Saturday, May 15, 2010

ਰਵਿੰਦਰ ਰਵੀ ਦਾ "ਅਘਰਵਾਸੀ": ਮੇਰੀ ਨਜ਼ਰ ਵਿਚ -ਕੁਲਵੰਤ ਸਿੰਘ ਵਿਰਕ

ਰਵਿੰਦਰ ਰਵੀ ਦਾ "ਅਘਰਵਾਸੀ": ਮੇਰੀ ਨਜ਼ਰ ਵਿਚ 

ਕੁਲਵੰਤ ਸਿੰਘ ਵਿਰਕ
ਪੰਜਾਬ ਤੋਂ ਬਾਹਰ ਵਸਦੇ ਪੰਜਾਬੀ ਲੇਖਕਾਂ ਨੇ ਬਹੁਤ ਸਾਰਾ ਕਹਾਣੀ ਸਾਹਿਤ ਰਚਿਆ ਹੈ! ਇਹ ਸਾਹਿਤ ਬੜਾ ਵਡਮੁੱਲਾ ਹੈ, ਕਿਉਂਕਿ ਇਹ ਉਨ੍ਹਾਂ ਦਾ ਇਕ ਓਪਰੀ ਸੱਭਿਅਤਾ ਸਾਹਮਣੇ ਦਹਿਲ ਤੇ ਦੁੱਖ, ਮਾਤਭੂਮੀਂ ਨਾਲ ਉਨ੍ਹਾਂ ਦਾ ਮੋਹ ਤੇ ਮੁੜ ਘਰ ਨਾਂ ਆ ਸਕਣ ਦੀ ਮਜਬੂਰੀ ਪ੍ਰਗਟ ਕਰਦਾ ਹੈ!
ਰਵਿੰਦਰ ਰਵੀ ਦੀਆਂ ਕਹਾਣੀਆਂ ਦਾ ਮੁਹਾਂਦਰਾ ਇਨ੍ਹਾਂ ਤੋਂ ਬਿਲਕੁਲ ਵੱਖਰਾ ਹੈ!
ਇਨ੍ਹਾਂ ਵਿਚ ਪੰਜਾਬ ਦਾ ਉਦਰੇਵਾਂ ਨਹੀਂ ਹੈ(ਵਿੱਦਵਾਨ ਇਸ ਨੂੰ ਭੁ-ਹੇਰਵਾ ਵੀ ਆਖਦੇ ਹਨ)! ਰਵੀ ਜਿੱਥੇ ਵੀ ਗਿਆ ਹੈ, ਓਥੋਂ ਦੇ ਲੋਕਾਂ ਵਿਚ ਰਚ ਮਿਚ ਕੇ ਵਿਚਰਿਆ ਹੈ! ਵੱਡੇ ਛੇੜ ਵਿਚ ਆਈ ਨਵੀਂ ਗਾਂ, ਮੱਝ ਵਾਂਗ ਉਹ ਕੰਧ ਨਾਲ ਲੱਗ ਕੇ ਨਹੀਂ ਖਲੋਤਾ ਰਿਹਾ! ਇਸ ਲਈ ਉਦਰੇਵੇਂ ਦੀ ਥਾਂ ਇਨ੍ਹ ਕਹਾਣੀਆਂ ਵਿਚ ਬਾਹਰਲੇ ਦੇਸ਼ਾਂ ਦੇ ਇਸਤਰੀ ਮਰਦ ਜਿਊਂਦੇ ਵੱਸਦੇ ਨਜ਼ਰ ਆਉਂਦੇ ਹਨ! ਊਨ੍ਹਾਂ ਦੇ ਇਸ ਵੱਸਣ ਵਿਚ ਪੰਜਾਬੀ ਪਾਤਰਾਂ ਨਾਲ ਪਰਸਪਰ ਮੇਲ ਜੋਲ ਤੇ ਰਗੜ ਟੱਕਰ ਵੀ ਸ਼ਾਮਿਲ ਹੈ! ਰਵੀ ਦਾ ਇਹ ਸਾਹਸ ਉਸਦੀਆਂ ਕਹਾਣੀਆਂ ਵਿਚ ਇਕ ਉਚੇਚੀ ਰੌਚਕਤਾ ਭਰ ਦੇਂਦਾ ਹੈ! ਕਈ ਕਹਾਣੀਆਂ ਦਾ ਅੰਤ ਇਨ੍ਹਾਂ ਬਾਹਰਲੇ ਲੋਕਾਂ ਜਾਂ ਬਾਹਰਲੀ ਜੀਵਨ ਜਾਂਚ ਨੂੰ ਅਪਣਾ ਬੈਠੇ ਪੰਜਾਬੀ ਲੋਕਾਂ ਦੇ ਕਿਸੇ ਤਿੱਖੇ ਪ੍ਰਤੀਕਰਮ ਨਾਲ ਹੁੰਦਾ ਹੈ!
