Thursday, March 18, 2010

ਆਖ਼ਰ ਪੂਰੀ ਹੋਈ 44 ਸਾਲਾਂ ਬਾਅਦ ਹਰਿਆਣੇ ਦੇ ਪੰਜਾਬੀਆਂ ਦੀ ਮੰਗ -ਨਿਸ਼ਾਨ ਸਿੰਘ 'ਕੁਰੂਕਸ਼ੇਤਰ'

ਆਖ਼ਰ ਪੂਰੀ ਹੋਈ 44 ਸਾਲਾਂ ਬਾਅਦ ਹਰਿਆਣੇ ਦੇ ਪੰਜਾਬੀਆਂ ਦੀ ਮੰਗ   -ਨਿਸ਼ਾਨ ਸਿੰਘ 'ਕੁਰੂਕਸ਼ੇਤਰ'
ਪੰਜਾਬ ਨਾਲੋਂ ਵੱਖ ਹੋ ਕੇ ਪਿਛਲੇ 44 ਸਾਲਾਂ ਤੋਂ ਹਰਿਆਣੇ ਦੇ ਪੰਜਾਬੀ ਸਮੇਂ ਦੀਆਂ ਰਾਜ ਸਰਕਾਰਾਂ ਤੋਂ ਇਹ ਮੰਗ ਕਰਦੇ ਆ ਰਹੇ ਸਨ ਕਿ ਹਰਿਆਣੇ ਵਿੱਚ ਪੰਜਾਬੀ ਭਾਸ਼ਾ ਨੂੰ ਦੂਜੀ ਰਾਜ ਭਾਸ਼ਾ ਦਾ ਦਰਜ਼ਾ ਦਿੱਤਾ ਜਾਵੇ। ਇਸ ਲਈ ਹਰਿਆਣਵੀਂ ਪੰਜਾਬੀ ਸੰਘਰਸ਼ ਕਰਦੇ ਆ ਰਹੇ ਸਨ ਤੇ ਇਸ ਕੀਤੀ ਹੋਈ ਮਿਹਨਤ ਨੂੰ ਬੂਰ ਪਿਆ 28 ਜਨਵਰੀ 2010 ਦੀ ਸਵੇਰ ਨੂੰ ਜਦੋਂ ਹਰਿਆਣਾ ਦੇ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਪੰਜਾਬੀ ਭਾਸ਼ਾ ਨੂੰ ਹਰਿਆਣੇ ਦੀ ਦੂਜੀ ਰਾਜ ਭਾਸ਼ਾ ਬਣਾਉਣ ਦਾ ਐਲਾਨ ਕਰ ਦਿੱਤਾ ਤੇ ਇਸ ਲਈ ਲੋੜੀਂਦਾ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ।
ਜ਼ਿਕਰਯੋਗ ਹੈ ਕਿ 1 ਨਵੰਬਰ 1966 ਨੂੰ ਹਰਿਆਣੇ ਦੇ ਗਠਨ ਤੋਂ ਬਾਅਦ ਇੱਥੋਂ ਦੇ ਪੰਜਾਬੀਆਂ ਨਾਲ ਹਮੇਸ਼ਾ ਹੀ ਧੱਕਾ ਹੁੰਦਾ ਰਿਹਾ ਹੈ। ਹਰਿਆਣੇ ਵਿੱਚ ਕਿਸੇ ਵੀ ਰਾਜ ਸਰਕਾਰ ਨੇ ਪੰਜਾਬੀ ਸਾਹਿਤ, ਸਭਿਆਚਾਰ ਅਤੇ ਸੰਸਕ੍ਰਿਤੀ ਦੀ ਪ੍ਰਫੁਲਤਾ ਲਈ ਕੋਈ ਸਾਰਥਕ ਉਪਰਾਲਾ ਨਹੀਂ ਕੀਤਾ। ਇੱਥੋਂ ਤੱਕ ਕਿ ਹਰਿਆਣੇ ਦੇ ਸਰਕਾਰੀ ਸਕੂਲਾਂ ਵਿੱਚ ਪੰਜਾਬੀ ਦੇ ਅਧਿਆਪਕ ਭਰਤੀ ਨਾ ਕੀਤੇ ਗਏ। ਸਕੂਲਾਂ ਵਿੱਚ ਪੰਜਾਬੀ ਨੂੰ ਇੱਕ ਵਾਧੂ ਵਿਸ਼ਾ ਬਣਾ ਦਿੱਤਾ ਗਿਆ ਤੇ ਹੱਦ ਤਾਂ ਉਸ ਵੇਲੇ ਹੋ ਗਈ ਜਦੋਂ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਬੰਸੀ ਲਾਲ ਨੇ ਤਾਂ ਪੰਜਾਬੀ ਭਾਸ਼ਾ ਨੂੰ ਹਰਿਆਣੇ ਵਿੱਚੋਂ ਅਸਲੋਂ ਹੀ ਖਤਮ ਕਰਨ ਲਈ ਤੇਲਗੂ ਨੂੰ ਦੂਜੀ ਰਾਜ ਭਾਸ਼ਾ ਦਾ ਦਰਜ਼ਾ ਦੇ ਦਿੱਤਾ। ਹਾਲਾਂਕਿ ਤੇਲਗੂ ਨੂੰ ਜਾਣਨ ਵਾਲੇ ਹਰਿਆਣਾ ਵਿੱਚ ਇੱਕ ਫੀਸਦੀ ਵੀ ਲੋਕ ਨਹੀਂ ਸਨ ਰਹਿੰਦੇ ਪਰ ਪੰਜਾਬੀ 40 ਫੀਸਦੀ ਹਰਿਆਣੇ ਵਿੱਚ ਵੱਸ ਰਹੇ ਸਨ।
ਪਰ ਹਰਿਆਣੇ ਦੇ ਪੰਜਾਬੀਆਂ ਨੇ ਹਾਰ ਨਹੀਂ ਮੰਨੀ ਤੇ ਸਮੇਂ-ਸਮੇਂ ਸਿਰ ਇਸ ਅਨਿਆਂ ਖਿਲਾਫ਼ ਆਵਾਜ਼ ਬੁਲੰਦ ਕਰਦੇ ਰਹੇ ਤੇ ਜਲਦ ਹੀ ਤੇਲਗੂ ਭਾਸ਼ਾ ਤੋਂ ਦੂਜੀ ਰਾਜ ਭਾਸ਼ਾ ਦਾ ਦਰਜ਼ਾ ਖੋਹ ਲਿਆ ਗਿਆ ਪਰ ਪੰਜਾਬੀ ਨੂੰ ਫਿਰ ਵੀ ਮਾਣ-ਸਨਮਾਣ ਨਹੀਂ ਦਿੱਤਾ ਗਿਆ।
ਹਾਂ,  ਵੋਟਾਂ ਵੇਲੇ ਇਹ ਮੱਦਾ ਜ਼ਰੂਰ ਹਾਵੀ ਰਹਿੰਦਾ ਕਿ ਹਰਿਆਣੇ ਵਿੱਚ ਪੰਜਾਬੀਆਂ ਨਾਲ ਧੱਕਾ ਹੋਇਆ ਹੈ ਤੇ ਫਲਾਣੀ ਪਾਰਟੀ ਨੂੰ ਵੋਟਾਂ ਪਾਓ ਸਰਕਾਰ ਬਣਨ ਤੇ ਸਭ ਤੋਂ ਪਹਿਲਾਂ ਪੰਜਾਬੀ ਨੂੰ ਹਰਿਆਣੇ ਦੀ ਦੂਜੀ ਰਾਜ ਭਾਸ਼ਾ ਬਣਾਇਆ ਜਾਏਗਾ ਪਰ ਮੁੱਖ ਮੰਤਰੀ ਦੀ ਕੁਰਸੀ ਤੇ ਬੈਠ ਕੇ ਲਾਰੇਬਾਜ 'ਨੇਤਾ ਜੀ' ਪੰਜਾਬੀ ਨੂੰ ਫਿਰ ਭੁੱਲ ਜਾਂਦੇ।
ਇਸ ਤਰ੍ਹਾਂ 44 ਸਾਲਾਂ ਦਾ ਲੰਮਾ ਅਰਸਾ ਬੀਤ ਗਿਆ। ਹਰਿਆਣੇ ਵਿੱਚ ਸਾਬਕਾ ਮੁੱਖ ਮੰਤਰੀ ਤੇ ਚੋਧਰੀ ਦੇਵੀ ਲਾਲ ਦੇ ਪੁੱਤਰ ਚੋਧਰੀ ਓਮ ਪ੍ਰਕਾਸ਼ ਚੋਟਾਲਾ ਨੇ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਪਹਿਲ ਕੀਤੀ ਤੇ ਉਹਨਾਂ ਦੇ ਰਾਜਕਾਲ ਵਿੱਚ ਹਰਿਆਣਾ ਵਿਧਾਨ ਸਭਾ ਵਿੱਚ ਪੰਜਾਬੀ ਨੂੰ ਦੂਜੀ ਰਾਜ ਭਾਸ਼ਾ ਬਣਾਉਣ ਵਾਲਾ ਬਿੱਲ ਪਾਸ ਕਰ ਦਿੱਤਾ ਗਿਆ ਪਰ ਪਤਾ ਨਹੀਂ ਕਿਹੜੇ ਕਾਰਣਾਂ ਕਰਕੇ ਉਸ ਵੇਲੇ ਨੋਟੀਫ਼ਿਕੇਸ਼ਨ ਜਾਰੀ ਨਾ ਹੋ ਸਕਿਆ।
ਸਰਕਾਰੀ ਨਿਯਮਾਂ ਅਨੁਸਾਰ ਜਦੋਂ ਤੱਕ ਨੋਟੀਫਿਕੇਸ਼ਨ ਜਾਰੀ ਨਹੀਂ ਹੁੰਦਾ ਤੱਦ ਤੱਕ ਅਮਲੀ ਰੂਪ ਵਿੱਚ ਕੋਈ ਕਾਨੂੰਨ ਲਾਗੂ ਨਹੀਂ ਕੀਤਾ ਜਾ ਸਕਦਾ। ਇਸ ਲਈ ਪੰਜਾਬੀ ਭਾਸ਼ਾ ਦੀ ਪੜਾਈ ਸਕੂਲਾਂ ਵਿੱਚ ਆਰੰਭ ਨਾ ਹੋ ਸਕੀ। ਇਸ ਮੁੱਦੇ ਤੇ ਫਿਰ ਸਿਆਸਤ ਸ਼ੁਰੂ ਹੋ ਗਈ ਤੇ ਸਰਕਾਰਾਂ ਫਿਰ ਲਾਰੇ ਲਾਉਣ ਲੱਗ ਪਈਆਂ। ਵੋਟਾਂ ਵੇਲੇ ਹਰ ਪਾਰਟੀ ਇਹ ਲਾਰਾ ਲਾਇਆ ਕਰੇ ਕਿ ਸਾਡੀ ਸਰਕਾਰ ਬਣਨ ਤੇ ਪੰਜਾਬੀ ਭਾਸ਼ਾ ਸੰਬੰਧੀ ਨੋਟੀਫਿਕੇਸ਼ਨ ਪਹਿਲ ਤੇ ਆਧਾਰ ਤੇ ਜਾਰੀ ਕਰ ਦਿੱਤਾ ਜਾਵੇਗਾ ਪਰ ਹੁੰਦਾ ਕੁੱਝ ਵੀ ਨਾ…।
ਤੇ ਆਖਰ 44 ਸਾਲਾਂ ਦੀ ਲੰਮੀ ਉਡੀਕ ਬਾਅਦ ਆ ਹੀ ਗਿਆ 28 ਜਨਵਰੀ 2010 ਦਾ ਭਾਗਾਂ ਭਰਿਆ ਦਿਨ ਜਦੋਂ ਹਰਿਆਣੇ ਦੇ ਮੁੱਖ ਮੰਤਰੀ ਚੋਧਰੀ ਭੁਪਿੰਦਰ ਸਿੰਘ ਹੁੱਡਾ ਨੇ ਪੰਜਾਬੀ ਭਾਸ਼ਾ ਨੂੰ ਰਾਜ ਦੀ ਦੂਜੀ ਰਾਜ ਭਾਸ਼ਾ ਪ੍ਰਵਾਨ ਕਰਦਿਆਂ ਇਸ ਸੰਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ। ਹਰਿਆਣੇ ਦੇ ਪੰਜਾਬੀਆਂ ਵਿੱਚ ਖੁਸ਼ੀ ਦੀ ਲਹਿਰ ਦੋੜ ਗਈ। ਹਰ ਪਾਸੇ ਖੁਸ਼ੀਆਂ ਦਾ ਪਸਾਰਾ ਹੋ ਗਿਆ। ਲੋਕ ਅਤੇ ਖਾਸ ਕਰਕੇ ਪੰਜਾਬੀ ਇੱਕ ਦੂਜੇ ਨੂੰ ਵਧਾਈਆਂ ਦੇਣ ਲੱਗੇ ਕਿਉਂਕਿ ਉਹਨਾਂ ਦੀ ਮਿਹਨਤ ਨੂੰ ਅੱਜ ਬੂਰ ਪੈ ਗਿਆ ਸੀ।
ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਹੁਣ ਸਰਕਾਰੀ ਦਫ਼ਤਰਾਂ ਨਾਲ ਪੱਤਰ ਵਿਹਾਰ ਕਰਨ ਲਈ ਪੰਜਾਬੀ ਭਾਸ਼ਾ ਦਾ ਪ੍ਰਯੋਗ ਕੀਤਾ ਜਾ ਸਕਦਾ ਹੈ। ਕਿਸੇ ਸਰਕਾਰੀ ਅਦਾਰੇ ਤੋਂ ਜਾਣਕਾਰੀ ਪੰਜਾਬੀ ਭਾਸ਼ਾ ਵਿੱਚ ਲਈ ਜਾ ਸਕਦੀ ਹੈ। ਅਖ਼ਬਾਰਾਂ ਨੂੰ ਪ੍ਰੈੱਸ ਨੋਟ ਪੰਜਾਬੀ ਵਿੱਚ ਦਿੱਤੇ ਜਾ ਸਕਦੇ ਹਨ ਤੇ ਪੰਜਾਬੀ ਨੂੰ ਤੀਜੀ ਜਮਾਤ ਤੋਂ ਹਰਿਆਣੇ ਦੇ ਸਰਕਾਰੀ ਸਕੂਲਾਂ ਵਿੱਚ ਲਾਗੂ ਕੀਤਾ ਜਾ ਸਕਦਾ ਹੈ। ਪੰਜਾਬੀ ਅਧਿਆਪਕਾਂ ਦੀ ਭਰਤੀ ਕੀਤੀ ਜਾ ਸਕਦੀ ਹੈ ਇਸ ਵਿੱਚ ਕੋਈ ਕਾਨੂੰਨੀ ਅੜਚਣ ਨਹੀਂ ਹੈ।
ਦੇਖਣ ਵਾਲੀ ਗੱਲ ਇਹ ਹੈ ਹੁਣ ਕਿ ਇਹ ਸਭ ਕੁੱਝ ਹੁੰਦਾ ਕਦੋਂ ਹੈ? ਪੰਜਾਬੀ ਅਧਿਆਪਕਾਂ ਦੀ ਭਰਤੀ ਸਰਕਾਰ ਕਦੋਂ ਆਰੰਭ ਕਰਦੀ ਹੈ। ਪਿਛਲੇ ਅੱਠ ਸਾਲਾਂ ਤੋਂ ਓ: ਟੀ: ਪੰਜਾਬੀ ਬੰਦ ਪਈ ਹੈ ਸਰਕਾਰ ਇਸ ਨੂੰ ਕੱਦ ਦੁਬਾਰਾ ਸ਼ੁਰੂ ਕਰਦੀ ਹੈ? ਗਿਆਨੀ ਪਾਸ ਕਰਨ ਤੋਂ ਬਾਅਦ ਇੱਕ ਸਾਲ ਦਾ ਇਹ ਕੋਰਸ ਕਰਕੇ ਪੰਜਵੀਂ ਜਮਾਤ ਦੇ ਸਕੂਲ ਵਿੱਚ ਪੰਜਾਬੀ ਅਧਿਆਪਕ ਦੀ ਅਸਾਮੀ ਤੇ ਨਿਯੁਕਤ ਹੋਇਆ ਜਾ ਸਕਦਾ ਹੈ। ਹਰਿਆਣੇ ਵਿੱਚ ਹਜਾਰਾਂ ਹੀ ਪੰਜਾਬੀ ਨੌਜਵਾਨਾਂ ਨੇ ਗਿਆਨੀ ਦਾ ਇਮਤਿਹਾਨ ਪਾਸ ਕੀਤਾ ਹੋਇਆ ਹੈ ਪਰ ਪੰਜਾਬੀ ਓ: ਟੀ: ਦੇ ਬਿਨਾਂ ਉਹ ਪ੍ਰਾਇਮਰੀ ਸਕੂਲਾਂ ਵਿੱਚ ਅਧਿਆਪਕ ਦੀ ਅਸਾਮੀ ਦੇ ਭਰਤੀ ਹੋਣ ਦੇ ਯੋਗ ਨਹੀਂ ਹੈ। ਇਸ ਲਈ ਸਰਕਾਰ ਨੂੰ ਓ: ਟੀ: ਪੰਜਾਬੀ ਜਲਦ ਹੀ ਆਰੰਭ ਕਰਨੀ ਚਾਹੀਦੀ ਹੈ ਤਾਂ ਕਿ ਸਰਕਾਰੀ ਸਕੂਲਾਂ ਵਿੱਚ ਚੰਗੇ ਪੰਜਾਬੀ ਅਧਿਆਪਕ ਮਿਲ ਸਕਣ।
ਹਰਿਆਣੇ ਦੀਆਂ 3 ਯੁਨੀਵਰਸਿਟੀਆਂ ਵਿੱਚੋਂ 2 ਵਿੱਚ ਤਾਂ ਪੰਜਾਬੀ ਵਿਭਾਗ ਹੀ ਨਹੀਂ ਹਨ। ਕੁਰੂਕਸ਼ੇਤਰ ਯੂਨੀਵਰਸਿਟੀ ਨੇ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਚੰਗਾ ਕੰਮ ਕੀਤਾ ਹੈ। ਇਸੇ ਤਰ੍ਹਾਂ ਦੂਜੀਆਂ 2 ਯੁਨੀਵਰਸਿਟੀਆਂ ਜਿਨ੍ਹਾਂ ਵਿੱਚੋਂ ਮਹਾਂਰਿਸ਼ੀ ਦਇਆਨੰਦ ਯੂਨੀਵਰਸਿਟੀ ਰੋਹਤਕ ਅਤੇ ਚੋਧਰੀ ਦੇਵੀ ਲਾਲ ਯੂਨੀਵਰਸਿਟੀ ਸਿਰਸਾ ਵਿੱਚ ਪੰਜਾਬੀ ਦੀ ਪੜਾਈ ਕਦੋਂ ਆਰੰਭ ਹੁੰਦੀ ਹੈ ਇਹ ਵੀ ਸਰਕਾਰ ਦੀ ਨਿਯਤ ਤੇ ਨਿਰਭਰ ਕਰਦਾ ਹੈ। ਮੁੱਖ ਮੰਤਰੀ ਹੁੱਡਾ ਨੇ ਨੋਟੀਫਿਕੇਸ਼ਨ ਜਾਰੀ ਕਰਕੇ ਹਰਿਆਣੇ ਦੇ ਪੰਜਾਬੀਆਂ ਦਾ ਦਿਲ ਤਾਂ ਜਿੱਤ ਲਿਆ ਹੈ ਪਰ ਅਸਲੀ ਪ੍ਰੀਖਿਆ ਦੀ ਘੜੀ ਤਾਂ ਹੁਣ ਆਉਣੀ ਹੈ ਜਦੋਂ ਅਮਲੀ ਰੂਪ ਵਿੱਚ ਪੰਜਾਬੀ ਹਰਿਆਣੇ ਵਿੱਚ ਲਾਗੂ ਕੀਤੀ ਜਾਣੀ ਹੈ।
ਇੱਕਲੇ ਕਾਨੂੰਨ ਬਣਾਉਣ ਨਾਲ ਹੀ ਕਿਸੇ ਜੁਬਾਨ ਦਾ ਵਿਕਾਸ ਨਹੀਂ ਹੁੰਦਾ ਬਲਕਿ ਇਸ ਲਈ ਲੋਕਾਂ ਦਾ ਜਾਗਰੁਕ ਹੋਣਾ ਵੀ ਬਹੁਤ ਜ਼ਰੂਰੀ ਹੈ। ਹਰਿਆਣੇ ਦੇ ਪੰਜਾਬੀ ਇਸ ਸੱਚਾਈ ਨੂੰ ਚੰਗੀ ਤਰ੍ਹਾਂ ਜਾਣਦੇ ਹਨ ਕਿ 'ਮਾੜੇ ਦਿਨਾਂ' ਵਿੱਚ ਜਦੋਂ ਤੇਲਗੂ ਨੂੰ ਹਰਿਆਣੇ ਦੀ ਦੂਜੀ ਰਾਜ ਭਾਸ਼ਾ ਬਣਾਇਆ ਗਿਆ ਸੀ ਤਾਂ ਪੰਜਾਬ ਦੇ ਅਕਾਲੀਆਂ, ਕਾਂਗਰਸੀਆਂ ਨੇ ਹਰਿਆਣੇ ਵਿੱਚ ਪੰਜਾਬੀ ਨੂੰ ਦੂਜੀ ਰਾਜ ਭਾਸ਼ਾ ਬਣਵਾਉਣ ਦਾ ਕੋਈ ਉਪਰਾਲਾ ਨਹੀਂ ਕੀਤਾ ਸੀ ਤੇ ਨਾ ਹੀ ਤੇਲਗੂ ਦਾ ਵਿਰੋਧ।
…ਚੱਲੋ ਦੇਰ ਆਏ ਦਰੁਸਤ ਆਏ ਦੀ ਕਹਾਵਤ ਮੁਤਾਬਕ ਹਰਿਆਣੇ ਦੇ ਪੰਜਾਬੀਆਂ ਦੇ ਸੁਣੀ ਗਈ ਹੈ ਤੇ ਅਰਦਾਸ ਕਰਦਾ ਹਾਂ ਕਿ ਪਿਛਲੇ 44 ਸਾਲਾਂ ਵਿੱਚ ਪੰਜਾਬੀ ਸਾਹਿਤ, ਸਭਿਆਚਾਰ, ਸੰਸਕ੍ਰਿਤੀ, ਧਾਰਮਿਕ ਸਾਹਿਤ ਅਤੇ ਇਤਿਹਾਸ ਨੂੰ ਜਿਹੜਾ ਘਾਟਾ ਪਿਆ ਹੈ ਉਹ ਹਰਿਆਣੇ ਦੇ ਪੰਜਾਬੀ ਜਲਦ ਹੀ ਪੂਰਾ ਕਰਨ ਦਾ ਵਾਹ ਲਗਾਉਣਗੇ।
ਅੰਤ ਵਿੱਚ ਧੰਨਵਾਦ ਹਰਿਆਣਾ ਸਰਕਾਰ ਦਾ ਤੇ ਉਹਨਾਂ ਸਾਰੀਆਂ ਜੱਥੇਬੰਦੀਆਂ, ਸਭਾ ਸੁਸਾਇਟੀਆਂ, ਲੇਖਕਾਂ, ਚਿੰਤਕਾਂ, ਰਾਜਨੇਤਾਵਾਂ, ਧਾਰਮਿਕ ਆਗੂਆਂ, ਅਧਿਆਪਕਾਂ ਤੇ ਪੰਜਾਬੀ ਹਿਤੈਸ਼ੀ ਲੋਕਾਂ ਦਾ ਜਿਨ੍ਹਾਂ ਦੇ ਯਤਨ ਸਦਕਾ ਅੱਜ ਪੰਜਾਬੀ ਹਰਿਆਣੇ ਦੀ ਦੂਜੀ ਰਾਜ ਭਾਸ਼ਾ ਬਣੀ ਹੈ।
ਸ਼ਾਲਾ…, ਰੱਬ ਮਿਹਰ ਕਰੇ ਹਰਿਆਣੇ ਵਿੱਚ ਪੰਜਾਬੀ ਭਾਸ਼ਾ ਦਾ ਪ੍ਰਚਾਰ-ਪ੍ਰਸਾਰ ਹੋਵੇ ਤੇ ਮਾਂ ਬੋਲੀ ਦੇ ਮਿੱਠੇ ਬੋਲ ਸਦਾ ਵਾਸਤੇ ਹੀ ਹਰਿਆਣਵੀਂ ਪੰਜਾਬੀਆਂ ਦੇ ਕੰਨਾਂ ਵਿੱਚ ਰਸ ਘੋਲਦੇ ਰਹਿਣ। ਇਹੀ ਅਰਦਾਸ ਹੈ ਮੇਰੀ।
********

Sunday, March 14, 2010

ਪੂਣੀ ਪੂਣੀ ਹੋ ਕੇ ਨੀ ਮੇਰੀ ਜਿੰਦ ਕੱਤੀਦੀ ਜਾਵੇ -ਸ਼ਿਵਚਰਨ ਜੱਗੀ ਕੁੱਸਾ

(14 ਮਾਰਚ ਨੂੰ ਮਾਂ ਦਿਵਸ 'ਤੇ ਵਿਸ਼ੇਸ਼)
ਪੂਣੀ ਪੂਣੀ ਹੋ ਕੇ ਨੀ ਮੇਰੀ ਜਿੰਦ ਕੱਤੀਦੀ ਜਾਵੇ
ਸ਼ਿਵਚਰਨ ਜੱਗੀ ਕੁੱਸਾ

