ਦੀਆਂ ਖਬਰਾਂ ਛਪਣ ਲੱਗੀਆਂ । ਤਾਂ ਇਹ ਚੁਟਕਲਾ ਸੱਚਾ ਹੋ ਗਿਆ। ਇੱਕ  ਲੀਡਰ ਜਿਸਦਾ ਆਪਣੀ ਕੁਰਸੀ ਜਿੰਨਾਂ ਮਾਨਸਿਕ ਵਿਕਾਸ ਨਹੀਂ ਸੀ ਹੋਇਆ, ਨੇ ਅਖਬਾਰਾਂ ਵਿੱਚ ਬਿਆਂਨ ਦਾਗ ਦਿੱਤਾ ਕਿ " ਅਮਰੀਕਾ ਸਿੱਖਾਂ ਨਾਲ ਪੰਗੇ ਲੈਣ ਤੋਂ ਬਾਜ ਆਵੇ।" ਮੈਂ ਅਖਬਾਰ ਪੜ੍ਹਕੇ ਦੁਆ ਕੀਤੀ ਕਿ "ਦੇਖੀਂ ਭਰਾਵਾ ਕਿਤੇ ਅਗਲਾ ਪ੍ਰੋਗਰਾਂਮ ਬੋਲ ਦੇਵੇਂ" ਜਿਹੜੇ ਲੱਖਾਂ ਪੰਜਾਬੀ ਅਮਰੀਕਾ ਵਿੱਚ ਸੌਖੀ ਰੋਟੀ ਖਾਂਦੇ ਹਨ ਖਾ ਲੈਣ ਦਿਉ। ਧੰਨ ਜੇਰਾ ਗੋਰਿਆਂ ਦਾ…। ਤੀਹ ਸਾਲ ਅਮਰੀਕਾ ਵਿੱਚ ਰਹੇ ਤੇ ਗੋਰੀ ਨੂੰ ਵਿਆਹੇ ਮੇਰੇ  ਮਿੱਤਰ  ਸਰਦਾਰ ਪਰਤਾਪ ਸਿੰਘ ਨੇ ਯੋਗੀ ਹਰਭਜਨ ਸਿੰਘ ਨਾਲ ਚਾਰ ਸਾਲ ਅਮਰੀਕਨਾਂ ਨੂੰ ਸਿੱਖ ਬਣਾਉਣ ਦਾ ਪ੍ਰਚਾਰ ਕੀਤਾ ਹੈ। ਉਹ ਦੱਸਦੇ ਹਨ, "ਗੋਰੇ ਪਦਾਰਥਵਾਦ ਦੇ ਸਤਾਏ ਰੂਹਾਂਨੀਅਤ ਦੀ ਤਲਾਸ਼ ਵਿੱਚ ਹੀ ਪੂਰਬ ਵੱਲ ਵੇਖਦੇ ਹਨ। ਯੋਗੀ ਹਰਭਜਨ ਸਿੰਘ  ਗੋਰਿਆਂ ਨੂੰ ਗੁਰੂ ਨਾਨਕ ਦੀ ਫਿਲਾਸਫੀ  ਅਤੇ ਯੋਗਾ ਅਭਿਆਸ ਨਾਲ ਹੀ ਸਿੱਖੀ ਸਮਝਾਉਂਦੇ ਸੀ। ਸਾਡੇ ਵਾਹਿਗੁਰੂ ਨੂੰ ਉਨ੍ਹਾਂ ਦੇ ਗਾਡ ਵਰਗਾ ਬਣਾ ਦਿੰਦੇ ਸਨ। ਜੇ ਕਿਤੇ  'ਢਾਡੀ ਵਾਰਾਂ' ਸੁਣਾ ਬਹਿੰਦੇ ਫੇਰ ਉਨ੍ਹਾਂ ਦੌੜ ਜਾਣਾ ਸੀ। ਅਸੀਂ ਆਪਣੇ 'ਗੁਪਤ ਏਜੰਡੇ' ਬਾਰੇ ਨਹੀਂ ਸਾਂ ਦੱਸਦੇ"।   ਉਹ ਦਿੱਲੀ ਵਿੱਚ ਦੱਖਣੀ ਅਮਰੀਕਾ ਦੀਆਂ ਸੋਲਾਂ ਅੰਬੈਸੀਆਂ ਲਈ ਸਪੈਨਿਸ਼ ਭਾਸ਼ਾ ਦੇ ਦੋਭਾਸ਼ੀਏ  ਵਜੋਂ ਕੰਮ ਕਰਦੇ ਹਨ। ਪੰਜ ਛੇ ਰਾਜਦੂਤਾਂ ਨਾਲ ਬਤੋਰ ਲੇਖਕ ਮੇਰੀ ਗੱਲ ਕਰਵਾ ਚੁੱਕੇ ਹਨ । ਅਰਜਨਟਾਇਨਾਂ ਦੇ ਪ੍ਰਵਾਸ ਵਿਭਾਗ ਲਈ ਵੀ ਕੰਮ ਕਰਦੇ ਹਨ। ਉਹਨਾਂ ਦਾ ਨਿੱਜੀ ਤਜਰਬਾ ਹੈ ਕਿ ਜਦੋਂ ਸਿੱਖ ਵਿਦੇਸ਼ਾਂ ਵਿੱਚ ਸੜਕਾਂ ਤੇ ਬਰਛੇ ਤਲਵਾਰਾਂ ਨਾਲ ਜਲੂਸ ਕੱਢਣ ਸਮੇਂ ਗੱਤਕਾ ਖੇਡਦੇ ਹਨ ਤਾਂ ਗੋਰਿਆਂ ਦੇ ਮੂੰਹ ਵੇਖਣ ਵਾਲੇ ਹੁੰਦੇ ਹਨ। ਇਹ ਗੱਲ ਮੈਂ ਵੀ ਅਮਰੀਕਾ ਅਤੇ ਕਨੇਡਾ ਵਿੱਚ ਮਹਿਸੂਸ ਕੀਤੀ ਹੈ। ਗੋਰੇ ਮਨ ਵਿੱਚ ਜਰੂਰ ਸੋਚਦੇ ਹਨ ਕਿ ਇਹ ਸੜਕਾਂ ਉੱਤੇ ਨੰਗੇ ਹਥਿਆਰ ਕਿਉਂ ਲਹਿਰਾਉਂਦੇ ਹਨ? ਗੋਰੇ ਸਾਨੂੰ ਮੀਡੀਏ ਵਿੱਚ ਕਿਰਪਾਨੋਂ ਕਿਰਪਾਨੀਂ ਹੁੰਦਿਆਂ ਨੂੰ ਵੇਖਦੇ ਹਨ। ਪੱਛਮ ਵਿੱਚ ਜਨਤਕ ਥਾਂ ਤੇ ਨੰਗਾ ਹਥਿਆਰ ਸੁਰੱਖਿਆ ਨੂੰ ਖਤਰਾ ਸਮਝਿਆ ਜਾਂਦਾ। ਪੰਜਾਬ ਵਿੱਚ ਤਾਂ ਠੀਕ ਹੈ ਪਰ ਵਿਦੇਸ਼ੀ ਸੜਕਾਂ ਤੇ ਇਸਦੀ ਕੋਈ ਤੁੱਕ ਨਹੀਂ ਬਣਦੀ। ਵਿੱਚ ਪਰ ਧੰਨ  ਜੇਰਾ ਗੋਰਿਆਂ ਦਾ…।  ਹੋਰ ਕੌਂਮਾਂ ਵੀ ਆਪਣੇ ਦਿਨ ਦਿਹਾੜੇ ਤੇ ਤਿੱਥ ਤਿਉਹਾਰ ਮਨਾਉਂਦੀਆਂ ਹਨ । ਸੜਕਾਂ ਤੇ ਜਾਂਮ ਲਾਉਣ ਦਾ ਰਿਵਾਜ ਭਾਰਤ  ਵਿੱਚ ਹੀ ਹੈ। ਵਿਕਸਤ ਦੇਸ਼ਾਂ ਵਿੱਚ ਨਹੀਂ। ਗੋਰੇ ਸ਼ੋਰਬਾਜ ਨਹੀਂ ਹਨ,ਕਾਗਜੀ ਕਾਰਵਾਈ ਕਰਦੇ ਹਨ। ਅਸਟਰੇਲੀਆ ਰਹਿੰਦੇ  ਮੇਰੇ ਇੱਕ ਲੇਖਕ ਮਿੱਤਰ ਨੇ  ਦੱਸਿਆ ਹੈ ਕਿ 'ਨਸਲੀ ਹਮਲਿਆਂ' (ਜੋ ਵਾਪਰੀਆਂ ਸਾਰੀਆਂ ਲੁੱਟ ਖੋਹ ਦੀਆਂ ਹਿੰਸਕ ਘਟਣਾਵਾਂ ਦਾ ਮਹਿਜ ਪੰਜ ਫੀ ਸਦੀ ਹੀ ਸਨ।) ਦਾ ਭਾਰਤ ਸਰਕਾਰ ਸਖਤ ਨੋਟਸ ਲੈ ਰਹੀ ਸੀ । ਸਾਡਾ ਵਿਦੇਸ਼ ਮਹਿਕਮਾਂ ਤੇ ਪ੍ਰਧਾਂਨ ਮੰਤਰੀ ਦਾ ਦਫਤਰ ਅਸਟਰੇਲੀਆ ਸਰਕਾਰ ਨੂੰ ਆਪਣੀ ਨਰਾਜਗੀ ਜਾਹਰ ਕਰ ਰਹੇ ਸਨ । ਅਸਟਰੇਲੀਆ ਦੇ ਪ੍ਰਧਾਂਨ ਮੰਤਰੀ ਅਫਸੋਸ ਪਰਗਟ ਕਰ ਰਹੇ ਸੀ।ਇੱਕ ਭਾਰਤੀ ਡਾਕਟਰ ਤੇ ਹਮਲਾ ਕਰਨ ਵਾਲੇ ਅਸਟਰੇਲੀਅਨ ਨੂੰ ਮੈਲਬੌਰਣ ਦੀ ਅਦਾਲਤ ਨੇ 18 ਸਾਲਾਂ ਦੀ ਸਜਾ ਦੇ ਦਿੱਤੀ ਹੈ। ਪਰ ਕੁੱਝ ਪੰਜਾਬੀਆਂ ਨੇ ਮੁਜਾਹਰੇ ਦੌਰਾਂਨ ਇੱਕ ਸਰਕਾਰੀ ਇਮਾਰਤ ਤੇ ਅਸਟਰੇਲੀਆ ਦਾ ਝੰਡਾ ਲਾਹ ਕੇ ਉਸ ਦੀ ਥਾਂ ਭਾਰਤ ਦਾ ਝੰਡਾ ਲਹਿਰਾ ਦਿੱਤਾ।  ਅਸਟਰੇਲੀਆ ਦੇ ਪ੍ਰਧਾਂਨ ਮੰਤਰੀ ਦੇ ਪੁਤਲੇ ਜਲਾਏ। ਜੇ ਕਿਸੇ ਗੋਰੇ ਨੇ ਭਾਰਤ ਵਿੱਚ ਇੰਜ ਕੀਤਾ ਹੁੰਦਾ ਤਾਂ ਉਸ ਦੇ ਹਸ਼ਰ ਦਾ ਅੰਦਾਜਾ ਤੁਸੀਂ ਖੁਦ ਲਗਾ ਲਉ। ਪਰ ਧੰਨ ਜੇਰਾ ਗੋਰਿਆਂ ਦਾ…।  ਫੂਕ ਛਕਾਉਣ ਵਾਲੇ ਤੇ ਅੱਗ ਲਾ ਕੇ ਕੰਧ 'ਤੇ ਚੜ੍ਹਣ ਵਾਲੇ ਡੱਬੂ ਹਰ ਥਾਂ ਹੀ ਹੁੰਦੇ ਨੇ।