Monday, August 31, 2009

ਸਮਲਿੰਗੀ, ਸਰਕਾਰ ਅਤੇ ਦਸਮ ਗਰੰਥ ਦੇ ਹਮਾਇਤੀ -ਸੁਖਨੈਬ ਸਿੰਘ ਸਿੱਧੂ

ਸਮਲਿੰਗੀ, ਸਰਕਾਰ ਅਤੇ ਦਸਮ ਗਰੰਥ ਦੇ ਹਮਾਇਤੀ  -ਸੁਖਨੈਬ ਸਿੰਘ ਸਿੱਧੂ


ਗੈਰ ਕੁਦਰਤੀ ਸਰੀਰਕ ਸੰਬੰਧ ਹਮੇਸ਼ਾਂ ਹੀ ਬਹਿਸ ਦਾ ਵਿਸ਼ਾ ਰਹੇ ਹਨ । ਦੁਨੀਆਂ ਦੇ ਬਹੁਤ ਸਾਰੇ ਮੁਲਕਾਂ ਵਿੱਚ ਅੱਜ ਵੀ ਸਮਲਿੰਗੀਆਂ ਨੂੰ ਚੰਗਾ ਨਹੀ ਸਮਝਿਆ ਜਾਂਦਾ । ਪ੍ਰੰਤੂ ਕਾਫੀ ਸਾਰੇ ਦੇਸ਼ਾਂ ਵਿੱਚ ਸਮਲਿੰਗੀਆਂ ਦੇ ਇਨ੍ਹਾਂ ਅਨੈਤਿਕ ਸਬੰਧਾਂ ਨੂੰ ਮਾਨਤਾ ਦਿੱਤੀ ਹੋਈ ਹੈ । ਬੀਤੇ ਵਰ੍ਹਿਆਂ ਵਿੱਚ ਜਦੋਂ ਰੀਓ ਡੀ ਜਨੇਰੀਓ ਵਿੱਚ ਹੁੰਦੀ ਸਮਲਿੰਗੀ ਪਰੇਡ ਦੀ ਖ਼ਬਰਾਂ ਭਾਰਤੀ ਮੀਡੀਆ ਦਾ ਹਿੱਸਾ ਬਣਦੀਆਂ ਤਾ ਆਮ ਲੋਕਾਂ ਨੂੰ ਹੈਰਾਨੀ ਹੁੰਦੀ ਸੀ । ਪ੍ਰੰਤੂ ਬੀਤੇ ਦੋ ਵਰ੍ਹਿਆਂ ਤੋਂ ਦੇਸ਼ ਦੇ ਕਈ ਵੱਡੇ ਸ਼ਹਿਰਾਂ ਵਿੱਚ ‘ਗੇ ਪਰੇਡ’ ਹੋ ਰਹੀ ਹੈ। ਬੀ ਬੀ ਸੀ ਦੀ ਰਿਪੋਰਟ ਮੁਤਾਬਿਕ “ਗਰਵ ਨਾਲ ਕਹੋ ਅਸੀਂ ਸਮਲਿੰਗੀ ਹਾਂ ” ਦਾ ਨਾਅਰਾ ਵੀਹਵੀ ਸਦੀ ਦੇ ਛੇਵੇਂ ਦਹਾਕੇ ਦੇ ਅਖੀਰ ਵਿੱਚ ਅਮਰੀਕਾ ਦੇ ਸਟੋਨਵਾਲ ਪੱਬ (ਨਿਊਯਾਰਕ) ਵਿੱਚ ਸ਼ੁਰੂ ਦੰਗਿਆਂ ਮੌਕੇ ਹੋਂਦ ਵਿੱਚ ਆਇਆ ਅਤੇ ਦੋ ਦਹਾਕਿਆਂ ਵਿੱਚ ਪੂੰਜੀਵਾਦੀ ਪੱਛਮੀ ਸਮਾਜ ਵਿੱਚ ਮਨੁੱਖੀ ਅਧਿਕਾਰਾਂ ਵਜੋਂ ਫੈਲ ਗਿਆ । ਬੇਸ਼ੱਕ 1990 ਤੱਕ ਅਮਰੀਕਾ ਅਤੇ ਯੂਰੋਪ ਵਿੱਚ ਸਮਲਿੰਗੀਆਂ ਨੂੰ ਰਾਜਨੀਤਕ ਮਾਨਤਾ ਤਾਂ ਮਿਲ ਗਈ ਪ੍ਰੰਤੂ ਸਮਾਜ ਨੇ ਅੱਜ ਵੀ ਸਮਲਿੰਗੀਆਂ ਨੂੰ ਨਹੀਂ ਅਪਣਾਇਆ। ਨਿਊਯਾਰਕ ਵਿੱਚ ਪਹਿਲੀ ਗੇਅ ਪਰੇਡ ਮੇਅਰ ਰੂਡਿਫ ਜਿਲਆਨੀ ਦੇ ਕਾਰਜਕਾਲ ਦੌਰਾਨ ਨਿਕਲੀ ਸੀ । ਕੈਨੇਡਾ ਦੀ ਪਾਰਲੀਮੈਂਟ ਵਿੱਚ ਵੀ ਇਸ ਮੁੱਦੇ ਨੂੰ ਲੈ ਕੇ ਬਹਿਸ ਹੋ ਚੁੱਕੀ ਹੈ। ਸਮਲਿੰਗੀ ਲੋਕ ਦੁਨੀਆਂ ਦੇ ਹਰ ਕੋਨੇ ਤੇ ਮਿਲਦੇ ਹਨ। ਨਵੀਂ ਦਿੱਲੀ ਦੀ ਹਾਈ ਕੋਰਟ ਵੱਲੋਂ ਬਾਲਗ ਸਮਲਿੰਗੀਆਂ ਦੇ ਵਿਆਹਾਂ ਉਪਰ ਕਾਨੂੰਨੀ ਮੋਹਰ ਲਾ ਦਿੱਤੀ ਹੈ । ਜਿਸਨੂੰ ਲੈ ਕੇ ਧਾਰਮਿਕ, ਸਿਆਸੀ ਅਤੇ ਸਮਾਜਿਕ ਸੰਗਠਨਾਂ ਵਿੱਚ ਬਿਆਨਬਾਜ਼ੀ ਦਾ ਹੜ੍ਹ ਆ ਚੁੱਕਾ ਹੈ । ਧਾਰਮਿਕ ਆਗੂ ਇਸਨੂੰ ਅਨੈਤਿਕ ਮੰਨਦੇ ਹੋਏ ਖੁੱਲ ਦੇਣ ਦਾ ਵਿਰੋਧ ਕਰਦੇ ਹਨ। ਕੁਝ ਲੋਕ ਸਮਲਿੰਗੀ ਨੂੰ ਮਾਨਤਾ ਪ੍ਰਾਪਤ ਹੋਣ ਨਾਲ ਇਹ ਮੰਨਦੇ ਹਨ ਕਿ ਦੁਨੀਆਂ ਅਤੇ ਖਾਸ ਕਰਕੇ ਦੇਸ਼ ਵਿੱਚ ਸਮਾਜ ਦੀ ਪਰਿਵਾਰ ਵਰਗੀ ਸਭ ਤੋਂ ਛੋਟੀ ਅਤੇ ਮਹਤੱਵਪੂਰਨ ਇਕਾਈ ਵੀ ਪ੍ਰਭਾਵਿਤ ਹੋ ਸਕਦੀ ਹੈ । ਜਦਕਿ ਸਮਲਿੰਗੀ ਆਪਣੇ ਆਪ ਨੂੰ ਘੱਟ ਗਿਣਤੀ ਅਤੇ ਮਨੁੱਖੀ ਅਧਿਕਾਰਾਂ ਦੀ ਮੰਗ ਕਰਦੇ ਹੋਏ ਇਸ ਫੈਸਲੇ ਦੀ ਹਮਾਇਤ ਕਰਦੇ ਹਨ । ਤੌਖਲਾ ਇਹ ਹੈ ਕਿ ਜੇਕਰ ਲੜਕਾ -ਲੜਕੇ ਨਾਲ ਲੜਕੀ -ਲੜਕੀ ਨਾਲ ਵਿਆਹ ਕਰਨ ਲੱਗੀ ਤਾਂ ਸਾਡੀ ਵੰਸ਼ ਵਧਾਉਣ ਵਾਲੀ ਰਵਾਇਤ ਵੀ ਕਾਫੀ ਧੱਕਾ ਲੱਗ ਸਕਦਾ ਹੈ । ਜਦਕਿ ਕਿ ਮਰਦ ਸਮਲਿੰਗੀ ਔਰਤਾਂ ਸਮਲਿੰਗੀਆਂ ਨਾਲੋਂ ਬੱਚਾ ਪੈਦਾ ਕਰਨ ਦੇ ਘੱਟ ਇੱਛਕ ਹਨ । ਸਮਲਿੰਗੀ ਔਰਤਾਂ ਮਨਸੂਈ ਗਰਭ ਧਾਰਨ ਦੌਰਾਨ ਬੱਚੇ ਪੈਦਾ ਕਰ ਸਕਦੀਆਂ ਹਨ। ਵਿਦੇਸ਼ਾਂ ਵਿੱਚ ਅਜਿਹਾ ਹੋ ਵੀ ਰਿਹਾ ਹੈ । ਪ੍ਰੰਤੂ ਵਿਦੇਸ਼ਾਂ ਦੀਆਂ ਪ੍ਰਤੀਸਥਿਤੀਆਂ ਸਾਡੇ ਮੁਲਕ ਨਾਲ ਬਿਲਕੁਲ ਭਿੰਨ ਹਨ ਪੱਛਮੀ ਮੁਲਕਾਂ ਵਿੱਚ ਪਤੀ -ਪਤਨੀ ਜਦੋਂ ਇੱਕ - ਦੂਜੇ ਤੋਂ ਉਕਤਾ ਜਾਂਦੇ ਤਾਂ ਉਹ ਤਲਾਕ ਦੇ ਕੇ ਹੋਰ ਵਿਆਹ ਕਰਵਾ ਲੈਂਦੇ ਹਨ । ਬਹੁਗਣਿਤੀ ਪੱਛਮੀ ਮਰਦ – ਔਰਤਾਂ ਇੱਕ ਤੋਂ ਵਧੇਰੇ ਵਿਆਹ ਕਰਨ ਵਾਲੇ ਹੁੰਦੇ ਹਨ । ਜਦਕਿ ਸਾਡੇ ਦੇਸ਼ ਵਿੱਚ ਰੀਤੀ ਰਿਵਾਜ਼ਾਂ ਦੀ ਬੰਦਿਸ਼ ਅਤੇ ਪਰਿਵਾਰਕ ਸੰਸਕਾਰਾਂ ਵਿੱਚ ਬੰਨੇ ਹੋਏ ਭਾਰਤੀ ਮਰਦ ਔਰਤਾਂ ਨੂੰ ਇੱਕ ਦੂਜੇ ਨਾਲ ਜਨਮ –ਜਨਮ ਦੀ ਸਾਂਝ ਨਿਭਾਉਣ ਦੀਆਂ ਗੱਲਾਂ ਸਿਖਾਈਆਂ ਜਾਂਦੀਆਂ ਹਨ , ਪਤੀ ਪਤਨੀ ਦਾ ਰਿਸ਼ਤਾ ਜਨਮ ਜਨਮ ਤੱਕ ਬੇਸ਼ੱਕ ਨਾ ਨਿਭੇ ਪ੍ਰੰਤੂ ਜਿ਼ਆਦਾਤਰ ਇੱਕ ਜਨਮ ਵਿੱਚ ਇੱਕ ਹੋ ਕੇ ਜਿਊਣ ਦੀਆਂ ਗੱਲਾਂ ਪੂਰੀ ਦੁਨੀਆਂ ਲਈ ਹੈਰਾਨੀਜਨਕ ਲੱਗਦੀਆਂ ਹਨ। ਪੱਛਮੀ ਜੀਵਨ ਸ਼ੈਲੀ ਤੇ ਅਧਾਰਿਤ ਲੈਸਬੀਅਨ ਮੈਰਿਜ਼ ( ਸਮਲਿੰਗੀ ਔਰਤਾਂ ਦੇ ਵਿਆਹ) ਵੀ ਬਹੁਤਾ ਚਿਰ ਨਹੀਂ ਚਲਦੇ । ਬਹੁਤੀਆਂ ਸਮਲਿੰਗੀ ਔਰਤਾਂ ਬਾਅਦ ਵਿੱਚ ਆਪਣੀ ਸਾਥਣ ( ਜੀਵਨ ਸਾਥਣ) ਨੂੰ ਛੱਡ ਕੇ ਕਿਸੇ ਮਰਦ ਨਾਲ ਦੁਨੀਆ ਵਸਾ ਲੈਂਦੀਆਂ ਹਨ। ਪੰਜਾਬ ਵਿੱਚ ਬੀਤੇ ਵਰ੍ਹੇ ਦੌਰਾਨ ਮਾਝੇ ਖੇਤਰ ਵਿੱਚ ਵੀ ਦੋ ਕੁੜੀਆਂ ਦੁਆਰਾ ਕੀਤਾ ਸਮਲਿੰਗੀ ਵਿਆਹ ਚਰਚਾ ਦਾ ਵਿਸ਼ਾ ਬਣਿਆਂ ਸੀ ਜੋ ਕੁਝ ਕੁ ਮਹੀਨਿਆਂ ਬਾਅਦ ਟੁੱਟ ਗਿਆ । ਵਿਆਹ ਵੇਲੇ ਮੀਡੀਆ ਕੋਲ ਕੀਤੀ ਬਿਆਨਬਾਜ਼ੀ ਕੁਝ ਹੀ ਮਹੀਨਿਆਂ ਬਾਅਦ ਫੋਕੀ ਅਤੇ ਵਕਤੀ ਜਾਪੀ । ਮਰਦ ਸਮਲਿੰਗੀਆਂ ਨਾਲ ਏਡਜ਼ ਦੇ ਮਰੀਜਾਂ ਦੀ ਗਿਣਤੀ ਵਧਣ ਦੇ ਆਸਾਰ ਵੀ ਨਜ਼ਰ ਅੰਦਾਜ਼ ਨਹੀ ਕੀਤੇ ਜਾ ਸਕਦੇ ।
ਜਦੋਂ ਦਿੱਲੀ ਹਾਈ ਕੋਰਟ ਨੇ ਫੈਸਲਾ ਦਿੱਤਾ ਤਾਂ ਤੁਰੰਤ ਬਾਅਦ ਵਿੱਚ ਸਿੱਖਾਂ ਦੀ ਸਰਬ ਉੱਚ ਸੰਸਥਾ ਦੇ ਸ੍ਰੀ ਅਕਾਲ ਤਖਤ ਸਾਹਿਬ ਦੇ ਮੁੱਖ ਸੇਵਾਦਾਰ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਅਦਾਲਤ ਦੇ ਇਸ ਫੈਸਲੇ ਵਿਰੋਧ ਕਰਦਿਆਂ ਇਸ ਨੂੰ ਅਨੈਤਿਕ ਕਾਰਾ ਕਿਹਾ । ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਇਹ ਵੀ ਕਿਹਾ ਕਿ ਜੋ ਕਾਰਜ ਸਮਲਿੰਗੀ (ਗੁਦਾ ਮੈਥਨ ) ਕਰਦੇ ਹਨ ਇਹ ਪਸ਼ੂ-ਪੰਛੀ ਵੀ ਨਹੀਂ ਕਰਦੇ । ਉਨ੍ਹਾਂ ਦੀ ਬਿਆਨਬਾਜ਼ੀ ਤੋਂ ਮਗਰੋਂ ਜਦੋਂ ਜਥੇਦਾਰ ਸਾਹਿਬ ਨੂੰ ਕੈਨੇਡਾ ਦੇ ਇੱਕ ਰੇਡੀਓ ਤੋਂ ਸਮਲਿੰਗੀ ਸਬੰਧਾਂ ਦੇ ਵਿਰੋਧ ਕਰਨ ਅਤੇ ਦਸਮ ਗਰੰਥ ਵਿੱਚ ਸਮਲਿੰਗੀ ਸਬੰਧਾਂ ਬਾਰੇ ਵਿਆਖਿਆ ਕਰਨ ਦੀ ਗੱਲ ਆਖੀ ਗਈ ਤਾਂ ਉਨ੍ਹਾਂ ਦੁਆਰਾ ਦਸਮ ਗਰੰਥ ਦੇ ਮੁੱਦੇ ਕੁਝ ਵੀ ਬੋਲਣ ਤੋਂ ਇਨਕਾਰ ਕਰਦਿਆਂ ਫਤਿਹ ਬੁਲਾ ਕੇ ਰੇਡੀਓ ਦੀ ਲਾਈਨ ਛੱਡ ਜਾਣ ਦੀਆਂ ਖਬ਼ਰਾਂ ਅੰਤਰਰਾਸ਼ਟਰੀ ਪੰਜਾਬੀ ਮੀਡੀਆ ਵਿੱਚ ਛਪੀਆਂ ਹਨ । ਦਸਮ ਗਰੰਥ ਦੇ ਹਮਾਇਤੀ ਅਤੇ ਵਿਰੋਧੀ ਸਮਲਿੰਗੀ ਸਬੰਧਾਂ ਦੀ ਘੋਰ ਨਿੰਦਾ ਕਰਦੇ ਹਨ ।ਜਿਹੜੀਆਂ ਧਿਰਾਂ ਦਸਮ ਗਰੰਥ ਦੀ ਹਮਾਇਤ ਕਰਦੀਆਂ ਹੋਈ ਸਮਲਿੰਗੀ ਸਬੰਧਾਂ ਖਿਲਾਫ਼ ਬਿਆਨਬਾਜ਼ੀ ਕਰਦੀਆਂ ਹਨ ਉਨ੍ਹਾਂ ਨੂੰ ਦਸਮ ਗਰੰਥ ਵਿੱਚ ਇਨ੍ਹਾਂ ਸਬੰਧਾਂ ਸਬੰਧੀ ਲਿਖੀਆਂ ਸਤਰਾਂ ਵੱਲ ਵੀ ਗੌਰ ਕਰਨ ਦੀ ਲੌੜ ਹੈ । ਦਸਮ ਗਰੰਥ ਨੂੰ ਗੁਰੂ ਗੋਬਿੰਦ ਸਿੰਘ ਦੁਆਰਾ ਰਚਿਤ ਗੁਰਬਾਣੀ ਨਾ ਮੰਨਣ ਵਾਲੇ ਪੰਥਕ ਆਗੂ ਇਹ ਸਵਾਲ ਕਰਦੇ ਹਨ ਕਿ ਇੱਕ ਪਾਸੇ ਦਸਮ ਗਰੰਥ ਦੀ ਹਮਾਇਤ ਕੀਤੀ ਜਾ ਰਹੀ ਜਿੱਥੇ ਅਨੈਤਿਕ ਸਬੰਧਾਂ ਬਾਰੇ ਬਹੁਤ ਕੁਝ ਲਿਖਿਆ ਹੋਇਆ ਦੂਸਰੇ ਪਾਸੇ ਸਮਲਿੰਗੀਆਂ ਦੇ ਖਿਲਾਫ਼ ਬਿਆਨਬਾਜ਼ੀ ਕੀਤੀਆਂ ਜਾ ਰਹੀਆਂ ਇਹ ਦੋਹਰੇ ਮਾਪਦੰਡ ਕਿਉਂ ?
ਜੇਕਰ ਨਿਰਪੱਖ ਹੋ ਕੇ ਸੋਚਿਆ ਜਾਵੇ ਤਾਂ ਕੋਈ ਵਿਅਕਤੀ ਇਸ ਤੋਂ ਮੁਨਕਰ ਨਹੀਂ ਹੋ ਸਕਦਾ ਕਿ ਸਾਡੇ ਦੇਸ਼ ਵਿੱਚ ਅਜਿਹੇ ਦੁਰਾਚਾਰ ਨਹੀਂ ਹੁੰਦੇ ਰਹੇ । ਸਦੀਆਂ ਪਹਿਲਾਂ ਕੋਨਾਰਕ ਅਤੇ ਖੁਜਰਾਹੋ ਵਿੱਚ ਕੀਤੀ ਬੁੱਤਸਾਜ਼ੀ ਕਿਸੇ ਪੱਛਮੀ ਕਲਾਕਾਰ ਨੇ ਨਹੀਂ ਕੀਤੀ ਹੋਈ ਬਲਕਿ ਸਾਡੇ ਮੁਲਕ ਦੇ ਕਲਾਕਾਰਾਂ ਨੇ ਇਹ ਚਿਤਰਿਆਂ ਹੋਣਾ ਜੋ ਕੁਝ ਵੀ ਉਥੇ ਚਿਤਰਿਆਂ ਗਿਆ ਹੈ । ਉਹ ਸਾਰਾ ਅਸਲੀਅਤ ਵਿੱਚ ਉਹਨਾਂ ਕਲਾਕਾਰਾਂ ਨੇ ਖੁਦ ਕੀਤਾ, ਦੇਖਿਆ ਜਾਂ ਸੁਣਿਆ ਹੋਣਾ । ਇੱਕ ਔਰਤ ਨਾਲ ਤਿੰਨ ਵਿਅਕਤੀ ਕਾਮ ਕ੍ਰੀ
ੜਾ ਕਰਦੇ ਪੋਜ਼ ਕਿਸ ਸਭਿਆਚਾਰ ਦੇ ਗਵਾਹ ਹਨ? ਪੰਜ ਔਰਤਾਂ ਆਪਸ ਵਿੱਚ ਕਾਮ ਵਾਸਨਾ ਪੂਰਤੀ ਕਰਦੀਆਂ , ਇੱਕ ਆਦਮੀ ਦੂਸਰੇ ਆਦਮੀ ਨਾਲ ਸਰੀਰਕ ਸਬੰਧ ਬਣਾਉਂਦਾ ਹੋਇਆਂ ਕਿਸੇ ਹੋਰ ਦੇਸ਼ ਦੀ ਸੰਸਕ੍ਰਿਤੀ ਦਾ ਹਿੱਸਾ ਨਹੀਂ ਬਲਕਿ ਸਾਡੇ ਮੁਲਕ ਦੀ ਸਦੀਆਂ ਪੁਰਾਣੀ ਕੀਤੀ ਹੋਈ “ਕਲਾਕਾਰੀ ਦਾ ਉੱਤਮ ਨਮੂਨਾ” ਵੀ ਮੰਨਿਆਂ ਜਾਦਾ ਹੈ । ਸਾਡੇ ਦੇਸ਼ ਵਿੱਚ ਆਪਣੀ ਚੌਧਰ ਚਮਕਾਉਣ ਵਾਲੇ ਲੋਕਾਂ ਨੂੰ ਅਜਿਹੇ ਮੁੱਦਿਆਂ ਉਪਰ ਬੋਲਣ ਦਾ ਵਧੀਆ ਮੌਕਾ ਮਿਲ ਜਾਂਦਾ ਹੈ। ਇਸ ਤਰ੍ਹਾਂ ਲੋਕ ਇਨ੍ਹਾਂ ਸੰਵੇਦਨਸ਼ੀਲ ਮੁੱਦਿਆਂ ਦੀ ਭੱਠੀ ਉੱਤੇ ਅਕਸਰ ਆਪਣੀਆਂ ਸਿਆਸੀ ਰੋਟੀਆਂ ਸੇਕਦੇ ਰਹਿੰਦੇ ਹਨ ।
ਦੇਸ਼ ਦੀ ਸੁਪਰੀਮ ਕੋਰਟ ਵਿੱਚ ਦਿੱਲੀ ਹਾਈ ਕੋਰਟ ਫੈਸਲੇ ਵਿਰੁੱਧ ਧਾਰਾ 377 ਅਧੀਨ ਬਾਲਗਾਂ ਦੁਆਰਾ ਬਣਾਏ ਜਾਣ ਵਾਲੇ ਸਮਲਿੰ
ਗੀ ਸਬੰਧਾਂ ਨੂੰ ਅਪਰਾਧ ਦੀ ਸ੍ਰੇਣੀ ਵਿੱਚੋ ਬਾਹਰ ਕੀਤੇ ਜਾਣ ਦੇ ਵਿਰੋਧ ਵਿੱਚਇੱਕ ਜੋਤਸ਼ੀ ਸਰੇਸ਼ ਕੁਮਾਰ ਕੌਸ਼ਲ ਨੇ ਅਰਜੀ ਦਾਇਰ ਕਰਕੇ ਬਹਿਸ ਕਰਵਾਉਣ ਦੀ ਮੰਗ ਕੀਤੀ ਹੈ। ਮਾਨਯੋਗ ਸੁਪਰੀਮ ਕੋਰਟ ਵੱਲੋਂ ਕੇਂਦਰ ਸਰਕਾਰ ਅਤੇ ਨਾਜ਼ ਫਾਊਡੇ਼ਸਨ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ ਗੈਰ ਸਰਕਾਰੀ ਸੰਸਥਾ ਨਾਜ਼ ਫਾਊਂਡੇਸ਼ਨ ਨੇ 2001 ਵਿੱਚ ਆਈ ਪੀ ਸੀ ਦੀ ਧਾਰਾ 377 ਨੂੰ ਚੁਣੌਤੀ ਦਿੱਤੀ ਸੀ । ਸੁਰੇਸ਼ ਕੁਮਾਰ ਕੋਸ਼ਲ ਨਾਂਮੀ ਇੱਕ ਵਿਅਕਤੀ ਨੇ ਦਿੱਲੀ ਹਾਈ ਕੋਰਟ ਦੇ ਫੈਸਲੇ ਵਿਰੁੱਧ ਸੁਪਰੀਮ ਕੋਰਟ ਵਿੱਚ ਅਰਜ਼ੀ ਦਿੱਤੀ ਸੀ । ਸੁਪਰੀਮ ਕੋਰਟ ਨੇ ਨਾਜ਼ ਫਾਊਂਡੇਸ਼ਨ (ਦਿੱਲੀ ਹਾਈ ਕੋਰਟ ਨੇ ਨਾਜ਼ ਫਾਊਂਡੇਸ਼ਨ ਦੀ ਅਰਜੀ ਤੇ ਫੈਸਲਾ ਸੁਣਾਇਆ ਸੀ ) ਅਤੇ ਕੇਂਦਰ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ। ਜਿ਼ਕਰਯੋਗ ਹੈ 3 ਜੁਲਾਈ ਨੂੰ ਦਿੱਲੀ ਹਾਈਕੋਰਟ ਨੇ ਉਕਤ ਸਮਾਜ ਸੇਵੀ ਸੰਸਥਾ ਦੀ 2001 ਵਿੱਚ ਦਾਖਲ ਕੀਤੀ ਯਾਜਿਕਾ ਤੇ ਆਪਣੇ ਫੈਸਲਾ ਦਿੰਦੇ ਹੋਏ ਕਿਹਾ ਸੀ ਕਿ ਬਾਲਗ ਸਮਲਿੰਗਤਾ ਅਪਰਾਧ ਨਹੀਂ । ਦਿੱਲੀ ਹਾਈ ਕੋਰਟ ਨੇ ਮੰਨਿਆ ਹੈ ਕਿ ਧਾਰਾ 377 ਨਾਲ ਸੰਵਿਧਾਨ ਦੇ ਅਨਛੇਦ 21 ਦੀ ਉਲੰਘਣਾ ਹੁੰਦੀ ਹੈ ਜੋ ਕਿ ਦੇਸ਼ ਦੇ ਨਾਗਰਿਕਾਂ ਨੂੰ ਜਿੰਦਗੀ ਅਤੇ ਸੁਤੰਤਰਤਾ ਦਾ ਅਧਿਕਾਰ ਦਿੰਦਾ ਹੈ। ਜਦਕਿ ਦੇਸ਼ ਦੇ 148 ਸਾਲ ਪੁਰਾਣੇ ਕਾਨੂੰਨ ਮੁਤਾਬਿਕ ਸਮਲਿੰਗਤਾ ਲਈ ਦਸ ਸਾਲ ਦੀ ਕੈਦ ਹੋ ਸਕਦੀ ਹੈ। 20 ਜੁਲਾਈ ਨੂੰ ਸੁਪਰੀਮ ਕੋਰਟ ਨੇ ਇਸ ਯਾਜਿਕਾ ਤੇ ਸੁਣਵਾਈ ਕਰਦਿਆਂ ਦਿੱਲੀ ਹਾਈਕੋਰਟ ਦੇ ਫੈਸਲੇ ਤੇ ਰੋਕ ਲਾਉਣ ਤੋਂ ਨਾਂਹ ਕਰ ਦਿੱਤੀ ਹੈ । ਮਾਨਯੋਗ ਸੁਪਰੀਮ ਕੋਰਟ ਨੇ ਕਿਹਾ ਕਿ ਕੇਂਦਰ ਸਰਕਾਰ 8 ਹਫ਼ਤਿਆਂ ਵਿੱਚ ਆਪਣਾ ਪੱਖ ਪੇਸ਼ ਕਰੇ । ਜ਼ਿਕਰਯੋਗ ਹੈ ਕਿ 4 ਜੁਲਾਈ ਨੂੰ ਜਦੋਂ ਦੇਸ਼ ਦੇ ਮਹਾਂਨਗਰਾਂ ਵਿੱਚ ਸਮਲਿੰਗੀਆਂ ਦੀ ਦੂਜੀ ਪਰੇਡ ਹੋਈ ਸੀ ਤਾਂ ਇਹ ਗੱਲ ਕਾਫੀ ਸਪੱਸ਼ਟ ਸਾਹਮਣੇ ਆ ਗਈ ਸੀ ਕਿ ਹੁਣ ਸਮਲਿੰਗੀ ਪਹਿਲਾਂ ਵਾਂਗ ਲੁਕੇ ਨਹੀਂ ਬਲਕਿ ਸ਼ਰੇਆਮ ਸਮਾਜ ਵਿੱਚ ਵਿਚਰਨ ਦੀ ਹਿੰਮਤ ਰੱਖਦੇ ਹਨ । ਇਸ ਪਰੇਡ ਤੋਂ ਕੁਝ ਦਿਨ ਪਹਿਲਾਂ ਹੀ ਕੇਂਦਰੀ ਕਾਨੂੰਨ ਮੰਤਰੀ ਨੇ ਧਾਰਾ 377 ਨੂੰ ਖਤਮ ਕਰਨ ਬਾਰੇ ਵੀ ਬਿਆਨਬਾਜ਼ੀ ਕੀਤੀ ਸੀ । ਜਿਸਨੂੰ ਵਿਰੋਧੀ ਧਿਰ ਦੇ ਆਗੂਆਂ ਦੀ ਸਿਆਸੀ ਦੂਸ਼ਣਬਾਜ਼ੀ ਕਾਰਨ ਆਪਣੇ ਬਿਆਨ ਤੋਂ ਪਲਟਣਾ ਪਿਆ ਸੀ। ਅਜਮੇਰ ( ਰਾਜਸਥਾਨ) ਤੋਂ ਇੱਕ ਵਿਅਕਤੀ ਨੇ ਅਦਾਲਤ ਵਿੱਚ ਬੇਨਤੀ ਕੀਤੀ ਹੈ ਕਿ ਸਮਲਿੰਗੀਆਂ ਦੀ ਪਛਾਣ ਕਰਕੇ ਉਨ੍ਹਾਂ ਸ਼ਹਿਰ ਤੋਂ ਦੂਰ ਕਿਸੇ ਕਾਲੋਨੀ ਵਿੱਚ ਰੱਖਿਆ ਜਾਵੇ ਤਾਂ ਜੋ ਸਮਾਜ ਉੱਤੇ ਇਸਦਾ ਬੁਰਾ ਪ੍ਰਭਾਵ ਨਾ ਪਵੇ । ਕੁਝ ਕੁ ਧਾਰਮਿਕ ਸੰਗਠਨਾਂ ਨੇ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਕਿਸੇ ਸਮਲਿੰਗੀ ਨੂੰ ਧਾਰਮਿਕ ਸਥਾਨ ਉਪਰ ਵਿਆਹ ਨਹੀਂ ਕਰਨ ਦੇਣਗੇ ।
ਗੱਲ ਮੁੱਕਦੀ ਕਿ ਇਸ ਵਿਸ਼ਾ ਬਹੁਤ ਹੀ ਸੰਵੇਦਨਸ਼ੀਲ ਹੈ ਹਾਲੇ ਸਾਡੇ ਦੇਸ਼ ਦੇ ਲੋਕ “ਨਵਾਬੀ ਸੌ਼ਕ” ਪਾਲਣ ਤੋਂ ਪਹਿਲਾਂ ਮੌਲਿਕ ਲੋੜਾਂ ਤੋਂ ਵਾਂਝੇ ਹਨ । ਸਰਕਾਰ / ਸਮਾਜ ਸੇਵੀ ਸੰਸਥਾਵਾਂ ਨੂੰ ਚਾਹੀਦਾ ਹੈ ਕਿ ਉਹ ਪਹਿਲਾਂ ਦੇਸ਼ ਵਾਸ਼ੀਆਂ ਦੀਆਂ ਮੌਲਿਕ ਲੋੜਾਂ ਪੂਰੀਆਂ ਕਰਨ ਵੱਲ ਧਿਆਨ ਦੇਣ । ਅਜਿਹੇ ਮਸਲੇ ਹਾਲੇ ਰੱਜੇ ਪੁੱਜੇ ਦੇਸ਼ਾਂ ਦੇ ਲੋਕਾਂ ਵਾਸਤੇ ਠੀਕ ਹਨ। ਸਾਡੇ ਲੋਕਾਂ ਨੂੰ ਪੀਣ ਲਈ ਸਾਫ਼ ਪਾਣੀ ਅਤੇ ਖਾਣ ਲਈ ਰੋਟੀ ਵਰਗੀਆਂ ਬੁਨਿਆਦੀ ਲੋੜਾਂ ਚਾਹੀਦੀਆਂ ਹਨ।
ਸਮਲਿੰਗਤਾਂ ਹਰ ਧਰਮ, ਸਿਆਸਤ ਅਤੇ ਹਰ ਪੱਧਰ ਦੇ ਚੱਲ ਰਹੀ ਹੈ ਬੀ.ਬੀ.ਸੀ. ਦੀ ਇੱਕ ਰਿਪੋਰਟ ਅਨੁਸਾਰ ਭਾਰਤ ਦੀ ਰਾਜਨੀਤੀ ਵਿੱਚ ਕਈ ਵੱਡੀਆਂ ਹਸਤੀਆਂ ਆਪਣੀ “ ਅਲੱਗ ਤਰ੍ਹਾਂ ਦੀ ਰੰਗੀਨ ਮਿਜਾਜੀ ” ਲਈ ਮਸ਼ਹੂਰ/ ਬਦਨਾਮ ਹਨ । ਰਿਪੋਰਟ ਮੁਤਾਬਿਕ ਦੇਸ਼ ਦੇ ਕਈ ਨਵਾਬ ਸਮਲਿੰਗੀ ਸਨ , ਜਿਸ ਕਰਕੇ ਸਮਲਿੰਗੀ ਨੂੰ “ਨਵਾਬੀ ਸ਼ੌਕ” ਨਾਲ ਵੀ ਸੰਬੋਧਨ ਕੀਤਾ ਜਾਂਦਾ ਹੈ । ਫਿਰ ਇਸ ਲਈ ਅਦਾਲਤ ਤੋਂ ਇਸ ਮਾਮਲੇ ਉੱਪਰ ਮੋਹਰ ਲਗਵਾਉਣ ਦੀ ਕੀ ਜਰੂਰਤ ਸੀ । ਪਹਿਲਾ ਵੀ ਢਕੀ ਰਿੱਝ ਰਹੀ ਸੀ ।

..........

"ਕੀ ਅਸੀਂ ਸੱਚਮੁੱਚ ਹੀ ਦੇਸੀ ਹਾਂ?" -ਰਿਸ਼ੀ ਗੁਲਾਟੀ, ਆਸਟ੍ਰੇਲੀਆ

"ਕੀ  ਅਸੀਂ  ਸੱਚਮੁੱਚ  ਹੀ  ਦੇਸੀ  ਹਾਂ?"  -ਰਿਸ਼ੀ ਗੁਲਾਟੀ, ਆਸਟ੍ਰੇਲੀਆ
ਉਂਝ ਤਾਂ ਪਾਠਕ ਵੀਰੋ ਤੁਸੀਂ ਸਭਨਾਂ ਨੇ ਇਹ ਗੱਲ ਸੁਣੀ ਹੀ ਹੋਵੇਗੀ | ਚਲੋ ਕੋਈ ਨਾ, ਅੱਜ ਦੋਬਾਰਾ ਸਾਂਝੀ ਕਰਦੇ ਹਾਂ | ਕਿਸੇ ਹੋਰ ਕੌਮ ਦੀ ਕੁੜੀ ਦਾ ਕਿਸੇ ਮਾੜੇ ਜੱਟ ਦੇ ਮੁੰਡੇ ਨਾਲ ਵਿਆਹ ਹੋ ਗਿਆ | ਜੇਕਰ ਘਰ ਮਾੜੇ ਜੱਟ ਦਾ ਹੈ ਤਾਂ ਘਰ ਦੀ ਕੇਹੀ ਹਾਲਤ ਹੋਵੇਗੀ, ਅੰਦਾਜ਼ਾ ਲਗਾਉਣਾ ਮੁਸ਼ਕਿਲ ਨਹੀਂ ਹੈ | "ਪਾਣੀ ਵਾਰਨੇ" ਤੇ ਉਸ ਸੱਜ ਵਿਆਹੀ ਮੁਟਿਆਰ ਨੂੰ ਅਜੀਬ ਜਿਹੇ ਮੁਸ਼ਕ ਦਾ ਅਹਿਸਾਸ ਹੋਇਆ ਪਰ ਮਾਰੇ ਸ਼ਰਮ ਦੇ ਕਿਸੇ ਨੂੰ ਕੁਝ ਕਹਿ ਨਾ ਸਕੀ | ਮੂੰਹ ਦਿਖਾਈ ਤੇ ਹੋਰ ਰਸਮਾਂ-ਰਿਵਾਜਾਂ ਤੋਂ ਬਾਅਦ ਰਤਾ ਹਨੇਰਾ ਹੋਣ ਤੇ ਉਸ ਮੁਟਿਆਰ ਨੂੰ ਚਾਰ ਹੋਰ ਕੁੜੀਆਂ ਚੁੰਨੀ ਦਾ ਪੱਲਾ ਮੂੰਹ 'ਚ ਦੇ ਕੇ ਦੰਦੀਆਂ ਕੱਢਦੀਆਂ "ਸੁਹਾਗ ਕਮਰੇ" 'ਚ ਛੱਡ ਗਈਆਂ | "ਸੁਹਾਗ ਕਮਰਾ" ਡੰਗਰਾਂ ਦੇ ਵਰਾਂਡੇ ਦੇ ਨਾਲ਼ ਸੀ, ਜਿਸਦੇ ਅੱਗੇ ਪੱਲੀਆਂ ਟੰਗੀਆਂ ਹੁੰਦੀਆਂ ਨੇ, ਉਹ ਵੀ ਕੇਵਲ ਸਰਦੀਆਂ 'ਚ | ਕੁੜੀਆਂ ਜਦ ਚਲੀਆਂ ਗਈਆਂ ਤਾਂ ਪਹਿਲਾਂ ਤਾਂ ਸੱਜ ਵਿਆਹੀ ਨੇ ਆਪਣਾ ਘੁੰਡ ਆਪ ਹੀ ਚੁੱਕ ਕੇ ਨੱਕ ਅੱਗੇ ਹਵਾ ਕੀਤੀ, ਮਤੇ ਮੁਸ਼ਕ ਨੂੰ ਕੋਈ ਫ਼ਰਕ ਪੈ ਜਾਵੇ | ਜਦ ਕੋਈ ਫ਼ਰਕ ਨਾ ਪਿਆ ਤਾਂ ਉਸ ਬੈੱਡ ਦੇ ਥੱਲੇ ਪਈ ਘਰ ਵਾਲੇ ਦੀ ਪੁਰਾਣੀ ਜੁੱਤੀ ਪੈਰਾਂ 'ਚ ਅੜਾਈ ਤੇ ਕਮਰੇ 'ਚ ਪਏ ਸੰਦੂਕਾਂ ਮਗਰ ਤੱਕਿਆ, ਕਿ ਕਮਰੇ 'ਚ ਹੀ ਕੋਈ ਚੂਹਾ ਆਦਿ ਨਾ ਮਰਿਆ ਪਿਆ ਹੋਵੇ | ਏਨੇ ਨੂੰ ਲਾੜਾ ਸਾਹਿਬ ਵੀ ਅੰਦਰ ਆਏ ਤੇ ਕਮਰੇ ਦੀ ਕੁੰਡੀ ਚੜ੍ਹਾ ਕੇ ਦਿਲ 'ਚ ਅਣਗਿਣਤ ਅਰਮਾਨ 'ਕੱਠੇ ਕਰਕੇ ਬੈੱਡ ਵੱਲ ਨਿਗ੍ਹਾ ਮਾਰੀ, ਪਰ ਉੱਥੇ ਕੀਹਨੇ ਹੋਣਾ ਸੀ |
"ਚੰਨੀਏ, ਨੀ ਚੰਨੀਏ.... ਕਿੱਥੇ ਐਂ ?" ਲਾੜਾ ਸਾਹਿਬ ਨੇ ਪੁੱਛਿਆ |
ਕੋਈ ਜੁਆਬ ਨਾ ਮਿਲਣ ਤੇ ਉਹ ਹੈਰਾਨ ਪ੍ਰੇਸ਼ਾਨ ਹੋ ਕੇ ਬਾਹਰ ਨਿੱਕਲਿਆ ਤੇ "ਚੰਨੀ" ਨੂੰ ਏਧਰ ਓਧਰ ਤੱਕਿਆ ਤੇ ਨਜ਼ਰ ਨਾ ਆਉਣ ਤੇ ਘਰ ਦਿਆਂ ਨੂੰ ਦੱਸਿਆ | ਸਾਰਾ ਟੱਬਰ ਲੱਭ ਲਭਾ ਕੇ ਮੁੜ "ਸੁਹਾਗ ਕਮਰੇ" 'ਚ ਆਇਆ ਤਾਂ ਨਜ਼ਰ ਪਈ ਕਿ "ਚੰਨੀ" ਤਾਂ ਪੇਟੀਆਂ ਮਗਰ ਝਾਤੀਆਂ ਮਾਰ ਰਹੀ ਸੀ |
"ਚੰਨੀਏ... ਮੇਰਾ ਮਤਲਬ ਗੁਰਨਾਮੋ... ਏਥੇ ਕੀ ਕਰਨ ਡਹੀਂ ਹੈ ?" ਲਾੜਾ ਸਾਹਿਬ ਨੇ ਪੁੱਛਿਆ |
"ਉਹ ਜੀ... ਉਹ ਜੀ... ਮੇਰਾ ਮਤਬਲ਼.. ਉਹ ਜੀ..." ਨਵ ਵਿਆਹੀ ਛਾਪਾ ਪੈਣ ਤੇ ਇੱਕ ਦਮ ਘਬਰਾ ਗਈ |
"ਕੋਈ ਨਾ ਪੁੱਤ, ਕਰੋ 'ਰਾਮ ਤੁਸੀਂ | ਨੂੰਹ ਰਾਣੀ ਥੱਕੀ ਹੋਣੀ ਐ |" ਕਿਸੇ ਸਿਆਣੀ ਜ਼ਨਾਨੀ ਨੇ ਗੱਲ ਸੰਭਾਲੀ ਤੇ ਸਭ ਨੂੰ ਬਾਹਰ ਲੈ ਤੁਰੀ | ਪਰ ਲਾੜਾ ਸਾਹਿਬ ਨੂੰ ਚੈਨ ਕਿੱਥੇ ? ਘੁੰਡ ਤਾਂ ਪਹਿਲਾਂ ਹੀ ਚੁੱਕਿਆ ਗਿਆ ਸੀ, ਮੁੜ ਉਹੀ ਗੱਲ ਲੈ ਬੈਠੇ |
"ਉਹ ਜੀ... ਗੱਲ ਇਹ ਸੀ... ਤੁਸੀਂ ਗੁੱਸਾ ਤਾਂ ਨਹੀਂ ਕਰਦੇ ?"
"ਨਾ ਹੁਣ ਕੁਸ਼ ਦੱਸੇਂਗੀ ਵੀ ਕਿ..."
"ਗੱਲ ਇਉਂ ਸੀ ਜੀ ਕਿ ਜਦੋਂ ਦੀ ਮੈਂ ਘਰੇ ਆਈ ਆਂ, ਅਜੀਬ ਜਿਹਾ ਮੁਸ਼ਕ ਮੇਰੇ ਡਮਾਕ ਨੂੰ ਚੜੀ ਜਾਂਦੈ, ਮੈਂ ਦੇਖਦੀ ਸੀ ਕਿਤੇ ਕੋਈ ਚੂਹਾ-ਚਾਹਾ ਤਾਂ ਨਹੀਂ ਮਰਿਆ ਪਿਆ |"
"ਮੈਨੂੰ ਤਾਂ ਕੋਈ ਮੁਸ਼ਕ ਨਹੀਂ ਆਇਆ |" ਲਾੜਾ ਸਾਹਿਬ ਨੇ ਡੂੰਘਾ ਸਾਹ ਭਰ ਕੇ ਕਿਹਾ |
"ਪਤਾ ਨਹੀਂ ਜੀ... ਮੈਨੂੰ ਤਾਂ ਸਾਹ ਲੈਣਾ ਔਖਾ ਹੋਇਆ ਪਿਐ |"
"ਚੱਲ ਕੋਈ ਨਾ, ਤੜਕੇ ਦੇਖਾਂਗੇ ਫੇਰ |"
ਨੂੰਹ ਰਾਣੀ ਨੇ ਰਾਤ ਬੜੀ ਔਖੀ ਕੱਟੀ ਤੇ ਰਾਤ ਨੂੰ "ਬਾਹਰ" ਜਾਣ ਦੇ ਪੱਜ ਦੇਖ ਆਈ ਕਿ ਮੁਸ਼ਕ ਤਾਂ ਡੰਗਰਾਂ ਵਾਲੇ ਵਰਾਂਡੇ 'ਚੋਂ ਆ ਰਿਹਾ ਸੀ | ਅਗਲੀ ਸਵੇਰ ਬਹੁਕਰ ਤੇ ਪਾਣੀ ਦੀ ਬਾਲਟੀ ਚੁੱਕੀ ਤੇ ਡੰਗਰਾਂ ਵਾਲੇ ਵਰਾਂਡੇ 'ਚ ਜਾ ਖੜੀ ਹੋਈ | ਵਰਾਂਡੇ ਦੇ ਫ਼ਰਸ਼ 'ਤੇ "ਦੇ ਰਗੜੇ ਤੇ ਰਗੜਾ", "ਦੇ ਰਗੜੇ ਤੇ ਰਗੜਾ" | ਅਵਾਜ਼ ਸੁਣ ਸਾਰਾ ਟੱਬਰ ਉੱਠ ਖੜਾ ਹੋਇਆ |
"ਧੀਏ, ਇਹ ਕੀ ਕਰਨ ਲੱਗੀਂ ਏਂ ? ਅਜੇ ਸੁੱਖ ਨਾਲ਼ ਕੱਲ ਤਾਂ ਆਈਂ ਏ ਤੇ ਬਹੁਕਰ ਵੀ ਫੜ ਲਈ |"
"ਬੇਬੇ ਜੀ, ਸਾਰੀ ਰਾਤ ਮੁਸ਼ਕ ਆਉਂਦਾ ਰਿਹਾ, ਫਰਸ਼ ਧੋ ਕੇ ਮੁਸ਼ਕ ਤੋਂ ਤਾਂ ਬਚ ਜਾਵਾਂਗੀ | ਮੁਸ਼ਕ ਤਾਂ ਮੈਂ ਮੁਕਾ ਹੀ ਦੇਣੀ ਐ |" ਨੂੰਹ ਰਾਣੀ ਨੇ ਬੇਬੇ ਦੇ ਪੈਰੀਂ ਹੱਥ ਲਾਉਂਦਿਆਂ ਕਿਹਾ |
"ਜੁੱਗ-ਜੁੱਗ ਜੀਵੇਂ, ਜਵਾਨੀਆਂ ਮਾਣੇ, ਦੁੱਧੀ-ਪੁੱਤੀਂ ਫਲੇਂ !!! ਕੋਈ ਨਾ ਪੁੱਤ, ਸਾਰੀ ਉਮਰ ਪਈ ਏ ਕੰਮ ਕਰਨ ਲਈ, ਫ਼ਰਸ਼ ਅਸੀਂ ਧੋ ਦਿਆਂਗੀਆਂ |" ਬੇਬੇ ਨੇ ਅਸੀਸਾਂ ਦੀ ਝੜੀ ਲਗਾ ਦਿੱਤੀ |
ਬੇਬੇ ਨੇ ਬਹੁਕਰ ਫੜ ਲਈ ਪਰ ਨੂੰਹ ਰਾਣੀ ਕਿਹੜਾ ਘੱਟ ਸੀ, ਨਿੱਤ ਤੜਕੇ ਉੱਠ ਸਭ ਤੋਂ ਪਹਿਲਾ ਕੰਮ ਇਹੀ ਫੜ ਲਿਆ | ਪਾਣੀ ਦੀ ਬਾਲਟੀ ਤੇ ਬਹੁਕਰ ਲੈ ਕੇ ਫ਼ਰਸ਼ ਰਗੜਨਾ | ਕੁਝ ਦਿਨਾਂ 'ਚ ਉਸਦਾ ਨੱਕ ਮਰ ਗਿਆ ਤੇ ਮੁਸ਼ਕ ਆਉਣੀ ਬੰਦ ਹੋ ਗਈ |
"ਵੇਖਿਆ ਬੇਬੇ ਜੀ, ਮੈਂ ਕਹਿੰਦੀ ਸੀ ਨਾ, ਪਈ ਮੁਸ਼ਕ ਨੂੰ ਆਉਣੋਂ ਹਟਾ ਦੇਣਾ, ਹੁਣ ਆਉਂਦੀ ਐ ਕਿਤੇ ਮੁਸ਼ਕ ?" ਉਹ ਆਪਣੀ ਪ੍ਰਾਪਤੀ ਤੇ ਬੜੀ ਖੁਸ਼ ਹੁੰਦੀ |
"ਹਾਂ ਪੁੱਤ" ਕਹਿ ਕੇ ਬੇਬੇ ਮੁਸ਼ਕੜੀਏਂ ਹੱਸ ਪੈਂਦੀ, ਕਿਉਂ ਜੋ ਉਹ ਸਮਝ ਗਈ ਸੀ ਕਿ ਨੂੰਹ ਦਾ ਨੱਕ ਮੁਸ਼ਕ ਤੋਂ ਮਰ ਗਿਆ ਹੈ | ਪਰ ਆਸਟ੍ਰੇਲੀਆ 'ਚ ਛੇ ਮਹੀਨੇ ਬੀਤਣ ਦੇ ਬਾਵਜੂਦ ਭਾਰਤੀਆਂ ਖਾਸ ਤੌਰ ਤੇ ਪੰਜਾਬੀਆਂ ਵੱਲੋਂ ਆਪਣੇ ਭਰਾਵਾਂ ਲਈ ਵਰਤੇ ਜਾਂਦੇ "ਦੇਸੀ" ਸ਼ਬਦ ਤੋਂ ਮੇਰਾ ਨੱਕ ਨਹੀਂ ਮਰ ਰਿਹਾ | ਇਸ ਸ਼ਬਦ ਦੇ "ਇਤਿਹਾਸ" ਬਾਰੇ ਕਈ ਇੱਥੇ ਵਸਦੇ ਕਈ ਪੁਰਾਣੇ ਪੰਜਾਬੀਆਂ ਤੋਂ ਪਤਾ ਕਰਨ ਦੀ ਕੋਸ਼ਿਸ਼ ਕੀਤੀ ਪਰ ਨਾਕਾਮ ਰਿਹਾ | ਭਾਰਤ ਵਿੱਚ ਅੰਗਰੇਜ਼ਾਂ ਦੇ ਟਾਇਮ "ਸਵਦੇਸ਼ੀ" ਸ਼ਬਦ ਦੀ ਬੜੀ ਵਰਤੋਂ ਕੀਤੀ ਜਾਂਦੀ ਸੀ, ਜਿਸਦਾ ਮਤਲਬ ਸੀ ਕਿ ਆਪਣੇ ਦੇਸ਼ 'ਚ ਬਣੀਆਂ ਵਸਤੂਆਂ | ਉਦੋਂ ਵਿਦੇਸ਼ੀ ਵਸਤੂਆਂ ਨੂੰ ਜਲਾਇਆ ਵੀ ਜਾਂਦਾ ਸੀ ਤੇ ਆਪਣੇ ਦੇਸ਼ 'ਚ ਬਣੀਆਂ ਵਸਤੂਆਂ ਦੀ ਵਰਤੋਂ ਕਰਨ ਦਾ ਪ੍ਰਚਾਰ ਕੀਤਾ ਜਾਂਦਾ ਸੀ | ਹੋ ਸਕਦਾ ਹੈ ਕਿ ਇਹ ਸ਼ਬਦ ਉੱਥੋਂ ਨਾ ਆਇਆ ਹੋਵੇ, ਇਸ ਦਾ ਮਤਲਬ ਇਹ ਕੱਢਿਆ ਗਿਆ ਹੋਵੇ ਕਿ ਆਪਣਾ ਭਾਈਬੰਦ, ਆਪਣੇ ਦੇਸ਼ ਦਾ ਬੰਦਾ ਜਾਂ ਆਪਣਾ "ਦੇਸ਼ੀ ਭਰਾ" ਪਰ ਦੇਸ਼ੀ ਤੇ ਦੇਸੀ ਦੇ ਫ਼ਰਕ ਨੇ ਮੁੜ ਭੰਬਲਭੂਸੇ 'ਚ ਪਾ ਦਿੱਤਾ | ਦੂਜਾ ਪੱਖ ਹੈ, ਕਿਸੇ ਨੂੰ ਵਿਅੰਗ ਨਾਲ਼ ਜਾਂ ਗੱਲਾਂ ਹੀ ਗੱਲਾਂ 'ਚ ਭੁੰਜੇ ਲਾਹੁਣ ਲਈ ਦੇਸੀ ਕਹਿਣਾ | ਉਦਾਹਰਣ ਦੇ ਤੌਰ ਤੇ ਜੇ ਕਿਸੇ ਨੇ ਅਜਿਹਾ ਕੰਮ ਕਰ ਦਿੱਤਾ ਜੋ ਦੂਜੇ ਨੂੰ ਪਸੰਦ ਨਹੀਂ ਤਾਂ ਇਹ ਵੀ ਕਹਿੰਦੇ ਸੁਣਿਆ ਜਾ ਸਕਦਾ ਹੈ "ਚੱਲ ਸਾਲਾ ਦੇਸੀ ਜਿਹਾ ਨਾ ਹੋਵੇ ਤਾਂ |" ਕੀ ਇਹ ਇੱਕ ਅਜਿਹਾ ਸ਼ਬਦ ਹੈ ਜਿਸ ਨਾਲ਼ ਸਾਡੀ ਇੱਜ਼ਤ ਜਾਂ ਸ਼ਾਨ 'ਚ ਵਾਧਾ ਹੁੰਦਾ ਹੈ ? ਜੇਕਰ ਨਹੀਂ ਤਾਂ ਮੁੜ ਅਜਿਹੇ ਸ਼ਬਦ ਦੀ ਵਰਤੋਂ ਕਿਉਂ ? ਕੀ ਸਾਡੀ ਆਪਣੀ ਕੋਈ ਇੱਜ਼ਤ ਨਹੀਂ ਹੈ ? ਪੰਜਾਬ 'ਚ ਰਹਿੰਦਿਆਂ ਜੇਕਰ ਕੋਈ ਉਂਗਲ ਵੀ ਕਰ ਦਿੰਦਾ ਸੀ ਤਾਂ ਬਰਦਾਸ਼ਤ ਨਹੀਂ ਸੀ ਹੁੰਦਾ ਪਰ ਇੱਥੇ ਆ ਕੇ ਕਿਉਂ ਆਪਣੀ ਇੱਜ਼ਤ ਦਾ ਫਲੂਦਾ ਕਰਨ ਤੇ ਤੁਲੇ ਹੋਏ ਹਾਂ ? ਅਸੀਂ "ਦੇਸੀ" ਕਿੱਥੋਂ ਹੋ ਗਏ, ਜਦ ਕਿ ਅਸੀਂ ਆਪਣੀ ਕਾਬਲੀਅਤ ਸਿੱਧ ਕਰ, ਦੂਜੇ ਮੁਲਕ 'ਚ ਪੜ੍ਹਨ ਲਈ ਆਏ ਹੋਏ ਹਾਂ | ਯਾਰੋ, ਦੂਸਰੇ ਮੁਲਕਾਂ ਦੀਆਂ ਪਾਰਲੀਮੈਂਟਾਂ ਸਾਡੇ ਪੰਜਾਬੀ ਭਰਾ ਬੈਠੇ ਹੋਏ ਨੇ, ਅਸੀਂ ਪੰਜਾਬੀਆਂ ਨੇ ਅੰਤਰ-ਰਾਸ਼ਟਰੀ ਪੱਧਰ ਤੇ ਬੜੀਆਂ ਮੱਲਾਂ ਮਾਰੀਆਂ ਨੇ | ਬੇਗਾਨੇ ਮੁਲਕਾਂ 'ਚ ਸਾਡੇ ਨਾਲੋਂ ਕਈ ਗੁਣਾ ਵੱਧ ਰਫ਼ਤਾਰ ਨਾਲ਼ ਚੱਲ ਰਹੇ ਜ਼ਮਾਨੇ ਦੇ ਮੋਢੇ ਨਾਲ਼ ਮੋਢਾ ਮਿਲਾ ਕੇ ਚੱਲ ਰਹੇ ਹਾਂ | ਅਸੀਂ ਪੰਜਾਬ 'ਚ ਵੀ ਬੜੀ ਤਰੱਕੀ ਕੀਤੀ ਹੈ | ਕਿਸਾਨ ਦਾ ਪੁੱਤ ਕੇਵਲ "ਪਰਾਣੀ" ਨਾਲ਼ ਬਲ਼ਦ ਹੱਕਣ ਜੋਗਾ ਨਹੀਂ ਰਿਹਾ, ਸਗੋਂ ਬਥੇਰੇ ਨੌਜਵਾਨ ਆਧੁਨਿਕ ਖੇਤੀ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਆਸਟ੍ਰੇਲੀਆ ਦੀਆਂ ਯੂਨੀਵਰਸਿਟੀਆਂ 'ਚ ਪੜ੍ਹ ਰਹੇ ਨੇ | ਸਾਨੂੰ ਤਾਂ ਆਪਣੀਆਂ ਪ੍ਰਾਪਤੀਆਂ ਤੇ ਮਾਣ ਹੋਣਾ ਚਾਹੀਦਾ ਹੈ, ਕੇਵਲ ਇੱਕ ਸ਼ਬਦ ਵਰਤ ਕੇ ਕਿਸੇ ਹੋਰ ਦੀ ਨਹੀਂ, ਸਗੋਂ ਆਪਣੀ ਖ਼ੁਦ ਦੀ ਹੀ "ਲੱਸੀ" ਕਰ ਰਹੇ ਹਾਂ !!!
ਇਹ ਵੀ ਸੱਚ ਹੈ ਕਿ ਕਈ ਸਾਡੇ ਵੀਰ ਇੱਥੇ ਆ ਕੇ ਹਰਕਤਾਂ ਤਾਂ ਅਜਿਹੀਆਂ ਕਰਦੇ ਹਨ ਕਿ ਵਾਕਿਆ ਹੀ "ਦੇਸੀ" ਜਾਪਦੇ ਹਨ | ਮੇਰੇ ਮਿੱਤਰ ਸ੍ਰ. ਹਰਵਿੰਦਰ ਸਿੰਘ ਗਰਚਾ, ਜੋ ਕਿ ਰਿਵਰਲੈਂਡ ਰੇਡੀਓ ਤੋਂ ਹਰ ਬੁੱਧਵਾਰ ਪੰਜਾਬੀ ਪ੍ਰੋਗਰਾਮ ਪ੍ਰਸਾਰਿਤ ਕਰਦੇ ਹਨ, ਨਾਲ਼ ਇਸ ਸ਼ਬਦ ਦੀ ਵਰਤੋਂ ਬਾਰੇ ਚਰਚਾ ਹੋਈ | ਉਹਨਾਂ ਨੇ ਕੁਝ "ਦੇਸੀ" ਘਟਨਾਵਾਂ ਦਾ ਜ਼ਿਕਰ ਕੀਤਾ, ਜੋ ਆਪ ਜੀ ਨਾਲ ਵੀ ਸਾਂਝੀਆਂ ਕਰਨੀਆਂ ਚਾਹਾਂਗਾ | ਨਿਊਜ਼ੀਲੈਂਡ 'ਚ ਕੀਵੀ ਫਲ ਉਗਾਇਆ ਜਾਂਦਾ ਹੈ | ਇਹ ਫਲ ਬਾਰਿਸ਼ ਹੋਣ ਤੇ ਨਹੀਂ ਤੋੜਿਆ ਜਾਂਦਾ ਤੇ ਕਾਮੇ ਅਕਸਰ ਹੀ ਖੇਤ ਦੇ ਮਾਲਕ ਨੂੰ ਪੁੱਛ ਜਾਂਦੇ ਹਨ ਕਿ ਕੱਲ ਮੌਸਮ ਕਿੱਦਾਂ ਦਾ ਰਹੇਗਾ, ਕਿਉਂ ਜੋ ਇਹਨਾਂ ਦੇਸ਼ਾਂ 'ਚ ਆਉਣ ਵਾਲੇ ਕੁਝ ਦਿਨਾਂ ਦੇ ਮੌਸਮ ਦੀ ਜਾਣਕਾਰੀ ਪ੍ਰਾਪਤ ਹੋ ਜਾਂਦੀ ਹੈ | ਇੱਕ ਪੰਜਾਬੀ ਵੀਰ ਨਿਊਜ਼ੀਲੈਂਡ ਨਵਾਂ-ਨਵਾਂ ਆਇਆ ਸੀ, ਨੇ ਸ਼ਾਮ ਨੂੰ ਖੇਤ ਦੇ ਮਾਲਕ ਨੂੰ ਅਗਲੇ ਦਿਨ ਦੇ ਮੌਸਮ ਬਾਰੇ ਪਤਾ ਕਰਨਾ ਸੀ | ਰੌਲਾ ਇਹ ਪੈ ਗਿਆ ਕਿ ਪੁੱਛੇ ਤਾਂ ਕਿੰਝ, ਕਿਉਂ ਜੋ ਅੰਗ੍ਰੇਜ਼ੀ ਵੱਲੋਂ ਉਸਦਾ ਹੱਥ ਕੁਝ ਤੰਗ ਸੀ | ਉਸਨੇ ਇੱਕ "ਦੇਸੀ" ਸਕੀਮ ਲੜਾਈ | ਖੇਤ ਦੇ ਗੋਰੇ ਮਾਲਕ ਨੂੰ ਪਾਣੀ ਕੋਲ ਲੈ ਗਿਆ | ਪਾਣੀ ਦਾ ਬੁੱਕ ਭਰ ਕੇ ਉਤਾਂਹ ਵੱਲ ਉਛਾਲਿਆ ਤੇ ਗੋਰੇ ਨੂੰ ਪਾਣੀ ਵੱਲ ਇਸ਼ਾਰਾ ਕਰਕੇ ਪੁੱਛਦਾ "ਟੁਮਾਰੋ" ? ਦੋਬਾਰਾ ਫੇਰ ਪਾਣੀ ਉਤਾਂਹ ਵੱਲ ਉਛਾਲਿਆ ਤੇ ਗੋਰੇ ਨੂੰ ਪੁੱਛਿਆ "ਟੁਮਾਰੋ" ? ਨਹੀਂ ਸਮਝੇ ਪਾਠਕ ਵੀਰੋ ? ਗੱਲ ਇੱਦਾਂ ਹੈ ਕਿ ਜਦ ਪਾਣੀ ਉੱਪਰ ਉਛਾਲਿਆ ਤਾਂ ਉਹ ਥੱਲੇ ਕਣੀਆਂ ਵਾਂਗ ਡਿੱਗਿਆ | ਗੋਰੇ ਨੂੰ ਪੁੱਛਦਾ ਕਿ ਕੀ ਕੱਲ ਮੀਂਹ ਆਵੇਗਾ ਜਾਂ ਨਹੀਂ |
ਸ੍ਰæ ਗਰਚਾ ਨੇ ਇੱਕ ਮਜ਼ੇਦਾਰ ਘਟਨਾ ਹੋਰ ਦੱਸੀ ਕਿ ਕਿਸੇ ਖੇਤ 'ਚ ਕਾਮਿਆਂ ਨੇ ਰੋਟੀਆਂ ਵਾਲਾ ਪੌਣਾ ਦਰਖਤ ਦੇ ਥੱਲੇ ਰੱਖ ਦਿੱਤਾ | ਹੁਣ ਰੋਟੀਆਂ ਗਿਣ ਕੇ ਨਹੀਂ ਚਿਣ ਕੇ ਪਕਾਈਆਂ ਹੋਈਆਂ ਸਨ, ਕਿ ਡੇਢ ਗਿੱਠ ਜਾਂ ਦੋ ਗਿੱਠ ਰੋਟੀਆਂ ਹੋ ਗਈਆਂ, ਚੱਲੋ ਬੜੀਆਂ ਨੇ | ਗੋਰੇ ਮਾਲਕ ਦਾ ਕੁੱਤਾ ਆਇਆ ਤੇ ਉਸਨੇ ਜਦ ਰੋਟੀਆਂ ਦਾ "ਟਾਵਰ" ਦੇਖਿਆ ਤਾਂ ਉਸਨੂੰ ਵੀ ਕੋਈ ਭੁਲੇਖਾ ਪੈ ਗਿਆ ਤੇ ਇਹ ਤਾਂ ਆਪਾਂ ਨੂੰ ਪਤਾ ਹੀ ਹੈ ਕਿ ਕੁੱਤਾ "ਹੌਲਾ" ਹੋਣ ਤੋਂ ਪਹਿਲਾਂ ਉਸ ਥਾਂ ਨੂੰ ਸੁੰਘਦਾ ਹੈ | ਕੁੱਤੇ ਨੇ ਰੋਟੀਆਂ ਵਾਲਾ ਪੌਣਾ ਸੁੰਘਿਆ ਹੀ ਸੀ ਕਿ ਕਿਸੇ ਕਾਮੇ ਦੀ ਨਿਗ੍ਹਾ ਪੈ ਗਈ | ਉਸ "ਹੁਰਰਰਰ... ਹੁਰਰਰਰਰ..." ਕਹਿਕੇ ਤੇ ਡਲਾ ਚਲਾ ਕੇ ਕੁੱਤਾ ਤਾਂ ਭਜਾ ਦਿੱਤਾ ਪਰ ਉਸਨੂੰ ਗੁੱਸਾ ਆ ਗਿਆ | ਲੋਹਾ ਲਾਖ਼ਾ ਹੋਇਆ ਗੋਰੇ ਕੋਲ ਜਾ ਪੁੱਜਾ ਤੇ ਕੁੱਤੇ ਦੀ ਸ਼ਿਕਾਇਤ ਲਾਉਣ ਲੱਗਾ