13 ਮਾਰਚ 2010 ਨੂੰ ਮੇਰੀ ਮਾਂ ਨੂੰ ਅਕਾਲ ਚਲਾਣਾਂ ਕੀਤਿਆਂ ਪੂਰੇ ਚਾਰ ਸਾਲ ਬੀਤ ਜਾਣੇ ਹਨ। ਕਈ ਵਾਰ ਇੰਜ ਲੱਗਦਾ ਹੈ ਕਿ ਮਾਂ ਨੂੰ ਵਿਛੜਿਆਂ ਯੁੱਗ ਬੀਤ ਗਏ ਅਤੇ ਕਈ ਵਾਰ ਇੰਜ ਜਾਪਦਾ ਹੈ, ਜਿਵੇਂ ਕੱਲ੍ਹ ਦੀ ਗੱਲ ਹੋਵੇ! ਦਿਨਾਂ ਨੇ ਲੰਘਦੇ ਜਾਣਾ ਹੈ, ਪਰ ਮੇਰੀ ਮਾਂ ਦੀ ਯਾਦ ਮੇਰੇ ਮਨ 'ਤੇ ਉਵੇਂ ਹੀ ਤਾਜ਼ਾ ਹੈ, ਜਿਵੇਂ ਪਹਿਲਾਂ ਸੀ। ਕਦੇ ਕਦੇ ਮੈਨੂੰ ਵੱਡੇ ਬਾਈ ਗੁਰਦਾਸ ਮਾਨ ਦਾ ਗੀਤ ਬੜਾ ਚੇਤੇ ਆਉਂਦਾ ਹੈ, "ਪੀੜ ਪ੍ਰਾਹੁੰਣੀ, ਨ੍ਹਾ-ਧੋ ਕੇ ਜਦ, ਗ਼ਮ ਦੀ ਚਰਖੀ ਡਾਹਵੇ, ਪੂਣੀ ਪੂਣੀ ਹੋ ਕੇ ਨੀ ਮੇਰੀ ਜਿੰਦ ਕੱਤੀਦੀ ਜਾਵੇ...!" ਇਸ ਫ਼ਾਨੀ ਜੱਗ ਤੋਂ ਤੁਰ ਹਰ ਇਕ ਨੇ ਜਾਣਾ ਹੈ। ਪਰ ਜਾਣ ਵਾਲ਼ੇ ਦੀਆਂ ਯਾਦਾਂ ਤੁਹਾਨੂੰ ਕਦਾਚਿੱਤ ਨਹੀਂ ਭੁੱਲਦੀਆਂ। ਅਤੇ ਉਹ ਵੀ, ਜਦ ਤੁਹਾਡਾ ਜਾਣ ਵਾਲ਼ਾ ਅੱਤ ਦਾ ਨਜ਼ਦੀਕੀ ਹੋਵੇ! ਕੱਲ੍ਹ ਮਾਂ ਦੀ ਆਉਣ ਵਾਲ਼ੀ ਬਰਸੀ ਬਾਰੇ ਸੋਚਦਿਆਂ-ਸੋਚਦਿਆਂ ਕੁਝ ਯਾਦਾਂ ਤਾਜ਼ੀਆਂ ਹੋਈਆਂ, ਜੋ ਮੈਂ ਆਪਣੇ ਪਾਠਕਾਂ ਦੇ ਨਾਲ਼ ਸਾਂਝੀਆਂ ਕਰ ਰਿਹਾ ਹਾਂ।
ਉਦੋਂ ਮੈਂ ਸ਼ਾਇਦ ਦਸਵੀਂ ਵਿਚ ਪੜ੍ਹਦਾ ਹੁੰਦਾ ਸੀ। ਸਾਡੇ ਮੋਗੇ ਏਰੀਏ ਵਿਚ 'ਪੰਜਾਬ ਸਟੂਡੈਂਟਸ ਯੂਨੀਅਨ' ਦਾ ਬੜਾ ਬੋਲਬਾਲਾ ਅਤੇ ਜੋਰ ਹੁੰਦਾ ਸੀ। ਕੁਝ ਕਾਲਜ ਪੜ੍ਹਦੇ ਵਿਦਿਆਰਥੀ ਸਾਡੀ ਡਿਊਟੀ ਕੰਧਾਂ 'ਤੇ ਕੁਝ ਇਸ਼ਤਿਹਾਰ ਲਾਉਣ ਦੀ ਲਾ ਦਿੰਦੇ। ਜਿਸ ਨੂੰ ਮੈਂ ਅਤੇ ਮੇਰਾ ਦੋਸਤ ਤਾਰ ਬੜੇ ਚਾਅ ਨਾਲ਼ ਨਿਭਾਉਂਦੇ। ਅਸੀਂ ਉਹ ਇਸ਼ਤਿਹਾਰ ਪਿੰਡ ਦੇ ਸਕੂਲ, ਧਰਮਸ਼ਾਲ਼ਾ ਦੀਆਂ ਕੰਧਾਂ 'ਤੇ ਲੇਵੀ ਨਾਲ਼ ਲਾ ਆਉਂਦੇ। ਇਹਨਾਂ ਇਸ਼ਤਿਹਾਰਾਂ ਦਾ ਉਦੋਂ ਗੌਰਮਿੰਟ ਵੱਲੋਂ ਬਹੁਤ ਵਿਰੋਧ ਕੀਤਾ ਜਾਂਦਾ ਸੀ ਅਤੇ ਇਹ ਇਸ਼ਤਿਹਾਰ ਲਾਉਣ ਵਾਲ਼ੇ ਨੂੰ ਪੁਲੀਸ ਵੀ ਫ਼ੜ ਕੇ ਲਿਜਾ ਸਕਦੀ ਸੀ ਅਤੇ ਕੋਈ ਕੇਸ ਵੀ ਪਾ ਸਕਦੀ ਸੀ। ਚੜ੍ਹਦੀ ਜੁਆਨੀ 'ਚ ਨਾ ਤਾਂ ਘਰ ਦੀ ਕੋਈ ਜ਼ਿਮੇਵਾਰੀ ਸਿਰ 'ਤੇ ਸੀ ਅਤੇ ਨਾ ਹੀ ਕਿਸੇ ਕਬੀਲਦਾਰੀ ਦਾ ਫ਼ਿਕਰ ਫ਼ਾਕਾ! ਜਿਸ ਕਰਕੇ ਆਯਾਸ਼ ਦਿਮਾਗ ਹਰ ਪੱਖੋਂ ਬੇਪ੍ਰਵਾਹ ਅਤੇ ਬੇਫ਼ਿਕਰ ਸੀ। ਇਹ ਇਸ਼ਤਿਹਾਰ ਸਾਨੂੰ ਆਮ ਲੋਕਾਂ ਤੋਂ ਚੋਰੀ ਸਵੇਰ ਦੇ ਦੋ-ਤਿੰਨ ਵਜੇ 'ਗੁਪਤ' ਲਾਉਣ ਦਾ ਹੁਕਮ ਸੀ, ਤਾਂ ਕਿ ਕੋਈ ਪੁਲੀਸ ਕੋਲ਼ ਚੁਗਲੀ ਨਾ ਕਰ ਦੇਵੇ!
ਇਕ ਰਾਤ ਸਵੇਰੇ ਦੇ ਤਿੰਨ ਕੁ ਵਜੇ ਅਸੀਂ ਸਕੂਲ ਦੀਆਂ ਕੰਧਾਂ 'ਤੇ ਇਸ਼ਤਿਹਾਰ ਲਾ ਕੇ ਆ ਰਹੇ ਸੀ। ਗੂੜ੍ਹੀ ਰਾਤ ਦਾ ਹਨ੍ਹੇਰਾ ਕਾਫ਼ੀ ਸੀ। ਜਦ ਅਸੀਂ ਸੱਜਣ ਬੱਕਰੀਆਂ ਵਾਲ਼ੇ ਦੇ ਵਾੜੇ ਕੋਲ਼ ਆਏ ਤਾਂ ਸਾਨੂੰ ਸੁੰਨੇ ਪਏ ਰਾਹ ਦੇ ਐਨ੍ਹ ਵਿਚਕਾਰ ਕੋਈ ਲਾਵਾਰਿਸ 'ਸਮਾਨ' ਜਿਹਾ ਪਿਆ ਨਜ਼ਰ ਆਇਆ। ਉਦੋਂ ਅਜੇ ਸਾਡੇ ਪਿੰਡ ਸਿਰਫ਼ ਇਕ ਹੀ ਸੜਕ ਬਣੀ ਸੀ। ਬਾਕੀ ਰਾਹ ਅਜੇ ਕੱਚੇ ਹੀ ਸਨ।
-"ਉਏ ਤਾਰ..! ਔਹ ਕੀ ਪਿਐ...?" ਮੈਂ ਹੈਰਾਨ ਹੋ ਕੇ ਰਾਹ 'ਤੇ ਪਏ ਸਮਾਨ ਵੱਲ ਦੇਖਦਿਆਂ ਆਪਣੇ ਬੇਲੀ ਤਾਰ ਨੂੰ ਪੁੱਛਿਆ। ਤਾਰ ਦੇ ਸਾਡੇ ਪਿੰਡ ਨਾਨਕੇ ਹਨ ਅਤੇ ਉਹ ਆਮ ਤੌਰ 'ਤੇ ਸਾਡੇ ਪਿੰਡ ਹੀ ਪਲ਼ਿਆ ਅਤੇ ਵੱਡਾ ਹੋਇਆ ਸੀ। ਸਾਡੀ ਯਾਰੀ ਜਿੰਨੀ ਉਸ ਟਾਈਮ ਸੀ, ਉਤਨੀ ਹੀ ਅੱਜ ਹੈ! ਅੱਜ ਕੱਲ੍ਹ ਉਹ ਇਟਲੀ ਵਿਚ ਹੈ ਅਤੇ ਅਵਤਾਰ ਸਿੰਘ ਸਿੱਧੂ ਦੇ ਨਾਂ ਨਾਲ਼ ਜਾਣਿਆਂ ਜਾਂਦਾ ਹੈ।
-"ਕਿਸੇ ਦੇ ਸਮਾਨ ਦੀ ਕੋਈ ਗੰਢ ਡਿੱਗ ਪਈ ਲੱਗਦੀ ਐ...!" ਤਾਰ ਨੇ ਵੀ ਨੇੜ ਹੁੰਦਿਆਂ ਅੱਖਾਂ ਦੀ ਸ਼ਿਸ਼ਤ ਬੰਨ੍ਹਦਿਆਂ ਕਿਹਾ।
ਜਦ ਅਸੀਂ ਸਮਾਨ ਦੇ ਕੁਝ ਨੇੜੇ ਹੋਏ ਤਾਂ ਡਿੱਗੇ ਪਏ ਸਮਾਨ ਵਿਚੋਂ ਕੁਝ ਹਿੱਲਿਆ ਤਾਂ ਟਿਕੀ ਰਾਤ ਵਿਚ ਡਰ ਨਾਲ਼ ਸਾਡਾ ਤ੍ਰਾਹ ਨਿਕਲ਼ ਗਿਆ ਅਤੇ ਅਸੀਂ ਸਹਿਮ ਕੇ ਕਰਮ ਪਿੱਛੇ ਹਟ ਗਏ।
-"ਇਹ ਕੀ ਹੋਇਆ...?" ਸਾਡੇ ਘਤਿੱਤੀ ਦਿਮਾਗ ਮੈਦਾਨ ਛੱਡਣ ਦੇ ਹੱਕ ਵਿਚ ਨਹੀਂ ਸਨ।
-"ਠਹਿਰ ਜਾਹ..! ਮੈਂ ਛੱਪੜ ਕੋਲ਼ੋਂ ਅੱਕ ਦਾ ਡੰਡਾ ਤੋੜ ਕੇ ਲਿਆਉਨੈਂ ਤੇ ਫ਼ੇਰ ਇਹਨੂੰ ਹਿਲਾ ਕੇ ਦੇਖਦੇ ਐਂ..!"
ਜਦ ਮੈਂ ਰਾਈਂਆਂ ਦੇ ਛੱਪੜ ਕੋਲ਼ੋਂ ਅੱਕ ਦਾ ਡੰਡਾ ਤੋੜ ਕੇ ਲਿਆਇਆ ਤਾਂ ਡੰਡੇ ਦੇ ਆਸਰੇ ਅਸੀਂ ਸ਼ੇਰ ਬਣ ਗਏ। ਅੱਕ ਦੇ ਡੰਡੇ ਨੂੰ ਹੁਣ ਅਸੀਂ ਅਸਾਲਟ ਸਮਝ ਨਿੱਡਰ ਹੋ ਗਏ। ਜਦ ਮੈਂ ਅੱਕ ਦੇ ਡੰਡੇ ਨਾਲ਼ ਸਮਾਨ ਕੋਲ਼ ਹੋਇਆ ਤਾਂ ਸਮਾਨ ਵਿਚੋਂ ਅੱਗੇ ਵਾਂਗ ਫ਼ਿਰ 'ਕੁਝ' ਹਿੱਲਿਆ। ਡਰ ਤਾਂ ਸਾਨੂੰ ਫ਼ਿਰ ਵੀ ਲੱਗਿਆ। ਦਿਲ ਧੜਕੇ। ਪਰ ਡੰਡੇ ਦੇ ਹੌਸਲੇ ਨਾਲ਼ ਮੈਂ ਸਮਾਨ ਨੂੰ ਜੋਰ ਨਾਲ਼ ਹਿਲਾਇਆ। ਕਿਸੇ ਦਾ 'ਟੂਣਾਂ' ਕੀਤਾ ਹੋਇਆ ਸੀ। ਟੂਣੇਂ 'ਤੇ ਇਕ ਕਾਲ਼ਾ ਕੁੱਕੜ ਲੱਤਾਂ, ਖੰਭ ਅਤੇ ਚੁੰਝ ਬੰਨ੍ਹ ਕੇ ਰਾਹ 'ਤੇ ਰੱਖਿਆ ਹੋਇਆ ਸੀ। ਉਸ ਦੇ ਪਾਸੇ ਪੰਜ ਚਿੱਟੇ ਆਂਡੇ ਪਏ ਸਨ ਅਤੇ ਸੰਧੂਰ ਅਤੇ ਹੋਰ ਨਿੱਕ-ਸੁੱਕ ਰੱਖਿਆ ਹੋਇਆ ਸੀ।
-"ਉਏ ਬਾਹਲ਼ਾ ਦੱਬ ਕੇ ਨਾ ਫ਼ਰੋਲ਼..! ਆਂਡੇ ਟੁੱਟ ਜਾਣਗੇ..!" ਤਾਰ ਨੇ ਮੈਨੂੰ ਦੱਬਵੇਂ ਬੋਲਾਂ ਨਾਲ਼ ਤਾੜਨਾ ਜਿਹੀ ਕੀਤੀ।
ਜ਼ਿਆਦਾ ਹੀ ਗਹੁ ਜਿਹੇ ਨਾਲ਼ ਦੇਖਣ ਕਾਰਨ ਹੁਣ ਸਾਨੂੰ ਹਨ੍ਹੇਰੇ ਵਿਚ ਵੀ ਤਕਰੀਬਨ ਹਰ ਚੀਜ਼ ਸਾਫ਼ ਦਿਸ ਰਹੀ ਸੀ।
ਪੰਜ ਚਿੱਟੇ ਆਂਡੇ ਚੁੱਕ ਕੇ ਤਾਰ ਨੇ ਲੰਮੇ ਕੁੜਤੇ ਦੇ ਗੀਝੇ ਵਿਚ ਪਾ ਲਏ ਅਤੇ ਮੈਂ ਕੁੱਕੜ ਚੁੱਕ ਕੇ ਕੱਛ ਵਿਚ ਦੇ ਲਿਆ। ਕੁੱਕੜ ਦੀ ਚੁੰਝ ਅਸੀਂ ਉਸੀ ਤਰ੍ਹਾਂ ਹੀ ਬੱਝੀ ਰਹਿਣ ਦਿੱਤੀ। ਸੋਚਿਆ ਕਿ ਜੇ ਇਸ ਦੀ ਚੁੰਝ ਖੋਲ੍ਹ ਦਿੱਤੀ ਤਾਂ ਇਹ ਟਿਕੀ ਰਾਤ ਵਿਚ ਰੌਲ਼ਾ ਪਾਵੇਗਾ। ਹੁਣ ਸਾਡੇ ਅੱਗੇ ਇਕ ਹੋਰ ਔਕੜ ਸੀ ਕਿ ਆਂਡੇ ਤਾਂ ਬੋਲਦੇ ਨਹੀਂ, ਛੁਪਾ ਲਏ ਜਾਣਗੇ। ਪਰ ਕੁੱਕੜ ਨੂੰ ਕਿੱਥੇ ਰੱਖਾਂਗੇ...? ਨਾ ਤਾਂ ਕੁੱਕੜ ਸਾਡੇ ਰੱਖੇ ਹੋਏ ਸਨ ਅਤੇ ਨਾ ਹੀ ਤਾਰ ਕੇ। ਸਾਡੇ ਦੋਵਾਂ ਦੇ ਪ੍ਰੀਵਾਰ, ਮੱਧ-ਵਰਗੀ ਕਿਸਾਨ ਪ੍ਰੀਵਾਰ ਸਨ।
ਟੂਣੇ ਵਾਲ਼ਾ ਕੁੱਕੜ ਸਾਡੇ ਲਈ ਇਕ ਤਰ੍ਹਾਂ ਨਾਲ਼ 'ਨਜ਼ਾਇਜ਼ ਹਥਿਆਰ' ਬਣਿਆਂ ਹੋਇਆ ਸੀ। ਜੱਕਾਂ-ਤੱਕਾਂ ਕਰਦਿਆਂ ਅਸੀਂ ਸਵੇਰ ਕਰ ਦਿੱਤੀ ਅਤੇ ਸਾਡੇ ਗੁਆਂਢੀ ਚਰਨੇ ਦੇ ਘਰ ਚਲੇ ਗਏ। ਚਰਨੇ ਕਾ ਖੁੱਲ੍ਹਾ ਡੁੱਲ੍ਹਾ ਪੇਂਡੂ ਘਰ ਸੀ ਅਤੇ ਉਸ ਨੇ ਛੇ-ਸੱਤ ਕੁਕੜੀਆਂ ਅਤੇ ਦੋ ਕੁ ਕੁੱਕੜ ਰੱਖੇ ਹੋਏ ਸਨ। ਅਸੀਂ ਸਾਰੀ ਗੱਲ ਉਸ ਨੂੰ ਜਾ ਦੱਸੀ ਅਤੇ ਚੁੰਝ ਖੋਲ੍ਹ ਕੇ ਕੁੱਕੜ ਉਸ ਦੇ ਖੁੱਡੇ ਵੜਦਾ ਕਰ ਦਿੱਤਾ ਅਤੇ ਤਾਰ ਦੇ ਨਾਨਕਿਆਂ ਦੇ ਘਰ ਆ ਗਏ।
ਤਾਰ ਦੀ ਮਾਮੀ ਬਾਹਰਲੇ ਘਰੇ ਗੋਹਾ-ਕੂੜਾ ਕਰ ਰਹੀ ਸੀ। ਉਸ ਦੀ ਗ਼ੈਰਹਾਜ਼ਰੀ ਦਾ ਲਾਭ ਉਠਾਉਂਦਿਆਂ ਹੋਇਆਂ ਨੇ ਅਸੀਂ ਪੰਜੇ ਆਂਡੇ ਤੜਕ ਲਏ ਅਤੇ ਖਾ ਕੇ ਫੁਰਤੀ ਨਾਲ਼ ਉਥੋਂ ਨਿਕਲ਼ਣ ਦੀ ਕੀਤੀ। ਮੁਸ਼ਕਿਲ ਇਹ ਸੀ ਕਿ ਨਾ ਤਾਂ ਤਾਰ ਦੇ ਪ੍ਰੀਵਾਰ ਦਾ ਕੋਈ ਜੀਅ ਆਂਡਾ-ਮੀਟ ਖਾਂਦਾ ਸੀ ਅਤੇ ਨਾ ਹੀ ਸਾਡਾ! ਜਦ ਤਾਰ ਦੀ ਮਾਮੀ ਗੋਹੇ-ਕੂੜੇ ਤੋਂ ਵਿਹਲੀ ਹੋ ਕੇ ਭਾਂਡੇ ਧੋਣ ਲੱਗੀ ਤਾਂ ਉਸ ਨੂੰ ਸਾਡੇ ਕੂਕਿਆਂ ਦੇ ਡੋਲ ਵਾਂਗ ਮਾਂਜੇ ਪਤੀਲੇ ਵਿਚੋਂ ਵੀ ਆਂਡੇ ਬਣਾਇਆਂ ਦਾ ਪਤਾ ਚੱਲ ਗਿਆ ਅਤੇ ਉਸ ਨੇ ਰੌਲ਼ਾ ਪਾ ਕੇ ਪੜਛੱਤੀ ਸਿਰ 'ਤੇ ਚੁੱਕ ਲਈ। ਉਹਨਾਂ ਦੇ 'ਵੈਸ਼ਨੂੰḔ ਚੁੱਲ੍ਹੇ 'ਤੇ ਅਸੀਂ ਆਂਡੇ ਜਿਉਂ ਤੜਕ ਲਏ ਸਨ ਅਤੇ ਉਹਨਾਂ ਦਾ ਚੁੱਲ੍ਹਾ 'ਭ੍ਰਿਸ਼ਟਿਆ' ਗਿਆ ਸੀ। ਕੁਦਰਤੀਂ ਤਾਰ ਦੇ ਬੀਜੀ ਵੀ ਪੇਕੀਂ ਆਏ ਹੋਏ ਸਨ। ਜਦ ਤਾਰ ਦੀ ਮਾਮੀਂ ਨੇ ਉਸ ਨੂੰ ਦੂਜੇ ਘਰੋਂ ਬੁਲਾਇਆ ਤਾਂ ਤਾਰ ਦੇ ਬੀਜੀ ਨੇ ਸਾਨੂੰ ਲੱਭਣਾ ਸ਼ੁਰੂ ਕਰ ਦਿੱਤਾ। ਅਸੀਂ ਕੁੱਕੜ ਨੂੰ ਕਿਸੇ ਪਾਸੇ ਲਾਉਣ ਦੀਆਂ ਸਕੀਮਾਂ ਵਿਚ ਰੁੱਝੇ ਹੋਏ ਸਾਂ। ਨਾ ਤਾਂ ਕੁੱਕੜ ਨੂੰ ਵੱਢਣ ਦੇ ਹੱਕ ਵਿਚ ਤਾਰ ਸੀ ਅਤੇ ਨਾ ਹੀ ਮੈਂ! ਹਾਲਾਂ ਕਿ ਚਰਨੇ ਨੇ ਸਾਨੂੰ ਕਿਹਾ ਸੀ ਕਿ ਇਸ ਨੂੰ ਵੱਢ ਕੇ ਬਣਾ ਲੈਂਦੇ ਹਾਂ ਅਤੇ ਬਣਿਆਂ ਬਣਾਇਆ ਕੁੱਕੜ ਸਾਰੇ ਹੀ ਵੰਡ ਲਵਾਂਗੇ। ਮਾਰਨ ਦੇ ਹੱਕ ਵਿਚ ਸਾਡੇ ਵਿਚੋਂ ਕੋਈ ਵੀ ਨਹੀਂ ਸੀ। ਅਸੀਂ ਚਰਨੇ ਨੂੰ ਇਤਨਾ ਹੀ ਕਿਹਾ ਕਿ ਅਸੀਂ ਇਹਦਾ ਪ੍ਰਬੰਧ ਕਰਕੇ ਆਉਂਦੇ ਹਾਂ ਅਤੇ ਸਾਡੇ ਆਉਣ ਤੱਕ ਇਸ ਨੂੰ ਵੱਢਿਆ ਨਾ ਜਾਵੇ। ਉਸ ਨੇ ਸਾਡੀ ਗੱਲ ਮੰਨ ਲਈ ਅਤੇ ਅਸੀਂ ਮਜ੍ਹਬੀ ਸਿੱਖਾਂ ਦੇ ਵਿਹੜੇ ਨੂੰ ਤੁਰ ਗਏ।
ਦੁਪਿਹਰ ਤੋਂ ਪਹਿਲਾਂ ਪਹਿਲਾਂ ਅਸੀਂ ਵਿਹੜੇ ਵਾਲ਼ੇ 'ਬਾਗੀ' ਨਾਲ਼ ਕੁੱਕੜ ਦਾ ਮੁੱਲ ਤੋੜ ਲਿਆ। ਉਸ ਨੇ ਸਾਡਾ 'ਟੂਣੇ' ਵਾਲ਼ਾ ਕੁੱਕੜ ਪੈਂਤੀ ਰੁਪਏ ਵਿਚ ਖ਼ਰੀਦਣਾ ਪ੍ਰਵਾਨ ਕਰ ਲਿਆ। ਉਦੋਂ ਪੈਂਤੀ ਰੁਪਏ ਵੀ ਬਹੁਤ ਹੁੰਦੇ ਸਨ। ਤਖ਼ਤੂਪੁਰੇ ਦੇ ਮਾਘੀ ਮੇਲੇ ਵੇਲ਼ੇ ਸਾਨੂੰ ਦਸ ਰੁਪਏ ਮਿਲ਼ਦੇ ਹੁੰਦੇ ਸਨ ਅਤੇ ਦਸ ਰੁਪਏ ਨਾਲ਼ 'ਧੰਨ-ਧੰਨ' ਹੋ ਜਾਂਦੀ ਸੀ। ਅਸੀਂ ਕੁੱਕੜ ਚੁੱਕ ਬਾਗੀਆਂ ਦੇ ਹਵਾਲੇ ਕਰ ਦਿੱਤਾ ਅਤੇ ਪੈਂਤੀ ਰੁਪਏ ਜੇਬ ਵਿਚ ਪਾ ਲਏ। ਜਦ ਅਸੀਂ ਘਰ ਪਹੁੰਚੇ ਤਾਂ ਤਾਰ ਦੇ ਬੀਜੀ, ਜੋ ਮੇਰੇ ਭੂਆ ਜੀ ਲੱਗਦੇ ਸਨ, ਮੇਰੀ ਮਾਂ ਕੋਲ਼ ਬੈਠੇ ਦੇਖ ਕੇ ਸਾਡੇ ਕਾਲ਼ਜੇ ਧੜਕੇ ਅਤੇ ਘਬਰਾਹਟ ਨਾਲ਼ ਰੰਗ ਬੱਗੇ ਪੂਣੀ ਹੋ ਗਏ।  ਜਦ ਮੈਂ ਅਤੇ ਤਾਰ ਪੁੱਠੇ ਪੈਰੀਂ ਵਾਪਸ ਭੱਜਣ ਲੱਗੇ ਤਾਂ ਭੂਆ ਜੀ ਦੇ ਮਿੱਠੇ ਬੋਲਾਂ ਨੇ ਸਾਨੂੰ ਬੰਨ੍ਹ ਮਾਰ ਲਿਆ, "ਆਜੋ ਪੁੱਤ, ਆਜੋ..! ਥੋਨੂੰ ਕੋਈ ਨੀ ਕੁਛ ਕਹਿੰਦਾ..!" ਭੂਆ ਦੇ ਸ਼ਾਂਤਮਈ ਬੋਲਾਂ ਨੇ ਸਾਡੀ ਧੜਕਦੀ ਕੌਡੀ ਸ਼ਾਂਤ ਕਰ ਦਿੱਤੀ ਅਤੇ ਅਸੀਂ ਸਾਊ ਜਿਹੇ ਬਣ ਕੇ ਭੂਆ ਜੀ ਦੇ ਮੰਜੇ ਕੋਲ਼ ਆ ਗਏ। ਸਾਡੇ ਮਨ ਦਾ ਡਰ ਇਕ ਇਹ ਹੀ ਸੀ ਕਿ ਸਾਨੂੰ ਕੁੱਕੜ ਕੱਛ ਵਿਚ ਦੇਈ ਜਾਂਦਿਆਂ ਨੂੰ ਅੱਧੇ ਪਿੰਡ ਨੇ ਦੇਖਿਆ ਸੀ ਅਤੇ ਹੁਣ ਘਰਦਿਆਂ ਦੇ ਤਲੈਂਬੜਾਂ ਦਾ ਖ਼ੌਫ਼ ਸਾਡਾ ਕਾਲ਼ਜਾ ਕੱਢੀ ਜਾ ਰਿਹਾ ਸੀ।
-"ਜਿਹੜੇ ਪੁੱਤ ਆਪਣੇ ਘਰੇ ਆਂਡੇ ਬਣਾਏ ਸੀ, ਉਹ ਤੁਸੀਂ ਕਿੱਥੋਂ ਲਿਆਏ...?" ਭੂਆ ਜੀ ਦਾ ਸਹਿਜ ਸੁਆਲ ਵੀ ਸਾਡੇ ਮੌਰਾਂ ਵਿਚ ਫ਼ੌਹੜੇ ਵਾਂਗ ਆ ਪਿਆ।
ਅਸੀਂ ਚੁੱਪ ਸੀ। ਕੀ ਉੱਤਰ ਦਿੰਦੇ...? ਜੇ ਟੂਣੇ ਦਾ ਜ਼ਿਕਰ ਕਰਦੇ ਸੀ ਤਾਂ ਸ਼ਾਮਤ ਆਉਣੀ ਲਾਜ਼ਮੀ ਸੀ ਅਤੇ ਸਾਡੇ ਮੋਛੇ ਪੈ ਜਾਣੇ ਸਨ। ਪੁਰਾਣੇ ਖ਼ਿਆਲਾਂ ਅਨੁਸਾਰ ਟੂਣਾਂ ਟੱਪ ਕੇ ਕਿਸੇ 'ਬਲਾਅ' ਨੂੰ ਦਾਹਵਤ ਦੇਣੀ ਸੀ। ਪਰ ਅਸੀਂ ਤਾਂ ਟੂਣੇ ਦਾ 'ਚਕਰਚੂੰਢਾ' ਕਰ ਦਿੱਤਾ ਸੀ ਅਤੇ ਕੁੱਕੜ ਕੱਛ ਵਿਚ ਲੈ, ਬੜੀ ਸ਼ਾਨ ਨਾਲ਼ ਸਾਰੇ ਪਿੰਡ ਵਿਚ ਘੁੰਮਦੇ ਰਹੇ ਸਾਂ! ਸਾਡਾ ਦਿਲ ਸੰਸੇ ਨਾਲ਼ ਲੋਟ-ਪੋਟਣੀਆਂ ਖਾ ਰਿਹਾ ਸੀ।
-"ਰਾਹ 'ਤੇ ਪਏ ਟੂਣੇ ਆਲ਼ੇ ਆਂਡੇ ਤੁਸੀਂ ਚੱਕੇ ਐ..?" ਮੇਰੀ ਮਾਂ ਦੇ ਅਗਲੇ ਸੁਆਲ ਦਾ ਅਗਨ-ਬਾਣ ਸਿੱਧਾ ਸਾਡੇ ਸਿਰ 'ਚ ਆ ਵੱਜਿਆ।
ਅਸੀਂ ਡਰ ਕੇ ਇਕ ਦੂਜੇ ਵੱਲ ਝਾਕੇ। ਬਿਨਾਂ ਸ਼ੱਕ ਟੂਣੇ ਵਾਲ਼ੀ ਗੱਲ ਸਾਰੇ ਪਿੰਡ ਵਿਚ 'ਦੰਦ-ਕਥਾ' ਬਣੀ ਹੋਈ ਸੀ ਅਤੇ ਉਸ ਨੂੰ 'ਖ਼ੁਰਦ-ਬੁਰਦ' ਕਰਨ ਦੇ ਮੁੱਖ ਦੋਸ਼ੀ ਅਸੀਂ ਬਣੇ ਹੋਏ ਸਾਂ ਅਤੇ ਲੋਕ ਭਾਂਤ-ਭਾਂਤ ਦੀਆਂ ਭਿਆਨਕ ਗੱਲਾਂ ਕਰ ਕੇ ਸਾਡੇ ਘਰਦਿਆਂ ਦੇ ਹੌਲ ਪਾਈ ਜਾ ਰਹੇ ਸਨ। ਕੋਈ ਆਖ ਰਿਹਾ ਸੀ ਕਿ ਇਹਨਾਂ ਨੇ ਟੂਣੇ ਨੂੰ ਲੱਤਾਂ ਮਾਰੀਆਂ ਤੇ ਕੁੱਕੜ ਚੁੱਕਿਆ, ਆਂਡੇ ਖਾਧੇ, ਥੋਡੇ ਜੁਆਕ ਹੁਣ ਨਹੀਂ ਬਚਦੇ। ਪਰ ਸਾਨੂੰ ਸਭ ਤੋਂ ਵੱਧ ਘਰਦਿਆਂ ਦੇ ਗੁੱਸੇ ਦਾ 'ਹਊਆ' ਡਰਾਈ ਜਾ ਰਿਹਾ ਸੀ।
-"ਤੇ ਖਾਧੇ ਵੀ ਭਾਬੀ ਇਹਨਾਂ ਨੇ ਈ ਐਂ...! ਨਿੱਜ ਨੂੰ ਜਾਣੇ ਕਿੱਡੇ ਬੇਡਰ ਐ..!" ਭੂਆ ਜੀ ਨੇ ਅਗਲੀ ਬਰਛੀ ਸਾਡੇ ਵੱਲ ਚਲਾਈ ਅਤੇ ਅਸੀਂ ਹੋਰ ਦਹਿਲ ਗਏ।
ਹੁਣ ਸਾਡੇ ਕੋਲ਼ ਇਕਬਾਲ ਕਰਨ ਤੋਂ ਇਲਾਵਾ ਕੋਈ ਰਾਹ ਨਹੀਂ ਸੀ।
ਅਸੀਂ ਮੰਨ ਗਏ ਕਿ ਟੂਣੇ ਦਾ ਮਲੀਆਮੇਟ ਵੀ ਅਸੀਂ ਕੀਤਾ ਸੀ ਅਤੇ ਆਂਡੇ ਵੀ ਅਸੀਂ ਹੀ ਚੁੱਕ ਕੇ ਖਾਧੇ ਸਨ।
-"ਤੇ ਉਹ ਕੁੱਕੜ ਕਿੱਥੇ ਐ ਪੁੱਤ..?" ਸਾਡੇ ਇਕਬਾਲੀਆ ਬਿਆਨਾਂ 'ਤੇ ਭੂਆ ਜੀ ਵੀ ਕੁਝ ਸੁਲ੍ਹਾ ਵਿਚ ਆ ਗਏ।
-"ਉਹ ਤਾਂ ਅਸੀਂ ਵੇਚਤਾ..!"
-"ਨ੍ਹੀ ਮੈਂ ਮਰਜਾਂ..! ਕਿੱਥੇ..? ਕੀਹਨੂੰ...?" ਪੁਲੀਸ ਰਿਮਾਂਡ ਵਾਲ਼ਿਆਂ ਵਾਂਗ ਸਾਡੇ ਵੱਲ ਸੁਆਲਾਂ ਦੀ ਬੁਛਾੜ ਆ ਰਹੀ ਸੀ।
-"ਵਿਹੜੇ ਵਾਲ਼ੇ ਬਾਗੀਆਂ ਨੂੰ..!"
-"ਕਿੰਨੇ ਦਾ...?"
-"ਪੈਸੇ ਕਿੱਥੇ ਐ..?"
ਛਿੱਤਰ-ਪੌਲਾ ਹੋਣ ਤੋਂ ਪਹਿਲਾਂ ਹੀ ਮੈਂ ਗੀਝੇ ਵਿਚੋਂ ਕੱਢ ਕੇ ਪੈਂਤੀ ਰੁਪਏ ਭੂਆ ਜੀ ਦੇ ਹੱਥ 'ਤੇ ਰੱਖ ਦਿੱਤੇ।
-"ਚਲੋ...! ਸਾਡੇ ਨਾਲ਼ ਚੱਲੋ...!" ਮੇਰੀ ਮਾਂ ਨੇ ਸਾਨੂੰ ਅਤੀਅੰਤ ਤਲਖੀ ਨਾਲ਼ ਕਿਹਾ।
-"ਕਿੱਥੇ..?" ਸਾਹ ਸਾਡੇ ਸੰਘ ਅੰਦਰ ਹੀ ਅੜ ਗਿਆ।
-"ਬਾਗੀਆਂ ਦੇ..! ਪੈਸੇ ਮੋੜ ਕੇ ਆਉਣੇ ਐਂ..! ਤੇ ਨਾਲ਼ੇ ਥੋਨੂੰ ਗੁਰਦੁਆਰੇ ਲੈ ਕੇ ਜਾਣੈਂ..! ਮੱਥਾ ਟਿਕਾਅ ਕੇ ਅਰਦਾਸ ਕਰਵਾਉਣੀ ਐਂ..!"
ਗੁਰਦੁਆਰੇ ਵਾਲ਼ੀ ਗੱਲ ਤਾਂ ਸਾਨੂੰ ਕੋਈ ਮਾੜੀ ਨਾ ਲੱਗੀ। ਪਰ ਪੈਸੇ ਵਾਪਸ ਕਰਨ ਵਾਲ਼ੀ ਗੱਲ ਨੇ ਸਾਡਾ ਲਹੂ ਪੀ ਲਿਆ।
ਸਾਡੀ ਦੁਚਿੱਤੀ ਜਿਹੀ ਦੇਖ ਕੇ ਮਾਂ ਨੇ ਮੇਰੀ ਡਰੂ ਰਗ ਫ਼ੜ ਲਈ।
-"ਜੇ ਨਾ ਪੈਸੇ ਮੋੜੇ, ਮੈਂ ਤੇਰੇ ਪਿਉ ਨੂੰ ਦੱਸੂੰਗੀ...! ਛੋਰ੍ਹ ਕਿੰਨੇ ਚਾਂਭਲ਼ੇ ਐ ਨ੍ਹੀ..! ਅੱਜ ਭੰਨਾਉਨੀ ਐਂ ਥੋਡੇ ਪਾਸੇ..! ਥੋਨੂੰ ਕਿਸੇ ਦਾ ਡਰ-ਭਉ ਈ ਨ੍ਹੀ ਰਿਹਾ..!"
'ਪਿਉ' ਦੇ ਨਾਂ ਨੂੰ ਅਸੀਂ ਭੂਆ ਅਤੇ ਮਾਂ ਦੇ ਅੱਗੇ ਲੱਗ ਤੁਰੇ ਅਤੇ ਬਾਗੀਆਂ ਦੇ ਪੈਂਤੀ ਰੁਪਏ ਵਾਪਸ ਕਰ ਦਿੱਤੇ। ਪੈਸੇ ਵਾਪਸ ਕਰਦਿਆਂ ਸਾਡਾ ਦਿਲ ਘਟਦਾ ਸੀ। ਪਰ ਵੱਸ ਕੋਈ ਨਹੀਂ ਸੀ। ਸਭ ਤੋਂ ਵੱਡਾ ਡਰ ਸਾਨੂੰ ਬਾਪੂ ਜੀ ਦੀ 'ਡਾਂਗ' ਦਾ ਸੀ। ਬਾਪੂ ਕੁੱਟਣ ਲੱਗਿਆ ਭੋਰਾ ਕਿਰਕ ਨਹੀਂ ਕਰਦਾ ਸੀ।
ਪੈਸੇ ਵਾਪਸ ਕਰਨ ਤੋਂ ਬਾਅਦ ਸਾਨੂੰ ਗੁਰਦੁਆਰੇ ਲਿਜਾਇਆ ਗਿਆ। ਮੱਥਾ ਟਿਕਾਅ ਕੇ ਗਿਆਨੀ ਜੀ ਤੋਂ ਅਰਦਾਸ ਵੀ ਕਰਵਾਈ ਅਤੇ ਅੱਗੇ ਵਾਸਤੇ ਸੁਮੱਤ ਬਖ਼ਸ਼ਣ ਲਈ ਗੁਰੂ ਮਹਾਰਾਜ ਅੱਗੇ ਬੇਨਤੀ ਵੀ ਹੋਈ। ਮੱਥਾ ਟੇਕਣ ਤੋਂ ਬਾਅਦ ਅਸੀਂ ਘਚਾਨੀਂ ਦੇ ਕੇ ਫ਼ਿਰ ਬਾਗੀਆਂ ਕੋਲ਼ ਆ ਗਏ ਅਤੇ ਆਪਣੇ ਪੈਂਤੀ ਰੁਪਏ ਵਾਪਸ ਮੰਗਣ ਲੱਗੇ। ਸਾਡੀ ਹਿੰਡ ਜਿਹੀ ਦੇਖ ਕੇ ਬਾਗੀ ਬੋਲਿਆ, "ਚਲੋ, ਇਹ ਪੈਸੇ ਮੈਂ ਥੋਡੇ ਘਰਦਿਆਂ ਨੂੰ ਈ ਮੋੜੂੰਗਾ..!" ਉਸ ਦੀ ਗੱਲ ਸੁਣ ਕੇ ਸਾਡੇ ਫ਼ਿਰ ਹਰਾਸ ਮਾਰੇ ਗਏ ਅਤੇ ਦਿਲ ਦੇ ਕੁੱਤੇ 'ਫ਼ੇਲ੍ਹ' ਹੁੰਦੇ ਲੱਗੇ। ਗੱਲ ਹੱਥੋਂ ਨਿਕਲ਼ਦੀ ਦੇਖ ਕੇ ਮੈਂ ਬਾਗੀ ਨੂੰ ਸੰਬੋਧਨ ਹੋਇਆ, "ਤਾਇਆ ਜੀ, ਤੁਸੀਂ ਇਉਂ ਕਰੋ..! ਅੱਧੇ ਪੈਸੇ ਤੁਸੀਂ ਰੱਖ ਲਓ ਤੇ ਅੱਧੇ ਸਾਨੂੰ ਦੇ ਦਿਓ..!"
-"ਚਲੋ ਮੈਂ ਥੋਨੂੰ ਪੰਦਰਾਂ ਰੁਪਈਏ ਦੇ ਦਿੰਨੈਂ, ਖ਼ੁਸ਼..?" ਤਾਏ ਨੇ ਵੀ ਸਾਨੂੰ ਬੇਵੱਸ ਜਿਹਾ ਦੇਖ ਕੇ ਪੈਂਤੜਾ ਮੱਲਿਆ।
-"ਚੱਲੋ ਲਿਆਓ ਤਾਇਆ ਜੀ..!" ਮੈਂ ਜਾਂਦੇ ਚੋਰ ਦੀ ਤੜਾਗੀ ਖਿੱਚਣ ਦੀ ਹੱਦ ਤੱਕ ਪਹੁੰਚ ਗਿਆ।
ਉਸ ਨੇ ਸਾਨੂੰ ਪੰਦਰਾਂ ਰੁਪਏ ਦੇ ਦਿੱਤੇ। ਅਸੀਂ ਹਾਰੇ ਹੋਏ ਜੁਆਰ੍ਹੀਏ ਵਾਂਗ ਮੂੰਹ ਜਿਹਾ ਲਟਕਾਈ ਵਾਪਸ ਆ ਗਏ।
-"ਯਾਰ ਆਪਣਾ ਕੁੱਕੜ ਭੰਗ ਦੇ ਭਾੜੇ ਈ ਗਿਆ..! ਐਵੇਂ ਅੱਧੀ ਰਾਤ ਦੇ ਮੇਰ ਜੀ ਕਰਦੇ ਫ਼ਿਰਦੇ ਸੀ..!" ਤਾਰ ਨੇ ਆਖਿਆ।
-"ਆਪਣਾ ਕੁੱਕੜ...!" ਮੈਂ ਵਿਅੰਗਮਈ ਹੱਸ ਪਿਆ, "ਆਪਣਾ ਕੁੱਕੜ ਕਿਹੜਾ ਬਾਪੂ ਆਲ਼ਾ ਸੀ..? ਚੱਲ ਛੱਡ ਤਾਰ..! ਆਪਣੀ ਕਿਹੜਾ ਮੂੰਗੀ ਵੇਚੀ ਵੀ ਸੀ..? ਟੂਣੇ ਆਲ਼ਿਆਂ ਦਾ ਕੁੱਕੜ, ਆਪਾਂ ਕਿਹੜਾ ਉਹਨੂੰ ਦਾਣਾਂ ਪਾਉਂਦੇ ਰਹੇ ਐਂ..? ਜਿੰਨੇ ਕੁ ਪੱਲੇ ਪਏ ਵਾਧੂ ਐ, ਅਗਲੇ ਹਫ਼ਤੇ ਫ਼ਿਲਮ ਦੇਖਾਂਗੇ..!" ਮੈਂ ਆਪਣੇ ਅਤੇ ਤਾਰ ਦੇ ਮਨ ਨੂੰ ਧਰਵਾਸ ਜਿਹਾ ਦੇਣ ਲਈ ਕਿਹਾ।
ਜਦ ਅਸੀਂ ਦੰਦੀਆਂ ਜਿਹੀਆਂ ਕੱਢਦੇ ਘਰੇ ਪਹੁੰਚੇ ਤਾਂ ਮਾਂ ਅਜੇ ਵੀ ਖਿਝੀ ਪਈ ਸੀ।
-"ਲੈ ਅੱਜ ਤਾਂ ਥੋਡੀ ਜਾਨ ਗਈ ਬਖ਼ਸ਼ੀ..! ਜੇ ਮੁੜ ਕੇ ਕਿਸੇ ਦਾ ਟੂਣਾਂ ਛੇੜਿਆ, ਸਿੱਧਾ ਤੇਰੇ ਪਿਉ ਨੂੰ ਦੱਸੂੰ..! ਉਹ ਤੋੜੂ ਤੇਰੀਆਂ ਪੱਸਲ਼ੀਆਂ..! ਕਿੰਨਾਂ ਛੋਰ੍ਹ ਮਸਤਿਐ ਇਹੇ..!" ਮਾਂ ਨੇ ਸਾਨੂੰ ਖ਼ਬਰਦਾਰ ਕੀਤਾ। ਪਰ ਅਗਲੇ ਹਫ਼ਤੇ ਫ਼ਿਲਮ ਦੇਖਣ ਦੇ ਚਾਅ ਨੇ ਸਾਨੂੰ ਪਈਆਂ ਗਾਲ਼ਾਂ ਦਾ ਅਹਿਸਾਸ ਭੁਲਾ ਦਿੱਤਾ।
ਮਾਂ ਦੀਆਂ ਅਜਿਹੀਆਂ ਪੁਰਾਣੀਆਂ ਯਾਦਾਂ ਉਸ ਦੀ ਬਰਸੀ ਦੇ ਨੇੜ-ਤੇੜ ਆ ਕੇ ਮੈਨੂੰ ਮੱਲੋਮੱਲੀ ਯਾਦ ਆ ਜਾਂਦੀਆਂ ਹਨ।
***********

Thursday, March 4, 2010

ਪੰਜਾਬ 'ਚ ਵਾਪਰੀਆਂ ਦੋ ਘਟਨਾਵਾਂ 'ਤੇ ਪੰਛੀ ਝਾਤ -ਮਨਦੀਪ ਖੁਰਮੀ ਹਿੰਮਤਪੁਰਾ (ਲੰਡਨ)

ਪੰਜਾਬ 'ਚ ਵਾਪਰੀਆਂ ਦੋ ਘਟਨਾਵਾਂ 'ਤੇ ਪੰਛੀ ਝਾਤ   
-ਮਨਦੀਪ ਖੁਰਮੀ ਹਿੰਮਤਪੁਰਾ (ਲੰਡਨ)
ਆਤਮ ਹੱਤਿਆ ਨਹੀਂ...... ਪ੍ਰਾਪਤੀ ਦੇ ਰਾਹ ਪੈ ਵੇ ਲੋਕਾ....
           ਪਿਆਰੇ ਪੰਜਾਬ ਤੋਂ ਆਉਂਦੀ ਹਰ ਠੰਢੀ ਤੱਤੀ ਹਵਾ ਅਖਬਾਰਾਂ ਰਾਹੀਂ ਮਨ ਉੱਪਰ ਆਪਣਾ ਅਸਰ ਕਰਦੀ ਰਹਿੰਦੀ ਹੈ। ਰਾਜਨੀਤੀਵਾਨਾਂ ਵੱਲੋਂ ਕੀਤੀ ਜਾਂਦੀ ਇੱਕ ਦੂਜੇ ਦੀ ਕੁੱਤ ਪੋਹ ਤੋਂ ਲੈ ਕੇ ਕਤਲਾਂ, ਲੁੱਟਾਂ ਖੋਹਾਂ ਜਾਂ ਫਿਰ ਥਾਂ ਥਾਂ ਨਾਅਰੇ ਮਾਰਦੇ ਲੋਕਾਂ ਦੀਆਂ ਖਬਰਾਂ ਹੀ ਪੜ੍ਹਨ ਨੂੰ ਮਿਲਦੀਆਂ ਨੇ। ਹਰ ਰੋਜ ਅਖਬਾਰ ਦੀ ਪਹਿਲੀ ਸੁਰਖੀ ਦੇਖਣ ਤੋਂ ਪਹਿਲਾਂ ਬੁੱਲ੍ਹਾਂ 'ਤੇ ਇਹੀ ਅਰਦਾਸ ਹੁੰਦੀ ਹੈ ਕਿ "ਹੇ ਮਾਲਕਾ! ਖੈਰ ਸੁੱਖ ਹੋਵੇ..... ਬਰੂਦ ਦੇ ਢੇਰ 'ਤੇ ਬਿਠਾਏ ਪੰਜਾਬ 'ਚ..!" ਪਰ ਹਰ ਰੋਜ਼ ਹੀ ਅਰਦਾਸ ਵੀ ਨਿਸਫਲ ਹੋ ਜਾਂਦੀ ਐ ਜਦੋਂ ਕਿੱਧਰੇ ਕਤਲ ਹੋਇਆ ਸੁਣੀਂਦੈ, ਕਿੱਧਰੇ ਕਿਸੇ ਨੂੰ ਅਗਵਾ ਕਰਕੇ ਫਿਰੌਤੀ ਮੰਗੀ ਸੁਣੀਂਦੀ ਐ, ਕਿੱਧਰੇ ਕਿਸਾਨਾਂ ਦੀਆਂ ਜ਼ਮੀਨਾਂ 'ਤੇ ਸਰਕਾਰੀ ਦੱਬੇ ਦੀ ਖ਼ਬਰ ਸੁਣੀਂਦੀ ਐ ਤੇ ਕਿਧਰੇ ਨਵਜੰਮੀ ਬਾਲੜੀ ਦੇ ਗੰਦੇ ਨਾਲੇ ਆਦਿ 'ਚੋਂ ਮਿਲੇ ਭਰੂਣ ਬਾਰੇ ਖ਼ਬਰ ਸੁਣੀਂਦੀ ਐ..!ਆਤਮ ਹੱਤਿਆ ਨਹੀਂ..... ਪ੍ਰਾਪਤੀ ਦੇ ਰਾਹ ਪੈ ਵੇ ਲੋਕਾ....         
ਪਿਆਰੇ ਪੰਜਾਬ ਤੋਂ ਆਉਂਦੀ ਹਰ ਠੰਢੀ ਤੱਤੀ ਹਵਾ ਅਖਬਾਰਾਂ ਰਾਹੀਂ ਮਨ ਉੱਪਰ ਆਪਣਾ ਅਸਰ ਕਰਦੀ ਰਹਿੰਦੀ ਹੈ। ਰਾਜਨੀਤੀਵਾਨਾਂ ਵੱਲੋਂ ਕੀਤੀ ਜਾਂਦੀ ਇੱਕ ਦੂਜੇ ਦੀ ਕੁੱਤ ਪੋਹ ਤੋਂ ਲੈ ਕੇ ਕਤਲਾਂ, ਕੀ ਹੋ ਗਿਐ ਪੰਜਾਬ ਨੂੰ? ਕਿਸ ਮਾਰੂ ਰੋਗ ਨੇ ਮਾਰ ਲਿਐ ਗੁਲਾਬ ਦਾ ਫੁੱਲ? ਕਿਹਨਾਂ ਦੀਆਂ ਬਦਨੀਤੀਆਂ ਦਾ ਸ਼ਿਕਾਰ ਹੋ ਰਹੇ ਨੇ ਲੋਕ? ਕਿਉਂ ਲੋਕ ਸੰਘਰਸ਼ਾਂ ਦਾ ਰਾਹ ਛੱਡਕੇ ਖੁਦਕੁਸ਼ੀਆਂ ਦੇ ਰਾਹ ਹੋ ਤੁਰੇ ਨੇ? ਕਿਉਂ... ਕਿਉਂ.... ਕਿਉਂ?
             ਇਹਨਾਂ ਸਵਾਲਾ ਦੇ ਜਵਾਬ ਮਨ ਨੂੰ ਅਜੀਬ ਜਿਹੀ ਘੁੰਮਣਘੇਰੀ 'ਚ ਪਾ ਦਿੰਦੇ ਨੇ। 'ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ' ਬਾਰੇ ਸੁਣਿਆ ਸੀ ਪਰ ਹੁਣ ਤਾਂ ਪੰਜਾਬ ਦੇ ਜਾਏ ਸੰਘਰਸਾਂ ਦਾ ਰਾਹ ਤਿਆਗ ਕੇ ਖੁਦਕੁਸ਼ੀਆਂ ਦੇ ਰਾਹ ਹੋ ਤੁਰੇ ਨੇ। ਚਾਹੇ ਕੋਈ ਈ. ਜੀ. ਐੱਸ਼ ਵਰਕਰ ਹੋਵੇ ਜਾ ਈ.ਟੀ.ਟੀ. ਹੋਵੇ, ਬੀ. ਐੱਡ. ਅਧਿਆਪਕ ਹੋਵੇ ਜਾਂ ਫਿਰ ਕੋਈ ਹੋਰ ਹੋਵੇ ਜੋ ਅੱਖਰ ਗਿਆਨ ਹਾਸਲ ਕਰਕੇ ਨੌਕਰੀ ਲੈਣ ਤੱਕ ਪੁੱਜਾ ਹੋਵੇ... ਸਭ ਨੂੰ ਇੰਨਾ ਕੁ ਤਾਂ ਗਿਆਨ ਹੋਵੇਗਾ ਹੀ ਕਿ ਰੋਏ ਬਿਨਾਂ ਤਾਂ ਮਾਂ ਵੀ ਦੁੱਧ ਨਹੀਂ ਪਿਆਉਂਦੀ। ਕੀ ਕਿਸੇ ਨੇ ਇਹ ਸੁਣਿਆ ਹੈ ਕਿ 'ਮਰੇ ਬਿਨਾਂ ਮਾਂ ਦੁੱਧ ਨਹੀਂ ਪਿਆਉਂਦੀ?'..... ਇਹ ਕਹਿਣ ਦਾ ਮਤਲਬ ਇਹ ਹੈ ਕਿ ਜੇ ਸਰਕਾਰਾਂ ਤੋਂ ਕੁਝ ਲੈਣਾ ਹੈ ਤਾਂ ਸੰਘਰਸ਼ ਹੀ ਇੱਕੋ ਇੱਕ ਰਾਹ ਹੈ ਜਿਸਦੇ ਜ਼ਰੀਏ ਖੁਦ ਅਤੇ ਦੂਜਿਆਂ ਨੂੰ ਕੁਝ ਹਾਸਲ ਹੋ ਸਕਦਾ ਹੈ।
               ਖੁਦ ਨੂੰ ਅੱਗ ਲਗਾ ਕੇ ਰੋਸ ਪ੍ਰਦਰਸ਼ਨ ਕਰਨਾ ਕਿੱਥੋਂ ਕੁ ਦੀ ਸਿਆਣਪ ਹੈ? ਪੰਜਾਬ ਵਿੱਚ ਹੱਕਾਂ  ਦੀ ਪ੍ਰਾਪਤੀ ਲਈ ਜੂਝ ਰਹੇ ਵੀਰੋ, ਭੈਣੋ ਇਤਿਹਾਸ ਗਵਾਹ ਹੈ ਕਿ ਹੱਕ ਸੰਘਰਸ਼ ਕਰਿਆਂ ਹੀ ਪ੍ਰਾਪਤ ਹੋਏ ਹਨ। ਜੇ ਦੇਸ਼ ਦੇ ਆਜਾਦੀ ਸੰਗਰਾਮ ਵੇਲੇ ਵੀ ਗਦਰੀ ਬਾਬੇ, ਕਰਤਾਰ ਸਰਾਭਾ, ਭਗਤ ਸਿੰਘ, ਊਧਮ ਸਿੰਘ ਆਦਿ ਤੁਹਾਡੇ ਵਾਲੇ 'ਖੁਦਕੁਸ਼ੀ ਮਾਰਕਾ ਫਾਰਮੂਲੇ' ਵਰਤਣ ਲੱਗਦੇ ਤਾਂ ਸ਼ਾਇਦ ਹੀ ਐਡੀ ਤਕੜੀ ਲਾਮਬੰਦੀ ਹੋਣੀ ਸੀ ਕਿਉਂਕਿ ਲਾਮਬੰਦੀ ਕਰਨ ਵਾਲਿਆਂ ਨੇ ਤਾਂ ਪਹਿਲਾਂ ਹੀ ਖੁਦ ਨੂੰ ਅੱਗ ਲਾ ਕੇ ਸੜ ਮਰਨਾ ਸੀ। ਬੜਾ ਦੁਖੀ ਕੀਤਾ ਈ. ਜੀ. ਐੱਸ਼ ਵਲੰਟੀਅਰ ਭੈਣ ਕਿਰਨਜੀਤ ਕੌਰ ਦੀ ਮੌਤ ਨੇ... ਉਸ ਤੋਂ ਵੀ ਵਧੇਰੇ ਦੁੱਖ ਉਦੋਂ ਹੋਇਆ ਜਦੋਂ ਪੜ੍ਹੇ ਲਿਖੇ ਵਰਗ ਦੇ ਫੂਹੜ ਆਗੂ ਦਾ ਦੂਜੇ ਦਿਨ ਹੀ ਅਖਬਾਰੀ ਬਿਆਨ ਪੜ੍ਹਿਆ ਕਿ 'ਕਿਰਨਜੀਤ ਵਾਂਗ ਕੁਰਬਾਨੀ ਲਈ ਹੋਰ ਵੀ ਬਹੁਤ ਤਿਆਰ ਹਨ।' ਅਜਿਹੇ ਬਿਆਨ ਖਾਸ ਕਰਕੇ ਅਧਿਆਪਕ ਵਰਗ ਦੇ ਮੂੰਹੋਂ ਨਿਕਲਣੇ ਹੀ ਦਰਸਾ ਦਿੰਦਾ ਹੈ ਕਿ ਭਵਿੱਖ ਦੇ ਨੇਤਾਵਾਂ ਨੂੰ ਉਹ ਕਿਹੋ ਜਿਹੀ ਨਰੋਈ ਸੇਧ ਦੇ ਦੇਣਗੇ।  ਖੁਦਕੁਸ਼ੀਆਂ ਰਾਹੀਂ ਆਪਣੇ ਹੱਕ ਲੈਣ ਦੇ ਭੁਲੇਖੇ ਵਿੱਚ ਵਿਚਰ ਰਹੇ ਮੇਰੇ ਵੀਰ ਭੈਣਾਂ ਕੀ ਆਪਣੇ ਚੇਲੇ ਬਾਲਕਿਆਂ ਨੂੰ ਵੀ ਇਹੀ ਸਿੱਖਿਆ ਦੇਣਗੇ ਕਿ ਜਦੋਂ ਤੁਹਾਡੀ ਗੱਲ ਨਾ ਸੁਣੀ ਜਾਂਦੀ ਹੋਵੇ ਤਾਂ ਚੁੱਕੋ ਮਿੱਟੀ ਦੇ ਤੇਲ ਦੀ ਬੋਤਲ, ਪਿੰਡੇ 'ਤੇ ਛਿੜਕੋ ਤੇ ਲਾਓ ਤੀਲੀ....? ਘੱਟੋ ਘੱਟ ਇਹੋ ਜਿਹਾ ਰੁਝਾਨ ਇੱਕ ਪੜ੍ਹੇ ਲਿਖੇ ਵਰਗ ਦੇ ਜਿਹਨ ਦਾ ਹਿੱਸਾ ਬਣਨਾ ਦੇਸ਼ ਦੇ ਸਿੱਖਿਆਤੰਤਰ ਦੀਆਂ ਜੜ੍ਹਾਂ ਵਿੱਚ ਘੁਣ ਨਹੀਂ ਤਾਂ ਹੋਰ ਕੀ ਕਿਹਾ ਜਾਵੇਗਾ? ਇੱਕ ਅਧਿਆਪਕ ਤੋਂ ਨਰੋਏ ਸਮਾਜ ਦੀ ਸਥਾਪਨਾ ਦੀ ਆਸ ਰੱਖੀ ਜਾਂਦੀ ਹੈ, ਪਰ ਖੁਦਕੁਸ਼ੀਆਂ ਦੇ ਡਰਾਵੇ ਜਾਂ ਖੁਦਕੁਸ਼ੀਆਂ ਕਰ ਕੇ ਅਧਿਆਪਕ ਬਣਿਆਂ ਤੋਂ ਕੀ ਆਸ ਰੱਖੀ ਜਾ ਸਕਦੀ ਹੈ? ਆਪਣੀ ਹੱਕੀ ਆਵਾਜ ਸੁਣਾਉਣ ਲਈ ਉੱਚੀਆਂ ਥਾਵਾਂ ਦੀ ਲੋੜ ਨਹੀਂ ਹੁੰਦੀ ਸਗੋਂ ਨਿੱਗਰ ਦਲੀਲਾਂ, ਬੁਲੰਦ ਹੌਸਲਿਆਂ ਅਤੇ ਆਤਮ ਵਿਸ਼ਵਾਸ ਦੀ ਲੋੜ ਹੁੰਦੀ ਹੈ ਨਾ ਕਿ ਪਾਣੀ ਵਾਲੀਆਂ ਟੈਂਕੀਆਂ ਦੀ। ਆਪਣੀਆਂ ਮੰਗਾਂ ਮਨਵਾਉਣ ਲਈ ਕਿੰਨਾ ਉਚਿਤ ਸਾਧਨ ਲੱਭਿਆ ਹੈ ਪੰਜਾਬ ਦੇ ਪੜ੍ਹੇ ਲਿਖੇ ਵਰਗ ਨੇ....... ਉਹ ਨੇ ਪਾਣੀ ਵਾਲੀਆਂ ਟੈਂਕੀਆਂ। ਕਦੇ ਕੋਈ ਅਧਿਆਪਕ ਟੈਂਕੀ 'ਤੇ ਚੜ੍ਹ ਜਾਂਦੈ ਤੇ ਕਦੇ ਦੇਖਾ ਦੇਖੀ ਬੇਰੁਜ਼ਗਾਰ ਲਾਈਨਮੈਨ ਟੈਂਕੀ 'ਤੇ ਜਾ ਚੜ੍ਹੇ। ਵਾਹ ਬਈ ਵਾਹ! ਸੰਘਰਸ਼ ਨੂੰ ਹੀ ਕਿੰਨਾ ਹਾਸੋਹੀਣਾ ਬਣਾ ਦਿੱਤੈ ਸਾਡੇ ਪੜ੍ਹੇ ਲਿਖੇ ਸੰਘਰਸ਼ਸੀਲਾਂ ਨੇ... ਜਿਹਨਾਂ ਨੇ ਸੰਘਰਸ਼ਾਂ ਨੂੰ ਹੀ ਖੁਦਕੁਸ਼ੀਆਂ ਦਾ ਮੁਲੰਮ੍ਹਾ ਚਾੜ੍ਹ ਦਿੱਤੈ।
  ਓਏ ਮਾਂ ਦਿਓ ਮਲਾਈ ਖਾਣਿਉ! ਥੋਨੂੰ ਕੌਣ ਸਮਝਾਵੇ ਕਿ ਖੁਦਕੁਸ਼ੀਆਂ ਰਾਹੀਂ ਜਿੰਦਗੀ ਤੋਂ ਛੁਟਕਾਰਾ ਪਾਉਣ ਨਾਲੋਂ ਸੰਘਰਸ਼ਾਂ ਰਾਹੀਂ ਹੱਕ ਪ੍ਰਾਪਤ ਕਰਕੇ ਸ਼ਾਨ ਨਾਲ ਹਿੱਕ ਚੌੜੀ ਕਰਕੇ ਜਿਉਣ 'ਚ ਜੋ ਮਜ਼ਾ ਹੈ, ਉਹ ਮਿੱਟੀ ਦੇ ਤੇਲ ਨਾਲ ਖੁਦ ਨੂੰ ਅੱਗ ਲਾ ਕੇ ਨਹੀਂ। ਉਮੀਦ ਹੈ ਕਿ ਮੇਰੇ ਸੋਹਣੇ ਪੰਜਾਬ ਦਾ ਸਿਆਣਾ ਵਰਗ ਇਸ ਰੁਝਾਨ ਨੂੰ ਸ਼ਹਿ ਦੇਣ ਨਾਲੋਂ ਆਪਣੇ ਹੱਥਾਂ ਨੂੰ ਨਾਅਰਿਆਂ ਰਾਹੀਂ ਆਵਾਜ਼ ਬੁਲੰਦ ਕਰਨ ਦੇ ਆਹਰ ਲਾਵੇਗਾ ਨਾ ਕਿ ਮਿੱਟੀ ਦੇ ਤੇਲ ਦੀ ਬੋਤਲ ਜਾਂ ਤੀਲੀ ਫੜ੍ਹਨ ਲਈ..! ਅਕਸਰ ਹੀ ਕਿਹਾ ਜਾਂਦੈ ਕਿ ਜਦੋਂ ਦੋ ਏਕੇ 'ਕੱਠੇ ਹੋ ਜਾਣ ਤਾਂ ਗਿਆਰਾਂ ਬਣ ਜਾਂਦੇ ਨੇ, ਜੇ ਤਿੰਨ ਹੋਣ ਤਾਂ ਇੱਕ ਸੌ ਗਿਆਰਾਂ... ਇਸੇ ਤਰ੍ਹਾਂ ਹੀ ਜੇ ਇੱਕ ਕਰਕੇ ਸੰਘਰਸ਼ ਦੇ ਰਾਹ ਤੁਰਿਆ ਜਾਵੇ ਤਾ ਇਸ ਗੱਲ ਦੀ ਗਾਰੰਟੀ ਮੈਂ ਦਿੰਦਾ ਹਾ ਕਿ ਤੁਹਾਡੇ ਹੱਕ ਖੋਹਣ ਦੀ ਕੋਈ ਵੀ ਹਿੰਮਤ ਨਹੀਂ ਕਰੇਗਾ। ਪਰ ਜੇ ਇਹੀ 'ਏਕੇ' ਖੁਦਕੁਸ਼ੀਆਂ ਕਰਦਿਆਂ ਅੰਕੜੇ ਵਧਾਉਣ ਲੱਗ ਗਏ ਤਾਂ ਉਹ ਦਿਨ ਵੀ ਦੂਰ ਨਹੀਂ ਜਦੋਂ ਪੰਜਾਬ ਜਿਉਂਦੇ ਮਨੁੱਖਾਂ ਨਾਲੋਂ ਖੁਦਕੁਸ਼ੀਆਂ ਕਰਨ ਵਾਲੇ 'ਸ਼ਹੀਦਾਂ' ਕਰਕੇ ਜ਼ਿਆਦਾ ਜਾਣਿਆ ਜਾਵੇਗਾ। ਹੁਣ ਫੈਸਲਾ ਤੁਸੀਂ ਕਰਨਾ ਹੈ ਕਿ ਦੁਜਿਆਂ ਨੂੰ ਲਾਮਬੰਦ ਕਰਕੇ ਹੱਕ ਪ੍ਰਾਪਤੀ ਦੇ ਰਾਹ ਵੱਲ ਤੁਰਨਾ ਹੈ ਜਾਂ ਫਿਰ 'ਸ਼ਹੀਦ' ਬਣਕੇ ਦੋ ਤਿੰਨ ਇੱਟਾਂ ਦੀ ਮਟੀ ਦੀ ਵਲਗਣ 'ਚ ਕੈਦ ਹੋ ਕੇ ਰਹਿਣਾ ਹੈ। ਪੰਜਾਬ ਦੇ ਲੋਕ ਤੁਹਾਡੇ ਕੋਲੋ ਸਾਕਾਰਾਤਮਕ ਹੁੰਗਾਰੇ ਦੀ ਆਸ ਰੱਖਣਗੇ।
                    ਮਿੱਤਰੋ! ਅੱਜ ਵੇਲਾ ਖੁਦਕੁਸ਼ੀਆਂ ਕਰਨ ਦਾ ਨਹੀਂ ਸਗੋਂ ਇਹ ਆਵਾਜ ਬੁਲੰਦ ਕਰਨ ਦਾ ਹੈ ਕਿ
"ਆਓ ਉੱਚਾ ਕਰੀਏ ਹੋਕਾ,
ਆਤਮ ਹੱਤਿਆ ਨਹੀਂ....ਪ੍ਰਾਪਤੀ ਦੇ ਰਾਹ ਪੈ ਵੇ ਲੋਕਾ
ਕਤਲ ਸਾਧੂ ਸਿੰਘ ਤਖਤੂਪੁਰਾ ਦਾ ਨਹੀਂ.... ਲੋਕਤੰਤਰ ਦਾ ਹੈ
ਸਾਧੂ ਸਿੰਘ ਤਖਤੂਪੁਰਾ ਬੇਸ਼ੱਕ ਮੋਗਾ ਜਿਲ੍ਹੇ ਦੀ ਤਹਿਸੀਲ ਨਿਹਾਲ ਸਿੰਘ ਵਾਲਾ ਦੇ ਪਿੰਡ ਤਖਤੂਪੁਰਾ ਦਾ ਹੀ ਜੰਮਪਲ ਸੀ ਪਰ ਜਿੱਥੇ ਅੱਜ ਉਸਨੂੰ 'ਲੋਕ ਨਾਇਕ' ਜਾਂ 'ਕਿਸਾਨ ਲਹਿਰ ਦਾ ਸ਼ਹੀਦ' ਦੇ ਰੁਤਬੇ ਨਾਲ ਲੋਕਾਂ ਵੱਲੋਂ ਨਿਵਾਜਿਆ ਗਿਐ ਉੱਥੇ ਉਸਦੇ ਕਤਲ ਨੇ ਪੰਜਾਬ ਅੰਦਰ ਦਰਸਾ ਦਿੱਤੈ ਕਿ ਤੁਹਾਡੇ ਹੱਕਾਂ ਉੱਪਰ ਝਪਟਣ ਲਈ ਸਿਆਸੀ ਸਰਪ੍ਰਸਤੀ ਪ੍ਰਾਪਤ ਸਰਮਾਏਦਾਰਾਂ ਦਾ ਲਾਣਾ ਆਪਣੀ ਪੁਰਾਣੀ 'ਆਦਤ' ਤੋਂ ਬਾਜ ਨਹੀਂ ਆਉਂਦਾ। ਸਾਧੂ ਸਿੰਘ ਤਖਤੂਪੁਰਾ ਇੱਕ ਨਿਰਾਪੁਰਾ ਸਾਫਾ- ਬੰਨ੍ਹ ਕਿਸਾਨ ਹੀ ਨਹੀਂ ਸੀ ਬਲਕਿ ਅਧਿਐਨ ਪਸੰਦ ਰਿਟਾਇਰਡ ਅਧਿਆਪਕ ਵੀ ਸੀ। ਇੱਕ ਸੁਚੱਜਾ ਆਗੂ ਵੀ ਸੀ ਤੇ ਨਿੱਡਰ- ਬੇਬਾਕ ਬੁਲਾਰਾ ਵੀ ਸੀ। ਉਸਦੀ ਇਹੀ ਨਿੱਡਰਤਾ ਤੇ ਸੱਚ ਬੋਲਣ ਦੀ ਆਦਤ ਸਰਮਾਏਦਾਰਾਂ ਦੇ ਪਚੀ ਨਹੀਂ। ਅਸੀਂ ਉਸ ਸਾਧੂ ਸਿੰਘ ਤਖਤੂਪੁਰਾ ਦੀ ਗੱਲ ਕਰ ਰਹੇ ਹਾ ਜੋ ਅਜ਼ਨਾਲਾ ਖੇਤਰ ਦੇ ਪਿੰਡਾਂ 'ਚ ਕਿਸਾਨ ਸੁੱਖਾ ਸਿੰਘ ਸਾਰੰਗਦੇਵ ਦੇ ਕਤਲ ਖਿਲਾਫ ਵਰਤੀ ਜਾ ਰਹੀ ਸਰਕਾਰੀ ਢਿੱਲਮੱਠ ਅਤੇ ਪਿੰਡ ਸੌੜੀਆਂ ਦੀ ਕਿਸਾਨ ਯੂਨੀਅਨ ਇਕਾਈ ਦੇ ਪ੍ਰਧਾਨ ਬਿਕਰਮਜੀਤ ਸਿੰਘ ਦੀ ਜਮੀਨ ਦੀਆਂ ਸਿਆਸੀ ਧੱਕੇਸ਼ਾਹੀ ਨਾਲ ਹਾਕਮ ਧਿਰ ਦੇ 'ਬੰਦਿਆਂ' ਵੱਲੋਂ ਗਿਰਦਾਵਰੀਆਂ ਕਰਵਾਉਣ ਦੇ ਵਿਰੋਧ 'ਚ ਵਿੱਢੇ ਸੰਘਰਸ਼ ਦੌਰਾਨ ਆਪਣੀ ਸੰਭਾਵੀ ਹਾਰ ਤੋਂ ਬੁਖਲਾਏ ਸਿਆਸੀ ਗੁੰਡਿਆਂ ਵੱਲੋਂ ਭਿੰਡੀ ਔਲਖ ਲਾਗੇ ਕੋਹ ਕੋਹ ਕੇ ਕਤਲ ਕੀਤਾ ਗਿਆ ਹੈ। ਇਹ ਉਹ ਸਾਧੂ ਸਿੰਘ ਤਖਤੁਪੁਰਾ ਹੈ ਜਿਸ ਨੇ ਨਾਮਧਾਰੀ ਪਰਿਵਾਰ 'ਚੋਂ ਉੱਠ ਕੇ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਅਤਿ ਜਿੰਮੇਵਾਰਾਨਾ ਅਹੁਦੇ ਸੂਬਾ ਸੰਗਠਨ ਸਕੱਤਰ ਤੱਕ ਪਹੁੰਚਿਆ। ਆਪਣੀਆਂ ਦਲੀਲ ਪੂਰਵਕ ਤਕਰੀਰਾ ਅਤੇ ਭ੍ਰਿਸ਼ਟਾਚਾਰ 'ਚ ਗਲਤਾਨ ਹੋਏ ਸਿਆਸੀ ਆਗੂਆਂ ਨੂੰ ਲੋਕਾਂ ਦੇ ਇਕੱਠਾਂ 'ਚ ਨੰਗੇ ਕਰਨ ਦੀ ਮੁਹਾਰਤ ਸਦਕਾ ਸਾਧੂ ਸਿੰਘ ਤਖਤੂਪੁਰਾ ਇੱਕ ਨਿਪੁੰਨ ਸੰਗਠਨ ਕਰਤਾ ਵਜੋਂ ਜਾਣਿਆ ਜਾਦਾ ਸੀ। ਨਿੱਜੀ ਮੁਫਾਦ ਉਸ ਸਖ਼ਸ਼ ਦੀ ਪਾਕ ਨੀਅਤ ਦਾ ਹਿੱਸਾ ਕਦੇ ਵੀ ਨਹੀਂ ਬਣੇ। ਨਾ ਹੀ ਉਸ ਨੂੰ ਕਿਸਾਨਾਂ ਦੀ ਲਾਮਬੰਦੀ 'ਚੋਂ 'ਹੋਰਾਂ' ਵਾਂਗੂੰ ਕਿਸੇ ਕੁਰਸੀ ਦੀ ਝਾਕ ਸੀ। ਜੇ ਉਸ ਅੰਦਰ ਤੜਪ ਸੀ ਤਾਂ ਸਿਰਫ ਤੇ ਸਿਰਫ ਕਿਸਾਨਾਂ ਦੇ ਹੱਕ ਉਹਨਾਂ ਨੂੰ ਦਿਵਾਉਣ ਦੀ ਸੀ। ਸ਼ਾਇਦ ਅੱਜ ਉਸਦੇ ਚਲੇ ਜਾਣ 'ਤੇ ਕੁਝ ਕੁ ਅਨਸਰ ਕੱਛਾਂ ਵਜਾ ਰਹੇ ਹੋਣ ਪਰ ਇਹ ਗੱਲ ਵੀ ਯਾਦ ਰੱਖਣ ਯੋਗ ਹੈ ਕਿ ਜਿੰਨਾ ਵੀ ਇਸ ਬੂਟੇ ਨੂੰ ਕਿਸੇ ਨੇ ਛਾਗਣਾ ਚਾਹਿਆ ਹੈ ਇਹ ਉਸਤੋਂ ਵੀ ਦੂਣ ਸਵਾਇਆ ਹੋ ਕੇ ਵਧਿਆ ਹੈ। ਪੰਜਾਬ ਤਾਂ ਇੱਕ ਪਾਸੇ ਰਿਹਾ, ਪੂਰੇ ਸੰਸਾਰ ਦੇ ਕੋਨੇ ਕੋਨੇ 'ਚ ਬੈਠੇ ਪੰਜਾਬੀਆਂ ਨੇ ਸਾਧੂ ਸਿੰਘ ਦੇ ਕਤਲ ਨੂੰ ਦਿਨ ਦਿਹਾੜੇ 'ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ' ਦੇਣ ਦੀਆ ਟਾਹਰਾਂ ਮਾਰਨ ਵਾਲੇ ਪਿਉ- ਪੁੱਤਰ ਦੇ ਰਾਜ 'ਚ ਲੋਕਤੰਤਰ ਦਾ ਕਤਲ ਦੱਸਿਆ ਹੈ। ਬੇਸ਼ੱਕ ਇਸ ਕਤਲ ਦੇ ਮੁੱਖ ਸੂਤਰਧਾਰ ਸਿੱਧੇ ਤੌਰ 'ਤੇ ਹੀ ਅਕਾਲੀ ਦਲ (ਬ) ਦੇ ਆਗੂ ਵੀਰ ਸਿੰਘ ਲੋਪੋਕੇ ਤੇ ਉਸਦੇ ਭਾਈਵਾਲ ਥਾਣੇਦਾਰ ਹੀ ਗਿਣੇ ਜਾ ਰਹੇ ਹਨ ਅਤੇ ਇਸ ਕਤਲ ਸੰਬੰਧੀ ਕਾਗਰਸ ਵੀ ਬਾਦਲਕਿਆਂ ਨੂੰ ਘੇਰਨ ਦੇ ਸਿਆਸੀ ਦਾਅ ਪੇਚ ਖੇਡ ਰਹੀ ਹੈ ਪਰ ਅਕਾਲੀ ਤਬਕਾ ਤਾਂ ਇਸ ਗੱਲੋਂ ਚਿੰਤਤ ਹੈ ਕਿ ਜੇ ਵੀਰ ਸਿੰਘ ਲੋਪੋਕੇ ਸਚਮੁੱਚ ਹੀ ਦੋਸ਼ੀ ਸਾਬਤ ਹੋ ਗਿਆ ਤਾਂ ਅਕਾਲੀ ਦਲ (ਬ) ਦੀ ਮਿੱਟੀ ਪਲੀਤ ਤਾਂ ਹੋਵੇਗੀ ਹੀ ਜੋ ਕਿਸਾਨ ਵੋਟ ਬੈਂਕ ਉਹਨਾਂ ਤੋਂ ਦੂਰ ਹੋਵੇਗਾ ਉਹ ਵੱਖਰਾ...। ਇਸ ਕਤਲ ਕੇਸ ਬਾਰੇ ਕਾਂਗਰਸ ਵੀ ਵਧੇਰੇ ਸੁਖੀ ਨਹੀਂ, ਉਹਨਾਂ ਨੂੰ ਅੰਦਰਖਾਤੇ ਇਹੀ ਡਰ ਮਾਰੀ ਜਾ ਰਿਹਾ ਹੈ ਕਿ ਇਹ ਕਤਲ ਕੇਸ ਉਹਨਾਂ ਦੇ ਕਾਂਗਰਸੀ ਸਾਥੀਆਂ ਸਿਰ ਹੀ ਮੜ੍ਹ ਕੇ ਵੀਰ ਸਿੰਘ ਲੋਪੋਕੇ ਵਰਗੇ ਬਚਾ ਨਾ ਲਏ ਜਾਣ। ਸ਼ਾਇਦ ਇਹੀ ਵਜ੍ਹਾ ਹੋਵੇਗੀ ਕਿ ਕਾਂਗਰਸ ਪ੍ਰਧਾਨ ਜੀ ਵੀ ਹਾਅ ਦਾ ਨਾਅਰਾ ਮਾਰਨ ਦੇ ਨਾਲ ਨਾਲ ਅਕਾਲੀਆਂ ਨੂੰ ਬਿਆਨਾਂ ਰਾਹੀਂ ਗੋਡਿਆਂ ਹੇਠਾਂ ਲੈ ਬੈਠੇ, ਪਰ ਇਹ ਵੀ ਜਿਕਰਯੋਗ ਹੈ ਕਿ ਇਹ ਉਹੀ ਕਾਂਗਰਸ ਹੈ ਜਿਸਨੇ ਪਿਛਲੇ ਰਾਜਕਾਲ ਦੌਰਾਨ ਵੀ ਘੱਟ ਨਹੀਂ ਸੀ ਗੁਜ਼ਾਰੀ ਕਿਸਾਨਾਂ ਨਾਲ਼..। ਜੋਗਾ ਰੱਲਾ ਕਾਂਡ ਵਿੱਚ ਕੁਰਕੀ ਰੋਕਣ ਗਏ ਕਿਸਾਨਾਂ ਦੀਆਂ ਲੱਤਾਂ ਬਾਹਾਂ ਬੇਕਿਰਕੀ ਨਾਲ ਤੋੜੀਆਂ ਗਈਆਂ ਸਨ। ਜੇ ਕਿਸੇ ਨੇ ਕਾਂਗਰਸ ਵੱਲੋਂ ਵਰਤਾਏ ਕਹਿਰ ਬਾਰੇ ਜਾਨਣਾ ਹੋਵੇ ਤਾਂ ਪਿੰਡ ਕੁੱਸਾ ਦੇ ਬਜ਼ੁਰਗ ਕਰਤਾਰ ਸਿੰਘ ਦਾ ਹਾਲ ਪੁੱਛਿਆ ਜਾ ਸਕਦਾ ਹੈ ਜਿਸਦੀਆਂ ਦੋਵੇਂ ਬਾਹਾਂ ਹੀ ਤੋੜ ਦਿੱਤੀਆਂ ਗਈਆਂ ਸਨ। ਬਹੁ ਚਰਚਿਤ ਮੀਨੀਆਂ ਕਾਂਡ ਵੀ ਕਾਂਗਰਸ ਵੇਲੇ ਹੀ ਵਾਪਰਿਆ ਸੀ ਜਿਸ ਵਿੱਚ ਉਦੋਂ ਹੁਣ ਵਾਲੇ ਸਾਧੂ ਸਿੰਘ ਦੇ ਕਤਲ ਵਰਗਾ ਹੀ ਦ੍ਰਿਸ਼ ਪੇਸ਼ ਹੁੰਦਾ ਸੀ ਜਦੋਂ ਕਾਂਗਰਸੀ ਧੜੇ ਅਤੇ ਪੁਲਿਸ ਦੀ ਮਿਲੀਭੁਗਤ ਨਾਲ ਹੀ ਪਿੰਡ ਪਿੰਡ ਰੋਸ ਮੁਜਾਹਰੇ ਕਰ ਰਹੇ ਨਿਹੱਥੇ ਕਿਸਾਨਾਂ ਨੂੰ ਛੱਲੀਆਂ ਵਾਂਗ ਡਾਂਗਾਂ ਨਾਲ ਕੁੱਟਿਆ ਸੀ ਜਦੋਂਕਿ ਮੌਕੇ ਦਾ ਪੁਲਿਸ ਅਫਸਰ ਸਵਰਨ ਸਿੰਘ ਕਿਸਾਨਾਂ ਵੱਲ ਹੀ ਪਿਸਤੌਲ ਤਾਣ ਕੇ ਖੜ੍ਹਾ ਰਿਹਾ ਸੀ। ਉਦੋਂ ਇੱਕ ਪੱਤਰਕਾਰ ਵੀਰ ਤੋਂ 'ਮੁੱਲ' ਫੋਟੋਆਂ ਲੈ ਕੇ ਅਕਾਲੀਆਂ ਨੇ ਪੋਸਟਰ ਛਪਵਾ ਕੇ ਪਿੰਡ ਪਿੰਡ ਲਾ ਕੇ ਲੋਕਾਂ ਨੂੰ ਦੱਸਿਆ ਸੀ ਕਿ ਕਾਂਗਰਸ 'ਬੰਦੇਖਾਣੀ' ਹੈ ਪਰ ਹੁਣ ਉਸੇ ਅਕਾਲੀ ਲਾਣੇ ਨੂੰ ਕੀ ਕਿਹਾ ਜਾਵੇ ਜਿਸਦੇ ਆਗੂ ਦਾ ਹੀ ਸਾਧੂ ਸਿੰਘ ਤਖਤੂਪੁਰਾ ਦੇ ਕਤਲ ਵਿੱਚ ਨਾਂਅ 'ਬੋਲਦਾ' ਹੈ। ਇਸ ਸਭ ਕੁਝ ਦੇ ਚਲਦਿਆਂ ਪੰਜਾਬ 'ਚ ਹੀ ਆਪਣੇ ਆਪ ਨੂੰ ਕਿਸਾਨਾਂ ਦੀ ਹਿਤੂ ਅਖਵਾਉਂਦੀ ਇੱਕ ਧਿਰ ਵੱਲੋਂ ਸਾਧੂ ਸਿੰਘ ਦੇ ਕਤਲ ਬਾਰੇ ਚੁੱਪੀ ਨਾ ਤੋੜਨਾ ਸਾਂਇਦ ਇਹੀ ਦਰਸਾਉਂਦਾ ਹੈ ਕਿ ਸਾਧੂ ਸਿੰਘ ਦਾ ਕਤਲ ਉਹਨਾਂ ਲਈ 'ਸ਼ਰੀਕ ਉੱਜੜਿਆæææ!' ਵਾਂਗ ਸਾਬਤ ਹੋਇਆ ਹੋਵੇ। ਸਾਧੂ ਸਿੰਘ ਨੇ ਜਿੰਨੀ ਕੁ ਲੜਾਈ ਕਿਸਾਨ ਹਿਤਾਂ ਲਈ ਲੜੀ ਹੈ ਕਾਬਲੇ ਤਾਰੀਫ ਹੈ ਜਦੋਂਕਿ ਉਕਤ ਆਗੂ ਸਾਹਿਬਾਨ ਨੂੰ ਤਾਂ ਹਾਕਮ ਧਿਰ ਸਰਕਾਰੀ ਪੀਪਣੀ ਵਜੋਂ ਵਰਤ ਰਹੀ ਹੈ। ਜਿਸ ਤਰ੍ਹਾਂ ਦੀ ਫੂਕ ਵੱਜਦੀ ਹੈ ਜਨਾਬ ਵੀ ਐਸੀ ਹੀ ਆਵਾਜ ਆਪਣੇ ਅਖਬਾਰੀ ਬਿਆਨ ਰਾਹੀਂ ਕੱਢ ਦਿੰਦੇ ਹਨ। ਬਸ਼ਰਤੇ ਕਿ ਜਨਾਬ ਨੂੰ ਮਿਲੀ ਸਰਕਾਰੀ ਕੁਰਸੀ ਦੀ ਕਾਇਮੀ ਬਣੀ ਰਹੇ। ਇਹੋ ਜਿਹੇ ਜੁਗਾੜਲਾਊ ਮਾਹੌਲ ਵਿੱਚ ਲਾਲਚ ਰਹਿਤ ਘੋਲ ਵਿੱਚ ਮੌਤ ਦੇ ਮੂੰਹ ਪੈ ਜਾਣਾ ਵੀ ਕੁਰਬਾਨੀ ਸ਼ਬਦ ਨੂੰ ਛੋਟਾ ਜਿਹਾ ਦਿਖਾ ਦਿੰਦਾ ਹੈ। ਇੱਕ ਡਰਾਇੰਗ ਟੀਚਰ ਦੇ ਹੱਥਾਂ ਵਿੱਚ ਰਿਟਾਇਰਮੈਂਟ ਉਪਰੰਤ ਰੰਗਾਂ ਨਾਲ ਅਠਖੇਲੀਆਂ ਕਰਨ ਵਾਲੇ ਬੁਰਸ਼ਾਂ ਦੀ ਜਗ੍ਹਾ ਭਾਰਤੀ ਕਿਸਾਨ ਯੂਨੀਅਨ ਦਾ ਝੰਡਾ ਆ ਜਾਣਾ ਕਾਫੀ ਮਾਅਨੇ ਰੱਖਦਾ ਹੈ। ਜੇ ਚਾਹੁੰਦਾ ਤਾਂ ਸਾਧੂ ਸਿੰਘ ਵੀ ਹੋਰਨਾਂ ਵਾਂਗ ਪੈਨਸ਼ਨ ਨਾਲ ਚੰਗਾ ਨਿਰਬਾਹ ਕਰ ਸਕਦਾ ਸੀ ਪਰ ਲੋਕਾਂ ਲਈ ਆਪਾ ਵਾਰਨ ਦੀ ਪਰਿਵਾਰਕ ਪਿਛੋਕੜ 'ਚੋਂ ਮਿਲੀ ਸਿੱਖਿਆ ਨੇ ਸਾਧੂ ਸਿੰਘ ਨੂੰ ਸੰਘਰਸ਼ਾ ਦੇ ਰਾਹ ਤੁਰਨ ਲਈ ਪ੍ਰੇਰਿਆ। ਉਹਨਾਂ ਦਾ ਹਾਈ ਸਕੂਲ ਭਾਗੀਕੇ ਦਾ ਵਿਦਿਆਰਥੀ ਹੋਣ ਦੇ ਨਾਤੇ ਉਹਨਾਂ ਨੂੰ ਸ਼ਰਧਾ ਪੁਸ਼ਪ ਅਰਪਣ ਕਰਦਾ ਹੋਇਆ ਉਹਨਾਂ ਦੇ ਕਾਤਲਾਂ ਅਤੇ ਉਹਨਾਂ ਦੇ 'ਚਲੇ' ਜਾਣ ਤੋਂ ਬਾਦ ਲੁੱਡੀਆਂ ਪਾ ਰਹੇ ਟੋਲੇ ਨੂੰ ਆਗਾਹ ਕਰਦਾ ਹਾਂ ਕਿ ਇਹ ਤਾਂ ਸਿਰਫ ਇੱਕ ਸਾਧੂ ਸਿੰਘ ਖੁਦ ਲੋਕਾਂ ਦੀਆਂ ਨਜ਼ਰਾਂ ਤੋਂ 'ਪਰ੍ਹੇ' ਹੋਇਆ ਹੈ। ਉਸ ਦੀ ਸੂਝ ਬੂਝ ਜ਼ਰੀਏ ਵਿਚਾਰਧਾਰਕ ਤੌਰ 'ਤੇ ਪੈਦਾ ਹੋਏ ਅਨੇਕਾਂ ਸਾਧੂ ਸਿੰਘ ਉਸ ਰਾਹ 'ਤੇ ਆਣ ਖੜ੍ਹੇ ਹੋਣਗੇ ਜਿਸ ਰਾਹ ਤੋਂ ਉਸਨੂੰ ਕਤਲ ਕਰਕੇ 'ਮੋੜ ਦਿੱਤਾ' ਸਮਝਿਆ ਜਾ ਰਿਹਾ ਹੈ। ਇਹ ਕਾਤਲਾ ਦਾ ਵਹਿਮ ਹੋਵੇਗਾ ਕਿਉਂਕਿ ਸਾਧੂ ਸਿੰਘ ਸਰੀਰਕ ਤੌਰ 'ਤੇ ਕਤਲ ਕਰ ਦਿੱਤਾ ਗਿਆ ਹੈ ਜਦੋਂਕਿ ਉਹ ਵਿਚਾਰ ਬਣਕੇ ਲੋਕ ਮਨਾਂ 'ਚ ਵਸ ਚੁੱਕਾ ਹੈ। ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਜਦੋਂ ਵਿਚਾਰਾਂ ਦੇ ਤੂਫਾਨ ਝੁੱਲਦੇ ਹਨ ਤਾਂ ਤਖਤਾਂ ਤਾਜਾਂ ਨੂੰ ਵੀ ਵਖਤ ਪੈ ਜਾਂਦੇ ਹਨ। ਅੰਨਦਾਤੇ ਸਿਰ ਜਿੱਤ ਦਾ ਸਿਹਰਾ ਸਜੇ...... ਆਮੀਨ।
...............    

ਵਿਆਹ ਅਤੇ ਭੋਗ ਸਮਾਗਮ ਵੀ ਹੁਣ ਮੇਲੇ ਬਣ ਕੇ ਰਹਿ ਗਏ ਹਨ -ਬਰਿੰਦਰ ਸਿੰਘ ਢਿੱਲੋਂ, ਐਡਵੋਕੇਟ

ਵਿਆਹ ਅਤੇ ਭੋਗ ਸਮਾਗਮ ਵੀ ਹੁਣ ਮੇਲੇ ਬਣ ਕੇ ਰਹਿ ਗਏ ਹਨ   -ਬਰਿੰਦਰ ਸਿੰਘ ਢਿੱਲੋਂ, ਐਡਵੋਕੇਟ
ਅੱਜ ਸਵੇਰੇ ਮੈਂ ਇੱਕ ਲੀਡਰ ਮਿੱਤਰ ਨੂੰ ਫੋਂਨ ਤੇ ਪੁੱਛ ਬੈਠਾ ਕਿ ਇਸ ਵੇਲੇ ਕੀ ਕਰ ਰਹੇ ਹੋ?ਜਵਾਬ ਮਿਲਿਆ ਕਿ ਕੁੱਤੇ ਭਕਾਈ ਕਰਨ ਚੱਲੇ ਹਾਂ ਤੇ ਨਾਲ ਹੀ ਉਹ ਹੱਸ ਪਿਆ। ਫਿਰ ਦੱਸਣ ਲੱਗਾ ਕਿ ਅੱਜ ਤਿਂਨ ਵਿਆਹਾਂ 'ਚ ਪਹੁੰਚਣਾ ਹੈ। ਬੱਸ ਹੁਣ ਵਿਆਹਾਂ ਦੀ ਰੁੱਤ  ਸੂਰੂ ਹੋ ਗਈ। ਰੋਜ ਇਹੀ ਕੰਮ ਕਰਾਂਗੇ।ਪਰ ਨਾਲ ਹੀ ਕਹਿਣ ਲੱਗਾ ਕਿ ਮੇਰਾ ਨਾਂਮ  ਨਾਂ ਲਿਖੀਂ। ਮੈਂ ਵੋਟਾਂ ਵੀ ਲੈਣੀਆਂ ਹਨ। ਇਹ ਕਿਸੇ ਇੱਕ ਲੀਡਰ ਦੀ ਕਹਾਣੀ ਨਹੀਂ। ਕਿਸੇ ਵਿਰਲੇ ਟਾਂਵਿਆਂ ਨੂੰ ਛੱਡ ਕੇ ਸਾਰੇ ਵਿਧਾਇਕਾਂ, ਸੰਸਦ ਮੈਂਬਰਾਂ ਤੇ ਸੂਬਾ ਪੱਧਰ ਦੇ ਲੀਡਰਾਂ ਦਾ ਇਹੋ ਹਾਲ ਹੈ। ਆਂਮ ਵਿਆਹ ਸਮਾਗਮਾਂ 'ਚ ਤਿੰਨ  ਕੁ ਸੌ ਵਿਅਕਤੀਆਂ ਦਾ ਇਕੱਠ ਹੁੰਦਾ। ਜਿਹੜਾ ਥੋੜਾਂ ਲੀਡਰ ਕਿਸਮ ਦਾ ਤੇ ਪੈਸੇ ਧੇਲੇ ਪੱਖੋ ਸੌਖਾ ਹੁੰਦਾ ਉਹਦੇ ਸੱਤ ਕੁ ਸੌ ਤੱਕ ਲੋਕੀਂ ਆਏ ਹੁੰਦੇ ਹਨ। ਸੌ ਦੋ ਸੌ ਬਹਿਰੇ ਡਰਾਇਵਰ ਇਨ੍ਹਾਂ ਤੋਂ ਵੱਖ ਹੁੰਦੇ ਹਨ। ਹਜਾਰ ਵਿਅਕਤੀ ਡਕਾਰ ਮਾਰਕੇ ਤੁਰ ਜਾਂਦੇ ਹਨ। ਪਰ ਅਨੰਦ ਕਾਰਜ ਵੇਲੇ ਗੁਰਦਵਾਰੇ ਅਤੇ ਡੋਲੀ ਤਰਨ ਵੇਲੇ ਸਿਰਫ ਘਰ ਵਾਲੇ ਹੀ ਹੁੰਦੇ ਹਨ।
ਮੈਰਿਜ ਪੈਲੇਸ ਵਾਲਿਆਂ ਚਾਰ-ਪੰਜ ਸੌ ਰੁਪਿਆ ਪ੍ਰਤੀ ਪਲੇਟ ਤੋਂ ਲੈ ਕੇ ਹਜਾਰ ਰੁਪਏ ਪਰਤੀ ਪਲੇਟ ਤੱਕ ਦੇ ਹਿਸਾਬ ਤਹਿ ਕੀਤਾ ਹੁੰਦਾ। ਖਰਚੇ ਦਾ ਅੰਦਾਜ਼ਾ ਦੋ ਲੱਖ ਤੋਂ ਸੱਤ ਲੱਖ ਤੱਕ ਹੁੰਦਾ। ਇਉਂ ਕਹਿ ਲਉ ਇਹ ਪੈਸਾ ਇੱਕ ਦਿਨ ਵਿੱਚ ਰ੍ਹੋੜ ਦਿੱਤਾ ਜਾਂਦਾ। ਦਾਜ ਦਹੇਜ ਅਤੇ ਹੋਰ ਖਰਚੇ ਸੱਤ  ਤੋਂ ਤੀਹ ਲੱਖ ਦੇ ਵਿਚਕਾਰ ਹੁੰਦੇ ਹਨ। ਯਾਨੀ ਪੰਜਾਬੀ ਘਰ ਫੂਕ ਕੇ ਤਮਾਸ਼ਾ ਵੇਖ ਰਹੇ ਹਨ। ਹਰ ਪਿੰਡ ਵਿੱਚ ਤੁਹਾਨੂੰ ਸੌ, ਪੰਜਾਹ ਆਦਮੀਂ ਅਜਿਹੇ ਮਿਲਣਗੇ ਜਿਹੜੇ ਕੋਈ ਕੰਮ ਨਹੀਂ ਕਰਦੇ ਸਿਰਫ ਸਮਾਗਮਾਂ ਦੀ ਸ਼ੋਭਾ ਵਧਾਉਂਦੇ ਹਨ।ਸਮਾਗਮਾਂ ਵਿੱਚ ਘੁੰਮ ਰਹੇ ਨੇਤਾ ਜੀ ਨਾਲ ਦੋ ਤਿੰਨ ਗੰਨ ਮੈਂਨ ਇੱਕ ਦੋ ਪੀæਏæ ਅਤੇ ਸਾਥੀ ਹੁੰਦੇ ਹਨ। ਜਿੰਨਾ ਕੋਈ ਲੀਡਰ ਵੱਡਾ ਹੁੰਦਾ ਓਨਾ ਹੀ ਉਸ ਦਾ ਕਾਫਲਾ ਵੀ ਵੱਡਾ ਹੁੰਦਾ ਹੈ। ਇੱਕ ਇੱਕ ਦਿਨ 'ਚ ਦੋ ਵਿਆਹਾਂ ਜਾਂ ਦੋ ਭੋਗਾਂ 'ਤੇ ਨੇਤਾ ਲੋਕ ਨੇ ਪਹੁੰਚਣਾ ਹੁੰਦਾ। ਗਿੱਠ-ਗਿੱਠ ਉੱਗੀ ਕਣਕ ਵਿਚ ਅਵਾਰਾ ਗਊਆਂ ਦੇ ਫੇਰਾ ਪਾਉਣ ਵਾਂਗ ਨੇੜੇ ਖੜ੍ਹੇ ਲੋਕਾਂ ਨਾਲ ਪੋਲੇ ਜਿਹੇ ਹੱਥ ਮਿਲਾ ਕੇ ਇਹ ਲੋਕ ਅਗਲੇ ਘਰ ਲਈ ਤੁਰ ਪੈਂਦੇ ਹਨ। ਬਹੁਤੇ ਥਾਵਾਂ ਤੇ ਇਹ ਲੋਕ ਪਹੁੰਚ ਵੀ ਨਹੀਂ ਸਕਦੇ । ਓਦੋਂ ਵੱਧ ਵੋਟਾਂ ਵਾਲੇ ਘਰ ਨੂੰ ਪਹਿਲ ਦਿੱਤੀ ਜਾਂਦੀ ਹੈ।ਸ਼ਾਂਮ ਤੱਕ ਸਾਰੇ ਹੀ ਥੱਕ ਜਾਂਦੇ ਹਨ। ਟੁੱਟੀਆਂ ਲਿੰਕ ਸੜਕਾਂ 'ਤੇ ਸੌ ਕਿਲੋਮੀਟਰ ਦੀ ਸਪੀਡ ਨਾਲ ਦੌੜਦੀਆਂ ਗੱਡੀਆਂ ਜਦੋਂ ਕਿਸੇ ਅਚਾਨਕ ਆਏ ਹੰਪ ਜਾਂ ਟੋਏ ਵਿਚ ਵੱਜ ਕੇ ਅੱਧਾ ਫੁੱਟ ਉਛਲਦੀਆਂ ਸਨ ਤਾਂ ਸਿਰ ਛੱਤਾਂ ਨਾਲ ਜਾ ਵੱਜਦੇ ਹਨ। ਪਰ ਕਹਿੰਦੇ ਕਰੀਏ ਕੀ? ਜਿਸ ਦੇ ਨਾ ਪਹੁੰਚੇ ਓਹੀ ਰੁੱਸ ਜਾਵੇਗਾ ਕਿ ਸਾਡੇ ਵਿਆਹ 'ਤੇ ਨਹੀਂ ਪਹੁੰਚੇ। ਉਤੋਂ ਕੋਈ ਨਾ ਕੋਈ ਚੋਣਾਂ ਬਾਬਰ ਦੀ ਤਲਵਾਰ ਵਾਂਗ ਸਿਰ 'ਤੇ ਲਟਕਦੀਆਂ ਹੀ ਰਹਿੰਦੀਆਂ ਹਨ। ਇਹ ਨੇਤਾ ਲੋਕ ਰੋਂਦੇ ਵੀ ਹਨ ਕਿ ਇੱਕ ਦਿਨ ਵਿੱਚ ਸਿਰਫ ਸ਼ਗਨਾਂ 'ਤੇ ਹੀ ਦੋ ਹਜ਼ਾਰ ਖਰਚ ਹੋ ਗਿਆ ਤੇ ਗੱਡੀਆਂ ਦਾ ਤੇਲ ਵੱਖਰਾ। ਉਤੋਂ ਸੜਕ ਹਾਦਸਿਆਂ ਦਾ ਜੋਖਮ ਵੀ ਉਠਾਉਣਾ ਪੈਂਦਾ। ਹੁਣ ਤਾਂ ਟੱਬਰਾਂ ਦੇ ਟੱਬਰ ਮਰਨ ਲੱਗੇ ਹਨ। ਇੰਜ ਸਾਲ 'ਚ ਦੋ ਵਾਰੀ ਕੱਤੇ ਅਤੇ ਫੱਗਣ ਦੇ ਮਹੀਨੇ ਵਿਆਹਾਂ ਦੀ ਰੁੱਤ ਆਉਂਦੀ ਹੈ। ਭੋਗ ਤਾਂ ਸਾਰਾ ਸਾਲ ਹੀ ਚੱਲਦੇ ਹਨ। ਐਤਵਾਰ ਦੇ ਦਿਨ ਲੋਕਾਂ ਦੇ ਕੰਮ ਕਰਨ ਦੀ ਥਾਂ ਇੰਜ ਭਟਕਦਿਆਂ ਹੀ ਲੰਘ ਜਾਂਦੇ ਹਨ। ਵਿਆਹ ਸਮਾਗਮਾਂ ਅਤੇ ਭੋਗਾਂ ਦੇ ਬੇਲੋੜੇ ਖਰਚੇ ਅਤੇ ਇਕੱਠ ਕਰਨ ਨੂੰ ਹੁਣ ਲੋਕ ਵੀ 'ਅੰਦਰੋਂ' ਮਹਿੰਗਾ ਕਿੱਤਾ ਕਹਿ ਰਹੇ ਹਨ। ਫੇਰ ਵੀ ਸਮਾਜਕ ਵਿਖਾਵੇ ਲਈ ਉਹ ਅਜਿਹਾ ਕਰਨ ਲਈ ਮਜਬੂਰ ਹਨ।  ਆਪਣੇ ਸਿਆਸੀ ਦਾਬੇ-ਸ਼ਾਬੇ ਲਈ ਵੀ ਉਹ ਇਸ ਫਜ਼ੂਲ ਖਰਚੀ ਲਈ ਮਜਬੂਰ ਸਨ। ਦੂਜਾ ਕਾਰਨ ਭ੍ਰਿਸ਼ਟਾਚਾਰ ਵੀ ਹੈ ਕਿਉਂਕਿ ਨਿੱਟੇ ਮੋਟੇ ਦਫਤਰਾਂ ਵਿਚ ਵੀ ਆਮ ਬੰਦੇ ਦੀ ਖੱਜਲ-ਖੁਆਰੀ ਹੁੰਦੀ ਹੈ। ਮਾਮੂਲੀ ਜਿਹੇ ਨਿਜੀ ਕੰਮ ਕਰਵਾਉਣ ਲਈ ਵੀ ਸਿਫਾਰਸ਼ਾਂ ਦੀ ਲੋੜ ਪੈਂਦੀ ਹੈ। ਵਿਰਲੇ ਟਾਂਵੇਂ ਵੱਡੇ ਅਫਸਰ ਤਾਂ ਅਜੇ ਗੱਲ ਸੁਣ ਲੈਂਦੇ ਹਨ ਪਰ ਬਾਬੂ ਤਬਕਾ ਤਾਂ ਅਜੇ ਵੀ ਅੰਗਰੇਜ਼ੀ ਰਾਜ ਹੀ ਸਮਝ ਰਿਹਾ ਹੈ। ਚੱਲੀ ਆ ਰਹੀ ਰਵਾਇਤ 'ਚ ਡਾਢੀ ਤਾਕਤ ਹੁੰਦੀ ਹੈ ਇਹ ਏਨੀ ਸੌਖੀ ਨਹੀਂ ਟੁੱਟਿਆ ਕਰਦੀ। ਸੂਚਣਾਂ ਦੇਣ ਦੇ ਅਧਿਕਾਰ ਨਾਲ ਥ੍ਹੋੜਾ ਸੁਧਾਰ ਹੋਣ ਦੀ ਆਸ ਬੱਝੀ ਹੈ।ਚੰਡੀਗੜ੍ਹ ਜਾਂ ਦਿੱਲੀ ਵਰਗੇ ਮਹਾਂ ਨਗਰਾਂ 'ਚ ਹੁੰਦੇ ਵੱਡੇ ਲੋਕਾਂ ਦੇ ਵਿਆਹ ਸਮਾਗਮਾਂ ਦੀ ਗੱਲ ਹੋਰ ਹੁੰਦੀ ਹੈ। ਇਕੱਠ ਦਿਖਾਉਣਾ ਉਨ੍ਹਾਂ ਲੋਕਾਂ ਦੀ ਮਜਬੂਰੀ ਵੀ ਹੁੰਦੀ ਹੈ ਤੇ ਸ਼ੁਗਲ ਵੀ।ਵਿਆਹ 'ਚ ਦੋ ਤਿੰਨ ਹਜਾਰ ਲੋਕਾਂ ਦਾ ਇਕੱਠ, ਮੇਲੇ ਵਰਗਾ ਮਾਹੌਲ ਹੁੰਦਾ ਹੈ। ਅਜਿਹੇ ਵੱਡੇ ਲੋਕਾਂ ਦੇ ਵੇਖਾ-ਵੇਖੀ ਪੰਜਾਬ ਦਾ ਮੱਧ-ਵਰਗ ਵੀ ਅੱਡੀਆਂ ਚੁੱਕ ਕੇ ਫਾਹਾ ਲੈ ਰਿਹਾ ਹੈ। ਪੰਜਾਬੀ ਹਰ ਮੌਕੇ ਨੂੰ ਹੀ ਮੇਲਾ ਬਣਾ ਦਿੰਦੇ ਹਨ।ਵਿਆਹ ਅਤੇ ਭੋਗ ਕੋਈ ਮੇਲਾ ਜਾਂ ਰਾਜਸੀ ਸੰਮੇਲਨ ਨਹੀਂ ਹੁੰਦੇ ਜਿੱਥੇ ਲੱਖਾਂ ਲੋਕਾਂ ਦਾ ਇੱਕਠ ਹੋਇਆ ਕਰਦਾ।ਵਿਆਹ ਸਮਾਗਮਾਂ ਨੂੰ ਇਸ ਮਹਿੰਗਾਈ ਦੇ ਦੌਰ 'ਚ ਚੰਦ ਇਕ ਰਿਸ਼ਤੇਦਾਰਾਂ ਤੇ ਪਰਿਵਾਰਕ ਮਿੱਤਰਾਂ ਦੀ ਹਾਜ਼ਰੀ ਵਿਚ ਹੀ ਕੀਤਾ ਜਾਣਾ ਚਾਹੀਦਾ। ਨਵੇਂ ਯੁੱਗ ਦੀਆਂ ਕਦਰਾਂ-ਕੀਮਤਾਂ ਕਦੇ ਵੀ ਪੁਰਾਣੇ ਸਮਿਆਂ ਵਰਗੀਆਂ ਨਹੀਂ ਹੋਇਆ ਕਰਦੀਆਂ। ਫੋਕੀ ਹਉਮੈਂ ਖਾਤਰ ਅਜਿਹੇ ਵਿਆਹ ਸਮਾਗਮ ਘਰ ਵਾਲਿਆਂ ਤੇ ਸਿਆਸੀ ਨੇਤਾਵਾਂ ਦੋਹਾਂ ਲਈ ਹੀ ਪੈਸੇ ਤੇ ਸਮੇਂ ਦੀ ਬਰਬਾਦੀ ਹੈ। ਇਸ ਸਾਰੇ ਰੰਡੀ-ਰੋਣੇ ਦਾ ਦਿਲਚਸਪ ਪਹਿਲੂ ਇਹ ਹੈ ਕਿ ਦੋਵੇਂ ਧਿਰਾਂ ਮੇਜ਼ਬਾਨ ਤੇ ਨੇਤਾ ਲੋਕ ਇਸ ਨੂੰ ਗਲਤ ਅਤੇ ਫਜੂਲ ਖਰਚੀ ਸਮਝਦੀਆਂ ਹੋਈਆਂ ਵੀ ਰੋਕਣੋਂ ਅਸਮਰਥ ਹਨ। ਇਕ ਫੋਕੀ ਹਉਮੈਂ ਕਾਰਨ ਦੂਜੀ ਵੋਟਾਂ ਰੁੱਸਣ ਦੇ ਡਰੋਂ। ਜਾਣ-ਪਹਿਚਾਣ ਤਾ ਸੈਂਕੜੇ-ਹਜ਼ਾਰਾਂ ਨਾਲ ਹੋ ਸਕਦੀ ਹੈ। ਪਰ ਪਰਿਵਾਰਕ ਸਬੰਧਾਂ ਦਾ ਗਰਾਫ ਤਿੰਨ-ਚਾਰ ਦਰਜਨ ਪਰਿਵਾਰਾਂ ਤੋਂ ਅਗਾਂਹ ਨਹੀਂ ਚੜ੍ਹਦਾ। ਰਿਸ਼ਤਿਆਂ ਦੇ ਚਿਹਰਿਆਂ 'ਤੇ ਵਕਤ ਦੀ ਧੂੜ ਜਮਦੀ ਹੀ ਰਹਿੰਦੀ ਹੈ। ਫੇਰ ਵੀ ਇਹ ਵਿਖਾਵਿਆਂ ਦਾ ਦੌਰ ਜਾਰੀ ਹੈ। ਤੀਹ ਕੁ ਸਾਲ ਪਹਿਲਾਂ ਸਾਲ ਵਿੱਚ ਇੱਕ ਅੱਧ ਵਿਆਹ ਆਇਆ ਕਰਦਾ ਸੀ ਤੇ ਸਾਰੇ ਟੱਬਰ ਨੂੰ ਚਾਅ ਚੜ੍ਹ ਜਾਂਦਾ ਸੀ। ਹੁਣ ਹਰ ਹਫਤੇ ਵਿਆਹ ਤੇ ਭੋਗ ਦੇ ਸੱਦੇ ਹੁੰਦੇ ਹਨ। ਵਿਆਹਾਂ ਸਮੇਂ ਬੇਲੋੜਾ ਇਕੱਠ ਰੋਕਣ ਲਈ ਸਿਆਸੀ ਲੀਡਰਾਂ ਨੂੰ ਹੀ ਪਹਿਲ ਕਦਮੀ ਕਰਨੀ ਚਾਹੀਦੀ ਹੈ। 'ਵੋਟਾਂ ਲੁੱਟਣ' ਦੇ ਹੋਰ ਬਥੇਰੇ ਢੰਗ ਹਨ। ਇਸ ਬੇਲੋੜੇ ਇਕੱਠਾਂ ਨੇ ਪੰਜਾਬ ਵਿੱਚੋਂ ਕੰਮ ਸੱਭਿਆਚਾਰ ਹੀ ਤਬਾਹ ਕਰਕੇ ਰੱਖ ਦਿੱਤਾ ਹੈ। ਆਮ ਲੋਕੀਂ ਆਪ ਤੋਂ ਵੱਡਿਆਂ ਦੀਆਂ ਬਾਂਦਰ ਨਕਲਾਂ ਹੀ ਕਰਿਆ ਕਰਦੇ ਹਨ।ਇਸ ਦੇਸ਼ ਦੇ ਹਰ ਮਾਮਲੇ ਦੀ ਤਾਣ ਵਧੀ ਹੋਈ ਆਬਾਦੀ ਤੇ ਵੋਟ ਬੈਂਕ 'ਤੇ ਆ ਕੇ ਟੁੱਟਦੀ ਹੈ। ਹੁਣ ਨੇਤਾ ਲੋਕ ਵਿਆਹ ਜਾਂ ਭੋਗ ਸਮਾਗਮਾਂ ਤੋਂ ਅਗਾਂਹ ਪੈਨਸ਼ਨਾਂ, ਵਜੀਫੇ,ਆਟਾ,ਦਾਲ,ਗਰਾਂਟਾਂ ਵੰਡਣ ਲਈ ਵੀ ਪਿੰਡਾਂ 'ਚ ਘੁਮੰਦੇ ਰਹਿੰਦੇ ਹਨ। ਪਹਿਲਾਂ ਇਹ ਕੰਮ ਸਰਕਾਰੀ ਸਫਤਰਾਂ ਰਾਹੀਂ ਹੋਇਆ ਕਰਦੇ ਸਨ। ਲ਼ੋਕ ਵੀ ਵੋਟਾਂ ਵੇਲੇ ਵਿਕਾਸ ਜਾਂ ਸਾਂਝੇ ਕੰਮਾਂ ਦੀ ਗੱਲ ਨਹੀਂ ਕਰਦੇ। ਉਨ੍ਹਾਂ ਦੀ ਇੱਕੋ ਇੱਕ ਸ਼ਿਕਾਇਤ ਹੁੰਦੀ ਹੈ ਕਿ ਇਹ ਹਲਕੇ 'ਚ ਨਹੀਂ ਰਹਿੰਦਾ (ਮਤਲਬ ਸਾਡੇ ਵਿਆਹ ਜਾਂ ਭੋਗ ਤੇ ਨਹੀਂ ਆਇਆ)। ਜੇ ਚੋਣ ਕਮਿਸ਼ਨ ਨੇ ਕੋਈ ਨਿਯਮ ਨਾ ਬਣਾਏ ਤਾਂ ਉਹ ਦਿਨ ਦੂਰ ਨਹੀਂ ਜਦੋਂ ਵੋਟਰ ਉਡੀਕਣਗੇ ਕਿ ਨੇਤਾ ਜੀ ਸਾਡੇ ਰਾਸ਼ਨ ਕਾਰਡ,ਡਰਾਇਵਰ ਲਾਇਸੰਸ,ਸਹਾਇਤਾ ਰਾਸ਼ੀ,ਰਿਹਾਇਸ਼,ਜਾਤ ਅਤੇ ਜਨਮ,ਮੌਤ ਦੇ ਸਰਟੀਫਿਕੇਟ ਪਿੰਡ ਵਿੱਚ ਵੰਡਣ ਆਉਣ। ਮੈਨੂੰ ਅਮਰੀਕਾ ਵਿੱਚ ਇੱਕ ਗੋਰੇ ਸੈਨੇਟਰ ਅਤੇ ਕਨੇਡਾ ਵਿੱਚ ਮਿੱਤਰ ਵਿਧਾਇਕਾਂ  ਅਤੇ ਐੱਮ. ਪੀ.  ਦੇ ਦਫਤਰਾਂ 'ਚ ਜਾਣ ਦਾ ਮੌਕਾ ਮਿਲਿਆ ਹੈ। ਉਹ ਪੰਜ ਦਿਨ ਬਾਕਾਇਦਾ ਆਪਣੇ ਦਫਤਰਾਂ ਵਿੱਚ ਸਵੇਰ ਦੇ 9 ਤੋਂ ਸ਼ਾਂਮ 5 ਵਜੇ ਤੱਕ ਬੈਠਕੇ ਕੰਮ ਕਰਦੇ ਹਨ। ਸ਼ਨੀਵਾਰ ਅਤੇ ਐਤਵਾਰ ਦੀ ਛੁੱਟੀ ਹੁੰਦੀ ਹੈ। ਜਾਂ ਸੈਸ਼ਨ ਲਈ ਰਾਜਧਾਂਨੀਆਂ 'ਚ ਜਾਂਦੇ ਹਨ।
              ਸਾਡੇ ਲੋਕ ਅਤੇ ਲੀਡਰ ਕਦੋਂ ਕੰਮ ਕਰਨ ਵੱਲ ਮੁੜਣਗੇ ?
.......................................

