Thursday, March 25, 2010

ਝੱੜ ਰਹੇ ਪੱਤੇ -ਨਿਸ਼ਾਨ ਸਿੰਘ 'ਕੁਰੂਕਸ਼ੇਤਰ'

ਝੱੜ ਰਹੇ ਪੱਤੇ
ਨਿਸ਼ਾਨ ਸਿੰਘ 'ਕੁਰੂਕਸ਼ੇਤਰ'
                          ਪੰਜਾਬੀ ਸਾਹਿਤ ਦੇ ਮਸ਼ਹੂਰ ਸ਼ਾਇਰ ਡਾ: ਰਾਬਿੰਦਰ ਮਸਰੂਰ ਹੁਰਾਂ ਦੀ ਕਵਿਤਾ ਦੀਆਂ ਹੇਠ ਲਿਖੀਆਂ ਸਤਰਾਂ ਮਨੁੱਖੀ ਜੀਵਨ ਦੀ ਇੱਕ ਅਟੱਲ ਸੱਚਾਈ ਨੂੰ ਬਿਆਨ ਕਰਦੀਆਂ ਹਨ।

ਝੱੜ ਰਹੇ ਪੱਤਿਆਂ ਨੂੰ ਇਸ ਗੱਲ ਤੇ ਬੜਾ ਇਤਰਾਜ਼ ਹੈ
ਇਹ ਨਵੇਂ ਪੱਤੇ ਨਿਕਲਦੇ ਸਾਰ ਸ਼ਿਖਰਾਂ ਹੋ ਗਏ
ਮਨੁੱਖੀ ਮਨ ਦੀ ਇਸ ਅਵਸਥਾ ਨੂੰ ਡਾ: ਰਾਬਿੰਦਰ ਮਸਰੂਰ ਹੁਰਾਂ ਨੇ ਇਹਨਾਂ ਦੋ ਸਤਰਾਂ ਵਿੱਚ ਹੀ ਬਿਆਨ ਕਰ ਦਿੱਤਾ ਹੈ। ਅਸਲ ਵਿੱਚ ਕਿੱਤਾ ਕੋਈ ਵੀ ਹੋਵੇ ਪੁਰਾਣੇ ਪੱਤੇ (ਪੁਰਾਣੇ ਲੋਕ) ਇਹ ਨਹੀਂ ਚਾਹੁੰਦੇ ਕਿ ਕੋਈ ਨਵਾਂ ਪੱਤਾ (ਨਵਾਂ ਵਿਅਕਤੀ) ਨਿਕਲਦਿਆਂ (ਉਸ ਖੇਤਰ ਵਿੱਚ ਆਉਂਦਿਆਂ) ਹੀ ਉਹਨਾਂ ਤੋਂ ਉੱਪਰ ਹੋ ਜਾਏ।
ਪੰਜਾਬੀ ਸਾਹਿਤ ਦੀ ਗੱਲ ਕਰਦਿਆਂ ਵੀ ਇਹ ਸੱਚ ਅੱਖਾਂ ਸਾਹਮਣੇ ਆਉਂਦਾ ਹੈ ਕਿ ਪੁਰਾਣੇ ਪੱਤੇ (ਲਿਖਾਰੀ) ਕਿਸੇ ਨਵੇਂ ਪੱਤੇ (ਲਿਖਾਰੀ) ਨੂੰ ਵੇਖ ਕੇ ਆਪਣੇ ਤਾਜ ਨੂੰ ਹਿੱਲਦਾ ਮਹਿਸੂਸ ਕਰਦੇ ਹਨ ਤੇ ਬਜਾਏ ਉਸ ਨਵੇਂ ਪੱਤੇ (ਲਿਖਾਰੀ) ਨੂੰ ਮਾਂ ਬੋਲੀ ਦੀ ਸੇਵਾ ਕਰਨ ਦੀ ਪ੍ਰੇਰਣਾ ਦੇਣ ਦੇ, ਉਹ ਉਸ ਨੂੰ ਇਸ ਖੇਤਰ ਵਿੱਚੋਂ ਚੁੱਕ ਕੇ ਬਾਹਰ ਵਗਾਹ ਮਾਰਨਾ ਚਾਹੁੰਦੇ ਹਨ। ਇਹ ਨਾ ਮੰਨਣ ਵਾਲਾ ਸੱਚ ਹੈ।
ਅਸਲ ਵਿੱਚ ਬਦਲਾਓ ਕਿਸੇ ਨੂੰ ਚੰਗਾ ਨਹੀਂ ਲੱਗਦਾ ਪਰ ਇਹ ਕੁਦਰਤ ਦਾ ਨਿਯਮ ਹੈ। ਇਸ ਬਦਲਾਓ ਉੱਪਰ ਕਿਸੇ ਦਾ ਕੋਈ ਵੱਸ ਨਹੀਂ ਹੈ। ਵੈਸੇ ਵੀ ਕਿਹਾ ਗਿਆ ਹੈ ਕਿ ਇੱਕ ਥਾਂ ਤੇ ਖੜਾ ਪਾਣੀ ਵੀ ਬਦਬੂ ਮਾਰਨ ਲੱਗ ਪੈਂਦਾ ਹੈ ਫਿਰ ਹੋਰ ਗੱਲ ਹੀ ਕੀ ਕਰੀਏ। ਪਰ ਮਨ ਪਰਿਵਰਤਨ ਨੂੰ ਪ੍ਰਵਾਨ ਕਰਨ ਤੋਂ ਸੰਕੋਚ ਕਰਦਾ ਹੈ।
ਬਦਲਾਓ ਇਸ ਲਈ ਚੰਗਾ ਨਹੀਂ ਲੱਗਦਾ ਕਿ ਸਾਡੀ ਮਨ ਦੀ ਅਸਵਥਾ ਇਸ ਨੂੰ ਪ੍ਰਵਾਨ ਨਹੀਂ ਕਰਦੀ। ਜੇਕਰ ਅਸੀਂ ਮਨ ਨੂੰ ਪਹਿਲਾਂ ਹੀ ਇਸ ਪਰਿਵਰਤਨ ਲਈ ਤਿਆਰ ਕਰ ਦੇਈਏ ਤਾਂ ਸ਼ਾਇਦ ਇਤਨਾ ਜਿਆਦਾ ਬੁਰਾ ਨਾ ਲੱਗੇ ਜਿਤਨਾ ਕਿ ਬਦਲਾਓ ਵੇਲੇ ਲੱਗਦਾ ਹੈ।
ਜਦੋਂ ਘਰ ਬਦਲਣਾ ਹੋਵੇ ਤਾਂ ਬੁਰਾ ਲੱਗਦਾ ਹੈ। ਮਨ ਵਿੱਚ ਡਰ ਹੁੰਦਾ ਹੈ ਕਿ ਗੁਆਂਢੀ ਚੰਗੇ ਮਿਲਣਏ ਜਾਂ ਨਹੀਂ? ਜਦੋਂ ਸਕੂਲ, ਕਾਲਜ, ਜਗ੍ਹਾਂ, ਕਾਰੋਬਾਰ ਜਾਂ ਜੀਵਨ ਨਾਲ ਸੰਬੰਧਤ ਕੋਈ ਵੀ ਬਦਲਾਓ ਹੁੰਦਾ ਹੈ ਤਾਂ ਚੰਗਾ ਨਹੀਂ ਲੱਗਦਾ ਪਰ ਬਾਅਦ ਵਿੱਚ ਠੀਕ ਹੋ ਜਾਂਦਾ ਹੈ ਕਿਉਂਕਿ ਮਨ ਇਸ ਬਦਲਾਓ ਨੂੰ ਪ੍ਰਵਾਨ ਕਰ ਲੈਂਦਾ ਹੈ।
ਪੰਜਾਬੀ ਸਾਹਿਤ ਦੇ ਖੇਤਰ ਵਿੱਚ ਵੀ ਪੁਰਾਣੇ ਪੱਤੇ ਨਵੇਂ ਪੱਤਿਆਂ ਨੂੰ ਸ਼ੁਰੂ ਵਿੱਚ ਤਾਂ ਅਸਲੋਂ ਹੀ ਪ੍ਰਵਾਨ ਨਹੀਂ ਕਰਦੇ ਤੇ ਹਰ ਗੱਲ/ਲਿਖਤ ਤੇ ਟੀਕਾ ਟਿੱਪਣੀ ਕਰਕੇ ਉਸ ਦੇ ਆਤਮ ਵਿਸ਼ਵਾਸ ਨੂੰ ਤੋੜਣ ਦਾ ਯਤਨ ਕਰਦੇ ਹਨ ਪਰ ਜੇ ਫਿਰ ਵੀ ਕੋਈ ਆਪਣੀ ਧੁਨ ਵਿੱਚ ਲੱਗਾ ਰਹੇ ਤੇ ਉਹ ਆਪਣੀ ਪਛਾਣ ਕਾਇਮ ਕਰ ਲੈਂਦਾ ਹੈ।
ਮਸਰੂਰ ਹੁਰਾਂ ਦੀ ਇਸ ਕਵਿਤਾ ਦੀ ਦੂਜੀ ਲਾਈਨ ਵਿੱਚ ਇਹ ਗੱਲ ਬੜੀ ਸਾਫ ਹੈ ਕਿ ਜਿੱਥੇ ਪੁਰਾਣੇ ਪੱਤਿਆਂ ਨੂੰ ਇਸ ਗੱਲ ਤੇ ਬੜਾ ਇਤਰਾਜ ਹੈ ਕਿ ਇਹ ਨਵੇਂ ਪੱਤੇ ਅਜੇ ਕੁੱਝ ਚਿਰ ਪਹਿਲਾਂ ਹੀ ਪੈਦਾ ਹੋਏ ਸਨ ਤੇ ਥੋੜੇ ਸਮੇਂ ਵਿੱਚ ਹੀ ਸਾਡੇ ਨਾਲੋਂ ਉੱਚੇ ਕਿਵੇਂ ਹੋ ਗਏ ਹਨ?
ਦੂਜੀ ਗੱਲ ਜਿਤਨਾ ਦੁੱਖ ਪੁਰਾਣੇ ਪੱਤਿਆਂ ਨੂੰ ਇਹ ਹੈ ਕਿ ਨਵੇਂ ਪੱਤੇ ਜਲਦੀ ਸ਼ਿਖਰ ਨੂੰ ਛੂਹ ਰਹੇ ਨੇ ਉਤਨਾ ਹੀ ਦੁੱਖ ਇਹ ਵੀ ਹੈ ਕਿ ਅਸੀਂ ਪੁਰਾਣੇ ਹੋ ਕੇ ਵੀ ਇਸ ਤੋਂ ਥੱਲੇ ਕਿਉਂ ਹੋ ਗਏ ਹਾਂ। ਉਹ ਕਿਸੇ ਦੇ ਥੱਲੇ ਨਹੀਂ ਲੱਗਣਾ ਚਾਹੁੰਦੇ।
ਆਮ ਕਹਾਵਤ ਹੈ ਕਿ ਆਦਮੀ ਆਪਣੇ ਦੁੱਖ ਤੋਂ ਇਤਨਾ ਦੁੱਖੀ ਨਹੀਂ ਹੁੰਦਾ ਜਿਤਨਾ ਕਿ ਗੁਆਂਢੀ ਦੇ ਸੁੱਖ ਤੋਂ ਦੁੱਖੀ ਹੁੰਦਾ ਹੈ। ਇਹ ਬਿਰਤੀ ਕੇਵਲ ਲੇਖਕ ਵਰਗ ਵਿੱਚ ਹੀ ਨਹੀਂ ਬਲਕਿ ਪੱਤਰਕਾਰਤਾ, ਅਧਿਆਪਨ ਖੇਤਰ, ਕਾਨੂੰਨ, ਧਰਮ, ਫ਼ਿਲਮ, ਵਪਾਰ, ਉਦਯੋਗ, ਕਲਾ, ਰਾਜਨੀਤੀ ਅਤੇ ਖੇਡ ਆਦਿ ਹਰੇਕ ਖੇਤਰ ਵਿੱਚ ਹੈ।
ਇਹ ਬਿਰਤੀ ਜਿੱਥੇ ਇਨਸਾਨਾਂ ਵਿੱਚ ਹੁੰਦੀ ਹੈ ਉੱਥੇ ਪਸ਼ੂਆਂ ਵਿੱਚ ਵੀ ਇਹ ਬਿਰਤੀ ਪਾਈ ਜਾਂਦੀ ਹੈ। ਇੱਕ ਸ਼ੇਰ ਜਿਹੜਾ ਕਈ ਸਾਲਾਂ ਤੋਂ ਜੰਗਲ ਵਿੱਚ ਸ਼ਿਕਾਰ ਕਰ ਰਿਹਾ ਹੁੰਦਾ ਹੈ ਜੇ ਕੋਈ ਨਵਾਂ ਜੰਮਿਆਂ ਸ਼ੇਰ ਦਾ ਬੱਚਾ ਉਸ ਦੇ ਇਲਾਕੇ ਵਿੱਚ ਸ਼ਿਕਾਰ ਕਰਨ ਆਉਂਦਾ ਹੈ ਤਾਂ ਉਸ ਪੁਰਾਣੇ ਸ਼ੇਰ ਨੂੰ ਬੜਾ ਬੁਰਾ ਲੱਗਦਾ ਹੈ ਤੇ ਕਈ ਵਾਰ ਲੜਾਈ ਵੀ ਹੋ ਜਾਂਦੀ ਹੈ।
ਇਸ ਜਗ੍ਹਾ ਤੇ ਡਾ: ਮਸਰੂਰ ਹੁਰਾਂ ਨੇ ਰੁੱਖਾਂ ਦੇ ਪੱਤਿਆਂ ਦੇ ਮਾਧਿਅਮ ਦੁਆਰਾ ਮਨੁੱਖੀ ਮਨ ਦੇ ਇਸ ਵਿਚਾਰ ਨੂੰ ਬਹੁਤ ਹੀ ਚੰਗੇ ਢੰਗ ਨਾਲ ਪੇਸ਼ ਕੀਤਾ ਹੈ। ਕਿ ਕਿਸ ਤਰ੍ਹਾਂ ਝੱੜ ਰਹੇ ਪੱਤਿਆਂ ਨੂੰ ਇਸ ਗੱਲ ਤੇ ਗੁੱਸਾ ਆਉਂਦਾ ਹੈ ਕਿ ਇਹ ਨਵਾਂ ਪੱਤਾ ਨਿਕਲਦਿਆਂ ਹੀ ਸਾਥੋਂ ਉੱਪਰ ਕਿਵੇਂ ਚਲਾ ਗਿਆ ਹੈ?
ਪਰ ਇਸ ਬਿਰਤੀ ਨੂੰ ਖਤਮ ਨਹੀਂ ਕੀਤਾ ਜਾ ਸਕਦਾ ਕਿਉਂਕਿ ਇਹ ਮਨੁੱਖੀ ਮਨ ਦੀ ਇੱਕ ਅਜਿਹੀ ਅਵਸਥਾ ਹੈ ਜੋ ਜਨਮ ਤੋਂ ਲੈ ਕੇ ਮਰਨ ਤੱਕ ਮਨੁੱਖ ਨਾਲ ਸਹਿਜੇ ਹੀ ਚੱਲਦੀ ਹੈ। ਕਹਿੰਦੇ ਨੇ ਕਿ ਇੱਕ ਆਦਮੀ ਨੂੰ ਰਸਤੇ ਵਿੱਚ ਜਾਂਦਿਆਂ ਰੱਬ ਮਿਲਿਆ ਤੇ ਕਹਿਣ ਲੱਗਾ, "ਮੰਗ ਬੱਚਾ ਜੋ ਕੁੱਝ ਤੂੰ ਮੰਗਣਾ ਹੈ, ਅੱਜ ਤੈਨੂੰ ਜੋ ਵੀ ਚਾਹੀਦਾ ਹੈ ਉਹ ਮਿਲ ਜਾਵੇਗਾ।"
ਉਹ ਆਦਮੀ ਬੜਾ ਖੁਸ਼ ਹੋਇਆ ਕਿ ਅੱਜ ਤੇ ਮੇਰੀ ਕਿਸਮਤ ਹੀ ਖੁੱਲ ਗਈ ਹੈ। ਰੱਬ ਆਪ ਹੀ ਮਿਲ ਪਿਆ ਹੈ।  ਉਹ ਅਜੇ ਮੰਗਣ ਹੀ ਲੱਗਾ ਸੀ ਕਿ ਰੱਬ ਅਚਾਨਕ ਫਿਰ ਬੋਲਿਆ, "ਇੱਕ ਗੱਲ ਯਾਦ ਰੱਖੀਂ ਕਿ ਤੂੰ ਜੋ ਵੀ ਚੀਜ ਮੰਗ ਕੇ ਲਵੇਂਗਾ ਤੇਰੇ ਗੁਆਂਢੀ ਨੂੰ ਉਹ ਦੁਗਣੀ ਹੋ ਕੇ ਮਿਲੇਗੀ, ਜਿਵੇਂ ਤੂੰ ਇੱਕ ਸੋਨੇ ਦਾ ਹਾਰ ਲਵੇਂਗਾ ਤੇ ਤੇਰਾ ਗੁਆਂਢੀ ਨੂੰ ਦੋ ਸੋਨੇ ਦੇ ਹਾਰ ਮਿਲਣਗੇ।"
ਉਸ ਆਦਮੀ ਦੀ ਖੁਸ਼ੀ ਅਚਾਨਕ ਗਾਇਬ ਹੋ ਗਈ। ਉਸ ਨੇ ਸੋਚਿਆ ਕਿ ਇਸ ਤਰ੍ਹਾਂ ਤੇ ਮੇਰਾ ਗੁਆਂਢੀ ਮੇਰੇ ਨਾਲੋਂ ਜਿਆਦਾ ਅਮੀਰ ਹੋ ਜਾਏਗਾ ਤੇ ਕਾਫੀ ਸੋਚ ਵਿਚਾਰ ਕੇ ਉਸ ਨੇ ਰੱਬ ਤੋਂ ਮੰਗਿਆ, "ਮਹਾਰਾਜ ਮੈਨੂੰ ਇੱਕ ਅੱਖ ਤੋਂ ਕਾਣ੍ਹਾਂ ਕਰ ਦਿਓ ਤੇ ਮੇਰੇ ਘਰ ਅੱਗੇ ਇੱਕ ਖੂਹ ਬਣਵਾ ਦਿਓ। ਮੈਂ ਤਾਂ ਕਾਣ੍ਹਾਂ ਹੋ ਕੇ ਘਰ ਸਾਹਮਣੇ ਬਣੇ ਖੂਹ ਤੋਂ ਬੱਚ ਕੇ ਆਰਾਮ ਨਾਲ ਬਾਹਰ ਨਿਕਲ ਜਾਇਆ ਕਰਾਂਗਾ ਪਰ ਗੁਆਂਢੀ ਅੰਨਾ ਹੋ ਕੇ ਕਦੇ ਨਾ ਕਦੇ ਤਾਂ ਖੂਹ ਵਿੱਚ ਡਿੱਗ ਕੇ ਮਰੇਗਾ।"
ਸੋ ਅਜੋਕੇ ਸਮੇਂ ਪੰਜਾਬੀ ਸਾਹਿਤ ਸਿਰਜਣਾ ਦੇ ਖੇਤਰ ਵਿੱਚ ਝੱੜ ਰਹੇ ਪੱਤਿਆਂ (ਲਿਖਾਰੀਆਂ) ਦੀ ਉਸ ਵਿਅਕਤੀ ਵਾਲੀ ਬਿਰਤੀ ਬਣੀ ਹੋਈ ਹੈ ਕਿ ਅਸੀਂ ਭਾਵੇਂ ਭੁੱਖੇ ਮਰ ਜਾਈਏ ਪਰ ਇਹ ਨਵਾਂ ਪੱਤਾ ਕਿਉਂ ਢਿੱਡ ਭਰ ਕੇ ਰੋਟੀ ਖਾ ਰਿਹਾ ਹੈ? ਅੱਲਾ ਮਿਹਰ ਕਰੇ…, ਇਹ ਪੁਰਾਣੇ ਝੱੜ ਰਹੇ ਪੱਤੇ ਆਪਣੇ ਜੀਵਨ ਦੇ ਅਨੁਭਵ ਨਵੇਂ ਪੱਤਿਆਂ ਨਾਲ ਸਾਂਝੇ ਕਰਨ ਤੇ ਇਹਨਾਂ ਨਵੇਂ ਪੱਤਿਆਂ ਨੂੰ ਮਾਂ ਬੋਲੀ ਪੰਜਾਬੀ ਦੀ ਸੇਵਾ ਕਰਨ ਦੇ ਸਮਰੱਥ ਬਣਾ ਦੇਣ ਤਾਂ ਕਿ ਪੰਜਾਬੀ ਦੇ ਮਿੱਠੇ ਬੋਲ ਹਮੇਸ਼ਾ ਲਈ ਫਿਜ਼ਾ ਵਿੱਚ ਗੂੰਜਦੇ ਰਹਿਣ। ਇਹੀ ਅਰਦਾਸ ਹੈ ਮੇਰੀ…।
***************

Friday, March 19, 2010

ਭਗਤ ਸਿੰਘ ਵੈਲੀ, ਲਫੰਗਾ ਜਾਂ ਕਾਤਲ ਨਹੀਂ... ਸਗੋਂ 'ਅਧਿਐਨ-ਪਸੰਦ' ਚੇਤੰਨ ਨੌਜਵਾਨ ਸੀ ਮਨਦੀਪ ਖੁਰਮੀ ਹਿੰਮਤਪੁਰਾ (ਲੰਡਨ)

23 ਮਾਰਚ ਸ਼ਹੀਦੀ ਦਿਨ 'ਤੇ ਵਿਸ਼ੇਸ਼
ਭਗਤ ਸਿੰਘ ਵੈਲੀ, ਲਫੰਗਾ ਜਾਂ ਕਾਤਲ ਨਹੀਂ... ਸਗੋਂ 'ਅਧਿਐਨ-ਪਸੰਦ' ਚੇਤੰਨ ਨੌਜਵਾਨ ਸੀ 
ਮਨਦੀਪ ਖੁਰਮੀ ਹਿੰਮਤਪੁਰਾ (ਲੰਡਨ)
                                               

      ਭਗਤ ਸਿੰਘ ਕੁੰਢੀਆਂ ਮੁੱਛਾਂ ਜਾਂ ਸਿਰ ਲਡ਼ ਛੱਡਵੀਂ ਪੱਗ ਬੰਨ੍ਹਦੇ ਨੌਜਵਾਨ ਦਾ ਹੀ ਨਾਂ ਨਹੀਂ ਸੀ। ਭਗਤ ਸਿੰਘ ਸਿਰ ਤਿਰਛੀ ਟੋਪੀ ਲੈਂਦੇ ਕਿਸੇ ਫਿਲਮੀ ਕਲਾਕਾਰਾਂ ਵਾਂਗ ਨਜਰੀਂ ਪੈਂਦਾ ਨੌਜਵਾਨ ਵੀ ਨਹੀਂ ਸੀ ਸਗੋਂ ਭਗਤ ਸਿੰਘ ਤਾਂ ਇੱਕ ਵਿਸ਼ਾਲ ਸੋਚ ਦਾ ਨਾਂ ਹੈ... ਉਸ ਵਿਸ਼ਾਲ ਫਲਸਫੇ ਦਾ ਨਾਂ ਹੈ ਜਿਸਦੇ ਆਮ ਜਨਜੀਵਨ 'ਤੇ ਲਾਗੂ ਹੋਣ ਨਾਲ ਹਰ ਘਰ ਵਿੱਚ ਖੁਸ਼ਹਾਲੀ ਆ ਸਕਦੀ.....ਸੀ। 'ਸੀ' ਸ਼ਬਦ ਨੂੰ ਇੰਨਾ ਪਿਛਾਂਹ ਕਰਕੇ ਲਿਖਣਾ ਵੀ ਸ਼ਾਇਦ ਧਿਆਨ ਮੰਗਦਾ ਹੋਵੇਗਾ। ਬਿਲਕੁਲ ਸਹੀ ਸੋਚਿਆ ਤੁਸੀਂ..ਕਿਉਂਕਿ ਭਗਤ ਸਿੰਘ ਦੀ ਸੋਚ ਹੀ ਅਜਿਹੀ ਸੀ ਕਿ ਉਸਦੇ ਵਿਚਾਰਾਂ ਨੂੰ ਹੁਣ ਤੱਕ ਜੇ ਸਹੀ ਮਾਅਨਿਆਂ ਵਿੱਚ ਲਾਗੂ ਕੀਤਾ ਗਿਆ ਹੁੰਦਾ ਤਾਂ ਇਸ ਤ੍ਰੇਡ਼ਾਂ ਖਾਧੇ, ਭੁੱਖਮਰੀ ਦੇ ਮਾਰੇ, ਤੰਗੀਆਂ ਤੁਰਸੀਆਂ ਦੇ ਝੰਬੇ ਸਮਾਜ ਵਿੱਚ ਸਮਾਜਿਕ ਨਾ-ਬਰਾਬਰੀ ਹਰਗਿਜ ਨਹੀਂ ਸੀ ਰਹਿਣੀ। ਭਗਤ ਸਿੰਘ ਨੂੰ ਫਾਂਸੀ ਟੰਗ ਕੇ ਬੇਸ਼ੱਕ ਸਰਮਾਏਦਾਰਾਂ ਦਾ ਲਾਣਾ ਕੱਛਾਂ ਵਜਾ ਰਿਹਾ ਹੋਵੇ ਪਰ ਉਹ ਅਣਜਾਣ ਕੀ ਜਾਨਣ ਕਿ ਬਚਪਨ ਵਿੱਚ 'ਦਮੂਖਾਂ' ਬੀਜਣ ਵਾਲਾ ਭਗਤ ਸਿੰਘ ਆਪਣੀ ਸ਼ਹਾਦਤ ਤੱਕ ਇੰਨੇ ਕੁ 'ਦਿਮਾਗ' ਬੀਜ ਗਿਆ ਹੈ ਜੋ ਉਸ ਦੀ ਸੋਚ ਨੂੰ ਕਦਮ ਦਰ ਕਦਮ ਅੱਗੇ ਲਿਜਾਣ ਦੇ ਉਪਰਾਲੇ ਕਰਦੇ ਰਹਿਣਗੇ। ਭਗਤ ਸਿੰਘ ਨੂੰ ਸਿਰਫ ਸ਼ਹੀਦ ਸ਼ਬਦ ਦਾ ਰੁਤਬਾ ਦੇ ਕੇ ਹਰ ਸਾਲ ਉਸਦੇ ਬੁੱਤਾਂ 'ਤੇ ਗੇਂਦੇ ਦੇ ਫੁੱਲ ਚਡ਼੍ਹਾ ਕੇ ਅਖਬਾਰਾਂ ਰਾਹੀਂ ਆਪਣੀ ਬੱਲੇ ਬੱਲੇ ਕਰਵਾਉਣ ਵਾਲੇ ਲੀਡਰ ਕੀ ਜਾਨਣ ਕਿ ਜਦੋਂ ਕਿਸੇ ਮਾਂ ਦਾ ਪੁੱਤ ਲੋਕਾਂ ਲਈ ਫਾਂਸੀ ਚਡ਼੍ਹਦਾ ਹੈ ਤਾਂ ਉਸ ਮਾਂ ਉੱਪਰ ਕੀ ਬੀਤਦੀ ਹੋਵੇਗੀ। ਜਿਸਨੇ ਆਪਣੇ ਜਿਗਰ ਦਾ ਟੁਕਡ਼ਾ ਦੇਸ਼ ਲਈ ਕੁਰਬਾਨ ਕਰ ਦਿੱਤਾ। ਜੇ ਅੱਜ ਭਗਤ ਸਿੰਘ ਸਰੀਰਕ ਤੌਰ 'ਤੇ ਜੀਵਿਤ ਇਸ ਅਜੋਕੇ ਭਾਰਤ ਵਿੱਚ ਵਿਚਰ ਰਿਹਾ ਹੁੰਦਾ ਤਾਂ ਸ਼ਾਇਦ ਉਸ ਨੂੰ 'ਮਰਨ' ਲਈ ਵੀ ਥਾਂ ਨਹੀਂ ਸੀ ਲੱਭਣੀ ਕਿਉਂਕਿ ਸ਼ਹੀਦਾਂ ਦੀਆਂ ਕੁਰਬਾਨੀਆਂ ਦਾ ਮੁੱਲ ਵੱਟਣ ਵਾਲੇ ਰਾਜਭਾਗ ਦੇ ਨਜਾਰੇ ਲੈ ਰਹੇ ਹਨ ਤੇ ਲੋਕਾਂ ਲਈ ਜਿੰਦਗੀਆਂ ਵਾਰਨ ਵਾਲੇ ਬਹੁਤ ਸਾਰੇ ਆਜਾਦੀ ਘੁਲਾਟੀਏ ਅਜੇ ਵੀ ਪੈਨਸ਼ਨਾਂ ਲਗਵਾਉਣ ਲਈ ਸਰਕਾਰੇ ਦਰਬਾਰੇ ਠੇਡੇ ਖਾਂਦੇ ਫਿਰਦੇ ਹਨ।
ਭਗਤ ਸਿੰਘ ਦੀ ਸੋਚ ਨਾਲ ਖਿਲਵਾਡ਼ ਹੋਣਾ ਕੋਈ ਨਵੀਂ ਗੱਲ ਨਹੀਂ। ਤਖਤਾਂ ਉੱਪਰ ਕਾਬਜ ਲੋਕ ਜਾਣਦੇ ਹਨ ਕਿ ਜੇ ਭਗਤ ਸਿੰਘ ਦੀ ਅਸਲ ਵਿਚਾਰਧਾਰਾ ਆਮ ਲੋਕਾਂ ਦੇ ਜਿਹਨ ਦਾ ਹਿੱਸਾ ਬਣ ਗਈ ਤਾਂ ਰਾਜਨੀਤੀ ਸਿਰੋਂ ਉਹਨਾਂ ਦਾ ਚਲਦਾ ਤੋਰੀ-ਫੁਲਕਾ ਹਮੇਸ਼ਾ ਹਮੇਸ਼ਾ ਲਈ ਖੁੱਸ ਜਾਵੇਗਾ। ਫਿਰ ਉਹਨਾਂ ਦੇ ਆਪਣੇ ਲੋਲੂ-ਭੋਲੂ ਨਹੀਂ ਸਗੋਂ ਆਮ ਲੋਕਾਂ ਦੇ ਪੁੱਤ ਨੇਤਾ ਬਣ ਜਾਣਗੇ ਤੇ ਉਹਨਾਂ ਨੂੰ ਕਿਸੇ ਨੇ ਬੇਰਾਂ ਵੱਟੇ ਨਹੀਂ ਪਛਾਨਣਾ। ਇਹੀ ਕਾਰਨ ਹੈ ਕਿ ਗੋਰੇ ਅੰਗਰੇਜਾਂ ਤੋਂ ਬਾਦ ਹੁਣ ਸਾਡੇ ਆਪਣੇ ਹੀ 'ਦੇਸੀ ਅੰਗਰੇਜ' ਭਗਤ ਸਿੰਘ ਦੀ ਵਿਚਾਰਧਾਰਾ ਉੱਪਰ ਮਿੱਟੀ ਮੋਡ਼ਨ ਦੇ ਆਹਰ 'ਚ ਰੁੱਝੇ ਹੋਏ ਹਨ। ਕਦੇ ਕੋਈ 'ਸਿਆਣਾ' ਆਗੂ ਬਿਆਨ ਦਾਗਦਾ ਹੈ ਕਿ 'ਭਗਤ ਸਿੰਘ ਸਹੀਦ ਹੀ ਨਹੀਂ.' ਕਦੇ ਕੋਈ ਭਗਤ ਸਿੰਘ ਨੂੰ ਸਿੱਖ, ਕਦੇ ਕੋਈ ਹਿੰਦੂ ਮਤ ਵਿੱਚ ਗਲਤਾਨ ਹੋਇਆ ਦੱਸਦਾ ਹੈ ਜਦੋਂਕਿ ਭਗਤ ਸਿੰਘ ਨੇ ਸਪੱਸ਼ਟ ਸ਼ਬਦਾਂ ਵਿੱਚ ਦੱਸਿਆ ਹੈ ਕਿ ਉਹ ਨਾਸਤਿਕ ਸੀ। ਸਿਰਫ ਨਾਸਤਿਕ ਸ਼ਬਦ ਆਪਣੇ ਨਾਲ ਜੋਡ਼ ਲੈਣਾ ਹੀ ਤਾਂ ਭਗਤ ਸਿੰਘ ਦਾ ਗੁਨਾਂਹ ਨਹੀਂ? ਜਿਸਦੇ ਇਵਜ 'ਚ ਭਗਤ ਸਿੰਘ ਨੂੰ ਇਤਿਹਾਸ 'ਚੋਂ ਪਾਸੇ ਕਰਨ ਦੀਆਂ ਕੋਝੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ। ਕਦੇ ਪੋਸਟਰ ਜਾਰੀ ਹੁੰਦੇ ਹਨ ਜਿਹਨਾਂ 'ਤੇ ਭਗਤ ਸਿੰਘ ਨੂੰ ਕਿਸੇ ਵੈਲੀ ਮੁੰਡੇ ਵਾਂਗ ਮੁੱਛ ਨੂੰ ਵਟ ਚਾਡ਼੍ਹਦੇ ਦਿਖਾਇਆ ਜਾਂਦਾ ਹੈ, ਕਿਸੇ ਪੋਸਟਰ 'ਚ ਉਸਨੂੰ ਹੱਥ ਪਿਸਤੌਲ ਫਡ਼ਾ ਕੇ ਕਤਲੋਗਾਰਦ ਕਰਨ ਲਈ ਕਾਹਲੇ ਨੌਜਵਾਨ ਵਜੋਂ ਪੇਸ਼ ਕੀਤਾ ਜਾਂਦਾ ਹੈ। ਕਦੇ ਭਗਤ ਸਿੰਘ ਦੀ ਫੋਟੋ ਵਾਲੇ ਸਟਿੱਕਰ ਵਿਕਣੇ ਆਉਂਦੇ ਹਨ ਜਿਹਨਾਂ 'ਤੇ ਲਿਖਿਆ ਮਿਲਦਾ ਹੈ ਕਿ

"ਲੋਹਡ਼ਿਆਂ ਦੇ ਸ਼ਰੀਫ ਹਾਂ,
ਸਿਰੇ ਦੇ ਲਫੰਗੇ ਹਾਂ।
ਮਾਡ਼ਿਆਂ ਨਾਲ ਮਾਡ਼ੇ ਹਾਂ,
ਤੇ ਚੰਗਿਆਂ ਨਾਲ ਚੰਗੇ ਹਾਂ।"

          

ਤੇ ਕਦੇ ਭਗਤ ਸਿੰਘ ਨੂੰ ਜੱਟਵਾਦ ਨਾਲ ਜੋਡ਼ ਕੇ 'ਟੈਟੂ' ਬਣਾ ਕੇ ਡੌਲਿਆਂ 'ਤੇ ਉੱਕਰ ਦਿੱਤਾ ਜਾਂਦਾ ਹੈ

                 ਜਦੋਂਕਿ ਲੋਡ਼ ਭਗਤ ਸਿੰਘ ਦੀਆਂ ਫੋਟੋਆਂ ਦੇ ਗੋਂਦਨੇ ਗੁੰਦਵਾਉਣ ਦੀ ਨਹੀਂ ਸਗੋਂ ਭਗਤ ਸਿੰਘ ਦੇ ਵਿਚਾਰਾਂ ਨੂੰ ਮਨੋਂ ਧਾਰਨ ਕਰਨ ਦੀ ਹੈ। ਅਜੇ ਤੱਕ ਅਜਿਹਾ ਪੋਸਟਰ ਕਦੇ ਵੀ ਵਿਕਣਾ ਨਹੀਂ ਆਇਆ ਜਿਸ ਵਿੱਚ ਭਗਤ ਸਿੰਘ ਨੂੰ ਹਿੱਕ ਨਾਲ ਕਿਤਾਬਾਂ ਲਾਈ ਖਡ਼੍ਹਾ ਦਿਖਾਇਆ ਗਿਆ ਹੋਵੇ ਜਦੋਂਕਿ ਇਹ ਗੱਲ ਜੱਗ ਜਾਹਿਰ ਹੈ ਕਿ ਭਗਤ ਸਿੰਘ ਆਪਣੀ ਜਿੰਦਗੀ ਦੇ ਆਖਰੀ ਪਲਾਂ 'ਚ ਵੀ ਕਿਤਾਬ ਪਡ਼੍ਹਨ 'ਚ ਮਸ਼ਰੂਫ ਸੀ। ਭਗਤ ਸਿੰਘ ਦੀਆਂ ਜੱਜਾਂ ਵਕੀਲਾਂ ਨਾਲ ਹੋਈ ਦਲੀਲਬਾਜੀ ਵੀ ਉਸ ਦੇ ਕੀਤੇ ਅਧਿਐਨ ਦੀ ਮੂੰਹੋਂ ਬੋਲਦੀ ਤਸਵੀਰ ਹੈ। ਗਿਆਨ ਵਿਹੂਣਾ ਮਨੁੱਖ ਮੂੰਹ ਵਿੱਚ ਘੁੰਗਣੀਆਂ ਜਰੂਰ ਪਾ ਸਕਦਾ ਹੈ, ਦਲੀਲਬਾਜੀ ਨਾਲ ਗੱਲ ਨਹੀਂ ਕਰ ਸਕਦਾ। ਭਗਤ ਸਿੰਘ ਦਾ ਹੀ ਕਥਨ ਸੀ (ਹੈ) ਕਿ 'ਅਧਿਐਨ ਕਰ ਤਾਂ ਕਿ ਤੂੰ ਵਿਰੋਧੀਆਂ ਦੀਆਂ ਦਲੀਲਾਂ ਦਾ ਜਵਾਬ ਦੇ ਸਕੇਂ...।' ਪਰ ਸੋਚਣ ਵਾਲੀ ਗੱਲ ਹੈ ਕਿ ਦੂਜਿਆਂ ਨੂੰ ਅਧਿਐਨ ਕਰਨ ਦੀਆਂ ਮੱਤਾਂ ਦੇਣ ਵਾਲੇ ਉਸ "ਪਰਮਗੁਣੀ ਭਗਤ ਸਿੰਘ" ਨੂੰ ਕਿਉਂ ਇੱਕ ਕਾਤਲ,ਵੈਲੀ ਜਾਂ ਲਫੰਗਾ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ? ਕਿਉਂ.. ਕਿਉਂ?
ਇਸਦਾ ਜਵਾਬ ਸ਼ਾਇਦ ਇਹੀ ਹੋਵੇਗਾ ਕਿ ਜੇ ਭਗਤ ਸਿੰਘ ਦੀ ਵਿਚਾਰਧਾਰਾ ਨੂੰ ਹੂਬਹੂ ਲਾਗੂ ਕਰਨ ਦੀ ਕੋਈ ਵੀ ਸਰਕਾਰ 'ਗਲਤੀ' ਕਰਦੀ ਹੈ ਤਾਂ ਉਸਦਾ ਫਾਇਦਾ ਸਿੱਧੇ ਤੌਰ 'ਤੇ ਦੱਬੀ ਕੁਚਲੀ ਜਨਤਾ ਨੂੰ ਹੋਵੇਗਾ ਜਦੋਂਕਿ ਅਸਿੱਧੇ ਤੌਰ 'ਤੇ ਖਮਿਆਜਾ ਕੁਰਸੀਆਂ ਵੱਲ ਕੁੱਤੇਝਾਕ ਲਾਈ ਬੈਠੇ ਰਾਜਨੀਤਕ ਪਰਿਵਾਰਾਂ ਨੂੰ ਭੁਗਤਣਾ ਪਵੇਗਾ। ਕਿਉਂਕਿ ਅੰਗਰੇਜਾਂ ਤੋਂ ਬਾਦ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ 'ਤੇ ਹੁਣ ਦੇਸੀ ਅੰਗਰੇਜਾਂ ਦੇ ਹੀ 'ਕਾਕੇ' ਪਲਦੇ ਹਨ। ਜੇ ਭਗਤ ਸਿੰਘ ਦੀ ਸੋਚ ਦੇ ਹਾਣ ਦਾ ਸਮਾਜ ਸਿਰਜਣ ਦੀ ਗੱਲ ਤੁਰਦੀ ਹੈ ਤਾਂ ਗਾਂਧੀਆਂ, ਅਬਦੁੱਲਿਆਂ, ਬਾਦਲਾਂ, ਕੈਪਟਨਾਂ ਦੇ ਪੁੱਤ ਪੋਤਰੇ ਪਿਤਾ ਪੁਰਖੀ ਕੁਰਸੀਆਂ 'ਤੇ ਰਾਜ ਨਹੀਂ ਕਰ ਸਕਣਗੇ ਸਗੋਂ ਲੋਕਾਂ ਦੇ ਪੁੱਤ ਉਹਨਾਂ ਕੁਰਸੀਆਂ 'ਤੇ ਚਡ਼੍ਹ ਸਕਦੇ ਹਨ। ਸਮਾਜਿਕ ਨਾ-ਬਰਾਬਰੀ ਵਾਲੇ ਖੁਸ਼ਹਾਲ ਸਮਾਜ ਵਿੱਚ ਹਰ ਕਿਸੇ ਕੋਲ ਰੁਜਗਾਰ ਹੋਵੇਗਾ, ਵਿੱਦਿਅਕ ਪੱਖੋਂ ਹਰ ਕੋਈ ਪੂਰਾ ਸੂਰਾ ਹੋਵੇਗਾ। ਕਿਸੇ ਜੁਆਕ ਦੇ ਹੱਥ ਹੋਟਲਾਂ 'ਤੇ ਜੂਠੇ ਭਾਂਡੇ ਮਾਂਜਣ 'ਚ ਨਹੀਂ ਸਗੋਂ ਕਿਤਾਬਾਂ ਜਾ ਖਿਡੌਣਿਆਂ ਨਾਲ ਚਿੱਤ ਪਰਚਾਉਣ ਦੇ ਕਾਬਲ ਹੋਣਗੇ। ਬਾਲਗ ਨੌਜਵਾਨ ਰੁਜਗਾਰ ਨਾ ਮਿਲਣ ਦੀਆਂ ਚਿੰਤਾਵਾਂ 'ਚ ਫਸ ਕੇ ਨਸ਼ਿਆਂ ਦੀ ਦਲਦਲ 'ਚ ਫਸਣ ਨਾਲੋਂ ਖੁਸ਼ਹਾਲ ਜੀਵਨ ਜਿਉਣ ਵੱਲ ਧਿਆਨ ਦੇਣਗੇ। ਬਜੁਰਗ ਬੁਢਾਪੇ ਨੂੰ ਸ਼ਰਾਪ ਵਾਂਗ ਹੰਢਾਉਂਦੇ ਬੁਢਾਪਾ ਪੈਨਸ਼ਨਾਂ ਲਈ ਦਰ ਦਰ ਦੀਆਂ ਠੋਕਰਾਂ ਨਹੀਂ ਖਾਣਗੇ। ਭਵਿੱਖ ਦੀ ਸਾਫ ਨਜਰ ਪੈਂਦੀ ਤਸਵੀਰ ਨੂੰ ਹਕੀਕਤ 'ਚ ਕੋਈ ਵੀ ਸਿਆਸੀ ਆਗੂ ਬਦਲਦੀ ਨਹੀਂ ਦੇਖਣੀ ਚਾਹੁੰਦਾ। ਇਹੀ ਵਜ੍ਹਾ ਹੈ ਕਿ ਸਭ ਭਗਤ ਸਿੰਘ ਨੂੰ ਲੋਕ ਮਨਾਂ 'ਚ ਪ੍ਰਵੇਸ਼ ਪਾਉਣੋਂ ਰੋਕਣ ਲਈ ਆਪਣਾ ਬਣਦਾ ਜੋਰ ਲਾ ਰਹੇ ਹਨ। ਇਸੇ ਅੰਦਰੇ ਅੰਦਰ ਬੁਣੀ ਜਾ ਰਹੀ ਬੁਣਤੀ ਦਾ ਹੀ ਹਿੱਸਾ ਹੈ ਕਿ ਜਿਹਡ਼ੇ ਸ਼ਰਾਬ ਦੇ ਠੇਕਿਆਂ ਦੀ ਨਿਲਾਮੀ 31 ਮਾਰਚ ਦੇ ਦਿਨ ਨਾਲ ਲੰਮੇ ਸਮੇਂ ਤੋਂ ਜੁਡ਼ੀ ਹੋਈ ਸੀ, ਉਹ ਨਿਲਾਮੀ ਵੀ ਹੁਣ 23 ਮਾਰਚ ਨੂੰ ਹੋਣੀ ਦੱਸੀ ਜਾ ਰਹੀ ਹੈ। ਇਹ ਉਹੀ ਤੇਈ ਮਾਰਚ ਹੈ ਜਿਸ ਦਿਨ ਲੋਕ ਆਪਣੇ ਮਹਿਬੂਬ 'ਪਰਮਗੁਣੀ ਸ਼ਹੀਦ ਭਗਤ ਸਿੰਘ' ਨੂੰ ਯਾਦ ਕਰਨਗੇ। ਭਗਤ ਸਿੰਘ ਨੂੰ ਲੋਕ ਮਨਾਂ 'ਚੋਂ ਪਾਸੇ ਕਰਨ ਵੱਲ ਤੁਰੇ ਕਦਮਾਂ 'ਚੋਂ ਹੀ ਇੱਕ ਕਦਮ ਇਹ ਹੈ ਕਿ ਪੰਜਾਬ ਦੇ ਲੋਕ ਭਗਤ ਸਿੰਘ ਦੇ ਸ਼ਹੀਦੀ ਦਿਨ ਨੂੰ ਮਨਾਉਣ ਨਾਲੋਂ ਸਸਤੀ ਸ਼ਰਾਬ ਖਰੀਦਣ ਲਈ ਵਧੇਰੇ ਲਟਾਪੀਂਘ ਹੋਏ  ਨਜਰ ਆਉਣਗੇ। ਪੰਜਾਬ ਵਿੱਚ ਰਣਜੀਤ ਸਿੰਘ ਵਰਗਾ ਰਾਜ ਦੇਣ ਦੀਆਂ ਟਾਹਰਾਂ ਮਾਰਨ ਵਾਲੇ ਪਿਉ ਪੁੱਤ ਦੀ ਸਰਕਾਰ ਨੂੰ ਸ਼ਾਬਾਸ਼ ਦੇਣੀ ਬਣਦੀ ਹੈ ਜੋ ਉਸ ਅਧਿਐਨ ਪਸੰਦ ਲੋਕ ਨਾਇਕ ਦੇ ਸ਼ਹੀਦੀ ਦਿਨ 'ਤੇ ਲੋਕਾਂ ਨੂੰ 'ਸਿਆਣੇ' ਕਰਨ ਨਾਲੋਂ ਸਸਤੀ ਸ਼ਰਾਬ ਦੀ ਲੋਰ 'ਚ ਮਸਤ ਹੋਣ ਦਾ ਇੰਤਜਾਮ ਕਰ ਰਹੀ ਹੈ। ਫੈਸਲਾ ਲੋਕਾਂ ਨੇ ਕਰਨਾ ਹੈ ਕਿ ਉਹ ਇਸ ਤਰ੍ਹਾਂ ਦੀਆਂ ਚਾਲਾਂ ਨੂੰ ਕਿੱਥੋਂ ਕੁ ਤੱਕ ਕਾਮਯਾਬ ਹੋਣ ਦਿੰਦੇ ਹਨ ਜਾਂ ਫਿਰ ਭਗਤ ਸਿੰਘ ਦੀ ਸੋਚ ਦੇ ਹਾਣ ਦਾ ਸਮਾਜ ਸਿਰਜਣ ਦੇ ਰਾਹ ਤੁਰਦੇ ਹਨ। ਅੰਤ ਵਿੱਚ ਭਗਤ ਸਿੰਘ ਦੇ ਕਥਨ ਨਾਲ ਇਜਾਜਤ ਚਾਹਾਗਾ ਕਿ " ਗਰੀਬਾਂ ਨੂੰ ਦਾਨ ਦੇਣ ਦੀ ਬਜਾਏ ਅਜਿਹਾ ਸਮਾਜ ਸਿਰਜੋ, ਜਿੱਥੇ ਨਾ ਗਰੀਬ ਹੋਣ ਨਾ ਦਾਨੀ।" ਪਰ ਸਮਾਜ ਨੂੰ ਇਹਨਾਂ ਹਾਲਾਤਾਂ ਤੱਕ ਪਹੁੰਚਣੋਂ ਰੋਕਣ ਵਾਲਿਆਂ ਦਾ ਵੀ ਧੁੰਨੀ ਤੱਕ ਜੋਰ ਲੱਗਿਆ ਹੋਇਆ ਹੈ। ਦੇਖਣਾ ਹੈ ਕਿ ਸ਼ਹੀਦ ਦੇ ਵਾਰਸ ਆਪਣੇ ਮਕਸਦ ਵਿੱਚ ਕਾਮਯਾਬ ਹੁੰਦੇ ਹਨ ਜਾਂ ਫਿਰ ਲੋਕਾਂ ਨੂੰ ਬੁੱਧੂ ਬਣਾ ਕੇ ਆਪਣਾ ਤੋਰੀ-ਫੁਲਕਾ ਚਲਾਉਣ ਵਾਲੇ ਨੇਤਾਗਣ...।
************

Thursday, March 18, 2010

ਆਪਣੀ ਸੁਰੀਲੀ ਅਵਾਜ਼ ਨਾਲ਼ ਉੱਜੜੇ ਦਿਲਾਂ ਵਿਚ ਜੋਤ ਜਗਾਉਣ ਵਾਲ਼ਾ ਮੇਜਰ ਸੰਧੂ ਸ਼ਿਵਚਰਨ ਜੱਗੀ ਕੁੱਸਾ

ਆਪਣੀ ਸੁਰੀਲੀ ਅਵਾਜ਼ ਨਾਲ਼ ਉੱਜੜੇ ਦਿਲਾਂ ਵਿਚ ਜੋਤ ਜਗਾਉਣ ਵਾਲ਼ਾ ਮੇਜਰ ਸੰਧੂ   
ਸ਼ਿਵਚਰਨ ਜੱਗੀ ਕੁੱਸਾ


ਪੱਛਮੀ ਦੇਸ਼ਾਂ ਵਿਚ ਮਸ਼ੀਨਰੀ ਨਾਲ਼ ਮਸ਼ੀਨ ਅਤੇ ਕੰਪਿਊਟਰਾਂ ਨਾਲ਼ ਕੰਪਿਊਟਰ ਹੋਈ ਦੁਨੀਆਂ ਨੂੰ ਜੇ ਕਿਤੋਂ ਸਕੂਨ ਮਿਲ਼ਦਾ ਹੈ ਤਾਂ ਉਹ ਸੰਗੀਤ ਵਿਚੋਂ ਮਿਲ਼ਦਾ ਹੈ। ਤੇਜ਼ ਰੌਸ਼ਨੀਆਂ ਅਤੇ ਇੱਕ-ਦੂਜੇ ਤੋਂ ਅੱਗੇ ਨਿਕਲ਼ਣ ਦੀ ਦੌੜ ਅਤੇ ਆਪੋ-ਧਾਪੀ ਵਿਚ ਖ਼ੋਖਲ਼ੇ ਹੋਏ ਦਿਮਾਗ ਲਈ ਅਗਰ ਕੁਛ ਵਿਟਾਮਿਨ ਦਾ ਕੰਮ ਕਰਦੀ ਹੈ ਤਾਂ ਸੁਰੀਲੀ ਅਵਾਜ਼ ਅਤੇ ਵੰਝਲੀ ਦੀ ਹੂਕ ਕਰਦੀ ਹੈ। 'ਤੜਕ-ਭੜ੍ਹਕ' ਵਾਲ਼ੇ ਗੀਤ ਅਤੇ ਸੰਗੀਤ ਦਾ ਮੈਂ ਹਮੇਸ਼ਾ ਆਲੋਚਕ ਰਿਹਾ ਹਾਂ ਅਤੇ ਅੱਜ ਵੀ ਹਾਂ! ਅਗਰ ਰੂਹ ਦੇ ਹਾਣ ਦਾ ਸੰਗੀਤ ਅਤੇ ਜਜ਼ਬਾਤ ਦੇ ਮੇਚ ਦੀ ਅਵਾਜ਼ ਮਿਲ਼ ਜਾਵੇ ਤਾਂ ਮੁਰਦਾ ਵੀ ਸੁਰਜੀਤ ਹੋ ਸਕਦਾ ਹੈ ਅਤੇ ਸੁੱਕੇ ਦਰੱਖ਼ਤ ਵੀ ਫ਼ੁੱਟ ਪੈਂਦੇ ਹਨ! ਬਸ਼ਰਤੇ ਕਿ ਗਾਉਣ ਵਾਲ਼ਾ ਕਿਸੇ ਪੁੱਜੀ ਹਸਤੀ ਦਾ 'ਚੰਡਿਆ' ਹੋਵੇ। ਦੁਪਹਿਰੇ ਰਜਾਈ Ḕਚੋਂ ਮੂੰਹ ਕੱਢ ਕੇ ਆਖਣ ਵਾਲ਼ੇ, "ਬੇਬੇ ਮੈਂ ਵੀ ਗਾਉਣ ਆਲ਼ਾ ਬਣ ਗਿਆ..!" ਤਾਂ ਬਥੇਰੇ ਫ਼ਿਰਦੇ ਨੇ!
ਜੰਗਲਾਂ ਵਿਚ ਉੱਜੜੀ ਫ਼ਿਰਦੀ ਸ਼ਾਹਣੀ ਕੌਲਾਂ ਨੇ ਕਦੇ ਕਿਹਾ ਸੀ, "ਵੀਰੋ ਊਠਾਂ ਵਾਲਿਓ ਵੇ ਪਾਣੀ ਪੀ ਜਾਓ ਦੋ ਪਲ ਬਹਿ ਕੇ....ਕੌਲਾਂ ਡੱਕੇ ਚੁਗਦੀ ਦਾ ਜਾਇਓ ਵੇ ਇੱਕ ਸੁਨੇਹਾਂ ਲੈ ਕੇ...!" ਇਹ ਉਸ ਦੇ ਦੁਖੀ ਦਿਲ ਦੀ ਹੂਕ ਸੀ, ਦਰਦ ਸੀ। ਇੱਕ ਸੁਨੇਹਾਂ ਸੀ ਅਤੇ ਆਪਣੇ ਵਤਨ ਦੇ ਵੀਰਾਂ ਤੋਂ ਹਮਦਰਦੀ ਦੀ ਆਸ ਸੀ। ਤਾਂ ਹੀ ਤਾਂ ਉਸ ਨੇ ਆਪਣੇ ਵਤਨ ਦੇ ਵੀਰ ਪਹਿਚਾਣ ਕੇ ਹਾਕ ਮਾਰੀ ਸੀ। ਨਹੀਂ ਤਾਂ ਡੱਕੇ ਚੁਗਦੀ ਕੌਲਾਂ ਨੂੰ ਬਥੇਰੇ 'ਰਾਹੀ' ਨਿੱਤ ਅਤੇ ਸਾਰਾ ਦਿਨ ਮਿਲਦੇ ਹੋਣਗੇ? ਪਰ ਹਾਕ ਉਸ ਨੇ "ਊਠਾਂ ਵਾਲੇ ਵੀਰਾਂ" ਨੂੰ ਹੀ ਮਾਰੀ ਸੀ! ਸ਼ਾਹਣੀਂ ਕੌਲਾਂ ਅਤੇ ਊਠਾਂ ਵਾਲ਼ੇ ਵੀਰਾਂ ਵਾਲ਼ਾ ਰਿਸ਼ਤਾ ਮੇਰਾ ਪ੍ਰਸਿੱਧ ਗਾਇਕ ਮੇਜਰ ਸੰਧੂ ਨਾਲ਼ ਹੈ! ਮੇਜਰ ਸੰਧੂ ਮੇਰਾ ਯਾਰ ਘੱਟ, ਨਿੱਕਾ ਵੀਰ ਵੱਧ ਹੈ। ਮੇਰੇ ਦੁਖ-ਸੁਖ ਦਾ ਸਾਂਝੀ ਹੈ। ਦੁਨਿਆਵੀ ਇਖ਼ਲਾਕ ਅਤੇ ਪੰਜਾਬੀਅਤ ਪ੍ਰਤੀ ਸੁਹਿਰਦ ਸੰਸਕਾਰਾਂ ਦੇ ਅਥਾਹ ਜਜ਼ਬੇ ਦੇ ਨਾਲ਼ ਨਾਲ਼ ਮੇਜਰ ਸੰਧੂ ਕੋਲ਼ ਅਨਹਦ ਨਾਦ ਅਨਾਹਤ ਅਵਾਜ਼ ਹੈ! ਸੁਰਾਂ ਦੀ ਸੂਝ ਹੈ। ਗਾਉਣ ਦਾ ਵੱਲ ਅਤੇ ਪੰਜਾਬੀ ਮਾਂ-ਬੋਲੀ ਦੇ ਪ੍ਰਸਾਰ ਦਾ 'ਝੱਲ' ਹੈ। ਉਸ ਦੀ ਗਰਜਦੀ ਅਵਾਜ਼ ਮੈਨੂੰ ਹਰੀ ਸਿੰਘ ਨਲਵਾ ਦੀ Ḕਗੜ੍ਹਕḔ ਦਾ ਚੇਤਾ ਕਰਵਾ ਦਿੰਦੀ ਹੈ। ਉਸ ਦੀ ਲੈਅ ਵਿਚ ਪੰਜਾਬ ਦਾ ਦਿਲ ਧੜਕਦਾ ਹੈ ਅਤੇ ਮੁਟਿਆਰ ਦੀ ਝਾਂਜਰ ਛਣਕਦੀ ਹੈ। ਉਸ ਦੀ ਕਲਪਨਾ ਦੀ ਪ੍ਰਵਾਜ਼ ਵਿਚ ਅੱਲ੍ਹੜ ਕੁੜੀ ਵੱਲੋਂ ਕਸੀਦੇ ਕੱਢੀਦੇ ਹਨ ਅਤੇ ਸੰਧੂਰੀ ਰੰਗੀ ਮੁਟਿਆਰ ਵੱਲੋਂ ਫ਼ੁਲਕਾਰੀ 'ਤੇ ਹਾਣੀ ਪ੍ਰਤੀ ਮੋਹ ਦੇ ਫ਼ੁੱਲ ਪੈਂਦੇ ਹਨ। ਉਸ ਦੇ ਜ਼ਿਹਨ ਵਿਚ ਬੇਬੇ ਦੀ ਮਧਾਣੀ ਗਾਇਨ ਕਰਦੀ ਹੈ ਅਤੇ ਰੁਮਕਦੀ ਪੌਣ ਲੋਰੀਆਂ ਦਿੰਦੀ ਹੈ। ਉਸ ਦੇ ਗੀਤਾਂ ਵਿਚ ਪੰਜਾਬ ਦੀਆਂ ਲਹਿ-ਲਹਾਉਂਦੀਆਂ ਫ਼ਸਲਾਂ ਜਿਹੀ ਤਾਜ਼ਗੀ ਅਤੇ ਸਰ੍ਹੋਂ ਦੇ ਫ਼ੁੱਲਾਂ ਵਰਗੀ ਰਸਭਿੰਨੀ ਖ਼ੁਸ਼ਬੂ ਹੈ। ਉਸ ਦੇ ਬੋਲਾਂ ਵਿਚ ਘੁਲਾੜ੍ਹੀ 'ਤੇ ਬਣਦੇ ਗੁੜ ਜਿਹੀ ਮਹਿਕ ਹੈ ਅਤੇ ਪੋਨੇ ਗੰਨੇ ਦੇ ਰਸ ਵਰਗਾ ਸੁਆਦ! ਕੰਨਾਂ 'ਚ ਕੋਕਰੂ ਪਾ ਕੇ ਅਤੇ ਪੈਰ ਛਣਕ ਕੇ, ਖੁਰਾਂ 'ਚੋਂ ਗੋਹਾ ਜਿਹਾ ਕੱਢਣ ਵਾਲ਼ੇ 'ਗਾਇਕਾਂ' ਨੂੰ ਮੇਜਰ ਸੰਧੂ ਤੋਂ ਜ਼ਰੂਰ ਕੋਈ ਨਾ ਕੋਈ ਸਬਕ ਲੈਣਾਂ ਚਾਹੀਦਾ ਹੈ, ਜੋ ਅਵਾਜ਼ ਦਾ ਕੰਪਿਊਟਰੀਕਰਣ ਕਰਵਾਕੇ ਬੋਤੇ ਦੇ ਸਪਰੇਅ ਵਾਲ਼ਾ ਗੁਆਰਾ ਖਾ ਕੇ ਆਫ਼ਰਨ ਵਾਂਗ, ਸਟੇਜ਼ 'ਤੇ ਵੱਟ ਜਿਹਾ ਕਰਦੇ ਹਨ!
        ਮੇਜਰ ਸੰਧੂ ਇਕ ਵੱਡੀ ਜੱਦੋਜਹਿਦ, ਵੱਡੇ ਸੰਘਰਸ਼ ਦਾ ਨਾਂ ਹੈ। ਉਸ ਨੇ ਸਾਡੇ ਆਮ ਪੰਜਾਬੀ ਗਾਇਕਾਂ ਵਾਂਗ ਬਾਪੂ ਦੇ ਗਲ਼ ḔਗੂਠਾḔ ਦੇ ਕੇ ਅਤੇ ਪੈਲ਼ੀ ਦੇ ਕਿੱਲੇ 'ਤੇ ਅੰਗੂਠਾ ਲੁਆ ਕੇ ਕੈਸਿਟ ਨਹੀਂ ਕੱਢੀ, ਸਗੋਂ ਆਪ ਮਿਹਨਤ ਮੁਸ਼ੱਕਤ ਕਰਕੇ ਇਸ ਖੇਤਰ ਵਿਚ ਪੈਰ ਧਰਿਆ ਅਤੇ ਲੋਕਾਂ ਦੇ ਮਨਾਂ ਵਿਚ ਵਾਸ ਕੀਤਾ। ਅੱਜ ਉਸ ਦੇ ਗੀਤ ਯੂਰਪ ਦੇ ਦੇਸ਼ਾਂ ਵਿਚ ਘਰ ਘਰ ਵੱਜਦੇ ਹਨ। ਅਸਲ ਵਿਚ ਲੋਕਾਂ ਦਾ ਦਿਲ ਵੀ ਉਹੀ ਜਿੱਤ ਸਕਦੇ ਹਨ, ਜਿੰਨ੍ਹਾਂ ਨੇ ਆਪ ਫ਼ਾਕੇ ਕੱਟੇ ਹੋਣ ਅਤੇ ਜ਼ਿੰਦਗੀ ਦੀਆਂ ਪਰਤਾਂ ਦਾ ਭੇਦ ਪਾਇਆ ਹੋਵੇ। ਦੁੱਖ ਅਤੇ ਸੁਖ, ਸੰਯੋਗ ਅਤੇ ਵਿਯੋਗ ਨੂੰ ਧੁਰ ਦਿਲੋਂ ਮਹਿਸੂਸ ਕੀਤਾ ਹੋਵੇ ਅਤੇ ਹੱਡੀਂ ਹੰਢਾਇਆ ਹੋਵੇ। ਹਰ ਪੰਜਾਬੀ ਪ੍ਰਵਾਸੀ ਪੰਜਾਬ ਦਾ ਵਿਯੋਗ ਹੀ ਤਾਂ ਸਹਿ ਰਿਹਾ ਹੈ। ਸਹੂਲਤ ਅਤੇ ਆਰਥਿਕ ਪੱਖੋਂ ਅਸੀਂ ਲੱਖ ਸੁਰਖ਼ਰੂ ਹੋ ਗਏ ਹੋਈਏ, ਪਰ ਪੰਜਾਬ ਦੀ ਮਾਂ-ਮਿੱਟੀ ਨਾਲ਼ ਜੁੜੇ ਹਰ ਪੰਜਾਬੀ ਨੂੰ ਮਾਂ-ਭੂਮੀ ਦਾ ਹੇਰਵਾ ਮਾਰਦਾ ਹੈ। ਸ਼ੁਰੂ ਸ਼ੁਰੂ ਵਿਚ ਉਸ ਨੇ ਕੱਛ 'ਚ ਪੱਲੀ ਦੇ ਕੇ ਲੋਕਾਂ ਦੀਆਂ ਵੱਟਾਂ ਤੋਂ ਘਾਹ ਵੀ ਖੋਤਿਆ। ਪਹਿਲਾਂ ਜ਼ਿਮੀਦਾਰਾਂ ਦੀਆਂ ਅਤੇ ਫ਼ਿਰ ਮਾਂ ਦੀਆਂ ਗਾਲ਼ਾਂ ਵੀ ਖਾਧੀਆਂ। ਫ਼ੇਰ ਦੋਧੀ ਬਣ ਕੇ ਸ਼ਹਿਰ ਨੂੰ ਦੁੱਧ ਵੀ ਢੋਹਿਆ ਅਤੇ ਗਲ਼ੀ ਗਲ਼ੀ ਫ਼ਿਰਦੇ ਵਣਜਾਰੇ ਵਾਂਗ, ਦੁਕਾਨਦਾਰਾਂ ਨੂੰ ਸੜਕੀਂ ਪੈ ਕੇ ਵਰਤਾਇਆ ਅਤੇ ਲੰਬੀ ਘਾਲਣਾਂ ਘਾਲੀ। ਉਹ ਕਈ ਗਾਇਕਾਂ ਵਾਂਗ Ḕਊੜਾ - ਬੋਤਾḔ ਗਾਇਕ ਵੀ ਨਹੀਂ ਹੈ! ਘਰ ਵਿਚ ਗਰੀਬੀ ਹੋਣ ਦੇ ਬਾਵਜੂਦ ਵੀ ਉਸ ਨੇ ਹੌਂਸਲਾ ਨਹੀਂ ਹਾਰਿਆ! ਗਰੀਬੀ ਨਾਲ ਦੋ-ਦੋ ਹੱਥ ਕਰਕੇ, ਬੀ. ਐੱਸ਼ ਸੀ (ਮੈਡੀਕਲ) ਅਤੇ ਐੱਮ. ਐੱਸ਼ ਸੀ. (ਫ਼ੌਰਿੰਸਿਕ ਸਾਇੰਸ) ਐੱਲ਼ ਐੱਲ਼ ਬੀ. ਦੀ ਪੜ੍ਹਾਈ ਕੀਤੀ।  ਉਸ ਦੀ ਇਸ ਪੜ੍ਹਾਈ ਅਤੇ ਯੋਗਤਾ ਸਦਕਾ ਉਸ ਨੂੰ ਅਮਰੀਕਾ ਅਤੇ ਇੰਗਲੈਂਡ ਦੀ ਗੌਰਮਿੰਟ ਨੇ ਸੱਦਾ ਪੱਤਰ ਭੇਜਿਆ। ਅਮਰੀਕਾ ਜਾਣ ਜੋਕਰੇ ਪੈਸੇ ਨਾ ਬਣ ਸਕੇ। ਪਰ ਇੰਗਲੈਂਡ ਦੀ ਟਿਕਟ ਸਸਤੀ ਹੋਣ ਕਾਰਨ ਸੰਧੂ ਗੌਰਮਿੰਟ ਦਾ ਸੱਦਾ ਪ੍ਰਵਾਨ ਕਰ 1995 ਵਿਚ  ਯੂ. ਕੇ. ਦੇ ਸ਼ਹਿਰ ਲੀਡਜ਼ ਆ ਗਿਆ। ਕਾਂਨਫ਼ਰੰਸ ਵਿਚ ਪੇਪਰ ਪੜ੍ਹਨ ਤੋਂ ਬਾਅਦ ਇੰਗਲੈਂਡ ਅਥਾਰਟੀ ਐਨੀ ਪ੍ਰਭਾਵਿਤ ਹੋਈ ਕਿ ਉਸ ਨੂੰ ਪੁਲੀਸ ਵਿਚ ਜੌਬ ਦੀ ਆਫ਼ਰ ਦਿੱਤੀ। ਪਰ ਕਿਸੇ ਕਾਰਨ ਸੰਧੂ ਫ਼ਿਰ ਵਾਪਿਸ ਚਲਿਆ ਗਿਆ। 1997 ਵਿਚ ਉਹ ਫ਼ਿਰ ਇੰਗਲੈਂਡ ਮੁੜ ਆਇਆ। ਲੰਡਨ ਦੀ ਮਸ਼ਹੂਰ ਕੰਪਨੀ 'ਹੈਰੋਡਸ' ਵਿਚ ਸੰਧੂ ਪੰਜ ਸਾਲ 'ਫ਼ੁੱਲ ਟਾਈਮ' ਜੌਬ ਕਰ ਚੁੱਕਾ ਹੈ। ਜ਼ਿਕਰਯੋਗ ਹੈ ਕਿ ਇਹ ਕੰਪਨੀ ਲੇਡੀ ਡਿਆਨਾਂ ਦੇ ਪ੍ਰੇਮੀ ਡੋਡੀ ਦੇ ਬਾਪ ਦੀ ਬਹੁਤ ਮਕਬੂਲ ਕੰਪਨੀ ਹੈ।
ਗਾਉਣ ਦਾ ਸ਼ੌਕ ਸੰਧੂ ਨੂੰ ਬਾਲ ਉਮਰ ਤੋਂ ਹੀ ਸੀ। ਸਕੂਲ ਦੀਆਂ ਬਾਲ ਸਭਾਵਾਂ ਤੋਂ ਲੈ ਕੇ ਯੂਨੀਵਰਿਸਟੀ ਤੱਕ ਸੰਧੂ ਨੇ ਗਾਇਕੀ Ḕਤੇ ਹੱਥ ਅਜ਼ਮਾਇਆ ਹੈ। ਉਸ ਦੇ ਦੱਸਣ ਮੁਤਾਬਿਕ ਸਕੂਲ ਅਤੇ ਯੂਨੀਵਰਿਸਟੀ ਦਾ ਕੋਈ ਵੀ ਸਮਾਗਮ ਉਸ ਦੇ ਗੀਤਾਂ ਦੀ ਪੇਸ਼ਕਾਰੀ ਬਿਨਾਂ ਅਧੂਰਾ ਮੰਨਿਆਂ ਜਾਂਦਾ ਸੀ। ਇੰਗਲੈਂਡ ਵਿਚ ਉਹ ਆਪਣੀ ਰੋਜ਼ੀ-ਰੋਟੀ ਚਲਾਉਣ ਦੇ ਨਾਲ਼ ਨਾਲ਼ ਲਿਸ਼ਕਾਰਾ ਟੀ.ਵੀ, ਅਕਾਸ਼ ਰੇਡੀਓ, ਪੰਜਾਬ ਰੇਡੀਓ, ਡੀ. ਡੀ. ਰਿਆਤ ਟੀ.ਵੀ., ਐੱਮ.ਏ. ਟੀ.ਵੀ. ਤੋਂ ਕਲਾ ਦੇ ਸੂਖ਼ਮ ਤਜ਼ਰਬਿਆਂ ਦੇ ਸੰਗ੍ਰਹਿ  ਇਕੱਤਰ ਕਰਦਾ ਹੋਇਆ ਅੱਜ ਕੱਲ੍ਹ  ਵੀਨਸ ਟੀ. ਵੀ. ਦੀ ਸ਼ਾਨ ਬਣਿਆਂ ਹੋਇਆ ਹੈ ਅਤੇ ਉਸ ਦਾ ਟੀ. ਵੀ. ਸ਼ੋਅ ਯੂਰਪ ਵਿਚ ਇਤਨਾ ਹਰਮਨ ਪਿਆਰਾ ਹੋਇਆ ਕਿ ਦੁਨੀਆਂ ਨੇ ਉਸ ਨੂੰ ਆਪਣੀਆਂ ਪਲਕਾਂ 'ਤੇ ਬਿਠਾ ਲਿਆ। ਲੋਕ ਹਰ ਹਫ਼ਤੇ ਉਸ ਦੇ ਪ੍ਰੋਗਰਾਮ ਦੀ ਬੇਸਬਰੀ ਨਾਲ਼ ਉਡੀਕ ਕਰਨ ਲੱਗੇ। ਇਸ ਮਕਬੂਲਤਾ ਤੋਂ ਬਾਅਦ ਸੰਧੂ ਨੇ ਆਪਣੇ ਗਾਉਣ ਦੇ ਸ਼ੌਕ ਨੂੰ ਤਰਜ਼ੀਹ ਦਿੱਤੀ ਅਤੇ ਟੀ-ਸੀਰੀਜ਼ ਰਾਹੀਂ ਆਪਣੀ ਪਲੇਠੀ ਕੈਸਿਟ "ਗੱਲ ਸੁਣ ਲੈ" ਮਾਰਕੀਟ ਵਿਚ ਦਿੱਤੀ। ਬੱਸ, ਫ਼ਿਰ ਕੀ ਸੀ? ਉਸ ਦੀ ਇਸ ਕੈਸਿਟ ਨਾਲ਼ ਹੀ ਯੂਰਪ ਭਰ ਵਿਚ ਸੰਧੂ-ਸੰਧੂ ਹੋਣ ਲੱਗ ਪਈ। ਉਸ ਤੋਂ ਬਾਅਦ ਉਸ ਨੇ ਹੋਰ ਕੈਸਿਟਾਂ ਵੀ ਮਾਰਕੀਟ ਵਿਚ ਲਿਆਂਦੀਆਂ ਅਤੇ ਲੋਕਾਂ ਨੇ ਉਹਨਾਂ ਨੂੰ ਬੜੇ ਨਿੱਘੇ ਦਿਲ ਨਾਲ਼ ਪ੍ਰਵਾਨਗੀ ਦਿੱਤੀ। ਅੱਜ ਸੰਧੂ ਯੂਰਪ ਦੇ ਲੋਕਾਂ ਵਿਚ ਹੀਰੋ ਗਾਇਕ ਹੈ!