ਗਿਣਤੀ ਦੇ ਲੋਕਾਂ ਦੀ ਗਲਤੀ ਕਰਕੇ ਮੌਜਾਂ ਕਰਦੇ ਲੱਖਾਂ ਪ੍ਰਵਾਸੀ ਪੰਜਾਬੀਆਂ ਦਾ ਨੁਕਸਾਂਨ ਹੋਵੇਗਾ। ਮੇਰੇ ਆਪਣੇ ਪਿੰਡ ਦੇ ਅੱਧੀ ਦਰਜਨ ਅਸਟਰੇਲੀਆ ਪੜ੍ਹਦੇ ਮੁੰਡਿਆਂ ਨੇ ਦੱਸਿਆ ਹੈ ਕਿ ਸਧਾਰਣ ਲੁੱਟਾਂ ਖੋਹਾਂ ਨੂੰ ਪੰਜਾਬੀ ਮੀਡੀਆ ਨਸਲਵਾਦ ਕਹਿ ਰਿਹਾ ਹੈ। ਗੱਲ ਦੋ ਸਾਲ ਪੁਰਾਣੀ ਹੈ। ਅਮਰੀਕਾ ਦੀ ਟੈਕਸਾਸ ਸਟੇਟ ਵਿੱਚ ਇਕ ਵਾਰ  ਐਂਤਵਾਰ ਦੇ ਦਿਨ ਜਦੋਂ ਅਰਦਾਸ ਕਰਕੇ ਭੋਗ ਉਪਰੰਤ ਸੰਗਤ ਲੰਗਰ ਛਕ ਕੇ ਘਰਾਂ ਨੂੰ ਚਲੀ ਗਈ ਤਾਂ  ਦਸ ਕੁ ਮੁੰਡੇ ਗੁਰਦਵਾਰੇ ਦੇ ਪਿਛਵਾੜੇ ਲੱਗੇ ਨੈੱਟ ਤੇ ਵਾਲੀਵਾਲ ਖੇਡਣ ਲੱਗ ਗਏ। ਉਸ ਦਿਨ ਉੱਥੇ ਮੇਰੇ ਦੋਸਤ ਮੈਨੂੰ ਦੱਸਣ ਲੱਗੇ ਕਿ ਇਹ ਰਾਸ਼ਟਰਪਤੀ ਬੁੱਸ਼ ਦੀ ਹੋਂਮ ਸਟੇਟ ਹੈ ਤੇ ਉਹ ਅਕਸਰ ਇੱਥੇ ਆਉਂਦੇ ਰਹਿੰਦੇ ਹਨ। ਮੈਂ ਕਿਹਾ ਯਾਰ ਜੇ ਬੁਸ਼ ਨੂੰ ਅੱਜ ਦੀ ਕੀਤੀ ਅਰਦਾਸ ਵਿਚਲੇ, ਸਾਡੇ "...ਰਾਜ ਕਰੇਗਾ ਖਾਲਸਾ… ਬਚੇ ਸ਼ਰਣ ਜੋ ਹੋਏ" ਵਾਲੇ ਪ੍ਰੋਗਰਾਂਮ ਦਾ ਪਤਾ ਚੱਲ ਜਾਏ ਤਾਂ ਪਰੀ ਕਹਾਣੀਆਂ ਦੀ ਰਾਜਕੁਮਾਰੀ ਵਾਂਗ ਪਹਿਲਾਂ ਤਾਂ ਉਹ ਹੱਸੇਗਾ ਫਿਰ ਰੋਏਗਾ। ਹੱਸੇਗਾ ਇਸ ਲਈ ਕਿ ਮੈਨੂੰ ਇੱਕ ਹੋਰ ਜੋਟੀਦਾਰ ਮਿਲ ਗਏ ਹਨ। ਰੋਏਗਾ ਇਸ ਲਈ ਕਿ ਮੈਂ ਸਾਰੀ ਦੁਨੀਆਂ ਤੇ ਰਾਜ ਕਰ ਰਿਹਾਂ। ਇਹ ਭਲੇਮਾਣਸ ਮੇਰੇ ਘਰ ਦੇ ਪਿਛਵਾੜੇ ਬੈਠੇ ਸਾਨੂੰ ਹੀ ਮਾਂਜਣ ਦਾ ਪ੍ਰੋਗਰਾਂਮ ਉਲੀਕੀ ਬੈਠੇ ਹਨ। ਪਿਛਲੇ ਹਫਤੇ ਡਿਸਕਵਰੀ ਚੈਨਲ ਤੇ ਮਨੀਲਾ ਦੇ ਜੰਗਲਾਂ ਵਿੱਚ ਸ਼ੇਰਾਂ ਵੱਲੋਂ ਮਨੁੱਖਾਂ ਦੇ ਮਾਰੇ ਜਾਣ ਤੇ  ਡਾਕੂਮੈਂਟਰੀ ਫਿਲਮ ਦਿਖਾਈ ਜਾ ਰਹੀ ਸੀ। ਇੱਕ ਕਿਸਾਂਨ ਖੇਤ ਵਿੱਚ ਪੱਠੇ ਵੱਢ ਰਿਹਾ ਸੀ ਤੇ ਕੋਲ ਹੀ ਉਸਦਾ ਕੁੱਤਾ ਬੈਠਾ ਸੀ। ਸਾਹਮਣੇ ਘਾਤ ਲਾਈ ਬੈਠੇ ਸ਼ੇਰ ਦੀ  ਰੇਂਜ ਵਿੱਚ ਜਦੋਂ ਬਾਰਾਂ ਬੋਰ ਦੀ ਰੇਜ ਵਿੱਚ ਤਿੱਤਰ ਦੇ ਆ ਜਾਣ ਵਾਂਗ,ਕਿਸਾਂਨ ਆ ਗਿਆ ਤਾਂ ਸ਼ੇਰ ਨੇ ਹਮਲਾ ਕਰ ਦਿੱਤਾ। ਸ਼ੇਰ ਦਾ ਹਮਲਾ ਅਸਮਾਂਨੀ ਬਿਜਲੀ ਦੀ ਚਲਕੋਰ ਵਾਂਗ ਹੁੰਦਾ ਹੈ ਤੇ ਉਸਦੇ ਸ਼ਿਕਾਰ ਨੂੰ ਪਤਾ ਹੀ ਨਹੀਂ  ਚੱਲਦਾ ਕਿ ਕੀ ਭਾਣਾ ਵਰਤ ਗਿਆ। ਪਰ ਸ਼ੇਰ ਦਾ ਨਿਸ਼ਾਂਨਾ ਚੁੱਕ ਗਿਆ। ਕਿਸਾਂਨ ਦਾ ਮੋਢਾ ਤੋੜਦਾ ਸ਼ੇਰ ਆਪਣੇ ਭਾਰ ਅਗਾਂਹ ਜਾ ਡਿੱਗਾ । ਓਦੋਂ ਹੀ ਕੁੱਤਾ ਜੋਰ ਦੀ ਭੌਂਕਿਆ। ਸ਼ੇਰ ਹੋਰੀਂ ਇਸ ਅਚਾਣਕ ਹੋਈ ਅਵਾਜ ਨਾਲ ਘਬਰਾਕੇ ਚੱਡਿਆਂ ਵਿੱਚ ਪੂਛ ਦੇਈ ਵਾਹੋ ਦਾਹ ਦੌੜ ਪਏ। ਸ਼ੇਰ ਅੱਗੇ ਅੱਗੇ ਤੇ ਕੁੱਤਾ ਪਿੱਛੇ ਪਿੱਛੇ । ਕੁੱਤਾ ਜੋਰ ਜੋਰ ਨਾਲ ਭੋਂਕਦਾ ਸ਼ੇਰ  ਨੂੰ ਇੱਕ ਫਰਲਾਂਗ ਤੱਕ ਜੰਗਲ ਵਿੱਚ ਦੌੜਾਕੇ ਮੁੜ ਆਇਆ। ਮੇਰੇ ਨਾਲ ਬੈਠੀ ਮੇਰੀ ਬੇਟੀ ਮੀਂਨੂੰ ਨੇ ਕਿਹਾ, "ਪਾਪਾ ਜੇ ਕੁੱਤੇ ਨੂੰ ਪਤਾ ਚੱਲ ਜਾਂਦਾ ਕਿ ਜੋ ਚਾਰ ਪੈਰਾਂ ਵਾਲਾ ਜਾਨਵਰ  ਉਸ ਦੇ ਭੌਂਕਣ ਤੋਂ ਡਰਕੇ ਅੱਗੇ ਅੱਗੇ ਦੌੜ ਰਿਹਾ ਹੈ ਉਹ ਕੌਣ ਹੈ ? ਤਾਂ ਕੁੱਤੇ ਦਾ ਹਰਟ ਫੇਲ੍ਹ ਹੋ ਜਾਣਾ ਸੀ। ਜੇ ਸ਼ੇਰ ਪਿਛਾਂਹ ਮੂੰਹ ਘੁੰਮਾਕੇ ਵੇਖ ਲੈਦਾਂ ਕਿ ਉਸਨੂੰ ਡਰਾਉਣ ਵਾਲਾ ਕੌਣ ਹੈ ? ਤਾਂ ਉਹਨੇ ਸ਼ਰਮ ਨਾਲ ਮਰ  ਜਾਣਾ ਸੀ"। ਗੋਰੇ ਸਾਡੇ ਵਾਂਗ ਰੌਲਾ ਨਹੀਂ ਪਾਉਂਦੇ, ਕਲਮ ਚਲਾਉਂਦੇ ਹਨ। ਮੈਨੂੰ ਪੜ੍ਹੇ ਲਿਖੇ ਤੇ ਆਪੋ ਆਪਣੇ ਖੇਤਰਾਂ ਵਿੱਚ ਕਾਮਯਾਬ ਪ੍ਰਵਾਸੀਆਂ ਨੇ ਦੱਸਿਆ ਹੈ ਕਿ ਆਸਟਰੀਆ,ਅਸਟਰੇਲੀਆ ਸਮੇਤ ਦੋ ਕੁ ਹੋਰ ਯੂਰਪੀਅਨ ਦੇਸ਼ਾਂ ਨੇ ਪੰਜਾਬੀਆਂ ਜਾਂ ਭਾਰਤੀਆਂ ਜੋ ਪੱਕੇ ਹੋਣਾ ਚਾਹੁੰਦੇ ਹਨ, ਦੀ ਵਿਸ਼ੇਸ਼ ਜਾਂਚ ਦੇ ਖੁਫੀਆ ਹੁਕਮ ਜਾਰੀ ਕਰ ਦਿੱਤੇ ਹਨ। ਦਿੱਲੀ ਸਥਿੱਤ ਕਨੇਡਾ ਦਾ ਰਾਜਦੂਤ ਤਾਂ ਮੀਡੀਏ ਵਿੱਚ ਕਹਿ ਚੁੱਕਾ ਹੈ ਕਿ ਪੰਜਾਬੀਆਂ ਦੀ ਥਾਂ ਦੱਖਣੀ ਭਾਰਤੀਆਂ ਨੂੰ ਪ੍ਰਵਾਸ ਲਈ ਪਹਿਲ ਦਿੱਤੀ ਜਾਵੇ। ਇਸ 'ਨਸਲਵਾਦ' ਨੂੰ ਸੱਦਾ ਅਸੀਂ ਖੁਦ ਦੇ ਰਹੇ ਹਾਂ। ਸੱਚ ਇਹ ਵੀ ਹੈ ਕਿ ਭਾਰਤ ਵਰਗਾ ਨਸਲਵਾਦ(ਛੂਆ ਛੂਤ) ਹੋਰ ਕਿਧਰੇ ਵੀ ਨਹੀਂ ਹੈ। ਵਿਦੇਸਾਂ ਵਿੱਚ ਉਨ੍ਹਾਂ ਦੇਸ਼ਾਂ ਦੇ ਕਾਇਦੇ ਕਾਨੂੰਨਾਂ ਅਨੁਸਾਰ ਹੀ ਚੱਲਣਾ ਚਾਹੀਦਾ ਹੈ। ਪਿੰਡਾਂ ਤੋਂ ਸਿੱਧਾ ਵਿਦੇਸ਼ੀਂ ਪਹੁੰਚੇ (ਰਸਤੇ ਵਿੱਚ ਜਲੰਧਰ ਚੰਡੀਗੜ੍ਹ ਰਹਿਣ ਦੇ ਤਜਰਬੇ ਵਗੈਰ) ਸਾਡੇ ਕਈ ਅਣਪੜ੍ਹ ਪੇਂਡੂ  ਲੋਕ ਤਾਂ ਵਿਦੇਸ਼ਾਂ ਨੂੰ ਵੀ ਪੰਜਾਬ ਸਰਕਾਰ ਦੇ ਅਧੀਂਨ ਹੀ ਸਮਝਦੇ ਹਨ।  ਮੈਂ ਯੌਰਪ, ਅਮਰੀਕਾ, ਕਨੇਡਾ ਘੁੰਮਕੇ ਵੇਖਿਆ ਹੈ ਕਿ ਬਹੁ ਕੌਮੀਂ,ਬਹੁ ਧਰਮੀਂ, ਬਹੁ ਭਸ਼ਾਈ ਅਤੇ ਅਨੇਕਾਂ ਸੱਭਿਆਚਾਰਾਂ ਵਾਲੇ ਮਹੌਲ ਵਿੱਚ 'ਕੱਟੜਤਾ' ਮੁੱਖ ਧਾਰਾ ਤੋਂ ਨਿਖੇੜ ਦਿੰਦੀ ਹੈ।ਵਿਤਕਰਿਆਂ ਨੂੰ ਸੱਦਾ ਦਿੰਦੀ ਹੈ। ਜੇਹਾ ਦੇਸ ਤਿਹਾ ਭੇਸ ਵਰਗੇ  ਮੁਹਾਵਰੇ ਐਵੇਂ ਨਹੀਂ ਬਣੇ। 'ਪੰਜਾਬੀਆਂ' ਨੂੰ ਇੱਕੀਵੀਂ ਸਦੀ ਅਤੇ ਅਠਾਰਵੀਂ ਸਦੀ ਵਿੱਚ ਫਰਕ ਸਮਝਣ ਦੀ ਲੋੜ ਹੈ।
.............................................

