Wednesday, October 28, 2009

ਸੁਰੱਖਿਆ ਕਾਨੂੰਨ 'ਚ ਗੁਰਦਾਸ ਮਾਨ ਦਾ ਕੀ ਦੋਸ਼? -ਸ਼ਿਵਚਰਨ ਜੱਗੀ ਕੁੱਸਾ


ਸੁਰੱਖਿਆ ਕਾਨੂੰਨ 'ਚ ਗੁਰਦਾਸ ਮਾਨ ਦਾ ਕੀ ਦੋਸ਼?   -ਸ਼ਿਵਚਰਨ ਜੱਗੀ ਕੁੱਸਾ


ਜਦ ਤੋਂ ਪੰਜਾਬੀ ਗਾਇਕੀ ਵਿਚ ਗੁਰਦਾਸ ਮਾਨ ਨੇ ਪੈਰ ਧਰਿਆ ਹੈ, ਉਦੋਂ ਤੋਂ ਲੈ ਕੇ ਅੱਜ ਤੱਕ ਗੁਰਦਾਸ ਮਾਨ ਦਾ ਕੋਈ ਸਾਨੀ ਨਹੀਂ! ਇਸ ਖੇਤਰ ਵਿਚ ਬਹੁਤ ਲੋਕਾਂ ਦੀ ਦੌੜ ਲੱਗੀ ਅਤੇ ਅੱਜ ਵੀ ਲੱਗੀ ਹੋਈ ਹੈ। ਕਈ ਆਪਣੇ-ਆਪਣੇ ਜੌਹਰ ਦਿਖਾ ਕੇ ਮੈਦਾਨ ਛੱਡ ਗਏ ਅਤੇ ਕਈਆਂ ਨੂੰ ਲੋਕਾਂ ਨੇ ਹਿੱਕ ਨਾਲ਼ ਨਹੀਂ ਲਾਇਆ। ਪਰ ਜਦ ਤੋਂ ਗੁਰਦਾਸ ਮਾਨ ਉਠਿਆ, ਉਸ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ ਅਤੇ ਉਕਾਬ ਵਾਂਗੂੰ ਅੱਜ ਤੱਕ ਅੰਬਰਾਂ ਦੀਆਂ ਉਡਾਰੀਆਂ ਹੀ ਭਰ ਰਿਹਾ ਹੈ। ਉਹ ਉਡਾਰੀਆਂ, ਜੋ ਪੰਛੀ ਬਗੈਰ ਖੰਭ ਫ਼ੜਫ਼ੜਾਇਆਂ ਅਸਮਾਨ ਦੀ ਵਿਸ਼ਾਲਤਾ ਦਾ ਆਨੰਦ ਲੈਂਦੇ ਹਨ। ਉਸ ਦੀ ਗਾਇਕੀ ਦਾ ਇਤਿਹਾਸ ਬਹੁਤ ਲੰਬਾ, ਸੁਚੱਜਾ ਅਤੇ ਮਾਣਮੱਤਾ ਹੈ। ਸਾਫ਼ ਸੁਥਰੀ ਗਾਇਕੀ ਦਾ ਵਾਰਿਸ ਉਹ ਇਕ ਨਿਰਮਲ ਅਤੇ ਨਿਰਵੈਰ ਕਲਾਕਾਰ ਹੈ। ਉਸ ਦੀ ਲੇਖਣੀ, ਗਾਇਕੀ, ਅਦਾਕਾਰੀ ਅਤੇ ਪੰਜਾਬੀਆਂ ਪ੍ਰਤੀ ਇਮਾਨਦਾਰੀ 'ਤੇ ਕੋਈ ਉਂਗਲ਼ ਨਹੀਂ ਰੱਖ ਸਕਦਾ। ਗਾਇਕੀ ਤੋਂ ਲੈ ਕੇ ਫ਼ਿਲਮਾਂ ਤੱਕ, ਜਿਸ ਖੇਤਰ ਵਿਚ ਵੀ ਗੁਰਦਾਸ ਮਾਨ ਨੇ ਪੈਰ ਧਰਿਆ, ਸੱਚੇ ਦਿਲੋਂ ਹੀ ਨਿੱਤਰਿਆ ਅਤੇ ਸੋਲ੍ਹਾਂ ਕਲਾਂ ਸੰਪੂਰਨ ਹੋ ਕੇ ਪੂਰੀ ਪਾਈ ਅਤੇ ਕਿਸੇ ਪੱਖ ਤੋਂ ਪੰਜਾਬੀਆਂ ਨੂੰ ਨਮੋਸ਼ੀ ਦਾ ਸਾਹਮਣਾ ਨਹੀਂ ਕਰਨ ਦਿੱਤਾ, ਮਾਣ ਸਨਮਾਨ ਹੀ ਪੱਲੇ ਪਾਇਆ। ਉਸ ਦੀ ਅਦਾਕਾਰੀ ਨੇ ਪੰਜਾਬੀ ਸਿਨਮੇ ਨੂੰ ਕਈ ਪੁਰਸਕਾਰ ਵੀ ਲੈ ਕੇ ਦਿੱਤੇ ਅਤੇ ਪੰਜਾਬੀਆਂ ਦੀ ਇੱਜ਼ਤ ਨੂੰ ਚਾਰ ਚੰਨ ਲਾਏ। ਜੇ ਦਿੱਲੀ ਜਾਂ ਮੁੰਬਈ ਜਾ ਕੇ ਪੁੱਛੀਏ ਕਿ ਕੀ ਤੁਸੀਂ ਕਿਸੇ ਪੰਜਾਬੀ ਕਲਾਕਾਰ ਨੂੰ ਜਾਣਦੇ ਹੋ? ਤਾਂ ਇਕ ਹੀ ਉੱਤਰ ਮਿਲ਼ਦਾ ਹੈ ਕਿ ਗੁਰਦਾਸ ਮਾਨ ਨੂੰ ਜਾਣਦੇ ਹਾਂ! ਜਿੱਥੋਂ ਤੱਕ ਗੁਰਦਾਸ ਮਾਨ ਗਿਆ ਹੈ, ਪੰਜਾਬੀਆਂ ਦੀ ਝੋਲ਼ੀ ਮਾਣ-ਸਤਿਕਾਰ ਹੀ ਪਾਇਆ ਹੈ, ਕਦੇ ਕੋਈ ਨਮੋਸ਼ੀ ਨਹੀਂ ਖੱਟ ਕੇ ਦਿੱਤੀ।
ਪਿੱਛੇ ਜਿਹੇ ਗੁਰਦਾਸ ਮਾਨ ਦੇ ਵਿਦੇਸ਼ਾਂ ਵਿਚ ਹੋਏ ਸ਼ੋਆਂ ਦੌਰਾਨ ਉਹ ਕੁਝ ਆਲੋਚਕਾਂ ਦੀ ਆਲੋਚਨਾ ਦਾ ਵੀ ਸ਼ਿਕਾਰ ਹੋਇਆ, ਜਿਸ ਵਿਚ ਮੈਨੂੰ ਉਸ ਦਾ ਕੋਈ ਕਸੂਰ ਹੀ ਨਜ਼ਰ ਨਹੀਂ ਆਉਂਦਾ। ਜਿਵੇਂ ਕਿ ਆਮ ਅਖ਼ਬਾਰਾਂ ਵਿਚ ਖ਼ਬਰਾਂ ਛਪੀਆਂ ਕਿ ਫ਼ਲਾਣੇ ਥਾਂ ਗੁਰਦਾਸ ਮਾਨ ਦੇ ਸ਼ੋਅ ਵਿਚ ਅੰਮ੍ਰਿਤਧਾਰੀ ਸਿੰਘਾਂ ਨੂੰ ਕਿਰਪਾਨ ਪਾ ਕੇ ਸ਼ੋਅ ਵਿਚ ਜਾਣ ਦੀ ਇਜ਼ਾਜ਼ਤ ਨਹੀਂ ਦਿੱਤੀ ਗਈ ਅਤੇ ਇੱਥੋਂ ਤੱਕ ਕਿ ਗੁਰਦਾਸ ਮਾਨ ਦੇ ਅੰਮ੍ਰਿਤਧਾਰੀ 'ਪ੍ਰਮੋਟਰ' ਨੂੰ ਵੀ ਇਸ 'ਪਾਬੰਦੀ' ਦਾ ਸਾਹਮਣਾ ਕਰਨਾ ਪਿਆ। ਪਰ ਸੁਆਲ ਤਾਂ ਇਹ ਉਠਦਾ ਹੈ ਕਿ ਸਕਿਊਰਿਟੀ ਦੇ ਇਹਨਾਂ ਕਾਇਦੇ ਕਾਨੂੰਨਾਂ ਸਾਹਮਣੇ ਗੁਰਦਾਸ ਮਾਨ ਦਾ ਕੀ ਕਸੂਰ? ਅਸੀਂ ਜਿਸ ਵੀ ਦੇਸ਼ ਵਿਚ ਜਾਂਦੇ ਜਾਂ ਵਸਦੇ ਹਾਂ, ਸਾਨੂੰ ਉਸ ਦੇਸ਼ ਦੇ ਕਾਇਦੇ-ਕਾਨੂੰਨ ਦਾ ਸਤਿਕਾਰ ਕਰਕੇ ਉਸ ਅਨੁਸਾਰ ਚੱਲਣਾ ਪੈਂਦਾ ਹੈ ਅਤੇ ਜੇ ਅਸੀਂ ਉਸ ਦੇਸ਼ ਦੇ 'ਰੂਲਜ਼ ਐਂਡ ਰੈਗੂਲੇਸ਼ਨਜ਼' ਅਨੁਸਾਰ ਨਹੀਂ ਵਿਚਰਦੇ ਜਾਂ ਉਸ ਦੀ ਉਲੰਘਣਾਂ ਕਰਦੇ ਹਾਂ, ਤਾਂ ਅਸੀਂ ਕਾਨੂੰਨ ਦੀਆਂ ਨਜ਼ਰਾਂ ਵਿਚ ਇਕ ਤਰ੍ਹਾਂ ਦੇ 'ਅਪਰਾਧੀ' ਬਣ ਜਾਂਦੇ ਹਾਂ! ਸੁਣਨ ਵਿਚ ਆਇਆ ਹੈ ਕਿ ਉਸ ਦੇ ਕਿਸੇ ਸ਼ੋਅ ਦੌਰਾਨ ਕਿਤੇ ਕੋਈ ਲੜਾਈ ਹੋ ਗਈ ਅਤੇ ਕਿਰਪਾਨਾਂ ਨਿਕਲ਼ ਆਈਆਂ ਅਤੇ ਉਸ ਵਾਰਦਾਤ ਤੋਂ ਸੁਚੇਤ ਹੋਈ ਸਕਿਊਰਿਟੀ ਸਰਵਿਸ ਨੇ ਇਹ ਬੰਦਿਸ਼ ਰੱਖ ਦਿੱਤੀ ਕਿ ਕਿਸੇ ਵੀ ਸ਼ੋਅ ਵਿਚ ਕਿਰਪਾਨ ਪਾ ਕੇ ਆਉਣ ਦੀ ਮਨਾਹੀ ਹੋਵੇਗੀ। ਦੱਸੋ ਇਸ ਵਿਚ ਕਸੂਰ ਗੁਰਦਾਸ ਮਾਨ ਦਾ ਹੈ ਕਿ ਕਿਰਪਾਨਾਂ ਕੱਢ ਕੇ ਲੜਨ ਵਾਲ਼ਿਆਂ ਦਾ? ਜਦ ਅਸੀਂ ਜਹਾਜ ਚੜ੍ਹਦੇ ਹਾਂ ਤਾਂ ਏਅਰਪੋਰਟ ਸਕਿਊਰਿਟੀ ਵਾਲ਼ੇ ਵੀ ਸਾਡੀ ਕਿਰਪਾਨ ਲੁਹਾ ਲੈਂਦੇ ਹਨ, ਉਸ ਏਅਰਪੋਰਟ ਕਾਨੂੰਨ ਦਾ ਵੀ ਅਸੀਂ ਸਤਿਕਾਰ ਕਰਦੇ ਹੀ ਹਾਂ! ਇਕ ਗੱਲ ਇੱਥੇ ਜ਼ਰੂਰ ਵਿਚਾਰਨ ਵਾਲ਼ੀ ਹੈ ਕਿ ਕਿਰਪਾਨ 'ਤੇ ਪਾਬੰਦੀ ਉਥੇ ਹੀ ਲੱਗੀ ਹੈ, ਜਿੱਥੇ ਅਸੀਂ ਇਸ ਧਾਰਮਿਕ ਚਿੰਨ੍ਹ ਦੀ ਦੁਰਵਰਤੋਂ ਕੀਤੀ। ਨਹੀਂ ਕਿਸੇ ਵਿਚ ਹਿੰਮਤ ਨਹੀਂ ਸੀ ਕਿ ਸਾਡੇ ਕਿਸੇ ਧਾਰਮਿਕ ਚਿੰਨ੍ਹ ਉਪਰ ਕੋਈ ਬੰਦਿਸ਼ ਲਾ ਸਕਦਾ। ਦੁਨੀਆਂ ਦੇ ਇਤਿਹਾਸ 'ਤੇ ਨਜ਼ਰ ਮਾਰ ਕੇ ਦੇਖ ਲਓ, ਕਿਸੇ ਵੀ ਧਾਰਮਿਕ ਚਿੰਨ੍ਹ 'ਤੇ ਪਾਬੰਦੀ ਲੱਗਣ ਦਾ ਕਾਰਨ ਅਸਲ ਵਿਚ ਧਾਰਮਿਕ ਚਿੰਨ੍ਹ ਦੀ ਦੁਰਵਰਤੋਂ ਹੀ ਹੋਵੇਗਾ!
ਅਗਲੀ ਗੱਲ ਇਹ ਆ ਜਾਂਦੀ ਹੈ ਕਿ ਅਸੀਂ ਸਕਿਊਰਿਟੀ ਦੇ ਨਿਯਮਾਂ ਨੂੰ ਮੰਨਣ ਅਤੇ ਸਮਝਣ ਦੀ ਜਗਾਹ ਸਿੱਧਾ ਗੁਰਦਾਸ ਮਾਨ ਨੂੰ ਹੀ 'ਅੱਗੇ' ਧਰ ਲੈਂਦੇ ਹਾਂ ਕਿ ਦੋਸ਼ ਗੁਰਦਾਸ ਮਾਨ ਦਾ ਹੈ, ਜਿਹੜਾ ਰੋਸ ਵਜੋਂ ਸ਼ੋਅ ਛੱਡ ਕੇ ਨਹੀਂ ਗਿਆ, ਉਸ ਨੂੰ ਇਹਨਾਂ ਸ਼ੋਆਂ ਦਾ ਬਾਈਕਾਟ ਕਰਨਾਂ ਚਾਹੀਦਾ ਸੀ..! ਇਕ ਸੱਜਣ ਨੇ ਜਦ ਇਹ ਗੱਲ ਦੁਹਰਾਈ ਤਾਂ ਮੈਂ ਉਸ ਨੂੰ ਪੁੱਛਿਆ ਕਿ ਦੋਸ਼ ਗੁਰਦਾਸ ਮਾਨ ਦਾ ਕਿਵੇਂ ਹੈ? ਤਾਂ ਉਹ ਕਹਿਣ ਲੱਗਿਆ ਬਾਈ ਜੀ ਗੁਰਦਾਸ ਮਾਨ ਨੂੰ ਸ਼ੋਅ ਦਾ ਬਾਈਕਾਟ ਕਰਨਾਂ ਚਾਹੀਦਾ ਸੀ..! ਮੈਂ ਉਸ ਨੂੰ ਪੁੱਛਿਆ ਕਿ ਜਦ ਇੰਗਲੈਂਡ ਵਿਚ ਸਾਨੂੰ 'ਪਾਲਿਸੀ ਐਂਡ ਪ੍ਰਸੀਜ਼ਰਸ' ਦੀ ਉਲੰਘਣਾਂ ਕਰਨ ਕਾਰਨ ਸਾਡਾ 'ਬੌਸ' ਗੁੱਸੇ ਹੁੰਦਾ ਹੈ ਤਾਂ ਅਸੀਂ ਉਸ ਦਾ ਬਾਈਕਾਟ ਕਰਕੇ, ਕੰਮ ਛੱਡ ਕੇ ਘਰ ਆ ਜਾਂਦੇ ਹਾਂ..? ਕੀ ਅਸੀਂ ਉਦੋਂ ਆਪਣਾ ਕਿੱਤਾ ਤਿਆਗ ਦਿੰਦੇ ਹਾਂ..? ਗਾਇਕੀ ਗੁਰਦਾਸ ਮਾਨ ਦਾ 'ਕਿੱਤਾ' ਹੈ, ਜਿਸ ਗੱਲ ਵਿਚ ਉਸ ਦਾ ਦੋਸ਼ ਹੀ ਕੋਈ ਨਹੀਂ, ਉਹ ਆਪਣੇ ਕਿੱਤੇ ਦਾ ਤਿਆਗ ਕਿਉਂ ਕਰੇ..? ਕੀਤੀਆਂ ਦੁੱਲਿਆ ਤੇਰੀਆਂ ਪੇਸ਼ ਲੱਧੀ ਦੇ ਆਈਆਂ! ਅਗਰ ਸਾਨੂੰ ਕਿਸੇ ਏਅਰਪੋਰਟ 'ਤੇ ਰੋਕ ਕੇ ਕਿਰਪਾਨ ਲੁਹਾਈ ਜਾਂਦੀ ਹੈ, ਤਾਂ ਅਸੀਂ ਕਦੇ ਵੀ ਉਸ ਦੇਸ਼ ਦੇ ਕਾਨੂੰਨ ਮੰਤਰੀ, ਪ੍ਰਧਾਨ ਮੰਤਰੀ ਜਾ ਰਾਸ਼ਟਰਪਤੀ ਤੋਂ ਅਸਤੀਫ਼ੇ ਦੀ ਮੰਗ ਨਹੀਂ ਕੀਤੀ ਤਾਂ ਗੁਰਦਾਸ ਮਾਨ ਤੋਂ ਬਾਈਕਾਟ ਦੀ ਮੰਗ ਕਿਉਂ..? ਕਿਉਂਕਿ ਗੁਰਦਾਸ ਮਾਨ ਸਾਡਾ 'ਆਪਣਾ' ਹੈ? ਤੇ ਸਾਡਾ ਉਸ 'ਤੇ ਜੋਰ ਚੱਲਦਾ ਹੈ? ਪਰ ਸਿਆਣਿਆਂ ਦੀ ਕਹਾਵਤ ਤਾਂ ਇਹ ਆਖਦੀ ਹੈ ਕਿ ਆਪਦਾ ਮਾਰੂ, ਫ਼ੇਰ ਵੀ ਛਾਂਵੇਂ ਸਿੱਟੂ..!
ਬਾਹਰਲੇ ਦੇਸ਼ਾਂ ਵਿਚ ਆਦਮੀ ਦੀ ਸੁਰੱਖਿਆ ਨੂੰ ਪਹਿਲ ਦਿੱਤੀ ਜਾਂਦੀ ਹੈ। ਪਹਿਲਾਂ ਜਾਨ ਅਤੇ ਫ਼ਿਰ ਮਾਲ! ਸੁਰੱਖਿਆ ਨਿਯਮਾਂ ਵਿਚ ਕਿਸੇ ਦੀ ਕੋਈ ਸ਼ਿਫ਼ਾਰਸ਼ ਕਦਾਚਿੱਤ ਨਹੀਂ ਮੰਨੀ ਜਾਂਦੀ ਅਤੇ ਨਾ ਹੀ ਕਿਸੇ ਨਾਲ਼ ਰਿਆਇਤ ਕੀਤੀ ਜਾਂਦੀ ਹੈ। ਰੱਬ ਨਾ ਕਰੇ, ਕਿਤੇ ਕੋਈ ਵਾਰਦਾਤ ਹੋ ਜਾਵੇ ਤਾਂ ਪ੍ਰਮੋਟਰ ਜਾਂ ਕਲਾਕਾਰ ਨੂੰ ਨਹੀਂ ਪੁੱਛਿਆ ਜਾਂਦਾ, ਜ਼ਿੰਮੇਵਾਰ ਸਕਿਊਰਿਟੀ ਅਫ਼ਸਰਾਂ ਦੇ ਗਲ਼ ਰੱਸਾ ਪਾਇਆ ਜਾਂਦਾ ਹੈ। ਜਿੱਥੇ ਉਹ ਜਵਾਬਦੇਹ ਵੀ ਹੁੰਦੇ ਹਨ, ਕਿਉਂਕਿ ਸ਼ਾਂਤੀ ਬਣਾਈ ਰੱਖਣਾਂ ਉਹਨਾਂ ਦੀ ਜ਼ਿੰਮੇਵਾਰੀ ਹੁੰਦੀ ਹੈ। ਆਪਣੇ 24 ਸਾਲ ਦੇ ਪੁਲੀਸ ਅਤੇ ਸਕਿਊਰਿਟੀ ਦੇ ਨਿੱਜੀ ਤਜ਼ਰਬੇ ਤੋਂ ਗੱਲ ਕਰਾਂ ਤਾਂ ਜਦ ਵੀ ਕੋਈ ਅਣਸੁਖਾਵੀਂ ਘਟਨਾ ਵਾਪਰਦੀ ਹੈ ਤਾਂ ਨਿਯਮ ਅਨੁਸਾਰ ਕਿੱਥੇ, ਕਿਵੇਂ, ਕੌਣ, ਕਿਉਂ ਅਤੇ ਕਾਰਨ 'ਤੇ ਜੋਰ ਦਿੱਤਾ ਜਾਂਦਾ ਹੈ ਅਤੇ ਇੱਥੋਂ ਹੀ ਕਾਰਵਾਈ ਅੱਗੇ ਤੋਰੀ ਜਾਂਦੀ ਹੈ! ਇੱਥੇ ਇਸ ਦਾ ਅਰਥ ਇਹੀ ਨਿਕਲ਼ਦਾ ਹੈ ਕਿ ਉਥੇ ਗੁਰਦਾਸ ਮਾਨ ਦਾ ਕੋਈ ਵੱਸ ਨਹੀਂ ਚੱਲਦਾ, ਸਗੋਂ ਸਕਿਊਰਿਟੀ ਦਾ ਨਿਯਮ ਚੱਲਦਾ ਹੈ। ਜਦ ਸਕਿਊਰਿਟੀ ਵਾਲ਼ੇ ਪ੍ਰੋਗਰਾਮ ਦੇ ਦਾਰੋਮਦਾਰ ਕਿਰਪਾਨ ਵਾਲ਼ੇ 'ਪ੍ਰਮੋਟਰ' ਨੂੰ ਹੀ ਅੰਦਰ ਨਹੀਂ ਜਾਣ ਦਿੰਦੇ, ਤਾਂ ਹੋਰ ਕਿਸ ਨੂੰ ਜਾਣ ਦੇਣਗੇ ਅਤੇ ਇਸ ਦਾ ਕਾਰਨ ਵੀ ਕੋਈ ਜ਼ਰੂਰ ਹੋਵੇਗਾ? ਇਹ ਗੱਲ ਵੀ ਸੋਚਣ ਵਾਲ਼ੀ ਹੈ! ਜੋਰ, ਜ਼ਿਦ ਜਾਂ ਦਬਾਓ ਨਾਲ਼ ਸਬੰਧਿਤ ਪ੍ਰੋਗਰਾਮ ਦਾ ਕਲਾਕਾਰ ਵੱਲੋਂ 'ਬਾਈਕਾਟ' ਕਰਵਾਉਣਾ ਜਾਂ ਆਪ ਕਲਾਕਾਰ ਦੇ ਸ਼ੋਅ ਦਾ ਬਾਈਕਾਟ ਕਰਨਾ ਇਸ ਮਸਲੇ ਦਾ ਹੱਲ ਨਹੀਂ! ਇਸ ਨੂੰ ਤਾਂ ਕੂਟਨੀਤਕ ਜਾਂ ਸਿਧਾਂਤਕ ਤਰੀਕੇ ਨਾਲ਼ ਹੀ ਸੁਲਝਾਇਆ ਜਾ ਸਕਦਾ ਹੈ ਕਿ ਅਸਲ ਮਸਲੇ ਦੀ 'ਜੜ੍ਹ' ਕਿੱਥੇ ਹੈ? ਇਹ ਮਸਲਾ ਕਿਉਂ ਸ਼ੁਰੂ ਹੋਇਆ? ਅਤੇ ਕਿੱਥੋਂ ਸ਼ੁਰੂ ਹੋਇਆ? ਸਕਿਊਰਿਟੀ ਵਾਲ਼ਿਆਂ ਵੱਲੋਂ ਕਿਰਪਾਨ ਪਹਿਨ ਕੇ ਅੰਦਰ ਜਾਣ ਵਾਲ਼ਿਆਂ ਨੂੰ ਰੋਕਣ ਦਾ 'ਕਾਰਨ' ਕੀ ਸੀ? ਅਤੇ ਇਸ ਨੂੰ ਸੁਲ਼ਝਾਇਆ ਕਿਵੇਂ ਜਾਵੇ? ਗੁਰਦਾਸ ਮਾਨ ਇਸ ਦੇ ਰੋਸ ਵਜੋਂ ਸ਼ੋਅ ਛੱਡ ਕੇ ਚਲਾ ਜਾਵੇ, ਜਾਂ ਉਸ ਉੱਪਰ ਗ਼ਿਲਾ-ਸ਼ਿਕਵਾ ਕਰਨ ਵਾਲ਼ੇ ਸੱਜਣ ਰੋਸ ਵਜੋਂ ਉਸ ਦੇ ਸ਼ੋਅ ਦਾ ਬਾਈਕਾਟ ਕਰ ਦੇਣ, ਇਹ ਅਸਲ ਹੱਲ ਨਹੀਂ! ਜੇ ਮਾਮਲੇ ਦੀ ਜੜ੍ਹ ਲੱਭ ਕੇ, ਉਸ ਨੂੰ ਜ਼ਿਮੇਵਾਰ ਅਫ਼ਸਰਾਂ ਨਾਲ਼ ਬੈਠ ਕੇ ਹੱਲ ਕਰ ਲਿਆ ਜਾਵੇ ਤਾਂ ਇਸ ਦੇ ਨਾਲ਼ ਦੀ ਰੀਸ ਨਹੀਂ! ਸਤਿਕਾਰਯੋਗ ਭਾਈ ਗੁਰਦਾਸ ਜੀ ਦੀ ਵਾਰ ਵਿਚ ਪੰਗਤੀਆਂ ਆਉਂਦੀਆਂ ਹਨ: ਖਾਂਡ ਖਾਂਡ ਕਹੈ ਜਿਹਬਾ ਨ ਸਵਾਦੁ ਮੀਠੋ ਆਵੈ।। ਅਗਨਿ ਅਗਨਿ ਕਹੈ ਸੀਤ ਨ ਬਿਨਾਸ ਹੈ।। ਬੈਦ ਬੈਦ ਕਹੈ ਰੋਗ ਮਿਟਤ ਨ ਕਾਹੂ ਕੋ।। ਦਰਬ ਦਰਬ ਕਹੈ ਕੋਊ ਦਰਬਹਿ ਨ ਬਿਲਾਸ ਹੈ।। ਭਾਵ ਖੰਡ ਖੰਡ ਕਹੇ ਤੋਂ ਮੂੰਹ ਮਿੱਠਾ ਨਹੀਂ ਹੋ ਜਾਣਾ ਅਤੇ ਅੱਗ ਅੱਗ ਆਖੇ ਤੋਂ ਠੰਢ ਨਹੀਂ ਹਟ ਜਾਣੀਂ, ਇਸ ਲਈ ਸਾਨੂੰ ਇਸ ਦਾ ਕੋਈ ਸਥਾਈ ਹੱਲ ਲੱਭਣਾ ਚਾਹੀਦਾ ਹੈ!
ਜਿੰਨਾਂ ਕੁ ਮੈਂ ਗੁਰਦਾਸ ਮਾਨ ਨੂੰ ਜਾਣਦਾ ਹਾਂ, ਉਸ ਦੀ ਕਿਤਾਬ ਵਿਚ 'ਵਿਤਕਰਾ' ਸ਼ਬਦ ਕਿਤੇ ਵੀ ਦਰਜ਼ ਨਹੀਂ! "ਕਿਹੜਾ ਚੱਲ ਕੇ ਦੁਆਰੇ ਤੇਰੇ ਆਊ" ਤੋਂ ਲੈ ਕੇ "ਸਰਬੰਸ ਦਾਨੀਆਂ ਵੇ ਦੇਣਾਂ ਕੌਣ ਦਿਊਗਾ ਤੇਰਾ" ਤੱਕ ਉਸ ਦੇ ਗੀਤ ਸਾਂਝੀਵਾਲਤਾ ਦੇ ਪ੍ਰਤੀਕ ਹਨ। ਉਹ ਉੱਡ ਕੇ, ਗਲਵਕੜੀ ਪਾ ਕੇ ਮਿਲਣ ਵਾਲ਼ਾ ਇਨਸਾਨ ਅਤੇ ਪੰਜਾਬੀਆਂ ਪ੍ਰਤੀ ਮਨ 'ਚ ਵੈਰਾਗ ਰੱਖਣ ਵਾਲ਼ਾ ਦਰਵੇਸ਼ ਅਤੇ ਫ਼ਕੀਰ ਮਿੱਤਰ ਹੈ! ਕਸੂਰ ਉਸ ਨੇ ਕੋਈ ਕੀਤਾ ਨਹੀਂ। ਫ਼ੇਰ ਟੰਬੇ ਚੁੱਕ ਕੇ ਉਸ ਦੇ ਮਗਰ ਪੈ ਜਾਣਾ, ਕਿਹੜੀ ਭਦਰਕਾਰੀ ਹੈ? ਸੋ ਭਲੇਮਾਣਸ ਵੀਰੋ! ਸਕਿਊਰਿਟੀ ਵਾਲ਼ਿਆਂ ਨੂੰ ਇਹ ਵਿਸ਼ਵਾਸ ਦਿਵਾਉਣ ਦੀ ਲੋੜ ਹੈ ਕਿ ਕਿਰਪਾਨ ਸਾਡਾ ਧਾਰਮਿਕ ਅਤੇ ਅਟੁੱਟ ਚਿੰਨ੍ਹ ਹੈ, ਇਸ ਦੀ ਕਦੇ ਵੀ ਦੁਰਵਰਤੋਂ ਨਹੀਂ ਕੀਤੀ ਜਾਵੇਗੀ। ਵਿਸ਼ਵਾਸ ਆਸਰੇ ਧਰਤੀ ਖੜ੍ਹੀ ਹੈ ਅਤੇ ਜਿੱਥੇ ਵਿਸ਼ਵਾਸ ਬੱਝ ਜਾਵੇ, ਉਥੇ ਕੋਈ 'ਤੇਰ-ਮੇਰ' ਲਈ ਜਗਾਹ ਹੀ ਨਹੀਂ ਰਹਿ ਜਾਂਦੀ! ਇਕ ਗੱਲ ਆਖ ਦੇਵਾਂ ਕਿ ਇਕੱਲੇ ਗੁਰਦਾਸ ਮਾਨ ਦੇ ਪ੍ਰੋਗਰਾਮ ਦੇ ਬਾਈਕਾਟ ਕਰਨ ਨਾਲ਼ ਕੁਝ ਨਹੀਂ ਹੋਣਾਂ! ਹੋਰ ਕਿੰਨੇ ਕਲਾਕਾਰ ਹਰ ਰੋਜ਼ ਪ੍ਰੋਗਰਾਮ ਪੇਸ਼ ਕਰਨ ਆਉਂਦੇ ਹਨ..? ਕਿਸ ਕਿਸ ਦਾ ਬਾਈਕਾਟ ਕਰਵਾਈ ਜਾਵਾਂਗੇ..? ਝਗੜੇ ਦੀ ਤਹਿ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਕੇ ਇਸ ਨੂੰ ਮੁੱਢ ਤੋਂ ਹੀ ਨਜਿੱਠ ਲਿਆ ਜਾਵੇ ਤਾਂ ਇਸ ਤੋਂ ਵੱਡੀ ਸਿਆਣਪ ਕੋਈ ਨਹੀਂ ਹੋਵੇਗੀ। ਇਕ ਗੱਲ ਮੈਂ ਜਾਂਦਾ ਜਾਂਦਾ ਆਖ ਜਾਵਾਂ, ਕੋਈ ਮੇਰਾ ਵੀਰ ਗਲਤ ਨਾ ਸਮਝ ਲਵੇ ਕਿ ਨਾ ਤਾਂ ਮੈਂ ਕਿਰਪਾਨ ਦੇ ਖ਼ਿਲਾਫ਼ ਹਾਂ ਅਤੇ ਨਾ ਕਿਰਪਾਨ ਪਾ ਕੇ ਪ੍ਰੋਗਰਾਮ ਵਿਚ ਜਾਣ ਦੇ! ਪਰ ਜੇ ਇਸ ਲੇਖ ਕਰਕੇ ਕਿਸੇ ਦੇ ਮਨ ਨੂੰ ਠੇਸ ਲੱਗੀ ਹੋਵੇ ਤਾਂ ਮੈਂ ਮੁਆਫ਼ੀ ਦਾ ਖ਼ੁਆਸਤਗ਼ਾਰ ਹਾਂ!


................................


No comments:

Post a Comment