"ਯੂ ਡੌਗ, ਈਟ ਮਾਈ ਲੰਚ |"
ਗੋਰਾ ਚੱਕਰਾਂ 'ਚ ਪੈ ਗਿਆ, ਇਹ ਬਾਈ ਕਹੀ ਕੀ ਜਾਂਦਾ ਹੈ ? ਉਸ ਪਾਰਡਨ ਕਿਹਾ |
ਕਾਮਾ ਵੀਰ ਕੁੱਤੇ ਵੱਲ ਇਸ਼ਾਰਾ ਕਰਕੇ ਕਹਿਣ ਲੱਗਾ "ਯੂ ਡੌਗ, ਈਟ ਮਾਈ ਲੰਚ |"
ਗੋਰੇ ਨੂੰ ਗੁੱਸਾ ਤਾਂ ਬੜਾ ਆਇਆ ਕਿ ਮੈਨੂੰ ਹੀ ਡੌਗ ਕਹੀ ਜਾਂਦਾ ਹੈ, ਪਰ ਜਲਦੀ ਠੰਢਾ ਵੀ ਹੋ ਗਿਆ ਕਿਉਂ ਜੋ ਉਹ ਸਮਝ ਗਿਆ ਸੀ ਕਿ ਸਾਹਮਣੇ ਗੱਲ ਕਰਨ ਵਾਲਾ "ਪਿਉਰ ਦੇਸੀ" ਹੈ | ਜਦ ਗੋਰੇ ਨੇ ਕਿਹਾ ਕਿ ਬਾਈ ਯਾਰ, ਬਾਕੀ ਤਾਂ ਸਾਰੀ ਗੱਲ ਤੇਰੀ ਸਹੀ ਹੈ ਪਰ "ਯੂ ਡੌਗ" ਕਿਉਂ ਕਹੀ ਜਾਂਦਾ ਹੈਂ, "ਯੂਅਰ ਡੌਗ" ਤਾਂ ਕਹਿ ਲੈ, ਤਾਂ ਕਾਮੇ ਨੂੰ ਏਧਰ ਓਧਰ ਝਾਕਣ ਤੋਂ ਇਲਾਵਾ ਕੁਝ ਨਾ ਸੁੱਝਿਆ |
ਅੱਜ ਕੱਲ ਅਜਿਹੇ ਨੌਜਵਾਨ ਆਪਣੀਆਂ ਘਰ ਵਾਲੀਆਂ ਨੂੰ ਪੜ੍ਹਾਈ ਕਰਵਾਉਣ ਦੇ ਬਹਾਨੇ ਆਸਟ੍ਰੇਲੀਆ ਆ ਰਹੇ ਨੇ, ਜਿਹੜੇ ਕਦੀ "ਬਠਿੰਡੇ" ਦੀ ਹੱਦ ਨਹੀਂ ਟੱਪੇ ਹੁੰਦੇ | ਦੂਸਰੇ ਮੁਲਕ 'ਚ ਆ ਕੇ ਅੰਤਰ-ਰਾਸ਼ਟਰੀ ਪੱਧਰ ਦੇ "ਮੈਨਰਜ਼" ਉਹਨਾਂ ਨੂੰ ਕਿੱਥੋਂ ਪਤਾ ਲੱਗ ਜਾਣਗੇ | ਉਹ ਤਾਂ ਇੰਝ ਹੀ ਵਰਤਾਓ ਕਰਦੇ ਨੇ ਜਿੱਦਾਂ "ਗੋਲੇਵਾਲੇ" ਬੈਠੇ ਹੋਣ | "ਸ਼ੁੱਧ ਦੇਸੀ ਵਰਤਾਓ" | ਅਜਿਹੀਆਂ ਹਰਕਤਾਂ ਕਿ ਨਾਲ਼ ਦਿਆਂ ਨੂੰ ਵੀ ਆਪਣੀ ਹੱਤਕ ਮਹਿਸੂਸ ਹੋਵੇ | ਕਿਸੇ ਹੋਰ ਦੀ ਸ਼ਾਨ ਦੇ ਖਿਲਾਫ ਬੋਲਣਾ ਆਪਣੀ ਸ਼ਾਨ ਸਮਝਿਆ ਜਾਂਦਾ ਹੈ | ਚੱਤੋ-ਪਹਿਰ ਗਾਲ੍ਹਾਂ ਦੇ "ਤੜਕੇ" ਲਗਾਏ ਜਾਂਦੇ ਨੇ | ਕਈਆਂ ਦੀ ਸਵੇਰ ਦੀ ਸ਼ੁਰੂਆਤ ਨਾਲ਼ ਸੁੱਤੇ ਪਏ ਨੂੰ ਉਠਾਉਣ ਨਾਲ ਹੁੰਦੀ ਹੈ |
"ਉੱਠ ਪੈ ਭੈਣ ਦਿਆ......, ਛੇ ਵੱਜ ਗਏ |"
ਇੱਕ ਪੁਰਾਣੀ ਘਟਨਾ ਯਾਦ ਆ ਗਈ | ਜਦ ਮੈਂ ਕੋਟਕਪੂਰੇ ਦੇ ਮਸ਼ਹੂਰ ਸਟੂਡੀਓ ਤੇ ਫੋਟੋਗ੍ਰਾਫ਼ੀ ਸਿੱਖ ਰਿਹਾ ਸੀ ਤੇ ਅਕਸਰ ਹੀ ਵਿਆਹਾਂ ਤੇ ਫੋਟੋਗ੍ਰਾਫ਼ੀ ਕਰਨ ਜਾਇਆ ਕਰਦੇ ਸੀ | ਇੱਕ ਦਫ਼ਾ ਸਟੂਡੀਓ ਵਾਲਿਆਂ ਦੇ "ਘਰ ਜਵਾਈ" ਨਾਲ਼ ਇੱਕ ਰਾਤ ਦੇ ਵਿਆਹ ਤੇ ਗਿਆ | ਵੱਡੇ ਤੜਕੇ ਸੌਂ ਗਏ ਤੇ ਜਦ ਡੋਲੀ ਦਾ ਟਾਈਮ ਹੋਇਆ...
"ਤੜਾਕ"
ਇੱਕ ਕਰਾਰਾ ਥੱਪੜ ਮੇਰੀ ਸੱਜੀ ਗੱਲ੍ਹ ਤੇ ਪਿਆ | ਹੜਬੜਾ ਕੇ ਉੱਠਿਆ | "ਜਵਾਈ ਰਾਜਾ" ਨੇ ਸਿਗਰਟ ਦਾ ਕਸ਼ ਲਗਾ ਕੇ  ਬੜੇ ਆਰਾਮ ਨਾਲ ਕਿਹਾ |
"ਉੱਠ ਜਾ ਬਈ, ਡੋਲੀ ਦਾ ਟਾਈਮ ਹੋ ਗਿਆ |"
ਅੱਜ ਤੱਕ ਸੁੱਤੇ ਨੂੰ ਉਠਾਉਣ ਦਾ ਇਹ ਤਰੀਕਾ ਬੜਾ ਘਟੀਆ ਲੱਗਦਾ ਸੀ ਪਰ ਇੱਥੇ ਆ ਕੇ ਉਠਾਉਣ ਦੇ ਤਰੀਕੇ ਦੇਖ ਕੇ ਵੀਹ ਸਾਲ ਪੁਰਾਣਾ ਰੋਸ ਘਟ ਗਿਆ |
ਸਾਡੇ ਭਾਈਚਾਰੇ ਦੀ ਇੱਕ ਹੋਰ ਸ਼ਿਕਾਇਤ ਜਿਸਤੋਂ ਤਕਰੀਬਨ ਸਾਰੇ ਹੀ ਦੁੱਖੀ ਹਨ, ਮੋਬਾਇਲ ਸੰਬੰਧੀ ਹੈ | ਅਕਸਰ ਹੀ ਬੱਸਾਂ 'ਚ "ਚਮਕੀਲੇ" ਹੋਰੀਂ ਸਾਡੇ ਸੱਭਿਆਚਾਰ ਦੀ ਮਿੱਟੀ ਪਲੀਦ ਕਰਦੇ ਨਜ਼ਰ ਆਉਂਦੇ ਹਨ | ਦੁੱਖ ਦੀ ਗੱਲ ਤਾਂ ਇਹ ਹੈ ਕਿ ਕੁਝ ਕੁ ਨੌਜਵਾਨ ਗੋਰੀਆਂ ਵੇਖ ਕੇ ਘੱਟ ਮੱਛਰਦੇ ਹਨ ਤੇ ਪੰਜਾਬੀ ਕੁੜੀ ਦੇਖ ਕੇ ਜ਼ਿਆਦਾ | ਉਹ ਕੁੜੀਆਂ ਵੀ ਕੀ ਕਰਨ ? ਕੋਈ ਬਾਹਰਲਾ ਤਾਂ ਪ੍ਰੇਸ਼ਾਨ ਨਹੀਂ ਕਰ ਰਿਹਾ | ਮੇਰੇ ਮਿੱਤਰ ਕੁਲਦੀਪ ਨੇ ਦੱਸਿਆ ਕਿ ਬੱਸ 'ਚ ਇੱਕ ਵੀਰ ਮੋਬਾਇਲ 'ਤੇ ਉੱਚੀ-ਉੱਚੀ "ਬੇਸ਼ਰਮ ਟਾਈਪ" ਦੇ ਗਾਣੇ ਚਲਾਈ ਜਾਂਦਾ ਸੀ | ਕੋਲ ਬੈਠੀ ਪੰਜਾਬੀ ਕੁੜੀ ਨੇ ਕੁਲਦੀਪ ਹੋਰਾਂ ਨੂੰ ਕਿਹਾ ਕਿ ਗਾਣੇ ਸੁਣਕੇ ਸ਼ਰਮ ਆਉਂਦੀ ਹੈ, ਬੰਦ ਕਰਵਾ ਦਿਓ | ਉਸਨੂੰ ਟੋਕਿਆ, ਪਰ ਕਿੱਥੇ ? ਜੇ ਇੱਕ ਵਾਰੀ ਕਹੀ ਗੱਲ ਸਮਝ ਆ ਗਈ ਤਾਂ ਗੱਲ ਹੀ ਕੀ ਹੋਈ ? ਅਜਿਹੇ ਲੋਕ ਬੇਫਜ਼ੂਲ ਬਹਿਸਬਾਜ਼ੀ ਤੇ ਝੂਠੇ ਹੰਕਾਰ 'ਚ ਤਾਂ ਨੰਬਰ ਇੱਕ ਹਨ | ਕੁਝ ਦਿਨ ਹੋਏ ਅਸ਼ੋ
ਕ ਐਸ਼ ਭੌਰਾ ਵੀਰ ਦੇ ਲੇਖ ਦੀਆਂ ਇਹ ਪੰਕਤੀਆਂ ਪੜ੍ਹ ਰਿਹਾ ਸਾਂ ਕਿ "ਚਮਕੀਲੇ" ਨੂੰ ਕਿਹਾ ਗਿਆ ਸੀ "ਤੇਰੇ ਗੀਤਾਂ ਦਾ ਸੈਂਸਰ ਤੇਰੀ ਭੈਣ ਹੈ, ਪਹਿਲਾਂ ਉਸਨੂੰ ਸੁਣਾ ਕੇ ਮੁੜਕੇ ਗਾਇਆ ਕਰ |" ਪਰ ਅਜਿਹਿਆਂ ਨੂੰ ਕੌਣ ਕੀ ਕਹੇ, ਕਿਵੇਂ ਸਮਝਾਈਏ ? ਇਹ ਵੀ ਆਪਣਾ ਹੀ ਫ਼ਰਜ਼ ਹੈ ਪਾੜ੍ਹਿਓ ਕਿ ਅਜਿਹੇ ਨੌਜਵਾਨਾਂ ਨੂੰ ਸਾਡੇ ਸੱਭਿਆਚਾਰ, ਸਾਡੇ ਵਿਰਸੇ ਤੇ ਸਾਡੀਆਂ ਧੀਆਂ-ਭੈਣਾਂ ਨੂੰ ਸ਼ਰਮਿੰਦਾ ਕਰਨ ਤੋਂ ਵਰਜੀਏ | ਅੱਜ ਤੁਸੀਂ ਬੇਸ਼ੱਕ ਔਖੇ ਹੋ, ਪ੍ਰੇਸ਼ਾਨ ਹੋ ਪਰ ਤੁਹਾਡੀ ਪੀੜ੍ਹੀ ਦੇ ਡਾਕਟਰ ਤੇ ਇੰਜੀਨੀਅਰ ਕਿਤੇ ਉੱਤੋਂ ਡਿੱਗ ਪੈਣੇ ਨੇ ? ਨਹੀਂ ਛੋਟੇ ਵੀਰੋ ! ਆਪਣੇ ਅੰਦਰ ਝਾਤੀ ਮਾਰ ਕੇ ਦੇਖੋ, ਤੁਹਾਡੇ 'ਚ ਹੀ ਡਾਕਟਰ ਤੇ ਇੰਜੀਨੀਅਰ ਵੱਸਦੇ ਨੇ, ਬੱਸ ਜ਼ਰੂਰਤ ਹੈ ਉਹਨਾਂ ਨੂੰ ਜਾਗ੍ਰਿਤ ਕਰਨ ਦੀ | ਤੁਹਾਡੇ ਮਾਪਿਆਂ ਦੀ ਆਸਾਂ-ਉਮੀਦਾਂ ਸਿਰਫ਼ ਤੁਹਾਡੇ ਤੇ ਹਨ | ਆਪਣੇ ਆਪ ਨੂੰ ਨਮੋਸ਼ੀ ਤੋਂ ਬਚਾਉਣ ਦੀ ਜਿੰਮੇਵਾਰੀ ਤੁਹਾਡੇ ਆਪਣੇ ਮੋਢਿਆਂ ਤੇ ਹੀ ਹੈ | ਮੇਰੇ ਸੋਹਣੇ ਪੰਜਾਬ ਦੀ ਰੂਹ ਤੁਹਾਡੇ 'ਚ ਵੱਸਦੀ ਹੈ, ਇਸ ਨੂੰ ਨਜ਼ਰਾਂ ਝੁਕਾਉਣ ਤੋਂ ਬਚਾਓ | ਤੁਸੀਂ ਸਾਡੇ ਵਤਨ ਦਾ ਭਵਿੱਖ ਹੋ | ਆਪਣੇ ਆਪ ਨੂੰ ਸਿਰਫ਼ "ਦੇਸੀ" ਸਮਝ ਕੇ ਆਪਣੀ ਇੱਜ਼ਤ, ਆਪਣੇ ਭਵਿੱਖ ਨਾਲ਼ ਨਾ ਖੇਡੋ | "ਪਹਿਲਾਂ ਤੋਲੋ ਫਿਰ ਬੋਲੋ" ਫਾਰਮੂਲਾ ਅਜ਼ਮਾ ਕੇ ਦੇਖੋ | ਦੂਜੀ ਗੱਲ ਇਹ ਹੈ ਬਾਈ ਜੀ, ਜੇਕਰ ਗੋਰੀਆਂ ਨੂੰ ਦੇਖ ਕੇ ਮੋਬਾਇਲ ਤੇ ਗਾਣੇ ਉੱਚੀ ਆਵਾਜ਼ 'ਚ ਚਲਾਉਣੇ ਹਨ ਤਾਂ ਪਹਿਲਾਂ ਤਾਂ ਉਹਨਾਂ ਨੂੰ "A-ਊਠ, ਅ-ਅਨਾਰ, e-ਇੰਜਣ" ਪੜ੍ਹਾਓ | ਕੀ ਐ, ਰੱਬ ਸੁਣ ਲਵੇ ਤੇ ਦੋ-ਚਹੁੰ ਸਾਲਾਂ ਨੂੰ ਉਹ ਸਮਝ ਲੈਣ ਕਿ "ਚੱਕ ਦੇ ਘੜੇ ਤੋਂ ਕੌਲਾ" ਦਾ ਮਤਲਬ ਕੀ ਹੁੰਦਾ ਹੈ | ਇਹ ਵੀ ਨਾ ਹੋਵੇ ਕਿ ਆਪਣੀ ਹੋਣ ਵਾਲੀ ਨਣਦ ਤੋਂ ਹੀ ਗੋਰੀ ਪੁੱਛਦੀ ਫਿਰੇ "ਬੈਨ ਜੀ... ਏਹ ਚੱਕ ਡੇ ਗੜੇ ਟੋਂ ਕੋਲਾ ਕੀ ਹੋਂਦਾ ਹੈ ?" ਬਾਕੀ ਇਹਨਾਂ ਵੀਰਾਂ ਦਾ ਮੋਬਾਇਲ ਪੰਜਾਬ 'ਚ ਭਈਆਂ ਦੇ ਕੱਛ ਮਾਰੇ ਰੇਡੀਓ ਦੀ ਯਾਦ ਤਾਜ਼ਾ ਕਰਵਾ ਦਿੰਦਾ ਹੈ |
ਇੱਕ ਔਰਤ ਨੇ ਦੱਸਿਆ ਕਿ ਕੁਝ ਨੌਜਵਾਨ ਸੁਪਰ ਸਟੋਰ 'ਚੋਂ ਸੁੱਕੇ ਮੇਵੇ ਚੁੱਕ ਕੇ ਖਾ ਰਹੇ ਸਨ | ਉਸਨੇ ਟੋਕਿਆ ਕਿ ਅਜਿਹੀਆਂ ਹਰਕਤਾਂ ਨਾ ਕਰੋ ਕਿਉਂ ਜੋ ਗੋਰੇ ਪੁਲਿਸ ਬੜੀ ਜਲਦੀ ਬੁਲਾ ਲੈਂਦੇ ਨੇ ਤੇ ਮੁੜ ਇੱਥੇ ਵਸਦੇ ਸਾਰੇ ਪੰਜਾਬੀ ਸਮਾਜ ਨੂੰ ਨਮੋਸ਼ੀ ਝੱਲਣੀ ਪਵੇਗੀ |
"ਪਹਿਲਾਂ ਕਿਹੜੇ ਝੰਡੇ ਝੂਲਦੇ ਨੇ ?" ਜੁਆਬ ਮਿਲਿਆ |
ਸੁਪਰ ਸਟੋਰਾਂ 'ਚ ਜਗ੍ਹਾ-ਜਗ੍ਹਾ ਕੈਮਰੇ ਲੱਗੇ ਹੁੰਦੇ ਨੇ | ਅੱਜ-ਕੱਲ ਜਦ ਕਿ "ਇੰਡੀਅਨਾਂ" ਦੀ ਢਿਬਰੀ ਟਾਈਟ ਕੀਤੀ ਜਾ ਰਹੀ ਹੈ, ਸਾਨੂੰ ਸਾਵਧਾਨ ਰਹਿਣਾ ਚਾਹੀਦਾ ਹੈ | ਜੇਕਰ ਇੱਕ ਵੀ ਫੜਿਆ ਗਿਆ ਤਾਂ ਸਾਰਿਆਂ ਤੇ ਉਂਗਲ ਉੱਠੇਗੀ | ਕੁਝ ਵੀ ਹੋਵੇ ਇਹ ਤਾਂ ਮੰਨਣਾ ਹੀ ਪਵੇਗਾ ਕਿ ਅਜਿਹੀਆਂ ਹਰਕਤਾਂ ਕਰਨ ਵਾਲੇ 4-5% ਪਿੱਛੇ ਬਾਕੀ 94-95% ਵੀ ਰਗੜੇ 'ਚ ਆ ਹੀ ਜਾਂਦੇ ਨੇ | ਜਿੰਨੇ ਵੀ ਪੁਰਾਣੇ ਲੋਕਾਂ ਨਾਲ਼ ਅਜਿਹੇ ਵਿਸ਼ਿਆਂ ਤੇ ਗੱਲ-ਬਾਤ ਹੋਈ, ਇੱਕ ਵੀ ਬੰਦਾ ਅਜਿਹੀਆਂ ਹਰਕਤਾਂ ਨੂੰ ਸਲ੍ਹਾਉਂਦਾ ਨਾ ਮਿਲਿਆ |
ਪੰਜਾਬ 'ਚ ਪ੍ਰਵਾਸੀ ਮਜ਼ਦੂਰਾਂ ਨੂੰ "ਭਈਆ" ਕਹਿ ਕੇ ਪੁਕਾਰਿਆ ਜਾਂਦਾ ਹੈ | ਹੁਣ ਤਾਂ ਉਹ ਵੀ ਕਹਿਣ ਲੱਗ ਪਏ ਨੇ "ਸ਼ਰਦਾਰ ਜੀ, ਹਮਕਾ ਬਈਆ ਕਹ ਕਰ ਮਤ ਪੁਕਾਰੋ, ਹਮਰਾ ਨਾਮ ਰਾਮੂ ਹੈ |" ਜਾਪਦਾ ਹੈ ਉਹ ਦਿਨ ਵੀ ਦੂਰ ਨਹੀਂ ਜਦੋਂ ਗੋਰੇ ਕਹਿਣਗੇ "ਮਿਸਟਰ ਡੇਸੀ, ਕਮ ਹੀਅਰ |" ਮੁੜਕੇ ਜੋ ਕਹਿੰਦੇ ਫਿਰਾਂਗੇ "ਗੋਰਾ ਸਾਹਿਬ, ਮੇਰਾ ਨਾਮ ਫਲਾਣਾ ਸਿੰਘ ਹੈ, ਦੇਸੀ ਨਹੀਂ" ਤੇ ਦੇਸੀ ਕਹਿਣ ਦੀ ਸ਼ੁਰੂਆਤ ਕਰਨ ਵਾਲਿਆਂ ਦੀ ਐਸੀ ਦੀ ਤੈਸੀ ਫੇਰਾਂਗੇ | ਹੁਣ ਟਾਈਮ ਰਹਿੰਦਿਆਂ ਹੀ ਕਿਉਂ ਨਾ ਸੰਭਲ ਜਾਈਏ ?
ਬਾਕੀ ਮੁੱਕਦੀ ਗੱਲ ਇਹ ਕਿ ਜੇਕਰ ਅਸੀਂ ਆਪਣੀ ਚੰਗੀ ਪਹਿਚਾਣ ਕਾਇਮ ਕਰਨਾ ਚਾਹੁੰਦੇ ਹਾਂ ਤਾਂ ਜਿੱਥੇ ਰਹਿਣਾ ਹੈ, ਉੱਥੋਂ ਦੇ ਰਹਿਣ-ਸਹਿਣ ਤੇ ਸੱਭਿਆਚਾਰ ਬਾਰੇ ਪੂਰਨ ਜਾਣਕਾਰੀ ਹਾਸਲ ਕਰਨਾ ਆਪਣੇ ਹੀ ਭਲੇ 'ਚ ਹੋਵੇਗਾ | ਆਖਿਰ ਕਦ ਤੱਕ ਅਸੀਂ "ਦੇਸੀ" ਹਰਕਤਾਂ ਕਰਕੇ ਆਪਣੇ ਹੀ ਚਾਰ ਯਾਰਾਂ ਦੋਸਤਾਂ 'ਚ ਝੂਠੀ ਸ਼ਾਨ ਬਣਾਈ ਰੱਖਾਂਗੇ ? ਕਦ ਤੱਕ ਗਰੁੱਪ ਬਣਾ ਕੇ ਸਾਰੀ ਫੁੱਟਪਾਥ ਘੇਰ, ਲੰਘਣ ਵਾਲਿਆਂ ਨੂੰ ਪ੍ਰੇਸ਼ਾਨ ਕਰੀ ਰੱਖਾਂਗੇ ? ਕਦ ਤੱਕ ਸੁਪਰ ਸਟੋਰ 'ਚ ਦੁੱਧ ਦੀ ਇੱਕ ਕੈਨੀ ਲੈਣ ਲਈ ਪੰਜ ਜਣੇ ਜਾਂਦੇ ਰਹਾਂਗੇ ਤੇ ਮੁੜ ਬਰੈੱਡ ਦਾ ਇੱਕ ਪੈਕਟ ਲੈਣ ਲਈ ਗਏ ਹੋਰ ਪੰਜਾਂ ਨਾਲ਼ ਵਾਰੀ-ਵਾਰੀ ਸਭ ਆਪੋ ਵਿੱਚ ਹੱਥ ਮਿਲਾਵਾਂਗੇ ਤੇ ਕੋਈ "ਦੇਸੀ" ਗੱਲ ਸੁਣਾ ਕੇ ਉੱਚੀ-ਉੱਚੀ ਹੱਸ ਕੇ ਸਭ ਦਾ ਧਿਆਨ ਆਪਣੇ ਵੱਲ ਖਿੱਚਦੇ ਰਹਾਂਗੇ ? ਸਾਡੀ ਮਾਂ-ਬੋਲੀ ਪੰਜਾਬੀ ਬੜੀ ਮਿੱਠੀ ਹੈ, ਪਰ ਉਦੋਂ ਤੱਕ ਹੀ ਜਦ ਤੱਕ ਅਸੀਂ ਉਸਦੀ ਮਿਠਾਸ ਨੂੰ ਖੁਦ ਕਾਇਮ ਰੱਖਣ 'ਚ ਸਫ਼ਲ ਰਹਿੰਦੇ ਹਾਂ | ਪਰ ਸਾਨੂੰ ਇਹ ਵੀ ਸਮਝ ਲੈਣਾ ਚਾਹੀਦਾ ਹੈ ਕਿ ਇੱਥੇ ਵਿਚਰਨ ਸਮੇਂ ਸਥਾਨਕ ਵਸਨੀਕਾਂ ਨਾਲ਼ ਉਸੇ ਲਹਿਜ਼ੇ ਤੇ ਭਾਸ਼ਾ 'ਚ ਹੀ ਗੱਲਬਾਤ ਕਰਨੀ ਪਵੇਗੀ, ਜਿਸ 'ਚ ਉਹ ਸਮਝਦੇ ਹਨ | ਇੱਥੇ "ਥੈਂਕਯੂ", "ਸੌਰੀ", "ਪਲੀਜ਼" ਦੀ ਵਰਤੋਂ ਦੇ ਨਾਲ਼-ਨਾਲ਼ ਚਿਹਰੇ ਦੇ ਭਾਵਾਂ ਤੇ ਮੁਸਕਰਾਹਟ ਦਾ ਵੀ ਬੜਾ ਮਹੱਤਵ ਹੈ | ਯਾਦ ਕਰਨ ਦੀ ਕੋਸ਼ਿਸ਼ ਕਰੋ ਕਿ ਪੰਜਾਬ 'ਚ ਰਹਿੰਦਿਆਂ ਪਿਛਲੀ ਵਾਰੀ "ਮੁਆਫ਼ ਕਰਨਾ ਜਾਂ ਧੰਨਵਾਦ" ਸ਼ਬਦ ਦੀ ਵਰਤੋਂ ਕਦੋਂ ਕੀਤੀ ਸੀ ? ਦੋਸਤੋ, ਤੁਹਾਡੇ ਨਾਲ਼ "ਧੰਨਵਾਦ" ਸ਼ਬਦ ਦੀ ਗੱਲ ਕਰਦਿਆਂ ਹੀ ਅਚਾਨਕ ਮੈਨੂੰ ਮੇਰੀ ਮਾਂ ਦੀ ਯਾਦ ਆ ਗਈ | ਮੈਨੂੰ ਤਾਂ ਇਹ ਵੀ ਨਹੀਂ ਪਤਾ ਕਿ ਸਰਦੀਆਂ 'ਚ ਕਿੰਨੀ ਵਾਰ ਮੇਰੀ ਮਾਂ ਨੇ ਰੋਟੀ ਖਾਂਦਿਆਂ, ਮੇਰੇ ਲਈ ਦੁੱਧ ਗਰਮ ਕੀਤਾ ਹੋਵੇਗਾ ਤੇ ਮੈਨੂੰ ਸੁਆ ਕੇ ਖ਼ੁਦ ਠੰਢੀ ਰੋਟੀ ਖਾਧੀ ਹੋਵੇਗੀ | ਕਿੰਨੀ ਵਾਰ ਖੁਦ ਗਿੱਲੇ ਬਿਸਤਰ ਤੇ ਸੌਂ ਕੇ ਮੈਨੂੰ ਸੁੱਕੇ ਸੁਆਇਆ ਹੋਵੇਗਾ | ਜਦ ਮੈਂ ਪਹਿਲਾਂ ਸਕੂਲ ਤੇ ਮੁੜ ਕੰਮ ਤੋਂ ਲੇਟ ਹੋ ਜਾਂਦਾ ਸੀ, ਮੇਰੀ ਇੰਤਜ਼ਾਰ 'ਚ ਭੁੱਖੀ ਬੈਠੀ ਰਹਿੰਦੀ ਸੀ | ਕੀ ਉਸਦਾ ਕਦੀ ਧੰਨਵਾਦ ਕੀਤਾ ? ਪਰ ਹੁਣ ਤਾਂ ਮਾਂ ਦੀਆਂ ਕੁਰਬਾਨੀਆਂ ਦੇ ਸਾਹਮਣੇ "ਧੰਨਵਾਦ" ਸ਼ਬਦ ਹੀ ਬੜਾ ਛੋਟਾ ਲੱਗ ਰਿਹਾ ਹੈ | ਚਲੋ ਛੱਡੋ ਯਾਰ, ਬਾਕੀ ਗੱਲਾਂ ਫੇਰ ਕਦੇ ਕਰਾਂਗੇ, ਮਨ ਉਦਾਸ ਹੋ ਗਿਆ......
.......................

