Saturday, October 10, 2009

ਸਾਵਧਾਨ ਮਿੱਤਰੋ!! ਕਿਤੇ 'ਯੂ.ਕੇ.' ਵੀ 'ਆਸਟਰੇਲੀਆ' ਨਾ ਬਣਜੇ....। -ਮਨਦੀਪ ਖੁਰਮੀ ਹਿੰਮਤਪੁਰਾ


ਸਾਵਧਾਨ ਮਿੱਤਰੋ!! ਕਿਤੇ 'ਯੂ.ਕੇ.' ਵੀ 'ਆਸਟਰੇਲੀਆ' ਨਾ ਬਣਜੇ....।   -ਮਨਦੀਪ ਖੁਰਮੀ ਹਿੰਮਤਪੁਰਾ
     
               ਇੰਗਲੈਂਡ ਦੀ ਧਰਤੀ 'ਤੇ ਪ੍ਰਵਾਸ ਕਰਨ ਜਾ ਰਹੇ ਮੇਰੀ ਪੂਜਣਯੋਗ ਧਰਤੀ ਦੇ ਜੰਮਪਲ ਵੀਰੋ!....... ਕਿਸੇ ਬੇਗਾਨੇ ਦੀ ਗੁਲਾਮੀ ਕਰਨ ਲਈ ਹਰ ਪੈਰ ਮਜ਼ਬੂਰੀ 'ਚ ਹੀ ਉੱਠਦੈ। ਮੈਥੋਂ ਪਹਿਲਾਂ ਪ੍ਰਵਾਸ ਕਰਕੇ ਆਏ ਬਜ਼ੁਰਗ ਵੀ ਕਿਸੇ ਮਜ਼ਬੂਰੀ ਦੇ ਝੰਬੇ ਹੀ ਆਏ ਹੋਣਗੇ, ਮੈਂ ਵੀ ਕਿਸੇ ਵਿਰਲ ਨੂੰ ਪੂਰਨ ਦੇ ਮਨਸ਼ੇ ਨਾਲ ਹੀ ਆਪਣਾ ਪਿਆਰਾ ਵਤਨ ਛੱਡ ਕੇ ਆਇਆ ਹਾਂ ਅਤੇ ਅੱਜ ਤੁਸੀਂ ਵੀ ਆਪਣੇ ਭਵਿੱਖੀ ਸੁਪਨਿਆਂ ਨੂੰ ਨੇਪਰੇ ਚਾੜ੍ਹਨ ਦੇ ਮਕਸਦ ਨਾਲ ਹੀ ਵਿਲਕਦੇ ਮਾਂ- ਬਾਪ ਜਾਂ ਭੈਣ ਭਰਾਵਾਂ ਨੂੰ ਛੱਡ ਕੇ ਆਏ ਹੋਵੋਗੇ। ਬੇਸ਼ੱਕ ਵਿਦਿਆਰਥੀ ਵੀਜ਼ਾ ਲੈ ਕੇ ਆਏ ਹੋ ਜਾਂ ਫਿਰ 'ਵਿਦਿਆਰਥੀ ਬੀਬੀ' ਜਾਂ 'ਵਿਦਿਆਰਥੀ ਕਾਕੇ' ਨਾਲ ਡਿਪੈਂਡੈਂਟ ਵੀਜ਼ਾ ਲੈ ਕੇ ਆਏ ਹੋ..... ਸਭ ਤੋਂ ਪਹਿਲਾਂ ਸਾਡੇ ਸਭ ਲਈ ਸਦਾ ਬੇਗਾਨੀ ਰਹਿਣੀ ਧਰਤੀ 'ਤੇ ਪੈਰ ਰੱਖਣ 'ਤੇ ਜੀ ਆਇਆਂ...!
     ਪਿਆਰੇ ਵੀਰੋ/ਭੈਣੋ ਤੁਹਾਡੀ ਦੁਖਦੀ ਰਗ ਵੀ ਇਹੋ ਹੀ ਹੈ ਕਿ ਜੇ ਸਾਡੇ ਦੇਸ਼ ਦੀ ਸਰਕਾਰ 'ਚ ਤੰਤ ਹੁੰਦਾ ਜਾਂ ਆਪਣੇ ਹੀ ਦੇਸ਼ 'ਚ ਮਿਹਨਤ ਜਾਂ ਲਿਆਕਤ ਦਾ ਮੁੱਲ ਪੈਂਦਾ ਤਾਂ ਕਿਉਂ ਐਸਾ ਜੱਫਰ ਜਾਲਦੇ? ਚੱਲੋ ਦਿਲ ਥੋੜ੍ਹਾ ਕਰਨ ਵਾਲੀ ਵੀ ਕੋਈ ਗੱਲ ਨਹੀਂ। ਜੇ ਆ ਗਏ ਹੋ ਜਾਂ ਫਿਰ ਆਉਣ ਲਈ ਬੋਰੀਆ ਬਿਸਤਰਾ ਬੰਨ੍ਹੀ ਬੈਠੇ ਹੋ ਤਾਂ ਆਪਣੇ ਇਸ ਕਮਅਕਲ ਵੀਰ ਦੀ ਗੱਲ ਜਰੂਰ ਚੇਤੇ ਰੱਖਿਓ ਕਿ 'ਗੰਗਾ ਗਏ ਗੰਗਾ ਰਾਮ, ਯਮੁਨਾ ਗਏ ਯਮੁਨਾ ਦਾਸ'। ਇਹ ਸਤਰਾਂ ਲਿਖਣ ਬੈਠਣ ਦਾ ਕੋਈ ਖਾਸ ਮਕਸਦ ਨਹੀਂ ਸੀ ਪਰ ਆਸਟਰੇਲੀਆ 'ਚ ਭਾਰਤੀ ਵਿਦਿਆਰਥੀਆਂ (ਖਾਸ ਕਰਕੇ ਪੰਜਾਬੀ) 'ਤੇ ਜੋ ਨਸਲੀ ਵਿਤਕਰੇ ਹੋਣ ਦੀਆਂ ਪੜ੍ਹੀਆਂ ਖਬਰਾਂ ਤੇ ਇਹਨਾਂ ਖ਼ਬਰਾਂ ਦੀ ਕੁੱਝ ਹੱਦ ਤੱਕ ਸੱਚਾਈ ਬਿਆਨ ਕਰਦੇ ਨੌਜ਼ਵਾਨ ਲੇਖਕ ਰਿਸ਼ੀ ਗੁਲਾਟੀ ਅਤੇ ਮਿੰਟੂ ਬਰਾੜ ਦੇ ਲਿਖੇ ਲੇਖਾਂ ਨੇ ਐਸਾ ਤਰਥੱਲ ਜਿਹਾ ਪਾਇਆ ਕਿ ਮੈਂ ਬੇਮੱਤਾ ਤੁਹਾਨੂੰ ਮੱਤ ਦੇਣ ਦੀ ਗੁਸਤਾਖੀ ਕਰਨ ਜਾ ਰਿਹਾ ਹਾਂ। ਇਹ ਸਤਰਾਂ ਇਸ ਲਈ ਵੀ ਲਿਖਣੀਆਂ ਪੈ ਰਹੀਆਂ ਹਨ ਕਿਉਂਕਿ ਯੂ. ਕੇ. ਦੀ 'ਸੌਖੀ' ਕੀਤੀ ਵੀਜ਼ਾ ਪ੍ਰਣਾਲੀ ਕਾਰਨ ਇੰਗਲੈਂਡ 'ਚ ਪੈਰ ਪਾ ਚੁੱਕੇ ਕੁਝ ਕੁ ਛੋਟੇ ਵੀਰਾਂ ਦੀਆਂ ਕਰਤੂਤਾਂ ਦੇਖਣ ਦਾ 'ਸੁਭਾਗ' ਪ੍ਰਾਪਤ ਕਰ ਚੁੱਕਾ ਹਾਂ। ਅੰਤਾਂ ਦੇ ਸੱਭਿਅਕ ਮੁਲਕ 'ਚ ਸਾਊਥਾਲ ਦੇ ਰੇਲਵੇ ਸਟੇਸ਼ਨ 'ਤੇ ਇੱਕ ਦੂਜੇ ਨੂੰ 'ਤੇਰੀ ਮਾਂ.... ਜਾਂ ਤੇਰੀ ਭੈਣ ਦੀ' ਆਦਿ ਦੀ ਗਾਲ੍ਹ ਨਾਲ ਸੰਬੋਧਨ ਕਰਦਿਆਂ ਜਾਂ ਫਿਰ ਜੁਆਕਾਂ ਵਾਂਗ 'ਛੂਹਣ- ਛੁਹਾਈ' ਖੇਡਣ ਵਾਂਗ ਇੱਕ ਦੂਜੇ ਪਿੱਛੇ ਭੱਜੇ ਫਿਰਦਿਆਂ ਨੂੰ ਦੇਖਕੇ ਇਹ ਮਹਿਸੂਸ ਹੋਇਆ ਕਿ ਸ਼ਾਇਦ ਅਸੀਂ ਜਹਾਜ਼ ਚੜ੍ਹਨ ਦੇ ਚਾਅ ਵਿੱਚ ਬੇਗਾਨੇ ਮੁਲਕ 'ਚ ਰਹਿਣ- ਸਹਿਣ ਦੇ ਸਲੀਕੇ ਦੀ ਲਿਆਕਤ ਪਿੰਡ ਹੀ ਕਿੱਲੀ 'ਤੇ ਟੰਗੀ ਭੁੱਲ ਆਏ ਹਾਂ। ਆਸਟਰੇਲੀਆ ਵਿੱਚ ਭਾਰਤੀ ਵਿਦਿਆਰਥੀਆਂ ਨਾਲ ਹੋਏ ਕਥਿਤ ਦੁਰਵਿਵਹਾਰ ਅਤੇ ਵਿਰੋਧ 'ਚ ਹੋਈਆ ਹੜਤਾਲਾਂ, ਭੰਨ ਤੋੜ ਦੀਆਂ ਘਟਨਾਵਾਂ ਨੇ ਦੁਜਿਆਂ ਦੇ ਠੂਠਿਆਂ 'ਚ ਵੀ ਲੱਤ ਮਾਰ ਧਰੀ ਹੈ। ਜਿਸਦੇ ਸਿੱਟੇ ਵਜੋਂ ਆਸਟਰੇਲੀਆ ਸਰਕਾਰ ਹੁਣ ਵਿਦਿਆਰਥੀ ਵੀਜ਼ੇ ਦੇਣ ਲਈ ਫੂਕ ਫੂਕ ਕੇ ਕਦਮ ਪੁੱਟ ਰਹੀ ਹੈ। ਆਸਟਰੇਲੀਆ ਸਰਕਾਰ ਦੇ ਵਿਦਿਆਰਥੀਆਂ ਤੋਂ ਭੰਗ ਹੋਏ ਮੋਹ ਨੂੰ ਇੰਗਲੈਂਡ ਸਰਕਾਰ ਨੇ ਆਪਣੀ ਝੋਲੀ ਪਾਉਣ ਦਾ ਫੈਸਲਾ ਲਿਆ ਹੈ। ਜਿਸ ਤਹਿਤ ਇੱਕਦਮ ਹੀ ਵੀਜ਼ਾ ਸ਼ਰਤਾਂ ਨਰਮ ਕਰ ਦਿੱਤੀਆਂ ਹਨ। ਇੱਥੋਂ ਤੱਕ ਕਿ ਅੰਗਰੇਜੀ ਦਾ ਗਿਆਨ ਹੋਣਾ ਜਾਂ ਨਾ ਹੋਣਾ ਵੀ ਕਿਸੇ ਖਾਤੇ 'ਚ ਨਹੀਂ ਆਉਂਦਾ। ਜੀਹਨੇ ਪੌਂਡਾਂ 'ਚ ਤਬਦੀਲ ਕਰਕੇ ਫੀਸ ਭਰੀ, ਉਸੇ ਲਈ ਹੀ ਇੰਗਲੈਂਡ ਦਾ ਵੀਜ਼ਾ ਘੜੱਚ ਕਰਕੇ ਲੱਗ ਗਿਆ ਅਤੇ ਨਿਰੰਤਰ ਲੱਗ ਰਿਹਾ ਹੈ। ਗੋਰਿਆਂ ਨੂੰ ਭਲੀਭਾਂਤ ਪਤਾ ਹੈ ਕਿ ਬੇਸ਼ੱਕ ਭਾਰਤੀ ਲੋਕ ਸਾਨੂੰ ਇਹ ਕਹਿ ਕੇ ਡੀਂਗਾਂ ਮਾਰਦੇ ਫਿਰਨ ਕਿ "ਅਸੀਂ ਗੋਰਿਆਂ ਨੂੰ ਆਪਣੇ ਮੁਲਕ 'ਚੋਂ ਕੱਢ ਦਿੱਤੈ, ਹੁਣ ਅਸੀਂ ਆਜ਼ਾਦ ਹਾਂ।" ਪਰ ਭਾਰਤੀ ਲੋਕ ਤਾਂ ਵਿਚਾਰੇ ਫਿਰ ਗੁਲਾਮ ਹੋਣ ਲਈ ਆੜ੍ਹਤੀਆਂ ਤੋਂ, ਬੈਂਕਾਂ ਤੋਂ ਕਰਜ਼ੇ ਲੈ ਕੇ, ਜ਼ਮੀਨਾਂ ਵੇਚ ਵੱਟ ਕੇ ਮੁੜ ਉਹਨਾਂ ਦੇ ਗੁਲਾਮ ਹੋਣ ਲਈ ਲਿਲਕੜੀਆਂ ਕੱਢਦੇ ਆ ਰਹੇ ਹਨ। ਗੱਲ ਇੱਥੋਂ ਸ਼ੁਰੂ ਹੁੰਦੀ ਹੈ ਕਿ ਆਸਟਰੇਲੀਆ ਤੋਂ ਬਾਦ ਇੰਗਲੈਂਡ ਸਰਕਾਰ ਨੂੰ ਕੀ ਲੋੜ ਪਈ ਸੀ ਕਿ ਵਿਦਿਆਰਥੀਆਂ ਲਈ ਧੜਾਧੜ ਵੀਜ਼ੇ ਖੋਲ੍ਹ ਦਿੱਤੇ ਹਨ? ਇੱਕ ਪਾਸੇ ਤਾਂ ਆਰਥਿਕ ਮੰਦੀ ਦੇ ਨਾਂ 'ਤੇ ਹਰ ਰੋਜ਼ ਕੰਪਨੀਆਂ ਵੱਲੋਂ ਆਪਣੇ ਕਾਮੇ ਕੰਮ ਤੋਂ ਲਾਂਭੇ ਕਰੇ ਜਾ ਰਹੇ ਹਨ। ਦੂਜੇ ਪਾਸੇ ਇੰਗਲੈਂਡ ਸਰਕਾਰ ਵੱਲੋਂ ਆਰਥਿਕ ਮੰਦੇ ਨਾਲ ਦੋ ਹੱਥ ਕਰਨ ਲਈ 'ਵਿਦਿਆਰਥੀ ਵੀਜ਼ਾ' ਮਾਰਕਾ ਫਾਰਮੂਲਾ ਅਪਣਾ ਕੇ ਜਰੂਰ ਆਪਣੇ ਖਜ਼ਾਨਿਆਂ ਨੂੰ ਰੰਗ-ਭਾਗ ਲਾ ਲਏ ਹਨ। ਇਸ ਤੋਂ ਪਹਿਲਾਂ ਆਸਟਰੇਲੀਆ ਸਰਕਾਰ ਵੀ ਵਗਦੀ ਗੰਗਾ 'ਚ ਹੱਥ ਧੋ ਚੁੱਕੀ ਹੈ। ਜ਼ਿਕਰਯੋਗ ਹੈ ਕਿ ਇੰਗਲੈਂਡ ਵਿੱਚ ਬੇਰੁਜ਼ਗਾਰੀ ਪਿਛਲੇ ਸਭ ਅੰਕੜੇ ਪਾਰ ਕਰਦੀ ਨਜ਼ਰੀਂ ਪੈ ਰਹੀ ਹੈ। ਅਜੋਕੇ ਹਾਲਾਤਾਂ ਨੂੰ ਅਰਥ ਸ਼ਾਸ਼ਤਰੀ ਰਾਸ਼ਟਰੀ ਸੰਕਟ ਦਾ ਨਾਂ ਦੇ ਰਹੇ ਹਨ ਕਿ ਹਰ ਪੰਜਵਾਂ ਨੌਜ਼ਵਾਨ ਨੌਕਰੀ ਪ੍ਰਾਪਤ ਕਰਨੋਂ ਅਸਮਰੱਥ ਹੈ। ਪਿਛਲੇ ਚੌਦਾਂ ਸਾਲਾਂ ਦੇ ਮੁਕਾਬਲੇ ਇੰਗਲੈਂਡ ਵਿੱਚ ਬੇਰੁਜ਼ਗਾਰਾਂ ਦੀ ਸੰਖਿਆ ਢਾਈ ਮਿਲੀਅਨ ਦੇ ਅੰਕੜੇ ਦੇ ਆਸ- ਪਾਸ ਪੁੱਜ ਗਈ ਹੈ। ਮਈ 2009 ਤੋਂ ਜੁਲਾਈ 2009 ਦੇ ਤਿੰਨਾਂ ਮਹੀਨਿਆਂ ਵਿੱਚ ਹੀ ਬੇਰੁਜ਼ਗਾਰਾਂ ਦਾ ਅੰਕੜਾ 2 ਲੱਖ 10 ਹਜ਼ਾਰ ਨੂੰ ਪੁੱਜ ਗਿਆ ਹੈ। ਆਉਣ ਵਾਲੇ ਦਿਨਾਂ ਵਿੱਚ ਬੇਰੁਜ਼ਗਾਰੀ ਹੋਰ ਵਧਣ ਦੇ ਸ਼ੰਕੇ ਪ੍ਰਗਟਾਉਂਦੀ ਆਰਗੇਨਾਈਜੇਸ਼ਨ ਫਾਰ ਇਕਨਾਮਿਕ ਕਾਰਪੋਰੇਸ਼ਨ ਐਂਡ ਡਿਵਲਪਮੈਂਟ ਦੀ ਰਿਪੋਰਟ ਦਾ ਕਹਿਣਾ ਹੈ ਕਿ ਦਸੰਬਰ 2007 ਤੋਂ ਜੁਲਾਈ 2009 ਦਰਮਿਆਨ 15 ਮਿਲੀਅਨ ਨੌਕਰੀਆਂ ਵਿੱਚ ਗਿਰਾਵਟ ਆਈ ਪਰ ਅਗਲੇ ਸਾਲ ਦੇ ਅਖੀਰ ਤੱਕ 10 ਮਿਲੀਅਨ ਹੋਰ ਨੌਕਰੀਆਂ ਖੁੱਸ ਸਕਦੀਆਂ ਹਨ। ਅਜਿਹੇ ਪੇਚੀਦਾ ਹਾਲਾਤਾਂ ਵਿੱਚ ਇੰਗਲੈਂਡ ਸਰਕਾਰ ਵੱਲੋਂ ਥੋਕ ਦੇ ਭਾਅ ਦਿੱਤੇ ਵੀਜੇ ਇਹੀ ਦਰਸਾ ਰਹੇ ਹਨ ਕਿ "ਲਾਗੀਆਂ ਨੇ ਤਾਂ ਲਾਗ ਲੈਣਾ ਸੀ, ਕੁੜੀ ਭਾਵੇਂ ਜਾਂਦੀ ਰੰਡੀ ਹੋਜੇ" ਭਾਵ ਕਿ ਸਰਕਾਰ ਵੱਲੋਂ ਕੋਰਸਾਂ ਰਾਹੀ ਜੋ ਮਾਇਆ ਇਕੱਠੀ ਕਰਨੀ ਸੀ, ਉਹ ਕਰ ਲਈ ਜਾਂ ਕਰ ਰਹੀ ਹੈ ਪਰ ਕੰਮ ਦੀ ਗਾਰੰਟੀ ਕੋਈ ਨਹੀਂ ਹੈ। ਜਿੱਥੇ ਦੇਸ਼ ਦੇ ਪੱਕੇ ਵਸਨੀਕ ਜਾਂ ਜੰਮਪਲ ਹੀ ਕੰਮ ਲਈ ਖੱਲ- ਖੂੰਜਿਆਂ 'ਚ ਹੱਥ ਮਾਰ ਰਹੇ ਹਨ ਉੱਥੇ ਵਿਦਿਆਰਥੀ ਵੀਜ਼ਿਆਂ ਰਾਹੀਂ ਭਵਿੱਖ ਦੇ ਜਿੰਦਰਿਆਂ ਦੀਆਂ ਚਾਬੀਆਂ ਲੱਭਣ ਆਏ ਨੌਜਵਾਨ ਕੀਹਦੇ ਪਾਣੀਹਾਰ ਨੇ। ਵਿਦਿਆਰਥੀ ਵੀਜ਼ਿਆਂ ਰਾਹੀਂ ਆਉਣ ਵਾਲੇ ਨੌਜਵਾਨਾਂ ਕਾਰਨ ਇੰਗਲੈਂਡ ਦੇ ਗੁਰਦੁਆਰਿਆਂ, ਮਸਜਿਦਾਂ, ਮੰਦਰਾਂ ਵਿੱਚ ਵੀ ਭੀੜ ਵਧਣੀ ਸ਼ੁਰੂ ਹੋ ਗਈ ਹੈ। ਕੰਮ ਵਿਹੂਣਾ ਆਦਮੀ ਜਦੋਂ ਆਪਣਾ ਰੋਟੀ ਟੁੱਕ ਚਲਾਉਣ ਤੋਂ ਅਸਮਰੱਥ ਹੋ ਜਾਂਦਾ ਹੈ ਤਾਂ ਧਾਰਮਿਕ ਅਸਥਾਨ ਹੀ ਪੇਟ ਨੂੰ ਝੁਲਕਾ ਦੇਣ ਦਾ ਸਾਧਨ ਬਣਦੇ ਹਨ। ਸੁਨਣ ਵਿੱਚ ਆ ਰਿਹਾ ਹੈ ਕਿ ਪੰਜਾਬ ਦੇ ਕਈ ਦੁਕਾਨਦਾਰ ਵੀ ਵਿਚਾਰੇ ਰਿਉੜੀਆਂ ਪਕੌੜੀਆਂ ਵੇਚਦੇ ਵੇਚਦੇ ਇੰਗਲੈਂਡ ਦੇ ਵੀਜ਼ੇ 'ਲਵਾਉਣ' ਦੇ ਮਾਹਿਰ ਏਜੰਟ ਬਣੇ ਫਿਰਦੇ ਹਨ। 'ਹਰ ਸ਼ਾਖ ਪੇ ਉੱਲੂ ਬੈਠਾ ਹੈ, ਅੰਜ਼ਾਮ-ਏ-ਗੁਲਸਿਤਾਂ ਕਿਆ ਹੋਗਾ' ਵਾਂਗ ਮੇਰੇ ਸੋਹਣੇ ਦੇਸ਼ ਦੇ ਲੀਡਰ ਲੋਕਾਂ ਨੂੰ ਲੁੱਟਣ ਅਤੇ ਕੁੱਟਣ ਤੋਂ ਹੀ ਵਿਹਲੇ ਨਹੀਂ ਹੁੰਦੇ, ਲੋਕਾਂ ਦੀ ਜੂਨ ਸੁਧਾਰਨ ਦੀ ਉਹਨਾਂ ਕੋਲ ਫੁਰਸਤ ਕਿੱਥੇ? ਇਸੇ ਨਿਰਾਸ਼ਤਾ 'ਚੋਂ ਗੁਜ਼ਰਦਿਆਂ ਹੀ ਵਿਚਾਰੇ ਲੋਕ ਆਪਣੇ ਲਖਤੇਜਿਗਰਾਂ ਨੂੰ ਵਿਦੇਸ਼ਾਂ 'ਚ 'ਪੜ੍ਹਾਈਆਂ' ਕਰਨ ਲਈ ਤੋਰ ਰਹੇ ਹਨ।
