Thursday, December 17, 2009

ਸਤਿੰਦਰ ਸਰਤਾਜ ਕੋਈ ਬੰਦੈ..........! -ਮਿੰਟੂ ਬਰਾੜ


ਸਤਿੰਦਰ ਸਰਤਾਜ ਕੋਈ ਬੰਦੈ..........!  -ਮਿੰਟੂ ਬਰਾੜ
ਦੋਸਤੋ ਸਿਰਲੇਖ ਪਡ਼੍ਹ ਕੇ ਹੈਰਾਨ ਹੋਣ ਦੀ ਲੋਡ਼ ਨਹੀਂ। ਮੈਂ ਤਾਂ ਮਜਬੂਰ ਹਾਂ ਮੇਰੀ ਕਲਮ ਹੱਥੋਂ ; ''ਰੱਬ ਨੇ ਵਹੁਟੀ ਤਾਂ ਇਹੋ ਜਿਹੀ ਨਹੀਂ ਦਿੱਤੀ ਜੋ ਮੈਨੂੰ ਗ਼ੁਲਾਮ ਬਣਾਉਂਦੀ ਪਰ ਉਸ ਕੰਮ ਦੀ ਘਾਟ ਰੱਬ ਨੇ ਮੇਰੀ ਕਲਮ ਹੱਥੋਂ ਪੂਰੀ ਕਰਵਾ ਦਿੱਤੀ''ਜਿਸ ਕਰਕੇ ਕੁੱਝ ਇੱਕ ਲੋਕ ਮੈਨੂੰ “ਕਲਮ ਦਾ ਗ਼ੁਲਾਮ” ਕਹਿੰਦੇ ਹਨ ! ਜਿਸ ਵਿੱਚ ਇਹਨਾਂ ਵਿਚਾਰਿਆਂ ਦਾ ਕੋਈ ਕਸੂਰ ਨਹੀਂ। ਕਿਉਂਕਿ ਮੈਂ ਤਾਂ ਖ਼ੁਦ ਹੀ ਮੰਨਦਾ ਹਾਂ ਕਿ ਮੈਂ ਕਲਮ ਦੀ ਗ਼ੁਲਾਮੀ ਕਰ ਰਿਹਾ ਹਾਂ। ਮੇਰੇ ਨਾਂ ਚਾਹੁੰਦੇ ਹੋਏ ਵੀ ਇਹ ਅਵਾ-ਤਵਾ ਲਿਖਦੀ ਰਹਿੰਦੀ ਹੈ ਤੇ ਅਕਸਰ ਹੀ ਮੇਰੀ ਲੇਖਣੀ ਕਰਕੇ  ਮੇਰੇ ਕਈ ਸੱਜਣ ਕਦੇ ਮੋਬਾਈਲ ਰਾਹੀਂ, ਕਦੇ ਕੋਈ ਈ-ਮੇਲ ਰਾਹੀ 'ਤੇ ਕਦੇ ਕਦੇ ਰਾਹੇ-ਗੁਆਹੇ ਜਾਂਦਿਆਂ ਆਪਣੀ ਭਡ਼ਾਸ ਮੇਰੇ ‘ਤੇ ਕੱਢ ਹੀ ਜਾਂਦੇ ਹਨ। ਜਿਸ ਦੀ ਅਸਲ ਮਾਅਨਿਆਂ ਵਿੱਚ ਮੇਰੀ ਕਲਮ ਹੱਕਦਾਰ ਹੁੰਦੀ ਹੈ ਨਾਂ ਕਿ ਮੈਂ ! ਜਦੋਂ ਕਦੇ ਵੀ ਲਿਖਣ ਬੈਠਦਾ ਹਾਂ ਤਾਂ ਮੇਰੇ ਦਿਲ ਦੀਆਂ ਤਾਂ ਦਿਲ ਚ ਹੀ ਰਹਿ ਜਾਂਦੀਆਂ ਤੇ ''ਮੇਰੀ ਇਹ ਬੌਸ'' ਆਪ ਮੁਹਾਰੇ ਸੱਚ ਲਿਖਣਾ ਸ਼ੁਰੂ ਕਰ ਦਿੰਦੀ ਹੈ। ਮੈਂ ਤਾਂ ਬਸ, ਹੋਣ ਵਾਲੇ ਅੰਜਾਮ ਦੀ ਕਲਪਨਾ ਕਰਨ ਜੋਗਾ ਹੀ ਰਹਿ ਜਾਂਦਾ ਹਾਂ। ਚਲੋ ਇਹ ਤਾਂ ਲੇਖਾਂ ਦਾ ਖੇਲ ਹੈ ਤੇ ਇੰਜ ਹੀ ਚਲਦਾ ਰਹੁ ਤੇ ਅੰਜਾਮ ਦਾ ਮੈਨੂੰ ਪਤਾ ਹੀ ਹੈ ਕਿ ਮੇਰੇ ਨਾਲ ਕੀ ਹੋਣਾ ਹੈ। ਤਾਂ ਹੀ ਤਾਂ ਮਰਨ ਤੋਂ ਬਾਅਦ ਆਪਣਾ ਸਰੀਰ ਮੈਡੀਕਲ ਕਾਲਜ ਦੇ ਨਾਂ ਲਿਖ ਚੁੱਕਿਆਂ ਹਾਂ ! ਕਿਉਂਕਿ ਮੈਨੂੰ ਇਹ ਚੰਗੀ ਤਰ੍ਹਾਂ ਇਲਮ ਹੈ ਕਿ ਮੇਰੀ ਇਸ ਕਲਮ ਨੇ ਮੇਰੇ ਅੰਤ ਤਕ ਚਾਰ ਬੰਦੇ ਮੋਢਾ ਦੇਣ ਜੋਗੇ ਮੇਰੇ ਕੋਲ ਨਹੀਂ ਛੱਡਣੇ।
ਅਸਲੀ ਮੁੱਦੇ ‘ਤੇ ਆਉਂਦੇ ਹਾਂ : ਦੋਸਤੋ ਵਕਤ ਦਾ ਘੋਡ਼ਾ ਆਪਣੀ ਰਫ਼ਤਾਰ ਨਾਲ ਚਲਦਾ ਰਹਿੰਦਾ ਹੈ ਤੇ ਵੇਲੇ-ਵੇਲੇ ਸਿਰ ਇਸ ਦੇ ਸਵਾਰ ਬਦਲਦੇ ਰਹਿੰਦੇ ਹਨ ਅਤੇ ਕਿਸੇ ਦੇ ਪੱਲੇ ਕੁੱਝ ਪਲ ਦੀ ਸਵਾਰੀ ਆਉਂਦੀ ਹੈ ਤੇ ਕੋਈ ਕਿਸਮਤ ਵਾਲਾ ਲੰਬੀ ਰੇਸ ਲਾਉਣ ਚ ਕਾਮਯਾਬ ਹੋ ਜਾਂਦਾ ਹੈ  ਤੇ ਫੇਰ ਲੋਕੀ ਉਸ ਨੂੰ ਸ਼ਾਹ-ਸਵਾਰ ਦਾ ਦਰਜਾ ਦਿੰਦੇ ਹਨ। ਅੱਜ ਕੱਲ੍ਹ ਪੰਜਾਬੀ ਮਾਂ ਬੋਲੀ ਦੇ ਇਸ ਵਕਤੀ ਘੋਡ਼ੇ ‘ਤੇ ਸਵਾਰ ਦਾ ਨਾਂ ਹੈ ''ਸਤਿੰਦਰ ਸਰਤਾਜ''। ਕਰੀਬ ਦੋ ਕੁ ਵਰ੍ਹੇ ਪਹਿਲਾਂ ਇਕ ਦਿਨ ਯੂ ਟਿਊਬ ‘ਤੇ ਅਚਾਨਕ ਨਜ਼ਰੀਂ ਪਈ ''ਫ਼ਿਲਹਾਲ'' ਨਾਂ ਦੀ ਇਕ ਵੀਡੀਓ ਨੇ ਮੈਨੂੰ ਮਲੋ-ਮਲ਼ੀ ਕਮੈਂਟ ਲਿਖਣ ਲਈ ਮਜਬੂਰ ਕਰ ਦਿਤਾ ਸੀ ਤੇ ਮੇਰੇ ਚੰਗੀ ਤਰ੍ਹਾਂ ਉਹ ਕਮੈਂਟ ਯਾਦ ਹੈ, ਜਿਸ ਵਿੱਚ ਮੈਂ ਇਸ ਮੁੰਡੇ ਨੂੰ ''ਫ਼ਸਲੀ ਬਟੇਰਿਆਂ ਦੇ ਯੁਗ ਵਿੱਚ ਆਇਆ ਲੰਮੀ ਰੇਸ ਦਾ ਘੋਡ਼ਾ'' ਲਿਖਿਆ ਸੀ। ਪਰ ਜਦੋਂ ਮੈਂ ਕਿਸੇ ਕੋਲ ਇਸ ਮੁੰਡੇ ਦਾ ਜਿਕਰ ਕਰਦਾ ਤਾਂ ਅੱਗੋਂ ਅਣਜਾਣ ਹੀ ਟੱਕਰ ਦਾ !