Saturday, August 29, 2009

...ਭਰੂਣ ਹੱਤਿਆ ਹੁੰਦੀ ਰਹੇਗੀ! -ਸ਼ਿਵਚਰਨ ਜੱਗੀ ਕੁੱਸਾ

...ਭਰੂਣ  ਹੱਤਿਆ  ਹੁੰਦੀ  ਰਹੇਗੀ!   -ਸ਼ਿਵਚਰਨ ਜੱਗੀ ਕੁੱਸਾ


ਮਨੁੱਖਤਾ ਕਿੰਨੀ ਲਾਲਚੀ ਅਤੇ ਬੇਰਹਿਮ ਹੋ ਚੁੱਕੀ ਹੈ, ਇਸ ਦਾ ਜਵਾਬ ਨਿੱਤ ਛਪਦੀਆਂ ਅਖ਼ਬਾਰਾਂ ਦੇ ਦਿੰਦੀਆਂ ਹਨ। ਸਾਡਾ ਸਮਾਜਿਕ ਢਾਂਚਾ ਕਿਵੇਂ ਅਪਾਹਜ ਬਣਦਾ ਜਾ ਰਿਹਾ ਹੈ, ਇਸ ਦਾ ਸਬੂਤ ਸਾਡੇ ਲੀਡਰਾਂ ਦੀ ਸ਼ੈਤਾਨ ਚੁੱਪ ਹੈ! ਉਹ ਸਭ ਕੁਝ ਹੱਥ ਵੱਸ ਹੋਣ ਦੇ ਬਾਵਜੂਦ ਵੀ ਮੂੰਹ 'ਤੇ ਛਿੱਕਲ਼ੀ ਚਾੜ੍ਹ ਲੈਂਦੇ ਹਨ ਕਿ ਕਿਤੇ ਕੁਝ ਬੋਲਿਆਂ ਤੋਂ ਸਾਡਾ 'ਵੋਟ ਬੈਂਕ' ਨਾ ਖੁੱਸ ਜਾਵੇ! ਕਿਸੇ ਸਮੇਂ 'ਰੰਗਲੇ' ਅਤੇ ਅੱਜ ਦੇ 'ਕੰਗਲੇ' ਪੰਜਾਬ ਵਿਚ ਮਨੁੱਖ ਆਪਣੀਆਂ ਧੀਆਂ-ਭੈਣਾਂ ਅਤੇ ਨੂੰਹਾਂ ਨੂੰ ਬੇਰਹਿਮੀ ਨਾਲ਼ ਕਤਲ ਕਰੀ ਜਾ ਰਿਹਾ ਹੈ। ਪਰ ਲੀਡਰਾਂ ਵੱਲੋਂ ਵੱਡੇ ਵੱਡੇ ਦਮਗੱਜੇ ਮਾਰਨ ਦੇ ਬਾਵਜੂਦ ਹੋ ਕੁਝ ਵੀ ਨਹੀਂ ਰਿਹਾ। ਕਿਉਂ..?
ਇਕ ਗੱਲ ਮੈਂ ਇੱਥੇ ਦਾਅਵੇ ਨਾਲ਼ ਕਹਾਂਗਾ ਕਿ ਜੋ ਅੱਜ ਅਸੀਂ "ਭਰੂਣ ਹੱਤਿਆ - ਭਰੂਣ ਹੱਤਿਆ" ਦਾ ਰੌਲ਼ਾ ਪਾ ਰਹੇ ਹਾਂ। ਜਿੰਨਾਂ ਚਿਰ ਇਸ ਦਾਜ ਦਾ ਕੋਬਰਾ ਸੱਪ ਸਾਡੇ ਸਮਾਜ ਵਿਚ ਹੇਲ੍ਹੀਆਂ ਦਿੰਦਾ ਫ਼ਿਰਦਾ ਹੈ, ਇਸ ਭਰੂਣ ਹੱਤਿਆ ਨੂੰ ਅਸੀਂ ਕਦੇ ਵੀ ਰੋਕ ਨਹੀਂ ਸਕਾਂਗੇ! ਬਿਮਾਰੀ ਦੀ ਜੜ੍ਹ ਨੂੰ ਹੱਥ ਪਾ ਕੇ ਉਸ ਨੂੰ ਧੁਰੋਂ ਖਤਮ ਕੀਤਾ ਜਾ ਸਕਦਾ ਹੈ, ਨਹੀਂ ਚੀਸਾਂ ਦੀਆਂ ਗੋਲ਼ੀਆਂ ਕਿੰਨਾਂ ਕੁ ਚਿਰ ਦਰਦ ਨੂੰ ਦਬਾਉਂਦੀਆਂ ਰਹਿਣਗੀਆਂ? ਯਾਦ ਰੱਖੋ, ਰੋਗ ਦਿਨੋਂ ਦਿਨ ਅਸਾਧ ਬਣਦਾ ਜਾਵੇਗਾ! ਪਵਿੱਤਰ ਗੁਰਬਾਣੀ ਫ਼ੁਰਮਾਉਂਦੀ ਹੈ, "ਰੋਗੁ ਦਾਰੂ ਦੋਵੈ ਬੁਝੈ ਤਾ ਵੈਦੁ ਸੁਜਾਣੁ।।" ਜੋ ਵੈਦ ਰੋਗ ਵੀ ਬੁੱਝ ਲਵੇ ਅਤੇ ਦਾਰੂ ਵੀ, ਉਹ ਹੀ ਸਿਆਣਾ ਵੈਦ ਹੁੰਦਾ ਹੈ! ਜੇ ਅਸੀਂ ਕੁੱਤੇ ਦੇ ਡੰਡਾ ਮਾਰਦੇ ਹਾਂ ਤਾਂ ਉਹ ਡੰਡੇ ਨੂੰ ਮੂੰਹ ਪਾਉਂਦਾ ਹੈ ਕਿ ਮੇਰੇ ਆਹ ਵੱਜਦਾ ਹੈ! ਪਰ ਜੇ ਸ਼ਿਕਾਰੀ ਬੰਦੂਕ ਨਾਲ਼ ਸ਼ੇਰ ਨੂੰ ਗੋਲ਼ੀ ਮਾਰਦਾ ਹੈ ਤਾਂ ਸ਼ੇਰ ਬੰਦੂਕ ਨੂੰ ਮੂੰਹ ਨਹੀਂ ਪਾਉਂਦਾ, ਉਹ ਸ਼ਿਕਾਰੀ ਦੇ ਗਲ਼ ਨੂੰ ਚਿੰਬੜਦਾ ਹੈ ਕਿ ਮੇਰੇ ਆਹ ਮਾਰਦਾ ਹੈ! ਸੋ ਸਾਨੂੰ ਭਰੂਣ ਹੱਤਿਆ ਦੇ ਅਸਲ ਰੋਗ ਦੀ ਜੜ੍ਹ ਨੂੰ ਪਹਿਚਾਣ ਕੇ ਉਸ ਨੂੰ ਜੜ੍ਹੋਂ ਉਖਾੜਨਾ ਹੋਵੇਗਾ। ਤਾਂ ਅਗਲਾ ਕੰਮ ਆਪਣੇ ਆਪ ਰਾਸ ਆ ਜਾਵੇਗਾ!
ਸਭ ਤੋਂ ਵੱਡਾ ਕੋਹੜ ਸਾਡੇ ਸਮਾਜ ਵਿਚ 'ਦਾਜ' ਹੈ! ਸੱਚ ਹੀ ਅੱਜ ਉਸ ਵਿਅਕਤੀ ਨੂੰ ਗਲ਼ੋਂ ਫੜਨ ਨੂੰ ਮਨ ਕਰਦਾ ਹੈ, ਜਿਸ ਨੇ ਦਹੇਜ ਦੇ ਇਹਨਾਂ ਤਿੰਨ ਅੱਖਰਾਂ ਦਾ ਸੁਮੇਲ ਕਲਪਿਆ। ਕਹਾਵਤ ਹੈ ਕਿ ਲੋੜ ਕਾਢ ਦੀ ਮਾਂ ਹੈ! ਜਦ ਸਾਨੂੰ ਕਿਸੇ ਚੀਜ਼ ਦੀ ਲੋੜ ਪੈਂਦੀ ਹੈ ਤਾਂ ਅਸੀਂ ਅਗਲੀ ਚੀਜ਼ ਦੀ ਕਾਢ ਕੱਢਦੇ ਹਾਂ ਅਤੇ ਜ਼ਰੂਰ ਕੋਈ ਨਾ ਕੋਈ ਨਵੀਂ ਵਸਤੂ ਹੋਂਦ ਵਿਚ ਆਉਂਦੀ ਹੈ! ਇੱਥੇ ਸਾਰਿਆਂ ਤੋਂ ਵੱਡਾ ਸੁਆਲ ਇਹ ਉਠਦਾ ਹੈ ਕਿ ਦਹੇਜ ਦੀ ਲੋੜ ਕਿਉਂ ਪਈ? ਲੋੜ ਤਾਂ ਸ਼ਾਇਦ ਇਸ ਕਰਕੇ ਪਈ ਕਿ ਮਾਂ-ਬਾਪ ਆਪਣੀ ਧੀ ਨੂੰ 'ਬਿਗਾਨੇ' ਘਰੇ ਜਾਣ ਕਰਕੇ ਉਸ ਨੂੰ ਆਪਣੇ ਵੱਲੋਂ ਕੁਝ ਨਾ ਕੁਝ 'ਦਾਨ' ਦੇ ਰੂਪ ਵਿਚ ਦਿੰਦੇ ਸਨ ਅਤੇ ਧੀ ਦੀਆਂ ਲੋੜਾਂ ਦਾ ਮੁਢਲਾ ਸਮਾਨ ਦਾਜ ਵਿਚ ਦਿੱਤਾ ਜਾਣ ਲੱਗਿਆ। ਕਿਉਂਕਿ ਪੁਰਾਣੇ ਜ਼ਮਾਨੇ ਵਿਚ ਦਰਜਣ-ਦਰਜਣ ਭੈਣ ਭਰਾ ਹੁੰਦੇ ਸਨ। ਮਾਂ-ਬਾਪ ਜਾਂ ਕਬੀਲੇ ਵਾਲ਼ੇ ਸੋਚਦੇ ਸਨ ਕਿ ਕੁੜੀ ਵੱਡੇ ਪ੍ਰੀਵਾਰ ਵਿਚ ਜਾ ਰਹੀ ਹੈ, ਜੇ ਪ੍ਰੀਵਾਰ ਵੱਡਾ ਹੋਣ ਕਾਰਨ ਕਿਤੇ ਇਸ ਦੀ ਸੁਖ-ਸਹੂਲਤ ਵਿਚ ਸੰਕਟ ਆ ਗਿਆ ਤਾਂ ਇਹ ਆਪਣਾ ਸਮਾਨ ਕੱਢ ਕੇ ਵਰਤ ਲਵੇਗੀ! ਇੱਥੋਂ ਇਸ ਲੈਣ-ਦੇਣ ਦੀ ਸ਼ੁਰੂਆਤ ਹੋਈ!
ਉਦੋਂ ਸਕੂਲ ਸੁਵਿਧਾਵਾਂ ਘੱਟ ਹੁੰਦੀਆਂ ਸਨ ਅਤੇ ਮਾਂ-ਬਾਪ ਦੇ ਘਰ ਬੈਠੀ ਕੁਆਰੀ ਸਚਿਆਰੀ ਕੁੜੀ ਆਪਣੇ ਸਹੁਰੇ ਘਰ ਜਾਂ ਆਪਣੇ ਹੋਣ ਵਾਲ਼ੇ ਪਤੀ ਦੀ ਕਲਪਨਾ ਕਰਦੀ ਕੋਈ ਸਿਰਹਾਣਾਂ ਜਾਂ ਚਾਦਰ ਕੱਢਦੀ ਸੀ ਅਤੇ ਜਾਂ ਕੋਈ ਬਾਗ! ਦਰੀ ਬੁਣਦੀ ਸੀ ਜਾਂ ਖੇਸ! ਇਸ ਨਾਲ਼ ਉਸ ਕੁੜੀ ਦੀ ਆਪਣੇ ਹੋਣ ਵਾਲ਼ੇ ਪਤੀ ਪ੍ਰਤੀ ਸ਼ਰਧਾ ਅਤੇ ਪ੍ਰੇਮ-ਭਾਵਨਾ ਦਾ ਪ੍ਰਗਟਾਵਾ ਵੀ ਹੁੰਦਾ ਸੀ ਅਤੇ ਉਸ ਦੀ ਸੁਚੱਜੀ ਯੋਗਤਾ ਦਾ ਵੀ ਸਬੂਤ ਮਿਲ਼ਦਾ ਸੀ ਅਤੇ ਤਿਆਰ ਕੀਤੀ ਚੀਜ਼ ਪ੍ਰੀਵਾਰ ਵਿਚ ਕੰਮ ਵੀ ਆਉਂਦੀ ਸੀ। ਉਸ ਸਮੇਂ ਵੱਡੇ ਵੱਡੇ ਪ੍ਰੀਵਾਰਾਂ ਵਿਚੋਂ ਭਰਾਵਾਂ ਦਾ ਆਪਸ ਵਿਚ 'ਅੱਡ' ਹੋਣਾ ਵੀ ਕਦੇ ਨਾ ਕਦੇ ਲਾਜ਼ਮੀ ਹੁੰਦਾ ਸੀ ਅਤੇ ਮਾਂ ਬਾਪ ਸੋਚਦੇ ਸਨ ਕਿ ਅਗਰ ਕੁੜੀ ਆਪਣੇ ਸਹੁਰੇ ਪ੍ਰੀਵਾਰ ਨਾਲ਼ੋਂ ਅੱਡ ਹੁੰਦੀ ਹੈ ਤਾਂ ਉਹ ਸਾਡੇ ਵੱਲੋਂ ਦਿੱਤਾ ਗਿਆ ਸਮਾਨ ਬੇਝਿਜਕ ਅਤੇ ਨਿਰ-ਸੰਕੋਚ ਵਰਤ ਲਵੇਗੀ ਅਤੇ ਬਿਨਾ ਸ਼ੱਕ ਇਹ ਸਮਾਨ ਉਸ ਦੇ ਅੱਡ ਹੋਣ ਵਾਲ਼ੇ ਸਮੇਂ ਕੰਮ ਵੀ ਆਉਂਦਾ ਸੀ! ਸਵਰਗਵਾਸੀ ਜਗਮੋਹਣ ਕੌਰ ਦਾ ਗੀਤ, "ਬਾਪੂ ਵੇ ਅੱਡ ਹੁੰਨੀ ਐਂ...!" ਇਸ ਗੱਲ ਦੀ ਹਾਂਮ੍ਹੀਂ ਭਰਦਾ ਜਾਪਦਾ ਹੈ!
ਪਰ ਹੁਣ ਵੱਡਾ ਸੁਆਲ ਇਹ ਉਠਦਾ ਹੈ ਕਿ ਸਾਡੇ ਸੁਆਰਥੀ ਲੋਕ ਇਸ 'ਦਾਜ' ਦੇ ਨਾਂ 'ਤੇ 'ਵਪਾਰ' ਕਿਉਂ ਕਰਨ ਲੱਗ ਪਏ? ਆਖਰ ਇਸ ਲੋੜੀਂਦੀ 'ਮੱਦਦ' ਨੂੰ 'ਕਲੰਕ' ਬਣਾ ਕੇ ਜੱਗ ਦੀਆਂ ਰੀਤਾਂ ਰਿਵਾਜਾਂ ਵਿਚ ਸ਼ਾਮਲ ਕਿਉਂ ਕਰ ਲਿਆ ਗਿਆ? ਵਪਾਰ ਹੀ ਤਾਂ ਹੈ! ਮੁੰਡੇ ਦਾ ਮੁੱਲ ਵੱਟ ਕੇ ਫ਼ੇਰ ਵਿਆਹੁੰਣਾ! ਫ਼ੇਰ ਉਲਾਂਭਾ ਕਿਸ ਮੂੰਹ ਨਾਲ਼ ਦਿੰਦੇ ਨੇ ਕਿ ਸਾਡੀ ਨੂੰਹ ਸਾਡੀ 'ਸੇਵਾ' ਨਹੀਂ ਕਰਦੀ ਜਾਂ ਸਾਨੂੰ ਚੰਗਾ ਨਹੀਂ ਸਮਝਦੀ? ਜਿਹੜੀ ਨੂੰਹ ਦੀ ਧੌਣ 'ਤੇ ਗੋਡਾ ਧਰ ਕੇ ਟੈਲੀਵੀਯਨ, ਫ਼ਰਿੱਜ ਜਾਂ ਹੋਰ ਐਸ਼ ਅਤੇ ਮਨੋਰੰਜਨ ਦੀਆਂ ਚੀਜ਼ਾਂ ਮੰਗਵਾਉਂਦੇ ਹੋ ਅਤੇ ਫ਼ਿਰ ਉਸ ਤੋਂ ਬਾਅਦ ਇਹ 'ਬੋਕ ਝਾਕ' ਵੀ ਰੱਖਦੇ ਹੋ ਕਿ ਸਾਡੀ ਨੂੰਹ ਸਾਨੂੰ ਚੰਗਾ ਵੀ ਸਮਝੇ ਅਤੇ ਸਾਡੀਆਂ ਲੱਤਾਂ ਵੀ ਘੁੱਟੇ? ਦਿਲ ਉਸ ਨੂੰ ਨਿੱਘੀ ਪ੍ਰਵਾਨਗੀ ਦਿੰਦਾ ਹੈ, ਜੋ ਤੁਹਾਨੂੰ ਧੁਰ ਹਿਰਦੇ ਤੋਂ ਪ੍ਰੇਮ ਕਰਦਾ ਹੈ! ਜਿਹੜੀ ਚੀਜ਼ ਨੂੰ ਅੱਖਾਂ ਨਹੀਂ ਝੱਲਦੀਆਂ, ਉਸ ਨੂੰ ਜੀਭ ਕਦ ਝੱਲੇਗੀ? ਮੈਨੂੰ ਇਕ ਗੱਲ ਯਾਦ ਆ ਗਈ। ਮੇਰੀ ਵੱਡੀ ਸਾਲ਼ੀ ਦੇ ਮੁੰਡੇ ਦਾ ਵਿਆਹ ਸੀ। ਵਿਆਹ 'ਤੇ ਤਾਂ ਮੈਂ ਭਾਰਤ ਗਿਆ ਹੋਣ ਕਾਰਨ ਜਾ ਨਾ ਸਕਿਆ। ਪਰ ਉਸ ਤੋਂ ਬਾਅਦ ਮੈਨੂੰ ਅਤੇ ਮੇਰੇ ਘਰਵਾਲ਼ੀ ਨੂੰ ਮੇਰੀ ਸਾਲ਼ੀ ਅਤੇ ਸਾਢੂ ਨੇ ਵਿਸ਼ੇਸ਼ ਤੌਰ 'ਤੇ ਸੱਦਿਆ ਅਤੇ ਸਾਨੂੰ ਕੱਪੜੇ ਬਗੈਰਾ ਦਿੱਤੇ ਗਏ। ਮੈਂ ਚਾਹ ਪੀਂਦਿਆਂ ਆਪਣੇ ਸਾਢੂ ਨੂੰ ਪੁੱਛਿਆ, "ਬਾਈ..! ਸਾਰੀ ਜ਼ਿੰਦਗੀ ਤੂੰ ਵੀ ਦਾਜ ਦੇ ਖ਼ਿਲਾਫ਼ ਹੀ ਰਿਹੈਂ ਤੇ ਮੈਂ ਵੀ! ਨਾ ਮੈਂ ਦਾਜ ਲਿਐ ਤੇ ਨਾ ਤੂੰ..! ਤੇ ਹੁਣ ਆਹ ਕੀ ਕਰੀ ਜਾਨੈਂ..?" ਤੇ ਬਾਈ ਆਖਣ ਲੱਗਿਆ, "ਮੈਂ ਕੁਛ ਨ੍ਹੀ ਕੀਤਾ..! ਮੈਂ ਤਾਂ ਆਪਦੇ ਕੁੜਮਾਂ ਨੂੰ ਬਥੇਰਾ ਰੋਕਿਆ, ਪਰ ਉਹ ਕਹਿੰਦੇ ਜੇ ਅਸੀਂ ਲੈਣ ਦੇਣ ਨਾ ਕੀਤਾ ਤਾਂ ਸਾਡਾ ਨੱਕ ਨਹੀਂ ਰਹਿਣਾ..!" ਨਾ ਤਾਂ ਸਾਡੇ ਕੋਲ ਬਾਈ ਦਾ ਕੁੜਮ ਸੀ ਅਤੇ ਨਾ ਹੀ ਮੈਂ ਹੋਰ ਕਿਸੇ ਨਾਲ ਦਲੀਲਬਾਜ਼ੀ ਕਰ ਸਕਦਾ ਸੀ। ਸੋ ਚੁੱਪ ਰਹਿਣਾ ਹੀ ਬਿਹਤਰ ਸਮਝਿਆ।
ਮੇਰੇ ਵੱਡੇ ਸਾਲ਼ੀ ਸਾਹਿਬਾਂ ਲੋਕਾਂ ਨੂੰ ਹਮੇਸ਼ਾ ਇਕ 'ਦਲੀਲ' ਦਿੰਦੇ ਹੁੰਦੇ ਹਨ ਕਿ ਸਾਡੇ ਪਿਉ ਨੇ ਸਾਨੂੰ ਪਾਲ਼ ਦਿੱਤਾ, ਪੜ੍ਹਾ ਦਿੱਤਾ, ਅਸੀਂ ਦਾਜ ਕਾਹਦੇ ਵਾਸਤੇ ਲਿਆਉਣਾ ਸੀ? ਮੈਂ ਦਾਜ ਲਿਆਉਣ ਦੇ ਹੱਕ ਵਿਚ ਵੀ ਨਹੀਂ ਹਾਂ! ਪਰ ਹੁਣ ਮੈਂ ਆਪਣੀ ਸਾਲ਼ੀ ਸਾਹਿਬਾਂ ਨੂੰ ਪੁੱਛਣਾ ਚਾਹੁੰਦਾ ਸੀ ਕਿ ਸਾਲ਼ੀ ਸਾਹਿਬਾਂ, ਜੋ ਤੁਹਾਡੀ ਇੰਗਲੈਂਡ ਵਿਚ ਜੰਮੀ ਪਲ਼ੀ ਨੂੰਹ ਆਈ ਹੈ, ਉਸ ਦੇ ਪਿਉ ਨੇ ਉਹ 'ਅਨਪੜ੍ਹ' ਹੀ ਤੁਹਾਡੇ ਘਰੇ ਤੋਰ ਦਿੱਤੀ? ਜੇ ਤੁਹਾਡੀ ਨੂੰਹ ਵੀ ਪੜ੍ਹ ਲਿਖ ਕੇ ਤੁਹਾਡੇ ਘਰ ਆਈ ਹੈ ਤਾਂ ਫ਼ਿਰ ਹੁਣ ਦਾਜ ਅਤੇ ਹੋਰ ਲਟਰਮ ਪਟਰਮ ਕਿਉਂ? ਹੁਣ ਕਿਉਂ ਨਾ ਉਹਨਾਂ ਨੂੰ ਸਖ਼ਤੀ ਨਾਲ਼ ਮਨ੍ਹਾਂ ਕੀਤਾ ਕਿ ਅਸੀਂ ਦਾਜ ਨਹੀਂ ਲੈਣਾਂ? ਫ਼ਿਰ ਪਿੰਡਾ ਅਗਾਂਹ ਤੇ ਪੁੱਤਾ ਪਿਛਾਂਹ ਦਾ ਸਿਧਾਂਤ ਕਿਉਂ? ਪਰ ਤੁਹਾਡੀ ਦਲੀਲ ਵੀ ਉਥੇ ਚੱਲਦੀ ਹੈ, ਜਿੱਥੇ ਕੋਈ ਤੁਹਾਡੀ ਦਲੀਲ ਸੁਣਨ ਵਾਲ਼ਾ ਹੋਵੇ! ਨਹੀਂ ਕੱਟੇ ਦੇ ਅੱਗੇ ਵੰਝਲੀ ਵਜਾਉਣ ਦਾ ਕੋਈ ਫ਼ਾਇਦਾ ਨਹੀਂ, ਕਿਉਂਕਿ ਉਸ ਨੂੰ ਸੁਰਾਂ ਦੀ ਸਮਝ ਨਹੀਂ ਹੁੰਦੀ! ਉਸ ਨੂੰ ਤਾਂ ਗੋਹੇ ਨਾਲ਼ ਲਿੱਬੜੀ ਪੂਛ ਘੁੰਮਾ ਕੇ ਮੂੰਹ 'ਤੇ ਮਾਰਨ ਦੀ ਹੀ ਜਾਂਚ ਹੁੰਦੀ ਹੈ! ਜੇ ਅਗਲਾ ਆਪ ਦੀ ਦਲੀਲ ਜਬਰੀ ਮੰਨਵਾਉਣ ਲਈ ਆਖੇ ਕਿ ਜੀ ਅਸੀਂ ਤਾਂ ਕੁਛ ਮੰਗਿਆ ਹੀ ਨਹੀਂ ਸੀ, ਅਗਲੇ ਨੇ ਆਪਦੀ ਕੁੜੀ ਨੂੰ ਸ਼ਰੀਕੇ ਕਬੀਲੇ ਵਿਚ ਆਪਣਾ 'ਨੱਕ' ਰੱਖਣ ਲਈ ਮੱਲੋਮੱਲੀ ਦੇ ਦਿੱਤਾ, ਤਾਂ ਕੀ ਉਥੇ ਦਾਜ ਲੈਣ ਵਾਲ਼ੇ ਦਾਜ ਲੈਣ ਦੇ ਦੋਸ਼ ਤੋਂ ਮੁਕਤ ਹੋ ਗਏ?
ਹਰ ਮਾਂ-ਬਾਪ ਨੂੰ ਆਪਣੇ ਧੀ-ਪੁੱਤ ਜੁਆਨ ਹੋਣ ਅਤੇ ਜੁਆਨ ਦੇਖਣ ਦਾ ਚਾਅ ਹੁੰਦਾ ਹੈ। ਜੁਆਨ ਹੋਣ 'ਤੇ ਪੁੱਤ ਨੂੰ ਵਿਆਹ ਕੇ ਨੂੰਹ ਘਰੇ ਲਿਆਉਣ ਦਾ ਉਤਨਾਂ ਚਾਅ ਨਹੀਂ ਹੁੰਦਾ, ਜਿੰਨਾਂ ਨੂੰਹ ਦੇ ਦਾਜ ਆਉਣ ਦਾ ਚਾਅ ਹੁੰਦਾ ਹੈ। ਜਦ ਨੂੰਹ ਘਰ ਆਉਂਦੀ ਹੈ ਤਾਂ ਘਰ ਵਾਲ਼ੇ ਮੱਝ ਵਾਂਗ ਸੰਗਲ਼ ਜਿਹੇ ਤੁੜਾ ਕੇ ਦਾਜ ਨੂੰ ਪੱਬਾਂ ਭਾਰ ਹੋ ਕੇ ਤਫ਼ਤੀਸ਼ ਜਿਹੀ ਕਰਦੇ ਅਤੇ ਨਜ਼ਰਾਂ ਨਾਲ਼ ਤੋਲਦੇ ਹਨ। ਜੇ ਕਿਸੇ ਗਰੀਬ ਨੇ ਸਮਰੱਥਾ ਨਾ ਹੋਣ ਕਾਰਨ ਦਾਜ ਘੱਟ ਦਿੱਤਾ ਹੋਵੇ ਤਾਂ ਸੌ ਨੱਕ ਬੁੱਲ੍ਹ ਮਾਰੇ ਜਾਂਦੇ ਨੇ ਅਤੇ ਨਵੀਂ ਵਿਆਹੀ ਆਈ ਦੇ ਨਾਸੀਂ ਧੂੰਆਂ ਲਿਆਂਦਾ ਜਾਂਦਾ ਹੈ, "ਤੇਰੇ ਪਿਉ ਨੇ ਤਾਂ ਬੜਾ ਨਿੱਕਾ ਕੱਤਿਆ ਕੁੜ੍ਹੇ..!" ਅੱਜ ਦੇ ਜ਼ਮਾਨੇ ਵਿਚ ਵਿਚ ਕਈ ਬੇਕਿਰਕ ਮਾਪੇ ਆਪਣੇ 'ਸੁੱਖੀ ਲੱਧੇ' ਪੁੱਤ ਦਾ 'ਸੌਦਾ' ਕਰਕੇ ਸਹੁਰੇ ਘਰੋਂ ਲਹੂ-ਪਸੀਨੇ ਨਾਲ਼ ਕਮਾਇਆ ਧਨ 'ਮੁੱਛ' ਲਿਆਉਂਦੇ ਹਨ ਅਤੇ ਸ਼ਰੀਕੇ ਕਬੀਲੇ ਵਿਚ ਆਪਣੀ ਅਖੌਤੀ ਹੈਂਕੜ ਨੂੰ ਖਲ਼ ਚਾਰਦੇ ਹਨ! ਇਹੀ ਕਾਰਨ ਹੈ ਕਿ ਅੱਜ ਕੱਲ੍ਹ ਦਿਲਾਂ ਦਾ ਪਿਆਰ ਸਤਿਕਾਰ ਤਾਂ ਮਨੁੱਖਤਾ ਵਿਚੋਂ ਖੰਭ ਲਾ ਕੇ ਉਡ ਗਿਆ ਹੈ। ਜਿਹੜੀ ਨੂੰਹ ਮਜਬੂਰੀ ਕਾਰਨ ਆਪਣੇ ਮਾਂ-ਬਾਪ ਦੇ ਗਲ਼ 'ਤੇ ਆਰੀ ਧਰ ਕੇ ਦਾਜ ਲੈ ਕੇ ਆਈ ਹੁੰਦੀ ਹੈ, ਸਹੁਰੇ ਘਰ ਪੈਰ ਲੱਗਣ 'ਤੇ ਉਹ ਸਾਰੀ ਉਮਰ ਆਪਣੇ ਸਹੁਰੇ ਘਰ ਨੂੰ ਕੋਸਦੀ ਪਿੱਟਦੀ ਰਹਿੰਦੀ ਹੈ ਅਤੇ ਕਦੇ ਕਦੇ ਗੱਲ ਤਲਾਕ 'ਤੇ ਜਾ ਕੇ ਨਿੱਬੜਦੀ ਹੈ। ਕਹਿਣ ਦਾ ਭਾਵ ਇਹ ਹੈ ਕਿ ਕੁੜੀ ਦਾ ਪੇਕਾ ਘਰ ਫ਼ਸਿਆ ਫ਼ਸਾਇਆ ਇਕ ਵਾਰ ਤਾਂ ਦਾਜ ਦੇਣ ਦਾ 'ਹੂਲ਼ਾ' ਫ਼ੱਕ ਲੈਂਦਾ ਹੈ। ਪਰ ਕੁੜੀ ਸਾਰੀ ਜ਼ਿੰਦਗੀ ਸਹੁਰੇ ਘਰ ਨਾਲ਼ ਮਨ ਨਹੀਂ ਮਿਲ਼ਾਉਂਦੀ! ਉਹਨਾਂ ਨੂੰ ਅੱਖ-ਤਿਣ ਹੀ ਰੱਖਦੀ ਹੈ ਅਤੇ ਮਾਨਸਿਕ ਤੌਰ 'ਤੇ ਅੰਦਰੇ ਅੰਦਰ ਵਿਸ਼ ਘੋਲ਼ਦੀ ਰਹਿੰਦੀ ਹੈ!
ਇਸ ਦਾ ਦੂਜਾ ਪੱਖ ਇਹ ਹੈ ਕਿ ਜਦ ਧੀ ਧਰੇਕ ਵਾਂਗ ਦਿਨੋਂ ਦਿਨ ਜੁਆਨ ਹੋਣ ਲੱਗਦੀ ਹੈ ਤਾਂ ਉਸ ਦੇ ਵਿਆਹ ਦੀ ਚਿੰਤਾ ਮਾਪਿਆਂ ਦੇ ਦਿਲ ਨੂੰ ਖੋਰਨ ਲੱਗਦੀ ਹੈ ਅਤੇ ਇਸ ਦੇ ਨਾਲ਼ ਨਾਲ਼ ਦਾਜ ਦੀ ਸੋਚ ਦਹਿਲੀਜਾਂ ਆਣ ਟੱਪਦੀ ਹੈ। ਖ਼ਾਸ ਤੌਰ 'ਤੇ ਇਹ ਸੋਚ ਮਾਪਿਆਂ ਦੀ ਮਾਨਸਿਕਤਾ 'ਤੇ ਘਰੂਟ ਮਾਰਨ ਲੱਗਦੀ ਹੈ ਅਤੇ ਜਜ਼ਬਾਤਾਂ ਨੂੰ ਲਹੂ ਲੁਹਾਣ ਕਰਦੀ ਹੈ। ਮੇਰੇ ਮਿੱਤਰ ਬਾਈ ਕੁਲਦੀਪ ਮਾਣਕ ਨੇ ਇਕ ਵਾਰ ਕਿਹਾ ਸੀ ਕਿ ਜੇ ਸਾਡੇ ਸਮਾਜ ਵਿਚ ਦਾਜ ਦਾ ਨੁੱਗਾ ਨਾ ਹੁੰਦਾ ਤਾਂ ਧੀ ਨੂੰ ਕੋਈ ਬੁਰਾ ਨਾ ਆਖਦਾ। ਇਸ ਬਾਰੇ ਸਟੇਜ਼ਾਂ ਉਪਰ ਹਿੱਕ 'ਤੇ ਧੱਫ਼ੇ ਮਾਰ ਕੇ ਟਾਹਰਾਂ ਮਾਰਨ ਵਾਲ਼ਿਆਂ ਨੂੰ ਵਿਚਾਰ ਕਰਨੀ ਚਾਹੀਦੀ ਹੈ! ਸਾਡੇ ਸਮਾਜ ਵਿਚ ਉਹ 'ਗਿੱਦੜਮਾਰ' ਵੀ ਹਨ, ਜਿੰਨ੍ਹਾਂ ਦੀ ਕਥਨੀ ਅਤੇ ਕਰਨੀ ਕਦੇ ਵੀ ਹਾਣੀ ਹੋ ਕੇ ਨਹੀਂ ਤੁਰਦੀ, ਸਗੋਂ ਜੋ ਉਹ ਦਾਅਵੇ ਕਰਦੇ ਹਨ, ਉਸ ਤੋਂ ਸਰਾਸਰ ਉਲਟ ਵਗਦੇ ਹਨ! ਮੁੰਡੇ ਵਾਲ਼ਿਆਂ ਵੱਲੋਂ ਮੂੰਹ ਪਾੜ ਕੇ ਮੰਗਣਾ ਅਤੇ ਕੁੜੀ ਵਾਲ਼ਿਆਂ ਵੱਲੋਂ ਉਹਨਾਂ ਦੇ ਬੋਲਾਂ 'ਤੇ 'ਫ਼ੁੱਲ' ਚੜਾਉਣਾ ਇਕ ਮਜਬੂਰੀ ਅਤੇ ਗਲ਼ਘੋਟੂ ਬਣ ਕੇ ਰਹਿ ਗਿਆ ਹੈ! ਘੱਟ ਦਾਜ ਦੇਣ 'ਤੇ ਅਗਲੇ ਦੀ ਧੀ ਦੀ ਜ਼ਿੰਦਗੀ ਸ਼ਿਕਾਰੀਆਂ ਦੀ ਮਾਰ ਵਿਚ ਆਏ ਖ਼ਰਗੋਸ਼ ਵਰਗੀ ਬਣ ਜਾਂਦੀ ਹੈ! ਸਹੁਰੇ ਘਰ ਅਤੀਅੰਤ ਘ੍ਰਿਣਾਂ ਭਰਿਆ ਵਤੀਰਾ ਅਤੇ ਪਸ਼ੂਆਂ ਵਰਗਾ ਵਰਤਾਉ ਉਹਨਾਂ ਦਾ ਜਿਉਣਾ ਮੁਹਾਲ ਕਰੀ ਰੱਖਦਾ ਹੈ। ਕਿਸੇ ਮਿੱਤਰ ਨੇ ਇਕ ਗੱਲ ਸੁਣਾਈ। ਇਕ ਵਾਰ ਕਿਸੇ ਦੇ ਘਰ ਕੋਈ ਮਹਿਮਾਨ ਆ ਗਿਆ। ਮਾਂ ਨੇ ਪੁੱਤ ਸੱਜਰਾ ਹੀ ਵਿਆਹਿਆ ਸੀ। ਦਾਜ ਘੱਟ ਲਿਆਉਣ ਕਰਕੇ ਨੂੰਹ 'ਤੇ ਤਾਂ ਮਾਤਾ ਜੀ ਪਹਿਲਾਂ ਹੀ ਅੱਕੇ ਰਹਿੰਦੇ ਸਨ। ਆਂਢ ਗੁਆਂਢ ਅਤੇ ਸ਼ਰੀਕੇ ਵਿਚ ਤਾਂ ਮਾਤਾ ਜੀ ਦਾ ਨੱਕ 'ਵੱਢਿਆ' ਗਿਆ ਸੀ! ਐਹੋ ਜਿਹੀਆਂ ਸੱਸਾਂ ਦੇ ਤਾਂ ਰੱਬ ਨੂੰ ਨੱਕ ਨਹੀਂ, ਹਾਥੀ ਦੀ ਸੁੰਡ ਲਾਉਣੀ ਚਾਹੀਦੀ ਸੀ। ਜੇ ਪੰਜ ਸੱਤ ਨੂੰਹਾਂ ਦੇ ਆਉਣ 'ਤੇ ਹਰ ਵਾਰ ਨੱਕ ਚਾਰ ਉਂਗਲਾਂ ਵੱਢਿਆ ਵੀ ਜਾਂਦਾ ਤਾਂ ਸਾਹ ਲੈਣ ਜੋਕਰਾ ਤਾਂ ਫ਼ੇਰ ਵੀ ਬਾਕੀ ਬਚ ਜਾਂਦਾ! ....ਖ਼ੈਰ, ਅੱਤ ਦੀ ਗਰਮੀ ਹੋਣ ਕਾਰਨ ਅੱਕਲ਼ਕਾਨ ਹੋਏ ਮਹਿਮਾਨ ਨੇ ਆ ਕੇ ਠੰਢੇ ਪਾਣੀ ਦੀ ਮੰਗ ਰੱਖੀ ਤਾਂ ਸੱਸ ਘਰੋੜਵੇਂ ਸ਼ਬਦਾਂ ਵਿਚ ਬੋਲੀ, "ਕੁੜ੍ਹੇ ਨੂੰਹ ਰਾਣੀ..! ਆਹ ਤੇਰੇ ਮਾਸੜ ਜੀ ਆਏ ਨੇ..! ਇਹਨਾਂ ਨੂੰ ਠੰਢਾ ਪਾਣੀ ਲਿਆ ਕੇ ਦੇਹ ਫ਼ਰਿੱਜ 'ਚੋਂ, ਜਿਹੜਾ ਤੇਰੇ ਪੇਕਿਆਂ ਨੇ ਦਿੱਤਾ ਸੀ..! ਉਹਦਾ ਪਾਣੀ ਬਲਾਅ ਠੰਢਾ ਹੁੰਦੈ..!" ਅਸਲ ਵਿਚ ਨੂੰਹ ਰਾਣੀ ਦਾਜ ਵਿਚ ਕੋਈ ਫ਼ਰਿੱਜ ਲੈ ਕੇ ਹੀ ਨਹੀਂ ਆਈ ਸੀ। ਉਸੇ ਦਿਨ ਨੂੰਹ ਰਾਣੀ ਨੇ ਆਪਣੇ ਬਾਪ ਦੀ ਹਿੱਕ 'ਤੇ ਅੜੀ ਦੀ ਬੰਦੂਕ ਧਰ ਲਈ ਕਿ ਮੈਨੂੰ ਜਲਦੀ ਫ਼ਰਿੱਜ ਲਿਆ ਕੇ ਭੇਜੋ, ਜਿੱਥੋਂ ਮਰਜ਼ੀ ਐ ਪੈਸਿਆਂ ਦਾ ਪ੍ਰਬੰਧ ਕਰੋ, ਮੈਨੂੰ ਸਹੁਰੇ ਘਰ ਵਿਚ ਨਿੱਤ ਤਾਹਨੇ ਮਿਹਣੇ ਮਿਲ਼ਦੇ ਨੇ! ਦੱਸੋ ਉਹ ਨੂੰਹ ਸਹੁਰੇ ਘਰ ਨੂੰ ਕਿਵੇਂ ਚੰਗਾ ਸਮਝੇਗੀ, ਜਿਸ ਨੂੰ ਰਿਸ਼ਤੇਦਾਰਾਂ ਵਿਚ ਸ਼ਰੇਆਮ 'ਨਸ਼ਤਰ' ਲਾਏ ਜਾ ਰਹੇ ਹਨ ਅਤੇ ਜ਼ਲੀਲ ਕੀਤਾ ਜਾ ਰਿਹਾ ਹੈ?