ਮੇਰੀ ਸਭ ਤੋਂ ਪਹਿਲੀ ਮੁਲਾਕਾਤ ਸੰਧੂ ਨਾਲ਼ ਉਦੋਂ ਹੋਈ, ਜਦ ਉਹ ਡੀ. ਡੀ. ਰਿਆਤ ਟੀ.ਵੀ. 'ਤੇ 'ਮੁੰਡਾ ਸਾਊਥਾਲ ਦਾ' ਪ੍ਰੋਗਰਾਮ ਦਿੰਦਾ ਸੀ। ਆਪਣੇ ਇਸ ਪ੍ਰੋਗਰਾਮ ਵਿਚ ਮੇਰੀ ਇੰਟਰਵਿਊ ਕਰਨ ਲਈ ਉਸ ਨੇ ਮੈਨੂੰ ਫ਼ੋਨ ਕੀਤਾ ਅਤੇ ਮੈਂ ਇੰਟਰਵਿਊ ਲਈ ਸਹਿਮਤੀ ਦੇ ਦਿੱਤੀ। ਮਿਥੇ ਦਿਨ ਮੈਂ, ਮਾਸੀ ਦਾ ਮੁੰਡਾ ਜੁਗਰਾਜ ਸਿੰਘ ਫ਼ੌਜੀ, ਰਾਮਗੜ੍ਹੀਆ ਗੁਰੂ ਘਰ ਦੇ ਜਨਰਲ ਸਕੱਤਰ ਸ਼ ਦਰਸ਼ਣ ਸਿੰਘ ਰੀਹਲ ਅਤੇ ਮੇਰਾ ਪੁੱਤਰ ਕਬੀਰ, ਅਸੀਂ ਦਿੱਤੇ ਸਮੇਂ ਅਨੁਸਾਰ ਟੀ.ਵੀ. ਸਟੇਸ਼ਨ ਦੇ ਨਜ਼ਦੀਕ ਪੈਂਦੇ 'ਮੈੱਕ ਡੋਨਾਲਡ' ਵਿਚ ਚਲੇ ਗਏ। ਕੁਝ ਪਲਾਂ ਬਾਅਦ ਹੀ ਛੇ ਫ਼ੁੱਟ ਤੋਂ ਵੀ ਉਚਾ ਦਰਸ਼ਣੀਂ ਜੁਆਨ ਮੇਜਰ ਸੰਧੂ ਮੇਰੇ ਸਾਹਮਣੇ ਖੜ੍ਹਾ ਸੀ। ਉਸ ਦੇ ਪਹਿਲੇ ਬੋਲਾਂ, "ਕੀ ਹਾਲ ਐ ਬਾਈ ਜੀ...?" ਨੇ ਹੀ ਮੇਰਾ ਮਨ ਮੋਹ ਲਿਆ। ਜਦ ਉਹ ਝੁਕ ਕੇ ਮੇਰੇ ਗੋਡੀਂ ਹੱਥ ਲਾਉਣ ਲੱਗਿਆ ਤਾਂ ਮੈਂ ਉਸ ਦੇ ਝੁਕਦੇ ਹੱਥ ਆਪਣੇ ਹੱਥਾਂ ਵਿਚ ਹੀ ਬੋਚ ਲਏ ਅਤੇ ਉਸ ਨੂੰ ਆਪਣੀ ਗਲਵਕੜੀ ਵਿਚ ਲੈ ਲਿਆ। ਉਸ ਦੀ ਇਸ ਨਿਮਰਤਾ ਨੇ ਮੈਨੂੰ ਇਕ ਤਰ੍ਹਾਂ ਨਾਲ਼ ਮੁੱਲ ਲੈ ਲਿਆ ਸੀ। ਚਾਹ ਪੀਂਦਿਆਂ ਅਤੇ ਗੱਲਾਂ ਬਾਤਾਂ ਕਰਦਿਆਂ, ਸਿੱਧੇ ਅਤੇ ਸਾਦੇ ਪੇਂਡੂ ਜੱਟ ਮੇਜਰ ਸੰਧੂ ਵਿਚ ਮੈਨੂੰ ਕੋਈ ਵਲ਼-ਫ਼ੇਰ ਨਜ਼ਰ ਨਹੀਂ ਆਇਆ, ਸਗੋਂ ਉਹ ਮੈਨੂੰ ਨਿਰਛਲ ਅਤੇ ਨਿਰਕਪਟ ਲੱਗਿਆ। ਇਕ ਘੰਟਾ ਟੀ. ਵੀ. ਪ੍ਰੋਗਰਾਮ ਵਿਚ ਹੋਈ ਮੇਰੀ ਇੰਟਰਵਿਊ ਤੋਂ ਬਾਅਦ ਸਾਡੀਆਂ ਕਾਫ਼ੀ ਲੰਮੀਆਂ ਗੱਲਾਂ ਚੱਲੀਆਂ। ਜਿਸ ਵਿਚ ਮੈਨੂੰ ਮਹਿਸੂਸ ਹੋਇਆ ਕਿ ਸੰਧੂ ਇਕ ਨਿਰਲੇਪ ਰੂਹ ਅਤੇ ਯਾਰਾਂ ਦਾ ਯਾਰ ਹੈ, 'ਗਿੱਦੜਮਾਰ' ਨਹੀਂ! ਆਪਣੇ ਪੰਧ 'ਤੇ ਮਸਤ ਤੁਰਨ ਵਾਲ਼ਾ ਮਸਤਾਨਾਂ ਫ਼ਕੀਰ! ਜਿਸ ਨੂੰ 'ਤੇਰ-ਮੇਰ' ਦੀ ਚਿੰਤਾ ਹੀ ਨਹੀਂ ਅਤੇ ਨਾ ਹੀ 'ਮੈਂ-ਤੂੰ' ਦਾ ਫ਼ਿਕਰ!
ਸੰਧੂ ਨੇ ਹਰ ਤਰ੍ਹਾਂ ਦੇ ਗੀਤ ਗਾਏ ਹਨ। ਧਾਰਮਿਕ ਤੋਂ ਲੈ ਕੇ ਡਿਊਟ ਤੱਕ। ਪ੍ਰੇਮ ਅਤੇ ਇਸ਼ਕ ਇਕ ਸਾਧਨਾਂ ਅਤੇ ਭਾਵਨਾਂ ਦਾ ਸੁਮੇਲ ਅਤੇ ਨਿਚੋੜ ਹੈ, ਠਰਕ ਭੋਰਨ ਦਾ ਜ਼ਰੀਆ ਕਦਾਚਿੱਤ ਨਹੀਂ! ਉਸ ਦੇ ਕੁਝ ਗੀਤ ਇਸੇ ਸੁਮੇਲ ਅਤੇ ਨਿਚੋੜ ਦੀ ਬਾਤ ਪਾਉਂਦੇ ਹਨ। ਉਸ ਦੇ ਗੀਤਾਂ ਵਿਚ ਖ਼ੂਹ 'ਤੇ ਗਿੜਦੀਆਂ ਟਿੰਡਾਂ ਦੀ ਇਕ-ਸੁਰ ਅਤੇ ਇਕ-ਸਾਰ ਲੈਅ ਹੈ। ਉਸ ਦੀ ਅਵਾਜ਼ ਵਿਚ ਮਾਘੀ ਮੌਕੇ ਕੜਾਕੇ ਦੀ ਸਰਦੀ ਵਿਚ ਖੇਤੀਂ ਲੱਗਦੇ ਕੱਸੀ ਦੇ ਪਾਣੀ ਵਰਗਾ ਹੁਲਾਸ ਅਤੇ ਨਿੱਘ ਹੈ। ਅੱਸੂ ਕੱਤੇ ਦੇ ਮਹੀਨੇ ਖੇਤਾਂ ਵਿਚ ਹਲ਼ ਖਿੱਚਦੇ ਬਲ਼ਦਾਂ ਦੀਆਂ ਟੱਲੀਆਂ ਖੜਕਣ ਦੀ ਅਦੁਤੀ ਧੁਨ ਹੈ। ਉਸ ਦੀ ਅਵਾਜ਼ ਵਿਚ ਨਾਰੀਅਲ ਦੇ ਪਾਣੀ ਵਰਗਾ ਕੁਦਰਤੀ ਰਸ ਹੈ ਅਤੇ ਇਹ ਰਸ ਜਣੇਂ-ਖਣੇਂ ਨੂੰ ਨਸੀਬ ਨਹੀਂ ਹੋ ਜਾਂਦਾ। ਉਹ ਹਾਥੀ ਦੇ ਦੰਦਾਂ ਵਾਂਗ, ਖਾਣ ਲਈ ਹੋਰ ਅਤੇ ਦਿਖਾਉਣ ਲਈ ਹੋਰ ਵਾਲ਼ੀਆਂ ਗੱਲਾਂ ਵੀ ਨਹੀਂ ਕਰਦਾ। ਸੱਚੀ ਅਤੇ ਸੁੱਚੀ ਗੱਲ ਮੂੰਹ 'ਤੇ ਕਹਿਣ ਦਾ ਆਦੀ ਹੈ।
ਇਕ ਦਿਨ ਫ਼ੋਨ 'ਤੇ ਗੱਲਾਂ ਕਰਦਿਆਂ ਕਰਦਿਆਂ ਗੱਲ ਆਲੋਚਕਾਂ 'ਤੇ ਆਣ ਖੜ੍ਹੀ। ਆਲੋਚਕ ਹੋਣਾ ਕੋਈ ਬੁਰੀ ਗੱਲ ਨਹੀਂ। ਪਰ ਆਲੋਚਨਾਂ ਕਰਨ ਵਾਲ਼ਾ ਤੁਹਾਨੂੰ ਕਿਸੇ ਸਹੀ ਮਾਰਗ ਪਾਉਣ ਵਾਲ਼ਾ ਹੋਵੇ। ਆਲੋਚਕ ਅਤੇ ਨਿੰਦਕ ਵਿਚ ਦੋ ਕਿਨਾਰਿਆਂ ਵਾਂਗ ਫ਼ਰਕ ਹੈ। ਆਲੋਚਕ ਤੁਹਾਨੂੰ ਸੇਧ ਪ੍ਰਦਾਨ ਕਰਦੇ ਨੇ ਅਤੇ ਨਿੰਦਕ ਦਾ ਕਾਰਜ ਬਿਨਾ ਗੱਲੋਂ 'ਤਰਕ' ਮਾਰਨੀ! ਮੈਨੂੰ ਇਕ ਗੱਲ ਚੇਤੇ ਆ ਗਈ। ਕਿਸੇ 'ਚੰਟ' ਔਰਤ ਦੇ ਕਈ ਬੰਦਿਆਂ ਨਾਲ਼ ਇਕੋ ਸਮੇਂ 'ਸਬੰਧ' ਬਣੇ ਹੋਏ ਸਨ। ਸਮੇਂ-ਸਮੇਂ ਅਨੁਸਾਰ ਸਾਰੇ ਰੱਬ ਨੂੰ ਪਿਆਰੇ ਹੁੰਦੇ ਗਏ। ਲੋਕ-ਲਾਜ ਦੇ ਪੱਖੋਂ ਯਾਰਾਂ ਨੂੰ ਰੋ ਨਾ ਸਕੀ। ਜਦੋਂ ਕਦੇ ਉਸ ਦੇ ਆਪਣੇ ਘਰਵਾਲ਼ੇ ਨੇ 'ਚੜ੍ਹਾਈ' ਕੀਤੀ, ਤਾਂ ਉਸ ਨੇ 'ਸਾਂਝਾ' ਜਿਹਾ ਕੀਰਨਾ ਪਾਇਆ, "ਕੀਹਨੂੰ ਪਿੱਟਾਂ ਤੇ ਕੀਹਨੂੰ ਛੱਡਾਂ ਵੇ ਮੇਰੇ ਸਹੁਰੇ ਦਿਆ ਜਾਇਆ....!" ਇਸੇ ਤਰ੍ਹਾਂ ਉਹ ਜਣੇ-ਖਣੇ ਦੀ ਗੱਲ ਨਹੀਂ ਕਰਨਾ ਚਾਹੁੰਦਾ ਅਤੇ ਚੁੱਪ ਚਾਪ ਆਪਣੇ ਕਾਰਜ ਪ੍ਰਤੀ ਸੁਹਿਰਦ ਰਹਿਣਾ ਚਾਹੁੰਦਾ ਹੈ। ਦੋਗਲ਼ਾਪਣ ਉਸ ਦੇ ਜੀਵਨ ਦੀ ਫ਼ਿਤਰਤ ਨਹੀਂ!
ਖੁੱਲ੍ਹ ਕੇ, ਸਿੱਧੀ ਅਤੇ ਸੇਧਦਾਰ ਆਲੋਚਨਾ ਕਰਨ ਵਾਲ਼ਿਆਂ ਦਾ ਬੰਦੇ ਨੂੰ ਧੰਨਵਾਦੀ ਹੋਣਾਂ ਚਾਹੀਦਾ ਹੈ, ਜੋ ਸਹੀ ਮਾਰਗ ਦਰਸ਼ਕ ਬਣਦੇ ਹਨ। ਪਰ ਨਿੰਦਕਾਂ ਦਾ ਕੋਈ ਕੀ ਕਰੇ? ਉਹਨਾਂ ਤੋਂ ਤਾਂ ਸੰਧੂ ਪਾਸਾ ਵੱਟਣ ਵਿਚ ਹੀ ਫ਼ਾਇਦਾ ਸਮਝਦਾ ਹੈ ਅਤੇ ਬੇਪ੍ਰਵਾਹ ਰਹਿੰਦਾ ਹੈ। ਜਿਹਨਾਂ ਨੇ ਸਿਰਫ਼ ਆਪਣੇ ਆਪ ਨੂੰ 'ਬੁੱਧੀਮਾਨ' ਦਿਖਾਉਣ ਲਈ, ਸਿਰਫ਼ ਆਪਣਾ ਜਾਂ ਅਗਲੇ ਦਾ ਝੱਗਾ ਹੀ ਪਾੜਨਾ ਹੁੰਦਾ ਹੈ। ਨਾ ਅਗਲੇ ਦਾ ਕੁਝ ਸੁਧਰੇ ਅਤੇ ਨਾ ਆਪਣਾ, ਵਿਗੜ ਚਾਹੇ ਜਾਵੇ! ਇਕ ਪ੍ਰਚੱਲਤ ਕਹਾਣੀ ਹੈ। ਕਿਸੇ ਸ਼ਰਾਰਤੀ ਬੱਚੇ ਨੇ ਕਿਸੇ ਗਰੀਬ ਮੰਗਤੇ ਦੇ ਰੋੜਾ ਮਾਰਿਆ। ਉਸ ਲਹੂ ਲੁਹਾਣ ਹੋਏ ਗਰੀਬ ਨੇ ਕੱਢ ਕੇ ਉਸ ਬੱਚੇ ਨੂੰ ਇਕ ਆਨਾਂ ਦੇ ਦਿੱਤਾ। ਪੁਰਾਣੇਂ ਸਮਿਆਂ ਵਿਚ ਆਨੇਂ ਹੀ ਹੁੰਦੇ ਸਨ ਅਤੇ ਆਨਾਂ ਕਾਫ਼ੀ ਰਕਮ ਮੰਨੀ ਜਾਂਦੀ ਸੀ। ਬੱਚਾ ਬੜਾ ਹੈਰਾਨ ਕਿ ਮੈਂ ਇਸ ਦੇ ਰੋੜਾ ਮਾਰਿਆ ਅਤੇ ਇਹ ਫ਼ੱਟੜ ਅਤੇ ਲਹੂ ਲੁਹਾਣ ਹੋਇਆ ਵੀ ਪੈਸੇ ਦੇ ਕੇ ਤੁਰ ਗਿਆ? ਅੱਗੇ ਜਾ ਕੇ ਕਿਤੇ ਮਹਾਰਾਜੇ ਦੀ ਅਸਵਾਰੀ ਆ ਰਹੀ ਸੀ। ਉਸ ਨੇ ਸੋਚਿਆ ਕਿ ਮੰਗਤਾ ਰੋੜਾ ਮਾਰੇ ਦਾ ਆਨਾਂ ਦੇ ਗਿਆ, ਮਹਾਰਾਜਾ ਪਤਾ ਨਹੀਂ ਕੀ ਦੇਵੇਗਾ? ਉਸ ਨੇ ਹਾਥੀ 'ਤੇ ਬੈਠੇ ਰਾਜੇ ਦੇ ਇੱਟ ਮਾਰ ਕੇ ਮੱਥੇ ਵਿਚ ਟੀਕ ਚਲਾ ਦਿੱਤਾ। ਰਾਜੇ ਨੇ ਕਰੋਧੀ ਹੋਏ ਨੇ ਹੁਕਮ ਕੀਤਾ ਕਿ ਇਸ ਸ਼ਰਾਰਤੀ ਬੱਚੇ ਨੂੰ ਤੁਰੰਤ, ਸ਼ਰੇਆਮ ਫ਼ਾਂਸੀ ਟੰਗ ਦਿੱਤਾ ਜਾਵੇ...! ਫੇਰ ਉਸ ਬੱਚੇ ਨੂੰ ਸਮਝ ਆਈ ਕਿ ਮੈਥੋਂ ਜੋ ਪਹਿਲਾਂ ਹੋਇਆ, ਉਹ ਵੀ ਗਲਤ ਹੋਇਆ...! ਮੇਰਾ ਇਹ ਗੱਲਾਂ ਕਰਨ ਦਾ ਭਾਵ ਹੈ ਕਿ ਸੰਧੂ ਚੁੱਪ ਰਹਿ ਕੇ ਹੀ ਦੁਆਵਾਂ ਦੇਣ ਵਾਲ਼ਾ ਫ਼ੌਲਾਦੀ ਦਿਲ ਵਾਲ਼ਾ ਇਨਸਾਨ ਹੈ ਅਤੇ ਉਹ ਬਦਖੋਹੀ ਕਰਨ ਵਾਲ਼ਿਆਂ ਦੀ ਵੀ ਚਿੰਤਾ ਨਹੀਂ ਕਰਦਾ। ਜੇ ਉਸ ਵਿਚ ਕਹਿਣ ਦਾ ਜਿਗਰਾ ਹੈ ਤਾਂ ਉਸ ਵਿਚ ਸਹਿਣ ਦਾ ਸਾਹਸ ਵੀ ਹੈ। ਇਸ ਲਈ ਉਹ ਸੋਚਦਾ ਹੈ ਕਿ ਗ਼ਰੀਬ ਦੇ ਰੋੜਾ ਮਾਰਨ ਵਾਲ਼ੇ ਇਕ ਦਿਨ ਕਿਸੇ ਮਹਾਰਾਜੇ ਦੇ ਇੱਟ ਮਾਰ ਕੇ ਕੋਈ ਨਾ ਕੋਈ ਸਬਕ ਆਪੇ ਸਿੱਖ ਲੈਣਗੇ। ਉਸ ਦੀ ਸਹਿਣ ਸ਼ਕਤੀ ਦੀ ਉਦਾਹਰਣ ਮੇਰੇ ਕੋਲ਼ ਹੈ। ਸਮਾਂ ਤਾਂ ਮੈਨੂੰ ਯਾਦ ਨਹੀਂ, ਕਾਫ਼ੀ ਅਰਸੇ ਦੀ ਗੱਲ ਹੈ। ਸੰਧੂ ਇਕ ਦਿਨ ਆਪਣਾ ਪ੍ਰੋਗਰਾਮ ਦੇ ਰਿਹਾ ਸੀ ਅਤੇ ਕਿਸੇ ਬੀਬੀ ਨੇ ਫ਼ੋਨ ਕੀਤਾ ਕਿ ਭਾਅ ਜੀ, ਮੈਨੂੰ ਨਾ ਤਾਂ ਤੁਹਾਡੀ ਸ਼ਕਲ ਪਸੰਦ ਹੈ ਅਤੇ ਨਾ ਹੀ ਪ੍ਰੋਗਰਾਮ। ਬੀਬੀ ਦੇ ਇਹ ਕਹਿਣ ਨਾਲ਼ ਸੰਧੂ ਕਰੋਧਿਤ ਨਹੀਂ ਹੋਇਆ ਅਤੇ ਨਾ ਹੀ ਉਸ ਨੇ ਬੀਬੀ Ḕਤੇ ਕੋਈ ਗ਼ਿਲਾ ਕੀਤਾ। ਸਗੋਂ ਬੜੇ ਹੀ ਸੰਜੀਦਾ ਬੋਲਾਂ ਨਾਲ਼ ਕਹਿਣ ਲੱਗਾ, "ਭੈਣ ਜੀ, ਜੇ ਤੁਹਾਨੂੰ ਸਾਡਾ ਪ੍ਰੋਗਰਾਮ ਜਾਂ ਮੇਰੀ ਸ਼ਕਲ ਪਸੰਦ ਨਹੀਂ, ਤਾਂ ਤੁਸੀਂ ਕੋਈ ਹੋਰ ਪ੍ਰੋਗਰਾਮ ਦੇਖ ਲਿਆ ਕਰੋ!" ਮੈਨੂੰ ਪੱਕਾ ਯਕੀਨ ਹੈ ਕਿ ਸੰਧੂ ਦੇ ਇਹ ਠੰਢੇ ਮਤੇ ਨਾਲ਼ ਆਖੇ ਬੋਲਾਂ 'ਤੇ ਉਹ ਬੀਬੀ ਸ਼ਰਮਿੰਦਾ ਵੀ ਜ਼ਰੂਰ ਹੋਈ ਹੋਵੇਗੀ ਅਤੇ ਉਸ ਬੀਬੀ ਨੂੰ ਪਛਤਾਵਾ ਵੀ ਲਾਜ਼ਮੀ ਹੋਇਆ ਹੋਵੇਗਾ।
ਬਿਨਾਂ ਸ਼ੱਕ ਯੂਰਪ ਵਿਚ ਸੰਧੂ ਦੀ ਝੰਡੀ ਹੈ। ਉਸ ਦੇ ਟੈਲੀ ਪ੍ਰੋਗਰਾਮ 'ਮੁੰਡਾ ਸਾਊਥਾਲ ਦਾ' ਨੇ ਯੂਰਪ ਭਰ ਵਿਚ ਅਥਾਹ ਪ੍ਰਸਿੱਧੀ ਹਾਸਲ ਕੀਤੀ ਅਤੇ ਉਸ ਦੇ ਇਸ ਮਕਬੂਲ ਪ੍ਰੋਗਰਾਮ ਸਦਕਾ ਲੋਕਾਂ ਨੇ ਸੰਧੂ ਦੀਆਂ ਐਲਬਮਜ਼  ਨੂੰ ਵੀ ਸਿਰ ਮੱਥੇ 'ਤੇ ਰੱਖਿਆ ਅਤੇ ਪ੍ਰਵਾਨ ਕੀਤਾ। ਭਾਵੇਂ ਅੱਜ ਗਾਇਕੀ ਦੇ ਯੁੱਗ ਵਿਚ ਘੜਮੱਸ ਮੱਚਿਆ ਹੋਇਆ ਹੈ। ਪਰ ਮੇਜਰ ਸੰਧੂ ਦੀ ਪਹਿਚਾਣ ਲੋਕਾਂ ਵਿਚ ਵੱਖ ਹੀ ਹੈ। ਉਸ ਦੀ ਹੁਣੇ-ਹੁਣੇ ਆਈ ਐਲਬਮ 'ਪਟਿਆਲ਼ਾ' ਨੇ ਵੀ ਅੱਜ ਕੱਲ੍ਹ ਮਾਰਕੀਟ ਵਿਚ ਧੁੰਮ ਪੱਟੀ ਹੋਈ ਹੈ। ਹਮੇਸ਼ਾ ਨਵੇਂ ਅਤੇ ਨਵੇਕਲ਼ੇ ਤਜ਼ਰਬੇ ਕਰਨ ਵਾਲ਼ੇ ਮੇਜਰ ਸੰਧੂ ਲਈ ਸਾਡੀ ਦੁਆ ਹੈ ਕਿ ਉਹ ਇਸੇ ਤਰ੍ਹਾਂ ਹੀ ਅਣਥੱਕ ਰਾਹੀ ਦੀ ਤਰ੍ਹਾਂ ਆਪਣੀ ਮੰਜ਼ਿਲ ਵੱਲ ਵੱਧਦਾ ਜਾਵੇ, ਭਵਿੱਖ ਉਸ ਦੇ ਹੱਥਾਂ ਵਿਚ ਹੈ!
*********

ਆਖ਼ਰ ਪੂਰੀ ਹੋਈ 44 ਸਾਲਾਂ ਬਾਅਦ ਹਰਿਆਣੇ ਦੇ ਪੰਜਾਬੀਆਂ ਦੀ ਮੰਗ -ਨਿਸ਼ਾਨ ਸਿੰਘ 'ਕੁਰੂਕਸ਼ੇਤਰ'

ਆਖ਼ਰ ਪੂਰੀ ਹੋਈ 44 ਸਾਲਾਂ ਬਾਅਦ ਹਰਿਆਣੇ ਦੇ ਪੰਜਾਬੀਆਂ ਦੀ ਮੰਗ   -ਨਿਸ਼ਾਨ ਸਿੰਘ 'ਕੁਰੂਕਸ਼ੇਤਰ'
ਪੰਜਾਬ ਨਾਲੋਂ ਵੱਖ ਹੋ ਕੇ ਪਿਛਲੇ 44 ਸਾਲਾਂ ਤੋਂ ਹਰਿਆਣੇ ਦੇ ਪੰਜਾਬੀ ਸਮੇਂ ਦੀਆਂ ਰਾਜ ਸਰਕਾਰਾਂ ਤੋਂ ਇਹ ਮੰਗ ਕਰਦੇ ਆ ਰਹੇ ਸਨ ਕਿ ਹਰਿਆਣੇ ਵਿੱਚ ਪੰਜਾਬੀ ਭਾਸ਼ਾ ਨੂੰ ਦੂਜੀ ਰਾਜ ਭਾਸ਼ਾ ਦਾ ਦਰਜ਼ਾ ਦਿੱਤਾ ਜਾਵੇ। ਇਸ ਲਈ ਹਰਿਆਣਵੀਂ ਪੰਜਾਬੀ ਸੰਘਰਸ਼ ਕਰਦੇ ਆ ਰਹੇ ਸਨ ਤੇ ਇਸ ਕੀਤੀ ਹੋਈ ਮਿਹਨਤ ਨੂੰ ਬੂਰ ਪਿਆ 28 ਜਨਵਰੀ 2010 ਦੀ ਸਵੇਰ ਨੂੰ ਜਦੋਂ ਹਰਿਆਣਾ ਦੇ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਪੰਜਾਬੀ ਭਾਸ਼ਾ ਨੂੰ ਹਰਿਆਣੇ ਦੀ ਦੂਜੀ ਰਾਜ ਭਾਸ਼ਾ ਬਣਾਉਣ ਦਾ ਐਲਾਨ ਕਰ ਦਿੱਤਾ ਤੇ ਇਸ ਲਈ ਲੋੜੀਂਦਾ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ।
ਜ਼ਿਕਰਯੋਗ ਹੈ ਕਿ 1 ਨਵੰਬਰ 1966 ਨੂੰ ਹਰਿਆਣੇ ਦੇ ਗਠਨ ਤੋਂ ਬਾਅਦ ਇੱਥੋਂ ਦੇ ਪੰਜਾਬੀਆਂ ਨਾਲ ਹਮੇਸ਼ਾ ਹੀ ਧੱਕਾ ਹੁੰਦਾ ਰਿਹਾ ਹੈ। ਹਰਿਆਣੇ ਵਿੱਚ ਕਿਸੇ ਵੀ ਰਾਜ ਸਰਕਾਰ ਨੇ ਪੰਜਾਬੀ ਸਾਹਿਤ, ਸਭਿਆਚਾਰ ਅਤੇ ਸੰਸਕ੍ਰਿਤੀ ਦੀ ਪ੍ਰਫੁਲਤਾ ਲਈ ਕੋਈ ਸਾਰਥਕ ਉਪਰਾਲਾ ਨਹੀਂ ਕੀਤਾ। ਇੱਥੋਂ ਤੱਕ ਕਿ ਹਰਿਆਣੇ ਦੇ ਸਰਕਾਰੀ ਸਕੂਲਾਂ ਵਿੱਚ ਪੰਜਾਬੀ ਦੇ ਅਧਿਆਪਕ ਭਰਤੀ ਨਾ ਕੀਤੇ ਗਏ। ਸਕੂਲਾਂ ਵਿੱਚ ਪੰਜਾਬੀ ਨੂੰ ਇੱਕ ਵਾਧੂ ਵਿਸ਼ਾ ਬਣਾ ਦਿੱਤਾ ਗਿਆ ਤੇ ਹੱਦ ਤਾਂ ਉਸ ਵੇਲੇ ਹੋ ਗਈ ਜਦੋਂ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਬੰਸੀ ਲਾਲ ਨੇ ਤਾਂ ਪੰਜਾਬੀ ਭਾਸ਼ਾ ਨੂੰ ਹਰਿਆਣੇ ਵਿੱਚੋਂ ਅਸਲੋਂ ਹੀ ਖਤਮ ਕਰਨ ਲਈ ਤੇਲਗੂ ਨੂੰ ਦੂਜੀ ਰਾਜ ਭਾਸ਼ਾ ਦਾ ਦਰਜ਼ਾ ਦੇ ਦਿੱਤਾ। ਹਾਲਾਂਕਿ ਤੇਲਗੂ ਨੂੰ ਜਾਣਨ ਵਾਲੇ ਹਰਿਆਣਾ ਵਿੱਚ ਇੱਕ ਫੀਸਦੀ ਵੀ ਲੋਕ ਨਹੀਂ ਸਨ ਰਹਿੰਦੇ ਪਰ ਪੰਜਾਬੀ 40 ਫੀਸਦੀ ਹਰਿਆਣੇ ਵਿੱਚ ਵੱਸ ਰਹੇ ਸਨ।
ਪਰ ਹਰਿਆਣੇ ਦੇ ਪੰਜਾਬੀਆਂ ਨੇ ਹਾਰ ਨਹੀਂ ਮੰਨੀ ਤੇ ਸਮੇਂ-ਸਮੇਂ ਸਿਰ ਇਸ ਅਨਿਆਂ ਖਿਲਾਫ਼ ਆਵਾਜ਼ ਬੁਲੰਦ ਕਰਦੇ ਰਹੇ ਤੇ ਜਲਦ ਹੀ ਤੇਲਗੂ ਭਾਸ਼ਾ ਤੋਂ ਦੂਜੀ ਰਾਜ ਭਾਸ਼ਾ ਦਾ ਦਰਜ਼ਾ ਖੋਹ ਲਿਆ ਗਿਆ ਪਰ ਪੰਜਾਬੀ ਨੂੰ ਫਿਰ ਵੀ ਮਾਣ-ਸਨਮਾਣ ਨਹੀਂ ਦਿੱਤਾ ਗਿਆ।
ਹਾਂ,  ਵੋਟਾਂ ਵੇਲੇ ਇਹ ਮੱਦਾ ਜ਼ਰੂਰ ਹਾਵੀ ਰਹਿੰਦਾ ਕਿ ਹਰਿਆਣੇ ਵਿੱਚ ਪੰਜਾਬੀਆਂ ਨਾਲ ਧੱਕਾ ਹੋਇਆ ਹੈ ਤੇ ਫਲਾਣੀ ਪਾਰਟੀ ਨੂੰ ਵੋਟਾਂ ਪਾਓ ਸਰਕਾਰ ਬਣਨ ਤੇ ਸਭ ਤੋਂ ਪਹਿਲਾਂ ਪੰਜਾਬੀ ਨੂੰ ਹਰਿਆਣੇ ਦੀ ਦੂਜੀ ਰਾਜ ਭਾਸ਼ਾ ਬਣਾਇਆ ਜਾਏਗਾ ਪਰ ਮੁੱਖ ਮੰਤਰੀ ਦੀ ਕੁਰਸੀ ਤੇ ਬੈਠ ਕੇ ਲਾਰੇਬਾਜ 'ਨੇਤਾ ਜੀ' ਪੰਜਾਬੀ ਨੂੰ ਫਿਰ ਭੁੱਲ ਜਾਂਦੇ।
ਇਸ ਤਰ੍ਹਾਂ 44 ਸਾਲਾਂ ਦਾ ਲੰਮਾ ਅਰਸਾ ਬੀਤ ਗਿਆ। ਹਰਿਆਣੇ ਵਿੱਚ ਸਾਬਕਾ ਮੁੱਖ ਮੰਤਰੀ ਤੇ ਚੋਧਰੀ ਦੇਵੀ ਲਾਲ ਦੇ ਪੁੱਤਰ ਚੋਧਰੀ ਓਮ ਪ੍ਰਕਾਸ਼ ਚੋਟਾਲਾ ਨੇ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਪਹਿਲ ਕੀਤੀ ਤੇ ਉਹਨਾਂ ਦੇ ਰਾਜਕਾਲ ਵਿੱਚ ਹਰਿਆਣਾ ਵਿਧਾਨ ਸਭਾ ਵਿੱਚ ਪੰਜਾਬੀ ਨੂੰ ਦੂਜੀ ਰਾਜ ਭਾਸ਼ਾ ਬਣਾਉਣ ਵਾਲਾ ਬਿੱਲ ਪਾਸ ਕਰ ਦਿੱਤਾ ਗਿਆ ਪਰ ਪਤਾ ਨਹੀਂ ਕਿਹੜੇ ਕਾਰਣਾਂ ਕਰਕੇ ਉਸ ਵੇਲੇ ਨੋਟੀਫ਼ਿਕੇਸ਼ਨ ਜਾਰੀ ਨਾ ਹੋ ਸਕਿਆ।
ਸਰਕਾਰੀ ਨਿਯਮਾਂ ਅਨੁਸਾਰ ਜਦੋਂ ਤੱਕ ਨੋਟੀਫਿਕੇਸ਼ਨ ਜਾਰੀ ਨਹੀਂ ਹੁੰਦਾ ਤੱਦ ਤੱਕ ਅਮਲੀ ਰੂਪ ਵਿੱਚ ਕੋਈ ਕਾਨੂੰਨ ਲਾਗੂ ਨਹੀਂ ਕੀਤਾ ਜਾ ਸਕਦਾ। ਇਸ ਲਈ ਪੰਜਾਬੀ ਭਾਸ਼ਾ ਦੀ ਪੜਾਈ ਸਕੂਲਾਂ ਵਿੱਚ ਆਰੰਭ ਨਾ ਹੋ ਸਕੀ। ਇਸ ਮੁੱਦੇ ਤੇ ਫਿਰ ਸਿਆਸਤ ਸ਼ੁਰੂ ਹੋ ਗਈ ਤੇ ਸਰਕਾਰਾਂ ਫਿਰ ਲਾਰੇ ਲਾਉਣ ਲੱਗ ਪਈਆਂ। ਵੋਟਾਂ ਵੇਲੇ ਹਰ ਪਾਰਟੀ ਇਹ ਲਾਰਾ ਲਾਇਆ ਕਰੇ ਕਿ ਸਾਡੀ ਸਰਕਾਰ ਬਣਨ ਤੇ ਪੰਜਾਬੀ ਭਾਸ਼ਾ ਸੰਬੰਧੀ ਨੋਟੀਫਿਕੇਸ਼ਨ ਪਹਿਲ ਤੇ ਆਧਾਰ ਤੇ ਜਾਰੀ ਕਰ ਦਿੱਤਾ ਜਾਵੇਗਾ ਪਰ ਹੁੰਦਾ ਕੁੱਝ ਵੀ ਨਾ…।
ਤੇ ਆਖਰ 44 ਸਾਲਾਂ ਦੀ ਲੰਮੀ ਉਡੀਕ ਬਾਅਦ ਆ ਹੀ ਗਿਆ 28 ਜਨਵਰੀ 2010 ਦਾ ਭਾਗਾਂ ਭਰਿਆ ਦਿਨ ਜਦੋਂ ਹਰਿਆਣੇ ਦੇ ਮੁੱਖ ਮੰਤਰੀ ਚੋਧਰੀ ਭੁਪਿੰਦਰ ਸਿੰਘ ਹੁੱਡਾ ਨੇ ਪੰਜਾਬੀ ਭਾਸ਼ਾ ਨੂੰ ਰਾਜ ਦੀ ਦੂਜੀ ਰਾਜ ਭਾਸ਼ਾ ਪ੍ਰਵਾਨ ਕਰਦਿਆਂ ਇਸ ਸੰਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ। ਹਰਿਆਣੇ ਦੇ ਪੰਜਾਬੀਆਂ ਵਿੱਚ ਖੁਸ਼ੀ ਦੀ ਲਹਿਰ ਦੋੜ ਗਈ। ਹਰ ਪਾਸੇ ਖੁਸ਼ੀਆਂ ਦਾ ਪਸਾਰਾ ਹੋ ਗਿਆ। ਲੋਕ ਅਤੇ ਖਾਸ ਕਰਕੇ ਪੰਜਾਬੀ ਇੱਕ ਦੂਜੇ ਨੂੰ ਵਧਾਈਆਂ ਦੇਣ ਲੱਗੇ ਕਿਉਂਕਿ ਉਹਨਾਂ ਦੀ ਮਿਹਨਤ ਨੂੰ ਅੱਜ ਬੂਰ ਪੈ ਗਿਆ ਸੀ।
ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਹੁਣ ਸਰਕਾਰੀ ਦਫ਼ਤਰਾਂ ਨਾਲ ਪੱਤਰ ਵਿਹਾਰ ਕਰਨ ਲਈ ਪੰਜਾਬੀ ਭਾਸ਼ਾ ਦਾ ਪ੍ਰਯੋਗ ਕੀਤਾ ਜਾ ਸਕਦਾ ਹੈ। ਕਿਸੇ ਸਰਕਾਰੀ ਅਦਾਰੇ ਤੋਂ ਜਾਣਕਾਰੀ ਪੰਜਾਬੀ ਭਾਸ਼ਾ ਵਿੱਚ ਲਈ ਜਾ ਸਕਦੀ ਹੈ। ਅਖ਼ਬਾਰਾਂ ਨੂੰ ਪ੍ਰੈੱਸ ਨੋਟ ਪੰਜਾਬੀ ਵਿੱਚ ਦਿੱਤੇ ਜਾ ਸਕਦੇ ਹਨ ਤੇ ਪੰਜਾਬੀ ਨੂੰ ਤੀਜੀ ਜਮਾਤ ਤੋਂ ਹਰਿਆਣੇ ਦੇ ਸਰਕਾਰੀ ਸਕੂਲਾਂ ਵਿੱਚ ਲਾਗੂ ਕੀਤਾ ਜਾ ਸਕਦਾ ਹੈ। ਪੰਜਾਬੀ ਅਧਿਆਪਕਾਂ ਦੀ ਭਰਤੀ ਕੀਤੀ ਜਾ ਸਕਦੀ ਹੈ ਇਸ ਵਿੱਚ ਕੋਈ ਕਾਨੂੰਨੀ ਅੜਚਣ ਨਹੀਂ ਹੈ।
ਦੇਖਣ ਵਾਲੀ ਗੱਲ ਇਹ ਹੈ ਹੁਣ ਕਿ ਇਹ ਸਭ ਕੁੱਝ ਹੁੰਦਾ ਕਦੋਂ ਹੈ? ਪੰਜਾਬੀ ਅਧਿਆਪਕਾਂ ਦੀ ਭਰਤੀ ਸਰਕਾਰ ਕਦੋਂ ਆਰੰਭ ਕਰਦੀ ਹੈ। ਪਿਛਲੇ ਅੱਠ ਸਾਲਾਂ ਤੋਂ ਓ: ਟੀ: ਪੰਜਾਬੀ ਬੰਦ ਪਈ ਹੈ ਸਰਕਾਰ ਇਸ ਨੂੰ ਕੱਦ ਦੁਬਾਰਾ ਸ਼ੁਰੂ ਕਰਦੀ ਹੈ? ਗਿਆਨੀ ਪਾਸ ਕਰਨ ਤੋਂ ਬਾਅਦ ਇੱਕ ਸਾਲ ਦਾ ਇਹ ਕੋਰਸ ਕਰਕੇ ਪੰਜਵੀਂ ਜਮਾਤ ਦੇ ਸਕੂਲ ਵਿੱਚ ਪੰਜਾਬੀ ਅਧਿਆਪਕ ਦੀ ਅਸਾਮੀ ਤੇ ਨਿਯੁਕਤ ਹੋਇਆ ਜਾ ਸਕਦਾ ਹੈ। ਹਰਿਆਣੇ ਵਿੱਚ ਹਜਾਰਾਂ ਹੀ ਪੰਜਾਬੀ ਨੌਜਵਾਨਾਂ ਨੇ ਗਿਆਨੀ ਦਾ ਇਮਤਿਹਾਨ ਪਾਸ ਕੀਤਾ ਹੋਇਆ ਹੈ ਪਰ ਪੰਜਾਬੀ ਓ: ਟੀ: ਦੇ ਬਿਨਾਂ ਉਹ ਪ੍ਰਾਇਮਰੀ ਸਕੂਲਾਂ ਵਿੱਚ ਅਧਿਆਪਕ ਦੀ ਅਸਾਮੀ ਦੇ ਭਰਤੀ ਹੋਣ ਦੇ ਯੋਗ ਨਹੀਂ ਹੈ। ਇਸ ਲਈ ਸਰਕਾਰ ਨੂੰ ਓ: ਟੀ: ਪੰਜਾਬੀ ਜਲਦ ਹੀ ਆਰੰਭ ਕਰਨੀ ਚਾਹੀਦੀ ਹੈ ਤਾਂ ਕਿ ਸਰਕਾਰੀ ਸਕੂਲਾਂ ਵਿੱਚ ਚੰਗੇ ਪੰਜਾਬੀ ਅਧਿਆਪਕ ਮਿਲ ਸਕਣ।
ਹਰਿਆਣੇ ਦੀਆਂ 3 ਯੁਨੀਵਰਸਿਟੀਆਂ ਵਿੱਚੋਂ 2 ਵਿੱਚ ਤਾਂ ਪੰਜਾਬੀ ਵਿਭਾਗ ਹੀ ਨਹੀਂ ਹਨ। ਕੁਰੂਕਸ਼ੇਤਰ ਯੂਨੀਵਰਸਿਟੀ ਨੇ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਚੰਗਾ ਕੰਮ ਕੀਤਾ ਹੈ। ਇਸੇ ਤਰ੍ਹਾਂ ਦੂਜੀਆਂ 2 ਯੁਨੀਵਰਸਿਟੀਆਂ ਜਿਨ੍ਹਾਂ ਵਿੱਚੋਂ ਮਹਾਂਰਿਸ਼ੀ ਦਇਆਨੰਦ ਯੂਨੀਵਰਸਿਟੀ ਰੋਹਤਕ ਅਤੇ ਚੋਧਰੀ ਦੇਵੀ ਲਾਲ ਯੂਨੀਵਰਸਿਟੀ ਸਿਰਸਾ ਵਿੱਚ ਪੰਜਾਬੀ ਦੀ ਪੜਾਈ ਕਦੋਂ ਆਰੰਭ ਹੁੰਦੀ ਹੈ ਇਹ ਵੀ ਸਰਕਾਰ ਦੀ ਨਿਯਤ ਤੇ ਨਿਰਭਰ ਕਰਦਾ ਹੈ। ਮੁੱਖ ਮੰਤਰੀ ਹੁੱਡਾ ਨੇ ਨੋਟੀਫਿਕੇਸ਼ਨ ਜਾਰੀ ਕਰਕੇ ਹਰਿਆਣੇ ਦੇ ਪੰਜਾਬੀਆਂ ਦਾ ਦਿਲ ਤਾਂ ਜਿੱਤ ਲਿਆ ਹੈ ਪਰ ਅਸਲੀ ਪ੍ਰੀਖਿਆ ਦੀ ਘੜੀ ਤਾਂ ਹੁਣ ਆਉਣੀ ਹੈ ਜਦੋਂ ਅਮਲੀ ਰੂਪ ਵਿੱਚ ਪੰਜਾਬੀ ਹਰਿਆਣੇ ਵਿੱਚ ਲਾਗੂ ਕੀਤੀ ਜਾਣੀ ਹੈ।
ਇੱਕਲੇ ਕਾਨੂੰਨ ਬਣਾਉਣ ਨਾਲ ਹੀ ਕਿਸੇ ਜੁਬਾਨ ਦਾ ਵਿਕਾਸ ਨਹੀਂ ਹੁੰਦਾ ਬਲਕਿ ਇਸ ਲਈ ਲੋਕਾਂ ਦਾ ਜਾਗਰੁਕ ਹੋਣਾ ਵੀ ਬਹੁਤ ਜ਼ਰੂਰੀ ਹੈ। ਹਰਿਆਣੇ ਦੇ ਪੰਜਾਬੀ ਇਸ ਸੱਚਾਈ ਨੂੰ ਚੰਗੀ ਤਰ੍ਹਾਂ ਜਾਣਦੇ ਹਨ ਕਿ 'ਮਾੜੇ ਦਿਨਾਂ' ਵਿੱਚ ਜਦੋਂ ਤੇਲਗੂ ਨੂੰ ਹਰਿਆਣੇ ਦੀ ਦੂਜੀ ਰਾਜ ਭਾਸ਼ਾ ਬਣਾਇਆ ਗਿਆ ਸੀ ਤਾਂ ਪੰਜਾਬ ਦੇ ਅਕਾਲੀਆਂ, ਕਾਂਗਰਸੀਆਂ ਨੇ ਹਰਿਆਣੇ ਵਿੱਚ ਪੰਜਾਬੀ ਨੂੰ ਦੂਜੀ ਰਾਜ ਭਾਸ਼ਾ ਬਣਵਾਉਣ ਦਾ ਕੋਈ ਉਪਰਾਲਾ ਨਹੀਂ ਕੀਤਾ ਸੀ ਤੇ ਨਾ ਹੀ ਤੇਲਗੂ ਦਾ ਵਿਰੋਧ।
…ਚੱਲੋ ਦੇਰ ਆਏ ਦਰੁਸਤ ਆਏ ਦੀ ਕਹਾਵਤ ਮੁਤਾਬਕ ਹਰਿਆਣੇ ਦੇ ਪੰਜਾਬੀਆਂ ਦੇ ਸੁਣੀ ਗਈ ਹੈ ਤੇ ਅਰਦਾਸ ਕਰਦਾ ਹਾਂ ਕਿ ਪਿਛਲੇ 44 ਸਾਲਾਂ ਵਿੱਚ ਪੰਜਾਬੀ ਸਾਹਿਤ, ਸਭਿਆਚਾਰ, ਸੰਸਕ੍ਰਿਤੀ, ਧਾਰਮਿਕ ਸਾਹਿਤ ਅਤੇ ਇਤਿਹਾਸ ਨੂੰ ਜਿਹੜਾ ਘਾਟਾ ਪਿਆ ਹੈ ਉਹ ਹਰਿਆਣੇ ਦੇ ਪੰਜਾਬੀ ਜਲਦ ਹੀ ਪੂਰਾ ਕਰਨ ਦਾ ਵਾਹ ਲਗਾਉਣਗੇ।
ਅੰਤ ਵਿੱਚ ਧੰਨਵਾਦ ਹਰਿਆਣਾ ਸਰਕਾਰ ਦਾ ਤੇ ਉਹਨਾਂ ਸਾਰੀਆਂ ਜੱਥੇਬੰਦੀਆਂ, ਸਭਾ ਸੁਸਾਇਟੀਆਂ, ਲੇਖਕਾਂ, ਚਿੰਤਕਾਂ, ਰਾਜਨੇਤਾਵਾਂ, ਧਾਰਮਿਕ ਆਗੂਆਂ, ਅਧਿਆਪਕਾਂ ਤੇ ਪੰਜਾਬੀ ਹਿਤੈਸ਼ੀ ਲੋਕਾਂ ਦਾ ਜਿਨ੍ਹਾਂ ਦੇ ਯਤਨ ਸਦਕਾ ਅੱਜ ਪੰਜਾਬੀ ਹਰਿਆਣੇ ਦੀ ਦੂਜੀ ਰਾਜ ਭਾਸ਼ਾ ਬਣੀ ਹੈ।
ਸ਼ਾਲਾ…, ਰੱਬ ਮਿਹਰ ਕਰੇ ਹਰਿਆਣੇ ਵਿੱਚ ਪੰਜਾਬੀ ਭਾਸ਼ਾ ਦਾ ਪ੍ਰਚਾਰ-ਪ੍ਰਸਾਰ ਹੋਵੇ ਤੇ ਮਾਂ ਬੋਲੀ ਦੇ ਮਿੱਠੇ ਬੋਲ ਸਦਾ ਵਾਸਤੇ ਹੀ ਹਰਿਆਣਵੀਂ ਪੰਜਾਬੀਆਂ ਦੇ ਕੰਨਾਂ ਵਿੱਚ ਰਸ ਘੋਲਦੇ ਰਹਿਣ। ਇਹੀ ਅਰਦਾਸ ਹੈ ਮੇਰੀ।
********