ਉਸ ਵਕਤ ਕੁੱਝ ਮਾਹਲਪੁਰ ਦੇ ਪਡ਼੍ਹਾਕੂ ਸਾਡੇ ਨਾਲ ਸਾਊਥ ਆਸਟ੍ਰੇਲੀਆ ਦੀ ਪੰਜਾਬੀ ਵਸੋਂ ਵਾਲੇ ਇਲਾਕੇ ਰਿਵਰਲੈਂਡ ਵਿੱਚ ਸ਼ੌਂਕ ਵੱਜੋ ਫ਼ੁੱਟਬਾਲ ਖੇਡਣ ਆਉਂਦੇ ਸਨ ਤੇ ਜਦ ਮੈਂ ਉਹਨਾਂ ਨੂੰ ਪੁੱਛਿਆ ਕਿ ਤੁਹਾਡੇ ਇਲਾਕੇ ਦੇ ਇਸ ਮੁੰਡੇ ਨੂੰ (ਸਰਤਾਜ) ਜਾਣਦੇ ਹੋ ? ਤਾਂ ਕਹਿੰਦੇ: ''ਬਾਈ ਜੀ ਜਣਾ-ਖਣਾ ਗਾਉਣ ਤੁਰ ਪਿਆ ਕੀਹਨੂੰ-ਕੀਹਨੂੰ ਯਾਦ ਰੱਖੀਏ''। ਪਰ ਜਦ ਮੈਂ ਉਹਨਾਂ ਨੂੰ ਸਰਤਾਜ ਦੀ ਵੀਡੀਓ ਆਪਣੇ ਮੋਬਾਈਲ ‘ਤੇ ਦਿਖਾਈ ਤਾਂ ਕਹਿੰਦੇ ਯਾਰ ਇਹ ਤਾਂ ''ਬਾ-ਕਮਾਲ'' ਹੈ ਤੇ ਸਾਨੂੰ ਪਤਾ ਹੀ ਨਹੀਂ ! ਸਾਨੂੰ ਵੀ ਇਹ ਵੀਡੀਓ ਭੇਜ ਦਿਓ ਤੇ ਨਾਲੇ ਇਸ ਦੀ ਟੇਪ ਦਾ ਨਾਂ ਵੀ ਦੱਸ ਦਿਓ। ਮੈਂ ਕਿਹਾ ਬੱਸ ਇਹੀ ਤਾਂ ਰੌਲਾ ਵੀਰ, ਮੈਂ ਵੀ ਤਾਂ ਇਸ ਦੀ ਟੇਪ ਲੱਭਦਾ ਫਿਰਦਾ ! ਹਾਲੇ ਤਕ ਤਾਂ ਕੋਈ ਮਿਲੀ ਨਹੀਂ, ਬੱਸ ਯੂ ਟਿਊਬ ‘ਤੇ ਹੀ ਕੁੱਝ ਕੁ ਵੀਡੀਓ ਪਏ ਹਨ।
ਬਸ ਇਹੀ ਜਿਗਿਆਸਾ ਹਰ ਇਕ ਮੂਹਰੇ ਮੈਨੂੰ ਇਹ ਬਾਤ ਪਾਉਣ ਲਈ ਮਜਬੂਰ ਕਰਦੀ ਰਹੀ ਪਰ ਪੱਲੇ ਕੁੱਝ ਵੀ ਨਾਂ ਪਿਆ।  ਬੱਸ ਹਰ ਇਕ ਸਰਤਾਜ ਨੂੰ ਸੁਣ ਕੇ ਇਕ ਫ਼ੋਨ ਜਰੂਰ ਕਰ ਦਿੰਦਾ ; “ਬਾਈ ਆਹ ਤਾਂ ਤੂੰ ਚੰਗਾ ਦੱਸ ਦਿਤਾ” । ਇਹ ਮੁੰਡਾ ਤਾਂ ''ਕਿਆ ਬਾਤ ਹੀ-ਹੈ'' ! ਬੱਸ ਅੱਜ ਕੱਲ੍ਹ ਤਾਂ ਸਾਰਾ ਦਿਨ ਸਰਤਾਜ ਹੀ ਸੁਣੀਦਾ। ਹਰ ਕੋਈ ਉਸ ਨੂੰ ਸੁਣ ਕੇ ਉਸ ਦਾ ਮੁਰੀਦ ਹੋ ਜਾਂਦਾ ਤੇ ਉਸ ਦੇ ਮੁਰੀਦਾਂ ਦੀਆਂ ਬਡ਼ੀਆਂ ਦਿਲਚਸਪ ਗੱਲਾਂ ਸੁਣਨ ਨੂੰ ਮਿਲਦੀਆਂ ; ਜਿਨ੍ਹਾਂ ਵਿੱਚੋਂ ਇੱਕ ਦਾ ਮੈਂ ਇਥੇ ਜਿਕਰ ਕਰਨਾ ਚਾਹਾਂਗਾ ਤੇ ਉਹ ਹੈ ; ਅਕਸਰ ਹੀ ਮੈਂ ਅਤੇ ਮੇਰਾ ਛੋਟਾ ਵੀਰ ਸੁਮਿਤ ਟੰਡਨ ਫ਼ੋਨ ਉੱਤੇ ਗੱਲੀਂ-ਬਾਤੀਂ ਦੁਨੀਆ ਦਾ ਬੋਝ ਢੋਂਦੇ ਹਾਂ । ਸਾਡੀ ਗਲ ਅਕਸਰ ਹੀ ਘੰਟਿਆਂ ਚ ਹੁੰਦੀ ਹੈ ਤੇ ਨਾਲ ਬੈਠੇ ਸੁਣਨ ਵਾਲੇ ਸਾਡੇ 'ਤੇ ਔਖੇ ਹੋ ਜਾਂਦੇ ਹਨ ! ਜਦੋਂ ਇਕ ਦਿਨ ਮੈਂ ਸੁਮਿਤ ਨੂੰ ਸਰਤਾਜ ਬਾਰੇ ਦੱਸਿਆ ਤਾਂ ਉਹ ਆਪਣੇ ਸੁਭਾਅ ਮੁਤਾਬਿਕ ਕਹਿੰਦਾ ਵੀਰ ਜੀ ਇਹ ਕੀ ਸ਼ੈਅ ਆ ? ਇਕ ਵਾਰ ਤਾਂ ਮੈਨੂੰ ਲੱਗਿਆ ਕਿ ਉਹ ਅੱਜ ਵੀ ਰੋਜ ਵਾਂਗ ਮੈਨੂੰ ਬਣਾ ਰਿਹਾ ਹੈ ਪਰ ਸੱਚੀਂ ਉਸ ਨੇ ਹਾਲੇ ਤਕ ਸਰਤਾਜ ਨੂੰ ਨਹੀਂ ਸੀ ਸੁਣਿਆ ! ਉਸ ਨੇ ਮੇਰੇ ਨਾਲ ਗੱਲਾਂ ਕਰਦੇ-ਕਰਦੇ ਹੀ ਨੈੱਟ ‘ਤੇ ਸਰਤਾਜ ਭਾਲ ਲਿਆ ਅਤੇ ਥੋਡ਼੍ਹਾ ਜਿਹਾ ਸੁਣ ਕੇ ਕਹਿੰਦਾ; ਬਾਈ ਜੀ ਆਪਾ ਫੇਰ ਗਲ ਕਰਦੇ ਆਂ, ਤੁਸੀਂ ਵੀ ਜਰਾ ਗਲ਼ੇ ਨੂੰ ਸਾਹ ਦੁਆ ਲਓ !
ਉਹ ਦਿਨ ਬੀਤਿਆ, ਕਈ ਦਿਨ ਉਸ ਕੁਦਰਤ ਪ੍ਰੇਮੀ ਦੀ ਆਵਾਜ਼ ਸੁਣਨ ਨੂੰ ਨਹੀਂ ਮਿਲੀ? ਕਈ ਦਿਨਾਂ ਦੀ ਉਡੀਕ ਤੋਂ ਪਿਛੋਂ ਜਦ ਮੈਂ ਡਰਦੇ-ਡਰਦੇ ਜਿਹੇ ਉਸ ਨੂੰ ਫ਼ੋਨ ਕੀਤਾ ਕਿ ਖੌਰੇ ਸੁੱਖ ਹੀ ਹੋਵੇ ? ਤਾਂ ਮੂਹਰਿਓਂ ਉਸ ਦੀ ਹੋਮ ਮਨਿਸਟਰ ਨੇ ਫ਼ੋਨ ਚੁੱਕਿਆ, ਜਿਸ ਵਿਚਾਰੀ ਦਾ ਪੰਜਾਬੀ ‘ਚ ਹੱਥ ਤੰਗ ਹੀ ਹੈ ! ਜੇ ਕਦੇ ਬੋਲਣ ਦੀ ਕੋਸ਼ਸ਼ ਕਰਦੀ ਵੀ ਹੈ ਤਾਂ ਜਿਵੇਂ ਮੇਰੀ ਅੰਗਰੇਜ਼ੀ ਮੁੱਕ ਜਾਂਦੀ ਹੈ ਉਵੇਂ ਹੀ ਉਸ ਵਿਚਾਰੀ ਦੀ ਪੰਜਾਬੀ ਮੁੱਕ ਜਾਂਦੀ ਹੈ ! ਜਦ ਮੈਂ ਉਸ ਤੋਂ ਖ਼ੈਰ-ਸੁੱਖ ਜਾਨਣੀ ਚਾਹੀ ਤਾਂ ਉਹ ਮੈਨੂੰ ਹਿੰਦੀ ਵਿੱਚ ਕਹਿਣ ਲੱਗੀ: ‘ਭਾਈ ਸਾਹਿਬ ਜਿਸ ਦਿਨ ਕਾ ਆਪ ਨੇ ਇਨਕੋ ਸਰਤਾਜ ਕੇ ਬਾਰੇ ਮੇਂ ਬਤਾਇਆ ਹੈ ਬਸ ਸਾਰਾ ਦਿਨ ਉਨ ਕੋ ਹੀ ਸੁਨਤੇ ਰਹਤੇ ਹੈਂ, ਲਗਤਾ ਹੈ, ਇਨਕੋ ਉਨ ਸੇ ਪਿਆਰ ਹੋ ਗਿਆ ਹੈ। ਅਬ ਤੋਂ ਮੈਂ ਭੀ ਸਾਈਂ ਵਾਲੇ ਗੀਤ ਕੋ ਬਿਨਾਂ ਸੁਨੇ ਗਾ ਸਕਤੀ ਹੂੰ ‘ !
ਸੋ ਕਹਿਣ ਦਾ ਮਤਲਬ ਹਰ ਕੋਈ ''ਪਹਿਲੀ ਨਜ਼ਰੇ ਸਰਤਾਜ ਦਾ ਮੁਰੀਦ ਬਣ ਜਾਂਦਾ ਹੈ''।
ਪਰ ਮੇਰੇ ਮਨ ਵਿੱਚ ਸਰਤਾਜ ਬਾਰੇ ਹੋਰ ਜਾਨਣ ਦੀ ਲਾਲਸਾ ਉਸੇ ਤਰ੍ਹਾਂ ਹੀ ਸੁਲਗਦੀ ਰਹੀ। ਹੋਲੀ-ਹੋਲੀ ਕੁੱਝ ਇੱਕ ਹੋਰ ਵੀਡੀਓ ਨੈੱਟ 'ਤੇ ਦੇਖਣ ਨੂੰ ਮਿਲੇ, ਉਹਨਾਂ ਨਾਲ ਵੀ ਸਬਰ ਨਾ ਆਇਆ, ਫੇਰ ਕਨੇਡਾ ‘ਚ ਹੋਏ ਸਤਿੰਦਰ ਦੇ ਸ਼ੋਆਂ ਬਾਰੇ ਸੁਣਨ ਨੂੰ ਮਿਲਿਆ। ਹੋਲੀ-ਹੋਲੀ ਮੀਡੀਆ ਰਾਹੀਂ ਕਾਫ਼ੀ ਕੁੱਝ ਪਤਾ ਲਗ ਗਿਆ ਸਰਤਾਜ ਬਾਰੇ ! ਕੀ ਇਸ ਦੀ ਪੀ.ਐੱਚ.ਡੀ. ਕੀਤੀ ਹੋਈ ਹੈ ਤੇ ਇਹ ਚੰਡੀਗਡ਼੍ਹ ਵਿੱਚ ਪ੍ਰੋਫੈਸਰ ਲੱਗਿਆ ਹੋਇਆ ਹੈ ਤੇ ਹਾਲੇ ਤਕ ਇਸ ਦੀ ਕੋਈ ਟੇਪ ਨਹੀਂ ਆਈ। ਹੋਰ ਵੀ ਬਹੁਤ ਕੁੱਝ ਪਤਾ ਚੱਲਿਆ ਇਸ ਬਾਰੇ ਪਰ ਮੇਰੇ ਜਿਹੇ ਨਜ਼ਰੀਏ ਵਾਲੇ ਇਨਸਾਨ ਲਈ ਇਹ ਸੱਭ ਕੁੱਝ ਕਾਫ਼ੀ ਨਹੀਂ ਸੀ।
ਇੰਨੇ ਨੂੰ ਕੰਨੀ ਖ਼ਬਰਾਂ ਪਈਆਂ ਕਿ ਸਰਤਾਜ ਹੋਰੀਂ ਆਸਟ੍ਰੇਲੀਆ ਆ ਰਹੇ ਹਨ। ਸੁਣਦੇ ਸਾਰ ਵਾਂਛਾ ਖਿਡ਼ ਗਈਆਂ। ਪਰ ਮੇਰਾ ਇਹ ਚਾਅ ਇਕੋ ਝਟਕੇ ਖੁਸ ਗਿਆ ਜਦੋਂ ਮੈਨੂੰ ਪਤਾ ਲੱਗਿਆ ਕਿ ਮੇਰੇ ਸ਼ਹਿਰ ਐਡੀਲੇਡ ਵਿੱਚ ਉਹ ਛੇ ਦਸੰਬਰ ਨੂੰ ਆ ਰਹੇ ਹਨ ਅਤੇ ਮੈਂ ਪੂਰੇ ਢਾਈ ਵਰ੍ਹਿਆਂ ਪਿਛੋਂ 29 ਨਵੰਬਰ ਨੂੰ ਇੰਡੀਆ ਦੀਆਂ ਟਿਕਟਾਂ ਲਈ ਬੈਠਾ ਸੀ ! ਰਹਿ ਰਹਿ ਕੇ ਮੁਕੱਦਰ ਨੂੰ ਕੋਸ ਰਿਹਾ ਸਾਂ; ਤੇ ਅੰਦਰੋਂ-ਅੰਦਰੀ ਦੂਜਿਆਂ ਓੱਤੇ ਸਡ਼ ਰਿਹਾ ਸਾਂ। ਪਰ ਅਚਾਨਕ ਹੀ ਇਕ ਦਿਨ ਅਮਨਦੀਪ ਸਿੱਧੂ ਜਿਸ ਨਾਲ ਭਾਵੇਂ ਮੇਰਾ ਪਹਿਲਾਂ ਕਦੇ ਮੇਲ ਨਹੀਂ ਸੀ ਹੋਇਆ ਪਰ ਮੈਨੂੰ ਉਸ ਵੱਲੋਂ ਪੰਜਾਬੀ ਕਲਚਰ ਵਿੱਚ ਪਾਏ ਜਾ ਰਹੇ ਯੋਗਦਾਨ ਬਾਰੇ ਡੱਕਾ-ਡੱਕਾ ਪਤਾ ਸੀ। ਅਤੇ ਮੈਂ ਉਸ ਤੋਂ ਇਸ ਲਈ ਪ੍ਰਭਾਵਿਤ ਸੀ ਕਿਉਂਕਿ ਕਿ ਉਹ ਇਕ ਵੱਖਰੇ ਸੁਮੇਲ ਦਾ ਮਾਲਕ ਹੈ। ਜਿਥੇ ਉਸ ਨੂੰ ਅਤਿ-ਆਧੁਨਿਕ ਨੈਟਵਰਕਿੰਗ ਵਿੱਚ ਮੁਹਾਰਤ ਹਾਸਿਲ ਹੈ, ਉੱਥੇ ਉਹ ਉਨਾਂ ਹੀ ਆਪਣੇ ਪੁਰਾਣੇ ਵਿਰਸੇ ਪ੍ਰਤੀ ਚਿੰਤਤ ਵੀ ਹੈ ਜੋ ਬਡ਼ੀ ਸਫ਼ਲਤਾ ਨਾਲ ਵਿਰਾਸਤ ਨਾ ਦੀ ਇਕ ਨਿਰੋਲ ਗ਼ੈਰ ਵਪਾਰਕ ਸੰਸਥਾ ਨੂੰ ਚਲਾ ਰਿਹਾ ਹੈ। ਉਸੇ ਤਹਿਤ ਉਹ ਸਰਤਾਜ ਦੇ ਸ਼ੋਅ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਵਿੱਚ ਕਰਵਾ ਰਿਹਾ। ਜਦ ਮੈਂ ਉਸ ਕੋਲ ਆਪਣੀ ਸਮੱਸਿਆ ਦੱਸੀ ਤਾਂ ਉਹ ਕਹਿੰਦਾ ਵੀਰ ਇਹ ਕਿਹਡ਼ੀ ਦਿਲ ਨੂੰ ਲਾਉਣ ਵਾਲੀ ਗੱਲ ਆ, ਤੁਸੀਂ 22 ਨਵੰਬਰ ਨੂੰ ਤਾਂ ਇਥੇ ਹੀ ਹੋਵੋਗੇ ਕਿ ਨਹੀ? 