ਦਾਜ ਦਹੇਜ ਕਾਰਨ ਮਾਰ ਮਰਾਈ ਅਜੇ ਵੀ ਜਾਰੀ ਹੈ, ਜੋ ਵਾਕਿਆ ਹੀ ਚਿੰਤਾਜਨਕ ਹੈ! ਇਕ ਚੰਗੀ ਪੜ੍ਹੀ ਲਿਖੀ, ਅਮੀਰ ਘਰਾਣੇ ਦੀ ਕੁੜੀ ਮੇਰੇ ਸਾਹਮਣੇ ਟਾਹਰਾਂ ਮਾਰ ਰਹੀ ਸੀ, "ਕੁੱਸਾ ਜੀ, ਮੈਂ ਤਾਂ ਆਬਦੇ ਮਾਂ ਬਾਪ ਨੂੰ ਸ਼ਰੇਆਮ ਠੋਕ ਕੇ ਕਿਹਾ ਹੋਇਐ, ਬਈ ਜੇ ਤੁਸੀਂ ਮੇਰੇ ਵਿਆਹ 'ਤੇ ਪੱਚੀ ਤੀਹ ਲੱਖ ਲਾਵੋਂਗੇ, ਮੈਂ ਤਾਂ ਵਿਆਹ ਕਰੂੰਗੀ, ਨਹੀਂ ਮੈਂ ਵਿਆਹ ਈ ਨ੍ਹੀ ਕਰਵਾਉਣਾ...!" ਇਸ ਵਿਚ ਕੋਈ ਸ਼ੱਕ ਨਹੀਂ ਕਿ ਉਸ ਦੇ ਘਰਦੇ ਪੱਚੀ ਤੀਹ ਤਾਂ ਕੀ, ਪੰਜਾਹ ਲੱਖ ਲਾਉਣ ਦੀ ਸਮਰੱਥਾ ਵੀ ਰੱਖਦੇ ਸਨ। ਪਰ ਇਹ ਸਾਰਾ ਅਡੰਬਰ ਕਾਹਦੇ ਵਾਸਤੇ? ਮੈਂ ਉਸ ਕੁੜੀ ਨੂੰ ਕਿਹਾ, "ਜੇ ਕੋਈ ਅਣਪੜ੍ਹ ਕੁੜੀ ਮੈਨੂੰ ਆਹ ਗੱਲ ਆਖ ਦਿੰਦੀ ਤਾਂ ਮੈਂ ਗ਼ਿਲਾ ਸ਼ਿਕਵਾ ਨਾ ਕਰਦਾ..! ਪਰ ਤੇਰੀ ਪੜ੍ਹੀ ਲਿਖੀ ਸੋਚ 'ਤੇ ਮੈਨੂੰ ਤਰਸ ਨਹੀਂ ਆਉਂਦਾ, ਅਫ਼ਸੋਸ ਹੋ ਰਿਹੈ!" ਉਹ ਬੇਪਰਵਾਹ ਹੋ ਕੇ ਆਖਣ ਲੱਗੀ, "ਕੁੱਸਾ ਜੀ, ਬੰਦਾ ਇਕ ਵਾਰੀ ਜਿਉਂਦੈ ਤੇ ਸ਼ਾਦੀ ਦੀ ਖ਼ੁਸ਼ੀ ਵੀ ਜ਼ਿੰਦਗੀ ਵਿਚ ਇਕ ਵਾਰ ਆਉਂਦੀ ਐ..!" ਉਸ 'ਪੜ੍ਹੀ ਲਿਖੀ' ਕੁੜੀ ਨਾਲ਼ ਮੈਂ ਮਗਜ਼ਮਾਰੀ ਕਰਨੀ ਆਪਣੀ ਬੇਵਕੂਫ਼ੀ ਸਮਝੀ। ਮੈਂ ਉਸ ਨੂੰ ਕਹਿਣ ਤਾਂ ਲੱਗਿਆ ਸੀ ਕਿ ਜੇ ਤੇਰੇ ਵਰਗੀਆਂ ਪੜ੍ਹੀਆਂ ਲਿਖੀਆਂ ਸਮਾਜ ਨੂੰ ਸੁਧਾਰਨ ਦੀ ਵਜਾਏ ਬਾਪ ਦੇ ਅਮੀਰਪੁਣੇ ਦੀ ਧੌਂਸ ਵਿਚ ਖ਼ਤਾਨਾ ਨੂੰ ਲਈ ਜਾ ਰਹੀਆਂ ਹਨ, ਤਾਂ ਅਨਪੜ੍ਹਾਂ ਨੂੰ ਕੀ ਮਿਹਣਾ ਦੇਣਾ ਹੋਇਆ? ਚੱਲ ਉਸ ਕੁੜੀ ਦਾ ਬਾਪ ਤਾਂ ਪੱਚੀ ਤੀਹ ਲੱਖ ਦੇਣ ਦੀ ਸਮਰੱਥਾ ਰੱਖਦਾ ਹੈ, ਦੇ ਵੀ ਦੇਵੇਗਾ! ਪਰ ਜਿੰਨ੍ਹਾਂ ਕੋਲ਼ ਪੱਚੀ ਤੀਹ ਲੱਖ ਨਹੀਂ, ਉਹ ਕੀ ਕਰਨ? ਭੇਡ ਨੂੰ ਦੇਖ ਕੇ ਭੇਡ ਖੂਹ ਵਿਚ ਤਾਂ ਛਾਲ਼ ਮਾਰੇਗੀ ਹੀ ਮਾਰੇਗੀ, ਪਿਉ ਚਾਹੇ ਕਰਜ਼ਾਈ ਹੋ ਕੇ ਕਿਸੇ ਗੱਡੀ ਥੱਲੇ ਆ ਜਾਵੇ ਜਾਂ ਜ਼ਹਿਰ ਪੀ ਕੇ ਖ਼ੁਦਕਸ਼ੀ ਹੀ ਕਰ ਲਵੇ! ਉਹ ਕੁੜੀ ਵਾਰ ਵਾਰ ਇੱਕੋ ਗੱਲ 'ਤੇ ਜੋਰ ਦੇ ਰਹੀ ਸੀ, "ਮੇਰੇ ਨਾਲ਼ ਜੋ ਕੁੜੀਆਂ ਕਾਲਜ ਵਿਚ ਪੜ੍ਹਦੀਆਂ ਸਨ, ਉਹਨਾਂ ਨੂੰ ਮੈਂ ਨਿੱਤ ਆਖ ਕੇ ਚਿੜਾਉਂਦੀ ਹੁੰਦੀ ਸੀ ਕਿ ਮੈਂ ਤੁਹਾਡੇ ਸਾਰੀਆਂ ਨਾਲ਼ੋਂ ਵੱਧ ਦਾਜ ਲੈ ਕੇ ਜਾਵਾਂਗੀ ਤੇ ਪੱਚੀ ਤੀਹ ਲੱਖ ਵਿਆਹ 'ਤੇ ਖ਼ਰਚ ਕਰਵਾਵਾਂਗੀ, ਤੇ ਉਹ ਗੱਲ ਮੈਂ ਪੂਰੀ ਕਰ ਕੇ ਹਟਣੀ ਹੈ ਤੇ ਕੁੜੀਆਂ ਨੂੰ ਕਰ ਕੇ ਵੀ ਦਿਖਾਉਣੀ ਹੈ, ਮੇਰੇ ਨਾਲ਼ ਪੜ੍ਹਦੀ ਕੁੜੀ ਦੇ ਪਿਉ ਨੇ ਉਸ ਦੇ ਵਿਆਹ 'ਤੇ ਵੀਹ ਲੱਖ ਖਰਚਿਆ ਸੀ, ਤੇ ਮੈਂ ਆਪਦੇ ਬਾਪ ਤੋਂ ਪੱਚੀ ਜਾਂ ਤੀਹ ਲੱਖ ਲੁਆਵਾਂਗੀ...!" ਦੱਸੋ ਇਹੋ ਜਿਹੀ ਬਿਮਾਰ ਮਾਨਸਿਕਤਾ ਵਾਲ਼ੀ ਕੁੜੀ ਨੂੰ ਬੰਦਾ ਕੀ ਆਖੇ, ਜੋ ਬਾਪ ਦੇ ਪੈਸੇ ਦੇ ਸਿਰ 'ਤੇ ਹੀ ਬੈਠਕਾਂ ਕੱਢੀ ਜਾ ਰਹੀ ਹੈ? ਕੀ ਪੱਚੀ ਤੀਹ ਲੱਖ ਲੁਆ ਕੇ ਉਹ ਕੁੜੀ ਜ਼ਿੰਦਗੀ ਭਰ ਖ਼ੁਸ਼ ਰਹੇਗੀ? ਮੇਰੀ ਨਜ਼ਰ ਵਿਚ, ਨਹੀਂ! ਜੇ ਪੈਸੇ ਦੇ ਜੋਰ 'ਤੇ ਅਸੀਂ ਇਕ ਖ਼ੂਹ ਬੰਦ ਕਰਦੇ ਹਾਂ ਤਾਂ ਅੱਗੇ ਦਸ ਖਾਤੇ ਹੋਰ ਖੁੱਲ੍ਹ ਜਾਂਦੇ ਨੇ! ਖਾੜਕੂਵਾਦ ਵੇਲ਼ੇ ਲੋਕਾਂ ਨੂੰ ਇਸ ਪੱਖੋਂ ਜ਼ਰੂਰ ਕੁਝ ਸੁਖ ਦਾ ਸਾਹ ਆਇਆ ਸੀ। ਪਰ ਲਹਿਰ ਦੇ ਦਬਣ ਤੋਂ ਬਾਅਦ ਉਹੀ ਬੈਹਾਂ ਅਤੇ ਉਹੀ ਕੁਹਾੜੀ ਖੜ੍ਹੀ ਹੋ ਗਈ।
ਮੈਂ ਨਿੱਜੀ ਤੌਰ 'ਤੇ ਕਈ ਧਰਮ ਦੇ 'ਠੇਕੇਦਾਰ' ਵੀ ਦੇਖੇ ਹਨ, ਜੋ ਆਪਣੇ ਆਪ ਨੂੰ ਬੜੇ 'ਧਰਮੀ' ਅਤੇ ਅਸੂਲਾਂ ਦੇ 'ਨਾਨੇ' ਅਖਵਾਉਂਦੇ ਹਨ। ਪਰ ਅੰਦਰੋਂ ਕੀ ਹਨ...? "ਤੇਰਾ ਦਿੱਤਾ ਖਾਵਣਾ" ਕਹਿ ਕੇ ਜ਼ੁਲਮ ਢਾਹੁੰਣ ਵਾਲ਼ੇ ਬੁੱਚੜ, ਅਹਿਸਾਨ ਫ਼ਰਾਮੋਸ਼, ਅਕ੍ਰਿਤਘਣ, ਹਾਉਮੈ-ਗ੍ਰਸੇ ਅਤੇ ਅੱਤ ਦੇ ਲਾਲਚੀ, ਖ਼ੂਨੀ ਕੁੱਤੇ ਹਨ! ਜੋ ਡਰਾ ਧਮਕਾ ਕੇ ਜਾਂ ਨਿੱਤ ਨਵੀਂ ਸ਼ਤਰੰਜ ਚਾਲ ਖੇਡ ਕੇ ਆਪਣੇ ਨਿੱਜੀ ਸੁਆਰਥਾਂ ਲਈ ਮਜਬੂਰ ਰਿਸ਼ਤੇਦਾਰਾਂ ਨੂੰ ਵਰਤਦੇ ਹਨ। ਉਹਨਾਂ ਦੀ ਸੌੜੀ ਸੋਚ ਸਿਰਫ਼ ਆਪਣੀ ਮਤਲਬ ਪੂਰਤੀ ਤੱਕ ਹੀ ਸੀਮਤ ਰਹਿੰਦੀ ਹੈ! ਮਨੁੱਖ ਨੂੰ ਕਤਲ ਕਰਨਾ ਕਿਸ ਧਰਮ ਨੇ ਦੱਸਿਆ ਹੈ? ਸਾਡੇ ਗੁਰੂ ਤਾਂ "ਨਾ ਕੋ ਬੈਰੀ ਨਹੀ ਬਿਗਾਨਾ ਸਗਲ ਸੰਗਿ ਹਮ ਕਉ ਬਨਿ ਆਈ" ਦਾ ਹੋਕਾ ਹੀ ਦਿੰਦੇ ਹਨ!
ਮੈਂ ਤਾਂ ਇਸ ਗੱਲ 'ਤੇ ਹੀ ਜੋਰ ਦਿਆਂਗਾ ਕਿ ਕਸੂਰ ਜਿੰਨਾਂ ਦਾਜ ਲੈਣ ਵਾਲ਼ਿਆਂ ਦਾ ਹੈ, ਉਸ ਤੋਂ ਕਿਤੇ ਵੱਧ ਦਾਜ ਦੇਣ ਵਾਲ਼ਿਆਂ ਦਾ ਹੈ! ਆਮ ਦੇਖਣ ਵਿਚ ਆਉਂਦਾ ਹੈ ਕਿ ਉਸੇ ਲੜਕੀ ਨੂੰ ਹੀ ਜ਼ਿਆਦਾ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਹੈ, ਜੋ ਵੱਧ ਤੋਂ ਵੱਧ ਦਾਜ ਲੈ ਕੇ ਆਉਂਦੀ ਹੈ! ਕੁੱਤੇ ਦੇ ਮੂੰਹ ਨੂੰ ਲਹੂ ਲੱਗਿਆ, ਕਦੋਂ ਭਲੀ ਗੁਜ਼ਾਰਦਾ ਹੈ? ਜਦ ਬੰਦੇ ਦੇ ਖ਼ੂਨ ਦਾ ਸੁਆਦ ਪੈ ਜਾਂਦਾ ਹੈ ਤਾਂ 'ਮਾਣਸ-ਬੂ - ਮਾਣਸ-ਬੂ' ਤਾਂ ਸ਼ੁਰੂ ਹੋਣੀ ਹੀ ਹੋਈ! ਵਾਰਦਾਤਾਂ ਦੇਖ ਸੁਣ ਅਤੇ ਪੜ੍ਹ ਕੇ ਸੋਚੀਦਾ ਹੈ ਕਿ ਜ਼ਮਾਨਾ ਇਤਨਾ ਜ਼ਾਲਮ ਕਿਉਂ ਬਣਦਾ ਜਾ ਰਿਹਾ ਹੈ? ਮਨੁੱਖ ਦੀ ਮਤਲਬ-ਪ੍ਰਸਤ ਸੋਚ ਕਿਉਂ ਇਤਨੀ ਪਤਲੀ ਪੈਂਦੀ ਜਾ ਰਹੀ ਹੈ? ਲੋਭੀਆਂ ਨੂੰ ਰੱਬ ਦਾ ਡਰ ਭੈਅ ਕਿਉਂ ਨਹੀਂ ਰਿਹਾ? ਮਨੁੱਖਤਾ ਇਤਨੀ ਕੁਰਾਹੇ ਕਿਉਂ ਪੈਂਦੀ ਜਾ ਰਹੀ ਹੈ? ਇਹ ਨੌਜਵਾਨ, ਇੱਕੀਵੀਂ ਸਦੀ ਵਿਚ ਵਿਚਰਦੀ ਪੜ੍ਹੀ ਲਿਖੀ ਪੀੜ੍ਹੀ ਵੀ ਕਿਉਂ ਹਨ੍ਹੇਰ ਭਰੇ ਬਿਖੜੇ ਪੈਂਡਿਆਂ ਨੂੰ ਅੰਨ੍ਹੇਵਾਹ ਅਪਣਾਉਂਦੀ ਜਾ ਰਹੀ ਹੈ? ਇਸ "ਤਰੱਕੀ ਕਰ ਰਹੇ" ਸਮਾਜ ਵਿਚੋਂ ਇਹ ਊਣਤਾਈਆਂ ਅਤੇ ਖੋਟਾਂ ਕਦੋਂ ਨਿਕਲਣਗੀਆਂ? ਦਿਸ਼ਾਹੀਣ ਹੋਇਆ ਸਮਾਂ ਆਪਣੀਆਂ ਮੁਹਾਰਾਂ ਕਦੋਂ ਮੋੜੇਗਾ ਅਤੇ ਕਦ ਸਥਿਰ ਜ਼ਿੰਦਗੀ ਵੱਲ ਆਵੇਗਾ? ਇਕ ਗੱਲ ਹੋਰ ਵੀ ਦੱਸਦਾ ਜਾਵਾਂ..! ਇਕ ਜ਼ਾਲਮ ਟੱਬਰ ਆਪਣੀ ਨੂੰਹ ਨੂੰ ਰੱਜ ਕੇ ਕੁੱਟਦਾ ਮਾਰਦਾ ਰਿਹਾ। ਅਖੀਰ ਉਸ ਨਿਭਾਗੀ ਕੁੜੀ ਦਾ ਅੰਤ ਉਸ ਦੀ ਮੌਤ ਨਾਲ਼ ਹੋਇਆ। ਇਕ ਦਿਨ ਉਹਨਾਂ ਦਾ ਨੌਕਰ ਦੁੱਧ ਦਾ ਡਰੰਮ ਚੁੱਕੀ ਆ ਰਿਹਾ ਸੀ। ਉਸ ਪ੍ਰੀਵਾਰ ਦਾ 'ਅੱਤ ਪਿਆਰਾ' ਪਾਲਤੂ ਕੁੱਤਾ ਨੌਕਰ ਦੇ ਪੈਰ ਚੱਟਣ ਆ ਲੱਗਿਆ। ਨੌਕਰ ਦੇ ਕੁਤਕੁਤੀਆਂ ਜਿਹੀਆਂ ਨਿਕਲਣ ਲੱਗ ਪਈਆਂ ਅਤੇ ਉਸ ਨੇ ਦੁੱਧ ਡੁੱਲ੍ਹਣ ਦੇ ਡਰੋਂ ਕੁੱਤੇ ਦੇ ਪੋਲੀ ਜਿਹੀ ਲੱਤ ਮਾਰ ਦਿੱਤੀ। ਬੱਸ ਫ਼ਿਰ ਕੀ ਸੀ...? ਨੌਕਰ ਦੀ ਸ਼ਾਮਤ ਆ ਗਈ ਅਤੇ 'ਕੁੱਤਾ-ਪ੍ਰੇਮੀ' ਟੱਬਰ ਨੇ ਨੌਕਰ ਦੀ ਕੁੱਟ ਕੁੱਟ ਕੇ ਲੱਤ ਤੋੜ ਦਿੱਤੀ। ਇਸ ਦਾ ਮਤਲਬ ਕੀ ਹੋਇਆ...? ਕਿ ਉਸ ਬੇਰਹਿਮ ਟੱਬਰ ਨੂੰ ਆਪਣੀ ਨੂੰਹ ਨਾਲ਼ੋਂ ਜ਼ਿਆਦਾ ਆਪਣਾ ਪਾਲਤੂ ਕੁੱਤਾ ਪਿਆਰਾ ਸੀ ਅਤੇ ਉਸੇ ਕੁੱਤੇ ਦੀ ਖਾਤਰ ਗ਼ਰੀਬ ਨੌਕਰ ਦੀ ਲੱਤ ਵੀ ਭੰਨੀ ਗਈ। ਮੈਂ ਨਹੀਂ ਕਹਿੰਦਾ ਕਿ ਬੇਜ਼ੁਬਾਨ ਜਾਨਵਰ ਨੂੰ ਪ੍ਰੇਮ ਨਹੀਂ ਕਰਨਾ ਚਾਹੀਦਾ। ਪਰ ਜਾਨਵਰ ਦੇ ਨਾਲ਼ ਨਾਲ਼ ਇਨਸਾਨ ਅਤੇ ਇਨਸਾਨੀਅਤ ਨੂੰ ਵੀ ਮੋਹ ਕਰਨਾ ਚਾਹੀਦਾ ਹੈ! ਤੀਜੇ ਪਾਤਿਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਨੇ ਫ਼ੁਰਮਾਇਆ ਹੈ, "ਗੁਣਵੰਤੀ ਸਚੁ ਪਾਇਆ ਤ੍ਰਿਸਨਾ ਤਜਿ ਵਿਕਾਰ।। ਗੁਰ ਸਬਦੀ ਮਨੁ ਰੰਗਿਆ ਰਸਨਾ ਪ੍ਰੇਮ ਪਿਆਰਿ।।"
ਸਭ ਤੋਂ ਵੱਡਾ ਡਰ ਪੰਜਾਬੀਆਂ ਨੂੰ ਧੀਆਂ ਦਾ ਕੀ ਹੈ? ਇਕ ਤਾਂ ਰੁਜ਼ਗਾਰ ਅਤੇ ਦੂਜੀ ਜੇ ਪੰਜਾਬ ਗੌਰਮਿੰਟ ਨਵੀਂ ਪੀੜ੍ਹੀ ਨੂੰ ਰੁਜ਼ਗਾਰ ਹੀ ਦੇ ਦੇਵੇ, ਤਾਂ ਨਵੀਆਂ ਨਵੇਲੀਆਂ ਵਿਆਹੀਆਂ ਧੀਆਂ ਦੇ ਕਤਲ ਅਤੇ ਭਰੂਣ ਹੱਤਿਆ ਬਹੁਤ ਹੱਦ ਤੱਕ ਰੋਕੀ ਜਾ ਸਕਦੀ ਹੈ! ਇਕ ਗੱਲ ਲਲਕਾਰ ਕੇ ਕਹਿਣੀਂ ਚਾਹਾਂਗਾ ਕਿ ਜਿੰਨਾਂ ਚਿਰ ਦਾਜ, ਧੀਆਂ ਦੇ ਬਲਾਤਕਾਰ, ਨਸ਼ੇ ਅਤੇ ਵਿਹਲੜਬਾਜ਼ੀ ਨੂੰ ਕਿਸੇ ਸਾਰਥਿਕ ਅਤੇ ਸਖ਼ਤ ਢੰਗ ਨਾਲ਼ ਨੱਥ ਨਹੀਂ ਪਾਈ ਜਾਂਦੀ, ਧੀਆਂ ਕੁੱਖ ਵਿਚ ਮਰਦੀਆਂ ਹੀ ਰਹਿਣਗੀਆਂ! ਜਿੰਨਾਂ ਚਿਰ ਸਾਡੇ ਲੀਡਰ ਫ਼ੋਕੇ ਦਮਗੱਜੇ ਛੱਡ ਕੇ ਉਪਰੋਕਤ ਗੱਲਾਂ ਵੱਲ ਧਿਆਨ ਨਹੀਂ ਦਿੰਦੇ, ਭਰੂਣ ਹੱਤਿਆ ਹੁੰਦੀ ਰਹੇਗੀ! ਸਭ ਤੋਂ ਵੱਡਾ ਕਲੰਕ ਦਾਜ, ਬਲਾਤਕਾਰ, ਬੇਰੁਜ਼ਗਾਰੀ ਅਤੇ ਨਸ਼ਾ ਹੈ! ਵਿਹਲਾ ਮਨ ਸ਼ੈਤਾਨ ਦਾ ਘਰ ਹੁੰਦਾ ਹੈ! ਧੀਆਂ ਅਤੇ ਨਵੀਂ ਪੀੜ੍ਹੀ ਨੂੰ ਰੁਜ਼ਗਾਰ ਮਿਲ ਜਾਵੇ ਤਾਂ ਮਾਪਿਆਂ ਦੇ ਸਿਰ ਤੋਂ ਅੱਧਾ ਬੋਝ ਲਹਿ ਜਾਵੇ ਕਿਉਂਕਿ ਜੇ ਧੀ ਕਿਸੇ ਪੱਕੇ ਕਿੱਤੇ 'ਤੇ ਲੱਗੀ ਹੋਵੇਗੀ ਤਾਂ ਸਹੁਰੇ ਵੀ ਜ਼ੁਬਾਨ ਖੋਲ੍ਹਣ ਦੀ ਜ਼ੁਅਰਤ ਨਹੀਂ ਕਰਨਗੇ। ਜੇ ਹਰ ਮਹੀਨੇ ਪੱਕੀ ਤਨਖ਼ਾਹ ਘਰ ਆਵੇਗੀ ਤਾਂ ਕਮਾਊ ਨੂੰਹ ਨੂੰ ਕੌਣ ਕੁਝ ਆਖੇਗਾ? ਕੌਣ ਦਾਜ ਦਾ ਮਿਹਣਾ ਦੇਵੇਗਾ? ਜੇ ਨਵੀਂ ਪੀੜ੍ਹੀ ਨੂੰ ਰੁਜ਼ਗਾਰ ਮਿਲੇਗਾ ਤਾਂ ਉਹ ਨਸ਼ਿਆਂ ਵੱਲ ਉਲਾਰ ਨਹੀਂ ਹੋਵੇਗੀ। ਅਗਰ ਨਸ਼ਿਆਂ ਦੀ ਵਰਤੋਂ ਘਟ ਜਾਵੇਗੀ ਤਾਂ ਜ਼ਾਹਿਰ ਹੈ ਕਿ ਜੁਰਮ ਵੀ ਘਟਣਗੇ! ਜੁਰਮਾਂ ਦੇ ਵਿਚ ਬਲਾਤਕਾਰਾਂ ਦੀ ਬਹੁਤਾਤ ਹੈ। ਜੇ ਬਲਾਤਕਾਰ ਜਿਹੇ ਘਿਨਾਉਣੇ ਜੁਰਮ ਰੁਕ ਜਾਣਗੇ ਤਾਂ ਧੀਆਂ ਦਾ ਸਤਿਕਾਰ ਵੀ ਹੋਵੇਗਾ ਅਤੇ ਭਰੂਣ ਹੱਤਿਆ ਨੂੰ ਵੀ ਠੱਲ੍ਹ ਪਵੇਗੀ! ਹਰ ਮਾਂ-ਬਾਪ ਧੀ ਦੀ 'ਦੁਰਗਤੀ' ਤੋਂ ਡਰਦਾ ਹੈ, ਧੀ ਤੋਂ ਨਹੀਂ! ਹਰ ਬਾਪ ਆਪਣੀ ਇੱਜ਼ਤ-ਅਣਖ਼ ਨੂੰ ਬਚਾਉਣ ਵਿਚ ਲੱਗਿਆ ਹੋਇਆ ਭਰੂਣ ਹੱਤਿਆ ਨੂੰ ਪਹਿਲ ਦਿੰਦਾ ਹੈ! ਨਹੀਂ ਉਸ ਨੂੰ ਕੋਈ ਸ਼ੌਕ ਨਹੀਂ ਕਿ ਆਪਣੇ ਖ਼ੂਨ ਦਾ ਸੰਘਾਰ ਕਰੇ! ਅਗਲੀ ਗੱਲ ਇਹ ਹੈ ਕਿ ਧੀ ਦਾ ਵਿਆਹ ਕਰਨ ਲਈ ਹਰ ਬਾਪ ਨੂੰ ਅੱਜ ਘੱਟੋ ਘੱਟ ਪੰਜ-ਸੱਤ ਲੱਖ ਰੁਪਏ ਦੀ ਜ਼ਰੂਰਤ ਹੈ। ਇਕ ਤਾਂ ਅਸੀਂ ਨਕੌੜੇ ਦੇ ਮਾਰੇ ਹੋਏ ਹਾਂ। ਜੇ ਧੀ ਨੂੰ ਵਾਜੇ-ਗਾਜੇ ਨਾਲ਼ ਨਹੀਂ ਤੋਰਦੇ ਤਾਂ ਸਾਡਾ 'ਨੱਕ' ਨਹੀਂ ਰਹਿੰਦਾ! ਨੱਕ ਰੱਖਦਾ ਰੱਖਦਾ ਬੰਦਾ ਦਸ ਲੱਖ ਥੱਲੇ ਆ ਕੇ ਖੁੰਘਲ਼ ਹੋ ਜਾਂਦਾ ਹੈ ਅਤੇ ਆਤਮ ਹੱਤਿਆ ਵੱਲ ਨੂੰ ਪੈਰ ਪੁੱਟਦਾ ਹੈ! ਸੋ ਸਾਡੀ ਸਰਕਾਰ ਨੂੰ ਇਸ ਪਾਸੇ ਵੱਲ ਅਤੀ ਅੰਤ ਧਿਆਨ ਦੇਣ ਦੀ ਲੋੜ ਹੈ! ਜੇ ਇਹਨਾਂ ਗੱਲਾਂ ਵੱਲ ਧਿਆਨ ਦੇ ਕੇ ਕੋਈ ਨਿੱਗਰ ਹੱਲ ਕੱਢਿਆ ਜਾਵੇ ਤਾਂ ਸਾਡੇ ਮੁਲਕ ਵਿਚ ਜੁਰਮਾਂ ਦੀ ਗਿਣਤੀ ਬਹੁਤ ਹੱਦ ਤੱਕ ਘਟਾਈ ਜਾ ਸਕਦੀ ਹੈ, ਅਗਰ ਅਸੀਂ ਇਸ ਪੱਖ ਵੱਲ ਧਿਆਨ ਨਹੀਂ ਦਿੰਦੇ ਤਾਂ ਭਰੂਣ ਹੱਤਿਆ ਤੋਂ ਲੈ ਕੇ ਧੀਆਂ ਦੇ ਕਤਲ ਹੁੰਦੇ ਰਹਿਣਗੇ!
ਆਪਣੀਆਂ ਧੀਆਂ-ਭੈਣਾਂ ਦੇ ਸਿਵੇ ਦੀ ਅੱਗ ਸੇਕਦੇ ਪੰਜਾਬੀਓ! ਹੰਭਲਾ ਮਾਰਨ ਦੀ ਲੋੜ ਹੈ। ਜਿੱਥੇ ਲੋਭ ਲਾਲਚ ਭਾਰੂ ਹੋ ਜਾਵੇ, ਉਥੋਂ ਮੋਹ ਪਿਆਰ ਦੱਬਵੇਂ ਪੈਰੀਂ ਬਾਹਰ ਨਿਕਲ਼ ਜਾਂਦਾ ਹੈ! ਤੁਸੀਂ "ਪਹਿਲੇ ਆਪ - ਪਹਿਲੇ ਆਪ" ਕਰਦੇ ਕਰਦੇ ਗੱਡੀਆਂ ਲੰਘਾਈ ਜਾ ਰਹੇ ਹੋ! ਚੁੱਪ ਕਰਕੇ ਕਾਤਲਾਂ ਦੇ ਚਿਹਰੇ ਪੜ੍ਹਨ ਦੀ ਲੋੜ ਨਹੀਂ! ਜ਼ਾਲਮ ਅਤੇ ਜ਼ੁਲਮ ਨਾਲ਼ ਟੱਕਰ ਲੈਣ ਦੀ ਲੋੜ ਹੈ! ਇਹ ਬਰਬਾਦੀ ਵੱਲ ਤੁਰਿਆ ਸਮਾਜ ਛੇਤੀ ਕੀਤੇ ਸਹੀ ਦਿਸ਼ਾ ਵੱਲ ਆਉਣ ਵਾਲ਼ਾ ਨਹੀਂ। ਇਸ ਲਾਲਚ ਤੋਂ ਵਿੱਥ ਰੱਖ ਕੇ ਆਪਣੀਆਂ ਧੀਆਂ-ਭੈਣਾਂ ਦੀ ਇੱਜ਼ਤ ਨੂੰ ਇੱਜ਼ਤ, ਜਾਨ ਨੂੰ ਜਾਨ ਅਤੇ ਇਨਸਾਨ ਨੂੰ ਇਨਸਾਨ ਸਮਝੋ! ਦਾਜ ਮੰਗ ਕੇ ਘੱਟੋ ਘੱਟ ਪੰਜਾਬ ਦੇ ਨਾਂ 'ਤੇ ਕਲੰਕ ਨਾ ਬਣੋਂ! ਇਹ ਗੁਰੂਆਂ-ਫ਼ਕੀਰਾਂ ਦੀ ਰਹਿਮਤਾਂ ਵਾਲ਼ੀ ਧਰਤੀ ਹੈ! ਹੌਸਲੇ ਨਾਲ਼ ਨਵੀਂ ਨਰੋਈ ਦੁਨੀਆਂ ਸਿਰਜਣ ਦਾ ਸੰਕਲਪ ਲੈਣਾ ਨਾਜ਼ੁਕ ਸਮੇਂ ਦੀ ਜ਼ਰੂਰਤ ਹੈ। ਲਾਲਚ ਵੱਸ ਕੁਰਾਹੇ ਪਏ ਸਮਾਜੀਆਂ ਨੂੰ ਇਕ ਮੁੱਠ ਹੋ ਕੇ ਲਾਹਣਤਾਂ ਪਾਉਣ ਦੀ ਲੋੜ ਹੈ! ਜਿੰਨਾਂ ਘਰ ਫ਼ੂਕ ਕੇ ਤਾੜੀਆਂ ਮਾਰੀ ਜਾਓਗੇ, ਦਾਜ ਦੇ ਲਾਲਚੀਆਂ ਦੇ ਹੌਸਲੇ ਹੋਰ ਬੁਲੰਦ ਹੋਣਗੇ ਅਤੇ ਧੀਆਂ ਕੁੱਖ ਵਿਚ ਜਾਂ ਸਹੁਰੇ ਘਰ ਮਰਦੀਆਂ ਹੀ ਰਹਿਣਗੀਆਂ! ਲੋੜ ਹੈ ਇਸ ਨੂੰ ਬੁਲੰਦੀ ਨਾਲ਼ ਨੱਥ ਕੇ ਸਿਰੜ ਅਤੇ ਪ੍ਰਣ ਦੇ ਕਿੱਲੇ ਨਾਲ਼ ਨਰੜਨ ਦੀ! ਜੋ ਬਿਗਾਨੀਆਂ ਧੀਆਂ ਨੂੰ ਹਥਿਆਰ ਬਣਾ ਕੇ ਵਰਤਦੇ ਹਨ, ਉਹਨਾਂ ਦੇ ਨਿਸ਼ਾਨੇ ਤੋੜਨਾ ਅਤੇ ਨਾਸਾਂ ਭੰਨ ਕੇ ਮੂੰਹ ਭੁਆਉਣਾ ਹੀ ਮਰਦਾਨਗੀ ਅਤੇ ਨਰੋਏ ਸਮਾਜ ਦੀ ਸਿਰਜਣਾ ਹੈ! ਸਾਡੀਆਂ ਧੀਆਂ-ਭੈਣਾਂ ਨੂੰ ਵੀ ਆਪਣੀ ਜ਼ਿੰਦਗੀ ਮਹਿਫ਼ੂਜ਼ ਅਤੇ ਖ਼ੁਸ਼ਹਾਲ ਰੱਖਣ ਲਈ, ਫ਼ੋਕੀ ਸ਼ੁਹਰਤ ਨੂੰ ਲੱਤ ਮਾਰ ਕੇ ਦਾਜ ਦੀ ਕਾਲ਼ੀ ਵਹੀ ਪਾੜਨੀ ਹੋਵੇਗੀ। ਜੇ ਤੁਹਾਡੇ ਅਮੀਰ ਬਾਪ ਤੁਹਾਡੀਆਂ ਬੇਹੂਦਾ ਖ਼ਾਹਿਸ਼ਾਂ ਪੂਰੀਆਂ ਕਰਨ ਦੀ ਸਮਰੱਥਾ ਰੱਖਦੇ ਹਨ, ਤਾਂ ਇਹ ਜ਼ਰੂਰੀ ਨਹੀਂ ਕਿ ਸਾਰੀਆਂ ਧੀਆਂ ਦੇ ਬਾਪ ਤੁਹਾਡੇ ਬਾਪ ਜਿੰਨੀ ਧੰਗੇੜ ਝੱਲਣ ਦੇ ਸਮਰੱਥ ਹੋਣ? ਸਮੇਂ ਦੀ ਨਬਜ਼ ਤੁਹਾਡੇ ਹੱਥ ਹੈ!
.........................................

Friday, August 28, 2009

ਇੱਕ ਖ਼ਤ ਮੇਰੇ ਦੇਸ਼ ਵਾਸੀਆਂ ਦੇ ਨਾਂ - ਮਿੰਟੂ ਬਰਾੜ

  [mintu+brar.jpg]

  ਇੱਕ ਖ਼ਤ ਮੇਰੇ ਦੇਸ਼ ਵਾਸੀਆਂ ਦੇ ਨਾਂ  -  ਮਿੰਟੂ ਬਰਾੜ
ਮੇਰੇ ਪਿਆਰੇ ਦੇਸ਼ ਵਾਸੀਓ,
ਅਸੀਂ ਏਥੇ ਵਿਦੇਸ਼ਾਂ ਚ ਰਾਜ਼ੀ ਖ਼ੁਸ਼ੀ ਵਸਦੇ ਸੀ ਤੇ ਉਮੀਦ ਕਰਦੇ ਹਾਂ ਕਿ ਤੁਸੀ ਵੀ ਠੀਕ-ਠਾਕ ਹੋਵੋਗੇ।
ਰਾਜ਼ੀ ਖ਼ੁਸ਼ੀ ਤੋਂ ਬਾਅਦ ਅੱਗੇ ਸਮਾਚਾਰ ਇਹ ਹੈ ਕਿ ਅਸੀ ਜੇਹੜਾ ''ਵਸਦੇ ਹਾਂ'' ਦੀ ਥਾਂ ਤੇ ''ਵਸਦੇ ਸੀ'' ਲਿਖਿਆ ਹੈ, ਓਸੇ ਕਰਕੇ ਹੀ ਅਜ ਤੁਹਾਨੂੰ ਇਹ ਖ਼ਤ ਲਿਖਣ ਲਈ ਮਜਬੂਰ ਹੋਏ ਹਾਂ ਅਤੇ ਸੋਚ ਸੋਚ ਕੇ ਇਸ ਨਤੀਜੇ ਤੇ ਪਹੁੰਚੇ ਹਾਂ ਕਿ ਜਦੋਂ ਕੋਈ ਦੁਖੜਾ ਲਗ ਜਾਵੇ ਤਾਂ ਕਹਿੰਦੇ ਹਨ ਕਿ ਉਸ ਨੂੰ ਵੰਡ ਲੈਣਾ ਚਾਹੀਦਾ ਹੈ ਜਿਸ ਨਾਲ ਉਹ ਘੱਟ ਹੋ ਜਾਂਦਾ ਹੈ ਪਰ ਦੁਖੜਾ ਤਾਂ ਓਸੇ ਨੂੰ ਸੁਣਾਇਆ ਜਾਂਦਾ ਹੈ ਜੋ ਕੋਈ ਆਪਣਾ ਹੋਵੇ।ਹੁਣ ਤੁਹਾਡੇ ਨਾਲੋ ਨੇੜੇ ਤਾਂ ਸਾਡਾ ਕੋਈ ਹੋ ਨਹੀਂ ਸਕਦਾ।ਸੋ ਤੁਹਾਡੇ ਕੋਲ ਢਿੱਡ ਫੋਲਣ ਦੀ ਕੋਸ਼ਸ਼ ਕਰ ਰਹੇ ਹਾਂ ਅਤੇ ਉਮੀਦ ਕਰਦੇ ਹਾਂ ਕਿ ਤੁਸੀ ਸਾਡੇ ਜ਼ਖ਼ਮਾਂ ਤੇ ਮਲ੍ਹਮ ਲਾ ਕੇ ਸਾਨੂੰ ਕੁਝ ਰਾਹਤ ਦੇਣ ਦੀ ਕੋਸ਼ਸ਼ ਕਰੋਗੇ।


ਦੇਖੋ ਜੀ ਦੁੱਖ ਤਾਂ ਬੰਦੇ ਦੇ ਨਾਲ ਹੀ ਜਨਮ ਲੈਂਦੇ ਹਨ ਤੇ ਮੌਤ ਤਕ ਇਕ ਸੱਚੇ ਮਿੱਤਰ ਵਾਂਗ ਪਰਛਾਵਾਂ ਬਣ ਕੇ ਸਾਥ ਨਿਭਾਉਂਦੇ ਹਨ।ਇਹ ਸਭ ਜਾਣਦੇ ਹੋਏ ਵੀ ਹਰ ਇਕ ਦੀ ਕੋਸ਼ਸ਼ ਦੁੱਖਾਂ ਤੋਂ ਬਚਣ ਦੀ ਹੁੰਦੀ ਹੈ।ਕੋਈ ਇਸ ਵਿੱਚ ਕਾਮਯਾਬ ਹੋ ਜਾਂਦਾ ਹੈ ਤੇ ਕੋਈ ਤਰਲੇ ਕੱਢਦਾ ਹੀ ਮਰ ਜਾਂਦਾ ਹੈ।ਚੱਲੋ, ਇਹ ਤਾਂ ਸਮੇਂ ਦੀ ਚਾਲ ਹੈ, ਇੰਜ ਹੀ ਚੱਲਦੀ ਰਹੇਗੀ ਪਰ ਫ਼ਰਕ ਸਿਰਫ਼ ਐਨਾ ਕੁ ਹੈ ਕਿ ਕੁਝ ਦੁੱਖ ਸਾਡੇ ਵੱਲੋਂ ਆਪ ਸਹੇੜੇ ਹੁੰਦੇ ਹਨ ਤੇ ਕੁਝ ਧੱਕੇ ਨਾਲ ਸਾਡੇ ਗਲ਼ ਪਾਏ ਜਾਂਦੇ ਹਨ।ਬਸ ਇਹਨਾਂ ਦੁੱਖਾਂ ਤੋਂ ਦੁਖੀ ਹੋ ਕੇ ਅਜ ਤੁਹਾਨੂੰ ਇਹ ਖ਼ਤ ਲਿਖਣ ਬੈਠ ਗਏ ਹਾਂ।


ਜਦੋਂ ਅਸੀਂ ਪਹਿਲੇ ਦਿਨ ਘਰੋਂ ਪੈਰ ਪੁੱਟਿਆ ਸੀ ਓਸੇ ਦਿਨ ਹੀ ਅਸੀਂ ਆਪਣੇ ਆਪ ਨੂੰ ਦੁੱਖਾਂ ਦੇ ਖੂਹ ਵਿੱਚ ਧੱਕਾ ਦੇ ਦਿਤਾ ਸੀ ਪਰ ਇਸ ਲਈ ਅਸੀਂ ਕਿਸੇ ਨਾਲ ਗਿਲ੍ਹਾ ਨਹੀਂ ਕਰ ਸਕਦੇ ਕਿਉਂਕਿ ਉਹ ਸਾਡੇ ਆਪ ਸਹੇੜੇ ਹੋਏ ਦੁੱਖ ਸਨ।ਇਕ ਚੰਗੇ ਭਵਿੱਖ ਦੀ ਭਾਲ ਵਿੱਚ ਅਸੀਂ ਆਪ ਹੀ ਘਰ ਛੱਡਿਆ ਸੀ।ਉਹ ਦੁੱਖ ਵੀ ਕੁਝ ਅਜੀਬ ਜਿਹੇ ਸੀ ਜਿਨ੍ਹਾਂ ਵਿੱਚੋਂ ਇੱਕ ਖ਼ਾਸ ਵਿਛੋੜੇ ਰੂਪੀ ਰਸ ਸੀ। ਉਸ ਵਕਤ ਦੁਨੀਆ ਦਾ ਆਕਾਰ ਵੀ ਬਹੁਤ ਵੱਡਾ ਸੀ ਤੇ ਤੁਹਾਡੇ ਨਾਲ ਸੁੱਖ ਸੁਨੇਹੇ ਸਾਂਝੇ ਕਰਨ ਵਿੱਚ ਡੇਢ-ਡੇਢ ਮਹੀਨਾ ਲਗ ਜਾਂਦਾ ਸੀ ਤੇ ਸਾਰਾ ਦਿਨ ਡਾਕ ਦੀ ਉਡੀਕ ਜਿਹੀ ਲੱਗੀ ਰਹਿੰਦੀ ਸੀ।ਉਸ ਵਕਤ ਵਿਛੋੜੇ ਦੇ ਦੁੱਖ ਨੂੰ ਛੱਡ ਕੇ ਹੋਰ ਕੋਈ ਖ਼ਾਸ ਦੁੱਖ ਨਹੀਂ ਸੀ।ਜੇ ਕੋਈ ਛੋਟੀ ਮੋਟੀ ਔਕੜ ਆਉਂਦੀ ਵੀ ਸੀ ਤਾਂ ਉਸ ਨੂੰ ਡਾਲਰ ਆਪਣੇ ਉੱਤੇ ਲੈ ਲੈਂਦੇ ਸਨ।ਉਸ ਵਕਤ ਜੇ ਅਸੀਂ ਵਿਛੋੜੇ ਵਾਲਾ ਦੁੱਖ ਸਹੇੜਿਆ ਸੀ ਤਾਂ ਬਹੁਤ ਸਾਰੇ ਬਿਨਾ ਮਤਲਬ ਦੇ ਦੁੱਖਾਂ ਤੋਂ ਸਾਡਾ ਖਹਿੜਾ ਵੀ ਛੁੱਟ ਗਿਆ ਸੀ; ਜਿਵੇਂ, ਨਾ ਤਾਂ ਏਥੇ ਆ ਕੇ ਸਾਨੂੰ ਆਪਣੀ ਕੋਈ ਵੀ ਲੋੜ ਪੂਰੀ ਕਰਨ ਲਈ ਹਾੜੀ-ਸਾਉਣੀ ਉਡੀਕਣੀ ਪੈਂਦੀ ਸੀ ਤੇ ਨਾ ਹੀ ਆੜ੍ਹਤੀਏ ਦੀਆਂ ਮਿੰਨਤਾਂ ਕਰਨ ਦੀ ਲੋੜ ਸੀ ਅਤੇ ਨਾ ਕੋਈ ਜੀਵਨ ਦੀਆਂ ਮੁਢਲੀਆਂ ਸਹੂਲਤਾਂ ਦੀ ਘਾਟ ਸੀ।


ਸੱਚ, ਇਕ ਹੋਰ ਜਿਹੜੀ ਸਮੱਸਿਆ ਸਾਨੂੰ ਏਥੇ ਆਈ ਉਹ ਇਹ ਕਿ ਏਥੋਂ ਦੇ ਪੜ੍ਹੇ ਲਿਖੇ ਲੋਕਾਂ ਨਾਲੋਂ ਤਾਂ ਆਪਣੇ ਅਨਪੜ੍ਹ ਲੋਕ ਹੀ ਜਿਆਦਾ ਗੱਲਾਂ ਜਾਣਦੇ ਸਨ ਤੇ ਸ਼ੁਰੂ ਸ਼ੁਰੂ ਵਿੱਚ ਕਈ ਵਾਰੀਂ ਅਜੀਬ ਜਿਹੇ ਹਾਲਾਤ ਬਣ ਜਾਂਦੇ ਸਨ।ਇਕ ਦਿਨ ਮੈਂ ਇਕ ਗੋਰੇ ਨੂੰ ਦੱਸਿਆ ਕਿ ਸਾਡੇ ਬਿਜਲੀ ਚਲੀ ਜਾਂਦੀ ਹੈ ਤਾਂ ਮੂਹਰਿਓਂ ਮੈਨੂੰ ਗੋਰਾ ਹੈਰਾਨ ਹੋ ਕੇ ਕਹਿੰਦਾ ਕਿ ਉਹ ਕਿੱਥੇ ਚਲੀ ਜਾਂਦੀ ਹੈ! ਲੈ ਹੁਣ ਤੁਸੀ ਦੱਸੋ ਕਿ ਬਿਜਲੀ ਕਿਥੇ ਚਲੀ ਜਾਂਦੀ ਹੈ! ਜੇ ਇਹਨਾਂ ਦੀ ਬਿਜਲੀ ਕਦੇ ਗਈ ਹੋਵੇ ਤਾਂ ਇਹਨਾਂ ਨੂੰ ਪਤਾ ਹੋਵੇ! ਹੋਰ ਸੁਣ ਲਓ ਜੇ ਇਹਨਾਂ ਦੀ ਕਦੇ ਦਾਹੜ ਦੁਖਣ ਲਗ ਜਾਵੇ ਤਾਂ ਪਤੰਦਰ ਸਿਧੇ ਜਾਂਦੇ ਆ ਡਾਕਟਰ ਕੋਲ। ਸਾਨੂੰ ਇਹਨਾਂ ਤੇ ਤਰਸ ਆਉਂਦਾ ਹੈ ਕਿ ਇਹ ਕਰਨ ਵੀ ਕੀ; ਇਹਨਾਂ ਵਿਚਾਰਿਆ ਕੋਲ ਕੋਈ ਹਥੌਲ਼ਾ ਪਾਉਣ ਵਾਲਾ ਸਾਧ ਹੀ ਹੈ ਨਹੀਂ।


ਚਲੋ ਜੀ ਜਿਵੇਂ ਨਾ ਕਿਵੇਂ ਅਸੀਂ ਵੀ ਆਦੀ ਹੋ ਗਏ ਇਹਨਾਂ ਵਾਂਗੂੰ ਰਹਿਣ ਸਹਿਣ ਦੇ ਅਤੇ ਹੌਲ਼ੀ ਹੌਲ਼ੀ ਵਿਗਿਆਨ ਦੀ ਗਰਮੀ ਵਧਦੀ ਗਈ ਤੇ ਦੁਨੀਆ ਸਿਮਟ ਕੇ ਇਕ ਪਿੰਡ ਦਾ ਰੂਪ ਧਾਰਨ ਕਰ ਗਈ ਤਾਂ ਸਾਡੇ ਕੋਲੋਂ ਵਿਛੋੜੇ ਵਾਲਾ ਦੁੱਖ ਵੀ ਜਾਂਦਾ ਰਿਹਾ ਤੇ ਜਦੋਂ ਜੀ ਕੀਤਾ ਫ਼ੋਨ ਮਿਲਾ ਲਿਆ ਤੇ ਜਦੋਂ ਜੀ ਕੀਤਾ ਇੰਟਰਨੈੱਟ ਤੇ ਬਹਿ ਕੇ ਇਕ ਦੂਜੇ ਨੂੰ ਦੇਖ ਲਿਆ।ਹੁਣ ਤਾਂ ਆਲਮ ਇਹ ਹੈ ਕੇ ਪਿੰਡ ਜਦੋਂ ਗੁਆਂਢੀਆਂ ਦਾ ਕੁੱਤਾ ਭੌਂਕਦਾ ਤਾਂ ਸਾਨੂੰ ਏਥੇ ਸੁਣਦਾ ਅਤੇ ਕਈ ਵਾਰ ਤਾਂ ਇੰਜ ਹੁੰਦਾ ਕਿ ਜਦੋਂ ਕਦੇ ਮ੍ਹਾਤੜ ਦੀ ਰਾਤ ਦੀ ਜੌਬ ਹੁੰਦੀ ਹੈ ਤਾਂ ਇੰਡੀਆ ਬੈਠੀ ਮਾਂ ਫ਼ੋਨ ਦੀ ਘੰਟੀ ਮਾਰ ਕੇ ਅਲਾਰਮ ਦਾ ਕੰਮ ਕਰਦੀ ਹੈ। ਮੁੱਕਦੀ ਗੱਲ ਇਹ ਹੈ ਜੀ ਕਿ ਦਾਤੇ ਦੀ ਕਿਰਪਾ ਤੇ ਸਾਡੀ ਮਿਹਨਤ ਸਦਕਾ ਹੁਣ ਹਰ ਪਾਸੇ ਛਹਿਬਰਾਂ ਲੱਗੀਆਂ ਪਈਆਂ ਸਨ ਤੇ ਜਿੰਦਗੀ ਘੁੱਗ ਵਸ ਰਹੀ ਸੀ ਪਰ ਸਾਡੀਆਂ ਇਹ ਮੌਜਾਂ ਕਈਆਂ ਨੂੰ ਰਾਸ ਨਹੀਂ ਆਈਆਂ ਤੇ ਉਹ ਸਾਨੂੰ ਟੇਢੀ ਅੱਖ ਨਾਲ ਦੇਖਣ ਲਗ ਪਏ ਤੇ ਉਹਨਾਂ ਸਾਡੀ ਜ਼ਿੰਦਗੀ ਵਿੱਚ ਦਖ਼ਲ ਦੇਣਾ ਸ਼ੁਰੂ ਕਰ ਦਿਤਾ।ਉਹ ਵੀ ਦੋ ਦੋ ਪਾਸਿਆਂ ਤੋਂ ਇਕ ਸਿਆਸੀ ਤੇ ਦੂਜਾ ਧਰਮੀ। ਭਾਵੇਂ ਸਿਆਸੀ ਦਖ਼ਲ ਅੰਦਾਜ਼ੀ ਬਹੁਤ ਪਹਿਲਾਂ ਹੀ ਸ਼ੁਰੂ ਹੋ ਗਈ ਸੀ ਪਰ ਹੁਣ ਤਾਂ ਇਹ ਅੱਤ ਦੇ ਦੌਰ ਵਿੱਚ ਪਹੁੰਚ ਗਈ ਹੈ। ਪਹਿਲਾਂ ਵੀ ਕੋਈ ਨਾ ਕੋਈ ਲੀਡਰ ਵਿਦੇਸ਼ਾਂ ਦੇ ਦੌਰੇ ਤੇ ਆਉਂਦਾ ਰਹਿੰਦਾ ਸੀ ਪਰ ਉਹ ਦੌਰੇ ਜਾਂ ਤਾਂ ਸਰਕਾਰੀ ਹੁੰਦੇ ਸਨ ਜਾਂ ਨਿਜੀ। ਇਹਨਾਂ ਦੌਰਿਆਂ ਦਾ ਕਿਸੇ ਨੂੰ ਕੋਈ ਇਤਰਾਜ਼ ਨਹੀਂ ਸੀ ਹੁੰਦਾ। ਇਹਨਾਂ ਨੂੰ ਇਕ ਮਹਿਮਾਨ ਦੇ ਤੌਰ ਤੇ ਦੇਖਿਆ ਜਾਂਦਾ ਸੀ ਅਤੇ ਬਣਦਾ ਮਾਣ ਸਤਿਕਾਰ ਵੀ ਦਿਤਾ ਜਾਂਦਾ ਸੀ ਪਰ ਪਿਛਲੇ ਕੁਝ ਕੁ ਸਾਲਾਂ ਤੋਂ ਐਵੇਂ ਕੰਨ ਦੁਖਦੇ ਦਾ ਬਹਾਨਾ ਕਰ ਕੇ ਹਰੇਕ ਨੇਤਾ ਵਿਦੇਸ਼ਾਂ ਵੱਲ ਨੂੰ ਤੁਰਿਆ ਆਉਂਦਾ ਹੈ ਅਤੇ ਆ ਕੇ ਸ਼ੁਰੂ ਕਰ ਦਿੰਦਾ ਏਥੇ ਆਪਣੀਆਂ ਸਿਆਸੀ ਗਤੀਵਿਧੀਆਂ। ਕੁਝ ਇੱਕ ਨੂੰ ਕੁਰਸੀ ਦਾ ਚਸਕਾ ਪਾ ਕੇ ਲੋਕਲ ਨੇਤਾ ਥਾਪ ਦਿੰਦਾ ਹੈ। ਫੇਰ ਸ਼ੁਰੂ ਕਰ ਦਿੰਦਾ ਹੈ ਆਪਣਾ ਅਸਲੀ ਮਕਸਦ ਡਾਲਰ ਇਕੱਠੇ ਕਰਨ ਦਾ। ਏਸੇ ਦਾ ਨਤੀਜਾ ਹੈ ਕਿ ਹੁਣ ਕਿਧਰੇ ਨੀਲੇ, ਕਿਧਰੇ, ਚਿੱਟੇ ਤੇ ਕਿਧਰੇ ਖ਼ਾਕੀ ਲੀਡਰਾਂ ਦੇ ਝੁੰਡ ਤੁਹਾਨੂੰ ਹਰ ਰੋਜ ਦੇਖਣ ਨੂੰ ਮਿਲ ਜਾਣਗੇ।


ਹੁਣ ਸਾਡੀ ਇੱਕ ਗਲ ਸਮਝ ਨਹੀਂ ਆਉਂਦੀ ਕਿ ਇਹ ਅਖੌਤੀ ਨੇਤਾ ਏਥੇ ਏਹੋ ਜੇਹਾ ਕੀ ਸੰਵਾਰਨ ਆਉਂਦੇ ਹਨ ਜਿਹੜਾ ਏਥੋਂ ਦੀਆਂ ਸਰਕਾਰਾਂ ਤੋਂ ਨਹੀਂ ਹੁੰਦਾ! ਸੋਚਣ ਵਾਲ਼ੀ ਗੱਲ ਹੈ ਕਿ ਏਥੇ ਨਾ ਤਾਂ ਕਿਤੇ ਟੁੱਟੀਆਂ ਸੜਕਾਂ ਨੇ, ਨਾ ਕਿਤੇ ਕੋਈ ਸਿਹਤ ਸਹੂਲਤਾਂ ਦੀ ਘਾਟ ਆ, ਨਾ ਕਿਸੇ ਸਕੂਲ ਵਿੱਚ ਤਿੰਨ ਸੌ ਜੁਆਕਾਂ ਲਈ ਇਕ ਮਾਸਟਰ ਹੈ, ਨਾ ਕਿਤੇ ਸਾਡੇ ਕੋਈ ਹੱਕ ਹੀ ਖਾ ਰਿਹਾ ਹੈ, ਨਾ ਬੁਢਾਪਾ ਪੈਨਸ਼ਨ ਲੈਣ ਲਈ ਪਟਵਾਰੀਆਂ ਦੀ ਦੇਹਲੀ ਨੀਵੀਂ ਤੇ ਤਲੀ ਗਰਮ ਕਰਨੀ ਪੈਂਦੀ ਹੈ, ਨਾ ਕਿਤੇ ਕੰਡਕਟਰ ਭਾਰਤੀ ਹੋਣ ਲਈ ਟ੍ਰਾਂਸਪੋਰਟ ਮੰਤਰੀ ਦਾ ਫ਼ੋਨ ਕਰਵਾਉਣਾ ਪੈਂਦਾ ਹੈ ਅਤੇ ਨਾ ਹੀ ਕਿਸੇ ਕੰਮ ਲਈ ਸਰਕਾਰੀ ਦਫ਼ਤਰਾਂ ਦੇ ਗੇੜੇ ਲਾਉਣੇ ਪੈਂਦੇ ਹਨ। ਬਿਜਲੀ ਦਾ ਕੋਈ ਰੌਲ਼ਾ ਹੀ ਨਹੀਂ; ਜੇ ਇਹ ਕਿਤੇ ਜਾਊ ਤਾਂ ਹੀ ਆਉਣ ਦੀ ਸਮੱਸਿਆ ਆਵੇਗੀ! ਹੁਣ ਤੁਸੀਂ ਹੀ ਦੱਸੋ ਕਿ ਇਹਨਾਂ ਦਾ ਅਸਲੀ ਮਕਸਦ ਕੀ ਹੋ ਸਕਦਾ ਹੈ ਏਥੇ ਦੇ ਭਲਵਾਨੀ ਗੇੜੇ ਦੇਣ ਦਾ! ਅਸੀਂ ਤਾਂ ਸੋਚ ਸੋਚ ਕੇ ਇਕ ਹੀ ਨਤੀਜਾ ਕੱਢਿਆ ਕਿ ਜਾਂ ਤਾਂ ਇਹ ਆਪਣਾ ਕਾਲ਼ਾ ਧਨ ਸਾਂਭਣ ਆਉਂਦੇ ਹਨ ਜਾਂ ਫੇਰ ਏਥੇ ਡਾਲਰ ਇਕੱਠੇ ਕਰਨ ਆਉਂਦੇ ਹੋਣਗੇ! ਕਿਉਂਕਿ ਜੇ ਇਹਨਾਂ ਦਾ ਮਕਸਦ ਸਮੱਸਿਆ ਸੁਲਝਾ ਕੇ ਜਨਤਾ ਦੀ ਸੇਵਾ ਕਰਨਾ ਹੁੰਦਾ ਤਾਂ ਇਹ ਕਾਰਜ ਇਹ ਅਖੌਤੀ ਨੇਤਾ ਆਪਣੇ ਦੇਸ਼ ਵਿੱਚ ਹੀ ਕਰ ਲੈਂਦੇ! ਹੁਣ ਇਕ ਹੋਰ ਗੱਲ ਏਥੇ ਸੋਚਣ ਦੀ ਇਹ ਹੈ ਕਿ ਜੇ ਇਹਨਾਂ ਨੂੰ ਇਕੱਲੇ ਡਾਲਰ ਹੀ ਪਿਆਰੇ ਹੁੰਦੇ ਤਾਂ ਇਹ ਪੱਕੇ ਤੋਰ ਤੇ ਵਿਦੇਸ਼ ਹੀ ਆ ਵਸਦੇ। ਨਹੀਂ ਮੇਰੇ ਵੀਰੋ ਇਹਨਾਂ ਨੂੰ ਇਕੱਲੇ ਡਾਲਰਾਂ ਨਾਲ ਪ੍ਰੇਮ ਨਹੀਂ ਇਹਨਾਂ ਨੂੰ ਤਾਂ ਚੌਧਰ, ਕੁਰਸੀ, ਵਾਹ-ਵਾਹ, ਚਮਚਾਗੀਰੀ, ਸਲੂਟਾਂ ਨਾਲ ਹੀ ਪ੍ਰੇਮ ਹੈ। ਭਾਵੇਂ ਇਹ ਆਪਣੀ ਨੇਤਾਗੀਰੀ ਵਿਦੇਸ਼ ਵਿਚ ਆ ਕੇ ਵੀ ਕਰ ਸਕਦੇ ਹਨ ਪਰ ਇਹਨਾਂ ਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਏਥੇ ਉਹੋ ਜਿਹੇ ਨਜ਼ਾਰੇ ਨਹੀਂ ਆਉਣੇ ਜੋ ਇੰਡੀਆ ਵਿਚ ਹਨ। ਏਥੇ ਤਾਂ ਸੱਚੀਂ-ਮੁੱਚੀਂ ਦਾ ਸੇਵਾਦਾਰ ਬਣਨਾ ਪੈਂਦਾ ਨਾ ਕਿ ਕਾਗਜ਼ੀ!


ਹੁਣ ਤੁਸੀ ਸੋਚਦੇ ਹੋਵੋਗੇ ਕਿ ਕੋਈ ਮਰਜ਼ੀ ਕੁਝ ਕਰੀ ਜਾਵੇ ਤੁਹਾਨੂੰ ਕੀ ਤਕਲੀਫ਼? ਭਰਾਵੋ, ਜੇ ਤਕਲੀਫ਼ ਹੋਈ ਹੈ ਤਾਂ ਹੀ ਇਹ ਖ਼ਤ ਲਿਖਣ ਬੈਠੇ ਹਾਂ। ਸਭ ਤੋਂ ਵੱਡੀ ਤਕਲੀਫ਼ ਤਾਂ ਇਹ ਹੈ ਕਿ ਆਮ ਜਨਤਾ, ਜਿਸ ਨੇ ਕਰੜੀ ਮਿਹਨਤ ਸਦਕਾ ਇਕ ਚੰਗੇ ਸਿਸਟਮ ਵਿੱਚ ਹਾਲੇ ਸੁੱਖ ਦਾ ਸਾਹ ਲੈਣਾ ਸ਼ੁਰੂ ਹੀ ਕੀਤਾ ਸੀ ਤੇ ਓਹੀ ਕਲੇਸ਼ ਏਥੇ ਵੀ ਸ਼ੁਰੂ ਹੋ ਗਿਆ। ਅਸੀਂ ਵਿਦੇਸ਼ਾਂ ਵਿੱਚ ਵੱਖ ਵੱਖ ਥਾਂਵਾਂ ਤੋਂ ਆ ਕੇ ਵਸੇ ਹੋਣ ਕਰਕੇ ਸਾਡੇ ਵਿੱਚ ਕੋਈ ਜਿਆਦਾ ਸ਼ਰੀਕਾ ਨਹੀਂ ਸੀ ਪਰ ਇਹਨਾਂ ਨੇ ਆ ਕੇ ਸਾਡੇ ਵਿੱਚ ਫੇਰ ਵੰਡੀਆਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਪਹਿਲਾਂ ਅਸੀਂ ਇਕ ਦੂਜੇ ਨੂੰ ਉਸ ਦੇ ਪਿੰਡ ਜਾ ਹਲਕੇ ਕਰਕੇ ਜਾਣਦੇ ਹੁੰਦੇ ਸੀ ਕਿ ਫ਼ਲਾਣਾ ਸਿਓਂ ਮਾਲਵੇ ਦਾ ਤੇ ਫ਼ਲਾਣਾ ਸਿਓਂ ਦੁਆਬੇ ਦਾ। ਹੁਣ ਸਾਡੀ ਪਛਾਣ ਪਾਰਟੀਆਂ ਦੇ ਆਧਾਰ ਤੇ ਹੁੰਦੀ ਹੈ। ਕੋਈ ਜਿੱਤਦਾ ਹਾਰਦਾ ਪੰਜਾਬ 'ਚ ਹੈ ਤੇ ਮੇਹਣੋ-ਮੇਹਣੀਂ ਅਸੀਂ ਏਥੇ ਹੋਣ ਲੱਗ ਜਾਂਦੇ ਹਾਂ। ਹੁਣ ਸਾਨੂੰ ਆਪਣਿਆਂ ਦਾ ਫ਼ਿਕਰ ਘੱਟ ਤੇ ਪਾਰਟੀਆਂ ਦਾ ਫ਼ਿਕਰ ਜਿਆਦਾ ਰਹਿੰਦਾ ਹੈ। ਏਥੋਂ ਤੱਕ ਕਿ ਹੁਣ ਸਾਡਾ ਆਪਣੇ ਦੇਸ਼ ਗੇੜਾ ਲਾਉਣ ਦਾ ਪ੍ਰੋਗਰਾਮ ਵੀ ਵੋਟਾਂ ਦੇ ਹਿਸਾਬ ਨਾਲ ਹੀ ਬਣਦਾ ਹੈ। ਸਾਨੂੰ ਸੁਖ ਇਹਨਾਂ ਦਾ ਭੋਰਾ ਵੀ ਨਹੀਂ ਹੈ। ਜਦੋਂ ਕਦੇ ਸਾਨੂੰ ਕੋਈ ਲੋੜ ਪੈਂਦੀ ਹੈ ਤਾਂ ਉਹ ਫੇਰ ਵਿਚਾਰੇ ਡਾਲਰ ਹੀ ਪੂਰੀ ਕਰਦੇ ਹਨ। ਜੋ ਪਿੱਛੇ ਸਾਡੀ ਜਾਇਦਾਦ ਹੈ, ਉਹਨਾਂ ਨੂੰ ਜਿਆਦਾ ਖ਼ਤਰਾ ਇਹਨਾਂ ਤੋਂ ਹੀ ਹੁੰਦਾ ਹੈ ਕਿਉਂਕਿ ਇਹਨਾਂ ਦੇ ਇਸ਼ਾਰੇ ਤੇ ਹੀ ਕੋਈ ਨਾ ਕੋਈ ਸਾਡੀ ਜਾਇਦਾਦ ਉਤੇ ਅੱਖ ਰੱਖ ਲੈਂਦਾ ਹੈ ਤੇ ਫੇਰ ਸਾਨੂੰ ਦੋਹਾਂ ਪਾਸਿਆਂ ਤੋਂ ਰਗੜਾ ਚੜ੍ਹਦਾ ਹੈ। ਜੇ ਅਸੀਂ ਆਪਣੇ ਹੱਡ ਬਚਾਉਣ ਆਪਣੇ ਮੁਲਕ ਆਉਂਦੇ ਹਾਂ ਤਾਂ ਵੀ ਸਭ ਨੂੰ ਸਾਡੇ ਡਾਲਰ ਹੀ ਦਿਸਦੇ ਹਨ; ਸਾਡਾ ਵਜੂਦ ਕੋਈ ਖ਼ਾਸ ਮਹਿਨਾ ਨਹੀਂ ਰੱਖਦਾ। ਜਦੋਂ ਅਸੀਂ ਨਾਜਾਇਜ਼ ਕਬਜ਼ਿਆਂ ਦੀ ਸ਼ਿਕਾਇਤ ਕਰਨ ਥਾਣਿਆਂ 'ਚ ਜਾਂਦੇ ਹਾਂ ਤਾਂ ਮੂਹਰਿਓਂ ਅਫ਼ਸਰ ਲਾਲ਼ਾਂ ਸਿੱਟੀ ਜਾਂਦੇ ਆ। ਜੇ ਉਹਨਾਂ ਤੋਂ ਬਚਣ ਲਈ ਇਹਨਾਂ ਲੀਡਰਾਂ ਕੋਲ ਜਾਈਦਾ ਤਾਂ ਮਹਿਸੂਸ ਹੁੰਦਾ ਕਿ ਇਸ ਨਾਲੋਂ ਤੋਂ ਉਸ ਅਫ਼ਸਰ ਦਾ ਮੂੰਹ ਹੀ ਛੋਟਾ ਸੀ ਤੇ ਸੌਖਾ ਭਰ ਜਾਂਣਾ ਸੀ। ਫੇਰ ਭਗਵੰਤ ਮਾਨ ਦੀ ਉਹ ਗੱਲ ਚੇਤੇ ਆਉਂਦੀ ਹੈ ਕਿ ਸਾਨੂੰ ਕੀ ਫਾਇਦਾ ਹੋਇਆ ਤੁਹਾਨੂੰ ਐਲ.ਐਮ.ਏ. (ਐਮ.ਐਲ.ਏ.) ਬਣਾਉਣ ਦਾ? ਦੁੱਖ ਤਾਂ ਹੋਰ ਵੀ ਬਥੇਰੇ ਹਨ ਪਰ ਇਸ ਲਈ ਤਾਂ ਪੂਰੀ ਕਿਤਾਬ ਲਿਖਣੀ ਪੈਣੀ ਹੈ। ਇਸ ਲਈ ਅਗਲੀ ਤਕਲੀਫ਼ ਤੇ ਜਾਂਦੇ ਹਾਂ।


ਸਾਡਾ ਦੂਜਾ ਦੁੱਖ ਸੰਵੇਦਨਸ਼ੀਲ ਹੈ; ਇਸ ਲਈ ਇਹ ਤੁਹਾਡੇ ਨਾਲ ਸਾਂਝਾ ਕਰਨਾ ਅਤਿ ਜਰੂਰੀ ਹੈ। ਸਾਡਾ ਸਿੱਖ ਧਰਮ ਵੇਲੇ ਵੇਲੇ ਸਿਰ ਕਿਸੇ ਨਾ ਕਿਸੇ ਰੋਗ ਨਾਲ ਪੀੜਤ ਹੀ ਰਿਹਾ ਹੈ। ਕਦੇ ਵਕਤ ਦੇ ਹਾਕਮਾਂ ਨੇ ਸਾਨੂੰ ਦਬਾਉਣ ਦੀ ਕੋਸ਼ਸ਼ ਕੀਤੀ ਤੇ ਕਦੇ ਹੋਰ ਕੌਮਾਂ ਨੂੰ ਸਾਡਾ ਧਰਮ ਚੁਭਣ ਲੱਗਿਆ ਤੇ ਕਦੇ ਸਾਡੇ ਆਪਣਿਆਂ ਨੇ ਸਾਨੂੰ ਅੰਦਰੋਂ ਅੰਦਰੀਂ ਵੰਡਿਆ। ਕਦੇ ਮਸੰਦਾਂ ਨੇ ਸਾਨੂੰ ਖੋਰਾ ਲਾਇਆ। ਅੱਜ ਦੇ ਵਕਤ ਵਿੱਚ ਜੇ ਕੋਈ ਸਿੱਖ ਕੌਮ ਨੂੰ ਖੋਰਾ ਲਾ ਰਿਹਾ ਹੈ ਤਾਂ ਇਹ ਹਨ ਆਪੇ ਬਣੇ ਬਾਬੇ ਅਤੇ ਸੰਤ।ਅਸੀਂ ਪਹਿਲਾਂ ਵੀ ਚਿੰਤਾ ਵਿੱਚ ਰਹਿੰਦੇ ਸੀ ਕਿ ਸਾਡਾ ਧਰਮ ਕਿਧਰ ਨੂੰ ਜਾ ਰਿਹਾ ਹੈ।ਪਰ ਹੁਣ ਤਾਂ ਅਸੀਂ ਇਹਨਾਂ ਅਖੌਤੀ ਬਾਬਿਆਂ ਤੋਂ ਬਹੁਤ ਹੀ ਦੁਖੀ ਹੋ ਗਏ ਹਾਂ।ਹਰ ਤੀਜੇ ਦਿਨ ਜਥਾ ਲੈ ਕੇ ਵਿਦੇਸ਼ਾਂ ਚ ਆ ਬਹੁੜਦੇ ਹਨ ਅਤੇ ਸਾਨੂੰ ਜਜ਼ਬਾਤੀ ਕਰ ਕੇ ਆਪਣੀਆਂ ਝੋਲ਼ੀਆਂ ਭਰ ਕੇ ਮੁੜ ਜਾਂਦੇ ਹਨ। ਹਰ ਵਾਰ ਅਸੀਂ ਸੋਚਦੇ ਹਾਂ ਕਿ ਸ਼ਾਇਦ ਇਹ ਮਹਾਂਪੁਰਖ ਸਾਨੂੰ ਮੁਕਤੀ ਦਾ ਰਾਹ ਦਿਖਾਏਗਾ ਪਰ ਜਦ ਕਿਸੇ ਵੀ ਬਾਬੇ ਦੀ ਆਮਦ ਦਾ ਪਤਾ ਚਲਦਾ ਹੈ ਕਿ ਐਨੀ ਤਾਰੀਖ਼ ਨੂੰ ਸੰਤ ਜੀ ਆ ਰਹੇ ਹਨ ਤਾਂ ਉਹਨਾਂ ਦੇ ਆਉਣ ਤੋਂ ਪਹਿਲਾਂ ਹੀ ਉਹਨਾਂ ਦੇ ਕੱਚੇ ਚਿੱਠੇ ਏਥੇ ਪਹੁੰਚ ਜਾਂਦੇ ਹਨ। ਇਹਨਾਂ ਨੂੰ ਸੁਣ ਸੁਣ ਕੇ ਬਾਬੇ ਦੇ ਆਉਣ ਤੱਕ ਬਾਬੇ ਚ ਸ਼ਰਧਾ ਹੀ ਨਹੀਂ ਰਹਿੰਦੀ। ਸਾਨੂੰ ਇਹ ਵੀ ਪਤਾ ਕਿ ਭਾਵੇਂ ਕੋਈ ਕਿੰਨਾ ਵੀ ਮਾੜਾ ਬਾਬਾ ਹੋਵੇ ਪਰ ਜਦ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਅੰਦਰ ਬੈਠ ਕੇ ਕਥਾ ਕੀਰਤਨ ਕਰਦਾ ਹੈ ਤਾਂ ਉਹ ਕੋਈ ਬੁਰਾਈ ਨਹੀਂ ਕਰ ਸਕਦਾ ਪਰ ਅਸੀਂ ਕੀ ਕਰੀਏ ਜਦੋਂ ਸਾਡੇ ਜ਼ਿਹਨ ਵਿੱਚ ਬਾਬੇ ਦਾ ਅਸਲੀ ਰੂਪ ਘੁੰਮ ਰਿਹਾ ਹੁੰਦਾ ਹੈ ਤਾਂ ਮਨ ਉਹਨਾਂ ਦੇ ਵਿਚਾਰਾਂ ਵਿਚ ਲਗਦਾ ਹੀ ਨਹੀਂ।


