ਸ਼ਿਵ ਦੀ ਕਵਿਤਾ ਵਿੱਚ ਬਿਰਹਾ -ਆਕਾਸ਼ਦੀਪ 'ਭੀਖੀ' ਪਰੀਤ
ਸ਼ਿਵ ਕੁਮਾਰ ਬਟਾਲਵੀ ਦਾ ਨਾਮ ਲੈਦਿਆਂ ਹੀ ਪੰਜਾਬੀ ਸਾਹਿਤ ਦੇ ਪ੍ਰਮੁੱਖ ਰੂਪ ਕਵਿਤਾ ਦੀ ਅਮੀਰੀ ਦਾ ਅਹਿਸਾਸ ਹੋ ਜਾਂਦਾਂ ਹੈ ।ਮਹਾਨ ਪੰਜਾਬੀ ਵਿਦਵਾਨ ਡਾ.ਜੀਤ ਸਿੰਘ ਸੀਤਲ ਨੇ ਆਪਣੀ ਕਿਤਾਬ ‘ਸ਼ਿਵ ਕੁਮਾਰ ਬਟਾਲਵੀ ਜੀਵਨ ਤੇ ਰਚਨਾ’ ਵਿੱਚ ਲਿਖਿਆ ਹੈ ਕਿ, “ਸ਼ਿਵ ਕੁਮਾਰ ਬਟਾਲਵੀ ਦੇ ਕਾਵਿ ਜਗਤ ਦੀ ਉਮਰ ਭਾਵੇਂ 10 ਸਾਲ ਦੀ ਹੀ ਸੀ,ਪ੍ਰੰਤੂ ਇਹ ਗੱਲ ਨਿਰਸੰਦੇਹ ਕਹੀ ਜਾ ਸਕਦੀ ਹੈ ਕਿ ਉਸਦੇ ਇਹਨਾਂ 10 ਸਾਲਾਂ ਦੀ ਕਾਵਿ ਰਚਨਾ ਪੂਰੇ ਯੁੱਗ ਦੀ ਦੇਣ ਹੈ ਤੇ ਉਹ ਫਿਰ ਭਾਵੇਂ ਗਿਣਨਾਤਮਕ ਪੱਖ ਤੋਂ ਹੋਵੇ ਜਾਂ ਗਿਣਨਾਤਮਕ ਪੱਖ ਤੋਂ’’। ਸ਼ਿਵ ਕੁਮਾਰ ਬਟਾਲਵੀ ਦੀ ਕਵਿਤਾ ਵਿੱਚੋਂ ਅਸੀਂ ਕਈ ਵਿਸ਼ਿਆਂ ਨੂੰ ਅਧਾਰ ਬਣਾਕੇ ਗੱਲ ਕਰ ਸਕਦੇ ਹਾਂ ,ਪਰ ਇੱਥੇ ਮੈ ਉਸਦੀ ਕਵਿਤਾ ਦੀ ਪ੍ਰਬਲ ਸੁਰ ‘ਬਿਰਹਾ’ ਦੇ ਸੰਦਰਭ ਵਿੱਚ ਚਰਚਾ ਕਰਾਂਗਾ। ਸ਼ਿਵ ਦੀਆਂ ਕਵਿਤਾਂਵਾਂ ਵਿੱਚ ਭਾਵੇਂ ਸਮਾਜਕ ਚੇਤਨਤਾ ਸਮੇਤ ਆਮ ਇਨਸਾਨ ਦੀ ਜ਼ਿੰਦਗੀ ਨਾਲ ਸਬੰਧਤ ਕਈ ਪੱਖਾਂ ਦੀ ਤਸਵੀਰ ਉਲੀਕੀ ਗਈ ਹੈ, ਪਰ ਬਿਰਹੋਂ , ਗਮ, ਪੀਡ਼ਾ ਤੇ ਨਾਰੀ ਸੰਵੇਦਨਾ ਦੀ ਸੁਰ ਪ੍ਰਦਾਨ ਹੈ।ਬਿਰਹਾ ਦਾ ਸੁਲਤਾਨ ਸ਼ਿਵ ਬਿਰਹੋ ਦੀ ਗੁਡ਼ਤੀ ਲੈਕੇ ਜੰਮਿਆ ਸੀ ਇਸੇ ਲਈ ਤਾਂ ਸ਼ਾਇਦ ਉਹ ਆਖ ਰਿਹਾ , “ਅਸੀਂ ਸਭ ਬਿਰਹਾ ਘਰ ਜੰਮਦੇ ਬਿਰਹਾ ਆਏ ਹੰਢਾਣ ਬਿਰਹਾ ਖਾਈਏ ,ਬਿਰਹਾ ਪਾਈਏ ਬਿਰਹਾ ਆਏ ਹੰਢਾਣ । ਸ਼ਿਵ ਤੇ ਬਿਰਹੋ ਵਾਸਤਵ ਵਿੱਚ ਇੱਕ ਦੂਜੇ ਵਿੱਚ ਅਭੇਦ ਹਨ।