Monday, February 22, 2010

ਸ਼ਿਵ ਦੀ ਕਵਿਤਾ ਵਿੱਚ ਬਿਰਹਾ -ਆਕਾਸ਼ਦੀਪ 'ਭੀਖੀ' ਪਰੀਤ


ਸ਼ਿਵ ਦੀ ਕਵਿਤਾ ਵਿੱਚ ਬਿਰਹਾ   -ਆਕਾਸ਼ਦੀਪ 'ਭੀਖੀ' ਪਰੀਤ                                                               
ਸ਼ਿਵ ਕੁਮਾਰ ਬਟਾਲਵੀ ਦਾ ਨਾਮ ਲੈਦਿਆਂ ਹੀ ਪੰਜਾਬੀ ਸਾਹਿਤ ਦੇ ਪ੍ਰਮੁੱਖ ਰੂਪ ਕਵਿਤਾ ਦੀ ਅਮੀਰੀ ਦਾ ਅਹਿਸਾਸ ਹੋ ਜਾਂਦਾਂ ਹੈ ।ਮਹਾਨ ਪੰਜਾਬੀ ਵਿਦਵਾਨ ਡਾ.ਜੀਤ ਸਿੰਘ ਸੀਤਲ ਨੇ ਆਪਣੀ ਕਿਤਾਬ ‘ਸ਼ਿਵ ਕੁਮਾਰ ਬਟਾਲਵੀ ਜੀਵਨ ਤੇ ਰਚਨਾ’ ਵਿੱਚ ਲਿਖਿਆ ਹੈ ਕਿ, “ਸ਼ਿਵ ਕੁਮਾਰ ਬਟਾਲਵੀ  ਦੇ  ਕਾਵਿ ਜਗਤ ਦੀ ਉਮਰ ਭਾਵੇਂ 10 ਸਾਲ ਦੀ ਹੀ ਸੀ,ਪ੍ਰੰਤੂ ਇਹ ਗੱਲ ਨਿਰਸੰਦੇਹ ਕਹੀ ਜਾ ਸਕਦੀ ਹੈ ਕਿ ਉਸਦੇ ਇਹਨਾਂ 10 ਸਾਲਾਂ ਦੀ ਕਾਵਿ ਰਚਨਾ ਪੂਰੇ ਯੁੱਗ ਦੀ ਦੇਣ ਹੈ ਤੇ ਉਹ ਫਿਰ ਭਾਵੇਂ ਗਿਣਨਾਤਮਕ ਪੱਖ ਤੋਂ ਹੋਵੇ ਜਾਂ ਗਿਣਨਾਤਮਕ ਪੱਖ ਤੋਂ’’।  ਸ਼ਿਵ ਕੁਮਾਰ ਬਟਾਲਵੀ ਦੀ ਕਵਿਤਾ ਵਿੱਚੋਂ ਅਸੀਂ ਕਈ ਵਿਸ਼ਿਆਂ ਨੂੰ ਅਧਾਰ ਬਣਾਕੇ ਗੱਲ ਕਰ ਸਕਦੇ ਹਾਂ ,ਪਰ ਇੱਥੇ ਮੈ ਉਸਦੀ ਕਵਿਤਾ ਦੀ ਪ੍ਰਬਲ ਸੁਰ ‘ਬਿਰਹਾ’ ਦੇ ਸੰਦਰਭ ਵਿੱਚ ਚਰਚਾ ਕਰਾਂਗਾ।                                                                                                                                    ਸ਼ਿਵ ਦੀਆਂ ਕਵਿਤਾਂਵਾਂ ਵਿੱਚ ਭਾਵੇਂ ਸਮਾਜਕ ਚੇਤਨਤਾ ਸਮੇਤ ਆਮ ਇਨਸਾਨ ਦੀ ਜ਼ਿੰਦਗੀ ਨਾਲ ਸਬੰਧਤ ਕਈ ਪੱਖਾਂ ਦੀ ਤਸਵੀਰ ਉਲੀਕੀ ਗਈ ਹੈ, ਪਰ ਬਿਰਹੋਂ , ਗਮ, ਪੀਡ਼ਾ ਤੇ ਨਾਰੀ ਸੰਵੇਦਨਾ ਦੀ ਸੁਰ ਪ੍ਰਦਾਨ ਹੈ।ਬਿਰਹਾ ਦਾ ਸੁਲਤਾਨ ਸ਼ਿਵ ਬਿਰਹੋ ਦੀ ਗੁਡ਼ਤੀ ਲੈਕੇ ਜੰਮਿਆ ਸੀ ਇਸੇ ਲਈ ਤਾਂ ਸ਼ਾਇਦ  ਉਹ  ਆਖ ਰਿਹਾ ,                                                                   “ਅਸੀਂ ਸਭ ਬਿਰਹਾ ਘਰ ਜੰਮਦੇ                                                                                                                                ਬਿਰਹਾ ਆਏ ਹੰਢਾਣ                                                                                                                                                ਬਿਰਹਾ ਖਾਈਏ ,ਬਿਰਹਾ ਪਾਈਏ                                                                                                                                     ਬਿਰਹਾ ਆਏ ਹੰਢਾਣ    ।                                                                    ਸ਼ਿਵ ਤੇ ਬਿਰਹੋ ਵਾਸਤਵ ਵਿੱਚ ਇੱਕ ਦੂਜੇ ਵਿੱਚ ਅਭੇਦ ਹਨ।ਜਿਵੇਂ ਕਲਮ ਸ਼ਿਆਹੀ ਬਿਨਾਂ ਅਧੂਰੀ ਹੈ ,ਸ਼ਿਵ ਤੇ ਸ਼ਿਵ ਦੀ ਕਵਿਤਾ ਬਿਰਹੋ ਬਿਨਾ ਅਧੂਰੇ ਹਨ।ਸ਼ਿਵ ਕੁਮਾਰ ਬਟਾਲਵੀ ਦੀ ਕਵਿਤਾ ਵਿੱਚ ਜੇ ਕਿਸੇ ਨੇ ਬਿਰਹਾ ਸੁਰ ਦਾ ਸਿਖਰ ਵੇਖਣਾ ਹੋਵੇ , ਤਾਂ ਉਸਦੇ ਚੋਥੇ ਕਾਵਿ ਸੰਗ੍ਰਹਿ ‘ਮੈਨੂੰ ਵਿਦਾ ਕਰੋ’ ਤੇ ਆਪਣੇ ਨੇਤਰ ਕਮਲਾਂ ਨਾਲ ਫੇਰੀ ਪਾ ਆਵੇ।ਇਸ ਸੰਗ੍ਰਹਿ ਦੀ ਸਾਰੀ ਕਾਵਿ ਰਚਨਾ ਪਡ਼ ਕੇ ਇਵੇਂ ਅਹਿਸਾਸ ਉਭਰਦਾ ਜਿਵੇਂ ਸ਼ਿਵ ਗਮ,ਮੋਤ ,ਪੀਡ਼ਾ ਦੀ ਤ੍ਰਿਵੈਣੀ ਨਾਲ ਪਰਨਾਇਆ ਹੋਵੇ । ਸਮੁੱਚਾ ਕਾਵਿ ਸੰਗ੍ਰਹਿ ਪਡ਼ਕੇ ਇਵੇਂ ਲੱਗਦਾ ਜਿਵੇਂ ਸ਼ਿਵ ਨੂੰ ਆਪਣੀ ਸਾਂਹਾਂ ਦੀ ਯਾਤਰਾ ਪੂਰੀ ਹੋਣ ਚਸਕਾ ਲੱਗਾ ਹੋਵੇ ਸ਼ਾਇਦ ਤਾਂ ਹੀ  ਤਾਂ ਉਹ ਆਖ ਰਿਹਾ     ,                                                                                                                                                      ਅਸਾਂ ਤਾਂ ਜੋਬਨ ਰੁੱਤੇ ਮਰਨਾ                                                                                                                                       ਮੁਡ਼ ਜਾਣਾ ਅਸੀਂ ਭਰੇ ਭਰਾਏ                                                                                                                                         ਹਿਜਰ ਤੇਰੇ ਦੀ ਕਰ ਪਰਿਕਰਮਾ                                                                                                                               ਅਸਾਂ ਤਾਂ ਜੋਬਨ ਰੁਤੇ ਮਰਨਾਂ    ।                                                                    ਮੈਨੂੰ ਵਿਦਾ ਕਰੋ, ਕਾਵਿ ਸੰਗ੍ਰਹਿ ਵਿੱਚ ਸ਼ਿਵ ਦੀ ਪਹਿਲੀ ਪ੍ਰਗੀਤ ਰਚਨਾ ‘ਮੇਰੇ ਰਾਮ ਜੀਉ’ ਵਿੱਚ ੳਸਨੇ ਇੱਕ ਪ੍ਰੀਤ ਨਾਇਕਾ ਦੀ ਦਰਦ ਕਹਾਣੀ ਨੂੰ ਬਿਰਹਾ ਦੀ ਸੁਰ ਵਿੱਚ ਬਡ਼ੇ ਹੀ ਦਿਲ ਹਲੂਣ ਵਾਲੀਆਂ ਸਤਰਾਂ ਵਿੱਚ ਵਿਅਕਤ ਕੀਤਾ ਹੈ ਕਿ ,ਕਿਸ ਤਰਾਂ ਪ੍ਰੇਮਿਕਾ ਆਪਣੇ ਪ੍ਰੇਮੀ ਨੂੰ ਨਿਹੋਰਾ ਜਿਹਾ ਮਾਰਦੀ ਹੈ ,ਕੇ ਜਦ ਉਹ ਉਸਦੀ ਜਰੂਰਤਮੰਦ ਸੀ ,ਉਹ ਉਸ ਵਕਤ ਕਿਉਂ ਨਹੀਂ ਬਹੁਡ਼ਿਆ।                                                                                              ਕਿੱਥੇ ਸਉਂ ਜਦ ਅੰਗ ਸੰਗ ਸਾਡੇ                                                                                                                                  ਰੁੱਤ ਜੋਬਨ ਦੀ ਮੋਲੀ                                                                                                                              ਕਿੱਥੇ ਸਉਂ ਜਦ ਤਨ ਮਨ ਸਾਡੇ  ਗਈ ਕਥੂਰੀ ਘੋਲੀ                                                                                                            ਕਿੱਥੇ ਸਉਂ ਜਦ ਧਰਮੀ ਬਾਬਲ  , 
ਸਾਡੇ ਕਾਜ ਰਚਾਏ    ,                                                                                                      ਮੇਰੇ ਰਾਮ ਜੀਉ    ।                                                                            ਬਿਰਹਾ ਅਸਲ ਵਿੱਚ ਉਹ ਵਿਯੋਗ ਭਰੀ ਸਥਿਤੀ ਹੈ ਜਦ ਸਾਡੇ ਦਿਲ ਵਿੱਚ ਵਸਣ ਵਾਲਾ ਸਾਡੇ ਕੋਲ ਨਾਂ ਹੋਵੇ, ਪਰ ਉਸਦੀ ਯਾਦ ਸਾਰੀ ਰੂਹ ਵਿੱਚ ਅੱਗ ਵਾਂਗ ਬਲ ਰਹੀ ਹੋਵੇ ,ਆਪਣੇ ਕਿਸੇ ਪਿਆਰੇ ਦੀ ਦੂਰੀ ਵਿੱਚ ਤਡ਼ਫ ,ਤਡ਼ਫ ਕੇ ਜਿਹਡ਼ੇ ਪਲ ਬੀਤਦੇ ਨੇ ,ਉਹਨਾਂ ਪਲਾਂ ਦਾ ‘ਨਾਮਕਰਨ ਬਿਰਹੋ’’ ਕੀਤਾ ਜਾ ਸਕਦਾ ਹੈ।        ਪੇਮਿਕਾ ਆਪਣੇ ਪ੍ਰੇਮੀ ਨੂੰ ਦਰਦ ਭਰੇ ਸੁਆਲ ਕਰਦੀ ਪੁੱਛਦੀ ਹੈ ਕੇ ਸਾਉਣ ਦਾ ਮਹੀਨਾ ਤਾਂ ਮਿਲਾਪ ਦਾ ਵੇਲਾ ਸੀ ,ਪਰ ਉਹ ਉਸ ਵੇਲੇ ਵੀ ਉਸਦੇ ਵਿਛੋਡ਼ੇ ਦੀ ਅਗਨ ਬੁਝਾਉਣ ਕਿਉਂ ਨਾਂ ਬਹੁਡ਼ਿਆ  |                                                                                     ਕਿੱਥੇ ਸਉਂ ਜਦ ਨਹੁੰ ਟੁੱਕਦੀ ਦੇ  ਸਾਉਣ ਮਹੀਨੇ ਬੀਤੇ                                                                                              ਕਿੱਥੇ ਸਉਂ ਜਦ ਮਹਿਕਾਂ ਦੇ ਅਸ  ਦੀਪ ਚਮੁਖੀਏ ਸੀਖੇ                                                                                       
ਕਿੱਥੇ ਸਉਂ ਉਸ ਰੁੱਤੇ  ,  ਤੇ ਤੁਸੀਂ ਉਦੋ ਕਿਉਂ ਨਾਂ ਆਏ                                                                                                             ਮੇਰੇ ਰਾਮ ਜੀਉ                                                                                                                                         ਤੁਸੀਂ ਕਿਹਡ਼ੀ ਰੁੱਤੇ ਆਏ ,ਜਦ ਬਾਗੀ ਫੁੱਲ ਕੁਮਲਾਏ                                                                                                        ਮੇਰੇ ਰਾਮ ਜੀਓ                                                                                                                                 ਸ਼ਿਵ ,ਬਿਰਹਾ ਵਿੱਚੋਂ ਸਵਾਦ ਚੱਖਦਾ ਹੈ ਕਿਸੇ ਸ਼ਹਿਦ ਦੇ ਸਵਾਦ ਵਾਂਗ                                                                                                           ਵਸਲ ਦਾ ਸਵਾਦ ਤਾਂ                                                                                                                                ਇੱਕ ਪਲ ਦੀ ਮੋਜ ਤੋਂ ਵੱਧ ਨਹੀਂ                                                                                                                        ਜੁਦਾਈ ਹਸ਼ਰ ਤੱਕ ਹੈ ਆਦਮੀ ਨੂੰ ਨਸ਼ਾ                                            
         ਸ਼ਿਵ ਤੇ ਬਿਰਹਾ ਵਾਸਤਵ ਵਿੱਚ ਇੱਕ ਦੂਜੇ ਦੇ ਪੂਰਕ ਸਨ ,ਤਾਂ ਹੀ ਤਾਂ ਉਹ ਆਖਦਾ ਹੈ ਕਿ ਉਸਦੇ ਗੀਤਾਂ ਵਿੱਚ ਬਿਰਹੋ ਦੀ ਰਡ਼ਕ ਪੈਂਦੀ ਹੈ।ਸ਼ਿਵ ਤੇ ਬਿਰਹਾ ਬਾਰੇ ਹਾਲੇ ਜੋ ਮੈ ਲਿਖਿਆ ਉਹ ਸ਼ਾਇਦ ਤਿਲ ਮਾਤਰ ਵੀ ਨਹੀ ,ਕਿਉਂਕਿ ਸ਼ਿਵ ਵਾਸਤੇ ਤਾਂ ਬਿਰਹਾ ਸੌ ਮੱਕਿਆਂ ਦਾ ਹੱਜ ਹੈ |                                                                                                

ਸਾਨੂੰ ਸੋ ਮੱਕਿਆਂ ਦਾ ਹੱਜ ਵੇ ਤੇਰਾ ਬਿਰਹਡ਼ਾ
ਲੋਕੀਂ ਪੂਜਣ ਰੱਬ ਮੈ ਤੇਰਾ ਬਿਰਹਡ਼ਾ    । 
......................

Sunday, February 21, 2010

"ਜਦੋਂ ਮੈਂ ਆਪਣੇ ਦਿਲ ਨੂੰ ਬੇਵਕੂਫ਼ ਬਣਾਇਆ......" -ਰਿਸ਼ੀ ਗੁਲਾਟੀ, ਐਡੀਲੇਡ (ਆਸਟ੍ਰੇਲੀਆ)

"ਜਦੋਂ ਮੈਂ ਆਪਣੇ ਦਿਲ ਨੂੰ ਬੇਵਕੂਫ਼ ਬਣਾਇਆ......"  -ਰਿਸ਼ੀ ਗੁਲਾਟੀ, ਐਡੀਲੇਡ (ਆਸਟ੍ਰੇਲੀਆ)
"ਤੂੰ ਜ਼ਰੂਰੀ ਮੇਰੇ ਖੋਸੜੇ ਪਵਾਉਣੇ ਐਂ ?" ਮੈਂ ਕਿਹਾ |

"ਖੋਸੜੇ ਪੈਣ ਵਾਲੀ ਕੀ ਗੱਲ ਐ ? ਸੱਚ ਦੀ ਗੱਲ ਕਰਨੀ ਤੇ ਸਚਾਈ 'ਤੇ ਪਹਿਰਾ ਦੇਣਾ ਆਪਣਾ ਸਭ ਦਾ ਫ਼ਰਜ਼ ਬਣਦਾ ਹੈ |" ਮੇਰੇ ਦਿਲ ਦੀ ਆਵਾਜ਼ ਸੀ |

"ਬਾਈ ਜੀ ! ਸਿਆਣਿਆਂ ਨੇ ਕਿਹਾ ਕਿ 'ਜਾਂਦੀਏ ਬਲਾਏ ਦੁਪਹਿਰਾ ਕੱਟ ਜਾ' ਕਦੇ ਨਾ ਕਹੀਏ |"

"ਪਰ ਇਹ ਦੁੱਖ ਤਾਂ ਮੇਰੇ ਬਰਦਾਸ਼ਤ ਤੋਂ ਬਾਹਰ ਹੈ |"

"ਧਰਮ ਦੇ ਮਸਲੇ 'ਚ ਕਦੇ ਦਖ਼ਲ ਨਹੀਂ ਦੇਣਾ ਚਾਹੀਦਾ, ਮੈਂ ਤਾਂ ਫਿਰ ਹਿੰਦੂ ਪਰਿਵਾਰ 'ਚ ਜੰਮਿਆਂ ਹਾਂ, ਮੈਨੂੰ ਤਾਂ ਊਂ ਈ ਕਿਸੇ ਨੇ ਨਹੀਂ ਬਖ਼ਸ਼ਣਾ |"

"ਇੱਕ ਗੱਲ ਦੱਸ, ਕੀ ਤੂੰ ਕਦੇ ਗੁਰਦੁਆਰਾ ਸਾਹਿਬ ਨਹੀਂ ਗਿਆ ? ਕਦੇ ਧੁਰ ਕੀ ਬਾਣੀ ਦਾ ਪਾਠ ਨਹੀਂ ਕੀਤਾ ?"

"ਗੁਰਦੁਆਰਾ ਸਾਹਿਬ ਵੀ ਜਾਂਦਾ ਹਾਂ ਤੇ ਪਾਠ ਵੀ ਕੀਤਾ ਹੈ, ਫੇਰ ?"

"ਯਾਦ ਕਰ ਜਦ ਤੂੰ ਚੌਥੀ-ਪੰਜਵੀਂ ਜਮਾਤ 'ਚ ਪੜ੍ਹਦਾ ਸੀ, ਪਿੰਡ ਗੁਰਦੁਆਰਾ ਸਾਹਿਬ ਦੇ ਸਪੀਕਰ 'ਚ ਪਹਿਲੀ ਵਾਰ ਰਹਿਰਾਸ ਸਾਹਿਬ ਦਾ ਪਾਠ ਕੀਤਾ ਸੀ ਤਾਂ ਤੇਰੇ ਦਾਦਾ ਜੀ ਨੇ ਅਰਦਾਸ ਕਰਵਾਈ ਸੀ |"

"ਉਹ ਤਾਂ ਯਾਦ ਹੈ, ਪਰ ਨਾਲ਼ ਇਹ ਵੀ ਯਾਦ ਹੈ ਕਿ ਜਿੰਮੀਦਾਰਾਂ ਦੇ ਇੱਕ ਮੁੰਡੇ ਨੇ ਹਿੰਦੂਆਂ ਦਾ ਮੁੰਡਾ ਹੋ ਕੇ ਪਾਠ ਕਰਨ 'ਤੇ ਟੋਕ ਵੀ ਤਾਂ ਕੀਤੀ ਸੀ, ਜਿਸ ਕਰਕੇ ਮੇਰੀ ਜ਼ਿੰਦਗੀ ਪੂਰਨ ਰੂਪ ਵਿੱਚ ਬਦਲ ਗਈ | ਬਚਪਨ ਵਿੱਚ ਜੇਕਰ ਇਹ ਘਟਨਾ ਨਾ ਹੁੰਦੀ ਤਾਂ ਸ਼ਾਇਦ ਅੱਜ ਕਲੀਨ ਸ਼ੇਵ ਹੋਣ ਦੀ ਥਾਂ ਗੁਰਸਿੱਖ ਹੁੰਦਾ |"

"ਜੋ ਮਰਜ਼ੀ ਬਹਾਨੇ ਮਾਰੀ ਜਾ, ਤੈਨੂੰ ਇਹ ਲੇਖ਼ ਲਿਖਣਾ ਹੀ ਪੈਣਾ | ਆਖਿਰ ਆਸਟ੍ਰੇਲੀਆ ਰਹਿਣ ਵਾਲੇ ਪੰਜਾਬੀ ਆਪਣੇ ਹੀ ਭੈਣਾਂ-ਭਰਾ ਹਨ | ਜਦ ਇੱਥੇ ਰਹਿਣਾ ਹੈ ਤਾਂ ਇਨ੍ਹਾਂ ਨੂੰ ਹੀ ਆਪਣਾ ਸਮਝ |" ਮੇਰੇ ਦਿਲ 'ਚੋਂ ਆਵਾਜ਼ ਆਈ |

"ਮੈਂ ਸਾਰੀਆਂ ਗੱਲਾਂ ਨਾਲ਼ ਸਹਿਮਤ ਹਾਂ, ਪਰ ਬਾਈ ਮੇਰਿਆ ! ਧਰਮ ਦੇ ਮਾਮਲੇ 'ਚ ਕੋਈ ਵੀ ਗੱਲ ਕਹਿਣ ਤੋਂ ਸਾਨੂੰ ਗੁਰੇਜ਼ ਕਰਨਾ ਬਿਹਤਰ ਹੈ |"

"ਯਾਰ ! ਮੈਂ ਅਤਿਅੰਤ ਦਰਦ ਨਾਲ਼ ਭਰਿਆ ਪਿਆ ਹਾਂ | ਸਾਡੀਆਂ ਪੰਜਾਬੀ ਕੁੜੀਆਂ ਅਜਿਹੀਆਂ ਪੋਸ਼ਾਕਾਂ ਪਹਿਨ ਕੇ ਗੁਰਦੁਆਰਾ ਸਾਹਿਬ ਆਉਂਦੀਆਂ ਹਨ ਕਿ ਉਨ੍ਹਾਂ ਦਾ ਅੰਗ-ਅੰਗ ਬਾਹਰ ਆਉਣ ਨੂੰ ਕਾਹਲਾ ਹੁੰਦਾ ਹੈ | ਇਉਂ ਲੱਗਦੈ, ਜਿਵੇਂ ਫੈਸ਼ਨ ਪਰੇਡ ਹੋ ਰਹੀ ਹੋਵੇ | ਮੈਂ ਕੀਕਣ ਬਰਦਾਸ਼ਤ ਕਰਾਂ ? ਭਾਈ ਬੀਬਾ ! ਮੰਨਿਆ ਕਿ ਤੁਸੀਂ ਬੜੇ ਵਿਕਸਤ ਮੁਲਕ 'ਚ ਰਹਿੰਦੀਆਂ ਹੋ, ਤੁਹਾਡੀ ਸੋਚ ਬੜੀ ਅਗਾਂਹਵਧੂ ਹੈ, ਆਪਣੀ ਮਰਜ਼ੀ ਦੀਆਂ ਖੁਦ ਮਾਲਕ ਹੋ ਤੇ ਹਰ ਇੱਕ ਨੂੰ ਪੂਰਨ ਆਜ਼ਾਦੀ ਹੈ, ਪਰ ਮਰਿਆਦਾ ਦਾ ਵੀ ਤਾਂ ਕੋਈ ਮਹੱਤਵ ਹੁੰਦਾ ਹੈ | ਬਾਕੀ ਭਾਈ, ਗੁਰੂਘਰ 'ਚ ਤੁਹਾਡੇ ਵਰਗੀਆਂ ਏਨੀਆਂ ਅਗਾਂਹਵਧੂ ਹੋਣ ਨਾਲੋਂ ਤਾਂ ਅਸੀਂ ਪਿਛਾਂਹਵਧੂ ਹੀ ਚੰਗੇ |"

"ਚੁੱਪ ਕਰ ! ਸਾਲਾ ਅਤਿਅੰਤ ਦਰਦ ਦਾ ! ਆਪ ਵੀ ਮਰੇਂਗਾ, ਨਾਲੇ ਮੈਨੂੰ ਮਰਵਾਏਂਗਾ | ਐਵੀਂ ਨਾ ਕਿਸੇ ਨੂੰ ਕਹੀ ਜਾ | ਗੱਲ ਉਹ ਕਰੀਏ ਜੋ ਅੱਖੀਂ ਦੇਖੀ ਹੋਵੇ |" ਮੈਨੂੰ ਆਪਣੇ ਦਿਲ ਦੀ ਸੋਚ ਤੋਂ ਡਰ ਪੈਦਾ ਹੋਣਾ ਸ਼ੁਰੂ ਹੋ ਗਿਆ | ਮੈਂ ਸ਼ੁਰੂ ਤੋਂ ਹੀ ਧਰਮ ਦੇ ਮਾਮਲੇ 'ਤੇ ਕਲ਼ਮ ਚਲਾਉਣ ਤੋਂ ਗੁਰੇਜ਼ ਕੀਤੀ ਹੈ, ਪਰ ਮੇਰਾ ਦਿਲ ਅੱਜ ਤੜਕੇ ਤੋਂ ਹੀ ਮਗਰ ਪਿਆ ਹੋਇਆ ਹੈ ਕਿ ਇਸ ਫੈਸ਼ਨ ਪਰੇਡ ਦੇ ਮਾਮਲੇ ਤੇ ਕੁਝ ਲਿਖਾਂ | ਅਸਲ 'ਚ ਇੱਕ ਪਾਠਕ ਬੀਬੀ ਦਾ ਫ਼ੋਨ ਆਇਆ ਸੀ, ਲਗਦਾ ਹੈ ਉਹ ਵੀ ਮੇਰੇ ਦਿਲ ਵਾਂਗ ਭਾਵੁਕ ਕਿਸਮ ਦੀ ਹੈ | ਉਹਦਾ ਤੇ ਉਹਦੇ ਪਰਿਵਾਰ ਦਾ ਦਿਲ ਵੀ ਮੇਰੇ ਦਿਲ ਵਾਂਗ ਇਨ੍ਹਾਂ ਗੱਲਾਂ ਕਾਰਨ ਦਰਦ ਨਾਲ਼ ਭਰਿਆ ਪਿਆ ਹੈ | ਉਸਨੇ ਤਾਂ ਆਪਣੇ ਦਿਲ ਦੀ ਭੜਾਸ ਕੱਢ ਲਈ, ਪਰ ਮੇਰਾ ਦਿਲ ਇਹ ਗੱਲਾਂ 'ਦਿਲ' ਨੂੰ ਲਾ ਬੈਠਾ ਤੇ ਹੁਣ ਮੇਰੇ ਨਾਲ਼ ਇਸ ਮਾਮਲੇ 'ਤੇ ਲੇਖ਼ ਲਿਖਣ ਦੀ ਜ਼ਿੱਦ ਕਰੀ ਜਾਂਦਾ ਹੈ | ਮੈਂ ਵੀ ਧਾਰ ਰੱਖੀ ਹੈ, ਇਹ ਜੋ ਮਰਜ਼ੀ ਕਹੀ ਜਾਵੇ, ਮੈਂ ਇਹਦੀ ਕਹੀ ਨਹੀਂ ਮੰਨਣੀ |

"ਬਾਹਲਾ ਭੋਲਾ ਨਾ ਬਣ, ਜਦ ਤੂੰ ਮੈਲਬੌਰਨ ਰਹਿੰਦਿਆਂ ਗੁਰਦੁਆਰਾ ਸਾਹਿਬ ਜਾਂਦਾ ਹੁੰਦਾ ਸੀ, ਤਾਂ ਮੇਰੇ ਨਾਲ਼ ਕੀ ਕਲਪਦਾ ਰਹਿੰਦਾ ਸੀ ? ਤੂੰ ਆਹੀ ਕੁਛ ਮੈਨੂੰ ਕਹਿੰਦਾ ਹੁੰਦਾ ਸੀ, ਜੋ ਅੱਜ ਮੈਂ ਤੈਨੂੰ ਕਹੀ ਜਾਂਦਾ ਹਾਂ |"

"ਨਹੀਂ, ਨਾ ਤਾਂ ਮੈਂ ਕੁਛ ਦੇਖਿਆ ਤੇ ਨਾ ਤੈਨੂੰ ਕਦੇ ਕੁਛ ਕਿਹਾ | ਐਵੇਂ ਨਾ ਜ਼ਬਰਦਸਤੀ ਦਾ ਗਵਾਹ ਬਣਾਈ ਜਾ | ਮੈਲਬੌਰਨ ਗੁਰਦੁਆਰਾ ਸਾਹਿਬ ਗਿਆਂ ਨੂੰ ਹੁਣ ਤਾਂ ਅੱਠ-ਨੌਂ ਮਹੀਨੇ ਬੀਤ ਗਏ ਨੇ, ਮੈਨੂੰ ਤਾਂ ਰਾਤ ਖਾਧੀ ਰੋਟੀ ਯਾਦ ਨਹੀਂ ਰਹਿੰਦੀ ਕਿ ਕਾਹਦੇ ਨਾਲ਼ ਖਾਧੀ ਸੀ, ਤੂੰ ਨੌਂ ਮਹੀਨੇ ਪੁਰਾਣੀਆਂ ਗੱਲਾਂ ਤਾਜ਼ਾ ਕਰਵਾਉਣ ਲੱਗਾ ਏਂ |"

"ਕੀ ਯਾਰ ! ਤੈਨੂੰ ਕੁਛ ਵੀ ਯਾਦ ਨਹੀਂ ਰਹਿੰਦਾ | ਤੂੰ ਐਤਵਾਰ ਵਾਲੇ ਦਿਨ ਜਾਇਆ ਤਾਂ ਕਰਦਾ ਸੀ, ......"