Friday, November 13, 2009

ਓਏ ਅਣਖੀ ਪੰਜਾਬੀਓ! ਕੀ ਧੀਆਂ ਦੀ ਇੱਜ਼ਤ ਹੀ ਦਾਅ 'ਤੇ ਲਾਉਣੀ ਬਾਕੀ ਸੀ .....? -ਮਨਦੀਪ ਖੁਰਮੀ ਹਿੰਮਤਪੁਰਾ (ਲੰਡਨ)


ਓਏ ਅਣਖੀ ਪੰਜਾਬੀਓ! ਕੀ ਧੀਆਂ ਦੀ ਇੱਜ਼ਤ ਹੀ ਦਾਅ 'ਤੇ ਲਾਉਣੀ ਬਾਕੀ ਸੀ .....?   -ਮਨਦੀਪ ਖੁਰਮੀ ਹਿੰਮਤਪੁਰਾ (ਲੰਡਨ)
                                                 
         ਪੰਜਾਬੀਆਂ ਬਾਰੇ ਆਮ ਹੀ ਪ੍ਰਚਲਿਤ ਹੈ ਕਿ ਇਹ ਇੱਜਤ, ਅਣਖ ਤੇ ਸ਼ਾਨ ਨਾਲ ਜ਼ਿੰਦਗੀ ਜਿਉਣ ਲਈ ਜਾਨ ਲੈ ਵੀ ਸਕਦੇ ਹਨ ਤੇ ਜਾਨ ਵਾਰ ਵੀ ਸਕਦੇ ਹਨ। ਪੰਜਾਬੀ ਰਹਿਣ ਸਹਿਣ ਵਿੱਚੋਂ ਅਜਿਹੀਆਂ ਆਪਾ- ਵਾਰੂ ਕਹਾਣੀਆਂ ਆਮ ਹੀ ਮਿਲ ਸਕਦੀਆਂ ਹਨ। ਆਪਣੇ ਘਰ ਦੀਆਂ ਧੀਆਂ- ਧਿਆਣੀਆਂ ਦੀ ਗੱਲ ਤਾਂ ਇੱਕ ਪਾਸੇ ਰਹੀ, ਕਿਸੇ ਅਣਜਾਣ ਮੁਟਿਆਰ ਦੀ ਇੱਜਤ ਨੂੰ ਗੈਰਾਂ ਹੱਥੋਂ ਪਾਟੋਧਾੜ ਹੋਣੋਂ ਬਚਾਉਣ ਲਈ ਪੰਜਾਬੀਆਂ ਵੱਲੋਂ ਹੁਣ ਤੱਕ ਲਾਈਆਂ ਜਾਨ ਦੀਆਂ ਬਾਜ਼ੀਆਂ ਦੀਆਂ ਕਹਾਣੀਆਂ ਵੀ ਬਜ਼ੁਰਗਾਂ ਤੋਂ ਸੁਣੀਆਂ ਜਾ ਸਕਦੀਆਂ ਹਨ। ਇਹ ਤਾਂ ਸਨ ਕਿਸੇ ਲੰਘੇ ਵੇਲੇ ਦੇ ਅਣਖੀ ਪੰਜਾਬੀਆਂ ਦੇ ਅਣਖੀ ਸੁਭਾਅ ਦੀਆਂ ਵਿਸ਼ੇਸ਼ਤਾਵਾਂ ਪਰ ਅੱਜ ਸਿਰ ਸ਼ਰਮ ਨਾਲ ਸਿਰਫ ਝੁਕ ਹੀ ਨਹੀਂ ਰਿਹਾ ਸਗੋਂ ਇੱਕ ਵਾਰ ਝੁਕ ਕੇ ਮੁੜ ਉੱਚਾ ਉੱਠਣ ਦਾ ਨਾਂਅ ਨਹੀਂ ਲੈ ਰਿਹਾ। ਉਹ ਇਸ ਕਰਕੇ ਕਿ ਮੇਰੇ ਸੋਹਣੇ ਪੰਜਾਬ ਦੇ ਅਣਖੀ ਸ਼ੇਰ ਵਿਦੇਸ਼ਾਂ ਵਿੱਚ ਆਵਦੇ ਪਰਿਵਾਰ ਦੀ ਤਿੜ੍ਹ ਬੀਜਣ ਦੇ ਆਹਰ 'ਚ ਆਪਣੀਆਂ ਧੀਆਂ ਧਿਆਣੀਆਂ ਦੀ ਹੱਥੀਂ ਇੱਜ਼ਤ ਲੁਟਾਉਣ ਵਾਲੇ ਰਾਹ ਪਏ ਫਿਰਦੇ ਹਨ। ਬੇਸ਼ੱਕ ਤੁਹਾਨੂੰ ਇੰਝ ਜਾਪੇ ਕਿ ਐਸ ਬੰਦੇ ਨੂੰ ਬਾਹਲਾ ਈ ਫਿਕਰ ਪਿਆ ਫਿਰਦੈ.... ਮਿੱਤਰੋ ਸਚਮੁੱਚ ਹੀ ਜਦ ਦੀਆਂ ਮੇਰੇ ਖੁਦ ਅਤੇ ਮੇਰੇ ਮਿੱਤਰਾਂ ਨਾਲ ਵਾਪਰੀਆਂ ਸੌ ਫੀਸਦੀ ਸੱਚੀਆਂ ਗੱਲਾਂ ਦਾ ਦਿਮਾਗ ਉੱਪਰ ਗੱਡੇ ਜਿੰਨਾ ਬੋਝ ਬਣਿਆ ਹੈ ਤਾਂ ਉਹ ਗੱਲਾਂ ਤੁਹਾਡੇ ਸਭ ਨਾਲ ਸਾਂਝੀਆਂ ਕਰਨ ਲਈ ਕਾਹਲਾ ਸਾਂ। ਗੱਲ ਕਰੀਏ ਵਿਦੇਸ਼ ਆਉਣ ਦੀ.... ਰੱਜ ਰੱਜ ਆਓ.. ਆਪ ਵੀ ਆਓ ਤੇ ਆਪਣੀਆਂ ਧੀਆਂ ਨੂੰ ਵੀ ਭੇਜੋ ਪਰ ਆਓ ਇਸ ਢੰਗ ਨਾਲ ਕਿ ਜਿਸਨੇ ਆਉਣਾ ਹੈ, ਉਹਦੇ ਠਹਿਰਨ, ਖਾਣ ਪੀਣ ਜਾਂ ਕੰਮਕਾਰ ਦਾ ਬੰਦੋਬਸਤ ਪਹਿਲਾਂ ਹੀ ਮੁਕੱਰਰ ਹੋਇਆ ਹੋਵੇ। ਪਰ ਜੋ ਆਲਮ ਮੈਂ ਪਿਛਲੇ ਇੱਕ ਹਫਤੇ ਦੇ ਅੰਦਰ ਅੰਦਰ ਖੁਦ ਦੇਖਿਆ ਤੇ ਸੁਣਿਆ ਹੈ ਉਸ ਤੋਂ ਤਾਂ ਇਹੀ ਲਗਦੈ ਕਿ ਹੁਣ ਸਾਡੇ ਪੰਜਾਬੀ ਵੀਰਾਂ ਲਈ ਵਿਦੇਸ਼ਾਂ 'ਚ 'ਪੈਰ ਪਾਉਣ' ਲਈ ਆਪਣੀਆਂ ਧੀਆਂ- ਭੈਣਾਂ ਦੀ ਇੱਜਤ ਵੀ ਦਾਅ 'ਤੇ ਲਾ ਦੇਣੀ ਮਾਮੂਲੀ ਜਿਹੀ ਗੱਲ ਬਣ ਗਈ ਹੈ। ਪਿਛਲੇ ਦਿਨਾਂ ਤੋਂ ਇੰਗਲੈਂਡ ਲਈ ਖੁੱਲ੍ਹੇ ਵਿਦਿਆਰਥੀ ਵੀਜ਼ਿਆਂ ਨੇ ਇੱਕ ਵਾਰ ਫੇਰ ਪੰਜਾਬੀਆਂ ਨੂੰ ਕਮਲੇ ਜਿਹੇ ਬਣਾ ਦਿੱਤੈ। ਕੀ ਮੁੰਡਾ ਕੀ ਕੁੜੀ ਹਰ ਕੋਈ ਇੰਗਲੈਂਡ ਪਹੁੰਚਣ ਨੂੰ ਹੀ ਸਵਰਗਾਂ ਦੀ ਟਿਕਟ ਹਾਸਲ ਕਰਨ ਵਾਂਗ ਮੰਨੀ ਬੈਠਾ ਹੈ। ਬੇਸ਼ੱਕ ਪੰਜਾਬੋਂ ਤੁਰਨ ਤੋਂ ਪਹਿਲਾਂ ਏਜੰਟਾਂ ਵੱਲੋਂ ਇਹੀ ਸਬਜ਼ਬਾਗ ਦਿਖਾਏ ਜਾਂਦੇ ਹਨ ਕਿ ਇੰਗਲੈਂਡ ਪਹੁੰਚਣ ਸਾਰ ਏਅਰਪੋਰਟ ਤੇ ਤੁਹਾਡਾ 'ਸੁਆਗਤ' ਕਰਨ ਵਾਲੇ ਖੜ੍ਹੇ ਹੋਣਗੇ, ਇੱਕ 'ਵੀਕ' ਦਾ ਰਹਿਣ ਸਹਿਣ ਮੁਫਤ, ਬਾਦ 'ਚ ਤੁਸੀਂ ਆਪਣਾ ਵੀ ਇੰਤਜਾਮ ਕਰ ਸਕਦੇ ਹੋæææ ਵਗੈਰਾ ਵਗੈਰਾ। ਅਜਿਹੀਆਂ ਮਨ ਲੁਭਾਊ ਗੱਲਾਂ 'ਚ ਅਸੀਂ ਅਕਸਰ ਹੀ ਇਹ ਭੁੱਲ ਜਾਦੇ ਹਾਂ ਕਿ ਸਾਡਾ ਮੁੰਡਾ ਜਾਂ ਕੁੜੀ 'ਭੂਆ' ਕੋਲ ਨਹੀਂ ਜਾ ਰਹੇ ਸਗੋਂ ਉਸ ਧਰਤੀ 'ਤੇ ਜਾ ਰਹੇ ਹਨ ਜਿਸ ਬਾਰੇ ਆਮ ਹੀ ਪ੍ਰਚਲਿਤ ਹੈ ਕਿ ਇੱਥੇ ਆ ਕੇ ਬੰਦੇ ਦਾ ਖੂਨ ਬਦਰੰਗ ਹੋ ਜਾਂਦੈ। ਇਹਨਾਂ ਗੱਲਾਂ ਵਿੱਚ ਫਸ ਕੇ ਹੀ ਪੁੱਟੇ ਗਏ ਪੈਰਾਂ ਤੋਂ ਸ਼ੋਸ਼ਣ ਦੀ ਕਹਾਣੀ ਸ਼ੁਰੂ ਹੋ ਜਾਂਦੀ ਹੈ। ਸਾਡੇ ਪੰਜਾਬੀਆਂ ਵਿੱਚ ਘਰ ਦੀ ਨਾਰੀ ਨੂੰ ਘਰ ਦੀ ਇੱਜਤ ਖਿਆਲ ਕੀਤਾ ਜਾਂਦੈ। ਇਸ਼ਕ- ਵਿਸ਼ਕ, ਪਿਆਰ- ਵਿਆਰ ਸਾਡੇ ਪੰਜਾਬੀ ਸਮਾਜ 'ਚ ਕੋਈ ਮਾਅਨਾ ਨਹੀਂ ਰੱਖਦੇ। ਕੋਈ ਮੁੰਡਾ- ਕੁੜੀ ਪਿਆਰ ਵਿਆਹ ਕਰਵਾ ਕੇ ਜਿੰਦਗੀ ਜਿਉਣੀ ਚਾਹੁਣ ਤਾਂ ਉਹ ਲੋਕਾਂ ਦੀ ਨਿਗ੍ਹਾ 'ਚ 'ਲੰਡਰ' ਬਣ ਜਾਂਦੇ ਹਨ। ਪਰ ਉਹਨਾਂ ਮਾਪਿਆਂ ਜਾਂ ਮਾਪਿਆਂ ਦੀਆਂ ਉਹਨਾਂ ਔਲਾਦਾਂ ਨੂੰ ਤੁਸੀਂ ਕਿਹੜੇ ਵਿਸ਼ੇਸ਼ਣ ਨਾਲ ਨਿਵਾਜੋਗੇ ਜੋ ਹਾਲਾਤਾਂ ਦੇ ਝੰਬੇ ਹੋਏ ਇਹਨਾਂ ਵਿਸ਼ੇਸ਼ਣਾਂ ਨੂੰ ਵੀ ਲੱਖਾਂ ਕੋਹਾਂ ਦੂਰ ਛੱਡ ਜਾਂਦੇ ਹਨ। ਤੁਸੀਂ ਵੀ ਕਹਿੰਦੇ ਹੋਵੋਗੇ ਕਿ ਕੀ ਬੁਝਾਰਤਾਂ ਜਿਹੀਆਂ ਪਾਈ ਜਾਂਦੈ? ਲਓ ਸੁਣੋ, ਬੀਤੇ ਦਿਨੀਂ ਇੱਕ ਪਰਮ ਮਿੱਤਰ ਨੇ ਹੀਥਰੋ ਏਅਰਪੋਰਟ ਤੋਂ ਇੱਕ ਸਟੂਡੈਂਟ ਵੀਜ਼ੇ 'ਤੇ ਆ ਰਹੀ ਬੀਬੀ ਨੂੰ ਲੈ ਕੇ ਆਉਣ ਦਾ ਹੁਕਮ ਕੀਤਾ। ਚਾਰ ਘੰਟੇ ਦੀ ਲੰਮੀ ਉਡੀਕ ਬਾਦ ਬੀਬੀ ਬਾਹਰ ਆਈ ਤਾਂ ਸਾਡੇ ਹੱਥਾਂ 'ਚ ਉਹਦੇ ਨਾਂਅ ਵਾਲਾ ਫੱਟਾ ਦੇਖ ਕੇ ਉਹਦੇ ਸਾਹ 'ਚ ਸਾਹ ਆਇਆ ਕਿਉਂਕਿ ਉਸ ਬੀਬੀ ਦੇ ਪਰਿਵਾਰ ਦਾ ਇੰਗਲੈਂਡ 'ਚ ਕੋਈ ਜਾਣੂੰ ਨਹੀਂ ਸੀ। ਸ਼ੁੱਧ ਪੇਂਡੂ ਉਸ ਬੀਬੀ ਨੂੰ ਇਹ ਵੀ ਨਹੀਂ ਸੀ ਪਤਾ ਕਿ ਉਸਨੇ ਅੱਗੇ ਕਿੱਥੇ ਜਾਣਾ ਹੈ?, ਉਹਦਾ ਕਾਲਜ ਕਿੱਥੇ ਹੈ? ਉਹਨੇ ਠਹਿਰਨਾ ਕਿੱਥੇ ਹੈ? ਬਜਾਏ ਇਸਦੇ ਕਿ ਉਸ ਕੋਲ ਇੱਕ ਕਾਗਜ਼ ਸੀ ਜਿਸ ਉੱਪਰ ਰਿਹਾਇਸ਼ ਦਾ ਪਤਾ ਲਿਖਿਆ ਹੋਇਆ ਸੀ। ਉਸਨੂੰ ਘਰ ਲਿਆਂਦਾ, ਘਰਵਾਲੀ ਨੇ ਭੋਜਨ ਛਕਾਇਆ ਤਾਂ ਬੀਬੀ ਏਜੰਟ ਵਾਲੀ ਮੁਹਾਰਨੀ ਰਟੀ ਜਾਵੇ, "ਵੀਰ ਜੀ ਮੈਂ ਈ-ਮੇਲ ਭੇਜੀ ਹੋਈ ਆ, ਹੋਸਟਲ ਵਾਲੇ 'ਡੀਕਦੇ ਹੋਣਗੇ, ਮੈਨੂੰ ਹੋਸਟਲ ਛੱਡ ਆਓ।" ਉਹਦੀ ਜਿਦ ਅੱਗੇ ਮੈਂ ਤੇ ਮੇਰੇ ਦੋਸਤ ਗਾਇਕ ਰਾਜ ਸੇਖੋਂ ਤੇ ਖੇਡ ਲੇਖਕ ਜਗਸੀਰ ਧਾਲੀਵਾਲ ਨੰਗਲ ਉਸਨੂੰ ਛੱਡਣ ਚਲੇ ਗਏ। ਜਦ ਏਜੰਟਾਂ ਵੱਲੋਂ ਦਿੱਤੇ ਐਡਰੈੱਸ 'ਤੇ ਪਹੁੰਚੇ ਤਾਂ ਉੱਥੇ ਰਹਿ ਰਿਹਾ ਆਦਮੀ ਇਹ ਕਹਿ ਕੇ ਝੱਗਾ ਚੁੱਕ ਗਿਆ ਕਿ "ਸਾਨੂੰ ਤਾਂ ਕੋਈ ਸੂਚਨਾ ਨਹੀਂ ਮਿਲੀ, ਨਾ ਹੀ ਸਾਡੇ ਕੋਲ ਕੋਈ ਰੂਮ ਖਾਲੀ ਹੈ।" ਚੱਲੋ ਜੀ ਕਿਵੇਂ ਨਾ ਕਿਵੇਂ ਰਾਤ ਵੇਲੇ 2 ਘੰਟੇ ਦੀ ਭੱਜਦੌੜ ਤੋਂ ਬਾਦ ਬੀਬੀ ਲਈ ਕਮਰੇ ਦਾ ਪ੍ਰਬੰਧ ਕਰਕੇ ਘਰ ਮੁੜੇ। ਜੇ ਉਸ ਰਾਤ ਅਸੀਂ ਉਸ ਕੁੜੀ ਨਾਲ ਨਾ ਹੁੰਦੇ ਤਾਂ ਖੌਰੇ ਉਸ ਵਿਚਾਰੀ 'ਕੰਨਿਆ' ਦਾ ਕੀ ਹੋਣਾ ਸੀ। ਇਹ ਤਾਂ ਉਹ ਬੀਬੀ ਸੀ ਜਿਸਦੀ ਇੱਜਤ ਦੇ ਸਹੀ ਸਲਾਮਤ ਹੋਣ ਬਾਰੇ ਅਸੀਂ ਖੁਦ ਵੀ ਉਸ ਕੁੜੀ ਦੇ ਮਾਪਿਆਂ ਨੂੰ ਫੋਨ ਕਰ ਦਿੱਤਾ ਸੀ। ਪਰ ਇੱਕ ਉਸ ਪਿਓ ਦਾ ਜ਼ੇਰਾ ਵੀ ਦੇਖ ਲਓ ਜਿਸ ਨੇ ਅੰਮ੍ਰਿਤਸਰ ਏਅਰਪੋਰਟ ਤੋਂ ਕੁੜੀ ਨੂੰ ਅਣਜਾਣ ਮੁਲਕ ਵੱਲ ਤੋਰਨ ਲੱਗੇ ਨੇ ਆਪਣੀ ਕੁੜੀ ਦੀ ਬਾਂਹ ਇੱਕ ਹੋਰ ਅਣਜਾਣ ਸਟੂਡੈਂਟ ਵੀਜ਼ੇ 'ਤੇ ਹੀ ਜਾ ਰਹੇ ਮੁੰਡੇ ਨੂੰ ਫੜਾ ਦਿੱਤੀ ਕਿ "ਪੁੱਤ ਇਹਨੂੰ ਵੀ ਉੱਥੇ ਕੋਈ ਨਹੀਂ ਜਾਣਦਾ, ਜਿੱਥੇ ਤੂੰ ਰਿਹਾ... ਇਹਨੂੰ ਵੀ ਨਾਲ ਹੀ ਰੱਖਲੀਂ।" ਜਦ ਕਿ ਉਸ ਮੁੰਡੇ ਨੂੰ ਏਅਰਪੋਰਟ ਤੋਂ ਲਿਆਉਣ ਲਈ ਮੇਰੇ ਹੀ ਇੱਕ ਦੋਸਤ ਦੀ 'ਡਿਉਟੀ' ਲੱਗੀ ਹੋਈ ਸੀ। ਲੈਣ ਇੱਕ ਨੂੰ ਗਏ ਸੀ, ਪਰ ਆ ਦੋ ਗਏ। ਦੋਸਤ ਵੀ ਹੈਰਾਨ ਸੀ। ਜਦ ਸਾਰੀ ਕਹਾਣੀ ਦਾ ਪਤਾ ਲੱਗਾ ਤਾਂ ਰਾਤ ਦੇ 9 ਵਜੇ ਉੱਤਰੀ ਫਲਾਇਟ ਤੋਂ ਬਾਦ ਉਹਨਾਂ ਦੇ ਠਹਿਰਨ ਦਾ ਬੰਦੋਬਸਤ ਨਹੀਂ ਹੋ ਰਿਹਾ ਸੀ। ਅੰਤ ਇੱਕ ਹੋਟਲ 'ਚ ਇੱਕ ਕਮਰਾ ਹੀ ਮਿਲਿਆ ਤੇ ਇੱਕ ਸਿਆਣੇ ਪਿਉ ਦੀ ਸਟੂਡੈਂਟ ਧੀ ਸਾਰੀ ਰਾਤ ਇੱਕ ਅਣਜਾਣ ਮੁੰਡੇ ਨਾਲ ਇੱਕੋ ਕਮਰੇ 'ਚ ਹੀ ਰਹੀ। ਇਹ ਸੀ ਉਸ ਸਿਆਣੇ ਪਿਉ ਦੀ ਆਪਣੀ ਧੀ ਹੱਥੋਂ ਕਰਵਾਈ ਗਈ ਵਿਦੇਸ਼ਾਂ ਦੀ ਪਹਿਲੀ 'ਕਮਾਈ'। ਪਿਆਰੇ ਵੀਰੋ, ਇਸ ਤੋਂ ਅੱਗੇ ਤੁਸੀਂ ਆਪਣੇ ਦਿਮਾਗਾਂ ਦੇ ਘੋੜੇ ਭਜਾ ਸਕਦੇ ਹੋ ਕਿ ਕੀ ਉਸ ਕੁੜੀ ਦੀ ਇੱਜਤ ਸਲਾਮਤ ਰਹੀ ਹੋਵੇਗੀ ਜਾਂ ਉਸ ਪਿਉ ਦੀ ਅਣਖ ਨੂੰ ਚਾਰ ਚੰਨ ਲੱਗ ਗਏ ਹੋਣਗੇ ਜਿਸਨੇ ਆਪਣੇ ਘਰ ਦੀ ਇੱਜਤ ਕਿਸੇ ਅਣਜਾਣ ਨੂੰ ਇਹ ਕਹਿ ਕੇ ਸੌਂਪ ਦਿੱਤੀ ਕਿ "ਜਿੱਥੇ ਤੂੰ ਰਿਹਾ, ਉੱਥੇ ਨਾਲ ਹੀ ਰੱਖਲੀਂ।" ਇਸ ਗੱਲ ਦਾ ਹਰ ਪੰਜਾਬੀ ਨੂੰ ਭਲੀਭਾਂਤ ਪਤੈ ਕਿ "ਕੱਟੇ (ਮੱਝ ਦੇ ਬੱਚੇ) ਦੀ ਵੱਛੀ (ਗਾਂ ਦੀ ਬੱਚੀ) ਨਾਲ ਕੋਈ ਰਿਸ਼ਤੇਦਾਰੀ ਨਹੀਂ ਹੁੰਦੀ।" ਇਹ ਵੀ ਹਰ ਕਿਸੇ ਨੂੰ ਪਤੈ ਕਿ ਜਦ ਘਿਉ ਕੋਲ ਅੰਗਿਆਰੀ ਰੱਖਾਂਗੇ ਤਾਂ ਘਿਉ ਨੇ ਪਿਘਲਣਾ ਹੀ ਹੁੰਦੈ। ਗੱਲ ਇੱਥੇ ਹੀ ਠੱਪ ਹੋ ਜਾਂਦੀ ਤਾਂ ਚੰਗਾ ਹੁੰਦਾ, ਪਰ ਜਦ ਲੀਰਾਂ ਦੀ ਖੁੱਦੋ ਉੱਧੜਦੀ ਐ ਤਾਂ ਲੀਰਾਂ ਹੀ ਲੀਰਾਂ ਨਿਕਲਦੀਆਂ ਨੇ। ਸੁਣੋ, ਹੀਥਰੋ ਏਅਰਪੋਰਟ ਤੇ ਇਹਨਾਂ ਦੋਵੇਂ ਬੀਬੀਆਂ ਵਾਂਗ ਪਤਾ ਹੀ ਨਹੀਂ ਕਿੰਨੀਆਂ ਕੁ ਬੀਬੀਆਂ ਆਉਂਦੀਆਂ ਨੇ ਜਿਹਨਾ ਨੂੰ ਲੈ ਕੇ ਜਾਣ ਵਾਲਾ ਕੋਈ ਨਹੀਂ ਹੁੰਦਾ, ਜਾਂ ਫਿਰ ਪਹਿਲਾਂ ਲੈ ਕੇ ਆਉਣ ਦੀ ਹਾਮੀ ਓਟਣ ਵਾਲੇ ਰਿਸ਼ਤੇਦਾਰ ਵੀ ਬਾਦ ਵਿੱਚ ਫੋਨ ਨਹੀਂ ਚੁੱਕਦੇ ਕਿਉਂਕਿ ਖੁਦਗਰਜੀਂ ਦੇ ਰਾਹ ਤੁਰੀ ਯੂæ ਕੇæ ਦੀ ਜਿੰਦਗੀ ਵਿੱਚ ਕਿਸੇ ਕੋਲ ਕਿਸੇ ਲਈ ਕੋਈ ਵਕਤ ਨਹੀਂ। ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਅਜਿਹੇ ਵਕਤ ਦੇ ਝੰਬਿਆਂ ਨੂੰ 'ਸਹਾਰਾ' ਦੇਣ ਵਾਲਾ ਇੱਕ ਪੰਜਾਬੀ ਗਰੋਹ ਵੀ ਅੱਜਕੱਲ੍ਹ ਸਰਗਰਮ ਹੋਇਆ ਦੱਸਿਆ ਜਾਂਦਾ ਹੈ ਜਿਸਦਾ ਕੰਮ ਹੀ ਸਿਰਫ 'ਵੱਗ ਵਿੱਚੋਂ ਗੁਆਚੀ ਗਾਂ' ਵਾਂਗ ਰੁਲੇ ਜਿਹੇ ਫਿਰਦੇ ਚਿਹਰਿਆਂ ਨੂੰ ਲੱਭਣਾ ਹੈ। ਜੇ ਕੋਈ ਮੁੰਡਾ ਹੈ ਤਾਂ ਉਸਨੂੰ ਰਾਤ ਕਟਾਉਣ ਤੇ ਖਾਣਾ- ਦਾਣਾ ਦੇਣ ਦੇ ਪੌਂਡ ਵਸੂਲ ਲਏ ਜਾਂਦੇ ਹਨ। ਜੇ ਕੋਈ ਕੁੜੀ ਹੈ ਤਾਂ ਉਸਨੂੰ ਰਾਤ ਕਟਾਉਣ ਦੇ ਨਾਂਅ 'ਤੇ ਖੁਦ ਉਸ ਨਾਲ 'ਰਾਤ ਕੱਟਦੇ' ਹਨ। ਆਉਣ ਵਾਲੇ ਅਣਜਾਣ ਨੂੰ ਕੋਈ ਪਤਾ ਨਹੀਂ ਹੁੰਦਾ ਕਿ ਰਾਤ ਦੇ ਹਨੇਰੇ 'ਚ ਉਹਨਾਂ ਦੀ ਕਾਰ ਕਿਸ ਪਾਸੇ ਨੂੰ ਦੌੜ ਰਹੀ ਹੈ। ਅਜਿਹੀ ਪ੍ਰਾਹੁਣਾਚਾਰੀ 'ਚ ਕੋਈ ਵੀ ਤੁਹਾਡੀ ਇੱਜ਼ਤ ਦੀਆਂ ਲੀਰਾਂ ਲੀਰਾਂ ਕਰ ਸਕਦਾ ਹੈ। ਅਜਿਹੇ ਹਾਲਾਤ 'ਚ ਆਪਣੀ ਇੱਜਤ ਆਪਣੇ ਹੱਥੀਂ ਉਹਨਾਂ ਦਿਆਨਤਦਾਰਾਂ ਨੂੰ ਸੌਂਪਣ ਤੋਂ ਬਿਨਾਂ ਕੋਈ ਚਾਰਾ ਵੀ ਤਾਂ ਨਹੀਂ ਰਹਿ ਜਾਂਦਾ ਹੋਵੇਗਾ ਜਿਹਨਾਂ ਨੇ ਰਾਤ- ਬਰਾਤੇ ਬੇਗਾਨੇ ਮੁਲਕ 'ਚ ਥੋਡੀ 'ਬਾਂਹ' ਫੜ੍ਹੀ ਹੈ।