"ਯੂ ਸਨ ਆਫ ਏ ਬਿੱਚ, ਅੱਜ ਇਹ ਸੋਚਕੇ ਆਈ ਸੀ ਕਿ ਜੇ ਤੂੰ ਕੋਈ ਹੋਰ ਕੁੜੀ ਨਾਲ ਲੈ ਕੇ ਆਇਆ, ਤਾਂ ਉਸ ਨੂੰ ਚੀਰ ਕੇ ਰੱਖ ਦਿਆਂਗੀ, ਘਰ ਨੂੰ ਅੱਗ ਲਾ ਦਿਆਂਗੀ"! – (ਕਹਾਣੀ: "ਪਸ਼ੂ ਹੋਣ ਤਕ") -
"ਤੂੰ ਆਪਣੇ ਕਿਰਾਏ ਨਾਲ ਗ਼ਰਜ਼ ਰੱਖਿਆ ਕਰ! ਭਟਕਣ ਦੀ ਕੋਈ ਕੌਮੀਅਤ ਨਹੀਂ ਹੁੰਦੀ! ਇਸਦੀ ਆਪਣੀ ਵੱਖਰੀ ਸੱਭਿਅਤਾ ਹੁੰਦੀ ਹੈ!" - (ਕਹਾਣੀ: "ਭਟਕਦੇ ਦਾਇਰੇ") –
"ਜਿਸ ਦੀਵਾਰ ਦੀ ਵਿੱਥ „ਤੇ ਅਸੀਂ ਲੇਟੇ ਹੋਏ ਹਾਂ, ਉਸ ਵਿੱਚੋਂ ਇਕ ਬੂਹਾ ਅੰਦਰ ਵਲ ਵੀ ਖੁੱਲ੍ਹਦਾ ਹੈ! ਉਸ ਬੂਹੇ ਦੀ ਸਾਂਝ ਮੈਂ ਤੈਥੋਂ ਮੰਗਦੀ ਹਾਂ! ਫੇਰ ਵੱਖੋ ਵੱਖਰੇ ਕਮਰਿਆਂ ਵਿਚ ਸੁੱਤਿਆਂ ਵੀ ਮੈਨੂੰ ਇਹ ਅਹਿਸਾਸ ਰਹੇਗਾ ਕਿ ਹਰ ਦੀਵਾਰ ਵਿੱਚੋਂ ਇਕ ਬੂਹਾ ਅੰਦਰ ਵਲ ਵੀ ਖੁੱਲ੍ਹਦਾ ਹੈ!" – (ਕਹਾਣੀ: "ਅੰਦਰ ਵਲ ਖੁੱਲ੍ਹਦਾ ਬੂਹਾ") –
ਵੱਖ ਵੱਖ ਦੇਸ਼ਾਂ ਵਿਚ ਆਪਣੇ ਹੁਣ ਤਕ ਦੇ ਬਿਤਾਏ ਜੀਵਨ ਵਿਚ, ਜਿਨ੍ਹਾਂ ਰੌਚਕ ਵਿਅਕਤੀਆ ਨਾਲ aਸਦਾ ਮੇਲ ਹੋਇਆ ਹੈ, ਉਨ੍ਹਾਂ ਨੂੰ ਉਹ ੧੯੫੫ ਤੋਂ ੧੯੮੪ ਤਕ ਲਿਖੀਆਂ, ਇਨ੍ਹਾਂ ੭੬ ਕਹਾਣੀਆਂ ਵਿਚ ਮਿਲਾਂਦਾ ਹੈ ਅਤੇ ਜੋ ਪ੍ਰਭਾਵ ਉਨ੍ਹਾਂ ਉਸ ਦੇ ਮਨ ਉੱਤੇ ਛੱਡੇ ਹਨ, ਉਨ੍ਹਾਂ ਨੂੰ ਘੋਖ ਸਮਝ ਕੇ, ਉਹ ਪਾਠਕਾਂ ਤੀਕ ਪੁਚਾਂਦਾ ਹੈ! ਇਸ ਤਰ੍ਹਾਂ ਪੱਛਮੀਂ ਅਤੇ ਅਫਰੀਕੀ ਦੇਸ਼ਾਂ ਦੇ ਜਵਾਨ ਇਸਤਰੀ, ਪੁਰਸ਼ ਪੰਜਾਬੀ ਕਹਾਣੀ ਵਿਚ ਪਹਿਲੀ ਵਾਰ ਖੁੱਲ੍ਹ ਕੇ ਵਿਚਰੇ ਹਨ! ਪੂਰਬ ਵਲੋਂ ਗਏ ਕਿਸੇ ਜਵਾਨ ਆਦਮੀਂ ਲਈ ਕੁਦਰਤੀ ਤੌਰ „ਤੇ ਮੁੱਢਲੀ ਖਿੱਚ ਇਸਤਰੀ ਲਈ ਹੀ ਹੋਵੇਗੀ! ਬਹੁਤੀਆਂ ਕਹਾਣੀਆਂ ਦੀਆਂ ਪਾਤਰ ਇਸਤਰੀਆਂ ਹੀ ਹਨ!