"ਕਿਉਂ ਸਾਲਿਆ, ਮਰਵਾਉਣ ਦਾ ਲੱਕ ਬੰਨਿਐਂ ? ਤੈਨੂੰ ਕਿਸੇ ਨੇ ਅਕਲ ਨਹੀਂ ਦਿੱਤੀ ? ਪਿਉ ਮੇਰਿਆ ਮੈਨੂੰ ਸਭ ਯਾਦ ਐ, ਵਾਸਤਾ ਈ ਰੱਬ ਦਾ, ਹੁਣ ਨਾਮ ਨਾ ਲਈਂ ਕਿ ਕਿਹੜੇ ਗੁਰਦੁਆਰਾ ਸਾਹਿਬ ਜਾਂਦਾ ਹੁੰਦਾ ਸੀ |"  ਮੈਂ ਫਟਾਫਟ ਆਪਣੇ ਦਿਲ ਦਾ ਮੂੰਹ ਘੁੱਟਿਆ |

"ਮੇਰਾ ਮੂੰਹ ਕੀ ਘੁੱਟਦੈਂ ? ਮੂੰਹ ਘੁੱਟ ਉਨ੍ਹਾਂ ਦੇ, ਅਜਿਹੀਆਂ ਕੁਰੀਤੀਆਂ ਰੋਕਦੇ ਨਹੀਂ, ਜੋ ਗੁਰਦੁਆਰਿਆਂ ਦੀਆਂ ਪ੍ਰਧਾਨਗੀਆਂ ਤੇ ਮੈਂਬਰੀਆਂ ਲਈ ਇੱਕ ਦੂਜੇ ਤੇ ਦੂਸ਼ਣਬਾਜ਼ੀਆਂ ਕਰਦੇ ਤੇ ਲੜਦੇ ਨੇ ਤੇ ਅਜਿਹਾ ਸਭ ਕੁਝ ਦੇਖਦੇ ਹੋਏ ਵੀ ਅੱਖਾਂ ਬੰਦ ਕਰੀ ਰੱਖਦੇ ਨੇ |"

"......." ਮੈਂ ਕੀ ਕਹਿੰਦਾ, ਮੇਰਾ ਦਿਲ ਤਾਂ ਕੁਝ ਜ਼ਿਆਦਾ ਹੀ ਭਾਵੁਕ ਹੋ ਰਿਹਾ ਸੀ |

"ਐਡੀਲੇਡ ਦਾ ਯਾਦ ਨਹੀਂ, ਲੰਗਰ ਵੇਲੇ ਕਿਵੇਂ ਜਨਤਾ ਧੱਕੋ-ਧੱਕੀ ਹੋਈ ਜਾਂਦੀ ਸੀ | ਦੇ ਧੱਕੇ 'ਤੇ ਧੱਕਾ, ਦੇ ਧੱਕੇ 'ਤੇ ਧੱਕਾ |"

"ਯਾਰ ! ਤੇਰਾ ਵੀ ਪਤਾ ਨਹੀਂ ਲੱਗਦਾ, ਕਦੋਂ ਕੀ ਗੱਲ ਕਰ ਜਾਨੈਂ | ਕਿੱਥੇ ਫੈਸ਼ਨ ਪਰੇਡ, ਕਿੱਥੇ ਪ੍ਰਧਾਨਗੀ ਤੇ ਕਿੱਥੇ ਲੰਗਰ ? ਬਾਕੀ ਜਦੋਂ ਅੱਗੇ ਖੜ੍ਹੇ ਸੇਵਾਦਾਰ ਕੁਝ ਖਾਸ ਬੰਦਿਆਂ ਨੂੰ ਸਾਰੀ ਭੀੜ 'ਚੋਂ ਅੰਦਰ ਲੈ ਜਾਂਦੇ ਐ ਤਾਂ ਜੇ ਕਿਸੇ ਨੇ ਮਾੜਾ ਮੋਟਾ ਧੱਕਾ ਦੇ ਦਿੱਤਾ ਤਾਂ ਕੀ ਹੋਇਆ ? ਨਾਲ਼ੇ ਏਨੀਆਂ ਨਿੱਕੀਆਂ ਗੱਲਾਂ ਬਾਈ ਜੀ, ਆਪਣੇ ਤਾਂ ਯਾਦ ਰਹਿੰਦੀਆਂ ਨਹੀਂ, ਜਿੰਨੀਆਂ ਤੂੰ ਕਰਦੈਂ | ਹੁਣ ਇਹ ਨਾ ਪੁੱਛ ਲਈਂ ਪਈ, ਉਹ ਕਿਹੜਾ ਸੇਵਾਦਾਰ ਸੀ ? ਮੈਂ ਤਾਂ ਇੱਕ ਵਾਰੀ ਹੀ ਉੱਥੇ ਕਿਸੇ ਨਾਲ ਗਿਆ ਸੀ, ਉਹ ਵੀ ਬੜੇ ਮਹੀਨੇ ਹੋ ਗਏ | ਮੈਨੂੰ ਤਾਂ ਰਸਤਾ ਵੀ ਯਾਦ ਨਹੀਂ |"

"ਹੁਣ ਇਹ ਨਾ ਕਹੀਂ ਪਈ, ਐਡੀਲੇਡ ਦੇ ਇੱਕ ਹੋਰ ਗੁਰਦੁਆਰਾ ਸਾਹਿਬ ਬਾਰੇ ਨਹੀਂ ਸੁਣਿਆ, ਜਿੱਥੇ ਸੰਗਤਾਂ ਕੁਰਸੀਆਂ-ਮੇਜ਼ਾਂ ਤੇ ਬਹਿ ਕੇ ਲੰਗਰ ਛਕਦੀਆਂ ਨੇ | ਸਾਰੀ ਉਮਰ ਆਪਾਂ ਤਾਂ ਇਹੀ ਕਹਿੰਦੇ-ਸੁਣਦੇ ਰਹੇ 'ਪ੍ਰਸ਼ਾਦਾ ਵਾਹਿਗੁਰੂ ਜੀ ! ਦਾਲ ਵਾਹਿਗੁਰੂ ਜੀ !!' ਸੁਣਿਐ, ਉੱਥੇ ਕਹਿੰਦੇ ਐ 'ਲਿਟਲ ਬਿਟ ਮੋਰ ! ਲਿਟਲ ਬਿਟ ਮੋਰ !!'

"ਨਾ ! ਚੁੱਪ !! ਗ਼ਲਤ ਗੱਲ !!! ਇਸ ਵਿਸ਼ੇ 'ਤੇ ਆਪਾਂ ਬਿਲਕੁੱਲ ਈ ਗੱਲ ਨਹੀਂ ਕਰਨੀ | ਸੁਣੀ-ਸੁਣਾਈ ਗੱਲ 'ਤੇ ਟਿੱਪਣੀ ਕਰਨੀ ਆਪਣੇ ਅਸੂਲਾਂ ਦੇ ਖਿਲਾਫ਼ ਹੈ | ਜਦੋਂ ਤੱਕ ਗੱਲ ਦਾ ਪੂਰਾ ਪਤਾ ਨਾ ਹੋਵੇ, ਆਪਾਂ ਨਹੀਂ ਬੋਲਦੇ | ਆਪਾਂ ਕਦੀ ਉੱਥੇ ਗਏ ਨਹੀਂ, ਕੁਝ ਦੇਖਿਆ ਨਹੀਂ, ਮੇਜ਼ਾਂ 'ਤੇ ਲੰਗਰ ਛਕਾਉਣ ਦਾ ਕਿਸੇ ਨੂੰ ਕਾਰਨ ਪੁੱਛਿਆ ਨਹੀਂ | ਹੋ ਸਕਦੈ ਉੱਥੋਂ ਦੀ ਕੋਈ ਪ੍ਰੰਪਰਾ ਹੋਵੇ |" ਮੈਂ ਸੁਣੀ-ਸੁਣਾਈ ਗੱਲ 'ਤੇ ਕੁਝ ਵੀ ਬੋਲਣ ਤੋਂ ਸਾਫ਼ ਮੁੱਕਰ ਗਿਆ | ਗੱਲ ਵੀ ਠੀਕ ਹੈ, ਆਪਾਂ ਨੂੰ ਹਰ ਜਗ੍ਹਾ ਦੀਆਂ ਪ੍ਰੰਪਰਾਵਾਂ ਜਾਂ ਇਤਿਹਾਸ ਦਾ ਕੀ ਪਤਾ ? ਜਦੋਂ ਕਦੀ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਮਾਂ 'ਚ ਹੋਏ, ਉਦੋਂ ਆਪਣੇ ਦਿਲ ਦੀ ਤਸੱਲੀ ਵੀ ਕਰਵਾ ਦੇਵਾਂਗੇ, ਪਰ ਹੁਣ ਕੋਈ ਗੱਲ ਨਹੀਂ ਕਰਨੀਂ, ਨਾ ਬਈ, ਉੱਕਾ ਈ ਨਹੀਂ, ਉਂਹੂੰ !

"ਚੱਲ, ਇਸ ਗੱਲ ਨੂੰ ਏਥੇ ਹੀ ਛੱਡ ਦਿੰਨੇ ਐਂ ਪਈ ਸੁਣੀ ਸੁਣਾਈ ਗੱਲ ਐ, ਜਦੋਂ ਅੱਖੀਂ ਦੇਖਾਂਗੇ, ਫੇਰ ਸਹੀ | ਪਰ ਇੱਕ ਸੁਆਲ ਜ਼ਰੂਰ ਪ੍ਰੇਸ਼ਾਨ ਕਰਦੈ, ਪਈ ਗੁਰੂ ਸਾਹਿਬ ਨੇ ਹਰੇਕ ਨੂੰ ਪੰਕਤ ਵਿੱਚ ਬੈਠ ਕੇ ਲੰਗਰ ਛਕਣ ਦਾ ਉਪਦੇਸ਼ ਦਿੱਤਾ ਸੀ, ਹੁਣ ਇਹ ਮੇਜ਼-ਕੁਰਸੀਆਂ ਕਿੱਥੋਂ ਆ ਗਏ ? ਪਤਾ ਨਹੀਂ ਇਹ ਗੱਲ ਸੱਚ ਐ ਕਿ ਝੂਠ ਪਰ ਸਿਆਣੇ ਕਹਿੰਦੇ ਐ, ਧੂੰਆਂ ਹਮੇਸ਼ਾਂ ਉੱਥੇ ਹੁੰਦੈ ਜਿੱਥੇ ਅੱਗ ਹੋਵੇ |"

ਮੈਂ ਸੋਚਦਾਂ ਭਾਵੁਕਤਾ ਕੰਮ ਵਿਗਾੜ ਦਿੰਦੀ ਹੈ | ਮੇਰਾ ਦਿਲ ਤਾਂ ਏਨਾ ਭਾਵੁਕ ਐ ਪਈ ਇੱਕ ਵਾਰੀ ਤਾਂ ਮੈਨੂੰ ਬਰਬਾਦ ਕਰ ਚੁੱਕਿਐ, ਹੁਣ ਨਹੀਂ ਮੈਂ ਇਹਦੇ ਕਹੇ ਲੱਗਣ ਵਾਲਾ | ਹੋਇਆ ਕੀ, ਪਈ ਕਰੀਬ ਨੌਂ-ਦਸ ਸਾਲ ਪਹਿਲਾਂ ਦੀ ਗੱਲ ਐ | ਇੱਕ ਭਲਵਾਨ ਨੂੰ ਯਾਰ ਬਣਾ ਲਿਆ | ਉਹਦੇ ਮਗਰ ਲੱਗ ਕੇ ਕਰਜ਼ਾ ਚੁੱਕ ਕੇ ਹੈਲਥ ਕਲੱਬ ਖੋਲ ਲਿਆ | ਆਪ ਨੂੰ ਭਲਵਾਨੀ ਬਾਰੇ ਕੋਈ ਜਾਣਕਾਰੀ ਨਹੀਂ ਸੀ | ਅਗਲੇ ਨੇ ਅਜਿਹੀਆਂ ਭੁਆਟਣੀਆਂ ਖੁਆਈਆਂ ਕਿ ਆਖਰ ਨਤੀਜਾ ਇਹ ਨਿੱਕਲਿਆ ਕਿ ਘਰ ਵੀ ਵਿਕ ਗਿਆ ਤੇ ਕੰਮ ਕਾਜ ਵੀ | ਮੈਂ ਤਾਂ ਜੀ, ਸੜਕ 'ਤੇ ਆ ਗਿਆ | ਦਿਲ ਦਾ ਕੀ ਐ, ਅਖੇ ਜੀ 'ਹਮਾਰਾ ਦੋਸਤ ਹੈ !' ਇਹ ਗੱਲ ਵੱਖਰੀ ਐ ਪਈ ਸੱਚੇ ਪਾਤਸ਼ਾਹ ਨੇ ਦਇਆ ਮਿਹਰ ਕੀਤੀ ਤੇ ਖਤਾਨਾਂ 'ਚ ਪਈ ਗੱਡੀ ਨੂੰ ਮੁੜ ਪਟੜੀ 'ਤੇ ਲੈ ਆਂਦਾ | ਇਹ ਦਿਲ ਅਜੇ ਕਿਹੜਾ ਟਿਕਦੈ ? ਪਈ ਤੂੰ ਪ੍ਰਦੇਸਾਂ 'ਚ ਆਇਐਂ, ਚੁੱਪ ਕਰਕੇ ਆਪਣੀ ਕਿਰਤ ਕਰ ਤੇ ਭਵਿੱਖ ਬਾਰੇ ਸੋਚ | ਹੁਣ ਦੁਨੀਆਂ 'ਤੇ ਮਾੜੀ ਮੋਟੀ "ਗੜਬੜੇਸ਼ਨ" ਤਾਂ ਚੱਲਦੀ ਹੀ ਐ, ਇਹ ਆਲਾ ਦੁਆਲਾ ਵੇਖ ਨਾਲ਼ੇ ਆਪ ਦੁਖੀ ਹੁੰਦਾ ਰਹਿੰਦੈ, ਨਾਲ਼ੇ ਮੈਨੂੰ ਵੰਝ 'ਤੇ ਚੜ੍ਹਾ ਰੱਖਿਐ |

"ਨਾਲ਼ ਬਾਬਿਆਂ ਦੀਆਂ ਕਾਰਸਤਾਨੀਆਂ ਬਾਰੇ ਵੀ ਲਿਖਣਾ ਏ |" ਮੇਰੇ ਦਿਲ ਨੇ ਨਵਾਂ ਪੱਤਾ ਸੁੱਟਦਿਆਂ ਕਿਹਾ |

"ਬਾਬੇ ਤਾਂ ਬਖ਼ਸ਼ ਦੇ ਯਾਰ ! ਉਹ ਤਾਂ ਰੱਬ ਦੀ ਭਗਤੀ ਤੇ ਉਹਦੇ ਮਿਲਣ ਦਾ ਰਸਤਾ ਦੱਸਦੇ ਨੇ | ਊਂ ਵੀ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ |"

"ਤੈਨੂੰ ਦੱਸ 'ਤਾ ਹੋਊ ਕੋਈ ਰਸਤਾ | ਦੁਨੀਆਂ ਨੂੰ ਤਾਂ ਲੁੱਟਣ ਨੂੰ ਪਏ ਹੋਏ ਨੇ | ਟੈਲੀਵੀਜ਼ਨ 'ਤੇ ਦਰਜਨਾਂ ਦੇ ਹਿਸਾਬ ਨਾਲ਼ ਬਾਬੇ ਆਪਣੇ ਪ੍ਰਵਚਨ ਦਿੰਦੇ ਨੇ | ਕਈ ਤਾਂ ਚੁਟਕਲੇ ਵੀ ਸੁਣਾਉਂਦੇ ਨੇ ਤੇ ਕਈਆਂ ਦੇ ਸਤਿਸੰਗ 'ਚ ਡਿਸਕੋ-ਡਾਂਸ ਵੀ ਹੁੰਦੈ |"

"ਓ....! ਡਿਸਕੋ-ਡਾਂਸ ਨਹੀਂ, ਸੰਗਤਾਂ ਭਜਨ ਸੁਣਕੇ ਆਨੰਦ ਵਿਭੋਰ ਹੋ ਕੇ ਨੱਚਦੀਆਂ ਨੇ |"
"ਭਜਨ ਸੁਣਕੇ ਪਤਾ ਨਹੀਂ ਡਿਸਕੋ-ਡਾਂਸ਼.... ਸੌਰੀ, ਨਾਚ ਪਤਾ ਨਹੀਂ ਕਿਵੇਂ ਹੋ ਜਾਂਦਾ ਹੈ | ਆਪਾਂ ਕਿੰਨੀ ਵਾਰੀ ਕੱਠਿਆਂ ਸ਼ਬਦ-ਕੀਰਤਨ ਸਰਵਣ ਕੀਤਾ, ਆਪਣਾ ਮਨ ਤਾਂ ਆਨੰਦ ਦੀ ਰੌਂਅ 'ਚ ਵਹਿ ਜਾਂਦੈ, ਬਾਣੀ ਨਾਲ਼ ਜੁੜ ਜਾਂਦੈ | ਹੋ ਸਕਦੈ ਲੋਕ ਤਾਂ ਨੱਚਦੇ ਹੋਣ, ਪਈ ਟੈਲੀਵੀਜ਼ਨ ਵਾਲੇ ਕੈਮਰਾ ਨੱਚਣ ਵਾਲੇ 'ਤੇ ਰੱਖਣਗੇ ਤੇ ਲੋਕ ਦੇਖਣਗੇ |"

"ਚੱਲ ਕੋਈ ਨਾ......!" ਮੈਂ ਦਿਲ ਦੀ ਗੱਲ 'ਤੇ ਮਿੱਟੀ ਪਾਉਣ ਦੀ ਕੋਸ਼ਿਸ਼ ਕੀਤੀ |

"ਯਾਰ ਗੁਲਾਟੀ ! ਇੱਕ ਗੱਲ ਤਾਂ ਦੱਸ | ਇਹ ਬਾਬੇ ਕੇਵਲ ਮੀਟ ਤੇ ਸ਼ਰਾਬ ਨੂੰ ਹੀ ਕਿਉਂ ਮਨ੍ਹਾਂ ਕਰਦੇ ਨੇ ? ਬਾਕੀ ਨਸ਼ਿਆਂ ਦਾ ਏਨਾਂ ਵੱਡਾ ਦਰਿਆ ਪੰਜਾਬ 'ਚ ਵਗਣ ਡਿਹਾ ਏ, ਨਸ਼ੇ ਪੰਜਾਬ ਦੀ ਜਵਾਨੀ ਨੂੰ ਘੁਣ ਵਾਂਗ ਲੱਗ ਚੁੱਕੇ ਨੇ ਤੇ ਦਿਨ-ਬ-ਦਿਨ ਖੋਖਲਾ ਕਰੀ ਜਾਂਦੇ ਨੇ | ਉਨ੍ਹਾਂ ਨੂੰ ਕੋਈ ਨਹੀਂ ਰੋਕਦਾ | ਹੋਰ ਤਾਂ ਹੋਰ, ਮੁੰਡ੍ਹੀਰ ਬਰੈੱਡ 'ਤੇ ਆਇਓਡੈਕਸ ਲਾ ਲਾ ਕੇ ਹੀ ਖਾਈ ਜਾਂਦੀ ਹੈ | ਬੂਟ ਪਾਲਸ਼ਾਂ ਸੁੰਘੀ ਜਾਂਦੀ ਹੈ | ਮੈਂ ਤਾਂ ਇੱਥੋਂ ਤੱਕ ਸੁਣਿਐਂ ਕਿ "ਨੌਜਵਾਨ" ਕਿਰਲੀ ਦੀ ਪੂਛ ਵੀ ਜੁਗਾੜ ਕਰਕੇ ਖਾ ਜਾਂਦੇ ਐ | ਆਪਾਂ ਅੱਡ-ਅੱਡ ਬਾਬਿਆਂ ਦੀਆਂ ਗੱਲਾਂ..."

"ਗੱਲਾਂ ਨਹੀਂ ਸਤਿਸੰਗ |"

"ਆਹੋ ਸਤਿਸੰਗ ਹੀ ਸਹੀ | ਆਪਾਂ ਏਨੇ ਸਤਿਸੰਗ ਸੁਣੇ ਨੇ ਪਰ ਇਹ ਨਹੀਂ ਸੁਣਿਆ ਕਿ ਕਿਸੇ ਬਾਬੇ ਨੇ ਡਰੱਗਜ਼ ਜਾਂ ਬੀੜੀਆਂ-ਸਿਗਰਟਾਂ ਤੇ ਪਾਬੰਦੀ ਲਾਈ ਹੋਵੇ | ਇਹ ਕਹਿੰਦੇ ਹੋਣ ਪਈ ਜੇ ਕਿਸੇ ਨੇ ਬੀੜੀ-ਸਿਗਰਟ ਪੀਤੀ ਤਾਂ ਉਸਨੂੰ ਵੀ ਨਰਕ ਦਾ ਭਾਗੀ ਬਣਨਾ ਪਊ ਜਾਂ ਉਸਨੂੰ ਨਾਮ-ਦਾਨ ਦੀ ਬਖਸ਼ਿਸ਼ ਨਹੀਂ ਹੋਣੀ, ਜੋ ਕਿਸੇ ਵੀ ਪ੍ਰਕਾਰ ਦਾ ਨਸ਼ਈ ਹੈ | ਬੀੜੀਆਂ ਪੀਣ ਵਾਲਾ ਆਪਣੇ ਫੇਫੜੇ ਤਾਂ ਫੂਕਦਾ ਹੀ ਹੈ, ਨਾਲ਼ ਦਿਆਂ ਨੂੰ ਬਿਮਾਰੀਆਂ ਮੁਫ਼ਤ 'ਚ ਹੀ ਦੇਈ ਜਾਂਦੈ, ਨਾਲ਼ੇ ਉਨ੍ਹਾਂ ਦਾ ਸਾਹ ਲੈਣਾ ਔਖਾ ਕਰੀ ਰੱਖਦੈ | ਆਹ ਆਸਟ੍ਰੇਲੀਆ 'ਚ ਦੇਖ ਲੈ, ਕੋਈ ਛੱਤ ਥੱਲੇ ਸਿਗਰਟ ਨਹੀਂ ਪੀ ਸਕਦਾ ਤੇ ਸਾਡੇ ਮੁਲਕ 'ਚ ਧੂੰਆਂ ਅਗਲੇ ਦੇ ਮੂੰਹ 'ਤੇ ਮਾਰਦੇ ਨੇ | ਕੋਈ ਕਾਇਦਾ ਕਾਨੂੰਨ ਹੀ ਨਹੀਂ | ਸ਼ਹਿਰਾਂ 'ਚ ਸੇਠ ਸਾਹਿਬ ਹੋਰੀਂ ਤਾਂ ਗੁਟਕੇ ਹੀ ਚੱਬੀ ਜਾਂਦੇ ਐ | ਲਾਲਿਆਂ ਦੇ ਛੋਹਰਾਂ ਦੇ ਦੰਦ ਲਾਲ-ਕਾਲੇ ਹੋਏ ਪਏ ਹੁੰਦੇ ਐ | ਜਦੋਂ ਉਬਾਸੀ ਲੈਣ ਲਈ ਮੂੰਹ ਖੋਲਦੇ ਐ ਤਾਂ ਕੁਇੰਟਲਾਂ ਦੇ ਹਿਸਾਬ ਨਾਲ਼ ਮੁਸ਼ਕ ਬਾਹਰ ਨੂੰ ਆਉਂਦੈ ਤੇ ਵੇਖਣ ਨੂੰ ਜਾਪਦੈ ਜਿਵੇਂ ਨਰਕ ਦਾ ਦਰਵਾਜ਼ਾ ਵੀ ਅਜਿਹਾ ਗੰਦਾ ਹੀ ਹੋਵੇਗਾ | ਪਿੰਡਾਂ 'ਚ ਜ਼ਰਦਾ ਬੁੱਲਾਂ ਥੱਲੇ ਨੱਪੀ ਰੱਖਦੇ ਨੇ ਤੇ ਸ਼ਹਿਰਾਂ 'ਚ ਗੁਟਕੇ | ਗੁਟਕੇ ਕਹਿ ਲਵੋ ਜਾਂ ਮਾਡਰਨ ਜ਼ਰਦਾ, ਗੱਲ ਤਾਂ ਇੱਕੋ ਹੀ ਹੈ | ਆਹ ਦੇਖ ਲੈ, ਕਿੰਨੇ ਬੰਦੇ ਗੋਲੀਆਂ ਖਾ ਕੇ ਹੀ ਲਿਟੀ ਜਾਂਦੇ ਰਹਿੰਦੇ ਨੇ, ਪਰ ਕੀ ਮਜਾਲ ਐ ਕਿ ਬਾਬੇ ਕਹਿ ਦੇਣ ਕਿ ਇਹ ਨਸ਼ੇ ਵੀ ਮਾੜੇ ਹੁੰਦੇ ਨੇ |" ਮੇਰਾ ਦਿਲ ਸ਼ਾਇਦ ਬਾਬਿਆਂ ਦੇ ਨਾਲ਼-ਨਾਲ਼ ਪੰਜਾਬ ਦੀ ਰੁਲ ਰਹੀ ਜਵਾਨੀ 'ਤੇ ਵੀ ਡਾਹਢਾ ਦੁਖੀ ਸੀ |

"ਜੇ ਤੂੰ ਵੱਡਾ ਸਤਿਯੁਗੀ ਹੈ ਤਾਂ ਹੁਣ ਬਾਬੇ ਆਪਣੀ ਹੱਟੀ ਥੋੜੀ ਬੰਦ ਕਰ ਦੇਣ ?"

"ਕੀ ਮਤਲਬ ?" ਗੱਲ ਮੇਰੇ ਦਿਲ ਦੇ ਪੱਲੇ ਨਹੀਂ ਪਈ ਲੱਗਦੀ ਸੀ |

"ਮਤਲਬ ਇਹ ਕਿ ਜੇ ਬਾਬੇ ਸਾਰੇ ਨਸ਼ੇ ਬੰਦ ਕਰਵਾਉਣ ਦੀ ਕੋਸ਼ਿਸ਼ ਕਰਨਗੇ ਤਾਂ ਉਹਨਾਂ ਦੇ ਸਤਿਸੰਗਾਂ 'ਚ ਕੌਣ ਜਾਊ ? ਨਾਲ਼ੇ ਬਹੁਗਿਣਤੀ ਤਾਂ ਅਜਿਹੇ ਲੋਕਾਂ ਦੀ ਹੈ, ਜੋ ਸ਼ਰਾਬ ਤੋਂ ਬਿਨ੍ਹਾਂ ਕੋਈ ਹੋਰ ਨਸ਼ੇ ਕਰਦੇ ਨੇ | ਹੁਣ ਤੇਰੇ ਖਿਆਲ 'ਚ ਮੈਂ ਬਾਬਿਆਂ ਦੇ ਖਿਲਾਫ਼ ਲਿਖ ਦਿਆਂ, ਨਾ ਬਈ ਨਾ, ਹੋ ਹੀ ਨਹੀਂ ਸਕਦਾ |"

"ਭਾਈ ਸਾਹਿਬ ! ਬਾਬੇ ਵੀ ਤਾਂ ਇਨਸਾਨ ਨੇ, ਤੇ ਇਨਸਾਨ ਗਲਤੀਆਂ ਦਾ ਪੁਤਲਾ ਹੈ | ਕੰਪਿਊਟਰ ਚਲਾ ਕੇ ਯੂ-ਟਿਊਬ 'ਤੇ ਦੇਖ ਲੈ ਜਾਂ ਅਖ਼ਬਾਰਾਂ ਪੜ੍ਹ ਲਿਆ ਕਰ | ਬਾਬੇ ਸੰਗਤਾਂ ਸਾਹਮਣੇ ਮੁੱਛਾਂ ਨੂੰ ਵੱਟ ਚਾੜ੍ਹਦੇ ਨੇ, ਹੈਪੀ ਬਰਥਡੇ ਮਨਾਉਂਦੇ ਨੇ, ਆਪਣੇ ਪ੍ਰਵਚਨ ਵਿੱਚ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਰਵੋਤਮ ਦੱਸਦੇ ਨੇ, ਤੇ ਮੁੜ ਆਪ ਹੀ ਸੰਗਤਾਂ ਤੋਂ ਪੈਰੀਂ ਹੱਥ ਲਗਵਾਉਂਦੇ ਨੇ | ਉਹ ਠੀਕ ਹੈ ? ਚੜ੍ਹਦੀ ਉਮਰ ਦੇ ਨੌਜਵਾਨ ਵੀ ਬਾਬੇ ਬਣਨ ਲੱਗ ਪਏ ਨੇ | ਇਨ੍ਹਾਂ ਨੇ ਤਾਂ 'ਬਾਬਾ' ਸ਼ਬਦ ਦੀ ਮਹਿਮਾ ਨੂੰ ਹੀ ਰੋਲ ਕੇ ਰੱਖ ਦਿੱਤਾ ਹੈ | ਆਪਣੇ ਦਾਦੇ-ਦਾਦੀ ਦੀ ਉਮਰ ਦੇ ਬਜ਼ੁਰਗਾਂ ਤੋਂ ਪੈਰੀਂ ਹੱਥ ਲਗਵਾਉਂਦੇ ਨੇ | ਨਾ ਤਾਂ ਪੈਰੀਂ ਹੱਥ ਲਾਉਣ ਵਾਲਿਆਂ ਨੂੰ ਸ਼ਰਮ ਆਉਂਦੀ ਹੈ ਤੇ ਨਾ ਲਗਵਾਉਣ ਵਾਲਿਆਂ ਨੂੰ | ਅੱਧਾ ਬੇੜਾ ਤਾਂ ਅਜਿਹੇ ਅਨਪੜ੍ਹ ਮਾਈਆਂ-ਬਾਪੂਆਂ ਨੇ ਗ਼ਰਕ ਕਰ ਰੱਖਿਆ ਹੈ, ਜਿਹੜੇ ਚੰਗੇ ਭਲੇ ਨੌਜਵਾਨਾਂ ਨੂੰ ਰੱਬ ਦਾ ਦਰਜਾ ਦਿੱਤੀ ਜਾਂਦੇ ਨੇ | ਕਈ ਬਾਬੇ ਤਾਂ ਮੁਟਿਆਰਾਂ ਨਾਲ਼ ਚੋਹਲ-ਮੋਹਲ ਕਰਦੇ ਨੇ | ਕਈਆਂ 'ਤੇ ਕੇਸ ਚੱਲੀ ਜਾਂਦੇ ਐ ਤੇ ਬਾਬੇ ਹੋਰੀਂ ਤਰੀਕਾਂ ਭੁਗਤਣ ਕਚਿਹਰੀ 'ਚ ਜਾਂਦੇ ਨੇ | ਕਈਆਂ ਨੇ ਬਾਡੀਗਾਰਡ ਨਾਲ਼ ਰੱਖੇ ਨੇ | ਇਹ ਬਾਡੀਗਾਰਡ ਜਮਦੂਤਾਂ ਤੋਂ ਬਚਾਉਣ ਲਈ ਨੇ ਕਿ ਸੰਗਤ ਤੋਂ, ਇਹ ਸਮਝ ਨਹੀਂ ਆਈ |"

"ਤੂੰ ਤਾਂ ਯਾਰ ! ਵੱਡੀਆਂ-ਵੱਡੀਆਂ ਗੱਲਾਂ ਕਰਨ ਲੱਗ ਪਿਐਂ, ਹੁਣ ਜਿਹੜੇ ਸਤਿਸੰਗ ਕਰਦੇ ਨੇ, ਪ੍ਰਵਚਨ ਕਰਦੇ ਨੇ, ਜਿੰਨਾਂ ਮਗਰ ਏਨੀ ਦੁਨੀਆਂ ਲੱਗਦੀ ਹੈ, ਉਨ੍ਹਾਂ ਦੀ ਕੋਈ ਵੀ ਗੱਲ ਜਾਂ ਉਨ੍ਹਾਂ ਦੁਆਰਾ ਕੀਤਾ ਗਿਆ ਕੋਈ ਵੀ ਕੰਮ ਗ਼ਲਤ ਥੋੜ੍ਹੀ ਹੋਵੇਗਾ |" ਮੈਂ ਕਿਹਾ |

"ਹਾਂ ਭਾਈ ! ਗੱਲ ਤਾਂ ਕਦੇ ਤੇਰੀ ਵੀ ਜਚਦੀ ਹੈ, ਬਾਬੇ ਤਾਂ ਗ਼ਲਤੀ ਕਰ ਹੀ ਨਹੀਂ ਸਕਦੇ, ਬਾਬੇ ਜੋ ਹੋਏ | ਆਖਿਰ ਉਨ੍ਹਾਂ ਅੰਦਰ ਵੀ ਤਾਂ ਦਿਲ ਹੈ, ਕਦੇ ਤਾਂ ਮਿੱਠਾ ਖਾਣ ਵਾਲੇ ਦਾ ਮਨ ਕਰਾਰਾ ਖਾਣ ਨੂੰ ਕਰ ਹੀ ਆਉਂਦੈ | ਇੱਕ ਗੱਲ ਹੋਰ ਹੈ ਕਿ ਆਪਣੀ ਜਨਤਾ ਤਾਂ ਮਿਰਚਾਂ ਨਾਲ਼ ਸੁੱਕੀ ਰੋਟੀ ਖਾ ਕੇ ਵੀ ਦੇਸ਼ ਦੀ ਜਨਸੰਖਿਆ ਦਾ ਗ੍ਰਾਫ਼ ਉਤਾਂਹ ਵੱਲ ਚੁੱਕੀ ਤੁਰੀ ਜਾਂਦੀ ਹੈ ਤੇ ਬਾਬੇ ਤਾਂ ਫੇਰ ਕਾਜੂ-ਬਦਾਮ ਤੇ ਹੋਰ ਭਾਂਤ-ਭਾਂਤ ਦੇ ਛੱਤੀ ਪਦਾਰਥ ਖਾਂਦੇ-ਪੀਂਦੇ ਨੇ | ਹੁਣ ਜਿਹੜੀ ਤਾਕਤ ਵੰਨ-ਸੁਵੰਨੀ ਦੇ ਦੇਸੀ ਘਿਉ ਵਾਲੇ ਖਾਣੇ 'ਚ ਹੁੰਦੀ ਹੈ, ਉਹ ਵੀ ਤਾਂ ਅੰਦਰ ਜਾ ਕੇ ਥਾਪੀਆਂ ਮਾਰਦੀ ਹੈ | ਬਾਕੀ ਸਿਆਣੇ ਵੀ ਕਹਿੰਦੇ ਨੇ ਪਈ ਮਰਦ ਤੇ ਘੋੜਾ ਕਦੇ ਬੁੱਢੇ ਨਹੀਂ ਹੁੰਦੇ | ਕਈ ਬਾਬੇ ਤਾਂ ਚਾਂਦੀ ਦੇ ਬਰਤਨਾਂ 'ਚ ਰੋਟੀ ਖਾਂਦੇ ਹਨ ਤੇ ਸੰਗਤਾਂ ਦੁਆਰਾ ਦਿੱਤੇ ਗਏ ਤੋਹਫ਼ਿਆਂ ਤੇ ਵੀ ਨੱਕ-ਬੁੱਲ੍ਹ ਕੱਢਦੇ ਹਨ | ਚੱਲ ਇੱਕ ਗੱਲ ਤਾਂ ਦੱਸ, ਪਈ ਬਾਬੇ ਆਪਣੀ ਗੱਦੀ ਕਿਸੇ ਬਾਹਰਲੇ ਨੂੰ ਕਿਉਂ ਨਹੀਂ ਦਿੰਦੇ, ਆਪਣੇ ਪਰਿਵਾਰ 'ਚ ਹੀ ਕਿਉਂ ਘੁਕਾਈ ਫਿਰਦੇ ਨੇ ?" ਦਿਲ ਵਿਅੰਗ ਨਾਲ਼ ਮੇਰੀ ਹਾਮੀ ਓਟ ਕੇ ਮੁੜ ਰੰਗ ਦਾ ਪੱਤਾ ਸੁੱਟ ਗਿਆ |

"ਮੈਨੂੰ ਤਾਂ ਪਤਾ ਨਹੀਂ, ਤੇ ਨਾ ਹੀ ਮੇਰੇ ਪਰਿਵਾਰ ਜਾਂ ਰਿਸ਼ਤੇਦਾਰੀ 'ਚ ਕੋਈ ਅਰਬਪਤੀ ਬਾਬਾ ਹੈ |"

"ਆੜੀ ! ਤੂੰ ਪੜ੍ਹਿਆ ਲਿਖਿਆ ਬੰਦਾ ਹੈਂ, ਵੀਰ ਬਣਕੇ ਇੱਕ ਗੱਲ ਤਾਂ ਸਮਝਾ, ਬਈ ਇਨ੍ਹਾਂ ਨੂੰ ਬਾਬੇ ਬਨਣ ਦੀ ਕੀ ਲੋੜ ਪਈ ਐ ? ਸਾਡੇ ਗੁਰੂ ਸਾਹਿਬਾਨਾਂ ਨੇ ਤਾਂ ਹਮੇਸ਼ਾ ਦਸਾਂ ਨੌਹਆਂ ਦੀ ਕਿਰਤ 'ਤੇ ਜ਼ੋਰ ਦਿੱਤਾ | ਇਹ ਬਾਬੇ ਗੁਰੂ ਸਾਹਿਬਾਨਾਂ ਦੇ ਉਪਦੇਸ਼ ਨੂੰ ਆਮ ਲੋਕਾਂ ਤੱਕ ਤਾਂ ਪਹੁੰਚਾਉਦੇ ਨੇ, ਜਿਸ 'ਚ ਕਿਰਤ ਕਮਾਈ ਦਾ ਵੀ ਜ਼ਿਕਰ ਹੁੰਦਾ ਹੈ | ਪਰ ਆਪ ਡੱਕਾ ਤੋੜ ਕੇ ਦੂਹਰਾ ਨਹੀਂ ਕਰਦੇ !"

"ਗੱਲ ਬਿਲਕੁੱਲ ਸਾਫ਼ ਹੈ | ਦੁਨੀਆਂ 'ਤੇ ਅੱਜ ਦੀ ਤਾਰੀਖ 'ਚ ਅਸਲ ਮਸਲਾ ਪੈਸੇ ਦਾ ਹੈ | ਜੇਕਰ ਪੈਸਾ ਹੈ ਤਾਂ ਸਭ ਹੈ, ਰਿਸ਼ਤੇਦਾਰ, ਯਾਰ-ਦੋਸਤ, ਦੁਨਿਆਵੀ ਸੁੱਖ ਸਹੂਲਤਾਂ ਆਦਿ | ਜੇਕਰ ਕੰਮ ਕੀਤੇ ਬਿਨਾਂ ਸਭ ਮਸਲੇ ਹੱਲ ਹੋਣ ਤੇ ਜੈ-ਜੈਕਾਰ ਮੁਫ਼ਤ ਦੀ, ਤਾਂ ਕੌਣ ਛੱਡਣਾ ਚਾਹੇਗਾ ?" ਮੈਂ ਕਿਸੇ ਚੰਗੇ ਲੀਡਰ ਵਾਂਗ ਗੋਲ-ਮੋਲ ਜਿਹਾ ਜੁਆਬ ਦੇ ਦਿੱਤਾ |

"ਆਹੋ ! ਗੱਲ ਤੇਰੀ ਸੋਲਾਂ ਆਨੇ ਸੱਚ ਹੈ | ਕਿਤੇ ਲਾਏ ਹੁੰਦੇ ਆਸਟ੍ਰੇਲੀਆ ਦੇ ਬਾਗ਼ਾਂ 'ਚ ਸੰਤਰੇ ਤੋੜਨ 'ਤੇ, ਮੁੜ ਲੱਗਦਾ ਪਤਾ ਦਸਾਂ ਨੌਹਆਂ ਦੀ ਕਿਰਤ ਕਮਾਈ ਕਿੱਦਾਂ ਹੁੰਦੀ ਹੈ | ਆਹ ਦੇਖ ਲੈ ਜਿੰਨੇ ਪਾੜ੍ਹੇ ਬਾਗ਼ਾਂ 'ਚ ਕੰਮ ਕਰਦੇ ਨੇ ਸਭ ਵੀਹਾਂ ਨੌਹਾਂ ਦੀ ਕਿਰਤ ਕਰਦੇ ਨੇ | ਅਸਲ਼..."

"ਵੀਹਾਂ ਨੌਹਾਂ ਦੀ ਕਿਰਤ !!!! ਇਹ ਕੀ ਹੁੰਦੀ ਹੈ ? ਮੈਂ ਤਾਂ ਪਹਿਲੀ ਵਾਰੀ ਸੁਣਿਐ | ਅੱਜ ਤੱਕ ਤਾਂ ਦਸਾਂ ਨੌਹਾਂ ਦੀ ਕਿਰਤ ਕਮਾਈ ਬਾਰੇ ਹੀ ਪਤਾ ਸੀ |" ਮੈਂ ਤਾਂ ਘੋਰ ਹੈਰਾਨੀ 'ਚ ਪੈ ਗਿਆ |

"ਨਿੱਕੀ ਜਿਹੀ ਤਾਂ ਗੱਲ ਹੈ, ਬਾਗ਼ਾਂ 'ਚ ਫਲ ਤੋੜਨ ਲਈ ਪੌੜੀ 'ਤੇ ਚੜ੍ਹਨਾ ਪੈਂਦਾ ਹੈ, ਕਈ ਵਾਰੀ ਤਾਂ ਪੌੜੀ ਵੀ ਦਸ-ਬਾਰਾਂ ਫੁੱਟ ਉੱਚੀ ਹੁੰਦੀ ਹੈ | ਜਦੋਂ ਸਾਰੀ ਦਿਹਾੜੀ ਨਾਨ-ਸਟਾਪ ਚੜ੍ਹ-ਲੱਥ ਕਰੀ ਜਾਣੀ ਹੈ ਤਾਂ ਲੱਤਾਂ ਤੇ ਪੈਰ ਕਿੰਨੇ ਦੁਖਦੇ ਨੇ, ਕੋਈ ਅੰਦਾਜ਼ਾ ਨਹੀਂ ਲਗਾ ਸਕਦਾ | ਹੁਣ ਦਸ ਨੌਂਹ ਹੋ ਗਏ ਪੈਰਾਂ ਦੇ ਤੇ ਦਸ ਹੋ ਗਏ ਹੱਥਾਂ ਦੇ |" ਮੇਰੇ ਦਿਲ ਨੇ ਮੇਰੀ ਸ਼ੰਕਾ ਦਾ ਨਿਵਾਰਣ ਕਰਦਿਆਂ ਕਿਹਾ |

"ਆਪਾਂ ਗੱਲ ਕਰ ਰਹੇ ਸੀ ਬਾਬਿਆਂ ਦੀ, ਅਸਲ 'ਚ ਇਨ੍ਹਾਂ ਦੀ ਕਾਹਦੀ ਗ਼ਲਤੀ ਹੈ, ਜਨਤਾ ਨੇ ਸਿਰ ਹੀ ਚੜ੍ਹਾ ਰੱਖੇ ਨੇ | ਜਨਤਾ ਜਦੋਂ ਸਾਰੀ ਦਿਹਾੜੀ ਖੱਪ ਕੇ ਕੀਤੀ ਗਾੜ੍ਹੇ ਖੂਨ-ਪਸੀਨੇ ਦੀ ਕਮਾਈ ਦੇ ਮੱਥੇ ਟੇਕਦੀ ਐ, ਤਾਂ ਬਾਬੇ ਕਿਉਂ ਨਾਂਹ ਕਰਨ ? ਜੇਕਰ ਜਨਤਾ ਨੂੰ ਹੀ ਆਪਣੀ ਕਮਾਈ ਦਾ ਦਰਦ ਨਹੀਂ ਤਾਂ ਬਾਬਿਆਂ ਦੀ ਮੱਤ ਥੋੜ੍ਹਾ ਮਾਰੀ ਐ, ਪਈ ਚੜ੍ਹਾਵੇ ਤੋਂ ਨਾਂਹ ਕਰਨਗੇ | ਊਂ ਤਾਂ ਬਾਬੇ ਕਾਮ, ਕ੍ਰੋਧ, ਲੋਭ, ਮੋਹ ਆਦਿ ਤੋਂ ਦੂਰ ਰਹਿਣ ਦੇ ਪ੍ਰਵਚਨ ਕਰਦੇ ਨੇ, ਪਰ ਆਪ ਇਨ੍ਹਾਂ ਤੇ ਕਾਬੂ ਪਾ ਨਹੀਂ ਸਕੇ | ਆਹ, ਨਵੀਂ ਘਟਨਾ ਹੀ ਦੇਖ ਲੈ | ਬੱਬੂ ਮਾਨ ਨੇ ਇੱਕ ਗੀਤ ਗਾਇਆ, ਉਸਦੇ ਵਿਰੋਧ 'ਚ ਇੱਕ ਬਾਬੇ ਨੇ ਆਪਣੇ ਦੀਵਾਨ 'ਚ ਟਿੱਪਣੀ ਕੀਤੀ | ਟਿੱਪਣੀ ਕਹੀ ਤਾਂ ਕੀ ਕਹੀ ? ਵੱਡਾ ਸਾਰਾ ਟਿੱਪਣਾ ਕੀਤਾ | ਬਾਬੇ ਦੇ ਦਿਲ 'ਚ ਮਘਦੇ ਅੰਗਿਆਰ ਉਹਦੀ ਜ਼ੁਬਾਨ ਰਾਹੀਂ ਬਾਹਰ ਆ ਰਹੇ ਸਨ | ਆਹ ਤਾਂ ਬਾਬਿਆਂ ਦਾ ਹੈ, ਕ੍ਰੋਧ ਤੇ ਕਾਬੂ | ਬਾਬਾ ਕਹਿੰਦਾ, ਜੇ ਕੋਈ ਸਾਬਤ ਸੂਰਤ ਗੱਲ ਕਰੇ ਤਾਂ ਕਰੇ, ਪਰ ਰੋਡੇ ਭੋਡੇ ਵੀ ਪੰਥਕ ਜਥੇਬੰਦੀਆਂ 'ਤੇ ਗੱਲਾਂ ਕਰਦੇ ਨੇ | ਇਸਦਾ ਮਤਲਬ ਤਾਂ ਇਹ ਹੋਇਆ ਕਿ ਜੇਕਰ ਕੋਈ ਸਾਬਤ ਸੂਰਤ ਨਹੀਂ ਹੈ ਤਾਂ ਉਸਨੂੰ ਬੁਰਾਈ ਦੇ ਖਿਲਾਫ਼ ਆਵਾਜ਼ ਉਠਾਉਣ ਦਾ ਕੋਈ ਹੱਕ ਨਹੀਂ | ਬੱਬੂ ਮਾਨ ਨੇ ਤਾਂ ਪਾਖੰਡੀਆਂ ਦੇ ਖਿਲਾਫ਼ ਗੱਲ ਕੀਤੀ ਸੀ, ਕਿਸੇ ਦਾ ਨਾਮ ਤਾਂ ਨਹੀਂ ਲਿਆ ਸੀ, ਪਰ ਇਨ੍ਹਾਂ ਨੂੰ ਪਤਾ ਨਹੀਂ ਕਿਉਂ ਬੁਰਾ ਲੱਗ ਗਿਆ | ਕਿਤੇ ਸਿਆਣਿਆਂ ਦੀ 'ਚੋਰ ਦੀ ਦਾੜ੍ਹੀ 'ਚ ਡੱਕਾ' ਵਾਲੀ ਗੱਲ ਸੱਚ ਤਾਂ ਨਹੀਂ ?" ਦਿਲ ਨੂੰ ਬਾਬਿਆਂ ਤੇ ਸਚਮੁੱਚ ਗੁੱਸਾ ਆਉਣ ਲੱਗ ਪਿਆ ਸੀ |