 ਪਿਆਰੇ ਵੀਰੋ/ਭੈਣੋ, ਇਹ ਤਾਂ ਸਨ ਉਹ ਹਾਲਾਤ ਜਿਹਨਾਂ ਦੀ ਭੇਂਟ ਚੜ੍ਹਕੇ ਤੁਸੀਂ ਜਹਾਜ਼ੇ ਚੜ੍ਹ ਆਏ ਹੋ। ਪਰ ਹੁਣ ਆਪਾਂ ਗੱਲ ਕਰਨ ਲੱਗੇ ਹਾਂ ਉਹਨਾਂ ਹਾਲਾਤਾਂ ਦੀ ਜੋ ਤੁਹਾਨੂੰ ਆਉਣ ਵਾਲੇ ਦਿਨਾਂ ਵਿੱਚ ਦੇਖਣ ਨੂੰ ਮਿਲ ਸਕਦੇ ਹਨ। ਸਭ ਤੋਂ ਪਹਿਲੀ ਗੱਲ ਇਹ ਕਿ ਅਸੀਂ ਖੁਦ ਵੀ ਇਹੀ ਰੌਲਾ ਪਾਉਂਦੇ ਰਹਿੰਦੇ ਹਾਂ ਕਿ ਸਾਡੇ ਪੰਜਾਬ ਉੱਪਰ 'ਭਈਆਂ' ਦਾ ਕਬਜ਼ਾ ਹੋਣ ਜਾ ਰਿਹਾ ਹੈ। ਅਸੀਂ 'ਭਈਆਂ' ਨੂੰ ਕਿੰਨੀ ਨਫਰਤ ਦੀ ਨਗ੍ਹਾ ਨਾਲ ਦੇਖਦੇ ਹਾਂ। ਪਰ ਹੁਣ ਡੂੰਘੇ ਦਿਮਾਗ ਨਾਲ ਸੋਚ ਕੇ ਦੇਖੋ ਕਿ ਕਿਸੇ ਬੇਗਾਨੇ ਮੁਲਕ 'ਚ ਅਸੀਂ ਵੀ ਤਾਂ ਉਹਨਾਂ 'ਭਈਆਂ' ਦੀ ਤਰ੍ਹਾਂ ਹੀ ਪ੍ਰਵਾਸੀ ਹਾਂ। ਜੇ ਭਈਆਂ ਉੱਪਰ ਇਹ ਦੋਸ਼ ਬਾਰ ਬਾਰ ਲੱਗਦਾ ਹੈ ਕਿ ਪੰਜਾਬੀਆਂ ਨੂੰ ਜ਼ਰਦਾ ਲਾਉਣ ਜਾਂ ਬੀੜੀਆਂ ਸਿਗਰਟਾਂ ਆਦਿ ਨਸ਼ਿਆਂ ਦੀ ਗੁੜ੍ਹਤੀ ਭਈਆਂ ਤੋਂ ਮਿਲੀ ਹੈ ਤਾਂ ਖਾਸ ਤੌਰ 'ਤੇ ਇੰਗਲੈਂਡ ਵਿੱਚ ਹੀ ਆਪਣੇ 'ਪੰਜਾਬੀ ਭਾਈਆਂ' ਵੱਲੋਂ ਠੱਗੀਆਂ, ਕਤਲਾਂ, ਚੋਰੀਆਂ ਡਕੈਤੀਆਂ, ਨਸ਼ੇਖੋਰੀ ਆਦਿ ਦੀਆਂ ਖਿੰਡਾਈਆਂ ਜਾਂਦੀਆਂ ਕਰਤੂਤਾਂ ਕੀ ਸਾਡੇ ਖੁਦ ਦੇ ਮੱਥੇ 'ਤੇ ਲੱਗੇ ਕਲੰਕ ਨਹੀਂ ਹਨ? ਇੱਕ ਇੱਕ ਪੌਂਡ ਮੰਗਦੇ ਫਿਰਨਾ, ਬੀਅਰਾਂ ਪੀ ਕੇ ਜਨਤਕ ਬੈਚਾਂ 'ਤੇ ਬੈਠਿਆਂ ਦੀਆਂ ਪੈਂਟਾਂ 'ਚ ਹੀ 'ਸ਼ੂ-ਸੂ' ਨਿਕਲਿਆ ਹੋਣਾ ਜਾਂ ਫਿਰ ਪੰਜਾਬਣ ਬੀਬੀਆਂ ਦਾ 'ਮਾਲਿਸ਼ ਪਾਰਲਰਾਂ' 'ਚ ਮਾਲਸ਼ ਦੇ ਨਾਂਅ 'ਤੇ ਜਿਸਮ ਵੇਚਣ ਜਿਹੇ ਕੰਮ ਕਰਨ ਵੱਲ ਤੁਰਨਾ ਕੀ ਸਾਡੇ ਬੰਨ੍ਹੀਆਂ ਪੋਚਵੀਆਂ ਪੱਗਾਂ ਉੱਪਰ ਕਲਗੀਆਂ ਲਾ ਰਹੀਆਂ ਹਨ? ਇੰਗਲੈਂਡ ਦੀ ਧਰਤੀ 'ਤੇ ਸੁਨਹਿਰੇ ਭਵਿੱਖ ਦੀ ਆਸ 'ਚ ਆਏ ਵੀਰੋ ਕਿਸੇ ਵੀ ਮੁਲਕ 'ਚ ਜਾਵੋ, ਉੱਥੋਂ ਦੇ ਕਾਇਦੇ- ਕਾਨੂੰਨ, ਰਹਿਣੀ- ਸਹਿਣੀ ਅਤੇ ਬੋਲ ਚਾਲ ਦੇ ਸਲੀਕੇ ਹੀ ਤੁਹਾਨੂੰ ਲੋਕਾਂ ਨਾਲ ਜੋੜ ਸਕਦੇ ਹਨ। ਗੱਲ ਲੜ ਬੰਨ੍ਹ ਲਓ ਕਿ ਜੇ ਗੋਰਿਆਂ ਤੋਂ 'ਬਲੱਡੀ ਇੰਡੀਅਨ' ਨਹੀਂ ਅਖਵਾਉਣਾ ਤਾਂ 'ਸੌਰੀ' 'ਥੈਂਕਯੂ' ਅਤੇ 'ਪਲੀਜ਼' ਸ਼ਬਦ ਆਪਣੀ ਬੋਲ ਚਾਲ ਦਾ ਹਿੱਸਾ ਬਣਾ ਲਓ। ਇਸ ਧਰਤੀ 'ਤੇ ਆ ਗਏ ਹੋ ਤਾਂ ਉਹ ਬੇਬੇ ਬੜੀ ਦੂਰ ਰਹਿਗੀ ਜਿਹੜੀ ਦਹੀਂ ਨਾਲ ਟੁੱਕ ਦਿੰਦੀ ਹੁੰਦੀ ਸੀ। ਆਪਣੇ ਸੁਭਾਵਾਂ ਵਿੱਚ ਰਲੇ ਖੁੱਲਪੁਣੇ ਨੂੰ ਲਿਆਕਤ ਦੀ ਪੁੱਠ ਚਾੜ੍ਹਨ ਦੀ ਖੇਚਲ ਜਰੂਰ ਕਰੋ। ਇੱਕ ਦੂਜੇ ਨੂੰ ਉੱਚੀ ਉੱਚੀ 'ਹਲੋ ਹਲੋ' ਕਹਿੰਦੇ ਜਾਂ ਕੂਕਾਂ ਮਾਰਦੇ ਫਿਰਨਾ ਤੁਹਾਡੇ ਜਾਂ ਸਾਡੇ ਸਭ ਲਈ ਅੱਛਾ ਨਹੀਂ ਹੋਵੇਗਾ। 