Sunday, March 14, 2010

ਪੂਣੀ ਪੂਣੀ ਹੋ ਕੇ ਨੀ ਮੇਰੀ ਜਿੰਦ ਕੱਤੀਦੀ ਜਾਵੇ -ਸ਼ਿਵਚਰਨ ਜੱਗੀ ਕੁੱਸਾ

(14 ਮਾਰਚ ਨੂੰ ਮਾਂ ਦਿਵਸ 'ਤੇ ਵਿਸ਼ੇਸ਼)
ਪੂਣੀ ਪੂਣੀ ਹੋ ਕੇ ਨੀ ਮੇਰੀ ਜਿੰਦ ਕੱਤੀਦੀ ਜਾਵੇ
ਸ਼ਿਵਚਰਨ ਜੱਗੀ ਕੁੱਸਾ

13 ਮਾਰਚ 2010 ਨੂੰ ਮੇਰੀ ਮਾਂ ਨੂੰ ਅਕਾਲ ਚਲਾਣਾਂ ਕੀਤਿਆਂ ਪੂਰੇ ਚਾਰ ਸਾਲ ਬੀਤ ਜਾਣੇ ਹਨ। ਕਈ ਵਾਰ ਇੰਜ ਲੱਗਦਾ ਹੈ ਕਿ ਮਾਂ ਨੂੰ ਵਿਛੜਿਆਂ ਯੁੱਗ ਬੀਤ ਗਏ ਅਤੇ ਕਈ ਵਾਰ ਇੰਜ ਜਾਪਦਾ ਹੈ, ਜਿਵੇਂ ਕੱਲ੍ਹ ਦੀ ਗੱਲ ਹੋਵੇ! ਦਿਨਾਂ ਨੇ ਲੰਘਦੇ ਜਾਣਾ ਹੈ, ਪਰ ਮੇਰੀ ਮਾਂ ਦੀ ਯਾਦ ਮੇਰੇ ਮਨ 'ਤੇ ਉਵੇਂ ਹੀ ਤਾਜ਼ਾ ਹੈ, ਜਿਵੇਂ ਪਹਿਲਾਂ ਸੀ। ਕਦੇ ਕਦੇ ਮੈਨੂੰ ਵੱਡੇ ਬਾਈ ਗੁਰਦਾਸ ਮਾਨ ਦਾ ਗੀਤ ਬੜਾ ਚੇਤੇ ਆਉਂਦਾ ਹੈ, "ਪੀੜ ਪ੍ਰਾਹੁੰਣੀ, ਨ੍ਹਾ-ਧੋ ਕੇ ਜਦ, ਗ਼ਮ ਦੀ ਚਰਖੀ ਡਾਹਵੇ, ਪੂਣੀ ਪੂਣੀ ਹੋ ਕੇ ਨੀ ਮੇਰੀ ਜਿੰਦ ਕੱਤੀਦੀ ਜਾਵੇ...!" ਇਸ ਫ਼ਾਨੀ ਜੱਗ ਤੋਂ ਤੁਰ ਹਰ ਇਕ ਨੇ ਜਾਣਾ ਹੈ। ਪਰ ਜਾਣ ਵਾਲ਼ੇ ਦੀਆਂ ਯਾਦਾਂ ਤੁਹਾਨੂੰ ਕਦਾਚਿੱਤ ਨਹੀਂ ਭੁੱਲਦੀਆਂ। ਅਤੇ ਉਹ ਵੀ, ਜਦ ਤੁਹਾਡਾ ਜਾਣ ਵਾਲ਼ਾ ਅੱਤ ਦਾ ਨਜ਼ਦੀਕੀ ਹੋਵੇ! ਕੱਲ੍ਹ ਮਾਂ ਦੀ ਆਉਣ ਵਾਲ਼ੀ ਬਰਸੀ ਬਾਰੇ ਸੋਚਦਿਆਂ-ਸੋਚਦਿਆਂ ਕੁਝ ਯਾਦਾਂ ਤਾਜ਼ੀਆਂ ਹੋਈਆਂ, ਜੋ ਮੈਂ ਆਪਣੇ ਪਾਠਕਾਂ ਦੇ ਨਾਲ਼ ਸਾਂਝੀਆਂ ਕਰ ਰਿਹਾ ਹਾਂ।
ਉਦੋਂ ਮੈਂ ਸ਼ਾਇਦ ਦਸਵੀਂ ਵਿਚ ਪੜ੍ਹਦਾ ਹੁੰਦਾ ਸੀ। ਸਾਡੇ ਮੋਗੇ ਏਰੀਏ ਵਿਚ 'ਪੰਜਾਬ ਸਟੂਡੈਂਟਸ ਯੂਨੀਅਨ' ਦਾ ਬੜਾ ਬੋਲਬਾਲਾ ਅਤੇ ਜੋਰ ਹੁੰਦਾ ਸੀ। ਕੁਝ ਕਾਲਜ ਪੜ੍ਹਦੇ ਵਿਦਿਆਰਥੀ ਸਾਡੀ ਡਿਊਟੀ ਕੰਧਾਂ 'ਤੇ ਕੁਝ ਇਸ਼ਤਿਹਾਰ ਲਾਉਣ ਦੀ ਲਾ ਦਿੰਦੇ। ਜਿਸ ਨੂੰ ਮੈਂ ਅਤੇ ਮੇਰਾ ਦੋਸਤ ਤਾਰ ਬੜੇ ਚਾਅ ਨਾਲ਼ ਨਿਭਾਉਂਦੇ। ਅਸੀਂ ਉਹ ਇਸ਼ਤਿਹਾਰ ਪਿੰਡ ਦੇ ਸਕੂਲ, ਧਰਮਸ਼ਾਲ਼ਾ ਦੀਆਂ ਕੰਧਾਂ 'ਤੇ ਲੇਵੀ ਨਾਲ਼ ਲਾ ਆਉਂਦੇ। ਇਹਨਾਂ ਇਸ਼ਤਿਹਾਰਾਂ ਦਾ ਉਦੋਂ ਗੌਰਮਿੰਟ ਵੱਲੋਂ ਬਹੁਤ ਵਿਰੋਧ ਕੀਤਾ ਜਾਂਦਾ ਸੀ ਅਤੇ ਇਹ ਇਸ਼ਤਿਹਾਰ ਲਾਉਣ ਵਾਲ਼ੇ ਨੂੰ ਪੁਲੀਸ ਵੀ ਫ਼ੜ ਕੇ ਲਿਜਾ ਸਕਦੀ ਸੀ ਅਤੇ ਕੋਈ ਕੇਸ ਵੀ ਪਾ ਸਕਦੀ ਸੀ। ਚੜ੍ਹਦੀ ਜੁਆਨੀ 'ਚ ਨਾ ਤਾਂ ਘਰ ਦੀ ਕੋਈ ਜ਼ਿਮੇਵਾਰੀ ਸਿਰ 'ਤੇ ਸੀ ਅਤੇ ਨਾ ਹੀ ਕਿਸੇ ਕਬੀਲਦਾਰੀ ਦਾ ਫ਼ਿਕਰ ਫ਼ਾਕਾ! ਜਿਸ ਕਰਕੇ ਆਯਾਸ਼ ਦਿਮਾਗ ਹਰ ਪੱਖੋਂ ਬੇਪ੍ਰਵਾਹ ਅਤੇ ਬੇਫ਼ਿਕਰ ਸੀ। ਇਹ ਇਸ਼ਤਿਹਾਰ ਸਾਨੂੰ ਆਮ ਲੋਕਾਂ ਤੋਂ ਚੋਰੀ ਸਵੇਰ ਦੇ ਦੋ-ਤਿੰਨ ਵਜੇ 'ਗੁਪਤ' ਲਾਉਣ ਦਾ ਹੁਕਮ ਸੀ, ਤਾਂ ਕਿ ਕੋਈ ਪੁਲੀਸ ਕੋਲ਼ ਚੁਗਲੀ ਨਾ ਕਰ ਦੇਵੇ!
ਇਕ ਰਾਤ ਸਵੇਰੇ ਦੇ ਤਿੰਨ ਕੁ ਵਜੇ ਅਸੀਂ ਸਕੂਲ ਦੀਆਂ ਕੰਧਾਂ 'ਤੇ ਇਸ਼ਤਿਹਾਰ ਲਾ ਕੇ ਆ ਰਹੇ ਸੀ। ਗੂੜ੍ਹੀ ਰਾਤ ਦਾ ਹਨ੍ਹੇਰਾ ਕਾਫ਼ੀ ਸੀ। ਜਦ ਅਸੀਂ ਸੱਜਣ ਬੱਕਰੀਆਂ ਵਾਲ਼ੇ ਦੇ ਵਾੜੇ ਕੋਲ਼ ਆਏ ਤਾਂ ਸਾਨੂੰ ਸੁੰਨੇ ਪਏ ਰਾਹ ਦੇ ਐਨ੍ਹ ਵਿਚਕਾਰ ਕੋਈ ਲਾਵਾਰਿਸ 'ਸਮਾਨ' ਜਿਹਾ ਪਿਆ ਨਜ਼ਰ ਆਇਆ। ਉਦੋਂ ਅਜੇ ਸਾਡੇ ਪਿੰਡ ਸਿਰਫ਼ ਇਕ ਹੀ ਸੜਕ ਬਣੀ ਸੀ। ਬਾਕੀ ਰਾਹ ਅਜੇ ਕੱਚੇ ਹੀ ਸਨ।
-"ਉਏ ਤਾਰ..! ਔਹ ਕੀ ਪਿਐ...?" ਮੈਂ ਹੈਰਾਨ ਹੋ ਕੇ ਰਾਹ 'ਤੇ ਪਏ ਸਮਾਨ ਵੱਲ ਦੇਖਦਿਆਂ ਆਪਣੇ ਬੇਲੀ ਤਾਰ ਨੂੰ ਪੁੱਛਿਆ। ਤਾਰ ਦੇ ਸਾਡੇ ਪਿੰਡ ਨਾਨਕੇ ਹਨ ਅਤੇ ਉਹ ਆਮ ਤੌਰ 'ਤੇ ਸਾਡੇ ਪਿੰਡ ਹੀ ਪਲ਼ਿਆ ਅਤੇ ਵੱਡਾ ਹੋਇਆ ਸੀ। ਸਾਡੀ ਯਾਰੀ ਜਿੰਨੀ ਉਸ ਟਾਈਮ ਸੀ, ਉਤਨੀ ਹੀ ਅੱਜ ਹੈ! ਅੱਜ ਕੱਲ੍ਹ ਉਹ ਇਟਲੀ ਵਿਚ ਹੈ ਅਤੇ ਅਵਤਾਰ ਸਿੰਘ ਸਿੱਧੂ ਦੇ ਨਾਂ ਨਾਲ਼ ਜਾਣਿਆਂ ਜਾਂਦਾ ਹੈ।
-"ਕਿਸੇ ਦੇ ਸਮਾਨ ਦੀ ਕੋਈ ਗੰਢ ਡਿੱਗ ਪਈ ਲੱਗਦੀ ਐ...!" ਤਾਰ ਨੇ ਵੀ ਨੇੜ ਹੁੰਦਿਆਂ ਅੱਖਾਂ ਦੀ ਸ਼ਿਸ਼ਤ ਬੰਨ੍ਹਦਿਆਂ ਕਿਹਾ।
ਜਦ ਅਸੀਂ ਸਮਾਨ ਦੇ ਕੁਝ ਨੇੜੇ ਹੋਏ ਤਾਂ ਡਿੱਗੇ ਪਏ ਸਮਾਨ ਵਿਚੋਂ ਕੁਝ ਹਿੱਲਿਆ ਤਾਂ ਟਿਕੀ ਰਾਤ ਵਿਚ ਡਰ ਨਾਲ਼ ਸਾਡਾ ਤ੍ਰਾਹ ਨਿਕਲ਼ ਗਿਆ ਅਤੇ ਅਸੀਂ ਸਹਿਮ ਕੇ ਕਰਮ ਪਿੱਛੇ ਹਟ ਗਏ।
-"ਇਹ ਕੀ ਹੋਇਆ...?" ਸਾਡੇ ਘਤਿੱਤੀ ਦਿਮਾਗ ਮੈਦਾਨ ਛੱਡਣ ਦੇ ਹੱਕ ਵਿਚ ਨਹੀਂ ਸਨ।
-"ਠਹਿਰ ਜਾਹ..! ਮੈਂ ਛੱਪੜ ਕੋਲ਼ੋਂ ਅੱਕ ਦਾ ਡੰਡਾ ਤੋੜ ਕੇ ਲਿਆਉਨੈਂ ਤੇ ਫ਼ੇਰ ਇਹਨੂੰ ਹਿਲਾ ਕੇ ਦੇਖਦੇ ਐਂ..!"
ਜਦ ਮੈਂ ਰਾਈਂਆਂ ਦੇ ਛੱਪੜ ਕੋਲ਼ੋਂ ਅੱਕ ਦਾ ਡੰਡਾ ਤੋੜ ਕੇ ਲਿਆਇਆ ਤਾਂ ਡੰਡੇ ਦੇ ਆਸਰੇ ਅਸੀਂ ਸ਼ੇਰ ਬਣ ਗਏ। ਅੱਕ ਦੇ ਡੰਡੇ ਨੂੰ ਹੁਣ ਅਸੀਂ ਅਸਾਲਟ ਸਮਝ ਨਿੱਡਰ ਹੋ ਗਏ। ਜਦ ਮੈਂ ਅੱਕ ਦੇ ਡੰਡੇ ਨਾਲ਼ ਸਮਾਨ ਕੋਲ਼ ਹੋਇਆ ਤਾਂ ਸਮਾਨ ਵਿਚੋਂ ਅੱਗੇ ਵਾਂਗ ਫ਼ਿਰ 'ਕੁਝ' ਹਿੱਲਿਆ। ਡਰ ਤਾਂ ਸਾਨੂੰ ਫ਼ਿਰ ਵੀ ਲੱਗਿਆ। ਦਿਲ ਧੜਕੇ। ਪਰ ਡੰਡੇ ਦੇ ਹੌਸਲੇ ਨਾਲ਼ ਮੈਂ ਸਮਾਨ ਨੂੰ ਜੋਰ ਨਾਲ਼ ਹਿਲਾਇਆ। ਕਿਸੇ ਦਾ 'ਟੂਣਾਂ' ਕੀਤਾ ਹੋਇਆ ਸੀ। ਟੂਣੇਂ 'ਤੇ ਇਕ ਕਾਲ਼ਾ ਕੁੱਕੜ ਲੱਤਾਂ, ਖੰਭ ਅਤੇ ਚੁੰਝ ਬੰਨ੍ਹ ਕੇ ਰਾਹ 'ਤੇ ਰੱਖਿਆ ਹੋਇਆ ਸੀ। ਉਸ ਦੇ ਪਾਸੇ ਪੰਜ ਚਿੱਟੇ ਆਂਡੇ ਪਏ ਸਨ ਅਤੇ ਸੰਧੂਰ ਅਤੇ ਹੋਰ ਨਿੱਕ-ਸੁੱਕ ਰੱਖਿਆ ਹੋਇਆ ਸੀ।
-"ਉਏ ਬਾਹਲ਼ਾ ਦੱਬ ਕੇ ਨਾ ਫ਼ਰੋਲ਼..! ਆਂਡੇ ਟੁੱਟ ਜਾਣਗੇ..!" ਤਾਰ ਨੇ ਮੈਨੂੰ ਦੱਬਵੇਂ ਬੋਲਾਂ ਨਾਲ਼ ਤਾੜਨਾ ਜਿਹੀ ਕੀਤੀ।
ਜ਼ਿਆਦਾ ਹੀ ਗਹੁ ਜਿਹੇ ਨਾਲ਼ ਦੇਖਣ ਕਾਰਨ ਹੁਣ ਸਾਨੂੰ ਹਨ੍ਹੇਰੇ ਵਿਚ ਵੀ ਤਕਰੀਬਨ ਹਰ ਚੀਜ਼ ਸਾਫ਼ ਦਿਸ ਰਹੀ ਸੀ।
ਪੰਜ ਚਿੱਟੇ ਆਂਡੇ ਚੁੱਕ ਕੇ ਤਾਰ ਨੇ ਲੰਮੇ ਕੁੜਤੇ ਦੇ ਗੀਝੇ ਵਿਚ ਪਾ ਲਏ ਅਤੇ ਮੈਂ ਕੁੱਕੜ ਚੁੱਕ ਕੇ ਕੱਛ ਵਿਚ ਦੇ ਲਿਆ। ਕੁੱਕੜ ਦੀ ਚੁੰਝ ਅਸੀਂ ਉਸੀ ਤਰ੍ਹਾਂ ਹੀ ਬੱਝੀ ਰਹਿਣ ਦਿੱਤੀ। ਸੋਚਿਆ ਕਿ ਜੇ ਇਸ ਦੀ ਚੁੰਝ ਖੋਲ੍ਹ ਦਿੱਤੀ ਤਾਂ ਇਹ ਟਿਕੀ ਰਾਤ ਵਿਚ ਰੌਲ਼ਾ ਪਾਵੇਗਾ। ਹੁਣ ਸਾਡੇ ਅੱਗੇ ਇਕ ਹੋਰ ਔਕੜ ਸੀ ਕਿ ਆਂਡੇ ਤਾਂ ਬੋਲਦੇ ਨਹੀਂ, ਛੁਪਾ ਲਏ ਜਾਣਗੇ। ਪਰ ਕੁੱਕੜ ਨੂੰ ਕਿੱਥੇ ਰੱਖਾਂਗੇ...? ਨਾ ਤਾਂ ਕੁੱਕੜ ਸਾਡੇ ਰੱਖੇ ਹੋਏ ਸਨ ਅਤੇ ਨਾ ਹੀ ਤਾਰ ਕੇ। ਸਾਡੇ ਦੋਵਾਂ ਦੇ ਪ੍ਰੀਵਾਰ, ਮੱਧ-ਵਰਗੀ ਕਿਸਾਨ ਪ੍ਰੀਵਾਰ ਸਨ।
ਟੂਣੇ ਵਾਲ਼ਾ ਕੁੱਕੜ ਸਾਡੇ ਲਈ ਇਕ ਤਰ੍ਹਾਂ ਨਾਲ਼ 'ਨਜ਼ਾਇਜ਼ ਹਥਿਆਰ' ਬਣਿਆਂ ਹੋਇਆ ਸੀ। ਜੱਕਾਂ-ਤੱਕਾਂ ਕਰਦਿਆਂ ਅਸੀਂ ਸਵੇਰ ਕਰ ਦਿੱਤੀ ਅਤੇ ਸਾਡੇ ਗੁਆਂਢੀ ਚਰਨੇ ਦੇ ਘਰ ਚਲੇ ਗਏ। ਚਰਨੇ ਕਾ ਖੁੱਲ੍ਹਾ ਡੁੱਲ੍ਹਾ ਪੇਂਡੂ ਘਰ ਸੀ ਅਤੇ ਉਸ ਨੇ ਛੇ-ਸੱਤ ਕੁਕੜੀਆਂ ਅਤੇ ਦੋ ਕੁ ਕੁੱਕੜ ਰੱਖੇ ਹੋਏ ਸਨ। ਅਸੀਂ ਸਾਰੀ ਗੱਲ ਉਸ ਨੂੰ ਜਾ ਦੱਸੀ ਅਤੇ ਚੁੰਝ ਖੋਲ੍ਹ ਕੇ ਕੁੱਕੜ ਉਸ ਦੇ ਖੁੱਡੇ ਵੜਦਾ ਕਰ ਦਿੱਤਾ ਅਤੇ ਤਾਰ ਦੇ ਨਾਨਕਿਆਂ ਦੇ ਘਰ ਆ ਗਏ।
ਤਾਰ ਦੀ ਮਾਮੀ ਬਾਹਰਲੇ ਘਰੇ ਗੋਹਾ-ਕੂੜਾ ਕਰ ਰਹੀ ਸੀ। ਉਸ ਦੀ ਗ਼ੈਰਹਾਜ਼ਰੀ ਦਾ ਲਾਭ ਉਠਾਉਂਦਿਆਂ ਹੋਇਆਂ ਨੇ ਅਸੀਂ ਪੰਜੇ ਆਂਡੇ ਤੜਕ ਲਏ ਅਤੇ ਖਾ ਕੇ ਫੁਰਤੀ ਨਾਲ਼ ਉਥੋਂ ਨਿਕਲ਼ਣ ਦੀ ਕੀਤੀ। ਮੁਸ਼ਕਿਲ ਇਹ ਸੀ ਕਿ ਨਾ ਤਾਂ ਤਾਰ ਦੇ ਪ੍ਰੀਵਾਰ ਦਾ ਕੋਈ ਜੀਅ ਆਂਡਾ-ਮੀਟ ਖਾਂਦਾ ਸੀ ਅਤੇ ਨਾ ਹੀ ਸਾਡਾ! ਜਦ ਤਾਰ ਦੀ ਮਾਮੀ ਗੋਹੇ-ਕੂੜੇ ਤੋਂ ਵਿਹਲੀ ਹੋ ਕੇ ਭਾਂਡੇ ਧੋਣ ਲੱਗੀ ਤਾਂ ਉਸ ਨੂੰ ਸਾਡੇ ਕੂਕਿਆਂ ਦੇ ਡੋਲ ਵਾਂਗ ਮਾਂਜੇ ਪਤੀਲੇ ਵਿਚੋਂ ਵੀ ਆਂਡੇ ਬਣਾਇਆਂ ਦਾ ਪਤਾ ਚੱਲ ਗਿਆ ਅਤੇ ਉਸ ਨੇ ਰੌਲ਼ਾ ਪਾ ਕੇ ਪੜਛੱਤੀ ਸਿਰ 'ਤੇ ਚੁੱਕ ਲਈ। ਉਹਨਾਂ ਦੇ 'ਵੈਸ਼ਨੂੰḔ ਚੁੱਲ੍ਹੇ 'ਤੇ ਅਸੀਂ ਆਂਡੇ ਜਿਉਂ ਤੜਕ ਲਏ ਸਨ ਅਤੇ ਉਹਨਾਂ ਦਾ ਚੁੱਲ੍ਹਾ 'ਭ੍ਰਿਸ਼ਟਿਆ' ਗਿਆ ਸੀ। ਕੁਦਰਤੀਂ ਤਾਰ ਦੇ ਬੀਜੀ ਵੀ ਪੇਕੀਂ ਆਏ ਹੋਏ ਸਨ। ਜਦ ਤਾਰ ਦੀ ਮਾਮੀਂ ਨੇ ਉਸ ਨੂੰ ਦੂਜੇ ਘਰੋਂ ਬੁਲਾਇਆ ਤਾਂ ਤਾਰ ਦੇ ਬੀਜੀ ਨੇ ਸਾਨੂੰ ਲੱਭਣਾ ਸ਼ੁਰੂ ਕਰ ਦਿੱਤਾ। ਅਸੀਂ ਕੁੱਕੜ ਨੂੰ ਕਿਸੇ ਪਾਸੇ ਲਾਉਣ ਦੀਆਂ ਸਕੀਮਾਂ ਵਿਚ ਰੁੱਝੇ ਹੋਏ ਸਾਂ। ਨਾ ਤਾਂ ਕੁੱਕੜ ਨੂੰ ਵੱਢਣ ਦੇ ਹੱਕ ਵਿਚ ਤਾਰ ਸੀ ਅਤੇ ਨਾ ਹੀ ਮੈਂ! ਹਾਲਾਂ ਕਿ ਚਰਨੇ ਨੇ ਸਾਨੂੰ ਕਿਹਾ ਸੀ ਕਿ ਇਸ ਨੂੰ ਵੱਢ ਕੇ ਬਣਾ ਲੈਂਦੇ ਹਾਂ ਅਤੇ ਬਣਿਆਂ ਬਣਾਇਆ ਕੁੱਕੜ ਸਾਰੇ ਹੀ ਵੰਡ ਲਵਾਂਗੇ। ਮਾਰਨ ਦੇ ਹੱਕ ਵਿਚ ਸਾਡੇ ਵਿਚੋਂ ਕੋਈ ਵੀ ਨਹੀਂ ਸੀ। ਅਸੀਂ ਚਰਨੇ ਨੂੰ ਇਤਨਾ ਹੀ ਕਿਹਾ ਕਿ ਅਸੀਂ ਇਹਦਾ ਪ੍ਰਬੰਧ ਕਰਕੇ ਆਉਂਦੇ ਹਾਂ ਅਤੇ ਸਾਡੇ ਆਉਣ ਤੱਕ ਇਸ ਨੂੰ ਵੱਢਿਆ ਨਾ ਜਾਵੇ। ਉਸ ਨੇ ਸਾਡੀ ਗੱਲ ਮੰਨ ਲਈ ਅਤੇ ਅਸੀਂ ਮਜ੍ਹਬੀ ਸਿੱਖਾਂ ਦੇ ਵਿਹੜੇ ਨੂੰ ਤੁਰ ਗਏ।
ਦੁਪਿਹਰ ਤੋਂ ਪਹਿਲਾਂ ਪਹਿਲਾਂ ਅਸੀਂ ਵਿਹੜੇ ਵਾਲ਼ੇ 'ਬਾਗੀ' ਨਾਲ਼ ਕੁੱਕੜ ਦਾ ਮੁੱਲ ਤੋੜ ਲਿਆ। ਉਸ ਨੇ ਸਾਡਾ 'ਟੂਣੇ' ਵਾਲ਼ਾ ਕੁੱਕੜ ਪੈਂਤੀ ਰੁਪਏ ਵਿਚ ਖ਼ਰੀਦਣਾ ਪ੍ਰਵਾਨ ਕਰ ਲਿਆ। ਉਦੋਂ ਪੈਂਤੀ ਰੁਪਏ ਵੀ ਬਹੁਤ ਹੁੰਦੇ ਸਨ। ਤਖ਼ਤੂਪੁਰੇ ਦੇ ਮਾਘੀ ਮੇਲੇ ਵੇਲ਼ੇ ਸਾਨੂੰ ਦਸ ਰੁਪਏ ਮਿਲ਼ਦੇ ਹੁੰਦੇ ਸਨ ਅਤੇ ਦਸ ਰੁਪਏ ਨਾਲ਼ 'ਧੰਨ-ਧੰਨ' ਹੋ ਜਾਂਦੀ ਸੀ। ਅਸੀਂ ਕੁੱਕੜ ਚੁੱਕ ਬਾਗੀਆਂ ਦੇ ਹਵਾਲੇ ਕਰ ਦਿੱਤਾ ਅਤੇ ਪੈਂਤੀ ਰੁਪਏ ਜੇਬ ਵਿਚ ਪਾ ਲਏ। ਜਦ ਅਸੀਂ ਘਰ ਪਹੁੰਚੇ ਤਾਂ ਤਾਰ ਦੇ ਬੀਜੀ, ਜੋ ਮੇਰੇ ਭੂਆ ਜੀ ਲੱਗਦੇ ਸਨ, ਮੇਰੀ ਮਾਂ ਕੋਲ਼ ਬੈਠੇ ਦੇਖ ਕੇ ਸਾਡੇ ਕਾਲ਼ਜੇ ਧੜਕੇ ਅਤੇ ਘਬਰਾਹਟ ਨਾਲ਼ ਰੰਗ ਬੱਗੇ ਪੂਣੀ ਹੋ ਗਏ।  ਜਦ ਮੈਂ ਅਤੇ ਤਾਰ ਪੁੱਠੇ ਪੈਰੀਂ ਵਾਪਸ ਭੱਜਣ ਲੱਗੇ ਤਾਂ ਭੂਆ ਜੀ ਦੇ ਮਿੱਠੇ ਬੋਲਾਂ ਨੇ ਸਾਨੂੰ ਬੰਨ੍ਹ ਮਾਰ ਲਿਆ, "ਆਜੋ ਪੁੱਤ, ਆਜੋ..! ਥੋਨੂੰ ਕੋਈ ਨੀ ਕੁਛ ਕਹਿੰਦਾ..!" ਭੂਆ ਦੇ ਸ਼ਾਂਤਮਈ ਬੋਲਾਂ ਨੇ ਸਾਡੀ ਧੜਕਦੀ ਕੌਡੀ ਸ਼ਾਂਤ ਕਰ ਦਿੱਤੀ ਅਤੇ ਅਸੀਂ ਸਾਊ ਜਿਹੇ ਬਣ ਕੇ ਭੂਆ ਜੀ ਦੇ ਮੰਜੇ ਕੋਲ਼ ਆ ਗਏ। ਸਾਡੇ ਮਨ ਦਾ ਡਰ ਇਕ ਇਹ ਹੀ ਸੀ ਕਿ ਸਾਨੂੰ ਕੁੱਕੜ ਕੱਛ ਵਿਚ ਦੇਈ ਜਾਂਦਿਆਂ ਨੂੰ ਅੱਧੇ ਪਿੰਡ ਨੇ ਦੇਖਿਆ ਸੀ ਅਤੇ ਹੁਣ ਘਰਦਿਆਂ ਦੇ ਤਲੈਂਬੜਾਂ ਦਾ ਖ਼ੌਫ਼ ਸਾਡਾ ਕਾਲ਼ਜਾ ਕੱਢੀ ਜਾ ਰਿਹਾ ਸੀ।
-"ਜਿਹੜੇ ਪੁੱਤ ਆਪਣੇ ਘਰੇ ਆਂਡੇ ਬਣਾਏ ਸੀ, ਉਹ ਤੁਸੀਂ ਕਿੱਥੋਂ ਲਿਆਏ...?" ਭੂਆ ਜੀ ਦਾ ਸਹਿਜ ਸੁਆਲ ਵੀ ਸਾਡੇ ਮੌਰਾਂ ਵਿਚ ਫ਼ੌਹੜੇ ਵਾਂਗ ਆ ਪਿਆ।
ਅਸੀਂ ਚੁੱਪ ਸੀ। ਕੀ ਉੱਤਰ ਦਿੰਦੇ...? ਜੇ ਟੂਣੇ ਦਾ ਜ਼ਿਕਰ ਕਰਦੇ ਸੀ ਤਾਂ ਸ਼ਾਮਤ ਆਉਣੀ ਲਾਜ਼ਮੀ ਸੀ ਅਤੇ ਸਾਡੇ ਮੋਛੇ ਪੈ ਜਾਣੇ ਸਨ। ਪੁਰਾਣੇ ਖ਼ਿਆਲਾਂ ਅਨੁਸਾਰ ਟੂਣਾਂ ਟੱਪ ਕੇ ਕਿਸੇ 'ਬਲਾਅ' ਨੂੰ ਦਾਹਵਤ ਦੇਣੀ ਸੀ। ਪਰ ਅਸੀਂ ਤਾਂ ਟੂਣੇ ਦਾ 'ਚਕਰਚੂੰਢਾ' ਕਰ ਦਿੱਤਾ ਸੀ ਅਤੇ ਕੁੱਕੜ ਕੱਛ ਵਿਚ ਲੈ, ਬੜੀ ਸ਼ਾਨ ਨਾਲ਼ ਸਾਰੇ ਪਿੰਡ ਵਿਚ ਘੁੰਮਦੇ ਰਹੇ ਸਾਂ! ਸਾਡਾ ਦਿਲ ਸੰਸੇ ਨਾਲ਼ ਲੋਟ-ਪੋਟਣੀਆਂ ਖਾ ਰਿਹਾ ਸੀ।
-"ਰਾਹ 'ਤੇ ਪਏ ਟੂਣੇ ਆਲ਼ੇ ਆਂਡੇ ਤੁਸੀਂ ਚੱਕੇ ਐ..?" ਮੇਰੀ ਮਾਂ ਦੇ ਅਗਲੇ ਸੁਆਲ ਦਾ ਅਗਨ-ਬਾਣ ਸਿੱਧਾ ਸਾਡੇ ਸਿਰ 'ਚ ਆ ਵੱਜਿਆ।
ਅਸੀਂ ਡਰ ਕੇ ਇਕ ਦੂਜੇ ਵੱਲ ਝਾਕੇ। ਬਿਨਾਂ ਸ਼ੱਕ ਟੂਣੇ ਵਾਲ਼ੀ ਗੱਲ ਸਾਰੇ ਪਿੰਡ ਵਿਚ 'ਦੰਦ-ਕਥਾ' ਬਣੀ ਹੋਈ ਸੀ ਅਤੇ ਉਸ ਨੂੰ 'ਖ਼ੁਰਦ-ਬੁਰਦ' ਕਰਨ ਦੇ ਮੁੱਖ ਦੋਸ਼ੀ ਅਸੀਂ ਬਣੇ ਹੋਏ ਸਾਂ ਅਤੇ ਲੋਕ ਭਾਂਤ-ਭਾਂਤ ਦੀਆਂ ਭਿਆਨਕ ਗੱਲਾਂ ਕਰ ਕੇ ਸਾਡੇ ਘਰਦਿਆਂ ਦੇ ਹੌਲ ਪਾਈ ਜਾ ਰਹੇ ਸਨ। ਕੋਈ ਆਖ ਰਿਹਾ ਸੀ ਕਿ ਇਹਨਾਂ ਨੇ ਟੂਣੇ ਨੂੰ ਲੱਤਾਂ ਮਾਰੀਆਂ ਤੇ ਕੁੱਕੜ ਚੁੱਕਿਆ, ਆਂਡੇ ਖਾਧੇ, ਥੋਡੇ ਜੁਆਕ ਹੁਣ ਨਹੀਂ ਬਚਦੇ। ਪਰ ਸਾਨੂੰ ਸਭ ਤੋਂ ਵੱਧ ਘਰਦਿਆਂ ਦੇ ਗੁੱਸੇ ਦਾ 'ਹਊਆ' ਡਰਾਈ ਜਾ ਰਿਹਾ ਸੀ।
-"ਤੇ ਖਾਧੇ ਵੀ ਭਾਬੀ ਇਹਨਾਂ ਨੇ ਈ ਐਂ...! ਨਿੱਜ ਨੂੰ ਜਾਣੇ ਕਿੱਡੇ ਬੇਡਰ ਐ..!" ਭੂਆ ਜੀ ਨੇ ਅਗਲੀ ਬਰਛੀ ਸਾਡੇ ਵੱਲ ਚਲਾਈ ਅਤੇ ਅਸੀਂ ਹੋਰ ਦਹਿਲ ਗਏ।
ਹੁਣ ਸਾਡੇ ਕੋਲ਼ ਇਕਬਾਲ ਕਰਨ ਤੋਂ ਇਲਾਵਾ ਕੋਈ ਰਾਹ ਨਹੀਂ ਸੀ।
ਅਸੀਂ ਮੰਨ ਗਏ ਕਿ ਟੂਣੇ ਦਾ ਮਲੀਆਮੇਟ ਵੀ ਅਸੀਂ ਕੀਤਾ ਸੀ ਅਤੇ ਆਂਡੇ ਵੀ ਅਸੀਂ ਹੀ ਚੁੱਕ ਕੇ ਖਾਧੇ ਸਨ।
-"ਤੇ ਉਹ ਕੁੱਕੜ ਕਿੱਥੇ ਐ ਪੁੱਤ..?" ਸਾਡੇ ਇਕਬਾਲੀਆ ਬਿਆਨਾਂ 'ਤੇ ਭੂਆ ਜੀ ਵੀ ਕੁਝ ਸੁਲ੍ਹਾ ਵਿਚ ਆ ਗਏ।
-"ਉਹ ਤਾਂ ਅਸੀਂ ਵੇਚਤਾ..!"
-"ਨ੍ਹੀ ਮੈਂ ਮਰਜਾਂ..! ਕਿੱਥੇ..? ਕੀਹਨੂੰ...?" ਪੁਲੀਸ ਰਿਮਾਂਡ ਵਾਲ਼ਿਆਂ ਵਾਂਗ ਸਾਡੇ ਵੱਲ ਸੁਆਲਾਂ ਦੀ ਬੁਛਾੜ ਆ ਰਹੀ ਸੀ।
-"ਵਿਹੜੇ ਵਾਲ਼ੇ ਬਾਗੀਆਂ ਨੂੰ..!"
-"ਕਿੰਨੇ ਦਾ...?"
-"ਪੈਸੇ ਕਿੱਥੇ ਐ..?"
ਛਿੱਤਰ-ਪੌਲਾ ਹੋਣ ਤੋਂ ਪਹਿਲਾਂ ਹੀ ਮੈਂ ਗੀਝੇ ਵਿਚੋਂ ਕੱਢ ਕੇ ਪੈਂਤੀ ਰੁਪਏ ਭੂਆ ਜੀ ਦੇ ਹੱਥ 'ਤੇ ਰੱਖ ਦਿੱਤੇ।
-"ਚਲੋ...! ਸਾਡੇ ਨਾਲ਼ ਚੱਲੋ...!" ਮੇਰੀ ਮਾਂ ਨੇ ਸਾਨੂੰ ਅਤੀਅੰਤ ਤਲਖੀ ਨਾਲ਼ ਕਿਹਾ।
-"ਕਿੱਥੇ..?" ਸਾਹ ਸਾਡੇ ਸੰਘ ਅੰਦਰ ਹੀ ਅੜ ਗਿਆ।
-"ਬਾਗੀਆਂ ਦੇ..! ਪੈਸੇ ਮੋੜ ਕੇ ਆਉਣੇ ਐਂ..! ਤੇ ਨਾਲ਼ੇ ਥੋਨੂੰ ਗੁਰਦੁਆਰੇ ਲੈ ਕੇ ਜਾਣੈਂ..! ਮੱਥਾ ਟਿਕਾਅ ਕੇ ਅਰਦਾਸ ਕਰਵਾਉਣੀ ਐਂ..!"
ਗੁਰਦੁਆਰੇ ਵਾਲ਼ੀ ਗੱਲ ਤਾਂ ਸਾਨੂੰ ਕੋਈ ਮਾੜੀ ਨਾ ਲੱਗੀ। ਪਰ ਪੈਸੇ ਵਾਪਸ ਕਰਨ ਵਾਲ਼ੀ ਗੱਲ ਨੇ ਸਾਡਾ ਲਹੂ ਪੀ ਲਿਆ।
ਸਾਡੀ ਦੁਚਿੱਤੀ ਜਿਹੀ ਦੇਖ ਕੇ ਮਾਂ ਨੇ ਮੇਰੀ ਡਰੂ ਰਗ ਫ਼ੜ ਲਈ।
-"ਜੇ ਨਾ ਪੈਸੇ ਮੋੜੇ, ਮੈਂ ਤੇਰੇ ਪਿਉ ਨੂੰ ਦੱਸੂੰਗੀ...! ਛੋਰ੍ਹ ਕਿੰਨੇ ਚਾਂਭਲ਼ੇ ਐ ਨ੍ਹੀ..! ਅੱਜ ਭੰਨਾਉਨੀ ਐਂ ਥੋਡੇ ਪਾਸੇ..! ਥੋਨੂੰ ਕਿਸੇ ਦਾ ਡਰ-ਭਉ ਈ ਨ੍ਹੀ ਰਿਹਾ..!"
'ਪਿਉ' ਦੇ ਨਾਂ ਨੂੰ ਅਸੀਂ ਭੂਆ ਅਤੇ ਮਾਂ ਦੇ ਅੱਗੇ ਲੱਗ ਤੁਰੇ ਅਤੇ ਬਾਗੀਆਂ ਦੇ ਪੈਂਤੀ ਰੁਪਏ ਵਾਪਸ ਕਰ ਦਿੱਤੇ। ਪੈਸੇ ਵਾਪਸ ਕਰਦਿਆਂ ਸਾਡਾ ਦਿਲ ਘਟਦਾ ਸੀ। ਪਰ ਵੱਸ ਕੋਈ ਨਹੀਂ ਸੀ। ਸਭ ਤੋਂ ਵੱਡਾ ਡਰ ਸਾਨੂੰ ਬਾਪੂ ਜੀ ਦੀ 'ਡਾਂਗ' ਦਾ ਸੀ। ਬਾਪੂ ਕੁੱਟਣ ਲੱਗਿਆ ਭੋਰਾ ਕਿਰਕ ਨਹੀਂ ਕਰਦਾ ਸੀ।
ਪੈਸੇ ਵਾਪਸ ਕਰਨ ਤੋਂ ਬਾਅਦ ਸਾਨੂੰ ਗੁਰਦੁਆਰੇ ਲਿਜਾਇਆ ਗਿਆ। ਮੱਥਾ ਟਿਕਾਅ ਕੇ ਗਿਆਨੀ ਜੀ ਤੋਂ ਅਰਦਾਸ ਵੀ ਕਰਵਾਈ ਅਤੇ ਅੱਗੇ ਵਾਸਤੇ ਸੁਮੱਤ ਬਖ਼ਸ਼ਣ ਲਈ ਗੁਰੂ ਮਹਾਰਾਜ ਅੱਗੇ ਬੇਨਤੀ ਵੀ ਹੋਈ। ਮੱਥਾ ਟੇਕਣ ਤੋਂ ਬਾਅਦ ਅਸੀਂ ਘਚਾਨੀਂ ਦੇ ਕੇ ਫ਼ਿਰ ਬਾਗੀਆਂ ਕੋਲ਼ ਆ ਗਏ ਅਤੇ ਆਪਣੇ ਪੈਂਤੀ ਰੁਪਏ ਵਾਪਸ ਮੰਗਣ ਲੱਗੇ। ਸਾਡੀ ਹਿੰਡ ਜਿਹੀ ਦੇਖ ਕੇ ਬਾਗੀ ਬੋਲਿਆ, "ਚਲੋ, ਇਹ ਪੈਸੇ ਮੈਂ ਥੋਡੇ ਘਰਦਿਆਂ ਨੂੰ ਈ ਮੋੜੂੰਗਾ..!" ਉਸ ਦੀ ਗੱਲ ਸੁਣ ਕੇ ਸਾਡੇ ਫ਼ਿਰ ਹਰਾਸ ਮਾਰੇ ਗਏ ਅਤੇ ਦਿਲ ਦੇ ਕੁੱਤੇ 'ਫ਼ੇਲ੍ਹ' ਹੁੰਦੇ ਲੱਗੇ। ਗੱਲ ਹੱਥੋਂ ਨਿਕਲ਼ਦੀ ਦੇਖ ਕੇ ਮੈਂ ਬਾਗੀ ਨੂੰ ਸੰਬੋਧਨ ਹੋਇਆ, "ਤਾਇਆ ਜੀ, ਤੁਸੀਂ ਇਉਂ ਕਰੋ..! ਅੱਧੇ ਪੈਸੇ ਤੁਸੀਂ ਰੱਖ ਲਓ ਤੇ ਅੱਧੇ ਸਾਨੂੰ ਦੇ ਦਿਓ..!"
-"ਚਲੋ ਮੈਂ ਥੋਨੂੰ ਪੰਦਰਾਂ ਰੁਪਈਏ ਦੇ ਦਿੰਨੈਂ, ਖ਼ੁਸ਼..?" ਤਾਏ ਨੇ ਵੀ ਸਾਨੂੰ ਬੇਵੱਸ ਜਿਹਾ ਦੇਖ ਕੇ ਪੈਂਤੜਾ ਮੱਲਿਆ।
-"ਚੱਲੋ ਲਿਆਓ ਤਾਇਆ ਜੀ..!" ਮੈਂ ਜਾਂਦੇ ਚੋਰ ਦੀ ਤੜਾਗੀ ਖਿੱਚਣ ਦੀ ਹੱਦ ਤੱਕ ਪਹੁੰਚ ਗਿਆ।
ਉਸ ਨੇ ਸਾਨੂੰ ਪੰਦਰਾਂ ਰੁਪਏ ਦੇ ਦਿੱਤੇ। ਅਸੀਂ ਹਾਰੇ ਹੋਏ ਜੁਆਰ੍ਹੀਏ ਵਾਂਗ ਮੂੰਹ ਜਿਹਾ ਲਟਕਾਈ ਵਾਪਸ ਆ ਗਏ।
-"ਯਾਰ ਆਪਣਾ ਕੁੱਕੜ ਭੰਗ ਦੇ ਭਾੜੇ ਈ ਗਿਆ..! ਐਵੇਂ ਅੱਧੀ ਰਾਤ ਦੇ ਮੇਰ ਜੀ ਕਰਦੇ ਫ਼ਿਰਦੇ ਸੀ..!" ਤਾਰ ਨੇ ਆਖਿਆ।
-"ਆਪਣਾ ਕੁੱਕੜ...!" ਮੈਂ ਵਿਅੰਗਮਈ ਹੱਸ ਪਿਆ, "ਆਪਣਾ ਕੁੱਕੜ ਕਿਹੜਾ ਬਾਪੂ ਆਲ਼ਾ ਸੀ..? ਚੱਲ ਛੱਡ ਤਾਰ..! ਆਪਣੀ ਕਿਹੜਾ ਮੂੰਗੀ ਵੇਚੀ ਵੀ ਸੀ..? ਟੂਣੇ ਆਲ਼ਿਆਂ ਦਾ ਕੁੱਕੜ, ਆਪਾਂ ਕਿਹੜਾ ਉਹਨੂੰ ਦਾਣਾਂ ਪਾਉਂਦੇ ਰਹੇ ਐਂ..? ਜਿੰਨੇ ਕੁ ਪੱਲੇ ਪਏ ਵਾਧੂ ਐ, ਅਗਲੇ ਹਫ਼ਤੇ ਫ਼ਿਲਮ ਦੇਖਾਂਗੇ..!" ਮੈਂ ਆਪਣੇ ਅਤੇ ਤਾਰ ਦੇ ਮਨ ਨੂੰ ਧਰਵਾਸ ਜਿਹਾ ਦੇਣ ਲਈ ਕਿਹਾ।
ਜਦ ਅਸੀਂ ਦੰਦੀਆਂ ਜਿਹੀਆਂ ਕੱਢਦੇ ਘਰੇ ਪਹੁੰਚੇ ਤਾਂ ਮਾਂ ਅਜੇ ਵੀ ਖਿਝੀ ਪਈ ਸੀ।
-"ਲੈ ਅੱਜ ਤਾਂ ਥੋਡੀ ਜਾਨ ਗਈ ਬਖ਼ਸ਼ੀ..! ਜੇ ਮੁੜ ਕੇ ਕਿਸੇ ਦਾ ਟੂਣਾਂ ਛੇੜਿਆ, ਸਿੱਧਾ ਤੇਰੇ ਪਿਉ ਨੂੰ ਦੱਸੂੰ..! ਉਹ ਤੋੜੂ ਤੇਰੀਆਂ ਪੱਸਲ਼ੀਆਂ..! ਕਿੰਨਾਂ ਛੋਰ੍ਹ ਮਸਤਿਐ ਇਹੇ..!" ਮਾਂ ਨੇ ਸਾਨੂੰ ਖ਼ਬਰਦਾਰ ਕੀਤਾ। ਪਰ ਅਗਲੇ ਹਫ਼ਤੇ ਫ਼ਿਲਮ ਦੇਖਣ ਦੇ ਚਾਅ ਨੇ ਸਾਨੂੰ ਪਈਆਂ ਗਾਲ਼ਾਂ ਦਾ ਅਹਿਸਾਸ ਭੁਲਾ ਦਿੱਤਾ।
ਮਾਂ ਦੀਆਂ ਅਜਿਹੀਆਂ ਪੁਰਾਣੀਆਂ ਯਾਦਾਂ ਉਸ ਦੀ ਬਰਸੀ ਦੇ ਨੇੜ-ਤੇੜ ਆ ਕੇ ਮੈਨੂੰ ਮੱਲੋਮੱਲੀ ਯਾਦ ਆ ਜਾਂਦੀਆਂ ਹਨ।
***********