"ਰੋਹ ਦੀ ਸ਼ੈਲੀ" ਵਿਚ ਇਕ ਰੈੱਡ ਇੰਡੀਅਨ ਕੁੜੀ ਆਪਣੀ ਸੱਭਿਅਤਾ ਵਿਚ ਕੁਝ ਖੁੱਲ੍ਹ ਲਿਆ ਕੇ, ਉਸ ਨੂੰ ਅੱਗੇ ਟੋਰਨ ਲਈ, ਆਪਣੇ ਜੀਵਨ ਦੀ ਬਲੀ ਦੇਂਦੀ ਹੈ! ਇਹੋ ਜਿਹੀਆਂ ਸ਼ਹੀਦੀਆਂ ਹਰ ਦੇਸ਼ ਵਿਚ ਹਰ ਸਮੇਂ ਦਿੱਤੀਆਂ
ਜਾਂਦੀਆਂ ਰਹੀਆਂ ਹਨ, ਪਰ ਸਮਾਜ ਦੇ ਪਰਬਲ ਤੇ ਪਰਧਾਨ ਅੰਸ਼, ਜਿਵੇਂ ਮਾਪੇ ਜਾਂ ਵਿਸ਼ੇਸ਼ ਅਧਿਕਾਰਾਂ ਵਾਲੀਆਂ ਜਾਤੀਆਂ, ਹੋਰ ਕੁਰਬਾਨੀਆਂ ਦੀ ਲੋੜ ਬਣਾਈ ਰੱਖਦੇ ਹਨ!
"ਜਿੱਥੇ ਦੀਵਾਰਾਂ ਨਹੀਂ" ਵਿਚ ਇਕ ਯੂਰਪੀਨ ਲੜਕੀ ਜਿਹੜੀ ਨਿਯਮਾਂ ਅਨੁਸਾਰ ਯਾਤਰਾ ਕਰਨ ਦੀ ਪਰਪਾਟੀ ਵਿਚ ਖੁੱਭੀ ਹੋਈ, ਇਕ ਹੋਰ ਦੇਸ਼ੋਂ ਆਈ ਹੈ, ਇਕ ਨਵੀਂ ਤੇ ਵੱਖਰੀ ਸੋਚ ਵਾਲੇ ਆਦਮੀਂ ਨਾਲ ਮੇਲ ਪਿੱਛੋਂ, ਆਪਣਾ ਦ੍ਰਿਸ਼ਟੀਕੋਣ ਬਦਲ ਲੈਂਦੀ ਹੈ! ਇਸ ਦਾ ਇਕ ਚਿ ੰਨ੍ਹ ਇਹ ਹੈ ਕਿ ਉਹ ਬਾਕੀ ਸਾਥੀਆਂ ਨੂੰ ਛੱਡ ਕੇ ਉਸ ਨਵੇਂ ਦੇਸ਼ ਨੂੰ ਇਕੱਲੀ ਹੀ ਵੇਖਣ-ਘੋਖਣ ਲਈ ਟੁਰ ਪੈਂਦੀ ਹੈ!