"ਕਿਸੇ ਨੇ ਇੱਕ ਚੁਟਕਲਾ ਸੁਣਾਇਆ | ਪਈ ਇੱਕ ਬਾਬਾ ਕਹੇ ਕਿ ਮੈਂ ਕ੍ਰੋਧ ਨੂੰ ਜਿੱਤ ਲਿਆ ਹੈ | ਇੱਕ ਸ਼ਰਧਾਲੂ ਨੇ ਪੁੱਛਿਆ 'ਬਾਬਾ ਜੀ ! ਕੀ ਤੁਹਾਨੂੰ ਸੱਚਮੁੱਚ ਗੁੱਸਾ ਨਹੀਂ ਆਉਂਦਾ ?" ਬਾਬਾ ਬੋਲਿਆ 'ਹਾਂ ਪੁੱਤਰ ! ਮੈਨੂੰ ਕਦੀ ਗੁੱਸਾ ਨਹੀਂ ਆਉਂਦਾ |' ਸ਼ਰਧਾਲੂ ਨੇ ਚਾਰ ਕੁ ਵਾਰੀ ਫਿਰ ਉਹੀ ਸਵਾਲ ਪੁੱਛਿਆ | ਬਾਬਾ ਮੱਥੇ ਤਿਊੜੀਆਂ ਪਾ ਕੇ ਬੋਲਿਆ 'ਕਾਕਾ ! ਤੈਨੂੰ ਅਜੇ ਤੱਕ ਸਮਝ ਨਹੀਂ ਆਈ, ਮੈਨੂੰ ਗੁੱਸਾ ਨਹੀਂ ਆਉਂਦਾ | ਪੰਦਰਾਂ ਕੁ ਮਿੰਟ ਪਿੱਛੋਂ ਸ਼ਰਧਾਲੂ ਨੇ ਫਿਰ ਉਹੀ ਸਵਾਲ ਕਰ ਦਿੱਤਾ | ਬਾਬੇ ਨੇ ਆਪਣੀ ਖੂੰਡੀ ਸ਼ਰਧਾਲੂ ਦੇ ਕੱਢ ਮਾਰੀ ਤੇ ਕਿਹਾ 'ਭੈਣ ਦਿਆ **** ! ਤੈਨੂੰ ਕਿੰਨੀ ਵਾਰ ਦੱਸਾਂ ਕਿ ਮੈਨੂੰ ਗੁੱਸਾ ਕਦੀ ਨਹੀਂ ਆਉਂਦਾ |" ਮੈਂ ਵੀ ਲੱਗਦੇ ਹੱਥ ਆਪਣੇ ਦਿਲ ਨੂੰ ਕਹਾਣੀ ਸੁਣਾ ਦਿੱਤੀ |

"ਓ ਤੂੰ ਛੱਡ ਗੁੱਸੇ ਦੀਆਂ ਗੱਲਾਂ, ਅੱਗੇ ਸੁਣ | ਹੁਣ ਕਾਮ ਬਾਰੇ ਤਾਂ ਮੈਂ ਕੀ ਕਹਾਂ, ਅਖ਼ਬਾਰਾਂ ਨੇ ਹੀ ਬੜਾ ਕੁਝ ਕਹਿ ਦਿੱਤਾ | ਮੋਹ ਦੀ ਗੱਲ ਸੁਣ ਲੈ, ਬਾਬੇ ਊਂ ਤਾਂ ਕਹੀ ਜਾਂਦੇ ਨੇ ਪਈ ਕੋਈ ਕਿਸੇ ਦਾ ਪੁੱਤਰ ਨਹੀਂ, ਕੋਈ ਕਿਸੇ ਦੀ ਧੀ ਨਹੀਂ | ਸਭ ਲੈਣੀ-ਦੇਣੀ ਦੇ ਸੰਬੰਧ ਹਨ | ਭਲਾ ਪੁੱਛਣ ਵਾਲਾ ਹੋਵੇ ਕਿ ਆਪਣੇ ਧੀਆਂ-ਪੁੱਤਰ ਤਾਂ ਤੁਹਾਨੂੰ ਬੜੇ ਪਿਆਰੇ ਨੇ | ਤੁਹਾਨੂੰ ਤਾਂ ਪੂਰਾ ਗਿਆਨ ਹੈ, ਕਰੋ ਆਪਣੇ ਲੈਣੀ-ਦੇਣੀ ਦੇ ਸੰਬੰਧ ਖ਼ਤਮ ਤਾਂ ਜੋ ਜਨਤਾ ਵੀ ਤੁਹਾਡੇ ਮਗਰ ਲੱਗ ਸਕੇ | ਆਪ ਤਾਂ ਗ੍ਰਹਿਸਥ ਜੀਵਨ ਵੀ ਭੋਗ ਲਿਆ, ਜੁਆਕ ਵੀ ਜੰਮ ਲਏ | ਹੁਣ ਸਾਡੀ ਵਾਰੀ ਆਈ ਤਾਂ ਘੁੱਗੂ ਰੋ ਪਿਆ ! ਬੱਲੇ ਓਏ ਵੱਡੇ ਚਲਾਕਾਂ ਦੇ !! ਬਾਕੀ ਗੱਲ ਰਹੀ ਲੋਭ ਦੀ, ਉਹ ਵੀ ਸੁਣ ਲੈ | ਬਾਬੇ ਦਾਅਵੇ ਕਰਦੇ ਨੇ ਕਿ ਸਾਡੇ ਏਨੇ ਲੱਖ ਚੇਲੇ ਨੇ, ਮਾੜੀ ਜਿਹੀ ਕਰ ਖਾਂ ਗੁਣਾ ! ਜੇ ਇੱਕ ਚੇਲਾ ਸਾਲ 'ਚ ਇੱਕ ਵਾਰੀ ਹੀ ਬਾਬੇ ਦੇ ਦਰਸ਼ਨ ਕਰਨ ਜਾਵੇ ਤੇ ਘੱਟੋ-ਘੱਟ ਦਸ ਰੁਪਏ ਮੱਥਾ ਟੇਕੇ ਤਾਂ ਗਿਣ ਲੈ ਸਿਫ਼ਰਾਂ, ਕਿੰਨੇ ਕੁ ਰੁਪਏ ਬਾਬੇ ਦੀ ਮੱਥਾ ਟਿਕਾਈ ਹੀ ਬਣ ਗਏ | ਹੁਣ ਜੇ ਜਨਤਾ ਆਪਣੀ ਹੱਡ-ਭੰਨਵੀਂ ਕਮਾਈ 'ਚੋਂ ਕਰੋੜਾਂ ਰੁਪਏ ਬਾਬਿਆਂ ਨੂੰ ਹੀ ਸਲਾਨਾ ਦੇਈ ਜਾਂਦੀ ਐ ਤਾਂ ਬਾਬੇ ਨਵੀਨਤਮ ਕਾਰ ਕਾਲੇ ਰੰਗ ਦੀ 'ਔਡੀ' ਤਾਂ ਰੱਖਣਗੇ ਹੀ | ਬਾਕੀ ਦੁਨਿਆਵੀ ਸਹੂਲਤਾਂ ਮੋਬਾਇਲ, ਏਅਰ ਕੰਡੀਸ਼ਨਰ, ਕੰਪਿਊਟਰ, ਫਰਿੱਜ, ਟੈਲੀਵੀਜ਼ਨ ਤੇ ਹੋਰ ਸੁੱਖ ਸਹੂਲਤਾਂ ਤਾਂ ਪੈਸੇ ਨਾਲ਼ ਆ ਹੀ ਜਾਂਦੀਆਂ ਨੇ | ਇੰਕਮਟੈਕਸ ਵਾਲੇ ਵੀ ਛੋਟੇ ਦੁਕਾਨਦਾਰਾਂ ਦੇ ਸ਼ਿਕੰਜੇ ਕੱਸਣ ਵਾਲੇ ਹੀ ਹਨ, ਕਰੋੜਾਂ ਦੀ ਪ੍ਰਾਪਰਟੀ ਬਾਬਿਆਂ ਦੇ ਕੋਲ ਹੈ, ਕਦੀ ਨਹੀਂ ਸੁਣਿਆ ਕਿ ਕਿਸੇ ਬਾਬੇ ਦੀ ਇਨਕੁਆਰੀ ਹੋਈ ਹੋਵੇ | ਜੇ ਕਿਸੇ ਨੂੰ ਪੁੱਛ ਲਿਆ ਤਾਂ 'ਦਾਨ' ਵਾਲੀ ਮੋਰੀ ਥਾਣੀ ਸਭ ਨਿੱਕਲ ਜਾਣਗੇ |" ਮੇਰੇ ਦਿਲ ਨੇ ਲੰਬਾ ਚੌੜਾ ਭਾਸ਼ਣ ਝਾੜ ਦਿੱਤਾ | ਹੁਣ ਮੈਂ ਆਪਣੇ ਮੂੰਹੋਂ ਕੋਈ ਗੱਲ ਕੱਢ ਕੇ ਜਾਂ ਕੋਈ ਟਿੱਪਣੀ ਕਰਕੇ "ਗੁਨਾਹਗਾਰ" ਥੋੜੀ ਬਣਨਾ ਸੀ, ਸੋ ਮੈਂ ਚੁੱਪ ਰਹਿਣ 'ਚ ਭਲਾਈ ਸਮਝੀ | ਇੱਥੇ ਆਸਟ੍ਰੇਲੀਆ ਯੂਨਿਟਾਂ (ਘਰਾਂ) 'ਚ ਮੁੰਡੇ ਅਕਸਰ ਹੀ ਮਹਿਫ਼ਿਲ ਲਗਾਈ ਰੱਖਦੇ ਨੇ | ਅੱਜ ਵੀ ਕਈ ਆਂਢੀ-ਗੁਆਂਢੀ 'ਕੱਠੇ ਹੋਏ ਬੈਠੇ ਸੀ | ਕੁਦਰਤੀ ਬਾਬਿਆਂ ਤੇ ਚਰਚਾ ਹੋਣ ਲੱਗ ਪਈ |

"ਗੱਲ ਇਉਂ ਐ, ਬਾਈ ਸਿਆਂ ! ਪਈ ਬਾਬਾ ਬੱਬੂ ਮਾਨ ਦੇ ਖਿਲਾਫ਼ ਕਿਉਂ ਬੋਲਿਆ, ਭਲਾ ਉਹਦਾ ਕਿਹੜਾ ਗੀਤ 'ਚ ਨਾਮ ਲਿਆ ਸੀ |"

"ਆਹੋ ! ਟੈਲੀਵੀਜ਼ਨ ਆਲੇ ਕਹੀ ਜਾਂਦੇ ਸੀ ਕਿ ਬਾਬੇ ਆਪ ਤਾਂ ਧਰਮ ਦਾ ਪ੍ਰਚਾਰ ਕਰਨ ਦੀ ਆੜ 'ਚ ਐਸ਼ੋ-ਆਰਾਮ ਦੀ ਜਿੰਦਗੀ ਜਿਉਂਦੇ ਨੇ | ਮੈਂ ਯੂ-ਟਿਊਬ 'ਤੇ ਦੇਖਿਆ ਸੀ |"

"ਸਹੀ ਕਹਿੰਦੇ, ਕਿਹੜਾ ਝੂਠ ਐ ?"

"ਬਾਬਾ ਕਹਿੰਦਾ ਕਿ ਗੁਰੂ ਨਾਨਕ ਸਾਹਿਬ ਦੇ ਸਮੇਂ ਸਾਰੀ ਦੁਨੀਆਂ ਤੁਰਦੀ ਸੀ, ਗੁਰੂ ਸਾਹਿਬ ਵੀ ਤੁਰਦੇ ਸਨ | ਕਦੇ ਘੋੜਿਆਂ ਦਾ ਜ਼ਮਾਨਾ ਆ ਗਿਆ, ਕਦੇ ਰੱਥਾਂ ਦਾ ਜ਼ਮਾਨਾ ਆ ਗਿਆ, ਕਦੇ ਗੱਡੀਆਂ ਦਾ ਵੇਲਾ ਆ ਗਿਆ | ਸੁਣਨ ਵਾਲੇ ਤਾਂ ਗੱਡੀਆਂ ਤੇ ਆਉਣਗੇ ਤੇ ਪ੍ਰਚਾਰ ਕਰਨ ਵਾਲੇ ਤੁਰ ਕੇ ਜਾਣ, ਇਹ ਕਿਵੇਂ ਹੋ ਸਕਦੈ ?"

"ਪ੍ਰਚਾਰ ਕਰਨ ਨੂੰ 'ਔਡੀ' ਰੱਖਣੀ ਜ਼ਰੂਰੀ ਹੈ ਕੀ ? ਛੋਟੀ ਗੱਡੀ ਜਿਵੇਂ ਕਿ ਮਰੂਤੀ-ਮਰਾਤੀ ਵੀ ਤਾਂ ਰੱਖੀ ਜਾ ਸਕਦੀ ਹੈ |"

"ਜੇ ਬਾਬੇ ਮਰੂਤੀ 'ਚ ਆਉਣਗੇ ਤਾਂ ਲੋਕ ਕਹਿਣਗੇ ਛੋਟੇ ਬਾਬੇ ਆ ਗਏ, ਵੱਡੀ ਗੱਡੀ ਨਾਲ਼ ਸੰਗਤਾਂ ਤੇ ਚੰਗਾ ਪ੍ਰਭਾਵ ਪੈਂਦਾ ਹੈ |" 'ਤੇ ਯੂਨਿਟ 'ਚ ਹਾਸੜ ਮੱਚ ਗਈ | 40-45 ਡਿਗਰੀ ਤਾਪਮਾਨ 'ਚ ਖੇਤਾਂ 'ਚ ਕੰਮ ਕਰਕੇ ਭੰਨੀ ਪਈ ਮੁੰਡ੍ਹੀਰ ਨੂੰ ਗੱਲਬਾਤ ਕਰਨ ਦਾ ਕੋਈ ਅਜਿਹਾ ਵਿਸ਼ਾ ਮਿਲਦਾ ਰਹੇ ਤਾਂ ਭਿਆਨਕ ਗਰਮੀ ਦੇ ਬਾਵਜੂਦ ਉਹ ਆਪਣੇ 'ਵਡਮੁੱਲੇ ਵਿਚਾਰ' ਪ੍ਰਗਟ ਕਰਕੇ ਤਰੋ-ਤਾਜ਼ਾ ਰਹਿੰਦੇ ਨੇ | ਇਸ ਮਸਲੇ ਦਾ ਕੀ ਅੰਤ ਹੋਵੇਗਾ ਇਹ ਤਾਂ ਅਜੇ ਭਵਿੱਖ ਦੇ ਗਰਭ 'ਚ ਹੈ ਪਰ ਮੈਂ ਆਪਣੇ ਦਿਲ ਨੂੰ ਸਮਝਾਉਣ ਤੇ ਲੱਗਾ ਹੋਇਆ ਸਾਂ |

"ਆਪਾਂ ਕੀ ਕਰ ਸਕਦੇ ਹਾਂ, ਦਿਲਾ ਮੇਰਿਆ ? ਜਦੋਂ ਬਾਬਿਆਂ ਦੇ ਮਗਰ ਲੱਗਣ ਵਾਲੇ ਲੋਕਾਂ ਦੀ ਤਾਦਾਦ ਲੱਖਾਂ 'ਚ ਹੈ ਤਾਂ ਤੇਰੇ ਵਰਗਿਆਂ ਦੀ ਆਵਾਜ਼ ਕੀਹਨੇ ਸੁਣਨੀ ਐ ? ਦੜ ਵੱਟ ਜ਼ਮਾਨਾ ਕੱਟ ਵਾਲਾ ਹਿਸਾਬ ਠੀਕ ਹੈ | ਇੱਕ ਗੱਲ ਤੂੰ ਵੀ ਦੱਸ ਕਿ ਬੱਬੂ ਮਾਨ ਕਿਹੜਾ ਭਲਾ ਹੈ ? ਹੋਰ ਨਸ਼ਿਆਂ ਦਾ ਤਾਂ ਮੈਨੂੰ ਪਤਾ ਨਹੀਂ ਪਰ ਸਫ਼ਲਤਾ ਦਾ ਨਸ਼ਾ ਉਸਦੇ ਦਿਮਾਗ ਤੇ ਇਸ ਕਦਰ ਹਾਵੀ ਹੋਇਆ ਹੈ ਕਿ ਉਸਨੂੰ ਚੰਗੇ ਮਾੜੇ ਦੀ ਪਹਿਚਾਣ ਹੀ ਨਹੀਂ ਰਹੀ | ਸਟੇਜ 'ਤੇ ਖੜ੍ਹਾ ਹੋ ਕੇ ਬੋਲਣ ਲੱਗਿਆਂ ਅੱਗਾ ਪਿੱਛਾ ਨਹੀਂ ਦੇਖਦਾ |"

"ਮੈਂ ਕਿਹੜਾ ਬੱਬੂ ਮਾਨ ਦੀ ਪੱਖ ਲੈ ਰਿਹਾ ਹਾਂ ? ਇੱਕ ਬੰਦੇ ਨੇ ਉਸਦੀ ਗ਼ਲਤ ਆਲੋਚਨਾ ਕੀਤੀ, ਮੈਂ ਤਾਂ ਕੇਵਲ ਗ਼ਲਤ ਨੂੰ ਗ਼ਲਤ ਕਿਹਾ ਹੈ | ਨਥਿੰਗ ਮੋਰ....! ਮੈਂ ਕਦੋਂ ਕਿਹਾ ਕਿ ਇਹ ਗਾਇਕ ਚੁਆਵੇਂ ਦੁੱਧ ਦਾ ਧੋਤਾ ਹੈ ?" ਮੇਰਾ ਦਿਲ ਆਪਣਾ ਬਚਾਅ ਕਰਨ 'ਚ ਪੂਰੀ ਤਰ੍ਹਾਂ ਕਾਮਯਾਬ ਸੀ |

"ਆਹ ਪਿੱਛੇ ਜਿਹੇ ਕਿਸੇ ਨੇ ਵਿਆਨਾ 'ਚ ਬਾਬਾ ਮਾਰ ਦਿੱਤਾ ਤਾਂ ਲੋਕਾਂ ਨੇ ਪੰਜਾਬ 'ਚ ਹਜ਼ਾਰਾਂ ਕਰੋੜ ਰੁਪਇਆਂ ਦੀ ਜਾਇਦਾਦ ਫੂਕ ਦਿੱਤੀ | ਕਿੱਥੇ ਪੰਜਾਬ ਕਿੱਥੇ ਵਿਆਨਾ | ਭਲਾ ਕੋਈ ਪੁੱਛਣ ਵਾਲਾ ਹੋਵੇ ਜੇ ਬਾਹਲਾ ਹੀ ਗੁੱਸਾ ਆਉਂਦੈ ਤਾਂ ਲੈ ਕੇ ਵੀਜ਼ਾ ਵਿਆਨਾ ਦਾ, ਜਾ ਕੇ ਕੱਟਾ-ਕੱਟੀ ਕੱਢ ਲਵੋ | ਆਪਣੇ ਵਾਰੀ ਲੋਕਾਂ ਦਾ ਇਹ ਹਾਲ ਹੈ ਕਿ ਜੇ ਖੰਘਾਰ ਵੀ ਸੁੱਟਣਾ ਹੋਵੇ ਤਾਂ ਉਹ ਵੀ ਆਪਣੀ ਕੁਕੜੀ ਅੱਗੇ ਸੁੱਟਣਗੇ ਤੇ ਬੇਗਾਨੀ (?) ਜਾਇਦਾਦ ਦਾ ਕੋਈ ਮੁੱਲ ਨਹੀਂ ? ਵੇਖ ਖਾਂ ! ਕਿੰਨੇ ਸਿਆਣੇ ਲੋਕ ਨੇ ਆਪਣੇ ਮੁਲਕ ਦੇ, ਕਾਂਡ ਕਿੱਥੇ ਹੋਇਆ ਤੇ ਸਾੜ-ਫੂਕ ਤੇ ਦੰਗੇ ਕਰਨ ਲੱਗ ਪਏ ਆਪਣੇ ਘਰ 'ਚ | ਸ਼ਰਮ ਨਹੀਂ ਆਉਂਦੀ | ਉਹੋ ਜਿਹੀ ਸਰਕਾਰ, ਬੱਸ ਤਮਾਸ਼ਾ ਹੀ ਦੇਖਣ ਜੋਕਰੀ ਹੈ | ਭਾਵੇਂ ਜਿੰਨੇ ਮਰਜ਼ੀ ਦੰਗੇ ਹੋਈ ਜਾਣ, ਜਿੰਨੀ ਮਰਜ਼ੀ ਸਾੜ-ਫੂਕ ਹੋਈ ਜਾਏ, ਕਿਸੇ ਨੂੰ ਕੁਝ ਕਹਿਣਾ ਨਹੀਂ | ਜੇ ਮੁਲਕ ਦੀ ਬੇੜੀ ਬਹਿੰਦੀ ਹੈ, ਤਾਂ ਬਹਿ ਜਾਵੇ ਪਰ ਵੋਟ ਬੈਂਕ ਨੂੰ ਆਂਚ ਨਾ ਆਵੇ |"

"ਦਿਲਾ ਮੇਰਿਆ ! ਕਿਉਂ ਅੰਤਰ-ਰਾਸ਼ਟਰੀ ਦੁੱਖ ਆਪਣੇ ਆਪ ਨੂੰ ਲਾਈ ਬੈਠਾ ਏਂ ? ਜੇ ਆਪਣੇ ਹਮਵਤਨਾਂ 'ਚ ਏਨੀ ਹੀ ਦੇਸ਼ਭਗਤੀ ਦੀ ਭਾਵਨਾ ਹੁੰਦੀ ਤਾਂ ਇਹ ਮੁਲਕ ਦੁਨੀਆਂ ਦਾ ਸਭ ਤੋਂ ਅਮੀਰ ਮੁਲਕ ਹੋਣਾ ਸੀ | ਕੁਦਰਤ ਨੇ ਏਨੀਆਂ ਨਿਆਮਤਾਂ ਬਖ਼ਸ਼ੀਆਂ ਨੇ ਭਾਰਤ ਨੂੰ, ਚੰਗਾ ਪੌਣ-ਪਾਣੀ, ਉਪਜਾਊ ਧਰਤੀ, ਫਲਾਂ ਦੇ ਬਗੀਚੇ, ਜੰਗਲ, ਪਹਾੜ, ਸਮੁੰਦਰ, ਵੱਖ-ਵੱਖ ਧਾਤਾਂ ਦੀਆਂ ਖਦਾਨਾਂ ਤੇ ਪਤਾ ਨਹੀਂ ਹੋਰ ਕੀ ਕੁਝ | ਪਰ ਕੀ ਕੋਈ ਫਾਇਦਾ ਹੋ ਰਿਹਾ ਹੈ ? ਜੇਕਰ ਚਾਲੀ ਪੈਸੇ ਫਾਇਦਾ ਹੁੰਦਾ ਹੈ ਤਾਂ ਰੁਪਈਏ ਦਾ ਨੁਕਸਾਨ ਲੋਕ ਆਪਣਾ ਗੁੱਸਾ ਸ਼ਾਂਤ ਕਰਨ 'ਚ ਹੀ ਕਰ ਦਿੰਦੇ ਨੇ | ਰਾਜਨੀਤੀ ਦੀ ਗੱਲ ਕਰ ਲਵੋ, ਜੇ ਸੱਤਾਧਾਰੀ ਪਾਰਟੀ 'ਚ ਕਿਸੇ ਦੇ ਕੁੱਤੇ ਨੂੰ ਕਬਜ਼ ਹੋ ਜਾਂਦੀ ਹੈ ਤਾਂ ਬਿਆਨ ਦਿੰਦੇ ਨੇ 'ਇਸ ਵਿੱਚ ਵਿਦੇਸ਼ੀ ਤਾਕਤਾਂ ਦਾ ਹੱਥ ਹੈ |' ਜੇਕਰ ਵਿਰੋਧੀ ਧਿਰ 'ਚ ਕਿਸੇ ਦੀ ਬਿੱਲੀ ਨੂੰ ਨਜ਼ਲਾ ਹੋ ਜਾਂਦਾ ਹੈ ਤਾਂ ਉਹ ਸੱਤਾਧਾਰੀ ਪਾਰਟੀ 'ਤੇ ਇਲਜ਼ਾਮ ਲਗਾ ਦਿੰਦੀ ਹੈ ਤੇ ਅਸਤੀਫ਼ਿਆਂ ਦੀ ਮੰਗ ਕਰਦੀ ਹੈ | ਲੀਡਰਾਂ ਮਗਰ ਲੱਗ ਕੇ ਜਨਤਾ ਇੱਕ-ਦੂਜੇ ਨਾਲ਼ ਲੜੀ ਜਾਂਦੀ ਹੈ ਤੇ ਵਿਰੋਧੀ ਪਾਰਟੀਆਂ ਦੇ ਲੀਡਰਾਂ ਦੀਆਂ ਆਪਸ 'ਚ ਰਿਸ਼ਤੇਦਾਰੀਆਂ ਨੇ | ਉਹੋ ਜਿਹੀ ਜਨਤਾ ਹੈ, ਬਿਨਾਂ ਕਿਸੇ ਸੋਚ-ਵਿਚਾਰ ਲੀਡਰਾਂ ਦੇ ਮਗਰ ਲੱਗ ਤੁਰਦੀ ਹੈ | ਲੀਡਰ ਕਹਿੰਦਾ ਹੈ, 'ਜਨਤਾ ਨੀ ਜਨਤਾ ਤੇਰਾ ਕੰਨ ਕੁੱਤਾ ਲੈ ਗਿਆ |' ਧੰਨ ਹੈ ਜਨਤਾ ! ਸ਼ੀਸ਼ਾ ਵੇਖ ਕੇ ਜਾਂ ਹੱਥ ਲਾ ਕੇ ਚੈੱਕ ਨਹੀਂ ਕਰਨਾ ਕਿ ਕੰਨ ਹੈ ਜਾਂ ਨਹੀਂ, ਬੱਸ ਕੁੱਤੇ ਮਗਰ ਸ਼ੂਟ ਵੱਟ ਲੈਣੀ ਹੈ | ਜਾਪਦਾ ਹੈ, ਕਿਸੇ ਦੀ ਆਪਣੀ ਸੋਚ ਹੀ ਨਹੀਂ, ਸਭ ਦੀ ਸੋਚ ਲੀਡਰ ਜਾਂ ਪਾਰਟੀ ਲੈਵਲ ਤੇ ਹੀ ਚੱਲਦੀ ਹੈ | ਜੋ ਪਾਰਟੀ ਨੇ ਕਹਿ ਦਿੱਤਾ, ਸੱਚ ਹੈ | ਭਲਿਓਮਾਣਸੋ ! ਘੱਟੋ-ਘੱਟ ਕਿਸੇ ਵੀ ਗੱਲ ਨੂੰ 'ਆਪਣੀ ਨਿੱਜੀ ਸੋਚ' ਅਨੁਸਾਰ ਤਰਕ ਦੀ ਕਸਵੱਟੀ 'ਤੇ ਪਰਖ ਤਾਂ ਲਵੋ | ਫੈਸਲਾ ਜੋ ਮਰਜ਼ੀ ਲਈ ਜਾਇਓ |"

"ਇੱਕ ਆਈਡੀਆ ਆਇਆ ਗੁਲਾਟੀ, ਜੇ ਮੰਨ ਲਵੇਂ ! ਸੌਂਹ ਖਾ ਕੇ ਕਹਿਨਾਂ, ਆਪਣੀਆਂ ਪੌਂ-ਬਾਰਾਂ ਹੋ ਜਾਣਗੀਆਂ |" ਮੇਰੇ ਦਿਲ ਦੇ ਦਿਮਾਗ ਵੀ ਹੈ, ਜੋ ਆਈਡੀਆ ਆ ਗਿਆ, ਸੋਚ ਕੇ ਮੈਂ ਹੈਰਾਨ ਵੀ ਕਾਫ਼ੀ ਹੋਇਆ | ਪਰ ਭਾਈ ! ਕਲਯੁੱਗ ਹੈ, ਸਭ ਸੰਭਵ ਹੈ |

"ਚੱਲ ! ਤੂੰ ਉਹ ਵੀ ਆਉਣ ਦੇ |"

"ਇਉਂ ਕਰ, ਮਿਹਨਤ ਤਾਂ ਕੋਈ ਕਰਨੀ ਨਹੀਂ | ਇੱਥੇ ਆਸਟ੍ਰੇਲੀਆ 'ਚ ਫਲ ਕਾਫ਼ੀ ਸਸਤਾ ਹੈ | ਬੱਸ ਫਲਾਂ ਨੂੰ ਗੇੜਾ ਦੇਣਾ ਸ਼ੁਰੂ ਕਰ ਦੇ | ਬੱਸ ! ਸੇਬ ਤੇ ਟਮਾਟਰ ਹੀ ਖਾਈ ਜਾਇਆ ਕਰ | ਡਾਲਰ ਦੇ ਕਿਲੋ ਸੇਬ ਤੇ ਡੇਢ ਡਾਲਰ ਦੇ ਕਿਲੋ ਟਮਾਟਰ ਮਿਲੀ ਜਾਂਦੇ ਨੇ | ਸਾਲ ਕੁ ਸੇਬ ਤੇ ਟਮਾਟਰ ਖਾ-ਖਾ ਕੇ ਜਦੋਂ ਗੱਲ੍ਹਾਂ ਹੋ ਗਈਆਂ ਟਮਾਟਰ ਅਰਗੀਆਂ ਲਾਲ, ਬਾਈ ਸਿਆਂ ਚੁੱਪ ਕਰਕੇ ਪੰਜਾਬ ਜਾ ਕੇ ਬਾਬਾ ਬਣ ਜਾ | ਤੇਰੀ ਤਾਂ ਕਦਰ ਵੀ ਬਾਹਲੀ ਹੋਊ, ਕਿਉਂ 'ਬਾਹਰਲਾ ਬਾਬਾ' ਜੋ ਹੋਏਂਗਾ | ਬਾਕੀ ਨਾਮ ਦੀ ਵੀ ਸੌਖ ਹੈ, 'ਰਿਸ਼ੀ' ਤਾਂ ਤੂੰ ਪਹਿਲਾਂ ਹੀ ਹੈਂ, ਮੂਹਰੇ 108, 1008 ਜਾਂ ਜਿੰਨੇ ਮਰਜ਼ੀ ਅੱਠ ਲਾ ਲਈਂ |" ਸਕੀਮ ਸੁਣਕੇ ਤਾਂ ਦਿਲ ਤੋਂ ਬਲਿਹਾਰੀ ਜਾਣ ਨੂੰ ਮਨ ਹੋ ਗਿਆ, ਕਿਉਂ ਜੋ ਮੈਨੂੰ ਮਰਵਾਉਣ ਦੇ ਇੰਨੇ ਕੁ ਪ੍ਰਬੰਧ ਕਾਫ਼ੀ ਸਨ |

"ਮੈਂ ਤੈਨੂੰ ਏਨੀ ਵਧੀਆ ਸਕੀਮ ਦੱਸੀ ਹੈ, ਹੁਣ ਤਾਂ ਮੇਰਾ ਲੇਖ਼ ਲਿਖ ਦੇਵੇਂਗਾ ਨਾ ?" ਦਿਲ ਮੁੜ-ਘੁੜ ਕੇ ਪੁਰਾਣੀ ਗੱਲ 'ਤੇ ਆ ਗਿਆ |

"ਨਾ ਬਿਲਕੁੱਲ ਨਹੀਂ, ਹੋਰ ਜੋ ਮਰਜ਼ੀ ਗੱਲਾਂ ਕਰੀ ਜਾ ਪਰ ਇਹ ਗੱਲ ਝੂਠੀ |"

"ਗੱਲ ਸੁਣ ਬਾਈ ਸਿਆਂ, ਜਾਂ ਤਾਂ ਬੰਦਾ ਬਣਕੇ ਮੇਰਾ ਲੇਖ਼ ਲਿਖ ਦੇ, ਨਹੀਂ ਤਾਂ ਮੈਂ ਤੇਰੇ ਸਿਸਟਮ 'ਚ ਐਸਾ ਪੰਗਾ ਪਾਊਂ ਕਿ ਜਿਹੜੀ ਸਲੂਣੀ ਦਾਲ ਸਬਜ਼ੀ ਇੱਕ ਵਾਰੀ ਬਣਾ ਕੇ ਦੋ-ਤਿੰਨ ਦਿਹਾੜੀਆਂ ਟਪਾ ਲੈਂਦੈਂ, ਉਹਦੀ ਜਗ੍ਹਾ ਤੇ ਉਬਲੀਆਂ ਸਬਜ਼ੀਆਂ ਖਾਣੀਆਂ ਪੈਣਗੀਆਂ ਤੇ ਉਹ ਵੀ ਤਾਜ਼ੀਆਂ ਉਬਾਲ ਕੇ | ਹੁਣ ਇਹ ਦੇਖ ਲੈ ਪਈ ਥੱਕਿਆ ਹਾਰਿਆ ਕੰਮ ਤੋਂ ਆਉਂਦੈਂ ਤੇ ਜੇ ਆਉਂਦਿਆਂ ਫਰਿੱਜ 'ਚੋਂ ਬੇਹਾ-ਤਰਬੇਹਾ ਕੱਢ ਕੇ ਖਾਣ ਦੀ ਬਜਾਏ, ਰੋਜ਼ ਈ ਤਾਜ਼ੀਆਂ ਸਬਜ਼ੀਆਂ ਉਬਾਲ ਕੇ ਫਿੱਕੀਆਂ ਬਿਨਾਂ ਤੜਕੇ ਤੋਂ ਖਾਣੀਆਂ ਪੈ ਗਈਆਂ ਤਾਂ ਤੇਰਾ ਬਣੂ ਕੀ ?" ਮੇਰਾ ਦਿਲ ਗੱਲਬਾਤ ਦਾ ਵਿਸ਼ਾ ਬਦਲਦਿਆਂ ਲੱਗਭੱਗ ਧਮਕੀ 'ਤੇ ਉਤਰ ਆਇਆ |

"ਵੇ ਗੱਲ ਸੁਣ ਦਿਲਾ ਫਿਲਾ ਜਿਆ, ਰੌਲਾ ਤੇਰਾ ਇਹਦੇ ਨਾਲ਼ ਐ, ਮੇਰਾ ਟੇਸਟ ਕਿਉਂ ਖ਼ਰਾਬ ਕਰਦੈਂ ? ਵੀਰ ਮੇਰਿਆ ! ਮੈਂ ਬੇਹੀਆਂ-ਤਰਬੇਹੀਆਂ ਤੇ ਠੰਢੀਆਂ ਤਾਂ ਰਾਜ਼ੀ ਐਂ, ਪਰ ਜੇ ਤੂੰ ਕਹੇਂ ਉਬਲੀਆਂ ? ਤਾਂ ਗੱਲ ਬਿਲਕੁੱਲ ਈ ਝੂਠੀ ਐ |" ਮੇਰੀ ਜੀਭ ਜੋ ਕਾਫ਼ੀ ਟਾਈਮ ਦੀ ਸਾਡੀ ਬਹਿਸ ਸੁਣੀ ਜਾ ਰਹੀ ਸੀ, ਨੂੰ ਆਪਣਾ ਤੌਖਲਾ ਉੱਠਿਆ |

"ਗੱਲ ਸੁਣ ਬੀਬੀ | ਮੇਰਾ ਪਾਰਾ ਅੱਜ ਬੜਾ ਚੜ੍ਹਿਐ ਵਿਐ | ਤੂੰ ਦਖ਼ਲ ਅੰਦਾਜ਼ੀ ਨਾ ਕਰ ਤਾਂ ਹੀ ਚੰਗਾ |" ਦਿਲ ਜਾਪਦੈ, ਦੁਨਿਆਵੀ ਬੇ-ਹੁਰਮਤੀਆਂ ਤੋਂ ਸੱਚੀਂਮੁੱਚੀ ਸੀਰੀਅਸ ਹੋਇਆ ਬੈਠਾ ਸੀ |

"ਵੇ ਮੈਂ ਤੈਥੋਂ ਕੀ ਟਿੰਡੀਆਂ ਲੈਣੀਐਂ ? ਬੱਸ ! ਮੇਰੇ ਕੰਮ 'ਚ ਟੰਗ ਅੜਾਉਣ ਦੀ ਲੋੜ ਨਹੀਂ | ਜੇ ਬਾਹਲਾ ਔਖੈਂ ਤਾਂ ਗੁਲਾਟੀ ਨੂੰ ਪੇਪਰਾਂ ਚੋਂ ਫੇਲ੍ਹ ਕਰ ਦੇ | ਆਪਣੀਆਂ ਗ਼ਲਤੀਆਂ ਦਾ ਫ਼ਲ ਆਪੇ ਭੁਗਤੂ |" ਜੀਭ ਵੀ ਆਪਣੇ ਸੁਆਦਾਂ ਪਿੱਛੇ ਮੇਰੇ ਨਿਮਾਣੇ ਦੇ ਖਿਲਾਫ਼ ਵੋਟ ਭੁਗਤਾ ਗਈ |

"ਓ ਸਹੁਰੀ ਦੀਏ ! ਪੇਪਰਾਂ ਚੋਂ ਫੇਲ੍ਹ ਨਹੀਂ, ਦਿਲ ਫੇਲ੍ਹ ਹੁੰਦੈ ਬੰਦੇ ਦਾ | ਜੇ ਦਿਲ ਹੀ ਫੇਲ੍ਹ ਹੋ ਗਿਆ ਤਾਂ ਨਾ ਗੁਲਾਟੀ, ਨਾ ਉਹਦਾ ਦਿਲ, ਨਾ ਤੂੰ ਤੇ ਨਾ ਮੈਂ | ਸਹੁਰੀ ਦੀਏ ! ਗੱਲ ਤਾਂ ਚੱਜ ਦੀ ਕਰ ਲੈ, ਇੱਕ ਆਵਦੇ ਸੁਆਦ ਪਿੱਛੇ ਸਾਰੀ ਹਕੂਮਤ ਬਦਲਣ ਨੂੰ ਫਿਰਦੀ ਐਂ |" ਜੀਭ ਦੀ ਗੱਲ ਸੁਣਕੇ ਮੇਰੇ ਫੇਫੜਿਆਂ ਨੂੰ ਸ਼ਾਇਦ ਆਪਣਾ ਸਾਹ ਬੰਦ ਹੁੰਦਾ ਨਜ਼ਰ ਆਉਣ ਲੱਗ ਪਿਆ ਸੀ |

"ਤੂੰ ਦੱਸ ਖ਼ਸਮਾਂ ! ਕੀ ਚਾਹੁੰਨੈਂ ? ਆਪਣੀ ਭੜਾਸ ਮੇਰੇ ਕੋਲ ਕੱਢ ਲੈ, ਪਰ ਵਾਸਤਾ ਈ ਰੱਬ ਦਾ, ਹੌਲੀ ਬੋਲੀਂ ਮੇਰਾ ਵੀਰ | ਮੈਂ ਤੇਰੀਆਂ ਗੱਲਾਂ ਨੂੰ ਆਪਣੇ ਹਿਸਾਬ ਨਾਲ਼ ਸੋਚ ਕੇ ਦੇਖੂੰ, ਇਹ ਵਾਅਦਾ ਰਿਹਾ ਕਿ ਜੇ ਲਿਖਣਾ ਮੁਨਾਸਿਬ ਲੱਗਾ ਤਾਂ ਜ਼ਰੂਰ ਲਿਖੂੰ, ਨਹੀਂ ਤਾਂ ਬਾਈ ਸਿਆਂ, ਤੂੰ ਸਿੱਧਾ ਰਹਿ ਜਾਂ ਟੇਢਾ ਹੋ, ਮੈਂ ਪੰਗਾ ਨਹੀਂ ਲੈ ਸਕਦਾ | ਮੈਂ ਨਿਆਣੇ ਪਾਲਣੇ ਨੇ, ਤੇਰੇ ਮਗਰ ਲੱਗ ਕੇ ਸਚਾਈ ਤੇ ਪਹਿਰਾ ਦੇਣ ਦੇ ਚੱਕਰ 'ਚ ਆਪਣਾ ਕੂੰਡਾ ਨਹੀਂ ਕਰਵਾਉਣਾ | ਮੇਰੇ ਕੋਈ ਪੰਜਾਬ 'ਚ ਕਿੱਲੇ ਨਹੀਂ ਪਏ, ਕਿ ਬੇਟੀਆਂ ਦਾ ਭਵਿੱਖ ਸੁਰੱਖਿਅਤ ਹੈ, ਮੈਂ ਤਾਂ ਮਿਹਨਤ ਕਰਕੇ ਹੀ ਬੱਚੇ ਪਾਲਣੇ ਨੇ | ਚੱਲ ! ਮੈਂ ਤੇਰੀਆਂ ਗੱਲਾਂ ਰਿਕਾਰਡ ਕਰ ਲੈਨੈਂ, ਮੁੜ ਠੰਢੇ ਮਤੇ ਨਾਲ਼ ਸੁਣ ਕੇ ਫੈਸਲਾ ਕਰੂੰ ਕਿ ਲੇਖ਼ ਲਿਖਣਾ ਜਾਂ ਨਹੀਂ |" ਮੈਂ ਆਪਣੇ ਦਿਲ ਨੂੰ ਲੇਖ਼ ਲਿਖਣ ਦੀ ਝੂਠੀ ਤਸੱਲੀ ਦਿੰਦਿਆਂ ਕਿਹਾ ਤੇ ਕੈਸਟ ਰਿਕਾਰਡਰ ਬੈਗ 'ਚੋਂ ਕੱਢ ਕੇ ਦਿਲ ਦੇ ਮੂੰਹ ਕੋਲੇ ਕਰ ਦਿੱਤਾ |

"ਤੈਨੂੰ ਪੰਜਾਬ ਰਹਿੰਦਿਆਂ ਕਿੰਨੀ ਵਾਰੀ ਲੋਕਾਂ ਨੇ ਮੱਤ ਦਿੱਤੀ ਸੀ ਕਿ ਮਾੜੀ ਜਿਹੀ 'ਉਂਗਲ ਟੇਢੀ' ਕਰ ਲੈ, ਜੇ ਮੰਨ ਲੈਂਦਾ ਤਾਂ ਏਨਾ ਔਖਾ ਤਾਂ ਨਾ ਹੁੰਦਾ | ਪੰਜਾਬ 'ਚ ਹੀ ਆਸਟ੍ਰੇਲੀਆ ਹੋਣਾ ਸੀ | ਓਦੋਂ ਤਾਂ ਕੇਰਾਂ ਈ ਰਾਜਾ ਹਰੀਸ਼ਚੰਦਰ ਬਣਦਾ ਸੀ | ਹੁਣ ਭੁਗਤ | ਨਾਲੇæ ਖੇਤਾਂ 'ਚ ਸਾਰੀ ਦਿਹਾੜੀ ਧੁੱਪੇ ਮੱਚਦੈਂ, ਨਾਲ਼ੇ ਬੱਚਿਆਂ ਤੋਂ ਅੱਡ ਹੋ ਕੇ ਬਨਵਾਸ ਭੁਗਤੀ ਜਾਂਦੈਂ |"