     ਓਏ ਅਣਖੀ ਪੰਜਾਬੀਓ! ਕਿੱਥੇ ਘਾਹ ਚਰ ਰਹੀ ਹੈ ਥੋਡੀ ਅਣਖ ਕਿ ਤੁਹਾਡੀਆਂ ਧੀਆਂ ਸਿਰਫ ਵਿਦੇਸ਼ 'ਚ 'ਸੈਟਲ' ਹੋਣ ਦੇ ਨਾਂ 'ਤੇ ਹੀ ਅਜਿਹੀਆਂ ਧੱਕੇਸ਼ਾਹੀਆਂ ਦਾ ਸ਼ਿਕਾਰ ਹੋ ਰਹੀਆ ਹਨ। ਬੇਸ਼ੱਕ ਅਜਿਹੇ ਹਾਲਾਤ ਹਰ ਕਿਸੇ ਨੂੰ ਸਹਿਣੇ ਵੀ ਨਹੀਂ ਪਏ ਹੋਣਗੇ। ਬੇਸ਼ੱਕ ਹਰ ਕੁੜੀ ਦਾ ਅਜੇਹਾ ਕਿਰਦਾਰ ਨਹੀਂ ਹੋ ਸਕਦਾ ਕਿ ਉਹ ਆਪਣੇ ਮਾਪਿਆਂ ਦੇ ਮੂੰਹ ਕਾਲਖ ਮਲੇ, ਪਰ ਮਿੱਤਰੋ! ਵਿਦੇਸ਼ਾਂ 'ਚ ਵਸਦਿਆਂ ਜੋ ਜੋ ਹਾਲਾਤਾਂ ਨਾਲ ਸਮਝੌਤੇ ਔਰਤ ਜ਼ਾਤ ਨੂੰ ਕਰਨੇ ਪੈਂਦੇ ਹਨ, ਉਹ ਲਿਖ ਕੇ ਵੀ ਬਿਆਨ ਨਹੀਂ ਕੀਤੇ ਜਾ ਸਕਦੇ। ਇਹਨਾਂ ਹਾਲਾਤਾਂ 'ਚੋਂ ਉਪਜੇ ਹਾਲਾਤ ਹੀ ਹਨ ਕਿ ਪੰਜਾਬੀ ਬੀਬੀਆਂ ਵੀ ਇੰਗਲੈਂਡ ਵਿੱਚ 'ਦੇਹ ਵਪਾਰ' ਵਰਗੇ ਧੰਦੇ ਦਾ ਸ਼ਿੰਗਾਰ ਬਣੀਆਂ ਹੋਈਆਂ ਹਨ। ਜਦੋਂ ਮੈਨੂੰ ਕਿਸੇ ਨੇ ਦੱਸਿਆ ਸੀ ਤਾਂ ਮੈਂ ਵੀ ਤੁਹਾਡੇ ਵਾਂਗ ਮੰਨਣ ਨੂੰ ਤਿਆਰ ਨਹੀਂ ਸੀ ਪਰ ਇਹ ਤਲਖ ਹਕੀਕਤ ਹੈ ਕਿ ਖਾਸ ਕਰਕੇ ਪੰਜਾਬੀ ਕੁੜੀਆਂ ਇੰਗਲੈਂਡ ਦੇ 'ਮਸਾਜ਼ ਪਾਰਲਰਾਂ' ਵਿੱਚ ਮਾਲਸ਼ ਰਾਹੀਂ ਗਾਹਕਾਂ ਨੂੰ ਖੁਸ਼ ਕਰਨ ਦੇ ਆਹਰ 'ਚ ਵੀ ਰੁੱਝੀਆਂ ਹੋਈਆਂ ਹਨ। ਇਹ ਧੰਦਾ ਸਾਊਥਾਲ ਵਿੱਚ ਵੀ ਬੜੀ ਚੰਗੀ ਤਰ੍ਹਾਂ ਪੈਰ ਪਸਾਰ ਚੁੱਕਾ ਹੈ ਜਿੱਥੇ ਬਹੁ ਗਿਣਤੀ ਵੀ ਪੰਜਾਬੀ ਭਾਈਆਂ ਦੀ ਹੈ। ਅਜਿਹੇ 'ਮਸਾਜ਼ ਪਾਰਲਰਾਂ' ਦੇ ਦਿਨ ਢਲੇ ਦੇ ਬਹੁਤੇ ਗਾਹਕ ਵੀ ਆਪਣੇ ਹੀ ਪੰਜਾਬੀ ਭਾਈ ਹੁੰਦੇ ਹਨ ਤੇ ਜਿਬ੍ਹਾ ਹੋਣ ਵਾਲੀਆਂ ਬੀਬੀਆਂ ਵਿੱਚ ਵੀ ਜਿਆਦਾਤਰ ਆਪਣੀਆਂ ਪੰਜਾਬਣ ਕੁੜੀਆਂ ਹੀ ਹੁੰਦੀਆਂ ਹਨ। ਮੇਰੇ ਖੁਦ ਲਈ ਵੀ ਇਹ ਗੱਲ ਬੜੀ ਹੀ ਹੈਰਾਨੀ ਭਰੀ ਸੀ। ਇਹ ਹੈਰਾਨੀ ਉਦੋਂ ਅਸਲੀਅਤ 'ਚ ਬਦਲੀ ਜਦ ਮੈਂ ਸ਼ਾਮ ਵੇਲੇ ਕੰਮ ਤੋਂ ਪਰਤਦਿਆਂ ਸਾਊਥਾਲ ਦੇ ਹੈਵਲਾਕ ਰੋਡ ਗੁਰਦੁਆਰਾ ਸਾਹਿਬ ਦੀਆਂ ਟਰੈਫਿਕ ਲਾਈਟਾਂ ਪਾਰ ਕਰਨ ਦੀ ਉਡੀਕ ਕਰ ਰਿਹਾ ਸਾਂ। ਅਚਾਨਕ ਹੀ ਮੇਰੇ ਲਾਗੇ ਖੜ੍ਹੀ ਛੇ ਫੁੱਟ ਲੰਮੀ ਤਿੱਖੇ ਨੈਣ ਨਕਸ਼ਾਂ ਅਤੇ ਅੱਖ ਨਾਲ ਗੱਲ ਕਰਨ ਵਾਲੀ ਕਾਲੀ ਔਰਤ ਨੇ ਮੈਨੂੰ 'ਹੈਲੋ' ਕਹੀ। ਮੈਂ ਚੌਂਕ ਜਿਹਾ ਗਿਆ ਤੇ ਬਦਲੇ 'ਚ ਹੈਲੋ ਕਹਿਣ 'ਤੇ ਉਸਨੇ ਮੈਨੂੰ ਅੰਗਰੇਜ਼ੀ 'ਚ ਪੁੱਛਿਆ ਕਿ "ਤੂੰ ਕਾਫੀ ਦੇਰ ਤੋਂ ਪਾਰਲਰ ਕਿਉਂ ਨਹੀਂ ਆਇਆ?" ਮੈਂ ਵੀ ਸਮਝ ਗਿਆ ਕਿ ਉਹ ਭੁਲੇਖਾ ਖਾ ਗਈ ਹੈ। ਮੈਂ ਜਵਾਬ 'ਚ ਕਿਹਾ ਕਿ "ਕੰਮ 'ਚ ਜਿਆਦਾ ਬਿਜ਼ੀ ਸੀ।" ਉਸ ਨੇ ਜਾਣ ਲੱਗੀ ਨੇ ਮੈਨੂੰ ਆਪਣੇ 'ਮਸਾਜ਼ ਪਾਰਲਰ' ਦਾ ਵਿਜਟਿੰਗ ਕਾਰਡ ਦਿੰਦਿਆਂ ਬੜੀ ਚਾਲਾਕ ਜਿਹੀ ਤੱਕਣੀ ਨਾਲ ਕਿਹਾ ਸੀ "ਮੰਗਲਵਾਰ ਤੇ ਸ਼ਨੀਵਾਰ ਨੂੰ ਸਾਡੇ ਕੋਲ 'ਪੰਜਾਬੀ ਗਰਲਜ਼' ਆਉਂਦੀਆਂ ਹਨ, ਆ ਜਾਣਾ।" ਉਹ ਤਾਂ ਚਲੀ ਗਈ ਪਰ ਉਸ ਕਾਲੀ ਦੇ ਮੂੰਹੋਂ 'ਪੰਜਾਬੀ ਗਰਲਜ਼' ਲਫ਼ਜ਼ ਸੁਣ ਕੇ ਮੈਂ ਆਪਣੇ ਆਪ ਨੂੰ ਉਸੇ ਹੀ ਚੌæਕ ਵਿੱਚ ਗੱਡਿਆ ਜਿਹਾ ਮਹਿਸੂਸ ਕਰ ਰਿਹਾ ਸਾਂ। ਮੈਨੂੰ ਇਉਂ ਲੱਗ ਰਿਹਾ ਸੀ ਕਿ ਜਿਵੇਂ ਉਹ ਮੈਨੂੰ ਜਾਣ ਕੇ ਚਿੜਾ ਗਈ ਹੋਵੇ ਕਿ "ਤੁਸੀਂ ਲੋਕ ਐਵੇਂ ਹੀ ਅਣਖੀ ਹੋਣ ਬਾਰੇ ਠੂੰਹੇਂ ਵਾਂਗੂੰ ਪੂਛ ਉਤਾਂਹ ਚੁੱਕੀ ਫਿਰਦੇ ਹੋ, ਥੋਡੀਆਂ ਪੰਜਾਬਣ ਕੁੜੀਆਂ ਤਾਂ ਨੰਗ- ਧੜੰਗੇ ਲੰਮੇ ਪਏ ਮਰਦਾਂ ਦੇ ਮਾਲਸ਼ ਕਰ ਕੇ ਆਵਦੇ ਮਾਂ ਪਿਉ ਨੂੰ ਪੈਸੇ ਭੇਜਦੀਆਂ ਹਨ।"
   ਓਏ ਅਣਖੀ ਪੰਜਾਬੀਓ! ਜਾਗੋ ਭਰਾਵੋ ਜਾਗੋ..... ਇੱਕ ਵਾਰ ਦੋ ਜਣਿਆਂ ਦੀਆਂ ਮੱਝਾਂ ਸੂਣ ਵਾਲੀਆਂ ਸਨ। ਮੱਝਾਂ ਵੀ ਨੇੜੇ ਨੇੜੇ ਹੀ ਬੰਨ੍ਹੀਆਂ ਹੋਈਆਂ ਸਨ। ਦੋਵੇਂ ਮਾਲਕ ਵੀ ਰਾਤ ਵੇਲੇ ਰਾਖੀ 'ਤੇ ਸਨ ਤਾਂ ਜੋ ਮੱਝਾਂ ਨੂੰ ਕਿਸੇ ਕੁੱਤੇ ਬਿੱਲੇ ਤੋਂ ਪ੍ਰੇਸ਼ਾਨੀ ਨਾ ਹੋਵੇ। ਇੱਕ ਮੱਝ ਮਾਲਕ ਨੂੰ ਨੀਂਦ ਨੇ ਘੇਰਾ ਪਾ ਲਿਆ। ਉਹਦੇ ਸੌਣ ਦੀ ਦੇਰ ਸੀ ਕਿ ਦੋਵਾਂ ਦੀਆਂ ਮੱਝਾਂ ਨੇ ਕੱਟੜੂ ਜਨਮ ਦਿੱਤੇ। ਜੋ ਜਾਗਦਾ ਸੀ, ਉਹਦੀ ਮੱਝ ਨੇ ਕੱਟਾ ਜੰਮਿਆ ਤੇ ਜੋ ਸੌਂ ਰਿਹਾ ਸੀ ਉਹਦੀ ਮੱਝ ਨੇ ਕੱਟੀ। ਫਿਰ ਕੀ ਸੀ ਜਾਗਦੇ ਨੇ ਆਪਣੀ ਮੱਝ ਦਾ ਕੱਟੜੂ ਚੁੱਕ ਕੇ ਸੁੱਤੇ ਪਏ ਦੀ ਮੱਝ ਦੀ ਕੱਟੀ ਨਾਲ ਬਦਲ ਲਿਆ। ਜਦ ਸੁੱਤੇ ਮਾਲਕ ਦੀ ਜਾਗ ਖੁੱਲ੍ਹੀ ਤਾਂ ਪਹਿਲਾਂ ਤੋਂ ਹੀ ਜਾਗਦੇ ਮਾਲਕ ਦਾ ਕਥਨ ਸੀ "ਜਾਗਦਿਆਂ ਦੀਆਂ ਕੱਟੀਆਂ ਤੇ ਸੁੱਤਿਆਂ ਦੇ ਕੱਟੇ ਹੀ ਹੁੰਦੇ ਹਨ।" ਅਜਿਹਾ ਨਾ ਹੋਵੇ ਕਿ ਵਿਦੇਸ਼ਾਂ 'ਚ ਕਿਸੇ ਨਾ ਕਿਸੇ ਢੰਗ 'ਪੈਰ ਪਾਉਣ' ਦੀ ਲਾਲਸਾ 'ਚ ਤੁਸੀਂ ਤੇ ਤੁਹਾਡੇ ਧੀਆਂ- ਪੁੱਤ ਵੀ ਇੱਕ ਦੂਜੇ ਨਾਲ ਅੱਖ ਮਿਲਾਉਣ ਜੋਗੇ ਵੀ ਨਾ ਰਹੋ। ਅਜਿਹਾ ਵੀ ਨਾ ਹੋਵੇ ਕਿ ਇਸ ਲਾਲਚ ਦੀ ਨੀਂਦ 'ਚੋਂ ਜਾਗਣ ਤੋਂ ਬਾਦ ਤੁਹਾਡੇ ਪੱਲੇ ਕੱਟਿਆਂ ਜਾਂ ਕੱਟੀਆਂ ਦੀ ਬਜਾਏ 'ਮੁਰਦਾ' ਕੱਟੜੂ ਹੀ ਪੈਣ। ਫੈਸਲਾ ਤੁਸੀਂ ਖੁਦ ਕਰਨਾ ਹੈ..... ਦੋ ਘੜੀਆਂ ਕੱਲੇ ਬਹਿ ਕੇ ਸੋਚ ਲੈਣਾ।
...............................

Saturday, November 7, 2009

'ਲ਼ੱਥੀ ਲੋਈ ਤੇ ਕੀ ਕਰੇਗਾ ਕੋਈ' -ਕੁਲਵੰਤ ਕੋਰ ਚੰਨ


'ਲ਼ੱਥੀ ਲੋਈ ਤੇ ਕੀ ਕਰੇਗਾ ਕੋਈ'    -ਕੁਲਵੰਤ ਕੋਰ ਚੰਨ
ਪੜਦਾ ,ਘੁੰਗਟ,ਸ਼ਰਮ, ਹਯਾਅ ,ਸਤਿਕਾਰ,ਪਿਆਰ, ਵੱਡਿਆਂ ਛੋਟਿਆਂ ਦੀ ਲੋਡ ਵਡਿਆਈ ਦਾ ਨਾਮ ਹੀ ਪਰਦਾ ਹੈ, ਨਵੀਂ ਥਾਂ,ਨਵਾਂ ਘਰ, ਨਵੇਂ ਲੋਕਾਂ ਵਿਚ ਬੈਠ ਕਿਵੇਂ ਅਪਣੇ ਮਾਂ ਬਾਪ ਤੇ ਖਾਨਦਾਨ ਦੀਆਂ ਇਜ਼ਤਾਂ ਨੂੰ ਕਿਵੇਂ ਨਵੇਂ ਲੋਕਾਂ, ਨਵੀ ਥਾਂ ਤੇ ਨਵੇਂ ਘਰ ਨੂੰ ਮਾਨ ਨਾਲ ਬੁਲੰਦੀਆਂ ਤੱਕ ਲੈ ਜਾਣਾ ਹੈ ,ਇਹੀ ਸ਼ਿੱਖਸ਼ਾ ਤੇ ਗੱਲਾਂ ਉਦੋਂ ਉਹਨਾਂ ਬੱਚੀਆਂ ਨੂੰ ਦੱਸੀਆਂ ਜਾਂਦੀਆਂ ਸਨ ,ਧੀਏ ਤੇਰਾ ਘਰ ਹੁਣ ਇਹ ਨਹੀ ਸੱਸ ਸੋਹਰਾ ਘਰ ਹੀ ਹੈ, ਉਹਨਾਂ ਦੀ ਮਾਨ ਇਜ਼ਤ ਤੇ ਪਿਆਰ ਹੀ ਤੇਰਾ ਸਭ ਕੁਝ ਹੈ ।ਲੋਕੀ ਐਂਵੇ ਥੋੜੀ ਪਹਿਲਾ ਕਹਿੰਦੇ ਖਾਨਦਾਨ ਵੇਖੋ, ਮਾਂ ਕਿਤੇ ਕੁਪੱਤੀ ਤੇ ਨਹੀ, ਖਾਨਦਾਨ ਕੋਈ ਗੰਦਾਂ ਤਾਂ ਨਹੀ ਘਰਾਣੇ ਆਦਿ ਵੇਖੇ ਜਾਂਦੇ ਸਨ ।ਜੇਕਰ ਕਿਸੇ ਨਾਲ ਬਿਲਕੁਲ ਨਾਤਾ ਤੋੜਨਾ ਹੁੰਦਾ ਜਾਂ ਕਹਿੰਦੇ ਕੀ 'ਲੱਥੀ ਲੋਈ ਤੇ ਕੀ ਕਰੇਗਾ ਕੋਈ' ਕਹਾਵਤਾਂ ਸਿਆਣਿਆਂ ਨੇ ਕੋਈ ਐਂਵੇ ਨਹੀ ਬਣਾਈਆਂ ਹੋਣਗੀਆਂ ਤੱਤ ਪੂਰੇ ਕੱਢੇ ਹੋਏ ਹਨ, ਜਦੋਂ ਕਿਸੇ ਨਾਲ ਨਾਤਾ ਰਿਸ਼ਤਾ ਤੋੜਦੇ ਤਾ( ਪੜਦਾ) ਚੁੰਨੀ ਮੂੰਹ ਤੋ ਲਾਹ ਕਹਿਣਾ ਤੇਰਾ ਮੇਰਾ ਰਿਸ਼ਤਾ ਖਤਮ ਬੜੀ ਇਜ਼ਤ ਕਰ ਲਈ ਅੱਜ ਤੱਕ ਸਭ ਰਿਸ਼ਤੇ ਖਤਮ ਤੇਰੇ ਨਾਲ , ਮੇਰਾ ਕਹਿਣ ਦਾ ਇਥੇ ਇਹ ਮਤਲਬ ਹੈ ਕਿ ਲੋਕ ਕਿੰਨੀ ਸ਼ਰਮ, ਡਰ, ਰਿਸ਼ਤਾ,ਪਿਆਰ,ਸਤਿਕਾਰ ਅਪਣੇ ਤੋ ਵੱਡਿਆਂ ਵਾਸਤੇ ਮੰਨਾਂ ਵਿਚ ਰੱਖਦੇ ਸਨ ਉਹ ਇਕ ਪੜਦਾ ਹੀ ਤਾਂ ਸੀ । ਜਿਸ ਨੂੰ ਅਸੀ ਘੁੰਗਟ ਵੀ ਕਹਿੰਦੇ ਹਾਂ, ਅੱਜ ਪੇਂਡੂ, ਗਵਾਰ, ਜਾਹਿਲ,ਅਨਪ੍ਹੜ ਤੇ ਪਤਾ ਨਹੀ ਕਿਹੜੇ ਕਿਹੜੇ ਨਾਵਾਂ ਨਾਲ ਕਹਿ ਉਸ ਵਕਤ ਦੀ ਉਸ ਕਦਰ ਦੀ ਤੋਹੀਨ ਕਰਦੇ ਹਾਂ ।ਪਰ ਅਸੀ ਦੁੱਖੀ ਵੀ ਤਾਂ ਉਨੇ ਹੀ ਹਾਂ ਜਿੰਨੇ ਅਸੀ ਅਪਣੇ ਆਪ ਨੂੰ ਵੱਡੇ ,ਅਮੀਰ,ਐਡਵਾਂਸ ਇਕ ਦੂਜੇ ਦੀ ਦੋੜ ਵਿਚੋ ਕਿਤੇ ਪਿੱਛੇ ਨਾ ਰਹਿ ਜਾਈਏ, ਕਿਤੇ ਨੱਕ ਨਾ ਕੱਟੀ ਜਾਵੇ ਸਮਾਜ ਵਿਚ ਦੂਜਿਆਂ ਤੋ ਥੌੜਾ ਦਾਜ਼ ਲਿਆਉਣ ਜਾਂ ਦੇਣ ਦੀ ਖਾਤਿਰ । ਅੱਜ ਮੈਂ ਇਸ ਲੇਖ ਵਿਚ ਉਹ ਗੱਲਾਂ ਦੱਸਾਗੀ ,ਲਿੱਖਾਂਗੀ ਜੋ ਸਾਹਮਣੇ ਵੇਖੀਆਂ ਸਨ ਤੇ ਵੇਖ ਰਹੀ ਹਾਂ ।ਇਹ ਕੋਈ ੧੯੬੪ ਦੀ ਗੱਲ ਹੈ ਪਿੰਡ ਵੱਡੀ ਮਿਆਣੀ ਜ਼ਿਲਾ ਹੁਸ਼ਿਆਰਪੁਰ ਉਸ ਵਕਤ ਕਿਥੇ ਲੋਕਾਂ ਦੀਆਂ ਸੋਚਾ ਸਨ ਬਾਹਰ ਦੀਆਂ ਹੁਣ ਤਾਂ ਸਭ ਤੋ ਜਿਆਦਾ ਬੱਚੇ ਮਿਆਣੀ ਵੱਡੀ ਦੇ ਹੀ ਹਨ ਬਾਹਰ।ਉਦੋ ਨਵੀਂ ਨਵੀਂ ਦੁਨੀਆਂ ਉਜੜ-ਪੁਜੜ ਕੇ ਪਾਕਸਿਤਾਨ ਤੋ ਆਈ ਸੀ ਆਪੇ ਹੀ ਸਮਝ ਨਹੀ ਸੀ ਆ ਰਹੀ ਬਾਹਰ ਤਾਂ ਕੀ ਕਿਸੇ ਜਾਣਾ ਤੇ ਆਉਣਾ ਸੀ ।ਪਿੰਡਾਂ ਵਿਚ ਘਰਾਂ ਨਾਲ ਘਰ ਬਨੇਰਿਆਂ ਨਾਲ ਬਨੇਰੇ ਤੇ ਇਕੋ ਹੀ ਨਾਲੀ ਜਾਂਦੀ ਸੀ ਘਰਾਂ ਦੇ ਫਾਲਤੂ ਪਾਣੀ ਸਾਰਿਆਂ ਦੇ ਘਰਾਂ ਅੱਗੋ ਦੀ ਲੰਘਕੇ,ਜਿਦਾ ਘਰ ਪਹਿਲੇ ਆ ਜਾਂਦਾ ਸੀ ਹੁਣ ਉਸ ਨੇ ਅਪਣੇ ਘਰ ਅੱਗੋ ਨਾਲੀ ਸਾਫ ਕਰ ਲਈ ਤੇ ਪਿੱਛੇ ਦਾ ਪਾਣੀ ਤੇ ਅੱਗੇ ਜਾਣਾ ਸੀ ਜੇਕਰ ਅਗਲਾ ਘਰ ਸ਼ਰੀਫ ਹੈ ਤਾਂ ਜਨਾਨੀ ਨੇ ਚੁੱਪ ਕਰਕੇ ਅੱਗੇ ਸਾਫ ਕਰ ਲੈਣੀ ਨਾਲੀ ਤੇ ਫਿਰ ਇਵੇਂ ਹੀ ਦੋ ਚਾਰ ਘਰਾਂ ਦੇ ਸਾਹਮਣੇ ਸਾਰੀ ਨਾਲੀ ਸਾਫ ਹੋ ਜਾਣੀ ਹੁਣ ਅੱਗੇ ਇਹ ਅੋਰਤ ਜੋ ਗੱਲਾਂ ਵਿਚ ਤਾਂ ਬਹੁਤ ਹੀ ਸਿਆਣੀ ਤੇ ਪ੍ਹੜੀ ਸੀ ਦੋ ਚਾਰ ਪਿਛਲੀਆਂ ਕਲਾਸਾਾਂ ਤੇ ਬਾਕੀ ਵਿਚਾਰੀਆਂ ਨੂੰ ਅਪਣੇ ਨਾਮ ਵੀ ਲਿਖਣੇ ਨਹੀ ਸੀ ਆਉਂਦੇ ।ਕੰਮ ਤਾਂ ਜਨਾਨੀਆਂ ਨੂੰ ਹੁੰਦੇ ਨਹੀ ਸੀ ਰੋਟੀ ਖਾਧੀ ਤੇ ਅਪਣੇ ਅਪਣੇ ਘਰਾਂ ਦੇ ਅੱਗੇ ਬੈਠ ਗੱਲਾਂ ਕਰ ਲਈਆਂ ਜਾ ਚੁੱਗਲੀਆਂ । ਦੋ ਜਣੀਆਂ ਦਿਉਰਾਣੀਆਂ ਜਠਾਣੀਆਂ ਵੀ ਇਸੇ ਗੱਲੀ ਵਿਚ ਹੀ ਰਹਿੰਦੀਆਂ ਸਨ ਸੱਕੇ ਸ਼ਰੀਕੇ ਵਿਚੋ ਸਨ ।ਇਕ ਵਿਚਾਰੀ ਬੜੀ ਸ਼ਰੀਫ ਤੇ ਇਕ ਬੜੀ ਲੜਾਕੀ(ਦੋਵੇਂ ਵਿਚਾਰੀਆਂ ਮਰ ਚੁੱਕੀਆਂ ਹਨ ਪਰ ਅਪਣੇ ਅਪਣੇ ਕਿਰਦਾਰਾਂ ਕਰਕੇ ਅਜੇ ਵੀ ਉਹਨਾਂ ਦੀਆਂ ਗੱਲਾਂ ਸਾਨੂੰ ਕੁੱਝ ਸਮਝਾਉਂਦੀਆਂ,ਤੇ ਰਾਹ ਦੱਸਦੀਆਂ ਹਨ )ਉਹ ਸਮਝਦੀ ਸੀ ਕਿ ਜੇਕਰ ਬੰਦਾ ਸਭ ਨੂੰ ਥੱਲੇ ਲਾ ਕੇ ਨਾ ਰੱਖੇ ਤਾਂ ਕੀ ਫਾਇਦਾ ਜਿੰਦਗੀ ਦਾ ਵੀ ।