ਇਨ੍ਹਾਂ ਕਹਾਣੀਆਂ ਦੇ ਵਧੇਰੇ ਪਾਤਰ ਬੜੀ ਖਿੱਚ ਪਾਣ ਵਾਲੇ ਹਨ! ਜਦੋਂ ਤੁਸੀਂ ਕਿਤਾਬ ਪੜ੍ਹ ਕੇ ਰੱਖ ਦੇਂਦੇ ਹੋ, ਤਾਂ ਵੀ ਇਹ ਪਾਤਰ ਤੁਹਾਡਾ ਪਿੱਛਾ ਨਹੀਂ ਛੱਡਦੇ, ਤੁਹਾਡਾ ਚੇਤਾ ਮੱਲੀ ਰੱਖਦੇ ਹਨ!
ਰਵੀ ਦੀਆਂ ਕਹਾਣੀਆਂ ਦੀ ਭਾਸ਼ਾ ਸੁਚੇਤਨ ਤੇ ਚੁਸਤ ਹੈ!
"ਇਸ ਦੌੜ ਭੱਜ ਵਿਚ ਅਚਾਨਕ ਚੂਹੇ ਦੀ ਪੂਛ ਮੇਰੇ ਪੈਰ ਹੇਠ ਆ ਕੇ ਕੱਟੀ ਗਈ! ਮੇਰਾ ਧਿਆਨ ਹੁਣ ਤੜਪਦੀ ਭੁੜਕਦੀ ਪੂਛ ਵਲ ਹੋ ਗਿਆ! ਬੇਜ਼ਿਹਨਾਂ ਦਰਦ!" – (ਕਹਾਣੀ: "ਜਿਊ ਰਹੇ ਮਰੇ ਹੋਏ ਪਲ") –
ਜਾਂ
"ਢਲਦੀ ਉਮਰ ਵਿਚ ਔਰਤ ਨਾਲ ਖਰੂਦ, ਪਾਟੇ ਹੋਏ ਭੁਕਾਨੇ ਵਿਚ ਹਵਾ ਭਰਨ ਦੀ ਕੋਸ਼ਿਸ਼ ਹੈ!"
ਰਵੀ ਦੀਆਂ ਕਹਾਣੀਆਂ ਦੀ ਬੋਲੀ, ਇੱਥੋਂ ਤਕ ਕਿ ਆਪੋ ਵਿਚ ਗੱਲ ਬਾਤ ਦੀ ਬੋਲੀ ਵੀ ਵਿੱਦਵਾਨਾਂ ਵਾਲੀ ਹੈ! ਇਹ ਨਵੀਂ ਪਿਰਤ ਹੈ!
ਸੰਸਾਰ ਪ੍ਰਸਿੱਧ ਪੁਸਤਕ "ਰੋਮ ਦੀ ਇਸਤਰੀ" ਦੇ ਲੇਖਕ ਅਲਬਰਟੋ ਮੋਰੇਵੀਆ ਨੂੰ ਕਿਸੇ ਨੇ ਪੁੱਛਿਆ ਕਿ ਇਸਤਰੀ ਤਾਂ ਇਕ ਅਨਪੜ੍ਹ ਵੇਸਵਾ ਹੈ! ਪੜ੍ਹਿਆਂ ਲਿਖਿਆਂ ਵਾਲੀ ਬੋਲੀ ਕਿਉਂ ਬੋਲਦੀ ਹੈ? ਮੋਰੇਵੀਆ ਨੇ ਜਵਾਬ ਦਿੱਤਾ ਕਿ ਸਾੱਿਹਤ ਦੀ ਭਾਸ਼ਾ ਸਦਾ ਸ਼ਕਤੀਸ਼ਾਲੀ ਹੋਣੀ ਚਾਹੀਦੀ ਹੈ! ਨਾਲੇ ਇਕ ਅਨਪੜ੍ਹ ਪਾਤਰ ਬਾਰੇ ਲਿਖਣ ਲੱਗਿਆਂ ਮੈਂ ਆਪਣਾਂ ਲਿਖਣ ਢੰਗ ਨਹੀਂ ਬਦਲ ਸਕਦਾ!
ਇਕ ਹੋਰ ਨਵੀਂ ਪਿਰਤ, ਜਿਹੜੀ ਮੈਂ ਇਸ ਵੱਡੇ ਸੰਗ੍ਰਹਿ ਵਿਚ ਵੇਖੀ ਹੈ, ਇਹ ਹੈ ਕਿ ਸਭ ਤੋਂ ਪਿੱਛੋਂ ਲਿਖੀਆਂ ਕਹਾਣੀਆਂ ਸਭ ਤੋਂ ਪਹਿਲਾਂ ਪਾਈਆਂ ਹਨ ਤੇ ਪਹਿਲਾਂ ਲਿਖੀਆਂ ਹੋਈਆਂ ਸਭ ਤੋਂ ਪਿੱਛੋਂ! ਇਸ ਤਰ੍ਹਾਂ ਹੋਇਆ ਮੈਂ ਪਹਿਲੇ ਕਿਧਰੇ ਵੇਖਿਆ ਤਾਂ ਨਹੀਂ, ਪਰ ਇਕ ਉੱਘੇ ਕਹਾਣੀਕਾਰ ਨੇ ਇਸ ਤਾਂਘ ਦਾ ਪ੍ਰਗਟਾਵਾ ਜ਼ਰੂਰ ਕੀਤਾ ਹੈ, ਭਾਵੇਂ ਉਹ ਪੂਰੀ ਨਹੀਂ ਹੋਈ!