"ਤਾਂ ਕੀ ਹੋਇਆ ? ਜੇ ਮੇਰੀ ਕਿਸਮਤ 'ਚ ਇਹੀ ਕੁਛ ਐ ਤਾਂ ਇੰਝ ਹੀ ਸਹੀ | ਨਾਲ਼ੇ ਖੇਤਾਂ 'ਚ ਕੰਮ ਕਰਨ ਦਾ ਕੀ ਮਿਹਣਾ ਐ ? ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਜੀ ਨੇ ਵੀ ਤਾਂ ਸਾਨੂੰ ਦਸਾਂ ਨੌਹਆਂ ਦੀ ਕਿਰਤ ਕਰਨ ਦਾ ਉਪਦੇਸ਼ ਦਿੱਤਾ ਸੀ ਤੇ ਖੁਦ ਆਪਣੇ ਮੁਬਾਰਕ ਹੱਥਾਂ ਨਾਲ਼ ਖੇਤੀ ਕੀਤੀ ਸੀ | ਮੈਂ ਤਾਂ ਬਾਈ ਸਿਆਂ, ਪੰਜਾਬ ਰਹਿੰਦਿਆਂ ਵੀ ਹਮੇਸ਼ਾਂ ਮਿਹਨਤ ਤੇ ਲਗ਼ਨ ਨਾਲ ਹੀ ਕੰੰਮ ਕੀਤਾ, ਚਾਹੇ ਨੌਕਰੀ ਸੀ ਜਾਂ ਆਪਣਾ ਕੰਮ, ਤੇ ਹੁਣ ਵੀ ਦਸਾਂ ਨੌਹਆਂ ਦੀ ਕਿਰਤ ਕਰ ਰਿਹਾ ਹਾਂ, ਜਿਸ ਸੱਚੀ ਸਰਕਾਰ ਦੇ ਉਪਦੇਸ਼ ਤੇ ਚੱਲਦਾ ਹਾਂ, ਜ਼ਰੂਰ ਰੰਗ ਭਾਗ ਲਾਊਗੀ |" ਮੈਂ ਆਪਣੀ ਮਿਹਨਤ 'ਤੇ ਮਾਣ ਮਹਿਸੂਸ ਕਰਦਿਆਂ ਕਿਹਾ |

"ਮੈਂ ਭੁੱਲਿਆਂ ਤੈਨੂੰ ਵੱਡੇ ਖੇਤਾਂ 'ਚ ਕੰਮ ਕਰਕੇ ਮਾਣ ਮਹਿਸੂਸ ਕਰਨ ਵਾਲੇ ਨੂੰ, ਸਾਰਾ ਦਿਨ ਮੇਰੇ ਕੋਲ ਰੋਂਦਾ ਰਹਿੰਨੈ ਪਈ ਕਿੱਥੇ ਫਸ ਗਿਆ, ਹੁਣ ਫੋਕੀਆਂ ਟਾਹਰਾਂ ਨਾ ਮਾਰ | ਫਸੀ ਨੂੰ ਫਟਕਣ ਕੇਹੀ ਵਾਲੀ ਗੱਲ ਐ, ਤਾਂ ਕਰਦੈਂ | ਪੰਜਾਬ ਦੇ ਖੇਤਾਂ 'ਚ ਕੰਮ ਤਾਂ ਖੇਤਾਂ ਦੇ ਮਾਲਕ ਨਹੀਂ ਕਰਦੇ | ਉਹ ਵੀ ਕੰਨਾਂ 'ਚ ਮੁਰਕੀਆਂ ਪਾ ਕੇ ਤੇ ਜ਼ਰਦਾ ਉਤਲੇ ਬੁੱਲ ਥੱਲੇ ਲਾ ਕੇ ਖ਼ਾਲ 'ਤੇ ਖੜ੍ਹੇ ਥੁੱਕੀ ਜਾਂਦੇ ਐ | ਅਨਪੜ੍ਹ ਬੁੜ੍ਹੇ ਵਿਚਾਰੇ ਨੇ ਮਿੱਟੀ ਨਾਲ਼ ਮਿੱਟੀ ਹੋ ਕੇ ਸਾਰੀ ਉਮਰ ਕੱਢ ਦਿੱਤੀ ਹੁੰਦੀ ਐ, ਤੇ ਇਹ ਨਵਾਬਜ਼ਾਦੇ ਚੰਡੀਗੜ੍ਹ ਯੂਨੀਵਰਸਿਟੀ 'ਚ ਦਾਖ਼ਲਾ ਲੈ ਕੇ ਸਾਰਾ ਦਿਨ ਸਤਾਰਾਂ ਸੈਕਟਰ 'ਚ ਕੱਢ ਦਿੰਦੇ ਨੇ | ਜਦੋਂ ਪਿੰਡ ਜਾਂਦੇ ਐ ਤਾਂ 'ਬਾਈ ਸਤਾਰਾਂ 'ਚ ਆਹ, ਸਤਾਰਾਂ 'ਚ ਔਹ' ਦੀਆਂ ਫੋਕੀਆਂ ਛੱਡੀ ਜਾਂਦੇ ਐ | ਬੱਸ ਆਹੀ ਕੰਮ ਐ |"

"ਹੀ ਹੀ ਹੀ, ਤੇਰੀ ਜਰਨਲ ਨੌਲਜ ਬੜੀ ਕਮਜ਼ੋਰ ਐ ਯਾਰ, ਇਹ ਮੁੰਡੇ ਪੰਜਾਬ ਰਹਿੰਦੇ ਕੰਮ ਨਹੀਂ ਸੀ ਕਰਦੇ, ਹੁਣ ਤਾਂ ਕਰਦੇ ਐ | ਜੇ ਮੇਰਾ ਯਕੀਨ ਕਰੇਂ ਤਾਂ ਤੀਹ-ਤੀਹ ਕਿੱਲਿਆਂ ਦੇ ਵਾਰਿਸ ਮੈਂ ਆਪ ਦੇਖੇ ਐ, ਆਸਟ੍ਰੇਲੀਆ ਦੇ ਖੇਤਾਂ 'ਚ ਕੰਮ ਕਰਦੇ ਤੇ ਕੰਮ ਕਰਨ ਲਈ ਮਿੰਨਤਾਂ ਕਰਦੇ | ਏਨੇ ਅਸੀਲ ਮੁੰਡੇ ਐ, ਪਈ ਖੇਤਾਂ ਦੇ ਮਾਲਕ ਸਿੱਧਾ ਕਹੀ ਜਾਂਦੇ ਐ ਪਈ ਕਾਕਾ ਜੀ, ਕੰਮ ਹੈ ਨਹੀਂ | ਪਰ ਇਹ ਏਨੀ ਨਿਮਰਤਾ ਦੇ ਪੁਜਾਰੀ ਨੇ ਕਿ ਅਗਲੇ ਦਿਨ ਫੇਰ ਉਹਦੇ ਬੂਹੇ ਜਾ ਖੜ੍ਹਦੇ ਨੇ | ਅਗਲੇ ਦੇ ਕਹੇ ਦਾ ਭੋਰਾ ਗੁੱਸਾ ਨਹੀਂ ਕਰਦੇ, ਜਵਾਂ ਹੀ ਨਹੀਂ ਬੋਲਦੇ | ਹਾਂ ! ਜਦੋਂ ਘਰੇ ਆ ਜਾਂਦੇ ਐ, ਆਪਸ 'ਚ ਜਿਵੇਂ ਮਰਜ਼ੀ ਖੁੱਲ ਕੇ ਗੱਲ-ਬਾਤ ਕਰੀ ਜਾਣ |" ਮੈਂ ਹੱਸਦਿਆਂ ਆਪਣੇ ਹਮ ਵਤਨਾਂ ਦਾ ਪੱਖ ਲਿਆ |

"ਖੁੱਲ ਕੇ ਗੱਲ-ਬਾਤ ? ਘੋੜੇ ਵੇਚ ਕੇ ਤਾਂ ਸੌਂਦੈਂ ਤੂੰ ? ਤਿੰਨ ਵਾਰੀ ਤਾਂ ਪੁਲਿਸ ਆਪਣੇ ਮੁਹੱਲੇ 'ਚ ਆ ਚੁੱਕੀ ਐ, ਜਦੋਂ ਗੋਰਿਆਂ ਨੇ ਪੁਲਿਸ ਨੂੰ ਫ਼ੋਨ ਕੀਤਾ ਸੀ ਕਿ ਇੰਡੀਅਨ ਅੱਧੀ ਰਾਤ ਨੂੰ ਖ਼ਰੂਦ ਪਾਈ ਜਾਂਦੇ ਐ, ਨਾ ਸੌਂਦੇ ਐ - ਨਾ ਸੌਣ ਦਿੰਦੇ ਐ |" ਮੇਰਾ ਦਿਲ ਤਾਂ ਖ਼ਾਸਾ ਹੀ ਦੁਖੀ ਲੱਗਦਾ ਸੀ, ਜੋ ਗਲੋਟੇ ਵਾਂਗ ਉਧੜੀ ਜਾਂਦਾ ਸੀ | ਪਰ ਕੋਈ ਨਾ, ਕਰ ਲੈਣ ਦਿਉ ਇਹਨੂੰ ਆਪਣਾ ਚਿੱਤ ਹਲਕਾ, ਮੈਂ ਕਿਹੜਾ ਇਹਦੇ ਆਖੇ ਲੇਖ਼ ਲਿਖੀ ਬੈਠੈਂ ? ਜਦੋਂ ਭੜਾਸ ਨਿੱਕਲ ਗਈ ਤਾਂ ਆਪੇ ਟਿਕ ਕੇ ਬੈਠ ਜਾਊ |

"ਚੱਲ ਕੋਈ ਨਾ, ਖਾਧੀ ਪੀਤੀ 'ਚ ਮਾੜਾ ਮੋਟਾ ਤਾਂ ਚੱਲਦਾ ਈ ਐ | ਨਾਲ਼ੇ ਹਾਸੇ-ਖੇਡੇ ਤਾਂ ਪੰਜਾਬੀਆਂ ਦੀ ਦੇ ਖੁੱਲ੍ਹੇ-ਡੁੱਲ੍ਹੇ ਸੁਭਾਅ ਦੀ ਪਹਿਚਾਣ ਐ |"

"ਤੂੰ ਦਾਰੂ ਪੀ ਕੇ ਖੱਪ ਪਾਉਣ ਨੂੰ ਹਾਸਾ-ਖੇਡਾ ਕਹਿੰਨੈਂ ? ਸਹੁਰੀ ਦੇ 'ਠਾਰਾਂ-'ਠਾਰਾਂ ਉੱਨੀ-ਉੱਨੀ ਸਾਲ ਦੇ ਛੋਹਰ ਐ, ਇੱਥੇ ਪੜ੍ਹਨ ਆਏ ਐ ਕਿ ਦਾਰੂ ਪੀਣ | ਪੰਜਾਬ ਰਹਿੰਦਿਆਂ ਫੇਰ ਘਰ ਦਿਆਂ ਦੀ ਮਾੜੀ-ਮੋਟੀ ਸ਼ਰਮ ਸੀ | ਹੁਣ ਨਾ ਕੋਈ ਦੇਖਣ ਵਾਲਾ, ਨਾ ਕੋਈ ਟੋਕਣ ਵਾਲਾ | ਜਦ ਆਸਟ੍ਰੇਲੀਅਨ ਅੰਗੂਰਾਂ ਦੀ ਵਾਈਨ ਸਿਰ ਨੂੰ ਚੜ੍ਹਦੀ ਐ ਤਾਂ ਖਰੂਦ ਪਾਉਂਦੇ ਐ |"

"ਚੱਲ ਕੋਈ ਨਾ ਕਿਹੜਾ ਸਾਰੇ ਪੀਂਦੇ ਐ, ਤੇ ਕਿਹੜਾ ਰੋਜ਼ ਪੀਂਦੇ ਐ | ਆਟੇ 'ਚ ਮਾੜਾ ਮੋਟਾ ਲੂਣ ਤਾਂ ਚੱਲ ਈ ਜਾਂਦੈ |" ਮੈਂ  ਆਪਣੇ ਪੰਜਾਬੀ ਭਰਾਵਾਂ ਦਾ ਹੀ ਪੱਖ ਪੂਰਿਆ |

"ਉਸ ਭੂੰਡ ਆਸ਼ਕ ਬਾਰੇ ਕੀ ਕਹੇਂਗਾ, ਜਿਹੜਾ ਪੰਜਾਬਣ ਨੂੰ ਬੱਸ 'ਚ 'ਕੱਲੀ ਦੇਖ ਕੇ ਕਹਿੰਦੇ 'ਦੇਸਣ ਐ ਯਾਰ !" ਮੇਰਾ ਦਿਲ ਤਾਂ ਲੱਗਦਾ, ਸਾਰੇ ਮੇਚੇ ਲੈਣ ਤੇ ਤੁਲਿਆ ਪਿਆ ਸੀ |

"ਅਸ਼ਕੇ ਓਏ ਯਾਰ ! ਉਸ ਮੁਟਿਆਰ ਦੇ | 'ਕੇਰਾਂ ਤਾਂ ਸੁਆਦ ਲਿਆ 'ਤਾ | ਮੇਰੇ ਪਿਆਰੇ ਪੰਜਾਬ ਦੀ ਧੀ ਕਹਿੰਦੀ 'ਮੇਰਾ ਪਿਉ ਵੀ ਦੇਸੀ ਐ ਤੇ ਮਾਂ ਵੀ, ਇਸ ਲਈ ਮੈਂ ਦੇਸਣ ਆਂ | ਪਰ ਤੂੰ ਦੱਸ ਪਈ ਤੇਰਾ ਪਿਉ ਗੋਰਾ ਐ ਕਿ ਤੇਰੀ ਮਾਂ ? ਤੇ ਤੂੰ ਦੇਸੀ ਕਿਵੇਂ ਜੰਮ ਪਿਆ ? ਉਹਨੇ ਆਪਣੇ ਪੰਜਾਬਣ ਹੋਣ 'ਤੇ ਮਾਣ ਕੀਤਾ ਤੇ ਜੀਹਨੇ ਗ਼ਲਤ ਬੋਲਿਆ ਸੀ, ਉਹਨੇ ਮਾਫ਼ੀ ਮੰਗ ਕੇ ਖਹਿੜਾ ਛੁਡਾਇਆ | ਪਰ ਇਸ ਗੱਲ 'ਚ ਤੇਰਾ ਢਿੱਡ ਕਿਉਂ ਦੁਖਣ ਲੱਗ ਪਿਆ |" ਮੈਨੂੰ ਆਪਣੇ ਦਿਲ ਤੇ ਖਿਝ ਆਉਣ ਲੱਗ ਪਈ |

"ਅਗਲੀ ਗੱਲ ਤਾਂ ਤੂੰ ਵੀ ਬਥੇਰਾ ਪਿੱਟਦਾ ਰਹਿੰਨੈ, ਮੈਨੂੰ ਕਿਹੜਾ ਤੇਰਾ ਪਤਾ ਨਹੀਂ ਕਿ ਲੋਕਾਂ 'ਚ ਕੀ ਕੀ ਗੱਲਾਂ ਕਰਦਾ ਰਹਿੰਨੈਂ |" ਸੁਣ ਕੇ ਜਾਪਿਆ ਕਿ ਦਿਲ ਦੇ ਪੱਤਿਆਂ 'ਚ ਸਾਰੀਆਂ ਹੀ ਫੋਟੂਆਂ ਆਈਆਂ ਸਨ, ਤੇ ਮੇਰੇ ਪੱਲੇ ਕੇਵਲ ਦੁੱਕੀਆਂ ਤਿੱਕੀਆਂ ਹੀ ਸਨ |

"ਜਿੱਥੇ ਇਨ੍ਹਾਂ ਚਿਰ ਤੈਨੂੰ ਬਰਦਾਸ਼ਤ ਕਰਦਿਆਂ ਹੋ ਗਿਆ, ਇਹ ਕਾਹਨੂੰ ਚਿੱਤ 'ਚ ਰੱਖਦੈਂ ? ਆਉਣ ਦੇ |" ਮੈਨੂੰ ਵੀ ਅੰਦਰ ਖਾਤੇ ਕਿਸੇ ਗੱਲ ਦਾ ਹੌਸਲਾ ਸੀ | ਨਹੀਂ ਤਾਂ ਕਿੱਥੇ ਦਿਲ ਦੇ ਸਾਹਮਣੇ ਆਕੜ ਆ ਸਕਦੀ ਹੈ ?

"ਆਹ ਜਿਹੜਾ ਬੱਸਾਂ-ਟਰੇਨਾਂ 'ਚ ਮੋਬਾਇਲਾਂ 'ਤੇ ਉੱਚੀ-ਉੱਚੀ ਗਾਣੇ ਲਾਈ ਰੱਖਦੇ ਐ | ਉਹਦੇ ਬਾਰੇ ਸਰਕਾਰ ਦਾ ਕੀ ਖਿਆਲ ਐ ?" ਦਿਲ ਨੇ ਮੇਰੇ ਤੇ ਇਉਂ ਵਿਅੰਗ ਕੀਤਾ ਜਿਵੇਂ ਚਮਕੀਲੇ ਤੇ ਮਿਸ ਪੂਜਾ ਨੂੰ ਮੈਂ ਹੀ ਆਪਣੇ ਮੋਬਾਇਲ 'ਤੇ ਗਾਉਣ ਦਾ ਠੇਕਾ ਦੇ ਰੱਖਿਆ ਸੀ |

"ਯਾਰ ! ਇਸ ਮਸਲੇ ਤੇ ਤਾਂ ਮੈਂ ਵੀ ਤੇਰੇ ਨਾਲ਼ ਰਾਜੀ ਐਂ | ਹੁਣ ਤਾਂ ਗੀਤਾਂ ਦਾ ਕੋਈ ਮਿਆਰ ਰਿਹਾ ਹੀ ਨਹੀਂ | ਪੰਜਾਬ ਰਹਿੰਦਿਆਂ ਮੈਨੂੰ ਤਾਂ ਯਾਦ ਨਹੀਂ ਕਿ ਟੈਲੀਵੀਜ਼ਨ 'ਤੇ ਕਦੇ ਗੀਤ ਚਲਾਉਣ ਵਾਲੇ ਚੈਨਲ ਚਲਾਏ ਹੋਣ | ਨਿਆਣੇ ਕਾਰਟੂਨ ਦੇਖਦੇ ਸੀ ਤੇ ਆਪ ਖ਼ਬਰਾਂ ਲਾਈ ਰੱਖੀਦੀਆਂ ਸੀ |"

"ਜਦੋਂ ਕੱਲਾ ਹੁੰਦਾ ਸੀ, ਉਦੋਂ ਤਾਂ ਚਿੱਤ ਕਰਾਰਾ ਕਰਦਾ ਈ ਹੋਏਂਗਾ ? ਮੈਨੂੰ ਪਤੈ, ਪੰਜਾਬੀ ਗੀਤਾਂ ਦੇ ਵੀਡੀਉ ਵੀ ਜ਼ਾਇਕੇਦਾਰ ਹੁੰਦੇ ਐ | ਹੁਣ ਬੋਲ਼.. ਬੋਲ਼.. ਆ ਗਿਆ ਨਾ ਊਠ ਪਹਾੜ ਦੇ ਥੱਲੇ ?" ਮੇਰੇ ਦਿਲ ਨੇ ਖ਼ਚਰੀ ਜਿਹੀ ਮੁਸਕਾਨ ਨਾਲ਼ ਕਿਹਾ |

"ਦਾਦੇ ਮਘੌਣਿਆਂ ! ਮੈਂ ਤਾਂ ਉਦੋਂ ਵੀ ਕਾਰਟੂਨ ਜਾਂ ਫਿਲਮ ਲਾ ਲੈਂਦਾ ਸੀ, ਤੈਨੂੰ ਪਤਾ ਤਾਂ ਹੈ ਕਾਰਟੂਨ ਮੈਨੂੰ ਅੱਜ ਵੀ ਪਸੰਦ ਨੇ |" ਮੈਂ ਬਚਾਅ ਪੱਖ ਵਾਲੇ ਪਾਸੇ ਹੋ ਗਿਆ ਜਾਪਦਾ ਸਾਂ |

"ਊਂ ਗੁਲਾਟੀ ਯਾਰ ! ਇੱਕ ਗੱਲ ਤਾਂ ਹੈ ਪਈ ਅੱਜ ਦੇ ਗਾਇਕਾਂ ਨੇ ਮਾਂ-ਬੋਲੀ ਦੀ ਚੰਗੀ ਮਿੱਟੀ ਪਲੀਤ ਕੀਤੀ ਹੈ | ਕਹਿੰਦੇ ਨੇ ਪਈ ਅਸੀਂ ਮਾਂ-ਬੋਲੀ ਦੀ ਸੇਵਾ ਕਰਦੇ ਆਂ, ਪਰ ਸੇਵਾ ਅਜਿਹੀ ਕਿ ਮਾਂਵਾਂ ਤੇ ਭੈਣਾਂ ਨੂੰ ਕੋਲ ਬੈਠਿਆਂ ਸ਼ਰਮ ਆਏ | ਸੁਆਦ ਤਾਂ ਆਵੇ ਜੇ ਗੀਤਕਾਰ ਜਾਂ ਗਾਇਕ ਮਾਂ-ਬੋਲੀ ਦੀ ਕੀਤੀ ਸੇਵਾ ਬਾਰੇ, ਜਨਮਦਾਤੀ ਮਾਂ ਨੂੰ ਵੀ ਚਾਰ ਟੱਪੇ ਸੁਨਾਉਣ | ਇਹਨਾਂ ਦੇ ਗੀਤ ਸੁਣਕੇ ਲੱਗਦਾ ਹੈ ਕਿ ਜੱਟ ਤਾਂ ਜੰਮੇ ਹੀ ਗੁੰਡਾਗਰਦੀ ਤੇ ਬਦਮਾਸ਼ੀਆਂ ਕਰਨ ਨੂੰ ਨੇ | ਮੰਨਿਆ ਕਿ ਮਾੜੀ ਮੋਟੀ ਕਮੀ ਹਰ ਜਗ੍ਹਾ, ਹਰ ਇਨਸਾਨ 'ਚ ਹੋ ਸਕਦੀ ਹੈ ਪਰ ਗੀਤ ਸੁਣਕੇ ਤਾਂ ਲੱਗਦਾ ਹੈ ਕਿ ਕਬਜ਼ੇ ਲੈਣੇ, ਡਾਂਗਾਂ-ਤਲਵਾਰਾਂ ਚਲਾਉਣਾ, ਜੇਲ੍ਹ-ਕਚਿਹਰੀ ਤੇ ਦਾਰੂ, ਬੱਸ ਇਹੀ ਕੁਝ ਪੰਜਾਬੀਆਂ ਦੇ ਹਿੱਸੇ ਆਇਆ ਹੈ | ਭਲਾ ਕੋਈ ਪੁੱਛਣ ਵਾਲਾ ਹੋਵੇ ਕਿ ਪੰਜਾਬ 'ਚ ਅੱਧੇ ਤੋਂ ਵੱਧ ਉੱਚ ਅਹੁਦਿਆਂ ਤੇ ਜੱਟਾਂ ਦੇ ਪੁੱਤਰ ਬਿਰਾਜਮਾਨ ਨੇ | ਗੀਤਾਂ ਮੁਤਾਬਿਕ ਸਕੂਲ ਤੇ ਕਾਲਜ ਆਸ਼ਕੀ ਦੇ ਅੱਡੇ ਬਣੇ ਨੇ, ਜਦ ਕਿ ਅਸੀਂ ਸਕੂਲਾਂ ਕਾਲਜਾਂ ਨੂੰ ਵਿੱਦਿਆ ਦਾ ਮੰਦਰ ਕਹਿੰਦੇ ਹਾਂ | ਜੇ ਸਕੂਲ-ਕਾਲਜ ਆਸ਼ਕੀ ਦੇ ਅੱਡੇ ਨੇ ਤਾਂ ਕੀ ਅਜਿਹੇ ਗਾਇਕਾਂ ਤੇ ਗੀਤਕਾਰਾਂ ਨੇ ਆਪਣੀਆਂ ਧੀਆਂ-ਭੈਣਾਂ ਘਰੇ ਟਿਊਸ਼ਨ ਲਾ ਕੇ ਪੜ੍ਹਾਈਆਂ ਨੇ ? ਜਾਂਦੀਆਂ ਤਾਂ ਬਾਈ ਜੀ, ਉਹ ਵੀ ਉਸੇ ਆਸ਼ਕੀ ਦੇ ਅੱਡੇ 'ਤੇ ਪੜ੍ਹਨ ਨੇ, ਜਿੰਨਾਂ ਦਾ ਜ਼ਿਕਰ ਉਹ ਗੀਤਾਂ 'ਚ ਕਰਦੇ ਨੇ | ਗਾਇਕਾਂ ਤੇ ਗੀਤਕਾਰਾਂ ਦਾ ਕੀ ਐ ? ਉਹ ਤਾਂ ਆਪਣਾ ਤੋਰੀ-ਫੁਲਕਾ ਚਲਾਉਣ ਲਈ ਮਿੱਠੀ ਮਾਂ-ਬੋਲੀ ਦੀ ਮਿੱਟੀ ਪਲੀਤ ਕਰਨ 'ਤੇ ਤੁਲੇ ਹੋਏ ਨੇ | ਕਾਲਜਾਂ ਦੀ ਬੇੜੀ 'ਚ ਵੱਟੇ ਪਾਉਣ 'ਚ ਤਾਂ ਮਿਸ ਪੂਜਾ ਦਾ ਭਰਪੂਰ ਯੋਗਦਾਨ ਹੈ, ਜੋ ਕਿ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ | ਇਹਦੇ ਗੀਤਾਂ ਤੇ ਸਾਥੀ ਗਾਇਕਾਂ ਦਾ ਤਾਂ ਉੱਕਾ ਹੀ ਕੋਈ ਮਿਆਰ ਹੀ ਨਹੀਂ | ਮਿਸ ਪੂਜਾ ਨਾਲੋਂ ਤਾਂ ਆਲੂ ਈ ਚੰਗੇ ਨੇ | ਕੋਈ ਸਬਜ਼ੀ ਤਾਂ ਹੈ ਜਿਸ 'ਚ ਆਲੂ ਨਹੀਂ ਪੈਂਦੇ, ਜਿਵੇਂ ਕਿ ਟਿੰਡੋ, ਪੇਠਾ, ਕੱਦੂ, ਅੱਲਾਂ, ਭਿੰਡੀ, ਤੋਰੀ.... | ਪਰ ਇਹ ਤਾਂ ਹਰੇਕ ਨਾਲ਼ ਹੀ ਗਾਉਂਦੀ ਫਿਰਦੀ ਹੈ, ਭਾਵੇਂ ਉਸਨੂੰ ਗਾਉਣਾ ਆਵੇ ਜਾਂ ਨਾ ਆਵੇ | ਠੀਕ ਹੈ ਕਿ ਰੱਬ ਨੇ ਚੰਗੀ ਆਵਾਜ਼ ਦਿੱਤੀ ਹੈ ਪਰ ਉਸਦਾ ਇਸਤੇਮਾਲ ਕਰਨਾ ਤਾਂ ਆਪਣੇ ਹੀ ਵੱਸ ਹੈ | ਇਹ ਕੀ ਗੱਲ ਬਣੀ ਕਿ ਗੀਤ ਦੇ ਬੋਲ ਜਾਂ ਅਰਥ ਨਹੀਂ ਦੇਖਣੇ, ਗਾਇਕ ਨਹੀਂ ਦੇਖਣਾ ਤੇ ਚੱਕ ਕੇ ਉਸ ਨਾਲ਼ ਕੈਸਿਟ ਰਿਕਾਰਡ ਕਰਵਾ ਦੇਣੀ | ਆਪਣੇ ਸੂਰਮੇ ਵੀ... ਬੱਸ ਘਰ ਦਿਆਂ ਨੂੰ ਸੂਲੀ ਟੰਗ ਕੇ ਕੈਸਟ ਕੱਢ, ਜਣੇ ਖਣੇ ਨੂੰ "ਪਿਆਰ ਤੇ ਸਤਿਕਾਰ ਸਹਿਤ ਭੇਂਟ" ਕਰਦੇ ਨੇ, ਚਾਹੇ ਕੋਈ ਸੁਣੇ ਜਾਂ ਨਾ |" ਮੇਰੇ ਦਿਲ ਦਾ, ਲੱਗਦਾ ਬੋਝ ਘਟਣਾ ਸ਼ੁਰੂ ਹੋ ਗਿਆ ਸੀ, ਤਾਂ ਹੀ ਝਈਆਂ ਲੈ ਲੈ ਕੇ ਪੈਣ ਦੀ ਬਜਾਏ ਠਰੰਮੇ ਨਾਲ਼ ਗੱਲ ਕਰ ਰਿਹਾ ਸੀ |

"ਹਾਂ ਬਈ ! ਪਰ ਆਪਣੇ ਕੋਲ ਕੋਈ ਹੱਲ ਵੀ ਤਾਂ ਨਹੀਂ | ਆਪਾਂ ਤਾਂ ਆਪਣੇ ਹੀ ਭਰਾਵਾਂ ਨੂੰ ਅਪੀਲ ਕਹਿ ਲਵੋ ਜਾਂ ਸਮਝਾਉਣਾ ਕਹਿ ਲਵੋ, ਪਈ ਨਿੱਕੇ ਵੀਰੋ ! ਤੁਸੀਂ ਸੰਗੀਤ ਨੂੰ ਪਿਆਰ ਕਰਦੇ ਹੋ, ਬੜੀ ਵਧੀਆ ਗੱਲ ਹੈ | ਸੁਣੋ... ਜੰਮ ਜੰਮ ਸੁਣੋ... ਪਰ ਸੁਣੋ ਉਹ ਜੋ ਹੋਰਾਂ ਨੂੰ ਵੀ ਚੰਗਾ ਲੱਗੇ | ਜ਼ਰਾ ਵਿਚਾਰ ਕਰੋ, ਗੀਤਾਂ ਦੇ ਬੋਲਾਂ ਤੇ ਗੌਰ ਕਰੋ... ਇਹ ਸ਼ਬਦ ਸਾਨੂੰ ਕੀ ਸੁਨੇਹਾ ਦਿੰਦੇ ਨੇ | ਕੀ ਤੁਸੀਂ ਚਾਹੋਗੇ ਕਿ ਤੁਹਾਡਾ ਪਰਿਵਾਰ ਵੀ ਅਜਿਹੇ ਬੇਹੁਦਾ ਤੇ ਲੱਚਰ ਗੀਤ ਸੁਣੇ, ਜੇ ਹਾਂ ਤਾਂ 'ਚੂਕੀ ਜਾਓ ਫੱਟਾ !' ਗੋਰੇ-ਗੋਰੀਆਂ ਨੂੰ ਤਾਂ ਇਹ ਗੀਤ ਸਮਝ ਨਹੀਂ ਆਉਂਦੇ | ਸ਼ਰਮ ਨਾਲ਼ ਤਾਂ ਪੰਜਾਬੀ ਕੁੜੀਆਂ ਹੀ ਪਾਣੀ-ਪਾਣੀ ਹੁੰਦੀਆਂ ਨੇ, ਤੇ ਧੀਆਂ-ਭੈਣਾਂ ਸਭ ਦੀਆਂ ਇੱਕੋ ਜਿਹੀਆਂ ਹੁੰਦੀਆਂ ਨੇ | ਪ੍ਰੇਸ਼ਾਨ ਗੋਰੇ ਵੀ ਹੁੰਦੇ ਨੇ, ਕਿਉਂ ਜੋ ਇਹ ਗੱਲਾਂ ਉਨ੍ਹਾਂ ਦੇ ਸੱਭਿਆਚਾਰ ਦਾ ਹਿੱਸਾ ਨਹੀਂ ਹਨ | ਸਾਡੇ 'ਚੋਂ ਕੁਝ ਕੁ ਅਜਿਹੇ ਮਨਚਲੇ ਨੌਜਵਾਨਾਂ ਦੀ ਵਜ੍ਹਾ ਨਾਲ਼ ਸਾਰੀ ਕੌਮ ਨੂੰ ਨੀਵਾਂ ਦੇਖਣਾ ਪਵੇ, ਸ਼ਾਲਾ ! ਅਜਿਹਾ ਦਿਨ ਨਾ ਹੀ ਆਵੇ | ਜੇਕਰ ਕੋਈ ਅਜਿਹਾ ਮਨਚਲਾ ਦੇਖਦੇ ਹੋ ਤਾਂ ਉਸਨੂੰ ਸੁਧਾਰਨਾ ਵੀ ਤਾਂ ਆਪਾਂ ਹੀ ਹੈ | ਵਿਗੜਿਆਂ ਤਿਗੜਿਆਂ ਨੂੰ ਸਿੱਧੇ ਰਾਹ ਪਾਉਣ ਦਾ ਰਸਤਾ ਵੀ ਮੈਂ ਥੋੜ੍ਹੀ ਦੱਸਣਾ, ਖੁਦ ਹੀ ਸਮਝਦਾਰ ਹੋ ਯਾਰ !" ਮੈਂ ਸ਼ਤ-ਪ੍ਰਤੀਸ਼ਤ ਆਪਣੇ ਦਿਲ ਦੇ ਨਾਲ਼ ਸਹਿਮਤ ਸਾਂ |

"ਇੱਕ ਗੱਲ ਹੋਰ ਕਹਿ ਦੇ ਆਪਣੇ ਪੰਜਾਬੀ ਭਰਾਵਾਂ ਨੂੰ...." ਮੇਰੇ ਦਿਲ ਨੇ 'ਭਰਾਵਾਂ' ਸ਼ਬਦ ਤੇ ਖ਼ਾਸਾ ਹੀ ਜ਼ੋਰ ਪਾਇਆ ਸੀ |

"ਚੱਲ ਉਹ ਵੀ ਆਉਣ ਦੇ...."

"ਕਹਿ ਦੇ ਪਈ, ਸੁਪਰ-ਸਟੋਰਾਂ 'ਚ ਚੀਜ਼ ਲੈਣ ਉਨ੍ਹੇ ਕੁ ਜਣੇ ਜਾਣ, ਜਿਨੇਂ ਜ਼ਰੂਰੀ ਨੇ | ਐਵੀਂ ਨਾ ਇੱਕ ਬਰੈੱਡ ਲੈਣ ਲਈ ਸਾਰਾ ਲਾਣਾ ਤੁਰ ਪਿਆ ਕਰੇ | ਨਾਲ਼ੇ ਥੈਂਕਯੂ, ਸੌਰੀ ਵਗੈਰਾ ਕਹਿਣ ਦੀ ਆਦਤ ਪਾ ਲੈਣ ਤਾਂ ਜੋ ਗੋਰਿਆਂ ਨੂੰ ਲੱਗੇ ਪਈ ਸਾਡੀ ਤਹਿਜ਼ੀਬ ਵੀ ਅਮੀਰ ਹੈ |"

"ਠੀਕ ਐ ਜੀ, ਕਹਿ ਦਿਆਂਗੇ |"

"ਆਪਸ ਵਿੱਚ ਅੰਗ੍ਰੇਜ਼ੀ ਵੀ ਬੋਲਣੀ ਸ਼ੁਰੂ ਕਰ ਦੇਣ ਤਾਂ ਜੋ ਇੱਥੇ ਬੇਗਾਨੇ ਮੁਲਕਾਂ 'ਚ ਰਹਿਣ ਸਹਿਣ ਦੀ ਤੇ ਗੱਲਬਾਤ ਕਰਨ 'ਚ ਕੋਈ ਦਿੱਕਤ ਨਾ ਆਵੇ, ਕੋਈ ਮਾੜਾ ਮੋਟਾ ਚੱਜ ਦਾ ਕੰਮ ਵੀ ਤਾਂ ਹੀ ਮਿਲੂ ਜੇ ਅੰਗ੍ਰੇਜ਼ੀ ਵਧੀਆ ਆਉਂਦੀ ਹੋਊ, ਨਹੀਂ ਤਾਂ ਤੇਰੇ ਵਾਂਗੂੰ ਖੇਤਾਂ 'ਚ ਧੱਕੇ ਖਾਂਦੇ ਫਿਰਨਗੇ |"

"ਤੂੰ ਯਾਰ ਮਿੰਟ ਕੁ ਪਿੱਛੋਂ ਮੇਰੇ ਤੇ ਸੂਈ ਕਿਉਂ ਟਿਕਾ ਲੈਂਦੈ ? ਮੇਰੀ ਤਾਂ ਸੀ ਕਿਸਮਤ ਖੋਟੀ, ਤਾਂ ਚੰਗਾ ਭਲਾ ਕੰਮ ਛੱਡ ਕੇ ਇੱਥੇ ਆ ਗਿਆ, ਤੂੰ ਦੱਸ ਮੇਰੇ ਤੋਂ ਕੀ ਦੱਖੂ-ਦਾਣਾ ਲੈਣੈਂ ?" ਮੈਨੂੰ ਆਪਣੇ ਦਿਲ ਤੇ ਗੁੱਸਾ ਆ ਗਿਆ ਸੀ |

"ਤੂੰ ਤਾਂ ਨਰਾਜ਼ ਹੋਣ ਲੱਗ ਪੈਦੈਂ ਯਾਰ ! ਰੌਲਾ ਇੱਕ ਹੋਰ ਵੀ ਐ ਪਈ ਸਾਲ-ਦੋ ਸਾਲ ਤੋਂ ਇੱਥੇ ਆਏ ਸਭ ਭਾਰਤੀ ਏਥੇ ਮਜ਼ਦੂਰੀਆਂ ਤੇ ਸਫ਼ਾਈਆਂ ਕਰਦੇ ਨੇ ਜਾਂ ਹੋਟਲਾਂ 'ਚ ਭਾਂਡੇ ਮਾਂਜਣ ਦੇ ਕੰਮ 'ਤੇ......"

"ਭਾਂਡੇ ਮਾਂਜਣ ਨਹੀਂ... ਡਿਸ਼ ਵਾਸਿੰਗ ਜਾਂ ਕਿਚਨ ਹੈਂਡ ਕਹਿ" ਮੈਂ ਆਪਣੇ ਦਿਲ ਨੂੰ ਦਬਕਾ ਮਾਰਿਆ |

"ਸੌਰੀ..... ਡਿਸ਼ ਵਾਸ਼ਿੰਗ ਦੇ ਕੰਮ 'ਤੇ ਲੱਗੇ ਨੇ | ਜਦੋਂ ਪਿੰਡ ਫ਼ੋਨ ਕਰਦੇ ਨੇ ਤਾਂ ਇੰਝ ਗੱਲ ਕਰਦੇ ਨੇ ਜਿਵੇਂ ਕੁਰਸੀ ਤੇ ਬੈਠੇ ਹੋਣ | ਫੋæਨ ਕਰਦਿਆਂ ਨਾਲ਼ ਦੇ ਨੂੰ ਅੱਖ ਮਾਰ-ਮਾਰ ਕੇ ਟਾਹਰਾਂ ਮਾਰੀ ਜਾਂਦੇ ਐ ਤੇ ਪੰਜਾਬ ਬੈਠਾ ਫੋਨ ਸੁਣਨ ਵਾਲਾ ਇਹ ਸੋਚਦਾ ਹੈ ਕਿ ਪ੍ਰਦੇਸਾਂ 'ਚ ਐਸ਼ਾਂ ਨੇ | ਉਹ ਵੀ ਜਹਾਜ਼ ਚੜ੍ਹਨ ਲਈ ਘਰ ਦਿਆਂ ਦੇ ਕਿੱਲਿਆਂ ਲਈ ਖ਼ਤਰਾ ਬਣ ਜਾਂਦਾ ਹੈ, ਜਾਂ ਉਨ੍ਹਾਂ ਦੀਆਂ ਬੋਦੀਆਂ ਕਰਜ਼ੇ ਨਾਲ਼ ਬੰਨਵਾ ਦਿੰਦਾ ਹੈ | ਨਾਲ਼ ਜਿਹੜੀਆਂ 'ਔਰਕੁਟ' ਤੇ ਫੋਟੋ ਲਾਈਆਂ ਹੁੰਦੀਆਂ ਨੇ ਉਹ ਅੱਡ ਪੰਜਾਬ ਬੈਠਿਆਂ ਦਾ ਚਿੱਤ ਘਾਊਂ-ਮਾਊਂ ਕਰਦੀਆਂ ਨੇ | ਮੇਰਾ ਮਤਲਬ ਤਾਂ ਸਿਰਫ਼ ਏਨ੍ਹਾਂ ਕੁ ਹੈ ਪਈ ਵਤਨ ਬੈਠਿਆਂ ਨੂੰ ਆਪਣੀਆਂ ਫੋਕੀਆਂ ਗੱਲਾਂ ਨਾਲ਼ ਲੁਭਾਉਣ ਦੀ ਬਜਾਏ ਸਚਾਈ ਦੱਸਿਆ ਕਰਨ | 'ਆਖਣੇ ਕਿੰਦੀ ਅੰਕਲ ਦੇ' ਮੂੰਗਫਲੀ ਖਾ ਕੇ ਬਦਾਮਾਂ ਦੇ ਪੱਦ ਮਾਰਨ ਦਾ ਕੋਈ ਲਾਭ ਨਹੀਂ |"

"ਹੋਰ ਕੀ ਚਾਹੁੰਨੈ ਤੂੰ ?" ਮੇਰਾ ਪਾਰਾ ਹਾਈ ਲੈਵਲ ਵੱਲ ਜਾ ਰਿਹਾ ਸੀ |

"ਚੱਲ ਬਾਈ ਬਣਕੇ ਗੁੱਸਾ ਨਾ ਕਰ, ਤੇਰੀ ਰਿਕਾਰਡ ਹੋ ਰਹੀ ਕੈਸਟ ਵੀ ਮੁੱਕਣ ਵਾਲੀ ਹੋਣੀ ਐ | ਬੱਸ ਇੱਕ ਆਖ਼ਰੀ ਗੱਲ ਆਪਣੇ ਭਾਰਤੀ ਮੀਡੀਆ ਨੂੰ ਕਹਿ ਦੇਈਂ ਬਾਈ ਬਣਕੇ |" ਮੇਰਾ ਦਿਲ ਤਾਂ ਦੀ ਲੱਗਦੈ, ਸਾਰੀ ਭੜਾਸ ਨਿੱਕਲ ਗਈ ਸੀ, ਤਾਂ ਹੀ ਪਾਣੀ ਬਣਿਆ ਤੁਰਿਆ ਆਉਂਦਾ ਸੀ |

"ਚੱਲ ਦੱਸ |"

"ਕਹਿ ਦੇਈਂ ਬਾਈ ਜੀ, ਜੇ ਕਦੇ ਆਸਟ੍ਰੇਲੀਆ 'ਚ ਕਦੇ ਕੋਈ ਊਚ-ਨੀਚ ਹੋ ਜਾਂਦੀ ਐ ਤਾਂ ਬਾਈ ਬਣਕੇ ਉਸ ਮਾਮਲੇ ਨੂੰ ਏਨੀ ਤੂਲ ਨਾ ਦਿਆ ਕਰੋ | ਲੁੱਟਾਂ-ਖੋਹਾਂ, ਮਾਰ-ਕੁੱਟ, ਕਤਲ ਆਦਿ ਆਸਟ੍ਰੇਲੀਆ ਨਾਲੋਂ ਬਾਹਲੇ ਆਪਣੇ ਮੁਲਕ 'ਚ ਹੁੰਦੇ ਐ | ਜੇ ਕੋਈ ਪੰਜਾਬੀ ਭਰਾ ਕਿਸੇ ਨਸ਼ੇੜੀ ਦੇ ਧੱਕੇ ਚੜ੍ਹ ਜਾਂਦਾ ਹੈ ਜਾਂ ਕਿਸੇ ਨਾਲ਼ ਕੋਈ ਮਾੜਾ ਮੋਟਾ ਧੱਕਾ ਹੋ ਵੀ ਜਾਂਦਾ ਹੈ ਤਾਂ ਮਾਮਲੇ ਨੂੰ ਨਸਲਵਾਦ ਦਾ ਨਾਮ ਦੇ ਕੇ ਨਾ ਉਛਾਲੋ | ਸਾਡੇ ਘਰ ਦਿਆਂ ਦੇ ਸਾਹ ਥੋਡੇ ਚੈਨਲਾਂ ਦੀਆਂ ਖਬਰਾਂ ਦੇਖ-ਦੇਖ ਕੇ ਈ ਸੁੱਕੇ ਰਹਿੰਦੇ ਨੇ | ਰਿਸ਼ਤੇਦਾਰ ਅੱਡ ਟੈਲੀਵੀਜ਼ਨ ਦੇਖਕੇ ਘਰ ਦਿਆਂ ਨੂੰ ਫੋਨ ਕਰਦੇ ਨੇ ਕਿ ਭਾਈ ਨਿਆਣੇ ਠੀਕ-ਠਾਕ ਨੇ ? ਤੰਗੀਆਂ ਤਕਲੀਫ਼ਾਂ ਤਾਂ ਜਿੰਦਗੀ ਦਾ ਹਿੱਸਾ ਨੇ ਤੇ ਬਾਕੀ ਹਾਲ ਦੀ ਘੜੀ ਤਾਂ ਸਾਡੇ 'ਤੇ ਰੱਬ ਦੀ ਬੜੀ ਮਿਹਰ ਹੈ | ਕਮੀਆਂ ਪੇਸ਼ੀਆਂ ਹਰ ਕਿਸੇ 'ਚ ਹੁੰਦੀਆਂ ਨੇ, ਆਪਣੇ ਬੰਦਿਆਂ 'ਚ ਵੀ ਨੇ, ਪਰ ਥੋਡੀਆਂ ਖ਼ਬਰਾਂ ਕਰਕੇ ਆਸਟ੍ਰੇਲੀਆਈ ਮੀਡੀਆ ਨੇ ਜੇ ਕਿਤੇ ਇਹਨਾਂ ਦੀਆਂ ਕਮੀਆਂ-ਪੇਸ਼ੀਆਂ ਉਜਾਗਰ ਕਰਨਾ ਸ਼ੁਰੂ ਕਰ ਦਿੱਤਾ ਤਾਂ ਇੱਥੇ ਪੜ੍ਹਨ ਆਏ ਜ਼ਰੂਰ ਹੀ ਪ੍ਰੇਸ਼ਾਨੀ 'ਚ ਆ ਸਕਦੇ ਹਾਂ | ਥੋਡੀਆਂ ਖਬਰਾਂ ਦੇਖ/ਪੜ੍ਹ ਕੇ ਭਾਰਤ 'ਚ ਵਿਹਲੀ ਜਨਤਾ ਮੁਜ਼ਾਹਰੇ ਕਰਦੀ ਹੈ, ਤੋੜ-ਭੰਨ ਤੇ ਸਾੜ-ਫੂਕ ਕਰਦੀ ਹੈ | ਲੋਕਾਂ ਦੀ ਉਤੇਜਨਾ ਨਾਲ਼ ਥੋਡੀ ਤਾਂ ਟੀæਆਰæਪੀæ ਪਤਾ ਨਹੀਂ ਵਧਦੀ ਹੈ ਕਿ ਨਹੀਂ ਪਰ ਸਾਡੇ ਮੁਲਕ ਦਾ ਨੁਕਸਾਨ ਜ਼ਰੂਰ ਹੁੰਦਾ ਹੈ | ਬੱਸ ! ਤੁਸੀਂ ਟੋਏ 'ਚ ਡਿੱਗਿਆ ਕੋਈ 'ਪ੍ਰਿੰਸ' ਅਰਗਾ ਹੀ ਲੱਭੀ ਰੱਖਿਆ ਕਰੋ, ਨਾਲ਼ੇ ਤਾਂ ਅਗਲੇ ਦੀ ਜੂਨ ਸੁਧਰ ਜਾਊ ਤੇ ਨਾਲ਼ੇ ਥੋਡੇ ਚੈਨਲਾਂ ਨੂੰ ਚੌਵੀ ਘੰਟੇ ਲਈ ਖ਼ਬਰ ਮਿਲ ਜਾਊ | ਜਿਥੋਂ ਤੱਕ ਨਸਲਵਾਦ ਦਾ ਸੰਬੰਧ ਹੈ, ਆਪਣੇ ਮੰਜੇ ਥੱਲੇ ਸੋਟਾ ਫੇਰ ਕੇ ਦੇਖੋ, ਪਤਾ ਲੱਗ ਜਾਊ ਆਪਾਂ ਕਿੰਨੇ ਕੁ ਦੁੱਧ ਦੇ ਧੋਤੇ ਹਾਂ | ਦੋ ਮਹੀਨੇ ਪਹਿਲਾਂ ਸਾਰੀ ਦੁਨੀਆਂ 'ਚ ਨਸਲਵਾਦ-ਨਸਲਵਾਦ ਦੇ ਢਿੰਡੋਰੇ ਪਿੱਟ ਕੇ ਆਸਟ੍ਰੇਲੀਆ ਨੂੰ ਵਿਸ਼ਵ ਪੱਧਰ ਤੇ ਬਦਨਾਮ ਕਰ ਦਿੱਤਾ | ਹੁਣ ਕਿਉਂ ਸ਼ਾਂਤੀ ਹੈ ? ਕਿੱਥੇ ਹੈ ਨਸਲਵਾਦ ? ਪਹਿਲਾਂ ਵੀ ਇੱਕਾ-ਦੁੱਕਾ ਘਟਨਾਵਾਂ ਹੁੰਦੀਆਂ ਸੀ, ਹੁਣ ਵੀ ਹੁੰਦੀਆਂ ਨੇ | ਪਰ ਬਾਈ ਜੀ ! ਵਾਰੇ-ਵਾਰੇ ਜਾਈਏ ਥੋਡੇ ਤੋਂ, ਖੰਡ ਤੋਂ ਖੰਡ ਦੇ ਖਿਡੌਣੇ ਬਨਾਉਣੇ ਤਾਂ ਕੋਈ ਥੋਡੇ ਤੋਂ ਸਿੱਖੇ |"

ਮੇਰੇ ਦਿਲ ਨੇ ਅਜਿਹੀ ਗੱਲ ਕਰ ਦਿੱਤੀ, ਜਿਸ ਨਾਲ਼ ਮੈਂ ਸ਼ਤ-ਪ੍ਰਤੀਸ਼ਤ ਸਹਿਮਤ ਹਾਂ | ਪਿੱਛੇ ਜਿਹੇ ਮੈਂ ਪੰਜਾਬ 'ਚ ਘਰੇ ਫੋਨ ਲਗਾ ਰਿਹਾ ਸਾਂ, ਕੁਦਰਤੀਂ ਗ਼ਲਤ ਨੰਬਰ ਲੱਗ ਗਿਆ | ਅੱਗੋਂ ਫਿਰੋਜ਼ਪੁਰ ਏਰੀਏ ਦਾ ਕੋਈ ਜਿੰਮੀਦਾਰ ਭਰਾ ਬੋਲਦਾ ਸੀ | ਆਸਟ੍ਰੇਲੀਆ ਬਾਰੇ ਪੁੱਛਣ ਲੱਗ ਪਿਆ, ਮੈਂ ਵੀ ਸੋਚਿਆ ਚਲੋ ਕੋਈ ਨਾ, ਦੋ ਚਾਰ ਮਿੰਟ ਗੱਲ ਕਰਨ ਨਾਲ਼ ਕੋਈ ਫ਼ਰਕ ਨਹੀਂ ਪੈਂਦਾ, ਭਾਵੇਂ ਕਿ ਅੰਤਰ-ਰਾਸ਼ਟਰੀ ਕਾਲ ਦਾ ਖ਼ਰਚ ਪੈ ਰਿਹਾ ਸੀ | ਕਾਫ਼ੀ ਗੱਲਾਂ ਕਰਕੇ ਉਸ ਬਾਈ ਨੇ ਆਖ਼ਿਰ 'ਲਿੱਦ' ਕਰ ਹੀ ਦਿੱਤੀ | ਪੁੱਛਦਾ... 'ਬਾਈ ਜੀ ! ਥੋਡੇ ਨਾਲ਼ ਗੋਰੇ ਭਈਆਂ ਵਾਲਾ ਵਿਹਾਰ ਕਰਦੇ ਐ ਕਿ ਬਚੇ ਐ ?' ਉਸਨੇ ਤਾਂ ਸ਼ਾਇਦ ਸੁਭਾਇਕੀ ਹੀ ਪੁੱਛਿਆ ਸੀ ਪਰ ਜੇ ਗੰਭੀਰਤਾ ਨਾਲ਼ ਸੋਚਿਆ ਜਾਵੇ ਤਾਂ ਇਸ ਨਿੱਕੀ ਜਿਹੀ ਗੱਲ ਤੋਂ ਪੰਜਾਬੀਆਂ ਦੇ ਅਚੇਤ ਮਨਾਂ 'ਚ ਭਈਆਂ ਪ੍ਰਤੀ ਵਿਵਹਾਰ ਜਾਂ ਸੋਚ ਬਾਰੇ ਪਤਾ ਚਲਦਾ ਹੈ | ਕੀ ਇਹ ਗੱਲਾਂ ਨਸਲਵਾਦ ਦਾ ਹਿੱਸਾ ਨਹੀਂ ? ਇਹ ਵਿਸ਼ਾ ਗੰਭੀਰਤਾ ਨਾਲ਼ ਸੋਚਣ ਵਾਲਾ ਹੈ | ਇੱਥੇ ਆਸਟ੍ਰੇਲੀਆ 'ਚ ਪੁਰਾਣੇ ਵਸਦੇ ਪੰਜਾਬੀਆਂ 'ਚੋਂ ਕੁਝ ਕੁ ਵਿਦਿਆਰਥੀਆਂ ਨਾਲ਼ ਭੱਦਾ ਵਿਵਹਾਰ ਕਰਦੇ ਹਨ | "ਸਟੂਡੈਂਟ" ਸ਼ਬਦ ਇੰਝ ਪੁਕਾਰਦੇ ਹਨ, ਜਿਵੇਂ ਸਟੂਡੈਂਟ ਪੜ੍ਹੇ ਲਿਖੇ ਨੌਜਵਾਨ ਨਹੀਂ ਸਗੋਂ "ਅਛੂਤਾਂ ਦਾ ਤਬਕਾ" ਹੈ | ਜਾਪਦਾ ਹੈ ਕਿ ਉਹ ਲੋਕ ਸਾਡੇ ਇੱਥੇ ਆਉਣ ਤੇ ਖੁਸ਼ ਨਹੀਂ ਹਨ | ਕਾਰਨ ??? ਪਤਾ ਨਹੀਂ | ਕੁਝ ਦਿਨ ਹੋਏ ਗੁਰਦੁਆਰਾ ਸਾਹਿਬ 'ਚ ਅਖੰਡ ਪਾਠ ਦਾ ਪ੍ਰਕਾਸ਼ ਹੋਇਆ ਸੀ | ਮੈਂ ਵੀ ਪੁਰਾਣੇ ਪੰਜਾਬੀਆਂ 'ਚ ਜਾ ਬੈਠਾ, ਪਰ ਜਾਪਦਾ ਹੈ ਕਿ ਉਨ੍ਹਾਂ 'ਚ ਬੈਠਣ ਦੀ ਗੁਸਤਾਖ਼ੀ, ਮੈਂ ਆਪਣੀ "ਔਕਾਤ ਤੋਂ ਬਾਹਰ ਜਾ ਕੇ" ਕੀਤੀ ਸੀ | ਇੱਕ ਬਾਈ ਜੀ ਨੇ ਗੱਲਾਂ ਹੀ ਗੱਲਾਂ 'ਚ ਮੇਰੀ "ਰੇਲ" ਬਨਾਉਣੀ ਸ਼ੁਰੂ ਕਰ ਦਿੱਤੀ | ਪਹਿਲਾਂ ਤਾਂ ਮੈਂ ਉਸਦੀ ਗੱਲ ਨੂੰ ਮਜ਼ਾਕ ਸਮਝਿਆ ਪਰ ਜਲਦੀ ਹੀ ਅਹਿਸਾਸ ਹੋ ਗਿਆ ਕਿ ਉਹ ਤਾਂ ਸਟੂਡੈਂਟ ਤਬਕੇ 'ਚੋਂ ਹੋਣ ਕਰਕੇ ਮੇਰੇ ਨਾਲ਼ ਅਜਿਹਾ ਭੱਦਾ ਵਿਵਹਾਰ ਕਰ ਰਿਹਾ ਸੀ | ਅੱਗ ਤਾਂ ਬੜੀ ਚੜ੍ਹੀ ਪਰ ਆਪਣੇ ਆਪ ਤੇ ਕੰਟਰੌਲ ਰਖਣ 'ਚ ਕਾਮਯਾਬ ਰਿਹਾ, ਇਹੀ ਸੋਚ ਕੇ ਕਿ "ਸਿਆਣੀ" ਉਮਰ ਦਾ ਹੈ, ਧੌਲਿਆਂ ਵਾਲਾ ਹੈ | ਮੰਨਿਆਂ ਕਿ ਅਸੀਂ ਸਟੂਡੈਂਟ ਵੀਜ਼ੇ ਤੇ ਆਏ ਹਾਂ ਪਰ ਨਾ ਤਾਂ ਅਸੀਂ ਜਹਾਜ਼ ਦੀ ਪੂਛ ਤੇ ਬੈਠ ਕੇ ਆਏ ਹਾਂ ਤੇ ਨਾ ਹੀ ਗ਼ੈਰ ਕਾਨੂੰਨੀ ਤੌਰ 'ਤੇ | ਨਾ ਹੀ ਅਨਪੜ੍ਹ ਢੱਗੇ ਹਾਂ ਕਿ ਜਿਵੇਂ ਮਰਜ਼ੀ ਹੱਕੀ ਚੱਲੋ |

ਖ਼ੈਰ ! ਇਸ ਸਮੇਂ ਤਾਂ ਮੈਂ ਆਪਣੇ ਦਿਲ ਦੀਆਂ ਸੁਨਣ ਲੱਗਾ ਹੋਇਆ ਸਾਂ |

"ਯਾਰ ! ਤੂੰ ਤਾਂ ਵਾਕਿਆ ਹੀ ਸਹੀ ਗੱਲਾਂ ਕਰਨ ਲੱਗ ਪਿਐਂ | ਮੈਂ ਤੇਰੇ ਨਾਲ਼ ਸੌ ਪ੍ਰਤੀਸ਼ਤ ਸਹਿਮਤ ਹਾਂ ਤੇ ਲੇਖ਼ ਲਿਖਣ ਲਈ ਤਿਆਰ ਵੀ, ਪਰ ਜਿਹੜੀਆਂ ਗੱਲਾਂ ਤੂੰ ਸ਼ੁਰੂ ਕੀਤੀਆਂ ਸੀ, ਉਹ ਲਿਖਣ ਦੇ ਮੈਂ ਹੱਕ 'ਚ ਨਹੀਂ, ਕਿਉਂ ਜੋ ਉਹ ਸਿਆਣਿਆਂ-ਬਿਆਣਿਆਂ ਦੇ ਕਰਨ ਦੀਆਂ ਗੱਲਾਂ ਹਨ, ਆਪਣੇ ਨਹੀਂ | ਇਸ ਲਈ ਬਾਈ ਜੀ ਤੇਰੀਆਂ ਗੱਲਾਂ ਰਿਕਾਰਡ ਕਰਨ ਲਈ ਮੈਂ ਰਿਕਾਰਡਰ ਤਾਂ ਜ਼ਰੂਰ ਚਲਾਇਆ ਪਰ ਮੁਆਫ਼ ਕਰੀਂ ਯਾਰਾ ! ਉਹਦੇ 'ਚ ਸੈੱਲ ਤਾਂ ਹੈ ਹੀ ਨਹੀਂ | ਸੋ, ਤੇਰੀਆਂ ਗੱਲਾਂ ਰਿਕਾਰਡ ਨਹੀਂ ਹੋਈਆਂ ਤੇ ਜਦ ਮੇਰੇ ਕੋਲ਼ ਤੇਰੇ ਵਿਚਾਰ ਹੀ ਰਿਕਾਰਡ ਨਹੀਂ ਹੋਏ ਤਾਂ ਲੇਖ਼ ਲਿਖੂੰ ਕਿਵੇਂ |" ਮੈਂ ਆਪਣੇ ਦਿਲ ਨੂੰ ਸ਼ਾਂਤ ਮੂਡ 'ਚ ਦੇਖਕੇ ਸਚਾਈ ਬਿਆਨ ਕਰ ਦਿੱਤੀ |

"ਜਾ ਉਏ ਸਹੁਰੀ ਦਿਆ ! ਮੈਨੂੰ ਬੇਵਕੂਫ਼ ਹੀ ਬਣਾਈ ਗਿਆ | ਮੇਰਾ ਸਾਰਾ ਜ਼ੋਰ ਲੱਗ ਗਿਆ ਤੇ ਤੂੰ ਰਿਕਾਰਡ ਹੀ ਕੁਝ ਨਹੀਂ ਕੀਤਾ | ਆਖ਼ਰ ਮਹਾਜਨਾਂ ਵਾਲਾ ਦਿਲ ਹੀ ਪਾਇਆ ਨਾ | ਥੋੜਾ ਦਲੇਰ ਬਣ | ਜੇ ਕੁਝ ਯਾਦ ਰਿਹਾ ਹੈ ਤਾਂ ਲਿਖ ਦੇਈਂ ਨਹੀਂ ਤਾਂ ਭਾਈ ਕੋਈ ਹੱਲ ਹੀ ਨਹੀਂ |" ਮੈਂ ਖੁਸ਼ ਸੀ ਕਿ ਮੇਰੇ ਦਿਲ ਨੂੰ ਸਚਾਈ ਸੁਣਕੇ ਗੁੱਸਾ ਨਹੀਂ ਸੀ ਆਇਆ ਪਰ ਉਹ ਮੇਰੇ 'ਤੇ "ਤਵਾ" ਤਾਂ ਲਾ ਹੀ ਗਿਆ ਸੀ |

"ਚੱਲ ਬਾਈ ! ਇਸੇ ਨੂੰ ਮੇਰੀ ਕਮਜ਼ੋਰੀ ਸਮਝ ਜਾਂ ਜੋ ਮਰਜ਼ੀ, ਮੈਂ ਤਾਂ ਬਈ ਸਿਆਣੇ ਬੰਦਿਆਂ ਦੀਆਂ ਕਰਨ ਵਾਲੀਆਂ ਗੱਲਾਂ ਤੋਂ ਖ਼ੁਦ ਨੂੰ ਦੂਰ ਰੱਖਣਾ ਹੀ ਬਿਹਤਰ ਸਮਝਦਾ ਹਾਂ | ਜ਼ਿੰਦਗੀ 'ਚ ਕਦੇ ਜੇ ਮੇਰੀ ਹਿੰਮਤ ਨੇ ਸਾਥ ਦਿੱਤਾ ਤਾਂ ਕੌਮ ਦੇ ਆਗੂਆਂ ਸਾਹਮਣੇ ਤੇਰੀ ਸੋਚ ਨੂੰ ਰੱਖ ਦਿਆਂਗਾ, ਬਾਕੀ ਉਹ ਜੋ ਕਰਨਗੇ, ਸ਼ਾਇਦ ਸਹੀ ਹੀ ਕਰਨਗੇ |" ਮੈਂ ਅਸਲ ਹਾਲਤ ਨੂੰ ਆਪਣੇ ਦਿਲ ਦੇ ਸਾਹਮਣੇ ਰੱਖਦਿਆਂ ਕਿਹਾ |

"ਦਿਲ ਬਾਈ ! ਤੂੰ ਏਨੀਆਂ ਗੱਲਾਂ ਕੀਤੀਆਂ, ਆਪਣੇ ਅੰਦਰ ਦਾ ਇੱਕ ਦੁੱਖ ਮੈਂ ਵੀ ਤੇਰੇ ਨਾਲ਼ ਫਿਰੋਲ ਲਵਾਂ ?" ਮੈਂ ਪੁੱਛਿਆ |

"ਹਾਂ... ਹਾਂ... ਦੱਸ ਕੀ ਕਹਿਣਾ ਚਾਹੁੰਦਾ ਏਂ |"

"ਮੇਰੇ ਮਨ 'ਚ ਤਾਂ ਯਾਰ, '84 ਵਾਲਾ ਕਿੱਲ ਹੀ ਠੁੱਕਿਆ ਪਿਆ ਹੈ | ਜੋ ਹੋ ਗਿਆ, ਉਸਦਾ ਇਲਾਜ ਤਾਂ ਕਿਸੇ ਕੋਲ ਵੀ ਨਹੀਂ ਪਰ ਜੇਕਰ ਪੀੜਿਤਾਂ ਨੂੰ ਸਿਰਫ਼ ਇਨਸਾਫ਼ ਹੀ ਮਿਲ ਜਾਂਦਾ, ਤਾਂ ਵੀ ਜ਼ਖ਼ਮਾਂ ਤੇ ਮਾੜੀ-ਮੋਟੀ ਮਰਹਮ ਤਾਂ ਰੱਖੀ ਜਾਂਦੀ | ਸਾਡੇ ਪ੍ਰਧਾਨ ਮੰਤਰੀ ਸਿੱਖ ਹੋਣ ਦੇ ਬਾਵਜੂਦ ਅੱਜ ਤੱਕ ਕੁਝ ਨਾ ਹੋ ਪਾਇਆ | ਤੇ ਹੁਣ ਤਾਂ ਉਮੀਦ ਵੀ ਮਨਫ਼ੀ ਹੁੰਦੀ ਜਾਂਦੀ ਹੈ | ਕੇਵਲ ਹੀ ਅਰਦਾਸ ਕਰ ਸਕਦਾ ਹਾਂ ਕਿ ਹੇ ਸੱਚੇ ਪਾਤਸ਼ਾਹ ! ਮੇਰੇ ਦੇਸ਼ ਦੇ ਆਗੂਆਂ ਨੂੰ ਬੁੱਧੀ ਬਖ਼ਸ਼ ਤਾਂ ਜੋ ਉਹ ਕੁਰਸੀ ਦੇ ਮੋਹ ਤੋਂ ਅੱਗੇ ਵਧ ਕੇ ਜਨਤਾ ਦੇ ਦੁੱਖ-ਦਰਦ ਨੂੰ ਮਹਿਸੂਸ ਕਰ ਸਕਣ |"

"ਹਾਂ ! ਮੈਂ ਵੀ ਤੇਰੇ ਨਾਲ਼ ਇਸ ਅਰਦਾਸ ਵਿੱਚ ਸ਼ਾਮਲ ਹਾਂ | ਸੱਚੀ ਸਰਕਾਰ ਪੀੜਿਤਾਂ ਨੂੰ ਵੀ ਭਾਣਾ ਮੰਨਣ ਦਾ ਬਲ ਬਖ਼ਸ਼ੇ ਤੇ ਇੱਕ ਬੇਨਤੀ ਹੋਰ ਹੈ, ਹੇ ਸੱਚੇ ਪਾਤਸ਼ਾਹ ! ਭਾਰਤ ਦੀ ਧਰਤੀ ਤੇ ਖੁੰਭਾਂ ਵਾਂਗੂੰ ਉੱਗੇ ਬਾਬਿਆਂ ਨੂੰ ਵੀ ਸੁਮੱਤ ਬਖ਼ਸ਼ ਤਾਂ ਜੋ ਇਹ ਵੀ ਵਿਹਲੀਆਂ ਖਾਣ ਦੀ ਬਜਾਏ ਕਿਰਤ ਕਮਾਈ ਕਰਕੇ ਰੋਟੀ ਖਾਣ 'ਚ ਯਕੀਨ ਕਰਨ |"

"....." ਮੇਰਾ ਦਿਲ ਗੱਲ ਖ਼ਤਮ ਕਰਦਿਆਂ ਮੁੜ ਬਾਬਿਆਂ ਤੇ ਆ ਗਿਆ, ਸੋ ਮੈਂ ਚੁੱਪ ਰਹਿਣਾ ਮੁਨਾਸਿਬ ਸਮਝਿਆ |

"ਚੰਗਾ ਯਾਰ ! ਮੇਰਾ ਵੀ ਵਾਹਵਾ ਜ਼ੋਰ ਲੱਗ ਗਿਆ, ਤੇ ਤੂੰ ਵੀ ਕਾਫ਼ੀ ਪ੍ਰੇਸ਼ਾਨ ਹੋ ਗਿਆ ਹੋਏਂਗਾ, ਮੇਰੀਆਂ ਗੱਲਾਂ ਤੋਂ | ਬੋਝ ਲਾਹ ਤੇ ਭੋਰਾ ਆਰਾਮ ਕਰ ਲੈ | ਪਰ ਇੱਕ ਗੱਲ ਤਾਂ ਮੰਨ ਲੈ ਕਿ ਮੇਰੀਆਂ ਗੱਲਾਂ ਹੈਗੀਆਂ ਸੀ, ਸਾਰੀਆਂ ਖ਼ਰੀਆਂ |" ਆਖ਼ਿਰ ਮੇਰੇ ਦਿਲ ਨੂੰ ਮੇਰੇ ਤੇ ਰਹਿਮ ਆ ਹੀ ਗਿਆ ਸੀ |

"ਚੱਲ ਛੱਡ ਯਾਰ ! ਫੇਰ ਕਦੇ ਗੱਲ ਕਰਾਂਗੇ |" ਮੇਰੇ ਦਿਲ ਦੀਆਂ ਗੱਲਾਂ ਪਤਾ ਨਹੀਂ ਸਹੀ ਸਨ ਕਿ ਨਹੀਂ, ਪਰ ਮੈਂ ਆਪਣੀ ਜਾਨ ਬਚਾ ਲਈ ਸੀ, ਆਪਣੇ ਦਿਲ ਨੂੰ ਬੇਵਕੂਫ਼ ਬਣਾ ਕੇ, ਤੇ ਪ੍ਰੇਸ਼ਾਨੀ ਤੋਂ ਮੁਕਤ ਵੀ ਹੋ ਗਿਆ ਸਾਂ ਕਿ ਹੁਣ ਲੇਖ਼ ਨਹੀਂ ਲਿਖਣਾ ਪਵੇਗਾ |

***

ਗੁਰਦਾਸ ਮਾਨ ਦਿਆਂ ਗੀਤਾਂ ਵਿੱਚ ਔਰਤ -ਅਕਾਸ਼ ਦੀਪ ‘ਭੀਖੀ’ਪਰੀਤ

ਗੁਰਦਾਸ ਮਾਨ ਦਿਆਂ  ਗੀਤਾਂ ਵਿੱਚ ਔਰਤ -ਅਕਾਸ਼ ਦੀਪ ‘ਭੀਖੀ’ਪਰੀਤ
        ਗੁਰਦਾਸ ਮਾਨ ਪੰਜਾਬੀ ਮਾਂ ਬੋਲੀ ਦਾ ਛਿੰਦਾ ਪੁੱਤ ਹੈ, ਤੇ ਪੰਜਾਬੀ ਗਾਇਕੀ ਦਾ ਸਰਤਾਜ। ਉਸਦਾ ਹਰ ਗੀਤ ਹੀ ਆਪਣੇ ਆਪ ਵਿੱਚ ਰਸ ਭਰਿਆ ਹੁੰਦਾ ਹੈ। ਉਸ ਦੇ ਗੀਤਾਂ ਦੀ ਹਵਾ ਵਿੱਚ ਉੱਚ ਕਦਰਾਂ ਕੀਮਤਾਂ ਨਮੀ ਜ਼ਰੂਰ ਛੁਪੀ ਹੁੰਦੀ ਹੈ। ਉਸ ਦਿਆਂ ਗੀਤਾਂ ਦੀ ਜੇਕਰ ਸਮਾਜ਼ਕ ਪ੍ਰਸੰਗਤਾ ਦੇ ‘ਸੰਦਰਭ ਵਿੱਚ ਗੱਲ ਕਰਨੀ ਹੋਵੇ ਤਾਂ ਅਨੇਕਾ ਹੀ ਸਮਾਜ਼ਕ ਉਰਾਆਂਵਾਂ ,ਚਡ਼ਾਆਂ ਨੂੰ ਉਜ਼ਾਗਰ ਕੀਤਾ ਜਾ ਸਕਦਾ ਹੈ, ਪਰ ਇੱਥੇ ਮੈਂ ‘ਗੁਰਦਾਸ ਮਾਨ ਦਿਆਂ ਗੀਤਾਂ ਵਿੱਚ ਔਰਤ’ ਦੇ ਸੰਦਰਭ ਵਿੱਚ ਚਰਚਾ ਛੇਡ਼ਨ ਦਾ ਯਤਨ ਕੀਤਾ ਹੈ। ਸਾਡਾ ਸਮਾਜ਼ ‘ਮਰਦ ਪ੍ਰਧਾਨ ਸਮਾਜ਼’ਹੈ ਜਿੱਥੇ ਔਰਤ ਨੂੰ ‘ਪੈਰ ਦੀ ਜੁੱਤੀ ਦਾ’ ਵਿਸ਼ੇਸ਼ਣ ਦਿੱਤਾ ਹੋਇਆ ਹੈ।ਹੁਣ ਇਸ ਨੂੰ ਵੱਖਰੀ ਗੱਲ ਕਹਿ ਲਵੋ ਜਾਂ ਸਾਡੇ ਭਾਰਤੀ ਸਮਾਜ਼ ਦਾ ਦੋਗਲਾਪਣ ਪੂਜਿਆ ਇੱਥੇ ਕੁਡ਼ੀਆ ਨੂੰ ‘ਕੰਜਕਾਂ’ ਦੇ ਰੂਪ ਵਿੱਚ ਵੀ ਜਾਂਦਾਂ ਹੈ।ਸਾਡੇ ਸਮਾਜ਼ ਦੇ ਔਰਤ ਨਾਲ ਮੁੱਢਾਂ ਸੁੱਢਾਂ ਤੋਂ ਚੱਲੇ ਆ ਰਹੇ ਇਸ  ਦੋਗਲੇਪਣ ਦੇ ਵਰਤਾਰੇ ਨੂੰ ਗੁਰਦਾਸ ਮਾਨ ਨੇ ਬਡ਼ੇ ਵਿਅੰਗ ਭਰਪੂਰ ਅਤੇ ਪ੍ਰਭਾਵਮਈ ਢੰਗ ਨਾਲ ਆਪਣੇ ਗੀਤਾਂ ਵਿੱਚ ਦ੍ਰਿਸ਼ਟਮਾਨ ਕੀਤਾ ਹੈ। ਗੁਰਦਾਸ ਮਾਨ ਆਪਣਿਆਂ ਗੀਤਾਂ ਵਿੱਚ ਮਰਦ ਨੂੰ ਦੋਸ਼ਾਂ ਦੇ ਕਟਹਿਰੇ ਵਿੱਚ ਖਡ਼੍ਹਾ ਕਰਦਿਆਂ  ਆਖਦਾ ਹੈ ਕਿ ‘ਆਪਣੇ ਸਿਰ ਦੀ ਪੱਗ ਕਿਸੇ ਤੋਂ ਸਾਂਭੀ ਜਾਂਦੀ ਨਹੀਂ ਬੁਰਾ ਮਨਾਂਉਦੇ ਲੋਕੀ ਬੀਬੀ ਸਿਰ ਤੋਂ ਨੰਗੀ ਦਾ’।ਗੁਰਦਾਸ ਮਾਨ ਦੀ ਹੋਰਾਂ ਗਾਇਕਾਂ ਤੋਂ ਇਹ ਵਿਲੱਖਣਤਾ ਰਹੀ ਹੈ ਕਿ ਉਸ ਨੇ ਆਪਣਿਆਂ ਗੀਤਾਂ ਵਿੱਚ ਔਰਤ ਨੂੰ ਕਦੇ ਦੂਜੇ ਗਾਇਕਾਂ ਵਾਂਗ ਨਿੰਦਿਆ ਨਹੀਂ ਬਲਕਿ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਦਿਆਂ ਸਹੀ ਨਜ਼ਰੀਏ ਤੋਂ ਔਰਤ ਦੇ ਹੱਕ ਵਿੱਚ ਆਪਣੀ ਤਰਕ ਭਰੀ ਦਲੀਲ ਦਿੱਤੀ ਹੈ ਤੇ ਔਰਤ ਨੂੰ ਹਮੇਸ਼ਾਂ ‘ਬੇਵਫਾ’ ਦਾ ਵਿਸ਼ੇਸ਼ਣ ਦੇਣ ਵਾਲਿਆਂ ਦੀ ਸੰਕਰੀਣ ਤੇ ਤੰਗ ਦਿਲੀ ਸੋਚ ਤੇ ਅਫ਼ਸੋਸ ਜ਼ਾਹਰ ਕੀਤਾ ਹੈ।                                                                                        ਗੁਰਦਾਸ ਮਾਨ ਨੇ ‘ਕੁਡ਼ੀਏ ਕਿਸਮਤ ਪੁਡ਼ੀਏ , ਗੀਤ ਰਾਂਹੀ ਜਿੱਥੇ ਸਮਾਜ਼ ਵੱਲ੍ਹੋ ਔਰਤ ਤੇ ਵੱਖ ਵੱਖ ਤਰੀਕਿਆਂ ਨਾਲ ਢਾਹੇ ਜਾਂਦੇ ਜੁਲਮਾ ਨੂੰ ਬਿਆਨ ਕੀਤਾ ਹੈ, ਉਥੇ ਇਸ ਗੀਤ ਰਾਂਹੀ ਉਸ ਨੇ ਇੱਕ ਨਵੀਂ ਗੱਲ ਵੀ ਕੀਤੀ ਤੇ ਇੱਕ ਇਤਿਹਾਸ ਸਿਰਜ ਦਿੱਤਾ । ਉਹ ਇਹ ਹੈ ਕਿ ਗੁਰਦਾਸ ਮਾਨ  ਜੀ ਨੇ ਇਸ ਗੀਤ ਰਾਂਹੀ ਸਾਡੇ ਕਲਮਕਾਂਰਾਂ ਵੱਲੋਂ੍ਹ ਵਰਿਆਂ ਤੋਂ ਭੰਡੀ ਜਾ ਰਹੀ ‘ਸਾਹਿਬਾਂ’ ਨੂੰ ਬਦਨਾਮੀ ਦੇ ਚਿੱਕਡ਼ ਵਿੱਚੋਂ ਬਡ਼ੀਆਂ ਹੀ ਤਰਕਮਈ ਤੇ ਭਾਵਪੂਰਤ ਦਲੀਲਾਂ ਦੇ ਕੇ ਕੱਢਿਆ ਹੈ ਤੇ  ਸਾਡੇ ਉਹਨਾਂ ਸਭ ਕਲਮਕਾਰਾਂ ਨਾਲ ਗਿਲਾ ਵੀ ਜ਼ਾਹਰ ਕੀਤਾ ਜੋ ਸਿਰਫ ਮਿਰਜੇ ਨੂੰ ਹੀ ਸਹੀ ਦਰਸਾਉਦਿਆਂ ਸਾਹਿਬਾਂ ਨੂੰ ਬੇਵਫਾ ਔਰਤ ਕਹਿ ਕੇ ਭੰਡਦੇ ਆ ਰਹੇ ਹਨ । ਗੁਰਦਾਸ ਮਾਨ ਸਾਹਿਬਾਂ ਦੇ ਹੱਕ ਵਿੱਚ ਪੂਰੇ ਤਰਕ ਨਾਲ ਦਲੀਲ ਦਿੰਦਿਆਂ ਆਖਦਾ ਹੈ      ‘ ਸੱਤ ਭਰਾ ਇੱਕ ਮਿਰਜ਼ਾ ਬਾਕੀ ਕਿੱਸਾਕਾਰਾਂ ਨੇ , ਕੱਲੀ ਸਾਹਿਬਾਂ ਬੁਰੀ ਬਣਾਤੀ ਮਰਦ ਹਜ਼ਾਰਾਂ ਨੇ, ਕਵੀਆਂ ਦੀ ਇਸ ਗਲਤੀ ਨੂੰ ਮੈ ਕਿਵੇਂ ਸੁਧਾਰ ਦਿਆਂ । ਸਾਹਿਬਾਂ ਨੂੰ ਬੇਵਫਾ ਆਖਣ ਵਾਲੇ ਕਿ ਇਹ ਨਹੀਂ ਜਾਣਦੇ ਸਨ ਕਿ ਸਾਹਿਬਾਂ ਨੇ ਮਿਰਜ਼ੇ ਨੂੰ ਜ਼ੰਡ ਥੱਲੇ ਸੋਣ ਤੋਂ ਵਰਜਿਆ ਵੀ ਸੀ,ਕਿਉਂਕਿ ਉਹ ਜਾਣਦੀ ਸੀ ਕੇ ਉਸ ਦੇ ਭਰਾ ਮਿਰਜੇ ਦੀ ਜਾਨ ਦੇ ਦੁਸ਼ਮਣ ਬਣੇ ਉਹਨਾਂ ਦਾ ਪਿੱਛਾ ਜਰੂਰ ਕਰਨਗੇ।ਅਗਰ ਸਾਹਿਬਾਂ ਦੇ ਭਾਈ ਮਾਰੇ ਜਾਂਦੇ ਤਾਂ ਸਾਡੇ ਮਰਦ ਪ੍ਰਦਾਨ ਸਮਾਜ ਨੇ ਫਿਰ ਇਹ ਆਖਣਾ ਸੀ ਕਿ ਵੇਖੋ ‘ਕੰਜਰੀ’ ਨੇ ਭਾਈ ਮਰਵਾ ਦਿੱਤੇ । ਇਹ ਤਾਂ ਫਿਰ ਉਹੀ ਗੱਲ ਹੋਈ ਨਾ ਦੋਸਤੋ ਕਿ ਆਰੀ ਨੂੰ ਇੱਕ ਪਾਸੇ ਦੰਦ ਜਹਾਨ ਨੂੰ ਦੋਹੀਂ ਪਾਸੇ ,ਪਰ ਵਾਰੇ ਜਾਈਏ ਗੁਰਦਾਸ ਮਾਨ ਦੇ ਜਿਸ ਨੇ ਸਾਹਿਬਾਂ ਦੇ ਹੱਕ ਵਿੱਚ ਉਵੇਂ ਦਲੀਲ ਦਿੱਤੀ ਜਿਵੇਂ ਸ਼ਿਵ ਕੁਮਾਰ ਬਟਾਲਵੀ ਨੇ ਲੂਣਾ ਲਿਖ ਕੇ ਲੂਣਾ ਦੇ ਹੱਕ ਵਿੱਚ । ਸ਼ਿਵ ਨੇ ਵੀ ਆਪਣੇ ਪੂਰਵ ਤੇ ਸਮਕਾਲੀਨ ਲੇਖਕਾਂ ਦੀ ਔਰਤ ਪ੍ਰਤੀ  ਤੰਗ ਨਜਰੀਏ ਨੂੰ ਤਿਆਗ ਕੇ ਲੂਣਾ ਦੇ ਹੱਕ ਵਿੱਚ ਅਵਾਜ ਬੁਲੰਦ ਕੀਤੀ ਸੀ । ਸੋ ਦੋਸਤੋ ਸ਼ਿਵ ਨੇ ਲੂਣਾ ਤੇ ਗੁਰਦਾਸ ਮਾਨ ਨੇ ਸਾਹਿਬਾਂ ਨੂੰ ਬਦਨਾਮੀ ਤੋਂ ਨਿਜ਼ਾਤ ਦਵਾਈ । ਇਹਨਾਂ ਦੋਹਾਂ ਮਹਾਨ ਲੇਖਕਾਂ ਦੀ ਸੋਚ ਤੇ ਲੇਖਣੀ ਨੂੰ ਮੇਰਾ ਸਜ਼ਦਾ ।                                                  ਗੁਰਦਾਸ ਮਾਨ ਉਹ ਮਹਾਨ ਗਾਇਕ ਹੇ ਜੋ ਗੱਲਾਂ ਗੱਲਾਂ ਵਿੱਚ ਲੋਕਾਂ ਨੂੰ ਵੱਡੇ ਸੁਨੇਹੇ ਦੇ ਜਾਂਦਾਂ ਹੈ ਤੇ ਸਮਾਜ਼ਕ ਬੁਰਾਈਆਂ ਵਿਰੁਧ ਆਪਣੀ ਅਵਾਜ਼ ਲਾਮਬੰਦ ਕਰ ਦਿੰਦਾਂ ਹੈ ।ਸਾਈਕਲ ਗੀਤ ਰਾਂਹੀ ਵੀ ਉਸਨੇ ਜਿੱਥੇ ਆਪਣੀ ਜ਼ਿੰਦਗੀ ਦੇ ਕੁਝ ਸੱਚ ਬਿਆਨ ਕੀਤੇ ਨੇ ,ਉੱਥੇ ਇਸ ਗੀਤ ਰਾਂਹੀ ਭਰੂਣ ਹੱਤਿਆ ਵਿਰੁੱਧ ਵੀ ਲੋਕਾਈ ਨੂੰ ਜਾਗਰੂਕ ਕਰਦਾ ਹੈ , ਜਦ ਉਹ ਆਖਦਾ ਹੈ ਕਿ , ਜੇ ਮਾਂ ਮੇਰੀ ਜੰਮਦੀ ਨੂੰ ਉਦੋਂ ਮਾਰ ਦਿੰਦਾਂ ਮੇਰਾ ਨਾਨਾ , ਨਾ ਮੇਰਾ ਪਿਉ ਨਾ ਮੈ ਹੁੰਦਾ ਗੁਰਦਾਸ ਮਾਨ ਮਰ ਜਾਣਾ । ਮਤਲਬ ਜਿਸ ਗੁਰਦਾਸ ਨੂੰ ਲੋਕ ਇੰਨਾ ਚਾਹੁੰਦੇ ਨੇ ,ਉਸਨੇ ਕਿੱਥੇ ਇਹ ਦੁਨੀਆਂ ਵੇਖਣੀ ਸੀ ਜੇ ਉਸਨੂੰ ਜਨਮ ਦੇਣ ਵਾਲੀ ਮਾਂ ਨੂੰ ਹੀ ਉਸਦਾ ਨਾਨਾ ਮਾਰ ਦਿੰਦਾਂ । ਇਸੇ ਤਰ੍ਹਾਂ ਗੁਰਦਾਸ ਨੇ ‘ਹੀਰ’ਗੀਤ ਰਾਂਹੀ ਹੀਰ ਵੱਲ੍ਹੋਂ ਰਾਂਝੇ ਨਾਲ ਸੰਵਾਦ ਰਚਾਇਆ ਹੈ ਕੇ ਜੇ ਰਾਂਝਾ ਬੇਘਰ ਹੋਕੇ ਉਸਦੇ ਕਰਕੇ ਜੋਗੀ ਬਣ ਦੁੱਖ ਝੱਲ ਰਿਹਾ ਹੈ ਤਾਂ ਉਹ ਵੀ ਤਾਂ ਕਿਸੇ ਦੇ ਘਰ ਵਾਲੀ ਹੋਕੇ ਬੇਘਰ ਵਾਂਗ ਹੀ ਹੈ ,  ਨਾਂ ਮੈ ਮਾਪਿਆਂ ਨੇ ਰੱਖੀ ਨਾਂ  ਮੈ ਸਹੁਰਿਆਂ ਦੀ ਹੋਈ , ਜਿੰਨਾਂ ਜਿੰਦਗੀ ‘ਚ ਹੱਸੀ ਉਨਾ ਡੋਲੀ ਵੇਲੇ ਰੋਈ’’। ਸੋ ਦੋਸਤੋ ਗੁਰਦਾਸ ਮਾਨ ਨੇ ਆਪਣੀ ਅਮੀਰ ਤੇ ਰੂਹਾਨੀ  ਸੋਚ ਨਾਲ ਆਪਣਿਆਂ ਗੀਤਾਂ ਰਾਂਹੀ ਔਰਤ ਦੇ ਮਾਣ ਸਨਮਾਨ ਦਾ ਸੁਨੇਹਾ ਸਾਡੇ ਸਮਾਜ ਨੂੰ ਦਿੱਤਾ ਹੈ । ਉਸਦੀ ਨਵੀਂ ਆ ਰਹੀ ਫਿਲਮ ‘ਸੁਖਮਨੀ ’ ਵਿੱਚ ਵੀ ਉਹ ਔਰਤ ਦਾ ਸਮਾਜ਼ ਵਿੱਚ ਰੁਤਬਾ ਬਹਾਲ ਕਰਾਉਣ ਲਈ ਯਤਨ ਕਰਦਿਆਂ ਨਜਰ ਆ ਰਿਹਾ ਹੈ ।ਅੰਤ ਵਿੱਚ ਕਿਹਾ ਜਾ ਸਕਦਾ ਹੈ ਕਿ ਗੁਰਦਾਸ ਮਾਨ  ਗੁਰੁ ਨਾਨਕ ਦੇਵ ਜੀ ਦੇ ਇਸ ਨੇਕ ਫਰਮਾਨ ਤੇ ਨਿਰੰਤਰ ਅਮਲ ਕਰ ਰਿਹਾ ਹੈ ,  ‘‘ਸੋ ਕਿਉਂ ਮੰਦਾ ਆਖੀਐ ,ਜਿਤੁ ਜੰਮੈ ਰਾਜਾਨ” । ਦਰਅਸਲ ਦੋਸਤੋ ਗੁਰਦਾਸ ਮਾਨ ਉਹ ਹੀਰਾ ਗਾਇਕ ਹੈ ਜੋ ਪੰਜਾਬ ਦੀ ਮੁੰਦਰੀ ਵਿੱਚ ਜਡ਼ਤ ਹੈ ।ਪਰਮਾਤਮਾਂ ਕਰੇ ਗੁਰਦਾਸ ਮਾਨ ਨੂੰ ਹਮੇਸ਼ਾ ਬੁਲੰਦ ਰੱਖੇ ।
..................................