ਭਰਾਵੋ, ਤੁਹਾਡੇ ਅੱਗੇ ਬੇਨਤੀ ਹੈ ਕਿ ਜਾਂ ਤਾਂ ਤੁਸੀ ਇਹੋ ਜਿਹੇ ਬਾਬਿਆਂ ਨੂੰ ਸਾਡੇ ਕੋਲ ਭੇਜਿਆ ਨਾ ਕਰੋ ਜਾਂ ਫੇਰ ਇਹਨਾਂ ਦੀਆਂ ਕਰਤੂਤਾਂ ਆਪਣੇ ਕੋਲ ਰੱਖ ਲਿਆ ਕਰੋ। ਇਸ ਨਾਲ ਅਸੀਂ ਅਣਜਾਣਪੁਣੇ ਵਿੱਚ ਕੁਝ ਵਕਤ ਰੱਬ ਦਾ ਨਾਂ ਤਾਂ ਚਿੱਤ ਲਾ ਕੇ ਲੈ ਲਿਆ ਕਰਾਂਗੇ। ਜੇ ਅਸਲੀ ਪੁੱਛੋ ਤਾਂ ਤੁਸੀਂ ਇਹਨਾਂ ਨੂੰ ਏਥੇ ਨਾ ਹੀ ਭੇਜਿਆ ਕਰੋ। ਜੇ ਭੇਜਣਾ ਵੀ ਹੋਵੇ ਤਾਂ ਕੋਈ ਆਪਣੇ ਨਾਂ ਮੂਹਰੇ ਗਿਆਨੀ, ਭਾਈ ਜਾਂ ਕਥਾ ਵਾਚਕ ਲਗਾਉਣ ਵਾਲਾ ਭੇਜ ਦਿਆ ਕਰੋ ਨਹੀਂ ਤਾਂ ਇਕੱਲੇ ਕੀਰਤਨ ਕਰਨ ਵਾਲੇ ਸਿੰਘ ਹੀ ਭੇਜ ਦਿਆ ਕਰੋ ਕਿਉਂਕਿ ਅਸੀਂ ਪਿਛਲੇ ਕਾਫ਼ੀ ਸਮੇਂ ਤੋਂ ਇਹ ਤੱਤ ਕੱਢਿਆ ਹੈ ਕਿ ਇਹਨਾਂ ਅਖੌਤੀ ਸੰਤਾਂ ਨਾਲੋਂ ਇਹ ਲੋਕ ਹਜ਼ਾਰ ਗੁਣਾਂ ਚੰਗੇ ਹੁੰਦੇ ਹਨ। ਘੱਟ ਤੋਂ ਘੱਟ ਇਹ ਸਾਡੇ ਜਜ਼ਬਾਤ ਤਾਂ ਨਹੀਂ ਭੜਕਾਉਂਦੇ। ਨਾ ਹੀ ਇਹਨਾਂ ਨੂੰ ਪੈਰੀਂ ਹੱਥ ਲਗਵਾਉਣ ਦਾ ਚਸਕਾ ਹੁੰਦਾ, ਨਾ ਹੀ ਇਹਨਾਂ ਨੂੰ ਇਕ ਦੂਜੇ ਤੋਂ ਵੱਡਾ ਡੇਰਾ ਤੇ ਇਮਾਰਤਾਂ ਬਣਾਉਣ ਲਈ ਫ਼ੰਡ ਚਾਹੀਦਾ ਹੁੰਦਾ। ਬੱਸ ਜੋ ਮੱਥਾ ਟੇਕ ਦਿਓ ਓਸੇ ਨਾਲ ਸਬਰ ਕਰ ਲੈਂਦੇ ਹਨ ਅਤੇ ਜੇ ਮਰਯਾਦਾ ਮੁਤਾਬਿਕ ਸਿਰੋਪਾ ਦੀ ਬਖਸ਼ਿਸ਼ ਹੋ ਜਾਵੇ ਤਾਂ ਹੋਰ ਵੀ ਚੰਗਾ। ਇਸ ਦੇ ਉਲ਼ਟ ਆਪਣੇ ਮੂਹਰੇ ਸੰਤ ਲਗਾਉਣ ਵਾਲੇ ਇਹੋ ਜਿਹੀਆਂ ਉਦਾਹਰਣਾਂ ਦਿੰਦੇ ਹਨ ਕਿ ਇਕ ਅਡੋਲ ਗੁਰਸਿੱਖ ਵੀ ਡੋਲ ਜਾਂਦਾ ਹੈ। ਭਰਾਵੋ, ਜੋ ਬੰਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਜੁੜਿਆ ਉਸ ਨੂੰ ਇਹ ਚੰਗੀ ਤਰ੍ਹਾਂ ਪਤਾ ਕਿ ਇਕ ਸੰਤ ਦੀ ਨਿੰਦਿਆ ਦਾ ਕੀ ਨਤੀਜਾ ਨਿਕਲਦਾ ਹੈ; ਇਸ ਲਈ ਉਹ ਇਕ ਸੰਤ ਪ੍ਰਤੀ ਕੋਈ ਸ਼ਬਦ ਬੋਲਣ ਤੋਂ ਪਹਿਲਾਂ ਕਈ ਵਾਰ ਸੋਚਦਾ ਹੈ। ਬੱਸ ਸਾਡੀ ਏਸੇ ਕਮਜੋਰੀ ਦਾ ਇਹ ਅਖੌਤੀ ਸੰਤ ਲਾਭ ਲੈ ਰਹੇ ਹਨ। ਅਸੀਂ ਤਾਂ ਹੈਰਾਨ ਹਾਂ ਕਿ ਇਹਨਾਂ ਨੂੰ ਰੱਬ ਦਾ ਭੋਰਾ ਵੀ ਡਰ ਨਹੀਂ ਹੈ; ਉਲ਼ਟਾ ਹਿੱਕ ਤਾਣ ਕੇ ਗ਼ਲਤੀਆਂ ਕਰਦੇ ਹਨ। ਇਕ ਦਿਨ ਦੀ ਗਲ ਤੁਹਾਨੂੰ ਸੁਣਾਉਂਦਾ ਹਾਂ। ਅਸੀਂ ਕਿਸੇ ਇਕ ਬਾਬੇ ਨੂੰ ਉਸ ਦੀ ਪੁਰਾਣੀ ਕਰਤੂਤ ਯਾਦ ਕਰਵਾ ਦਿੱਤੀ ਤਾਂ ਮੂਹਰੋਂ ਕਹਿੰਦਾ, ''ਆਖ਼ਰ ਅਸੀਂ ਨੌਂ ਸੌ ਚੂਹਾ ਖਾ ਕੇ ਹੱਜ ਨੂੰ ਤਾਂ ਆ ਗਏ; ਕਈ ਤਾਂ ਹੱਜ ਕਰਦੇ ਵੀ ਚੂਹੇ ਖਾਈ ਜਾਂਦੇ ਹਨ''।ਹੁਣ ਤੁਸੀ ਦੱਸੋ ਇਹੋ ਜਿਹੇ ਵਿਚਾਰਾਂ ਵਾਲੇ ਕੌਮ ਦਾ ਕੀ ਸਵਾਰ ਦੇਣਗੇ? ਪਹਿਲਾਂ ਤਾਂ ਇਹ ਦੀਵਾਨ ਲਾਉਣ ਤੋਂ ਪਹਿਲਾਂ ਕਿਸੇ ਕਲਾਕਾਰ ਵਾਂਗੂੰ ਸ਼ਰਤਾਂ ਪੂਰੀਆ ਕਰਵਾ ਕੇ ਆਉਂਦੇ ਹਨ ਤੇ ਫੇਰ ਜਾਣ ਲੱਗੇ ਨਖ਼ਰੇ ਕਰਦੇ ਹਨ ਕਿ ਜੇਹੜੀ ਲੋਈ ਤੁਸੀ ਦਿੱਤੀ ਹੈ ਇਹੋ ਜਿਹੀ ਤਾਂ ਸਾਡੇ ਸੇਵਾਦਾਰ ਵੀ ਉਤੇ ਨਹੀਂ ਲੈਂਦੇ। ਇਕ ਹੋਰ ਖ਼ਾਸ ਗਲ ਇਹ ਹੈ ਕਿ ਜੇ ਤੁਹਾਡੇ ਚ ਹਿੰਮਤ ਹੈ ਤਾਂ ਇਹਨਾਂ ਅਖੌਤੀ ਸੰਤਾਂ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਚਲਾਈ ਲੰਗਰ ਦੀ ਮਹਾਨ ਪਰੰਪਰਾ ਮੁਤਾਬਿਕ, ਪੰਗਤ ਵਿੱਚ ਬਹਿ ਕੇ ਲੰਗਰ ਛਕਾ ਕੇ ਦਿਖਾ ਦਿਓ ਤਾਂ ਅਸੀਂ ਤੁਹਾਡੇ ਵੱਲੋਂ ਭੇਜੇ ਹਰ ਸੰਤ ਦੇ ਪੈਰਾਂ ਹੇਠ ਹੱਥ ਰੱਖਾਂਗੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਜੇ ਸੰਤ ਦੀ ਨਿੰਦਿਆ ਨਾ ਕਰਨ ਲਈ ਕਿਹਾ ਗਿਆ ਹੈ ਤਾਂ ਇਸ 'ਧੁਰ ਕੀ ਬਾਣੀ' ਵਿੱਚ ਸੰਤ ਦੀ ਪ੍ਰੀਭਾਸ਼ਾ ਵੀ ਦਰਜ ਹੈ ਕਿ ਸੰਤ ਕਿਹੋ ਜਿਹੇ ਹੁੰਦੇ ਹਨ।
ਸਾਧ ਕੀ ਸੋਭਾ ਊਚ ਤੇ ਊਚੀ॥
ਸਾਧ ਕੀ ਸੋਭਾ ਮੂਚ ਤੇ ਮੂਚੀ॥
ਸਾਧ ਕੀ ਸੋਭਾ ਸਾਧ ਬਨਿ ਆਈ॥
ਨਾਨਕ ਸਾਧ ਪ੍ਰਭ ਭੇਦੁ ਨ ਭਾਈ॥੮॥੭॥ (੨੭੨)

ਪਹਿਲਾਂ ਸਿੱਖ ਇਤਿਹਾਸ ਵਿੱਚ ਅਸੀਂ ਬਹੁਤ ਕਰਨੀ ਵਾਲੇ ਸੰਤਾਂ ਬਾਰੇ ਪੜ੍ਹ ਚੁਕੇ ਹਾਂ ਪਰ ਅੱਜ ਤੱਕ ਇਹ ਨਹੀਂ ਸੁਣਿਆ ਕਿ ਕਿਸੇ ਸੰਤ ਨੇ ਮਹਿਲ ਉਸਾਰੇ ਹੋਣ ਜਾਂ ਫਿਰ ਗੰਨਮੈਨ ਰੱਖੇ ਹੋਣ। ਅਸੀਂ ਤਾਂ ਕੁਝ ਇਹੋ ਜਿਹੇ ਮਹਾਂਪੁਰਖਾਂ ਨੂੰ ਜਰੂਰ ਜਾਣਦੇ ਹਾਂ ਜੇਹੜੇ ਸਾਰੀ ਉਮਰ ਕੱਖਾਂ ਦੀਆਂ ਕੁੱਲੀਆਂ ਵਿੱਚ ਨਾਮ ਸਿਮਰਨ ਕਰਦੇ ਰਹੇ ਤੇ ਜਾਣ ਲੱਗਿਆਂ ਕੋਈ ਯਾਦਗਾਰ ਵੀ ਨਹੀਂ ਛੱਡ ਕੇ ਗਏ। ਤੁਸੀ ਅਕਸਰ ਸੁਣਦੇ ਹੋ ਕਿ ਸਾਧਾਂ ਨੂੰ ਕੀ ਸੁਆਦਾਂ ਨਾਲ਼? ਪਰ ਅਜ ਕਲ੍ਹ ਦੇ ਸੰਤਾਂ ਨੂੰ ਤਾਂ ਲੰਗਰ ਦਾ ਪ੍ਰਸ਼ਾਦਾ ਚੰਗਾ ਨਹੀਂ ਲਗਦਾ। ਐਸ.ਯੂ.ਬੀ. ਗੱਡੀ ਤੋਂ ਬਿਨਾਂ ਇਹਨਾਂ ਨੂੰ ਯਾਤਰਾ ਕਰਨੀ ਸੋਭਾ ਨਹੀਂ ਦਿੰਦੀ। ਪੰਜ ਸੱਤ ਗੰਨਮੈਨਾ ਬਿਨਾਂ ਵੀ ਕਾਹਦੀ ਸਾਧ ਗਿਰੀ? ਤੁਸੀ ਦੱਸੋ, ਆਪਣੀ ਜਾਨ ਦੀ ਰਾਖੀ ਦੂਜਿਆਂ ਤੋਂ ਕਰਵਾਉਣ ਵਾਲਾ ਦੂਜੇ ਦੀ ਜਾਨ ਕਿਵੇਂ ਬਚਾਊ? ਜੇ 'ਸਾਧ' ਸ਼ਬਦ ਵਰਤਿਆ ਤਾਂ ਤੁਹਾਨੂੰ ਇਸ ਦੇ ਅੱਖਰੀ ਅਰਥ ਵੀ ਯਾਦ ਕਰਵਾ ਦੇਵਾਂ। ਸਾਧ ਦਾ ਮਤਲਬ ਹੈ ਜਿਸ ਨੇ ਸਭ ਕੁਝ ਸਾਧ ਲਿਆ ਹੋਵੇ। ਉਂਜ ਜੇ ਦੇਖਿਆ ਜਾਵੇ ਤਾਂ ਇਹਨਾਂ ਵੀ ਸਭ ਕੁਝ ਸਾਧ ਹੀ ਲਿਆ ਹੈ। ਬੱਸ ਫ਼ਰਕ ਯੁੱਗ ਦਾ ਹੈ। ਕਲਯੁਗ ਵਿੱਚ ਜੋ ਬੰਦਾ ਕੋਠੀ, ਕਾਰ, ਕੁੱਕੜ, ਕੁੜੀ ਅਤੇ ਕੈਸ਼; ਇਹਨਾਂ ਪੰਜ ਚੀਜ਼ਾਂ ਤੇ ਆਪਣੀ ਪਕੜ ਮਜ਼ਬੂਤ ਕਰ ਲਵੇ ਓਹੀ ਸਾਧ ਹੁੰਦਾ ਹੈ। ਅਸਲ ਵਿੱਚ ਇਹਨਾਂ ਨੂੰ ਸੰਤ ਦੀ ਥਾਂ ਤੇ ਅਸੰਤ ਕਿਹਾ ਜਾਵੇ ਤਾਂ ਜਿਆਦਾ ਠੀਕ ਹੋਵੇਗਾ ਕਿਉਂਕਿ ਗੁਰਬਾਣੀ ਵਿੱਚ ਇਸ ਦੀ ਪ੍ਰੀਭਾਸ਼ਾ ਇੰਜ ਦਰਜ ਹੈ:
ਅਸੰਤੁ ਅਨਾੜੀ ਕਦੇ ਨ ਬੂਝੈ॥
ਕਥਨੀ ਕਰੇ ਤੈ ਮਾਇਆ ਨਾਲਿ ਲੂਝੈ॥
ਅੰਧੁ ਅਗਿਆਨੀ ਕਦੇ ਨ ਸੀਝੈ॥੨॥ (੧੬੦)

ਇਸ ਦੇ ਨਾਲ ਹੀ ਗੁਰਬਾਣੀ ਵਿੱਚ ਜੋ ਤ੍ਰੈ ਗੁਣਾਂ ਦਾ ਜ਼ਿਕਰ ਆਉਂਦਾ ਹੈ ਉਹਨਾਂ ਦੇ ਨਾਂ ਹਨ: ਰੱਜੋ ਗੁਣ, ਤਮੋ ਗੁਣ ਅਤੇ ਸਤੋ ਗੁਣ। ਇਸ ਦੀ ਪੂਰੀ ਵਿਆਖਿਆ ਕਰਨ ਤੋਂ ਤਾਂ ਅਸੀਂ ਅਗਿਆਨੀ ਅਸਮਰਥ ਹਾਂ ਪਰ ਏਨਾ ਕੁ ਜਰੂਰ ਪਤਾ ਹੈ ਕਿ ਅੱਜ ਕਲ੍ਹ ਦੇ ਸੰਤ ਪਹਿਲੇ ਦੋ ਗੁਣਾਂ ਵਿਚ ਵਿਸ਼ਵਾਸ ਕਰਦੇ ਹਨ ਅਤੇ ਤੀਜਾ ਸਤੋ ਗੁਣ ਤਾਂ ਇਹਨਾਂ ਨੂੰ ਚੰਗਾ ਨਹੀਂ ਲਗਦਾ। ਗੁਰਬਾਣੀ ਅਸਲੀ ਸੰਤ ਦੀ ਮਹਾਨਤਾ ਬਾਰੇ ਸਾਨੂੰ ਦੱਸਦੀ ਹੈ ਕਿ ਸੰਤ ਏਥੇ ਅਤੇ ਦਰਗਾਹੇ ਆਪ ਆਪਣੇ ਭਗਤਾਂ ਨੂੰ ਬਾਂਹ ਫੜ ਕੇ ਪਾਰ ਲੰਘਾਉਂਦਾ ਹੈ ਪਰ ਅੱਜ ਦਾ ਸੰਤ ਏਥੇ ਤਾਂ ਸਾਡਾ ਗੀਝਾ ਫੋਲਣ ਦੀ ਕੋਸ਼ਸ਼ ਕਰਦਾ ਅਤੇ ਅੱਗੇ ਕਿਸੇ ਦੇਖਿਆ ਨਹੀਂ। ਗੁਰਬਾਣੀ ਵਿੱਚ ਅਥਾਹ ਵਿਸ਼ਵਾਸ ਰੱਖਣ ਕਰਕੇ ਸੰਤ ਦੀ ਨਿੰਦਿਆ ਕਰਨ ਵਿੱਚ ਡਰ ਤਾਂ ਬਹੁਤ ਲਗ ਰਿਹਾ ਹੈ ਪਰ ਹੌਸਲਾ ਇਕ ਹੀ ਗੱਲ ਦਾ ਹੈ ਕਿ ਗੁਰਬਾਣੀ ਦਾ ਹੋਕਾ ਸੱਚ ਤੇ ਬਸ ਸਚ ਹੈ। ਅਸਲੀ ਸੰਤ ਨੂੰ ਕੁਝ ਕਹਿਣਾ ਸੰਤ ਦੀ ਨਿੰਦਿਆ ਹੋ ਸਕਦੀ ਹੈ ਪਰ ਇਹਨਾਂ ਆਪੇ ਬਣੇ ਡਰਾਮੇ ਬਾਜਾਂ ਨੂੰ ਨੰਗਾ ਕਰਨ ਲਈ ਤਾਂ ਸੱਚ ਦੀ ਹੀ ਲੋੜ ਹੈ; ਚਾਹੇ ਉਹ ਕਿਸੇ ਦੇ ਹਜ਼ਮ ਹੋਵੇ ਚਾਹੇ ਨਾ ਹੋਵੇ।


ਪਿਛਲੇ ਦਿਨੀਂ ਕਿਸੇ ਸਾਡੇ ਨਾਲ ਇਸ ਦੁੱਖ ਵਿੱਚ ਸ਼ਰੀਕ ਹੁੰਦਿਆਂ ਦਲੀਲ ਦਿੱਤੀ ਕਿ ਹੁਣ ਤਾਂ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਵਾਲਾ ਵਕਤ ਆ ਗਿਆ ਹੈ ਤੇ ਸਾਨੂੰ ਮੱਖਣ ਸ਼ਾਹ ਲੁਬਾਣੇ ਵਾਂਗੂੰ ਅਸਲੀ ਸੰਤ ਲੱਭਣਾ ਪਊ ਪਰ ਯਾਰੋ, ਇਹ ਉਸ ਦੇ ਆਪਣੇ ਵਿਚਾਰ ਹੋ ਸਕਦੇ ਹਨ; ਸਾਨੂੰ ਤਾਂ ਇਹ ਗੱਲ ਜਚੀ ਨਹੀਂ। ਅਸੀਂ ਤਾਂ ਗੁਰੂ ਮਾਨਿਓ ਗ੍ਰੰਥ ਵਿੱਚ ਹੀ ਵਿਸ਼ਵਾਸ ਕਰਦੇ ਹਾਂ ਤੇ ਸਾਨੂੰ ਤਾਂ ਕਦੇ ਕਿਸੇ ਇਨਸਾਨ ਤੋਂ ਕੋਈ ਸੇਧ ਲੈਣ ਦੀ ਲੋੜ ਮਹਿਸੂਸ ਨਹੀਂ ਹੋਈ। ਜਦ ਕਦੇ ਕਿਸੇ ਦੁਚਿੱਤੀ ਵਿੱਚ ਆਏ ਤਾਂ ਬਸ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਸੇਧ ਲੈਣ ਵਿੱਚ ਬੜੀ ਖ਼ੁਸ਼ੀ ਮਹਿਸੂਸ ਹੋਈ ਹੈ ਪਰ ਹਾਂ, ਕਦੇ ਕਦੇ ਗਿਆਨੀ ਇਨਸਾਨ ਦੀ ਘਾਟ ਬਹੁਤ ਰੜਕਦੀ ਹੈ ਕਿਉਂਕਿ ਕਈ ਵਾਰ ਸਮੁੰਦਰੋਂ ਡੂੰਘੀ ਬਾਣੀ ਸਾਡੇ ਜਿਹੇ ਦੁਨਿਆਵੀ ਪੁਰਖਾਂ ਨੂੰ ਸਮਝ ਨਹੀਂ ਆਉਂਦੀ। ਇਸ ਲਈ ਉਸ ਵਕਤ ਗੁਰਬਾਣੀ ਦੇ ਦਾਇਰੇ ਵਿੱਚ ਰਹਿਣ ਵਾਲਾ ਕੋਈ ਗਿਆਨੀ ਸਾਨੂੰ ਬਾਣੀ ਦੀ ਡੂੰਘਾਈ ਸਮਝਾ ਦੇਵੇ ਤਾਂ ਸਾਨੂੰ ਬੜੀ ਤਸੱਲੀ ਹੋਵੇਗੀ। ਸੋ ਵੀਰੋ, ਜੇ ਤੁਸੀ ਸਚਮੁਚ ਹੀ ਸਾਡੀ ਮਦਦ ਕਰਨਾ ਚਾਹੁੰਦੇ ਹੋ ਤਾਂ ਗਿਆਨਵਾਨ ਕਥਾ ਵਾਚਕ ਸਾਡੇ ਕੋਲ ਭੇਜ ਦਿਆ ਕਰੋ ਜਿਨ੍ਹਾਂ ਤੋਂ ਅਸੀਂ ਤੇ ਸਾਡੀ ਜਵਾਨ ਹੋ ਰਹੀ ਪੀਹੜੀ ਕੁਝ ਸਿੱਖ ਕੇ ਗੁਰਸਿੱਖ ਬਣ ਸਕੇ। ਸਾਨੂੰ ਰਾਜੇ ਰਾਣੀਆਂ ਦੀਆਂ ਬਾਤਾਂ ਸੁਣਾਉਣ ਵਾਲ਼ੇ ਬਾਬੇ ਨਹੀਂ ਚਾਹੀਦੇ। ਗੁਰਬਾਣੀ ਪੜ੍ਹ ਸੁਣ ਕੇ ਸਾਨੂੰ ਏਨਾ ਕੁ ਗਿਆਨ ਤਾਂ ਆ ਹੀ ਗਿਆ ਹੈ ਕਿ ਜਿਸ ਨੂੰ ਸਚਮੁਚ ਦਾ ਗਿਆਨ ਹੁੰਦਾ ਹੈ ਉਹ ਕਦੇ ਆਪਣੇ ਨਾਂ ਅੱਗੇ ਸੰਤ ਨਹੀਂ ਲਿਖ ਸਕਦਾ। ਸਾਨੂੰ ਤਾਂ 'ਧੁਰ ਕੀ ਬਾਣੀ' ਦੇ ਸਹਾਰੇ ਮੁਕਤੀ ਦਾ ਰਾਹ ਦਿਖਾਉਣ ਵਾਲੇ ਕਿਸੇ ਮਹਾਪੁਰਖ ਦੀ ਉਡੀਕ ਹੈ ਜੋ ਹਾਲੇ ਤਕ ਤਾਂ ਸਾਨੂੰ ਮਿਲਿਆ ਨਹੀਂ, ਜੇ ਕਦੇ ਤੁਹਾਨੂੰ ਮਿਲ ਜਾਵੇ ਤਾਂ ਜਰੂਰ ਦੱਸਣਾ।ਸਾਨੂੰ ਇਹ ਵੀ ਚੰਗੀ ਤਰ੍ਹਾਂ ਪਤਾ ਹੈ ਕਿ ਸਾਡੇ ਇਸ ਲੇਖ ਬਾਰੇ ਇਹਨਾਂ ਅਖੋਤਿਆਂ, ਫੇਰ ਗੁਰਬਾਣੀ ਦੀ ਆੜ ਲੈ ਕੇ ਇਹ ਹੀ ਦਲੀਲ ਦੇਣੀ ਹੈ ਕਿ:
ਮੰਦਾ ਕਿਸੈ ਨ ਆਖੀਐ ਪੜਿ ਅਖਰੁ ਏਹੋ ਬੁਝੀਐ ॥
ਮੂਰਖੈ ਨਾਲਿ ਨ ਲੁਝੀਐ ॥੧੯॥(੪੭੩)

ਇਸ ਖ਼ਤ ਦੇ ਅਖੀਰ ਵਿੱਚ ਇੱਕ ਹੋਰ ਬੇਨਤੀ ਕਰਨੀ ਚਾਹੁੰਦੇ ਹਾਂ: ਜੋ ਤੁਹਾਨੂੰ ਇਕ ਭੁਲੇਖਾ ਹੈ ਕਿ ਵਿਦੇਸ਼ਾਂ ਚ ਡਾਲਰ ਦਰਖ਼ਤਾਂ ਨੂੰ ਲਗਦੇ ਹਨ; ਉਹ ਕਿਸੇ ਹੱਦ ਤਕ ਠੀਕ ਵੀ ਹੈ ਪਰ ਦੋਸਤੋ ਦਰਖ਼ਤਾਂ ਨੂੰ ਡਾਲਰਾਂ ਨਾਲ ਕੰਡੇ ਵੀ ਲੱਗੇ ਹੁੰਦੇ ਹਨ। ਕੁਝ ਡਾਲਰ ਕਾਫ਼ੀ ਉਚਾਈ ਤੇ ਲੱਗੇ ਹੁੰਦੇ ਹਨ ਤੇ ਉਹਨਾਂ ਨੂੰ ਤੋੜਨ ਲਈ ਸਾਰਾ ਸਾਰਾ ਦਿਨ ਅਤੇ ਕਈ ਕਈ ਵਾਰ ਪੌੜੀ ਤੇ ਚੜ੍ਹਨਾ ਉੱਤਰਨਾ ਪੈਂਦਾ ਹੈ। ਕੁਝ ਲੋਕਾਂ ਨੂੰ ਭੁਲੇਖਾ ਹੈ ਕਿ ਡਾਲਰ ਫ਼ਰਸ਼ਾਂ ਤੋਂ ਹੀ ਹੂੰਝਣੇ ਹੁੰਦੇ ਹਨ। ਬਿਲਕੁਲ ਠੀਕ, ਵੀਰ ਜੀ, ਤੁਸੀ ਸੌ ਪ੍ਰਤੀਸ਼ਤ ਸਹੀ ਅੰਦਾਜ਼ਾ ਲਾਇਆ ਪਰ ਵੀਰ ਇਕ ਛੋਟਾ ਜਿਹਾ ਹਾਦਸਾ ਸੁਣਾਉਣਾ ਚਾਹੁੰਦੇ ਹਾਂ: ਚਾਰ ਕੁ ਮਹੀਨੇ ਪਹਿਲਾਂ ਸਾਡਾ ਇਕ ਲੇਖਕ ਭਾਈ ਵਿਦੇਸ਼ ਦੀ ਚਮਕ ਚ ਸੰਮੋਹਤ ਹੋ ਕੇ ਕਿਵੇਂ ਨਾ ਕਿਵੇਂ ਇਥੇ ਆਉਣ ਵਿੱਚ ਕਾਮਯਾਬ ਹੋ ਗਿਆ। ਜਦ ਥੋਹੜੀ ਕੁ ਦੇਰ ਬਾਅਦ ਸੰਮੋਹਨ ਟੁੱਟਿਆ ਤਾਂ ਅਸੀਂ ਪੁੱਛਿਆ, ''ਕਿਵੇਂ ਚੱਲ ਰਹੀ ਹੈ ਲਾਈਫ਼?'' ਤਾਂ ਕਹਿੰਦਾ, ''ਵੀਰ, ਦੇਖਿਆ ਜਾਵੇ ਤਾਂ ਕੋਈ ਖ਼ਾਸ ਫ਼ਰਕ ਨਹੀਂ। ਓਥੇ ਵੀ ਪੱਪਾ ਚਲਾਉਂਦੇ ਸੀ ਤੇ ਏਥੇ ਵੀ ਪੱਪਾ ਹੀ ਚਲਾ ਰਹੇ ਹਾਂ।'' ਜਦੋਂ ਅਸੀਂ ਉਸ ਦੀ ਗੱਲ ਸਮਝਣ ਚ ਅਸਮਰਥਤਾ ਦਿਖਾਈ ਤਾਂ ਉਸ ਨੇ ਸਰਲ ਭਾਸ਼ਾ ਚ ਦੱਸਿਆ, ''ਆਪਣੇ ਦੇਸ਼ ਵਿੱਚ ਇਹਨਾਂ ਹੱਥਾਂ ਵਿੱਚ ਪੈਨ ਹੁੰਦਾ ਸੀ ਤੇ ਅਜ ਕਲ੍ਹ ਪੋਚਾ ਹੈ। ਦੋਨੇਂ ਚੀਜ਼ਾਂ ਦੇ ਨਾਂ ਤਾਂ ਪੱਪੇ ਤੋਂ ਹੀ ਸ਼ੁਰੂ ਹੁੰਦੇ ਹਨ।'' ਸੋ ਵੀਰ ਜੀ, ਤੁਸੀਂ ਫ਼ਰਸ਼ ਤੋਂ ਡਾਲਰ ਇਕੱਠੇ ਕਰਨ ਵਾਲੀ ਕਹਾਣੀ ਤਾਂ ਸਮਝ ਹੀ ਗਏ ਹੋਵੋਗੇ। ਡਾਲਰ ਇਕੱਠੇ ਕਰਨ ਪਿੱਛੇ ਦੀਆਂ ਕਹਾਣੀਆਂ ਨਾਲ ਤਾਂ ਅਸੀਂ ਖੂਹ ਭਰ ਸਕਦੇ ਹਾਂ ਪਰ ਥਾਂ ਤੇ ਵਕਤ ਦੀ ਕਮੀ ਹੈ।ਬਸ ਇੰਨੀਆਂ ਕੁ ਉਧਰਨਾ ਨਾਲ ਤੁਸੀ ਡਾਲਰਾਂ ਲਈ ਬਹਾਏ ਸਾਡੇ ਮੁੜ੍ਹਕੇ ਦੀ ਮੁਸ਼ਕ ਮਹਿਸੂਸ ਕਰ ਸਕਦੇ ਹੋ। ਹੁਣ ਤੁਸੀਂ ਦੱਸੋ ਕਿ ਜੇ ਸਾਡੇ ਇੱਕ ਦੇ ਚਾਲੀ ਹੁੰਦੇ ਹਨ ਤਾਂ ਇਸ ਦਾ ਇਹ ਮਤਲਬ ਨਹੀਂ ਕਿ ਇਹ ਅਖੌਤੀ ਲੀਡਰਾਂ ਜਾਂ ਬਾਬਿਆਂ ਦੀ ਭੇਂਟ ਕਰੀ ਜਾਈਏ। ਹਾਂ, ਵੀਰੋ ਇਕ ਗੱਲ ਹੋਰ: ਜੇ ਤੁਸੀ ਖੇਡ ਮੇਲੇ ਜਾਂ ਕੋਈ ਲੋੜਵੰਦ ਲਈ ਜਾਂ ਕਿਸੇ ਸਮਾਜਿਕ ਬੁਰਾਈ ਨੂੰ ਦੂਰ ਕਰਨ ਲਈ ਕਦੇ ਪੈਸੇ ਦੀ ਥੁੜ ਮਹਿਸੂਸ ਕਰੋ ਤਾਂ ਸਾਨੂੰ ਆਪਣੇ ਵਹਾਏ ਮੁੜ੍ਹਕੇ ਦਾ ਭੋਰਾ ਦੁੱਖ ਨਹੀਂ ਹੋਵੇਗਾ।
ਲਓ ਯਾਰੋ, ਅਸੀਂ ਤਾਂ ਪਰਦੇਸੀਂ ਬੈਠੇ ਐਵੇਂ ਹੀ ਰੋਈ ਜਾਨੇ ਆਂ ਧੰਨ ਹੋ ਤੁਸੀ ਜੋ ਇਹਨਾਂ ਲੋਕਾਂ ਨੂੰ ਹਰ ਵਕਤ ਝੱਲਦੇ ਹੋ। ਸਾਡੇ ਕੋਲ ਤਾਂ ਇਹ ਕਦੇ ਕਦੇ ਹੀ ਆਉਂਦੇ ਹਨ। ਵਾਰੇ ਵਾਰੇ ਜਾਈਏ ਤੁਹਾਡੇ ਜਿਗਰੇ ਦੇ!
ਅੰਤ ਵਿੱਚ ਇੱਕ ਤਜੱਰਬਾ ਲਿਖਣਾ ਚਾਹੁੰਦੇ ਹਾਂ ਕਿ ਜੇ ਤੁਹਾਨੂੰ ਕੋਈ ਕਹੇ, ''ਆਪਣੇ ਦੁੱਖ ਮੈਨੂੰ ਦੇ ਦੇ; ਅਸਲ ਵਿੱਚ ਉਹ ਤੁਹਾਨੂੰ ਹੋਰ ਦੁੱਖ ਦੇਣ ਆਇਆ ਹੁੰਦਾ ਹੈ।
ਤੁਹਾਡੇ ਆਪਣੇ
ਪਰਦੇਸੀ
ਗੁਰਸ਼ਮਿੰਦਰ ਸਿੰਘ (ਮਿੰਟੂ ਬਰਾੜ)