22 ਨਵੰਬਰ ਨੂੰ ਸਰਤਾਜ ਹੋਰਾਂ ਦਾ ਸ਼ੋਅ ਬ੍ਰਿਸਬੇਨ ਚ ਹੋਵੇਗਾ ਤੇ ਬੱਸ ਐਡੀਲੇਡ ਤੋਂ ਜਹਾਜ਼ ਚਡ਼ਿਓ ਫੇਰ ਉੱਥੇ ਲਾਉਣੇ ਆ ਮਹਿਫ਼ਲਾਂ। 'ਨਾਲੇ ਅੱਜ ਕੱਲ੍ਹ ਤਾਂ ਦੁਨੀਆ ਸੁੰਗਡ਼ਗੀ, ਬਾਂਹ ਪਹੁੰਚਦੀ ਆ ਬ੍ਰਿਸਬੇਨ । ਮੇਰੇ ਵੀ ਗੱਲ ਦਿਲ ਨੂੰ ਲਗ ਗਈ ਤੇ ਮੈਂ ਵੀ ਘਡ਼ ਲਈ ਸਕੀਮ, ਤੇ ਕਰਾ ਲਈ ਟਿਕਟ ਬੁੱਕ। ਜਦ ਮੇਰੇ ਇਸ ਪ੍ਰੋਗਰਾਮ ਦਾ ਪਤਾ ਸੁਮਿਤ ਬਾਈ ਤੇ ਸਾਡੇ ਜੁੰਡੀ ਦੇ ਯਾਰ ਜੌਲੀ ਨੂੰ ਲੱਗਿਆ ਤਾਂ ਉਹ ਵੀ ਜੁਆਕਾ ਵਾਂਗੂੰ ਅਡ਼ ਕੇ ਬਹਿ ਗਏ ! ਕਹਿਣ ਲਗੇ : ਵੀਰ ਅਸੀਂ ਵੀ ਜਾਣਾ ਤੁਹਾਡੇ ਨਾਲ, ਕੇਰਾਂ ਕੱਲ੍ਹਾ ਜਾ ਕੇ ਦਿਖਾਈ ਤਾਂ ਸਹੀ। ਬ੍ਰਿਸਬੇਨ ਦੀਆਂ ਟਿਕਟਾਂ ਮੌਕੇ 'ਤੇ ਨਾ ਮਿਲਣ ਕਾਰਨ ਗੋਲਡ ਕੋਸਟ ਦੀਆਂ ਹੀ ਲੈ ਲਈਆਂ; ਕਿਤੇ ਆਹ ਵੀ ਹੱਥੋਂ ਨਾ ਜਾਂਦੀਆਂ ਰਹਿਣ ! ਤੇ ਜਦ ਮੈਂ ਇਹਨਾਂ ਨੂੰ ਦੱਸਿਆ ਤਾਂ ਇਕ ਗੱਲੋਂ ਤਾਂ ਇਹ ਖ਼ੁਸ਼ ਹੋਏ ਕੇ ਚਲੋ ਬਹਾਨੇ ਸਿਰ ਗੋਲਡ ਕੋਸਟ ਦੇਖ ਲਵਾਂਗੇ। ਪਰ ਫ਼ਿਕਰ ਇਸ ਗਲ ਦਾ ਕਰੀ ਜਾਣ ਕੇ ਗੋਲਡ ਕੋਸਟ ਤੋਂ ਅਗਾਂਹ ਦਾ ਕੀ ਜੁਗਾਡ਼ ਬਣੂ ? ਮੈਨੂੰ ਫ਼ੋਨ ਕਰਕੇ ਪੁੱਛਿਆ ਤਾਂ ਮੈਂ ਕਿਹਾ ਕਿਉਂ ਘਬਰਾਉਣੇ ਹੋ ਯਾਰ ? ਦੱਸੋ ਆਪਣਾ ਵੱਡਾ ਬਾਈ ਬੋਪਾਰਾਏ ਕਦੋਂ ਕੰਮ ਆਊ ! ਤੇ ਜੇ ਨਾਲੇ ਅੱਜ ਨਾ ਵਰਤਿਆ ਤਾਂ ਫੇਰ ਆਪਾਂ ਕਿਹਡ਼ਾ ''ਰਗਡ਼ ਕੇ ਫੋਡ਼ੇ ‘ਤੇ ਲਾਉਣਾ'' ! ਆਪੇ ਸਾਂਭੂ।
ਪਰ ਇਹ ਗੱਲਾਂ ਤਾਂ ਸਭ ਠੀਕ ਸਨ, ਰੌਲਾ ਉਹੀ ; ਕਿ ਇੰਨੇ ਦਿਨ ਉਡੀਕ ਕਰੇ ਕੋਣ ? ਹਾਲੇ ਤਾਂ ਦੱਸ ਦਿਨ ਪਏ ਸਨ ਇਹ ਪ੍ਰੋਗਰਾਮ ਹੋਣ ਚ ਤਾਂ !  ਫੇਰ ਉਹੀ ਦੁਚਿੱਤੀ ਚ ਅਮਨਦੀਪ ਸਿੱਧੂ ਨੂੰ ਫ਼ੋਨ ਕੀਤਾ ਤਾਂ ਉਸ ਨੇ ਫੇਰ ਮੈਨੂੰ ਦੁਚਿੱਤੀ ਵਿੱਚੋਂ ਕੱਢਦੇ ਨੇ ਕਿਹਾ ਇਹ ਕਿਹਡ਼ੀ ਵੱਡੀ ਗਲ ਹੈ, ਆਪਾਂ ਉਸ ਤੋਂ ਪਹਿਲਾਂ ਹੀ ਤੁਹਾਡੀ ਗਲ ਫ਼ੋਨ ‘ਤੇ ਕਰਵਾ ਦਿੰਦੇ ਹਾਂ ! ਸਰਤਾਜ ਹੋਰਾਂ ਨਾਲ।
ਚਲੋ ਜੀ ਕਿਵੇਂ ਨਾ ਕਿਵੇਂ ਅੱਤ ਦੇ ਰੁਝੇਵਿਆਂ ਵਿੱਚ ਦੀ ਇਕ ਫ਼ੁਰਸਤ ਦੀ ਭੀਡ਼ੀ ਗਲੀ ਬਣਾ ਲਈ ਤੇ ਸੁੰਨਸਾਨ ਸਡ਼ਕ ਦੇ ਕੰਢੇ ਕਾਰ ਰੋਕ ਕੇ ਮਿਲਾ ਲਿਆ ਆਪਣੇ ਇਸ ਮਹਿਬੂਬ ਕਲਾਕਾਰ ਨੂੰ ਫ਼ੋਨ : ਕੁੱਝ ਨਵਾਂ ਜਾਣਨ ਲਈ। ਸਰਤਾਜ ਦੂਜੇ ਦਿਨ ਹੀ ਨਿਊਜ਼ੀਲੈਂਡ ਦੀ ਫਲਾਈਟ ਹੋਣ ਕਾਰਨ ਤਿਆਰੀ ਵਿੱਚ ਬਹੁਤ ਰੁੱਝਿਆ ਹੋਇਆ ਸੀ ਪਰ ਫੇਰ ਵੀ ਉਸ ਨਾਲ ਜਿੰਨਾ ਕੁ ਵਕਤ ਮੈਂ ਗਲ ਕਰ ਸਕਿਆ ਉਸ ਨੇ ਮੇਰੇ ਸਰਤਾਜ ਪ੍ਰਤੀ ਸਾਰੇ ਸਮੀਕਰਣ ਹੀ ਬਦਲ ਕੇ ਰੱਖ  ਦਿਤੇ। ਜੋ ਮੈਂ ਸੋਚਦਾ ਹੁੰਦਾ ਸੀ ਉਹ ਤਾਂ ਅਸਲ ਨਾਲੋਂ ਬਹੁਤ ਵੱਖਰਾ ਸੀ। ਕਿਉਂਕਿ ਉਸ ਬਾਰੇ ਹੁਣ ਤਕ ਜੋ ਮੈਂ ਪਡ਼੍ਹਿਆ ਸੁਣਿਆ ਸੀ ਉਸ ਨਾਲ ਉਸ ਵਿੱਚੋਂ ਇਕ ਸੂਫ਼ੀ ਗਾਇਕ ਤੇ ਜਾਂ ਫੇਰ ਇਕ ਪਡ਼੍ਹਿਆ ਲਿਖਿਆ ਡਾਕਟਰ ਸਤਿੰਦਰ ਸਰਤਾਜ ਦੇ ਦਰਸ਼ਨ ਹੀ ਹੋਏ ਸਨ।ਪਰ ਅੱਜ ਦੀ ਇਸ ਮੁਲਾਕਾਤ ਨੇ ਤਾਂ ਮੇਰੇ ਮੂਹਰੇ ਫੇਰ ਉਹੀ ਸਵਾਲ ਖਡ਼੍ਹਾ ਕਰ ਦਿਤਾ ਜੋ ਅੱਜ ਤੋਂ ਦਸ-ਪੰਦਰਾਂ ਵਰ੍ਹੇ ਪਹਿਲਾਂ ਗੁਰਦਾਸ ਮਾਨ ਪ੍ਰਤੀ ਪੈਦਾ ਹੋਇਆ ਸੀ ਕਿ : ‘ਕੀ ਗੁਰਦਾਸ ਵੀ ਕੋਈ ਬੰਦੈ’ ? ਪਰ ਅੱਜ ਸਵਾਲ ਗੁਰਦਾਸ ਦੇ ਇਰਦ-ਗਿਰਦ ਨਾ ਘੁੰਮ ਕੇ ਸਰਤਾਜ ਨੂੰ ਲਪੇਟੀ ਜਾ ਰਿਹਾ ਸੀ ਕਿ : ''ਕੀ ਸਰਤਾਜ ਕੋਈ ਬੰਦੈ''?

‘ਹੁਣ ਤਕ ਦੀ ਜ਼ਿੰਦਗੀ ਵਿੱਚ ਬਹੁਤ ਸਾਰੇ ਫ਼ਨਕਾਰ ਸੁਣੇ ਤੇ ਦੇਖੇ ਪਰ ਜੇ ਅਦਬ ਨਾਲ ਕਿਸੇ ਮੂਹਰੇ ਸਿਰ ਚੁੱਕਦਾ ਹੈ ਤਾਂ ਉਹ ਗੁਰਦਾਸ ਮਾਨ ਹੀ ਹੈ, ਤੇ ਹਰ ਵਕਤ ਉਹਨਾਂ ਦੀ ਸਲਾਮਤੀ ਮੰਗਦੇ ਇਹੀ ਦੁਆ ਕੀਤੀ ਹੈ ਕਿ ਉਹਨਾਂ ਦੀ ਜ਼ਿੰਦਗੀ ਦਾ ਇਹ ਸਫ਼ਰ ਮੇਰੇ ਤੋਂ ਪਹਿਲਾਂ ਨਾ ਮੁੱਕੇ ’। ਮਨ ਅੰਦਰ ਇਕ ਅਜੀਬ ਜਿਹੀ ਸੋਚ ਲੱਗੀ ਰਹਿੰਦੀ ਸੀ ਕੀ ਮੇਰਾ ਪੰਜਾਬ ਕਦੇ ਕੋਈ ਹੋਰ ਇਹੋ ਜਿਹੀ ਰੂਹ ਪੈਦਾ ਕਰ ਸਕੇਗਾ ਕਿ ਨਹੀਂ?
ਪਰ ਕੁਦਰਤ ਦਾ ਇਕ ਅਸੂਲ ਰਿਹਾ ਕਿ ਉਹ ਹਰ ਇਕ ਦਾ ਬਦਲ ਜਰੂਰ ਪੈਦਾ ਕਰਦੀ ਹੈ ਤੇ ਕਰਦੀ ਵੀ ਉਸ ਨਾਲੋਂ ਕੁੱਝ ਵੱਧ ਕੇ, ਮੇਰਾ ਇਥੇ ਇਹ ਲਿਖਣਾ ਮਾਨ ਸਾਹਿਬ ਦੀ ਸ਼ਖਸੀਅਤ ਨੂੰ ਝੁਠਲਾਉਣਾ ਨਹੀਂ; ਮੇਰੇ ਕਹਿਣ ਦਾ ਮਤਲਬ ਹੈ ਜੋ ਕੁੱਝ ਲੋਕ ਉਹਨਾਂ ਦੀ ਗਾਇਕੀ ‘ਤੇ ਕਿੰਤੂ ਪਰੰਤੂ ਕਰਦੇ ਸਨ ਸਤਿੰਦਰ ਦੇ ਰੂਪ ਵਿੱਚ ਜੋ ਬਦਲ ਗੁਰਦਾਸ ਮਾਨ ਦਾ ਸਾਨੂੰ ਮਿਲਿਆ ਉਹ ਅੱਜ ਦੀ ਘਡ਼ੀ ਤਾਂ ਚਾਰੇ ਖ਼ਾਨਿਓਂ ਪੂਰਾ ਜਾਪ ਰਿਹਾ ਤੇ ਕੱਲ੍ਹ ਕਿਸੇ ਦੇਖਿਆ ਨਹੀਂ। ਭਾਵੇਂ ਗੁਰਦਾਸ ਮਾਨ ਹੋਰਾਂ ਇਕ ਲੰਮਾ ਪੈਂਡਾ ਤੈਅ ਕਰਕੇ ਜੋ ਕੁੱਝ ਸਾਬਤ ਕਰ ਦਿਤਾ ਹੈ ਉਸ ਨੂੰ ਛੂਹ ਸਕਣਾ ਹਾਲੇ ਸਤਿੰਦਰ ਲਈ ਖਾਲਾ ਜੀ ਦਾ ਵਾਡ਼ਾ ਨਹੀਂ।
ਲਓ ਜੀ ਇਹ ਸਿੱਟਾ ਤਾਂ ਅਸੀਂ ਸਰਤਾਜ ਨਾਲ ਇਕੱਲੀ ਫ਼ੋਨ ਤੇ ਗਲ ਕਰਕੇ ਕੱਢ ਲਿਆ। ਪਰ ਕਹਿੰਦੇ ਹਨ ਕਿ ਅੱਖੀਂ ਦੇਖੇ ਬਿਨਾਂ ਕਿਸੇ ਗਲ ਨੂੰ ਤੂਲ ਨਹੀਂ ਦੇਣਾ ਚਾਹੀਦਾ।ਸੋ ਉਹ ਦਿਨ ਵੀ ਆ ਪਹੁੰਚਿਆ ਜਦੋਂ ਅਸੀਂ ਐਡੀਲੇਡ ਦੇ ਏਅਰਪੋਰਟ ਤੇ ਚਾਈਂ-ਚਾਈਂ ਆ ਪਹੁੰਚੇ ਬ੍ਰਿਸਬੇਨ ਜਾਣ ਲਈ।ਪਰ ਸਾਡਾ ਇਹ ਚਾਅ ਤਾਂ ਕੁੱਝ ਇੱਕ ਪਲਾਂ ਵਿੱਚ ਹੀ ਸਾਥੋਂ ਖੁਸ ਗਿਆ ਜਦੋਂ ਇਕ ਯਾਦਗਾਰ ਫੋਟੋ ਲਾਉਂਦੇ-ਲਾਉਂਦੇ ਅਸੀਂ ਟਾਈਗਰ ਏਅਰਲਾਈਨ ਦੇ ਕਾਊਂਟਰ ਤੇ ਪਹੁੰਚਣ ਵਿੱਚ ਦੋ ਮਿੰਟ ਲੇਟ ਹੋ ਗਏ ।ਜਦੋਂ ਸੁਮਿਤ ਨੇ ਉੱਥੇ ਬੈਠੀ ਗੋਰੀ ਮੂਹਰੇ ਟਿਕਟ ਰੱਖੀ ਤਾਂ ਉਹ ਸਾਡੀ ਭੂਰੀ ਮੱਝ ਆਂਗੂ ਸਿਰ ਮਾਰੀ ਜਾਵੇ, ਆਖੇ ਹੁਣ ਤਾਂ ਬੱਸ ਕੱਲ੍ਹ ਨੂੰ ਹੀ ਭੇਜ ਸਕਦੇ ਹਾਂ ਤੁਹਾਨੂੰ! ਅਸੀਂ ਬਥੇਰੀਆਂ ਲੇਲ੍ਹਡ਼ੀਆਂ ਕੱਢੀਆਂ ਕਿ 'ਤੀਆਂ ਮਗਰੋਂ ਅਸੀਂ ਕੀ ਲੰਘੀ ਫੂਕਣੀ ਆ', ਸਤਿੰਦਰ ਦਾ ਸ਼ੋਅ ਤਾਂ ਅਜ ਰਾਤ ਦਾ! ਜਦੋਂ ਕੋਈ ਵਾਹ ਨਾ ਚਲਿਆ ਤਾਂ ਸਾਡੀ ਸ਼ਕਲ ਇੰਜ ਹੋ ਗਈ ਜਿਵੇਂ ਗੰਢਿਆਂ ਦੇ ਵਪਾਰ ਵਿੱਚ ਘਾਟਾ ਪੈ ਗਿਆ ਹੋਵੇ। ਦੂਜੀ ਏਅਰਲਾਈਨ ਵਾਲੀਆਂ ਨਾਲ ਗਲ ਕੀਤੀ ਤਾਂ ਉਹ ਕਹਿਣ ਸਾਡੇ ਕੋਲ ਤਾਂ ਅਜ ਦੀਆਂ ਬਸ ਦੋ ਹੀ ਟਿੱਕਟ ਹਨ ਜੌਲੀ ਕਹੇ ਤੁਸੀ ਜਾ ਆਓ ਸੁਮੀਤ ਕਹੇ ਨਹੀਂ ਤੁਸੀ ਦੋਨੇਂ ਜਾ ਆਓ ਪਰ ਮੈਨੂੰ ਉਹਨਾਂ ਦੀ ਇਸ ਕੁਰਬਾਨੀ ਵਿੱਚੋਂ ਉਹਨਾਂ ਦੀ ਬੇਬਸੀ ਦਿਖਾਈ ਦੇ ਰਹੀ ਸੀ। ਹੋਰ ਤਰੀਕਿਆਂ ਬਾਰੇ ਸੋਚਿਆ ਕਿ ਕਿਵੇਂ ਪਹੁੰਚਿਆ ਜਾ ਸਕਦਾ। ਕਾਰ ਰਾਹੀਂ ਪੱਚੀ ਸੋ ਕਿਲੋਮੀਟਰ ਕਿਸੇ ਢੰਗ ਨਾਲ ਦੱਸ-ਬਾਰਾਂ ਘੰਟਿਆਂ ਚ ਹੋ ਨਹੀਂ ਸੀ ਸਕਦੀ। ਅਖੀਰ ਇਕ ਏਅਰਲਾਈਨ ਵਾਲੇ ਦੁੱਗਣੇ ਡਾਲਰ ਲੈ ਕੇ ਸਾਨੂੰ ਲਿਜਾਣ ਲਈ ਰਾਜੀ ਹੋ ਗਏ।
ਕਿਵੇਂ ਨਾ ਕਿਵੇਂ ਉਹ ਵਕਤ ਆ ਹੀ ਪਹੁੰਚਿਆ ਜਦੋਂ ਇਸ ਫ਼ਨਕਾਰ ਨੂੰ ਅਸੀ ਛੂਹ ਸਕਦੇ। ਅਸੀਂ ਉਤੇਜਨਾ ਵਿੱਚ ਪਤਾ ਨਹੀਂ  ਕੀ-ਕੀ ਸਵਾਲ ਸਤਿੰਦਰ ਨੂੰ ਕਰੀ ਗਏ, ਪਰ ਉਹ ਉੱਨੀ ਹੀ ਹਲੀਮਅਤ ਨਾਲ ਕਲੀ-ਕਲੀ ਗਲ ਦਾ ਨਿਖੇਡ਼ਾ ਕਰਦਾ ਰਿਹਾ। ਉਸ ਦਾ  ਹਰ ਇਕ ਜਵਾਬ ਸਾਨੂੰ ਖ਼ਾਮੋਸ਼ ਕਰਵਾ ਦਿੰਦਾ। ਥੋਡ਼੍ਹੀ ਜਿਹੀ ਦੇਰ 'ਚ ਉਹ ਵਕਤ ਵੀ ਆ ਗਿਆ ਜਦੋਂ ਮਹਿਫਿਲ-ਏ-ਸਰਤਾਜ ਦਾ ਆਗਾਸ ਹੋਇਆ ਤੇ ਜਦੋਂ ਇਕਬਾਲ ਮਾਹਲ ਹੋਰਾਂ ਨੇ ਸਤਿੰਦਰ ਦੀ ਟੀਮ ਦੀ ਜਾਨ-ਪਹਿਚਾਣ ਦਰਸ਼ਕਾਂ ਨਾਲ ਕਰਵਾਈ ਤਾਂ ਜ਼ਿੰਦਗੀ ਵਿੱਚ ਪਹਿਲੀ ਵਾਰ ਡੋਲ ਬਾਜੇ ਬਜਾਉਣ ਵਾਲੇ ਮਾਸਟਰਜ਼ ਦੀਆਂ ਡਿਗਰੀਆਂ ਵਾਲੇ ਦੇਖ ਕੇ ਪਿੰਡੇ ਵਿੱਚੋਂ ਤੁਡ਼-ਤਡ਼ੀਆਂ ਜਿਹੀਆਂ ਨਿਕਲੀਆਂ। ਹੁਣ ਤਕ ਖ਼ਾਨਦਾਨੀ ਮੀਰ ਤਾਂ ਸਾਜਾ ਵਿੱਚ ਮੁਹਾਰਤ ਰੱਖਦੇ ਦੇਖੇ ਸਨ ਪਰ ਇੰਨੇ ਪਡ਼੍ਹੇ ਲਿਖੇ ਸਾਜਿੰਦਿਆਂ ਦੀ ਟੀਮ ਦੇਖ ਕੇ ਸ਼ੁਰੂ ਹੋਣ ਵਾਲੀ ਮਹਿਫ਼ਲ ਦੇ ਮੁਕਾਮ ਦਾ ਅਹਿਸਾਸ ਸਾਨੂੰ ਹੋ ਗਿਆ ਸੀ। ਬਸ ਫੇਰ ਜਦੋਂ ਇਕ ਬਾਰ ਸਾਈਂ ਨਾਲ ਤਾਰ ਜੋਡ਼ ਲਈ ਸਰਤਾਜ ਨੇ ਤਾਂ ਪਤਾ ਹੀ ਨਹੀਂ ਚਲਿਆ ਕਿ ਕਦੋਂ ਗਿਆਰਾਂ ਵੱਜ ਗਏ। ਚਾਹ ਦੇ ਕੱਪ ਦੀਆਂ ਚੁਸਕੀਆਂ ਲੈਂਦਾ-ਲੈਂਦਾ ਇਹ ਫ਼ਨਕਾਰ ਲਗਾਤਾਰ ਬਿਨਾਂ ਕਿਸੇ ਬ੍ਰੇਕ ਦੇ ਚਾਰ ਘੰਟੇ ਦਰਸ਼ਕਾਂ ਨੂੰ ਤਾਡ਼ੀਆਂ ਪਾਉਣ ਤੇ ਮਜਬੂਰ ਕਰਦਾ ਰਿਹਾ। ਸਾਰੇ ਹਾਲ ਵਿੱਚ ਉਸ ਵੱਲੋਂ ਕਹੀ ਹਰ ਗਲ ਤੇ 'ਵਾਹ-ਵਾਹ' ਤੇ 'ਜੀਓ' ਦੀਆਂ ਆਵਾਜ਼ਾਂ ਆਉਂਦੀਆਂ ਰਹੀਆਂ। ਸ਼ਾਇਦ ਹੀ ਕੋਈ ਇਹੋ ਜਿਹਾ ਸ਼ੇਅਰ ਹੋਵੇ ਜਿਸ ਨੂੰ ਸੁਣ ਕੇ ਲੋਕ ਮਜਬੂਰ ਨਾ ਹੋਏ ਹੋਣ ਤਾਡ਼ੀਆਂ ਪਾਉਣ ਲਈ ਤੇ ਕਈ ਬਾਰ ਤਾਂ ਉਸ ਵੱਲੋਂ ਗਾਈ ਕੋਈ ਲਾਈਨ ਲੋਕਾਂ ਦੇ ਦਿਲਾਂ ਨੂੰ ਐਨਾ ਲਗ ਜਾਂਦੀ ਕਿ ਉਹ ਮਜਬੂਰ ਹੋ ਜਾਂਦੇ ਖਡ਼੍ਹੇ ਹੋ ਕੇ ਤਾਡ਼ੀਆਂ ਪਾਉਣ ਲਈ। ਚਾਰ ਘੰਟੇ ਵਗੇ ਇਸ ਸ਼ਾਇਰੀ ਦੇ ਦਰਿਆ ਤੋਂ ਬਾਦ ਜਦ ਮੈਂ ਇਕ ਬਜ਼ੁਰਗ ਦਰਸ਼ਕ ਜੋ ਕਿ ਸਰਤਾਜ ਨਾਲ ਫੋਟੋ ਖਿਚਵਾਉਣ ਲਈ ਆਪਣੀ ਬਾਰੀ ਦੀ ਉਡੀਕ ਕਰ ਰਿਹਾ ਸੀ ਨੂੰ ਉਂਝ ਹੀ ਪੁੱਛ ਲਿਆ ਹੋਰ ਬਾਬਾ ਜੀ ਕਿੱਦਾਂ ਲੱਗਿਆ ਤਾਂ ਮੂਹਰੋਂ ਬਾਬਾ ਕਹਿੰਦਾ ਕੁੱਝ ਨਹੀਂ ਯਾਰ ਤੇਰਾ ਇਹ ਆਡ਼ੀ ਵੀ ! ਮੈਂ ਠਠੰਬਰ ਕੇ ਜੇ ਬਾਬੇ ਨੂੰ ਪੁੱਛਿਆ ਕਿਉਂ ਕੀ ਹੋ ਗਿਆ? ਬਾਬਾ ਕਹੇ ਪਤੰਦਰ ਨੇ ਮੇਰੇ ਤਾਂ ਹੱਥ ਦੁਖਣ ਲਾ ਤੇ ਤਾਡ਼ੀਆਂ ਪੁਆ-ਪੁਆ ਕੇ, ਕੋਲ ਖਡ਼੍ਹੇ ਇੱਕ ਹੋਰ ਨੌਜਵਾਨ ਨੇ ਕਿਹਾ ਕਿ ਜਿਹਡ਼ਾ ਅੱਜ ਸਰਤਾਜ ਦਾ ਸ਼ੋਅ ਦੇਖਣ ਨਹੀਂ ਆਇਆ ਉਹ ਬਡ਼ਾ ਪਛਤਾਊ! ਨਾਲ ਹੀ ਖਡ਼੍ਹੀ ਇਕ ਪਡ਼੍ਹਾਕੂ ਕੁਡ਼ੀ ਕਹੇ; ਪਛਤਾਊ ਕਿਹਾ ਬਡ਼ਾ ਕਿਹਾ ਬਾਲ ਪੱਟ-ਪੱਟ ਕੇ ਰੋਊ। ਮੇਰਾ ਇਥੇ ਇਹ ਲਿਖਣਾ ਦਾ ਇਕ ਮਕਸਦ ਇਹ ਹੈ ਕਿ ਹਰ ਵਰਗ ਦਾ ਸਰੋਤਾ ਸਰਤਾਜ ਦੇ ਸੰ ਮੋਹਨ ਵਿੱਚ ਸੰ ਮੋਹਿਤ ਹੋ ਚੁੱਕਿਆ ਸੀ।