Thursday, March 4, 2010

ਪੰਜਾਬ 'ਚ ਵਾਪਰੀਆਂ ਦੋ ਘਟਨਾਵਾਂ 'ਤੇ ਪੰਛੀ ਝਾਤ -ਮਨਦੀਪ ਖੁਰਮੀ ਹਿੰਮਤਪੁਰਾ (ਲੰਡਨ)

ਪੰਜਾਬ 'ਚ ਵਾਪਰੀਆਂ ਦੋ ਘਟਨਾਵਾਂ 'ਤੇ ਪੰਛੀ ਝਾਤ   
-ਮਨਦੀਪ ਖੁਰਮੀ ਹਿੰਮਤਪੁਰਾ (ਲੰਡਨ)
ਆਤਮ ਹੱਤਿਆ ਨਹੀਂ...... ਪ੍ਰਾਪਤੀ ਦੇ ਰਾਹ ਪੈ ਵੇ ਲੋਕਾ....
           ਪਿਆਰੇ ਪੰਜਾਬ ਤੋਂ ਆਉਂਦੀ ਹਰ ਠੰਢੀ ਤੱਤੀ ਹਵਾ ਅਖਬਾਰਾਂ ਰਾਹੀਂ ਮਨ ਉੱਪਰ ਆਪਣਾ ਅਸਰ ਕਰਦੀ ਰਹਿੰਦੀ ਹੈ। ਰਾਜਨੀਤੀਵਾਨਾਂ ਵੱਲੋਂ ਕੀਤੀ ਜਾਂਦੀ ਇੱਕ ਦੂਜੇ ਦੀ ਕੁੱਤ ਪੋਹ ਤੋਂ ਲੈ ਕੇ ਕਤਲਾਂ, ਲੁੱਟਾਂ ਖੋਹਾਂ ਜਾਂ ਫਿਰ ਥਾਂ ਥਾਂ ਨਾਅਰੇ ਮਾਰਦੇ ਲੋਕਾਂ ਦੀਆਂ ਖਬਰਾਂ ਹੀ ਪੜ੍ਹਨ ਨੂੰ ਮਿਲਦੀਆਂ ਨੇ। ਹਰ ਰੋਜ ਅਖਬਾਰ ਦੀ ਪਹਿਲੀ ਸੁਰਖੀ ਦੇਖਣ ਤੋਂ ਪਹਿਲਾਂ ਬੁੱਲ੍ਹਾਂ 'ਤੇ ਇਹੀ ਅਰਦਾਸ ਹੁੰਦੀ ਹੈ ਕਿ "ਹੇ ਮਾਲਕਾ! ਖੈਰ ਸੁੱਖ ਹੋਵੇ..... ਬਰੂਦ ਦੇ ਢੇਰ 'ਤੇ ਬਿਠਾਏ ਪੰਜਾਬ 'ਚ..!" ਪਰ ਹਰ ਰੋਜ਼ ਹੀ ਅਰਦਾਸ ਵੀ ਨਿਸਫਲ ਹੋ ਜਾਂਦੀ ਐ ਜਦੋਂ ਕਿੱਧਰੇ ਕਤਲ ਹੋਇਆ ਸੁਣੀਂਦੈ, ਕਿੱਧਰੇ ਕਿਸੇ ਨੂੰ ਅਗਵਾ ਕਰਕੇ ਫਿਰੌਤੀ ਮੰਗੀ ਸੁਣੀਂਦੀ ਐ, ਕਿੱਧਰੇ ਕਿਸਾਨਾਂ ਦੀਆਂ ਜ਼ਮੀਨਾਂ 'ਤੇ ਸਰਕਾਰੀ ਦੱਬੇ ਦੀ ਖ਼ਬਰ ਸੁਣੀਂਦੀ ਐ ਤੇ ਕਿਧਰੇ ਨਵਜੰਮੀ ਬਾਲੜੀ ਦੇ ਗੰਦੇ ਨਾਲੇ ਆਦਿ 'ਚੋਂ ਮਿਲੇ ਭਰੂਣ ਬਾਰੇ ਖ਼ਬਰ ਸੁਣੀਂਦੀ ਐ..!ਆਤਮ ਹੱਤਿਆ ਨਹੀਂ..... ਪ੍ਰਾਪਤੀ ਦੇ ਰਾਹ ਪੈ ਵੇ ਲੋਕਾ....         
ਪਿਆਰੇ ਪੰਜਾਬ ਤੋਂ ਆਉਂਦੀ ਹਰ ਠੰਢੀ ਤੱਤੀ ਹਵਾ ਅਖਬਾਰਾਂ ਰਾਹੀਂ ਮਨ ਉੱਪਰ ਆਪਣਾ ਅਸਰ ਕਰਦੀ ਰਹਿੰਦੀ ਹੈ। ਰਾਜਨੀਤੀਵਾਨਾਂ ਵੱਲੋਂ ਕੀਤੀ ਜਾਂਦੀ ਇੱਕ ਦੂਜੇ ਦੀ ਕੁੱਤ ਪੋਹ ਤੋਂ ਲੈ ਕੇ ਕਤਲਾਂ, ਕੀ ਹੋ ਗਿਐ ਪੰਜਾਬ ਨੂੰ? ਕਿਸ ਮਾਰੂ ਰੋਗ ਨੇ ਮਾਰ ਲਿਐ ਗੁਲਾਬ ਦਾ ਫੁੱਲ? ਕਿਹਨਾਂ ਦੀਆਂ ਬਦਨੀਤੀਆਂ ਦਾ ਸ਼ਿਕਾਰ ਹੋ ਰਹੇ ਨੇ ਲੋਕ? ਕਿਉਂ ਲੋਕ ਸੰਘਰਸ਼ਾਂ ਦਾ ਰਾਹ ਛੱਡਕੇ ਖੁਦਕੁਸ਼ੀਆਂ ਦੇ ਰਾਹ ਹੋ ਤੁਰੇ ਨੇ? ਕਿਉਂ... ਕਿਉਂ.... ਕਿਉਂ?
             ਇਹਨਾਂ ਸਵਾਲਾ ਦੇ ਜਵਾਬ ਮਨ ਨੂੰ ਅਜੀਬ ਜਿਹੀ ਘੁੰਮਣਘੇਰੀ 'ਚ ਪਾ ਦਿੰਦੇ ਨੇ। 'ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ' ਬਾਰੇ ਸੁਣਿਆ ਸੀ ਪਰ ਹੁਣ ਤਾਂ ਪੰਜਾਬ ਦੇ ਜਾਏ ਸੰਘਰਸਾਂ ਦਾ ਰਾਹ ਤਿਆਗ ਕੇ ਖੁਦਕੁਸ਼ੀਆਂ ਦੇ ਰਾਹ ਹੋ ਤੁਰੇ ਨੇ। ਚਾਹੇ ਕੋਈ ਈ. ਜੀ. ਐੱਸ਼ ਵਰਕਰ ਹੋਵੇ ਜਾ ਈ.ਟੀ.ਟੀ. ਹੋਵੇ, ਬੀ. ਐੱਡ. ਅਧਿਆਪਕ ਹੋਵੇ ਜਾਂ ਫਿਰ ਕੋਈ ਹੋਰ ਹੋਵੇ ਜੋ ਅੱਖਰ ਗਿਆਨ ਹਾਸਲ ਕਰਕੇ ਨੌਕਰੀ ਲੈਣ ਤੱਕ ਪੁੱਜਾ ਹੋਵੇ... ਸਭ ਨੂੰ ਇੰਨਾ ਕੁ ਤਾਂ ਗਿਆਨ ਹੋਵੇਗਾ ਹੀ ਕਿ ਰੋਏ ਬਿਨਾਂ ਤਾਂ ਮਾਂ ਵੀ ਦੁੱਧ ਨਹੀਂ ਪਿਆਉਂਦੀ। ਕੀ ਕਿਸੇ ਨੇ ਇਹ ਸੁਣਿਆ ਹੈ ਕਿ 'ਮਰੇ ਬਿਨਾਂ ਮਾਂ ਦੁੱਧ ਨਹੀਂ ਪਿਆਉਂਦੀ?'..... ਇਹ ਕਹਿਣ ਦਾ ਮਤਲਬ ਇਹ ਹੈ ਕਿ ਜੇ ਸਰਕਾਰਾਂ ਤੋਂ ਕੁਝ ਲੈਣਾ ਹੈ ਤਾਂ ਸੰਘਰਸ਼ ਹੀ ਇੱਕੋ ਇੱਕ ਰਾਹ ਹੈ ਜਿਸਦੇ ਜ਼ਰੀਏ ਖੁਦ ਅਤੇ ਦੂਜਿਆਂ ਨੂੰ ਕੁਝ ਹਾਸਲ ਹੋ ਸਕਦਾ ਹੈ।
               ਖੁਦ ਨੂੰ ਅੱਗ ਲਗਾ ਕੇ ਰੋਸ ਪ੍ਰਦਰਸ਼ਨ ਕਰਨਾ ਕਿੱਥੋਂ ਕੁ ਦੀ ਸਿਆਣਪ ਹੈ? ਪੰਜਾਬ ਵਿੱਚ ਹੱਕਾਂ  ਦੀ ਪ੍ਰਾਪਤੀ ਲਈ ਜੂਝ ਰਹੇ ਵੀਰੋ, ਭੈਣੋ ਇਤਿਹਾਸ ਗਵਾਹ ਹੈ ਕਿ ਹੱਕ ਸੰਘਰਸ਼ ਕਰਿਆਂ ਹੀ ਪ੍ਰਾਪਤ ਹੋਏ ਹਨ। ਜੇ ਦੇਸ਼ ਦੇ ਆਜਾਦੀ ਸੰਗਰਾਮ ਵੇਲੇ ਵੀ ਗਦਰੀ ਬਾਬੇ, ਕਰਤਾਰ ਸਰਾਭਾ, ਭਗਤ ਸਿੰਘ, ਊਧਮ ਸਿੰਘ ਆਦਿ ਤੁਹਾਡੇ ਵਾਲੇ 'ਖੁਦਕੁਸ਼ੀ ਮਾਰਕਾ ਫਾਰਮੂਲੇ' ਵਰਤਣ ਲੱਗਦੇ ਤਾਂ ਸ਼ਾਇਦ ਹੀ ਐਡੀ ਤਕੜੀ ਲਾਮਬੰਦੀ ਹੋਣੀ ਸੀ ਕਿਉਂਕਿ ਲਾਮਬੰਦੀ ਕਰਨ ਵਾਲਿਆਂ ਨੇ ਤਾਂ ਪਹਿਲਾਂ ਹੀ ਖੁਦ ਨੂੰ ਅੱਗ ਲਾ ਕੇ ਸੜ ਮਰਨਾ ਸੀ। ਬੜਾ ਦੁਖੀ ਕੀਤਾ ਈ. ਜੀ. ਐੱਸ਼ ਵਲੰਟੀਅਰ ਭੈਣ ਕਿਰਨਜੀਤ ਕੌਰ ਦੀ ਮੌਤ ਨੇ... ਉਸ ਤੋਂ ਵੀ ਵਧੇਰੇ ਦੁੱਖ ਉਦੋਂ ਹੋਇਆ ਜਦੋਂ ਪੜ੍ਹੇ ਲਿਖੇ ਵਰਗ ਦੇ ਫੂਹੜ ਆਗੂ ਦਾ ਦੂਜੇ ਦਿਨ ਹੀ ਅਖਬਾਰੀ ਬਿਆਨ ਪੜ੍ਹਿਆ ਕਿ 'ਕਿਰਨਜੀਤ ਵਾਂਗ ਕੁਰਬਾਨੀ ਲਈ ਹੋਰ ਵੀ ਬਹੁਤ ਤਿਆਰ ਹਨ।' ਅਜਿਹੇ ਬਿਆਨ ਖਾਸ ਕਰਕੇ ਅਧਿਆਪਕ ਵਰਗ ਦੇ ਮੂੰਹੋਂ ਨਿਕਲਣੇ ਹੀ ਦਰਸਾ ਦਿੰਦਾ ਹੈ ਕਿ ਭਵਿੱਖ ਦੇ ਨੇਤਾਵਾਂ ਨੂੰ ਉਹ ਕਿਹੋ ਜਿਹੀ ਨਰੋਈ ਸੇਧ ਦੇ ਦੇਣਗੇ।  ਖੁਦਕੁਸ਼ੀਆਂ ਰਾਹੀਂ ਆਪਣੇ ਹੱਕ ਲੈਣ ਦੇ ਭੁਲੇਖੇ ਵਿੱਚ ਵਿਚਰ ਰਹੇ ਮੇਰੇ ਵੀਰ ਭੈਣਾਂ ਕੀ ਆਪਣੇ ਚੇਲੇ ਬਾਲਕਿਆਂ ਨੂੰ ਵੀ ਇਹੀ ਸਿੱਖਿਆ ਦੇਣਗੇ ਕਿ ਜਦੋਂ ਤੁਹਾਡੀ ਗੱਲ ਨਾ ਸੁਣੀ ਜਾਂਦੀ ਹੋਵੇ ਤਾਂ ਚੁੱਕੋ ਮਿੱਟੀ ਦੇ ਤੇਲ ਦੀ ਬੋਤਲ, ਪਿੰਡੇ 'ਤੇ ਛਿੜਕੋ ਤੇ ਲਾਓ ਤੀਲੀ....? ਘੱਟੋ ਘੱਟ ਇਹੋ ਜਿਹਾ ਰੁਝਾਨ ਇੱਕ ਪੜ੍ਹੇ ਲਿਖੇ ਵਰਗ ਦੇ ਜਿਹਨ ਦਾ ਹਿੱਸਾ ਬਣਨਾ ਦੇਸ਼ ਦੇ ਸਿੱਖਿਆਤੰਤਰ ਦੀਆਂ ਜੜ੍ਹਾਂ ਵਿੱਚ ਘੁਣ ਨਹੀਂ ਤਾਂ ਹੋਰ ਕੀ ਕਿਹਾ ਜਾਵੇਗਾ? ਇੱਕ ਅਧਿਆਪਕ ਤੋਂ ਨਰੋਏ ਸਮਾਜ ਦੀ ਸਥਾਪਨਾ ਦੀ ਆਸ ਰੱਖੀ ਜਾਂਦੀ ਹੈ, ਪਰ ਖੁਦਕੁਸ਼ੀਆਂ ਦੇ ਡਰਾਵੇ ਜਾਂ ਖੁਦਕੁਸ਼ੀਆਂ ਕਰ ਕੇ ਅਧਿਆਪਕ ਬਣਿਆਂ ਤੋਂ ਕੀ ਆਸ ਰੱਖੀ ਜਾ ਸਕਦੀ ਹੈ? ਆਪਣੀ ਹੱਕੀ ਆਵਾਜ ਸੁਣਾਉਣ ਲਈ ਉੱਚੀਆਂ ਥਾਵਾਂ ਦੀ ਲੋੜ ਨਹੀਂ ਹੁੰਦੀ ਸਗੋਂ ਨਿੱਗਰ ਦਲੀਲਾਂ, ਬੁਲੰਦ ਹੌਸਲਿਆਂ ਅਤੇ ਆਤਮ ਵਿਸ਼ਵਾਸ ਦੀ ਲੋੜ ਹੁੰਦੀ ਹੈ ਨਾ ਕਿ ਪਾਣੀ ਵਾਲੀਆਂ ਟੈਂਕੀਆਂ ਦੀ। ਆਪਣੀਆਂ ਮੰਗਾਂ ਮਨਵਾਉਣ ਲਈ ਕਿੰਨਾ ਉਚਿਤ ਸਾਧਨ ਲੱਭਿਆ ਹੈ ਪੰਜਾਬ ਦੇ ਪੜ੍ਹੇ ਲਿਖੇ ਵਰਗ ਨੇ....... ਉਹ ਨੇ ਪਾਣੀ ਵਾਲੀਆਂ ਟੈਂਕੀਆਂ। ਕਦੇ ਕੋਈ ਅਧਿਆਪਕ ਟੈਂਕੀ 'ਤੇ ਚੜ੍ਹ ਜਾਂਦੈ ਤੇ ਕਦੇ ਦੇਖਾ ਦੇਖੀ ਬੇਰੁਜ਼ਗਾਰ ਲਾਈਨਮੈਨ ਟੈਂਕੀ 'ਤੇ ਜਾ ਚੜ੍ਹੇ। ਵਾਹ ਬਈ ਵਾਹ! ਸੰਘਰਸ਼ ਨੂੰ ਹੀ ਕਿੰਨਾ ਹਾਸੋਹੀਣਾ ਬਣਾ ਦਿੱਤੈ ਸਾਡੇ ਪੜ੍ਹੇ ਲਿਖੇ ਸੰਘਰਸ਼ਸੀਲਾਂ ਨੇ... ਜਿਹਨਾਂ ਨੇ ਸੰਘਰਸ਼ਾਂ ਨੂੰ ਹੀ ਖੁਦਕੁਸ਼ੀਆਂ ਦਾ ਮੁਲੰਮ੍ਹਾ ਚਾੜ੍ਹ ਦਿੱਤੈ।
  ਓਏ ਮਾਂ ਦਿਓ ਮਲਾਈ ਖਾਣਿਉ! ਥੋਨੂੰ ਕੌਣ ਸਮਝਾਵੇ ਕਿ ਖੁਦਕੁਸ਼ੀਆਂ ਰਾਹੀਂ ਜਿੰਦਗੀ ਤੋਂ ਛੁਟਕਾਰਾ ਪਾਉਣ ਨਾਲੋਂ ਸੰਘਰਸ਼ਾਂ ਰਾਹੀਂ ਹੱਕ ਪ੍ਰਾਪਤ ਕਰਕੇ ਸ਼ਾਨ ਨਾਲ ਹਿੱਕ ਚੌੜੀ ਕਰਕੇ ਜਿਉਣ 'ਚ ਜੋ ਮਜ਼ਾ ਹੈ, ਉਹ ਮਿੱਟੀ ਦੇ ਤੇਲ ਨਾਲ ਖੁਦ ਨੂੰ ਅੱਗ ਲਾ ਕੇ ਨਹੀਂ। ਉਮੀਦ ਹੈ ਕਿ ਮੇਰੇ ਸੋਹਣੇ ਪੰਜਾਬ ਦਾ ਸਿਆਣਾ ਵਰਗ ਇਸ ਰੁਝਾਨ ਨੂੰ ਸ਼ਹਿ ਦੇਣ ਨਾਲੋਂ ਆਪਣੇ ਹੱਥਾਂ ਨੂੰ ਨਾਅਰਿਆਂ ਰਾਹੀਂ ਆਵਾਜ਼ ਬੁਲੰਦ ਕਰਨ ਦੇ ਆਹਰ ਲਾਵੇਗਾ ਨਾ ਕਿ ਮਿੱਟੀ ਦੇ ਤੇਲ ਦੀ ਬੋਤਲ ਜਾਂ ਤੀਲੀ ਫੜ੍ਹਨ ਲਈ..! ਅਕਸਰ ਹੀ ਕਿਹਾ ਜਾਂਦੈ ਕਿ ਜਦੋਂ ਦੋ ਏਕੇ 'ਕੱਠੇ ਹੋ ਜਾਣ ਤਾਂ ਗਿਆਰਾਂ ਬਣ ਜਾਂਦੇ ਨੇ, ਜੇ ਤਿੰਨ ਹੋਣ ਤਾਂ ਇੱਕ ਸੌ ਗਿਆਰਾਂ... ਇਸੇ ਤਰ੍ਹਾਂ ਹੀ ਜੇ ਇੱਕ ਕਰਕੇ ਸੰਘਰਸ਼ ਦੇ ਰਾਹ ਤੁਰਿਆ ਜਾਵੇ ਤਾ ਇਸ ਗੱਲ ਦੀ ਗਾਰੰਟੀ ਮੈਂ ਦਿੰਦਾ ਹਾ ਕਿ ਤੁਹਾਡੇ ਹੱਕ ਖੋਹਣ ਦੀ ਕੋਈ ਵੀ ਹਿੰਮਤ ਨਹੀਂ ਕਰੇਗਾ। ਪਰ ਜੇ ਇਹੀ 'ਏਕੇ' ਖੁਦਕੁਸ਼ੀਆਂ ਕਰਦਿਆਂ ਅੰਕੜੇ ਵਧਾਉਣ ਲੱਗ ਗਏ ਤਾਂ ਉਹ ਦਿਨ ਵੀ ਦੂਰ ਨਹੀਂ ਜਦੋਂ ਪੰਜਾਬ ਜਿਉਂਦੇ ਮਨੁੱਖਾਂ ਨਾਲੋਂ ਖੁਦਕੁਸ਼ੀਆਂ ਕਰਨ ਵਾਲੇ 'ਸ਼ਹੀਦਾਂ' ਕਰਕੇ ਜ਼ਿਆਦਾ ਜਾਣਿਆ ਜਾਵੇਗਾ। ਹੁਣ ਫੈਸਲਾ ਤੁਸੀਂ ਕਰਨਾ ਹੈ ਕਿ ਦੁਜਿਆਂ ਨੂੰ ਲਾਮਬੰਦ ਕਰਕੇ ਹੱਕ ਪ੍ਰਾਪਤੀ ਦੇ ਰਾਹ ਵੱਲ ਤੁਰਨਾ ਹੈ ਜਾਂ ਫਿਰ 'ਸ਼ਹੀਦ' ਬਣਕੇ ਦੋ ਤਿੰਨ ਇੱਟਾਂ ਦੀ ਮਟੀ ਦੀ ਵਲਗਣ 'ਚ ਕੈਦ ਹੋ ਕੇ ਰਹਿਣਾ ਹੈ। ਪੰਜਾਬ ਦੇ ਲੋਕ ਤੁਹਾਡੇ ਕੋਲੋ ਸਾਕਾਰਾਤਮਕ ਹੁੰਗਾਰੇ ਦੀ ਆਸ ਰੱਖਣਗੇ।
                    ਮਿੱਤਰੋ! ਅੱਜ ਵੇਲਾ ਖੁਦਕੁਸ਼ੀਆਂ ਕਰਨ ਦਾ ਨਹੀਂ ਸਗੋਂ ਇਹ ਆਵਾਜ ਬੁਲੰਦ ਕਰਨ ਦਾ ਹੈ ਕਿ
"ਆਓ ਉੱਚਾ ਕਰੀਏ ਹੋਕਾ,
ਆਤਮ ਹੱਤਿਆ ਨਹੀਂ....ਪ੍ਰਾਪਤੀ ਦੇ ਰਾਹ ਪੈ ਵੇ ਲੋਕਾ
ਕਤਲ ਸਾਧੂ ਸਿੰਘ ਤਖਤੂਪੁਰਾ ਦਾ ਨਹੀਂ.... ਲੋਕਤੰਤਰ ਦਾ ਹੈ
ਸਾਧੂ ਸਿੰਘ ਤਖਤੂਪੁਰਾ ਬੇਸ਼ੱਕ ਮੋਗਾ ਜਿਲ੍ਹੇ ਦੀ ਤਹਿਸੀਲ ਨਿਹਾਲ ਸਿੰਘ ਵਾਲਾ ਦੇ ਪਿੰਡ ਤਖਤੂਪੁਰਾ ਦਾ ਹੀ ਜੰਮਪਲ ਸੀ ਪਰ ਜਿੱਥੇ ਅੱਜ ਉਸਨੂੰ 'ਲੋਕ ਨਾਇਕ' ਜਾਂ 'ਕਿਸਾਨ ਲਹਿਰ ਦਾ ਸ਼ਹੀਦ' ਦੇ ਰੁਤਬੇ ਨਾਲ ਲੋਕਾਂ ਵੱਲੋਂ ਨਿਵਾਜਿਆ ਗਿਐ ਉੱਥੇ ਉਸਦੇ ਕਤਲ ਨੇ ਪੰਜਾਬ ਅੰਦਰ ਦਰਸਾ ਦਿੱਤੈ ਕਿ ਤੁਹਾਡੇ ਹੱਕਾਂ ਉੱਪਰ ਝਪਟਣ ਲਈ ਸਿਆਸੀ ਸਰਪ੍ਰਸਤੀ ਪ੍ਰਾਪਤ ਸਰਮਾਏਦਾਰਾਂ ਦਾ ਲਾਣਾ ਆਪਣੀ ਪੁਰਾਣੀ 'ਆਦਤ' ਤੋਂ ਬਾਜ ਨਹੀਂ ਆਉਂਦਾ। ਸਾਧੂ ਸਿੰਘ ਤਖਤੂਪੁਰਾ ਇੱਕ ਨਿਰਾਪੁਰਾ ਸਾਫਾ- ਬੰਨ੍ਹ ਕਿਸਾਨ ਹੀ ਨਹੀਂ ਸੀ ਬਲਕਿ ਅਧਿਐਨ ਪਸੰਦ ਰਿਟਾਇਰਡ ਅਧਿਆਪਕ ਵੀ ਸੀ। ਇੱਕ ਸੁਚੱਜਾ ਆਗੂ ਵੀ ਸੀ ਤੇ ਨਿੱਡਰ- ਬੇਬਾਕ ਬੁਲਾਰਾ ਵੀ ਸੀ। ਉਸਦੀ ਇਹੀ ਨਿੱਡਰਤਾ ਤੇ ਸੱਚ ਬੋਲਣ ਦੀ ਆਦਤ ਸਰਮਾਏਦਾਰਾਂ ਦੇ ਪਚੀ ਨਹੀਂ। ਅਸੀਂ ਉਸ ਸਾਧੂ ਸਿੰਘ ਤਖਤੂਪੁਰਾ ਦੀ ਗੱਲ ਕਰ ਰਹੇ ਹਾ ਜੋ ਅਜ਼ਨਾਲਾ ਖੇਤਰ ਦੇ ਪਿੰਡਾਂ 'ਚ ਕਿਸਾਨ ਸੁੱਖਾ ਸਿੰਘ ਸਾਰੰਗਦੇਵ ਦੇ ਕਤਲ ਖਿਲਾਫ ਵਰਤੀ ਜਾ ਰਹੀ ਸਰਕਾਰੀ ਢਿੱਲਮੱਠ ਅਤੇ ਪਿੰਡ ਸੌੜੀਆਂ ਦੀ ਕਿਸਾਨ ਯੂਨੀਅਨ ਇਕਾਈ ਦੇ ਪ੍ਰਧਾਨ ਬਿਕਰਮਜੀਤ ਸਿੰਘ ਦੀ ਜਮੀਨ ਦੀਆਂ ਸਿਆਸੀ ਧੱਕੇਸ਼ਾਹੀ ਨਾਲ ਹਾਕਮ ਧਿਰ ਦੇ 'ਬੰਦਿਆਂ' ਵੱਲੋਂ ਗਿਰਦਾਵਰੀਆਂ ਕਰਵਾਉਣ ਦੇ ਵਿਰੋਧ 'ਚ ਵਿੱਢੇ ਸੰਘਰਸ਼ ਦੌਰਾਨ ਆਪਣੀ ਸੰਭਾਵੀ ਹਾਰ ਤੋਂ ਬੁਖਲਾਏ ਸਿਆਸੀ ਗੁੰਡਿਆਂ ਵੱਲੋਂ ਭਿੰਡੀ ਔਲਖ ਲਾਗੇ ਕੋਹ ਕੋਹ ਕੇ ਕਤਲ ਕੀਤਾ ਗਿਆ ਹੈ। ਇਹ ਉਹ ਸਾਧੂ ਸਿੰਘ ਤਖਤੁਪੁਰਾ ਹੈ ਜਿਸ ਨੇ ਨਾਮਧਾਰੀ ਪਰਿਵਾਰ 'ਚੋਂ ਉੱਠ ਕੇ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਅਤਿ ਜਿੰਮੇਵਾਰਾਨਾ ਅਹੁਦੇ ਸੂਬਾ ਸੰਗਠਨ ਸਕੱਤਰ ਤੱਕ ਪਹੁੰਚਿਆ। ਆਪਣੀਆਂ ਦਲੀਲ ਪੂਰਵਕ ਤਕਰੀਰਾ ਅਤੇ ਭ੍ਰਿਸ਼ਟਾਚਾਰ 'ਚ ਗਲਤਾਨ ਹੋਏ ਸਿਆਸੀ ਆਗੂਆਂ ਨੂੰ ਲੋਕਾਂ ਦੇ ਇਕੱਠਾਂ 'ਚ ਨੰਗੇ ਕਰਨ ਦੀ ਮੁਹਾਰਤ ਸਦਕਾ ਸਾਧੂ ਸਿੰਘ ਤਖਤੂਪੁਰਾ ਇੱਕ ਨਿਪੁੰਨ ਸੰਗਠਨ ਕਰਤਾ ਵਜੋਂ ਜਾਣਿਆ ਜਾਦਾ ਸੀ। ਨਿੱਜੀ ਮੁਫਾਦ ਉਸ ਸਖ਼ਸ਼ ਦੀ ਪਾਕ ਨੀਅਤ ਦਾ ਹਿੱਸਾ ਕਦੇ ਵੀ ਨਹੀਂ ਬਣੇ। ਨਾ ਹੀ ਉਸ ਨੂੰ ਕਿਸਾਨਾਂ ਦੀ ਲਾਮਬੰਦੀ 'ਚੋਂ 'ਹੋਰਾਂ' ਵਾਂਗੂੰ ਕਿਸੇ ਕੁਰਸੀ ਦੀ ਝਾਕ ਸੀ। ਜੇ ਉਸ ਅੰਦਰ ਤੜਪ ਸੀ ਤਾਂ ਸਿਰਫ ਤੇ ਸਿਰਫ ਕਿਸਾਨਾਂ ਦੇ ਹੱਕ ਉਹਨਾਂ ਨੂੰ ਦਿਵਾਉਣ ਦੀ ਸੀ। ਸ਼ਾਇਦ ਅੱਜ ਉਸਦੇ ਚਲੇ ਜਾਣ 'ਤੇ ਕੁਝ ਕੁ ਅਨਸਰ ਕੱਛਾਂ ਵਜਾ ਰਹੇ ਹੋਣ ਪਰ ਇਹ ਗੱਲ ਵੀ ਯਾਦ ਰੱਖਣ ਯੋਗ ਹੈ ਕਿ ਜਿੰਨਾ ਵੀ ਇਸ ਬੂਟੇ ਨੂੰ ਕਿਸੇ ਨੇ ਛਾਗਣਾ ਚਾਹਿਆ ਹੈ ਇਹ ਉਸਤੋਂ ਵੀ ਦੂਣ ਸਵਾਇਆ ਹੋ ਕੇ ਵਧਿਆ ਹੈ। ਪੰਜਾਬ ਤਾਂ ਇੱਕ ਪਾਸੇ ਰਿਹਾ, ਪੂਰੇ ਸੰਸਾਰ ਦੇ ਕੋਨੇ ਕੋਨੇ 'ਚ ਬੈਠੇ ਪੰਜਾਬੀਆਂ ਨੇ ਸਾਧੂ ਸਿੰਘ ਦੇ ਕਤਲ ਨੂੰ ਦਿਨ ਦਿਹਾੜੇ 'ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ' ਦੇਣ ਦੀਆ ਟਾਹਰਾਂ ਮਾਰਨ ਵਾਲੇ ਪਿਉ- ਪੁੱਤਰ ਦੇ ਰਾਜ 'ਚ ਲੋਕਤੰਤਰ ਦਾ ਕਤਲ ਦੱਸਿਆ ਹੈ। ਬੇਸ਼ੱਕ ਇਸ ਕਤਲ ਦੇ ਮੁੱਖ ਸੂਤਰਧਾਰ ਸਿੱਧੇ ਤੌਰ 'ਤੇ ਹੀ ਅਕਾਲੀ ਦਲ (ਬ) ਦੇ ਆਗੂ ਵੀਰ ਸਿੰਘ ਲੋਪੋਕੇ ਤੇ ਉਸਦੇ ਭਾਈਵਾਲ ਥਾਣੇਦਾਰ ਹੀ ਗਿਣੇ ਜਾ ਰਹੇ ਹਨ ਅਤੇ ਇਸ ਕਤਲ ਸੰਬੰਧੀ ਕਾਗਰਸ ਵੀ ਬਾਦਲਕਿਆਂ ਨੂੰ ਘੇਰਨ ਦੇ ਸਿਆਸੀ ਦਾਅ ਪੇਚ ਖੇਡ ਰਹੀ ਹੈ ਪਰ ਅਕਾਲੀ ਤਬਕਾ ਤਾਂ ਇਸ ਗੱਲੋਂ ਚਿੰਤਤ ਹੈ ਕਿ ਜੇ ਵੀਰ ਸਿੰਘ ਲੋਪੋਕੇ ਸਚਮੁੱਚ ਹੀ ਦੋਸ਼ੀ ਸਾਬਤ ਹੋ ਗਿਆ ਤਾਂ ਅਕਾਲੀ ਦਲ (ਬ) ਦੀ ਮਿੱਟੀ ਪਲੀਤ ਤਾਂ ਹੋਵੇਗੀ ਹੀ ਜੋ ਕਿਸਾਨ ਵੋਟ ਬੈਂਕ ਉਹਨਾਂ ਤੋਂ ਦੂਰ ਹੋਵੇਗਾ ਉਹ ਵੱਖਰਾ...। ਇਸ ਕਤਲ ਕੇਸ ਬਾਰੇ ਕਾਂਗਰਸ ਵੀ ਵਧੇਰੇ ਸੁਖੀ ਨਹੀਂ, ਉਹਨਾਂ ਨੂੰ ਅੰਦਰਖਾਤੇ ਇਹੀ ਡਰ ਮਾਰੀ ਜਾ ਰਿਹਾ ਹੈ ਕਿ ਇਹ ਕਤਲ ਕੇਸ ਉਹਨਾਂ ਦੇ ਕਾਂਗਰਸੀ ਸਾਥੀਆਂ ਸਿਰ ਹੀ ਮੜ੍ਹ ਕੇ ਵੀਰ ਸਿੰਘ ਲੋਪੋਕੇ ਵਰਗੇ ਬਚਾ ਨਾ ਲਏ ਜਾਣ। ਸ਼ਾਇਦ ਇਹੀ ਵਜ੍ਹਾ ਹੋਵੇਗੀ ਕਿ ਕਾਂਗਰਸ ਪ੍ਰਧਾਨ ਜੀ ਵੀ ਹਾਅ ਦਾ ਨਾਅਰਾ ਮਾਰਨ ਦੇ ਨਾਲ ਨਾਲ ਅਕਾਲੀਆਂ ਨੂੰ ਬਿਆਨਾਂ ਰਾਹੀਂ ਗੋਡਿਆਂ ਹੇਠਾਂ ਲੈ ਬੈਠੇ, ਪਰ ਇਹ ਵੀ ਜਿਕਰਯੋਗ ਹੈ ਕਿ ਇਹ ਉਹੀ ਕਾਂਗਰਸ ਹੈ ਜਿਸਨੇ ਪਿਛਲੇ ਰਾਜਕਾਲ ਦੌਰਾਨ ਵੀ ਘੱਟ ਨਹੀਂ ਸੀ ਗੁਜ਼ਾਰੀ ਕਿਸਾਨਾਂ ਨਾਲ਼..। ਜੋਗਾ ਰੱਲਾ ਕਾਂਡ ਵਿੱਚ ਕੁਰਕੀ ਰੋਕਣ ਗਏ ਕਿਸਾਨਾਂ ਦੀਆਂ ਲੱਤਾਂ ਬਾਹਾਂ ਬੇਕਿਰਕੀ ਨਾਲ ਤੋੜੀਆਂ ਗਈਆਂ ਸਨ। ਜੇ ਕਿਸੇ ਨੇ ਕਾਂਗਰਸ ਵੱਲੋਂ ਵਰਤਾਏ ਕਹਿਰ ਬਾਰੇ ਜਾਨਣਾ ਹੋਵੇ ਤਾਂ ਪਿੰਡ ਕੁੱਸਾ ਦੇ ਬਜ਼ੁਰਗ ਕਰਤਾਰ ਸਿੰਘ ਦਾ ਹਾਲ ਪੁੱਛਿਆ ਜਾ ਸਕਦਾ ਹੈ ਜਿਸਦੀਆਂ ਦੋਵੇਂ ਬਾਹਾਂ ਹੀ ਤੋੜ ਦਿੱਤੀਆਂ ਗਈਆਂ ਸਨ। ਬਹੁ ਚਰਚਿਤ ਮੀਨੀਆਂ ਕਾਂਡ ਵੀ ਕਾਂਗਰਸ ਵੇਲੇ ਹੀ ਵਾਪਰਿਆ ਸੀ ਜਿਸ ਵਿੱਚ ਉਦੋਂ ਹੁਣ ਵਾਲੇ ਸਾਧੂ ਸਿੰਘ ਦੇ ਕਤਲ ਵਰਗਾ ਹੀ ਦ੍ਰਿਸ਼ ਪੇਸ਼ ਹੁੰਦਾ ਸੀ ਜਦੋਂ ਕਾਂਗਰਸੀ ਧੜੇ ਅਤੇ ਪੁਲਿਸ ਦੀ ਮਿਲੀਭੁਗਤ ਨਾਲ ਹੀ ਪਿੰਡ ਪਿੰਡ ਰੋਸ ਮੁਜਾਹਰੇ ਕਰ ਰਹੇ ਨਿਹੱਥੇ ਕਿਸਾਨਾਂ ਨੂੰ ਛੱਲੀਆਂ ਵਾਂਗ ਡਾਂਗਾਂ ਨਾਲ ਕੁੱਟਿਆ ਸੀ ਜਦੋਂਕਿ ਮੌਕੇ ਦਾ ਪੁਲਿਸ ਅਫਸਰ ਸਵਰਨ ਸਿੰਘ ਕਿਸਾਨਾਂ ਵੱਲ ਹੀ ਪਿਸਤੌਲ ਤਾਣ ਕੇ ਖੜ੍ਹਾ ਰਿਹਾ ਸੀ। ਉਦੋਂ ਇੱਕ ਪੱਤਰਕਾਰ ਵੀਰ ਤੋਂ 'ਮੁੱਲ' ਫੋਟੋਆਂ ਲੈ ਕੇ ਅਕਾਲੀਆਂ ਨੇ ਪੋਸਟਰ ਛਪਵਾ ਕੇ ਪਿੰਡ ਪਿੰਡ ਲਾ ਕੇ ਲੋਕਾਂ ਨੂੰ ਦੱਸਿਆ ਸੀ ਕਿ ਕਾਂਗਰਸ 'ਬੰਦੇਖਾਣੀ' ਹੈ ਪਰ ਹੁਣ ਉਸੇ ਅਕਾਲੀ ਲਾਣੇ ਨੂੰ ਕੀ ਕਿਹਾ ਜਾਵੇ ਜਿਸਦੇ ਆਗੂ ਦਾ ਹੀ ਸਾਧੂ ਸਿੰਘ ਤਖਤੂਪੁਰਾ ਦੇ ਕਤਲ ਵਿੱਚ ਨਾਂਅ 'ਬੋਲਦਾ' ਹੈ। ਇਸ ਸਭ ਕੁਝ ਦੇ ਚਲਦਿਆਂ ਪੰਜਾਬ 'ਚ ਹੀ ਆਪਣੇ ਆਪ ਨੂੰ ਕਿਸਾਨਾਂ ਦੀ ਹਿਤੂ ਅਖਵਾਉਂਦੀ ਇੱਕ ਧਿਰ ਵੱਲੋਂ ਸਾਧੂ ਸਿੰਘ ਦੇ ਕਤਲ ਬਾਰੇ ਚੁੱਪੀ ਨਾ ਤੋੜਨਾ ਸਾਂਇਦ ਇਹੀ ਦਰਸਾਉਂਦਾ ਹੈ ਕਿ ਸਾਧੂ ਸਿੰਘ ਦਾ ਕਤਲ ਉਹਨਾਂ ਲਈ 'ਸ਼ਰੀਕ ਉੱਜੜਿਆæææ!' ਵਾਂਗ ਸਾਬਤ ਹੋਇਆ ਹੋਵੇ। ਸਾਧੂ ਸਿੰਘ ਨੇ ਜਿੰਨੀ ਕੁ ਲੜਾਈ ਕਿਸਾਨ ਹਿਤਾਂ ਲਈ ਲੜੀ ਹੈ ਕਾਬਲੇ ਤਾਰੀਫ ਹੈ ਜਦੋਂਕਿ ਉਕਤ ਆਗੂ ਸਾਹਿਬਾਨ ਨੂੰ ਤਾਂ ਹਾਕਮ ਧਿਰ ਸਰਕਾਰੀ ਪੀਪਣੀ ਵਜੋਂ ਵਰਤ ਰਹੀ ਹੈ। ਜਿਸ ਤਰ੍ਹਾਂ ਦੀ ਫੂਕ ਵੱਜਦੀ ਹੈ ਜਨਾਬ ਵੀ ਐਸੀ ਹੀ ਆਵਾਜ ਆਪਣੇ ਅਖਬਾਰੀ ਬਿਆਨ ਰਾਹੀਂ ਕੱਢ ਦਿੰਦੇ ਹਨ। ਬਸ਼ਰਤੇ ਕਿ ਜਨਾਬ ਨੂੰ ਮਿਲੀ ਸਰਕਾਰੀ ਕੁਰਸੀ ਦੀ ਕਾਇਮੀ ਬਣੀ ਰਹੇ। ਇਹੋ ਜਿਹੇ ਜੁਗਾੜਲਾਊ ਮਾਹੌਲ ਵਿੱਚ ਲਾਲਚ ਰਹਿਤ ਘੋਲ ਵਿੱਚ ਮੌਤ ਦੇ ਮੂੰਹ ਪੈ ਜਾਣਾ ਵੀ ਕੁਰਬਾਨੀ ਸ਼ਬਦ ਨੂੰ ਛੋਟਾ ਜਿਹਾ ਦਿਖਾ ਦਿੰਦਾ ਹੈ। ਇੱਕ ਡਰਾਇੰਗ ਟੀਚਰ ਦੇ ਹੱਥਾਂ ਵਿੱਚ ਰਿਟਾਇਰਮੈਂਟ ਉਪਰੰਤ ਰੰਗਾਂ ਨਾਲ ਅਠਖੇਲੀਆਂ ਕਰਨ ਵਾਲੇ ਬੁਰਸ਼ਾਂ ਦੀ ਜਗ੍ਹਾ ਭਾਰਤੀ ਕਿਸਾਨ ਯੂਨੀਅਨ ਦਾ ਝੰਡਾ ਆ ਜਾਣਾ ਕਾਫੀ ਮਾਅਨੇ ਰੱਖਦਾ ਹੈ। ਜੇ ਚਾਹੁੰਦਾ ਤਾਂ ਸਾਧੂ ਸਿੰਘ ਵੀ ਹੋਰਨਾਂ ਵਾਂਗ ਪੈਨਸ਼ਨ ਨਾਲ ਚੰਗਾ ਨਿਰਬਾਹ ਕਰ ਸਕਦਾ ਸੀ ਪਰ ਲੋਕਾਂ ਲਈ ਆਪਾ ਵਾਰਨ ਦੀ ਪਰਿਵਾਰਕ ਪਿਛੋਕੜ 'ਚੋਂ ਮਿਲੀ ਸਿੱਖਿਆ ਨੇ ਸਾਧੂ ਸਿੰਘ ਨੂੰ ਸੰਘਰਸ਼ਾ ਦੇ ਰਾਹ ਤੁਰਨ ਲਈ ਪ੍ਰੇਰਿਆ। ਉਹਨਾਂ ਦਾ ਹਾਈ ਸਕੂਲ ਭਾਗੀਕੇ ਦਾ ਵਿਦਿਆਰਥੀ ਹੋਣ ਦੇ ਨਾਤੇ ਉਹਨਾਂ ਨੂੰ ਸ਼ਰਧਾ ਪੁਸ਼ਪ ਅਰਪਣ ਕਰਦਾ ਹੋਇਆ ਉਹਨਾਂ ਦੇ ਕਾਤਲਾਂ ਅਤੇ ਉਹਨਾਂ ਦੇ 'ਚਲੇ' ਜਾਣ ਤੋਂ ਬਾਦ ਲੁੱਡੀਆਂ ਪਾ ਰਹੇ ਟੋਲੇ ਨੂੰ ਆਗਾਹ ਕਰਦਾ ਹਾਂ ਕਿ ਇਹ ਤਾਂ ਸਿਰਫ ਇੱਕ ਸਾਧੂ ਸਿੰਘ ਖੁਦ ਲੋਕਾਂ ਦੀਆਂ ਨਜ਼ਰਾਂ ਤੋਂ 'ਪਰ੍ਹੇ' ਹੋਇਆ ਹੈ। ਉਸ ਦੀ ਸੂਝ ਬੂਝ ਜ਼ਰੀਏ ਵਿਚਾਰਧਾਰਕ ਤੌਰ 'ਤੇ ਪੈਦਾ ਹੋਏ ਅਨੇਕਾਂ ਸਾਧੂ ਸਿੰਘ ਉਸ ਰਾਹ 'ਤੇ ਆਣ ਖੜ੍ਹੇ ਹੋਣਗੇ ਜਿਸ ਰਾਹ ਤੋਂ ਉਸਨੂੰ ਕਤਲ ਕਰਕੇ 'ਮੋੜ ਦਿੱਤਾ' ਸਮਝਿਆ ਜਾ ਰਿਹਾ ਹੈ। ਇਹ ਕਾਤਲਾ ਦਾ ਵਹਿਮ ਹੋਵੇਗਾ ਕਿਉਂਕਿ ਸਾਧੂ ਸਿੰਘ ਸਰੀਰਕ ਤੌਰ 'ਤੇ ਕਤਲ ਕਰ ਦਿੱਤਾ ਗਿਆ ਹੈ ਜਦੋਂਕਿ ਉਹ ਵਿਚਾਰ ਬਣਕੇ ਲੋਕ ਮਨਾਂ 'ਚ ਵਸ ਚੁੱਕਾ ਹੈ। ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਜਦੋਂ ਵਿਚਾਰਾਂ ਦੇ ਤੂਫਾਨ ਝੁੱਲਦੇ ਹਨ ਤਾਂ ਤਖਤਾਂ ਤਾਜਾਂ ਨੂੰ ਵੀ ਵਖਤ ਪੈ ਜਾਂਦੇ ਹਨ। ਅੰਨਦਾਤੇ ਸਿਰ ਜਿੱਤ ਦਾ ਸਿਹਰਾ ਸਜੇ...... ਆਮੀਨ।
...............    