ਜਿਵੇਂ ਕਲਮ ਸ਼ਿਆਹੀ ਬਿਨਾਂ ਅਧੂਰੀ ਹੈ ,ਸ਼ਿਵ ਤੇ ਸ਼ਿਵ ਦੀ ਕਵਿਤਾ ਬਿਰਹੋ ਬਿਨਾ ਅਧੂਰੇ ਹਨ।ਸ਼ਿਵ ਕੁਮਾਰ ਬਟਾਲਵੀ ਦੀ ਕਵਿਤਾ ਵਿੱਚ ਜੇ ਕਿਸੇ ਨੇ ਬਿਰਹਾ ਸੁਰ ਦਾ ਸਿਖਰ ਵੇਖਣਾ ਹੋਵੇ , ਤਾਂ ਉਸਦੇ ਚੋਥੇ ਕਾਵਿ ਸੰਗ੍ਰਹਿ ‘ਮੈਨੂੰ ਵਿਦਾ ਕਰੋ’ ਤੇ ਆਪਣੇ ਨੇਤਰ ਕਮਲਾਂ ਨਾਲ ਫੇਰੀ ਪਾ ਆਵੇ।ਇਸ ਸੰਗ੍ਰਹਿ ਦੀ ਸਾਰੀ ਕਾਵਿ ਰਚਨਾ ਪਡ਼ ਕੇ ਇਵੇਂ ਅਹਿਸਾਸ ਉਭਰਦਾ ਜਿਵੇਂ ਸ਼ਿਵ ਗਮ,ਮੋਤ ,ਪੀਡ਼ਾ ਦੀ ਤ੍ਰਿਵੈਣੀ ਨਾਲ ਪਰਨਾਇਆ ਹੋਵੇ । ਸਮੁੱਚਾ ਕਾਵਿ ਸੰਗ੍ਰਹਿ ਪਡ਼ਕੇ ਇਵੇਂ ਲੱਗਦਾ ਜਿਵੇਂ ਸ਼ਿਵ ਨੂੰ ਆਪਣੀ ਸਾਂਹਾਂ ਦੀ ਯਾਤਰਾ ਪੂਰੀ ਹੋਣ ਚਸਕਾ ਲੱਗਾ ਹੋਵੇ ਸ਼ਾਇਦ ਤਾਂ ਹੀ ਤਾਂ ਉਹ ਆਖ ਰਿਹਾ , ਅਸਾਂ ਤਾਂ ਜੋਬਨ ਰੁੱਤੇ ਮਰਨਾ ਮੁਡ਼ ਜਾਣਾ ਅਸੀਂ ਭਰੇ ਭਰਾਏ ਹਿਜਰ ਤੇਰੇ ਦੀ ਕਰ ਪਰਿਕਰਮਾ ਅਸਾਂ ਤਾਂ ਜੋਬਨ ਰੁਤੇ ਮਰਨਾਂ । ਮੈਨੂੰ ਵਿਦਾ ਕਰੋ, ਕਾਵਿ ਸੰਗ੍ਰਹਿ ਵਿੱਚ ਸ਼ਿਵ ਦੀ ਪਹਿਲੀ ਪ੍ਰਗੀਤ ਰਚਨਾ ‘ਮੇਰੇ ਰਾਮ ਜੀਉ’ ਵਿੱਚ ੳਸਨੇ ਇੱਕ ਪ੍ਰੀਤ ਨਾਇਕਾ ਦੀ ਦਰਦ ਕਹਾਣੀ ਨੂੰ ਬਿਰਹਾ ਦੀ ਸੁਰ ਵਿੱਚ ਬਡ਼ੇ ਹੀ ਦਿਲ ਹਲੂਣ ਵਾਲੀਆਂ ਸਤਰਾਂ ਵਿੱਚ ਵਿਅਕਤ ਕੀਤਾ ਹੈ ਕਿ ,ਕਿਸ ਤਰਾਂ ਪ੍ਰੇਮਿਕਾ ਆਪਣੇ ਪ੍ਰੇਮੀ ਨੂੰ ਨਿਹੋਰਾ ਜਿਹਾ ਮਾਰਦੀ ਹੈ ,ਕੇ ਜਦ ਉਹ ਉਸਦੀ ਜਰੂਰਤਮੰਦ ਸੀ ,ਉਹ ਉਸ ਵਕਤ ਕਿਉਂ ਨਹੀਂ ਬਹੁਡ਼ਿਆ। ਕਿੱਥੇ ਸਉਂ ਜਦ ਅੰਗ ਸੰਗ ਸਾਡੇ ਰੁੱਤ ਜੋਬਨ ਦੀ ਮੋਲੀ ਕਿੱਥੇ ਸਉਂ ਜਦ ਤਨ ਮਨ ਸਾਡੇ ਗਈ ਕਥੂਰੀ ਘੋਲੀ ਕਿੱਥੇ ਸਉਂ ਜਦ ਧਰਮੀ ਬਾਬਲ ,