ਇਹ ਗੱਲ ੫੩-੫੪ ਸਾਲਾਂ ਬਾਅਦ ਮੇਰੇ ਮੰਨ ਵਿਚ ਇਕ ਕਹਾਣੀ ਦਾ ਰੂਪ ਉਸ ਵਕਤ ਧਾਰ ਗਈ ,ਜਦੋਂ ਮੈਂ ਅੱਜ ਦੇ ਲੋਕਾਂ ਨੂੰ ਵੇਖਦੀ ਹਾਂ ਕਿ ਬਾਹਰ ਦੇ ਲੋਕ ਖਾਨਦਾਨ ਵੇਖਦੇ ਹਨ, ਉਹ ਤਾਂ ਵਿਚਾਰੇ ਜਿੰਨਾਂ ਜਿੰਦਗੀਆਂ ਪੂਰੀਆਂ ਕਮਾਈਆਂ ਕਰਕੇ ਧੰਨ ਦੀ ਕਮੀ ਤਾਂ ਬਾਹਰ ਨਹੀ ਛੱਡੀ ਪਰ ਉਹਨਾਂ ਕੋਲ ਸਕੂਨ ਤੇ ਪਿਆਰ ਦੀ ਕਮੀ ਹੋ ਜਾਂਦੀ ਹੈ, ਤਾਂ ਉਹ ਸੋਚਦੇ ਕੋਈ ਪ੍ਹੜੀ ਤੇ ਸੋਹਣੀ ਕੁੜੀ ਸਾਨੂੰ ਮਿਲੇ ਜੋ ਅਪਣੇ ਵਿਰਸੇ, ਪੰਜਾਬ, ਪੰਜਾਬੀ ਤੇ ਸਾਰੇ ਸੰਸਕਾਰ ਉਹ ਹੋਣ ਜਿਹੜੇ ਉਹਨਾਂ ਬਾਹਰ ਇੰਨੀਆ ਕਮਾਈਆਂ ਕਰਕੇ ਵੀ ਬਰਕਰਾਰ ਰੱਖੇ ਹਨ,ਪਰ ਉਦੋ ਉਹਨਾਂ ਦੇ ਦਿਲ ਟੁੱਟ ਜਾਂਦੇ ਜਦੋਂ ਉਹ ਗਰੀਬ ਪ੍ਹੜੀ ਤੇ ਸੁੰਦਰ ਲੜਕੀ ਤਾਂ ਜਰੂਰ ਲੈ ਆਉਂਦੇ ਪਰ ਪਿੱਛਲਾ ਖਾਨਦਾਨ ਇੰਨੀ ਚੰਗੀ ਤਰਾਂ੍ਹ ਨਾ ਵੇਖਣ ਕਾਰਨ ਗੋਡਿਆਂ ਵਿਚ ਸਿਰ ਰੱਖ ਰੋਂਦੇ ਹਨ ।ਸਾਡੀ ਬਾਹਰ ਵਾਲਿਆਂ ਲੋਕਾਂ ਦੀ ਇਕੋ ਹੀ ਮੰਗ ਹੁੰਦੀ ਹੈ ਕੀ ਪਤਾ ਨਹੀ ਕੋਈ ਮਾੜੇ ਘਰ ਦੀ ਲੜਕੀ ਆਉਣ ਨਾਲ ਉਹ ਜਿਆਦਾ ਇੱਜਤ ਸਾਡੀ ਕਰੇਗੀ ਜਾ ਦਾਜ ਤੋ ਬਗੈਰ ਲਿਆਉਣ ਤੇ ਉਹ ਸਮਾਜ ਵਿਚ ਸਦਾ ਸਾਡੀ ਬਣਕੇ ਰਵੇਗੀ ਤਾਂ ਭੁੱਲ ਜਾਵੋ, ਉਸ ਨੂੰ ਤੁਸੀ ਹਰ ਗੱਲ ਬਾਹਰ ਦੀ ਸਿੱਖਾ ਦੇਵੋ ਬੇਟਾ ਇਸ ਸੁਸਾਇਟੀ ਵਿਚ ਇਵੇਂ ਬੈਠਣਾ ਇਵੇਂ ਖਾਣਾ ਤੇ ਇਵੇਂ ਰਹਿਣਾ ,ਉਹ ਥੋੜੀ ਦੇਰ ਤਾਂ ਜਦ ਤੱਕ ਸਿੱਖਣ ਦੀ ਕੋਸ਼ਿਸ਼ ਕਰ ਰਹੀ ਹੁੰਦੀ ਬਰਦਾਸ਼ਤ ਕਰਦੀ ਰਵੇਗੀ ਫਿਰ ਜਦੋ ਬਾਹਰ ਦੀ ਹਵਾ ਲੱਗਣੀ ਤਾਂ ਤੁਸੀ ਜੇਹੜੀ ਐਡਵਾਂਸ ਤੇ ਬਾਹਰ ਦੀਆਂ ਹਵਾਂਵਾਂ ਦੀ ਸਾਰੀ ਖੁੱਲ ਦੇ ਦਿਤੀ ਤਾਂ ਫਿਰ ਤੁਸੀ ਭੁੱਲ ਜਾਵੋ ਤੁਸੀ ਕਿਸੇ ਗਰੀਬ ਨੂੰ ਸਵਾਰਣ ਵਾਸਤੇ ਭਲਾ ਕੀਤਾ ਜਾ ਕਿਸੇ ਮਹਾਰਾਜੇ ਦੀ ਧੀ ਨੂੰ ਰਾਣੀ ਬਣਾ ਕੇ ਲੈ ਆਏ ,ਫਿਰ ਉਵੇਂ ਹੀ ਹੋਵੇਗਾ ਜਿਵੇਂ ਇਹਨਾਂ ਦਰਾਣੀਆ ਤੇ ਜਠਾਣੀਆਂ ਦਾ ਹੋਇਆ ਸੀ।
     ਸਵੇਰੇ ਸਵੇਰੇ, ਇਹਦੇ ਦੋਵੇਂ ਪੁੱਤਰ ਮਰ ਜਾਣ, ਪਾਟੀ ਚਿੱਠੀ ਆਏ, ਗੰਦੀ ਨੇ ਗੰਦ ਪਾਇਆਂ ਏ ਉੱਠਦੀ ਬਾਅਦ ਵਿਚ ਤੇ ਨਾਲੀਆਂ ਦੀ ਸਫਾਈ ਪਹਿਲੇ ਕਰਨ ਲੱਗ ਜਾਂਦੀ । ਦੋਵਾਂ ਦੇ ਆਦਮੀ ਫੋਜੀ ਸਨ,ਪਰ ਅੱਜ ਪ੍ਰੀਤੋ ਦਾ ਘਰਵਾਲਾ ਛੁੱਟੀ ਆਇਆ ਹੋਇਆ ਸੀ । ਹੁਣ ਬਹੁਤ ਹੀ ਗਾਲਾਂ ਸੁਨਦੇ ਸੁਨਦੇ ਬਿੱਲੂ ਨੇ ਪੁੱਛਿਆ ਇਹ ਸਵਰਨੋ ਨੂੰ ਕੀ ਹੋ ਗਿਆ ਕਿਹਦੇ ਨਾਲ ਬੋਲ ਬਕਾਰਾ ਕਰ ਰਹੀ ਹੈ ?ਕੁਝ ਨਹੀ ਐਂਵੇਂ ਹੀ ਇਸ ਦੀ ਆਦਤ ਹੈ ਆਪੇ ਚੁੱਪ ਕਰ ਜਾਵੇਗੀ ।ਜਦੋਂ ਬਹੁਤ ਹੀ ਬੋਲਦੀ ਰਹੀ ਤਾਂ ਹਾਰ ਕੇ ਪ੍ਰੀਤੋ ਨੇ ਕਿਹਾ ਇਹ ਸਾਨੂੰ ਹੀ ਪਿੱਟ ਸਿਆਪਾ ਕਰਕੇ ਸੁਨਾ ਰਹੀ ਹੈ ਨਾਲੇ ਇਸ ਦਾ ਰੋਜ ਦਾ ਕੁੱਤਖਾਨਾ ਹੈ ਛੱਡੋ ਤੁਸੀ ਰੋਟੀ ਖਾਓ ਫਿਰ ਅਸੀ ਬਾਹਰ ਖੇਤਾਂ ਨੂੰ  ਚਲਦੇ ਹਾਂ ।ਰੋਟੀ ਤਾਂ ਖਾਹ ਲਈ ਪਰ ਬਿੱਲੂ ਨੂੰ ਚੈਨ ਜਿਹਾ ਨਹੀ ਸੀ ਆ ਰਿਹਾ ।ਉੱਠ ਬਾਹਰ ਵੇਖਦਾ ਤਾਂ ਭਾਈਆਂ ਜੀ ਪੈਰੀ ਪੈਣੀ ਹਾਂ ?ਮੂੰਹ ਤੇ ਘੁੰਡ ਤੇ ਮਿੱਠੀ ਜਿਹੀ ਜੁਬਾਨ ਨਾਲ ਸ਼ਰਮਿੰਦੀ ਜਿਹੀ ਹੋ ਗਈ ਸੀ ਕਿਉਂਕਿ ਉਸ ਨੂੰ ਪਤਾ ਨਹੀ ਸੀ ਕੇ ਦੇਰ ਰਾਤ ਘਰ ਪਹੁੰਚਿਆਂ ਬਿੱਲੂ ਇਕ ਮਹੀਨੇ ਦੀ ਛੁੱਟੀ ਆਇਆਂ ਹੈ, ਕਿਉਂਿਕ ਗੱਡੀ ਦੇ ਲੇਟ ਹੋਣ ਕਾਰਣ ਅੱਡੇ ਤੋ ਗੱਡੀ ਬੱਸ ਨਾ ਮਿਲਣ ਕਰਕੇ ਟਾਂਗੇ ਤੇ ੧੨ਵੱਜੇ ਘਰ ਪਹੁੰਚਿਆ ਤੇ ਰੋਟੀ ਖਾਹ ਸੌਂ ਗਿਆ ਸੀ ਸਵੇਰੇ ਸਾਰਿਆਂ ਨੂੰ ਮਿਲਾਗੇ ।ਦੋਵੇਂ ਭਰਾ੍ਹ ਬੜੇ ਸ਼ਰੀਫ ਪਰ ਇਕ ਦੀ ਜਨਾਨੀ ਬੜੀ ਬਦ-ਹਯਾਅ ਸੀ।ਸਵਰਨੋ ਕੀ ਹੋਇਆਂ ਅੱਜ ਸਵੇਰੇ ਸਵੇਰੇ ?ਨਹੀ ਨਹੀ ਭਾਈਆਂ ਜੀ ਕੁਝ ਨਹੀ ਮੂੰਹ ਤੇ ਘੁੰਡ ਫਟਾਫਟ ਕਰ ਲਿਆ ਤੇ ਪੈਰੀ ਪੈਨੀ ਹਾਂ ਭਾਇਆ ਜੀ ਕਹਿ ਤੁਸੀ ਕਦੋ ਆਏ , ਸੁੱਖ-ਸਾਂਦ ਪੁੱਛ ਉਸ ਵਕਤ ਤਾਂ ਘਰੇ ਚਲੀ ਗਈ ।੧੦-੧੫ ਦਿਨ ਸੋਹਣੇ ਸੁੱਖ ਨਾਲ ਲੰਘੇ ਪਰ  ਕਿਥੇ ਜਿਸ ਨੂੰ ਆਦਤ ਹੋਵੇ ਬਕਵਾਸ ਤੇ ਨਾਲੇ ਆਦਤ ਪਈ ਹੋਵੇ ਲ੍ਹੜਣ ਤੇ ਝਗੜਣ ਦੀ ਉਹ ਕਿਥੇ ਬਾਜ ਆਉਂਦਾ ਹੈ, ਆ ਦੌਰਾ ਪਿਆ ਲੜਾਈ ਦਾ ਪਰ ਇਸ ਵਾਰ ਤਾਂ ਹੱਦ ਹੀ ਹੋ ਗਈ ,ਜਿਹੜੀ ਪੰਦਰ੍ਹਾਂ ਦਿਨ ਪਹਿਲਾ ਘੁੰਡ ਕੱਡਕੇ ਪੈਰੀ ਪੈ ਅਸ਼ੀਰਵਾਦ ਲੈ ਰਹੀ ਸੀ ਅੱਜ ਕੁੱਤਿਆ ਤੇ ਕੰਜਰਾ ਤੱਕ ਬੋਲ ਰਹੀ ਸੀ ,ਉਸ ਵਿਚਾਰੇ ਨੇ ਇੰਨੀ ਹੀ ਗੱਲ ਕਹੀ ਸੀ ਕੀ ਤੂੰ ਕੋਈ ਵੱਡੇ ਛੋਟੇ ਦੀ ਸ਼ਰਮ ਕਰਿਆ ਕਰ ਅਪਣੇ ਸ਼ਰੀਫ ਮਾਂ-ਬਾਪ ਦਾ ਕਿਉਂ ਨਾਮ ਬਦਨਾਮ ਕਰ ਰਹੀ ਹੈ ?