ਵਿਆਹ ਅਤੇ ਭੋਗ ਸਮਾਗਮ ਵੀ ਹੁਣ ਮੇਲੇ ਬਣ ਕੇ ਰਹਿ ਗਏ ਹਨ -ਬਰਿੰਦਰ ਸਿੰਘ ਢਿੱਲੋਂ, ਐਡਵੋਕੇਟ

ਵਿਆਹ ਅਤੇ ਭੋਗ ਸਮਾਗਮ ਵੀ ਹੁਣ ਮੇਲੇ ਬਣ ਕੇ ਰਹਿ ਗਏ ਹਨ   -ਬਰਿੰਦਰ ਸਿੰਘ ਢਿੱਲੋਂ, ਐਡਵੋਕੇਟ
ਅੱਜ ਸਵੇਰੇ ਮੈਂ ਇੱਕ ਲੀਡਰ ਮਿੱਤਰ ਨੂੰ ਫੋਂਨ ਤੇ ਪੁੱਛ ਬੈਠਾ ਕਿ ਇਸ ਵੇਲੇ ਕੀ ਕਰ ਰਹੇ ਹੋ?ਜਵਾਬ ਮਿਲਿਆ ਕਿ ਕੁੱਤੇ ਭਕਾਈ ਕਰਨ ਚੱਲੇ ਹਾਂ ਤੇ ਨਾਲ ਹੀ ਉਹ ਹੱਸ ਪਿਆ। ਫਿਰ ਦੱਸਣ ਲੱਗਾ ਕਿ ਅੱਜ ਤਿਂਨ ਵਿਆਹਾਂ 'ਚ ਪਹੁੰਚਣਾ ਹੈ। ਬੱਸ ਹੁਣ ਵਿਆਹਾਂ ਦੀ ਰੁੱਤ  ਸੂਰੂ ਹੋ ਗਈ। ਰੋਜ ਇਹੀ ਕੰਮ ਕਰਾਂਗੇ।ਪਰ ਨਾਲ ਹੀ ਕਹਿਣ ਲੱਗਾ ਕਿ ਮੇਰਾ ਨਾਂਮ  ਨਾਂ ਲਿਖੀਂ। ਮੈਂ ਵੋਟਾਂ ਵੀ ਲੈਣੀਆਂ ਹਨ। ਇਹ ਕਿਸੇ ਇੱਕ ਲੀਡਰ ਦੀ ਕਹਾਣੀ ਨਹੀਂ। ਕਿਸੇ ਵਿਰਲੇ ਟਾਂਵਿਆਂ ਨੂੰ ਛੱਡ ਕੇ ਸਾਰੇ ਵਿਧਾਇਕਾਂ, ਸੰਸਦ ਮੈਂਬਰਾਂ ਤੇ ਸੂਬਾ ਪੱਧਰ ਦੇ ਲੀਡਰਾਂ ਦਾ ਇਹੋ ਹਾਲ ਹੈ। ਆਂਮ ਵਿਆਹ ਸਮਾਗਮਾਂ 'ਚ ਤਿੰਨ  ਕੁ ਸੌ ਵਿਅਕਤੀਆਂ ਦਾ ਇਕੱਠ ਹੁੰਦਾ। ਜਿਹੜਾ ਥੋੜਾਂ ਲੀਡਰ ਕਿਸਮ ਦਾ ਤੇ ਪੈਸੇ ਧੇਲੇ ਪੱਖੋ ਸੌਖਾ ਹੁੰਦਾ ਉਹਦੇ ਸੱਤ ਕੁ ਸੌ ਤੱਕ ਲੋਕੀਂ ਆਏ ਹੁੰਦੇ ਹਨ। ਸੌ ਦੋ ਸੌ ਬਹਿਰੇ ਡਰਾਇਵਰ ਇਨ੍ਹਾਂ ਤੋਂ ਵੱਖ ਹੁੰਦੇ ਹਨ। ਹਜਾਰ ਵਿਅਕਤੀ ਡਕਾਰ ਮਾਰਕੇ ਤੁਰ ਜਾਂਦੇ ਹਨ। ਪਰ ਅਨੰਦ ਕਾਰਜ ਵੇਲੇ ਗੁਰਦਵਾਰੇ ਅਤੇ ਡੋਲੀ ਤਰਨ ਵੇਲੇ ਸਿਰਫ ਘਰ ਵਾਲੇ ਹੀ ਹੁੰਦੇ ਹਨ।
ਮੈਰਿਜ ਪੈਲੇਸ ਵਾਲਿਆਂ ਚਾਰ-ਪੰਜ ਸੌ ਰੁਪਿਆ ਪ੍ਰਤੀ ਪਲੇਟ ਤੋਂ ਲੈ ਕੇ ਹਜਾਰ ਰੁਪਏ ਪਰਤੀ ਪਲੇਟ ਤੱਕ ਦੇ ਹਿਸਾਬ ਤਹਿ ਕੀਤਾ ਹੁੰਦਾ। ਖਰਚੇ ਦਾ ਅੰਦਾਜ਼ਾ ਦੋ ਲੱਖ ਤੋਂ ਸੱਤ ਲੱਖ ਤੱਕ ਹੁੰਦਾ। ਇਉਂ ਕਹਿ ਲਉ ਇਹ ਪੈਸਾ ਇੱਕ ਦਿਨ ਵਿੱਚ ਰ੍ਹੋੜ ਦਿੱਤਾ ਜਾਂਦਾ। ਦਾਜ ਦਹੇਜ ਅਤੇ ਹੋਰ ਖਰਚੇ ਸੱਤ  ਤੋਂ ਤੀਹ ਲੱਖ ਦੇ ਵਿਚਕਾਰ ਹੁੰਦੇ ਹਨ। ਯਾਨੀ ਪੰਜਾਬੀ ਘਰ ਫੂਕ ਕੇ ਤਮਾਸ਼ਾ ਵੇਖ ਰਹੇ ਹਨ। ਹਰ ਪਿੰਡ ਵਿੱਚ ਤੁਹਾਨੂੰ ਸੌ, ਪੰਜਾਹ ਆਦਮੀਂ ਅਜਿਹੇ ਮਿਲਣਗੇ ਜਿਹੜੇ ਕੋਈ ਕੰਮ ਨਹੀਂ ਕਰਦੇ ਸਿਰਫ ਸਮਾਗਮਾਂ ਦੀ ਸ਼ੋਭਾ ਵਧਾਉਂਦੇ ਹਨ।ਸਮਾਗਮਾਂ ਵਿੱਚ ਘੁੰਮ ਰਹੇ ਨੇਤਾ ਜੀ ਨਾਲ ਦੋ ਤਿੰਨ ਗੰਨ ਮੈਂਨ ਇੱਕ ਦੋ ਪੀæਏæ ਅਤੇ ਸਾਥੀ ਹੁੰਦੇ ਹਨ। ਜਿੰਨਾ ਕੋਈ ਲੀਡਰ ਵੱਡਾ ਹੁੰਦਾ ਓਨਾ ਹੀ ਉਸ ਦਾ ਕਾਫਲਾ ਵੀ ਵੱਡਾ ਹੁੰਦਾ ਹੈ। ਇੱਕ ਇੱਕ ਦਿਨ 'ਚ ਦੋ ਵਿਆਹਾਂ ਜਾਂ ਦੋ ਭੋਗਾਂ 'ਤੇ ਨੇਤਾ ਲੋਕ ਨੇ ਪਹੁੰਚਣਾ ਹੁੰਦਾ। ਗਿੱਠ-ਗਿੱਠ ਉੱਗੀ ਕਣਕ ਵਿਚ ਅਵਾਰਾ ਗਊਆਂ ਦੇ ਫੇਰਾ ਪਾਉਣ ਵਾਂਗ ਨੇੜੇ ਖੜ੍ਹੇ ਲੋਕਾਂ ਨਾਲ ਪੋਲੇ ਜਿਹੇ ਹੱਥ ਮਿਲਾ ਕੇ ਇਹ ਲੋਕ ਅਗਲੇ ਘਰ ਲਈ ਤੁਰ ਪੈਂਦੇ ਹਨ। ਬਹੁਤੇ ਥਾਵਾਂ ਤੇ ਇਹ ਲੋਕ ਪਹੁੰਚ ਵੀ ਨਹੀਂ ਸਕਦੇ । ਓਦੋਂ ਵੱਧ ਵੋਟਾਂ ਵਾਲੇ ਘਰ ਨੂੰ ਪਹਿਲ ਦਿੱਤੀ ਜਾਂਦੀ ਹੈ।ਸ਼ਾਂਮ ਤੱਕ ਸਾਰੇ ਹੀ ਥੱਕ ਜਾਂਦੇ ਹਨ। ਟੁੱਟੀਆਂ ਲਿੰਕ ਸੜਕਾਂ 'ਤੇ ਸੌ ਕਿਲੋਮੀਟਰ ਦੀ ਸਪੀਡ ਨਾਲ ਦੌੜਦੀਆਂ ਗੱਡੀਆਂ ਜਦੋਂ ਕਿਸੇ ਅਚਾਨਕ ਆਏ ਹੰਪ ਜਾਂ ਟੋਏ ਵਿਚ ਵੱਜ ਕੇ ਅੱਧਾ ਫੁੱਟ ਉਛਲਦੀਆਂ ਸਨ ਤਾਂ ਸਿਰ ਛੱਤਾਂ ਨਾਲ ਜਾ ਵੱਜਦੇ ਹਨ। ਪਰ ਕਹਿੰਦੇ ਕਰੀਏ ਕੀ? ਜਿਸ ਦੇ ਨਾ ਪਹੁੰਚੇ ਓਹੀ ਰੁੱਸ ਜਾਵੇਗਾ ਕਿ ਸਾਡੇ ਵਿਆਹ 'ਤੇ ਨਹੀਂ ਪਹੁੰਚੇ। ਉਤੋਂ ਕੋਈ ਨਾ ਕੋਈ ਚੋਣਾਂ ਬਾਬਰ ਦੀ ਤਲਵਾਰ ਵਾਂਗ ਸਿਰ 'ਤੇ ਲਟਕਦੀਆਂ ਹੀ ਰਹਿੰਦੀਆਂ ਹਨ। ਇਹ ਨੇਤਾ ਲੋਕ ਰੋਂਦੇ ਵੀ ਹਨ ਕਿ ਇੱਕ ਦਿਨ ਵਿੱਚ ਸਿਰਫ ਸ਼ਗਨਾਂ 'ਤੇ ਹੀ ਦੋ ਹਜ਼ਾਰ ਖਰਚ ਹੋ ਗਿਆ ਤੇ ਗੱਡੀਆਂ ਦਾ ਤੇਲ ਵੱਖਰਾ। ਉਤੋਂ ਸੜਕ ਹਾਦਸਿਆਂ ਦਾ ਜੋਖਮ ਵੀ ਉਠਾਉਣਾ ਪੈਂਦਾ। ਹੁਣ ਤਾਂ ਟੱਬਰਾਂ ਦੇ ਟੱਬਰ ਮਰਨ ਲੱਗੇ ਹਨ। ਇੰਜ ਸਾਲ 'ਚ ਦੋ ਵਾਰੀ ਕੱਤੇ ਅਤੇ ਫੱਗਣ ਦੇ ਮਹੀਨੇ ਵਿਆਹਾਂ ਦੀ ਰੁੱਤ ਆਉਂਦੀ ਹੈ। ਭੋਗ ਤਾਂ ਸਾਰਾ ਸਾਲ ਹੀ ਚੱਲਦੇ ਹਨ। ਐਤਵਾਰ ਦੇ ਦਿਨ ਲੋਕਾਂ ਦੇ ਕੰਮ ਕਰਨ ਦੀ ਥਾਂ ਇੰਜ ਭਟਕਦਿਆਂ ਹੀ ਲੰਘ ਜਾਂਦੇ ਹਨ। ਵਿਆਹ ਸਮਾਗਮਾਂ ਅਤੇ ਭੋਗਾਂ ਦੇ ਬੇਲੋੜੇ ਖਰਚੇ ਅਤੇ ਇਕੱਠ ਕਰਨ ਨੂੰ ਹੁਣ ਲੋਕ ਵੀ 'ਅੰਦਰੋਂ' ਮਹਿੰਗਾ ਕਿੱਤਾ ਕਹਿ ਰਹੇ ਹਨ। ਫੇਰ ਵੀ ਸਮਾਜਕ ਵਿਖਾਵੇ ਲਈ ਉਹ ਅਜਿਹਾ ਕਰਨ ਲਈ ਮਜਬੂਰ ਹਨ।  ਆਪਣੇ ਸਿਆਸੀ ਦਾਬੇ-ਸ਼ਾਬੇ ਲਈ ਵੀ ਉਹ ਇਸ ਫਜ਼ੂਲ ਖਰਚੀ ਲਈ ਮਜਬੂਰ ਸਨ। ਦੂਜਾ ਕਾਰਨ ਭ੍ਰਿਸ਼ਟਾਚਾਰ ਵੀ ਹੈ ਕਿਉਂਕਿ ਨਿੱਟੇ ਮੋਟੇ ਦਫਤਰਾਂ ਵਿਚ ਵੀ ਆਮ ਬੰਦੇ ਦੀ ਖੱਜਲ-ਖੁਆਰੀ ਹੁੰਦੀ ਹੈ। ਮਾਮੂਲੀ ਜਿਹੇ ਨਿਜੀ ਕੰਮ ਕਰਵਾਉਣ ਲਈ ਵੀ ਸਿਫਾਰਸ਼ਾਂ ਦੀ ਲੋੜ ਪੈਂਦੀ ਹੈ। ਵਿਰਲੇ ਟਾਂਵੇਂ ਵੱਡੇ ਅਫਸਰ ਤਾਂ ਅਜੇ ਗੱਲ ਸੁਣ ਲੈਂਦੇ ਹਨ ਪਰ ਬਾਬੂ ਤਬਕਾ ਤਾਂ ਅਜੇ ਵੀ ਅੰਗਰੇਜ਼ੀ ਰਾਜ ਹੀ ਸਮਝ ਰਿਹਾ ਹੈ। ਚੱਲੀ ਆ ਰਹੀ ਰਵਾਇਤ 'ਚ ਡਾਢੀ ਤਾਕਤ ਹੁੰਦੀ ਹੈ ਇਹ ਏਨੀ ਸੌਖੀ ਨਹੀਂ ਟੁੱਟਿਆ ਕਰਦੀ। ਸੂਚਣਾਂ ਦੇਣ ਦੇ ਅਧਿਕਾਰ ਨਾਲ ਥ੍ਹੋੜਾ ਸੁਧਾਰ ਹੋਣ ਦੀ ਆਸ ਬੱਝੀ ਹੈ।ਚੰਡੀਗੜ੍ਹ ਜਾਂ ਦਿੱਲੀ ਵਰਗੇ ਮਹਾਂ ਨਗਰਾਂ 'ਚ ਹੁੰਦੇ ਵੱਡੇ ਲੋਕਾਂ ਦੇ ਵਿਆਹ ਸਮਾਗਮਾਂ ਦੀ ਗੱਲ ਹੋਰ ਹੁੰਦੀ ਹੈ। ਇਕੱਠ ਦਿਖਾਉਣਾ ਉਨ੍ਹਾਂ ਲੋਕਾਂ ਦੀ ਮਜਬੂਰੀ ਵੀ ਹੁੰਦੀ ਹੈ ਤੇ ਸ਼ੁਗਲ ਵੀ।ਵਿਆਹ 'ਚ ਦੋ ਤਿੰਨ ਹਜਾਰ ਲੋਕਾਂ ਦਾ ਇਕੱਠ, ਮੇਲੇ ਵਰਗਾ ਮਾਹੌਲ ਹੁੰਦਾ ਹੈ। ਅਜਿਹੇ ਵੱਡੇ ਲੋਕਾਂ ਦੇ ਵੇਖਾ-ਵੇਖੀ ਪੰਜਾਬ ਦਾ ਮੱਧ-ਵਰਗ ਵੀ ਅੱਡੀਆਂ ਚੁੱਕ ਕੇ ਫਾਹਾ ਲੈ ਰਿਹਾ ਹੈ। ਪੰਜਾਬੀ ਹਰ ਮੌਕੇ ਨੂੰ ਹੀ ਮੇਲਾ ਬਣਾ ਦਿੰਦੇ ਹਨ।ਵਿਆਹ ਅਤੇ ਭੋਗ ਕੋਈ ਮੇਲਾ ਜਾਂ ਰਾਜਸੀ ਸੰਮੇਲਨ ਨਹੀਂ ਹੁੰਦੇ ਜਿੱਥੇ ਲੱਖਾਂ ਲੋਕਾਂ ਦਾ ਇੱਕਠ ਹੋਇਆ ਕਰਦਾ।ਵਿਆਹ ਸਮਾਗਮਾਂ ਨੂੰ ਇਸ ਮਹਿੰਗਾਈ ਦੇ ਦੌਰ 'ਚ ਚੰਦ ਇਕ ਰਿਸ਼ਤੇਦਾਰਾਂ ਤੇ ਪਰਿਵਾਰਕ ਮਿੱਤਰਾਂ ਦੀ ਹਾਜ਼ਰੀ ਵਿਚ ਹੀ ਕੀਤਾ ਜਾਣਾ ਚਾਹੀਦਾ। ਨਵੇਂ ਯੁੱਗ ਦੀਆਂ ਕਦਰਾਂ-ਕੀਮਤਾਂ ਕਦੇ ਵੀ ਪੁਰਾਣੇ ਸਮਿਆਂ ਵਰਗੀਆਂ ਨਹੀਂ ਹੋਇਆ ਕਰਦੀਆਂ। ਫੋਕੀ ਹਉਮੈਂ ਖਾਤਰ ਅਜਿਹੇ ਵਿਆਹ ਸਮਾਗਮ ਘਰ ਵਾਲਿਆਂ ਤੇ ਸਿਆਸੀ ਨੇਤਾਵਾਂ ਦੋਹਾਂ ਲਈ ਹੀ ਪੈਸੇ ਤੇ ਸਮੇਂ ਦੀ ਬਰਬਾਦੀ ਹੈ। ਇਸ ਸਾਰੇ ਰੰਡੀ-ਰੋਣੇ ਦਾ ਦਿਲਚਸਪ ਪਹਿਲੂ ਇਹ ਹੈ ਕਿ ਦੋਵੇਂ ਧਿਰਾਂ ਮੇਜ਼ਬਾਨ ਤੇ ਨੇਤਾ ਲੋਕ ਇਸ ਨੂੰ ਗਲਤ ਅਤੇ ਫਜੂਲ ਖਰਚੀ ਸਮਝਦੀਆਂ ਹੋਈਆਂ ਵੀ ਰੋਕਣੋਂ ਅਸਮਰਥ ਹਨ। ਇਕ ਫੋਕੀ ਹਉਮੈਂ ਕਾਰਨ ਦੂਜੀ ਵੋਟਾਂ ਰੁੱਸਣ ਦੇ ਡਰੋਂ। ਜਾਣ-ਪਹਿਚਾਣ ਤਾ ਸੈਂਕੜੇ-ਹਜ਼ਾਰਾਂ ਨਾਲ ਹੋ ਸਕਦੀ ਹੈ। ਪਰ ਪਰਿਵਾਰਕ ਸਬੰਧਾਂ ਦਾ ਗਰਾਫ ਤਿੰਨ-ਚਾਰ ਦਰਜਨ ਪਰਿਵਾਰਾਂ ਤੋਂ ਅਗਾਂਹ ਨਹੀਂ ਚੜ੍ਹਦਾ। ਰਿਸ਼ਤਿਆਂ ਦੇ ਚਿਹਰਿਆਂ 'ਤੇ ਵਕਤ ਦੀ ਧੂੜ ਜਮਦੀ ਹੀ ਰਹਿੰਦੀ ਹੈ। ਫੇਰ ਵੀ ਇਹ ਵਿਖਾਵਿਆਂ ਦਾ ਦੌਰ ਜਾਰੀ ਹੈ। ਤੀਹ ਕੁ ਸਾਲ ਪਹਿਲਾਂ ਸਾਲ ਵਿੱਚ ਇੱਕ ਅੱਧ ਵਿਆਹ ਆਇਆ ਕਰਦਾ ਸੀ ਤੇ ਸਾਰੇ ਟੱਬਰ ਨੂੰ ਚਾਅ ਚੜ੍ਹ ਜਾਂਦਾ ਸੀ। ਹੁਣ ਹਰ ਹਫਤੇ ਵਿਆਹ ਤੇ ਭੋਗ ਦੇ ਸੱਦੇ ਹੁੰਦੇ ਹਨ। ਵਿਆਹਾਂ ਸਮੇਂ ਬੇਲੋੜਾ ਇਕੱਠ ਰੋਕਣ ਲਈ ਸਿਆਸੀ ਲੀਡਰਾਂ ਨੂੰ ਹੀ ਪਹਿਲ ਕਦਮੀ ਕਰਨੀ ਚਾਹੀਦੀ ਹੈ। 'ਵੋਟਾਂ ਲੁੱਟਣ' ਦੇ ਹੋਰ ਬਥੇਰੇ ਢੰਗ ਹਨ। ਇਸ ਬੇਲੋੜੇ ਇਕੱਠਾਂ ਨੇ ਪੰਜਾਬ ਵਿੱਚੋਂ ਕੰਮ ਸੱਭਿਆਚਾਰ ਹੀ ਤਬਾਹ ਕਰਕੇ ਰੱਖ ਦਿੱਤਾ ਹੈ। ਆਮ ਲੋਕੀਂ ਆਪ ਤੋਂ ਵੱਡਿਆਂ ਦੀਆਂ ਬਾਂਦਰ ਨਕਲਾਂ ਹੀ ਕਰਿਆ ਕਰਦੇ ਹਨ।ਇਸ ਦੇਸ਼ ਦੇ ਹਰ ਮਾਮਲੇ ਦੀ ਤਾਣ ਵਧੀ ਹੋਈ ਆਬਾਦੀ ਤੇ ਵੋਟ ਬੈਂਕ 'ਤੇ ਆ ਕੇ ਟੁੱਟਦੀ ਹੈ। ਹੁਣ ਨੇਤਾ ਲੋਕ ਵਿਆਹ ਜਾਂ ਭੋਗ ਸਮਾਗਮਾਂ ਤੋਂ ਅਗਾਂਹ ਪੈਨਸ਼ਨਾਂ, ਵਜੀਫੇ,ਆਟਾ,ਦਾਲ,ਗਰਾਂਟਾਂ ਵੰਡਣ ਲਈ ਵੀ ਪਿੰਡਾਂ 'ਚ ਘੁਮੰਦੇ ਰਹਿੰਦੇ ਹਨ। ਪਹਿਲਾਂ ਇਹ ਕੰਮ ਸਰਕਾਰੀ ਸਫਤਰਾਂ ਰਾਹੀਂ ਹੋਇਆ ਕਰਦੇ ਸਨ। ਲ਼ੋਕ ਵੀ ਵੋਟਾਂ ਵੇਲੇ ਵਿਕਾਸ ਜਾਂ ਸਾਂਝੇ ਕੰਮਾਂ ਦੀ ਗੱਲ ਨਹੀਂ ਕਰਦੇ। ਉਨ੍ਹਾਂ ਦੀ ਇੱਕੋ ਇੱਕ ਸ਼ਿਕਾਇਤ ਹੁੰਦੀ ਹੈ ਕਿ ਇਹ ਹਲਕੇ 'ਚ ਨਹੀਂ ਰਹਿੰਦਾ (ਮਤਲਬ ਸਾਡੇ ਵਿਆਹ ਜਾਂ ਭੋਗ ਤੇ ਨਹੀਂ ਆਇਆ)। ਜੇ ਚੋਣ ਕਮਿਸ਼ਨ ਨੇ ਕੋਈ ਨਿਯਮ ਨਾ ਬਣਾਏ ਤਾਂ ਉਹ ਦਿਨ ਦੂਰ ਨਹੀਂ ਜਦੋਂ ਵੋਟਰ ਉਡੀਕਣਗੇ ਕਿ ਨੇਤਾ ਜੀ ਸਾਡੇ ਰਾਸ਼ਨ ਕਾਰਡ,ਡਰਾਇਵਰ ਲਾਇਸੰਸ,ਸਹਾਇਤਾ ਰਾਸ਼ੀ,ਰਿਹਾਇਸ਼,ਜਾਤ ਅਤੇ ਜਨਮ,ਮੌਤ ਦੇ ਸਰਟੀਫਿਕੇਟ ਪਿੰਡ ਵਿੱਚ ਵੰਡਣ ਆਉਣ। ਮੈਨੂੰ ਅਮਰੀਕਾ ਵਿੱਚ ਇੱਕ ਗੋਰੇ ਸੈਨੇਟਰ ਅਤੇ ਕਨੇਡਾ ਵਿੱਚ ਮਿੱਤਰ ਵਿਧਾਇਕਾਂ  ਅਤੇ ਐੱਮ. ਪੀ.  ਦੇ ਦਫਤਰਾਂ 'ਚ ਜਾਣ ਦਾ ਮੌਕਾ ਮਿਲਿਆ ਹੈ। ਉਹ ਪੰਜ ਦਿਨ ਬਾਕਾਇਦਾ ਆਪਣੇ ਦਫਤਰਾਂ ਵਿੱਚ ਸਵੇਰ ਦੇ 9 ਤੋਂ ਸ਼ਾਂਮ 5 ਵਜੇ ਤੱਕ ਬੈਠਕੇ ਕੰਮ ਕਰਦੇ ਹਨ। ਸ਼ਨੀਵਾਰ ਅਤੇ ਐਤਵਾਰ ਦੀ ਛੁੱਟੀ ਹੁੰਦੀ ਹੈ। ਜਾਂ ਸੈਸ਼ਨ ਲਈ ਰਾਜਧਾਂਨੀਆਂ 'ਚ ਜਾਂਦੇ ਹਨ।
              ਸਾਡੇ ਲੋਕ ਅਤੇ ਲੀਡਰ ਕਦੋਂ ਕੰਮ ਕਰਨ ਵੱਲ ਮੁੜਣਗੇ ?
.......................................