'ਹਲੋ ਹਲੋ', ਕੂਕਾਂ ਮਾਰਨਾ, ਗਾਲ੍ਹਾਂ ਦਾ ਦੁਸਾਂਦਾ ਦੇਣਾ ਜਾਂ ਫਿਰ ਅੱਖਾਂ ਅੱਖਾਂ ਰਾਹੀਂ ਹੀ ਤੁਰੀ ਜਾਂਦੀ ਜਨਾਨੀ ਦਾ 'ਐਕਸ-ਰੇ' ਕਰਨ ਦੀਆਂ ਘਟਨਾਵਾਂ ਪਿਛਲੇ ਪੰਜ ਸੱਤ ਦਿਨਾਂ 'ਚ ਮੈਂ ਥੋਕ ਦੇ ਭਾਅ ਅੱਖੀਂ ਦੇਖ ਚੁੱਕਾ ਹਾਂ। ਇੰਗਲੈਂਡ ਦੀਆਂ ਬੱਸਾਂ, ਰੇਲਾਂ ਜਾਂ ਅੰਡਰ ਗਰਾਊਂਡ ਟਿਊਬਾਂ ਵਿੱਚ ਲੋਕ ਸਫਰ ਦੌਰਾਨ ਨੀਂਦ ਦੀਆਂ ਝਪਕੀਆਂ ਲੈਂਦੇ ਆਮ ਮਿਲ ਜਾਣਗੇ। ਕੰਮਾਂਕਾਰਾਂ ਦੀ ਭੱਜ ਦੌੜ ਤੋਂ ਅੱਕੇ ਲੋਕ ਸ਼ਾਂਤ ਮਾਹੌਲ ਲੋੜਦੇ ਹਨ ਪਰ ਸਾਡੇ ਪੰਜਾਬੀ 'ਭਾਈ' ਇਹਨਾਂ ਥਾਵਾਂ 'ਤੇ ਜਦੋਂ ਪ੍ਰਵੇਸ਼ ਕਰਦੇ ਹਨ ਤਾਂ ਸ਼ਾਂਤ ਬੈਠੇ ਤੀਹ ਬੱਤੀ ਲੋਕਾਂ ਨੂੰ ਦੱਸ ਦਿੰਦੇ ਹਨ ਕਿ 'ਇੱਕ ਉਜੱਡ ਪਹੁੰਚ ਚੁੱਕਾ ਹੈ।' ਸ਼ਾਂਤ ਬੈਠੇ ਲੋਕਾਂ ਦੀਆਂ ਆਪਣੇ ਮੋਬਾਈਲ ਫੋਨਾਂ 'ਤੇ ਵੱਜਦੇ ਚੋਂਦੇ ਚੋਂਦੇ ਗੀਤਾਂ ਰਾਹੀਂ ਬਿਰਤੀਆਂ ਭੰਗ ਕਰਨ ਬਦਲੇ ਉਹ ਤੁਹਾਨੂੰ "ਪੰਜਾਬੀ ਸੱਭਿਆਚਾਰ ਦਾ ਬੀਬਾ ਪੁੱਤ" ਨਾਂਅ ਦੇ ਸਨਮਾਨ ਨਾਲ ਸਨਮਾਨਤ ਨਹੀਂ ਕਰਦੇ ਹੋਣਗੇ ਸਗੋਂ 'ਬਲੱਡੀ ਇੰਡੀਅਨ' ਜਾਂ "ਫਕਿੰਗ ਪੈਕੀ" ਸ਼ਬਦ ਹੀ ਉਹਨਾਂ ਲੋਕਾਂ ਦੀਆਂ ਜੀਭਾਂ 'ਤੇ ਆਉਂਦੇ ਹੋਣਗੇ। ਮੋਬਾਈਲ ਫੋਨਾਂ ਰਾਹੀਂ ਕਿਸੇ ਬੇਗਾਨੇ ਮੁਲਕ ਦੇ ਲੋਕਾਂ ਨੂੰ 'ਧੱਕੇ' ਨਾਲ ਪੰਜਾਬੀ ਦੋਗਾਣੇ ਸੁਣਾਉਂਦੇ ਫਿਰਨਾ ਤੁਹਾਡੀ ਕੋਈ ਪ੍ਰਾਪਤੀ ਨਹੀਂ ਸਗੋਂ ਛੋਟੀਆਂ ਛੋਟੀਆਂ 'ਫੁਕਰੀਆਂ ਗੱਲਾਂ' ਹੀ ਤੁਹਾਡੇ ਪਿਆਰੇ ਭਾਰਤ ਜਾਂ ਪੰਜਾਬ ਨੂੰ ਗਾਲ੍ਹਾਂ ਕਢਵਾਉਣ ਲਈ ਕਾਫੀ ਹਨ। ਮਿੱਤਰੋ! ਅਸਲ ਇਨਸਾਨ ਉਹੀ ਹੁੰਦਾ ਹੈ ਜੋ ਆਪਣੇ ਆਪ ਨੂੰ ਹਾਲਾਤਾਂ ਅਨੁਸਾਰ ਢਾਲ ਲਵੇ, ਜੇ ਅਜਿਹਾ ਨਹੀਂ ਹੁੰਦਾ ਤਾਂ ਆਸਟਰੇਲੀਆ ਵਾਲਾ 'ਇਤਿਹਾਸ' ਇੱਥੇ ਵੀ ਛੇਤੀ ਹੀ ਦੁਹਰਾਇਆ ਜਾ ਸਕਦਾ ਹੈ। ਕਿਉਂਕਿ ਕੋਈ ਵੀ ਨਹੀਂ ਚਾਹੁੰਦਾ ਕਿ ਕੋਈ ਬੇਗਾਨਾ ਆਕੇ ਸਾਡੇ ਪੈਰ ਮਿੱਧੇ। ਹੁਣ ਜਦੋਂ ਲੱਖਾਂ ਦੀ ਤਾਦਾਦ 'ਚ ਵਿਦਿਆਰਥੀ ਵੀਜ਼ਿਆਂ ਰਾਹੀਂ ਵੱਖ ਵੱਖ ਦੇਸ਼ਾਂ ਦੇ ਨੌਜ਼ਵਾਨ ਆ ਰਹੇ ਹਨ ਤਾਂ ਸੁਭਾਵਿਕ ਹੈ ਕਿ ਸਾਰੇ ਹੀ ਕੰਮ ਲੱਭਣ ਲਈ ਜਰੂਰ ਹੱਥ ਪੈਰ ਮਾਰਨਗੇ। ਬੇਗਾਨੀ ਧਰਤੀ ਤੋਂ ਆ ਕੇ ਵੀ ਜੇ ਅਸੀਂ ਕੰਮ ਲੱਭਣ 'ਚ ਕਾਮਯਾਬ ਹੋ ਜਾਂਦੇ ਹਾਂ ਤਾਂ ਉਸ ਮੁਲਕ ਦੇ ਅਸਫਲ ਰਹਿ ਗਏ ਜਾਂ ਸਾਥੀ ਕਾਮਿਆਂ 'ਚ ਮਾੜੀ ਮੋਟੀ ਹੀਣ-ਭਾਵਨਾ ਦਾ ਉਤਪੰਨ ਹੋਣਾ ਵੀ ਲਾਜ਼ਮੀ ਹੈ, ਬਿਲਕੁਲ ਉਸੇ ਤਰ੍ਹਾਂ ਹੀ ਜਿਵੇਂ ਆਸਟਰੇਲੀਆ 'ਚ ਵਾਪਰਿਆ ਸੀ ਤੇ ਅਜੇ ਵੀ ਵਾਪਰ ਰਿਹਾ ਹੈ। ਵਿਦਿਅਰਥੀ ਵੀਜ਼ਿਆਂ ਦਾ ਐਨੀ ਵੱਡੀ ਪੱਧਰ 'ਤੇ ਇਜ਼ਾਫਾ ਹੋਣ ਕਾਰਨ ਹਰ ਕਿਸੇ ਦੇ ਖੋਪੜ ਵਿੱਚ ਇਹੀ ਘੰਟੀ ਖੜਕ ਰਹੀ ਹੈ ਕਿ ਪਹਿਲਾਂ ਰਹਿੰਦਿਆਂ ਦੀਆਂ ਤਾਂ ਜੌਬਾਂ ਖਤਮ ਹੁੰਦੀਆਂ ਜਾ ਰਹੀਆਂ ਹਨ, ਨਵੇਂ ਆ ਰਹੇ ਜੀਆਂ ਲਈ ਰੁਜ਼ਗਾਰ ਮੌਕੇ ਕਿੱਥੋਂ ਮਿਲਣਗੇ? ਹੁਣ ਸੁਆਲ ਇਹ ਪੈਦਾ ਹੁੰਦਾ ਹੈ ਕਿ ਇਸ ਨਵੇਂ ਮਾਹੌਲ 'ਚ ਤੁਸੀਂ ਆਪਣੇ ਆਪ ਨੂੰ ਕਿਸ ਤਰ੍ਹਾਂ ਢਾਲਦੇ ਹੋ? ਇਹ ਤੁਹਾਡੀ ਹੀ ਲਿਆਕਤ 'ਤੇ ਨਿਰਭਰ ਕਰਦਾ ਹੈ ਕਿ ਤੁਸੀਂ ਉਸ ਸਮਾਜ ਦਾ ਕਿਹੋ ਜਿਹਾ ਅੰਗ ਬਣਦੇ ਹੋ? ਸਰੀਰ ਦੇ ਅੰਗ ਹਰ ਕਿਸੇ ਨੂੰ ਪਿਆਰੇ ਹੁੰਦੇ ਹਨ ਪਰ ਜਦੋਂ ਸਰੀਰ ਦਾ ਅੰਗ ਸਮੁੱਚੇ ਸਰੀਰ ਲਈ ਹੀ ਘਾਤਕ ਬਣਦਾ ਮਹਿਸੂਸ ਹੁੰਦਾ ਹੈ ਤਾਂ ਉਹੀ ਅੰਗ ਸਰੀਰ ਨਾਲੋਂ ਕੱਟ ਕੇ ਜੁਦਾ ਵੀ ਕਰਨਾ ਪੈ ਜਾਂਦਾ ਹੈ। ਇਸ ਲਈ ਸਮਾਜ ਦੇ ਅਜਿਹੇ ਅੰਗ ਵਜੋਂ ਵਿਚਰੋ ਕਿ ਤੁਹਾਡੀ ਲੋੜ ਕਿਸੇ ਜੀਵਤ ਅੰਗ ਵਾਂਗ ਹਰ ਵੇਲੇ ਮਹਿਸੂਸ ਹੁੰਦੀ ਰਵ੍ਹੇ। ਆਸਟਰੇਲੀਆ ਵਿੱਚ ਹੋਏ ਰੋਸ ਮੁਜਾਹਰੇ, ਹੜਤਾਲਾਂ ਤੇ ਵਿਦਿਆਰਥੀਆਂ ਵੱਲੋਂ ਵੀ ਕੀਤੀਆਂ ਭੰਨ੍ਹਤੋੜ ਦੀਆਂ ਘਟਨਾਵਾਂ ਕਿਸੇ ਤੋਂ ਲੁਕੀਆਂ ਨਹੀਂ। ਮਿੱਤਰੋ ਉਹਨਾਂ ਹਾਲਾਤਾਂ ਲਈ ਸਾਡੇ ਆਪਣੇ ਵੀਰ ਵੀ ਕਾਫੀ ਹੱਦ ਤੱਕ ਜ਼ਿੰਮੇਵਾਰ ਸਨ। ਨਹੀਂ ਕਿਸੇ ਦਾ ਦਿਮਾਗ ਖਰਾਬ ਨਹੀਂ ਕਿ ਕੋਈ ਤੁਹਾਨੂੰ ਐਵੇਂ ਹੀ ਰਾਹ ਜਾਂਦਿਆਂ ਚਿੰਬੜ ਜਾਵੇ। ਤਾੜੀ ਕਦੇ ਵੀ ਇੱਕ ਹੱਥ ਨਾਲ ਨਹੀਂ ਵੱਜੀ, ਦੋਹਾਂ ਹੱਥਾਂ ਦੀ ਪਰਸਪਰਤਾ ਹੀ ਤਾੜੀ ਦੀ ਆਵਾਜ਼ ਨੂੰ ਜਨਮ ਦਿੰਦੀ ਹੈ। ਹੁਣ ਫੈਸਲਾ ਤੁਹਾਡੇ ਹੱਥ ਹੈ ਕਿ ਵੇਲਾ ਲੰਘਾ ਕੇ ਹੜਤਾਲਾਂ ਮੁਜਾਹਰੇ ਕਰਨ ਦੇ ਰਾਹਾਂ ਵੱਲ ਤੁਰਨਾ ਹੈ ਜਾਂ ਪਹਿਲਾਂ ਹੀ ਸੰਭਲ ਕੇ ਤੁਰਨਾ ਹੈ। ਇੱਥੇ ਹੀ ਪਿਆਰ ਸਤਿਕਾਰ ਤੇ ਨਿਮਰਤਾ ਨਾਲ ਰਹੋਗੇ ਤਾਂ ਗੁਜ਼ਾਰਾ ਹੋ ਸਕਦਾ ਹੈ ਜੇ 'ਇੱਕੀ ਦੁੱਕੀ ਚੱਕ ਦਿਆਂਗੇ... ਧੌਣ 'ਤੇ ਗੋਡਾ ਰੱਖ ਦਿਆਂਗੇ' ਵਰਗੇ ਨਾਅਰੇ ਮਾਰਨੇ ਹਨ ਤਾਂ ਇੱਕ ਗੱਲ ਯਾਦ ਰੱਖਿਓ ਕਿ ਆਪਣੇ ਦੇਸ਼ ਦੇ ਲੀਡਰਾਂ ਨੇ ਥੋਡੀ ਬਾਂਹ ਫੜ੍ਹਨ ਜਾਂ ਹੱਕ 'ਚ ਬੋਲਣ ਨਹੀਂ ਬਹੁੜਨਾ। ਜੇ ਕੋਈ ਅਣਸੁਖਾਵੀਂ ਘਟਨਾ ਵਾਪਰ ਵੀ ਗਈ ਤਾਂ ਇਸ ਨੂੰ ਵੀ ਆਸਟਰੇਲੀਆ ਵਾਂਗ ਨਸਲੀ ਵਿਤਕਰੇ ਦਾ ਨਾਂ ਦੇ ਕੇ ਲੀਡਰਾਂ ਵੱਲੋਂ ਅਖਬਾਰੀ ਬਿਆਨਾਂ ਰਾਹੀਂ ਹੀ ਹਮਦਰਦੀ ਜਤਾਈ ਜਾਵੇਗੀ ਜਾਂ ਫਿਰ ਕੋਈ ਹੱਲ ਕੱਢਣ ਤੋਂ ਪਹਿਲਾਂ ਪਹਿਲਾਂ ਪਟਵਾਰੀਆਂ ਜਾਂ ਕਾਨੂੰਨਗੋਆਂ ਦੀਆਂ ਡਿਊਟੀਆਂ ਲਾ ਦਿੱਤੀਆਂ ਜਾਣਗੀਆਂ ਕਿ ਵਿਦੇਸ਼ੀ ਗਿਆਂ ਦੇ ਅੰਕੜੇ ਇਕੱਠੇ ਕਰੋ ਜੀ... ਵਗੈਰਾ ਵਗੈਰਾ। ਜੇ ਕੋਈ ਲੀਡਰ ਤੁਹਾਡਾ ਦੁੱਖ ਸੁਨਣ ਦੇ 'ਬਹਾਨੇ' ਨਾਲ ਆ ਵੀ ਗਿਆ ਤਾਂ ਉਹ ਵੀ ਸਰਕਾਰੀ ਖਰਚੇ 'ਤੇ ਲੱਗੇ ਟੂਰ ਰਾਹੀਂ ਆਪਣੇ ਰਿਸ਼ਤੇਦਾਰਾਂ ਮਿੱਤਰਾਂ ਦੇ ਮੁਰਗਿਆਂ ਦੀਆਂ ਟੰਗਾਂ ਚੂੰਡ ਕੇ ਢਿੱਡ 'ਤੇ ਹੱਥ ਫੇਰ ਕੇ ਮੁੜਜੂ। ਤੁਸੀਂ ਫੇਰ ਬੋਤੇ ਦੀ ਪੂਛ ਵਾਂਗੂੰ ਕੱਲੇ ਈ ਰਹਿ ਜਾਉਂਗੇ। ਮਿੱਤਰੋ, ਖੁਦ ਹੀ ਕੋਈ ਐਸਾ ਮਾਰੂ ਰੋਗ ਨਾ ਲਾ ਬੈਠਿਓ ਕਿ ਉਹਦੀ ਦਵਾਈ ਲਈ ਸਾਡੇ ਦੇਸ਼ ਦੀਆਂ ਸਰਕਾਰਾਂ ਦੇ ਮੂੰਹ ਵੱਲ ਝਾਕਣਾ ਪਵੇ।
   ਆਪਣੇ ਭਵਿੱਖੀ ਸੁਪਨਿਆਂ ਅਤੇ ਮਾਂ ਬਾਪ ਦੀਆਂ ਆਸਾਂ ਨੂੰ ਸਾਕਾਰ ਕਰਨ ਦੇ ਪਵਿੱਤਰ ਮਨਸ਼ੇ ਨਾਲ ਜਰੂਰ ਆਓ। ਪਰ ਐਸੀ ਕਰਤੂਤ ਦੇ ਭਾਗੀਦਾਰ ਨਾ ਬਨਣਾ ਕਿ ਤੁਹਾਡੇ ਜਣਦਿਆਂ ਜਾਂ ਤੁਹਾਡੇ ਮੁਲਕ ਨੂੰ ਸ਼ਰਮਿੰਦਗੀ ਮਹਿਸੂਸ ਹੋਵੇ।

........................

1 comment: