Thursday, December 17, 2009

ਮਨੁੱਖੀ ਹੋਂਦ ਦੀ ਗੱਲ ਕਰਦੀਆਂ ਸਰਲ ਸੰਚਾਰੀ ਕਵਿਤਾਵਾਂ -ਸੁਖਿੰਦਰ


ਮਨੁੱਖੀ ਹੋਂਦ ਦੀ ਗੱਲ ਕਰਦੀਆਂ ਸਰਲ ਸੰਚਾਰੀ ਕਵਿਤਾਵਾਂ   -ਸੁਖਿੰਦਰ

ਮੇਜਰ ਸਿੰਘ ਨਾਗਰਾ ਨੇ ਆਪਣੇ ਕਾਵਿ-ਸੰਗ੍ਰਹਿ 'ਸਭ ਕੁਝ ਖ਼ਤਰੇ 'ਚ ਹੈ' ਦੀ ਪ੍ਰਕਾਸ਼ਨਾ ਨਾਲ ਕੈਨੇਡੀਅਨ ਪੰਜਾਬੀ ਸਾਹਿਤ ਜਗਤ ਵਿੱਚ ਪ੍ਰਵੇਸ਼ ਕੀਤਾ ਹੈ।
ਇਸ ਕਾਵਿ-ਸੰਗ੍ਰਹਿ ਵਿੱਚ ਨਾਗਰਾ ਨੇ ਵਧੇਰੇ ਕਵਿਤਾਵਾਂ ਉਹ ਸ਼ਾਮਿਲ ਕੀਤੀਆਂ ਹਨ ਜਿਹੜੀਆਂ ਉਸਨੇ 1987-1992 ਦੌਰਾਨ ਆਪਣੇ ਵਿਦਿਆਰਥੀ ਜੀਵਨ ਸਮੇਂ ਲਿਖੀਆਂ। ਸ਼ਾਇਦ, ਇਸੇ ਕਾਰਨ ਹੀ ਇਨ੍ਹਾਂ 'ਚੋਂ ਵਧੇਰੇ ਕਵਿਤਾਵਾਂ ਬੜੇ ਸਰਲ ਸੁਭਾਅ ਦੀਆਂ ਹਨ। ਇਸ ਕਾਵਿ-ਸੰਗ੍ਰਹਿ ਦੀ ਕਿਸੇ ਵੀ ਕਵਿਤਾ ਨੂੰ ਸਮਝਣ ਲਈ ਪਾਠਕ ਨੂੰ ਕੋਈ ਉਚੇਚਾ ਯਤਨ ਨਹੀਂ ਕਰਨਾ ਪੈਂਦਾ।
'ਸਭ ਕੁਝ ਖ਼ਤਰੇ 'ਚ ਹੈ' ਕਾਵਿ-ਸੰਗ੍ਰਹਿ ਵਿਚਲੀਆਂ ਕਵਿਤਾਵਾਂ ਨੂੰ ਮੇਜਰ ਸਿੰਘ ਨਾਗਰਾ ਵੱਲੋਂ ਭਵਿੱਖ ਵਿੱਚ ਪਰਪੱਕ ਕਵਿਤਾਵਾਂ ਲਿਖਣ ਲਈ ਕੀਤਾ ਗਿਆ ਪਹਿਲਾ ਕਾਵਿਕ ਅਭਿਆਸ ਵੀ ਕਿਹਾ ਜਾ ਸਕਦਾ ਹੈ। ਕਿਉਂਕਿ ਇਨ੍ਹਾਂ ਕਵਿਤਾਵਾਂ ਵਿੱਚ ਨਾਗਰਾ ਨੇ ਮਨੁੱਖੀ ਹੋਂਦ ਨਾਲ ਜੁੜੇ ਵੱਖੋ ਵੱਖ ਪਹਿਲੂਆਂ ਬਾਰੇ ਬੜੇ ਹੀ ਸਿੱਧੇ ਸਪੱਸ਼ਟ ਸ਼ਬਦਾਂ ਵਿੱਚ ਆਪਣੀ ਚਿੰਤਾ ਪ੍ਰਗਟਾਈ ਹੈ।
ਮੇਜਰ ਸਿੰਘ ਨਾਗਰਾ ਦਾ ਕਾਵਿ-ਸੰਗ੍ਰਹਿ 'ਸਭ ਕੁਝ ਖ਼ਤਰੇ 'ਚ ਹੈ' ਪੜ੍ਹਦਿਆਂ ਮੈਨੂੰ ਇਸ ਗੱਲ ਦਾ ਅਹਿਸਾਸ ਹੋਇਆ ਹੈ ਕਿ ਨਾਗਰਾ ਇੱਕ ਮਨੁੱਖਵਾਦੀ ਸ਼ਾਇਰ ਹੈ। ਇੱਕ ਸੁਚੇਤ ਸ਼ਾਇਰ ਹੋਣ ਦੇ ਨਾਤੇ ਉਸਦੀ ਚਿੰਤਾ ਮਨੁੱਖ ਦੀ ਹੋਂਦ ਬਾਰੇ ਹੈ। ਉਹ ਧਰਮਾਂ, ਸਭਿਆਚਾਰਾਂ, ਰੰਗਾਂ, ਨਸਲਾਂ ਜਾਂ ਵੱਖੋ ਵੱਖ ਦੇਸ਼ਾਂ ਦੀਆਂ ਸਰਹੱਦਾਂ ਦੇ ਬੰਧਨਾਂ ਨੂੰ ਸਵੀਕਾਰ ਨਹੀਂ ਕਰਦਾ। ਉਹ ਆਪਣੀ ਸ਼ਾਇਰੀ ਵਿੱਚ ਬਿਨ੍ਹਾਂ ਕਿਸੀ ਸੰਕੋਚ ਦੇ ਸਾਡੇ ਮੱਥਿਆਂ ਉੱਤੇ ਇਹ ਸੁਆਲ ਲਿਖ ਦਿੰਦਾ ਹੈ ਕਿ ਜਦੋਂ ਅਸੀਂ ਸਭ ਇੱਕੋ ਹੀ ਧਰਤੀ ਦੇ ਰਹਿਣ ਵਾਲੇ ਹਾਂ, ਸਾਡੇ ਸਭ ਦੇ ਖ਼ੂਨ ਦਾ ਰੰਗ ਲਾਲ ਹੈ, ਸਾਡੇ ਸਭ ਦੇ ਦੁੱਖ-ਦਰਦ ਇੱਕੋ ਜਿਹੇ ਹਨ ਤਾਂ ਫਿਰ ਅਸੀਂ ਇੱਕ ਦੂਜੇ ਨਾਲ ਕਿਉਂ ਲੜਦੇ ਹਾਂ ਅਤੇ ਈਰਖਾ ਦੀ ਅੱਗ ਵਿੱਚ ਕਿਉਂ ਸੜਦੇ ਹਾਂ ? ਇਸ ਸਬੰਧ ਵਿੱਚ ਉਸ ਦੀ ਨਜ਼ਮ 'ਅਸੀਂ ਸਭ ਇੱਕ ਹਾਂ' ਦੀਆਂ ਇਹ ਸਤਰਾਂ ਸਾਡਾ ਵਿਸ਼ੇਸ਼ ਧਿਆਨ ਖਿੱਚਦੀਆਂ ਹਨ:
ਸਾਡੀ ਧਰਤੀ ਇੱਕ
ਅਸੀਂ ਸਭ ਮਨੁੱਖ ਇੱਕ
ਹਿੰਦੂ ਦੀ ਰਾਮ-ਰਾਮ
ਮੁਸਲਮਾਨ ਦਾ ਸਲਾਮ
ਸਭ ਦਾ ਮਤਲਬ ਇੱਕ
ਫਿਰ ਆਪਸ ਵਿੱਚ ਅਸੀਂ ਕਿਉਂ ਲੜੀਏ
ਨਫਰਤ 'ਤੇ ਫਿਰਕੇ ਦੀ ਅੱਗ 'ਚ ਕਿਉਂ ਸੜੀਏ
ਸਾਂਝੀ ਧਰਤੀ ਤੇ ਡੁਲ੍ਹਦੇ
ਲਹੂ ਦਾ ਰੰਗ, ਲਾਲ ਇੱਕ
ਸਾਡੀ ਖੁਸ਼ੀ 'ਤੇ ਸਾਡਾ ਦੁੱਖ ਇੱਕ
ਸਾਡੀ ਚੀਸ 'ਤੇ ਪੀੜ ਵੀ ਇੱਕ
ਅਜੋਕੇ ਸਮਿਆਂ ਵਿੱਚ ਡਾਲਰਾਂ ਦੀ ਦੌੜ ਵਿੱਚ ਗਲਤਾਨ ਹੋਇਆ ਮਨੁੱਖ ਅੰਨ੍ਹੇ ਘੋੜੇ ਵਾਂਗ ਦੌੜ ਰਿਹਾ ਹੈ। ਜ਼ਿੰਦਗੀ ਵਿੱਚ ਉਸਦਾ ਇੱਕ ਹੀ ਨਿਸ਼ਾਨਾ ਹੈ ਕਿ ਉਹ ਵੱਧ ਤੋਂ ਵੱਧ ਡਾਲਰ ਕਿਵੇਂ ਕਮਾ ਸਕਦਾ ਹੈ। ਇਸ ਪ੍ਰਾਪਤੀ ਲਈ ਉਸਨੂੰ ਭਾਵੇਂ ਗਲਤ ਢੰਗ ਵੀ ਕਿਉਂ ਨ ਅਪਨਾਉਣੇ ਪੈਣ ਉਹ ਇਸਤੋਂ ਵੀ ਗੁਰੇਜ਼ ਨਹੀਂ ਕਰੇਗਾ। ਅੱਜ ਦਾ ਮਨੁੱਖ ਏਨਾ ਮਤਲਬ-ਪ੍ਰਸਤ ਹੋ ਚੁੱਕਿਆ ਹੈ ਕਿ ਉਹ ਰਾਜਨੀਤਿਕ, ਸਮਾਜਿਕ, ਸਭਿਆਚਾਰਕ ਜਾਂ ਧਾਰਮਿਕ ਪ੍ਰਾਪਤੀਆਂ ਕਰਨ ਲਈ ਹਰ ਕਿਸੇ ਨੂੰ ਆਪਣੇ ਪੈਰਾਂ ਹੇਠ ਦਰੜ ਕੇ ਅੱਗੇ ਲੰਘ ਜਾਣਾ ਚਾਹੁੰਦਾ ਹੈ। ਅਜੋਕੇ ਮਨੁੱਖ ਦੀ ਅਜਿਹੀ ਮਾਨਸਿਕਤਾ ਕਾਰਨ ਹੀ ਲੋਕਾਂ ਵਿੱਚ ਇੱਕ ਦੂਜੇ ਲਈ ਪਿਆਰ ਘੱਟ ਰਿਹਾ ਹੈ। ਸਾਡੇ ਵਿੱਚ ਭਾਈਚਾਰਕ ਸਾਂਝ ਹੋਣ ਵਜੋਂ ਇੱਕ ਦੂਜੇ ਦੇ ਦੁੱਖਾਂ-ਦਰਦਾਂ ਅਤੇ ਖੁਸ਼ੀਆਂ-ਗਮੀਆਂ ਵਿੱਚ ਇੱਕ ਦੂਜੇ ਨੂੰ ਮਿਲਵਰਤਣ ਦੇਣ ਵਾਲੀਆਂ ਭਾਵਨਾਵਾਂ ਅਲੋਪ ਹੋ ਰਹੀਆਂ ਹਨ। ਪਰ ਇਸ ਗੱਲ ਦੀ ਕਿਸੀ ਨੂੰ ਸਮਝ ਨਹੀਂ ਲੱਗ ਰਹੀ ਕਿ ਅਜਿਹੇ ਵਰਤਾਰੇ ਲਈ ਕੌਣ ਜਿੰਮੇਵਾਰ ਹੈ? ਇੱਥੋਂ ਤੱਕ ਕਿ ਲੋਕਾਂ ਦੀ ਜ਼ਿੰਦਗੀ ਵਿੱਚ ਇਸ ਹੱਦ ਤੱਕ ਆ ਚੁੱਕੇ ਨਿਘਾਰ ਵੱਲੋਂ ਹਕੂਮਤ ਕਰ ਰਹੀਆਂ ਸ਼ਕਤੀਆਂ ਵੀ ਅੱਖਾਂ ਮੀਟ ਰਹੀਆਂ ਹਨ। ਜਿਵੇਂ ਕਿਤੇ ਇਸ ਮਸਲੇ ਪ੍ਰਤੀ ਉਨ੍ਹਾਂ ਦੀ ਕੋਈ ਜਿੰਮੇਵਾਰੀ ਹੀ ਨ ਹੋਵੇ। ਇਹ ਗੱਲ ਵੀ ਮੇਜਰ ਸਿੰਘ ਨਾਗਰਾ ਆਪਣੀ ਸ਼ਾਇਰੀ ਦੇ ਸਰਲ ਸੰਚਾਰੀ ਢੰਗ ਰਾਹੀਂ ਆਪਣੀ ਨਜ਼ਮ 'ਮੌਸਮ' ਵਿੱਚ ਕਹਿ ਜਾਂਦਾ ਹੈ ਅਤੇ ਸਾਡੀਆਂ ਕਦਰਾਂ-ਕੀਮਤਾਂ ਦੇ ਨਿਤ ਬਦਲ ਰਹੇ ਮਾਪ ਦੰਡਾਂ ਬਾਰੇ ਆਪਣੀ ਚਿੰਤਾ ਪ੍ਰਗਟ ਕਰ ਜਾਂਦਾ ਹੈ:
ਲੋਪ ਹੋਈਆਂ ਸਾਡੀਆਂ ਪਿਆਰ ਤੇ ਮੁਹੱਬਤਾਂ
ਏਕੇ ਨੂੰ ਵੀ ਲੱਗਿਆ ਜੰਗਾਲ
ਭਾਈਚਾਰਾ, ਅਣਖਾਂ ਵੀ ਦੂਰ ਨਸ ਗਈਆਂ
ਹੁੰਦਾ ਜਾ ਰਿਹੈ ਮਨੁੱਖ ਕਿਉਂ ਕੰਗਾਲ ?
ਤੋਹਮਤ ਕਿਸ ਉੱਤੇ ਲਾਈਏ
ਹੁਕਮਰਾਨੇ-ਵਕਤ ਵੀ ਹੋ ਗਿਆ ਬੇਸ਼ਰਮ ਹੈ
ਮੌਸਮ ਹੈ ਠੰਡਾ ਸੀਲਤ
ਪਰ ਮਾਹੌਲ ਹੋਇਆ ਕਿਉਂ ਗਰਮ ਹੈ ?
ਸਾਡੀ ਸਭਿਆਚਾਰਕ-ਭਾਈਚਾਰਕ ਸਾਂਝ ਅਤੇ ਸਾਡੇ ਦਿਲਾਂ ਅੰਦਰ ਇੱਕ ਦੂਜੇ ਲਈ ਪੈਦਾ ਹੁੰਦੇ ਸਨੇਹ ਦੀ ਥਾਂ ਹੁਣ ਸਾਡੇ ਦਿਲਾਂ ਅੰਦਰ ਇੱਕ ਦੂਜੇ ਨੂੰ ਤਬਾਹ ਕਰਨ ਦੇ ਜੋ ਮਨਸੂਬੇ ਦਿਨ ਰਾਤ ਬਣ ਰਹੇ ਹਨ ਉਹ ਕਿਸੇ ਵੀ ਮਾਨਵਵਾਦੀ ਮਨੁੱਖ ਲਈ ਖੁਸ਼ੀ ਦੀ ਖਬਰ ਨਹੀਂ। ਨਿਰਸੰਦੇਹ, ਇਹ ਗੱਲਾਂ ਸਾਡੇ ਸਭ ਲਈ ਚਿੰਤਾ ਦਾ ਕਾਰਨ ਬਨਣੀਆਂ ਚਾਹੀਦੀਆਂ ਹਨ। ਆਪਣੀ ਨਜ਼ਮ 'ਤਿਉਹਾਰ' ਵਿੱਚ ਮੇਜਰ ਸਿੰਘ ਨਾਗਰਾ ਵੀ ਇਹੋ ਗੱਲ ਹੀ ਕਹਿ ਰਿਹਾ ਹੈ:
ਪਰ ਬਦਲ ਲਏ ਕਿਉਂ
ਤਿਉਹਾਰ ਮਨਾਵਣ ਦੇ ਹੁਣ ਢੰਗ ?
ਛਿੜੀ ਕਿਉਂ ਰਹਿੰਦੀ ਹੈ ਆਪਸ ਵਿੱਚ
ਹਰ ਵੇਲੇ ਨਫਰਤ ਦੀ ਜੰਗ
ਇਸ ਕਾਵਿ-ਸੰਗ੍ਰਹਿ ਵਿਚਲੀਆਂ ਨਜ਼ਮਾਂ ਰਾਹੀਂ ਅਜੋਕੇ ਮਨੁੱਖ ਦੀ ਤੰਗ ਹੋ ਰਹੀ ਸੋਚ ਬਾਰੇ ਆਪਣੀ ਚਿੰਤਾ ਪ੍ਰਗਟ ਕਰਨ ਦੇ ਨਾਲ ਨਾਲ ਮੇਜਰ ਸਿੰਘ ਨਾਗਰਾ ਅਨੇਕਾਂ ਵਿਸ਼ਵ-ਵਿਆਪੀ ਸਮੱਸਿਆਵਾਂ ਅਤੇ ਵਰਤਾਰਿਆਂ ਬਾਰੇ ਵੀ ਆਪਣੀ ਚਿੰਤਾ ਦਾ ਇਜ਼ਹਾਰ ਕਰਦਾ ਹੈ।
ਨਾਗਰਾ ਨੂੰ ਇਸ ਗੱਲ ਦਾ ਵੀ ਅਹਿਸਾਸ ਹੈ ਕਿ ਮਨੁੱਖ ਦੀਆਂ ਅਨੇਕਾਂ ਸਮੱਸਿਆਵਾਂ ਦਾ ਸਬੰਧ ਉਸ ਦੇ ਬਦਲ ਰਹੇ ਜ਼ਿੰਦਗੀ ਜਿਉਣ ਦੇ ਢੰਗ ਨਾਲ ਵੀ ਹੈ। ਉਸਦੀ ਨਜ਼ਮ 'ਭੁੱਖ ਤੇ ਧਰਤੀ' ਦੀਆਂ ਇਹ ਸਤਰਾਂ ਇਸ ਸਬੰਧ ਵਿੱਚ ਸਾਡੀ ਸਮਝ ਵਿੱਚ ਵਾਧਾ ਕਰ ਸਕਦੀਆਂ ਹਨ:
ਧਰਤੀ ਨੂੰ ਖਾ ਲਵਾਂਗਾ
ਸਭ ਕੁਝ ਪਚਾ ਲਵਾਂਗਾ
ਆਪਣਾ ਆਪਾ ਮਿਟਾ ਲਵਾਂਗਾ
ਕਿਉਂਕਿ ਮੈਂ ਮਨੁੱਖ ਹਾਂ
ਨਿਰੰਤਰ ਵਧਦੀ ਭੁੱਖ ਹਾਂ
ਪਰਾ-ਆਧੁਨਿਕ ਸਮਿਆਂ ਵਿੱਚ ਗਲੋਬਲ ਪੱਧਰ ਉੱਤੇ ਅਸੀਂ ਦੋ ਵੱਡੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਾਂ: ਪ੍ਰਦੂਸ਼ਣ ਦੀ ਸਮੱਸਿਆ ਅਤੇ ਗਲੋਬਲ ਵਾਰਮਿੰਗ ਦੀ ਸਮੱਸਿਆ। ਇਹ ਦੋ ਵੱਡੀਆਂ ਸਮੱਸਿਆਵਾਂ ਹੀ ਅਨੇਕਾਂ ਹੋਰ ਸਮੱਸਿਆਵਾਂ ਨੂੰ ਜਨਮ ਦਿੰਦੀਆਂ ਹਨ। ਇਨ੍ਹਾਂ ਗੱਲਾਂ ਨਾਲ ਹੀ ਧਰਤੀ ਦਾ ਵਾਤਾਵਰਣ ਅਤੇ ਪੌਣ-ਪਾਣੀ ਜੁੜਿਆ ਹੋਇਆ ਹੈ। ਜਿਨ੍ਹਾਂ ਗੱਲਾਂ ਦਾ ਧਰਤੀ ਉੱਤੇ ਮਨੁੱਖ ਦੀ ਹੋਂਦ ਨਾਲ ਗਹਿਰਾ ਸਬੰਧ ਹੈ। ਜੇਕਰ ਧਰਤੀ ਦਾ ਪੌਣ-ਪਾਣੀ ਹੀ ਪ੍ਰਦੂਸ਼ਣ ਨਾਲ ਭਰੇ ਹੋਣਗੇ ਤਾਂ ਮਨੁੱਖ ਸਿਹਤਮੰਦ ਕਿਵੇਂ ਰਹਿ ਸਕੇਗਾ ? ਵਿਗਿਆਨ ਅਤੇ ਤਕਨਾਲੋਜੀ ਦੀਆਂ ਈਜਾਦਾਂ ਸਦਕਾ ਮਨੁੱਖੀ ਜ਼ਿੰਦਗੀ ਸੌਖਾਲੀ ਤਾਂ ਬਣ ਰਹੀ ਹੈ, ਪਰ ਇਸ ਦੀ ਸਾਨੂੰ ਇੱਕ ਵੱਡੀ ਕੀਮਤ ਵੀ ਚੁਕਾਉਣੀ ਪੈ ਰਹੀ ਹੈ। ਕਾਰਾਂ, ਵੈਨਾਂ, ਟਰੱਕਾਂ, ਬੱਸਾਂ, ਹਵਾਈ ਜਹਾਜ਼ਾਂ, ਸਮੁੰਦਰੀ ਜਹਾਜ਼ਾਂ ਅਤੇ ਗੱਡੀਆਂ ਰਾਹੀਂ ਅਸੀਂ ਇੱਕ ਥਾਂ ਤੋਂ ਦੂਜੀ ਥਾਂ ਉੱਤੇ ਕੁਝ ਮਿੰਟਾਂ ਜਾਂ ਘੰਟਿਆਂ ਵਿੱਚ ਪਹੁੰਚ ਜਾਂਦੇ ਹਾਂ। ਪਰ ਇਨ੍ਹਾਂ ਰਾਹੀਂ ਵਾਤਾਵਰਨ ਵਿੱਚ ਛੱਡਿਆ ਗਿਆ ਧੂੰਆਂ ਅਤੇ ਜ਼ਹਿਰਲੀਆਂ ਗੈਸਾਂ ਵਾਤਾਵਰਨ ਨੂੰ ਪ੍ਰਦੂਸ਼ਿਤ ਕਰ ਰਹੇ ਹਨ। ਫੈਕਟਰੀਆਂ ਅਤੇ ਕਾਰਖਾਨਿਆਂ ਦੀਆਂ ਚਿਮਨੀਆਂ 'ਚੋਂ ਨਿਕਲ ਰਹੀਆਂ ਜ਼ਹਿਰਲੀਆਂ ਗੈਸਾਂ ਗਲੋਬਲ ਵਾਰਮਿੰਗ ਦੀ ਸਮੱਸਿਆ ਵਿੱਚ ਵਾਧਾ ਕਰ ਰਹੀਆਂ ਹਨ। ਲਾਪ੍ਰਵਾਹ ਵਿਉਪਾਰੀਆਂ ਨੇ ਆਪਣੀਆਂ ਫੈਕਟਰੀਆਂ 'ਚੋਂ ਨਿਕਲਦਾ ਕੂੜਾ-ਕਰਕਟ ਨਦੀਆਂ ਅਤੇ ਦਰਿਆਵਾਂ ਵਿੱਚ ਸੁੱਟ-ਸੁੱਟ ਕੇ ਸਾਫ ਪਾਣੀ ਦੇ ਇਨ੍ਹਾਂ ਸ੍ਰੋਤਾਂ ਨੂੰ ਮੌਤ ਦੇ ਫਰਿਸ਼ਤੇ ਬਣਾ ਦਿੱਤਾ ਹੈ। ਇਸ ਵਿਸ਼ੇ ਬਾਰੇ ਮੇਜਰ ਸਿੰਘ ਨਾਗਰਾ ਦੀਆ ਅਨੇਕਾਂ ਕਵਿਤਾਵਾਂ ਪੜ੍ਹਨ ਯੋਗ ਹਨ:

ਵਿਗਿਆਨ ਦਾ ਸਰਾਪ
ਕਰ ਰਿਹੈ ਧਰਤੀ ਨੂੰ ਖੇਰੂੰ-ਖੇਰੂੰ
ਸਿਸਕਦੀ, ਸਹਿਕਦੀ, ਤੜਪਦੀ
ਧਰਤੀ ਦੀ ਫਰਿਆਦ ਕੌਣ ਸੁਣੇ
ਕੌਣ ਰੋਕੇ ਪ੍ਰਦੂਸ਼ਣ
ਸਭ ਆਪੋ ਵਿੱਚ ਗੁਆਚੇ ਨੇ
ਧਰਤੀ ਦੇ ਹੰਝੂ
ਫਿਰ ਕੌਣ ਪੂੰਝੇ, ਕੌਣ ਪੂੰਝੇ
  (ਧਰਤੀ ਦੇ ਹੰਝੂ)


ਕਰ ਰਿਹਾ ਹੈ ਆਦਮੀ
ਖਿਲਵਾੜ ਆਪਣੇ ਆਪ ਨਾਲ
ਪ੍ਰਦੂਸ਼ਣ ਫੈਲਾਵੇ ਹਰ ਤਰਫ
ਉਦਯੋਗਾਂ ਦੇ ਪ੍ਰਤਾਪ ਨਾਲ
ਪਾਣੀ ਦੂਸ਼ਤ ਹੋ ਰਿਹਾ
ਹਰ ਨਦੀ ਦਾ, ਹਰ ਨਹਿਰ ਦਾ
ਹਾਲ ਬੁਰਾ ਹੋ ਗਿਆ
ਹਰ ਪਿੰਡ ਦਾ
ਹਰ ਸ਼ਹਿਰ ਦਾ
(ਵਾਤਾਵਰਣ)
ਮੇਜਰ ਸਿੰਘ ਨਾਗਰਾ ਅਮਨ ਦਾ ਪੁਜਾਰੀ ਹੈ। ਉਹ ਜਾਣਦਾ ਹੈ ਕਿ ਤਾਕਤ ਦੇ ਭੁੱਖੇ ਲੋਕ ਫੌਜੀ ਨੁਕਤੇ ਤੋਂ ਕਮਜ਼ੋਰ ਦੇਸ਼ਾਂ ਉੱਤੇ ਹਮਲੇ ਕਰਕੇ ਉਨ੍ਹਾਂ ਦੀ ਹਰ ਤਰ੍ਹਾਂ ਦੀ ਤਬਾਹੀ ਕਰਦੇ ਹਨ। ਅਜਿਹੇ ਦੇਸ਼ਾਂ ਉੱਤੇ ਕਬਜ਼ਾ ਕਰਨ ਤੋਂ ਬਾਹਦ ਉੱਥੇ ਆਪਣੀਆਂ ਪਿੱਠੂ ਸਰਕਾਰਾਂ ਨੂੰ ਸਥਾਪਤ ਕਰਕੇ ਉਨ੍ਹਾਂ ਦਾ ਸਮਾਜਿਕ ਅਤੇ ਸਭਿਆਚਾਰਕ ਸੰਸਾਰ ਤਬਾਹ ਕਰਦੇ ਹਨ ਅਤੇ ਦਹਾਕਿਆਂ ਤੱਕ ਉਨ੍ਹਾਂ ਦੀ ਆਰਥਿਕ ਲੁੱਟ ਕਰਦੇ ਹਨ। ਆਪਣੀ ਨਜ਼ਮ 'ਇੱਕ ਅਰਜ਼ੋਈ' ਵਿੱਚ ਨਾਗਰਾ ਇਹ ਇਛਾ ਪ੍ਰਗਟ ਕਰਦਾ ਹੈ ਕਿ ਕੁਦਰਤ ਦਾ ਕੋਈ ਅਜਿਹਾ ਵਰਤਾਰਾ ਵਾਪਰੇ ਕਿ ਖਣਿਜ ਪਦਾਰਥ ਲੋਹੇ ਦੇ ਲੱਛਣ ਹੀ ਬਦਲ ਜਾਣ ਅਤੇ ਉਹ ਇੱਕ ਅਜਿਹੇ ਪਦਾਰਥ ਦਾ ਰੂਪ ਧਾਰਨ ਕਰ ਲਵੇ ਕਿ ਇਹ ਕਦੀ ਅਜਿਹੇ ਸਖਤ ਪਦਾਰਥ ਦਾ ਰੂਪ ਹੀ ਨ ਵਟਾ ਸਕੇ ਜੋ ਕਿ ਜੰਗ-ਬਾਜ਼ਾਂ ਵੱਲੋਂ ਹਥਿਆਰ ਬਨਾਉਣ ਲਈ ਵਰਤਿਆ ਜਾਂਦਾ ਹੈ। ਜਿਸ ਸਦਕਾ ਜੰਗ-ਬਾਜ਼ਾਂ ਵੱਲੋਂ ਮਚਾਈ ਗਈ ਤਬਾਹੀ ਕਾਰਨ ਲੱਖਾਂ ਹੀ ਬੇਕਸੂਰ ਲੋਕਾਂ ਦੀਆਂ ਜਾਨਾਂ ਚਲੀਆਂ ਜਾਂਦੀਆਂ ਹਨ:
ਰੱਬਾ ਤੇਰੇ ਅੱਗੇ ਹੈ ਅਰਜ਼ੋਈ
ਬਣਾ ਦੇ ਲੋਹੇ ਨੂੰ ਖੁਰਨ ਵਾਲਾ ਪਦਾਰਥ ਕੋਈ
ਤਾਂ ਜੋ ਲੋਹੇ ਨੂੰ ਛੇਤੀ ਹੀ ਲੱਗ ਜਾਵੇ ਜੰਗ
ਹਥਿਆਰ ਬਣ ਜੰਗ 'ਚ ਪੁੱਜਣ ਤੋਂ ਪਹਿਲਾਂ
ਅਤੇ ਲੋਹਾ ਕਦੇ ਹਥਿਆਰ ਨਾ ਬਣੇ
ਜੰਗ-ਬਾਜ਼ਾਂ ਵਾਂਗ ਹੀ ਮਨੁੱਖੀ ਤਬਾਹੀ ਲਈ ਕੁਝ ਹੋਰ ਸ਼ਕਤੀਆਂ ਵੀ ਜਿੰਮੇਵਾਰ ਹਨ। ਇਨ੍ਹਾਂ ਵਿੱਚ ਸਭ ਤੋਂ ਮੋਹਰੀ ਕਤਾਰ ਵਿੱਚ ਆਉਂਦੇ ਹਨ ਉਹ ਵੱਡੇ ਵੱਡੇ ਕਾਰਖਾਨੇਦਾਰ ਅਤੇ ਵਿਉਪਾਰੀ ਜੋ ਕਿ ਆਪਣੇ ਮੁਨਾਫ਼ੇ ਖਾਤਰ ਆਮ ਲੋਕਾਂ ਦੀ ਸਿਹਤ ਅਤੇ ਸੁਰੱਖਿਆ ਨੂੰ ਵੀ ਦਾਅ ਉੱਤੇ ਲਗਾ ਦਿੰਦੇ ਹਨ। ਇੰਡੀਆ ਦੇ ਪ੍ਰਾਂਤ ਮੱਧਿਆ ਪ੍ਰਦੇਸ਼ ਦੇ ਸ਼ਹਿਰ ਭੂਪਾਲ ਦੇ ਇੱਕ ਗੈਸ ਪਲਾਂਟ ਵਿੱਚ ਅਜਿਹੇ ਗੈæਰ ਜਿੰਮੇਵਾਰ ਮੁਨਾਫ਼ਾ-ਖੋਰ ਵਿਉਪਾਰੀਆਂ ਦੀ ਅਣਗਹਿਲੀ ਕਾਰਨ ਹੀ ਅਜਿਹੀ ਹੀ ਇੱਕ ਵੱਡੀ ਘਟਨਾ ਵਾਪਰੀ ਸੀ। ਇਸ ਗੈਸ ਪਲਾਂਟ ਵਿੱਚੋਂ ਜ਼ਹਿਰੀਲੀ ਗੈਸ ਨਿਕਲਕੇ ਵਾਤਾਵਰਣ ਵਿੱਚ ਫੈਲ ਜਾਣ ਕਾਰਨ ਕੁਝ ਦਿਨਾਂ ਵਿੱਚ ਹੀ ਹਜ਼ਾਰਾਂ ਲੋਕਾਂ ਦੀ ਮੌਤ ਹੋ ਗਈ ਸੀ ਅਤੇ ਹਜ਼ਾਰਾਂ ਹੀ ਲੋਕ ਅਜਿਹੀਆਂ ਖਤਰਨਾਕ ਬੀਮਾਰੀਆਂ ਦੇ ਸ਼ਿਕਾਰ ਹੋ ਗਏ ਸਨ। ਜਿਸ ਕਾਰਨ ਹੁਣ ਉਹ ਕਦੀ ਵੀ ਇੱਕ ਸਿਹਤਮੰਦ ਮਨੁੱਖ ਵਾਲੀ ਜਿੰæਦਗੀ ਬਤੀਤ ਨਹੀਂ ਕਰ ਸਕਣਗੇ। ਇਸ ਮਹਾਂ-ਦੁਖਾਂਤ ਨੂੰ ਨਾਗਰਾ ਆਪਣੀ ਨਜ਼ਮ 'ਮੌਤ ਦੀ ਬਰਸਾਤ' ਵਿੱਚ ਬੜੇ ਹੀ ਕਾਵਿ-ਮਈ ਅਤੇ ਨਾਟਕੀ ਢੰਗ ਨਾਲ ਬਿਆਨ ਕਰਦਾ ਹੈ:
ਉਸ ਕਾਲੀ ਭਿਆਨਕ ਰਾਤ
ਹੋਈ ਸੀ ਮੌਤ ਦੀ ਬਰਸਾਤ
ਨਾ ਬਿਜਲੀ ਚਮਕੀ
ਨਾ ਕੋਈ ਬੱਦਲਾਂ ਦੀ ਗਰਜਣ
ਬਸ ਜ਼ਹਿਰੀਲੀ ਗੈਸ ਦਾ
ਮੀਂਹ ਲੱਗਾ ਸੀ ਬਰਸਣ
'ਸਭ ਕੁਝ ਖ਼ਤਰੇ 'ਚ ਹੈ' ਮੇਜਰ ਸਿੰਘ ਨਾਗਰਾ ਦਾ ਪਹਿਲਾ ਪ੍ਰਕਾਸ਼ਿਤ ਕਾਵਿ-ਸੰਗ੍ਰਹਿ ਹੋਣ ਕਾਰਨ ਅਜੇ ਉਸਦੀ ਪ੍ਰਤੀਬੱਧਤਾ ਕਿਸੀ ਵਿਚਾਰਧਾਰਾ ਜਾਂ ਵਾਦ ਨਾਲ ਦਿਖਾਈ ਨਹੀਂ ਦਿੰਦੀ। ਅਜੇ ਉਸਦੀਆਂ ਕਵਿਤਾਵਾਂ ਵਿੱਚ ਵਿਸ਼ਿਆਂ ਦੀ ਵਿਸ਼ਾਲਤਾ ਵੀ ਦਿਖਾਈ ਨਹੀਂ ਦਿੰਦੀ। ਨਾ ਹੀ ਅਜੇ ਉਸਦੀਆਂ ਕਵਿਤਾਵਾਂ ਕਿਸੇ ਸਮੱਸਿਆ ਨੂੰ ਸਮਝਣ ਲਈ ਡੂੰਘਾਈ ਤੱਕ ਹੀ ਜਾਂਦੀਆਂ ਹਨ। ਅਜੋਕੇ ਸਮਿਆਂ ਵਿੱਚ ਜ਼ਿੰਦਗੀ ਬਹੁਤ ਗੁੰਝਲਦਾਰ ਹੋ ਜਾਣ ਕਾਰਨ ਸਮਾਜਿਕ, ਰਾਜਨੀਤਿਕ, ਆਰਥਿਕ, ਧਾਰਮਿਕ ਜਾਂ ਦਾਰਸ਼ਨਿਕ ਪੱਧਰ ਦੀਆਂ ਸਮੱਸਿਆਵਾਂ ਨੂੰ ਡੂੰਘਾਈ ਤੱਕ ਸਮਝਣ ਲਈ ਸਾਨੂੰ ਅਨੇਕਾਂ ਵਿਸ਼ਿਆਂ ਦਾ ਗਿਆਨ ਹੋਣਾ ਲਾਜ਼ਮੀ ਹੈ। ਨਿਰਸੰਦੇਹ, ਜਦੋਂ ਤੱਕ ਕਿਸੇ ਲੇਖਕ ਨੂੰ ਆਪ ਕਿਸੇ ਸਮੱਸਿਆ ਦੀ ਡੂੰਘਾਈ ਤੱਕ ਸਮਝ ਨਹੀਂ ਹੋਵੇਗੀ, ਉਹ ਉਸ ਸਮੱਸਿਆ ਬਾਰੇ ਆਪਣੀਆਂ ਲਿਖਤਾਂ ਵਿੱਚ ਬਹੁ-ਦਿਸ਼ਾਵੀ ਅਤੇ ਗੰਭੀਰ ਗੱਲ ਨਹੀਂ ਕਰ ਸਕੇਗਾ।
ਮੇਜਰ ਸਿੰਘ ਨਾਗਰਾ ਆਪਣੀ ਕਾਵਿ-ਸਮਰੱਥਾ ਦੀਆਂ ਅਜਿਹੀਆਂ ਸੀਮਾਵਾਂ ਤੋਂ ਸੁਚੇਤ ਹੋ ਕੇ ਭਵਿੱਖ ਵਿੱਚ ਹੋਰ ਵਧੇਰੇ ਪਰਪੱਕ ਕਵਿਤਾਵਾਂ ਲਿਖੇਗਾ; ਇਸ ਗੱਲ ਦੀ ਮੈਨੂੰ ਸਦਾ ਹੀ ਉਡੀਕ ਰਹੇਗੀ।
ਆਪਣਾ ਪਹਿਲਾ ਕਾਵਿ-ਸੰਗ੍ਰਹਿ 'ਸਭ ਕੁਝ ਖ਼ਤਰੇ 'ਚ ਹੈ' ਪ੍ਰਕਾਸ਼ਿਤ ਕਰਨ ਲਈ ਮੇਜਰ ਸਿੰਘ ਨਾਗਰਾ ਨੂੰ ਮੇਰੀਆਂ ਸ਼ੁਭ ਇਛਾਵਾਂ।
..............................

No comments:

Post a Comment