ਸਾਡੇ ਕਾਜ ਰਚਾਏ , ਮੇਰੇ ਰਾਮ ਜੀਉ । ਬਿਰਹਾ ਅਸਲ ਵਿੱਚ ਉਹ ਵਿਯੋਗ ਭਰੀ ਸਥਿਤੀ ਹੈ ਜਦ ਸਾਡੇ ਦਿਲ ਵਿੱਚ ਵਸਣ ਵਾਲਾ ਸਾਡੇ ਕੋਲ ਨਾਂ ਹੋਵੇ, ਪਰ ਉਸਦੀ ਯਾਦ ਸਾਰੀ ਰੂਹ ਵਿੱਚ ਅੱਗ ਵਾਂਗ ਬਲ ਰਹੀ ਹੋਵੇ ,ਆਪਣੇ ਕਿਸੇ ਪਿਆਰੇ ਦੀ ਦੂਰੀ ਵਿੱਚ ਤਡ਼ਫ ,ਤਡ਼ਫ ਕੇ ਜਿਹਡ਼ੇ ਪਲ ਬੀਤਦੇ ਨੇ ,ਉਹਨਾਂ ਪਲਾਂ ਦਾ ‘ਨਾਮਕਰਨ ਬਿਰਹੋ’’ ਕੀਤਾ ਜਾ ਸਕਦਾ ਹੈ। ਪੇਮਿਕਾ ਆਪਣੇ ਪ੍ਰੇਮੀ ਨੂੰ ਦਰਦ ਭਰੇ ਸੁਆਲ ਕਰਦੀ ਪੁੱਛਦੀ ਹੈ ਕੇ ਸਾਉਣ ਦਾ ਮਹੀਨਾ ਤਾਂ ਮਿਲਾਪ ਦਾ ਵੇਲਾ ਸੀ ,ਪਰ ਉਹ ਉਸ ਵੇਲੇ ਵੀ ਉਸਦੇ ਵਿਛੋਡ਼ੇ ਦੀ ਅਗਨ ਬੁਝਾਉਣ ਕਿਉਂ ਨਾਂ ਬਹੁਡ਼ਿਆ | ਕਿੱਥੇ ਸਉਂ ਜਦ ਨਹੁੰ ਟੁੱਕਦੀ ਦੇ ਸਾਉਣ ਮਹੀਨੇ ਬੀਤੇ ਕਿੱਥੇ ਸਉਂ ਜਦ ਮਹਿਕਾਂ ਦੇ ਅਸ ਦੀਪ ਚਮੁਖੀਏ ਸੀਖੇ
ਕਿੱਥੇ ਸਉਂ ਉਸ ਰੁੱਤੇ , ਤੇ ਤੁਸੀਂ ਉਦੋ ਕਿਉਂ ਨਾਂ ਆਏ ਮੇਰੇ ਰਾਮ ਜੀਉ ਤੁਸੀਂ ਕਿਹਡ਼ੀ ਰੁੱਤੇ ਆਏ ,ਜਦ ਬਾਗੀ ਫੁੱਲ ਕੁਮਲਾਏ ਮੇਰੇ ਰਾਮ ਜੀਓ ਸ਼ਿਵ ,ਬਿਰਹਾ ਵਿੱਚੋਂ ਸਵਾਦ ਚੱਖਦਾ ਹੈ ਕਿਸੇ ਸ਼ਹਿਦ ਦੇ ਸਵਾਦ ਵਾਂਗ ਵਸਲ ਦਾ ਸਵਾਦ ਤਾਂ ਇੱਕ ਪਲ ਦੀ ਮੋਜ ਤੋਂ ਵੱਧ ਨਹੀਂ ਜੁਦਾਈ ਹਸ਼ਰ ਤੱਕ ਹੈ ਆਦਮੀ ਨੂੰ ਨਸ਼ਾ
ਸ਼ਿਵ ਤੇ ਬਿਰਹਾ ਵਾਸਤਵ ਵਿੱਚ ਇੱਕ ਦੂਜੇ ਦੇ ਪੂਰਕ ਸਨ ,ਤਾਂ ਹੀ ਤਾਂ ਉਹ ਆਖਦਾ ਹੈ ਕਿ ਉਸਦੇ ਗੀਤਾਂ ਵਿੱਚ ਬਿਰਹੋ ਦੀ ਰਡ਼ਕ ਪੈਂਦੀ ਹੈ।ਸ਼ਿਵ ਤੇ ਬਿਰਹਾ ਬਾਰੇ ਹਾਲੇ ਜੋ ਮੈ ਲਿਖਿਆ ਉਹ ਸ਼ਾਇਦ ਤਿਲ ਮਾਤਰ ਵੀ ਨਹੀ ,ਕਿਉਂਕਿ ਸ਼ਿਵ ਵਾਸਤੇ ਤਾਂ ਬਿਰਹਾ ਸੌ ਮੱਕਿਆਂ ਦਾ ਹੱਜ ਹੈ | ਸਾਨੂੰ ਸੋ ਮੱਕਿਆਂ ਦਾ ਹੱਜ ਵੇ ਤੇਰਾ ਬਿਰਹਡ਼ਾ
ਲੋਕੀਂ ਪੂਜਣ ਰੱਬ ਮੈ ਤੇਰਾ ਬਿਰਹਡ਼ਾ ।
......................
No comments:
Post a Comment