ਸਵਰਨੋ ਤਾਂ ਵਾਹ ਦੇ ਘੋੜੇ ਚ੍ਹੜ ਗਈ, ਚਲ ਚਲ ਤੂੰ ਵੀ ਰੰਨ ਦੇ ਥੱਲੇ ਲੱਗਾ ਏ ? ਉਹ ਤਾਂ ਵਿਚਾਰੀ ਬੋਲਦੀ ਹੀ ਨਹੀ ਪਈ ,ਉਸ ਦਿਨ ਵੀ ਉਹ ਤੇਰੇ ਪ੍ਹੜਦੇ ਪਾਈ ਜਾਂਦੀ ਸੀ ਤੇ ਹੁਣ ਵੀ ਮੈਨੂੰ ਹੀ ਕਹਿ ਰਹੀ ਏ ਛੱਡੋ ਪਰਾ ਤੁਸਾਂ ਕੀ ਲੈਣਾ ਅਸੀ ਫਿਰ ਇੱਕਠੇ ਹੀ ਰਹਿਣਾ ਹੈ ,ਪਰ ਤੂੰ ਤਾਂ ਸਵਰਨੋ ਕਿਸੇ ਨੂੰ ਕੁਝ ਸਮਝਦੀ ਹੀ ਨਹੀ ,ਬਸ ਜੀ ਵਾਹ ਦੇ ਘੋੜੇ ਚ੍ਹੜ ਗਈ ,ਤੇਰੀ ਜਨਾਨੀ ਘੋਸਨ ਹੁਣ ਬੜੀ ਚੁੱਪ ਬਣੀ ਬੈਠੀ ਹੈ ,ਮੈਂ ਜਾਨਦੀ ਹਾਂ ਜਿੰਨੀ ਕੁ ਭਲੀਮਾਣਸ ਹੈ ਹਰਾਮਜਾਦੀ , ਹਰਾਮਜਾਦੀ ਕਹਿਣ ਦੀ ਗੱਲ ਸੀ ਕਿ ਬਿੱਲੂ ਨੂੰ ਵੀ ਗੁੱਸਾ ਆ ਗਿਆ ਹਰਾਮਜਾਦੀ ਉਹ ਨਹੀ ਤੂੰ ਏ ਜਿਸਨੂੰ ਕੋਈ ਮਾਂ-ਬਾਪ,ਰਿਸ਼ਤੇਦਾਰੀ ਦੀ ਕੋਈ ਸਮਾਜ ਦੀ ਇਜ਼ਤ ਨਹੀ ਅਪਣੇ ਵੱਲ ਝਾਤੀ ਮਾਰ ਤੂੰ ਕਿੰਨੀ ਕੁ ਚੰਗੀ ਹੈ ? ਕਹਿਣ ਦੀ ਦੇਰ ਸੀ ਪਿੱਟ ਸਿਆਪਾ ਪੈ ਗਿਆ, ਹਾਂ ਤੂੰ ਕੋਣ ਹੁੰਦਾ ਮੈਨੂੰ ਬਦਮਾਸ਼ ਕਹਿਣ ਵਾਲਾ ਗੰਦਾ ਤੂੰ ,ਤੇਰੀ ਮਾਂ ਤੇਰੀ ਭੈਣ, ਤੇਰੀ ਕੰਜਰੀ ਜਨਾਨੀ ਲੈ ਕੰਜਰਾ ਤੇਰੇ ਕੋਲੋ ਕੋਈ ਘੁੰਡ ਨਹੀ ਕੋਈ ਸ਼ਰਮ ਨਹੀ ਕੋਈ ਤੇਰੇ ਘਰਦਿਆਂ ਨਾਲ ਸਾਡਾ ਅੱਜ ਤੋ ਰਿਸ਼ਤਾ ਨਹੀ ਹੈ ।ਮੈਨੂੰ ਅੱਜ ਉਹ ਸੀਨ ਯਾਦ ਆਇਆ ਤਾਂ ਅੱਜ ਦੀਆਂ ਕੁੜੀਆਂ ਤੇ ਤਰਸ ਜਿਹਾ ਆ ਗਿਆਂ ਕਿ ਉਹ ਤਾਂ ਪਹਿਲਾ ਹੀ ਕੋਈ ਰਿਸ਼ਤਾ ਨਾਲ ਲੈ ਕੇ ਆਉਂਦੀਆ ਹੀ ਨਹੀ  ਸੋਹਰੇ ਘਰ,ਉਹ ਪਹਿਲੇ ਹੀ ਸਿਰਫ ਅਪਣੇ ਮਾਂ-ਬਾਪ ਭੈਣ ਭਰਾਵਾਂ ਤੇ ਅਪਣੇ ਹੀ ਘਰਦਿਆਂ ਦੇ ਰਿਸ਼ਤੇ ਲੈ ਕੇ ਆਉਂਦੀਆਂ ਹਨ ।ਉਹ ਤਾਂ ਚੂੰਨੀਆਂ ਵੀ ਘਰ ਹੀ ਛੱਡ ਕੇ ਆਉਣਾ ਚਾਹੁੰਦੀਆਂ ਹਨ ਪਰ ਥੌੜੀ ਦੇਰ ਵਾਸਤੇ ਉਹ ਵੀ ਚੰਗੀਆਂ ਤੇ ਖਾਨਦਾਨੀ ਬਨਣ ਵਾਸਤੇ ਵਿਰਸੇ ਨੂੰ ਯਾਦ ਰੱਖਦੀਆਂ ਹਨ ਦੱਸਣ ਵਾਸਤੇ ਕਈ ਢੋਂਗ-ਪਾਖੰਡ ਕਰਨ ਤੇ ਉੱਤਰਦੀਆਂ ਹਨ ।ਪਰ ਜਿੰਨਾਂ ਦੀਆਂ ਮਾਂਵਾਂ ਖੁੱਦ ਸਵਰਨੋ ਵਰਗੀਆਂ ਹੋਣਗੀਆਂ ਧੀਆਂ ਕਿਧਰੋ ਘੱਟ ਹੋਣਗੀਆਂ ਦੁੱਧ ਤਾਂ ਮਾਂ ਦਾ ਹੀ ਪੀਤਾ ਹੈ । ਜੋ ਕੁੜੀਆਂ ਮਾਪਿਆ ਦਾ ਜਿਆਦਾ ਖਿਆਲ ਤੇ ਸੋਹਰੇ ਘਰ ਦੀਆਂ ਨਕਲਾ ਤੇ ਛੋਟੀਆਂ ਛੋਟੀਆਂ ਗੱਲਾਂ ਦਾ ਬਤੰਗੜ ਬਣਾਉਂਦੀਆ ਹਨ ਸਾਰੀ ਜਿੰਦਗੀ ਖਤਾ ਤੇ ਖੱਜਲ ਖੁਆਰ ਹੁੰਦੀਆਂ ਹਨ,ਨਾਂ ਬੱਚਿਆਂ ਦੀਆਂ ਚੰਗੀਆਂ ਮਾਂਵਾਂ, ਨਾਂ ਸੱਸ ਸੋਹਰੇ ਦੀਆਂ ਚੰਗੀਆਂ ਨੂੰਹਾਂ ਤੇ ਨਾਂ ਪਤੀਆਂ ਦੀਆਂ ਚੰਗੀਆਂ ਅੋਰਤਾਂ ਤੇ ਨਾਂ ਸਮਾਜ ਵਿਚ ਚੰਗੀਆਂ ਬੁੱਧੀਜੀਵ ਅਖਵਾ ਸਕਦੀਆਂ ਹਨ ।ਚਲੋ ਪੜਦਾ ਚਾਹੇ ਅੱਖਾਂ ਦਾ ਦਿਲ ਦਾ ਭਾਵੇਂ ਸਤਿਕਾਰ ਦਾ ਪਰ ਵੱਡਿਆਂ ਦਾ ਕਿਵੇਂ ਕਿਹੜੇ ਦਰਜੇ ਤੇ ਉਹ ਚਾਹੇ ਬਾਹਰ ਰਹਿੰਦੇ ਹੋਣ ਭਾਵੇਂ ਪਿੰਡ ਤੇ ਭਾਵੇ ਪ੍ਹੜੇ ਤੇ ਭਾਵੇਂ ਅਨਪ੍ਹੜ ਸਤਿਕਾਰ ਅਪਣਾ ਵਿਰਸਾ ,ਅਪਣੀ ਬੋਲੀ,ਅਪਣਾ ਪਿਛੋਕੜ, ਅਪਣੀਆਂ ਰੀਤੀ ਰਿਵਾਜਾਂ ਦੀਆਂ ਬਾਤਾਂ ਨਹੀ ਭੁੱਲਣੀਆਂ ਚਾਹੀਦੀਆ ।ਜਿਸ ਪ੍ਰੀਵਾਰ ਵਿਚ ਪਰਦਾ, ਸ਼ਰਮ ,ਸਤਿਕਾਰ ਤੇ ਮਾਂ ਦੀ ਸ਼ਿੱਖਸ਼ਾ ਕੁੜੀਆਂ ਕੋਲ ਹੈ, ਰੱਬ ਦਾ ਨਾਮ ਖੋਫ ਤੇ ਅਪਣੀ ਗਰੀਬੀ ਦਾ ਅਹਿਸਾਸ ਹੈ ਉਹ ਕਦੀ ਵੀ ਘਰ ਨਹੀ ਉਜੜਦੇ ਸਮਾਜ ਵਿਚ ਉਹਨਾਂ ਦਾ ਨਾਮ ਹੁੰਦਾ ਹੈ, ਸਤਿਕਾਰ ਹੁੰਦਾ ਹੈ, ਮਾਣ ਹੁੰਦਾ,ਉਹ ਪਰੀਵਾਰ ਇਕ ਉਦਾਹਰਣ ਬਣ ਜਾਂਦਾ ਹੈ, ਹੁਣ ਤਾਂ ਮੰਨ ਦਾ ਹੀ ਪਰਦਾ ਅਸੀ ਕਹਾਂਗੇ ਰੱਖ ਸਕਦੇ ਹੋ ਨਹੀ ਤਾਂ ਸੋ ਗੁਣਾ ਦੁੱਖ ਭੋਗਣੇ ਪੈਣਗੇ ਦੁੱਖ ਦੇਣ ਵਾਲਿਆਂ ਨੂੰ ਇਸ ਨਿੱਕੇ ਜਿਹੇ ਪਰਦੇ ਕਾਰਨ ਕਈ ਵੱਡੇ ਪੜਦੇ ਖੁੱਲਣ ਲਈ ਜਨਮ ਲੈ ਲੈਂਦੇ ਹਨ ,ਫਿਰ ਸਵਰਨੋ ਵਾਂਗੋ ਇਹ ਨਾਂ ਸੁਨਣਾ ਪਵੇ ਲੱਥੀ ਲੋਈ ਤੇ ਕੀ ਕਰੇਗਾ ਕੋਈ ।ਭਾਵੇਂ ਉਹ ਸਭ ਇਸ ਦੁਨੀਆਂ ਤੋ ਦੂਰ ਚਲੇ ਗਏ ਹਨ ਪਰ ਉਹਨਾਂ ਦੇ ਬੋਲ ਤੇ ਗੱਲਾਂ ਅਜੇ ਵੀ ਉਵੇਂ ਹੀ ਕੰਨਾਂ ਵਿਚ ਜਿੰਦਾ ਹਨ । ਇਸ ਕਰਕੇ ਸਦਾ ਕਿਸੇ ਨੂੰ ਨੀਵਾਂ ਤੇ ਅਪਣੇ ਤੋ ਘੱਟ ਨਾ ਸਮਝੋ ।          
(ਸਮਾਪਤ)