ਅਸੀਂ ਤਾਂ ਸੋਚ-ਸੋਚ ਕੇ ਬੱਸ ਇਸੇ ਨਤੀਜੇ ਤੇ ਪਹੁੰਚੇ ਹਾਂ ਕਿ ਅੱਜ ਦੀ ਘਡ਼ੀ ਤਾਂ ਸਰਤਾਜ ਵਿੱਚੋਂ ਇੱਕ ਵੀ ਝਲਕ ਕਲਯੁਗੀ ਬੰਦੇ ਦੀ ਨਹੀਂ ਪੈ ਰਹੀ। ਉਹ ਤਾਂ ਰੱਬ ਵਲੋਂ ਭੇਜਿਆ ਕੋਈ “ਪੀਰ” ਲਗਦਾ। ਉਹਨਾਂ ਨਾਲ ਗਲ ਕਰਨ ਤੋਂ ਬਾਅਦ ਹੀ ਇਹ ਮਹਿਸੂਸ ਹੋਇਆ ਕਿ ਕਿਉਂ ਉਹਨਾਂ ਦੇ ਗੀਤਾਂ ਵਿੱਚ ਇਹੋ ਜਿਹੇ ਸ਼ਬਦ ਹੁੰਦੇ ਹਨ ਜੋ ਆਮ ਇਨਸਾਨ ਦੀ ਸੋਚ ਤੋਂ ਪਰੇ ਹੁੰਦੇ ਹਨ ।ਜਿਵੇਂ ਕਿ;
ਫ਼ਿਲਹਾਲ ਹਵਾਵਾਂ ਰੁਮਕਦੀਆਂ ਜਦ ਝੱਖਡ਼ ਝੁੱਲੂ ਦੇਖਾਂਗੇ,
ਹਾਲੇ ਘਡ਼ਾ ਅਕਲ ਦਾ ਊਣਾ ਹੈ, ਜਦ ਭਰ ਕੇ ਡੁੱਲ੍ਹੂ ਦੇਖਾਂਗੇ।

ਇਕ ਆਮ ਇਨਸਾਨ ਕੁਦਰਤ ਦੀਆਂ ਦਾਤਾਂ ਦਾ ਉਹ ਆਨੰਦ ਨਹੀਂ ਲੈ ਸਕਦਾ ਜੋ ਇਕ ਫ਼ੱਕਰ ਮਾਣ ਸਕਦਾ ਹੈ। ਆਮ ਇਨਸਾਨ ਲਈ ਤਾਂ ਹਵਾਵਾਂ ਵਗਦੀਆਂ ਹੁੰਦੀਆਂ ਹਨ, ਹਵਾਵਾਂ ਦੇ ਰੁਮਕਣ ਦਾ ਅਹਿਸਾਸ ਤਾਂ ਕੋਈ ਫ਼ਕੀਰ ਦੀ ਰੂਹ ਹੀ ਲੈ ਸਕਦੀ ਹੈ। ਆਪਣੀ ਅਕਲ ਦੇ ਘਡ਼ੇ ਨੂੰ ਊਣਾ ਮਾਤਡ਼੍ਹ-ਤਮ੍ਹਾਤਡ਼ ਤਾਂ ਮੰਨ ਹੀ ਨਹੀਂ ਸਕਦਾ, ਸਾਡੀ ਅਕਲ ਤਾਂ ਡੁੱਲ੍ਹ-ਡੁੱਲ੍ਹ ਕੇ ਆਂਢ-ਗੁਆਂਢ ਨੂੰ ਵੀ ਖੱਜਲ ਕਰ ਰਹੀ ਹੁੰਦੀ ਹੈ, ਜਿਵੇ  ਇਕ ਹੋਰ ਉਹਨਾਂ ਦੇ ਮਕਬੂਲ ਹੋਏ ਬੋਲ ;
ਸਾਈਂ-ਵੇ ਸਾਡੀ ਫ਼ਰਿਆਦ ਤੇਰੇ ਤਾਈਂ, ਮੇਰੇ ਵਿੱਚੋਂ ਮੈਂ ਨੂੰ ਮਾਰ ਮੁਕਾਈਂ।
ਹੁਣ ਤੁਸੀ ਦੱਸੋ ; ਕਿ ਕਿਹਡ਼ਾ ਬੰਦਾ ਸਾਰਾ ਦਿਨ ਖੱਪ ਕੇ ਇਹ ਕਹੂ ਕਿ ਇਹ ਮੈਂ ਨਹੀਂ ਤੂੰ ਕੀਤਾ। ਅਸੀਂ ਰੱਬ ਤੋਂ ਦੋ ਵੇਲੇ ਇਕ ‘ ਮੈਂ ’ ਹੀ ਤਾਂ ਮੰਗਦੇ ਹਾਂ ਤੇ ‘ਇਹ ਕਹਿੰਦਾ ਮੈਂ ਨੂੰ ਮਾਰ ਮੁਕਾਈਂ’! ਸਿਆਣੇ ਕਹਿੰਦੇ ਆ ਕਿ ਅੱਧੀ ਲਡ਼ਾਈ ਤਾਂ ਮੈਂ ਦੀ ਹੁੰਦੀ ਹੈ। ਪਰ ਮੇਰੀ ਤਾਂ ਇਹ ਸੋਚ ਹੈ ਕੇ ਅੱਜ ਦਾ ਇਹ ਯੁੱਗ ਭੱਜਿਆ ਹੀ ‘ਮੈਂ’ ਮਗਰ ਫਿਰਦਾ। ਉਦਾਹਰਣ ਦੇਣ ਦੀ ਲੋਡ਼ ਨਹੀਂ; ਹੁਣ ਤਕ ਦੇ ਇਸ ਲੇਖ ਚ ਮੈਂ ਘੱਟੋ-ਘੱਟ ਵੀਹ ਬਾਰ ‘ਮੈਂ’ ਲਿਖ ਚੁੱਕਿਆ ! ਮੈਂ ਆਹ ਕੀਤਾ ਮੈਂ ਉਹ ਕਰਨਾ.... ‘ਇਸੇ ਲਈ ਤਾਂ ਕਹਿਣਾ ਕਿ ਸਰਤਾਜ ਬੰਦਾ ਨਹੀਂ ਇਹ ਜਰੂਰ ਕੋਈ ਸਾਧ ਹੈ’। ਮੇਰੇ ਸਾਧ ਲਿਖਣ ਤੋਂ ਤੁਸੀਂ ਇਹ ਭਾਵ ਨਾ ਲਾ ਲਿਉ ਕਿ ਇਹ ਅੱਜ ਕੱਲ੍ਹ ਦੇ ਆਪੇ ਬਣੇ ਫਿਰਦੇ ਹਜ਼ਾਰਾਂ ਸਾਧਾਂ ਵਿੱਚੋਂ ਇੱਕ ਹੈ ਅੱਜ ਦੀ ਘਡ਼ੀ ਤਾਂ ਇਹ ਉਹ ਸਾਧ ਜਾਪ ਰਿਹਾ ਹੈ ''ਜਿਸ ਨੇ ਸੱਭ ਕੁੱਝ ਸਾਧ ਲਿਆ ਹੈ ਨਾ ਕੇ ਡਰਾਮੇ ਬਾਜ ਸਾਧ''।
ਉਂਝ ਤਾਂ ਸਰਤਾਜ ਵੱਲੋਂ ਲਿਖੇ ਤੇ ਗਾਏ ਹਰ ਇਕ ਸ਼ਬਦ ਦੀ ਵਿਆਖਿਆ ਹੋ ਸਕਦੀ ਹੈ, ਜੇ ਕਦੇ ਇਹੋ ਜਿਹਾ ਵਕਤ ਆਇਆ ਤਾਂ ਕਰਨ ਦੀ ਕੋਸ਼ਸ਼ ਵੀ ਕਰਾਂਗਾ ! ਪਰ ਇਸ ਲੇਖ ‘ਚ ਤਾਂ ਬੱਸ ਇਕ ਹੋਰ ਗੀਤ ਨਿੱਕੀ ਜਿਹੀ ਕੁਡ਼ੀ ਬਾਰੇ ਗਲ ਕਰਨੀ ਚਾਹੁੰਦਾ ਹਾਂ। ਇਹ ਗੀਤ ਸੁਣ ਕੇ ਸਹਿਜੇ ਹੀ ਅਹਿਸਾਸ ਹੋ ਜਾਂਦਾ ਕਿ ਉਸ ਦਾ ਨਜ਼ਰੀਆ ਬੰਦਿਆਂ ਦੇ ਤੁਲ ਨਹੀਂ ; ਕਿਉਂਕਿ ਪਹਿਲੀ ਗੱਲ, ਜਿਸ ਸਚਾਈ ਨੂੰ ਉਸ ਨੇ ਇਸ ਗੀਤ ਚ ਪੇਸ਼ ਕੀਤਾ ਹੈ ਉਸ ਮੁਤਾਬਿਕ ਜਦੋਂ ਚਾਰ ਯਾਰ ਮਿਲੇ ਹੋਣ, ਲੰਡੀ ਜੀਪ ਹੋਵੇ, ਫ਼ੁਰਸਤ ਦੇ ਪਲ ਹੋਣ ਤਾਂ ਇਹੋ ਜਿਹੇ ਵਕਤ ਸਾਨੂੰ ਕਲਯੁਗੀ ਜੀਆਂ ਨੂੰ ਤਾਂ ਇਕੱਲੀ ਮਸਤੀ ਤੋਂ ਸਿਵਾ ਹੋਰ ਕੁੱਝ ਨਹੀਂ ਸੁੱਝਦਾ। ਅਜਿਹੇ ਵਕਤ ਕੁਡ਼ੀ ਦੇ ਨਾਂ ਨੂੰ ਤਾਂ ਮਸਤੀ ਚਰਮ ਸੀਮਾ ਤੇ ਹੂੰਦੀ ਹੈ।
ਉਸ ਦੇ ਅਦਬ, ਉਸ ਦੇ ਸਲੀਕੇ, ਉਸ ਦੀ ਰੂਹਾਨੀਅਤ, ਉਸ ਦੀ ਸੋਚ, ਉਸ ਦੇ ਖ਼ਿਆਲ, ਉਸ ਦੇ ਤਰਕ ਤੇ ਉਸ ਦੇ ਚਿੰਤਨ ਬਾਰੇ ਜਾਣ ਕੇ ਮੇਰੇ ਕੋਲ ਤਾਂ ਬੱਸ ਇਕੋ ਰਾਹ ਰਹਿ ਗਿਆ ਕਿ ਉਸ ਨੂੰ ਬੰਦਾ ਮੰਨਣ ਤੋਂ ਪਰਹੇਜ਼ ਕਰਾਂ ਤੇ ਇਸ ਫ਼ਕੀਰ ਦੀ ਰਵਾਨੀ ਦਾ ਆਨੰਦ ਮਾਣਾ । ਪਰ ਮੇਰੀ ਇਹ ਸੋਚ ਤਾਂ ਸਿਰਫ਼ ਮੇਰੀ ਹੈ ? ਤੇ ਦੁਨੀਆ ਤਾਂ ਹਾਲੇ ਇਸ ਗਲ ਨੂੰ ਮੰਨਣ ਨੂੰ ਤਿਆਰ ਨਹੀਂ ਕਿਉਂਕਿ ਉਸ ਦਾ ਕਹਿਣਾ ਹੈ ਕਿ ਹਾਲੇ ਇਹ ਮੁੰਡਾ ਕੁੱਝ ਪਲ ਹੀ ਤਾਂ ਤੁਰਿਆ ਹੈ, ਦੇਖਦੇ ਹਾਂ ਜਦੋਂ ਮਾਇਆ ਨੇ ਆਪਣਾ ਜਾਲ ਸੁੱਟਿਆ, ਉਦੋਂ ਦੇਖਾਗੇ ਤੇਰੇ ਇਸ ਫ਼ਕੀਰ ਨੂੰ! ਕਿੰਨਾ ਕੁ ਬਚਾਊ ਆਪਣੇ ਚੋਲੇ ਨੂੰ ਦਾਗ਼ ਲੱਗਣ ਤੋਂ ? ਦੋਸਤੋ ਇਸ ਦੁਨੀਆ ਨੂੰ ਵੀ ਅੱਖੋਂ ਉਹਲੇ ਨਹੀਂ ਕਰ ਸਕਦੇ। ਦੁਨੀਆ ਰੂਪੀ ਇਹ ਆਈਨਾ ਅਸਲੀ ਚਿਹਰਾ ਦਿਖਾਉਣ ਵਿੱਚ ਦੇਰ ਨਹੀਂ ਲਗਾਉਂਦੀ।
ਇਸ ਲਈ ‘ਜਦੋਂ ਇਹ ਫ਼ਕੀਰ, ਦੁਨਿਆਵੀ ਦਾਨਵਾਂ ਦੇ ਹੱਥ ਚਡ਼੍ਹੇਗਾ ਤਾਂ ਹੀ ਇਸ ਸੋਨੇ ਦੀ ਪਰਖ ਹੋਵੇਗੀ’? ਕਿਉਂਕਿ ਮੈਨੂੰ ਉਹ ਦਿਨ ਦੂਰ ਨਹੀਂ ਦਿੱਖ ਰਹੇ ਜਦੋਂ ਇਸ ਦੇ ਘਰ ਮੂਹਰੇ ਵਪਾਰਕ ਬੰਦਿਆ ਦੀਆਂ ਲਾਈਨਾ ਲਗੀਆਂ ਹੋਣਗੀਆਂ। ਇਸ ਦੀ ਆਵਾਜ਼ ਸੰਗੀਤ ਜਗਤ ਨੂੰ ਕੀਲ ਰਹੀ ਹੈ, ਇਸ ਦੀ ਕਲਮ ਸਾਹਿਤਿਕ ਹਲਕਿਆਂ ਵਿੱਚ ਰੰਗ ਜਮਾ ਰਹੀ ਹੈ ਅਤੇ ਇਸ ਦੀ ਮਨਮੋਹਕ ਮੁਸਕਾਨ ਤੇ ਮਾਸੂਮੀਅਤ ਭਾਰੀ ਸ਼ਕਲ ਫ਼ਿਲਮੀ ਜਗਤ ‘ਤੇ ਰਾਜ ਕਰਨ ਦੇ ਕਾਬਿਲ ਦਿੱਖ ਰਹੀ ਹੈ। ਸੋ ਸਤਿੰਦਰ ਦੇ ਹਰ ਪਾਸੇ ਮਾਇਆ ਨਗਰੀ ਆਪਣਾ ਜਾਲ ਵਿਛਾਉਣ ਨੂੰ ਤਿਆਰ ਬੈਠੀ ਹੈ। ਭਾਵੇਂ ਇਹ ਜਾਲ ਅੱਜ ਸਮੇਂ ਦੀ ਮਜਬੂਰੀ ਵੀ ਹੈ, ਬਿਨਾਂ ਇਸ ਮਾਇਆ ਨਗਰੀ ਦੇ ਕੁੱਝ ਹੋ ਵੀ ਨਹੀਂ ਸਕਦਾ। ਹੁਣ ਇਮਤਿਹਾਨ ਦੀ ਘਡ਼ੀ ਆ ਚੁੱਕੀ ਹੈ ਬਸ ਫੇਰ ਪਤਾ ਲੱਗੂ ਬੰਦੇ ਤੇ ਪੀਰ ਵਾਲੇ ਫ਼ਰਕ ਦਾ ! ‘ਮੇਰੀ ਤਾਂ ਇਕੋ ਦੁਆ ਹੈ ਕਿ ਇਹ ਫ਼ਕੀਰ ਇਹਨਾਂ ਦੁਨਿਆਵੀ ਭੱਠੀਆਂ ਦਾ ਸੇਕ ਝੱਲ ਕੇ ਹੋਰ ਵੀ ਨਿਖਰੇ’। ਮੈਂ ਇਥੇ ਇਹ ਦਾਵੇ ਨਾਲ ਲਿਖਦਾ ਹਾਂ ਕਿ ਭਾਵੇਂ ਹੁਣ ਮੇਰੀ ਕਲਮ ਸਰਤਾਜ ਦੀ ਉਸਤਤ ਕਰਦੀ ਲੇਟ ਹੋ ਗਈ ਪਰ ਜੇ ਸਰਤਾਜ ਆਪਣੇ ਮੁਕਾਮ ਤੋਂ ਭਟਕਦਾ ਹੈ ਤਾਂ ਮੇਰੀ ਇਹੀ ਕਲਮ ਸਰਤਾਜ ‘ਤੇ ਸੱਭ ਤੋਂ ਪਹਿਲਾਂ ਵਾਰ ਕਰੇਗੀ।
ਅੰਤ ਵਿੱਚ ਸਾਡੇ ਇਤਿਹਾਸ ਵਿੱਚੋਂ ਇੱਕ ਬਡ਼ਾ ਖ਼ੂਬਸੂਰਤ ਕਲਾਮ ਜੋ ਕਿ ਇਕ ਫ਼ਕੀਰ ਦੀ ਪਰਿਭਾਸ਼ਾ ਨੂੰ ਦਰਸਾਉਂਦਾ;
''ਹੱਦਾਂ ਟੱਪਣ ਔਲੀਏ, ਬੰਨੇ ਟੱਪਣ ਪੀਰ, ਹੱਦਾਂ-ਬੰਨੇ ਜੋ ਟੱਪੇ ਉਹਨੂੰ ਜਾਣ ਫ਼ਕੀਰ''   
.................................

No comments:

Post a Comment