ਪ੍ਰਸਿੱਧ ਅਮਰੀਕਨ ਕਹਾਣੀਕਾਰ ਚੀਵਰ ਨੇ ਆਪਣੇ ਪਿੱਛੇ ਜਿਹੇ ਛਪੇ ਵੱਡੇ ਸੰਗ੍ਰਹਿ ਦੇ ਮੁੱਖ ਬੰਧ ਵਿਚ ਲਿਖਿਆ ਹੈ:
" ਮੈਨੂੰ ਖੁਸ਼ੀ ਹੁੰਦੀ ਜੇ ਇਨ੍ਹਾਂ ਕਹਾਣੀਆਂ ਦੇ ਛਪਣ ਦੀ ਤਰਤੀਬ(ਕ੍ਰਮ) ਉਲਟ ਦਿੱਤੀ ਜਾਂਦੀ! ਇਸ ਤਰ੍ਹਾਂ ਪਹਿਲਾਂ ਮੈਂ ਪਾਠਕਾਂ ਸਾਹਮਣੇ ਸਿੱਧਾ ਇਕ ਵਡੇਰੇ ਆਦਮੀਂ ਦੇ ਰੂਪ ਵਿਚ ਪੇਸ਼ ਹੁੰਦਾ, ਨਾ ਕਿ ਇਕ ਜਵਾਨ ਅਨਾੜੀ ਦੇ ਰੂਪ ਵਿਚ!"
ਉਸ ਦੇ ਕਹਿਣ ਅਨੁਸਾਰ ਇਕ ਲੇਖਕ ਦੀ ਉਤਪਤੀ ਉਸਦੇ ਆਪਣੇ ਹੱਥੋਂ ਹੀ ਹੁੰਦੀ ਹੈ, ਜਿਵੇਂ ਕਿ ਸ਼ਾਇਦ ਚਿੱਤਰਕਾਰਾਂ ਦੀ ਨਹੀਂ ਹੁੰਦੀ, ਜਿਹੜੇ ਆਪਣੇ ਉਸਤਾਦਾਂ ਤੋਂ ਬਹੁਤ ਸਾਰੀ ਸਹਾਇਤਾ ਪਰਾਪਤ ਕਰ ਲੈਂਦੇ ਹਨ! ਲੇਖਕ ਨੂੰ ਸਭ ਕੁਝ ਇਕੱਲੇ ਹੀ ਸਿੱਖਣਾ ਪੈਂਦਾ ਹੈ! ਇਸ ਲਈ ਇਹ ਉਸ ਦੇ ਹੱਕ ਵਿਚ ਜਾਂਦਾ ਹੈ ਕਿ ਉਸ ਦੇ ਮੁੱਢਲੇ ਕਦਮ ਪਾਠਕ ਦੀ ਨਜ਼ਰ ਵਿਚ ਪਿੱਛੋਂ ਆਉਣ! ਚੀਵਰ ਦੇ ਆਪਣੇ ਸੰਗ੍ਰਹਿ ਵਿਚ ਇਸ ਤਰ੍ਹਾਂ ਨਹੀਂ ਹੋਇਆ, ਪਰ ਰਵ ਿਨੇ ਕਰ ਲਿਆ ਹੈ, ਜਿਹੜੀ ਕਿ ਉਸ ਦੀ ਖੁਸ਼ਕਿਸਮਤੀ ਹੈ!
ਰਵਿੰਦਰ ਰਵੀ ਕੀਨੀਆਂ ਵਿਚ ਤੇ ਫਿਰ ਕੈਨੇਡਾ ਵਿਚ ਵੀ ਮਜਬੂਰੀ ਹੇਠ ਹੀ ਗਿਆ! ਪਰ ਇਸ ਕਾਰਨ ਦੁਨੀਆਂ ਨਾਲ ਰੁੱਸ ਕੇ ਬਹਿਣ ਦੀ ਥਾਂ ਉਸ ਨੇ ਇਸ ਮਜਬੂਰੀ ਨੂੰ ਖਿੜੇ ਮੱਥੇ ਸਵੀਕਾਰਿਆ ਤੇ ਇਸ ਦਾ ਲਾਭਜਨਕ ਤੇ ਕਲਿਅਣਕਾਰੀ ਪੱਖ ਲੱਭਣ ਵਿਚ ਜੁਟ ਗਿਆ!
ਅੰਗਰੇਜ਼ ਲੇਖਕ ਸਮਰਸੈਟ ਮਾਅਮ ਵਾਂਗ ਉਹ ਜਿੱਥੇ ਵੀ ਗਿਆ ਹੈ, ਉਸੇ ਥਾਂ ਦੇ ਪਿਛੋਕੜ ਵਿਚ ਉਸ ਨੇ ਸਾਹਿਤ ਰਚਿਆ ਹੈ! ਪੜ੍ਹਿਆ ਲਿਖਿਆ ਤੇ ਘੋਖੀ ਹੋਣ ਕਰ ਕੇ ਉਸ ਨੇ ਹਰ ਥਾਂ ਤੋਂ ਲੱਭਿਆ ਹੈ ਤੇ ਆਪਣੇ ਸਾਹਿਤ ਰਾਹੀਂ ਸਾਡੇ ਤੀਕ ਪਹੁੰਚਾਇਆ ਹੈ! ਉਸ ਦਾ ਸਾਹਸ ਤੇ ਲਗਨ ਸਲਾਹੁਣ ਯੋਗ ਹੈ! ਉਸ ਦੀ ਰਚਨਾ ਦਾ ਆਕਾਰ ਹੀ ਸਾਨੂੰ ਉਸ ਦਾ ਸ਼ਰਧਾਲੂ ਬਣਾ ਲੈਂਦਾ ਹੈ! ਇਸ ਤਰ੍ਹਾਂ ਲੱਗਦਾ ਹੈ ਜਿਵੇਂ ਉਸ ਦਾ ਸਾਰਾ ਰਟਨ ਸਾਹਿਤ-ਰਚਨਾ ਦੀ ਖਾਤਰ ਹੀ ਹੋਵੇ!
ਰਵੀ ਦਾ ਇਹ ਵਿਚਾਰ ਕਿ ਇਹ ਕਹਾਣੀਆਂ ਸਮੁੱਚੀ ਮਨੁੱਖਤਾ ਨਾਲ ਸੰਬੰਧ ਰੱਖਦੀਆਂ ਹਨ, ਬਿਲਕੁਲ ਠੀਕ ਹੈ! ਇਨ੍ਹਾਂ ਕਹਾਣੀਆਂ ਵਿਚ ਸਮੇਂ ਦੇ ਪ੍ਰਮੁੱਖ ਸੰਕਟ ਜਿਵੇਂ ਵੀਅਤਨਾਮ ਦੀ ਜੰਗ, ਐਟਮ ਬੰਬ ਦਾ ਭੈ ਆਦਿ ਤੁਹਾਡੇ ਮੇਜ਼ ਉੱਤੇ ਆ ਬੈਠਦੇ ਹਨ!
*"ਅਘਰਵਾਸੀ" ਕਹਾਣੀ-ਸੰਗ੍ਰਹਿ ਦਾ ਛਪਣਾ ਸਚਮੁਚ ਹੀ ਇਕ ਵਿਸ਼ੇਸ਼ ਘਟਨਾ ਹੈ!
- ਮਾਸਕ "ਅਕਸ", ਜੂਨ, ੧੯੮੪ – ਦਿੱਲੀ, ਭਾਰਤ –
- ______________________________________________________________

*ਅਘਰਵਾਸੀ(੧੯੫੫ – ੧੯੮੪ – ਸਮੁੱਚਾ ਸੰਗ੍ਰਹਿ) –
ਪ੍ਰਕਾਸ਼ਕ: ਨਵਯੁੱਗ ਪਬਲਿਸ਼ਰਜ਼

1 comment:

  1. ਰਵੀ ਅਤੇ ਅਘਰਵਾਸੀ ਬਾਰੇ ਉਤਸੁਕਤਾ ਪੈਦਾ ਕਰਨ ਵਾਲੀ ਜਾਣਕਾਰੀ...ਸ਼ੁਕਰੀਆਂ

    ReplyDelete